(ਨੋਟ:- ਕੋਈ 9-10 ਸਾਲ ਪਹਿਲਾਂ ਜਦੋਂ ਇਹ ਪੁਸਤਕ
ਹਾਲੇ ਪਰਿੰਟ ਨਹੀਂ ਸੀ ਹੋਈ ਤਾਂ ਅਸੀਂ ਇਸ ਨੂੰ ਲੜੀਵਾਰ ਇੱਥੇ ‘ਸਿੱਖ ਮਾਰਗ’ ਤੇ ਪਾਇਆ ਸੀ। ਪਰ ਉਸ
ਵੇਲੇ ਸਰਵਰ ਤੇ ਬਹੁਤ ਹੀ ਥੋੜੀ ਥਾਂ ਅਤੇ ਉਹ ਵੀ ਕਾਫੀ ਮਹਿੰਗੀ ਮਿਲਦੀ ਸੀ। ਇਸ ਲਈ ਮਜਬੂਰਨ ਵੱਸ
ਪਹਿਲਾਂ ਛਪੀਆਂ ਹੋਈਆਂ ਕਿਸ਼ਤਾਂ ਨੂੰ ਕੁੱਝ ਦਿਨਾ ਬਾਅਦ ਕੱਢਣਾ ਪੈਂਦਾ ਸੀ। ਹੁਣ ਤਾਂ ਕੌਡੀਆਂ ਦੇ
ਭਾਅ ਕਾਫੀ ਜਗਾ ਮਿਲ ਜਾਂਦੀ ਹੈ। ਇਸ ਲਈ ਜਿਹੜੇ ਪਾਠਕਾਂ ਨੇ ਇਸ ਕਿਤਾਬ ਨੂੰ ਨਹੀਂ ਪੜ੍ਹਿਆ ਉਹ ਵੀ
ਪੜ੍ਹ ਕੇ ਅੰਦਾਜ਼ਾ ਲਾ ਲੈਣ ਕਿ ਇਸ ਵਿੱਚ ਕਿਤਨੀ ਕੁ ਗੁਰਮਤਿ ਹੈ। ਅਤੇ ਅੱਜ ਕੱਲ ਜੋ ਕੁੱਝ ਵੀ ਸਾਡੇ
ਕੇਂਦਰੀ ਸਥਾਨਾਂ ਤੇ ਹੋ ਰਿਹਾ ਹੈ ਉਹ ਬਹੁਤੀ ਇਸ ਦੀ ਹੀ ਦੇਣ ਹੈ। ਇਸੇ ਕਰਕੇ ਹੀ ਅੱਜ ਗੁਰੂ ਦੀ
ਗੁਰਮਤਿ ਵਾਲੀ ਗੱਲ ਨੂੰ ਛੱਡ ਕੇ ਹੋਰ ਗੱਲਾਂ ਨੂੰ ਜ਼ਿਆਦਾ ਉਤਮ ਸਮਝਿਆ ਜਾਂਦਾ ਹੈ ਜੋ ਕਿ ਆਪਸੀ
ਵੈਰ-ਵਿਰੋਧ ਅਤੇ ਝਗੜੇ ਦਾ ਕਾਰਨ ਬਣਦਾ ਹੈ-ਸੰਪਾਦਕ)
ੴ ਸਤਿਗੁਰ
ਪ੍ਰਸਾਦਿ॥
‘ਗੁਰ ਬਿਲਾਸ ਪਾਤਸ਼ਾਹੀ 6’ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ-ਰੂਪ
ਸਤਿਗੁਰੂ ਨਾਨਕ ਸਾਹਿਬ ਜੀ ਦੇ ‘ਪਰਖ-ਦਰਬਾਰ’ ਵਿੱਚ॥
(ਭਾਗ ਪਹਿਲਾ)
ਸਲੋਕੁ॥ ਕਬੀਰ ਕਸਉਟੀ ਰਾਮ ਕੀ ਝੂਠਾ ਟਿਕੈ ਨ ਕੋਇ॥
ਰਾਮ ਕਸਉਟੀ ਸੋ ਸਹੈ ਜੋ ਮਰਜੀਵਾ ਹੋਇ॥ 1॥ {ਪੰਨਾ-948}
ਜਾਣ
ਪਛਾਣ-ਰੂਪ ਅਰੰਭਕ ਬੇਨਤੀ-
ਗੁਰਮਤਿ ਤੋਂ ਸੁਚੇਤ, ਪੰਥ-ਦਰਦੀ, ਗੁਰਮਤਿ ਦੇ ਇੱਕ ਗਿਆਤਾ ਸਿੰਘ ਜੀ ਨੇ, ਸ਼੍ਰੋਮਣੀ
ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ, ਜੂਨ 1998 ਦੀ ਪ੍ਰਕਾਸ਼ਤ- ‘ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ’
ਦੇ 400 ਸਾਲਾ ਪ੍ਰਕਾਸ਼ ਉਤਸਵ ਤੇ, ਗੁਰੂ ਪੰਥ ਲਈ ਅਨਮੋਲ ਸੁਗ਼ਾਤ ਵਜੋਂ ਜਾਰੀ
(Release)
ਕੀਤੀ ਪੁਸਤਕ ‘ਗੁਰ ਬਿਲਾਸ ਪਾਤਸ਼ਾਹੀ 6 ‘, ਬਾਰੇ (16 ਜਨਵਰੀ 1999- 5 ਵਜੇ ਸ਼ਾਮੀ ਫੋਨ ਤੇ) ਦਾਸ
ਦੇ ਵਿਚਾਰ ਪੁੱਛੇ। ਦਾਸ ਤੋਂ ਇਹ ਸੁਣ ਕੇ- ‘ਅਜੇਹੀ ਕਿਸੇ ਪੁਸਤਕ ਦੇ
Release
ਹੋਣ ਬਾਰੇ ਅਜੇ ਤਕ ਮੈਨੂੰ ਕੋਈ ਜਾਣਕਾਰੀ ਨਹੀਂ ਹੈ’ ਤਾਂ, ਬੜੀ ਚਿੰਤਾ ਗ੍ਰਸੀ ਸੁਰ ਵਿੱਚ ਭਾਈ
ਬੰਨਤਾ ਸਿੰਘ ਜੀ ਦੇ ਇਹ ਬਚਨ:--
“ਇਸ ਪੁਸਤਕ ਨੇ ਪਰਚਾਰਕਾਂ, ਰਾਗੀਆਂ, ਢਾਡੀਆਂ, ਲਿਖਾਰੀਆਂ ਲਈ ਹਵਾਲਾ ਪੁਸਤਕ’ ਬਣ ਜਾਣਾ ਹੈ। ਇਸ
ਦੇ ਪਰਚਾਰ ਤੋਂ ਸ੍ਰੀਗੁਰੂ ਗ੍ਰੰਥ ਸਾਹਿਬ ਜੀ ਦੇ ਪੂਰਨ ਸਚ ਦੀ ਥਾਂ, ਲੁੱਟ ਨੀਤੀ ਦੀ ਉਪਜ
ਬ੍ਰਾਹਮਣੀ ਰੀਤੀ ਰਿਵਾਜ-ਰੂਪ ਕੁਫ਼ਰ ਨੇ, ਅਤੇ ਬਿੱਪ੍ਰ ਦੇ ਲਿਖੇ ਪੁਰਾਣਕ
ਗ੍ਰੰਥਾਂ ਦੇ ਘਿਣਾਵਣੇ ਝੂਠ ਨੇ, ਪੰਥ ਲਈ ਅਸਲੀ ਗੁਰਮਤਿ-ਮਰਯਾਦਾ ਬਣਦੇ ਤੁਰੇ ਜਾਣਾ ਹੈ। ਮੈਨੂੰ
ਇਉਂ ਲੱਗਾ ਹੈ, ਜਿਵੇ ਕਈ ਸਾਲਾਂ ਤੋਂ
ਲਿਖਣੀ ਅਰੰਭ ਕੀਤੀ, ਤੁਹਾਡੀ ਬਹੁ ਭਾਗੀ ਪੁਸਤਕ- ‘ਬਿੱਪ੍ਰਨ ਕੀ ਰੀਤ ਤੋਂ ਸਚ ਦਾ ਮਾਰਗ, ਮਾਨੋ
ਸੁਨਿਆਰੇ ਦੀ ‘ਠੱਕ-ਠੱਕ’ ਹੀ ਸੀ ਜਿਸ ਨੂੰ, ਸ੍ਰੋਮਣੀ ਕਮੇਟੀ-ਰੂਪ ਲੁਹਾਰ ਦੇ ਇਸ ਗੁਰਬਿਲਾਸ
ਪੁਸਤਕ-ਰੂਪ ਹਥੌੜੇ ਦੀ ਇੱਕੋ ਸੱਟ ਨੇ, ਜਿਵੇ ਫੇਹ ਕੇ ਰੱਖ ਦਿੱਤਾ ਹੋਵੇ?
ਦਾਸ ਲਈ ਇਹ ਸੂਚਨਾ ਬੜੀ ਹਿਰਦਾ ਚੀਰਵੀਂ ਸੀ। “ਕਿਰਪਾ ਕਰਕੇ ਉਸ ਪੁਸਤਕ ਨੂੰ ਮੇਰੇ ਕੋਲ ਤੁਰੰਤ
ਪੁਚਾ ਦਿਉ”, ਦਾਸ, ਇਸ ਤੋਂ ਵੱਧ, ਹੋਰ ਕੁੱਝ ਨਾ ਕਹਿ ਸਕਿਆ। ਅਗਲੇ ਦਿਨ ਹੀ ਪੁਸਤਕ ਦਾਸ ਕੋਲ
ਪਹੁੰਚ ਗਈ।
ਗਾਹੜੇ ਨੀਲੇ ਰੰਗ ਦੇ ਗੱਤੇ ਦੀ ਜਿਲਦ ਤੇ “ਗੁਰਬਿਲਾਸ ਪਾਤਸ਼ਾਹੀ 6’ ਲਿਖਿਆ ਹੋਣ ਦੇ ਨਾਲ ਸ਼੍ਰੌਮਨੀ
ਗੁ: ਪ੍ਰ੍ਰ: ਕਮੇਟੀ ਅੰ੍ਰਿਤਸਰ ਦੀ ਮੋਹਰ ਵੇਖੀ ਤਾ ਸਤੇ ਹੀ ਮਨ ਇਹ ਪ੍ਰਭਾਵ ਕਬੂਲਣੋ ਨਾ ਰਹਿ ਸਕਿਆ
ਕਿ, ਗੁਰੂ ਪੰਥ ਦੀ ਸਿਰਮੌਰ ਜਥੇਬੰਦੀ ਵਲੋਂ ਛਪੀ ਇਹ ਪੁਸਤਕ ਜ਼ਰੂਰ ਪੰਥ ਦੇ ਹਿਤ ਲਈ ਮਾੜੀ ਨਹੀਂ ਹੋ
ਸਕਦੀ। ਫਿਰ ਜਦ ਪੁਸਤਕ ਦੀ ਸੰਪਾਦਨਾ, ਹਰਿਮੰਦਰ ਸਾਹਿਬ ਜੀ ਦੇ ਗ੍ਰੰਥੀ, ਸਿੰਘ ਸਾਹਿਬ ਗਿਆਨੀ
ਜੋਗਿੰਦਰ ਸਿੰਘ ਜੀ ਅਤੇ ਸ਼ਹੀਦ ਮਿਸ਼ਨਰੀ ਕਾਲਜ ਸ੍ਰੀ ਅੰਮ੍ਰਿਤਸਰ ਦੇ ਪ੍ਰੋਫ਼ੈਸਰ ਡਾ ਅਮਰਜੀਤ ਸਿੰਘ
ਜੀ ਨੇ SGPC
ਦੇ ਪ੍ਰਧਾਨ ਸਾਹਿਬ (ਗੁਰਚਰਨ ਸਿੰਘ ਜੀ ਟੌਹ੍ਹੜਾ) ਜੀ ਦੇ
ਹੁਕਮ ਨਾਲ, ਕੀਤੀ ਦਾ ਵੇਰਵਾ ਪੜਿਆ ਅਤੇ, ਫਿਰ ਪੁਸਤਕ ਦੀ ਪ੍ਰਸੰਸਾ ਵਿੱਚ ਲਿਖੇ ਪ੍ਰਸੰਸਾ ਪੱਤਰ
ਪੜ੍ਹੇ ਜਿਨ੍ਹਾਂ ਦਾ ਕਰਮ ਵਾਰ ਸੰਖੇਪ ਵੇਰਵਾ ਇਸ ਪ੍ਰਕਾਰ ਹੈ:-
(1) ਇਤਿਹਾਸਕ ਸੇਵਾ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ, ਸਿੰਘ ਸਾਹਿਬ ਰਣਜੀਤ ਸਿੰਘ ਜੀ।
(2) ਸੰਦੇਸ਼ ਸ਼੍ਰੋ: ਗੁ: ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਜੀ
ਟੌਹੜਾ।
(3) ਅਦੁਤੀ ਸੇਵਾ ਤਖ਼ਤ ਸ੍ਰੀ ਕੇਸਗੜ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਪ੍ਰੋ: ਮਨਜੀਤ ਸਿੰਘ ਜੀ।
(4) ਗੁਰ ਬਿਲਾਸ ਦਾ ਸ਼ੁੱਧ ਸਰੂਪ ਗਿਆਨੀ ਕੇਵਲ ਸਿੰਘ ਜੀ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ
ਸਾਬੋ ਕੀ (ਬਠਿੰਡਾ)
(5) ਅਨੂਪਮ ਸੁਗ਼ਾਤ ਸ੍ਰੀ ਸੁਖਦੇਵ ਸਿੰਘ ਭੌਰ ਐਕਟਿੰਗ ਪ੍ਰਧਾਨ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ
ਕਮੇਟੀ ਸ੍ਰੀ ਅੰਮ੍ਰਿਤਸਰ।
(6) ਸਾਹਿਤ ਤੇ ਸਮਾਜ ਜਥੇਦਾਰ ਮਨਜੀਤ ਸਿੰਘ ਕਲਕੱਤਾ ਉਚੇਰੀ ਸਿਖਿਆ ਤੇ ਭਾਸ਼ਾ ਮੰਤਰੀ ਪੰਜਾਬ।
(7) ਦੋ ਸ਼ਬਦ ਗਿਅਨੀ ਸੰਤ ਸਿੰਘ ਜੀ ਮਸਕੀਨ।
(8) ਚਮਤਕਾਰੀ ਵਿਆਖਿਆ ਗਿਆਨੀ ਜਸਵੰਤ ਸਿੰਘ ਜੀ ਕਥਾ-ਵਾਚਕ ਮੰਜੀ ਸਾਹਿਬ ਸ੍ਰੀ ਦਰਬਾਰ ਸਾਹਿਬ
9- “ਸ਼ਲਾਘਾਯੋਗ ਉੱਦਮ” ਦਲੀਪ ਸਿੰਘ ਜੀ ਮਲੂਨੰਗਲ-
10- ਇਤਿਹਾਸਕ ਪੁਸਤਕਾਂ ਦੀ ਪ੍ਰਕਾਸ਼ਨਾ ਸੰਬੰਧੀ ਸਾਡੀ ਜ਼ਿੰਮੇਵਾਰ” ਗਿ: ਜੋਗਿੰਦਰ ਸਿੰਘ ਜੀ ਤਲਵਾੜ,
11- ਚਾਰ ਸ਼ਬਦ’ - ਰੀਟਾਇਰਡ ਪ੍ਰਿੰਸੀਪਲ ਨਰਿੰਦਰ ਸਿੰਘ ਜੀ ਸੋਚ।
12- “ਗੁਰ ਬਿਲਾਸ ਦੇ ਸ਼ੁੱਧ ਸਰੂਪ ਦਾ ਸਵਾਗਤ” ਗਿ: ਬਲਵੰਤ ਸਿੰਘ ਜੀ ਕੋਠਾ ਸਾਹਿਬ ਜ਼ਿਲਾ ਬਠਿੰਡਾ
ਇਨ੍ਹਾਂ ਵਿਦਵਾਨਾਂ ਦੇ ਲਿਖੇ ਕਲਮ-ਤੋੜ ਸ਼ਲਾਘਾ ਪੱਤਰਾਂ ਨੂੰ ਪੜ੍ਹ ਕੇ ਇਹ ਨਿਸਚਾ ਬਣਨੋ ਨਹੀ ਰਹਿ
ਸਕਦਾ ਕਿ, ਗੁਰਬਿਲਾਸ ਪਾਤਸ਼ਾਹੀ 6 ਪੰਥ ਦੇ ਹਿਤਾਂ ਦੇ ਉਲਟ ਕਦੇ ਹੋ ਹੀ ਨਹੀਂ ਸਕਦੀ ਸੋ
ਸ਼ਾਇਦਗੁਰਮਤਿ ਦੇ ਇੱਕ ਗਿਆਤਾ ਸਿੰਘ ਜੀ ਨੂੰ ਹੀ ਗ਼ਲਤੀ ਲੱਗੀ ਹੋਵੇ? ਧੜਕਦੇ ਦਿਲ ਨਾਲ ਪੁਸਤਕ ਪੜਨੀ
ਸ਼ੁਰੂ ਕੀਤੀ। ਪਰ ਜਦ ਪੁਸਤਕ ਦਾ ਪਹਲਾ ਪ੍ਰਸੰਗ ਹੀ ਗੁਰਮਤਿ ਵਿਰੋਧੀ ਅਤੇ ਗੁਰੂ ਇਤਿਹਾਸ ਦੀ ਰੂਪ
ਰੇਖਾ ਵਿਗਾੜਦਾ ਨਜ਼ਰੀਂ ਆਇਆ ਤਾਂ ਹਿਰਦਾ ਪੀੜ ਨਾ ਕੁਰਲਾ ਉਠਿਆ। ਸਿਰਮੌਰ ਜਥੇਦਾਰੀ ਵੱਲ ਲਿਖੀਆਂ
ਚਿੱਠੀਆਂ ਕਿਸੇ ਨਾ ਗੌਲੀਆਂ। ਆਖ਼ਰ ਪੁਸਤਕ ਵਿਚਲੇ ਕੁੱਝ ਪ੍ਰਸੰਗਾਂ ਦੇ ਹਵਾਲੇ ਨਾਲ ਲਿਖਿਆ ਦਾਸ ਦਾ
ਲੇਖ-- “ਮੁੱਠਾ ਆਪ ਮੁਹਾਏ ਸਾਥੇ” ਪੰਥ ਦੇ ਨਿਰਭੈ ਪਤਰਕਾਰ ਭਾਈ ਸਾਹਿਬ “ਜੋਗਿੰਦਰ ਸਿੰਘ ਜੀ” ਚੰਡੀ
ਗੜ੍ਹ ਨੇ ਆਪਣੇ ਮਾਸਕ ਪੱਤਰ ਸਪੋਕਸਮੈਨ ਵਿੱਚ ਛਾਪ ਦਿੱਤਾ। ਪੰਥ ਦੇ ਸੁਜਾਨ ਹਿਰਦੇ ਰੋਹ ਵਿੱਚ ਆ
ਗਏ। ਦਾਸ ੁਵਰੁੱਧ ਸਿਮੌਰ ਜਥੇਦਾਰ ਦਾ ਕ੍ਰੋਧ ਉਬਾਲੇ ਖਾ ਉਠਿਆ। ਜੋ ਦਮਨ-ਚੱਕਰ ਦਾਸ ਵਿਰੁੱਧ ਚਲਿਆ
ਅਤੇ ਦਾਸ ਨਾਲ ਜੋ ਜੋ ਵਾਪਰੀ ਅਤੇ ਵਾਪਰਦੀ ਆ ਰਹੀ ਹੈ, ਉਹ ਵਿਥਿਆ ਜਥੇਦਾਰੀ ਵਲ ਲਿਖੀਆਂ ਚਿਠੀਆਂ
ਦੀ ਜ਼ਬਾਨੀਂ ਪੜ੍ਹੀ ਜਾ ਸਕਦੀ ਹੈ। ਅਜੇ ਅਸਾਂ ਗੁਰੂ ਇਤਿਹਾਸ ਦੀ ਵਿਗਾੜੀ ਹੋਈ ਹਾਲਤ ਬਾਰੇ ਗੁਰਮਤਿ
ਵਿਚਾਰਾਂ ਸਾਝੀਆਂ ਕਰਨੀਆਂ ਹਨ। ਨਿਮਾਣਾ ਨਿਤਾਣਾ ਦਾਸਰਾ
ਗੁਰਬਖ਼ਸ਼ ਸਿੰਘ
2-ਕੁਝ ਹੋਰ ਜ਼ਰੂਰੀ ਗੁਰਮਤਿ ਵਿਚਾਰਾਂ
ਉਪਰਪਕਤ ਸੰਖੇਪ ਵੇਰਵੇ ਨਾਲ ਹੋਰ ਕਈ ਕੁੱਝ ਪੜ੍ਹਿਆ ਤਾਂ ਝਟ ਹੀ, ਗੁਰੂ ਇਤਿਹਾਸ ਦੀ ਫ਼ਿਲਮ ਮਨ ਦੀਆਂ
ਅਖੀਆਂ ਸਾਹਮਣੇ ਆ ਖਲੋਤੀ। ਅਨੂਪਮ ਸਤਿਗੁਰੂ ਨਾਨਕ ਸਾਹਿਬ ਜੀ ਨੇ ਦਸ ਸਰੂਪਾਂ ਵਿੱਚ ਵਿਚਰਦਿਆਂ,
ਕਰੀਬ ਸਵਾ ਦੋ ਸਦੀਆਂ ਵਿੱਚ ਬੜੀਆਂ ਕਰੜੀਆਂ ਘਾਲਣਾ ਨਾਲ, ਅਥਵਾ ਸਰਬੰਸ ਵਾਰ ਦੇਣ ਵਰਗੀਆਂ
ਲਾ-ਮਿਸਾਲ ਕੁਰਬਾਨੀਆਂ ਨਾਲ, ਨਿਆਰੀ ਗੁਰਮਤਿ ਮਰਿਯਾਦਾ ਦੀ ਦੇਣ ਤੋਂ ਪੰਥ ਨੂੰ ਅਜੇਹੇ ਨਿਆਰੇ ਆਚਰਨ
ਦਾ ਮਾਲਕ ਬਣਾ ਲਿਆ ਕਿ, ਇਤਿਹਾਸਕਾਰਾਂ ਨੂੰ ਇਸ ਨਿਆਰੇ ਪੰਥ ਵਿਚੋਂ “ਤਖਤਿ ਰਾਜਾ ਸੋ ਬਹੈ ਜਿ ਤਖਤੈ
ਲਾਇਕ ਹੋਈ॥ ਜਿਨੀ ਸਚੁ ਪਛਾਣਿਆ ਸਚੁ ਰਾਜੇ ਸੇਈ॥ {1088} “ਧਰਮੀ ਰਾਜਿਆਂ ਵਾਲੇ ਗੁਣ ਪ੍ਰਤੱਖ ਹੋ
ਦਿੱਸੇ ਸਨ। ਫਿਰ ਉਸ ਦਿਹਾੜੇ ਦੀ ਯਾਦ ਆਈ ਜਦ ਖ਼ਾਲਸਾ ਪੰਥ ਦੇ ਜਥੇਦਾਰ ਸਾਹਿਬਾਨ ਨੂੰ ਉਸ ਪਾਵਨ
ਗੁਰੂ ਮਰਯਾਦਾ ਦੀ ਸ਼ੁੱਧਤਾ ਦੀ ਸੰਭਾਲ ਦੀ ਜ਼ਿਮੇਵਾਰੀ ਸੌਂਪੀ ਸੀ, ਜਿਸ ਅਨੁਸਾਰ ਜੀਵਨ ਬਣਾ ਲੈਣ ਨਾਲ
ਪੰਥ ਵਿੱਚ ਮਿਲੇ ਤੇਜ ਪ੍ਰਤਪ ਨੂੰ ਸੰਭਾਲ ਸਕਣ ਦੀ ਯੋਗਤਾ ਆਈ ਸੀ। (ਪੰਜ ਪਿਆਰਿਆਂ ਨੂੰ ਗੁਰਿਆਈ ਦਾ
ਭਾਈਵਾਲ ਬਣਾਏ ਜਾਣ ਵਾਲੇ (ਕਥਿਤ) ਸਾਕੇ ਦਾ ਹੋਰ ਅਰਥ ਕੀ ਹੈ?) ਅੱਜ, ਜਦ ਪੰਜ ਪਿਆਰਿਆਂ-ਰੂਪ ਉਹੀ
(ਲਗ-ਪਗ ਸਮੁੱਚੀ ਸਰਬ-ਉੱਚ) ਜਥੇਦਾਰੀ ਇਸ ‘ਗੁਰ ਬਿਲਾਸ ਪਾਤਸ਼ਾਹੀ 6’ ਦੀ ਕੇਵਲ ਪ੍ਰਸੰਸਕ ਹੀ ਨਹੀਂ
ਬਣੀ ਹੋਈ, ਸਗੋਂ ਪੰਥਕ ਸਰਮਾਏ ਨਾਲ ਇਸ ਦੀ ਛਪਾਈ ਕਰਵਾ ਕੇ ਇਸ ਨੂੰ ਪੰਥਕ ਤੌਰ ਤੇ
Release
ਕਰਨ ਵਾਲੀ, ਵੀ ਉਹ ਆਪ ਹੀ ਹੈ, ਤਾਂ ਪਾਠਕਾਂ ਦੇ ਮਨ ਵਿੱਚ ਇਹ ਯਕੀਨ ਬਣ ਜਾਣਾ ਕੁਦਰਤੀ ਗੱਲ ਹੈ,
ਕਿ, ਇਸ ਪੁਸਤਕ ਵਿੱਚ ਸਤਿਗੁਰੂ ਜੀ ਦੇ ਹੁਕਮਾਂ ਦੀ ਉਲੰਙਣਾ ਵਾਲੀ ਇੱਕ ਵੀ ਗੱਲ ਨਹੀਂ ਹੋਵੇਗੀ।
ਹਿਰਦੇ ਅੰਦਰ ਦੀ ਬਿਹਬਲਤਾ, ਕੇਵਲ ਏਹੋ ਗਲ ਸੁਣਨਾ ਅਤੇ ਜਾਣਨਾ ਚਾਹੇਗੀ, ਕਿ, ਇਸ ਪੁਸਤਕ ਵਿੱਚ ਇੱਕ
ਵੀ ਸ਼ਬਦ, ਗੁਰਮਤਿ ਦੀ ਖੰਡਨਾ ਵਾਲਾ ਨਹੀਂ ਹੈ। ਮੁੜ ਮੁੜ ਦ੍ਰਿੜਤਾ ਫੜਦਾ ਸਾਂ ਕਿ, ਗੁਰਮਤਿ ਦੇ ਇੱਕ
ਗਿਆਤਾ ਸਿੰਘ ਜੀ ਕੋਲੋਂ ਠੀਕ ਸਮਝਣ ਵਿੱਚ ਸ਼ਾਇਦ ਭੁੱਲ ਹੀ ਹੋਈ ਹੋਵੇ?”
ਉਪਰੋਕਤ 12 ਮੰਨੇ ਹੋਏ ਮਹਾਨ ਵਿਅਕਤੀਆਂ ਵਿਚੋਂ ਕਿਸੇ ਨੇ ਗੁਰੂ ਬਾਣੀ ਦੀ ਕਸਵੱਟੀ ਦੀ ਗੱਲ ਤਾਂ ਕੀ
ਕਰਨੀ ਸੀ, ਸਾਰਿਆਂ ਵਿਚੋ ਸਿੰਘ ਸਾਹਿਬ ਗਿਆਨੀ ਕੇਵਲ ਸਿੰਘ ਜੀ ਤੋਂ ਛੁੱਟ, ਕਿਸੇ ਦੀ ਲਿਖਤ ਵਿਚੋਂ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜ਼ਿਕਰ ਤੱਕ ਨਹੀਂ ਮਿਲਦਾ। ਦਲੀਪ ਸਿੰਘ ਜੀ ਮਲੂਨੰਗਲ ਜੀ ਨੇ ਭਾਵੇ
ਸ੍ਰੀ ਗੁਰੂ ਗ੍ਰੰਥ ਸਾਹਿਬ-ਰੂਪ ਸਤਿਗੁਰੂ ਨਾਨਕ ਸਾਹਿਬ ਜੀ ਦਾ ਜ਼ਿਕਰ ਤਾਂ ਨਹੀਂ ਕੀਤਾ, ਪਰ ਗੁਰਮਤਿ
ਅਨੁਸਾਰ ਪਰਖ ਕਰਨ ਦੀ ਲੋੜ ਸੋਹਣੇ ਸ਼ਬਦਾਂ ਵਿੱਚ ਦਰਸਾਈ ਹੋਈ ਹੈ। ਸਿੰਘ ਸਾਹਿਬ ਗਿ: ਕੇਵਲ ਸਿੰਘ ਜੀ
ਦੇ ਕਥਿਤ ਬਚਨਾਂ ਵਿੱਚ ਵੀ ਇਹ ਕੁੱਝ ਹੋਣਾ “ਭਾਵੇਂ ਇਹ ਸਚੁ ਹੈ ਸਾਡੇ ਪਾਸ ਇਤਿਹਾਸ ਦੀ ਸਚਿਆਰਤਾ
ਨੂੰ ਪਰਖਣ ਲਈ ਧੁਰੋਂ ਆਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਹੈ, ਪਰ ਗੁਰਬਾਣੀ ਪ੍ਰਤੀ
ਵੀ ਹਰ ਪਾਠਕ ਦੀ ਪਹੁੰਚ ਲਾਜ਼ਮੀ ਨਹੀਂ ਕਿ ਪੂਰੀ ਹੋਵੇ”। ਗੰਭੀਰ ਸ਼ੰਕੇ ਉਭਾਰਦਾ ਹੈ, ਕਿ, ਬੜੀ ਔਖੀ
ਭਾਸ਼ਾ ਸੰਸਕ੍ਰਿਤ ਵਿੱਚ ਲਿਖੇ ਗ੍ਰੰਥ ਬ੍ਰਾਹਮਣ ਨੇ ਸਮਝ ਲਏ, ਬਾਈਬਲ ਪਾਦਰੀ ਨੇ ਅਥਵਾ ਕੁਰਾਨ ਸ਼ਰੀਫ਼
ਮੌਲਾਣਿਆਂ ਨੇ ਸਮਝ ਲਿਆ, ਪਰ ਕੀ, ਅਨੂਪਮ ਸਤਿਗੁਰੂ ਨਾਨਕ ਸਾਹਿਬ ਜੀ ਨੇ ਅਜੇਹੀ ਬਾਣੀ ਰਚੀ ਹੈ, ਜੋ
ਸਿੰਘ ਸਾਹਿਬਾਨ ਸਮੇਤ ਕਿਸੇ ਵੀ ਪਾਠਕ ਦੀ ਸਮਝ ਵਿੱਚ ਨਹੀਂ ਸੀ ਆ ਸਕਦੀ? ਕੀ, ਸ੍ਰੀ ਹਰਿਮੰਦਰ
ਸਾਹਿਬ ਜੀ ਦੇ ਸੀਨੀਅਰ ਗ੍ਰੰਥੀ, ਸਿੰਘ ਸਾਹਿਬ ਗਿ: ਜੋਗਿੰਦਰ ਸਿੰਘ ਵੇਦਾਂਤੀ ਜੀ ਦੀ ਵੀ ਗੁਰੂਬਾਣੀ
ਪ੍ਰਤੀ ਪਹੁੰਚ, ਪਿੰਗਲੀ ਹੀ ਸੀ? ਸਿੰਘ ਸਾਹਿਬ ਗਿਆਨੀ ਕੇਵਲ ਸਿੰਘ ਜੀ ਦੇ ਉਪ੍ਰੋਕਤ ਬਚਨਾਂ ਤੋਂ ਇਹ
ਝੌਲ਼ਾ ਸਪੱਸ਼ਟ ਰੂਪ ਵਿੱਚ ਪੈਂ ਰਿਹਾ ਹੈ ਕਿ, ਗੁਰਬਿਲਾਸ ਨਾਮੀ ਇਹ ਪੁਸਤਕ, ਗੁਰਬਾਣੀ ਦੀ ਖੰਡਨਾਂ
ਜ਼ਰੂਰ ਕਰ ਰਹੀ ਹੋਵੇਗੀ। ਸਾਰੀ ਪੁਸਤਕ ਨੂੰ ਗਹੁ ਨਾਲ ਪੜ੍ਹਿਆ ਤਾਂ ਦਾਸ ਨੂੰ, ਗੁਰਮਤਿ ਦੇ ਇੱਕ
ਗਿਆਤਾ ਸਿੰਘ ਜੀ ਦਾ ਤੌਖ਼ਲਾ ਅੱਖਰ ਅੱਖਰ ਸਚੁ ਹੋ ਦਿੱਸਿਆ। ਪੰਥਕ ਮੋਹਰ ਦੀ ਛਾਪ ਹੇਠ, ਪੰਥ ਦੀ
ਸਰਬ-ਉੱਚ ਸੰਸਥਾ ਵਲੋਂ ਛਾਪ ਕੇ ਪੰਥ ਵਿੱਚ ਵੰਡੀ ਜਾ ਰਹੀ ਇਹ ਪੁਸਤਕ, ਸਮੇਂ ਦੇ ਗੇੜ ਨਾਲ, ਦਸਮ
ਗ੍ਰੰਥ ਜੀ ਨਾਲੋਂ ਵੀ ਵੱਧ ਗੰਭੀਰ ਮਸਲਾ ਬਣ ਜਾਣੀ ਹੈ। ਗੁਰੂ ਗ੍ਰੰਥ ਸਾਹਿਬ ਜੀ ਰੂਪ-ਸਤਿਗੁਰੂ
ਨਾਨਕ ਸਾਹਿਬ ਜੀ ਹੀ ਸਾਡੀ ਠੀਕ ਰਾਹਨੁਮਾਈ ਕਰ ਸਕਦੇ ਹਨ। ਇਸ ਨਾਚੀਜ਼ ਦਾਸਰੇ ਦੇ ਮਨ ਵਿੱਚ ਭਰੋਸਾ
ਬਣ ਰਿਹਾ ਹੈ ਕਿ, ਸਿਰਮੌਰ ਜਥੇਦਾਰੀ ਵਲੋਂ ਜਾਰੀ ਕੀਤੇ ਇਸ ਗੁਰਬਿਲਾਸ ਦੀ ਗੁਰੂ ਬਾਣੀ ਦੀ ਕਸਵੱਟੀ
ਤੇ ਪਰਖ ਕਰ ਸਕਣ ਦੀ ਸੂਝ ਅਤੇ ਲਿਖਤੀ ਰੂਪ ਵਿੱਚ ਲਿਆਉਣ ਦੇ ਉੱਦਮ ਦੀ ਬਖ਼ਸ਼ਸ਼, ਸਤਿਗੁਰੂ ਜੀ ਦੀਆਂ
ਅਪਾਰ ਮਿਹਰਾਂ ਦਾ ਹੀ ਸੂਚਕ ਹੈ?
3- ਸੰਪਾਦਕ ਸਾਹਿਬਾਨ ਵਲੋਂ ਲਿਖੀ ਭੂਮਿਕਾ ਬਾਰੇ ਵਿਚਾਰ ਤੋ ਪਹਿਲਾਂ-
ਪਿਛੋਕੜ ਵੱਲ ਸੰਖੇਪ ਝਾਤੀ:-
1- ਭਾਰਤ ਵਿੱਚ ਪੈਦਾ ਹੋਏ ਹੋਰ ਵੀ ਕਈ ਸਮਾਜ-ਸੁਧਾਰਕ ਮਹਾਂਪੁਰਖਾਂ ਨੇ ਬਿੱਪ੍ਰ-ਵਾਦ ਨੂੰ ਸਮਝਿਆ
ਵੀ ਹੋਵੇਗਾ ਅਤੇ ਉਸ ਦੇ ਅਉਗੁਣਾ ਨੂੰ ਲਿਖਤ ਵਿੱਚ ਵੀ ਲਿਆਂਦਾ ਹੋਵੇਗਾ, ਪਰ, ਕੇਵਲ ਸਤਿਗੁਰੂ ਨਾਨਕ
ਸਾਹਿਬ ਜੀ ਹੀ ਇੱਕ ਅਜੇਹੇ ਅਨੂਪਮ ਨਿਰਭੈ ਰਹਿਬਰ ਹਨ ਜਿਨ੍ਹਾਂ ਨੇ ਇਸ ਕੁਟਲ ਬਿੱਪਰ ਦੀ ਲੁੱਟ-ਨੀਤੀ
ਦੀ ਅਸਲੀਯਤ ਨੂੰ ਨਿਰਾ ਸਮਝਿਆ ਨਹੀਂ ਸਗੋਂ ਉਨ੍ਹਾਂ ਨੇ ਬਾਲ-ਪਨ ਤੋਂ ਹੀ, ਬਿੱਪ੍ਰ ਨੀਤੀ ਦੇ
ਵਿਰੁੱਧ ਬੜਾ ਅਸਰਦਾਰ ਪਰਚਾਰ, ਕਰਨਾ ਅਰੰਭ ਕਰ ਦਿੱਤਾ ਸੀ। ਲੱਗ ਪੱਗ 11 ਸਾਲ ਦੀ ਉਮਰ ਵਿੱਚ ਜਨੇਊ
ਪਾਉਣ ਲੱਗੇ ਬ੍ਰਾਹਮਣ ਗੁਰੂ ਦਾ ਹੱਥ ਰੋਕ ਦੇਣਾ, ਕੋਈ ਮਾਮੂਲੀ ਮੋਟਾ ਸਾਕਾ ਨਹੀਂ ਸੀ। ਸਾਰਾ
ਬ੍ਰਾਹਮਣੀ ਸਮਾਜ ਹਿੱਲ ਗਿਆ ਸੀ। “ਰਾਜੇ ਦੇ ਘਰ ਪੈਦਾ ਹੋਏ, ਸ਼ਹਿਜ਼ਾਦੇ ਗੌਤਮ ਬੁੱਧ ਨੇ ਵੀ ਅਜੇਹੀ
ਦਲੇਰੀ ਨਹੀਂ ਸੀ ਕੀਤੀ। ਸਮੁੱਚੇ ਬ੍ਰਾਮਣੀ ਸਮਾਜ ਦੇ ਅੰਦਰ ਰੋਹ ਦੀ ਲਹਿਰ ਫੈਲ ਗਈ, - “ਹਿੰਦੂ
ਪਟਵਾਰੀ ਦੇ ਘਰ ਪੈਦਾ ਹੋਇਆ ਇਹ ਕੱਲ੍ਹ ਦਾ ਮੁੰਡਾ ਕੌਣ ਹੈ ਜੋ, ਹਜ਼ਾਰਾਂ ਸਾਲ ਪੁਰਾਣੀ ਬ੍ਰਾਹਮਣੀ
ਰੀਤ ਤੋਂ ਬਗ਼ਾਵਤ ਕਰਨ ਦਾ ਹੌਸਲਾ ਕਰੇ?” ਬਟਾਲੇ ਵਿਖੇ ਵਿਆਹ ਦੀ ਚਹਿਲ ਪਹਿਲ ਵਿੱਚ ਸਤਿਗੁਰੂ ਜੀ ਤੇ
ਜਾਨ ਲੇਵਾ ਵਾਰ ਕਤਿਾ ਜਾਣਾ ਵੀ, ਬ੍ਰਾਹਮਣੀ ਕੁਟਲਤਾ ਦਾ ਹੀ ਨਤੀਜਾ ਸੀ। ਨਿਆਰੇ ਕਰਮ-ਯੋਗੀ
ਸਤਿਗੁਰੂ ਨਾਨਕ ਸਾਹਿਬ ਜੀ ਨੇ ਬ੍ਰਾਹਮਣ-ਡੇਰਾਵਾਦੀਆਂ ਦੀ ਘਾਤਕ ਅਸਲੀਯਤ ਨੂੰ, ਕੇਵਲ ਲਿਖਤੀ ਰੂਪ
ਹੀ ਨਹੀਂ ਸੀ ਦਿੱਤਾ, ਸਗੋਂ ਉਨ੍ਹਾਂ ਧਰਮ-ਅਗੂਆਂ ਦੇ ਲੁੱਟਗੜ੍ਹਾਂ (ਕਾਂਸ਼ੀ, ਹਰਿਦੁਆਰ, ਮਨੀਕਰਣ,
ਜਗਨਾਥਪੁਰੀ, ਗਇਆ, ਓਅੰਕਾਰ ਜੀ ਅਦਿ ਮੰਦਰ, ਜੋਗੀ ਮਤੇ, ੱਿਸਧ ਮੱਠ, ਆਦਿ ਬੇਅੰਤ, ਤੀਰਥ ਅਸਥਾਨਾ,
ਸਾਧ-ਡੇਰਿਆਂ ਦੇ ਧੁਰ ਅੰਦਰ) ਤੱਕ ਪਹੁੰਚ ਪਹੁੰਚ ਕੇ, ਉਨ੍ਹਾਂ ਦੇ ਸੰਚਾਲਕਾਂ ਨੂੰ ਉਨ੍ਹਾਂ ਦੀਆਂ
ਕੁਟਲ-ਨੀਤੀਆਂ ਦੇ ਦਰਸ਼ਨ ਕਰਾਉਣ ਜੇਹੀ ਅਦੁਤੀ ਨਿਰਭੈਤਾ ਦੇ ਪੂਰਨੇ ਪਾਏ। ਭਾਈ ਗੁਰਦਾਸ ਜੀ ਦੀ ਕਲਮ
ਵੀ ਲਲਕਾਰ ਉੱਠੀ; -
ਸਤਿਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਣਨੁ ਹੋਆ। ਜਿਉ ਕਰਿ ਸੂਰਜੁ ਨਿਕਲਿਆ ਤਾਰੇ ਛੋਪੇ
ਅੰਧੇਰ ਪਲੋਆ॥
ਸਿੰਘ ਬੁਕੇ ਮਿਰਗਾਵਲੀ ਭੰਨੀ ਜਾਇ ਨ ਧੀਰਿ ਧਰੋਆ। ਜਿਥੇ ਬਾਬਾ ਪੈਰ ਧਰਿ ਪੂਜਾ ਆਸਣੁ ਥਾਪਣਿ ਸੋਆ॥
ਸਿਧ ਆਸਣਿ ਸਭਿ ਜਗਤ ਦੇ, ਨਾਨਕ ਆਦਿ ਮਤੇ ਜੇ ਕੋਆ। ਘਰਿ ਘਰਿ ਅੰਦਰਿ ਧਰਮਸਾਲ ਹੋਏ ਕੀਰਤਨ ਸਦਾ
ਵਿਸੋਆ॥
ਬਾਬੇ ਤਾਰੇ ਚਾਰਿ ਚਕਿ ਨਉਖੰਡਿ ਪ੍ਰਿਥਮੀ ਸਚਾ ਢੋਆ॥ ਗੁਰਮੁਖਿ ਕਲਿ ਵਿਚਿ ਪਰਗਟ ਹੋਆ॥
ਲੋਕਾਂ ਨੂੰ ਵਿਦਿਆਹੀਨ ਭਰਮੀ ਬਣਾਈ ਰੱਖ ਕੇ ਆਪਣੀ ਲੁਟ ਦਾ ਸਾਧਨ ਬਣਾਈ ਬੈਠੇ ਪ੍ਰੋਹਿਤ ਜੀ ਲਈ
ਸਤਿਗੁਰੂ ਨਾਨਕ ਸਾਹਿਬ ਜੀ ਦੀ ਇਹ ਗਿਆਨ, ਬ੍ਰਾਹਮਣ ਸਮਾਜ ਦੀਆਂ ਅਖੀਆਂ ਵਿੱਚ ਦੁਖਦਾਈ ਰੋੜ ਬਣ ਕੇ
ਰੜਕਣ ਲੱਗ ਪਿਆ। ਹਰ ਹੀਲੇ ਇਸ ਨਵ ਜਨਮੇ ਗੁਰਮਤਿ-ਗਿਆਨ ਨੂੰ ਭਾਰਤ ਵਿਚੋਂ ਮਿਟਾ ਦੇਣ ਦੀਆਂ ਯੋਜਨਾਂ
ਬਣਾਉਣੀਆਂ ਬਿੱਪ੍ਰਵਾਦ ਦਾ ਮੁਖ ਧਰਮ ਬਣ ਚੁੱਕਾ ਸੀ।
2- ਸਤਿਗੁਰੂ ਨਾਨਕ ਸਾਹਿਬ ਜੀ ਦੀ ਜਾਨ ਲੈ ਲੈਣੀ ਬ੍ਰਾਹਮਣ ਦੇ ਵੱਸ ਦੀ ਗਲ ਨਾ ਬਣ ਸਕੀ। ਫਿਰ ਉਸ
ਨੇ ਗੁਰਬਾਣੀ-ਗਿਆਨ ਵਿੱਚ ਰਲੇ ਪਾਏ, ਪਰ ਪੰਚਮ ਸਤਿਗੁਰੂ ਨਾਨਕ ਸਾਹਿਬ ਨੇ ਸਾਰੇ ਰਲੇ ਨਿਤਾਰ ਕੇ
ਕੱਢ ਦਿਤੇ ਅਤੇ ਸਮੁੱਚੀ ਗੁਰਬਾਣੀ ਪੂਜਨੀਕ ਗ੍ਰੰਥ ਸਾਹਿਬ ਦਾ ਰੂਪ ਬਣ ਕੇ ਖ਼ਾਲਸਾ ਜੀ ਦੀਆਂ ਅੱਖੀਆਂ
ਦਾ ਤਾਰਾ ਬਣ ਗਈ। ਨਵ ਜਨਮੇ ਇਸ ਗੁਰਮਤਿ ਗਿਆਨ ਨੂੰ ਬੇਪਛਾਣ ਬਣਾ ਦੇਣ ਲਈ, ਗੁਰਮਤਿ ਦੇ ਵੈਰੀ ਨੇ
ਹੁਣ ਇਹ ਤਿੰਨ ਰਸਤੇ ਚੁਣੇ - (1) ਸਿੱਖਾਂ ਦੀ ਮਰਯਾਦਾ ਅਜੇਹੀ ਬਣਾ ਦਿੱਤੀ ਜਾਵੇ ਕਿ, ਆਮ ਸਿੱਖ
ਗੁਰਬਾਣੀ ਪੜ੍ਹ ਕੇ ਸਮਝਣ ਦੀ ਲੋੜ ਮੁਕਾ ਬਹਿਣ, (2) ਬ੍ਰਾਹਮਣੀ ਮਰਯਾਦਾ ਨੂੰ ਹੀ ਗੁਰਮਤਿ ਮ੍ਰਯਾਦਾ
ਬਣਾ ਦਿੱਤਾ ਜਾਵੇ, (3) ਗੁਰੂਇਤਿਹਾਸ ਨੂੰ ਅਜੇਹੀਆਂ ਝੂਠ-ਕਥਾ ਕਹਾਣੀਆਂ ਨਾਲ ਵਿਗਾੜ ਦਿੱਤਾ ਜਾਵੇ
ਕਿ, ਗੁਰੂਬਾਣੀ ਦਾ ਗਿਆਨ ਆਪਣੇ ਆਪ ਹੀ ਨਿਸਫ਼ਲ ਹੁੰਦਾ ਤੁਰਿਆ ਜਾਵੇ ਤੇ (ਬ੍ਰਾਹਮਣ-ਗੁਰੂ ਤੋਂ ਮੈਲਾ
ਹੋ ਕੇ ਕਦੇ ਤੋਂ ਵੀ ਨਾ ਟੁੱਟਣ ਵਾਲੇ ਜਨੇਊ ਦੀ ਮੰਗ ਕਰਨ ਵਾਲੇ) ਗੁਰੂ ਨਾਨਕ ਸਾਹਿਬ ਜੀ ਦਾ ਇਹ
ਅਮੋਘ ਗਿਆਨ ਬ੍ਰਾਹਮਣੀ ਲੁਟਨੀਤੀ ਤੇ ਅਸਰ ਪਾਉਣ ਜੋਗਾ ਰਹੇ ਹੀ ਨਾ।
3- ਮਨੁ-ਸਿਮ੍ਰਿਤੀ ਦੇ ਖੱਟ ਕਰਮ ਕਾਨੂੰਨ ਅਨੁਸਾਰ ਕੇਵਲ ਬ੍ਰਾਮਹਣ ਹੀ ਪੜ੍ਹ ਸਕਦਾ ਸੀ ਅਤੇ ਦੂਜਿਆਂ
ਨੂੰ ਪੜ੍ਹਾ ਵੀ ਕੇਵਲ ਬ੍ਰਾਹਮਣ ਹੀ ਸਕਦਾ ਸੀ। ਵਾਸਤਵ ਵਿੱਚ ਵਿਦਿਆ ਬ੍ਰਾਹਮਣ ਦੀ ਨਿੱਜੀ ਜਾਇਦਾਦ
ਬਣ ਚੁੱਕੀ ਸੀ। ਬ੍ਰਾਹਮਣ ਨੇ ਕੇਵਲ ਬ੍ਰਾਹਮਣਾ ਨੂੰ ਜਾਂ ਵਿੱਚ ਖਤੱਰੀ ਰਾਜ ਘਰਾਣਿਆਂ ਨੂੰ ਹੀ
ਵਿਦਿਆ ਪੜ੍ਹਾਈ। ਭਾਰਤ ਦੀ ਬਾਕੀ ਸਾਰੀ ਜੰਨਤਾ ਨੂੰ ਇਸ ਧਰਮ-ਆਗੂ ਨੇ ਭਰਮਾ ਗ੍ਰਸੇ ਅਗਿਆਨੀਂ ਤੇ
ਅਨਪੜ੍ਹ ਰਖਿਆ ਹੋਇਆ ਸੀ। ਸਪੱਸ਼ਟ ਹੈ ਕਿ ਗੁਰੂ ਨਾਨਕ ਸਾਹਿਬ ਜੀ ਦੇ ਸਿੱਖ ਵੀ ਏਸੇ ਅਨਪੜ੍ਹ
ਭਾਰਤੀਆਂ ਦੇ ਸਮੂਹ ਵਿਚੋਂ ਹੀ ਬਣੇ ਹੋਣ ਦੇ ਕਾਰਨ ਸਾਰੇ, ਅੱਖਰ-ਬੋਧ ਤੋਂ ਕੋਰੇ ਸਨ। ਵਿਦਿਆ ਤੋਂ
ਲਗ-ਪਗ ਕੋਰੀ ਜਨਤਾ ਦੇ ਬੇਮੁਹਾਰੇ ਵੱਗ ਵਿਚੋਂ ਵਿਚੋਂ ਆ ਕੇ ਹੀ ਬਣੇ ਸਨ ਸਿੱਖਾਂ ਦੇ ਜਥੇਦਾਰ,
ਸਰਦਾਰ ਅਤੇ ਰਾਜੇ ਮਹਾਰਾਜੇ। ਪਰਸੰਸਾ ਪੱਤਰਾਂ ਵਿਚ, ਸਿੰਘ ਸਾਹਿਬ ਕੇਵਲ ਸਿੰਘ ਜੀ ਦਾ ਲਿਖਿਆ ਅਸੀਂ
ਪੜ੍ਹ ਆਏ ਹਾਂ, ਕਿ (ਉਨ੍ਹਾਂ ਸਮੇਤ ਸਾਰੇ ਪੰਥ ਵਿੱਚ) ਗੁਰਬਾਣੀ ਤਕ ਪੂਰੀ ਪੁਹੰਚ ਕਿਸੇ ਦੀ ਵੀ
ਨਹੀਂ ਹੈ? ਭਾਵ, ਅੱਜ ਤੱਕ ਅਸੀ ਸਾਰੇ ਗੁਰਮਤਿ ਤੋਂ ਅਗਿਆਨੀ ਅਥਵਾ ਆਪਣੇ ਸਤਿਗੁਰਾਂ ਲਈ ਅਨਪੜ੍ਹ
ਜਾਂ ਵਿਦਿਆ-ਹੀਨ ਹੀ ਹਾਂ। ਆਪਣੇ ਇਤਿਹਾਸ ਵੱਲ ਝਾਤੀ ਮਾਰੀਏ ਤਾਂ ਸਤਿਗੁਰੂ ਨਾਨਕ ਸਾਹਿਬ ਜੀ ਦੇ
ਸਿੱਖਾਂ ਤੋਂ ਲੈ ਕੇ ਦਸ਼ਮੇਸ਼ ਜੀ ਤੱਕ ਦੀ ਸਿੱਖੀ ਵਿਚੋਂ ਉਭਰ ਕੇ ਸਾਹਿਮਣੇ ਆਉਣ ਵਾਲੇ ਲਿਖਾਰੀ
ਵਿਦਵਾਨ ਹਨ, ਕੇਵਲ ਅਤੇ ਕੇਵਲ ਦੋ? ਭਾਈ ਗੁਰਦਾਸ ਜੀ ਅਤੇ ਭਾਈ ਨੰਦਲਾਲ (ਸਿੰਘ) ਜੀ, ਇੁਨ੍ਹਾਂ
ਦੋਹਾਂ ਗੁਰਮੁਖਾਂ ਕੋਲ ਵੀ ਇਤਿਹਾਸ ਲਿਖਣ ਜੋਗਾ ਸਮਾ ਨਾ ਬਚਿਆ?
4- ਵਿਦਿਆ-ਹੀਨ ਇਨ੍ਹਾਂ ਨਿਸ਼ਕਪਟ ਸੁਹਿਰਦ ਸਾਧੂ-ਸੁਭਾ ਸਿੱਖ-ਆਗੂਆਂ ਨੂੰ ਚਕਰੀ ਦੇ ਲੈਣੀ ਵਿਦਵਾਨ
ਬ੍ਰਾਹਮਣ ਲਈ ਕਿਹੜੀ ਔਖੀ ਗਲ ਸੀਂ? ਪਰ ਗੁਰਦੇਵ ਜੀ ਦੇ ਪੰਜਭੂਤਕ ਸਰੀਰ ਸਮੇ ਅਜੇਹਾ ਹੋਣਾ ਸੰਭਵ ਨਾ
ਬਣ ਸਕਿਆ। ਗੁਰਬਾਣੀ ਦੇ ਗਿਆਨ ਨੂੰ ਚੰਗੀ ਤਰ੍ਹਾਂ ਸਮਝ ਕੇ ਸੰਭਾਲ ਚੁਕਿਆ ਬ੍ਰਾਹਮਣ-ਵਿਦਵਾਨ ਕਾਂਸ਼ੀ
ਵਿੱਚ ਬੈਠਾ ਬਹੁਪੱਖੀ ਤਿਆਰੀਆਂ ਕਰਦਾ ਰਿਹਾ। ਗੁਰਮਤਿ ਤੋਂ ਵਿਰੋਧੀ ਕਥਾ ਕਹਾਣੀਆਂ ਵਾਲੇ ਅਤੇ
ਸਤਿਗੁਰਾਂ ਦੀ ਬਾਣੀ ਦਾ ਸ਼ਰੀਕ ਬਣ ਬੈਠਣ ਜੋਗੀ ਕੁਟਲ-ਬਾਣੀ ਦੇ ਗ੍ਰੰਥ ਲਿਖਣ ਵਿੱਚ ਅਤੇ ਸਿਖੀ ਦੇ
ਧਰਮਅਸਥਾਨਾਂ ਦਾ ਕੰਮ ਸਾਂਭ ਸਕਣ ਜੋਗੇ ਉਦਾਸੀ ਅਤੇ ਨਿਰਮਲੇ ਆਦਿ ਟੋਲੇ ਪੈਦਾ ਕਰਦੇ ਰਹਿਣ ਵਿੱਚ
ਰੁਝੇ, ਢੁੱਕਵੇ ਸਮੇ ਦੀ ਉਡੀਕ ਹੁੰਦੀ ਰਹੀ। ਸਿਖੀ ਦਾ ਇਤਿਹਾਸ ਰੂਪ (ਜਨਮ-ਸਾਖੀਆਂ, ਗੁਰ-ਬਿਲਾਸ,
ਦਸਮ ਗ੍ਰੰਥ, ਸਰਬਲੋਹ ਆਦਿ ਪਰਚਲਤ ਪੁਰਾਤਨ ਗ੍ਰੰਥ) ਸਾਰੇ ਉਨ੍ਹਾਂ ਹੀ ਸਮਿਆਂ ਵਿੱਚ ਕਾਂਸ਼ੀ ਬੈਠੇ
ਬ੍ਰਾਹਮ ਦੇ ਬਹੁਰੂਪਾਂ ਦੀ ਹੀ ਕਿਰਤ ਹਨ। ਅੱਜ ਜਿਸ ‘ਗੁਰਬਿਲਾਸ ਪਾਤਸਾਹੀ 6’ ਦੀ ਪਰਖ ਗੁਰੂ ਬਾਣੀ
ਦੀ ਕਸਵੱਟੀ ਕਰਨ ਦੀ ਦਲੇਰੀ ਦਾਸ ਕਰ ਰਿਹਾ ਹੈ, ਉਹ ਵੀ ਬਿਨਾ ਕਿਸੇ ਸ਼ੱਕ-ਸ਼ੁਭੇ ਦੇ, ਕਾਂਸ਼ੀ-ਬੈਠਿਆਂ
ਸਿੱਖੀ ਦੇ ਵੈਰੀ ਉਨ੍ਹਾਂ ਹੀ (ਉਪਰੋਕਤ ਵਰਣਨ) ਵਿਦਵਾਨਾਂ ਦੀ ਹੀ ਦੇਣ ਹੈ।
5- 1708 ਵਿੱਚ ਜਦ ਦਸ਼ਮੇਸ਼ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਤਿਗੁਰੂ ਨਾਨਕ ਸਾਹਿਬ ਜੀ ਦੀ
ਜੋਤਿ ਜੁਗਤਿ ਦੇ ਮਾਲਕ ਸਿਖੀ ਦੇ ਸਤਿਗੁਰੂ ਘੋਸ਼ਤ ਕਰ ਕੇ, ਆਪ ਨਿਜ-ਧਾਮ ਨੂੰ ਪਿਆਣਾ ਕਰ ਗਏ। ਸਿੱਖੀ
ਦੇ ਵੈਰੀ ਦੇ ਘਰੀਂ ਮਾਨੋ ਘਿਉ ਦੇ ਦੀਵੇ ਜਗ ਪਏ। ਕਿਸੇ ਮਨੁੱਖ ਦੇ ਥਾਂ ਗ੍ਰੰਥ ਨੂੰ ਗੁਰਿਆਈ ਮਿਲ
ਜਾਣ ਵਾਲੀ ਇਸ ਖ਼ੁਸ਼ਖ਼ਬਰੀ ਦੀਆਂ ਉਡੀਕਾਂ ਤਾਂ ਵੈਰੀਆਂ ਨੇ ਸਵਾ ਦੋ ਸੌ ਸਾਲਾ (ਕਰੀਬ-ਸੰਮਤ 1479)
ਤੋਂ ਹੀ ਲਾਈਆਂ ਹੋਈਆਂ ਸਨ।
6- ਦਿੱਲੀ ਦੇ ਮੁਗ਼ਲ ਸਮਰਾਟ ‘ਫ਼ਰੁੱਖ਼ਸਿਯਰ ਦੇ ਹੁਕਮ ਨਾਲ ਚੇਤ ਸੁਧੀ 1 ਸੰਮਤ 1773 (ਸੰਨ 1716)
ਨੂੰ ਬਾਬਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕਰ ਦਿੱਤਾ ਗਿਆ। ਛੇਤੀ ਮਗਰੋਂ ਸਿੱਖਾਂ ਦੇ ਸਿਰਾਂ ਦੇ ਮੁੱਲ
ਦਿੱਤੇ ਜਾਣ ਵਰਗੇ ਬੇ-ਨਿਯੱਮੇ ਜ਼ੁਲਮੀ ਕਾਨੂੰਨ-ਰੂਪ ਬਣੀ, ਖ਼ਾਲਸਾ ਕੌਮ ਤੇ ਭੀੜ ਦਿਆਂ ਭਿਆਨਕ ਸਮਿਆਂ
ਵਿਚ, ਜਦ ਸਿੰਘਾਂ ਲਈ ਪਿੰਡਾਂ ਨੱਗਰਾਂ (ਵੱਸੋਂ) ਵਿੱਚ ਰਹਿਣਾ ਮੌਤ ਬਣ ਗਿਆ ਅਤੇ ਸਿੰਘ, ਜੰਗਲਾਂ,
ਪਹਾੜਾਂ ਅਥਵਾ ਬੀਕਾਨੇਰ ਦੇ ਰੇਤਲੇ ਥਲਾਂ ਆਦਿ ਵਿੱਚ ਸਿਰਲੁਕਾਈ ਕਰਨ ਲਈ ਮਜਬੂਰ ਹੋ ਗਏ।
ਵੇਦਾਂਤੀ-ਰੰਗ ਵਿੱਚ ਰੰਗੇ, ਕਾਂਸ਼ੀ ਮਤੀਏ ਨਿਰਮਲੇ, ਉਦਾਸੀ-ਮਹੰਤ-ਰੂਪੀ ਬ੍ਰਾਹਮਣੀ ਸਮਾਜ ਲਈ*,
ਸਿੱਖੀ ਦੇ ਧਰਮ ਅਸਥਾਨ ਸਾਂਭ ਲੈਣ ਦਾ ਸੁਨਹਿਰੀ ਸਮਾਂ ਬਣ ਗਿਆ। {*
Foot note:--ਉਦਾਸੀਅਆਂ
ਨੂੰ ਸਿੱਖੀ ਦਾ ਅੰਗ ਬਣਾਉਣ ਲਈ ਜਿਵੇ ਗੁਰੂ ਨਾਨਕ ਸਾਹਿਬ ਜੀ ਦੇ ਬੇਟੇ ਸ੍ਰੀ ਚੰਦ ਜੀ ਨੂੰ ਵਰਤਿਆ
ਉਸ ਦੀ ਪੂਰੀ ਅਲੀਯਤ ‘ਬਿੱਪ੍ਰਨ ਕੀ ਰੀਤ ਤੋਂ ਸਚੁ ਦਾ ਮਾਰਗ’ ਪੁਸਤਕ ਦੇ ਚੌਥੇ ਭਾਗ ਦੇ ਪਂਜਵੇ
ਕਾਂਡ ਵਿਚਲੇ, ਭਾਵ ਉਸ ਪੁਸਤਕ ਦੇ 255 ਸਫ਼ੇ ਤੋਂ 299 ਸਫ਼ੇ ਤੱਕ ਬੜੇ ਵਿਸਥਾਰ ਨਾਲ ਲਿਖਿਆ ਹੈ ਅਤੇ,
ਦਸ਼ਮੇਸ਼ ਜੀ ਦੇ ਇਤਿਹਾਸ ਵਿੱਚ ਰਲਾਈ ਇਸ ਝੂਠ-ਗਾਥਾ ਨੂੰ ਕਿ, ਦਸ਼ਮੇਸ਼ ਜੀ ਨੇ ਆਪ ਹੀ ਆਪਣੇ ਪੰਜ
ਸਿੱਖਾਂ ਨੂੰ ਕਾਂਸ਼ੀ ਵਿਦਿਆ ਪੜ੍ਹਨ ਭੇਜਿਆ ਸੀ ਨੂੰ ਵਰਤ ਕੇ, ਜਿਵੇ ਨਿਰਮਲਿਆਂ ਰੂਪ ਬ੍ਰਾਮਣੀ
ਏਜੰਟਾ ਨੂੰ ਸਿੱਖ ਧਰਮ ਦੇ ਪਰਚਾਰਕ ਬਣਾ ਲਿਆ ਉਸ ਦੀ ਅਸਲੀਯਤ ਉਪਰੋਕਤ ਵਰਣਨ ਬਿੱਪ੍ਰਨ …. ਮਾਰਗ”
ਪੁਸਤਕ ਦੇ ਪੰਜਵੇ ਭਾਗ ਦੇ 28 ਸਫ਼ੇ ਤੋਂ 68 ਸਫ਼ੇ ਤੱਕ ਬੜੇ ਵਿਸਥਾਰ ਨਾਲ ਲਿਖੀ ਹੋਈ ਹੈ। ਸੁਜਾਨ
ਪਾਠਕ ਜੇ ਚਾਹੁਣ ਤਾਂ ਉਨ੍ਹਾਂ ਪੁਸਤਕਾਂ ਵਿਚੋ ਹੋਰ ਵੀ ਬੜੇ ਲਾਹੇਵੰਦ ਗੁਰਮਤਿ-ਤੱਥ ਪੜ੍ਹ ਕੇ ਕਈ
ਭਰਮ ਭੇਲੇਖੇ ਦੂਰ ਕਰ ਸਕਦੇ ਹਨ}
ਲਗ ਪਗ 1721 ਤੋਂ 1921/22 ਤੱਕ ਪੂਰੇ 200 ਸਾਲ, ੁ ਉਦਾਸੀ. ਨਿਰਮਲਾ, ਮਹੰਤ, ਸਾਧ-ਸੰਤ ਡੇਰੇਦਾਰ,
ਆਦਿ, ਕਈ ਰੂਪਾ ਵਾਲਾ ਬ੍ਰਾਹਮਣ ਹੀ ਸਾਡਾ ਧਰਮ ਆਗੂ ਬਣਿਆ ਰਿਹਾ।
7- ਘੜੇ ਹੋਏ ਪੱਥਰਾਂ ਦੀ ਗਲ ਤਾਂ ਦੂਰ ਰਹੀ, ਅਨਘੜੇ ਪੱਥਰਾਂ ਨੂੰ ਵੀ, ਆਲੀਸ਼ਾਨ ਮੰਦਰਾਂ ਵਿੱਚ
ਅਸਥਾਪਤ ਕਰ ਕੇ ਲੋਕਾਂ ਲਈ ਸਰਬਕਲਾ ਸਮਰਥ ਭਗਵਾਨ ਬਣਾ ਦੇਣ ਵਾਲੇ, ਉੱਚ ਕੋਟੀ ਦੇ ਵਿਦਵਾਨ
(ਉਦਾਸੀਆਂ, ਨਿਰਮਲਿਆਂ, ਮਹੰਤਾ, ਸਾਧ-ਡੇਰੇਦਾਰਾਂ-ਰੂਪ) ਬਾਹਮਣਾ ਅਥਵਾ ਬ੍ਰਾਹਮਣੀ ਚੇਲਿਆਂ ਲਈ
ਸਿੱਖਾਂ ਨੂੰ ਚਕਰੀ ਦੇ ਲੈਣੀ ਕਿਹੜੀ ਔਖੀ ਗੱਲ ਸੀ। ਇਨ੍ਹਾਂ 200 ਸਾਲਾਂ ਵਿੱਚ ਗੁਰੂ ਬਾਣੀ ਦੇ
ਗਿਆਨ ਨੂੰ ਸਮਝ ਕੇ ਉਸ ਅਨੁਸਾਰ ਜੀਵਨ ਬਣਾਉਣ ਵਾਲੀ ਗੁਰੂ ਸਿਖਿਆ ਨੂੰ ਸਦਾ ਲਈ ਭੁਲਾ ਦੇਣ ਲਈ,
ਧਿਙਾਣੇ ਆ ਬਣੇ ਸਾਡੇ ਇਨ੍ਹਾਂ ਵੈਰੀ ਧਰਮ ਆਗੂਆਂ ਨੇ, ਕਾਂਸ਼ੀ ਬੈਠੀ ਬ੍ਰਾਹਮਣੀ ਵਿਦਵਾਨਾ ਵਲੋਂ
ਲਿਖੀਆਂ ਝੂਠ-ਕਹਾਣੀਆਂ ਦੇ ਅਸਰਦਾਰ ਪਰਚਾਰ ਦਾ ਸਦਕਾ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪੂਜਾ
ਭੇਟਾ-ਰੂਪ ਕੇਵਲ ਦਰਸ਼ਨ ਮਾਤਰ ਨੂੰ ਹੀ, ਅਥਵਾ ਗੁਰਬਾਣੀ ਦੇ ਕੇਵਲ ਪਾਠ ਮਾਤਰ ਨੂੰ ਹੀ, ਸਰਬ ਰੋਗਾਂ
ਦਾ ਦਾਰੂ ਅਤੇ ਮਨ ਇੱਛੇ ਫਲਾਂ ਦਾ ਦਾਤਾ ਬਣਾ ਦਿੱਤਾ। ਧਙਾਣੇ ਦੇ ਆ ਬਣੇ, ਕਈ ਨਾਵਾ ਵਾਲੇ ਇਨ੍ਹਾਂ
ਬਿੱਪ੍ਰੀ ਧਰਮ-ਆਗੂਆਂ ਨੇ ਕਈ ਤਰ੍ਹਾਂ ਦੇ ਵਿਧੀ-ਵਿਧਾਨ ਨਾਲ ਕੀਤੇ (ਸਹਿਜ-ਪਾਠ, ਅਖੰਡ ਪਾਠ,
ਸੰਪਟ-ਪਾਠ ਆਦਿ ਕਈ ਨਾਵਾਂ ਵਾਲੇ) ਮੰਤ੍ਰ ਪਾਠਾਂ ਦੀ ਮਰਯਾਦਾ ਅਜੇਹੀ ਸਫ਼ਲਤਾ ਨਾਲ ਚਲਾਈ ਕਿ ਅੱਜ
ਸ੍ਰੀ ਹਰਿਮੰਦਰ ਸਾਹਿਬ ਤੋਂ ਵੀ ਕੀਤੇ ਕਰਾਏ ਪਾਠ ਖ਼ਰੀਦੇ ਜਾ ਸਕਦੇ ਹਨ। ਸਤਿਗੁਰੂ ਗ੍ਰੰਥ ਸਾਹਿਬ ਜੀ
ਦਾ ਪਾਵਨ ਸਰੂਪ ਚੰਗੇ ਲਾਭਦਾਇਕ ਵਪਾਰ ਦਾ ਸਾਧਨ ਬਣ ਗਿਆ। ਹੋਰ ਅਜੇਹੀ ਕਈ ਤਹਾਂ ਦੀ ਬ੍ਰਾਹਮਣੀ
ਮਰਯਾਦਾ ਸਿਖੀ ਦਾ ਅੰਗ ਬਣਾ ਦਿੱਤੀ ਕਿ, ਅਸੀਂ ਗੁਰਮਤਿ ਗਿਆਨ ਤੋਂ ਕੋਰੇ ਰਹਿ ਕੇ ਉਸ ਜੀਵਨ ਮਰਯਾਦਾ
ਨੂੰ ਮੁਢੋਂ ਹੀ ਭੁਲਾ ਬੈਠੇ ਜਿਸ ਤੋਂ ਅਸੀਂ ਤਖ਼ਤ-ਤਾਜ ਦੇ ਮਾਲਕ ਬਣੇ ਸਾਂ।
8- ਖ਼ਾਲਸਾ ਜੀ ਨੇ, ਗੁਰੂ ਦੁਆਰੇ ਤਾਂ ਉਨ੍ਹਾਂ ਕੁਟਲ ਬ੍ਰਾਹਮਣਾ ਤੋਂ ਜ਼ਰੂਰ ਖਾਲੀ ਕਰਵਾ ਲਏ, ਪਰ,
ਪੰਥ ਘਾਤਕ ਬ੍ਰਾਹਮਣੀ ਰੀਤਾਂ ਤੋਂ ਆਪਣੀ ਖ਼ਲਾਸੀ ਨਾ ਕਰਵਾ ਸਕੇ। ਹਾਲਤ ਇਹ ਬਣ ਚੁੱਕੀ ਹੈ, ਕਿ,
ਆਪਣੇ ਆਪ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਸਿੱਖ ਸਮਝਣ ਵਾਲਾ ਇਹ ਖ਼ਾਲਸਾ ਜੀ, ਆਪਣੇ ਹੀ ਗੁਰਮੁਖ
ਗੁਰੂ ਭਾਈਆਂ ਦਾ ਕਹਿਆ ਮੰਨਣ ਲਈ ਤਿਆਰ ਨਹੀਂ ਕਿ, ਉਸ ਦਾ ਸਾਰਾ ਰੀਤੀ ਰਿਵਾਜ, ਗੁਰੂ ਗ੍ਰੰਥ ਸਾਹਿਬ
ਜੀ ਦੇ ਅਥਵਾ ਗੁਰਮਤਿ ਦੇ ਉਲਟ ਹੈ। ਮੁੜ ਆਪਣੇ ਅਸਲੇ ਵਲ ਪਰਤ ਆਉਣ ਲਈ ਬਥੇਰਾ ਵਾਵੇਲਾ ਕੀਤਾ ਗਿਆ
ਪਰ:- ਫਰੀਦਾ ਕੂਕੇਦਿਆ ਚਾਂਗੇਦਿਆ ਮਤੀ ਦੇਦਿਆ ਨਿਤ॥ ਜੋ ਸੈਤਾਨਿ ਵੰਞਾਇਆ ਸੇ ਕਿਤ ਫੇਰਹਿ ਚਿਤ॥
15॥ {1378}
9- ਪਰ ਅਜੇਹੀ ਸਾਰੇ ਕੁੱਝ ਦੇ ਬਾਵਜੂਦ- ਭਾਵੇਂ ਗੁਰਮਤਿ ਗਿਆਨ ਤੋਂ ਅਸੀਂ ਪੂਰੀ ਤਰ੍ਹਾਂ ਦੂਰ ਜਾ
ਚੁੱਕੇ ਹਾਂ, ਮੁੜ ਉਸੇ ਮੁਢਲੀ ਚੜ੍ਹਦੀਆਂ ਕਲਾਂ ਵਾਲੇ ਦਿਨਾਂ ਦੇ ਪਰਤ ਆਉਣ ਦੀ ਆਸ ਵੀ, ਅਸੰਭਵ ਬਣ
ਚੁੱਕੀ ਦੇ ਚਰਚੇ ਛਿੜ ਰਹੇ ਹਨ। ਪਰ, ਇਸ ਨਿਤਾਣੇ ਨਿਮਾਣੇ ਦਾਸਰੇ ਦੇ ਮਨ ਵਿੱਚ ਅਜੇ ਵੀ ਤੇਜ
ਪ੍ਰਤਾਪ ਵਾਲੇ ਉਨ੍ਹਾਂ ਹੀ ਪੈਰਾਂ ਤੇ ਪਰਤ ਆਉਣ ਦੀਆਂ ‘ਆਸਾਂ’, ਹੀ ਰਾਤ ਦਿਨ ਲਿਖੀ ਜਾਣ ਦੀ ਕਰੜੀ
ਮਿਹਨਤ ਕਰਵਾ ਰਹੀ ਹੈ। ਸਾਥੀਆਂ ਨੇ ਕਈ ਵਾਰੀ ਪੁੱਿਛਆ ਕਿ, ਉਸ ਸੁਲੱਖਣੀ ਆਸ ਦੀ ਕਿਰਣ ਤੁਹਾਨੂੰ
ਕਿਸੇ ਝਰੋਖੇ ਵਿੱਚ ਆ ਰਹੀ ਹੈ ਜੋ ਇਸ ਉਮਰੇ ਵੀ ਚੈਨ ਨਾਲ ਬਹਿਣ ਨਹੀਂ ਦੇ ਰਹੀ?
ਉਸ ਨੀਲੇ ਆਕਾਸ ਵਿਚੋਂ ਟਿਮਟਿਮਾਉਂਦੀ ਉਸ ਆਸ ਦੀ ਕਿਰਣ ਪੁਚਾ ਰਿਹਾ ਇਕੋ ਇੱਕ ਝਰੋਖਾ ਹੈ:-- “ਂ ਇਸ
ਦੂਲੈ ਪੰਥ ਨੇ ਆਪਣੇ ਹਿਰਦੇ ਵਿਚੋਂ ਗੁਰੂ ਗੰਥਸਾਹਿਬ-ਰੂਪ ਸਤਿਗੁਰੂ ਨਾਨਕ ਸਾਹਿਬ ਜੀ ਦਾ ਆਦਰ
ਸਨਮਾਨ ਅਜੇ ਨਹੀਂ ਗੁਆਇਆ”। ਅਜੇ ਵੀ ਅਸੀਂ ਇਹ ਨਹੀਂ ਸੁਣ ਸਕਦੇ ਕਿ, ‘ਸਤਿਗੁਰੂ ਗ੍ਰੰਥ ਸਾਹਿਬ ਜੀ
ਦੀ ਬਾਣੀ ਵਿੱਚੋਂ ਵੀ ਬ੍ਰਾਹਮਣੀ ਪੁਰਾਣਾ ਵਰਗਾ ਝੂਠ ਮਿਲ ਸਕਦਾ ਹੈ।’ - ਸਾਡੇ ਕੰਨ ਅਜੇ ਇਹ ਸੁਣਨਾ
ਨਹੀਂ ਝੱਲਦੇ, ਕਿ ‘ਸਾਡੇ ਗੁਰਦੇਵ ਜੀ ਦੀ ਕਰਣੀ ਕੁੱਝ ਹੋਰ ਸੀ ਅਤੇ ਲਿਖਦੇ ਜਾਂ ਕਹਿੰਦੇ ਕੁੱਝ ਹੋਰ
ਸਨ।’ ਸਾਡੇ ਇਸ ਵਿਸ਼ਵਾਸ਼ ਨੂੰ ਸੰਸਾਰ ਦਾ ਕੋਈ ਵੀ ਕਾਰਨ ਢਿੱਲਾ ਨਹੀਂ ਕਰ ਸਕਦਾ ਕਿ, (ਦਸਾਂ ਸਰੂਪਾਂ
ਵਾਲੇ) ਸਤਿਗੁਰੂ ਨਾਨਕ ਸਾਹਿਬ ਜੀ, ਕਥਨੀ ਅਤੇ ਕਰਣੀ ਦੇ ਸੂਰੇ ਸਨ। ਸਾਡੇ ਸਤਿਗੁਰਾਂ ਨੇ ਆਪਣੀ
ਜੀਵਨੀ ਵਿੱਚ ਸਦਾ ਉਹੀ ਪੂਰਨੇ ਪਾਏ, ਜੋ ਉਨ੍ਹਾਂ ਨੇ ਪਰਚਾਰਿਆ ਅਤੇ ਜੋ ਕੁੱਝ ਉਨ੍ਹਾਂ ਨੇ ਲਿਖਿਆ।
ਦਾਸ ਦਾ ਅਟੱਲ ਵਿਸ਼ਵਾਸ਼ ਹੈ ਕਿ, ਅੱਜ ਵੀ ਇਹ ਗੁਰੂ-ਪੰਥ ਅਜੇਹੀ ਪੁਸਤਕ ਦਾ ਖੁਰਾ ਖੋਜ ਮਿਟਾ ਦੇਣ ਲਈ
ਕਮਕੱਸੇ ਕਰ ਖਲੋਵੇਗਾ ਜੋ ਸਤਿਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਦੀ ਖੰਡਨਾ ਕਰ ਰਹੀ ਹੈ ਅਥਵਾ
ਜਿਹੜੀ ਪੁਸਤਕ ਸਤਿਗੁਰੂ ਜੀ ਦੇ ਜੀਵਨ ਨੂੰ ਹਾਸੋ ਹੀਣਾ ਬਣਾ ਰਹੀ ਹੋਵੇ।
ਆਤਮਿਕ ਸੁਖਾਂ ਦੇ ਸਾਗਰ ਵਿੱਚ ਲੈ ਵੜਨ ਲਈ ਦੂਰ ਦ੍ਰਿਸ਼ਟ ਅੰਤਰਜਾਮੀ ਗੁਰਦੇਵ ਜੀ ਤਾਂ ਗੁਰੂ ਸ਼ਬਦ
ਰਾਹੀ ਬਾਹਾਂ ਖੜੀਆਂ ਕਰਕੇ ਵਾਜਾਂ ਵੀ ਮਾਰ ਰਹੇ ਹਨ। ਹੇ ਸੁਜਾਨ ਪਾਠਕ ਸਜਣੋ! ਜੇ ਪਹਿਲਾਂ ਖੁੰਝੇ
ਰਹੇ ਹਾਂ ਤਾਂ ਆਉ ਅੱਜ ਹੀ ਆਪਣੇ ਸਤਿਗੁਰੂ ਜੀ ਦੀਆਂ ਕੂਕ ਫ਼ਰਿਆਦਾਂ ਸੁਣਦੇ ਹੋਏ, ਉਨ੍ਹਾਂ ਦੀ ਗਿਆਨ
ਬੁੱਕਲ ਵਿੱਚ ਜਾ ਵੜੀਏ:-
ਸੰਤਹੁ ਸੁਨਹੁ ਸੁਨਹੁ ਜਨ ਭਾਈ ਗੁਰਿ ਕਾਢੀ ਬਾਹ ਕੁਕੀਜੈ॥
ਜੇ ਆਤਮ ਕਉ ਸੁਖੁ ਸੁਖੁ ਨਿਤ ਲੋੜਹੁ ਤਾਂ ਸਤਿਗੁਰ ਸਰਨਿ ਪਵੀਜੈ॥ 5॥ {1326} -6
ਅਰਥ:-ਹੇ ਸੰਤ ਜਨੋ! ਹੇ ਭਰਾਵੋ! (ਤੁਹਾਡੇ) ਗੁਰੂ (ਜੀ) ਨੇ ਬਾਂਹ ਉੱਚੀ (ਖੜੀ) ਕੀਤੀ ਹੋਈ ਹੈ ਤੇ
ਕੂਕ ਰਿਹਾ ਹੈ (ਉਸ ਦੀ ਗੱਲ) ਧਿਆਨ ਨਾਲੋ ਸੁਣੋ। ਹੇ ਸੰਤ ਜਨੋ! ਜੇ ਤੁਸੀਂ ਆਪਣੀ ਜਿੰਦ ਵਾਸਤੇ ਸਦਾ
ਦਾ ਸੁਖ ਚਾਹੁੰਦੇ ਹੋ, ਤਾਂ ਗੁਰੂ ਦੀ ਸਰਨ ਪਏ ਰਹਿਣਾ ਚਾਹੀ ਦਾ ਹੀ- (ਭਾਵ, ਸਦਾ ਆਪਣੇ ਸਤਿਗੁਰੂ
ਜੀ ਦੇ ਕਹੇ ਅਨੁਸਾਰ ਜੀਵਨ ਬਤੀਤ ਕਰਦੇ ਰਹਿਣਾ ਹੀ ਉਸ ਦੀ ਸਰਣ ਪਏ ਰਹਿਣਾ ਹੁੰਦਾ ਹੈ। ਜੇ ਤੁਹਾਡਾ
ਵਿਹਾਰ, ਤੁਹਾਡੀ ਜੀਵਨ ਮਰਯਾਦਾ ਗੁਰਮਤਿ ਦੇ ਉਲਟ ਹੈ, ਤਾਂ ਸਤਿਗੁਰੂ ਜੀ ਦੇ ਅੱਗੇ ਲੇਟ ਲੇਟ
ਕੀਤੀਆਂ ਤੁਹਾਡੀਆਂ ਡੰਡੌਤਾਂ ਵੀ ਕੇਵਲ ਪਖੰਡ ਹੈ।)। 5.
ਅਸੀਂ ਏਡੇ ਗੁਸਤਾਖ਼ ਤਾਂ ਨਹੀਂ ਹਾਂ ਕਿ, ਹੁਣ ਜਦ ਕਿ ਸਾਨੂੰ ਪਤਾ ਲੱਗ ਰਿਹਾ ਹੈ ਕਿ ਸਾਡੇ ਸਤਿਗੁਰੂ
ਗ੍ਰੰਥ ਸਾਹਿਬ ਜੀ, ਸਾਨੂੰ ਸਦੀਵੀ ਸੁਖਾਂ ਦੇ ਰਸਤੇ ਤੋਰਨ ਲਈ ਸਾਨੂੰ ਬੜੇ ਤਰਲਿਆਂ ਨਾਲ ਆਪਣੇ ਕੋਲ
ਬੁਲਾ ਰਹੇ ਹਨ, ਅਤੇ ਅਸੀ ਫਿਰ ਵੀ ਉਨ੍ਹਾਂ ਦੀ ਗਿਆਨ ਬੁੱਕਲ ਵਿੱਚ ਨਾ ਜਾ ਬਿਰਾਜੀਏ। ਆਉ ਸਤਿਗੁਰੂ
ਜੀ ਦੀ ਹਜ਼ੂਰੀ ਵਿੱਚ ਇਕਾਗਰ-ਚਤ ਹੋਈਏ ਅਤੇ ਝੂਠ ਦੀ ਦਲਦਲ ਦੀ ਪਛਾਣ ਕਰਕੇ ਆਪਣੀ ਜੀਵਨ ਮਰਯਾਦਾ ਨੂੰ
ਗੁਰਮਤਿ ਦੇ ਅਨੁਸਾਰ ਢਾਲ ਲੈਣ ਦਾ ਯਤਨ ਕਰੀਏ--
ਜ਼ਰੂਰੀ ਸੂਚਨਾ:--ਪੁਸਤਕ ਦੀ ਭੂਮਿਕਾ ਵਿਚਲੇ ਭੁਲੇਖਾ-ਪਾਊ ਵਿਚਾਰਾਂ ਨੂੰ ਸਮਝਣਾ ਅਰੰਭ ਕਰਨ ਤੋਂ
ਪਹਿਲਾ ਯਾਦ ਰੱਖਣ ਵਾਲੀ ਬੜੀ ਜ਼ਰੂਰੀ ਸੂਚਨਾ:-
ਦਾਸ ਨੇ ਪਾਵਨ ਗੁਰੂ ਬਾਣੀ ਨੂੰ ਕਸਵੱਟੀ ਮੰਨ ਕੇ, ਬ੍ਰਾਹਮਣੀ ਵਿਚਾਰਧਾਰਾ ਦੀ ਉਪਜ, ਹਿੰਦੂਆਂ ਦੇ
ਗ੍ਰੰਥ ਪੜ੍ਹੇ ਅਤੇ ਉਨ੍ਹਾਂ ਦੇ ਉਸ ਪੱਖ ਨੂੰ ਸਪੱਸ਼ਟ ਕੀਤਾ ਹੈ ਜਿਸ ਨੂੰ ਸਤਿਗੁਰਾਂ ਨੇ ਮਨੁੱਖ ਲਈ
ਹਾਨੀ ਕਾਰਕ ਮੰਨਿਆ ਹੈ। ਉਨ੍ਹਾਂ ਗ੍ਰੰਥਾਂ ਦੇ ਇੱਕ ਸਾਰ ਲਿਖਣ ਢੰਗ ਬਾਰੇ ਦਾਸ ਨੇ 13 ਗੰਭੀਰ ਸ਼ੰਕੇ
1995 ਵਿੱਚ ਛਪੀ “ਬਿੱਪ੍ਰਨ ਕੀ ਰੀਤ ਤੋਂ ਸਚੁ ਦਾ ਮਾਰਗ “ਪੁਸਤਕ ਦੇ 424 ਸਫ਼ੇ ਤੇ ਲਿਖੇ ਹਨ। ਅੱਜ
2002 ਸੰਨ ਦੇ ਜਨਵਰੀ ਮਹੀਨੇ ਤੱਕ, ਪੁਸਤਕ ਦੀ ਦੂਜੀ
Addition ਵੀ ਛਪ ਕੇ ਮੁੱਕ ਗਈ ਹੈ ਪਰ. ਕਿਸੇ
ਧਿਰੋਂ ਵੀ ਉਨ੍ਹਾਂ ਸ਼ੰਕਿਆਂ ਦੀ ਨਿਵਰਤੀ ਨਹੀਂ ਹੋ ਸਕੀ। ਹਿੰਦੂ ਵਿਦਵਾਨਾ ਵਿਚੋਂ ਵੀ ਕੋਈ ਕੁੱਝ
ਨਹੀ ਕਹਿ ਸਕਿਆ। ਉਨ੍ਹਾਂ ਸ਼ੰਕਿਆਂ ਵਿਚੋਂ ਅਜੋਕੇ ਵਿਸ਼ੇ ਨਾਲ ਸੰਬਧਤ ਗੰਭੀਰ ਸ਼ੰਕੇ ਇਸ ਪ੍ਰਕਾਰ ਹਨ:-
ਹਿੰਦੂ ਧਰਮ ਦੇ ਗ੍ਰੰਥ ਬਾਰੇ ਪੂਰੇ ਵਿਸ਼ਵਾਸ਼ ਨਾਲ ਇਹ ਨਹੀਂ ਕਿਹਾ ਜਾ ਸਕਦਾ ਕਿ:- (ੳ) -ਵੇਦ
ਪੁਰਾਣ, ਸਿਮ੍ਰਿਤੀਆਂ, ਸ਼ਾਸਤਰ ਆਦਿ ਹਿੰਦੂ ਧਰਮ ਦੇ ਪੁਰਾਤਨ ਗ੍ਰੰਥਾਂ ਵਿਚੋਂ ਕਿਹੜਾ ਗ੍ਰੰਥ ਕਿਥੋਂ
ਦੇ ਵਾਸੀ, ਕਿਸ ਮਨੁੱਖ ਨੇ ਕਦੋਂ ਲਿਖਿਆ ਸੀ? (ਅ) - (ਲਗ-ਪਗ) ਸਾਰੇ ਇਹ ਸਾਰੇ ਗ੍ਰੰਥ, ਕਥਿਤ
ਆਸਮਾਨੀ ਸ਼ਕਤੀਆਂ ਦੇ ਵਿਚਕਾਰ ਜਾਂ, ਪ੍ਰਸਿਧਤਾ ਪ੍ਰਾਪਤ ਰਿਸ਼ੀਆਂ ਦੇ ਵਿਚਕਾਰ ਹੋਈ ਵਾਰਤਾਲਾਪ ਦਾ ਹੀ
ਰੂਪ ਕਿਸ ਕਾਰਨ ਹਨ? ਜਿਵੇ-ਰਾਮਾਇਣ ਸ਼ਿਵ ਜੀ ਅਤੇ ਪਾਰਬਤੀ ਦਾ ਸੰਬਾਦ-ਅਥਵਾ ਸ਼ਿਵ ਪੁਰਾਨ ਬ੍ਰਹਮਾ
ਅਤੇ ਨਾਰਦ ਦਾ ਬਚਨ ਬਲਾਸ, ਗਰੁੜ ਪੁਰਾਣ ਹੈ, ਵਿਸ਼ਨੂੰ ਅਤੇ ਗਰੁੜ ਦਾ ਸੰਬਾਦ। ਸਿਖ ਧਰਮ ਨਾਲ ਮੜ੍ਹੇ
ਜਾ ਰਹੇ ਸਾਰੇ ਪੁਰਾਤਨ ਗ੍ਰੰਥ, (ਭਾਵ, ਦਸਮਗ੍ਰੰਥ, ਸਰਬਲੋਹ, ਸ਼ਸਤਰ ਨਾਮਾ, ਚੰਡੀ ਚਰਿਤਰ,
ਚਰਿਤ੍ਰੋਪਾਖਯਾਨ, ਬੰਸਾਵਲੀ ਨਾਮਾ ਦਸਾਂ ਪਾਤਸ਼ਾਹੀਆਂ ਕਾ, ਭਗਤਮਾਲਾ, ਗਿਆਨ ਰਤਨਾਵਲੀ ਆਦਿਕ ਸਾਰੇ
ਦੇ ਸਾਰੇ) ਉਪਰੋਕਤ ਵਰਣਨ ਵਿਧੀ ਵਿਧਾਨ ਦੀ ਹੀ ਪੈਦਾਇਸ਼ ਹੋਣ ਦੇ ਕਾਰਨ ਬਿੱਪਰ ਵਿਦਵਾਨਾ ਦੇ ਲਿਖੇ
ਸਮਝਣ ਵਿੱਚ ਜ਼ਰਾ ਵੀ ਸੰਦੇਹ ਨਹੀਂ ਹੋਣਾ ਚਾਹੀਦਾ। ਵਿਚਾਰ ਅਧੀਨ ਪੁਸਤਕ (ਗੁਰਬਿਲਾਸ ਪਾਤਸ਼ਾਹੀ 6)
ਲਿਖਣ ਵਿੱਚ ਵੀ ਪੁਰਾਣਕ ਗ੍ਰੰਥਾਂ ਦੇ ਲਿਖਣ ਵਾਲੀ ਵਿਧੀ ਹੀ ਵਰਤੀ ਹੋਣ ਦੇ ਕਾਰਨ ਕਿਹਾ ਜਾ ਸਕਦਾ
ਹੈ ਕਿ, ਵਿਚਾਰ ਅਧੀਨ ਪੁਸਤਕ ਵੀ ਬ੍ਰਾਹਮਣੀ ਕੁਟਲ ਨੀਤੀ ਦੀ ਦੇਣ ਹੀ ਹੈ।
4- ਭੂਮਿਕਾ
ਸਨਮਾਨ ਯੋਗ ਸੰਪਾਦਕ ਵਿਦਵਾਨਾਂ ਜੀ ਵਲੋਂ 53 ਸਫ਼ੇ ਤੋਂ 111 ਸਫ਼ੇ ਤੱਕ ਲਿਖੀ ਇਸ ਭੂਮਿਕਾ ਨੂੰ
ਪੜ੍ਹਨ ਤੋਂ ਦਾਸ ਦੇ ਮਨ ਵਿੱਚ ਉਪਜੇ ਦੁਖਦਾਈ ਸ਼ੰਕਿਆਂ ਦਾ ਵੇਰਵਾ ਇਸ ਪ੍ਰਕਾਰ ਹੈ:-
ੳ- ਲਿਖਾਰੀ ਦਾ ਨਾਮ ਪਤਾ ਲੱਭਣ ਲਈ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਜੀ ਅਤੇ ਡਾ: ਅਮਰਜੀਤ
ਸਿੰਘ ਜੀ ਨੇ, ਮੁੜ ਮੁੜ ਕਈ ਵਿਧੀਆਂ ਵਰਤ ਕੇ ਬੜੇ ਅਨੁਮਾਨ ਲਾਏ, ਪਰ ਯਕੀਨ ਨਾਲ ਨਿਰਣਾ ਕੋਈ ਨਾ ਹੋ
ਸਕਿਆ। ਪੁਸਤਕ ਦੇ 59 ਸਫ਼ੇ ਦੇ ਉਪਰਲੇ ਪੈਰੇ ਦੇ ਅੰਤਲੇ ਹਿੱਸੇ ਵਿੱਚ ਸੰਪਾਦਕ ਮਹਾਂ ਪੁਰਖਾਂ ਦੀ
ਲਿਖਤ ਇਸ ਪ੍ਰਕਾਰ ਹੈ- “ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਗ੍ਰੰਥ ਦਾ ਰਚੇਤਾ ਕੋਈ ਗੁੰਮਨਾਮ
(Unknown)
ਵਿਅਕਤੀ ਹੈ।”। (ਭਾਵ, ਉਪਰੋਕਤ ਵਰਣਨ, ਵੇਦ ਪੁਰਾਣ ਦੇ ਲਿਖਣ-ਢੰਗ ਦੀ ਪਹਿਲੀ ਪਰਮੁਖ ਗੱਲ ਕਿ,
ਲਿਖਾਰੀ ਗੁੰਮ-ਨਾਮ?)
ਪਰ ਭੂਮਕਾ ਦੇ 59 ਸਫ਼ੇ ਦੇ ਹੇਠਲੇ ਪੈਰੇ ਵਿਚ, ਉਸੇ
Unknown ਲਿਖਾਰੀ ਬਾਰੇ ਸਾਡੇ ਸੰਪਾਦਕ ਮਹਾਂ
ਪੁਰਖਾਂ ਦੇ ਇਹ ਬਚਨ- “ਕਵੀ ਵਲੋਂ ਆਪਣੇ ਬਾਰੇ ਦਿੱਤੇ ਉਪਰੋਕਤ ਸੰਖੇਪ ੋਿਜਹੇ ਵੇਰਵੇ ਤੋਂ ਗਿਆਤ
ਹੁੰਦਾ ਹੈ ਕਿ ਉਹ ਬਹੁਤ ਹੀ ਨਿਮਰ ਸੁਭਾਵ ਵਾਲਾ ਕੋਈ “ਗੁਰਸਿੁੱਖ ਹੈ” ਜਿਸ ਕਰਕੇ ਉਹ ਮੁੜ-ਮੁੜ ਕੇ
ਆਪਣੇ ਆਪ ਨੂੰ ਅਤਿ ਨੀਵੇਂ ਵਿਸ਼ੇਸ਼ਣਾਂ ਦੁਆਰਾ ਸੰਬੋਧਨ ਕਰਦਾ ਹੈ। ਕਵੀ ਨੇ ਆਪਣੇ ਪਰਿਵਾਰਕ ਪਿਛੋਕੜ
ਤੇ ਨਿੱਜੀ ਜਾਣ-ਪਛਾਣ ਬਾਰੇ ਕੋਈ ਇਸ਼ਾਰਾ ਨਹੀਂ ਕੀਤਾ।’ ਲਿਖਾਰੀ ਵਲੋਂ ਆਪਣੇ ਬਾਰੇ ਕੋਈ ਅਤਾ-ਪਤਾ
ਨਾ ਲਿਖਿਆ ਹੋਣ ਤੋਂ, ਚਾਹੀਦਾ ਤਾਂ ਇਹ ਸੀ ਕਿ, ਸਾਡੇ ਵਿਦਵਾਨ ਧਰਮ-ਆਗੂ ਸਾਹਿਬਾਨ, ਲਿਖਾਰੀ ਦੀ
ਸੁਹਿਰਦਤਾ ਬਾਰੇ ਗੰਭੀਰ ਸ਼ੱਕਾ ਦਰਸਾਉਂਦੇ, ਉਲਟਾ ਉਨ੍ਹਾਂ ਵਲੋਂ ਲ਼ਿਖੇ ਉਪਰੋਕਤ ਬਚਨ ‘ਬਦਕਿਸਮਤੀ
ਵਾਲੇ’ ਹੋਣ ਦੇ ਕਾਰਨਾਂ ਦਾ ਵੇਰਵਾ-
(1) ਗੁਰਮਤਿ-ਮਰਯਾਦਾ, ਗੁਰੂ ਇਤਿਹਾਸ ਵਿੱਚ ਗੁਰੂ ਬਾਣੀ ਅਨੁਸਾਰ ਸ਼ੁੱਧਤਾ ਕਾਇਮ ਰੱਖਣ ਦੀ ਮੁਖ
ਜ਼ਿਮੇਵਾਰੀ ਦੀ ਪਦਵੀ ਤੇ ਬਿਰਾਜੇ ਵੇਦਾਂਤੀ ਜੀ ਇਹ ਕਿਵੇ ਭੁੱਲ ਗਏ ਕਿ ਮਹਾਂ ਹੁਸ਼ਿਆਰ ਲਿਖਾਰੀ, ਉਸ
ਬਹਾਂਬਲੀ ਖ਼ਾਲਸਾ ਜੀ ਦੇ ਸਤਿਗੁਰੂ ਜੀ ਦੇ ਜੀਵਨ ਇਤਹਿਾਸ ਨੂੰ ਆਪਣੀ ਕਲਪਣਾ ਦੀ ਉਪਜ ਝੂਠ-ਪ੍ਰਸੰਗਾ
ਦੁਆਰਾ ਦੂਸ਼ਤ ਕਰਨ ਲੱਗਾ ਸੀ, ਜਿਸ ਸੰਤ-ਸੂਰਮੇ ਸਿੰਘ ਜੀ ਨੇ ਉਨ੍ਹਾਂ ਨਿਰਦਈ ਲੁਟੇਰਿਆਂ ਨੂੰ, ਕਾਬਲ
ਕੰਧਾਰ, ਗ਼ਜ਼ਨੀ ਆਦਿ ਵਿਚਲੇ ਉਨ੍ਹਾਂ ਦੇ ਅਫ਼ਗ਼ਾਨਸਤਾਨੀ ਘਰਾਂ ਵਿੱਚ ਵਾੜ ਕੇ ਭਾਰਤੀਆਂ ਨੂੰ ਸਦਾ ਦੀ
ਉਸ ਨਿਰਦਈ ਲੁੱਟ ਤੋਂ ਬਚਾ ਲਿਆ ਸੀ ਜਿਸ ਵਿਚ, ਨਿਤ ਦੀ ਕਤਲ-ਗ਼ਾਰਤ ਵਿੱਚ ਸਦੀਆਂ ਤੋਂ ਨਿੱਤ ਨਵੇਂ
ਦਿਨ ਹਿੰਦੀਆਂ ਦੇ ਮਾਲ ਧੰਨ ਦੇ ਨਾਲ ਭਾਰਤੀਆਂ ਦੀਆਂ ਬੱਚੀਆਂ ਨੂੰ ਵੀ ਲੁੱਟ ਦੇ ਮਾਲ ਵਿੱਚ ਲੈ ਜਾ
ਕੇ ‘ਬਸਰੇ’ ਤੱਕ ਦੀਆਂ ਮੰਡੀਆਂ ਵਿੱਚ ਟਕੇ ਟਕੇ ਨੂੰ ਨੀਲਾਮ ਕਰਨਾ ਇਕ, ਸ਼ੁਗ਼ਲ ਸਮਝਿਆ ਹੋਇਆ ਸੀ।
ਐਵੇਂ ਤਾਂ ਨਹੀਂ ਸਨ ਪੰਜਾਬੀਆਂ ਦੀਆਂ ਬੋਲੀਆਂ ਵਿੱਚ ਇਹ ਬੋਲ ਆ ਰਲੇ- “ਸਾਡੀ ਰਨ ਬਸਰੇ ਨੂੰ ਜਾਂਦੀ
ਮੋੜੀਂ ਭਾਈ ਡਾਂਗ ਵਾਲਿਆ ਸਿਰਦਾਰਾ।” ਮੁੜ ਮੁੜ ਆਪਣੇ ਲਈ ਨਿਰਮਤਾ ਵਾਲੇ ਬਚਨ ਲਿਖਣ ਨੂੰ ਉਨ੍ਹਾਂ
ਦੀ ਨਿਮਰਤਾ ਦੇ ਸੂਚਕ ਲਿਖਣਾ ਉਸ ਲਿਖਾਰੀ ਦੀ ਕੁਟਲਤਾ ਦਾ ਸਾਥ ਨਿਭਾਉਣ-ਰੂਪ ਬਦਕਿਸਮਤੀ ਦੀ ਲਖਾਇਕ
ਹੈ।
(2) ਇਹ ਕਿਵੇ ਮੰਨ ਲਿਆ ਜਾਵੇ ਕਿ, ਆਪਣੇ ਆਪ ਨੂੰ ‘ਵੇਦਾਂਤੀ’ ਸਦਾਵਾੁਉਣ ਵਾਲੇ ਸਨਮਾਨ ਯੋਗ ਸਿੰਘ
ਸਾਹਿਬ ਗਿਆਨੀ ਜੋਗਿੰਦਰ ਸਿੰਘ ਜੀ ਇਹ ਨਾ ਜਾਣਦੇ ਹੋਣ ਕਿ ‘ਵੇਦਕ ਕਾਲ ਤੋਂ ਜਿੰਨੇ ਵੀ ਗ੍ਰੰਥ
ਪ੍ਰੋਹਿਤ ਜੀ ਨੇ ਲਿਖੇ ਹਨ (ਵੇਦਾਂ ਪੁਰਾਣਾ ਸਿਮ੍ਰਿਤੀਆਂ ਆਦਿ ਸਮੇਤ) ਕਿਸੇ ਗ੍ਰੰਥ ਵਿਚੋਂ ਵੀ
ਲਿਖਾਰੀ ਦੇ ਨਾਮ ਸਮੇਤ ਉਸ ਦੇ ਅਤੇ-ਪਤੇ ਦੀ ਕੋਈ ਟੋਹ ਨਾ ਮਿਲਦੀ ਹੋਣੀ, ਬਿੱਪ੍ਰ ਜੀ ਦਾ ਪੱਕਾ
ਲਿਖਣ ਢੰਗ ਹੈ? ਆਪਣੀ ਅਸਲੀਯਤ ਨੂੰ ਲੁਕਾਈ ਰੱਖਣ ਵਾਲੀ ਇਨ੍ਹਾਂ ਲਿਖਾਰੀਆਂ ਦੀ ‘ਖ਼ਤਰਨਾਕ ਚਤੁਰਾਈ’
ਨੂੰ, ਉਸ ਦੀ “ਨਿਮਰਤਾ” ਪਤਾ ਨਹੀਂ ਕਿਸ ਯੋਜਨਾ ਅਧੀਨ ਦਰਸਾਇਆ ਗਿਆ ਹੈ?
ਅ- ਉਸੇ (59 ਸਫ਼ੇ ਵਾਲੇ) ਪੈਰੇ ਵਿੱਚ ਅੱਗਲੀ ਪੰਜਵੀ ਸਤਰ ਤੋਂ ਸੰਪਾਦਕ ਸਾਹਿਬਾਨ ਜੀ ਦੇ ਇਹ ਬਚਨ-
“ਉਹ ਕਿਸੇ ਤਰ੍ਹਾਂ ਘੁੰਮਦੇ ਫਿਰਦੇ ਸਬੱਬ ਨਾਲ ਭਾਈ ਧਰਮ ਸਿੰਘ ਕੋਲ ਪਹੁੰਚ ਜਾਂਦਾ ਹੈ ਤੇ ਭਾਈ ਧਰਮ
ਸਿੰਘ ਦੀ ਪ੍ਰੇਰਨਾ ਸਦਕਾ ਉਹ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਪਾਨ ਕਰਦਾ ਹੈ ਭਾਈ ਧਰਮ ਸਿੰਘ ਵਲੋਂ
ਹੀ ਉਸ ਨੂੰ ਸਮੇਂ ਦੇ ਸਾਧਨਾਂ (ਅੱਗੇ ਸਫ਼ਾ 60) ਮੁਤਾਬਿਕ ਸਿਖਿਆ ਦਿੱਤੀ ਜਾਂਦੀ ਹੈ। ਭਾਈ ਧਰਮ
ਸਿੰਘ ਵਲੋਂ ਉਸ ਦੀ ਹਰ ਪ੍ਰਕਾਰ ਸਹਾਇਤਾ ਕੀਤੀ ਜਾਂਦੀ ਹੈ ਤੇ ਉਸ ਨੂੰ ਧਾਰਮਿਕ, ਵਿਦਿਅਕ ਤੇ
ਸਾਹਿਤਕ ਪੱਖੋਂ ਹਰ ਤਰ੍ਹਾਂ ਨਾਲ ਯੋਗ ਬਣਾ ਦਿੱਤਾ ਗਿਆ” (1) ਸੰਪਾਦਕ ਸਾਹਿਬਾਨ ਨੇ ਕਿਹੜੀ ਲਿਖਤ
ਦੇ ਅਧਾਰ ਤੇ ਲਿਖੇ ਹਨ? (2) ਇਹ ਧਰਮ ਸਿੰਘ ਕੌਣ ਸੀ ਤੇ ਉਹ ਕਿੱਥੋਂ ਲਿਖਾਰੀ ਨੂੰ ਜਾ ਮਿਲਿਆ? (3)
ਉਸ ਨੂੰ ਅੰਮ੍ਰਿਤ ਕਿਸ ਨੇ ਛਕਾਇਆ ਅਤੇ ਇਹ ਧਰਮ ਸਿੰਘ, ਜੋ ਵੀ ਲਿਖਾਰੀ ਵਾਂਗ ਇਤਿਹਾਸ ਦੇ ਪੱਤਰਿਆਂ
ਤੇ ਅੱਜ ਤੱਕ ਅਤੇ ਪਤੇ ਰਹਿਤ ਹੀ ਹੈ, ਉਸ ਲਿਖਾਰੀ ਦੇ ਸਿਖਿਆ ਦਾਤੇ ਕਿਵੇਂ ਅਤੇ ਕਦੋਂ ਤੋਂ ਬਣ
ਬੈਠਾ? (4) ਸਨਮਾਨ ਜੋਗ ਵੇਦਾਂਤੀ ਜੀ ਨੂੰ ਇਹ ਭਰੋਸਾ ਕਿਵੇ ਬਣ ਗਿਆ ਕਿ, ਅੰਮ੍ਰਿਤ ਪਾਨ ਕਰਦੇ ਸਾਰ
ਹੀ ਇਹ ਲਿਖਾਰੀ ਧਾਰਮਿਕ, ਵਿਦਿਅਕ, ਸਾਹਿਤਕ ਪੱਖੋਂ ਹਰ ਤਰ੍ਹਾਂ ਨਾਲ ਯੋਗ ਬਣ ਗਿਆ ਸੀ? (5) ਪੁਸਤਕ
ਵਿਚਲੀਆਂ ਜਿਨ੍ਹਾਂ ਲਿਖਤਾ ਦਾ ਵੇਰਵਾ ਭੂਮਿਕਾ ਵਿੱਚ ਲਿਖਿਆ ਹੋਇਆ ਹੈ ਉਨ੍ਹਾਂ ਵਿਚੋਂ ਵੀ ਲਿਖਾਰੀ
ਦੇ ਅੰਮ੍ਰਿਤਧਾਰੀ ਹੋਣ ਦਾ ਜ਼ਰਾ ਵੀ ਸੰਕੇਤ ਨਹੀਂ ਮਿਲਦਾ। ਵਿਵਾਦਗ੍ਰਸਤ ਗੁੰਮਨਾਮ ਲਿਖਾਰੀ ਦੀਆਂ
ਆਪਣੀ ਹੀ ਲਿਖੀਆਂ ਚੌਪਈਆਂ ਤੋਂ ਵੱਧ, ਕਿਸੇ ਹੋਰ ਥਾਉਂ ਵੀ ਪੁਸ਼ਟੀ ਕਰ ਲੈਣ ਦਾ ਕੋਈ ਹਵਾਲਾ ਨਹੀਂ।
ਹੈਰਾਨੀ ਹੈ ਕੇਵਲ ਨਿੱਜੀ ਅਨੁਮਾਨਾਂ ਤੋਂ ਲਿਖਾਰੀ ਨੂੰ ਅੰਮ੍ਰਿਤਧਾਰੀ ਅਤੇ ਵਿਦਿਆ ਵਿੱਚ ਹਰ ਪੱਖੋ
ਨਿਪੁੰਨ ਬਣਿਆ ਦਰਸਾੳਣੁ ਵਿਚ, ਵੇਦਾਂਤੀ ਜੀ ਨੂੰ ਕਿਸ ਪ੍ਰਕਾਰ ਦਾ ਲਾਭ, ਕਿਸ ਏਜੰਸੀ ਰਾਹੀਂ ਪੁੱਜ
ਰਿਹਾ ਸੀ?
ਭੂਮਕਾ ਦੇ ਉਸੇ 60 ਸਫ਼ੇ ਤੇ ਹੀ- “ਧਰਮ ਸਿੰਘ ਕਿਹੜਾ ਹੈ” ਸਿਰਲੇਖ ਹੇਠਾਂ ਵੀ, ਲਿਖਾਰੀ ਦੀਆਂ
ਆਪਣੀਆਂ ਹੀ ਅਰਥ-ਹੀਨ ਲ਼ਿਖਤਾਂ ਦੇ ਮਾਮੂਲੀ ਹਵਾਲੇ ਨਾਲ, ਨਿੱਜੀ ਅਟਕਲ-ਪੱਚੂਆਂ ਦੇ ਅਧਾਰ ਤੇ ਪਾਠਕ
ਦੀ ਤਸੱਲੀ ਕਰਾਈ ਹੋਈ ਹੈ ਕਿ, ਭਾਈ ਧਰਮ ਸਿੰਘ ਦਸ਼ਮੇਸ਼ ਜੀ ਦੇ ਨਿੱਜੀ ਦਰਬਾਰੀਆਂ ਵਿਚੋਂ ਅਤੇ ਭਾਈ
ਮਨੀ ਸਿੰਘ ਦੇ ਪੱਕੇ ਜਾਣੂ-ਪਛਾਣੂ ਸਨ। ਫਿਰ ਇਹ ਨਿਰਾਧਾਰਤ ਝੂਠ, ਕਿ, ‘ਭਾਈ ਮਨੀਂ ਸਿੰਘ ਜੀ,
ਨਨਕਾਣਾ ਸਾਹਿਬ ਦੇ ਦਰਸ਼ਨਾਂ ਨੂੰ ਆਏ ਤੇ ਉਨ੍ਹਾਂ ਨੇ ਇਸ ਪੁਸਤਕ ਵਿਚਲੀ ਸਾਰੀ ਵਾਰਤਾ ਆਪ ਬੈਠ ਕੇ
ਲਿਖਾਰੀ ਨੂੰ ਕਹਿ ਸੁਣਾਈ ਸੀ। ਭਾਵ, ਜੋ ਵੀ ਝੂਠ ਸੱਚ ਲਿਖਿਆ ਹੈ ਉਸ ਦੇ ਜ਼ਿੰਮੇਵਾ ਬਾਈ ਮਨੀ ਸਿੰਘ
ਜੀ ਹਨ, ਲਿਖਾਰੀ ਦਾ ਤਾਂ ਸਗੋਂ ਵਡਾ ਉਪਕਾਰ ਹੈ ਜਿਸ ਨੇ ਬਾਈ ਮਨੀ ਸਿੰਘ ਦੇ ਕਹੇ ਬਚਨਾਂ ਨੂੰ ਬੜੀ
ਕਰਾਮਾਤੀ ਫੁਰਤੀ ਨਾਲ ਨਾਲੋ ਨਾਲ ਲਿਖ ਲਿਆ ਜੋ ਮਗਰੋਂ ‘ਗੁਰਬਿਲਾਸ ਪਾਤਸ਼ਾਹੀ 6” ਦੇ ਰੂਪ ਵਿੱਚ
ਗੁਰੂ ਇਤਿਹਾਸ ਬਣੀ। ਇਹ ਸਭ ਕੁੱਝ ਨਿਰਅਧਾਰ ਹੀ ਪੰਥ ਲਈ ਸੁਗ਼ਾਤ ਬਣਾ ਦੇਣੀ ਸਿੰਘ ਸਾਹਿਬਾਨ ਦੀ
ਕਰਾਮਾਤ? ਕੀ, ਇਹ ਮੰਨ ਲੈਣਾ ਗੁਰੂ ਇਤਿਹਾਸ ਨਾਲ ਧ੍ਰੋਹ ਤੇ ਨਾ ਹੋਵੇਗਾ ਕਿ, ਗੁਰਬਿਲਾਸ ਵਿਚਲਾ
ਗੁਰਮਤਿ ਵਿਰੋਧੀ ਸਾਰਾ ਝੂਠ, ਕੋਮੀ ਸ਼ਹੀਦ, ਭਾਈ ਮਨੀਂ ਸਿੰਘ ਨੇ ਆਪ ਹੀ ਬੋਲ ਕੇ ਲਿਖਾਇਆ ਸੀ? ਇਹ
ਅਟੱਲ ਸਚਾਈ ਹੈ ਕਿ, ਝੂਠ ਦੀ ਵਡਿਆਈ ਗੰਭੀਰ ਕੁਫ਼ਰ ਨਾਲ ਹੀ ਕੀਤੀ ਜਾ ਸਕਦੀ ਹੈ? ਹਿਰਦਾ ਇਹ ਮੰਨਣ
ਲਈ ਤਿਆਰ ਨਹੀਂ ਹੋ ਰਿਹਾ ਕਿ, ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਵੇਦਾਂਤੀ ਜੀ ਏਡਾ ਘਿਣਾਵਣਾ ਅਤੇ
ਪੰਥ-ਘਾਤਕ ਝੂਠ ਆਪ ਹੀ ਲਿਖਦੇ ਰਹੇ ਹੋਣਗੇ? ਹਦ ਹੋ ਗਈ, ਵਾੜ ਹੀ ਖੇਤ ਦੇ ਉਜਾੜੇ ਦਾ ਸਬੱਬ ਬਣ ਗਈ?
ਸ- ਪੰਥਕ ਬਦਕਿਸਮਤੀ ਦੀ ਸਿੱਖ਼ਰ:- ਕੀ ਅੱਜ ਸਾਡੀਆਂ ਅੱਖਾਂ ਤੇ ਮੂਰਖ-ਸ਼ਰਧਾ ਦੀ ਅਜੇਹੀ ਮੋਟੀ ਪੱਟੀ
ਬੱਝ ਚੁੱਕੀ ਹੈ ਕਿ, ਅਸੀਂ ਆਪਣੇ ਸਤਿਗੁਰੂ ਜੀ ਵਲੋਂਪਾਏ ਪੂਰਨਿਆਂ ਦੀ ਮਹੱਤਤਾ ਵੀ ਭੁੱਲ ਗਏ? ਅਸੀ
ਉਸੇ ਅਨੂਪਮ ਸਤਿਗੁਰੂ ਜੀ ਦੇ ਸਿੱਖ ਹਾਂ ਜਿਸ ਪਰਮਸੁਧਾਰਕ ਜੀ ਨੇ ਬਚਪਨ ਵਿੱਚ ਹੀ ਜਨੇਊ ਪਾਉਣ ਤੇ
ਅਕੱਟ ਕਿੰਤੂ ਖੜਾ ਕਰਕੇ ਹਜ਼ਾਰਾਂ ਸਾਲਾਂ ਤੋਂ ਬਣੇ ਧਾਰਮਿਕ ਵਿਸ਼ਵਾਸ਼ ਤੇ ਕਰਾਰੀ ਚੋਟ ਮਾਰਨੋ ਜ਼ਰਾ ਵੀ
ਝਿਜਕ ਨਹੀਂ ਸੀ ਮੰਨੀ। ਸਾਡੇ ਲਈ ਅੰਮ੍ਰਿਤ ਬਣਿਆ ਆ ਰਿਹਾ ਉਹੀ ਜਨੇਊ ਮਹੁਰਾ ਹੋ ਦਿੱਸਿਅ। ਪਰ ਏਥੇ
ਆਪਣੇ ਗ੍ਰੰਥੀ ਜੀ ਤੇ ਜ਼ਰਾ ਸ਼ੱਕ ਨਾ ਕੀਤਾ ਤੇ ਅਸੀਂ ਮਹੁਰੇ ਅਤੇ ਅੰਮ੍ਰਿਤ ਦੀ ਪਛਾਣ ਕਰਨੀ ਭੁੱਲ
ਗਏ। ਸੰਪਾਦਕ ਵੇਦਾਂਤੀ ਜੀ ਲਿਖਾਰੀ ਨੂੰ ਧਙਾਣੇ ਹੀ ਅੰੰਿਮ੍ਰਤਧਾਰੀ ਮਹਾਂਵਿਦਵਾਨ ਅਤੇ ਭਾਈ ਮਨੀ
ਸਿੰਘ ਜੀ ਦਾ ਸਮਕਾਲੀ ਕਿਸ ਯੋਜਨਾ ਅਧੀਨ ਦਰਸਾਇਅ ਜਾ ਰਿਹਾ ਹੈ
ਹ- ਪੁਸਤਕ ਵਿੱਚ ਵਕਤਾ ਤੇ ਸਰੋਤਾ ਬਣਾ ਲੈਣਾ ਤਾਂ ਪੁਰਾਣਾ ਵਾਂਗ ਹੈ ਪਰ, ਪੁਸਤਕ ਦੇ ਲਿਖਾਰੀ ਨੇ
ਏਥੇ ਉਚੇਚੀ ਹੁਸ਼ਿਆਰੀ ਇਹ ਵਰਤੀ ਹੈ ਕਿ, ਆਪਣੇ ਬਾਰੇ ਸਿੱਖਾਂ ਦੇ ਮਨ ਇਹ ਭਰਮ ਬਣਾਈ ਰੱਖਣ ਲਈ ਕਿ
ਉਹ ਵਿਚਾਰਾ ਤਾਂ ਕੇਵਲ ਅਣਜਾਣ ਜਿਹਾ ਇੱਕ ਸਿਖਸ਼ਕ ਸ਼ਰਧਾਲੁ ਹੀ ਹੈ, ਆਪਣਾ ਵਿਦਿਆ ਦਾਤਾ ਇੱਕ ਤੀਜਾ
ਪਾਤਰ ‘ਧਰਮ ਸਿੰਘ” ਘੜ ਲਿਆ। ਪੁਸਤਕ ਦੀ ਸੰਪਾਦਨਾ ਕਰਨ ਵਾਲੇ ਮਹਾਂਪੁਰਖ, ਸਾਡੇ ਧਰਮ ਆਗੂਆਂ ਨੇ,
ਪੁਸਤਕ ਦੀ ਭੂਮਿਕਾ ਵਿੱਚ ਉਸ ਫ਼ਰਜ਼ੀ ਵਿਅਕਤੀ ਨੂੰ ਦਸ਼ਮੇਸ਼ ਜੀ ਦਾ ਦਰਬਾਰੀ ਹੋਣ ਦਾ ਭਰਮ ਪੱਕਾ ਕਰ
ਦਿੱਤਾ। ਫਿਰ, ਜਿਵੇਂ ਗਰੁੜ ਪੁਰਾਣ ਵਿੱਚ ਉਤਰ ਦੇਣ ਵਾਲੇ ਵਕਤਾ ‘ਵਿਸ਼ਨੂੰ ਜੀ’ ਹਨ ਅਤੇ ਪ੍ਰਸ਼ਨ
ਕਰਤਾ ਪੰਖੀ-ਰਾਜ ‘ਗਰੁੜ ਜੀ” ਹਨ, ਏਧਰ ਵਿਸ਼ਨੂੰ ਜੀ ਦੇ ਥਾਂ ਲਿਖਾਰੀ ਨੇ ਗੁਰਮਤਿ ਵਿਰੋਧੀ ਸਾਰਾ
ਝੂਠ, ਸ਼ਹੀਦ ਭਾਈ ਮਨੀ ਸਿੰਘ ਜੀ ਦੀ ਜ਼ਬਾਨੀ ਬੋਲਿਆ ਦਰਸਾ ਦੇਣਾ ਠੀਕ ਮੰਨ ਲਿਆ ਅਤੇ ਗਰੁੜ ਭਗਵਾਨ ਦੀ
ਥਾਂ ਪ੍ਰਸ਼ਨ-ਕਰਤਾ (ਪੰਖੀ ਨਹੀਂ ਸਗੋਂਫ਼ਰਜ਼ੀ) ਭਗਤ ਸਿੰਘ ਘੜ ਲਿਆ। ਸਾਡੇ ਵੇਦਾਂਤੀ ਜੀ ਨੇ ਭੂਮਕਾ ਦੇ
62 ਸਫ਼ੇ ਤੋਂ ਭਗਤ ਸਿੰਘ ਦੇ ਪਿਛੋਕੜ ਬਾਰੇ ਵਿਚਾਰਾਂ ਲਿਖਣੀਆਂ ਅਰੰਭ ਕਰ ਦਿੱਤੀਆਂ। ਨਿਜੀ
(ਮਨ-ਘੜਤ) ਦਲੀਲਾਂ ਨਾਲ ਲਿਖਾਰੀ ਦੀਆਂ ਭੁੱਲਾਂ ਦੀ ਸੁਧਾਈ ਕਰਦੇ ਆ ਕੇ (ਭੂਮਕਾ ਦੇ ਹੀੇ) 64 ਸ਼ਫ਼ੇ
ਤੇ ਉਸ ਦੇ ਜੱਦੀ ਪਿਂਡ ਦੀ ਪੱਕੀ ਪੁਸ਼ਟੀ ਇਨ੍ਹਾਂ ਬੇਦਲੀਲੇ ਸ਼ਬਦਾਂ ਵਿੱਚ ਲਿਖ ਦਿੱਤੀ- “ਇਸ ਕਰਕੇ
ਇਹ ਮੰਨਣ ਵਿੱਚ ਦਿੱਕਤ ਨਹੀਂ ਕਿ ਭਗਤ ਸਿੰਘ ਮਘਿਆਣੇ ਕਲਾਂ ਦਾ ਨਿਵਾਸੀ ਸੀ”। ਵਿਰਲੇ ਵਾਂਜੇ
ਗੁਰਮੁਖਾਂ ਨੂੰ ਛੱਡ ਕੇ) ਕਿਹੜਾ ਹੈ ਜੋ ਆਪਣੇ ਸਨਮਾਨ ਜੋਗ ਜਥੇਦਾਰ ਸਾਹਿਬ ਦੀ ਇਸ ਝੂਠ-ਲ਼ਿਖਤ
ਪ੍ਰਤੀ ਅਪਣਾ ਵਿਸ਼ਵਸ਼ ਬਣਾ ਕੇ ਗ੍ਰੰਥ ਦੀ ਹਰ ਗੱਲ ਨੂੰ ਗੁਰਮਤਿ ਦਾ ਅੰਗ ਨਾ ਮੰਨੇਗਾ? (ਪਹਿਲਾ 1718
ਤੋਂ ਅਤੇ ਹੁਣ ਪੰਥਕ ਮੋਹਰ ਹੇਠ ਛਪੀ 1998 ਤੋਂ 2001 ਤਕ ਦੀ ਪੰਥਕ ਚੁੱਪ, ਘਟ ਖ਼ਤਰੇ ਦੀ ਸੂਚਕ ਨਹੀ
ਹੈ)
ਗੁਰਮਤਿ-ਬਬੇਕਤਾ ਇਸ ਗੱਲ ਨੂੰ ਕਿਸੇ ਵੀ ਦਲੀਲ ਨਾਲ ਪ੍ਰਵਾਨ ਨਹੀਂ ਕਰਦੀ ਕਿ, ਭਾਈ ਮਨੀ ਸਿੰਘ ਜੀ
ਅਤੇ ਭਗਤ ਸਿੰਘ ਵਿੱਚ ਹੋਇਆ ਪੁਸਤਕ-ਰੂਪ ਕਥਿਤ ਵਾਰਤਾਲਾਪ ਕਦੇ ਹੋਇਆ ਹੋਵੇਗਾ। ਨਿਰਸੰਦੇਹ ਪਾਤਰ ਵੀ
ਉਹ ਆਪ ਤੇ ਲਿਖਾਰੀ ਵੀ ਉਹ ਆਪ ਹੀ ਹੈ ਜਿਸ ਨੇ ਬਚਿਤ੍ਰ ਨਾਟਕ ਅਤੇ ਚਿਰਤਰੋ ਪਾਖਯਾਨ ਅਦਿ ਗ੍ਰੰਥ
ਲਿਖੇ ਹਨ? {ਨੋਟ:-ਲਿਖਾਰੀ ਦੇ ਮ੍ਹੂੰਹ ਚੜੀਆਂ ਉਹੀ ਗਾਲਾਂ ਮੁੜ ਮੁੜ ਇਨ੍ਹਾਂ ਤਿੰਨਾਂ ਹੀ ਗ੍ਰੰਥਾਂ
ਵਿੱਚ ਆਉਣੀਆਂ, ਦਾਸ ਦੇ ਇਸ ਵਿਸ਼ਵਸ਼ ਦੀ ਪੁਸ਼ਟੀ ਕਰਦੀਆਂ ਹਨ} ਅਗਲੇ ਸਫ਼ਿਆਂ ਤੇ ਗੁਰੂ ਬਾਣੀ ਦੇ ਪਾਵਨ
ਸ਼ਬਦਾਂ ਦੇ ਹਵਾਲਿਆਂ ਦੁਆਰਾ ਦਾਸ ਦਾ ਉਪਰੋਕਤ ਵਿਸ਼ਵਾਸ਼ ਅੱਖਰ ਅੱਖਰ ਸੱਚੁ ਸਿੱਧ ਹੁੰਦਾ ਸੁਜਾਨ ਪਾਠਕ
ਸੱਜਣ ਆਪੇ ਹੀ ਵੇਖ ਲੈਣਗੇ।
ਕ- ਇਉਂ ਸਿੱਧ ਹੁੰਦਾ ਹੈ ਜਿਵੇਂ- ਸਨਮਾਨ ਜੋਗ ਸੰਪਾਦਕ ਸਾਹਿਬਾਨ ਜੀ ਦੇ ਮਨ ਵਿੱਚ ਪਾਠਕਾਂ ਵਲੋਂ
ਹਮਲੇ ਦਾ ਭੈ ਨਿਰੰਤਰ ਬਣਿਆ ਹੋਇਆ ਸੀ। ਇਉਂ ਲੱਗਦਾ ਹੈ ਜਿਵੇਂ, ਉਸ ਭਾਵੀ
(Expected)
ਹਮਲੇ ਦੇ ਵਿਰੁੱਧ ਢਾਲ ਦਾ ਕੰਮ ਲੈਣ ਦਾ ਪ੍ਰਬੰਧ ਕਰ ਲੈਣ
ਦੀ ਚਿੰਤਾ, ਂਸਿਰ ਚੜ੍ਹ ਬੋਲੀ ਹੋਵੇ? । ਭੂਮਿਕਾ ਦੇ (ਸਫ਼ਾ 102) ਤੇ ਲਿਖੇ ਇਹ ਬਚਨ-- “ਗੁਰਬਾਣੀ
ਨੂੰ ਕਸਵੱਟੀ ਵਜੋਂ ਮੰਨ ਕੇ ਸੱਚ ਤੇ ਕੱਚ ਦੀ ਪਛਾਣ ਕਰ ਲੈਣੀ ਚਾਹੀਦੀ ਹੈ ਕਿਉਂਕਿ ਸਾਡੇ ਕੋਲ
ਸਿਰਮੌਰ ਕਸਵੱਟੀ ਗੁਰਬਾਣੀ ਦੇ ਰੂਪ ਵਿੱਚ ਪ੍ਰਾਪਤ ਹੈ”। ਹਰਿਮੰਦ ਸਾਹਿਬ ਦੇ ਸੀਨੀਅਰ ਗੰਥੀ ਸਿੰਘ
ਸਨਮਾਨ ਜੋਗ ਵੇਦਾਂਤੀ ਜੀ ਦੇ ਇਨ੍ਹਾਂ ਬਚਨਾ ਤੋਂ ਮਨ ਵਿੱਚ ਉੱਭਰ ਰਿਹਾ ਗੰਭੀਰ ਸ਼ੰਕਾ:- “ਪਰ
ਕੱਚ-ਪੱਕ ਦੀ ਪਛਾਣ, ਕਰਨੀ ਕਿਸ ਨੇ ਹੈ? ਭਲਾ ਜੇ, ਦੇਸ਼ ਦੇ ਸਰਬਉੱਚ ਨਿਆਇ ਅਧੀਸ਼
(Chief Justice)
ਨੂੰ, ਦੇਸ਼ ਦੀ ਸਮਾਜਕ ਅਤੇ ਕਾਨੂਨੀ ਹਾਲਤ ਬਾਰੇ, ਕਿਸੇ ਗੁੰਮਨਾਮ ਲਿਖਾਰੀ ਦਾ ਲਿਖਿਆ, ਸਦੀਆਂ
ਪੁਰਾਣਾ ਖਰੜਾ ਲੱਭ ਜਾਏ। ਵੇਦਾਂਤੀ ਜੀ ਅਤੇ ਡਾ: ਅਮਰਜੀਤ ਸਿੰਘ ਵਾਂਗ ਹੀ ਉਹ ਵੀ ਬੜੀ ਘਾਲਣਾ ਨਾਲ
ਉਸ ਦੀ ਸੰਪਾਦਾਨ ਕਰਕੇ ਭੂਮਕਾ ਵਿੱਚ ਇਹ ਨੋਟ ਲਿਖ ਕੇ-- “ਇਸ ਅਨਮੋਲ ਸੁਗ਼ਾਤ ਦੀ ਪਰਖ ਦੇਸ਼ ਦੀ
ਕਾਨੂੰਨੀ ਡੰਡਾਵਲੀ (Penal Code)
ਅਨੁਸਾਰ ਕਰ ਲੈਣੀ ਚਾਹੀਦੀ ਹੈ” -ਸਰਕਾਰੀ ਖ਼ਜ਼ਾਨੇ ਵਿਚੋਂ ਖੁਲ੍ਹਾ ਖ਼ਰਚ ਕਰਕੇ ਛਪਵਾ ਕੇ ਬੜੀ ਧੂਮਧਾਮ
ਨਾਲ ਆਪਣੀ ਉਸ ਅਨਮੋਲ ਸੰਪਾਦਨਾ ਨੂੰ Release
ਕਰ ਦਿੰਦਾ ਹੈ। ਤਾਂ ਇਸ ਵਿੱਚ ਜ਼ਰਾ ਵੀ ਅਤਕਥਨੀ ਨਹੀਂ ਹੈ ਕਿ, ਅਮਰੀਕਨਾ ਵਰਗੇ ਜੀਊਂਦੇ ਦੇਸ਼
ਵਾਸੀਆਂ ਦੇ ਲਗ ਪਗ ਸਾਰਿਆਂ ਘਰਾਂ ਵਿਚੋਂ, ਉਸ ਜੱਜ ਸਾਹਿਬ ਵੱਲ ਫੂਨ-ਕਾਲਾਂ, ਤਾਰਾਂ, ਚਿਠੀਆਂ ਆਦਿ
ਦਾ ਹੜ ਤੁਰ ਪਏ, ਕਿ, ਜੇ ਇਸ ਕੂੜ-ਕਬਾੜ ਦੀ ਕਾਨੂੰਨੀ ਪਰਖ ਵੀ ਅਸਾਂ ਹੀ ਕਰਨੀ ਹੈ ਤਾਂ ਤੂੰ ਉਸ
ਸਨਮਾਨ ਦੀ ਸੱਭ ਤੋਂ ਉੱਚੀਂ ਪਦਵੀ ਨੂੰ ਕਿਸ ਦਲੀਲ ਨਾਲ ਸਾਂਭੀ ਬੈਠਾ ਹੈਂ?” ਏਧਰ ਇਸ ਦੂਲੇ ਪੰਥ ਦੀ
ਬਦਕਿਸਮਤੀ ਵਲ ਝਾਤੀ ਮਾਰੋ, ਧਰਮ ਦੀ ਸਰਬ-ਉੱਚ ਪਦਵੀ ਤੇ 13/14 ਕ੍ਰੋੜ ਸਾਲਾਨਾ ਦੀ ਆਮਦਨ ਵਾਲੀ
ਪੰਥਕ ਜਾਇਦਾਦ ਖ਼ਰਚ ਕਰ ਸਕਣ ਦੇ ਅਧਿਕਾਰੀ ਬਣੀ ਬੈਠਿਆਂ ਜਿਨ੍ਹਾਂ ਸਨਾਮਨ ਜੋਗ ਧਰਮ-ਆਗੂ ਸਾਹਿਬਾਨ
ਨੇ ਗੁਰੂਪੰਥ ਨੂੰ, ਅੱਜ ਤਾਂਈ “ਮੂਲ ਮੰਤ੍ਰ” ਦੇ ਅਰਥ ਵੀ ਠੀਕ (ਮੂਲ ਮੰਤ੍ਰੁ ਹਰਿ ਨਾਮੁ ਰਸਾਇਣੁ
ਕਹੁ ਨਾਨਕ ਪੂਰਾ ਪਾਇਆ॥” ) ਤਰ੍ਹਾਂ ਨਹੀਂ ਸਮਝਾਏ, ਉਹ ਗੁਰਬਿਲਾਸ ਦੀ ਪਰਖ ਗੁਰਬਾਣੀ ਦੀ ਕਸਵੱਟੀ
ਤੇ ਕਰ ਲੈਣ ਜਿਹੀ ਹਦਾਇਤ ਲਿਖਣ ਰੂਪ ਕੋਝਾ ਛਲਾਵਾ? ਲਗ-ਪਗ ਤਿੰਨ ਸਾਲ ਹੋ ਗਏ ਹਨ ਗੁਰ ਬਿਲਾਸ ਨੂੰ
ਪੰਥ ਵਿੱਚ ਚੱਕਰ ਲਾਉਂਦੇ ਨੂੰ। ਕੀ ਕਿਸੇ ਇੱਕ ਦੇ ਕੰਨ ਤੇ ਵੀ ਜੂੰ ਸਰਕੀ ਹੈ? ਹੇ ਜਗਤ-ਗੁਰ-ਬਾਮਨ
ਜੀਓ! ਨਮਸਕਾਰਾਂ ਹਨ ਤੁਹਾਡੀ ਚਤੁਰਤਾ ਨੂੰ: ਕਿਸ ਸਥਿਤੀ ਵਿੱਚ ਲੈ ਆਏ ਹੋ, ਸਤਿਗੁਰੂ ਨਾਨਕ ਸਾਹਿਬ
ਜੀ ਦੇ ਅਨਮੋਲ ਅਤੇ ਅਨੂਪਮ-ਗਿਆਨ ਨੂੰ?
ਖ- ਕੌਮੀ ਬਦਕਿਸਮਤੀ ਦਾ ਇਹ ਹਾਲ ਹੈ ਕਿ, ਜੂਨ 1998 ਵਿੱਚ ਛਪੀ ਇਸ ਪੁਸਤਕ ਦੀਆਂ ਸੈਕੜੇ ਕਾਪੀਆਂ
ਪੰਥ ਵਿੱਚ ਵੰਡੀਆਂ ਜਾ ਚੁੱਕੀਆਂ ਸਨ ਪਰ ਅੱਜ ਦੇ ਅਗਾਂਹ ਵਧੂ ਸਮੇ ਵਿੱਚ ਵੀ, ਜੂਨ 2000 ਤੱਕ ਭਾਵ.
ਤਿੰਨ ਸਾਲਾਂ ਵਿੱਚ ਕਿਸੇ ਇੱਕ ਵੀ ਗੁਰਸਿੱਖ ਨੇ ਪੰਥ ਦੀ ਜਥੇਦਾਰੀ ਦੇ ਇਸ ਅਨਰਥ ਵਿਰੁੱਧ ਹਉਕਾ ਤੱਕ
ਨਾ ਭਰਿਆ। ਦਾਸ ਨੂੰ ਜਾਨੋ ਮਾਰ ਦੇਣ ਦੀਆਂ ਧਮਕੀਆਂ ਵੀ ਮਿਲੀਆਂ, ਪਰ ਛੇਤੀ ਜਾਂ ਦੇਰ ਨਾਲ ਮਰਨਾ
ਸਚੁ ਜਾਣ ਕੇ, ਦਾਸ ਅਡੋਲ ਰਿਹਾ। ਬਨਾ ਕਿਸੇ ਸ਼ੱਕ ਦੇ, ਸਮੇ ਦੇ ਗੇੜ ਨਾਲ ਇਸ ਪੁਸਤਕ ਨੇ ਦਸਮ ਗ੍ਰੰਥ
ਵਾਂਗ ਹੀ, ਵਡੀ ਮਹੱਤਤਾ ਵਾਲੀ ਧਾਰਮਿਕ ਪੁਸਤਕ ਬਣ ਜਾਣਾ ਹੈ। ਸਤਿਗੁਰੂ ਨਾਨਕ ਸਾਹਿਬ ਜੀ ਦੀ ਬਖ਼ਸ਼ਸ਼
ਦਾ ਸਦਕਾ, ਸਿੱਖੀ ਦੀ ਨੁਹਾਰ ਬਚਾਈ ਰੱਖਣ ਦੇ ਯਤਨਾ ਵਿਚ, ਕਮਜ਼ੋਰ ਸਿਹਤ, ਲਗ-ਪਗ ਅੱਸੀ ਸਾਲਾਂ ਨੂੰ
ਪੁੱਜੇ ਇਸ ਨਿਮਾਣੇ ਦਾਸਰੇ ਦਾ ਤਰਲਾ ਹੈ ਕਿ, ਜੇ ਕਿਤੇ ਆਮ ਸੰਗਤਾਂ ਆਪਣੇ ਅਸਲੇ ਵਲ ਨੂੰ ਮੋੜਾ ਖਾ
ਕੇ ਗੁਰਮਤਿ ਗਿਆਨ ਨਾਲ ਜੁੜ ਜਾਣ, ਤਾਂ ਸ਼ਾਇਦ ਆ ਰਹੀ ਭਿਆਨਕ ਹਨੇਰੀ ਤੋਂ ਸਤਿਗੁਰੂ ਜੀ ਰਖਿਆ ਕਰ ਹੀ
ਲੈਣ। ਨਹੀਂ ਤਾਂ ਉਹ ਦਿਨ ਕੋਈ ਬਹੁਤਾ ਦੂਰ ਨਹੀਂ ਜਦੋਂ ਸਿੱਖੀ ਸਰੂਪ ਨੇ ਅਜਾਇਬ ਘਰਾਂ ਵਿੱਚ ਸ਼ਾਇਦ
ਇਹ ਸੁਨੇਹਾ ਦਿਆ ਕਰੇ ਕਿ, ਕਦੇ ਅਸੀਂ ਵੀ ਦੇਸ਼ ਦਾ ਮਾਣ ਸਤਿਕਾਰ ਬਚਾਉਣ ਵਾਲੇ ਸਿੰਘ ਸੂਰਮੇ ਅਥਵਾ
ਵਿਸ਼ਾਲ ਰਾਜ ਦੇ ਮਹਾਰਾਜੇ ਸਾਂ।
ਪੁਸਤਕ ਵਿਚਲੀ ਗੁਰਮਤਿ ਵਿਰੋਧੀ ਸਮੱਗਰੀ ਦੀ ਪਰਖ ਗੁਰੂਬਾਣੀ ਦੀ ਕਸਵੱਟੀ ਤੇ ਇਕਸਾਰ ਲਿਖਣੀ ਅਰੰਭ
ਕਰਨ ਦਾ ਕਠਣ ਕਾਰਜ ਸ਼ੁਰੂ ਕਰਨ ਤੋਂ ਪਹਿਲਾਂ ਇਹ ਜਾਣ ਪਛਾਣ ਲਿਖ ਕੇ ਗੁਰਮੁਖ ਪਾਠਕਾਂ ਨੂੰ ਸੁਚੇਤ
ਕਰਨ ਦਾ ਨਿਤਾਣਾ ਜਿਹਾ ਯਤਨ ਹੈ। ਗੁਰਮਤਿ ਅਨੁਸਾਰ ਜੀਵਨ ਬਤੀਤ ਕਰ ਰਹੇ ਗੁਰ੍ਰਮੁਖਾਂ ਦੀ ਚਰਨ ਧੂੜ-
ਦਾਸਰਾ
ਗੁਰਬਖ਼ਸ਼ ਸਿੰਘ ਕਾਲਾ ਅਫ਼ਗਾਨਾ