.

ੴ ਸਤਿਗੁਰ ਪ੍ਰਸਾਦਿ॥
ਗੁਰੂ ਗਰੰਥ ਸਾਹਿਬ ਅਨੁਸਾਰ ਅਕਾਲ ਤਖ਼ਤ ਦੀ ਹੋਂਦ!

ਜਿਵੇਂ ਸਾਨੂੰ ਜਾਣਕਾਰੀ ਪਰਾਪਤ ਹੁੰਦੀ ਹੈ ਕਿ ਗੁਰੂ ਅਰਜਨ ਸਾਹਿਬ ਨੇ ਸਾਰੀ ਬਾਣੀ ਨੂੰ ਰਾਗਾਂ ਅਨੁਸਾਰ ਵਿਉਂਤਬੱਧ ਕੀਤਾ ਅਤੇ ਭਾਈ ਗੁਰਦਾਸ ਜੀ ਤੋਂ ਲਿਖਾਈ ਆਰੰਭ ਕਰਵਾਈ। ਇਸ ਕਾਰਜ ਨੂੰ ਸ਼ੁਰੂ ਕਰਨ ਤੋਂ ਪਹਿਲਾਂ, (ਗੁਰੂ) ਹਰਿਗੋਬਿੰਦ ਜੀ ਦਾ ਜਨਮ ਅੰਮ੍ਰਿਤਸਰ ਦੇ ਨੇੜੇ ਪਿੰਡ ਵਡਾਲੀ ਵਿਖੇ ੧੯ ਜੂਨ ੧੫੯੫ ਨੂੰ ਹੋਇਆ। ਇਹ ਸੁਭਾਵਕ ਹੈ ਕਿ ਜਦੋਂ ਗਰੰਥ ਸਾਹਿਬ ਦੀ ਬੀੜ ਤਿਆਰ ਕੀਤੀ ਜਾ ਰਹੀ ਸੀ ਤਾਂ ਮਾਤਾ ਗੰਗਾ ਜੀ ਅਤੇ (ਗੁਰੂ) ਹਰਿਗੋਬਿੰਦ ਜੀ ਜ਼ਰੂਰ ਹੀ ਦੇਖਦੇ ਹੋਣਗੇ ਕਿ ਕਿਵੇਂ ਸਤਿਕਾਰ ਨਾਲ ਗੁਰਬਾਣੀ ਲਿਖੀ ਜਾ ਰਹੀ ਹੈ ਅਤੇ ਸ਼ਬਦ-ਵਿਚਾਰ ਸਮੇਂ ਭੀ ਹਾਜ਼ਰੀ ਭਰਦੇ ਹੋਣਗੇ। (ਗੁਰੂ) ਗਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਦਰਬਾਰ ਸਾਹਿਬ ਵਿਖੇ ੧੬ ਅਗਸਤ ੧੬੦੪ ਨੂੰ ਕੀਤਾ ਗਿਆ। ਪ੍ਰੰਤੂ ਉਸ ਤੋਂ ਬਾਅਦ ਮੁਗਲ ਰਾਜੇ ਜਹਾਂਗੀਰ ਦੇ ਹੁਕਮ ਅਨੁਸਾਰ ਗੁਰੂ ਅਰਜਨ ਸਾਹਿਬ ਨੂੰ ਲਾਹੌਰ ਵਿਖੇ ੩੦ ਮਈ ੧੬੦੬ ਨੂੰ ਸ਼ਹੀਦ ਕਰ ਦਿੱਤਾ ਗਿਆ ਤੇ ਗੁਰੂ ਹਰਿਗੋਬਿੰਦ ਸਾਹਿਬ ਨੂੰ ਗੁਰਗੱਦੀ ਦੀ ਜ਼ੁਮੇਵਾਰੀ ਸੰਭਾਲ ਦਿੱਤੀ ਗਈ।
ਇੰਜ, ਸ਼ਹੀਦੀ ਤੋਂ ਬਾਅਦ ਸੰਗਤਾਂ ਦੁਰ ਦੂਰ ਤੋਂ ਦਰਬਾਰ ਸਾਹਿਬ ਵਿਖੇ ਆਉਂਣ ਲਗ ਪਈਆਂ ਅਤੇ ਉਨ੍ਹਾਂ ਦੀ ਸਹੂਲਤ ਲਈ ਦਰਬਾਰ ਸਾਹਿਬ ਦੇ ਨੇੜੇ ਹੀ ਇੱਕ ਥੜਾ ਤਿਆਰ ਕੀਤਾ ਗਿਆ ਤਾਂ ਜੋ ਸੰਗਤ ਦੂਰ ਦੂਰ ਤੱਕ ਬੈਠ ਕੇ, ਗੁਰ - ਓਪਦੇਸ਼ ਸੁਣ ਸਕਣ। ਹੌਲੀ ਹੌਲੀ ਇਹ ਅਸਥਾਨ ਇੱਕ ਗੁਰਦੁਆਰਾ ਸਾਹਿਬ ਦੇ ਰੂਪ ਵਿੱਚ ਕਾਇਮ ਹੋ ਗਿਆ, ਜਿਸ ਨੂੰ ਮਿਸਲਾਂ ਸਮੇਂ ਅਕਾਲ ਬੁੰਗਾ ਕਿਹਾ ਜਾਣ ਲੱਗ ਪਿਆ ਕਿਉਂਕਿ ਇਹ ਸਾਰਿਆਂ ਲਈ ਸਾਂਝਾ ਸੀ ਅਤੇ ਬਾਕੀ ਦੇ ਬੁੰਗੇ ਆਪਣੀਆਂ ਆਪਣੀਆਂ ਮਿਸਲਾਂ ਦੇ ਆਪਣੇ ਸਨ ਜਿਥੇ ਉਹ ਆ ਕੇ ਠਹਿਰਦੇ ਅਤੇ ਵਿਚਾਰਾਂ ਕਰਦੇ। ਪਰ, ਗੁਰੂ ਹਰਿਗੋਬਿੰਦ ਸਾਹਿਬ ਭੀ ਪਹਿਲੇ ਗੁਰੂ ਸਾਹਿਬਾਨ ਅਨੁਸਾਰ ਗੁਰਬਾਣੀ ਦਾ ਹੀ ਓਪਦੇਸ਼ ਸੰਗਤਾਂ ਨਾਲ ਸਾਝਾਂ ਕਰਦੇ ਰਹੇ। ਇਸ ਲਈ, ਉਨ੍ਹਾਂ ਨੂੰ ‘ਤਖਤ’ ਦੀ ਹੋਂਦ ਤੇ ਵਿਆਖਿਆ ਬਾਰੇ ਪੂਰਾ ਗਿਆਨ ਸੀ ਕਿ ਅਕਾਲ ਪੁਰਖ ਦਾ ਤਖਤ ਤਾਂ ਸਾਰੇ ਸੰਸਾਰ ਵਿਖੇ ਹੈ। ਕਈ ਵਿਦਵਾਨਾਂ ਦਾ ਵਿਚਾਰ ਹੈ ਕਿ ਅਕਾਲ ਤਖਤ ਅਤੇ ਜਥੇਦਾਰ ਦੀ ਹੋਂਦ ੧੯੨੦ ਸਮੇਂ ਹੋਈ ਜਦੋਂ ਗੁਰਦੁਆਰਾ ਸੁਧਾਰ ਲਹਿਰ ਸਮੇਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ। ਜੇ ਅਕਾਲ ਤਖਤ ਸਾਹਿਬ ਅਤੇ ਜਥੇਦਾਰੀ ਦਾ ਸਿਧਾਂਤ, ਗੁਰੂ ਹਰਿਗੋਬਿੰਦ ਸਾਹਿਬ ਨੇ ਚਲਾਇਆ ਹੁੰਦਾ ਤਾਂ ਇਸ ਬਾਰੇ ਜਾਣਕਾਰੀ, ਹੁਕਮਨਾਮਾ ਮਿਤੀ ੧੮ ਮਾਰਚ ੧੮੮੭ ਈਸਵੀ ਦੁਆਰਾ ਜ਼ਰੂਰ ਦਿੱਤੀ ਹੁੰਦੀ {ਦੇਖੋ ਪ੍ਰੋਫੈਸਰ ਗੁਰਮੁਖ ਸਿੰਘ ਦੇ ਖਿਲਾਫ ਹੁਕਮਨਾਮਾ ਪੰਨਾ ੬੩-੬੪ ਕਿਤਾਬ: “ਹੁਕਮਨਾਮੇ ਆਦੇਸ਼ ਸੰਦੇਸ਼…ਸ੍ਰੀ ਅਕਾਲ ਤਖ਼ਤ ਸਾਹਿਬ”, ਸੰਪਾਦਕ ਰੂਪ ਸਿੰਘ (ਜੂਨ, ੨੦੦੩)। ਪਰ, ਇਸ ਵਿੱਚ ਅਕਾਲ ਤਖ਼ਤ ਸਾਹਿਬ, ਹੋਰ ਤਖ਼ਤਾਂ ਅਤੇ ਜਥੇਦਾਰਾਂ ਬਾਰੇ ਕੋਈ ਜ਼ਿਕਰ ਨਹੀਂ ਹੈ!
ਇਵੇਂ ਹੀ ਇਸ ਦੇ ਪ੍ਰਬੰਧ ਬਾਰੇ ਕੋਈ ਵੱਖਰੀ ਜਾਣਕਾਰੀ ਨਹੀਂ ਮਿਲ ਰਹੀ। “ਦੀ ਸਿੱਖ ਗੁਰਦੁਆਰਾ ਐਕਟ ੧੯੨੫” ਅਨੁਸਾਰ ਹੁਣ ਪੰਜਾਂ ਤੱਖਤਾਂ ਦੇ ਹੈੱਡ ਮਨਿਸਿਟਰਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵਾਂਗ ਮਾਣਤਾ ਦਿੱਤੀ ਗਈ ਹੈ। {ਦੇਖੋ ਸਿਕਸ਼ਿਨ ੪੩-ਏ} ਇਸ ਐਕਟ ਅਨੁਸਾਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਰਤਾ-ਧਰਤਾ ਦੀ ਜ਼ੁਮੇਵਾਰੀ ਸਿਰਫ ਇਹੀ ਹੈ ਕਿ ਉਹ ਗੁਰੂ ਓਪਦੇਸ਼ਾਂ ਅਨੁਸਾਰ ਇਤਹਾਸਕ ਗੁਰਦੁਆਰਿਆਂ ਦੀ ਦੇਖ-ਭਾਲ ਕਰਨੀ ਅਤੇ ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਬਾਣੀ ਦਾ ਹੀ ਪਰਚਾਰ ਕਰਨਾ। ਸਿੱਖਾਂ ਨੂੰ ਇਹ ਭੀ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਉਸ ਦੇ ਔਹਦੇਦਾਰਾਂ ਦਾ ਅਧਿਕਾਰ ਖੇਤਰ ਸਿਰਫ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਤੱਕ ਹੀ ਸੀਮਤ ਹੈ। ਇਸ ਕਰਕੇ ਹੀ ਬਿਹਾਰ, ਮਾਹਾਰਾਸ਼ਟਰਾ ਤੇ ਦਿੱਲੀ ਵਿਖੇ ਇਤਹਾਸਕ ਗੁਰਦੁਆਰਿਆਂ ਦੀ ਦੇਖ-ਭਾਲ ਲਈ ਅਲੱਗ ਅਲੱਗ ਕਮੇਟੀਆਂ ਬਣੀਆਂ ਹੋਈਆਂ ਹਨ ਅਤੇ ਹੁਣ ਹਰਿਆਣਾ ਵਿਖੇ ਰਹਿੰਦੇ ਸਿੱਖ ਭੀ ਆਪਣੀ ਵੱਖਰੀ ਕਮੇਟੀ ਬਣਾਉਂਣ ਲਈ ਓਪਰਾਲਾ ਕਰ ਰਹੇ ਹਨ।
ਇਸ ਲਈ ਸਾਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਹੁਕਮ ਸਦਾ ਯਾਦ ਰੱਖਣਾ ਚਾਹੀਦਾ:
“ਸੱਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨੀਓ ਗਰੰਥ” {ਗੁਰੂ ਗਰੰਥ ਸਾਹਿਬ)
ਗੁਰੂ ਗਰੰਥ ਸਾਹਿਬ ਵਿੱਚ “ਤਖਤਿ, ਤਖਤੁ, ਤਖਤ, ਤਖਤੈ” ਦਾ ਹਵਾਲਾ ਕਈ ਸ਼ਬਦਾਂ ਦੁਆਰਾ ਮਿਲਦਾ ਹੈ, ਜਿਵੇਂ
੧੪: ਰਾਗੁ ਸਿਰੀਰਾਗੁ ਮਹਲਾ ਪਹਿਲਾ ੧ ਘਰੁ ੧॥ ਸੁਲਤਾਨੁ ਹੋਵਾ ਮੇਲਿ ਲਸਕਰ ਤਖਤਿ ਰਾਖਾ ਪਾਉ॥
੧੭੯: ਗਉੜੀ ਗੁਆਰੇਰੀ ਮਹਲਾ ੫॥ ਤਖਤੁ ਸਭਾ ਮੰਡਨ ਦੋਲੀਚੇ॥ ਸਗਲ ਮੇਵੇ ਸੁੰਦਰ ਬਾਗੀਚੇ॥
੩੫੫: ਆਸਾ ਮਹਲਾ ੧॥ ਸਚੈ ਤਖਤਿ ਬੁਲਾਵੈ ਸੋਇ॥ ਦੇ ਵਡਿਆਈ ਕਰੇ ਸੁ ਹੋਇ॥ ੨॥
੪੧੧: ਰਾਗੁ ਆਸਾ ਮਹਲਾ ੧ ਅਸਟਪਦੀਆ ਘਰੁ ੨: ਤਖਤ ਨਿਵਾਸੀ ਪੰਚ ਸਮਾਇ॥ ਕਾਰ ਕਮਾਈ ਖਸਮ ਰਜਾਇ॥
੫੧੫: ਗੂਜਰੀ ਕੀ ਵਾਰ ਮਹਲਾ ੩॥ ਪਉੜੀ॥ ਹਰਿ ਕੈ ਤਖਤਿ ਬਹਾਲੀਐ ਨਿਜ ਘਰਿ ਸਦਾ ਵਸੀਜੈ॥ (੧੬)
੫੬੨: ਵਡਹੰਸੁ ਮਹਲਾ ੫॥ ਸਚੁ ਹੁਕਮੁ ਤੁਮਾਰਾ ਤਖਤਿ ਨਿਵਾਸੀ॥ ਆਇ ਨ ਜਾਵੈ ਮੇਰਾ ਪ੍ਰਭੁ ਅਬਿਨਾਸੀ॥ (੩)
੫੮੦: ਵਡਹੰਸੁ ਮਹਲਾ ੧ ਦਖਣੀ॥ ਕੁਦਰਤਿ ਤਖਤੁ ਰਚਾਇਆ ਸਚਿ ਨਿਬੇੜਣਹਾਰੋ॥ (੨)
੭੦੭: ਜੈਤਸਰੀ ਮਹਲਾ ੫ ਵਾਰ ਸਲੋਕਾ ਨਾਲਿ॥ ਅਨਿਕ ਲੀਲਾ ਰਾਜ ਰਸ ਰੂਪੰ ਛਤ੍ਰ ਚਮਰ ਤਖਤ ਆਸਨੰ॥
੭੬੨: ਸੂਹੀ ਮਹਲਾ ੧ ਸੁਚਜੀ॥ ਭਾਣੈ ਤਖਤਿ ਵਡਾਈਆ ਭਾਣੈ ਭੀਖ ਉਦਾਸਿ ਜੀਉ॥
੭੮੫: ਵਾਰ ਸੂਹੀ ਕੀ ਸਲੋਕਾ ਨਾਲਿ ਮਹਲਾ ੩॥ ਪਉੜੀ॥ ਆਪੇ ਤਖਤੁ ਰਚਾਇਓਨੁ ਆਕਾਸ ਪਤਾਲਾ॥
੮੪੦: ਬਿਲਾਵਲੁ ਮਹਲਾ ੧ ਥਿਤੀ ਘਰੁ ੧੦ ਜਤਿ॥ ਤਖਤਿ ਨਿਵਾਸੁ ਸਚੁ ਮਨਿ ਭਾਣੈ॥ (੧੭)
੯੦੭: ਰਾਮਕਲੀ ਦਖਣੀ ਮਹਲਾ ੧॥ ਸਚੈ ਤਖਤਿ ਸਚ ਮਹਲੀ ਬੈਠੇ ਨਿਰਭਉ ਤਾੜੀ ਲਾਈ॥ (੮)
੯੨੪: ਰਾਮਕਲੀ ਮਹਲਾ ੫ ਛੰਤ॥ ਕਹੁ ਨਾਨਕ ਥਿਰੁ ਤਖਤਿ ਨਿਵਾਸੀ ਸਚੁ ਤਿਸੈ ਦੀਬਾਣੋ॥ (੩)
੯੪੭: ਰਾਮਕਲੀ ਕੀ ਵਾਰ ਮਹਲਾ ੩॥ ਪਉੜੀ॥ ਸਚੈ ਤਖਤੁ ਰਚਾਇਆ ਬੈਸਣ ਕਉ ਜਾਈ॥
੯੪੯: ਰਾਮਕਲੀ ਕੀ ਵਾਰ ਮਹਲਾ ੩॥ ਪਉੜੀ॥ ਸਚਾ ਆਪਿ ਤਖਤੁ ਸਚਾ ਬਹਿ ਸਚਾ ਕਰੇ ਨਿਆਉ॥
੯੬੪: ਰਾਮਕਲੀ ਕੀ ਵਾਰ ਮਹਲਾ ੩॥ ਪਉੜੀ॥ ਵਡਾ ਤੇਰਾ ਦਰਬਾਰੁ ਸਚਾ ਤੁਧੁ ਤਖਤੁ॥
੯੬੬: ਰਾਮਕਲੀ ਕੀ ਵਾਰ ਰਾਇ ਬਲਵੰਡਿ ਤਥਾ ਸਤੈ ਡੂਮਿ ਆਖੀ॥ ਝੁਲੈ ਸੁ ਛਤੁ ਨਿਰੰਜਨੀ ਮਲਿ ਤਖਤੁ ਬੈਠਾ ਗੁਰ
ਹਟੀਐ॥
੯੬੭: ਨਾਨਕੁ ਕਾਇਆ ਪਲਟੁ ਕਰਿ ਮਲਿ ਤਖਤੁ ਬੈਠਾ ਸੈ ਡਾਲੀ॥
੯੬੮: ਤਖਤਿ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੈ ਚੰਦੋਆ॥
੯੯੨: ਮਾਰੂ ਮਹਲਾ ੧॥ ਰਾਜਾ ਤਖਤਿ ਟਿਕੈ ਗੁਣੀ ਭੈ ਪੰਚਾਇਣ ਰਤੁ॥ ੧॥
੧੦੨੨: ਮਾਰੂ ਮਹਲਾ ੧॥ ਤਖਤਿ ਬਹੈ ਅਦਲੀ ਪ੍ਰਭੁ ਆਪੇ ਭਰਮੁ ਭੇਦੁ ਭਉ ਜਾਈ ਹੇ॥ ੧੦॥
੧੦੨੩: ਮਾਰੂ ਮਹਲਾ ੧॥ ਤਿਨ ਕਉ ਤਖਤਿ ਮਿਲੀ ਵਡਿਆਈ॥
ਸਾਚੀ ਨਗਰੀ ਤਖਤੁ ਸਚਾਵਾ॥ ਗੁਰਮੁਖਿ ਸਾਚੁ ਮਿਲੈ ਸੁਖੁ ਪਾਵਾ॥
ਸਾਚੇ ਸਾਚੈ ਤਖਤਿ ਵਡਾਈ ਹਉਮੈ ਗਣਤ ਗਵਾਈ ਹੇ॥ ੧੧॥
ਸਚੁ ਨਾਮੁ ਸਚੀ ਵਡਿਆਈ ਸਾਚੈ ਤਖਤਿ ਵਡਾਈ ਹੇ॥
੧੦੨੬: ਮਾਰੂ ਮਹਲਾ ੧॥ ਓਹੁ ਨਿਰਮਲੁ ਹੈ ਨਾਹੀ ਅੰਧਿਆਰਾ॥ ਓਹੁ ਆਪੇ ਤਖਤਿ ਬਹੈ ਸਚਿਆਰਾ॥
ਗੁਰ ਕੇ ਸੇਵਕ ਸਤਿਗੁਰ ਪਿਆਰੇ॥ ਓਇ ਬੈਸਹਿ ਤਖਤਿ ਸੁ ਸਬਦੁ ਵੀਚਾਰੇ॥
੧੦੩੯: ਮਾਰੂ ਮਹਲਾ ੧॥ ਤਖਤਿ ਬਹੈ ਤਖਤੈ ਕੀ ਲਾਇਕ॥ ਪੰਚ ਸਮਾਏ ਗੁਰਮਤਿ ਪਾਇਕ॥
ਤਖਤਿ ਸਲਾਮੁ ਹੋਵੈ ਦਿਨੁ ਰਾਤੀ॥ ਇਹੁ ਸਾਚੁ ਵਡਾਈ ਗੁਰਮਤਿ ਲਿਵ ਜਾਤੀ॥
੧੦੫੦: ਮਾਰੂ ਮਹਲਾ ੩॥ ਸਚੈ ਸਚਾ ਤਖਤੁ ਰਚਾਇਆ॥ ਨਿਜ ਘਰਿ ਵਸਿਆ ਤਿਥੈ ਮੋਹੁ ਨਾ ਮਾਇਆ॥
੧੦੭੩: ਮਾਰੂ ਸੋਲਹੇ ਮਹਲਾ ੫॥ ਸਾਚਾ ਤਖਤੁ ਸਚੀ ਪਾਤਿਸਾਹੀ॥ ਸਚੁ ਖਜੀਨਾ ਸਾਚਾ ਸਾਹੀ॥
੧੦੮੭: ਮਾਰੂ ਵਾਰ ਮਹਲਾ ੩॥ ਪਉੜੀ॥ ਸਚੈ ਤਖਤਿ ਬੈਠਾ ਨਿਆਉ ਕਰਿ ਸਤਸੰਗਤਿ ਮੇਲਿ ਮਿਲਾਈ॥
੧੦੮੮: ਮਾਰੂ ਵਾਰ ਮਹਲਾ ੩॥ ਪਉੜੀ॥ ਤਖਤਿ ਰਾਜਾ ਸੋ ਬਹੈ ਜਿ ਤਖਤੈ ਲਾਇਕ ਹੋਈ॥
੧੦੯੨: ਮਾਰੂ ਵਾਰ ਮਹਲਾ ੩॥ ਪਉੜੀ॥ ਅੰਦਰਿ ਰਾਜਾ ਤਖਤੁ ਹੈ ਆਪੇ ਕਰੇ ਨਿਆਉ॥
੧੦੯੮: ਡਖਣੇ ਮ: ੫॥ ਮੂ ਥੀਆਊ ਤਖਤੁ ਪਿਰੀ ਮਹਿੰਜੇ ਪਾਤਿਸਾਹ॥
੧੦੫੬: ਭੈਰਉ ਮਹਲਾ ੫ ਅਸਟਪਦੀਆ ਘਰੁ ੨॥ ਜਿਸ ਨਾਮੁ ਰਿਦੈ ਤਿਸੁ ਤਖਤਿ ਨਿਵਾਸਨੁ॥
੧੧੭੨: ਬਸੰਤੁ ਹਿੰਡੋਲ ਮਹਲਾ ੧॥ ਜਿਨ ਕਉ ਤਖਤਿ ਮਿਲੈ ਵਡਿਆਈ ਗੁਰਮੁਖਿ ਸੇ ਪਰਧਾਨ ਕੀਏ॥
੧੧੮੮: ਬਸੰਤੁ ਮਹਲਾ ੧॥ ਏਕੋ ਤਖਤੁ ਏਕੋ ਪਾਤਿਸਾਹੁ॥ ਸਰਬੀ ਥਾਈ ਵੇਪਰਵਾਹੁ॥
੧੨੧੧: ਸਾਰਗ ਮਹਲਾ ੫॥ ਜੇ ਤਖਤਿ ਬੈਸਾਲਹਿ ਤਉ ਦਾਸ ਤੁਮ੍ਹਾਰੇ ਘਾਸੁ ਬਢਾਵਹਿ ਕੇਤਕ ਬੋਲਾ॥
੧੨੭੯: ਵਾਰ ਮਲਾਰ ਕੀ ਮਹਲਾ ੧॥ ਪਉੜੀ॥ ਸਚੈ ਤਖਤਿ ਨਿਵਾਸੁ ਹੋਰ ਆਵਣ ਜਾਣਿਆ॥ ੧॥
੧੨੮੦: ਵਾਰ ਮਲਾਰ ਕੀ ਮਹਲਾ ੧॥ ਪਉੜੀ॥ ਸਚੀ ਕੀਮਤਿ ਪਾਇ ਤਖਤੁ ਰਚਾਇਆ॥
੧੩੯੯: ਸਵਈਏ ਮਹਲੇ ਚਉਥੇ ਕੇ ੪॥ ਰਾਜੁ ਜੋਗ ਤਖਤੁ ਦੀਅਨੁ ਗੁਰ ਰਾਮਦਾਸ॥

ਸੋ ਉਪਰੋਕਤ ਗੁਰਬਾਣੀ ਦੇ ਸ਼ਬਦਾਂ ਅਨੁਸਾਰ ਅਕਾਲ ਤਖ਼ਤ ਦੀ ਹੋਂਦ ਨੂੰ ਕਿਸੇ ਇਮਾਰਤ ਨਾਲ ਨਹੀਂ ਜੋੜਿਆ ਜਾ ਸਕਦਾ।
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
ਖਿਮਾ ਦਾ ਜਾਚਕ,
ਗੁਰਮੀਤ ਸਿੰਘ (ਸਿੱਡਨੀ, ਆਸਟ੍ਰੇਲੀਆ)




.