ਸਿਧ ਗੋਸਟਿ (ਕਿਸ਼ਤ ਨੰ: 16)
ਅਉਧੂ ਦਾ ਸਵਾਲ: -
ਨਉ ਸਰ ਸੁਭਰ ਦਸਵੈ ਪੂਰੇ।।
ਤਹ ਅਨਹਤ ਸੁੰਨ ਵਜਾਵਹਿ ਤੂਰੇ।।
ਸਾਚੈ ਰਾਚੇ ਦੇਖਿ ਹਜੂਰੇ।।
ਘਟਿ ਘਟਿ ਸਾਚੁ ਰਹਿਆ ਭਰਪੂਰੇ।।
ਗੁਪਤੀ ਬਾਣੀ ਪਰਗਟੁ ਹੋਇ।।
ਨਾਨਕ ਪਰਖਿ ਲਏ ਸਚੁ ਸੋਇ।। ੫੩।।
ਪਦ ਅਰਥ: - ਨਉ ਸਰ ਸੁਭਰ ਦਸਵੈ ਪੂਰੇ – ਨੋ ਦਰਵਾਜਿਆ ਦੀ ਕਠਨ ਜੰਗ ਸਰ ਕਰਕੇ। ਸਰ – ਸਰ ਕਰਨਾ,
ਫ਼ਤਿਹ ਕਰਨਾ, ਕਾਬੂ ਕਰਕੇ, ਬੰਦ ਕਰਕੇ। ਸੁ – ਸੰ. ਅਤਿ, ਕਠਨ, ਬਹੁਤ ਜ਼ਿਆਦਾ। ਭਰ – ਨਾਮ ਜੰਗ ਦਾ
ਹੈ, ਮਹਾਨ ਕੋਸ਼। ਸੁਭਰ – ਅਤਿ ਕਠਿਨ ਜੰਗ। ਦਸਵੈ ਪੂਰੇ – ਦਸਵੈ ਦੁਆਰ ਜੋ ਪਹੁੰਚਦੇ ਹਨ ਉਹ ਪੂਰੇ
ਹਨ। ਤਹ ਅਨਹਤ ਸੁੰਨ ਵਜਾਵਹਿ ਤੂਰੇ – ਉਥੇ ਉਹ ਸਾਡੇ ਮੁਖੀ ਨੂੰ ਇੱਕ ਰਸ ਜਾਣਕੇ ਉਸਦੇ ਹੀ ਗੁਣ
ਗਾਉਂਦੇ ਹਨ। ਵਜਾਵਹਿ ਤੂਰੇ – ਗੁਣ ਗਾਇਨ ਕਰਦੇ ਹਨ। ਸਾਚੈ ਰਾਚੇ ਦੇਖਿ ਹਜੂਰੇ – ਉਹ ਉਸਨੂੰ ਸੱਚਾ
ਜਾਣਕੇ ਪ੍ਰਤੱਖ ਦੇਖਦੇ ਹਨ, ਉਸਦੇ ਹੀ ਨੇੜੇ, ਹਜੂਰ ਰਹਿੰਦੇ ਹਨ। ਘਟਿ ਘਟਿ ਸਾਚੁ ਰਹਿਆ ਭਰਪੂਰੇ –
ਉਨ੍ਹਾਂ ਲਈ ਉਹ ਹੀ ਸੱਚਾ ਹੈ ਜੋ ਘਟਿ ਘਟਿ ਵਿੱਚ ਪੂਰਨ ਤੌਰ ਤੇ ਵਸ ਰਿਹਾ ਹੈ। ਗੁਪਤੀ ਬਾਣੀ ਪਰਗਟੁ
ਹੋਇ – ਇਹ ਗੱਲ ਉਸਦੀ ਗੁਪਤ ਬਖ਼ਸ਼ਿਸ਼ ਵਰਤਣ ਨਾਲ ਜਾਣੀ ਜਾ ਸਕਦੀ ਹੈ। ਪਰਗਟ ਹੋਇ – ਜਾਣੀ ਜਾ ਸਕਦੀ
ਹੈ, ਸਪਸ਼ਟ ਹੋ ਜਾਂਦੀ ਹੈ। ਨਾਨਕ ਪਰਿਖ ਲਏ ਸਚੁ ਸੋਇ – ਹੇ ਨਾਨਕ, ਪਰਖ ਲੈ, ਸੱਚਾ ਉਹੀ ਹੈ, ਭਾਵ
ਸਾਡਾ ਮੁਖੀ ਹੀ ਸੱਚਾ ਹੈ। ਜਿਸ ਤਰ੍ਹਾਂ ਅਸੀਂ ਉਸਦੇ ਗੁਣ ਗਾਉਂਦੇ ਹਾਂ ਉਸੇ ਤਰ੍ਹਾਂ ਤੂੰ ਵੀ ਉਸਦੇ
ਹੀ ਗੁਣ ਗਾ, ਅਤੇ ਇਸ ਤਰ੍ਹਾਂ ਪਰਖ ਕਰਕੇ ਵੇਖ ਲੈ।
ਅਰਥ: - ਹੇ ਨਾਨਕ ਜੋ ਆਪਣੇ ਸਰੀਰ ਦੇ ਨਉਂ ਦਰਵਾਜੇ, ਜੋ ਬੰਦ ਕਰਨੇ ਅਤਿ ਦੀ ਕਠਨ ਜੰਗ ਹੈ, ਇਨ੍ਹਾਂ
ਉੱਪਰ ਫ਼ਤਿਹ ਪਾਕੇ, ਜੋਗ ਮਤ ਦੀ ਸਿੱਖਿਆ ਨਾਲ, ਜੋ ਦਸਵੇਂ ਦੁਆਰ ਅੱਪੜਦੇ ਹਨ, ਦਰਅਸਲ ਉਹੀ ਪੂਰੇ
ਹਨ। ਜੋ ਦਸਵੇ ਦਰ ਅਪੜਦੇ ਹਨ ਉਹ ਸਾਡੇ ਸਿੱਧ-ਗੁਰੂ ਨੂੰ ਚੰਗੀ ਤਰ੍ਹਾਂ ਇੱਕ ਰਸ ਰੰਮਿਆ ਹੋਇਆ
ਜਾਣਕੇ ਉਸਦੇ ਹੀ ਗੁਣ ਗਾਉਂਦੇ ਹਨ। ਉਹ ਉਸਨੂੰ ਸੱਚਾ ਜਾਣਕੇ ਉਸਨੂੰ ਹੀ ਹਾਜ਼ਰਾ-ਹਜ਼ੂਰ ਨੇੜੇ ਸਮਝਦੇ
ਹਨ। ਉਨ੍ਹਾਂ ਲਈ ਸਾਡਾ ਮੁਖੀ ਹੀ ਸੱਚਾ ਹੈ ਜੋ ਘਟਿ ਘਟਿ ਵਿੱਚ ਪੂਰਨ ਤੌਰ ਤੇ ਵਸ ਰਿਹਾ ਹੈ, ਰੰਮਿਆ
ਹੋਇਆ ਹੈ। ਇਹ ਗੱਲ ਉਸਦੀ ਗੁਪਤ ਬਖ਼ਸ਼ਿਸ਼ ਵਰਤਣ ਨਾਲ ਹੀ ਜਾਣੀ ਜਾ ਸਕਦੀ ਹੈ। ਹੇ ਨਾਨਕ! ਪਰਖ ਕਰਕੇ
ਵੇਖ ਲੈ, ਸੱਚਾ ਤਾਂ ਸਾਡਾ ਮੁਖੀ ਹੀ ਹੈ।
ਨਾਨਕ ਪਾਤਸਾਹ ਜੀ ਦਾ ਜਵਾਬ: -
ਸਹਜ ਭਾਇ ਮਿਲੀਐ ਸੁਖੁ ਹੋਵੈ।।
ਗੁਰਮੁਖਿ ਜਾਗੈ ਨੀਦ ਨ ਸੋਵੈ।।
ਸੁੰਨ ਸਬਦੁ ਅਪਰੰਪਰਿ ਧਾਰੈ।।
ਕਹਤੇ ਮੁਕਤੁ ਸਬਦਿ ਨਿਸਤਾਰੈ।।
ਗੁਰ ਕੀ ਦੀਖਿਆ ਸੇ ਸਚਿ ਰਾਤੇ।।
ਨਾਨਕ ਆਪੁ ਗਵਾਇ ਮਿਲਣ ਨਹੀਂ ਭ੍ਰਾਤੇ।। ੫੪।।
ਪਦ ਅਰਥ: - ਸਹਜ ਭਾਇ ਮਿਲੀਐ ਸੁਖੁ ਹੋਵੇ – ਅਡੋਲ ਤਣਾਅ-ਰਹਿਤ ਅਵਸਥਾ ਪ੍ਰਾਪਤ ਕਰਨ ਨਾਲ ਸੁਖ ਦੀ
ਪ੍ਰਾਪਤੀ ਹੁੰਦੀ ਹੈ। ਗੁਰਮੁਖਿ ਜਾਗੈ ਨੀਦ ਨ ਸੋਵੈ – ਜਿਸ ਨੂੰ ਕਰਤੇ ਦੀ ਬਖ਼ਸ਼ਿਸ਼ ਨਾਲ ਜਾਗ੍ਰਤੀ
(awareness)
ਆਉਂਦੀ ਹੈ ਉਹ ਅਗਿਆਨਤਾ ਦੀ ਨੀਂਦ ਨਹੀਂ ਸੌਂਦਾ। ਸੁੰਨ ਸਬਦੁ ਅਪਰੰਪਰਿ ਧਾਰੈ – ਉਹ ਬੇਅੰਤ ਪ੍ਰਭੂ
ਦੀ ਬਖਸ਼ਿਸ਼ ਨੂੰ ਸਹੀ ਰੂਪ ਵਿੱਚ ਜਾਣਕੇ ਜੋ ਆਪਣੇ ਅੰਦਰ ਵਸਾ ਲੈਂਦੇ ਹਨ। ਧਾਰੈ – ਵਸਾ ਲੈਣਾ। ਕਹਤੇ
ਮੁਕਤੁ ਸਬਦਿ ਨਿਸਤਾਰੈ – ਬੇਅੰਤ ਪ੍ਰਭੂ ਦੀ ਬਖ਼ਸ਼ਿਸ਼ ਨੂੰ ਦ੍ਰਿੜ ਕਰ ਲੈਣ ਵਾਲੇ ਇਸ ਸੱਚ ਨੂੰ ਜਾਣ
ਲੈਂਦੇ ਹਨ। ਕਹਤੇ – ਦ੍ਰਿੜ ਕਰਨ ਵਾਲੇ। ਨਿਸਤਾਰੈ – ਚੰਗੀ ਤਰ੍ਹਾਂ ਜਾਣ ਲੈਣਾ। ਗੁਰ ਕੀ ਦੀਖਿਆ ਸੇ
ਸਚਿ ਰਾਤੈ – ਜਿਨ੍ਹਾਂ ਸੱਚ ਰੂਪ ਕਰਤੇ ਦੀ ਬਖ਼ਸ਼ਿਸ਼ ਨੂੰ ਗੁਰੂ ਦੀਖਿਆ ਕਰਕੇ ਜਾਣਿਆ ਹੈ ਉਹ ਸੱਚੇ ਦੀ
ਸੱਚ ਰੂਪ ਬਖ਼ਸ਼ਿਸ਼ ਵਿੱਚ ਲੀਨ ਹੋ ਗਏ। ਨਾਨਕ ਆਪ ਗਵਾਇ ਮਿਲਣ ਨਹੀਂ ਭ੍ਰਾਤੇ – ਉਹ ਆਪਣਾ ਜੀਵਣ ਭਟਕਣਾ
ਵਿੱਚ ਨਹੀਂ ਗਵਾਉਂਦੇ। ਭ੍ਰਾਤੇ – ਭਟਕਣਾ, ਮਿਥਗਯਾਨ, (ਕਿਸੇ ਮਨੁੱਖ ਨੂੰ ਕਰਤਾ ਮੰਨਣਾ ਸਿਰੇ ਦੀ
ਭਟਕਣਾ ਹੈ)। ਮਿਲਣ – ਮਿਲਣਾ, ਪ੍ਰਾਪਤ ਕਰਨਾ, ਪਾਤਰ ਬਣਨਾ।
ਅਰਥ: - ਜਿਸ ਮਨੁੱਖ ਦੇ ਜੀਵਣ ਵਿੱਚ ਕਰਤੇ ਦੀ ਬਖ਼ਸ਼ਿਸ਼ ਨਾਲ ਜਾਗ੍ਰਤੀ
(awareness)
ਆ ਜਾਂਦੀ ਹੈ ਉਹ ਮੁੜ ਅਗਿਆਨਤਾ ਦੀ ਨੀਂਦ ਵਿੱਚ ਨਹੀਂ ਸੌਂਦਾ, ਭਾਵ ਤੇਰੇ ਝਾਂਸੇ ਵਿੱਚ ਨਹੀਂ
ਆਉਂਦਾ। ਉਹ ਜਾਣ ਲੈਂਦਾ ਹੈ ਕਿ ਅਡੋਲ ਸਦੀਵੀ ਸਥਿਰ ਰਹਿਣ ਵਾਲੇ ਦੀ ਬਖ਼ਸ਼ਿਸ਼ ਗਿਆਨ ਪ੍ਰਾਪਤ ਕਰਨ ਨਾਲ
ਹੀ ਜੀਵਣ ਵਿੱਚ ਸੁਖ ਦੀ ਪ੍ਰਾਪਤੀ ਹੁੰਦੀ ਹੈ। ਉਹ ਬੇਅੰਤ ਪ੍ਰਭੂ ਦੀ ਬਖਸ਼ਿਸ਼ ਨੂੰ ਸਹੀ ਰੂਪ ਜਾਣਕੇ
ਆਪਣੇ ਅੰਦਰ ਵਸਾ ਲੈਂਦਾ ਹੈ ਅਤੇ ਬੇਅੰਤ ਪ੍ਰਭੂ ਦੀ ਬਖ਼ਸ਼ਿਸ਼ ਨੂੰ ਦ੍ਰਿੜ ਕਰਨ ਵਾਲਾ ਭਟਕਣਾ ਤੋ ਮੁਕਤ
ਹੋ ਜਾਂਦਾ ਹੈ, ਅਤੇ ਸੱਚੇ ਦੀ ਸੱਚ ਰੂਪ ਬਖ਼ਸ਼ਿਸ਼ ਨੂੰ ਸੱਚ ਕਰਕੇ ਜਾਣ ਲੈਂਦਾ ਹੈ। ਜਿਨ੍ਹਾਂ ਨੇ
ਸੱਚੇ ਦੀ ਸੱਚੀ ਬਖ਼ਸ਼ਿਸ਼ ਨੂੰ ਗੁਰ ਦੀਖਿਆ ਕਰਕੇ ਜਾਣਿਆ, ਉਹ ਸੱਚੇ ਦੀ ਸੱਚ ਰੂਪ ਬਖ਼ਸ਼ਿਸ਼ ਵਿੱਚ ਲੀਨ
ਹੋ ਜਾਂਦੇ ਹਨ। ਹੇ ਭਾਈ, ਨਾਨਕ ਆਖਦਾ ਹੈ, ਜੋ ਸੱਚੇ ਸਰਬਵਿਆਪਕ ਦੀ ਬਖ਼ਸ਼ਿਸ ਦੇ ਪਾਤਰ ਬਣਦੇ ਹਨ, ਉਹ
ਆਪਣਾ ਜੀਵਣ ਭਟਕਣਾ ਵਿੱਚ ਨਹੀਂ ਗਵਾਉਦੇ। (ਭਾਵ ਕਿਸੇ ਮਨੁੱਖ ਨੂੰ ਕਰਤਾ ਨਹੀ ਮੰਨਦੇ)
ਅਉਧੂ ਦਾ ਸਵਾਲ: -
ਕੁਬੁਧਿ ਚਵਾਵੈ ਸੋ ਕਿਤੁ ਠਾਇ।।
ਕਿਉ ਤਤੁ ਨ ਬੂਝੈ ਚੋਟਾ ਖਾਇ।।
ਜਮ ਦਰਿ ਬਾਧੇ ਕੋਇ ਨ ਰਾਖੈ।।
ਬਿਨੁ ਸਬਦੈ ਨਾਹੀ ਪਤਿ ਸਾਖੈ।।
ਕਿਉ ਕਰਿ ਬੂਝੈ ਪਾਵੈ ਪਾਰੁ।।
ਨਾਨਕ ਮਨਮੁਖਿ ਨ ਬੁਝੈ ਗਵਾਰੁ।। ੫੫।।
ਪਦ ਅਰਥ: - ਕੁਬੁਧਿ ਚਵਾਵੈ ਸੋ ਕਿਤੁ ਠਾਇ – ਨਾਨਕ ਜਿਸਨੂੰ ਕਬੁਧਿ ਚੁਕਾਉਣ ਵਾਲਾ ਤੂੰ ਆਖਦਾ ਹੈਂ,
ਪਤਾ ਨਹੀਂ ਉਸ ਦਾ ਕਿਹੜੇ ਸਥਾਨ ਤੇ ਵਾਸਾ ਹੈ। ਕਿਉ ਤਤੁ ਨ ਬੂਝੈ ਚੋਟਾ ਖਾਇ – ਕਿਉਂ ਅਸਲੀਅਤ ਨੂੰ
ਨਾ ਜਾਣਕੇ ਚੋਟਾਂ ਖਾ ਰਿਹਾ ਹੈਂ। ਜਮ ਦਰਿ ਬਾਧੇ ਕੋਇ ਨ ਰਾਖੈ - ਜਮ ਦੇ ਦਰ ਉੱਪਰ ਬੱਧੇ ਹੋਏ
ਮਨੁੱਖ ਨੂੰ ਸਾਡੇ ਮੁਖੀ ਤੋਂ ਬਗ਼ੈਰ ਕੋਈ ਨਹੀਂ ਬਚਾ ਸਕਦਾ। ਬਿਨੁ ਸਬਦੈ ਨਾਹੀ ਪਤਿ ਸਾਖੈ – ਸਾਡੀ
ਸ਼ਾਖਾ ਤੋਂ ਬਗ਼ੈਰ ਨਾਮ ਲਏ ਕੋਈ ਪਤਿ ਨਹੀਂ ਰੱਖ ਸਕਦਾ। ਕਿਉ ਕਰਿ ਬੂਝੈ ਪਾਵੈ ਪਾਰੁ – ਇਸ ਕਰਕੇ
ਕਿਉਂ ਅਸੀ ਇਸ ਤੋ ਸਿਵਾਏ ਕਿਸੇ ਹੋਰ ਨੂੰ ਪਾਰ ਲੈ ਕੇ ਜਾਣ ਵਾਲਾ ਜਾਣੀਏ। ਨਾਨਕ ਮਨਮੁਖਿ ਨ ਬੁਝੈ
ਗਵਾਰੁ – ਨਾਨਕ, ਅਸੀਂ ਤਾਂ ਇਹ ਕਹਿਦੇ ਹਾਂ, ਜੋ ਵਿਅਕਤੀ ਸਾਡੀ ਸਾਖਾ ਦੇ ਮੁਖੀ ਨੂੰ ਪਾਰਉਤਾਰਾ
ਕਰਨ ਵਾਲਾ ਨਹੀਂ ਸਮਝਦਾ ਉਹ ਮਨਮੁਖਿ ਗਵਾਰ ਹੈ।
ਅਰਥ: - ਹੇ ਨਾਨਾਕ! ਜਿਸ ਨੂੰ ਤੂੰ ਕਬੁਧਿ ਚੁਕਾਉਣ ਵਾਲਾ ਆਖਦਾ ਹੈਂ, ਪਤਾ ਨਹੀਂ ਉਸ ਦਾ ਕਿਹੜੇ
ਸਥਾਨ ਤੇ ਵਾਸਾ ਹੈ। ਇਸ ਕਰਕੇ ਕਿਉਂ ਅਸਲੀਅਤ ਨੂੰ ਨਾ ਜਾਣਕੇ ਚੋਟਾਂ ਖਾ ਰਿਹਾ ਹੈਂ। ਜਮ ਦੇ ਦਰਿ
ਉੱਪਰ ਬੱਧੇ ਹੋਏ ਮਨੁੱਖ ਨੂੰ ਸਾਡੇ ਮੁਖੀ ਤੋ ਬਗ਼ੈਰ ਕੋਈ ਹੋਰ ਬਚਾ ਨਹੀਂ ਸਕਦਾ। ਇਸ ਕਰਕੇ ਅਸੀਂ
ਕਿਉਂ ਇਸ ਤੋਂ ਸ਼ਿਵਾਏ ਕਿਸੇ ਹੋਰ ਨੂੰ ਪਾਰ ਲੈ ਕੇ ਜਾਣ ਵਾਲਾ ਜਾਣੀਏ। ਨਾਨਕ, ਅਸੀਂ ਤਾਂ ਇਹ ਆਖਦੇ
ਹਾਂ ਕਿ ਜੋ ਵਿਅਕਤੀ ਸਾਡੇ ਮੁਖੀ ਨੂੰ ਪਾਰਉਤਾਰਾ ਕਰਨ ਵਾਲਾ ਨਹੀਂ ਸਮਝਦਾ ਉਹ ਮਨਮੁਖਿ ਗਵਾਰ ਹੈ।
(ਇਹ ਸ਼ਬਦ ਜੋਗੀ ਨੇ ਵਰਤੇ)
ਨਾਨਕ ਪਾਤਸਾਹ ਜੀ ਦਾ ਜਵਾਬ: -
ਕੁਬੁਧਿ ਮਿਟੈ ਗੁਰ ਸਬਦੁ ਬੀਚਾਰਿ।।
ਸਤਿਗੁਰੁ ਭੇਟੈ ਮੋਖ ਦੁਆਰ।।
ਤਤੁ ਨ ਚੀਨੈ ਮਨਮੁਖੁ ਜਲਿ ਜਾਏ।।
ਦੁਰਮਤਿ ਵਿਛੁੜਿ ਚੋਟਾ ਖਾਇ।।
ਮਾਨੈ ਹੁਕਮੁ ਸਭੇ ਗੁਣ ਗਿਆਨ।।
ਨਾਨਕ ਦਰਗਹ ਪਾਵੈ ਮਾਨੁ।। ੫੬।।
ਪਦ ਅਰਥ: - ਕੁਬੁਧਿ ਮਿਟੈ ਗੁਰ ਸਬਦੁ ਵੀਚਾਰਿ – ਕੁਬੁਧਿ ਉਸ ਸੱਚੇ ਦੀ ਸੱਚ ਰੂਪ ਗੁਰ ਬਖ਼ਸ਼ਿਸ਼ ਨੂੰ
ਵੀਚਾਰਨ ਨਾਲ ਹੀ ਮਿਟਦੀ ਹੈ। ਸਤਿਗੁਰੁ ਭੇਟੈ ਮੋਖ ਦੁਆਰ – ਆਤਮਿਕ ਗਿਆਨ ਪ੍ਰਾਪਤੀ ਹੋਵੇ ਤਾਂ ਹੀ
ਮੋਖ ਦੁਆਰੇ ਦੀ ਪ੍ਰਾਪਤੀ ਹੈ। (ਮੋਖ ਦੁਆਰ ਦੀ ਪ੍ਰਾਪਤੀ ਭਾਵ ਕਰਮਕਾਂਡੀ ਦੇਹਧਰੀ ਪਰੰਪਰਾ ਤੋਂ
ਮੁਕਤੀ) ਸਤਿਗੁਰੁ – ‘ਸਤਗਿੁਰੁ ਹੈ ਗਿਆਨ ਸਤਿਗੁਰੁ ਹੈ ਪੂਜਾ।। ` ਤਤੁ ਨ ਚੀਨੈ ਮਨਮੁਖੁ ਜਲਿ ਜਾਏ
– ਮਨਮੁਖ ਉਹ ਹੈ ਜੋ ਅਸਲੀਅਤ ਨੂੰ ਨਹੀਂ ਪਛਾਣਦਾ ਅਤੇ ਆਪਣੀ ਹਉਮੈ ਵਿੱਚ ਜਲ ਜਾਂਦਾ ਹੈ। ਦੁਰਮਤਿ
ਨੂੰ ਅਪਣਾਕੇ ਸੱਚ ਨਾਲੋਂ ਟੁੱਟਕੇ ਚੋਟਾਂ ਖਾਂਦਾ ਹੈ। ਮਾਨੈ ਹੁਕਮੁ ਸਭੇ ਗੁਣ ਗਿਆਨ – ਜੋ ੳਸਦੀ
ਰਜ਼ਾ ਵਿੱਚ ਰਹਿ ਕੇ ਸਾਰੇ ਗਿਆਨ ਰੂਪ ਗੁਣਾਂ ਦਾ ਆਪਣੇ ਜੀਵਣ ਵਿੱਚ ਅੱਭਿਆਸ ਕਰਦਾ ਹੈ। ਨਾਨਕ ਦਰਗਹ
ਪਾਵੈ ਮਾਨੁ –ਨਾਨਕ ਆਖਦਾ ਹੈ - ਉਹੀ ਉਸਦੀ ਦਰਗਹ ਵਿੱਚ ਮਾਣ ਪ੍ਰਾਪਤ ਕਰਦਾ ਹੈ।
ਅਰਥ: - ਹੇ ਭਾਈ, ਉਸ ਸੱਚੇ ਦੀ ਸੱਚ ਰੂਪ ਗੁਰ ਬਖ਼ਸ਼ਿਸ਼ ਗਿਆਨ ਨੂੰ ਵੀਚਾਰਨ ਨਾਲ ਹੀ ਕਬੁਧਿ ਖ਼ਤਮ
ਹੁੰਦੀ ਹੈ। ਆਤਮਿਕ ਗਿਆਨ ਦੀ ਪ੍ਰਾਪਤੀ ਨਾਲ ਕੁਬੁਧਿ (ਅਗਿਆਨਤਾ) ਤੋ ਮੋਖ ਦੁਆਰਾ ਭਾਵ ਮੁਕਤੀ
ਪ੍ਰਾਪਤ ਹੁੰਦੀ ਹੈ। ਮਨਮੁਖਿ ਉਹ ਹੈ ਜੋ ਅਸਲੀਅਤ ਨੂੰ ਨਹੀਂ ਪਛਾਣਦਾ। ਜੋ ਖ਼ੁਦ ਨੂੰ ਖ਼ੁਦਾ ਸਮਝਦਾ
ਹੈ ਅਜਿਹਾ ਮਨੁੱਖ ਆਪਣੀ ਹਉਮੈ ਵਿੱਚ ਆਪ ਹੀ ਭਸਮ, ਗਰਕ ਹੋ ਜਾਂਦਾ ਹੈ। ਜੋ ਸੱਚੇ ਸਰਬ-ਵਿਆਪਕ ਦੀ
ਰਜ਼ਾ ਵਿੱਚ ਰਹਿ ਕੇ ਸਾਰੇ ਗਿਆਨ ਰੂਪ ਗੁਣਾਂ ਦਾ ਆਪਣੇ ਜੀਵਣ ਵਿੱਚ ਅਭਿਆਸ ਕਰਦੇ ਹਨ, ਨਾਨਕ ਆਖਦਾ
ਹੈ, ਉਹੀ ਉਸ ਸੱਚੇ ਦੀ ਦਰਗਾਹ, ਸੰਸਾਰ ਵਿੱਚ ਮਾਣ ਪ੍ਰਾਪਤ ਕਰਦੇ ਹਨ।
ਅਉਧੂ ਦਾ ਸਵਾਲ: -
ਸਾਚੁ ਵਖਰੁ ਧਨੁ ਪਲੈ ਹੋਇ।।
ਆਪਿ ਤਰੈ ਤਾਰੇ ਭੀ ਸੋਇ।।
ਸਹਜਿ ਰਤਾ ਬੂਝੈ ਪਤਿ ਹੋਇ।।
ਤਾ ਕੀ ਕੀਮਤਿ ਕਰੈ ਨ ਕੋਇ।।
ਜਹ ਦੇਖਾ ਤਹ ਰਹਿਆ ਸਮਾਇ।।
ਨਾਨਕ ਪਾਰਿ ਪਰੈ ਸਚ ਭਾਇ।। ੫੭।।
ਪਦ ਅਰਥ: - ਸਾਚ ਵਖਰੁ ਧਨੁ ਪਲੈ ਹੋਇ – ਜੋਗੀ ਵਲੋਂ - ਹੇ ਨਾਨਕ, ਸਾਡੇ ਮੁਖੀ ਦੇ ਪੱਲੇ ਸੱਚ ਰੂਪੀ
ਧਨ ਹੈ। ਆਪਿ ਤਰੈ ਤਾਰੇ ਭੀ ਸੋਇ – ਉਹ ਆਪ ਤਰਿਆ ਹੋਇਆ ਹੈ, ਤਾਰਨ ਵਾਲਾ ਵੀ ਉਹ ਆਪ ਹੀ ਹੈ। ਸਹਿਜ
ਰਤਾ ਬੂਝੈ ਪਤਿ ਹੋਇ – ਜਿਹੜਾ ਉਸਨੂੰ ਸਹਿਜ ਵਿੱਚ ਅਡੋਲ ਰਤਿਆ ਹੋਇਆ ਸਮਝਦਾ ਹੈ ਉਸਦੀ ਹੀ ਪਤਿ
ਰਹਿੰਦੀ ਹੈ। ਤਾ ਕੀ ਕੀਮਤਿ ਕਰੈ ਨ ਕੋਇ – ਇਸ ਲਈ ਉਸਦੀ ਤਾਂ ਕਿਸੇ ਨਾਲ ਕੋਈ ਤੁਲਣਾ ਕਰ ਹੀ ਨਹੀਂ
ਸਕਦਾ। ਕੀਮਤਿ – ਤੁੱਲਣਾ। ਜਿਵੇ ਮੰਨ ਲਉ ਕੋਈ ਪੈਨਸਲ ਪੰਜ ਰੁਪਈਏ ਦੀ ਹੈ ਤਾਂ ਉਸਦੀ ਤੁੱਲਣਾ ਪੰਜ
ਰੁਪਈਏ ਨਾਲ ਹੀ ਹੋ ਸਕਦੀ ਹੈ। ਜਹ ਦੇਖਾ ਤਹ ਰਹਿਆ ਸਮਾਇ – ਜਿਧਰ ਦੇਖਦਾ ਹਾਂ ਸਾਡਾ ਮੁਖੀ ਉਧਰ ਹੀ
ਸਮਾ ਰਿਹਾ ਹੈ, ਭਾਵ ਸਰਬ-ਵਿਆਪਕ ਹੈ। ਨਾਨਕ ਪਾਰਿ ਪਰੈ ਸਚ ਭਾਇ – ਹੇ ਨਾਨਕ ਪਾਰਿ ਉਹੀ ਹੁੰਦਾ ਹੈ
ਜੋ ਇਸ ਸਾਡੇ ਮੁਖੀ ਨੂੰ ਸੱਚਾ ਸਰਬ-ਵਿਆਪਕ ਮੰਨ ਲੈਂਦਾ ਹੈ।
ਅਰਥ: - ਹੇ ਨਾਨਕ (ਸਾਡੇ ਮੁਖੀ) ਦੇ ਪੱਲੇ ਸੱਚ ਰੂਪੀ ਧਨ ਹੈ। ਉਹ ਆਪ ਤਰਿਆ ਹੋਇਆ ਹੈ, ਅਤੇ ਤਾਰਨ
ਵਾਲਾ ਵੀ ਉਹ ਆਪ ਹੀ ਹੈ। ਜਿਹੜਾ ਉਸਨੂੰ ਸਹਿਜ ਵਿੱਚ ਅਡੋਲ ਰਤਿਆ ਹੋਇਆ ਸਮਝਦਾ ਹੈ, ਉਸ ਦੀ ਹੀ
ਦਰਗਹ (ਡੇਰੇ) ਵਿੱਚ ਪਤਿ ਰਹਿੰਦੀ ਹੈ, ਭਾਵ ਮਾਣ ਪ੍ਰਾਪਤ ਕਰਦਾ ਹੈ। ਤੁਲਣਾ ਤਾਂ ਉਸਦੀ ਕਿਸੇ ਨਾਲ
ਕੋਈ ਕਰ ਹੀ ਨਹੀਂ ਸਕਦਾ। ਜਿਧਰ ਦੇਖਦਾ ਹਾਂ, ਸਾਡਾ ਮੁਖੀ ਉਧਰ ਹੀ ਸਮਾ ਰਿਹਾ ਹੈ। ਹੇ ਨਾਨਕ ਉਹ
ਮਨੁੱਖ ਹੀ ਸੰਸਾਰ ਸਮੁੰਦਰ ਤੋ ਪਾਰ (ਭਾਵ ਗ੍ਰਿਸਤ ਤਿਆਗ ਸਕਦਾ ਹੈ, ਜੋਗੀ ਲਈ ਸੰਸਾਰ ਤੋਂ ਪਾਰ
ਉਤਾਰਾ ਗ੍ਰਿਸਤ ਤਿਆਗ ਕੇ ਜੋਗ ਮੱਤ ਅਪਣਾਉਣਾ ਹੀ ਹੈ) ਹੋ ਸਕਦਾ ਹੈ ਜੋ ਉਸਨੂੰ, ਭਾਵ ਸਿੱਧ-ਗੁਰੂ
ਨੂੰ ਸੱਚਾ ਸਰਬਵਿਆਪਕ ਮੰਨ ਲਵੈ।
ਨਾਨਕ ਪਾਤਸਾਹ ਜੀ ਦਾ ਜਵਾਬ: -
ਸੁ ਸਬਦ ਕਾ ਕਹਾ ਵਾਸੁ ਕਥੀਅਲੇ ਜਿਤੁ ਤਰੀਐ ਭਵਜਲੁ
ਸੰਸਾਰੋ।।
ਤ੍ਰੈ ਸਤ ਅੰਗੁਲ ਵਾਈ ਕਹੀਐ ਤਿਸੁ ਕਹੁ ਕਵਨੁ ਅਧਾਰੋ।।
ਬੋਲੈ ਖੇਲੈ ਅਸਥਿਰੁ ਹੋਵੇ ਕਿਉ ਕਰਿ ਅਲਖੁ ਲਖਾਏ।।
ਸੁਣਿ ਸੁਆਮੀ ਸਚੁ ਨਾਨਕੁ ਪ੍ਰਣਵੈ ਅਪਣੇ ਮਨ ਸਮਝਾਏ।।
ਗੁਰਮੁਖਿ ਸਬਦੇ ਸਚਿ ਲਿਵ ਲਾਗੈ ਕਰਿ ਨਦਰੀ ਮੇਲਿ ਮਿਲਾਏ।।
ਆਪੇ ਦਾਨਾ ਆਪੇ ਬੀਨਾ ਪੂਰੈ ਭਾਗਿ ਸਮਾਏ।। ੫੮।।
ਪਦ ਅਰਥ: - ਸੁ – ਸੰ: ਅਤਿ ਕਠਨ, ਅਤਿ ਉੱਚਾ। ਸਬਦ – ਬਖ਼ਸ਼ਿਸ਼। ਸੁ ਸਬਦ ਕਾ – ਅਤਿ ਉਚੀ ਬਖਸ਼ਿਸ਼ ਦਾ
ਮਾਲਕ। ਕਹਾ ਵਾਸੁ ਕਥੀਅਲੇ – ਜਿਸਨੂੰ ਤੁਸੀਂ ਅਤਿ ਉਚੀ ਬਖਸ਼ਿਸ਼ ਵਾਲਾ ਕਥਿਅਲੇ – ਕਥਿ ਲਿਆ, (ਜਾਣ)
ਲਿਆ ਹੈ। ਕਹਾ ਵਾਸੁ – ਕਿਥੇ ਖੜਾ ਹੈ, ਕਿਥੇ ਵਾਸਾ ਹੈ। ਜਿਤੁ ਤਰੀਐ ਭਵਜਲੁ ਸੰਸਾਰੋ – ਜਿਸਦੀ
ਬਖ਼ਸ਼ਿਸ਼ ਨਾਲ, ਤੁਹਾਡੇ (ਜੋਗ ਮੱਤ) ਕਹਿਣ ਮੁਤਾਬਕ, ਸੰਸਾਰ ਸਮੁੰਦਰ ਤਰਿਆ ਜਾ ਸਕਦਾ ਹੈ। ਤ੍ਰੈ ਸਤ
ਅੰਗੁਲ ਵਾਈ ਕਹੀਐ ਤਿਸੁ ਕਹੁ ਕਵਨੁ ਅਧਾਰੋ – ਜਿਸਨੂੰ ਦਸ ਉਂਗਲ ਲੰਬੇ ਸਾਹ ਦਾ ਹੀ, ਤੁਹਾਡੇ ਆਪਣੇ
ਕਹਿਣ ਮੁਤਾਬਕ ਅਧਾਰ ਹੈ, ਭਾਵ ਇੱਕ ਦਸ ਉਂਗਲ ਸਾਹ ਉੱਪਰ ਜਿਸਦਾ ਆਪਣਾ ਜੀਵਣ ਟਿਕਿਆ ਹੋਇਆ ਹੈ ਉਹ
ਕਿਸੇ ਨੂੰ ਕੀ ਆਸਰਾ ਦੇ ਸਕਦਾ ਹੈ। ਬੋਲੈ ਖੇਲੈ ਅਸਥਿਰ ਹੋਵੇ ਕਿਉ ਕਰਿ ਅਲਖੁ ਲਖਾਏ – ਤੁਹਾਡੇ
ਆਪਣੇ ਆਖਣ ਮੁਤਾਬਕ, ਖੇਲ ਅਸਥਿਰ ਟਿਕਿਆ ਹੈ, ਪਰ ਅਸਲੀਅਤ ਵਿੱਚ ਅਸਥਿਰ ਹੈ ਨਹੀਂ, ਇਸ ਲਈ ਕਿਉਂ
ਉਸਨੂੰ ਅਲਖ, ਨਾ ਜਾਣਿਆ ਜਾਣ ਵਾਲਾ, ਜਾਣੀਏ। ਸੁਣਿ ਸੁਆਮੀ ਸਚੁ ਨਾਨਕੁ ਪ੍ਰਣਵੈ ਅਪਣੇ ਮਨ ਸਮਝਾਏ –
ਨਾਨਕ ਨੂੰ ਇਹ ਆਖਦੇ ਹੋ - ਇਹ ਸੁਣ ਆਪਣੇ ਮਨ ਨੂੰ ਸਮਝਾ ਅਤੇ ਉਸਨੂੰ ਸੁਆਮੀ ਸਮਝਕੇ ਉਸ ਨੂੰ
ਪ੍ਰਣਾਮ ਕਰ। ਗੁਰਮੁਖਿ ਸਬਦੇ ਸਚਿ ਲਿਵ ਲਾਗੈ ਕਰਿ ਨਦਰੀ ਮੇਲਿ ਮਿਲਾਏ – ਹੇ ਭਾਈ, ਕਰਤੇ ਦੀ ਬਖ਼ਸ਼ਿਸ਼
ਵਿੱਚ ਹੀ ਆਪਣੀ ਲਿਵ, ਆਪਣਾ ਧਿਆਨ ਜੋੜੇ, ਉਸਦੀ ਬਖਸ਼ਿਸ਼ ਹੀ ਪ੍ਰਾਪਤ ਕਰੇ। ਆਪੇ ਦਾਨਾ ਆਪੇ ਬੀਨਾ
ਪੂਰੈ ਭਾਗਿ ਸਮਾਏ – ਦਾਨਾ – ਦਾਨ ਕਰਤਾ, ਦਯਾ ਦ੍ਰਿਸ਼ਟੀ ਕਰਨ ਵਾਲਾ, ਦਾਤਾ ਦੇਣ ਵਾਲਾ, ਮ: ਕੋਸ਼,
ਦਾਨਿਸ਼ਮੰਦ। ਬੀਨਾ – ਨਿਗਾਹਬਾਨ, ਨਜ਼ਰ ਵਾਲਾ, ਦੂਰ ਦ੍ਰਿਸ਼ਟੀ ਵਾਲਾ, ਜੋ ਆਪੇ ਹੀ ਦਯਾ ਦ੍ਰਿਸ਼ਟੀ ਕਰਨ
ਵਾਲਾ ਦਾਨਿਸ਼ਮੰਦ, ਨਿਗਾਹਬਾਨ, ਦੂਰ ਦ੍ਰਿਸ਼ਟੀ ਵਾਲਾ ਹੈ ਅਤੇ ਪੂਰਨ ਤੌਰ ਤੇ ਰੰਮਿਆ ਹੋਇਆ ਹੈ। ਪੂਰੈ
ਭਾਗਿ – ਪੂਰਨ ਤੌਰ ਤੇ, ਸ੍ਰਿਸਟੀ ਦੇ ਹਰ ਹਿੱਸੇ ਵਿੱਚ। ਭਾਗਿ –
(portion)
ਹਿੱਸੇ, ਹਿੱਸਾ, ਖੰਡ। ਪੰਜਾਬੀ, ਰੋਮਨ, ਇੰਗਲਿਸ਼ ਡਿਕਸਨਰੀ ਭਾਈ ਮਾਯਾ ਸਿੰਘ। ਸਮਾਏ – ਰੰਮਿਆ ਹੋਇਆ
ਹੈ।
ਅਰਥ: - ਹੇ ਜੋਗੀ, ਜਿਸ ਨੂੰ ਤੁਸੀਂ ਅਤਿ ਉੱਚੀ ਬਖ਼ਸ਼ਿਸ਼ ਦਾ ਮਾਲਕ ਜਾਣ ਲਿਆ ਹੈ, ਅਤੇ ਜਿਸ ਦੀ
ਬਖ਼ਸ਼ਿਸ਼ ਨਾਲ, ਤੇਰੇ ਕਹਿਣ ਮੁਤਾਬਕ, ਸੰਸਾਰ ਸਮੁੰਦਰ ਤਰਿਆ ਜਾ ਸਕਦਾ ਹੈ, ਉਹ ਆਪ ਕਿਸ ਆਸਰੇ ਟਿਕਿਆ
ਹੋਇਆ ਹੈ? ਉਹਦਾ ਆਪਣਾ ਜੀਵਣ ਵੀ ਜੋਗ ਮਤ ਦੇ ਹੀ ਕਹਿਣ ਮੁਤਾਬਕ ਦਸ ਉਂਗਲ ਲੰਬੇ ਸਾਹ ਦੇ ਹੀ ਅਧਾਰ
ਉੱਪਰ ਖੜਾ, ਹੈ, ਭਾਵ ਇੱਕ ਸਾਹ ਉੱਪਰ ਹੀ ਮਨੁੱਖ ਦਾ ਆਪਣਾ ਜੀਵਣ ਟਿਕਿਆ ਹੋਇਆ ਹੈ। ਉਹ ਕਿਸੇ ਨੂੰ
ਕੀ ਆਸਰਾ ਦੇ ਸਕਦਾ ਹੈ। ਅਜਿਹਾ ਮਨੁੱਖ ਜਿਸਦਾ ਆਪਣਾ ਜੀਵਣ ਹੀ ਇੱਕ ਸਾਹ ਉੱਪਰ ਖੜਾ ਹੈ, ਤਾਂ ਕੋਈ
ਹੋਰ ਮਨੁੱਖ ਕਿਵੇਂ ਉਸ ਨੂੰ ਅਲਖ ਕਰਕੇ ਜਾਣੇ। ਤੁਸੀਂ ਨਾਨਕ ਨੂੰ ਇਹ ਆਖਦੇ ਹੋ, ਕਿ ਆਪਣੇ ਮਨ ਨੂੰ
ਸਮਝਾਅ, ਅਤੇ ਜਿਸ ਮਨੁੱਖ ਦਾ ਆਪਣਾ ਜੀਵਣ ਇੱਕ ਸਾਹ ਉੱਪਰ ਖੜਾ ਹੈ, ਉਸ ਨੂੰ ਸੁਆਮੀ ਜਾਣ ਕੇ ਉਸ
ਨੂੰ ਪ੍ਰਣਾਮ ਕਰ। ਹੇ ਭਾਈ, ਨਾਨਕ ਤਾਂ ਆਖਦਾ ਹੈ, ਕਿ ਇਕੁ ਸੱਚ ਰੂਪ ਕਰਤੇ ਦੀ ਸੱਚ ਰੂਪ ਬਖ਼ਸ਼ਿਸ਼
ਵਿੱੱਚ ਲਿਵ ਜੋੜੇ ਤਾਂ ਫਿਰ ਉਹ ਸੱਚਾ ਸਰਬਵਿਆਪਕ ਆਪ ਨਦਰਿ ਕਰਕੇ ਆਪਣੇ ਨਾਲ ਜੋੜ ਲੈਂਦਾ ਹੈ। ਜੋ
ਸ੍ਰਿਸ਼ਟੀ ਦੇ ਹਰੇਕ ਖੰਡ ਵਿੱਚ ਰੰਮਿਆ ਹੋਇਆ ਹੈ, ਭਾਵ ਸਰਬ-ਵਿਆਪਕ ਹੈ, ਜੋ ਜਨਮ ਮਰਨ ਦੇ ਚੱਕਰ ਤੋਂ
ਰਹਿਤ ਹੈ, ਉਹ ਹੀ ਸੱਚਾ ਹੈ।
ਨੋਟ – ਪਾਉੜੀ ਨੰ ੬ ਦੀ ਨਾਨਕ ਜੀ ਵਲੋ ਜੋਗੀ ਨੂੰ ਸੁਆਮੀ ਕਹਿ ਕੇ ਜਾ ਜੋਗੀ ਵਲੋ ਨਾਨਕ ਜੀ ਸੁਆਮੀ
ਸ਼ਬਦ ਨਾਲ ਸੰਬੋਧਨ ਹੋਣ ਵਾਲੀ ਪਰਚਲਤ ਵਿਆਖਿਆ ਉੱਪਰ ਸਵਾਲੀਆ ਚਿੰਨ ਬਣ ਜਾਂਦੀ ਹੈ। ਇਸ ਕਰਕੇ ਇਹ ਹੋ
ਹੀ ਨਹੀ ਸਕਦਾ ਕਿ ਨਾਨਕ ਕਿਸੇ ਦੇਹ ਨੂੰ ਸੁਆਮੀ ਕਹਿ ਕਰ ਸੰਬੋਧਨ ਹੋਣ। ਪਾਉੜੀ ਨੰ: ੫੮ ਨਾਨਕ ਜੀ
ਨੇ ਇਹ ਸਪਸਟ ਕੀਤਾ ਹੈ ਕਿ ਜੰਮਕੇ ਮਰ ਜਾਣ ਵਾਲੇ ਨੂੰ ਹਰ ਗਜ ਸੁਆਮੀ ਨਹੀ ਮੰਨਿਆ ਜਾ ਸਕਦਾ। ਨਾ ਹੀ
ਖੁਦ ਨੂੰ ਕਰਤਾ ਸੁਆਮੀ ਮੰਨਣ ਵਾਲਾ ਜੋਗੀ ਨਾਨਕ ਜੀ ਸੁਆਮੀ ਕਹਿ ਕਰ ਸੰਬੋਦਨ ਹੋ ਸਕਦਾ ਹੈ।
ਬਲਦੇਵ
ਸਿੰਘ ਟੋਰਾਂਟੋ