. |
|
ਸੇਖ ਫਰੀਦ ਜੀਉ ਕੀ ਬਾਣੀ
(1)
(ਨੋਟ:- ਗੁਰਮਤਿ-ਪ੍ਰੇਮੀਆਂ ਦੇ ਕਹਿਣ `ਤੇ ਦਾਸ ਨੇ ਫਰੀਦ ਜੀ ਦੀ ਬਾਣੀ ਦੀ
ਵਿਚਾਰ ਕਰਨ ਦਾ ਮਨ ਬਣਾਇਆ ਹੈ। ਉਨ੍ਹਾਂ ਦੇ ਜੀਵਨ, ਫ਼ਲਸਫ਼ੇ ਅਤੇ ਬੋਲੀ-ਸ਼ੈਲੀ ਆਦਿਕ ਬਾਰੇ
ਪ੍ਰਾਰੰਭਿਕ ਜਾਣਕਾਰੀ ਸ਼ੁਰੂ ਵਿੱਚ ਲਿਖਣ ਦੀ ਬਜਾਏ ਬਾਣੀ-ਵਿਚਾਰ ਤੋਂ ਬਾਅਦ ਲਿਖਣ ਦਾ ਨਿਰਣਾ ਕੀਤਾ
ਹੈ ਕਿਉਂਕਿ, ਬਾਬਾ ਫ਼ਰੀਦ ਜੀ ਦੇ ਜੀਵਨ ਨਾਲ ਜੋੜੀਆਂ ਜਾਂਦੀਆਂ ਹਲਕੀਆਂ ਖ਼ਿਆਲੀ ਕਹਾਣੀਆਂ ਨੂੰ
ਨਿਕਾਰਨ ਵਾਸਤੇ ਪਾਠਕਾਂ ਨੂੰ ਪਹਿਲਾਂ ਉਨ੍ਹਾਂ ਦੀ ਬਾਣੀ ਵਿੱਚ ਪ੍ਰਗਟਾਏ ਪਰਮਾਰਥੀ ਵਿਚਾਰਾਂ ਤੋਂ
ਜਾਣੂ ਕਰਾਉਣਾ ਜ਼ਰੂਰੀ ਹੈ। ਉਮੀਦ ਹੈ ਕਿ ਪਾਠਕ ਸਜਨ ਦਾਸ ਨੂੰ ਇਸ ਉੱਦਮ ਵਿੱਚ ਸਫ਼ਲ ਹੋਣ ਲਈ ਸੁਝਾਅ
ਅਤੇ ਸਹਿਯੋਗ ਦੇਣ ਗੇ!)
ਫ਼ਰੀਦ ਜੀ (1173 ਤੋਂ 1266) ਭਗਤੀ ਲਹਿਰ ਦੇ ਮੋਢੀਆਂ ਵਿੱਚੋਂ ਹਨ।
ਕਾਲ-ਕ੍ਰਮ ਅਨੁਸਾਰ, ਬਾਣੀ-ਰਚਯਤਿਆਂ ਵਿੱਚ ਉਨ੍ਹਾਂ ਦਾ ਪਹਿਲਾ ਸਥਾਨ ਹੈ। ਜੇ ਇਹ ਵੀ ਕਿਹਾ ਜਾਵੇ
ਕਿ ਉਹ ਪੰਜਾਬੀ ਦੇ ਪਹਿਲੇ ਲੇਖਕ ਹਨ ਤਾਂ ਇਸ ਵਿੱਚ ਕੋਈ ਅਤਿ-ਕਥਨੀ ਨਹੀਂ ਹੋਵੇ ਗੀ। ਫ਼ਰੀਦ ਜੀ ਦੀ
ਬਾਣੀ ਵਿੱਚ ਗੁਰਮਤਿ ਦੇ ਮੂਲ ਸਿਧਾਂਤ: ਏਕਤ੍ਵ (ਵਾਹਦਤ), ਨਾਮ-ਸਿਮਰਨ (ਬੰਦਗੀ/ਇਬਾਦਤ), ਗੁਰੂ
(ਪੀਰ), ਸੰਗਤ, ਸਿੱਖ (ਮੁਰੀਦ), ਵਿਕਾਰੀ ਮਾਨਸਿਕ ਰੋਗੀ ਰੁਚੀਆਂ ਦਾ ਘਾਤਿਕ ਪ੍ਰਭਾਵ ਅਤੇ ਸਦਗੁਣਾਂ
ਦੇ ਮਨ/ਆਤਮਾ ਉੱਤੇ ਕੀਮੀਆਈ ਅਸਰ ਆਦਿ ਵੇਖੇ ਜਾ ਸਕਦੇ ਹਨ। ਗੁਰੂ ਗ੍ਰੰਥ ਵਿੱਚ ਸੰਕਲਿਤ ਆਪ ਦੀ
ਬਾਣੀ ਦਾ ਵੇਰਵਾ ਇਸ ਪ੍ਰਕਾਰ ਹੈ: ਰਾਗੁ ਆਸਾ ਵਿੱਚ ਦੋ ਸ਼ਬਦ; ਦੋ ਸ਼ਬਦ ਰਾਗੁ ਸੂਹੀ ਵਿਚ, ਅਤੇ 112
ਸ਼ਲੋਕ ਹਨ। ਇਨ੍ਹਾਂ ਸ਼ਲੋਕਾਂ ਨਾਲ 18 ਸ਼ਲੋਕ ਗੁਰੂਆਂ ਦੇ ਵੀ ਸ਼ਾਮਿਲ ਕੀਤੇ ਗਏ ਹਨ। ਅਗਲੇਰੇ ਪੰਨਿਆਂ
ਉੱਤੇ ਸੇਖ ਫ਼ਰੀਦ ਜੀ ਦੀ ਬਾਣੀ ਉੱਤੇ ਤਰਕਮਈ ਵਿਚਾਰ ਕੀਤੀ ਜਾਵੇਗੀ।
ਆਸਾ ਸੇਖ ਫਰੀਦ ਜੀਉ ਕੀ ਬਾਣੀ
ਦਿਲਹੁ ਮੁਹਬਤਿ ਜਿੰਨੑ ਸੇਈ ਸਚਿਆ॥ ਜਿਨੑ ਮਨਿ ਹੋਰੁ ਮੁਖਿ ਹੋਰੁ ਸਿ ਕਾਂਢੇ
ਕਚਿਆ॥ ੧॥
ਰਤੇ ਇਸਕ ਖੁਦਾਇ ਰੰਗਿ ਦੀਦਾਰ ਕੇ॥ ਵਿਸਰਿਆ ਜਿਨੑ ਨਾਮੁ ਤੇ ਭੁਇ ਭਾਰੁ
ਥੀਏ॥ ੧॥ ਰਹਾਉ॥
ਆਪਿ ਲੀਏ ਲੜਿ ਲਾਇ ਦਰਿ ਦਰਵੇਸ ਸੇ॥ ਤਿਨੑ ਧੰਨੁ ਜਣੇਦੀ ਮਾਉ ਆਏ ਸਫਲੁ ਸੇ॥
੨॥
ਪਰਵਦਗਾਰ ਅਪਾਰ ਅਗਮ ਬੇਅੰਤ ਤੂ॥ ਜਿਨੑ ਪਛਾਤਾ ਸਚੁ ਚੁੰਮਾ ਪੈਰ ਮੂੰ॥ ੩॥
ਤੇਰੀ ਪਨਹ ਖੁਦਾਇ ਤੂ ਬਖਸੰਦਗੀ॥ ਸੇਖ ਫਰੀਦੈ ਖੈਰੁ ਦੀਜੈ ਬੰਦਗੀ॥ ੪॥ ੧॥
ਸ਼ਬਦ-ਅਰਥ:- ਕਾਂਢੇ: ਕਹੇ ਜਾਂਦੇ ਹਨ, ਸਦੀਂਦੇ ਹਨ।
ਦੀਦਾਰ: ਫ਼ਾ: ਦਰਸ਼ਨ, ਅਦ੍ਰਿਸ਼ਟ ਦੀ ਹੋਂਦ ਨੂੰ ਸਵੀਕਾਰ ਕਰਨਾ, ਉਸ ਨਾਲ ਸਾਂਝ ਹੋਣੀ।
ਦਰਵੇਸ਼: ਫ਼ਾ: ਦਰਵੇਜ਼, ਖ਼ੁਦਾ ਦੇ ਦਰ ਨਾਲ ਚਿਮੜਿਆ ਹੋਇਆ ਫ਼ਕੀਰ ਕਾਮਿਲ,
ਪੂਰਨ-ਭਗਤ, ਠਾਢਾ। ਪਰਵਦਗਾਰ: ਫ਼ਾ: ਪਰਵਰਦਿਗਾਰ, ਪਰਵਰਿਸ਼ ਕਰਨ ਵਾਲਾ, ਪਾਲਣਹਾਰ
(Sustainer)।
ਅਪਾਰ: ਜਿਸ ਦਾ ਪਾਰ ਨਹੀਂ, ਇੰਦ੍ਰੀਆਂ ਦੀ ਪਹੁੰਚ ਤੋਂ ਪਰੇ, ਅਥਾਹ, ਅਗਾਧ। ਅਗੰਮ: ਸੰ: ਗਮ ਦਾ
ਅਰਥ ਹੈ ਜਾਣਾ, ਪਹੁੰਚਣਾ; ਅਗੰਮ: ਜਿੱਥੇ ਜਾਇਆ ਨਾ ਜਾ ਸਕੇ, ਅਪਹੁੰਚ। ਮੂੰ: ਮੈਂ। ਪਨਹ: ਫ਼ਾ:
ਪਨਾਹ, ਸਹਾਰਾ, ਓਟ, ਬਚਾਅ। ਬਖਸੰਦਗੀ: ਫ਼ਾ: ਬਖ਼ਸ਼ਿਸ਼, ਬਖ਼ਸ਼ਨਹਾਰ, ਮੁਆਫ਼ੀ।
ਸੇਖ: ਅ: ਸ਼ੈਖ਼, ਪੀਰ/ਮੁਰਸ਼ਦ, ਉਸਤਾਦ, ਆਲਿਮ, ਗਿਆਨੀ, ਬਜ਼ੁਰਗ। ਖੈਰ:
ਖ਼ੈਰਾਤ, ਦਾਨ, ਭਿੱਖਿਆ। ਬੰਦਗੀ: ਫ਼ਾ: ਇਬਾਦਤ, ਖ਼ਿਦਮਤ, ਸੇਵਾ-ਭਗਤੀ।
ਭਾਵ-ਅਰਥ:- ਜਿਹੜੇ ਮਨੁਖ ਇਕ-ਮਨ ਹੋ ਕੇ ਪ੍ਰਭੂ ਦੀ
ਪ੍ਰੇਮਾ-ਭਗਤੀ ਕਰਦੇ ਹਨ, ਉਹੀ ਸੱਚੇ ਭਗਤ ਹਨ। (ਪਰੰਤੂ) ਜਿਨ੍ਹਾਂ ਦੇ ਮਨ ਵਿੱਚ ਖੋਟ ਹੈ ਪਰ
ਮੂੰਹੋਂ ਰੱਬ ਦੇ ਭਗਤ ਹੋਣ ਦਾ ਢੌਂਗ ਕਰਦੇ ਹਨ, ਉਨ੍ਹਾਂ ਦਾ ਰੱਬ ਪ੍ਰਤਿ ਪ੍ਰੇਮ ਸਿਰਫ਼ ਲੋਕਾਚਾਰ
ਹੈ, ਝੂਠਾ ਹੈ ਅਤੇ ਉਹ, ਕਪਟੀ ਹੋਣ ਕਾਰਣ, ਕੱਚੇ ਕਹੇ ਜਾਂਦੇ ਹਨ। ੧।
ਜੋ ਜਨ ਪ੍ਰਭੂ-ਪ੍ਰੇਮ (ਇਸ਼ਕ ਹਕੀਕੀ) ਨਾਲ ਰੰਗੇ ਹੋਏ ਹਨ, ਉਹ ਹੀ, ਤਨੋਂ
ਮਨੋਂ, ਹਰਿ-ਦਰਸ਼ਨ ਦੇ ਰੰਗ ਵਿੱਚ ਰੰਗੇ ਜਾਂਦੇ ਹਨ। (ਪਰੰਤੂ) ਜੋ ਮਨੁਖ ਮਾਨਵ-ਜੀਵਨ ਵਿੱਚ
ਵਿਚਰਦਿਆਂ ਹਰਿ-ਨਾਮ-ਸਿਮਰਨ ਦੇ ਮਾਨਵ-ਜੀਵਨ-ਮਨੋਰਥ ਨੂੰ ਭੁਲਾਈ ਰੱਖਦੇ ਹਨ, ਉਹ, ਅਚੇਤਨ ਹੋਣ
ਕਾਰਣ, ਇਸ ਧਰਤੀ ਉੱਤੇ ਮੁਰਦਾ ਭਾਰ (dead
weight) ਦੇ ਸਮਾਨ ਹਨ। ੧। ਰਹਾਉ।
ਜਿਨ੍ਹਾਂ ਨੂੰ ਰੱਬ ਆਪਣੀ ਭਗਤੀ `ਚ ਆਪ ਜੋੜਦਾ ਹੈ, ਉਹੀ ਉਸ ਦੇ ਦਰ ਦੇ
ਸੱਚੇ ਸੇਵਕ/ਭਗਤ ਬਣਦੇ ਹਨ। ਉਨ੍ਹਾਂ ਕਾਮਿਲ ਫ਼ਕੀਰਾਂ/ਪੂਰਨ-ਭਗਤਾਂ ਨੂੰ ਜਨਮ ਦੇਣ ਵਾਲੀ ਮਾਂ
ਸਲਾਹੁਣਯੋਗ ਹੈ! ਉਨ੍ਹਾਂ ਸੱਚੇ ਉਪਾਸ਼ਕਾਂ ਦਾ ਮਾਨਵ-ਜੂਨੀ ਵਿੱਚ ਆਉਣਾ ਸਫ਼ਲ ਹੁੰਦਾ ਹੈ। ੨।
ਐ ਪਾਲਣਹਾਰ ਪਰਮਾਤਮਾ! ਤੂੰ ਅਥਾਹ, ਅਗਾਧ ਅਤੇ ਅਪਹੁੰਚ ਹੈਂ। ਜਿਨ੍ਹਾਂ
ਸੁਭਾਗਿਆਂ ਨੇ ਸੱਚੇ-ਸਦੀਵੀ ਰੱਬ ਨੂੰ ਜਾਣ ਲਿਆ ਹੈ, ਮੈਂ ਉਨ੍ਹਾਂ ਦੇ ਚਰਨ ਸਪਰਸ਼ ਕਰਦਾ ਹਾਂ। ੩।
ਐ ਖ਼ੁਦਾ! ਤੂੰ ਬਖ਼ਸ਼ਨਹਾਰ ਹੈਂ, ਮੈਨੂੰ ਤੇਰਾ ਹੀ ਓਟ-ਆਸਰਾ ਹੈ। ਸ਼ੇਖ਼ ਫ਼ਰੀਦ
ਨੂੰ ਆਪਣੀ ਬੰਦਗੀ (ਨਾਮ-ਸਿਮਰਨ) ਦੀ ਖ਼ੈਰ (ਦਾਤ) ਬਖ਼ਸ਼ ਦੇ। ੪।
ਉਪਰ ਵਿਚਾਰੇ ਸ਼ਬਦ ਵਿੱਚ ਸੱਚੀ ਪ੍ਰੇਮਾ-ਭਗਤੀ, ਇਕ-ਚਿਤ ਨਾਮ-ਸਿਮਰਨ, ਰੱਬ
ਦੇ ਕਾਮਿਲ ਬੰਦਿਆਂ ਦੀ ਸੰਗਤ ਕਰਨ ਦੀ ਤੀਬ੍ਰ ਇੱਛਾ ਅਤੇ ਰੱਬ ਤੋਂ ਨਾਮ-ਦਾਨ ਦੀ ਦਾਤ ਦੀ ਯਾਚਨਾ
ਆਦਿ ਗੁਰਮਤਿ ਦੇ ਨਿਯਮਾਂ ਦਾ ਵਰਨਣ ਅਤੇ ਇਨ੍ਹਾਂ ਦੀ ਪਾਲਣਾ ਕਰਨ ਦੀ ਪ੍ਰੇਰਣਾ ਹੈ। ਫ਼ਰੀਦ ਜੀ ਦੀ
ਦੁਆ (ਅਰਦਾਸ) ਸਿਰਫ਼ ਖ਼ੁਦਾ ਅੱਗੇ ਹੈ, ਕਿਸੇ ਹੋਰ ਮਿਥਿਹਾਸਕ ਸ਼ਕਤੀ (ਦੇਵੀ, ਦੇਵਤੇ ਤੇ ਫ਼ਰਿਸ਼ਤੇ
ਵਗ਼ੈਰਾ) ਅੱਗੇ ਨਹੀਂ! ਮੰਗ ਵੀ ਕੇਵਲ ਬੰਦਗੀ (ਨਾਮ-ਸਿਮਰਨ) ਦੀ ਹੈ, ਨਾਸ਼ਮਾਨ ਸੰਸਾਰ ਦੀਆਂ ਮਾਇਕ
ਜਾਂ ਪਦਾਰਥਕ ਪ੍ਰਾਪਤੀਆਂ ਵਾਸਤੇ ਨਹੀਂ! !
ਚਲਦਾ-------
ਗੁਰਇੰਦਰ ਸਿੰਘ ਪਾਲ
ਮਾਰਚ
11, 2012.
|
. |