.

ਨਿੱਜੀ ਰੰਜ਼ਿਸ਼ ਵਿੱਚ ਬਦਲ ਰਿਹਾ ਪੰਜਾਬੀ ਦਾ ਮੁਹਾਂਦਰਾ

ਸਤਿੰਦਰਜੀਤ ਸਿੰਘ

ਪਿਛਲੇ ਕੁਝ ਦਿਨਾਂ ਤੋਂ ਪ੍ਰੋ.ਸਰਬਜੀਤ ਸਿੰਘ ਧੂੰਦਾ ਦੇ ਮਸਲੇ ਨਾਲ ਪੰਥਕ ਧਿਰਾਂ ਵਿੱਚ ਵਿਰੋਧੀ ਤਰੰਗਾਂ ਬਹੁਤ ਵਿਸ਼ਾਲ ਰੂਪ ਵਿੱਚ ਦੇਖਣ ਨੂੰ ਮਿਲੀਆਂ ਜੋ ਕਿ ਨਹੀਂ ਸੀ ਹੋਣਾ ਚਾਹੀਦਾ। ਚਲੋ ਜੋ ਵੀ ਹੋਇਆ, ਬੀਤ ਗਿਆ ਪਰ ਇਸਦੇ ਨਾਲ ਹੀ ਦੋ ਛੋਟੀਆਂ-ਛੋਟੀਆਂ ਘਟਨਾਵਾਂ ਹੋਈਆਂ ਜਿੰਨਾਂ ਕਾਰਨ ਇਹ ਲੇਖ ਲਿਖਣ ਲੱਗਾ ਹਾਂ, ਮੈਂ ਪਹਿਲਾਂ ਹੀ ਸਪੱਸ਼ਟ ਕਰ ਦੇਵਾਂ ਕਿ ਇਸ ਲੇਖ ਦਾ ਮਕਸਦ ਕਿਸੇ ਨੂੰ ਵੀ ਪ੍ਰੋ.ਧੂੰਦਾ ਦੇ ਮਸਲੇ ‘ਤੇ ਸਹੀ ਜਾਂ ਗਲਤ ਠਹਿਰਉਣਾ ਨਹੀਂ ਹੈ ਅਤੇ ਨਾ ਹੀ ਇਸ ਨੂੰ ਫੇਸਬੁੱਕ ‘ਤੇ ਚੱਲ ਰਹੇ ਗਰੁੱਪਾਂ ‘ਅਖੌਤੀ ਸੰਤਾਂ ਦੇ ਕੌਤਕ’ ਅਤੇ ਬਚਿੱਤਰ ਨਾਟਕ (ਇੱਕ ਸਾਜ਼ਿਸ਼) ਅਤੇ ਖਾਲਸਾ ਨਿਊਜ਼ ਵਿਚਕਾਰ ਕੁੜੱਤਣ ਵਧਾਉਣ ਲਈ ਵਰਤਿਆ ਜਾਵੇ।

ਹੁਣ ਅਸਲ ਗੱਲ ਵੱਲ ਆਉਂਦੇ ਹਾਂ, ਗੱਲ ਸ਼ੁਰੂ ਹੁੰਦੀ ਹੈ ਜਦੋਂ ਸ.ਗੁਰਦੇਵ ਸਿੰਘ ਸੱਧੇਵਾਲੀਆ ਹੁਣਾਂ ਨੇ ਆਪਣਾ ਲੇਖ ‘ਆਪਾਂ ਹੋਸ਼ੇ ਨਾ ਪਈਏ’ ਲਿਖਿਆ ਜੋ ਕਿ ਕਈ ਵੈਬਸਾਇਟਾਂ ‘ਤੇ ਪ੍ਰਕਾਸ਼ਿਤ ਹੋਇਆ। ਇਸ ਲੇਖ ਦੇ ਸਿਰਲੇਖ ਵਿੱਚ ਇੱਕ ਵਿਆਕਰਨ ਦੇ ਤੌਰ ‘ਤੇ ਗਲਤੀ ਰਹਿ ਗਈ ਕਿ ਉਹਨਾਂ ਤੋਂ ਅਸਲ ਸ਼ਬਦ ‘ਹੋਛੇ’ ਦੀ ਜਗ੍ਹਾ ‘ਹੋਸ਼ੇ’ ਲਿਖਿਆ ਗਿਆ। ਜ਼ਰੂਰਤ ਤਾਂ ਸੀ ਕਿ ਇਸ ਸ਼ਬਦ ਦੇ ਸ਼ਬਦ-ਜੋੜ ਵਿੱਚ ਰਹਿ ਗਈ ਗਲਤੀ ਨੂੰ ਸਮਝ ਕੇ ਇਸ ਲੇਖ ਦੇ ਭਾਵ ਨੂੰ ਸਮਝਣਾ ਜਿਸ ਤੋਂ ਸਾਰੇ ਪਰ੍ਹੇ ਚਲੇ ਗਏ। ਇਸ ਗਲਤੀ ਨੂੰ ਸੁਧਾਰਨ ਦੀ ਜਗ੍ਹਾ ਗਲਤ ਸ਼ਬਦ ‘ਹੋਸ਼ੇ’ ਦਾ ਕੁਝ ਲੋਕਾਂ ਨੇ ਧਾਤੂ ‘ਹੋਸ਼+ਆ ਬਣਾ ਦਿੱਤਾ ਅਤੇ ਅਰਥ ‘ਜਿਸਨੂੰ ਹੋਸ਼ ਆ ਗਈ’ ਬਣਾ ਦਿੱਤਾ, ਜੇਕਰ ਉਪਰਲੀ ਨਜ਼ਰ ਨਾਲ ਦੇਖਿਆ ਜਾਵੇ ਤਾਂ ਗਲਤ ਨਹੀਂ ਲਗਦਾ ਪਰ ਭਾਸ਼ਾ ਦੀ ਗਹਿਰਾਈ ਤੋਂ ਦੇਖਿਆ ਜਾਵੇ ਤਾਂ ਭਾਸ਼ਾ ਦਾ ਮੁਹਾਂਦਰਾ ਵਿਗੜ ਜਾਂਦਾ ਹੈ। ਭਾਈ ਕਾਨ੍ਹ ਸਿੰਘ ਨਾਭਾ ਹੁਣਾਂ ਨੇ ਮਹਾਨ ਕੋਸ਼ ਵਿੱਚ ਅਸਲ ਸ਼ਬਦ ‘ਹੋਛੇ’ ਦੇ ਅਰਥ ਇਸ ਪ੍ਰਕਾਰ ਕੀਤੇ ਹਨ: ਮੂਰਖ, ਕਾਹਲੇ ਸੁਭਾਉ ਵਾਲਾ, ਛੇਤੀ ਮੁੱਕ ਜਾਣ ਵਾਲਾ

ਉਦਾਹਰਣ: ਹੋਛੀ ਮਤਿ ਭਇਆ ਮਨੁ ਹੋਛਾ ਗੁੜੁ ਸਾ ਮਖੀ ਖਾਇਆ॥ {ਵਡ ੧, ਅਲਾ ੫, ੩:੫ (582)}ਕਵਨ ਸੁ ਦਾਨਾ ਕਵਨੁ ਸੁ ਹੋਛਾ ਕਵਨ ਸੁ ਸੁਰਤਾ ਕਵਨੁ ਜੜਾ॥ {ਮਾਰੂ ੫, ਸੋਲਾ ੧੦, ੬:੩ (1081)}

ਅੰਗਰੇਜ਼ੀ ਵਿੱਚ ‘ਹੋਛਾ’ ਸ਼ਬਦ ਦੇ ਅਰਥ Frivolous, Flippant, Uncivil’ ਜਦਕਿ ‘ਹੋਸ਼ਾ’ ਸ਼ਬਦ ਮੈਨੂੰ ਮੇਰੇ ਨਿੱਕੇ ਜਹੇ ਸ਼ਬਦ ਕੋਸ਼ ਵਿੱਚ ਨਹੀਂ ਮਿਲਿਆ। ਹੁਣ ਜਿਸ ਤਰ੍ਹਾਂ ਭਾਸ਼ਾ ਦੇ ਵਿਕਾਸ ਦਾ ਨਾਮ ਦੇ ਕੇ ਕੁਝ ਸੱਜਣ ਨਵੇਂ ਸ਼ਬਦਾਂ ਨੂੰ ਭਾਸ਼ਾ ਵਿੱਚ ਜੁੜਨ ਨੂੰ ਸਹੀ ਠਹਿਰਾਉਂਦੇ ਹਨ ਉਸ ਤਰ੍ਹਾਂ ਤਾਂ ਅਸਲ ਸ਼ਬਦ ਦੇ ਧਾਤੂ ਨੂੰ ਨਿਖੇੜ ਕੇ ਬਹੁਤ ਸਾਰੇ ਨਵੇਂ ਸ਼ਬਦ ਬਣ ਜਾਣਗੇ। ਇਸੇ ਤਰ੍ਹਾਂ ਇੱਕ ਸ਼ਬਦ ‘ਕਮੀਨਾ’ ਹੈ, ਜੇਕਰ ਇਸਦੇ ਅਰਥ ਇਹਨਾਂ ਸੱਜਣਾਂ ਅਨੁਸਾਰ ਕਰੀਏ ਤਾਂ ਕੀ ਇਹ ‘ਕਮੀ+ਨਾ’ ਭਾਵ ‘ਜਿਸ ਵਿੱਚ ਕੋਈ ਕਮੀ ਨਾ ਹੋਵੇ’ ਬਣ ਜਾਵੇਗਾ ਜਾਂ ਫਿਰ ਕਿਰਦਾਰ ਤੋਂ ਗਿਰੇ ਵਿਆਕਤੀ ਦੀ ਅਸਲੀਅਤ ਪ੍ਰਗਟ ਕਰਨ ਦੇ ਭਾਵਾਂ ਵਿੱਚ ਪਹਿਲਾਂ ਵਾਂਗ ਸਹੀ ਰਹੇਗਾ...? ਦੁਬਿਧਾ ਹੋ ਗਈ ਕਿ ‘ਕਮੀਨਾ’ ਸ਼ਬਦ ਕਿਸ ਲਈ ਵਰਤਿਆ ਜਾਵੇ, ਉੱਚ ਅਤੇ ਸਾਫ ਕਿਰਦਾਰ ਵਾਲੇ ਮਨੁੱਖ ਲਈ ਜਾਂ ਫਿਰ ਕਿਰਦਾਰ ਤੋਂ ਗਿਰੇ ਚਰਿੱਤਰਹੀਣ ਵਿਆਕਤੀ ਲਈ...?

ਇਸੇ ਲੜੀ ਤਹਿਤ ਹੁਣ ਖਾਲਸਾ ਨਿਊਜ਼ ਦੇ 1 ਮਾਰਚ ਦੇ ਸੰਪਾਦਕੀ ਵਿੱਚ ਪੰਜਾਬੀ ਵਿੱਚ ਪ੍ਰਚੱਲਿਤ ਸ਼ਬਦ ‘ਪ੍ਰਚਾਰਕ’ ਦਾ ਅਰਥ ਵਿਗਾੜ ਕੇ ਪੇਸ਼ ਕੀਤਾ ਹੈ ਜਿਸ ਲਈ ੳਹਨਾਂ ਇਸ ਸ਼ਬਦ ਦੀ ਬਣਤਰ ‘ਪਰਚਾਰਕ’ ਕਰਕੇ ਧਾਤੂ ‘ਪਰ+ਚਾਰਕ’ ਬਣਾਇਆ ਹੈ। ਖਾਲਸਾ ਨਿਊਜ਼ ਦਾ ਕਹਿਣਾ ਹੈ, ਪਰਚਾਰਕ "ਪਰ ਦਾ ਮਤਲਬ ਪਰਾਇਆ, ਦੂਜਾ..." ਤੇ ਪਰਚਾਰਕ ਦਾ ਮਤਲਬ ਹੋਇਆ "ਦੂਜਿਆਂ ਨੂੰ ਚਾਰਣ ਵਾਲਾ", ਦੂਜਿਆਂ ਨੂੰ ਮੱਤਾਂ ਦੇਣ ਵਾਲਾ, ਤੇ ਆਪ ਆਪਣੀ ਹੀ ਕਹੀ ਗੱਲ ਨੂੰ ਨਾ ਮੰਨਣ ਵਾਲਾ

ਭਾਈ ਕਾਨ੍ਹ ਸਿੰਘ ਨਾਭਾ ਹੁਣਾਂ ਨੇ ਮਹਾਨ ਕੋਸ਼ ਵਿੱਚ ਸ਼ਬਦ ‘ਪ੍ਰਚਾਰਕ’ ਦੇ ਅਰਥ ਇਸ ਤਰ੍ਹਾਂ ਕੀਤੇ ਹਨ: ਫੈਲਾਉਣ ਵਾਲਾ, ਕਿਸੇ ਗੱਲ ਦਾ ਪ੍ਰਚਾਰ ਕਰਨ ਵਾਲਾ. ਵਿਦ੍ਯਾ ਜਾਂ ਧਰਮ ਆਦਿ ਫੈਲਾਉਣ ਵਾਲਾ. ਕਿਸੇ ਗੱਲ ਦਾ ਪ੍ਰਚਾਰ ਕਰਨ ਵਾਲੀ. ਉਪਦੇਸ਼ਿਕਾ। ਕੀ ਫਿਰ ਇਸ ਤਰ੍ਹਾਂ ‘ਪ੍ਰਹੇਜ਼’ (avoidance, self-control, precautionary measures agains illness, abstinence, refrainment, forbearance,) ਵੀ ‘ਪਰਹੇਜ਼’ ਬਣ ਕੇ ‘ਪਰ+ਹੇਜ਼’ ਮੂਲ ਨਾਲ ‘ਦੂਸਰਿਆਂ ਦਾ ਹੇਜ਼ (ਪਿਆਰ)’ ਸਮਝਿਆ ਜਾਵੇ...? ਫਿਰ ਤਾਂ ‘ਪ੍ਰਕਾਰ’ (category, kind, sort, variety ਜਾਂ callipers, compasses) ਨੂੰ ਵੀ ‘ਪਰਕਾਰ’ ਬਣਾ ਕੇ ‘ਪਰ+ਕਾਰ’ ਦੇ ਮੂਲ ਨਾਲ ‘ਦੂਸਰਿਆਂ ਦੀ ਕਾਰ ਜਾਂ ਕੰਮ’ ਨੂੰ ਦਰਸਉਣ ਲਈ ਵਰਤਿਆ ਜਾ ਸਕਦਾ ਹੈ। ਇਸੇ ਤਰ੍ਹਾਂ ਫਿਰ ‘ਪ੍ਰਕਿਰਤੀ’ (nature, universe, matter, manifest world) ਨੂੰ ‘ਪਰਕਿਰਤੀ’ ਲਿਖ ਕੇ ਅਤੇ ਮੂਲ ‘ਪਰ+ਕਿਰਤੀ’ ਬਣਾ ਕੇ ‘ਦੂਸਰਿਆਂ ਦਾ ਕਾਮਾ ਜਾਂ ਮਜ਼ਦੂਰ (ਕਿਰਤੀ=ਕਾਮਾ/ਮਜ਼ਦੂਰ) ਬਣਾ ਕੇ ਇੱਕ ਹੋਰ ਨਵਾਂ ਸ਼ਬਦ ਸ਼ਬਦਕੋਸ਼ ਵਿੱਚ ਜੁੜ ਸਕਦਾ ਹੈ।

ਅੰਗਰੇਜ਼ੀ ਵਿੱਚ ‘ਪਰਚਾਰ’ ਸ਼ਬਦ ਦੇ ਅਰਥ ‘ Preaching, Propaganda, Propagation, Publicity, Spread, Popularisation’ ਅਤੇ ਪਰਚਾਰਕ ਦੇ ਅਰਥ ‘Preacher

ਅਤੇ ਪਰਚਾਰਨਾ ਜਾਂ ਪਰਚਾਰ ਕਰਨਾ ਦੇ ਅਰਥ ‘ to preach, Publicise, Propagate, Spread’ ਮਿਲਦੇ ਹਨ, ਹੁਣ ਇਹ ਦੂਸਰਾ ਨਵਾਂ ਸ਼ਬਦ ‘ਪਰਚਾਰਨਾ’ ਜਿਸਦੇ ਅਰਥ ‘ਦੂਸਰਿਆਂ ਨੂੰ ਮੱਤਾਂ ਦੇਣਾ ਅਤੇ ਆਪ ਮੁਕਰ ਜਾਣਾ’ ਬਣਦੇ ਹਨ ਕਿੱਥੋਂ ਹੋਂਦ ਵਿੱਚ ਆਇਆ...?

ਇੱਥੇ ਇੱਕ ਗੱਲ ਸਾਂਝੀ ਕਰਨ ਵਾਲੀ ਹੈ ਕਿ ਸੰਸਕ੍ਰਿਤ ਦੇ ਪ੍ਰਭਾਵ ਹੇਠ ਸ਼ੁਰੂ ਵਿੱਚ ਪੰਜਾਬੀ ਦੇ ਜ਼ਿਆਦਾਤਰ ਸ਼ਬਦ ਪੈਰ ਵਿੱਚ ‘ਰ’ ਪਾ ਕੇ ਲਿਖੇ ਚੱਲੇ ਆ ਰਹੇ ਹਨ ਜਿਵੇਂ: ਪ੍ਰਤਾਪ (greatness, majesty, prosperity, glory, fame) ਪ੍ਰਸਿੱਧ (well-known, famous), ਪ੍ਰਧਾਨ (chairman, president, head, chairperson, chief) ਆਦਿ। ਅੱਜ ਦੇ ਸਮੇਂ ਇਹਨਾਂ ਦੀ ਬਣਤਰ ਪੈਰ ‘ਰ’ ਦੀ ਬਜਾਏ ਨਾਲ-ਨਾਲ ਲਿਖਣ ਨਾਲ ਮਸ਼ਹੂਰ ਹੋਣ ਲੱਗੀ ਹੈ ਜਿਵੇਂ: ਪਰਤਾਪ, ਪਰਸਿੱਧ ਆਦਿ। ਹੁਣ ਗੱਲ ਇਹ ਹੈ ਕਿ ਸ਼ਬਦ ਦੀ ਧਾਤੂ ਭਾਵ ਅਰਥਾਂ ਵਿੱਚ ਕੋਈ ਫਰਕ ਨਹੀਂ ਪਿਆ, ਸਿਰਫ ਇਹਨਾਂ ਦੀ ਬਣਤਰ ਵਿੱਚ ਤਬਦੀਲੀ ਆਈ ਹੈ ਕੀ ਹੁਣ ਇਹਨਾਂ ਸਾਰੇ ਸ਼ਬਦਾਂ ਨੂੰ

‘ਪਰ+ਤਾਪ’ ਭਾਵ ‘ਦੂਸਰਿਆਂ ਦਾ ਤਾਪ (Heat)’ ਅਤੇ

‘ਪਰ+ਸਿੱਧ’ ਭਾਵ ‘ਦੂਸਰਿਆਂ ਦਾ ਸਹੀ’ (ਸਹੀ(ਸਿੱਧ)=prove/) ਅਤੇ

ਪਰ+ਧਾਨ’ ਭਾਵ ‘ਦੂਸਰਿਆਂ ਦਾ ਧਾਨ (ਝੋਨਾ)’ ਸਮਝਿਆ ਜਾਵੇ...?

ਇਸ ਪ੍ਰਕਾਰ ਹੋਰ ਵੀ ਬਹੁਤ ਸ਼ਬਦ ਮਿਲ ਜਾਣਗੇ। ਹਾਂ ਕੁਝ ਸ਼ਬਦਾਂ ਨਾਲ ‘ਪਰ’ ਦਾ ਮਤਲਬ ‘ਦੂਸਰਿਆਂ ਜਾਂ ਬੇਗਾਨੇ’ ਤੋਂ ਵੀ ਲਿਆ ਜਾਂਦਾ ਹੈ ਪਰ ਆਪਣੀ ਮਰਜ਼ੀ ਨਾਲ ਅਸੀਂ ਕਿਸੇ ਸ਼ਬਦ ਦੇ ਮੂਲ ਨੂੰ ਨਹੀਂ ਬਦਲ ਸਕਦੇ

ਕੱਲ੍ਹ ਇਸ ਸੰਬੰਧ ਵਿੱਚ ਬਚਿਤਰ ਨਾਟਕ ਗਰੁੱਪ ਵਿੱਚ ‘ਕੁਲਤਾਰ ਸਿੰਘ ਹੋਸ਼ਾ’ ਦੀ ਆਈ.ਡੀ. ਤੋਂ ਉਚੇਚੇ ਤੌਰ ‘ਤੇ ਪਾਈ ਗਈ ਪੋਸਟ ਉੱਪਰ ‘ਹਰਪ੍ਰੀਤ ਸਿੰਘ’, ‘ਜੁਝਾਰ ਸਿੰਘ’ ਅਤੇ ‘ਪ੍ਰੋ.ਕੰਵਲਦੀਪ ਸਿੰਘ ਹੋਸ਼ਾ’ ਦੀ ਆਈ.ਡੀ. ਤੋਂ ਵਿਚਾਰ ਹੋ ਰਹੀ ਸੀ ਜਿਸ ਵਿੱਚ ਕੰਵਲਦੀਪ ਸਿੰਘ ਨੇ ਭਾਸ਼ਾ ਦੇ ਵਿਕਾਸ ਦੀ ਗੱਲ ਅਤੇ ਹਰ ਸਾਲ ਅੰਗਰੇਜ਼ੀ ਡਿਕਸ਼ਨਰੀਆਂ ਵਿੱਚ ਸੈਂਕੜੇ ਨਵੇਂ ਸ਼ਬਦਾਂ ਦੇ ਸ਼ਾਮਿਲ ਹੋਣ ਦੀ ਗੱਲ ਨਾਲ ਇਸ ਗਲਤੀ ਨੂੰ ਸਹੀ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਅਤੇ ਕੁਲਤਾਰ ਸਿੰਘ ਨੇ ਸ਼ਬਦ-ਜੋੜ ਦੀ ਗਲਤੀ ਮੰਨ ਕੇ ‘Content’ ਨੂੰ ਸਮਝਣ ਦੀ ਗੱਲ ਕਹੀ ਪਰ ਕੀ ਗਲਤ ਅਰਥਾਂ ਵਾਲਾ Content ਕਿਸੇ ਉਸਾਰੂ ਵਿਚਾਰ ਨੂੰ ਜਨਮ ਦੇ ਸਕਦਾ ਹੈ...? ਆਪਣੇ ਮਤਲਬ ਲਈ ਅਰਥਾਂ ਦੇ ਅਨਰਥ ਸਾਧ ਲਾਣਾਂ ਕਰਦਾ ਆ ਰਿਹਾ ਹੈ ਪਰ ਹੁਣ ਜਾਗਰੂਕ ਕਹਾਉਣ ਵਾਲੇ ਲੋਕਾਂ ਨੇ ਵੀ ਨਿੱਜੀ ਵਿਰੋਧ ਪ੍ਰਗਟ ਕਰਨ ਲਈ ਭਾਸ਼ਾ ਦਾ ਮੁਹਾਂਦਰਾ ਵਿਗਾੜ ਕੇ ਅਰਥਾਂ ਦੇ ਅਨਰਥ ਕਰਨ ਦਾ ਰਸਤਾ ਚੁਣ ਲਿਆ ਹੈ। ਕੰਵਲਦੀਪ ਸਿੰਘ ਅਨੁਸਾਰ, ਰਹਿ ਗਈ ਨਵੇਂ ਸ਼ਬਦ ਦੀ ਗੱਲ ਤਾਂ ਭਾਸ਼ਾ ਇੱਕ ਚਲਦਾ ਵਰਤਾਰਾ ਹੈ ਤੇ ਇਸ ਵਿੱਚ ਸਮੇਂ ਤੇ ਸਤਿਥੀਆਂ ਦੇ ਨਾਲ ਪਰਿਵਰਤਨ ਵੀ ਆਉਂਦੇ ਹਨ ਅਤੇ ਨਵੇ ਲਫ਼ਜ਼ ਵੀ ਸ਼ਬਦਕੋਸ਼ ਵਿੱਚ ਜੁੜ੍ਹਦੇ ਰਹਿੰਦੇ ਹਨ, ਵੀਰ ਜੀ ਅੰਗਰੇਜ਼ੀ ਦੀਆਂ ਡਿਕਸ਼ਨਰੀਆਂ ਸੈਂਕੜੇ ਜਾਂ ਹਜ਼ਾਰਾਂ ਸ਼ਬਦ ਆਪਣੇ ਹਰ ਐਡੀਸ਼ਨ ਵਿੱਚ ਜੋੜਦੀਆਂ ਹਨ ! ਦੂਜੇ ਕਈ ਨਵੇਂ ਸ਼ਬਦ ਦੂਜੇ ਸ਼ਬਦਾਂ ਦੇ ਵਿਗਾੜ ਵਿੱਚੋਂ ਪ੍ਰਚਲਿਤ ਕਰਨ ਦੀ ਰੀਤ ਤਾਂ ਖੁੱਦ ਗੁਰਬਾਣੀ ਦੇ ਰਚਨਹਾਰਿਆਂ ਨੇ ਹੀ ਚਲਾਈ ਹੈ, ਜਿਵੇਂ ਅਰਬੀ ਦਾ ਸ਼ਬਦ "ਪੁਲ-ਸਰਾਤ" ਸ਼ੇਖ ਫਰੀਦ ਦੀ ਬਾਣੀ ਵਿੱਚ ਲਿਖਿਆ ਗੁਰੂ ਅਰਜਨ ਸਾਹਿਬ ਬਦਲ ਕੇ ਪੁਰਸਲਾਤ ਕਰ ਦਿੰਦੇ ਹਨ ! ਸੋ ਵੀਰ ਜੀ ਗੁਰਬਾਣੀ ਦੇ ਧਾਰਨੀ ਬਣ ਕੇ ਨਵੇਂ ਸ਼ਬਦਾਂ ਦੇ ਵਾਸਤੇ ਥੋੜਾ ਹਿਰਦਾ ਵਿਸ਼ਾਲ ਰੱਖਣ ਦੀ ਕੋਸ਼ਿਸ਼ ਕਰੋ ...

ਭਾਸ਼ਾ ਇੱਕ ਚਲਦਾ ਵਰਤਾਰਾ ਹੈ ਪਰ ਕੀ ਪੁਰਾਣੇ ਸ਼ਬਦਾਂ ਨੂੰ ਵਿਗਾੜ ਕੇ ਨਵੇਂ ਸ਼ਬਦ ਪੈਦਾ ਕਰਨ ਨਾਲ ਭਾਸ਼ ਦਾ ਵਿਕਾਸ ਹੋਵੇਗਾ...? ਜੇ ਅੰਗਰੇਜ਼ੀ ਦੀ ਗੱਲ ਕਰੀਏ ਤਾਂ ਉਸ ਭਾਸ਼ਾ ਵਿੱਚ ਲਚਕੀਣਾਪਣ ਪੰਜਾਬੀ ਨਾਲੋਂ ਕਿਤੇ ਵਧੇਰੇ ਹੈ ਪਰ ਫਿਰ ਵੀ ਉਸ ਦੇ ਸ਼ਬਦ-ਕੋਸ਼ਾਂ ਵਿੱਚ ‘Knife’ ਕਦੇ ‘Nife’ ਜਾਂ ‘Chemistry’ ਕਦੇ ‘Kmistry’ , ‘Honest’ ਨੂੰ ਕਿਤੇ ‘Onest’ ਜਾਂ ‘car’ ਨੂੰ ‘cra’, ‘School’ ਨੂੰ ‘Cshool’ ਲਿਖ ਕੇ ਨਵੇਂ ਅਰਥਾਂ ਵਾਲੇ ਨਵੇਂ ਸ਼ਬਦ ਨਹੀਂ ਮਿਲਦੇ। ਫਿਰ ਉਹਨਾਂ ਦੀ ਰੀਸ ਕਰਦੇ ਹੇ ਜੇ ਅਸੀਂ ਨਵੇਂ ਸ਼ਬਦ ਪੈਦਾ ਕਰਨੇ ਹਨ ਤਾਂ ਪਹਿਲਿਆਂ ਨੂੰ ਵਿਗਾੜਨਾ ਤਾਂ ਜ਼ਾਇਜ ਨਹੀਂ। ਦੂਸਰੀ ਗੱਲ ਸ਼ੇਖ ਫਰੀਦ ਜੀ ਦੀ ਬਾਣੀ ਵਿੱਚ ਅਰਬੀ ਦਾ ਸ਼ਬਦ ‘ਪੁਲ-ਸਰਾਤ’ ਮਿਲਦਾ ਹੈ ਜਿਸਨੂੰ ਬਦਲ ਕੇ ਗੁਰੂ ਅਰਜਨ ਦੇਵ ਜੀ ‘ਪੁਰਸਲਾਤ’ ਕਰਦੇ ਹਨ, ਕੀ ਗੁਰੂ ਅਰਜਨ ਦੇਵ ਜੀ ਨੇ ਵੀ ਅਰਬੀ ਲਿੱਪੀ ਵਿੱਚ ਹੀ ਸ਼ਬਦ ਦਾ ਰੂਪ ਬਦਲਿਆ ਹੈ...? ਦੂਸਰੀ ਗੱਲ ਕਿ ਗੁਰੂ ਸਾਹਿਬ ਨੇ ਜਦ ਬਾਕੀ ਸਾਰੇ ਸ਼ਬਦਾਂ ਨੂੰ ਅਸਲ ਰੂਪ ਵਿੱਚ ਹੀ ਦਰਜ ਕੀਤਾ ਹੈ ਤਾਂ ਫਿਰ ਇਸ ਸ਼ਬਦ ਨੂੰ ਬਦਲਣ ਦੀ ਕਿਉਂ ਲੋੜ ਪਈ...?

http://www.gurugranthdarpan.com ਸਾਇਟ ‘ਤੇ ਭਾਈ ਸਾਹਿਬ ਸਿੰਘ ਜੀ ਦੇ ਟੀਕੇ ਵਿੱਚ ਪੰਨਾ 1377 ‘ਤੇ ਜਾ ਕੇ ਸ਼ੇਖ ਫਰੀਦ ਜੀ ਦਾ ਉਪਰੋਕਤ ਸ਼ਬਦ ਦੇਖਿਆ ਜਾ ਸਕਦਾ ਹੈ ਜਿਸ ਵਿੱਚ ਸ਼ਬਦ ਜੋੜ ‘ਪੁਰਸਾਲਤ’ ਹੀ ਹੈ ਜਿਸਦਾ ਪਦ-ਅਰਥ ਉਹਨਾਂ ਪੁਲ ਸਿਰਾਤ ਕੀਤਾ, ‘ਪੁਲ-ਸਰਾਤ’ ਸ਼ਬਦ ਸਲੋਕ ਵਿੱਚ ਨਹੀਂ ਵਰਤਿਆ ਹੈ।

ਸਲੋਕ ਸੇਖ ਫਰੀਦ ਕੇ ੴ ਸਤਿਗੁਰ ਪ੍ਰਸਾਦਿ ॥ ਜਿਤੁ ਦਿਹਾੜੈ ਧਨ ਵਰੀ ਸਾਹੇ ਲਏ ਲਿਖਾਇ ॥ ਮਲਕੁ ਜਿ ਕੰਨੀ ਸੁਣੀਦਾ ਮੁਹੁ ਦੇਖਾਲੇ ਆਇ ॥ ਜਿੰਦੁ ਨਿਮਾਣੀ ਕਢੀਐ ਹਡਾ ਕੂ ਕੜਕਾਇ ॥ ਸਾਹੇ ਲਿਖੇ ਨ ਚਲਨੀ ਜਿੰਦੂ ਕੂੰ ਸਮਝਾਇ ॥ ਜਿੰਦੁ ਵਹੁਟੀ ਮਰਣੁ ਵਰੁ ਲੈ ਜਾਸੀ ਪਰਣਾਇ ॥ ਆਪਣ ਹਥੀ ਜੋਲਿ ਕੈ ਕੈ ਗਲਿ ਲਗੈ ਧਾਇ ॥ ਵਾਲਹੁ ਨਿਕੀ ਪੁਰਸਲਾਤ ਕੰਨੀ ਨ ਸੁਣੀ ਆਇ ॥ ਫਰੀਦਾ ਕਿੜੀ ਪਵੰਦੀਈ ਖੜਾ ਨ ਆਪੁ ਮੁਹਾਇ ॥੧॥ {ਪੰਨਾ 1377}

ਪਦ ਅਰਥ:- ਜਿਤੁ-ਜਿਸ ਵਿਚ । ਜਿਤੁ ਦਿਹਾੜੈ-ਜਿਸ ਦਿਨ ਵਿਚ, ਜਿਸ ਦਿਨ । ਧਨ-ਇਸਤ੍ਰੀ । ਵਰੀ-ਚੁਣੀ ਜਾਇਗੀ, ਵਿਆਹੀ ਜਾਇਗੀ । ਸਾਹੇ-(ਉਸ ਦਾ) ਨੀਯਤ ਸਮਾ । ਮਲਕੁ-ਮਲਕੁਤ ਮੌਤ, (ਮੌਤ ਦਾ) ਫ਼ਰਿਸਤਾ । ਕੂੰ-ਨੂੰ । ਨ ਚਲਨੀ-ਨਹੀਂ ਟਲ ਸਕਦੇ । ਜਿੰਦੁ ਕੂੰ-ਜਿੰਦ ਨੂੰ । ਮਰਣੁ-ਮੌਤ । ਵਰੁ-ਲਾੜਾ । ਪਰਣਾਇ-ਵਿਆਹ ਕੇ । ਜੋਲਿ ਕੈ-ਤੋਰ ਕੇ । ਕੈ ਗਲਿ-ਕਿਸ ਦੇ ਗਲ ਵਿਚ? ਧਾਇ-ਦੌੜ ਕੇ । ਵਾਲਹੁ-ਵਾਲ ਤੋਂ । ਪੁਰਸਲਾਤ-ਪੁਲ ਸਿਰਾਤਕੰਨੀ-ਕੰਨਾਂ ਨਾਲ । ਕਿੜੀ ਪਵੰਦੀਈ-ਵਾਜਾਂ ਪੈਂਦਿਆਂ । ਕਿੜੀ-ਵਾਜ । ਆਪੁ-ਆਪਣੇ ਆਪ ਨੂੰ । ਨ ਮੁਹਾਇ-ਨਾ ਠੱਗਾ, ਧੋਖੇ ਵਿਚ ਨਾ ਪਾ, ਨਾ ਲੁਟਾ ।

ਮੇਰਾ ਇਹ ਲੇਖ ਲਿਖਣ ਮਕਸਦ ਕਿਸੇ ਨਾਲ ਵੀ ਲੰਮੀ-ਚੌੜੀ ਬਹਿਸ ਵਿੱਚ ਪੈਣਾ ਨਹੀਂ ਹੈ, ਮੈਂ ਸਿਰਫ ਆਪਣੀ ਸਮਝ ਨੂੰ ਸਭ ਨਾਲ ਸਾਂਝਾ ਕੀਤਾ ਹੈ, ਹੋ ਸਕਦਾ ਹੈ ਕਿ ਮੈਂ ਗਲਤ ਹੋਵਾਂ, ਜੇਕਰ ਕਿਸੇ ਵੀ ਸੱਜਣ ਨੂੰ ਵਧੇਰੇ ਅਤੇ ਸਹੀ ਜਾਣਕਾਰੀ ਪੰਜਾਬੀ ਵਿਆਕਰਨ ਦੀ ਹੈ ਇਸ ਮਸਲੇ ‘ਤੇ ਤਾਂ ਜ਼ਰੂਰ ਸਭ ਨਾਲ ਸਾਂਝੀ ਕਰੇ। ਇੱਕ ਗੱਲ ਹੋਰ ਮੈਂ ਸਪੱਸ਼ਟ ਕਰਨੀ ਚਾਹੁੰਦਾ ਹਾਂ ਕਿ ਇਸ ਵਿੱਚ ਕੁਝ ਅੰਸ਼

ਮੇਰੀ ਸਾਰੇ ਪੰਜਾਬੀ ਨੂੰ ਪਿਆਰ ਕਰਨ ਵਾਲੇ ਅਤੇ ਪੰਜਾਬੀ ਨਾਲ ਸੰਬੰਧ ਰੱਖਣ ਵਾਲਿਆਂ ਨੂੰ ਬੇਨਤੀ ਹੈ ਕਿ ਤੁਹਾਡੇ ਵਿਚਾਰਾਂ ਦਾ ਵਿਰੋਧ ਕਿਸੇ ਨਾਲ ਵੀ ਹੋ ਸਕਦਾ ਹੈ, ਉਸਨੂੰ ਜ਼ਾਹਿਰ ਕਰਨਾ ਹੀ ਹੈ ਤਾਂ ਸਹੀ ਤਰੀਕੇ ਨਾਲ ਕਰੋ ਪਰ ਪੰਜਾਬੀ ਭਾਸ਼ਾ ਦਾ ਮੁਹਾਂਦਰਾ ਨਾ ਵਿਗਾੜੋ। ਭਾਸ਼ਾ ਦੇ ਵਿਕਾਸ ਲਈ ਨਵੇਂ ਸ਼ਬਦ ਜ਼ਰੂਰ ਜੋੜੋ ਪਰ ਪਹਿਲਾਂ ਚੱਲ ਰਹੇ ਸ਼ਬਦਾਂ ਦੇ ਅਰਥਾਂ ਨੂੰ ਅਨਰਥ ਨਾ ਕਰੋ। ਲੋਕ ਤਾਂ ਪਹਿਲਾਂ ਹੀ ਪੰਜਾਬੀ ਤੋਂ ਦੂਰੀ ਵਧਾ ਰਹੇ ਹਨ ਆਧੁਨਿਕ ਜ਼ਮਾਨੇ ਦੀ ਦੌੜ ਵਿੱਚ ਸ਼ਾਮਿਲ ਹੋ ਕੇ, ਇਸ ਤਰ੍ਹਾਂ ਅਰਥਾਂ ਦੇ ਅਨਰਥ ਕਿਸੇ ਆਪਣੇ ਨਿੱਜੀ ਮਕਸਦ ਲਈ ਕਰਕੇ ਪੰਜਾਬੀ ਨੂੰ ਖਾਤਮੇ ਵੱਲ ਲਿਜਾਣ ਦੇ ਦੋਸ਼ੀ ਨਾ ਬਣੀਏ। ਵਿਚਾਰਾਂ ਅਤੇ ਸੋਚ ਦਾ ਵਿਰੋਧ ਇੱਕ ਪਾਸੇ, ਮਾਤ-ਭਾਸ਼ਾ ਦਾ ਸਤਿਕਾਰ ਇੱਕ ਪਾਸੇ ਰੱਖੋ,ਮਾਂ-ਬੋਲੀ ਜਿਸ ਵਿੱਚੋਂ ਸਾਡੀਆਂ ਪੀੜ੍ਹੀਆਂ ਬੋਲਦੀਆਂ ਹਨ ਨੂੰ ਇਸ ਤਰ੍ਹਾਂ ਬੇਹਾਲ ਨਾ ਕਰੋ। ਦੂਸਰੇ ਮਸਲਿਆਂ ਦੇ ਨਾਲ-ਨਾਲ ਮਾਤ-ਭਾਸ਼ਾ ਦੇ ਵਿਕਾਸ ਵੱਲ ਹੀ ਸਹੀ ਪਹੁੰਚ ਨਾਲ ਸੋਚੀਏ, ਮਾਂ-ਬੋਲੀ ਪ੍ਰਤੀ ਵਫਾਦਾਰ ਰਹੀਏ ਤਾਂ ਜੋ ਪੰਜਾਬੀ ਰਹਿੰਦੀ ਦੁਨੀਆਂ ਤੱਕ ਆਬਾਦ ਰਹੇ।




.