.

ਸ਼ਰਧਾਲੂ ਦੇ ਘਰ ਬਾਬਾ ਜੀ
ਸਤਿੰਦਰਜੀਤ ਸਿੰਘ

ਮਹਿੰਗੇ ਕੱਪੜੇ ਦੇ ਖੁੱਲ੍ਹੇ ਹਵਾਦਾਰ ਚੋਲਿਆਂ ਦੀਆਂ ਬਾਹਵਾਂ ‘ਤੇ ਮੋਟਾ ਜਿਹਾ ਬੁਕਰਮ ਦਾ ਪੀਸ ਟਿਕਾ ਕੇ ਸਲਵਾਰ ਵਾਂਗ ਡਿਜ਼ਾਇਨ ਬਣਾਉਣ ਨਾਲ ਕੋਈ ਸੰਤ ਨਹੀਂ ਬਣ ਜਾਂਦਾ, ਸੰਤ ਬਣਨ ਲਈ ਮਨ ਦਾ ਟਿਕਾਉ ਅਕਾਲ-ਪੁਰਖ ਵਾਹਿਗੁਰੂ ਦੇ ਉਪਦੇਸ਼ ‘ਤੇ ਟਿਕਿਆ ਹੋਣਾ ਚਾਹੀਦਾ ਹੈ। ਭੇਡ ਰੂਪੀ ਚੇਲਿਆਂ ਦੀ ਜੇਬ ਦਾ ਭਾਰ ਮਾਪਦੇ ਮਨ ਨਾਲ ਸੰਤ ਨਹੀਂ ਬਣਿਆ ਜਾ ਸਕਦਾ। ਚਿੱਟਾ ਰੰਗ ਸਾਦਗੀ ਦੀ ਨਿਸ਼ਾਨੀ ਹੁੰਦਾ ਹੈ ਪਰ ਇਹਨਾਂ ਵਿਹਲੜ ਸਾਧਾਂ ਦੀਆਂ ਗੋਗੜਾਂ ਨੂੰ ਢਕਣ ਦੀ ਕੋਸ਼ਿਸ਼ ਕਰਦਾ ਚਮਕਦਾਰ ਚਿੱਟਾ ਚੋਲਾ ਫੈਸ਼ਨ ਬਣ ਗਿਆ ਹੈ। ਜ਼ਿਆਦਾਤਰ ਸਾਧਾਂ ਦੇ ਗਲ ਵਿੱਚ ਪਾਇਆ ਤਹਿਦਾਰ ਪਰਨਾ ਕਿਸੇ ਗਰੀਬ ਦੀ ਅਲਮਾਰੀ ਵਿੱਚ ਥਾਂ ਦੀ ਭਾਲ ਵਿੱਚ ਭਟਕ ਰਹੇ ਕੱਪੜਿਆਂ ਨੂੰ ਮੂੰਹ ਚਿੜਾਉਂਦਾ ਪ੍ਰਤੀਤ ਹੁੰਦਾ ਹੈ। ਕਿਰਤੀ ਸਿੱਖ ਦੀ ਅੰਨ੍ਹੀ ਸ਼ਰਧਾ ਨਾਲ ਬਣੇ ਕਿਸੇ ਡੇਰੇ ਦੇ ਆਲੀਸ਼ਾਨ ਕਮਰੇ, ਜਿਸ ਵਿੱਚ ਆਰਾਮਦਾਇਕ ਸੋਫੇਨੁਮਾ ਗੱਦੀ ‘ਤੇ ਬੈਠ ਕੇ ਲੋਕਾਂ ਨੂੰ ਟਿੱਚਰਾਂ ਵਾਂਗ ‘ਕਿਰਤ ਕਰੋ’ ਅਤੇ ‘ਗੁਰੂ ਨਾਲ ਜੁੜੋ’ ਵਰਗੇ ਉਪਦੇਸ਼ ਕਰਦਾ ਵਿਹਲੜ ਸਾਧ ਸਿੱਖਾਂ ਨੂੰ ਕਿੱਲੋ ਲੱਡੂਆਂ ਦੇ ਮੁੱਲ ਦਾ ਇੱਕ ਲੱਡੂ ਦੇ ਕੇ ‘ਸਫਲਤਾ’ ਬਖਸ਼ਦਾ ਹੈ। ਇਹ ਸਫਲਤਾ ਵਾਲੇ ਅਸ਼ਰੀਵਾਦ ਕਿਸੇ ਕਿਰਤੀ ਸਿੱਖ ਦੀ ਨਹੀਂ ਸਗੋਂ ਉਸ ਵਿਹਲੜ ਸਾਧ ਦੀ ਸਫਲਤਾ ਦੀ ਬੁਨਿਆਦ ਹੋਰ ਪੱਕੀ ਕਰਦੇ ਹਨ। ਮਖਮਲੀ ਗਦੈਲਿਆਂ ਜਾਂ ਸੋਫਿਆਂ ‘ਤੇ ਬੈਠ ਕੇ ਖੰਡਿਉਂ ਤਿੱਖੀ ਸਿੱਖੀ ਦੀ ਧਾਰ ਦਾ ਅਹਿਸਾਸ ਲੋਕ ਮਨਾਂ ‘ਤੇ ਨਹੀਂ ਕਰਵਾਇਆ ਜਾ ਸਕਦਾ ਹਾਂ ਬੇਵਕੂਫ ਅਤੇ ਕਰਮਕਾਂਡੀ ਜ਼ਰੂਰ ਬਣਾਇਆ ਜਾ ਸਕਦਾ ਹੈ।
ਹੁਣ ਵਾਲੇ ‘ਸੰਤ’ ਆਪਣੇ ਕਿਸੇ ਅੰਨ੍ਹੀ ਸ਼ਰਧਾ ਤੋਂ ਪੀੜਤ ਸ਼ਰਧਾਲੂ ਦੇ ਘਰ ‘ਚਰਨ ਪਾਉਣ’ ਜਾਂਦੇ ਹਨ ਤਾਂ ਨਖਰਿਆਂ ਦੇ ਭਾਰ ਨਾਲ ਘਰ ਵਾਲਿਆਂ ਨੂੰ ਸਣੇ ਰਿਸ਼ਤੇਦਾਰ ਦੱਬ ਲੈਂਦੇ ਹਨ। ਇੱਕ ਵਾਰ ਵੀਡੀਉ ਦੇਖੀ ਬੂਬਨਾ ਗੱਡੀ ਵਿੱਚ ਬੈਠਾ ਹੈ ਅਤੇ ਉਸਦੇ ਅੱਗੇ-ਅੱਗੇ ਬੈਂਡ ਵਾਲੇ ਪੂਰੇ ਜ਼ੋਰ ਨਾਲ ਸਿਰੇ ਤੱਕ ਗੱਲ੍ਹਾਂ ਫੁਲਾ ਕੇ ਬੈਂਡ ਵਜਾ ਰਹੇ ਹੁੰਦੇ ਹਨ। ਕਈ ਵਾਰ ਜਦੋਂ ਬਾਬੇ ਨੇ ਆਉਣਾ ਹੁੰਦਾ ਹੈ ਤਾਂ ਘਰ ਵਾਲੇ ਉਚੇਚੇ ਤੌਰ ‘ਤੇ ਸਾਫ ਟਾਟ (ਤੱਪੜ) ਦਾ ਪ੍ਰਬੰਧ ਕਰਦੇ ਹਨ ਅਤੇ ਬਾਬੇ ਦੀ ਗੱਡੀ ਤੋਂ ਲੈ ਕੇ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਵਾਲੇ ਕਮਰੇ ਤੱਕ ਸਾਧ ਅੱਗੇ ਵਿਛਾਉਂਦੇ ਤੁਰੇ ਜਾਂਦੇ ਹਨ। ਅਕਸਰ ‘ਜਲ ਛਕਣ’ ਤੋਂ ਬਾਅਦ ਪਰਨੇ ਦੀ ਚੌਰਸ ਲੜੀ ਨਾਲ ਮੂੰਹ ਤੋਂ ਮੁੱਛਾ ਤੱਕ ਹੱਥ ਫੇਰਦਾ ‘ਬਾਬਾ’ ਇਸ ‘ਨਖਰੇ’ ਦੇ ਪ੍ਰਭਾਵ ਨਾਲ ਸਭ ਨੂੰ ਮੋਹ ਲੈਂਦਾ ਹੈ ਅਤੇ ਗੜਵੇ ਵਾਲਾ ਨੌਕਰ ਉਚੇਚੇ ਤੌਰ ‘ਤੇ ਘਰਦਿਆਂ ਤੋਂ ਬਰਤਨ ਖੋਹ ਕੇ ਸਾਧ ਲਈ ਪਰਸ਼ਾਦਾ ਸਜਾ ਕੇ ਲਿਆਉਂਦਾ ਹੈ, ਬਾਅਦ ਵਿੱਚ ਬਾਬਾ ਜੀ ਦੇ ਹੱਥ ‘ਸੁੱਚੇ’ ਕਰਾਉਣ ਲਈ ਥਾਲ ਵਿੱਚ ਜੱਗ ਰੱਖ ਕੇ ਲਿਆਉਂਦਿਆਂ ਬੰਦਾ ਆਪਣੇ-ਆਪ ਨੂੰ ਦੁਨੀਆਂ ਦਾ ਸਭ ਨਾਲੋਂ ਖੁਸ਼ਕਿਸਮਤ ਇਨਸਾਨ ਸਮਝਦਾ ਹੈ, ਪਰ ਉਸ ਦੀ ਖੁਸ਼ੀ ਬਾਬੇ ਦੀ ਕੁਰਲੀ ਨਾਲ ਵਹਿ ਜਾਂਦੀ ਹੈ। ਫਿਰ ਕੋਈ ਨਵਾਂ ਤੌਲੀਆ ਚੁੱਕੀ ਫਿਰਦਾ ਹੈ ਬਾਬਾ ਜੀ ਦੇ ਹੱਥ ਪੂੰਜਣ ਲਈ, ਦੋ ਕਿੱਲੋ ਦੇ ਹੱਥ ਦਾ ਭਾਰ ਉਸ ਨਵੇਂ ਤੌਲੀਏ ਦੇ ਸਾਰੇ ਲੂੰ ਜਹੇ ਮਾਰ ਛੱਡਦਾ ਹੈ। ਫਿਰ ਦੋ-ਚਾਰ ਜਾਲਦਾਰ ਗੱਲਾਂ ਕਰਕੇ ਬਾਬਾ ਜੀ ਆਪਣੇ ਡੇਰੇ ਦੀ ਚੜ੍ਹਦੀ ਕਲਾ ਦੀ ਅਰਦਾਸ ਉਸ ਸ਼ਰਧਾਲੂ ਪਰਿਵਾਰ ਦੀ ਤਰੱਕੀ ਰਾਹੀਂ ਕਰਕੇ ਜਾਣ ਦੀ ਤਿਆਰੀ ਕਰਦੇ ਹਨ ਅਤੇ ਘਰ ਵਾਲਾ ਭੱਜ ਕੇ ਬਾਬੇ ਦੇ ਜੁੱਤੀ ਪਾਉਣ ਲਈ ਪੈਰਾਂ ਵਿੱਚ ਬੈਠ ਜਾਂਦਾ ਹੈ। ਬਾਬਾ ਉਸ ਘਰ ਵਾਲਿਆਂ ਦੀ ਸਮਝ ਨੂੰ ਉਸੇ ਜੁੱਤੀ ਨਾਲ ਮਸਲ ਕੇ ਅੱਗੇ ਲੰਘ ਕੇ ਲਗਜ਼ਰੀ ਕਾਰ ਵਿੱਚ ਬੈਠ ਕੇ ਮੁਸ਼ਕਰੀਆਂ ਹੱਸਦਾ ਕਿਸੇ ਹੋਰ ਅੰਨ੍ਹੀ-ਸ਼ਰਧਾ ਦੇ ਸ਼ਿਕਾਰ ਦੀ ਭਾਲ ਵਿੱਚ ਨਿਕਲ ਜਾਂਦਾ ਹੈ ‘ਤੇ ਕਿਰਤੀ ਸਿੱਖ ਆਏ ਮਹਿਮਾਨਾਂ ਨੂੰ ਗਲੋਂ ਲਾਹੁਣ ਲਈ ਇੱਧਰ-ਉਧਰ ਦੇ ਕੰਮਾਂ ਵਿੱਚ ਰੁੱਝ ਜਾਂਦਾ ਹੈ...!




.