ਆਸਾ॥ ਬੋਲੈ ਸੇਖ ਫਰੀਦ ਪਿਆਰੇ ਅਲਹ ਲਗੇ॥ ਇਹੁ ਤਨੁ ਹੋਸੀ ਖਾਕੁ ਨਿਮਾਣੀ
ਗੋਰ ਘਰੇ॥ ੧॥
ਆਜੁ ਮਿਲਾਵਾ ਸੇਖ ਫਰੀਦ ਟਾਕਿਮ ਕੂੰਜੜੀਆ ਮਨਹੁ ਮਚਿੰਦੜੀਆ॥ ੧॥ ਰਹਾਉ॥
ਜੇ ਜਾਣਾ ਮਰਿ ਜਾਈਐ ਘੁਮਿ ਨ ਆਈਐ॥ ਝੂਠੀ ਦੁਨੀਆ ਲਗਿ ਨ ਆਪੁ ਵਞਾਈਐ॥ ੨॥
ਬੋਲੀਐ ਸਚੁ ਧਰਮੁ ਝੂਠੁ ਨ ਬੋਲੀਐ॥ ਜੋ ਗੁਰੁ ਦਸੈ ਵਾਟ ਮੁਰੀਦਾ ਜੋਲੀਐ॥ ੩॥
ਛੈਲ ਲੰਘੰਦੇ ਪਾਰਿ ਗੋਰੀ ਮਨੁ ਧੀਰਿਆ॥ ਕੰਚਨ ਵੰਨੇ ਪਾਸੇ ਕਲਵਤਿ ਚੀਰਿਆ॥
੪॥
ਸੇਖ ਹੈਯਾਤੀ ਜਗਿ ਨ ਕੋਈ ਥਿਰੁ ਰਹਿਆ॥ ਜਿਸ ਆਸਣਿ ਹਮ ਬੈਠੇ ਕੇਤੇ ਬੈਸਿ
ਗਇਆ॥ ੫॥
ਕਤਿਕਿ ਕੂੰਜਾਂ ਚੇਤਿ ਡਉ ਸਾਵਣਿ ਬਿਜੁਲੀਆਂ॥ ਸੀਆਲੇ ਸੋਹੰਦੀਆਂ ਪਿਰ ਗਲਿ
ਬਾਹੜੀਆਂ॥ ੬॥
ਚਲੇ ਚਲਣਹਾਰ ਵਿਚਾਰਾ ਲੇਇ ਮਨੋ॥ ਗੰਢੇਦਿਆਂ ਛਿਅ ਮਾਹ ਤੁੜੰਦਿਆ ਹਿਕੁ
ਖਿਨੋ॥ ੭॥
ਜਿਮੀ ਪੁਛੇ ਅਸਮਾਨ ਫਰੀਦਾ ਖੇਵਟ ਕਿੰਨਿ ਗਏ॥ ਜਾਲਣ ਗੋਰਾਂ ਨਾਲਿ ਉਲਾਮੇ
ਜੀਅ ਸਹੇ॥ ੮॥ ੨॥
ਸ਼ਬਦ ਅਰਥ: ਖਾਕ: ਮਿੱਟੀ
ਗੋਰ: ਕਬਰ।
ਟਾਕਿਮ: ਟਾਕ: ਰੋਕ, ਰੋਕਣਾਂ; ਟਾਕਿਮ: ਮੈਂ ਰੋਕ ਲਵਾਂ, ਮੈਂ ਕਾਬੂ ਪਾ
ਲਵਾਂ।
ਕੂੰਜੜੀਆ: ਗਿਆਨ ਅਤੇ ਕਰਮ ਇੰਦ੍ਰੀਆਂ, ਮਨ ਉੱਤੇ ਮਾਰੂ ਪ੍ਰਭਾਵ ਪਾਉਣ
ਵਾਲੀਆਂ ਵਿਕਾਰੀ ਰੁਚੀਆਂ।
ਮਚਿੰਦੜੀਆ: ਲੋਭਾਉਣ ਵਾਲੀਆਂ।
ਘੁਮਿ: ਮੁੜ ਕੇ, ਲੌਟ ਕੇ, ਮਰਨ ਉਪਰੰਤ ਦੁਬਾਰਾ ਮਾਨਵ-ਜੀਵਨ ਨਾ ਮਿਲਨ ਵੱਲ
ਸੰਕੇਤ ਹੈ।
ਵਞਾਈਐ: ਵੰਚਨ: ਠੱਗੀਜਣ ਦੀ ਕ੍ਰਿਆ; ਵਾਂਜਿਆਂ ਰਹਿ ਜਾਣ ਦੀ ਹਾਲਤ।
ਜੋਲੀਐ: ਜੁਲਣਾ=ਚਲਣਾ, ਤੁਰਨਾ। ਤੁਰੀਏ, ਚੱਲੀਏ, ਚਲਣਾ ਚਾਹੀਦਾ ਹੈ।
ਛੈਲ: ਰੱਬ ਦੇ, ਤਨੋਂ ਮਨੋਂ ਨਰੋਏ ਅਤੇ ਨਿਰਮਲ, ਸੱਚੇ ਭਗਤ।
ਗੋਰੀ: ਅਭਿਲਾਸ਼ੀ, ਯਾਚਨਾ ਕਰਨ ਵਾਲੇ ਮੁਰੀਦ/ਸਿੱਖ। ਕਈ ਲੇਖਕ ਇਸ ਦਾ ਅਰਥ
‘ਸੰਸਾਰੀ ਮਨੁੱਖ’ ਵੀ ਕਰਦੇ ਹਨ।
ਕੰਚਨ ਵੰਨੇ ਪਾਸੇ: ਸੋਨੇ ਜਿਹੇ ਸੁੰਦਰ ਅੰਗ, ਅਨਮੋਲ ਤੇ ਦੁਰਲੱਭ ਮਨੁੱਖਾ
ਜੀਵਨ।
ਕਲਵਤਿ: ਸੰ: ਕਰਪਤ੍ਰ: ਆਰਾ।
ਹਯਾਤੀ: ਅ: ਹਯਾਤ: ਜਾਨਦਾਰੀ, ਜ਼ਿੰਦਗੀ, ਜੀਵਨ-ਕਾਲ।
ਡਉ: ਸੰ: ਦਾਵਾਨਲ ਦਾ ਸੰਖੇਪ, ਦਵ=ਜੰਗਲ+ਅਨਲ=ਅਗਨਿ, ਜੰਗਲ ਦੀ ਅੱਗ ਜੋ
ਸੁੱਕੇ ਦਰਖ਼ਤਾਂ ਦੇ ਆਪਸ ਵਿੱਚ ਰਗੜੀਜਨ ਨਾਲ ਕੁਦਰਤਨ ਬਲ ਉੱਠਦੀ ਹੈ।
ਗੰਢੇਦਿਆਂ ਛਿਅ ਮਾਹ: ਗਰਭ ਵਿੱਚ ਮਨੁੱਖਾ ਸਰੀਰ ਦੇ ਗੰਢੀਜਣ ਦਾ ਸਮਾਂ।
ਖਿਨੋ: ਪਲ, ਬਹੁਤ ਘੱਟ ਸਮਾਂ, ਅਚਾਣਕ।
ਖੇਵਟ: ਸੰਸਾਰ ਦੇ ਭਵਸਾਗਰ ਤੋਂ ਪਾਰ-ਉਤਾਰਾ ਕਰਾਉਣ ਦਾ ਦਾਅਵਾ ਕਰਨ ਵਾਲੇ
ਧਾਰਮਿਕ ਆਗੂ।
ਕਿੰਨਿ: ਕਿਤਨੇ ਹੀ, ਕਿੱਥੇ। ਕਿੰਨਿ ਗਏ= ਕਿੱਥੇ ਚਲੇ ਗਏ।
ਭਾਵ ਅਰਥ: ਸੇਖ ਫ਼ਰੀਦ ਕਥਨ ਕਰਦਾ ਹੈ ਕਿ ਪਿਆਰਿਓ!
(ਮਾਨਵ-ਜੀਵਨ ਸਫ਼ਲਾ ਕਰਨ ਵਾਸਤੇ) ਪ੍ਰਭੂ ਦੇ ਲੜ ਲੱਗੀਏ, (ਕਿਉਂਕਿ) ਅੰਤ ਨੂੰ ਇਸ ਸ਼ਰੀਰ ਨੇ ਕਬਰ
ਵਿੱਚ ਪੈ ਕੇ ਮਿੱਟੀ ਨਾਲ ਮਿੱਟੀ ਹੋ ਜਾਣਾ ਹੈ। ੧।
ਸੇਖ ਫ਼ਰੀਦ ਦਾ ਇਹ ਦਾਅਵਾ ਹੈ ਕਿ ਜੇ ਮੈਂ ਮਨ ਨੂੰ ਲੋਭਾ ਕੇ ਕੁਰਾਹੇ ਪਾਉਣ
ਵਾਲੀਆਂ ਇੰਦ੍ਰੀਆਂ ਨੂੰ ਨਿਯੰਤ੍ਰਨ/ਕਾਬੂ ਵਿੱਚ ਕਰ ਲਵਾਂ ਤਾਂ ਅੱਲਾਹ ਨੂੰ ਤੁਰੰਤ (ਇਸ ਮਨੁੱਖਾ
ਜੀਵਨ ਵਿਚ) ਹੀ ਮਿਲਿਆ ਜਾ ਸਕਦਾ ਹੈ। ੧। ਰਹਾਉ।
ਜਦ ਸਾਨੂੰ ਪਤਾ ਹੈ ਕਿ ਅੰਤ ਨੂੰ ਅਸੀਂ ਮਰ ਜਾਣਾ ਹੈ ਅਤੇ ਦੁਬਾਰਾ ਲੌਟ ਕੇ
ਨਹੀਂ ਆਉਣਾ, ਤਾਂ ਫਿਰ ਸਾਨੂੰ ਨਾਸ਼ਮਾਨ ਪਦਾਰਥਕ ਸੰਸਾਰ ਦੇ ਮੋਹ ਵਿੱਚ ਉਲਝ ਕੇ ਇਸ ਦੁਰਲੱਭ ਅਨਮੋਲ
ਮਾਨਵ-ਜੀਵਨ ਨੂੰ ਵਿਅਰਥ ਨਹੀਂ ਗਵਾਉਣਾ ਚਾਹੀਦਾ। ੨।
ਸੱਚ ਬੋਲਣਾ (ਸਚਿਆਰ ਜੀਵਨ) ਅਤੇ ਝੂਠ ਦਾ ਤਿਆਗ ਹੀ ਸਾਡਾ ਧਰਮ ਹੋਣਾ
ਚਾਹੀਦਾ ਹੈ। ਮੁਰੀਦਾਂ (ਸਿੱਖਾਂ) ਨੂੰ ਮਨਮਤਿ ਤਿਆਗ ਕੇ ਗੁਰੂ ਦੇ ਦੱਸੇ ਰਾਹ ਉੱਤੇ ਹੀ ਚੱਲਣਾ
ਚਾਹੀਦਾ ਹੈ। ੩।
ਦਰਵੇਸ਼ਾਂ ਦਾ ਪਾਰਉਤਾਰਾ ਵੇਖ ਕੇ ਉਨ੍ਹਾਂ ਦੇ ਲੜ ਲੱਗੇ ਜਿਗਿਆਸੂਆਂ ਨੂੰ ਵੀ
ਹੌਂਸਲਾ ਬੱਝਦਾ ਹੈ। ਜੋ ਮਨੁੱਖ ਰੱਬ ਤੋਂ ਮੁਨਕਰ ਰਹਿੰਦੇ ਹਨ, ਉਨ੍ਹਾਂ ਦਾ ਸੁੰਦਰ ਸੁਨਹਿਰੀ
(ਬਹੁਮੁੱਲਾ) ਮਾਨਵ ਸ਼ਰੀਰ ਆਰੇ ਨਾਲ ਚੀਰੇ ਜਾਣ ਸਮਾਨ ਕਸ਼ਟਾਂ ਦਾ ਭਾਗੀ ਬਣਦਾ ਹੈ। ੪।
(ਫਰੀਦ ਜੀ ਆਪਣੇ ਆਪ ਨੂੰ ਸੰਬੋਧਨ ਕਰਦਿਆਂ ਕਹਿੰਦੇ ਹਨ) ਸ਼ੇਖ ਫਰੀਦ! ਇਸ
ਸੰਸਾਰ ਵਿੱਚ ਕਿਸੇ ਵੀ ਮਨੁੱਖ ਦਾ ਜੀਵਨ ਸਥਾਈ ਨਹੀਂ ਹੈ। ਜਿਸ ਧਰਤੀ ਉੱਤੇ ਅਸੀਂ ਜੀਵਨ ਗੁਜ਼ਾਰ ਰਹੇ
ਹਾਂ, ਉੱਥੇ ਪਹਿਲਾਂ ਕਿਤਨੇ ਹੀ ਲੋਕ ਜੀਵਨ ਬਿਤੀਤ ਕਰਕੇ ਕੂਚ ਕਰ ਗਏ ਹਨ। ੫।
(ਜਿਵੇਂ ਕੁਦਰਤ ਵੱਲੋਂ) ਭ੍ਰਮਣਸ਼ੀਲ ਕੂੰਜਾਂ ਦਾ ਆਸਮਾਨ ਵਿੱਚ ਦਿਖਾਈ ਦੇਣ
ਦਾ ਸਮਾਂ ਕੱਤਕ (ਅਕਤੂਬਰ-ਨਵੰਬਰ) ਦਾ ਮਹੀਨਾ ਹੈ, ਚੇਤ (ਮਾਰਚ-ਅਪ੍ਰੈਲ) ਦੇ ਮਹੀਨੇ ਵਿੱਚ ਜੰਗਲਾਂ
ਨੂੰ ਅੱਗ ਲੱਗਦੀ ਹੈ, ਸਾਵਨ (ਜੁਲਾਈ-ਅਗਸਤ) ਦਾ ਮਹੀਨਾ ਆਸਮਾਨ ਵਿੱਚ ਬਿਜਲੀਆਂ ਦੇ ਗਰਜਨ ਦੇ ਦਿਨ
ਹੁੰਦੇ ਹਨ, ਅਤੇ ਸਰਦ ਰੁੱਤ (ਪੋਹ-ਮਾਘ/ਦਸੰਬਰ-ਜਨਵਰੀ) ਸੁਹਾਗਣ ਲਈ ਪਤੀ ਸੰਗ ਪ੍ਰੇਮ-ਕ੍ਰੀੜਾ ਕਰਨ
ਦਾ ਸਮਾਂ ਹੈ। (ਇਸੇ ਤਰ੍ਹਾਂ, ਜੀਵ-ਇਸਤਰੀ ਦਾ ਪਤੀ-ਪਰਮਾਤਮਾ ਨਾਲ ਸੰਬੰਧ ਜੋੜਣ ਦਾ ਸਮਾਂ ਇਹ
ਮਾਨਵ-ਜੀਵਨ ਹੀ ਨਿਸ਼ਚਿਤ ਹੈ)। ੬।
ਐ ਮੇਰੇ ਮਨ! ਤੂੰ ਇਹ ਸੱਚ ਧਿਆਨ ਵਿੱਚ ਰੱਖ ਕਿ ਇਸ ਨਾਸ਼ਵਾਨ ਸਰੀਰ ਨੇ ਅੰਤ
ਨੂੰ ਨਾਸ਼ ਹੋ ਜਾਣਾ ਹੈ। ਮਾਂ ਦੇ ਗਰਭ ਵਿੱਚ ਮਨੁੱਖਾ ਸ਼ਰੀਰ ਦੇ ਘੜੇ ਜਾਣ ਨੂੰ ਛੇ ਮਹੀਨੇ ਲਗਦੇ ਹਨ,
ਪਰੰਤੂ ਇਸ ਦੇ ਕਾਲ-ਵੱਸ ਹੋਣ ਨੂੰ ਕੋਈ ਸਮਾਂ ਨਹੀਂ ਲੱਗਦਾ। ੭।
ਫ਼ਰੀਦ ਵਿਚਾਰ ਕਰਦਾ ਹੈ ਕਿ ਧਰਤੀ `ਤੇ ਵਿਚਰ ਰਹੇ ਮਨੁੱਖ ਇਹ ਭੇਦ ਜਾਣਨ ਦੇ
ਇੱਛੁਕ ਹਨ ਕਿ ਵੱਡੇ ਵੱਡੇ ਨਾਮਵਰ ਨੇਤਾ ਕਿਧਰ ਚਲੇ ਗਏ? (ਜਵਾਬ) ਉਨ੍ਹਾਂ ਦੇ ਮਿਰਤਕ ਸਰੀਰ ਕਬਰਾਂ
ਵਿੱਚ ਸੜ-ਗਲ ਰਹੇ ਹਨ, ਪਰ ਉਨ੍ਹਾਂ ਦੇ ਕੀਤੇ ਬੁਰੇ ਕਰਮਾਂ ਦੀ ਸਜ਼ਾ ਉਨ੍ਹਾਂ ਦੀ ਆਤਮਾ ਭੁਗਤ ਰਹੀ
ਹੈ। ੮।