. |
|
ਸਰਬ ਰੋਗ ਕਾ ਅਉਖਦੁ ਨਾਮੁ
ਸੰਸਾਰ ਵਿੱਚ ਹਰ ਮਨੁੱਖ ਰੋਗੀ ਹੈ
ਜੋ ਜੋ ਦੀਸੈ ਸੋ ਸੋ ਰੋਗੀ ॥ ਰੋਗ
ਰਹਿਤ ਮੇਰਾ ਸਤਿਗੁਰੁ ਜੋਗੀ ॥ (੧੧੪੦) ਤੇ ਰੋਗ
(ਭਾਵੇਂ ਸਰੀਰਕ ਜਾਂ ਮਾਨਸਿਕ) ਕਾਰਨ ਦੁਖੀ ਵੀ ਹੈ
ਜਿਸੁ ਮਾਨੁਖ ਪਹਿ ਕਰਉ ਬੇਨਤੀ ਸੋ
ਅਪਨੈ ਦੁਖਿ ਭਰਿਆ ॥ (੪੯੭)। ਸਰੀਰ ਨਾਲ ਬਹੁਤਾ
ਜੁੜੇ ਹੋਣ ਕਾਰਨ ਮਨੁੱਖ ਨੇ ਬਹੁਤ ਯਤਨ ਕਰਕੇ ਅਨੇਕ ਸਰੀਰਕ ਰੋਗਾਂ ਦਾ ਦਾਰੂ ਤਾਂ ਲੱਭ ਲਿਆ ਪਰ
ਮਾਨਸਿਕ ਰੋਗਾਂ ਵਲੋਂ ਇਹ ਸਦਾ ਅਵੇਸਲਾ ਤੇ ਬੇਖਬਰ ਹੀ ਰਿਹਾ ਹੈ। ਇਹੀ ਕਾਰਨ ਹੈ ਕਿ ਸਰੀਰਕ ਰੋਗਾਂ
ਦੇ ਵੈਦ ਤਾਂ ਬਹੁਤ ਹਨ ਪਰ ਮਾਨਸਿਕ ਰੋਗਾਂ ਦਾ ਵੈਦ ਕੇਵਲ ਗੁਰੂ ਹੀ ਹੈ। ਗੁਰੂ ਬਿਨਾ ਮਾਨਸਿਕ
ਰੋਗਾਂ ਦੇ ਦੁੱਖ ਤੋਂ ਮੁਕਤ ਨਹੀ ਹੋਇਆ ਜਾ ਸਕਦਾ।
ਰੋਗ ਬੰਧ ਰਹਨੁ ਰਤੀ ਨ ਪਾਵੈ ॥ ਬਿਨੁ
ਸਤਿਗੁਰ ਰੋਗੁ ਕਤਹਿ ਨ ਜਾਵੈ ॥੩॥ (੧੧੪੦)।
ਕੁਦਰਤਿ ਦਾ ਇੱਕ ਨਿਯਮ ਹੈ ਕਿ ਕਿਸੇ ਵੀ ਸਰੀਰਕ ਬਿਮਾਰੀ ਦੀ ਸ਼ੁਰੂਆਤ ਤੋਂ ਪਹਿਲਾਂ ਉਸ ਦੀ ਸੂਚਨਾ
ਆਉਂਦੀ ਹੈ ਪਰ ਇਸ ਸੂਚਨਾ ਨੂੰ ਅਕਸਰ ਨਜ਼ਰ ਅੰਦਾਜ਼ ਕੀਤਾ ਜਾਂਦਾ ਹੈ। ਸਿਰ ਦਰਦ ਹੋਵੇ, ਬੁਖਾਰ ਹੋਵੇ,
ਸਰੀਰ ਨੂੰ ਕੰਬਣੀ ਆਵੇ ਤਾਂ ਝੱਟ ਦੋ ਗੋਲੀਆਂ ਪੈਰਾਸੀਟੇਮਲ ਦੀਆਂ ਲੈ ਲੈਣ ਨਾਲ ਅਸਲ ਰੋਗ ਦੂਰ ਨਹੀ
ਹੋ ਜਾਂਦਾ। ਇਹ ਦਰਦ ਕੁੱਝ ਚਿਰ ਲਈ ਤਾਂ ਭਾਵੇਂ ਥੰਮ੍ਹਿਆ ਜਾਵੇ ਪਰ ਰੋਗ ਦੂਰ ਨਹੀ ਹੋ ਸਕਦਾ
ਕਿਉਂਕਿ ਇਹ ਦਰਦ ਬਿਮਾਰੀ ਦਾ ਕਾਰਨ ਨਹੀ ਕੇਵਲ ਸੂਚਨਾ ਹੀ ਹੈ। ਬਿਮਾਰੀ ਤਾਂ ਸਰੀਰ ਵਿੱਚ ਕਿਤੇ ਹੋਰ
ਹੀ ਹੈ। ਸੂਚਨਾ ਨੂੰ ਬਿਮਾਰੀ ਸਮਝ ਕੇ ਉਸ ਦੇ ਇਲਾਜ ਦੀ ਕੋਸ਼ਿਸ਼ ਨਿਸਫਲ ਹੈ।
ਦਰਦੁ ਹੋਵੈ ਦੁਖੁ ਰਹੈ ਸਰੀਰ ॥ ਐਸਾ
ਦਾਰੂ ਲਗੈ ਨ ਬੀਰ ॥੧॥ ਰਹਾਉ (੧੨੫੬) ਐਸੀ ਦਵਾਈ
ਦੇਣ ਦਾ ਕੋਈ ਲਾਭ ਨਹੀ (ਜਿਸਦੇ ਵਰਤਿਆਂ ਫਿਰ ਵੀ) ਸਰੀਰ ਦਾ ਦੁੱਖ ਦਰਦ ਦੂਰ ਨਾ ਹੋਵੇ। ਅਗਰ ਕਿਸੇ
ਦੇ ਮਨ ਨੂੰ (ਹਿਪਨੋਟਾਈਜ਼) ਸੰਮੋਹਨ ਕਰਕੇ ਸਿਰ ਦਰਦ ਦਾ ਵੀਚਾਰ ਦਿੱਤਾ ਜਾਵੇ ਤਾਂ ਉਹ ਮਨੁੱਖ ਨੂੰ
ਸਿਰ ਦਰਦ ਸ਼ੁਰੂ ਹੋ ਜਾਵੇਗਾ ਜੋ ਲੱਖਾਂ ਸਰੀਰਕ ਦਵਾਈਆਂ ਨਾਲ ਵੀ ਦੂਰ ਨਹੀ ਹੋਵੇਗਾ ਕਿਉਂਕਿ ਇਹ
ਸਰੀਰਕ ਰੋਗ ਨਹੀ ਬਲਿਕੇ ਮਾਨਸਕ ਰੋਗ ਦੀ ਹੀ ਸੂਚਨਾ ਹੈ। ਰੋਗ ਦਾ ਮੂਲ ਤਾਂ ਮਨ ਦੀ ਕਮਜ਼ੋਰੀ ਹੈ।
ਇੱਕ ਡੌਕਟਰ ਨਾਲ ਗਲ ਬਾਤ ਕਰਦਿਆਂ ਪਤਾ ਲੱਗਾ ਕਿ ਉਸ ਪਾਸ ਜੋ ਵਡ੍ਹੀ ਉਮਰ ਦੇ ਮਰੀਜ਼ ਆਉਂਦੇ ਹਨ ਉਹ
ਤਨ ਨਾਲੋਂ ਮਨ ਦੇ ਰੋਗੀ ਬਹੁਤੇ ਹੁੰਦੇ ਹਨ ਜੋ ਗੱਲਾਂ ਬਾਤਾਂ ਨਾਲ ਹੀ ਠੀਕ ਹੋ ਜਾਂਦੇ ਹਨ। ਹੁਣ
ਰੋਗ ਚਾਹੇ ਸਰੀਰਕ ਹੋਵੇ ਜਾਂ ਮਾਨਸਕ ਉਸ ਦਾ ਦੁੱਖ ਕਬੂਲਣ ਵਾਲਾ ਤਾਂ ਇਕੋ ਮਨ ਹੀ ਹੈ ਇਸ ਲਈ ਜੋ
ਮਨੁੱਖ ਮਾਨਸਕ ਤੌਰ ਤੇ ਬਲਵਾਨ ਹੈ ਉਹ ਦੋਵੇਂ ਤਰਾਂ ਦੇ ਰੋਗਾਂ ਦਾ ਸਾਹਮਣਾ ਦ੍ਰਿੜਤਾ ਨਾਲ ਕਰ ਸਕਦਾ
ਹੈ। ਗੁਰੂ, ਮਨੁੱਖ ਨੂੰ ਮਾਨਸਿਕ ਤੌਰ ਤੇ ਬਲਵਾਨ ਕਰਨਾ ਚਹੁੰਦਾ ਹੈ ਕਿਉਂਕਿ ਦੋਵੇਂ ਰੋਗਾਂ ਦਾ
ਦਾਰੂ ਮਨ ਦੀ ਤਾਕਤ ਤੇ ਨਿਰਭਰ ਹੈ। ਜਿਵੇਂ ਸਰੀਰ ਦੀ ਤਾਕਤ ਚੰਗੀ ਖੁਰਾਕ ਤੇ ਵਰਜਸ਼ ਤੇ ਆਧਾਰਿਤ ਹੈ,
ਤਿਵੇਂ ਮਨ ਦੀ ਤਾਕਤ ਗੁਰਗਿਆਨ ਤੇ ਰੱਬੀ ਗੁਣਾਂ ਤੇ ਨਿਰਭਰ ਹੈ। ਅਗਿਆਨਤਾ ਕਾਰਨ ਮਨ ਡੋਲ ਜਾਂਦਾ
ਹੈ, ਖੰਡ ਖੰਡ ਹੋ ਜਾਂਦਾ ਹੈ ਤੇ ਖੰਡਿਤ ਹੋਇਆ ਮਨ ਕਮਜ਼ੋਰ ਹੋ ਕੇ ਭਰਮ ਭੁਲੇਖਿਆਂ, ਵਹਿਮਾਂ ਤੇ
ਵਿਕਾਰਾਂ ਦਾ ਸ਼ਿਕਾਰ ਹੋ ਜਾਂਦਾ ਹੈ। ਗੁਰਮੁੱਖਾਂ ਦੇ ਅਡੋਲ ਤੇ ਬਲਵਾਨ ਮਨ ਨੂੰ ਨਾਂ ਸਰੀਰਕ ਰੋਗ ਤੇ
ਨਾਂ ਹੀ ਮਾਨਸਿਕ ਰੋਗ ਡੁਲਾ ਸਕਦੇ ਹਨ। ਜਦੋਂ ਤੱਕ ਮਨ ਗੁਰਗਿਆਨ ਦੁਆਰਾ ਇਕਾਗਰ (ਅਡੋਲ) ਹੈ ਤੱਦ
ਤੱਕ ਇਹ ਮਨ ਬਲਵਾਨ ਹੈ, ਅਰੋਗ ਹੈ, ਪ੍ਰਭੂ ਨਾਲ ਜੁੜਿਆ ਹੈ ਪਰ ਜਦੋਂ ਅਗਿਆਨਤਾ ਕਾਰਨ ਮੋਹ ਮਾਇਆ ਦੇ
ਹੱਲਿਆਂ ਨਾਲ ਇਹ ਡੋਲ ਜਾਂਦਾ ਹੈ, ਖੰਡ ਖੰਡ ਹੋ ਜਾਂਦਾ ਹੈ, ਪ੍ਰਭੂ ਤੋਂ ਵਿੱਛੜ ਜਾਂਦਾ ਹੈ ਤਾਂ ਇਹ
ਨਿਰਬਲ ਹੋ ਕੇ ਕਿਸੇ ਹੋਰ ਸਹਾਰਿਆਂ ਦੀ ਭਾਲ ਵਿੱਚ ਧਰਮ ਦੇ ਚੋਰਾਂ ਯਾਰਾਂ ਤੇ ਕੁੜਿਆਰਾਂ (ਭੇਖੀ
ਵੈਦਾਂ) ਦੇ ਜਾ ਹੱਥ ਚ੍ਹੜਦਾ ਹੈ। ਉਹ ਭੇਖੀ (ਵੈਦ) ਸਾਧ ਲਾਣਾ ਜੋ ਫਿਰ ਇਸ ਦਾ ਸ਼ੋਸ਼ਣ ਕਰਦੇ ਹਨ ਉਹ
ਪ੍ਰਤੱਖ ਜੱਗ ਜਾਹਰ ਹੈ। ਜ਼ਿੰਦਗੀ ਵਿੱਚ (ਕੁਦਰਤ ਨਿਯਮਾਂ ਅਨੁਸਾਰ) ਦੁੱਖ ਹਰ ਮਨੁੱਖ ਨੂੰ ਆਉਂਦਾ ਹੈ
ਪਰ ਇਹ ਦੁੱਖ ਅੰਦਰ ਜਾਗੇ ਰੋਗ ਦੀ ਸੂਚਨਾ ਹੀ ਹੈ। ਸਰੀਰਕ ਰੋਗਾਂ ਦਾ ਦਾਰੂ ਤਾਂ ਦੁਨਿਆਵੀ ਵੈਦ ਵੀ
ਕਰਦੇ ਹਨ ਪਰ ਮਾਨਸਿਕ ਰੋਗਾਂ ਦਾ ਵੈਦ ਕੇਵਲ ਗੁਰੂ ਹੀ ਹੈ। ਅਨੇਕ ਸਰੀਰਕ ਸੁੱਖਾਂ ਦੇ ਸਾਧਨ
ਹੁੰਦਿਆਂ ਵੀ ਅੱਜ ਮਨੁੱਖ ਮਾਨਸਿਕ ਤੌਰ ਤੇ ਦੁਖੀ ਇਸ ਲਈ ਹੈ ਕਿਉਂਕਿ ਉਹ ਅੰਦਰੂਨੀ (ਮਾਨਸਿਕ) ਰੋਗ
ਨੂੰ ਪਛਾਣੇ ਬਿਨਾ ਉਸਦੀ ਸੂਚਨਾ ਦਾ ਨਿਸਫਲ ਇਲਾਜ ਸਰੀਰਕ ਰੋਗ ਦੀਆਂ ਦਵਾਈਆਂ ਨਾਲ ਕਰਨਾ ਚਹੁੰਦਾ
ਹੈ। ਮਨੁੱਖ ਮਾਨਸਿਕ ਤੌਰ ਤੇ ਰੋਗੀ ਉਦੋਂ ਹੁੰਦਾ ਹੈ ਜਦੋਂ ਉਸ ਨੂੰ ਉਸ ਦੀ ਸ਼ਕਤੀ ਦਾ ਮੂਲ,
ਪਰਮਾਤਮਾ, ਵਿਸਰ ਜਾਂਦਾ ਹੈ:
(੧) ਕਤਿਕਿ ਕਰਮ ਕਮਾਵਣੇ ਦੋਸੁ ਨ ਕਾਹੂ ਜੋਗੁ ॥ ਪਰਮੇਸਰ ਤੇ ਭੁਲਿਆਂ
ਵਿਆਪਨਿ ਸਭੇ ਰੋਗ ॥ (੧੩੫)।
(੨) ਹਰਿ ਬਿਸਰਿਐ ਦੁਖ ਰੋਗ ਘਨੇਰੇ ॥ ਪ੍ਰਭ ਸੇਵਾ ਜਮੁ ਲਗੈ ਨ ਨੇਰੇ ॥
(197)
(੩) ਜਿਸੁ ਖਸਮੁ ਨ ਆਵੀ ਚਿਤਿ ਰੋਗੀ ਸੇ ਗਣੇ ॥ (੯੬੪)।
(੪) ਇਕੁ ਤਿਲੁ ਪਿਆਰਾ ਵੀਸਰੈ ਰੋਗੁ ਵਡਾ ਮਨ ਮਾਹਿ ॥ (੨੧)।
ਅਗਿਆਨਤਾ ਕਾਰਨ ਪ੍ਰਭੂ ਨਾਲੋਂ ਵਿਛੜ ਕੇ ਅਤੇ ਮੋਹ ਮਾਇਆ ਦੇ ਰੰਗ ਬਰੰਗੇ
ਤਮਾਸ਼ਿਆਂ ਦੀ ਦੌੜ ਵਿੱਚ ਕਮਜ਼ੋਰ ਹੋਇਆ ਮਨ ਰੋਗੀ ਹੋ ਜਾਂਦਾ ਹੈ ਜਿਸ ਦੀ ਸੂਚਨਾ (ਕਾਮ, ਕ੍ਰੋਧ,
ਲੋਭ, ਮੋਹ ਤੇ ਅਹੰਕਾਰ ਦੇ) ਦੁੱਖ ਰੂਪ ਵਿੱਚ ਆ ਜਾਂਦੀ ਹੈ ਪਰ ਜਿਸ ਨੂੰ ਨਜ਼ਰ ਅੰਦਾਜ਼ ਕਰ ਦਿੱਤਾ
ਜਾਂਦਾ ਹੈ। ਆਪਣੀਆਂ ਕਾਮਨਾਵਾਂ ਦੀ ਪੂਰਤੀ ਲਈ ਮਨੁੱਖ ਸਾਰਾ ਜੀਵਨ ਦੁੱਖਾਂ ਵਿੱਚ ਗੁਜ਼ਾਰ ਦਿੰਦਾ ਹੈ
ਪਰ ਇਹ ਕਦੇ ਪੂਰੀਆਂ ਨਹੀ ਹੋ ਪਾਉਂਦੀਆਂ ਤੇ ਦੁੱਖਾਂ ਦਾ ਕਾਰਨ ਬਣੀਆਂ ਰਹਿੰਦੀਆਂ ਹਨ। ਜਦ ਇਸ ਦੌੜ
ਵਿੱਚ ਤਨ ਤੇ ਮਨ ਦੋਵੇਂ ਥੱਕ ਕੇ ਚਕਨਾ ਚੂਰ ਹੋ ਜਾਂਦੇ ਹਨ ਤਾਂ ਇਹ ਅਸਲ ਰੋਗ ਨੂੰ ਬੁੱਝੇ ਬਿਨਾ
ਸਰੀਰਕ ਦਵਾਈਆਂ ਰਾਹੀਂ ਵਕਤੀ ਸੁੱਖਾਂ ਦਾ ਸਹਾਰਾ ਲੱਭਦਾ ਹੈ। ਮਾਨਸਿਕ ਦੁੱਖ ਦੇ ਮੂਲ ਨੂੰ ਸਮਝੇ
ਬਿਨਾ ਮਨੁੱਖ ਉਸ ਦੀ ਸੂਚਨਾਂ (ਭਾਵ ਦੁੱਖ) ਦਾ ਇਲਾਜ ਬਾਹਰਲੇ ਦੁਨਿਆਵੀ ਰਸਾਂ ਅਤੇ ਪਦਾਰਥਾਂ ਦੇ
ਸੁੱਖਾਂ ਨੂੰ ਪ੍ਰਾਪਤ ਕਰਨ ਜਾਂ ਭੋਗਣ ਨਾਲ ਕਰਨ ਦੀ ਕੋਸ਼ਿਸ਼ ਕਰਦਾ ਹੈ। ਪਰ ਇਹ ਤਾਂ ਸੂਚਨਾ ਦਾ ਹੀ
ਨਿਸਫਲ ਦਾਰੂ ਹੈ ਕਿਉਂਕਿ ਰੋਗ ਦਾ ਮੂਲ ਤਾਂ ਕਿਤੇ ਹੋਰ ਹੀ ਹੈ। ਮਨੁੱਖ, ਗੁਰੂ ਕੋਲ ਦੁਨਿਆਵੀ
ਪਦਾਰਥਾਂ ਲਈ ਅਰਦਾਸਾਂ ਕਰਦਾ ਤੇ ਕਰਾਉਂਦਾ ਹੈ ਪਰ ਇਹ ਨਹੀ ਸਮਝਦਾ ਕਿ ਇਹਨਾਂ ਦੀ ਪੂਰਤੀ ਵਕਤੀ ਸੁਖ
ਤਾਂ ਭਾਵੇਂ ਦੇ ਦੇਵੇ ਪਰ ਇਹ ਮਨ ਦੇ ਦੀਰਘ ਰੋਗ ਨੂੰ ਦੂਰ ਕਰਕੇ ਸਦੀਵੀ ਸੁੱਖ ਨਹੀ ਦੇ ਸਕਦੀਆਂ
ਕਿਉਂਕਿ ਸੂਚਨਾ ਦਾ ਦਾਰੂ ਰੋਗ ਦਾ ਦਾਰੂ ਨਹੀ ਹੈ। ਮਾਨਸਿਕ ਰੋਗ ਦਾ ਦਾਰੂ (ਉਪਾਉ) ਦੁਨਿਆਵੀ ਰਸ ਤੇ
ਪਦਾਰਥ ਜਾਂ ਸਰੀਰਕ ਰੋਗ ਦੀਆਂ ਦਵਾਈਆਂ ਨਹੀ ਹੋ ਸਕਦਾ। ਇਸ ਲਈ ਸੂਝਵਾਨ ਵੈਦ ਨੂੰ ਪਹਿਲਾਂ ਰੋਗ ਦੀ
ਪਹਿਚਾਨ ਕਰਨੀ ਜ਼ਰੂਰੀ ਹੈ:
ਵੈਦਾ ਵੈਦੁ ਸੁਵੈਦੁ ਤੂ ਪਹਿਲਾਂ ਰੋਗੁ ਪਛਾਣੁ ॥ ਐਸਾ ਦਾਰੂ ਲੋੜਿ ਲਹੁ
ਜਿਤੁ ਵੰਞੈ ਰੋਗਾ ਘਾਣਿ ॥ ਜਿਤੁ ਦਾਰੂ ਰੋਗ ਉਠਿਅਹਿ ਤਨਿ ਸੁਖੁ ਵਸੈ ਆਇ ॥ {ਪੰਨਾ 1279}
ਭਾਵ: ਹੇ ਭਾਈ, ਪਹਿਲਾਂ ਮਾਨਸਿਕ ਰੋਗ ਨੂੰ ਬੁੱਝ ਕੇ ਉਸ ਦੀ ਅੇਸੀ ਦਵਾਈ ਲੱਭ ਜਿਸ ਨਾਲ ਸਾਰੇ
ਮਾਨਸਿਕ ਰੋਗ ਦੂਰ ਹੋ ਜਾਣ ਤੇ ਮਨ ਸੁਖੀ ਹੋ ਜਾਵੇ। ਸਤਿਗੁਰੂ ਇਹਨਾਂ ਮਾਨਸਿਕ ਰੋਗਾਂ ਦਾ ਵੇਰਵਾ ਦੇ
ਕੇ ਸੁਚੇਤ ਕਰਦੇ ਹਨ: ਦੁਖੁ
ਵੇਛੋੜਾ ਇਕੁ ਦੁਖੁ ਭੂਖ ॥ ਇਕੁ ਦੁਖੁ ਸਕਤਵਾਰ ਜਮਦੂਤ ॥ ਇਕੁ ਦੁਖੁ ਰੋਗੁ ਲਗੈ ਤਨਿ ਧਾਇ ॥ ਵੈਦ ਨ
ਭੋਲੇ ਦਾਰੂ ਲਾਇ ॥੧॥ (੧੨੫੬) ਹੇ ਭੋਲੇ ਵੈਦ,
ਮਨੁੱਖ ਲਈ ਸਭ ਤੋਂ ਵਡ੍ਹਾ ਰੋਗ ਪ੍ਰਭੂ ਦਾ ਵਿਛੋੜਾ ਹੈ ਤੇ ਦੂਜਾ ਮਾਇਆ ਦੀ ਭੁੱਖ ਹੈ। ਤੀਜਾ ਇਸ
ਨੂੰ ਡਾਢੇ ਜਮਦੂਤਾਂ (ਭਾਵ ਮੌਤ) ਦਾ ਡਰ ਚੰਬੜਿਆ ਰਹਿੰਦਾ ਹੈ ਤੇ ਤੇਰੀ ਸਰੀਰਕ ਰੋਗਾਂ ਦੀ ਦਵਾਈ
ਨਾਲ ਇਹ ਮਾਨਸਿਕ ਰੋਗ ਦੂਰ ਨਹੀ ਹੋਣੇ। ਗੁਰ ਫੁਰਮਾਨ ਹੋਰ ਸੂਚਤ ਕਰਦਾ ਹੈ:
ਅਹੰਬੁਧਿ ਬਹੁ ਸਘਨ ਮਾਇਆ ਮਹਾ ਦੀਰਘ ਰੋਗੁ ॥ ਹਰਿ ਨਾਮੁ ਅਉਖਧੁ ਗੁਰਿ ਨਾਮੁ
ਦੀਨੋ ਕਰਣ ਕਾਰਣ ਜੋਗੁ ॥੧॥ (੫੦੨)। ਭਾਵ: ਹੇ
ਭਾਈ, ਅਹੰਕਾਰ ਇੱਕ ਬੜਾ ਲੰਮਾ ਮਾਨਸਿਕ ਰੋਗ ਹੈ, ਮਾਇਆ ਨਾਲ ਡੂੰਘਾ ਪਿਆਰ ਬੜਾ ਪੁਰਾਣਾ ਰੋਗ ਹੈ ਤੇ
ਇਸ ਤੋਂ ਉਸ ਦੀ ਹੀ ਖਲਾਸੀ ਹੁੰਦੀ ਹੈ ਜਿਸ ਨੂੰ ਗੁਰੂ ਨੇ ਨਾਮ, (ਹੁਕਮ, ਗੁਰਬਾਣੀ ਗਿਆਨ, ਜੋ
ਪ੍ਰਭੂ ਨਾਲ ਮੇਲਣ ਦੀ ਸਮਰੱਥਾ ਰੱਖਦਾ ਹੈ) ਦਾ ਦਾਰੂ ਦਿੱਤਾ ਹੈ। ਸੱਚ ਮੁੱਚ ਇਹ ਹਉਮੈ ਦਾ ਰੋਗ
ਬਹੁਤ ਲੰਮਾ ਹੈ ਕਿਉਂਕਿ ਜੀਵਨ ਤੋਂ ਲੈ ਕੇ ਮੌਤ ਤੱਕ ਇਹ ਪਿੱਛਾ ਨਹੀ ਛੱਡਦਾ ਪਰ ਫਿਰ ਵੀ ਇਹ
ਲਾ-ਇਲਾਜ ਨਹੀ ਹੈ। ਗੁਰਬਾਣੀ ਫੁਰਮਾਨ ਹੈ:
ਹਉਮੈ ਦੀਰਘ ਰੋਗੁ ਹੈ ਦਾਰੂ ਭੀ ਇਸੁ ਮਾਹਿ ॥ ਕਿਰਪਾ ਕਰੇ ਜੇ ਆਪਣੀ ਤਾ ਗੁਰ
ਕਾ ਸਬਦੁ ਕਮਾਹਿ ॥ ਨਾਨਕੁ ਕਹੈ ਸੁਣਹੁ ਜਨਹੁ ਇਤੁ ਸੰਜਮਿ ਦੁਖ ਜਾਹਿ ॥{ਪੰਨਾ 466}
ਭਾਵ: ਹਉਮੈ ਇੱਕ ਲੰਮਾ ਰੋਗ ਹੈ ਪਰ ਇਹ ਲਾ-ਇਲਾਜ ਨਹੀ ਹੈ। ਨਾਨਕ ਆਖਦਾ ਹੈ, ਹੋ ਲੋਕੋ, ਜੇ ਪ੍ਰਭੂ
ਮਿਹਰ ਕਰੇ ਤਾਂ ਜੀਵ ਗੁਰੂ ਦਾ ਸ਼ਬਦ ਕਮਾ ਕੇ ਇਸ ਦੀਰਘ ਰੋਗ ਦੇ ਦੁੱਖ ਤੋਂ ਛੁਟਕਾਰਾ ਪਾ ਸਕਦਾ ਹੈ।
ਜਿਵੇਂ ਕਿਸੇ ਮੰਜ਼ਲ ਤੇ ਪਹੁੰਚਣ ਦਾ ਰਾਹ ਤਾਂ ਇਕੋ ਹੀ ਹੁੰਦਾ ਹੈ ਪਰ ਉਸ ਦੀਆਂ ਦਿਸ਼ਾਵਾਂ ਦੋ
ਹੁੰਦੀਆਂ ਹਨ। ਜਿਸ ਰਾਹ ਦੀ ਇੱਕ ਦਿਸ਼ਾ ਮੰਜ਼ਲ ਤੱਕ ਲੈ ਜਾਂਦੀ ਹੈ ਉਸ ਦੀ ਦੂਜੀ ਦਿਸ਼ਾ ਮੰਜ਼ਲ ਤੋਂ
ਦੂਰ ਵੀ ਲੈ ਜਾਂਦੀ ਹੈ, ਇਸ ਲਈ ਅਗਰ ਮੰਜ਼ਲ ਪਰਮਾਤਮਾ (ਪਰਮ ਸੁੱਖ) ਹੈ ਤਾਂ ਉਸ ਦੇ ਰਾਹ ਦੀਆਂ
ਦਿਸ਼ਾਵਾਂ ਦੋ ਹਨ। ਇੱਕ ਦਿਸ਼ਾ ਦਾ ਨਾਮ ਗੁਰਮਤ (ਗੁਰਬਾਣੀ) ਹੈ ਜੋ ਮੰਜ਼ਲ (ਪਰਮ ਸੁੱਖ) ਤੇ ਪਹੁੰਚਾ
ਦੇਵੇਗੀ ਪਰ ਉਸ ਦੇ ਉਲਟ ਵਾਲੀ ਦਿਸ਼ਾ ਦੁਰਮਤ (ਮਨਮੱਤ) ਹੈ ਜੋ ਮੰਜ਼ਲ ਤੋਂ ਦੂਰ (ਦੁੱਖਾਂ ਵਲ) ਲੈ
ਜਾਵੇਗੀ। ਇੱਕ ਦਿਸ਼ਾ ਨਿਰੰਕਾਰ ਵਲ ਲੈ ਜਾਵੇਗੀ ਤੇ ਇਸ ਤੋਂ ਉਲਟ ਦਿਸ਼ਾ ਸੰਸਾਰ ਵਲ ਲੈ ਜਾਵੇਗੀ।
ਮਨੁੱਖ ਦਾ ਮਾਨਸਿਕ ਤੌਰ ਤੇ ਦੁੱਖੀ ਹੋਣਾ ਹੀ ਦੁਰਮਤ ਵਾਲੀ ਦਿਸ਼ਾ ਦਾ ਪ੍ਰਗਟਾਵਾ ਹੈ ਇਸ ਲਈ ਮੰਜ਼ਲ
(ਪਰਮ ਸੁੱਖ) ਤੇ ਪਹੁੰਚਣ ਲਈ ਕੇਵਲ ਦਿਸ਼ਾ (ਦੁਰਮੱਤ ਤੋਂ ਗੁਰਮਤ ਵਿਚ) ਬਦਲਨ ਦੀ ਹੀ ਲੋੜ ਹੈ ਕਿ
ਰੋਗ ਹੀ ਦਾਰੂ ਬਣ ਜਾਂਦਾ ਹੈ, ਦੁੱਖ ਹੀ ਸੁੱਖ ਬਣ ਜਾਂਦਾ ਹੈ। ਰੋਗ ਦਾ ਦਾਰੂ ਭੀ ਰੋਗ ਦੇ ਵਿੱਚ ਹੀ
ਪਿਆ ਹੈ ਕੇਵਲ ਦਿਸ਼ਾ ਬਦਲਣ ਦੀ ਹੀ ਲੋੜ ਹੈ। ਗੁਰਬਾਣੀ ਇਸ ਰੋਗ ਦੇ ਦਾਰੂ ਦਾ ਫੁਰਮਾਨ ਕਰਦੀ ਹੈ:
ਸਰਬ ਰੋਗ ਕਾ ਅਉਖਦੁ ਨਾਮੁ ॥ ਕਲਿਆਣ ਰੂਪ ਮੰਗਲ ਗੁਣ ਗਾਮ ॥
(੨੭੪)। ਪ੍ਰਭੂ ਦਾ ਨਾਮ (ਹੁਕਮ, ਗੁਰਬਾਣੀ, ਗੁਰਮਤ) ਹੀ ਸਾਰੇ ਰੋਗਾਂ ਦੀ ਦਵਾਈ ਹੈ, ਪ੍ਰਭੂ ਦੇ
ਗੁਣ ਗਾਉਣੇ ਚੰਗੇ ਭਾਗਾਂ ਤੇ ਸੁੱਖ ਦਾ ਰੂਪ ਹੈ। ਪ੍ਰਭੂ ਦੇ ਗੁਣ ਗਾਉਣ ਤੋਂ ਭਾਵ ਉਸ ਦੇ ਗੁਣਾਂ
ਨੂੰ ਧਾਰਨ ਕਰਨਾ ਹੈ। ਗੁਰਬਾਣੀ ਤੇ ਚੱਲਿਆਂ ਹੀ ਮਨ ਇਕਾਗਰ, ਅਡੋਲ ਤੇ ਬਲਵਾਨ ਹੁੰਦਾ ਹੈ, ਨਾਮ ਅਤੇ
ਰੱਬੀ ਗੁਣਾਂ ਦੀ ਦਾਤ ਪ੍ਰਾਪਤ ਹੁੰਦੀ ਹੈ, ਮਨ ਦੀ ਦਿਸ਼ਾ ਮੰਜ਼ਲ (ਪਰਮ ਸੁੱਖ) ਵਲ ਨੂੰ ਹੋ ਜਾਂਦੀ
ਹੈ, ਸਹਿਜ ਅਵਸਥਾ ਪ੍ਰਾਪਤ ਕਰਕੇ ਮਨੁੱਖ ਸ਼ਾਂਤ ਸੁਖੀ ਤੇ ਅਨੰਦਤ ਜੀਵਨ ਗੁਜ਼ਾਰ ਸਕਦਾ ਹੈ। ਗੁਰੂ
ਸਪਸ਼ਟ ਕਰਦਾ ਹੈ ਕਿ: ਏਹਾ
ਕਾਇਆ ਰੋਗਿ ਭਰੀ ਬਿਨੁ ਸਬਦੈ ਦੁਖੁ ਹਉਮੈ ਰੋਗੁ ਨ ਜਾਇ ॥ ਸਤਿਗੁਰੁ ਮਿਲੈ ਤਾ ਨਿਰਮਲ ਹੋਵੈ ਹਰਿ
ਨਾਮੋ ਮੰਨਿ ਵਸਾਇ ॥ ਨਾਨਕ ਨਾਮੁ ਧਿਆਇਆ ਸੁਖਦਾਤਾ ਦੁਖੁ ਵਿਸਰਿਆ ਸਹਜਿ ਸੁਭਾਇ ॥ {ਪੰਨਾ 588}
ਭਾਵ: ਇਹ ਸਰੀਰ ਹਉਮੈ ਦੇ ਰੋਗ ਨਾਲ ਭਰਿਆ ਹੋਇਆ ਹੈ, ਗੁਰੂ ਦੇ ਸ਼ਬਦ (ਗੁਰਬਾਣੀ) ਤੋਂ ਬਿਨਾ ਹਉਮੈ
ਦਾ ਦੀਰਘ ਰੋਗ ਦੂਰ ਨਹੀ ਹੁੰਦਾ। ਜੇ ਗੁਰੂ ਮਿਲ ਪਏ (ਭਾਵ ਗੁਰਬਾਣੀ ਤੇ ਚਲਿਆ ਜਾਵੇ) ਤਾਂ ਮਨੁੱਖ
ਦਾ ਮਨ ਪਵਿੱਤ੍ਰ ਹੋ ਜਾਂਦਾ ਹੈ (ਕਿਉਂਕਿ ਗੁਰੂ ਰਾਹੀਂ ਹੀ ਮਨੁੱਖ) ਪਰਮਾਤਮਾ ਦਾ ਨਾਮ ਮਨ ਵਿੱਚ
ਵਸਾਂਦਾ ਹੈ। ਜਿਨ੍ਹਾ ਨੇ ਸੁਖਦਾਈ ਨਾਮ ਸਿਮਰਿਆ ਹੈ (ਭਾਵ ਜੋ ਗੁਰਬਾਣੀ ਤੇ ਚੱਲੇ ਹਨ) ਉਹਨਾਂ ਦਾ
ਹਉਮੈ ਰੋਗ ਸਹਿਜ ਸੁਭਾਇ ਦੂਰ ਹੋ ਜਾਂਦਾ ਹੈ। ਆਮ ਦੇਖਣ ਵਿੱਚ ਤਾਂ ਇਹੀ ਆਉਂਦਾ ਹੈ ਕਿ ਸੰਸਾਰ ਵਲ
ਜਾਂਦੇ ਰਾਹ ਤੇ ਤਾਂ ਬਹੁਤ ਭੀੜ ਭੜੱਕਾ ਹੁੰਦਾ ਹੈ ਪਰ ਉਸ ਤੋਂ ਉਲਟ ਨਿਰੰਕਾਰ ਵਲ ਜਾਂਦੇ ਰਾਹ ਤੇ
ਸੁੰਨ ਸਾਨ ਹੀ ਪਈ ਹੁੰਦੀ ਹੈ।
ਕਬੀਰ ਜਿਹ ਮਾਰਗਿ ਪੰਡਿਤ ਗਏ ਪਾਛੈ
ਪਰੀ ਬਹੀਰ ॥ ਇਕ ਅਵਘਟ ਘਾਟੀ ਰਾਮ ਕੀ ਤਿਹ ਚੜਿ ਰਹਿਓ ਕਬੀਰ ॥{ਪੰਨਾ 1373}।
ਕੋਈ ਵਿਰਲਾ ਹੀ ਇਸ ਰਾਹ (ਸਾਰੇ ਰੋਗਾਂ ਦੇ ਦਾਰੂ) ਦੀ ਬਿਖੜੀ ਦਿਸ਼ਾ ਵਲ ਤੁਰਨ ਦੀ ਚੋਣ ਕਰਦਾ ਹੈ।
ਹਰਿ ਕਾ ਮਾਰਗੁ ਸਦਾ ਪੰਥੁ
ਵਿਖੜਾ ਕੋ ਪਾਏ ਗੁਰ ਵੀਚਾਰਾ ॥ (੬੦੦)
ਦਰਸ਼ਨ ਸਿੰਘ,
ਵੁਲਵਰਹੈਂਪਟਨ, ਯੂ. ਕੇ.
|
. |