ਸਿਧ ਗੋਸਟਿ (ਕਿਸ਼ਤ ਨੰ: 15)
ਅਉਧੂ ਦਾ ਸਵਾਲ: -
ਸਚ ਭੈ ਰਾਤਾ ਗਰਬੁ ਨਿਵਾਰੈ।।
ਏਕੋ ਜਾਤਾ ਸਬਦੁ ਵੀਚਾਰੈ।।
ਸਬਦੁ ਵਸੈ ਸਚੁ ਅੰਤਰਿ ਹੀਆ।।
ਤਨੁ ਮਨੁ ਸੀਤਲੁ ਰੰਗਿ ਰੰਗੀਆ।।
ਕਾਮੁ ਕ੍ਰੋਧੁ ਬਿਖੁ ਅਗਨਿ ਨਿਵਾਰੇ।।
ਨਾਨਕ ਨਦਰੀ ਨਦਰਿ ਪਿਆਰੇ।। ੪੭।।
ਪਦ ਅਰਥ: - ਜੋਗੀ ਦਾ ਸਵਾਲ। ਸਚ ਭੈ ਰਾਤਾ – ਸੱਚੇ ਦੇ ਹੁਕਮ ਵਿੱਚ ਰੰਗਿਆ ਹੋਇਆ। ਗਰਬੁ ਨਿਵਾਰੈ –
ਅਹੰਕਾਰ ਖ਼ਤਮ ਕੀਤਾ ਹੋਵੇ। ਏਕੋ ਜਾਤਾ ਸਬਦੁ ਵੀਚਾਰੈ – ਜਿਸਨੇ ਇਕੁ ਨੂੰ ਹੀ ਜਾਣਿਆ ਹੋਵੇ, ਇਕੁ ਦੀ
ਬਖ਼ਸ਼ਿਸ਼ ਨੂੰ ਹੀ ਜਿਸਨੇ ਵੀਚਾਰਿਆ ਹੋਵੇ। ਸਬਦੁ ਵਸੈ ਜਿਸ ਅੰਤਰਿ ਹੀਆ – ਜਿਸਦੇ ਹਿਰਦੇ ਅੰਦਰ ਸੱਚ
ਬਖ਼ਸ਼ਿਸ਼ ਰੂਪ ਵਿੱਚ ਵਰਤ ਰਿਹਾ ਹੋਵੇ। ਤਨੁ ਮਨੁ ਸੀਤਲੁ ਰੰਗਿ ਰੰਗੀਆ – ਉਸਦਾ ਤਨ ਅਤੇ ਮਨ ਉਸਦੇ ਰੰਗ
ਵਿੱਚ ਹੀ ਰੰਗਿਆ ਹੋਵੇ। ਕਾਮੁ ਕ੍ਰੋਧ ਬਿਖ ਅਗਨਿ ਨਿਵਾਰੈ – ਉਸਦੀ ਹੀ ਕਾਮ, ਕ੍ਰੋਧ ਅਤੇ ਵਿਕਾਰਾ
ਰੂਪੀ ਜ਼ਹਿਰ ਖ਼ਤਮ ਕਰ ਦਿੰਦਾ ਹੋਵੇ। ਨਾਨਕ ਨਦਰੀ ਨਦਰਿ ਪਿਆਰੇ – ਹੇ ਨਾਨਕ, ਜੋ ਸਾਡੇ ਮੁੱਖੀ ਦੀ
ਸ਼ਰਨ ਆ ਜਾਂਦਾ ਹੈ, ਉਹ ਪਿਆਰੇ ਸਿੱਧ-ਗੁਰੂ ਨੂੰ ਬਖ਼ਸ਼ਿਸ਼ ਕਰਨ ਵਾਲਾ ਸਮਝਦਾ ਹੈ। ਨਦਰੀ – ਨਦਰ
(ਬਖ਼ਸ਼ਿਸ਼) ਕਰਨ ਵਾਲਾ। ਨਦਰਿ – ਬਖ਼ਸ਼ਿਸ਼।
ਅਰਥ: - ਹੇ ਨਾਨਕ ਤੂੰ ਆਖਦਾ ਹੈਂ ਕਿ ਇਕੁ ਸੱਚੇ ਦੇ ਭਾਣੇ (ਰਜ਼ਾ) ਵਿੱਚ ਰਹਿਣ ਨਾਲ ਹੀ ਹਉਮੈ ਰੂਪ
ਅਗਨੀ ਬੁਝ ਸਕਦੀ ਹੈ। ਪਰ ਜੇਕਰ ਪਹਿਲਾਂ ਹੀ ਕੋਈ ਇੱਕ ਸੱਚੇ ਦੇ ਰੰਗ ਵਿੱਚ ਰੰਗਿਆ ਹੋਵੇ, (ਜੋਗੀ
ਆਪਣੇ ਮੁੱਖੀ ਬਾਰੇ ਕਹਿ ਰਿਹਾ ਹੈ ਕਿ ਸਾਡਾ ਮੁੱਖੀ ਵੀ ਇੱਕ ਹੀ ਹੈ ਅਤੇ ਸੱਚਾ ਹੈ) ਜਿਸਨੇ ਪਹਿਲਾਂ
ਹੀ ਇੱਕ ਦੀ ਬਖ਼ਸ਼ਿਸ਼ ਨੂੰ ਜਾਣਿਆ ਹੋਵੇ, ਜਿਸ ਕਿਸੇ ਨੇ ਪਹਿਲਾਂ ਹੀ ਕਿਸੇ ਇੱਕ ਦੀ ਬਖ਼ਸ਼ਿਸ਼ ਨੂੰ ਸੱਚ
ਜਾਣਕੇ ਹਿਰਦੇ ਅੰਦਰ ਵਸਾਇਆ ਹੋਵੇ, ਉਸੇ ਤਰ੍ਹਾਂ ਹੇ ਨਾਨਕ, ਤੈਨੂੰ ਵੀ ਉਸ ਇੱਕ ਸੱਚੇ (ਭਾਵ
ਸਿੱਧ-ਗੁਰੂ) ਨੂੰ ਪਿਆਰ ਨਾਲ ਬਖ਼ਸ਼ਿਸ਼ ਕਰਨ ਵਾਲਾ ਸਮਝ ਲੈਣਾ ਚਾਹੀਦਾ ਹੈ। ਹੇ ਭਾਈ, ਇਹ ਸ਼ਬਦ ਜੋਗੀ
ਵਲੋਂ ਨਾਨਕ ਨੂੰ ਸੰਬੋਧਨ ਹੋ ਕੇ ਕਹੇ ਗਏ।
ਨੋਟ: - ਇਹ ਸ਼ਬਦ ਜੋਗੀ ਨੇ ਨਾਨਕ ਜੀ ਨੂੰ ਕਹੇ ਕਿ ਅਸੀਂ ਵੀ ਤਾਂ ਆਪਣੇ ਮੁਖੀ ਨੂੰ ਹੀ ਇੱਕ ਸੱਚਾ
ਮੰਨਦੇ ਹਾਂ। ਇਸ ਕਰਕੇ ਸਾਡੀ ਵਿਕਾਰਾਂ ਰੂਪੀ ਜ਼ਹਿਰ ਪਹਿਲਾਂ ਹੀ ਖ਼ਤਮ ਹੋ ਚੁੱਕੀ ਹੈ। ਇਸ ਕਰਕੇ
ਅਸੀਂ ਆਪਣੇ ਇਸ ਮੁਖੀ ਇੱਕ ਨੂੰ ਹੀ ਬਖ਼ਸ਼ਿਸ਼ ਕਰਨ ਵਾਲਾ ਮੰਨਦੇ ਹਾਂ। ਤਨ ਮਨ ਅਸੀਂ ਉਸ ਨੂੰ ਪਹਿਲਾਂ
ਹੀ ਅਰਪਣ ਕੀਤਾ ਹੋਇਆ ਹੈ। ਉਸਦੀ ਬਖ਼ਸ਼ਿਸ਼ ਨਾਲ ਸਾਡਾ ਕਾਮ, ਕ੍ਰੋਧ, ਵਿਕਾਰਾਂ ਰੂਪੀ ਜ਼ਹਿਰ ਖ਼ਤਮ ਹੋ
ਚੁੱਕਾ ਹੈ। ਤੂੰ ਵੀ ਇਸ ਨੂੰ ਹੀ ਸੱਚਾ ਜਾਣਕੇ ਮੰਨ ਲੈ।
ਨਾਨਕ ਪਾਤਸਾਹ ਜੀ ਦਾ ਜਵਾਬ: -
ਕਵਨ ਮੁਖਿ ਚੰਦੁ ਹਿਵੈ ਘਰੁ ਛਾਇਆ।।
ਕਵਨ ਮੁਖਿ ਸੂਰਜੁ ਤਪੈ ਤਪਾਇਆ।।
ਕਵਨ ਮੁਖਿ ਕਾਲੁ ਜੋਹਤ ਨਿਤ ਰਹੇ।।
ਕਵਨ ਬੁਧਿ ਗੁਰਮੁਖਿ ਪਤਿ ਰਹੇ।।
ਕਵਨੁ ਜੋਧੁ ਜੋ ਕਾਲੁ ਸੰਘਾਰੈ।।
ਬੋਲੈ ਬਾਣੀ ਨਾਨਕੁ ਬੀਚਾਰੈ।। ੪੮।।
ਪਦ ਅਰਥ: - ਕਵਨ – ਕਿਹੜਾ, ਜਿਹੜਾ, ਕਿਸਨੂੰ, ਜਿਸਨੂੰ, ਜਿਸਦੀ, ਕਿਸ ਬਾਰੇ, ਜਿਸ ਬਾਰੇ। ਮੁਖਿ –
ਮੁਖੀ। ਕਵਨ ਮੁਖਿ ਚੰਦੁ ਹਿਵੈ ਘਰਿ ਛਾਇਆ – ਜਿਸ ਆਪਣੇ ਮੁਖੀ ਦੀ ਬਖ਼ਸ਼ਿਸ਼ ਨੂੰ ਤੂੰ ਅਉਧੂ ਚੰਦ ਵਰਗੀ
ਸੀਤਲ ਜਾਣਦਾ ਹੈਂ, ਹਿਵੈ – ਸੀਤਲ। ਕਵਨ ਮੁਖਿ ਸੂਰਜੁ ਤਪੈ ਤਪਾਇਆ – ਜਿਸ ਮੁਖੀ ਦੀ ਬਖ਼ਸ਼ਿਸ਼ ਗਿਆਨ
ਦੇ ਸੂਰਜ ਨਾਲ ਤਪ ਜਾਣ, ਭਾਵ ਪਿਘਲ ਜਾਣ ਵਾਲੀ ਹੈ। ਕਵਣ ਬੁਧਿ ਗੁਰਮੁਖਿ ਪਤਿ ਰਹੇ – ਕਿਹੜੀ- ਬੁਧਿ
(ਸੂਝ ਭਾਵ ਗਿਆਨ) ਨਾਲ ਉਸ ਨੂੰ ਗੁਰਮਖਿ (ਕਰਤਾ) ਜਾਣ ਰਿਹਾ ਹੈਂ। ਪਤਿ – ਭਰੋਸਾ, ਪ੍ਰਤੀਤ। ਕਵਨੁ
ਜੋਧੁ ਜੋ – ਜੇਕਰ ਉਹ ਇਤਨਾ ਮਹਾਨ ਹੈ ਤਾਂ। ਜੋਧੁ – ਮਹਾਨ। ‘ਕਵਨੁ` ਦੇ ਨੰਨੇ ਨੂੰ ਇਥੇ ਔਂਕੜ ਹੈ।
ਕਵਨ ਮੁਖਿ ਕਾਲੁ ਜੋਹਤ ਨਿਤ ਰਹੇ – ਜਿਸਨੂੰ ਤੇਰੇ ਮੁਖੀ ਨੂੰ ਆਪ ਨੂੰ ਨਿਤ ਮੌਤ ਦਾ ਭੈ ਸਤਾਉਦਾ
ਹੈ। ਕਵਨੁ ਜੋਧੁ ਜੋ ਕਾਲੁ ਸੰਘਾਰੈ – ਜੇਕਰ ਉਹ ਤੇਰਾ ਮੁਖੀ ਇਤਨਾ ਮਹਾਨ ਹੈ ਤਾਂ ਆਪਣੇ ਆਪ ਤੋਂ
ਮੌਤ ਦਾ ਭੈ ਖ਼ਤਮ ਕਰ ਲਵੇ। ਬੋਲੈ ਬਾਣੀ ਨਾਨਕੁ ਬੀਚਾਰੈ – ਬੋਲੈ – ਬੋਲਣਾ, ਆਖਣਾ, ਪ੍ਰੇਰਣਾ ਕਰਨਾ।
ਬਾਣੀ – ਬਖ਼ਸ਼ਿਸ਼। ਨਾਨਕੁ – ਨਾਨਕੁ ਨੁੰ। ਬੀਚਾਰੈ – ਵੀਚਾਰਨ ਵਾਸਤੇ। ਇਹ ਸ਼ਬਦ ਪਉੜੀ ਨੰਬਰ ੪੫ ਅੰਦਰ
ਜੋਗੀ ਵਲੋਂ ਵਰਤੇ ਗਏ ਸਨ, ਨਾਨਕ ਜੀ ਨੇ ਉਸ ਬਾਰੇ ਸਵਾਲ ਕੀਤਾ ਹੈ।
ਅਰਥ: - ਹੇ ਜੋਗੀ ਜਿਸ ਸਿੱਧ-ਮੁਖੀ ਨੂੰ ਤੂੰ ਸੱਚਾ ਗੁਰਮੁਖਿ ਕਰਤਾ ਸਮਝਕੇ ਉਸ ਉੱਪਰ ਭਰੋਸਾ ਕਰਨ
ਲਈ ਮੈਨੂੰ ਕਹਿ ਰਿਹਾ ਹੈਂ, ਉਸ ਮੁਖੀ ਦੀ ਚੰਦ ਦੀ ਸੀਤਲਤਾ ਵਰਗੀ ਬਖ਼ਸ਼ਿਸ਼, ਗਿਆਨ ਦੇ ਸੂਰਜ ਦੇ
ਪ੍ਰਕਾਸ਼ ਦੇ ਸਾਹਮਣੇ ਪਿਘਲ ਜਾਣ ਵਾਲੀ ਹੈ। ਜਿਸ ਤੇਰੇ ਮੁਖੀ ਨੂੰ ਆਪ ਨਿੱਤ ਮੌਤ ਦਾ ਭੈ ਸਤਾ ਰਿਹਾ
ਹੈ, ਜੇਕਰ ਉਹ ਇਤਨਾ ਮਹਾਨ ਹੀ ਹੈ ਤਾਂ ਆਪਣੇ ਆਪ ਤੋਂ ਕਾਲ (ਮੌਤ) ਦਾ ਭੈ ਖ਼ਤਮ ਕਰ ਲਵੇ ਕਿ ਕਾਲ ਉਸ
ਨੂੰ ਖਾਏ ਹੀ ਨਾ। ਜਿਸ ਨੂੰ ਆਪ ਮੌਤ ਦਾ ਭੈ ਸਤਾ ਰਿਹਾ ਹੈ, ਤੂੰ ਉਸ ਨੂੰ ਕਿਹੜੀ ਬੁਧਿ (ਸੂਝ, ਭਾਵ
ਗਿਆਨ) ਦੇ ਭਰੋਸੇ ਨਾਲ ਗੁਰਮੁਖਿ ਕਰਤਾ ਕਹਿ ਰਿਹਾ ਹੈਂ। ਹੇ ਜੋਗੀ, ਉਸਦੀ ਬਖ਼ਸ਼ਿਸ਼ ਲੈਣ ਵਾਸਤੇ ਨਾਨਕ
ਨੂੰ ਪ੍ਰੇਰਣਾ ਕਰ ਰਿਹਾ ਹੈਂ?
ਅਉਧੂ ਦਾ ਸਵਾਲ: -
ਸਬਦੁ ਭਾਖਤ ਸਸਿ ਜੋਤਿ ਅਪਾਰਾ।।
ਸਸਿ ਘਰਿ ਸੂਰੁ ਵਸੈ ਮਿਟੈ ਅੰਧਿਆਰਾ।।
ਸੁਖੁ ਦੁਖੁ ਸਮ ਕਰਿ ਨਾਮੁ ਅਧਾਰਾ।।
ਆਪੇ ਪਾਰਿ ਉਤਾਰਣਹਾਰਾ।।
ਗੁਰ ਪਰਚੈ ਮਨੁ ਸਾਚਿ ਸਮਾਇ।।
ਪ੍ਰਣਵਤਿ ਨਾਨਕੁ ਕਾਲੁ ਨ ਖਾਇ।। ੪੯।।
ਪਦ ਅਰਥ: - ਸ਼ਬਦੁ ਭਾਖਤ – ਉਸਦੀ ਬਖ਼ਸ਼ਿਸ਼ ਲੈਣ ਨਾਲ। ਸਸਿ ਜੋਤਿ ਅਪਾਰਾ – ਉਸਦੀ ਚੰਦ੍ਰਮਾਂ ਵਾਂਗ
ਸੀਤਲ ਅਪਾਰ ਜੋਤ ਹੈ। ਸਬਦੁ ਭਾਖਤ ਸਸਿ ਜੋਤਿ ਅਪਾਰਾ – ਉਸਦੀ ਚੰਦ੍ਰਮਾਂ ਵਰਗੀ ਸੀਤਲ ਜੋਤ ਦੀ ਅਪਾਰ
ਬਖ਼ਸ਼ਿਸ਼ ਲੈਣ ਨਾਲ। ਸਸਿ ਘਰਿ ਸੂਰੁ ਵਸੈ ਮਿਟੈ ਅੰਧਿਆਰਾ – ਉਸਦੀ ਬਖ਼ਸ਼ਿਸ਼ ਲੈਣ ਨਾਲ ਇਹ ਸਮਝ ਪੈਂਦੀ
ਹੈ ਕਿ ਉਹ ਸੀਤਲਤਾ ਦਾ ਪੁੰਜ ਹੈ, ਅਤੇ ਉਸਦੇ ਘਰ ਵਿੱਚ ਗਿਆਨ ਰੂਪ ਸੂਰਜ ਦੇ ਵਾਸੇ ਨਾਲ ਹੀ
ਅਗਿਆਨਤਾ ਦਾ ਹਨੇਰਾ ਮਿਟਦਾ ਹੈ। ਸੁਖੁ ਦੁਖੁ ਸਮ ਕਰਿ ਨਾਮੁ ਅਧਾਰਾ – ਇਸੇ ਤਰ੍ਹਾਂ ਦੁਖੁ ਅਤੇ
ਸੁਖੁ ਦਾ ਬਰਾਬਰ ਅਧਾਰ ਸੱਚ ਹੈ। ਆਪੇ ਪਾਰਿ ਉਤਾਰਣਹਾਰਾ – ਆਪੇ ਹੀ ਉਹ ਬੇੜਾ ਪਾਰ ਕਰਨ ਵਾਲਾ ਹੈ।
ਗੁਰ ਪਰਚੈ ਮਨੁ ਸਾਚਿ ਸਮਾਇ – ਇਸ ਕਰਕੇ ਉਸ ਗੁਰੂ ਦੀ ਬਖ਼ਸ਼ਿਸ਼ ਨੂੰ ਸੱਚੀ ਜਾਨਣ ਨਾਲ ਹੀ ਸੱਚ ਵਿੱਚ
ਸਮਾਇਆ ਜਾ ਸਕਦਾ ਹੈ। ਪ੍ਰਣਵਤਿ ਨਾਨਕੁ ਕਾਲੁ ਨ ਖਾਇ – ਨਾਨਕ, ਉਸ ਨੂੰ ਪਰਣਾਮ ਕਰਨ ਵਾਲੇ ਨੂੰ ਕਾਲ
ਨਹੀਂ ਖਾਂਦਾ। ਪ੍ਰਣਵਤਿ – ਝੁਕਣਾ, ਪ੍ਰਣਾਮ ਕਰਨਾ, ਝੁਕਣ ਵਾਲੇ ਨੂੰ। ਨਾਨਕੁ – ਨਾਨਕ ਜੀ ਨੂੰ
ਸੰਬੋਧਨ।
ਅਰਥ: - ਹੇ ਨਾਨਕ, ਸਾਡੇ ਮੁਖੀ ਨੂੰ ਕਾਲ ਦਾ ਕੋਈ ਭੈ ਨਹੀਂ ਸਤਾਉਂਦਾ। ਕਿਉਂਕਿ ਉਹ ਆਪ ਪਾਰਉਤਾਰਾ
ਕਰਨ ਵਾਲਾ ਹੈ। ਉਸਦੀ ਚੰਦ ਵਰਗੀ ਸੀਤਲ ਜੋਤ ਦੀ ਬਖ਼ਸ਼ਿਸ਼ ਹਾਸਲ ਕਰਨ ਨਾਲ ਇਹ ਸਮਝ ਪੈਂਦੀ ਹੈ ਕਿ ਉਹ
ਸੀਤਲਤਾ ਦਾ ਪੁੰਜ ਹੈ, ਅਤੇ ਉਸਦੇ ਘਰ ਵਿੱਚੋਂ ਗਿਆਨ ਰੂਪ ਸੂਰਜ ਦੇ ਪ੍ਰਕਾਸ਼ ਦੇ ਨਾਲ ਅਗਿਆਨਤਾ ਦਾ
ਹਨੇਰਾ ਮਿਟ ਜਾਂਦਾ ਹੈ। ਜਿਸਦਾ ਅਗਿਆਨਤਾ ਦਾ ਹਨੇਰਾ ਮਿਟਦਾ ਹੈ ਉਹ ਉਸਦੀ ਸੱਚੀ ਬਖ਼ਸ਼ਿਸ਼ ਨੂੰ ਅਧਾਰ
ਬਣਾਕੇ ਦੁਖ-ਸੁਖ ਨੂੰ ਬਰਾਬਰ ਕਰਕੇ ਜਾਣਦਾ ਹੈ। ਇਸ ਕਰਕੇ ਉਸਦੀ ਬਖ਼ਸ਼ਿਸ਼ ਨੂੰ ਸੱਚ ਜਾਣਕੇ ਉਸ ਵਿੱਚ
ਲੀਨ (ਸਮਰਪਤ) ਹੋਕੇ ਉਸਦੇ ਅੱਗੇ ਝੁਕਣ ਵਾਲੇ ਨੂੰ ਵੀ ਕਾਲ ਨਹੀਂ ਖਾਂਦਾ। ਇਹ ਨਾਨਕ ਨੂੰ ਜੋਗੀ
ਵਲੋਂ ਆਪਣੇ ਮੁਖੀ ਅਗੇ ਝੁਕਣ ਦਾ ਸੁਝਾਅ ਹੈ।
ਨਾਨਕ ਪਾਤਸਾਹ ਜੀ ਦਾ ਜਵਾਬ: -
ਨਾਮ ਤਤੁ ਸਭ ਹੀ ਸਿਰਿ ਜਾਪੈ।।
ਬਿਨੁ ਨਾਵੈ ਦੁਖੁ ਕਾਲੁ ਸੰਤਾਪੈ।।
ਤਤੋ ਤਤੁ ਮਿਲੈ ਮਨੁ ਮਾਨੈ।।
ਦੂਜਾ ਜਾਏ ਇਕਤੁ ਘਰਿ ਆਨੈ।।
ਬੋਲੈ ਪਵਨਾ ਗਗਨੁ ਗਰਜੈ।।
ਨਾਨਕ ਨਿਹਚਲੁ ਮਿਲਣੁ ਸਹਜੈ।। ੫੦।।
ਪਦ ਅਰਥ: - ਨਾਮ ਤਤੁ ਸਭ ਹੀ ਸਿਰਿ ਜਾਪੈ – ਨਾਮ - ਸੱਚ। ਤਤੁ – ਸਿਰੇ ਦੀ ਗੱਲ। ਨਾਮ ਤਤੁ – ਸਿਰੇ
ਦਾ ਸੱਚ ਇਹ ਹੈ। ਸਭ ਹੀ ਸਿਰਿ ਜਾਪੈ – ਸਭ – ਸਮੂਹ, ਸਾਰਿਆਂ। ਸਿਰਿ – ਸਿਰ ਉੱਪਰ। ਜਾਪੈ – ਜਦ
ਪੈਣਾ ਹੀ ਹੈ। ਸਭ ਹੀ ਸਿਰਿ ਜਾਪੈ – ਸਮੂਹ ਜੀਵਾਂ ਉੱਪਰ ਜਦ ਪੈਣਾ ਹੀ ਹੈ। ਨਾਮ ਤਤੁ ਸਭ ਹੀ ਸਿਰਿ
ਜਾਪੈ – ਇਹ ਤਾ ਸਿਰੇ ਦਾ ਸੱਚ ਹੈ ਜੋ ਸਾਰਿਆ ਉੱਪਰ ਮੰਡਲਾ ਰਿਹਾ ਹੈ, ਜੋ ਪੈਣਾ ਹੀ ਪੈਣਾ ਹੈ। ਉਹ
ਕਿਹੜਾ ਸੱਚ ਹੈ - ਮੌਤ, ਕਾਲ, ਜਿਸਦਾ ਜ਼ਿਕਰ ਅਗਲੀ ਪੰਗਤੀ ਵਿੱਚ ਕੀਤਾ ਹੈ। ਬਿਨੁ ਨਾਵੈ ਦੁਖੁ ਕਾਲੁ
ਸੰਤਾਪੈ – ਉਸ ਸੱਚੇ ਦੀ ਬਖ਼ਸ਼ਿਸ਼ ਤੋਂ ਬਿਨਾਂ ਮੌਤ ਦਾ ਦੁਖ ਸਤਾਉਂਦਾ ਹੀ ਸਤਾਉਂਦਾ ਹੈ। ਬਿਨੁ ਨਾਵੈ
– ਬਖ਼ਸ਼ਿਸ਼ ਤੋ ਬਿਨਾਂ। ਤਤੋ ਤਤੁ ਮਿਲੈ – ਇਸ ਸਿਰੇ ਦੇ ਸੱਚ ਨੂੰ ਸੱਚ ਕਰਕੇ, ਮਨ ਕਰਕੇ ਮੰਨੇ। ਦੂਜਾ
ਜਾਏ ਇਕਤੁ ਘਰਿ ਆਨੈ – ਜਦ ਕੋਈ ਮੰਨਦਾ ਹੈ ਤਾ ਹਿਰਦੇ ਰੂਪੀ ਘਰ ਵਿੱਚ ਇਕੁ ਉੱਪਰ ਭਰੋਸਾ ਲਿਆਉਣ
ਨਾਲ, ਦੂਜਾ ਜੋ ਕਿਸੇ ਹੋਰ (ਦੇਹਧਾਰੀ) ਉੱਪਰ ਜੋ ਭਰੋਸਾ ਹੈ ਫਿਰ ਚਲਾ ਜਾਂਦਾ ਹੈ। ਬੋਲੈ ਪਵਨਾ
ਗਗਨੁ ਗਰਜੈ – ਬੋਲੈ ਪਵਨਾ – ਬੋਲੈ – ਬੋਲਣਾ, ਆਖਣਾ, ਗੱਲਾ ਕਰਨੀਆਂ। ਪਵਨਾ – ਹਵਾ। ਬੋਲੈ ਪਵਨਾ –
ਹਵਾ ਵਿੱਚ ਗੱਲਾ ਕਰਨੀਆਂ। ਇੱਕ ਸੱਚੇ ਦੇ ਸੱਚ ਉੱਪਰ ਭਰੋਸਾ ਲਿਆਉਣ ਤੋਂ ਬਗ਼ੈਰ ਹੋਰ ਕਿਸੇ ਨੂੰ
ਗਗਨੁ (ਸਰਬਵਿਆਪਕ ਕਰਤਾਰ) ਆਖਣਾ ਸਭ ਹਵਾ ਦੀਆਂ ਮਤਲਬੀ ਗੱਲਾਂ ਹਨ। ਗਰਜੈ – ਪ੍ਰਯੋਜਨ, ਮਤਲਬ ਮ:
ਕੋਸ। ਗਗਨੁ – ਸਰਬਵਿਆਪਕ ਕਰਤਾਰ ਮ: ਕੋਸ। ਨਾਨਕ ਨਿਹਚਲੁ ਮਿਲਣੁ ਸਹਜੈ – ਨਾਨਕ, ਅਡੋਲ ਨਿਹਚਲ
ਸਦੀਵੀ ਸਥਿਰ ਰਹਿਣ ਵਾਲੇ ਦੀ ਬਖ਼ਸ਼ਿਸ਼ ਪ੍ਰਾਪਤ ਕਰਨ ਵਾਸਤੇ ਆਖਦਾ ਹੈ।
ਅਰਥ: - ਹੇ ਜੋਗੀ ਤੂੰ ਆਪਣੇ ਮੁਖੀ ਨੂੰ ਪਾਰਉਤਾਰਾ ਕਰਨ ਵਾਲਾ, ਅਤੇ ਉਸ ਦੇ ਅੱਗੇ ਝੁਕਣ ਵਾਲੇ ਨੂੰ
ਵੀ ਕਾਲ ਨਹੀਂ ਖਾਂਦਾ, ਤੂੰ ਕਹਿ ਰਿਹਾ ਹੈਂ। ਇਹ ਸੱਭ ਹਵਾਈ, ਮਤਲਬੀ ਗੱਲਾਂ ਹਨ। ਮਨੁੱਖ ਦੀ ਮੌਤ
ਇੱਕ ਸਿਰੇ ਦਾ ਸੱਚ ਹੈ, ਜਿਹੜਾ ਹਰੇਕ ਦੇ ਸਿਰ ਉੱਪਰ ਮੰਡਲਾ ਰਿਹਾ ਹੈ, ਜੋ ਸੱਚੇ ਸਰਬਵਿਆਪਕ ਦੀ
ਬਖ਼ਸ਼ਿਸ਼ ਪ੍ਰਾਪਤ ਕਰਨ ਤੋ ਬਗ਼ੈਰ ਸਾਰਿਆ ਨੂੰ ਸਤਾਉਂਦਾ ਹੀ ਸਤਾਉਂਦਾ ਹੈ। ਇਸ ਕਰਕੇ ਇਸ ਸਿਰੇ ਦੇ ਸੱਚ
ਨੂੰ ਸੱਚ ਕਰਕੇ ਮੰਨੇ ਕਿ ਇੱਕ ਦਿਨ ਸਰੀਰ ਨੇ ਨਾਸ਼ ਹੋਣਾ ਹੀ ਹੈ। ਜਿਹੜਾ ਇਹ ਜਾਣ ਲੈਂਦਾ ਹੈ, ਉਸਦਾ
ਫਿਰ ਕਿਸੇ ਹੋਰ ਆਪਣੇ ਆਪ ਨੂੰ ਰੱਬ ਅਖਵਾਉਣ ਵਾਲੇ ਤੋਂ ਭਰੋਸਾ ਉੱਠ ਜਾਂਦਾ ਹੈ ਅਤੇ ਇੱਕ ਸੱਚੇ
ਸਰਬਵਿਆਪਕ ਉੱਪਰ ਵਿੱਚ ਨਿਹਚਾ ਟਿਕ ਜਾਂਦਾ ਹੈ। ਹੇ ਭਾਈ, ਨਾਨਕ ਆਖਦਾ ਹੈ, ਇੱਕ ਸੱਚੇ ਸਰਬਵਿਆਪਕ
ਦੀ ਬਖ਼ਸ਼ਿਸ਼ ਤੋ ਬਗ਼ੈਰ ਕਿਸੇ ਹੋਰ ਨੂੰ ਸਰਬਵਿਆਪਕ ਬਖ਼ਸ਼ਿਸ਼ ਕਰਨ ਵਾਲਾ ਸਮਝਣਾ ਸਭ ਹਵਾਈ, ਮਤਲਬੀ,
ਬੇਲੋੜੀਆ ਗੱਲਾਂ ਹਨ। ਦਰਅਸਲ ਨਿਹਚਲ, ਸਦੀਵੀ, ਸਦਾ ਸਥਿਰ ਰਹਿਣ ਵਾਲੇ ਇਕੁ ਦੀ ਬਖ਼ਸ਼ਿਸ ਪ੍ਰਾਪਤ ਕਰਨ
ਵਾਲਾ ਅਡੋਲ ਹੀ ਇਹ ਸੱਚ ਜਾਣ ਜਾਂਦਾ ਹੈ।
ਅਉਧੂ ਦਾ ਸਵਾਲ: -
ਅੰਤਰਿ ਸੁੰਨੰ ਬਾਹਰਿ ਸੁੰਨੰ ਤ੍ਰਿਭਵਣ ਸੁੰਨ ਮਸੁੰਨੰ।।
ਚਉਥੇ ਸੁੰਨੈ ਜੋ ਨਰੁ ਜਾਣੈ ਤਾ ਕਉ ਪਾਪੁ ਨ ਪੁੰਨੰ।।
ਘਟਿ ਘਟਿ ਸੁੰਨ ਕਾ ਜਾਣੈ ਭੇਉ।। ਆਦਿ ਪੁਰਖੁ ਨਿਰੰਜਨ ਦੇਉ।।
ਜੋ ਜਨੁ ਨਾਮ ਨਿਰੰਜਨ ਰਾਤਾ।।
ਨਾਨਕ ਸੋਈ ਪੁਰਖੁ ਬਿਧਾਤਾ।। ੫੧।।
ਪਦ ਅਰਥ: - ਸੁੰਨੰ – ਪਰਗਟ ਕਰਨਾ, ਚੰਗੀ ਤਰ੍ਹਾਂ ਜਾਨਣ ਦੀ ਕ੍ਰਿਯਾ, ਭਾਵ ਸਹੀ ਰੂਪ ਵਿੱਚ ਜਾਣ
ਲੈਣਾ। ਸੁੰਨੰ ਦੇ ਅਰਥ ਜੇਕਰ ਪੰਜਾਬੀ ਰੋਮਨ ਇੰਗਲਿਸ਼ ਡਿਕਸ਼ਨਰੀ ਭਾਈ ਮਾਯਾ ਸਿੰਘ ਹੋਰਾਂ ਵਾਲੀ ਤੋ
ਵੇਖੀਏ ਤਾ ਉਹ ਸੁੰਨ ਦੇ ਅਰਥ ਕਰਦੇ ਹਨ (sensation)
ਅਤੇ ਸੰਸੇਸ਼ਨ ਦੇ ਅਰਥ ਅੰਗਰੇਜ਼ੀ ਪੰਜਾਬੀ ਡਿਕਸ਼ਨਰੀ ਦੇ ਵਿੱਚ ਹਨ, ਸੰਵੇਦਨ – ਅਤੇ ਸੰਵੇਦਨ ਅਰਥ
ਮਹਾਨ ਕੋਸ਼ ਵਿੱਚ ਹਨ - ਪਰਗਟ ਕਰਨਾ, ਚੰਗੀ ਤਰ੍ਹਾਂ ਜਾਣ ਲੈਣ ਦੀ ਕ੍ਰਿਯਾ। ਤ੍ਰਿਭਵਣ ਸੁੰਨ ਮਸੁੰਨੰ
– ਤਿੰਨਾਂ ਭਵਣਾਂ ਵਿੱਚ ਪ੍ਰਤੱਖ ਰੂਪ, ਅਫੁਰ ਪਾਰਬ੍ਰਹਮ। ਚਉਥੇ ਸੁੰਨੈ ਜੋ ਨਰ ਜਾਣੈ – ਚੌਥੀ ਗੱਲ
ਜਿਹੜਾ ਨਰ ਉਸ ਨੂੰ ਇਸ ਤਰ੍ਹਾਂ ਜਾਣ ਲੈਦਾ ਹੈ। ਤਾ ਕਉ ਪਾਪੁ ਨ ਪੁੰਨੰ – ਉਸਨੂੰ ਪਾਪ ਅਤੇ ਪੁੰਨ
ਨਹੀ ਸਤਾਉਦੇ। ਘਟਿ ਘਟਿ ਸੁੰਨ ਕਾ ਜਾਣੈ ਭੇਉ – ਇਸ ਭੇਦ ਨੂੰ ਚੰਗੀ ਤਰ੍ਹਾਂ ਸਮਝ ਕਿ ਘਟਿ ਘਟਿ
ਵਿੱਚ ਉਹ ਰੰਮਿਆ ਹੋਇਆ ਹੈ। ਆਦਿ ਪੁਰਖੁ ਨਿਰੰਜਨ ਦੇਉ – ਉਹ ਸਾਡੇ ਮੁਖੀ ਨੂੰ ਹੀ ਆਦਿ ਪੁਰਖ
ਨਿਰੰਜਨ ਬਖ਼ਸ਼ਿਸ਼ ਕਰਨ ਵਾਲਾ ਕਰਕੇ ਜਾਣਦਾ ਹੈ। ਦੇਉ – ਬਖ਼ਸ਼ਿਸ਼ ਕਰਨ ਵਾਲਾ। ਜੋ ਜਨ ਨਾਮ ਨਿਰੰਜਨ ਰਾਤਾ
– ਜਿਹੜਾ ਵਿਅਕਤੀ ਉਸਦੇ ਨਾਮ ਸੱਚ ਵਿੱਚ ਰੰਗਿਆ ਜਾਂਦਾ ਹੈ। ਨਾਨਕ ਸੋਈ ਪੁਰਖੁ ਬਿਧਾਤਾ – ਹੇ
ਨਾਨਕ, ਉਹ ਉਸਨੂੰ ਹੀ ਰੰਮਿਆ ਹੋਇਆ ਕਰਤਾ ਪੁਰਖ ਸਿਰਜਣਹਾਰ ਸਮਝਦਾ ਹੈ। ਬਿਧਾਤਾ – ਸਿਰਜਣਹਾਰ। ਸੋਈ
- ਸਰਬਵਿਆਪਕ। ਨਾਮ – ਸੱਚ।
ਅਰਥ: - ਜੋਗੀ ਵਲੋਂ ਨਾਨਕ ਨੂੰ ਸੰਬੋਧਨ ਹੋ ਕੇ। ਹੇ ਨਾਨਕ, ਨੰ: ਇੱਕ ਸਾਡਾ ਮੁਖੀ ਹੀ ਅੰਦਰ ਹੈ।
ਨੰਬਰ ਦੋ ਸਾਡਾ ਮੁਖੀ ਹੀ ਬਾਹਰ ਹੈ। ਨੰਬਰ ਤਿੰਨ ਤਿੰਨਾ ਭਵਣਾਂ ਵਿੱਚ ਵੀ ਰੰਮਿਆ ਹੋਇਆ ਹੈ। ਚੌਥੀ
ਗੱਲ ਇਹ ਜਾਨਣ ਵਾਲੀ ਹੈ ਜਿਹੜਾ ਮਨੁੱਖ ਸਾਡੇ ਮੁਖੀ ਨੂੰ ਇਸ ਤਰ੍ਹਾਂ ਜਾਣ ਲੈਂਦਾ ਹੈ। ਜੋ ਜਾਣ
ਲੈਦਾ ਹੈ ਉਸਨੂੰ ਪਾਪ ਪੁੰਨ ਨਹੀ ਲਗਦੇ। ਕਿਉਕਿ ਉਹ ਚੰਗੀ ਤਰ੍ਹਾਂ ਘਟਿ ਘਟਿ ਵਿੱਚ ਇਸਦੇ ਰੰਮੇ ਹੋਏ
ਭੇਦ ਨੂੰ ਜਾਣ ਲੈਦਾ ਹੈ, ਕਿਉਕਿ ਇਹ (ਸਾਡਾ ਮੁਖੀ) ਹੀ ਆਦਿ ਪੁਰਖ ਨਿਰੰਜਨ, ਬਗੈਰ ਕਿਸੇ ਭੇਦ ਭਾਵ
ਦੇ ਬਖ਼ਸ਼ਿਸ਼ ਕਰਨ ਵਾਲਾ ਹੈ। ਜਿਹੜਾ ਵਿਅਕਤੀ ਉਸਦੇ ਨਾਮ ਸੱਚ ਵਿੱਚ ਰੰਗਿਆ ਜਾਂਦਾ ਹੈ, ਹੇ ਨਾਨਕ! ਉਹ
ਉਸਨੂੰ (ਸਾਡੇ ਮੁਖੀ) ਨੂੰ ਹੀ ਕਰਤਾ ਪੁਰਖ ਸਿਰਜਣਹਾਰ ਸਮਝਦਾ ਹੈ।
ਨਾਨਕ ਪਾਤਸਾਹ ਜੀ ਦਾ ਜਵਾਬ: -
ਸੁੰਨੋ ਸੁੰਨੁ ਕਹੈ ਸਭੁ ਕੋਈ।।
ਅਨਹਤ ਸੁੰਨੁ ਕਹਾ ਤੇ ਹੋਈ।।
ਅਨਹਤ ਸੁੰਨਿ ਰਤੇ ਸੇ ਕੈਸੇ।।
ਜਿਸ ਤੇ ਉਪਜੇ ਤਿਸ ਹੀ ਜੈਸੇ।।
ਓਇ ਜਨਮਿ ਨ ਮਰਹਿ ਨ ਆਵਹਿ ਜਾਹਿ।।
ਨਾਨਕ ਗੁਰਮੁਖਿ ਮਨੁ ਸਮਝਾਹਿ।। ੫੨।।
ਪਦ ਅਰਥ: - ਸੁੰਨੋ ਸੁੰਨੁ ਕਹੈ ਸਭੁ ਕੋਈ – ਤਮਾਮ ਲੋਕ ਆਪਣੇ ਆਪ ਨੂੰ ਹੀ ਸਹੀ ਰੂਪ ਵਿੱਚ
ਕਰਤਾ ਜਾਣ ਲੈਣ ਲਈ ਕਹਿੰਦੇ ਹਨ। ਅਨਹਤ ਸੁੰਨੁ ਕਹਾ ਤੇ ਹੋਈ – ਉਹ ਲੋਕ ਜੋ ਆਪਣੇ ਆਪ ਨੂੰ ਕਰਤਾ
ਅਖਵਾਉਣ ਵਾਲਿਆਂ ਨੂੰ ਸਹੀ ਰੂਪ ਵਿੱਚ ਇੱਕ ਰਸ ਰੰਮਿਆ ਹੋਇਆ ਮੰਨਦੇ ਹਨ, ਉਨ੍ਹਾਂ ਦੇ ਕਹਿਣ ਨਾਲ
ਕੋਈ ਮਨੁੱਖ ਇੱਕ ਰਸ ਰੰਮਿਆ ਹੋਇਆ ਨਹੀਂ ਹੋ ਸਕਦਾ। ਅਨਹਤ ਸੁੰਨਿ ਰਤੇ ਸੇ ਕੈਸੇ – ਆਪਣੇ ਆਪ ਨੂੰ
ਅਨਹਤ ਇੱਕ ਰਸ ਰੰਮੇ ਹੋਏ ਜਾਨਣ ਵਾਲੇ ਕੈਸੀ ਕਿਸਮ ਦੇ ਲੋਕ ਹਨ। ਜਿਸਤੇ ਉਪਜੇ ਤਿਸ ਹੀ ਜੈਸੇ – ਜਿਸ
ਕਰਤੇ ਦੀ ਬਖ਼ਸ਼ਿਸ਼ ਨਾਲ ਉਨ੍ਹਾਂ ਦੀ ਪੈਦਾਇਸ਼ ਹੋਈ ਹੈ, ਉਸ ਜੈਸੇ ਹੀ ਆਪਣੇ ਆਪ ਨੂੰ ਸਮਝਦੇ ਹਨ, ਭਾਵ
ਕਿਵੇ ਕਰਤੇ ਦੀ ਬਰਾਬਰੀ ਕਰ ਸਕਦੇ ਹਨ। ਓਇ ਜਨਮਿ ਨ ਮਰਹਿ ਨ ਆਵਹਿ ਜਾਹਿ – ਪਰ ਉਹ ਰੰਮਿਆ ਹੋਇਆ
ਕਰਤਾ ਤਾਂ ਜਨਮ-ਮਰਣ ਵਿੱਚ ਨਹੀਂ ਆਉਂਦਾ। ਜੋ ਜੰਮਦਾ ਹੈ ਉਹ ਮਰਦਾ ਜ਼ਰੂਰ ਹੈ। ਨਾਨਕ ਗੁਰਮੁਖਿ ਮਨੁ
ਸਮਝਾਇ – ਹੇ ਭਾਈ, ਨਾਨਕ ਆਖਦਾ ਹੈ ਕਿ ਸੱਚ ਰੂਪ ਕਰਤੇ ਨੂੰ ਹੀ ਸੱਚ ਕਰਕੇ ਮੰਨਣ ਵਾਲੇ ਨੂੰ ਇਹ
ਸਮਝ ਪੈਂਦੀ ਹੈ ਕਿ ਸੱਚ ਰੂਪ ਕਰਤਾ ਆਪ ਹੀ ਰੰਮਿਆ ਹੋਇਆ ਹੈ। ਮਨੁ – ਮੰਨਣ ਨਾਲ। ਸਮਝਾਹਿ – ਸਮਝ
ਆਉਂਦੀ ਹੈ।
ਅਰਥ: - ਇਸ ਤਰ੍ਹਾਂ ਤਮਾਮ ਲੋਕ ਆਪਣੇ ਆਪ ਨੂੰ ਸਹੀ ਰੂਪ ਵਿੱਚ ਕਰਤਾ ਜਾਣ ਲੈਣ ਲਈ ਆਖਦੇ ਹਨ, ਅਤੇ
ਉਹ ਲੋਕ ਜੋ ਉਨ੍ਹਾਂ ਵਿੱਚੋਂ ਕਿਸੇ ਇੱਕ ਆਪਣੇ ਆਪ ਨੂੰ ਕਰਤਾ ਅਖਵਾਉਣ ਵਾਲੇ ਨੂੰ ਸਹੀ ਰੂਪ ਵਿੱਚ
ਇੱਕ ਰਸ ਰੰਮਿਆ ਹੋਇਆ ਮੰਨਦੇ ਹਨ, ਉਨ੍ਹਾਂ ਦੇ ਕਹਿਣ ਨਾਲ ਕੋਈ ਮਨੁੱਖ ਇੱਕ ਰਸ ਰੰਮਿਆ ਹੋਇਆ ਕਰਤਾ
ਨਹੀਂ ਬਣ ਸਕਦਾ। ਜਿਹੜੇ ਆਪਣੇ ਆਪ ਨੂੰ ਇੱਕ ਰਸ ਰੰਮੇ ਹੋਏ ਸਮਝਣ ਵਾਲੇ ਹਨ ਉਹ ਕੈਸੀ ਕਿਸਮ ਦੇ ਲੋਕ
ਹਨ। ਜਿਸ ਕਰਤੇ ਦੀ ਬਖ਼ਸ਼ਿਸ਼ ਨਾਲ ਉਨ੍ਹਾਂ ਦੀ ਆਪਣੀ ਪੈਦਾਇਸ਼ ਹੋਈ ਹੈ, ਉਸ ਜੈਸੇ ਹੀ ਆਪਣੇ ਆਪ ਨੂੰ
ਸਮਝਦੇ ਹਨ, ਭਾਵ ਉਸ ਕਰਤੇ ਦੀ ਹੀ ਬਰਾਬਰੀ ਕਰਦੇ ਹਨ। ਪਰ ਸੱਚ ਇਹ ਹੈ ਕਿ ਉਹ ਅਨਹਤ ਇੱਕ ਰਸ ਰੰਮਿਆ
ਹੋਇਆ ਜੋ ਕਰਤਾ ਹੈ, ਉਹ ਜਨਮ ਮਰਣ ਵਿੱਚ ਨਹੀਂ ਆਉਂਦਾ। ਜੋ ਜਨਮ ਲੈਂਦਾ ਹੈ ਉਸ ਦੀ ਮੌਤ ਜ਼ਰੂਰ
ਹੁੰਦੀ ਹੈ। ਜਨਮ ਲੈ ਕੇ ਮਰ ਜਾਣ ਵਾਲਾ ਕਰਤਾ ਨਹੀਂ ਹੋ ਸਕਦਾ। ਹੇ ਭਾਈ, ਨਾਨਕ ਆਖਦਾ ਹੈ ਕਿ ਸੱਚ
ਰੂਪ ਕਰਤੇ ਨੂੰ ਸੱਚ ਕਰਕੇ ਮੰਨਣ ਵਾਲੇ ਨੂੰ ਹੀ ਇਹ ਸਮਝ ਪੈਂਦੀ ਹੈ ਕਿ ਸੱਚ ਉਹ ਆਪ ਹੀ ਸਿਰਜਣਹਾਰ
ਅਤੇ ਰੰਮਿਆ ਹੋਇਆ ਹੈ।
ਬਲਦੇਵ
ਸਿੰਘ ਟੋਰਾਂਟੋ