.

ਸਿਧ ਗੋਸਟਿ (ਕਿਸ਼ਤ ਨੰ: 14)

ਨਾਨਕ ਪਾਤਸਾਹ ਜੀ: -

ਗੁਰਮੁਖਿ ਨਾਮੁ ਨਿਰੰਜਨ ਪਾਏ।।

ਗੁਰਮੁਖਿ ਹਉਮੈ ਸਬਦਿ ਜਲਾਏ।।

ਗੁਰਮੁਖਿ ਸਾਚੇ ਕੇ ਗੁਣ ਗਾਏ।।

ਗੁਰਮੁਖਿ ਸਾਚੈ ਰਹੇ ਸਮਾਏ।।

ਗੁਰਮੁਖਿ ਸਾਚਿ ਨਾਮਿ ਪਤਿ ਊਤਮ ਹੋਇ।।

ਨਾਨਕ ਗੁਰਮੁਖਿ ਸਗਲ ਭਵਣ ਕੀ ਸੋਝੀ ਹੋਇ।। ੪੨।।

ਪਦ ਅਰਥ: - ਗੁਰਮੁਖਿ ਨਾਮੁ ਨਿਰੰਜਨ ਪਾਏ – ਹੇ ਭਾਈ! ਸੱਚ ਰੂਪ ਗੁਰਮੁਖਿ ਜੋ ਨਿਰੰਜਨ (ਬੇਦਾਗ) ਹੈ, ਉਸਦੀ ਬਖ਼ਸ਼ਿਸ਼ ਪ੍ਰਾਪਤ ਕਰੇ। ਗੁਰਮੁਖਿ ਹਉਮੈ ਸਬਦਿ ਜਲਾਏ – ਉਸ ਸੱਚ ਰੂਪ ਕਰਤੇ ਦੀ ਬਖ਼ਸ਼ਿਸ਼ ਹੀ ਹਉਮੈ ਨੂੰ ਖ਼ਤਮ ਕਰ ਸਕਦੀ ਹੈ। ਗੁਰਮੁਖਿ ਸਾਚੈ ਕੇ ਗੁਣ ਗਾਏ – ਉਹ ਸੱਚੇ ਗੁਰਮੁਖਿ (ਕਰਤੇ) ਦੇ ਗੁਣ ਗਾਇਨ ਕਰਦੇ ਹਨ। ਗੁਰਮੁਖਿ ਸਾਚੈ ਰਹੇ ਸਮਾਏ – ਜੋ ਸੱਚਾ ਗੁਰਮੁਖਿ ਸਮਾਇ ਰਿਹਾ ਹੈ, ਭਾਵ ਸਰਬਵਿਆਪਕ ਹੈ। ਗੁਰਮੁਖਿ ਸਾਚਿ ਨਾਮਿ ਪਤਿ ਊਤਮ ਹੋਇ – ਸੱਚ ਰੂਪ ਰਮੇ ਹੋਏ ਦੀ ਸੱਚ ਰੂਪ ਬਖ਼ਸ਼ਿਸ਼ ਨਾਲ ਮੱਤ ਉੱਚੀ ਹੁੰਦੀ ਹੈ। ਨਾਮਿ – ਸੱਚ ਜਾਣਕੇ ਅਪਣਾਉਣ ਨਾਲ। ਸਗਲ – ਸਮੁੱਚੇ ਰੂਪ ਵਿੱਚ। ਨਾਨਕ ਗੁਰਮੁਖਿ ਸਗਲ ਭਵਣ ਕੀ ਸੋਝੀ ਹੋਇ – ਜਿਸਦੀ ਉਸ ਸੱਚ ਰੂਪ ਕਰਤੇ ਦੀ ਬਖਸ਼ਿਸ਼ ਨਾਲ ਮੱਤ ਉਚੀ ਹੋ ਜਾਂਦੀ ਹੈ, ਉਸਨੂੰ ਹੀ ਸਮੁੱਚੇ ਰੂਪ ਵਿੱਚ ਇਹ ਸਮਝ ਪੈਂਦੀ ਹੈ ਕਿ ਇਕੁ ਸੱਚ ਰੂਪ ਕਰਤਾ ਹੀ ਤਿੰਨਾ ਭਵਣਾ ਵਿੱਚ ਰੰਮਿਆ ਹੋਇਆ ਹੈ।

ਅਰਥ: - ਹੇ ਭਾਈ ਜੋ ਵੀ ਕੋਈ ਸੱਚ ਰੂਪ ਕਰਤਾ ਜੋ ਨਿਰੰਜਨ (ਬੇਦਾਗ) ਹੈ ਦੀ ਬਖਸ਼ਿਸ਼ ਪ੍ਰਾਪਤ ਕਰੇ। (ਜਿਸਦੇ ਨਾਲ ਕਿਸੇ ਲੁੱਟ ਘਸੁੱਟ ਦਾ ਸਬੰਧ ਨਹੀਂ ਜੁੜਦਾ, ਨਹੀਂ ਜੁੜ ਸਕਦਾ ਹੈ) ਉਸਦੀ ਬਖਸ਼ਿਸ਼ ਪ੍ਰਾਪਤ ਕਰਨ ਨਾਲ ਹੀ ਹਉਮੈ ਖਤਮ ਹੋ ਸਕਦੀ ਹੈ। ਜਿਨ੍ਹਾਂ ਦੀ ਹਉਮੈ ਖਤਮ ਹੁੰਦੀ ਹੈ, ਉਹ ਉਸ ਸੱਚ ਰੂਪ ਹਰੀ ਦੇ ਹੀ ਗੁਣ ਗਾਇਨ (ਵਡਿਆਈ) ਕਰਦੇ ਹਨ। ਉਹ ਉਸ ਸੱਚ ਸਰੂਪ ਹਰੀ ਨੂੰ ਹੀ ਰੰਮਿਆ ਹੋਇਆ ਮੰਨਦੇ ਹਨ। ਉਨ੍ਹਾਂ ਦੀ ਸੱਚ ਰੂਪ ਕਰਤੇ ਦੇ ਨਾਮਿ (ਸੱਚ) ਦੀ ਬਖਸ਼ਿਸ਼ ਨਾਲ ਮੱਤ ਉੱਤਮ ਹੋ ਜਾਂਦੀ ਹੈ। ਹੇ ਭਾਈ! ਨਾਨਕ ਆਖਦਾ ਹੈ, ਜਿਸ ਕਿਸੇ ਦੀ ਵੀ ਉਸ ਸੱਚ ਰੂਪ ਨਿਰੰਜਨ (ਬੇਦਾਗ) ਕਰਤੇ ਦੀ ਬਖ਼ਸ਼ਿਸ਼ ਨਾਲ ਮੱਤ ਉੱਚੀ ਹੋ ਜਾਂਦੀ ਹੈ, ਉਸ ਨੂੰ ਸਮੁੱਚੇ ਰੂਪ ਵਿੱਚ ਇਹ ਸਮਝ ਪੈਂਦੀ ਹੈ ਕਿ ਇਕੁ ਸੱਚ ਰੂਪ ਨਿਰੰਜਨ (ਬੇਦਾਗ) ਕਰਤਾ ਹੀ ਤਿੰਨਾਂ ਭਵਣਾ ਵਿੱਚ ਰੰਮਿਆ ਹੋਇਆ ਹੈ।

ਨੋਟ: - ਜੋਗੀ ਇਥੇ ਤੱਕ ਸਪਸ਼ਟ ਨਹੀਂ ਸੀ ਕਿ ਨਾਨਕ ਜੀ ਕਿਸ ਨੂੰ ਰੰਮਿਆ ਹੋਇਆ ਮੰਨਦੇ ਹਨ। ਜੋ ਜੋਗੀ ਦੇ ਸਵਾਲ ਵਾਲੀ ਪਉੜੀ ਨੰ: ੩੭ ਤੋ ਵੀ ਆਪਣੇ ਆਪ ਹੀ ਸਪਸ਼ਟ ਹੁੰਦਾ ਹੈ, ਕਿਉਂਕਿ ਪਉੜੀ ਨੰ: ੩੭ ਵਿੱਚ ਆਪਣੇ ਮੁਖੀ ਨੂੰ ਰਾਮ ਜਾਣਕੇ ਨਾਨਕ ਜੀ ਨੂੰ ਸਿੱਧ-ਗੁਰੂ ਨੂੰ ਮਾਲਕ ਮੰਨ ਲੈਣ ਦੀ ਪ੍ਰੇਰਣਾ ਕਰਦਾ ਹੈ। ਜਦ ਨਾਨਕ ਜੀ ਇਹ ਗੱਲ ਵੀ ਰੱਦ ਕਰ ਦਿੰਦੇ ਹਨ ਤਾਂ ਫਿਰ ਜੋਗੀ ਪਉੜੀ ਨੰ: ੪੩ ਅੰਦਰ ਪੁੱਛਦਾ ਹੈ ਕਿ ਹੇ ਨਾਨਕ, ਜੇ ਤੂੰ ਦਸਰਥ-ਪੁੱਤਰ ਰਾਮ ਨੂੰ) ਵੀ ਨਹੀਂ ਮੰਨਦਾ ਤਾਂ ਆਪਣੇ ਮੱਤ ਬਾਰੇ ਦੱਸ ਕਿ ਤੇਰਾ ਮੱਤ ਕਿਹੜਾ ਹੈ। ਸਿੱਧ ਵਲੋਂ ਕੀਤੇ ਅਗਲੇ ਸਵਾਲ ਤੋਂ ਇਹ ਗੱਲ ਸਪਸ਼ਟ ਹੋ ਕੇ ਸਾਹਮਣੇ ਆਉਂਦੀ ਹੈ।

ਅਉਧੂ ਦਾ ਸਵਾਲ ਹੈ ਕਿ ਫਿਰ ਤੇਰਾ ਮਤ ਕਿਹੜਾ ਹੈ: -

ਕਵਣ ਮੂਲੁ ਕਵਣ ਮਤਿ ਵੇਲਾ।।

ਤੇਰਾ ਕਵਣੁ ਗੁਰੂ ਜਿਸ ਕਾ ਤੂ ਚੇਲਾ।।

ਕਵਣ ਕਥਾ ਲੇ ਰਹਹੁ ਨਿਰਾਲੇ।।

ਬੋਲੈ ਨਾਨਕੁ ਸੁਣਹੁ ਤੁਮ ਬਾਲੇ।।

ਏਸੁ ਕਥਾ ਕਾ ਦੇਇ ਬੀਚਾਰੁ।।

ਭਵਜਲੁ ਸਬਦਿ ਲੰਘਾਵਣਹਾਰੁ।। ੪੩।।

ਪਦ ਅਰਥ: - ਕਵਣ – ਕਿਹੜਾ। ਮੂਲੁ – ਮੁੱਢ, ਕਰਤਾਰ। ਕਵਣ ਮੂਲੁ – ਕਿਸ ਨੂੰ ਤੂੰ ਮੁਢ, ਕਰਤਾ, ਕਰਤਾਰ ਮੰਨਦਾ ਹੈਂ। ਕਵਣ ਮਤਿ – ਕਿਹੜਾ ਤੇਰਾ ਮਤਿ ਹੈ। ਵੇਲਾ – ਜਾਣਿਆ ਹੈ। ਤੇਰਾ ਕਵਣੁ ਗੁਰੂ – ਤੇਰਾ ਗੁਰੂ ਕਉਣ ਹੈ। ਜਿਸ ਕਾ ਤੂ ਚੇਲਾ – ਜਿਸਦਾ ਦਾ ਤੂੰ ਚੇਲਾ (follower) ਹੈ। ਚੇਲਾ – (follower)। ਕਵਣ ਕਥਾ ਲੇ ਰਹਹੁ ਨਿਰਾਲੇ – ਵਿਲੱਖਣ ਬਖਸ਼ਿਸ਼ ਕਿਸਦੀ ਹੈ ਜੋ ਤੂੰ ਲੈ ਰਿਹਾ ਹੈਂ। ਕਥਾ – ਸਿੱਖਿਆ, ਗੱਲ। ਬੋਲੈ ਨਾਨਕੁ – ਨਾਨਕ ਨੂੰ ਸੰਬੋਧਨ ਹੋ ਕੇ ਜੋਗੀ ਨੇ ਬੋਲਿਆ ਭਾਵ ਆਖਿਆ। ਸੁਣਹੁ ਤੁਮ ਬਾਲੇ – ਬਾਲੜੇ ਇਹ ਗੱਲ ਸੁਣ। ਏਸੁ ਕਥਾ ਕਾ ਦੇਇ ਬੀਚਾਰੁ – ਆਪਣੀ ਇਸ ਗੱਲ ਤੇ ਆਪਣਾ ਵੀਚਾਰ ਪੇਸ ਕਰ ਭਾਵ ਸਪਸ਼ਟੀਕਰਨ ਦੇਹ। ਭਵਜਲੁ ਸਬਦਿ ਲੰਘਾਵਣਹਾਰੁ – ਕਿਸਦੀ ਬਖਸ਼ਿਸ਼ ਨਾਲ ਭਵਜਲ ਭਾਵ ਸੰਸਾਰ ਸਮੁੰਦਰ ਤੋਂ ਪਾਰ ਹੋ ਸਕੀਦਾ ਹੈ।

ਅਰਥ: - ਹੇ ਭਾਈ! ਨਾਨਕ ਨੂੰ ਜੋਗੀ ਨੇ ਸੰਬੋਧਨ ਹੋ ਕੇ ਇਹ ਕਿਹਾ ਕਿ ਹੇ ਬਾਲੜੇ ਸੁਣ ਇਸ ਗੱਲ ਉੱਪਰ ਆਪਣਾ ਵੀਚਾਰ ਸਪਸ਼ਟ ਕਰ ਕਿ ਤੂੰ ਕਰਤਾ (ਮੁਢ) ਕਿਸ ਨੂੰ ਮੰਨਦਾ ਹੈਂ। ਕਿਸ ਦੇ ਮਤਿ ਦਾ ਤੂੰ ਚੇਲਾ (follower) ਹੈ? ਕਿਸ ਮਤਿ ਦੇ ਗਿਆਨ ਨੂੰ ਤੂੰ ਗੁਰੁ-ਬਖਸ਼ਿਸ਼ ਕਰਕੇ ਜਾਣਿਆ ਹੈ? ਕਿਸ ਗੱਲ ਕਰਕੇ ਤੂੰ ਉਸਨੂੰ ਵਿਲੱਖਣ ਕਰਕੇ ਜਾਣ ਰਿਹਾ ਹੈਂ? ਇਸ ਗੱਲ ਉੱਪਰ ਆਪਣਾ ਵੀਚਾਰ ਸਪਸ਼ਟ ਕਰ ਕਿ ਉਹ ਕੌਣ ਹੈ ਜਿਸਦੀ ਬਖ਼ਸ਼ਿਸ਼ ਭਵਸਾਗਰ ਤੋਂ ਪਾਰ ਲੰਘਾਵਣ ਦੇ ਸਮਰੱਥ ਹੈ।

ਨਾਨਕ ਪਾਤਸਾਹ ਜੀ ਦਾ ਜਵਾਬ: -

ਪਵਨ ਅਰੰਭੁ ਸਤਿਗੁਰ ਮਤਿ ਵੇਲਾ।।

ਸਬਦੁ ਗੁਰੂ ਸੁਰਤਿ ਧੁਨਿ ਚੇਲਾ।।

ਅਕਥ ਕਥਾ ਲੇ ਰਹਉ ਨਿਰਾਲਾ।।

ਨਾਨਕ ਜੁਗਿ ਜੁਗਿ ਗੁਰ ਗੋਪਾਲਾ।।

ਏਕੁ ਸਬਦੁ ਜਿਤੁ ਕਥਾ ਵੀਚਾਰੀ।।

ਗੁਰਮੁਖਿ ਹਉਮੈ ਅਗਨਿ ਨਿਵਾਰੀ।। ੪੪।।

ਪਦ ਅਰਥ:- ਪਵਨ – ਸੁਆਸ। ਅਰੰਭੁ – ਅਰੰਭਤਾ। ਸਤਿਗੁਰ – ਸਦੀਵੀ ਸਥਿਰ ਰਹਿਣ ਵਾਲਾ ਹਰੀ। ਵੇਲਾ – ਜਾਣਿਆ ਹੈ। ਪਵਨ ਅਰੰਭੁ ਸਤਿਗੁਰ ਮਤਿ ਵੇਲਾ – ਜਿਸ ਸਦੀਵੀ ਸਥਿਰ ਰਹਿਣ ਵਾਲੇ ਸਤਿਗੁਰ ਦੀ ਬਖ਼ਸ਼ਿਸ਼ ਨਾਲ ਮਨੁੱਖ ਦੇ ਸੁਆਸਾ ਦੀ ਅਰੰਭਤਾ ਹੈ। ਉਸ ਸੱਚ ਦੇ ਮਾਰਗ ਨੂੰ ਹੀ ਮੈਂ ਆਪਣਾ ਮਤਿ ਜਾਣਿਆ ਹੈ। ਸੁਰਤਿ – ਉੱਤਮ। ਸਬਦੁ – ਗਿਆਨ ਦੀ ਬਖਸ਼ਿਸ਼। ਚੇਲਾ – (follower)। ਸਬਦੁ ਗੁਰੂ ਸੁਰਤਿ ਧੁਨਿ ਚੇਲਾ – ਉਸਦੀ ਉੱਤਮ ਬਖਸ਼ਿਸ਼ (ਸਬਦ) ਗਿਆਨ ਦੀ ਸ੍ਰੇਸਟ ਧੁੰਨ ਦਾ ਹੀ ਮੈ ਚੇਲਾ ਭਾਵ (follower) ਹਾਂ। ਧੁਨਿ – ਸੁਰ। ਜਿਵੇ ਸੁਰ ਅੰਦਰ ਸੁਰ ਮਿਲਾਉਣੀ। ਅਕਥ ਕਥਾ ਲੇ ਰਹਉ ਨਿਰਾਲਾ – ਉਸ ਅਕਥ ਰੂਪ ਹਰੀ ਦੀ ਅਕਥ ਬਖ਼ਸ਼ਿਸ਼ ਪ੍ਰਾਪਤ ਕਰਨ ਨਾਲ ਮਾਇਆ (ਅਗਿਆਨਤਾ ਦੇਹਧਾਰੀ ਪਰੰਪਰਾ) ਤੋਂ ਮੈ ਨਿਰਲੇਪ ਰਹਿ ਰਿਹਾ ਹਾਂ। ਨਾਨਕ ਜੁਗਿ ਜੁਗਿ ਗੁਰ ਗੋਪਾਲਾ – ਨਾਨਕ ਉਸ ਪਾਲਕ ਅਤੇ ਰੱਖਿਅਕ (ਗੋਪਾਲ) ਹਰੀ ਜਿਸਦੀ ਗੁਰ-ਬਖਸ਼ਿਸ਼, ਜੁਗਿ ਜੁਗਿ, ਭਾਵ ਹਰਿ ਸਮੇਂ ਅੰਦਰ ਵਰਤਦੀ ਹੈ। ਏਕੁ ਸਬਦੁ – ਇਕੁ ਦੀ ਬਖ਼ਸ਼ਿਸ਼ ਨੂੰ ਜਿਸਨੇ ਸੱਚ ਜਾਣ ਕੇ ਵੀਚਾਰਿਆ ਹੈ, ਉਸ ਦੀ ਹੀ ਗੁਰਮੁਖਿ ਕਰਤੇ ਦੀ ਬਖ਼ਸ਼ਿਸ਼ ਦੁਆਰਾ ਹਉਮੈ, ਮੈ ਰੂਪੀ ਅਗਨੀ ਬੁਝੀ ਹੈ।

ਅਰਥ: - ਹੇ ਭਾਈ, ਜਿਸ ਸਦੀਵੀ ਸਥਿਰ ਰਹਿਣ ਵਾਲੇ ਸਤਿਗੁਰ ਦੀ ਬਖ਼ਸ਼ਿਸ਼ (ਸਬਦ) ਨਾਲ ਮਨੁੱਖ ਦੇ ਸੁਆਸਾਂ ਦੀ ਅਰੰਭਤਾ ਹੈ, ਉਸ ਸੱਚੇ ਦਾ ਸੱਚ ਹੀ ਮੇਰਾ ਮਤਿ ਭਾਵ ਮਾਰਗ ਹੈ। ਉਸਦੀ ਉੱਤਮ ਬਖਸ਼ਿਸ਼ (ਸਬਦਿ) ਗਿਆਨ ਦੀ ਸੁਰ ਦਾ ਹੀ ਮੈ ਚੇਲਾ (follower) ਭਾਵ ਉਸਦੀ ਬਖਸ਼ਿਸ਼ ਗਿਆਨ ਹੀ ਮੇਰਾ ਗੁਰੂ ਹੈ। ਉਸ ਅਕੱਥ-ਰੂਪ ਹਰੀ ਦੀ ਉੱਤਮ ਗਿਆਨ ਦੀ ਬਖ਼ਸ਼ਿਸ਼ ਹੀ ਨਿਰਾਲੀ ਭਾਵ ਵਿਲੱਖਣ ਹੈ। ਉਹ ਪਾਲਕ ਅਤੇ ਰੱਖਿਅਕ ਹਰੀ ਹੀ ਹੈ ਜਿਸਦੀ (ਗੁਰ) ਬਖਸ਼ਿਸ਼ ਜੁਗਿ ਜੁਗਿ ਭਾਵ ਹਰ ਸਮੇਂ, ਮੁਢ ਕਦੀਮ ਤੋਂ ਵਰਤ ਰਹੀ ਹੈ। ਜਿਸ ਕਿਸੇ ਇਕੁ ਅਕਥ ਰੂਪ ਹਰੀ ਦੀ ਹੀ ਬਖ਼ਸ਼ਿਸ਼ ਨੂੰ ਸੱਚੀ ਬਖ਼ਸ਼ਿਸ਼ (ਸਬਦਿ) ਗਿਆਨ ਨੂੰ ਗੁਰੂ ਰੂਪ ਕਰਕੇ ਜਾਣਿਆ, ਉਸ ਦੀ ਅਕਥ ਰੂਪ ਹਰੀ ਦੀ ਬਖ਼ਸ਼ਿਸ਼ ਦੁਆਰਾ ਹੀ ਹਉਮੈ ਰੂਪ ਅਗਨੀ ਬੁਝ ਸਕਦੀ ਹੈ, ਅਤੇ ਬੁਝਦੀ ਹੈ। (ਅਤੇ ਉਸਦੀ ਬਖਸ਼ਿਸ਼ ਨਾਲ ਹੀ ਸੰਸਾਰੀ ਹਾਉਮੈ, ਮੈ ਦੇ ਭਰਮ ਤੋਂ ਪਾਰ ਹੋਇਆ ਜਾ ਸਕਦਾ ਹੈ)

ਅਉਧੂ ਦਾ ਸਵਾਲ: -

ਮੈਣ ਕੇ ਦੰਤ ਕਿਉ ਖਾਈਐ ਸਾਰੁ।।

ਜਿਤੁ ਗਰਬੁ ਜਾਏ ਸੁ ਕਵਣੁ ਆਹਾਰੁ।।

ਹਿਵੈ ਕਾ ਘਰੁ ਮੰਦਰੁ ਅਗਨਿ ਪਿਰਾਹਨੁ।।

ਕਵਨ ਗੁਫਾ ਜਿਤੁ ਰਹੇ ਅਵਾਹਨੁ।।

ਇਤ ਉਤ ਕਿਸ ਕਉ ਜਾਣਿ ਸਮਾਵੈ।।

ਕਵਨ ਧਿਆਨੁ ਮਨੁ ਮਨਹਿ ਸਮਾਵੈ।। ੪੫।।

ਪਦ ਅਰਥ: - ਮੈਣ ਕੇ ਦੰਤ – ਮੋਮ ਦੀ ਤਰ੍ਹਾਂ ਦੇ ਗਿਆਨ ਨਾਲ। ਦੰਤ – ਗਿਆਨ। ਕਿਉ ਖਾਈਐ ਸਾਰੁ – ਕਿਵੇਂ ਇਸ ਅਸਲੀਅਤ, ਤੱਤ ਨੂੰ ਜਾਣੀਏ। ਖਾਈ ਦਾ ਮਤਲਬ ਹੁੰਦਾਂ ਖਾਦੀ – ਜਿਵੇ ਕਿਸੇ ਨੂੰ ਕਹਿਣਾ ਹੋਵੇ ਤੂੰ ਤਾਂ ਠੱਗੀ ਖਾ ਲਈ ਹੈ, ਠੱਗੀ ਕੋਈ ਚਿਥਕੇ ਖਾਣ ਵਾਲੀ ਚੀਜ ਨਹੀਂ। ਸੋ ਇਥੇ ਖਾਈਐ ਦੇ ਨਾਲ ਸਬਦ ਹੈ ਕਿਉ, ਭਾਵ ਅਸੀਂ ਇਸ ਮੋਮ ਵਰਗੇ ਗਿਆਨ ਨੂੰ ਕਿਉਂ ਗ੍ਰਹਿਣ ਕਰੀਏ, ਅਪਣਾਈਏ। ਜਿਤੁ ਗਰਬੁ ਜਾਏ ਸੁ ਕਵਣੁ ਆਹਾਰੁ – ਉਹ ਕਿਹੜਾ ਅਹਾਰੁ ਹੈ ਜਿਸ ਨੂੰ ਅਪਣਾਉਣ ਨਾਲ ਗਰਬੁ (ਹੰਕਾਰ) ਮਿਟ ਜਾਏ। ਹਿਵੈ – ਹਿਵ, ਸੀਤਲ, ਸ਼ਾਂਤ ਆਤਮਾ, ਹਿਵੈ ਘਰ – ਗੁਰੁ ਦਾਤਾ ਗੁਰੁ ਹਿਵੈ ਘਰ (ਵਾਰ ਮਾਝ ਮ: ੧)। ਹਿਵੈ ਕਾ ਘਰੁ ਮੰਦਰੁ ਅਗਨਿ ਪਿਰਾਹਨੁ – ਸ਼ਾਂਤ ਆਤਮਾ ਸੀਤਲ ਮਨ ਨੂੰ ਹਿਰਦੇ ਰੂਪੀ ਘਰਿ ਵਿੱਚ ਅਗਨਿ ਦਾ ਲਿਬਾਸ ਪਹਿਨਣ ਵਾਸਤੇ ਤੂੰ ਕਹਿ ਰਿਹਾ ਹੈਂ। ਅਵਾਹਨੁ – ਸੱਦਣ ਦੀ ਕ੍ਰਿਆ, ਸੱਦਣਾ, ਸੱਦਾ ਦੇਣਾ, ਆਉਣ ਵਾਸਤੇ ਕਹਿਣਾ। ਕਵਨ ਗੁਫਾ ਜਿਤੁ ਰਹੇ ਅਵਾਹਨੁ – ਨਾਨਕ, ਜਿਸ ਸਤਿਗੁਰ ਦੀ ਰਜ਼ਾ ਵਿੱਚ ਰਹਿਣ, ਆਉਣ ਵਾਸਤੇ ਤੇਰਾ ਸੱਦਾ ਹੈ, ਕੀ ਪਤਾ ਉਹ ਕਿਹੜੀ ਗੁਫਾ ਵਿੱਚ ਰਹਿ ਰਿਹਾ ਹੈ? ਇਤ ਉਤ ਕਿਸ ਕਉ ਜਾਣਿ ਸਮਾਵੈ – ਕਿਸ ਤਰ੍ਹਾਂ ਉਸ ਨੂੰ ਇਥੇ ਉਥੇ ਜਾਣਕੇ ਉਸ ਵਿੱਚ ਲੀਨ ਹੋਵੇ। ਭਾਵ ਕੀ ਪਤਾ ਉਹ ਕੌਣ ਹੈ ਜਿਸਦਾ ਧਿਆਨ ਮਨ ਅੰਦਰ ਟਿਕਾਵੇ।

ਅਰਥ: - ਹੇ ਨਾਨਕ ਜਿਸ ਅਹਾਰ ਕਰਨ ਨਾਲ ਤੇਰੇ ਮੁਤਾਬਿਕ ਅਹੰਕਾਰ ਮਿਟ ਜਾਂਦਾ ਹੈ, ਉਹ ਤੇਰਾ ਦੱਸਿਆ ਅਹਾਰ ਗਿਆਨ ਮੋਮ ਵਰਗਾ ਹੈ, ਪਰ ਤੂੰ ਉਸ ਨੂੰ ਅਸਲੀਅਤ, ਤੱਤ, ਨਿਚੋੜ ਦੱਸ ਰਿਹਾ ਹੈਂ। ਅਸੀਂ ਉਸ ਨੂੰ ਕਿਵੇਂ ਸਵੀਕਾਰ ਕਰੀਏ। ਜਿਸ ਦੀ ਸ਼ਰਨ ਆਉਣ ਲਈ ਤੇਰਾ ਸੱਦਾ ਹੈ, ਭਾਵ ਤੇਰੀ ਪ੍ਰੇਰਣਾ ਹੈ, ਉਸ ਲਈ ਤੇਰਾ ਸੱਦਾ, ਤੇਰੀ ਪ੍ਰੇਰਣਾ ਸਾਡੇ ਬਰਫ ਵਰਗੇ ਸੀਤਲ ਮਨਾਂ ਉੱਪਰ ਅਗਨਿ ਦੇ ਬਸਤਰ ਪਹਿਨਾਉਣ ਦੇ ਬਰਾਬਰ ਹੈ। ਇਸ ਲਈ ਇਥੇ ਉਥੇ ਭਾਵ ਲੋਕ ਪ੍ਰਲੋਕ ਵਿੱਚ, ਕਿਸ ਨੂੰ ਜਾਣ ਕੇ ਕਿਸ ਵਿੱਚ ਲੀਨ ਹੋਵੇ? ਕਿਸ ਦੇ ਧਿਆਨ ਨੂੰ ਮਨ ਵਿੱਚ ਟਿਕਾਵੇ? (ਉਹ ਆਪ ਪਤਾ ਨਹੀਂ ਕਿਹੜੀ ਗੁਫਾ ਵਿੱਚ ਰਹਿ ਰਿਹਾ ਹੈ, ਜਿਸਦੀ ਸ਼ਰਨ ਆਉਣ ਲਈ, ਨਾਨਕ, ਤੂੰ ਸਾਨੂੰ ਪ੍ਰੇਰ ਰਿਹਾ ਹੈਂ)।

ਨਾਨਕ ਪਾਤਸਾਹ ਜੀ ਦਾ ਜਵਾਬ: -

ਹਉ ਹਉ ਮੈਂ ਮੈ ਵਿਚਹੁ ਖੋਵੈ।।

ਦੂਜਾ ਮੇਟੈ ਏਕੋ ਹੋਵੇ।।

ਜਗੁ ਕਰੜਾ ਮਨਮੁਖੁ ਗਾਵਾਰੁ।।

ਸਬਦੁ ਕਮਾਈਐ ਖਾਈਐ ਸਾਰੁ।।

ਅੰਤਰਿ ਬਾਹਰਿ ਏਕੋ ਜਾਣੈ।।

ਨਾਨਕ ਅਗਨਿ ਮਰੈ ਸਤਿਗੁਰ ਕੈ ਭਾਣੈ।। ੪੬।।

ਪਦ ਅਰਥ: - ਹਉ – ਹਉਮੈ। ਮੈ – ਆਪਣੀ ਮੈ। ਵਿਚਹੁ ਖੋਵੈ – ਆਪਣੇ ਅੰਦਰੋ ਮਿਟਾ ਦੇਵੇ। ਦੂਜਾ ਮੇਟੈ – ਇੱਕ ਸਰਵ ਸ੍ਰੇਸਟ ਤੋ ਬਗ਼ੈਰ ਹੋਰ ਕਿਸੇ ਹੋਰ ਜੰਮਕੇ ਮਰ ਜਾਣ ਵਾਲੇ ਉੱਪਰ ਨਿਹਚਾ ਨਾਂ ਰੱਖੇ। ਏਕੋ ਹੋਵੇ – ਫਿਰ ਉਸ ਇਕੁ ਦਾ ਹੀ ਹੋਵੇ। ਜਗੁ ਕਰੜਾ ਮਨਮੁਖੁ ਗਵਾਰੁ – ਜਗੁ (ਗ੍ਰਹਿਸਤ) ਨੂੰ ਕਰੜਾ ਦਰਸਾਉਂਦਾ ਮਨਮੁਖ (ਆਪਣੇ ਆਪ ਨੂੰ ਕਰਤਾ ਅਖਵਾਉਣ ਵਾਲਾ) ਗਵਾਰ ਭਾਵ ਭਟਕਿਆ ਹੋਇਆ ਹੈ। ਖਾਈਐ – ਹਜਮ ਕਰਨਾ। ਸਾਰੁ –ਤੱਤ, ਅਸਲੀਅਤ। ਸਬਦੁ ਕਮਾਈਐ ਖਾਈਐ ਸਾਰੁ – ਉਸਦੀ ਬਖਸ਼ਿਸ਼ ਦੀ ਭਾਵ ਸੱਚ ਦੀ ਕਮਾਈ ਆਪਣੇ ਜੀਵਣ ਵਿੱਚ ਕਰੇ ਤਾ ਹੀ ਇਹ ਗ੍ਰਿਸਤ ਸੱਚ ਹਜਮ ਹੋ ਸਕਦਾ ਭਾਵ ਅਪਣਾਇਆ ਜਾ ਸਕਦਾ ਹੈ। ਅੰਤਰਿ ਬਾਹਰਿ ਏਕੋ ਜਾਣੈ – ਇਸ ਕਰਕੇ ਅੰਦਰ ਬਾਹਰ ਉਸ ਇੱਕ ਸੱਚੇ ਸਰਬਵਿਆਪਕ ਨੂੰ ਹੀ ਵਰਤ ਰਿਹਾ ਜਾਣੇ, ਜਿਹੜਾ ਅੰਦਰ ਹੈ ਉਹੀ ਬਾਹਰ ਵਰਤ ਰਿਹਾ ਹੈ, ਇਹੀ ਲੋਕ ਅਤੇ ਪ੍ਰਲੋਕ ਹੈ। ਨਾਨਕ ਅਗਨਿ ਮਰੈ ਸਤਿਗੁਰ ਕੈ ਭਾਣੈ – ਹੇ ਭਾਈ ਨਾਨਕ ਆਖਦਾ ਹੈ, ਉਸ ਸਦੀਵੀ ਸਥਿਰ ਰਹਿਣ ਵਾਲੇ ਦੇ ਹੁਕਮ (ਰਜ਼ਾ) ਵਿੱਚ ਆਉਣ ਵਾਲੇ ਦੀ ਹੁੳਮੈ ਰੂਪ ਅਗਨੀ ਬੁਝ ਜਾਂਦੀ ਹੈ।

ਨੋਟ: - ਜੋਗੀ ਨੇ ਆਪਣੇ ਸੁਆਲ ਅੰਦਰ ‘ਇਤ ਉਤ`ਵਰਤਿਆ ਸੀ, – ਇਥੇ ਉਥੇ ਭਾਵ ਲੋਕ ਅਤੇ ਪ੍ਰਲੋਕ ਵਿੱਚ ਕਿਸ ਨੂੰ ਜਾਣੈ। ਨਾਨਕ ਜੀ ਨੇ ਜੋਗੀ ਦੇ ਸੁਆਲ ‘ਇਤ ਉਤ` ਦੇ ਜਵਾਬ ਵਿੱਚ ‘ਇਤ ਉਤ` ਦੀ ਥਾਂ ਵਰਤਿਆ ਹੈ ‘ਅੰਤਰਿ ਬਾਹਰਿ`, ਜਿਸ ਨਾਲ ਇਹ ਗੱਲ ਬਹੁਤ ਉੱਭਰਕੇ ਸਾਹਮਣੇ ਆਉਂਦੀ ਹੈ ਕਿ ਗੁਰਮਤਿ ਅਨੁਸਾਰ ‘ਇਤ ਉਤ` ਭਾਵ ਲੋਕ ਪ੍ਰਲੋਕ ਕੀ ਹੈ। ਉਹ ਹੈ ਅੰਤਰਿ ਬਾਹਰ ਭਾਵ ਜਿਹੜਾ ਅੰਦਰ ਹੈ ਉਹ ਹੀ ਬਾਹਰ ਹੈ, ਭਾਵ ਜੋ ਸਰਬਵਿਆਪਕ ਕਰਤਾਰ ਹੈ। ਹੇ ਜੋਗੀ, ਜਿਸਨੂੰ ਘਰਿ ਛੱਡਕੇ ਬਾਹਰ ਜੰਗਲ ਵਿੱਚ ਲੱਭਦਾ ਹੈਂ, ਅੰਦਰ ਵੀ ਉਹੀ ਹੈ ਤੇ ਬਾਹਰ ਵੀ। ਉਹੀ ‘ਇਤ ਉਤ` ਭਾਵ ਅੰਦਰ ਬਾਹਰ, ਇਥੇ ਉਥੇ ਹੈ। ਦੂਸਰੀ ਗੱਲ ਪਿਛੈ ਆਪਾ ਅੰਤਰਿ ਦੇ ਅਰਥ ਅਖੀਰ ਕੀਤੇ ਹਨ ਪਰ ਇਥੇ ਅੰਤਰਿ ਦੇ ਨਾਲ ਸ਼ਬਦ ਬਾਹਰਿ ਸੋ ਇਸ ਵਾਸਤੇ ਭੁਲੇਖੇ ਵਿੱਚ ਨਹੀ ਪੈਣਾ ਪਰਕਰਣ ਅਨੁਸਾਰ ਸਬਦਾ ਦੇ ਅਰਥ ਬਦਲਦੇ ਹਨ।

ਨੋਟ - ਪਰ ਜੋਗੀ ਅਨੁਸਾਰ ਇਥੇ ਉਥੇ, ਹੁਣ ਇਥੇ ਜੀਵਣ ਵਿੱਚ ਅਤੇ ਮਰਨ ਤੋਂ ਬਾਅਦ ਵਿੱਚ ਹੈ।

ਅਰਥ: - ਹੇ ਭਾਈ ਜੋ ਮਨੁੱਖ ਆਪਣੇ ਅੰਦਰੋਂ ਹਉਮੈ ਨੂੰ ਮਿਟਾ ਕੇ ਕਿਸੇ ਹੋਰ ਦੂਜੇ (ਜੰਮਕੇ ਮਰ ਜਾਣ ਵਾਲੇ) ਨੂੰ ਆਪਣੇ ਅੰਦਰੋ ਬਾਹਰ ਕੱਢ ਕੇ ਇੱਕ ਸਰਬਵਿਆਪਕ ਦਾ ਹੋ ਜਾਵੇ। ਉਸ ਸਰਬਵਿਆਪਕ ਦੀ ਰਜ਼ਾ ਵਿੱਚ ਰਹਿਣ ਵਾਲੇ ਨੂੰ ਜੋ ਮਨਮੁਖ ਮਨੁੱਖ ਆਪਣੇ ਆਪ ਨੂੰ ਕਰਤਾ ਅਖਵਾਉਣ ਵਾਲਾ, ਇਸ ਜੱਗ (ਗਰਿਸਤ) ਨੂੰ ਕਰੜਾ ਦੱਸਣ ਵਾਲਾ, ਗਵਾਰ ਭਾਵ ਭਟਕਿਆ ਹੋਇਆ ਨਜ਼ਰ ਆਉਂਦਾ ਹੈ। ਸੱਚੇ, ਸਦੀਵੀ ਸਥਿਰ ਰਹਿਣ ਵਾਲੇ ਦਾ ਬਖ਼ਸ਼ਿਸ਼ ਲੈਣ (ਭਾਵ ਸੱਚ ਜਾਨਣ) ਨਾਲ ਹੀ, ਹੇ ਅਉਧੂ ਇਹ ਕਰੜਾ ਸੱਚ (ਗਰਿਸਤ) ਅਪਣਾਇਆ ਜਾ ਸਕਦਾ ਹੈ। ਹੇ ਭਾਈ, ਨਾਨਕ ਆਖਦਾ ਹੈ ਕਿ ਇਸ ਤਰ੍ਹਾਂ ਉਸ ਇਕੁ ਸੱਚੇ, ਸਦੀਵੀ, ਸਥਿਰ ਰਹਿਣ ਵਾਲੇ ਦੇ ਭਾਣੇ (ਰਜ਼ਾ) ਵਿੱਚ ਚੱਲਣ ਵਾਲੇ ਦੀ ਹੀ ਹਉਮੈ, ਮੈ ਰੂਪੀ ਅਗਨੀ ਬੁਝ ਸਕਦੀ ਹੈ।

ਬਲਦੇਵ ਸਿੰਘ ਟੋਰਾਂਟੋ




.