ਅੱਖੀਂ ਵੇਖਿਆ ਵਾਕਿਆ
ਗਿਆਨੀ ਸੰਤੋਖ ਸਿੰਘ
ਗੱਲ ਇਹ ੧੯੬੧ ਦੀਆ ਗਰਮੀਆਂ ਦੀ
ਹੈ। ਓਹਨੀ ਦਿਨੀਂ ਮੈ ਅੰਮ੍ਰਿਤਸਰ ਧਰਮ ਪ੍ਰਚਾਰ ਕਮੇਟੀ ਦੇ ਦਫ਼ਤਰ ਵਿੱਚ ਕੰਮ ਕਰਦਾ ਸਾਂ। ੧੯੬੦
ਵਾਲ਼ੇ ਮੋਰਚੇ ਦੌਰਾਨ, ਸੰਤ ਫ਼ਤਿਹ ਸਿੰਘ ਜੀ ਦੁਆਰਾ ਰੱਖਿਆ ਮਰਨ ਵਰਤ, ਮੁਖ ਮੰਤਰੀ ਕੈਰੋਂ ਨੇ ਸਿਆਸੀ
ਚਤਰਾਈ ਨਾਲ਼, ਮਾਸਟਰ ਜੀ ਦੇ ਹੱਥੋਂ ਛੁਡਵਾ ਕੇ ਮੋਰਚਾ ਸਮਾਪਤ ਕਰਵਾ ਲਿਆ। ਮੁੜ ਕੇ ਪ੍ਰਧਾਨ ਮੰਤਰੀ,
ਪੰਡਿਤ ਨਹਿਰੂ ਨੇ ਸੰਤ ਜੀ ਨਾਲ਼ ਗੱਲ ਬਾਤ ਦਾ ਕੁੱਝ ਸਮਾ ਢੌਂਗ ਰਚਾ ਕੇ ਅੰਤ ਨੂੰ ਝੱਗਾ ਚੁੱਕ ਦਿਤਾ
ਤੇ ਮਾਯੂਸ ਹੋਕੇ ਫਿਰ ਮਾਸਟਰ ਜੀ ਨੇ ਮਰਨ ਵਰਤ ਰੱਖਿਆ ਹੋਇਆ ਸੀ। ਇੱਕ ਦਿਨ ਲੌਢੇ ਕੁ ਵੇਲ਼ੇ ਦਾ ਸਮਾ
ਸੀ। ਮੈ ਬਾਬਾ ਅਟੱਲ ਜੀ ਦੇ ਗੁਰਦੁਆਰਾ ਸਾਹਿਬ ਦੀ ਬਾਹੀ ਵੱਲੋਂ ਦਫ਼ਤਰ ਨੂੰ ਆ ਰਿਹਾ ਸੀ ਤੇ ਦਰਬਾਰ
ਸਾਹਿਬ ਤੇ ਕਮੇਟੀ ਦੇ ਦਫ਼ਤਰਾਂ ਨੂੰ ਵੱਖ ਕਰਨ ਵਾਲ਼ੀ ਸੜਕ ਤੇ ਹੀ ਸਾਂ ਕਿ ਕੁੱਝ ਨੌਜਵਾਨ, ਇੱਕ ਸਿੱਖ
ਨੌਜਵਾਨ ਦੀ ਪੱਗ ਲਾਹ ਕੇ ਉਸਨੂੰ ਕੇਸਾਂ ਤੋਂ ਫੜੀ ਧੂਹੀ ਆ ਰਹੇ ਸਨ ਤੇ ਨਾਲ਼ ਨਾਲ਼ ਜੋ ਵੀ ਹੱਥ
ਆਉਂਦਾ ਸੀ ਉਸ ਨਾਲ਼ ਉਸ ਦੀ ਭੁਗਤ ਸਵਾਰੀ ਜਾ ਰਹੇ ਸਨ। ਮੇਰੇ ਵੇਂਹਦਿਆ ਇੱਕ ਜੋਸ਼ੀਲੇ ਪਰ ਅਕਲੋਂ
ਅੰਨ੍ਹੇ ਸੱਜਣ ਨੇ ਤਾਂ ਸਣੇ ਮਿਆਨ ਉਸਦੀਆਂ ਮੌਰਾਂ ਵਿੱਚ ਸਾਰੇ ਜੋਰ ਨਾਲ਼ ਕਿਰਪਾਨ ਵੀ ਆ ਮਾਰੀ।
ਓਹਨੀ ਦਿਨੀਂ ਸ਼੍ਰੋਮਣੀ ਅਕਾਲੀ ਦਲ ਦਾ ਦਫ਼ਤਰ ਬਾਬਾ ਅਟੱਲ ਜੀ ਤੇ ਮੰਜੀ ਸਾਹਿਬ ਦੇ ਦਰਮਿਆਨ, ਸ੍ਰੀ
ਗੁਰੂ ਰਾਮਦਾਸ ਹਸਪਤਾਲ ਦੀ ਉਪਰਲੀ ਮਨਜ਼ਲ ਤੇ ਹੁੰਦਾ ਸੀ। ਹੁਣ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ
ਹਾਈਜੈਕ ਕਰਕੇ, ਇਸ ਦੇ ਏਜੰਡੇ ਨੂੰ ਬਦਲ ਦੇਣ ਦੇ ਨਾਲ਼ ਨਾਲ਼ ਇਸ ਦਾ ਦਫ਼ਤਰ ਵੀ, ਇਸ ਦੇ ਮਾਲਕ,
ਹਾਈਜੈਕ ਚੰਡੀਗੜ੍ਹ ਲੈ ਗਏ ਹਨ। ਇਸ ਸਥਾਨ ਤੇ ਜ. ਮੋਹਨ ਸਿੰਘ ਤੁੜ ਦੀ ਪ੍ਰਧਾਨਗੀ ਸਮੇ ਦਲ ਦੇ ਦਫਤਰ
ਦਾ ਨੀਹ ਪੱਥਰ ਰੱਖ ਕੇ ਕੁੱਝ ਕਮਰੇ ਉਸਾਰੇ ਵੀ ਗਏ ਸਨ ਤੇ ਇਸ ਦਾ ਕਬਜਾ ਸ. ਜਗਦੇਵ ਸਿੰਘ ਤਲਵੰਡੀ
ਕੋਲ਼ ਰਿਹਾ ਤੇ ਫਿਰ ਉਸ ਦੁਆਰਾ ਸੰਤ ਜਰਨੈਲ ਸਿੰਘ ਜੀ ਦੇ ਪਿਤਾ, ਬਾਬਾ ਜੋਗਿੰਦਰ ਸਿੰਘ ਜੀ ਦੇ
ਹਵਾਲੇ ਕਰ ਦਿਤਾ ਗਿਆ। ਮਾਨ ਸਾਹਿਬ ਨੇ ਜੇਹਲੋਂ ਆ ਕੇ ਬਾਬਾ ਜੀ ਤੋਂ ਉਸ ਦਾ ਕਬਜਾ ਲੈ ਲਿਆ ਤੇ
ਬੀਬੀ ਜਾਗੀਰ ਕੌਰ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬਣਨ ਤੱਕ ਉਸਦਾ ਏਥੇ ਕਬਜਾ
ਰਿਹਾ। ਫਿਰ ਇੱਕ ਦਿਨ ਬੀਬੀ ਜੀ ਨੇ ਬੁਲਡੋਜਰ ਫੇਰ ਕੇ ਉਸ ਦਫਤਰ ਦਾ ਨਾਂ ਨਿਸ਼ਾਨ ਮਿਟਾ ਕੇ, ਉਸ ਦੇ
ਥਾਂ ਮਾਤਾ ਗੰਗਾ ਜੀ ਨਿਵਾਸ ਦੇ ਨਾਂ ਹੇਠ ਸ਼ਾਨਦਾਰ ਸਰਾਂ, ਸੰਤਾਂ ਨੂੰ ਕਾਰ ਸੇਵਾ ਦੇ ਕੇ, ਉਸਰਵਾ
ਦਿਤੀ। ਤੇ ਮਾਨ ਦਲ ਦੇ ਦਫ਼ਤਰ ਦਾ ਬੋਰਡ, ਬ੍ਰਹਮ ਬੂਟਾ ਮਾਰਕੀਟ ਵਿੱਚ ਸਥਿਤ, ਇਸ ਦੇ ਜਨਰਲ ਸਕੱਤਰ
ਭਾਈ ਰਾਮ ਸਿੰਘ ਜੀ ਦੇ ਚੁਬਾਰੇ ਦੇ ਮੱਥੇ ਤੇ ਸਜਣ ਲੱਗ ਪਿਆ।
ਇਸ ਬੋਰਡ ਵਾਲ਼ੀ ਗੱਲ ਤੋਂ ਇੱਕ ਹੋਰ ਪੁਰਾਣੀ ਗੱਲ ਚੇਤੇ ਆ ਗਈ: ੧੯੬੦ ਦੀਆਂ ਗੁਰਦੁਆਰਾ ਚੋਣਾਂ
ਕਾਂਗਰਸ ਸਰਕਾਰ ਨੇ ਸਾਧ ਸੰਗਤ ਬੋਰਡ ਦੇ ਨਾਂ ਹੇਠ ਲੜੀਆਂ ਤੇ ੧੪੦ ਵਿਚੋਂ ਤਿੰਨ ਕਾਣੇ ਹੀ ਇਸ ਦੇ
ਹੱਥ ਆਏ। ਅਰਥਾਤ ਕਾਂਗਰਸ ਤਿੰਨ ਸੀਟਾਂ ਹੀ ਜਿਤ ਸਕੀ। ਹਿੰਦੁਸਤਾਨ ਤੇ ਪੰਜਾਬ ਦੀਆਂ ਸਰਕਾਰਾਂ,
ਸ਼੍ਰੋਮਣੀ ਕਮੇਟੀ ਦੇ ਵਸੀਲੇ, ਕੈਰੋਂ ਵਰਗੇ ਧੱਕੜ ਮੁਖ ਮੰਤਰੀ ਦੇ ਹੁੰਦਿਆਂ ਵੀ ਮਾਸਟਰ ਜੀ ਦੀ
ਅਗਵਾਈ ਹੇਠ ਅਕਾਲੀ ਦਲ ਚੋਣ ਜਿੱਤ ਗਿਆ। ਇਸ ਤੋਂ ਪਹਿਲੀਆਂ ੧੯੫੫ ਵਾਲ਼ੀਆਂ ਚੋਣਾਂ ਵੀ ਭਾਵੇਂ
ਸ਼੍ਰੋਮਣੀ ਅਕਾਲੀ ਦਲ ਨੇ ਹੀ ਜਿਤੀਆਂ ਸਨ ਪਰ ਓਦੋਂ ਕਮਿਊਨਿਸਟਾਂ ਨਾਲ਼ ਗੱਠ ਜੋੜ ਕਰਕੇ, ਉਹਨਾਂ ਨੂੰ
ਪੰਝੀ ਸੀਟਾਂ ਦੇਣੀਆਂ ਪਈਆਂ ਸਨ ਤੇ ਇਸ ਤਰ੍ਹਾਂ ਦਲ ਤੇ ਕਮਿਊਨਿਸਟਾਂ ਨੇ ਰਲ਼ ਕੇ ਕਾਂਗਰਸ ਨੂੰ ਹਾਰ
ਦਿਤੀ ਸੀ ਪਰ ਇਸ ਵਾਰੀਂ ਉਹ ਕਮਿਊਨਿਸਟ ਵੀ ਕਾਂਗਰਸ ਨਾਲ਼ ਹੀ ਸਨ। ਚੋਣਾਂ ਤੋਂ ਕੁੱਝ ਸਮਾ ਪਹਿਲਾਂ
ਪੰਥ ਵਿਰੋਧੀ ਤਿੰਨ ਦਲ ਮੈਦਾਨ ਵਿੱਚ ਸਨ: ਸ਼੍ਰੋਮਣੀ ਕਮੇਟੀ ਉਪਰ ਕਾਬਜ ਗਿਆਨੀ ਕਰਤਾਰ ਸਿੰਘ ਦਾ
‘ਪੰਥ ਸੇਵਕ ਦਲ’, ਗਿਆਨ ਸਿੰਘ ਰਾੜੇਵਾਲ਼ੇ ਦਾ ‘ਮਾਲਵਾ ਅਕਾਲੀ ਦਲ’ ਤੇ ਪੰਜਾਬ ਸਰਕਾਰ ਉਪਰ ਕਾਬਜ
ਪ੍ਰਤਾਪ ਸਿੰਘ ਕੈਰੋਂ ਦਾ ‘ਸ਼ੇਰੇ ਪੰਜਾਬ ਦਲ’। ਅਜੀਤ ਦੇ ਐਡੀਟਰ ਸ. ਸਾਧੂ ਸਿੰਘ ਹਮਦਰਦ ਦੇ ਇਸ
ਸੁਝਾ ਦਾ ਬਹਾਨਾ ਬਣਾ ਕੇ ਕਿ ਗੁਰਦੁਅਰਿਆਂ ਦੀਆਂ ਚੋਣਾਂ ਪਾਰਟੀਆਂ ਰਾਹੀਂ ਨਹੀ ਬਲਕਿ ਸਾਧ ਸੰਗਤ
ਰਾਹੀਂ ਹੋਣੀਆਂ ਚਾਹੀਦੀਆਂ ਨੇ, ਇਹਨਾਂ ਸਾਰੇ ਦਲਾਂ ਨੂੰ ਦਲ਼ ਕੇ, ਇਸ ਮਲੀਦੇ ਵਿਚੋਂ ਸਾਧ ਸੰਗਤ
ਬੋਰਡ ਸਿਰਜ ਲਿਆ ਗਿਆ। ਜਦੋਂ ਚੋਣਾਂ ਵਿੱਚ ਇਸ ‘ਸਾਧ ਸੰਗਤ ਬੋਰਡ’ ਦੀ ਬੁਰੀ ਤਰ੍ਹਾਂ ਹਾਰ ਹੋ ਗਈ
ਤਾਂ ਇੱਕ ਅਕਾਲੀ ਵਰਕਰ ਦੂਜੇ ਵਰਕਰ ਨੂੰ ਪੁੱਛਦਾ, “ਓਇ ਤਾਲਬ ਸਿੰਆਂ, ਸਾਧ ਸੰਗਤ ਬੋਰਡ ਦਾ ਕੀ
ਬਣਿਆਂ ਓਇ!” “ਲੈ ਤੇ ਜਗਤ ਸਿਆਂ ਉਸ ਦਾ ਕੀ ਬਣਨਾ ਸੀ ਬਾਈ! ਸਾਧ ਸਾਧੀਂ ਜਾ ਰਲ਼ੇ, ਸੰਗਤ ਸੰਗਤ
ਵਿੱਚ ਆ ਬੈਠੀ, ਤੇ ਬਾਕੀ ਰਹਿ ਗਿਆ ਬੋਰਡ; ਉਹ ਲੁਧਿਆਣੇ ਰਾਮ ਦਿਆਲ ਸਿਹੁੰ ਦੇ ਚੁਬਾਰੇ ਤੇ ਲਟਕਦਾ।
“ਸਹੀ ਉਤਰ ਸੀ ਜ. ਤਾਲਬ ਸਿੰਘ ਦਾ। ਸੋ ਇਸ ਤਰ੍ਹਾਂ ਮਾਨ ਦਲ ਦਾ ਬੋਰਡ ਸਾਧ ਸੰਗਤ ਦੇ ਬੋਰਡ ਵਾਂਗ,
ਬ੍ਰਹਮਬੂਟਾ ਮਾਰਕੀਟ ਵਿਚ, ਭਾਈ ਰਾਮ ਸਿੰਘ ਜੀ ਦੇ ਚੁਬਾਰੇ ਤੇ ਲਟਕਦਾ ਪਿਆ ਦਰਸ਼ਨ ਦੇ ਰਿਹਾ ਹੈ।
ਦਫਤਰ ਵੱਲ ਆਈਏ: ਇਸ ਦਫ਼ਤਰ ਦੀ ਗੈਲਰੀ ਵਿੱਚ ਖਲੋਤੇ ਜਥੇਦਾਰ ਖ਼ਜਾਨ ਸਿੰਘ ਜੀ ਮੀਰਾਂਕੋਟ, ਮੈਬਰ
ਸ਼੍ਰੋਮਣੀ ਕਮੇਟੀ, ਜੋ ੧੯੭੭ ਵਿੱਚ ਅਕਾਲੀ ਐਮ. ਐਲ. ਏ. ਵੀ ਬਣੇ, ਰੌਲ਼ਾ ਪਾਈ ਜਾਣ, “ਓਇ ਨਾ ਮਾਰੋ
ਇਸ ਵਿਚਾਰੇ ਨੂੰ!” ਪਰ ਮੇਲੇ ਵਿੱਚ ਚੱਕੀ ਰਾਹ ਦੀ ਕੌਣ ਸੁਣੇ! ਮਸਾਂ ਤੇ ਬੁਜ਼ਦਿਲਾਂ ਦੇ ਕਾਬੂ ਇੱਕ
ਕਮਜੋਰ ਤੇ ਉਹ ਵੀ ਇਕੱਲਾ ਬੰਦਾ ਆਇਆ ਸੀ, ਆਪਣੀ ਬਹਾਦਰੀ ਵਿਖਾਉਣ ਲਈ। ਇਸ ਕਾਇਰਾਨਾ ਕਾਰਜ ਵਿੱਚ
ਕੋਈ ਕਿਸੇ ਤੋਂ ਪਿੱਛੇ ਕਿਉਂ ਰਹੇ! ਇਲਜ਼ਾਮ ਉਸ ਨੌਜਵਾਨ ਉਪਰ ਇਹ ਸੀ ਕਿ ਇਹ ਸੀ. ਆਈ. ਡੀ. ਦਾ ਬੰਦਾ
ਹੈ। ਇਹ ਕੋਈ ਨਵੀਂ ਗੱਲ ਥੋਹੜੀ ਸੀ। ਦਰਸ਼ਨੀ ਨੌਜਵਾਨ ਤੇ ਪ੍ਰੌੜ੍ਹ ਸਿੱਖ, ਸ੍ਰੀ ਦਰਬਾਰ ਸਾਹਿਬ
ਕੰਪਲੈਕਸ ਵਿੱਚ ਗੁਪਤ ਪੁਲਸ ਦੇ ਬੰਦੇ ਆਮ ਹੀ ਡਿਊਟੀ ਉਪਰ ਹੁੰਦੇ ਸਨ ਤੇ ਹੁੰਦੇ ਹਨ; ਚਾਹੇ ਕੋਈ
ਮੋਰਚਾ ਲੱਗਾ ਹੋਵੇ ਚਾਹੇ ਨਾ। ਕਈਆਂ ਨੂੰ ਮੈ ਵੀ ਓਦੋਂ ਜਾਨਣ ਲੱਗ ਗਿਆ ਸਾਂ ਜਦੋਂ ਪਿਛਲੇ ਸੱਠਵਿਆਂ
ਤੇ ਪਹਿਲੇ ਸੱਤਰਵਿਆਂ ਦੌਰਾਨ ਮੈ ਦਲ ਦੀ ਹਾਈ ਕਮਾਂਡ ਤੇ ਕਮੇਟੀ ਦੀ ਐਗਜ਼ੈਕਟਿਵ ਦੀਆਂ ਮੀਟਿੰਗਾਂ
ਵਿਚ, ਮੈਬਰ ਵਜੋਂ ਨਹੀ ਬਲਕਿ ਇੱਕ ਨੌਕਰ ਵਜੋਂ ਸ਼ਾਮਲ ਹੋਇਆ ਕਰਦਾ ਸਾਂ। ਪੱਤਰਕਾਰਾਂ ਤੇ ਗੁਪਤ
ਪੁਲਸੀਆਂ ਵੱਲੋਂ, ਇੱਕ ਦੂਜੇ ਤੋਂ ਪਹਿਲਾਂ ਜਾਣਕਾਰੀ ਪ੍ਰਾਪਤ ਕਰ ਲੈਣ ਦੀ ਹੋੜ ਵੱਸ ਉਹਨਾਂ ਮੇਰੇ
ਨਾਲ਼ ਸੰਪਰਕ ਵੀ ਕਰਦੇ ਰਹਿਣਾ ਪਰ ਮੈਨੂੰ ਓਦੋਂ ਏਨੀ ਸਮਝ ਨਹੀ ਸੀ ਹੁੰਦੀ ਕਿ ਅਜਿਹਾ ਕਰਕੇ ਕੁੱਝ
ਨਾਜਾਇਜ਼ ਲਾਭ ਵੀ ਪ੍ਰਾਪਤ ਕੀਤੇ ਜਾ ਸਕਦੇ ਸਨ; ਤੇ ਮੈ ਇਹ ਆਖ ਕੇ ਪਿੱਛਾ ਛੁਡਾ ਲੈਣਾ ਕਿ ਸਾਰੀ
ਪ੍ਰੈਸ ਨੂੰ ਇਕੱਠੀ ਜਾਣਕਾਰੀ ਦੇ ਦਿਤੀ ਜਾਵੇਗੀ।
ਅਗਲੇ ਦਿਨ ਇਹ ਜਾਣ ਕੇ ਹੈਰਾਨੀ ਹੋਈ ਕਿ ਉਸ ਪੁਲਸੀਏ ਨੂੰ ਕੁੱਟਣ ਦਾ ਕੇਸ ਉਸ ਗਰੀਬ ਜਥੇਦਾਰ ਖ਼ਜ਼ਾਨ
ਸਿੰਘ ਤੇ ਦਰਜ ਹੋ ਗਿਆ ਜੇਹੜਾ ਉਸ ਨੂੰ ਛੁਡਾਉਣ ਲਈ ਰੌਲ਼ਾ ਪਾ ਰਿਹਾ ਸੀ। ਇਸ ਤੋਂ ਇੱਕ ਸਾਲ ਦੇ
ਕਰੀਬ ਪਹਿਲਾਂ ਦਾ ਸਮਾ ਚੇਤੇ ਆ ਗਿਆ। ੧੯੬੦ ਦਾ ਮੋਰਚਾ ਜੋਰਾਂ ਤੇ ਚੱਲ ਰਿਹਾ ਸੀ। ਇੱਕ ਛੋਟੇ
ਠਾਣੇਦਾਰ ਨੂੰ ਬ੍ਰਹਮ ਬੂਟਾ ਅਖਾੜਾ ਦੇ ਸਾਹਮਣੇ ਕਿਸੇ ਨੇ ਗੋਲ਼ੀ ਮਾਰ ਕੇ ਮਾਰ ਦਿਤਾ। ਕੇਸ ਦਰਜ
ਹੋਇਆ ਸੰਤ ਫ਼ਤਿਹ ਸਿੰਘ ਜੀ ਤੇ, ਜੋ ਦੂਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਾਲ਼ ਵਾਲ਼ੇ ਮਕਾਨ ਵਿੱਚ ਬੈਠੇ,
ਦਲ ਵੱਲੋਂ ਲਗਾਏ ਗਏ ਪੰਜਾਬੀ ਸੂਬੇ ਦੀ ਪ੍ਰਾਪਤੀ ਲਈ ਸ਼ਾਤਮਈ ਮੋਰਚੇ ਦਾ ਸੰਚਾਲਨ ਕਰ ਰਹੇ ਸਨ। ਅਖੇ
ਸੰਤ ਗੋਲ਼ੀ ਮਾਰਕੇ ਬ੍ਰਹਮ ਬੂਟਾ ਤੇ ਬੁੰਗਾ ਰਾਮਗੜ੍ਹੀਆਂ ਦੇ ਦਰਮਿਆਨ ਮੌਜੂਦ ਭੀੜੀ ਗਲੀ ਰਾਹੀ
ਪ੍ਰਕਰਮਾ ਨੂੰ ਦੌੜ ਗਿਆ।
‘ਊਜਲ ਕੈਂਹਾ ਚਿਲਕਣਾ’ ਵਿਚੋਂ