.

……ਕੁਦਰਤਿ ਕੇ ਸਭ ਬੰਦੇ॥

“ਕੀਤਾ ਪਸਾਉ ਏਕੋ ਕੁਆਉ॥” ਦੇ ਸਮੇਂ ਤੋਂ ਹੀ ਇਹ ਧਰਤੀ ਮਹਾਂਦੀਪਾਂ, ਸਾਗਰਾਂ, ਖਾੜੀਆਂ-ਖੰਦਕਾਂ, ਪਰਬਤਾਂ, ਘਾਟੀਆਂ ਅਤੇ ਦਰਿਆਵਾਂ ਆਦਿਕ ਕਾਰਣ ਕਈ ਖਿੱਤਿਆਂ ਵਿੱਚ ਵੰਡੀ ਗਈ। ਭੂਗੋਲਿਕ ਸਥਿਤੀਆਂ, ਭਾਂਤ ਭਾਂਤ ਦੇ ਪੌਣ-ਪਾਣੀ, ਰੁੱਤਾਂ ਤੇ ਕਈ ਹੋਰ ਕੁਦਰਤੀ ਕਾਰਣਾਂ ਅਤੇ ਪ੍ਰਭਾਵਾਂ ਸਦਕਾ ਰੰਗ-ਬਰੰਗੇ ਲੋਕ, ਤਰ੍ਹਾਂ ਤਰ੍ਹਾਂ ਦੇ ਸਮਾਜ, ਸਭਿਆਚਾਰ, ਰਸਮੋ-ਰਿਵਾਜ, ਰਹਿਣੀ-ਬਹਿਣੀ, ਬੋਲੀ ਅਤੇ ਵੇਸ-ਪਹਿਨਾਵੇ ਆਦਿ ਹੋਂਦ ਵਿੱਚ ਆਏ। ਕੁਦਰਤਨ ਪੈਦਾ ਹੋਈਆਂ ਇਨ੍ਹਾਂ ਭਿੰਨਤਾਵਾਂ ਦੇ ਪੱਜ ਮਨੁਖ ਨੇ, ਮਾਇਆ ਦੇ ਮਾਰੂ ਪ੍ਰਭਾਵ ਹੇਠ, ਕਈ ਹੋਰ ਵਖਰੇਵੇਂ ਪੈਦਾ ਕਰ ਲਏ ਜਿਵੇਂ: ਇਲਾਕਾਈ, ਖੇਤ੍ਰੀ, ਵਤਨੀ, ਰਾਸ਼ਟ੍ਰੀਯ ਅਤੇ ਪ੍ਰਾਂਤਕ ਆਦਿ। ਲਿੰਗ-ਭੇਦ ਅਥਵਾ ਇਸਤ੍ਰੀ-ਪੁਰਸ਼ ਭੇਦ ਵੀ ਮਾਨਵ ਨੇ ਮਾਨਵਤਾ ਵਾਸਤੇ ਗੰਭੀਰ ਸਮੱਸਿਆ ਬਣਾਈ ਹੋਈ ਹੈ। ਭਾਰਤੀ ਸਮਾਜ ਵਿੱਚ ਉਪਰੋਕਤ ਵਖਰੇਵਿਆਂ ਦੇ ਅਤਿਰਿਕਤ ਇੱਕ ਵੱਡਾ ਵਖਰੇਵਾਂ ਵਰਣ-ਵੰਡ (ਵਰਣ=ਰੰਗ। ਗੋਰਾ=ਬ੍ਰਾਹਮਣ; ਲਾਲ=ਖੱਤਰੀ; ਪੀਲਾ=ਵੈਸ਼; ਅਤੇ ਕਾਲਾ=ਸ਼ੂਦਰ), ਜਾਤ-ਪਾਤ ਅਤੇ ਊਚ-ਨੀਚ ਦਾ ਹੈ। ਇੱਕ ਅਤਿਅੰਤ ਘਿਣਾਉਣਾ ਅੰਤਰ ਮਾਇਆ/ਸੰਪਤੀ ਦੀ ਵਾਧ-ਘਾਟ ਦਾ ਹੈ। ਇਹ ਭੇਦ, ਰੱਬ ਤੋਂ ਟੁੱਟੇ, ਮਾਇਆਧਾਰੀਆਂ ਨੂੰ ਖੂੰਖ਼ਾਰ ਦਰਿੰਦੇ ਅਤੇ ਮਾਇਆ-ਹੀਣਿਆਂ ਨੂੰ ਮਜ਼ਲੂਮ ਬਣਾ ਦਿੰਦਾ ਹੈ। ਮਨੁਖ ਦੁਆਰਾ ਪੈਦਾ ਕੀਤੇ ਇਨ੍ਹਾਂ ਵਖਰੇਵਿਆਂ ਕਾਰਣ ‘ਬੰਦਾ ਬੰਦੇ ਦਾ ਦਾਰੂ’ ਨਾ ਰਹਿ ਕੇ ਬੰਦਾ ਬੰਦੇ ਦਾ ਵੈਰੀ ਬਣ ਗਿਆ ਹੈ। ਫਲਸ੍ਵਰੂਪ, ਮਨੁੱਖਤਾ ਆਪਸ ਵਿੱਚ ਹੀ ਲੜ-ਲੜ ਕੇ ਮਰ ਰਹੀ ਹੈ ਅਤੇ ਅਕਹਿ ਕਸ਼ਟ ਸਹਿ ਰਹੀ ਹੈ। ਸਭ ਤੋਂ ਵਧੇਰੇ ਭਿਅੰਕਰ ਅਤੇ ਘਾਤਿਕ ਵਿਤਕਰਾ ਸੰਸਾਰਕ ਧਰਮਾਂ, ਇਨ੍ਹਾਂ ਨਾਲ ਜੋੜੇ ਗਏ ਮਿਥਿਹਾਸਾਂ, ਵਿਸ਼ਵਾਸਾਂ, ਕਰਮਕਾਂਡਾਂ ਅਤੇ ਰਹੁ-ਰੀਤੀਆਂ ਦਾ ਹੈ। ਸੰਸਾਰ ਦੇ ਸਾਰੇ ਹਿੰਸਕ ਯੁੱਧ ਅਤੇ ਖ਼ੂਨ-ਖ਼ਰਾਬੇ, ਜਿਨ੍ਹਾਂ ਵਿੱਚ ਰੱਬ ਦੀ ਰਿਆਇਆ ਨੂੰ ਰੱਬ ਦੇ ਹੀ ਨਾਂ `ਤੇ ਰੱਬ ਦੇ ਬੰਦਿਆਂ ਨੇ ਹੀ ਕੋਹ ਕੋਹ ਕੇ ਮਾਰਿਆ, ਧਰਮ ਦੇ ਨਾਮ ਉੱਤੇ ਹੀ ਕੀਤੇ ਗਏ ਅਤੇ ਕੀਤੇ ਜਾ ਰਹੇ ਹਨ।

ਮਾਨਵਤਾ ਦੇ ਸੱਚੇ ਦਰਦੀਆਂ ਤੋਂ ਮਨੁੱਖਤਾ ਦੇ, ਮਨੁੱਖਾਂ ਦੀਆਂ ਆਪਣੀਆਂ ਹੀ ਕਰਤੂਤਾਂ ਸਦਕਾ ਪੈਦਾ ਹੋਏ, ਦੁੱਖ ਬਰਦਾਸ਼ਤ ਨਹੀਂ ਹੋਏ। ਉਨ੍ਹਾਂ ਨੇ ‘ਜਗਤੁ ਜਲੰਦੇ’ ਨੂੰ ਦੁੱਖਾਂ-ਦਰਿਦ੍ਰਾਂ ਤੋਂ ਨਿਜਾਤ ਦਿਵਾਉਣ ਵਾਸਤੇ ਸਮੇਂ ਸਮੇਂ ਹਾਰਦਿਕ ਉਪਰਾਲੇ ਕੀਤੇ। ਇਨ੍ਹਾਂ ਮਾਨਵ-ਵਾਦੀ ਮਹਾਂਪੁਰਖਾਂ ਨੇ, ਵਖਰੇਵਿਆਂ ਦੀ ਦਲਦਲ ਤੋਂ ਕੰਵਲ ਦੀ ਤਰ੍ਹਾਂ ਅਛੋਹ ਰਹਿ ਕੇ, ‘ਇਕ’ ਦੇ ਲੜ ਲਗਿ ਜੋ ਸਿੱਧਾਂਤ ਆਪ ਅਪਣਾਏ ਅਤੇ ਜਨਤਾ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ ਉਨ੍ਹਾਂ ਵਿੱਚੋਂ ਪਹਿਲਾ ਸਿੱਧਾਂਤ ਏਕਤ੍ਵ, ਅਦ੍ਵੈਤਵਾਦ ਅਥਵਾ ਇਕ-ਈਸ਼ਵਰਵਾਦ (Monotheism) ਦਾ ਹੈ। ਇਕ-ਈਸ਼ਵਰਵਾਦੀਆਂ ਦੇ ਤਰਕ ਅਨੁਸਾਰ, ਸੰਸਾਰਕ ਭਿੰਨਤਾਵਾਂ ਦੇ ਬਾਵਜੂਦ ਵੀ ਸਾਰਿਆਂ ਇਨਸਾਨਾਂ ਵਿੱਚ ਇੱਕ ਸਦੀਵੀ ਸਾਂਝ ਹੈ: ਇਹ ਸਾਰੇ ਇੱਕੋ ਮਿੱਟੀ (ਮਿੱਟੀ, ਹਵਾ, ਅੱਗ, ਪਾਣੀ ਤੇ ਅਕਾਸ਼) ਵਿੱਚੋਂ ਹੀ ਸਾਜੇ ਗਏ ਹਨ ਅਤੇ ਇਨ੍ਹਾਂ ਦਾ ਸਾਜਨਹਾਰ ‘ਕਰਤਾ ਪੁਰਖ’ ਆਪ ਹੀ ਹੈ। ਗੁਰੂ ਨਾਨਕ ਦੇਵ ਜੀ ਦਾ , ਿਸ ਨੂੰ ਗੁਰਮਤਿ ਦਾ ਬੀਜ ਮੰਤਰ ਕਿਹਾ ਜਾਂਦਾ ਹੈ, ਇਸੇ ਸਿੱਧਾਂਤ ਦਾ ਪ੍ਰਤੀਕ ਹੈ। ਸਾਰੇ ਬਾਣੀਕਾਰਾਂ ਨੇ ਆਪਣੀ ਬਾਣੀ ਵਿੱਚ ਇਹੋ ਸੰਦੇਸ਼ ਦਿੱਤਾ ਹੈ ਕਿ ਅਸੀਂ ਸਾਰੇ ਇੱਕ ਪ੍ਰਭੂ ਦੀ ਹੀ ਅੰਸ਼ ਹਾਂ, ਉਹ ਸਾਰੀ ਮਨੁੱਖਤਾ ਦਾ ਸਾਂਝਾ ਪਿਤਾ ਹੈ, ਸਾਨੂੰ ਨਿਗੁਣੇ ਜਿਹੇ ਕਾਰਣਾਂ ਕਰਕੇ ਇੱਕ ਦੂਸਰੇ ਨਾਲ ਦੁਪਰਿਆਰਿਆਂ ਵਾਲਾ ਘ੍ਰਿਣਾ-ਪੂਰਨ ਸਲੂਕ ਨਹੀਂ ਕਰਨਾ ਚਾਹੀਦਾ ਸਗੋਂ ਜਾਤ-ਪਾਤ, ਊਚ-ਨੀਚ, ਅਮੀਰੀ-ਗ਼ਰੀਬੀ, ਰੰਗ-ਰੂਪ ਅਤੇ ਹੋਰ ਹਰ ਪ੍ਰਕਾਰ ਦੇ ਭੇਦ-ਭਾਵਾਂ ਤੋਂ ਉਚੇਰੇ ਉੱਠ ਕੇ ਸਾਂਝੀਵਾਲਤਾ ਦਾ ਪੱਲਾ ਫ਼ੜਦਿਆਂ ਭਰਾਤ੍ਰੀਭਾਵ ਦੀ ਭਾਵਨਾ ਦਾ ਪਾਲਣ ਕਰਦੇ ਹੋਏ ਜੀਵਨ ਵਿਤੀਤ ਕਰਨਾ ਚਾਹੀਦਾ ਹੈ। ਇਸ ਮੰਤਵ-ਪੂਰਤੀ ਵਾਸਤੇ ਪਹਿਲਾ ਕਦਮ, ਤੁੱਛ ਮਿਥਿਹਾਸਿਕ ਸ਼ਕਤੀਆਂ ਵਿੱਚ ਵਿਸ਼ਵਾਸ ਨਾ ਰੱਖਦਿਆਂ, ਸਭ ਜੀਵਾਂ ਵਿੱਚ ਜਗਦੀ ਜੋਤਿ ਦੇ ਸ੍ਰੋਤ ਪਰਮ-ਜੋਤਿ ਪਰਮਾਤਮਾ ਦੇ ਲੜ ਲੱਗਣਾ ਹੈ। ਗੁਰਬਾਣੀ ਵਿੱਚ ਬਹੁਤੇਰੇ ਸ਼ਬਦ ਹਨ ਜਿਨ੍ਹਾਂ ਵਿੱਚੋਂ ਇਹੋ ਪ੍ਰੇਰਣਾ ਮਿਲਦੀ ਹੈ। ਇਸ ਲੇਖ ਵਿੱਚ ਅਸੀਂ ਕਬੀਰ ਜੀ ਦੇ ਨਿਮਨ ਲਿਖਿਤ ਸ਼ਬਦ ਉੱਤੇ ਹੀ ਵਿਚਾਰ ਕਰਨੀ ਹੈ। ਕਬੀਰ ਜੀ ਫ਼ਰਮਾਉਂਦੇ ਹਨ:

ਅਵਲਿ ਅਲਹ ਨੂਰੁ ਉਪਾਇਆ, ਕੁਦਰਤਿ ਕੇ ਸਭ ਬੰਦੇ॥

ਏਕ ਨੂਰ ਤੇ ਸਭੁ ਜਗੁ ਉਪਜਿਆ, ਕਉਨ ਭਲੇ ਕੋ ਮੰਦੇ॥ ੧॥

ਲੋਗਾ, ਭਰਮਿ ਨ ਭੂਲਹੁ ਭਾਈ॥

ਖਾਲਿਕੁ ਖਲਕ, ਖਲਕ ਮਹਿ ਖਾਲਿਕੁ, ਪੂਰਿ ਰਹਿਓ ਸ੍ਰਬ ਠਾਂਈ॥ ੧॥ ਰਹਾਉ॥

ਮਾਟੀ ਏਕ ਅਨੇਕ ਭਾਂਤਿ ਕਰਿ, ਸਾਜੀ ਸਾਜਨਹਾਰੈ॥

ਨਾ ਕਛੁ ਪੋਚ ਮਾਟੀ ਕੇ ਭਾਂਡੇ, ਨਾ ਕਛੁ ਪੋਚ ਕੁੰਭਾਰੈ॥ ੨॥

ਸਭ ਮਹਿ ਸਚਾ ਏਕੋ ਸੋਈ, ਤਿਸ ਕਾ ਕੀਆ ਸਭੁ ਕਛੁ ਹੋਈ॥

ਹੁਕਮੁ ਪਛਾਨੈ ਸੁ ਏਕੋ ਜਾਨੈ, ਬੰਦਾ ਕਹੀਐ ਸੋਈ॥ ੩॥

ਅਲਹੁ ਅਲਖੁ ਨ ਜਾਈ ਲਖਿਆ, ਗੁਰਿ ਗੁੜੁ ਦੀਨਾ ਮੀਠਾ॥

ਕਹਿ ਕਬੀਰ ਮੇਰੀ ਸੰਕਾ ਨਾਸੀ, ਸਰਬ ਨਿਰੰਜਨੁ ਡੀਠਾ॥ ੪॥

ਰਾਗੁ ਪ੍ਰਭਾਤੀ ਕਬੀਰ ਜੀ

ਸ਼ਬਦ-ਅਰਥ:- ਅਲਹੁ: ਅੱਲਹ ਅਰਬੀ ਬੋਲੀ ਦਾ ਲਫ਼ਜ਼ ਹੈ ਜਿਸ ਦੇ ਅਰਥ ਹਨ: ਕਰਤਾਰ, ਖ਼ੁਦਾ, ਸਿਰਜਨਹਾਰ।

ਅਵਲਿ: ਅ: ਅੱਵਲ=ਸ਼ੁਰੂ; ਅਵਲਿ=ਸ਼ੁਰੂ ਵਿਚ, ਆਦਿ ਤੋਂ ਵੀ ਪਹਿਲਾਂ।

ਨੂਰੁ: ਅ: ਨੂਰ=ਪ੍ਰਕਾਸ਼, ਰੌਸ਼ਨੀ, ਜੋਤਿ, ਨੂਰੇ ਇਲਾਹੀ, ਪ੍ਰਭੂ-ਪ੍ਰਕਾਸ਼। ਨੂਰੁ= ਪ੍ਰਕਾਸ਼ ਨੂੰ, ਰੌਸ਼ਨੀ ਨੂੰ, ਜੋਤਿ ਨੂੰ।

ਕੁਦਰਤਿ: ਕੁਦਰਤ=ਤਵੰਗਰੀ, ਤਾਕਤ, ਹੁਕਮ ਸੱਤਾ, ਸਿਰਜਨ-ਸ਼ਕਤੀ।

ਕੋ: ਕੌਣ, ਕੋਈ।

ਖਲਕ: ਖ਼ਲਕਤ, ਸਿਰਜਨਾ, ਪ੍ਰਾਕ੍ਰਿਤੀ, ਰਚਨਾ, ਮਨੁੱਖਤਾ, ਦੁਨੀਆ, ਸ੍ਰਿਸ਼ਟੀ।

ਖਾਲਿਕ: ਸਿਰਜਨਹਾਰ, ਪੈਦਾ ਕਰਨ ਵਾਲਾ, ਕਰਤਾ ਪੁਰਖ।

ਪੂਰਿ: ਪੂਰਿਆ ਹੋਇਆ, ਵਿਆਪਕ, ਰਮਿਆ ਹੋਇਆ।

ਮਾਟੀ: ਪੰਜ ਤੱਤ੍ਵਾਂ (ਮਿੱਟੀ, ਹਵਾ, ਅਗਨੀ, ਪਾਣੀ ਤੇ ਆਕਾਸ਼) ਦਾ ਮਿਸ਼੍ਰਣ।

ਪੋਚ: ਘਾਟ, ਕਸੂਰ, ਭੁੱਲ, ਕੋਤਾਹੀ, ਖ਼ਾਮੀ, ਲੇਪ/ਲਗਾਓ।

ਕੁੰਭਾਰੈ: ਕੁੰਭ=ਘੜਾ; ਕੁੰਭਕਾਰ, ਘੁਮਿਆਰ, ਘੜੇ ਅਥਵਾ ਮਿੱਟੀ ਦੇ ਭਾਂਡੇ ਬਣਾਉਣ ਵਾਲਾ।

ਸੋਈ: ਉਹ ਹੀ।

ਬੰਦਾ: ਫ਼ਾ: ਗੁਲਾਮ, ਦਾਸ, ਸੇਵਕ, ਖ਼ਿਦਮਤ ਕਰਨ ਵਾਲਾ, ਇਬਾਦਤ ਕਰਨ ਵਾਲਾ, ਉਪਾਸਨਾ ਕਰਨ ਵਾਲਾ, ਉਪਾਸ਼ਕ।

ਅਲਖੁ: ਲਕਸ਼ਣਾਂ-ਰਹਿਤ, ਰੂਪ-ਰਹਿਤ, ਅਦ੍ਰਿਸ਼ਟ।

ਗੁੜੁ: ਅਧਿਆਤਮ-ਗਿਆਨ ਰੂਪੀ ਮਿੱਠਾ ਗੁੜ।

ਸੰਕਾ: ਭਰਮ, ਖ਼ਦਸ਼ਾ, ਦੁਬਿਧਾ।

ਠਾਂਈ: ਜਗ੍ਹਾ, ਥਾਂ, ਪਾਸੇ। ਸ੍ਰਬ ਠਾਂਈ: ਸਾਰੇ ਪਾਸੇ, ਸਭ ਥਾਂ, ਸਰਬ-ਵਿਆਪਕ।

ਨਿਰੰਜਨੁ: ਅੰਜਨ=ਕਾਲਖ, ਮਾਇਆ ਦੀ ਕਾਲਖ। ਮਾਇਆ ਦੇ ਤਿੰਨਾਂ ਗੁਣਾਂ (ਰਜੋਗੁਣ, ਤਮੋਗੁਣ ਅਤੇ ਸਤੋਗੁਣ) ਤੋਂ ਨਿਰਲੇਪ।

ਭਾਵ ਅਰਥ: ਸਭ ਤੋਂ ਪਹਿਲਾਂ ਸਿਰਜਨਹਾਰ ਅੱਲਾਹ ਨੇ ਆਪਣੀ ਇਲਾਹੀ ਤਾਕਤ (ਕੁਦਰਤ) ਦਾ ਪ੍ਰਗਟਾਵਾ ਕੀਤਾ, ਇਸੇ ਸ਼ਕਤੀ ਸਦਕਾ ਹੀ ਸਾਰੇ ਮਨੁਖ/ਬੰਦੇ ਹੋਂਦ ਵਿੱਚ ਆਏ। ਉਸ ਰੱਬੀ-ਰੌਸ਼ਨੀ/ਹੁਕਮ-ਸੱਤਾ/ਕੁਦਰਤ ਕਾਰਨ ਹੀ ਇਹ ਸਾਰਾ ਜਗਤ ਹੋਂਦ ਵਿੱਚ ਆਇਆ ਹੈ। (ਕਿਉਂਕਿ ਸਾਰੇ ਇਨਸਾਨ ਇੱਕੋ ਹੀ ਮਿੱਟੀ ਵਿੱਚੋਂ, ਇੱਕੋ ਹੀ ਸਾਜਨਹਾਰ ਦੇ ਸਾਜੇ ਹੋਏ ਹਨ ਅਤੇ ਉਨ੍ਹਾਂ ਵਿੱਚ ਇੱਕੋ ਹੀ ਪਰਮਜੋਤਿ ਦੀ ਜੋਤਿ ਜਗ ਰਹੀ ਹੈ, ਇਸ ਲਈ) ਉਨ੍ਹਾਂ (ਸਾਰੇ ਮਨੁੱਖਾਂ) ਵਿਚ, ਦੁਨਿਆਵੀ ਵਖਰੇਵਿਆਂ ਦੇ ਆਧਾਰ `ਤੇ, ਕੋਈ ਚੰਗਾ ਜਾਂ ਬੁਰਾ ਨਹੀਂ ਹੈ! ਸਭ ਨੂੰ ਬਰਾਬਰ ਸਮਝਣਾ ਚਾਹੀਦਾ ਹੈ। ੧।

(ਏਕਤ੍ਵ ਅਤੇ ਇੱਕ ਦੀ ਸਰਬਵਿਆਪਕਤਾ ਦੇ ਸਿਧਾਂਤਾਂ ਦਾ ਪ੍ਰਗਟਾਵਾ ਕਰਦੇ ਹੋਏ ਕਬੀਰ ਜੀ ਕਹਿੰਦੇ ਹਨ) ਐ ਜਗਤ ਦੇ ਲੋਕੋ! (ਵਖਰੇਵਿਆਂ ਕਾਰਣ ਉਪਜੇ) ਭਰਮ-ਭੁਲੇਖਿਆਂ ਵਿੱਚ ਫਸ ਕੇ ਕੁਰਾਹੇ ਨਾ ਪਵੋ। ਸਰਬਵਿਆਪਕ ਸਿਰਜਨਹਾਰ ਸਾਰੀ ਪ੍ਰਾਕ੍ਰਿਤੀ/ਖ਼ਲਕਤ ਦਾ ਕਰਤਾ/ਖ਼ਾਲਿਕ ਹੈ। ਅਤੇ ਉਹ ਹੀ ਆਪਣੀ ਸਿਰਜਨਾ/ਮਖ਼ਲੂਕਾਤ ਵਿੱਚ ਸਮਾਇਆ ਹੋਇਆ ਹੈ। ੧। ਰਹਾਉ।

(ਜਿਵੇਂ ਘੁਮਿਆਰ ਇੱਕੋ ਹੀ ਮਿੱਟੀ ਵਿੱਚੋਂ ਭਾਂਤ-ਭਾਂਤ ਦੇ ਭਾਂਡੇ ਬਣਾਉਂਦਾ ਹੈ ਤਿਵੇਂ) ਕਰਤਾਰ ਨੇ ਇੱਕੋ ਮਿੱਟੀ (ਪੰਜਾਂ ਤੱਤਾਂ ਦੀ ਮਿੱਸ) ਤੋਂ ਹੀ ਸਾਰੇ ਮਨੁਖ ਪੈਦਾ ਕੀਤੇ ਹਨ। (ਰੱਬ ਦੇ ਹੁਕਮ ਅਧੀਨ, ਵੱਖ ਵੱਖ ਰੰਗ-ਰੂਪ, ਇਲਾਕੇ, ਸੰਸਾਰਕ ਧਰਮਾਂ, ਕਿੱਤਿਆਂ, ਕੌਮਾਂ, ਵਰਣਾਂ, ਜਾਤ-ਪਾਤ ਅਤੇ ਊਚ-ਨੀਚ ਆਦਿ ਵਾਲੇ) ਭਿੰਨ ਭਿੰਨ ਪਰਿਵਾਰਾਂ ਵਿੱਚ ਜਨਮ ਲੈਣ ਵਾਲੇ ਰੱਬ ਦੇ ਬੰਦਿਆਂ ਦਾ ਇਸ ਵਿੱਚ ਕੋਈ ਦੋਸ਼ ਨਹੀਂ ਅਤੇ ਨਾ ਹੀ ਜਨਮ-ਦਾਤੇ/ਘਾੜੇ ਘੁਮਿਆਰ/ਕਰਤਾਰ ਦਾ। (ਕਿਉਂਕਿ ਕਰਤਾਰ ਤਾਂ ਅਭੁੱਲ ਹੈ!)। ੨।

ਸਾਰੇ ਹੀ ਮਨੁੱਖਾਂ (ਜੀਵ-ਆਤਮਾਵਾਂ) ਵਿੱਚ ਉਸੇ ਅਕਾਲਪੁਰਖ ਦੀ ਹੀ ਜੋਤਿ ਹੈ ਅਰਥਾਤ ਸਾਰੇ ਜੀਵ ਉਸੇ ਪ੍ਰਭੂ ਦੀ ਹੀ ਅੰਸ਼ ਹਨ। ਸੰਸਾਰ ਵਿੱਚ ਜੋ ਕੁਛ ਵੀ ਹੋ ਰਿਹਾ ਹੈ ਉਹ ਉਸ ਦੇ ਹੁਕਮ ਸਦਕਾ ਹੀ ਹੋ ਰਿਹਾ ਹੈ। (ਇਸ ਲਈ) ਜੋ ਮਨੁਖ ਉਸ ਦੀ ਇਸ ਕੁਦਰਤ ਅਥਵਾ ਹੁਕਮ-ਸੱਤਾ ਨੂੰ ਪਛਾਣਦਾ ਹੈ, ਉਹ ਹੀ ਪਰਮਾਤਮਾ ਦਾ ਸੱਚਾ ਉਪਾਸ਼ਕ ਹੈ। ੩।

ਅੱਲਹ, ਪਰਮਾਤਮਾ ਲਕਸ਼ਣ-ਰਹਿਤ ਹੈ ਅਤੇ ਇਸ ਲਈ ਅਦ੍ਰਿਸ਼ਟ ਹੈ। ਉਹ ਦੁਨਿਆਵੀ/ਸ਼ਰੀਰਿਕ ਅੱਖਾਂ ਨਾਲ ਨਹੀਂ ਵੇਖਿਆ ਜਾ ਸਕਦਾ। ਮੇਰੇ ਗੁਰੂ ਨੇ ਮੈਨੂੰ ਅਧਿਆਤਮਿਕ ਗਿਆਨ ਦੇ ਅੰਮ੍ਰਿਤ ਰੂਪੀ ਮਿੱਠੇ ਗੁੜ ਦੀ ਦਾਤ ਬਖ਼ਸ਼ ਦਿੱਤੀ ਹੈ। ਕਬੀਰ ਕਹਿੰਦਾ ਹੈ ਕਿ ਇਸ ਬਖ਼ਸ਼ਿਸ਼ ਸਦਕਾ ਮੇਰੇ ਅੰਦਰੋਂ ਭੇਦ-ਭਾਵ ਵਾਲਾ ਭਰਮ ਦੂਰ ਹੋ ਗਿਆ ਹੈ ਅਤੇ ਮੈਨੂੰ ਤ੍ਰੈ-ਗੁਣੀ ਮਾਇਆ ਦੀ ਕਾਲਖ ਤੋਂ ਨਿਰਲੇਪ ਇਕ-ਰਸ ਸਰਬਵਿਆਪਕ ਪਰਮਾਤਮਾ ਦੇ ਦਰਸ਼ਨ ਹੋ ਗਏ ਹਨ ਅਰਥਾਤ ਉਸ ਦੀ ਸਮਝ ਆ ਗਈ ਹੈ, ਉਸ ਨਾਲ ਸਾਂਝ ਪੈ ਗਈ ਹੈ।। ੪।

ਕਬੀਰ ਜੀ ਦੇ ਉਪਰੋਕਤ ਫ਼ਰਮਾਨ ਦੀ ਕਸੌਟੀ ਉੱਤੇ ਆਪਣੇ ਆਪ ਨੂੰ ਪਰਖੀਏ ਤਾਂ ਸਾਨੂੰ ਆਪਣੇ ਅੰਦਰ ਸੁਧੀ ਖੋਟ ਹੀ ਖੋਟ ਨਜ਼ਰ ਆਵੇਗੀ! ਜਾਤ-ਪਾਤ, ਊਚ-ਨੀਚ, ਅਮੀਰੀ-ਗ਼ਰੀਬੀ ਅਤੇ ਦਿਖਾਵੇ ਦੇ ਧਰਮ ਦਾ ਜਨੂੰਨ ਆਦਿ ਦੇ ਪ੍ਰਭਾਵ ਅਧੀਨ ਅਸੀਂ ਨਿਰਲੱਜ ਹੋ ਕੇ ਉਹੀ ਕੁੱਝ ਕਰ ਰਹੇ ਹਾਂ ਜਿਸ ਤੋਂ ਗੁਰਮਤਿ ਸਾਨੂੰ ਹੋੜਦੀ ਹੈ। ਧਰਮ ਦੇ ਨਾਮ `ਤੇ ਮਾਸੂਮ ਮਨੁੱਖਤਾ ਦਾ ਘਾਣ ਕਰਨ ਵਿੱਚ ਅਸੀਂ ਦੂਸਰੀਆਂ ਕੌਮਾਂ ਤੋਂ ਪਿੱਛੇ ਨਹੀਂ ਸਗੋਂ ਕਈ ਕਦਮ ਅੱਗੇ ਹਾਂ। ਵਖਰੇਵਿਆਂ ਦਾ ਮਾਰੂ ਕੈਂਸਰ ਸਾਡੇ ਖ਼ੂਨ ਅਤੇ ਹੱਡਾਂ ਵਿੱਚ ਰਚ ਚੁੱਕਿਆ ਹੈ। ਇਹ ਇੱਕ ਵਿਸੂਲਾ ਸੱਚ ਹੈ ਕਿ ਦੋਗਲੇ ਦੰਭੀ ਪੰਥ-ਦਰਦੀ, ਗੁਰਮਤਿ ਦੇ ਆਪੂੰ ਬਣੇ ਬੈਠੇ ਮਨਮਤੀ ਰੱਖਵਾਲੇ, ਸਰਪਰਸਤ ਅਤੇ ਇਨ੍ਹਾਂ ਦੇ ਗ਼ੁਲਾਮ ਲੋਭੀ ਪੁਜਾਰੀ ਹੀ ਇਸ ਘਾਤਿਕ ਰੋਗ ਦੇ ਰੋਗਾਣੂ (germs) ਹਨ। ਇਸ ਰੋਗ ਦੇ ਵੱਡੇ ਕਿਟਾਣੂ ਕੁਰਸੀ ਦੇ ਦੀਵਾਨੇ ਰਾਜਸੀ ਨੇਤਾ ਹਨ। ਅਧਿਆਤਮਿਕ-ਗਿਆਨ ਦਾ ਸੋਮਾ ਅਤੇ ਮਨੁੱਖਤਾ ਦੀ ਅਖੰਡਤਾ ਦਾ ਪ੍ਰਤੀਕ ਗੁਰੂ ਗ੍ਰੰਥ, ਜੋ ਕਿ ਹਰ ਪ੍ਰਕਾਰ ਦੇ ਭੇਦ-ਭਾਵ ਤੋਂ ਨਿਰਲੇਪ ਰਹਿ ਕੇ ਮਨੁੱਖਤਾ ਵਿੱਚ ਅਖੰਡਤਾ ਲਿਆਉਣ ਵਾਸਤੇ ਸੰਕਲਿਤ ਕੀਤਾ ਗਿਆ ਸੀ, ਇਨ੍ਹਾਂ ਦੀ ਕੁਟਿਲਤਾ ਸਦਕਾ ਖੰਡ ਖੰਡ ਹੁੰਦਾ ਜਾ ਰਿਹਾ ਹੈ। ਗੁਰੂਦਵਾਰਿਆਂ ਉੱਤੇ ਕਾਬਿਜ਼ ਲੋਕਾਂ ਦੇ ਜਾਤੀ ਅਭਿਮਾਨ ਅਤੇ ਮਾਇਆ-ਮੋਹ ਦੀ ਖ਼ਾਤਿਰ ਇਨ੍ਹਾਂ ਲੋਭੀਆਂ ਦੁਆਰਾ ਕੀਤੀ ਜਾਂਦੀ ਧਰਮ ਦੀ ਤਜਾਰਤ ਦਾ ਹੀ ਨਤੀਜਾ ਹੈ ਕਿ ਧਰਮਸ਼ਾਲਾਵਾਂ (ਗੁਰੂਦਵਾਰੇ) ਧਰਮ-ਸਥਾਨ ਨਾ ਰਹਿ ਕੇ ਵਣਜ-ਘਰ ਤੇ ਜਾਤਿ-ਸਥਾਨ ਬਣਾ ਦਿੱਤੇ ਗਏ ਹਨ। ਜੱਟਾਂ ਦਾ ਗੁਰੂਦਵਾਰਾ, ਭਾਪਿਆਂ ਦਾ ਗੁਰੂਦਵਾਰਾ, ਕੰਬੋਆਂ ਦਾ ਗੁਰੂਦਵਾਰਾ, ਰਾਮਗੜ੍ਹੀਆਂ ਦਾ ਗੁਰੂਦਵਾਰਾ, ਵਿਹੜੇ (ਸ਼ੂਦਰਾਂ) ਅਥਵਾ ਮਜ਼੍ਹਬੀਆਂ ਦਾ ਗੁਰੂਦਵਾਰਾ, ਨਿਹੰਗਾਂ ਦਾ ਗੁਰੂਦਵਾਰਾ, ਨਿਰੰਕਾਰੀਆਂ ਦਾ ਗੁਰੂਦਵਾਰਾ, ਨਾਮਧਾਰੀਆਂ ਦਾ ਗੁਰੂਦਵਾਰਾ, ਡੇਰੇਦਾਰਾਂ ਦੇ ਗੁਰੂਦਵਾਰੇ ਅਤੇ ਟਕਸਾਲਾਂ ਆਦਿ। ਰਵਿਦਾਸੀਆਂ ਨੇ ਆਪਣੇ ਗੁਰੂਦਵਾਰੇ ਬਣਾ ਲਏ ਹਨ ਅਤੇ ਉੱਥੇ, ਗੁਰੂ ਗ੍ਰੰਥ ਤੋਂ ਬੇਮੁਖ ਹੋ ਕੇ, ਕੇਵਲ ਰਵਿਦਾਸ-ਬਾਣੀ ਦੀ ਪੋਥੀ ਦਾ ਹੀ ਪ੍ਰਕਾਸ਼ ਕੀਤਾ ਜਾ ਰਿਹਾ ਹੈ। ਰਵਿਦਾਸੀਆਂ ਨੂੰ ਗੁਰੂ ਗ੍ਰੰਥ ਨਾਲੋਂ ਤੋੜਣ ਦੇ ਜ਼ਿੱਮੇਦਾਰ ਜਾਤਿ-ਅਭਿਮਾਨੀ ਮਨਮੁੱਖੀ ਸੁਆਰਥੀ ਨੇਤਾ ਅਤੇ ਉਨ੍ਹਾਂ ਦੇ ਮਗਰ ਲੱਗੇ ਹੋਏ ਅਗਿਆਨ ਅੰਧਵਿਸ਼ਵਾਸੀ ਪਿਛਲੱਗ ਹੀ ਹਨ। ਅਜ ਕਲ੍ਹ, ‘ਸਹਿਜਧਾਰੀ’ ਗਰਦਾਨੇ ਜਾਂਦੇ ਗੁਰੂ-ਘਰ ਦੇ ਪ੍ਰੇਮੀਆਂ ਵੱਲੋਂ ਜੋ ਲਹਿਰ ਉੱਠੀ ਅਤੇ ਜ਼ੋਰ ਫੜ ਰਹੀ ਹੈ, ਉਸ ਦਾ ਜ਼ਿੱਮੇਦਾਰ ਵੀ ਗੁਰਮਤਿ ਤੋਂ ਬੇਮੁਖ ਮਨਮੁੱਖਾਂ ਦਾ ਕਪਟੀ ਟੋਲਾ ਹੀ ਹੈ। ਗੁਰਬਾਣੀ ਵਿੱਚ ਗੁਰੁ-ਸਿੱਖਾਂ ਦੀ ਸ਼੍ਰੇਣੀ-ਵੰਡ ਨਜ਼ਰ ਨਹੀਂ ਆਉਂਦੀ ਅਤੇ ਨਾ ਹੀ ਕਿਸੇ ਸ਼੍ਰੇਣੀ ਨੂੰ ਸਹਿਜਧਾਰੀ ਕਿਹਾ ਗਿਆ ਹੈ! !

ਪਾਠਕ ਸਜਨੋਂ! ਸੰਸਾਰਕ ਵਿਤਕਰੇ, ਭੇਦ-ਭਾਵ ਅਤੇ ਵਖਰੇਵਿਆਂ ਦੀ ਵਿਸ਼ ਸਾਡੇ ਆਪੇ ਵਿੱਚ ਫੈਲ ਗਈ ਹੈ ਤੇ ਖੂਨ ਵਿੱਚ ਰਚ ਚੁੱਕੀ ਹੈ। ਇਸ ਗੁੱਝੀ ਜ਼ਹਿਰ ਦੇ ਮਾਰੂ ਅਸਰ ਹੇਠ ਅਸੀਂ ਘੁਲ-ਘੁਲ ਕੇ ਆਤਮਿਕ ਮੌਤੇ ਮਰ ਰਹੇ ਹਾਂ ਅਤੇ ਸਾਡਾ ਆਲਾ-ਦੁਆਲਾ ਵੀ ਇਸ ਦੇ ਵਿਸ਼ੈਲੇ ਪ੍ਰਭਾਵ ਕਾਰਣ ਪਿੰਗਲਾ ਹੁੰਦਾ ਜਾ ਰਿਹਾ ਹੈ। ਜੇ ਸਾਨੂੰ ਗੁਰਮਤਿ ਦਾ ਜ਼ਰਾ ਵੀ ਸਤਿਕਾਰ ਹੈ ਤਾਂ ਸਾਡਾ ਪਰਮ ਧਰਮ ਇਹ ਬਣਦਾ ਹੈ ਕਿ ਅਸੀਂ ਗੁਰਮਤਿ ਦੇ ਸਿੱਧਾਂਤਾਂ ਤੋਂ ਸੇਧ ਲੈ ਕੇ ਵਿਤਕਰਿਆਂ ਦੇ ਜ਼ਹਿਰੀਲੇ ਚਿੱਕੜ ਤੋਂ ਉੱਚਾ ਉਠ ਕੇ ‘ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ॥’ ਦੇ ਗੁਰੁ-ਹੁਕਮ ਦੀ ਪਾਲਣਾ ਕਰਦੇ ਹੋਏ ਸੱਚੇ ਗੁਰਮੁਖ ਹੋਣ ਦਾ ਸਬੂਤ ਦੇ ਕੇ ਆਪਣਾ ਅਤੇ ਸਾਰੀ ਮਨੁੱਖਤਾ ਦਾ ਭਵਿੱਖ ਸਵਾਰਣ ਦਾ ਸੁਹਿਰਦ ਯਤਨ ਕਰੀਏ! !

ਗੁਰਇੰਦਰ ਸਿੰਘ ਪਾਲ

ਫ਼ਰਵਰੀ 26, 2012.




.