ਸਿਧ ਗੋਸਟਿ (ਕਿਸ਼ਤ ਨੰ: 18)
ਨਾਨਕ ਪਾਤਸਾਹ ਜੀ ਦਾ ਜਵਾਬ: -
ਇਹੁ ਮਨੁ ਮੈਗਲੁ ਕਹਾ ਬਸੀਅਲੇ ਕਹਾ ਬਸੈ ਇਹੁ ਪਵਨਾ।।
ਕਹਾ ਬਸੈ ਸੁ ਸਬਦੁ ਅਉਧੂ ਤਾ ਕਉ ਚੂਕੈ ਮਨ ਕਾ ਭਵਨਾ।।
ਨਦਰਿ ਕਰੇ ਤਾ ਸਤਿਗੁਰੁ ਮੇਲੇ ਤਾ ਨਿਜ ਘਰਿ ਵਾਸਾ ਇਹੁ ਮਨੁ ਪਾਏ।।
ਆਪੈ ਆਪੁ ਖਾਇ ਤਾ ਨਿਰਮਲੁ ਹੋਵੇ ਧਾਵਤੁ ਵਰਜਿ ਰਹਾਏ।।
ਕਿਉ ਮੂਲੁ ਪਛਾਣੈ ਆਤਮੁ ਜਾਣੈ ਕਿਉ ਸਸਿ ਘਰਿ ਸੂਰੁ ਸਮਾਵੈ।।
ਗੁਰਮੁਖਿ ਹਉਮੈ ਵਿਚਹੁ ਖੋਵੈ ਤਉ ਨਾਨਕ ਸਹਜਿ ਸਮਾਵੈ।। ੬੪।।
ਪਦ ਅਰਥ: - ਮੈਗਲੁ – ਗੱਲ ਗੱਲ ਨਾਲ ਮੈ ਮੈ। ਇਹ ਮਨ ਮੈਗਲੁ – ਅਉਧੂ, ਇਹ ਆਪਣੇ ਆਪ ਸੋਚ
ਹਰੇਕ ਗੱਲ ਨਾਲ ਤੂੰ ਮੈਂ ਮੈ ਆਖਦਾ ਹੈ। ਪਉੜੀ ਨੰਬਰ ੬੧ ਅੰਦਰ ਅਉਧੂ ਦਾ ਸਵਾਲ ਸੀ ਪਵਣ, ਸੁਆਸ
ਕਿਹੜਾ ਰਸ ਖਾਂਦੇ ਹਨ। ਇਥੇ ਨਾਨਕ ਜੀ ਆਖਦੇ ਹਨ, ਆਪਣੇ ਆਪ ਹੀ ਸੋਚ ਤੇਰੀ ਹਰੇਕ ਗੱਲ ਵਿੱਚੋ ਮੈਂ
ਦੀ ਝਲਕ ਤੋਂ ਇਹ ਆਪਣੇ ਆਪ ਸਿੱਧ ਹੁੰਦਾ ਹੈ ਕਿ ਤੇਰੇ ਸੁਆਸਾਂ ਦੀ ਖ਼ੁਰਾਕ ਹਉਮੈ ਹੀ ਹੈ। ਇਹੁ ਮਨ
ਮੈਗਲੁ ਕਹਾ ਬਸੀਅਲੇ – ਅਉਧੂ, ਆਪਣੇ ਆਪ ਹੀ ਸੋਚ ਕਿ ਕੀ ਤੇਰਾ ਇਹ ਮਨ ਟਿਕਿਆ ਹੋਇਆ ਹੈ? ਬਸੀਅਲੇ –
ਵਸਿਆ ਹੋਇਆ ਹੈ, ਭਾਵ ਹਿਰਦੇ ਅੰਦਰ ‘ਮੈਂ` ਵਸੀ ਹੋਈ ਹੈ। ਕਹਾ ਬਸੈ ਇਹੁ ਪਵਨਾ – ਕਿਵੇਂ ਤੇਰੇ ਇਹ
ਸੁਆਸ ਇੱਕ ‘ਮੈਂ` ਉੱਪਰ ਹੀ ਟਿਕੇ ਹੋਏ ਹਨ। ਇਹੀ ‘ਮੈਂ` ਤੇਰੇ ਸੁਆਸਾਂ ਦੀ ਖ਼ੁਰਾਕ ਹੈ। ਕਹਾ ਬਸੈ
ਸੁ ਸਬਦੁ ਅਉਧੂ ਤਾ ਕਉ ਚੂਕੈ ਮਨ ਕਾ ਪਵਨਾ – ਸੁ – ਅਤਿ ਉੱਚੀ। ਸਬਦੁ – ਬਖ਼ਸ਼ਿਸ਼। ਤਾ ਕਉ – ਜਿਸ
ਨਾਲ। ਜਿਸ ਮੁਖੀ ਦੀ ਤੂੰ ਅਤਿ ਉੱਚੀ ਬਖ਼ਸ਼ਿਸ਼ ਦੱਸਦਾ ਸੀ ਉਹ ਬਖ਼ਸ਼ਿਸ਼ ਕਿੱਥੇ ਹੈ? ਤੇਰੇ ਅੰਦਰੋਂ ਤਾਂ
ਹਰ ਇੱਕ ਗੱਲ ਨਾਲ ‘ਮੈਂ` ਦੀ ਝਲਕ ਪੈਂਦੀ ਹੈ। ਜਿਸ ਬਖ਼ਸ਼ਿਸ਼ ਨਾਲ ਤੂੰ ਕਹਿ ਰਿਹਾ ਸੀ, ਮਨ ਦੀ ਭਟਕਣਾ
ਖ਼ਤਮ ਹੋ ਜਾਂਦੀ ਹੈ, ਅਉਧੂ, ਕਿਥੇ ਹੈ ਉਹ ਬਖਸ਼ਿਸ਼, ਤੇਰਾ ਮਨ ਤਾ ਅਜੇ ਟਿਕਿਆ ਹੀ ਨਹੀਂ? ਨਦਰਿ ਕਰੇ
ਤਾ ਸਤਿਗੁਰੁ ਮੇਲੇ, ਤਾ ਨਿਜ ਘਰਿ ਵਾਸਾ ਇਹੁ ਮਨ ਪਾਏ – ਜਿਸ ਦੀ ਨਦਰਿ ਨਾਲ ਤੂੰ ਕਹਿੰਦਾ ਸੀ
ਆਤਮਿਕ ਗਿਆਨ ਦੀ ਪ੍ਰਾਪਤੀ ਹੁੰਦੀ ਹੈ, ਕੀ ਉਸ ਦੀ ਬਖ਼ਸ਼ਿਸ਼ ਇਸ ਤਰ੍ਹਾਂ ਦੀ ਹੈ? ਜਿਸ ਤਰ੍ਹਾਂ ਦੀ
ਬਖ਼ਸ਼ਿਸ਼ ਦੀ ਤੇਰੇ ਨਿਜ-ਘਰ ਮਨ ਵਿੱਚੋਂ ਇਹ ਝਲਕ ਪੈ ਰਹੀ ਹੈ, ਜੋ ਤੂੰ ਪ੍ਰਾਪਤ ਕੀਤੀ ਹੈ? ਆਪੈ ਆਪੁ
ਖਾਇ ਤਾ ਨਿਰਮਲੁ ਹੋਵੇ, ਧਾਵਤ ਵਰਜਿ ਰਹਾਏ – ਕੀ ਇਹ ਅਜਿਹੀ ਮੱਤ ਜੋ ਆਪਣੇ ਆਪ ਨੂੰ ਹੀ ਖਾ ਜਾਣ
ਵਾਲੀ ਹੋਵੇ ਨੂੰ ਨਿਰਮਲ ਆਖਿਆ ਜਾ ਸਕਦਾ ਹੈ, ਜੋ ਮੂਲ, ਸ੍ਰਿਸਟੀ ਦੇ ਮੁਢ ਰਚਣਹਾਰੇ ਕਰਤਾਰ, ਨੂੰ
ਪਛਾਨਣ ਤੋਂ ਵਰਜ ਰਹੀ ਹੋਵੇ? ਕਿਉ ਮੂਲ ਪਛਾਣੈ ਆਤਮੁ ਜਾਣੈ, ਕਿਉ ਸਸਿ ਘਰਿ ਸੂਰੁ ਸਮਾਵੈ – ਜਿਹੜੀ
ਮੱਤ ਇਹ ਆਖੇ ਕਿਉ ਮੂਲ ਨੂੰ ਪਛਾਣੀਏ, ਪਛਾਨਣ ਤੋ ਵਰਜ ਰਹੀ ਹੋਵੇ, ਅਤੇ ਕਿਵੇਂ ਅਜਿਹੀ ਚੰਦ ਵਰਗੀ
ਸੀਤਲਤਾ ਜੋ ਤੇਰੇ ਅੰਦਰੋ ‘ਮੈਂ` ਰੂਪ ਵਿੱਚ ਭਖ ਰਹੀ ਹੈ ਇਹ ਕਿਵੇਂ ਆਤਮਿਕ ਗਿਆਨ ਰੂਪੀ ਸੂਰਜ ਵਿੱਚ
ਸਮਾ ਸਕਦੀ ਹੈ। ਆ-ਤਮ – ਆਪਣੀ ਤਮਾ, ਮੈਂ ਨੂੰ ਹੀ ਜਾਣਾਉਦੀ ਹੋਵੇ, ਭਾਵ ਅਗਿਆਨਤਾ। ਆਤਮ – ਨਿੰਦਾ
ਕਰਿ ਕਰਿ ਨਰਕ ਨਿਵਾਸੀ ਅੰਤਰਿ ਆਤਮ ਜਾਪੈ” (ਮਾਰੂ ਅ: ਮ: ੧) ਮ: ਕੋਸ਼। ਅਤੇ ਇਹ ਆਖੇ ਕਿ ਕਿਉਂ
ਚੰਦ੍ਰਮਾਂ ਵਰਗੇ ਸੀਤਲ ਸ਼ਾਂਤ ਸੁਭਾ ਅੰਦਰ ਕਿਵੇਂ ਮੂਲ, ਮੁੱਢ ਸ੍ਰਿਸ਼ਟੀ ਦੇ ਰਚਣਹਾਰ, ਦਾ ਸੂਰਜ ਰੂਪ
ਗਿਆਨ ਟਿਕੇ। ਗੁਰਮੁਖਿ ਹਉਮੈ ਵਿਚਹੁ ਖੋਵੈ, ਤਉ ਨਾਨਕ ਸਹਜਿ ਸਮਾਵੈ – ਹੇ ਭਾਈ, ਨਾਨਕ ਤਾਂ ਇਹ
ਆਖਦਾ ਹੈ ਕਿ ਸ੍ਰਿਸ਼ਟੀ ਦੇ ਰਚਣਹਾਰ ਕਰਤੇ ਦੀ ਸ਼ਰਨ ਆਉਣ ਨਾਲ ਹੀ ਆਤਮਿਕ ਗਿਆਨ ਦੇ ਸੂਰਜ ਦੇ ਪ੍ਰਕਾਸ਼
ਨਾਲ ਮਨ ਅੰਦਰਲੀ ਸੱਚ ਰੂਪ ਸੀਤਲਤਾ ਚੰਦ੍ਰਮਾਂ ਦੀ ਸੀਤਲਤਾ ਵਾਂਗ ਠੰਡ ਪਾਉਂਦਂੀ ਹੈ ਅਤੇ ਅੰਦਰੋ
ਹਉਮੈ ਦੀ ਤਪਸ਼ ਖ਼ਤਮ ਹੁੰਦੀ ਹੈ, ਅਤੇ ਸਹਿਜ ਅਵਸਥਾ ਵਿੱਚ ਟਿਕਾਉ ਬਣ ਜਾਂਦਾ ਹੈ।
ਨੋਟ - ਜਿਵੇਂ ਚੰਦ ਦੀ ਸੀਤਲਤਾ ਸੂਰਜ ਦੇ ਤੇਜ ਪ੍ਰਕਾਸ ਤੋ ਬਗ਼ੈਰ ਪਰਗਟ ਹੀ ਨਹੀਂ ਹੋ ਸਕਦੀ, ਇਸੇ
ਤਰ੍ਹਾਂ ਸਿਰਜਣਹਾਰੇ ਦੀ ਬਖ਼ਸ਼ਿਸ਼ ਆਤਮਿਕ ਗਿਆਨ-ਸੂਰਜ ਦੇ ਪ੍ਰਕਾਸ਼ ਤੋ ਬਗ਼ੈਰ ਅੰਦਰਲੀ ਸੱਚ ਰੂਪ
ਸੀਤਲਤਾ ਪਰਗਟ ਹੀ ਨਹੀਂ ਹੋ ਸਕਦੀ, ਅਤੇ ਸੱਚ ਨਾਲ ਜੁੜਨ ਤੋਂ ਬਗ਼ੈਰ ਗੱਲ ਗੱਲ ਵਿੱਚੋ ਮੈਂ-ਮੈਂ ਹੀ
ਭਾਖਦੀ ਹੈ।
ਅਰਥ: - ਹੇ ਅਉਧੂ, ਆਪਣੇ ਆਪ ਹੀ ਸੋਚ ਕਿ ਕੀ ਤੇਰਾ ਇਹੁ ਮਨ ਟਿਕਿਆ ਹੋਇਆ ਹੈ? ਕਿਵੇਂ ਤੇਰੇ ਇਹ
ਸੁਆਸ ਇੱਕ ‘ਮੈਂ` ਉੱਪਰ ਹੀ ਟਿਕੇ ਹੋਏ ਹਨ। ਇਹ ਮੈਂ ਹੀ ਤੇਰੇ ਸੁਆਸਾਂ ਦੀ ਖ਼ੁਰਾਕ ਹੈ। ਜਿਸ ਮੁਖੀ
ਦੀ ਬਖ਼ਸ਼ਿਸ਼ ਨੂੰ ਤੂੰ ਅਤਿ ਉੱਚੀ ਦੱਸਦਾ ਸੀ, ਜੋ ਤੂੰ ਪ੍ਰਾਪਤ ਕੀਤੀ ਹੈ, ਕਿੱਥੇ ਹੈ ਉਹ ਬਖ਼ਸ਼ਿਸ਼?
ਜਿਸ ਬਖ਼ਸ਼ਿਸ਼ ਤੇ ਨਦਰਿ ਦੁਆਰਾ, ਤੂੰ ਕਹਿ ਰਿਹਾ ਸੀ, ਭਟਕਣਾ ਖ਼ਤਮ ਹੋ ਜਾਂਦੀ ਹੈ, ਆਤਮਿਕ ਗਿਆਨ ਦੀ
ਪ੍ਰਾਪਤੀ ਹੁੰਦੀ ਹੈ, ਉਨ੍ਹਾਂ ਰਾਹੀਂ ਤੇਰਾ ਆਪਣਾ ਮਨ ਤਾਂ ਟਿਕਾਉ ਵਿੱਚ ਆਇਆ ਨਹੀਂ। ਕੀ ਉਸਦੀ
ਬਖ਼ਸ਼ਿਸ਼ ਇਸ ਤਰ੍ਹਾਂ ਦੀ ਹੀ ਹੈ - ਜਿਸ ਤਰ੍ਹਾਂ ਦੀ ਇਸ ਦੀ ਝਲਕ ਤੇਰੇ ਨਿਜ ਘਰਿ ਮਨ ਵਿੱਚੋਂ ‘ਮੈਂ`
ਰੂਪ ਵਿੱਚ ਪ੍ਰਗਟ ਹੋ ਰਹੀ ਹੈ? ਕੀ ਅਜਿਹੀ ‘ਮੈਂ` ਰੂਪ ਮੱਤ, ਜੋ ਆਪਣੇ ਆਪ ਨੂੰ ਹੀ ਖਾ ਜਾਣ ਵਾਲੀ
ਹੋਵੇ, ਨੂੰ ਨਿਰਮਲ ਆਖਿਆ ਜਾ ਸਕਦਾ ਹੈ? ਜੋ ਸ੍ਰਿਸ਼ਟੀ ਦੇ ਮੁੱਢ ਰਚਣਹਾਰ ਕਰਤਾਰ ਨੂੰ ਹੀ ਪਛਾਨਣ ਤੋ
ਵਰਜ ਰਹੀ ਹੋਵੇ, ਅਤੇ ਆਪਣੀ ਤਮਾਂ ਭਾਵ ‘ਮੈਂ` ਨੂੰ ਹੀ ਜਣਾਉਂਦੀ ਹੋਵੇ? ਜਿਹੜੀ ਮੱਤ ਮੂਲ ਨੂੰ
ਪਛਾਨਣ ਤੋ ਹੀ ਵਰਜ ਰਹੀ ਹੋਵੇ? ਕਿਵੇਂ ਅਜਿਹੀ ‘ਸੀਤਲਤਾ` ਜੋ ਤੇਰੇ ਅੰਦਰੋ ‘ਮੈਂ` ਰੂਪ ਵਿੱਚ ਬੋਲ
ਰਹੀ ਹੈ, ਆਤਮਿਕ ਗਿਆਨ ਰੂਪ ਸੂਰਜ ਵਿੱਚ ਲੀਨ ਹੋ ਸਕਦੀ ਹੈ? ਹੇ ਭਾਈ, ਨਾਨਕ ਤਾਂ ਇਹ ਆਖਦਾ ਹੈ, ਕਿ
ਸ੍ਰਿਸ਼ਟੀ ਨੂੰ ਰਚਣਹਾਰ ਸੱਚ ਰੂਪ ਕਰਤੇ ਦੀ ਸ਼ਰਨ ਆਉਣ ਨਾਲ ਹੀ ਆਤਮਿਕ ਗਿਆਨ ਦੇ ਸੂਰਜ ਦੇ ਪ੍ਰਕਾਸ
ਨਾਲ, ਮਨ ਅੰਦਰਲੀ ਸੱਚ ਰੂਪ ਸੀਤਲਤਾ ਪਰਗਟ ਹੁੰਦੀ ਹੈ, ਅਤੇ ਅੰਦਰੋਂ ਹਉਮੈ ਦਾ ਨਾਸ਼ ਹੁੰਦਾ ਹੈ,
ਅਤੇ ਸਹਿਜ ਵਿੱਚ ਟਿਕਾਉ ਬਣ ਸਕਦਾ ਹੈ।
ਅਉਧੂ ਦਾ ਸਵਾਲ: -
ਇਹੁ ਮਨੁ ਨਿਹਚਲੁ ਹਿਰਦੈ ਵਸੀਅਲੇ ਗੁਰਮੁਖਿ ਮੂਲੁ ਪਛਾਣਿ
ਰਹੇ।।
ਨਾਭਿ ਪਵਨੁ ਘਰਿ ਆਸਣਿ ਬੈਸੈ ਗੁਰਮੁਖਿ ਖੋਜਤ ਤਤੁ ਲਹੈ।।
ਸੁ ਸਬਦੁ ਨਿਰੰਤਰਿ ਨਿਜ ਘਰਿ ਆਛੈ ਤ੍ਰਿਭਵਣ ਜੋਤਿ ਸੁ ਸਬਦਿ ਲਹੈ।।
ਖਾਵੈ ਦੂਖ ਭੂਖ ਸਾਚੇ ਕੀ ਸਾਚੇ ਹੀ ਤ੍ਰਿਪਤਾਸਿ ਰਹੇ।।
ਅਨਹਦ ਬਾਣੀ ਗੁਰਮੁਖਿ ਜਾਣੀ ਬਿਰਲੋ ਕੋ ਅਰਥਾਵੈ।।
ਨਾਨਕੁ ਆਖੈ ਸਚੁ ਸੁਭਾਖੈ ਸਚਿ ਰਪੈ ਰੰਗੁ ਕਬਹੂ ਨ ਜਾਵੈ।। ੬੫।।
ਪਦ ਅਰਥ: - ਇਹ ਮਨੁ ਨਿਹਚਲੁ ਹਿਰਦੈ ਵਸੀਅਲੇ ਗੁਰਮੁਖਿ ਮੂਲੁ ਪਛਾਣ ਰਹੇ – ਇਹ ਸਾਡਾ ਮਨ
ਅਡੋਲ ਹੈ, ਟਿਕਿਆ ਹੋਇਆ ਹੈ ਕਿਉਂਕਿ ਅਸੀਂਆਪਣੇ ਮੁਖੀ ਨੂੰ ਮੂਲੁ ਰੂਪ ਵਿੱਚ ਕਰਤਾਰ ਸਮਝਕੇ ਹੀ
ਪਛਾਣ ਰਹੇ ਹਾਂ। ਨਾਭਿ ਪਵਨੁ ਘਰਿ ਆਸਣਿ ਬੈਸੈ – ਜੋ ਸਾਡੇ ਮੁਖੀ ਦੇ ਦੱਸੇ ਅਨੁਸਾਰ ਪ੍ਰਾਣਾਂ ਨੂੰ
ਨਾਭਿ ਦੇ ਆਸਣ ਉੱਪਰ ਟਿਕਾਉਂਦਾ ਹੈ, ਭਾਵ ਪ੍ਰਾਣਾਯਾਮ ਕਰਦਾ ਹੈ। ਗੁਰਮੁਖਿ ਖੋਜਤ ਤਤੁ ਲਹੈ – ਖੋਜਤ
– ਰਸਤੇ ਕਦਮ ਉੱਪਰ ਚਲਣਾ ਮ: ਕੋਸ਼। ਉਹ ਸਾਡੇ ਮੁਖੀ ਨੂੰ ਕਰਤਾ ਜਾਣਕੇ ਉਸਦੇ ਨਕਸ਼ਿ-ਕਦਮ ਉੱਪਰ ਚਲਦਾ
ਹੈ, ਭਾਵ ਜੋਗ ਮੱਤ ਦੇ ਰਸਤੇ ਉੱਪਰ ਚਲਦਾ ਹੈ, ਉਹ ਇਸ ਤਤੁ, ਅਸਲੀਅਤ ਨੂੰ ਜਾਣ ਲੈਂਦਾ ਹੈ। ਸੁ
ਸਬਦੁ ਨਿਰੰਤਰਿ ਨਿਜ ਘਰਿ ਆਛੈ – ਉਸ ਸਾਡੇ ਮੁਖੀ ਦੀ ਅਤਿ ਉੱਚੀ ਬਖ਼ਸ਼ਿਸ਼ ਇੱਕ ਰਸ ਆਪਣੇ ਨਿਜ ਘਰਿ
ਵਿੱਚ। ਤ੍ਰਿਭਵਣ ਜੋਤਿ ਸੁ ਸਬਦਿ ਲਹੈ – ਅਤੇ ਤਿੰਨ੍ਹਾਂ ਭਵਣਾ ਵਿੱਚ ਉਸਦੀ ਇੱਕ ਰਸ, ਨਿਰੰਤਰ,
ਬਖ਼ਸ਼ਿਸ਼ ਜੋ ਵਰਤ ਰਹੀ ਜਾਣ ਲੈਂਦਾ ਹੈ। ਖਾਵੈ ਦੂਖ ਭੂਖ ਸਾਚੇ ਕੀ – ਦੁਖ ਅਤੇ ਭੁਖ ਸਾਡੇ ਮੁਖੀ ਦੀ
ਸੱਚੀ ਬਖ਼ਸ਼ਿਸ਼ ਜਾਣਕੇ ਸਵੀਕਾਰ ਕਰ ਲੈਂਦਾ ਹੈ। ਸਾਚੇ ਹੀ ਤ੍ਰਿਪਤਾਸ ਰਹੇ – ਉਹ ਹਮੇਸ਼ਾ ਉਸ ਸੇ ਸਾਡੇ
ਸਾਚੇ ਮੁਖੀ ਦੇ ਸੱਚ ਵਿੱਚ ਹੀ ਤ੍ਰਿਪਤ ਰਹਿੰਦਾ ਹੈ। ਅਨਹਦ ਬਾਣੀ ਗੁਰਮੁਖਿ ਜਾਣੀ ਬਿਰਲਾ ਕੋ
ਅਰਥਾਵੈ – ਸਾਡੇ ਮੁਖੀ ਦੀ ਅਨਹਦ ਬਾਣੀ, ਇਕਸਾਰ ਬਖ਼ਸ਼ਿਸ਼, ਜੋ ਵਰਤ ਰਹੀ ਹੈ ਇਸ ਨੂੰ ਕੋਈ ਬਿਰਲਾ
ਮਨੁੱਖ ਹੀ ਸਮਝਕੇ ਜਾਣਦਾ ਹੈ। ਬਾਣੀ – ਬਖ਼ਸ਼ਿਸ਼। ਨਾਨਕੁ ਆਖੈ ਸਚੁ ਸੁਭਾਖੈ ਸਚਿ ਰਪੈ ਰੰਗੁ ਕਬਹੂ ਨ
ਜਾਵੈ – ਹੇ ਭਾਈ, ਸਿੱਧ-ਗੁਰੂ ਨੂੰ ਸੱਚ ਜਾਣਕੇ ਉਸਦੇ ਰੰਗ ਵਿੱਚ ਜੋ ਰੰਗਿਆ ਜਾਂਦਾ ਹੈ ਉਸਦਾ ਰੰਗ
ਕਦੀ ਨਹੀਂ ਉੱਤਰਦਾ। ਉਸਨੂੰ ਹੀ ਸੱਚ ਕਰਕੇ ਜਾਨਣ ਲਈ ਨਾਨਕ ਨੂੰ ਸਿੱਧ ਨੇ ਆਖਿਆ।
ਅਰਥ: - ਜੋਗੀ ਵਲੋਂ ਨਾਨਕ ਜੀ ਨੂੰ ਸੰਬੋਧਨ – ਹੇ ਨਾਨਕ! ਤੈਨੂੰ ਸਾਡਾ ਮਨ ਕਿਉਂ ਅਡੋਲ ਨਜ਼ਰ ਨਹੀਂ
ਆ ਰਿਹਾ। ਅਸੀਂਤਾਂ ਆਪਣੇ ਮੁਖੀ ਨੂੰ ਮੂਲ ਰੂਪ ਵਿੱਚ ਕਰਤਾਰ ਜਾਣਦੇ ਹੋਏ ਹੀ ਹਿਰਦੇ ਅੰਦਰ ਵਸਾਇਆ
ਹੋਇਆ ਹੈ। ਜੋ ਸਾਡੇ ਮੁਖੀ ਨੂੰ ਕਰਤਾਰ ਰੂਪ ਜਾਣਕੇ ਉਸਦੇ ਦੱਸੇ ਅਨੁਸਾਰ ਪ੍ਰਾਣਾਂ ਨੂੰ ਨਾਭਿ ਦੇ
ਆਸਣ ਉੱਪਰ ਟਿਕਾਉਂਦਾ ਹੈ, ਭਾਵ ਪ੍ਰਾਣਾਯਾਮ ਕਰਦਾ ਹੈ, ਉਸਦੇ ਨਕਸ਼ਿ-ਕਦਮ ਉੱਪਰ ਚਲਦਾ ਹੈ, ਭਾਵ ਜੋਗ
ਮੱਤ ਦੇ ਰਸਤੇ ਉੱਪਰ ਚਲਦਾ ਹੈ, ਉਹ ਇਸ ਤਤੁ, ਅਸਲੀਅਤ ਨੂੰ ਜਾਣ ਲੈਂਦਾ ਹੈ। ਉਹ ਸਾਡੇ ਮੁਖੀ ਦੀ
ਅਤਿ ਉੱਚੀ ਬਖ਼ਸ਼ਿਸ਼ ਆਪਣੇ ਨਿਜ ਘਰਿ ਵਿੱਚ, ਅਤੇ ਤਿੰਨ੍ਹਾਂ ਭਵਣਾਂ ਵਿੱਚ ਵੀ, ਜੋ ਇੱਕ ਰਸ, ਨਿਰੰਤਰਿ
ਵਰਤ ਰਹੀ ਹੈ, ਉਸ ਨੂੰ ਵੀ ਜਾਣ ਲੈਂਦਾ ਹੈ। ਇਸੇ ਤਰ੍ਹਾਂ ਦੁਖ ਅਤੇ ਭੁੱਖ ਨੂੰ ਵੀ ਉਸ ਦੀ ਹੀ ਸੱਚੀ
ਬਖਸ਼ਿਸ਼ ਜਾਣਕੇ ਸਵੀਕਾਰ ਕਰ ਲੈਂਦਾ ਹੈ। ਜੋ ਮੰਨ ਲੈਦਾ ਹੈ ਉਹ ਹਮੇਸ਼ਾ ਹੀ ਸਾਡੇ ਸੱਚੇ-ਮੁਖੀ ਦੇ ਸੱਚ
ਵਿੱਚ ਹੀ ਤ੍ਰਿਪਤ ਰਹਿੰਦਾ ਹੈ। ਇਹ ਜੋ ਉਸਦੀ ਅਨਹਦ ਬਾਣੀ, ਇਕਸਾਰ ਬਖ਼ਸ਼ਿਸ਼ ਵਰਤ ਰਹੀ ਹੈ, ਇਸ ਨੂੰ
ਕੋਈ ਵਿਰਲਾ ਮਨੁੱਖ ਹੀ ਜਾਣਕੇ ਸਮਝਦਾ ਹੈ। ਹੇ ਭਾਈ, ਸਿੱਧ-ਗੁਰੂ ਨੂੰ ਸੱਚ ਜਾਣਕੇ ਉਸਦੇ ਰੰਗ ਵਿੱਚ
ਜੋ ਰੰਗਿਆ ਜਾਂਦਾ ਹੈ, ਉਸਦਾ ਦਾ ਰੰਗ ਕਦੀ ਨਹੀਂ ਉੱਤਰਦਾ। ਉਸਨੂੰ ਹੀ ਸੱਚ ਕਰਕੇ ਜਾਨਣ ਲਈ ਨਾਨਕ
ਨੂੰ ਸਿੱਧ ਨੇ ਆਖਿਆ।
ਨਾਨਕ ਪਾਤਸਾਹ ਜੀ ਦਾ ਜਵਾਬ: -
ਜਾ ਇਹੁ ਹਿਰਦਾ ਦੇਹ ਨ ਹੋਤੀ ਤਉ ਮਨੁ ਕੈਠੈ ਰਹਤਾ।।
ਨਾਭਿ ਕਮਲ ਅਸਥੰਭੁ ਨ ਹੋਤੋ ਤਾ ਪਵਨੁ ਕਵਨ ਘਰਿ ਸਹਤਾ।।
ਰੂਪੁ ਨ ਹੋਤੋ ਰੇਖ ਨ ਕਾਈ ਤਾ ਸਬਦਿ ਕਹਾ ਲਿਵ ਲਾਈ।।
ਰਕਤੁ ਬਿੰਦੁ ਕੀ ਮੜੀ ਨ ਹੋਤੀ ਮਿਤਿ ਕੀਮਤਿ ਨਹੀਂ ਪਾਈ।।
ਵਰਨੁ ਭੇਖੁ ਅਸਰੂਪੁ ਨ ਜਾਪੀ ਕਿਉ ਕਰਿ ਜਾਪਸਿ ਸਾਚਾ।।
ਨਾਨਕ ਨਾਮਿ ਰਤੇ ਬੈਰਾਗੀ ਇਬ ਤਬ ਸਾਚੋ ਸਾਚਾ।। ੬੬।।
ਪਦ ਅਰਥ: - ਜਾ ਇਹੁ ਹਿਰਦਾ ਦੇਹ ਨ ਹੋਤੀ – ਹੇ ਜੋਗੀ ਜਿਸ ਸਰੀਰ ਨੂੰ ਤੂੰ ਕਰਤਾ ਜਾਣ ਲਿਆ
ਹੈ ਜੇਕਰ ਇਹ ਨਾਸ਼ਵਾਨ ਸਰੀਰ ਹੀ ਨਾ ਹੁੰਦਾ। ਹਿਰਦਾ – ਹਿਰ, ਖ਼ਤਮ, ਹਿਰਦਾ, ਖ਼ਤਮ ਹੋ ਜਾਣ ਵਾਲਾ, ਨਾ
ਰਹਿਣ ਵਾਲਾ। ਹਿਰਦਾ ਦੇਹ – ਇਹ ਨਾਸ਼ਵਾਨ ਸਰੀਰ। ਤਉ ਇਹ ਮਨੁ ਕੈਠੈ ਰਹਤਾ – ਤਾਂ ਫਿਰ ਇਹ ਤੇਰਾ ਮਨ
ਕਿੱਥੇ ਟਿਕਦਾ। ਨਾਭਿ ਕਮਲ ਅਸਥੰਭੁ ਨ ਹੋਤੇ – ਅਤੇ ਨਾਂ ਹੀ ਤੇਰੇ ਨਾਭਿ ਕੰਵਲ ਨੂੰ ਕੋਈ ਆਸਰਾ
ਹੁੰਦਾ। ਤਾ ਪਵਨੁ ਕਹਾ ਘਰਿ ਸਹਤਾ – ਤਾਂ ਫਿਰ ਸੁਆਸ ਕਿਹੜੇ ਘਰ ਵਿੱਚ ਟਿਕਦੇ, ਤੇਰੇ ਸੁਆਸਾਂ ਨੂੰ
ਕਿਸ ਦਾ ਆਸਰਾ ਹੁੰਦਾ। ਰੂਪ ਨ ਹੋਤੋ ਰੇਖ ਨ ਕਾਈ ਤਾ ਸਬਦਿ ਕਹਾ ਲਿਵ ਲਾਈ – ਜੇਕਰ ਤੇਰਾ ਮੁਖੀ,
ਜਿਸਨੂੰ ਤੂੰ ਕਰਤਾ ਮੰਨਦਾ ਹੈਂ ਨਾਂ ਹੁੰਦਾ, ਨਾਂ ਹੀ ਕੋਈ ਹੋਰ ਰੂਪ ਰੰਗ ਰੇਖ ਹੁੰਦਾ, ਤਦ ਕਿਸਦੀ
ਬਖ਼ਸ਼ਿਸ਼ ਨਾਲ ਤੂੰ ਲਿਵ ਜੋੜਦਾ। ਰਕਤੁ ਬਿੰਦੁ ਕੀ ਮੜੀ ਨ ਹੋਤੀ ਮਿਤਿ ਕੀਮਤਿ ਨਹੀਂ ਪਾਈ – ਜੇਕਰ ਨਾਂ
ਹੀ ਰਕਤ ਬਿੰਦ ਨਾਲ ਬਣਿਆ ਕੋਈ ਹੋਰ ਨਾਸ਼ਵਾਨ ਸਰੀਰ ਆਪਣੇ ਆਪ ਨੂੰ ਕਰਤਾ ਅਖਵਾਉਂਦਾ, ਤਾਂ ਇਸ ਤੇਰੇ
ਮੁਖੀ ਦੀ ਅਤੇ ਇਸਦੇ ਮੱਤ ਦੀ ਕੋਈ ਕੀਮਤ ਜਾਂਣੀ ਜਾਂਦੀ? ਵਰਨੁ ਭੇਖੁ ਅਸਰੂਪੁ ਨ ਜਾਪੀ ਕਿਉ ਕਰਿ
ਜਾਪਸਿ ਸਾਚਾ – ਤੇਰੇ ਮੁਖੀ ਦਾ ਵਰਨੁ ਅਤੇ ਭੇਖ ਦਾ ਕੋਈ ਸਰੂਪ ਹੀ ਨਾਂ ਹੁੰਦਾ ਤਾਂ ਤੂੰ ਕਿਸਨੂੰ
ਸੱਚਾ ਸਮਝਕੇ ਉਸਦਾ ਜਪ ਕਰਦਾ? ਨਾਨਕ ਨਾਮਿ ਰਤੇ ਬੈਰਾਗੀ ਇਬ ਤਬ ਸਾਚੋ ਸਾਚਾ – ਇਸ ਕਰਕੇ ਹੇ ਜੋਗੀ
ਨਾਨਕ ਆਖਦਾ ਹੈ, ਜੋ ਅਸਲ ਸੱਚੇ ਦੇ ਸੱਚ ਰੂਪ ਬੈਰਾਗ ਵਿੱਚ ਰੱਤੇ ਹੋਏ ਹਨ ਉਹ ਹੁਣ ਆਪਣੇ ਜੀਵਣ
ਵਿੱਚ ਅਤੇ ਆਪਣੇ ਜੀਵਣ ਤੋਂ ਬਾਅਦ ਵਿੱਚ ਇੱਕ ਸੱਚੇ ਨੂੰ ਹੀ ਸਦੀਵੀ ਰਹਿਣ ਵਾਲਾ ਸੱਚਾ ਕਰਕੇ ਮੰਨਦੇ
ਹਨ। ਭਾਵ ਉਹ ਇੱਕ ਸੱਚਾ ਹੀ ਹੈ ਜੋ ਸਦੀਵੀ ਰਹਿਣ ਵਾਲਾ ਹੈ ਜੋ ਜਨਮ ਮਰਣ ਵਿੱਚ ਨਹੀਂ ਆਉਂਦਾ।
ਨੋਟ: - ਇਸ ਪਉੜੀ ਦੀ ਪਹਿਲੀ ਪੰਗਤੀ ਅੰਦਰ ਸ਼ਬਦ ‘ਹਿਰਦਾ` ਦੇ ਅਰਥ ਮਨ ਨਹੀਂ ਹਨ, ਇਸਦੇ ਅਰਥ ਖ਼ਤਮ
ਹੋ ਜਾਣ ਵਾਲਾ ਬਣਦੇ ਹਨ, ਹਿਰ – ਖ਼ਤਮ, ਹਿਰਦਾ – ਖਤਮ ਹੋ ਜਾਣ ਵਾਲਾ। ਹਿਰਦਾ ਦੇਹ – ਇਹ ਨਾਸ਼ਵਾਨ
ਸਰੀਰ। ਕਿਉਂਕਿ ਇਸ ਹੀ ਪੰਗਤੀ ਵਿੱਚ ਸ਼ਬਦ ‘ਮਨ`, ਮਨ ਵਾਸਤੇ ਆਇਆ ਹੈ। ਨਾਲ ਇਹ ਵੀ ਹੈ ਕਿ ਜੋਗੀਆਂ
ਨੇ ਨਾ ਰਹਿਣ ਵਾਲੀ ਦੇਹ ਨੂੰ ਹੀ ਸੱਚ ਕਰਕੇ ਮੰਨਿਆ ਹੈ, ਇਸ ਵਿਸ਼ੇ ਉੱਪਰ ਹੀ ਗੱਲਬਾਤ ਹੋ ਰਹੀ ਹੈ।
ਦੂਸਰੀ ਗੱਲ, ‘ਹਿਰਦਾ` ਦੇ ਨਾਲ ਸ਼ਬਦ ਹੈ ‘ਦੇਹ`, ਹਿਰਦਾ ਦੇਹ ਨਾ ਹੋਤੀ – ਜੇਕਰ ਇਹ ਖਤਮ ਹੋ ਜਾਣ
ਵਾਲੀ ਦੇਹ ਨਾ ਹੁੰਦੀ। ਇਸ ਕਰਕੇ ਇਥੇ ‘ਹਿਰਦਾ` ਦੇ ਅਰਥ ਖ਼ਤਮ ਹੋ ਜਾਣ ਵਾਲਾ ਹੀ ਬਣਦੇ ਹਨ, ਤਾਂ ਹੀ
ਅਸਲ ਸੱਚ ਪਰਗਟ ਹੁੰਦਾ ਹੈ।
ਅਰਥ: - ਹੇ ਜੋਗੀ ਜਿਸ ਨਾਸ਼ਵਾਨ ਸਰੀਰ ਨੂੰ ਤੂੰ ਕਰਤਾ ਜਾਣ ਲਿਆ ਹੈ ਜੇਕਰ ਇਹ ਸਰੀਰ ਹੀ ਨਾਂ ਹੁੰਦਾ
ਤਾਂ ਫਿਰ ਤੇਰਾ ਇਹ ਮਨ ਕਿੱਥੇ ਟਿਕਦਾ? ਨਾਂ ਹੀ ਤੇਰੀ ਨਾਭ ਕੰਵਲ ਨੂੰ ਕੋਈ ਆਸਰਾ ਹੁੰਦਾ। ਫਿਰ
ਤੇਰੇ ਸੁਆਸ ਕਿਹੜੇ ਘਰ ਵਿੱਚ ਟਿਕਦੇ? ਤੇਰੇ ਸੁਆਸਾਂ ਨੂੰ ਕਿਸ ਦਾ ਆਸਰਾ ਹੁੰਦਾ? ਜੇਕਰ ਤੇਰਾ
ਮੁਖੀ, ਜਿਸਨੂੰ ਤੂੰ ਕਰਤਾ ਮੰਨਦਾ ਹੈਂ ਨਾਂ ਹੁੰਦਾ, ਨਾਂ ਹੀ ਕੋਈ ਹੋਰ ਰੂਪ ਰੰਗ ਰੇਖ ਹੁੰਦਾ, ਤਦ
ਕਿਸਦੀ ਬਖ਼ਸ਼ਿਸ਼ ਨਾਲ ਤੂੰ ਲਿਵ ਜੋੜਦਾ। ਜੇਕਰ ਨਾਂ ਹੀ ਰਕਤ ਬਿੰਦ ਨਾਲ ਬਣਿਆ ਕੋਈ ਹੋਰ ਨਾਸ਼ਵਾਨ ਸਰੀਰ
ਆਪਣੇ ਆਪ ਨੂੰ ਕਰਤਾ ਅਖਵਾਉਂਦਾ, ਤਾਂ ਇਸ ਤੇਰੇ ਮੁਖੀ ਦੀ ਅਤੇ ਇਸਦੇ ਮੱਤ ਦੀ ਕੋਈ ਕੀਮਤ ਜਾਂਣੀ
ਜਾਂਦੀ? ਨਾਂ ਹੀ ਤੇਰੇ ਮਤ ਵਰਗੇ ਦੇ ਵਰਣ ਭੇਖ ਦਾ ਕੋਈ ਹੋਰ ਸਰੂਪ ਹੀ ਨਜ਼ਰ ਆਉਂਦਾ ਤਾਂ ਕਿਵੇਂ ਅਤੇ
ਕਿਸ ਨੂੰ ਤੂੰ ਸੱਚਾ ਕਰਕੇ ਜਾਣਦਾ? ਇਸ ਕਰਕੇ, ਹੇ ਜੋਗੀ, ਨਾਨਕ ਆਖਦਾ ਹੈ, ਜਿਸ ਨੂੰ ਹੁਣ ਅਸਲ ਸੱਚ
ਜਾਣਕੇ ਤੁਸੀਂ ਆਪਣੇ ਆਪ ਨੂੰ ਸੱਚੇ ਬੈਰਾਗੀ ਸਮਝਦੇ ਹੋ ਇਸਦੇ ਮਰਨ ਤੋ ਬਾਅਦ ਤੁਸੀਂ ਕਿਸ ਸੱਚੇ ਨੂੰ
ਸੱਚ ਕਰਕੇ ਜਾਣੋਗੇ?
ਅਉਧੂ ਦਾ ਨਾਨਕ ਪਾਤਸਾਹ ਜੀ ਨਾਲ ਸਹਿਮਤ ਹੋਣਾ: -
ਹਿਰਦਾ ਦੇਹ ਨ ਹੋਤੀ ਅਉਧੂ ਤਉ ਮਨੁ ਸੁੰਨਿ ਰਹੇ ਬੈਰਾਗੀ।।
ਨਾਭਿ ਕਮਲੁ ਅਸਥੰਭੁ ਨ ਹੋਤੋ ਤਾ ਨਿਜ ਘਰਿ ਬਸਤਉ ਪਵਨੁ ਅਨਰਾਗੀ।।
ਰੂਪੁ ਨ ਰੇਖਿਆ ਜਾਤਿ ਨ ਹੋਤੀ ਤਉ ਅਕੁਲੀਣਿ ਰਹਤਉ ਸਬਦੁ ਸੁ ਸਾਰੁ।।
ਗਉਨੁ ਗਗਨੁ ਜਬ ਤਬਹਿ ਨ ਹੋਤਉ ਤ੍ਰਿਭਵਣ ਜੋਤਿ ਆਪੇ ਨਿਰੰਕਾਰੁ।।
ਵਰਨੁ ਭੇਖੁ ਅਸਰੂਪੁ ਸੁ ਏਕੋ ਏਕੋ ਸਬਦੁ ਵਿਡਾਣੀ।।
ਸਾਚ ਬਿਨਾ ਸੂਚਾ ਕੋ ਨਾਹੀ ਨਾਨਕ ਅਕਥ ਕਹਾਣੀ।। ੬੭।।
ਪਦ ਅਰਥ: - ਹਿਰਦਾ ਦੇਹ ਨ ਹੋਤੀ ਅਉਧੂ – ਹੇ ਨਾਨਕ, ਜੇਕਰ ਅਉਧੂ ਨੂੰ ਸੱਚ ਪੁੱਛਦਾ ਹੈਂ, ਤਾਂ ਜੇ
ਨਾਸ਼ਵਾਨ ਹੋਣ ਵਾਲੀ ਇਹ ਦੇਹ ਹੀ ਨਾ ਹੁੰਦੀ ਤਾਂ। ਹਿਰਦਾ ਦੇਹ – ਨਾਸ਼ਵਾਨ ਸਰੀਰ। ਤਉ ਮਨੁ ਸੁੰਨਿ
ਰਹੇ ਬੈਰਾਗੀ – ਤਾਂ ਮਨੁ ਸੱਚ ਰੂਪ ਕਰਤੇ ਨੂੰ ਸੱਚ ਜਾਣਕੇ ਉਸਦੇ ਬੈਰਾਗ ਵਿੱਚ ਰਹਿੰਦਾ, ਟਿਕਦਾ।
ਨਾਭਿ ਕਮਲੁ ਅਸਥੰਭੁ ਨ ਹੋਤੋ – ਨਾਂ ਹੀ ਫਿਰ ਇਹ ਸੁਆਸ ਨਾਭੀ ਉੱਪਰ ਟਿਕਦੇ। ਤਾ ਨਿਜ ਘਰਿ ਬਸਤਉ
ਪਵਨੁ ਅਨਰਾਗੀ – ਤਾਂ ਫਿਰ ਸੁਆਸ ਨਿਜ ਘਰ, ਉਸ ਸੱਚੇ ਦੀ ਬਖ਼ਸ਼ਿਸ਼ ਜੋ ਇਕਸਾਰ ਵਰਤ ਰਹੀ ਹੈ, ਉਸ ਉੱਪਰ
ਟਿਕਦੇ। ਰੂਪ ਨ ਰੇਖਿਆ ਜਾਤਿ ਨ ਹੋਤੀ – ਅਤੇ ਨਾਂ ਹੀ ਸਾਡੇ ਮੁਖੀ ਦਾ ਅਤੇ ਕਿਸੇ ਹੋਰ ਦਾ ਰੂਪ,
ਰੇਖ, ਰੰਗ ਹੀ ਜਾਣਿਆ ਜਾਂਦਾ। ਜਾਤਿ ਨ ਹੋਤੀ – ਨਾ ਜਾਣਿਆ ਜਾਂਦਾ, ਜਾਤਿ - ਜਾਣਿਆ। ਤਉ ਅਕੁਲੀਣਿ
ਰਹਤਉ ਸਬਦੁ ਸੁ ਸਾਰੁ – ਤਾਂ ਸੱਚੇ ਦੀ ਸੱਚੀ ਬਖ਼ਸ਼ਿਸ਼ ਹੀ ਜੋ ਅਤਿ ਉੱਚੀ ਹੈ, ਸੱਚ ਕਰਕੇ ਜਾਣੀ
ਜਾਂਦੀ। ਗਉਨੁ ਗਗਨੁ ਜਬ ਤਬਹਿ ਨ ਹੋਤਉ – ਜਿਸ ਵੇਲੇ ਧਰਤੀ ਅਤੇ ਅਸਮਾਨ ਵੀ ਨਹੀਂ ਸਨ, ਉਸ ਵੇਲੇ
ਤ੍ਰਿਭਵਣ ਵਿੱਚ ਜੋ ਜੋਤਿ ਰੂਪ ਆਪ ਨਿਰੰਕਾਰ ਹੀ ਸੀ। ਵਰਣ ਭੇਖ ਅਸਰੂਪੁ ਸੁ ਏਕੋ ਏਕੋ ਸਬਦੁ ਵਿਡਾਣੀ
– ਜਦੋ ਨਾਂ ਕੋਈ ਵਰਣ, ਭੇਖ, ਅਸਰੂਪ (ਸਰੂਪ ਰਹਿਤ, ਜਿਸਦਾ ਕੋਈ ਸਰੂਪ ਨਹੀਂ) ਹੁੰਦਾ, ਉਸ ਸਮੇੇਂ
ਉਹ ਇਕੁ ਹੀ ਹੁੰਦਾ ਜੋ ਅਤਿ ਉੱਚਾ ਹੈ, ਜਿਸ ਦੀ ਬਖ਼ਸ਼ਿਸ਼ ਵੀ ਅਤਿ ਉੱਚੀ ਹੈ। ਸਾਚ ਬਿਨਾ ਸੂਚਾ ਕੋ
ਨਾਹੀ ਨਾਨਕ ਅਕਥ ਕਹਾਣੀ – ਜਿਸ ਸੱਚੇ ਦੀ ਸੱਚੀ ਬਖ਼ਸ਼ਿਸ਼ ਤੋਂ ਬਗ਼ੈਰ ਕੋਈ ਸੱਚ ਪ੍ਰਾਪਤ ਕਰ ਹੀ ਨਹੀਂ
ਸਕਦਾ, ਜਿਸ ਅਕੱਥ ਦੀ ਕਹਾਣੀ ਬਾਰੇ ਨਾਨਕ ਤੂੰ ਕਹਿ ਰਿਹਾ ਹੈਂ। ਤ੍ਰਿਭਵਣ ਜੋਤਿ ਆਪੇ ਨਿਰੰਕਾਰੁ –
ਜੋ ਅਕਾਰ ਤੋ ਰਹਿਤ ਹੈ, ਤਿੰਨ੍ਹਾਂ ਭਵਣਾ ਵਿੱਚ ਆਪ ਹੀ ਰੰਮਿਆ ਹੋਇਆ ਹੈ।
ਅਰਥ: - ਹੇ ਨਾਨਕ! ਜੇਕਰ ਅਉਧੂ ਨੂੰ ਸੱਚ ਪੁੱਛਦਾ ਹੈਂ, ਤਾਂ ਫਿਰ ਜੇਕਰ ਇਹ ਨਾਸ਼ਵਾਨ ਦੇਹ, ਸਾਡਾ
ਮੁਖੀ, ਸਰੀਰ ਕਰਕੇ ਨਾ ਹੁੰਦਾ ਤਾਂ ਫਿਰ ਇਹ ਮਨ ਸੱਚ ਰੂਪ ਕਰਤੇ ਨੂੰ ਸੱਚ ਜਾਣਕੇ ਉਸਦੇ ਬੈਰਾਗ
ਵਿੱਚ ਟਿਕਦਾ। ਫਿਰ ਇਹ ਸੁਆਸ ਨਾਭੀ ਉੱਪਰ ਨਾਂ ਟਿਕਦੇ। ਸਗੋਂ ਇਹ ਸੁਆਸ ਨਿਜ ਘਰਿ ਵਿੱਚ ਜੋ ਉਸ
ਸੱਚੇ ਦੀ ਸੱਚੀ ਬਖ਼ਸ਼ਿਸ਼ ਜੋ ਇਕਸਾਰ ਵਰਤ ਰਹੀ ਹੈ, ਉਸ ਦੀ ਬਖ਼ਸ਼ਿਸ਼ ਉੱਪਰ ਹੀ ਟਿਕਦੇ। ਜੇਕਰ ਸਾਡੇ
ਮੁਖੀ ਦਾ ਦੇਹ ਰੂਪ ਰੰਗ ਨਾਂ ਹੁੰਦਾ, ਨਾਂ ਹੀ ਕਿਸੇ ਹੋਰ ਦਾ ਹੀ ਮੱਤ ਵਰਣ ਭੇਖ ਸੱਚ ਕਰਕੇ ਜਾਣਿਆ
ਜਾਂਦਾ, ਤਾਂ ਫਿਰ ਜਿਸ ਵੇਲੇ ਧਰਤੀ ਅਤੇ ਅਸਮਾਨ ਵੀ ਨਹੀਂ ਸਨ, ਉਸ ਵੇਲੇ ਵੀ ਜਿਸ ਨਿਰੰਕਾਰ ਦੀ
ਬਖ਼ਸ਼ਿਸ਼ ਰੂਪ ਜੋਤਿ ਤਿੰਨ੍ਹਾਂ ਭਵਣਾ ਅੰਦਰ ਵਰਤ ਰਹੀ ਸੀ ਅਤੇ ਵਰਤ ਰਹੀ ਹੈ, ਉਸ ਸੱਚੇ ਦੀ ਸੱਚੀ
ਬਖ਼ਸ਼ਿਸ਼ ਜੋ ਅਤਿ ਉੱਚੀ ਹੈ, ਉਹ ਹੀ ਸੱਚ ਕਰਕੇ ਜਾਂਣੀ ਜਾਂਦੀ। ਫਿਰ ਜਿਸ ਸੱਚੇ ਦੀ ਸੱਚੀ ਬਖ਼ਸ਼ਿਸ਼ ਤੋਂ
ਬਗ਼ੈਰ ਸੱਚ ਦੀ ਪ੍ਰਾਪਤੀ ਹੀ ਨਹੀਂ, ਉਹ ਸੱਚਾ ਨਿਰੰਕਾਰ ਜਿਸ ਦੀ ਕਹਾਣੀ, ਹੇ ਨਾਨਕ, ਤੇਰੇ ਮੁਤਾਬਕ
ਅਕੱਥ ਹੈ, ਵਰਨ ਭੇਖ ਰਹਿਤ ਇਕੁ ਹੀ ਸੱਚ ਸਰੂਪ ਜੋ ਅਤਿ ਉੱਚਾ ਹੈ, ਉਸ ਦੀ ਬਖ਼ਸ਼ਿਸ਼ ਹੀ ਅਸਚਰਜ ਕਰਕੇ
ਜਾਣੀ ਜਾਂਦੀ।
ਅਉਧੂ ਨੇ ਇਹ ਗੱਲ ਕਹੀ ਹੈ ਕਿ ਜੇਕਰ ਭੇਖੀਆਂ ਦੇ ਰੂਪ ਵਿੱਚ ਜੋ ਵੱਖਰੇ
ਫਿਰਕੇ ਹਨ ਨਾ ਹੋਣ ਅਤੇ ਨਾ ਹੀ ਲੋਕਾਂ ਨੂੰ ਕੁਰਾਹੇ ਪਾਉਣ, ਤਾਂ ਹੀ ਲੋਕ ਸੱਚ ਨਾਲ ਜੁੜ ਸਕਦੇ ਹਨ।
ਇਥੇ ਹੁਣ ਸਿੱਖਾਂ ਨੂੰ ਵੀ ਸੋਚਣਾ ਬਣਦਾ ਹੈ ਕਿ ਅਸੀਂ ਤਾਂ ਇਸ ਗੱਲ ਦੇ ਉਲਟ ਆਪਣੇ ਘਰ ਭੇਖੀਆਂ
ਦੀਆਂ ਡਾਰਾਂ ਦੀਆਂ ਡਾਰਾਂ ਪਾਲ ਰੱਖੀਆ ਹਨ। ਅਉਧੂ ਤਾਂ ਬਾਬੇ ਨਾਨਕ ਦੀ ਗੱਲ ਮੰਨ ਗਿਆ ਪਰ ਅਸੀਂ
ਕਦੋਂ ਮੰਨਣੀ ਹੈ?
ਨੋਟ: - ਕਿਆ ਭਵੀਐ ਸਚਿ ਸੂਚਾ ਹੋਇ।। ਸਾਚ ਸ਼ਬਦ ਬਿਨੁ ਮੁਕਤਿ ਨ
ਕੋਇ।। ੧।। ਰਹਾਉ।। - ਇਨ੍ਹਾਂ ਪੰਗਤੀਆ ਨਾਲ ਵੀਚਾਰ ਗੋਸਟਿ ਸ਼ੁਰੂ ਹੋਈ ਸੀ। ਨਾਨਕ ਜੀ ਦਾ
ਸਵਾਲ ਸੀ, ਕੀ ਭਟਕਣ ਨਾਲ ਸੱਚ ਦੀ ਪ੍ਰਾਪਤੀ ਹੋ ਸਕਦੀ ਹੈ? ਜਦੋਂ ਕਿ ਅਸਲੀਅਤ ਇਹ ਹੈ ਕਿ ਸੱਚੇ ਦੀ
ਸੱਚੀ ਬਖ਼ਸ਼ਿਸ਼ ਤੋਂ ਬਗ਼ੈਰ ਅਜਿਹੀ ਭਟਕਣਾ ਖ਼ਤਮ ਨਹੀਂ ਹੋ ਸਕਦੀ। ਸੋ ਇਥੇ ਲੰਬੀ ਵੀਚਾਰ ਕਰਨ ਤੋਂ ਬਾਅਦ
ਜੋਗੀ ਇਸ ਗੱਲ ਉੱਪਰ ਸਹਿਮਤ ਹੋਇਆ ਹੈ, ਕਿ ਹੇ ਨਾਨਕ, ਉਸ ਸੱਚੇ ਦੀ ਕਹਾਣੀ ਹੀ ਅਕੱਥ ਹੈ। ਜਿਸ
ਸੱਚੇ ਦੇ ਸੱਚ ਨਾਲ ਜੁੜਨ ਤੋ ਬਗ਼ੈਰ ਇਹ ਸੱਚ ਜਾਣਿਆ ਨਹੀਂ ਜਾ ਸਕਦਾ। ਇਸ ਪਉੜੀ ਅੰਦਰ ਲੰਮੀ ਵੀਚਾਰ
ਗੋਸਟਿ ਤੋ ਬਾਅਦ ਜੋਗੀ ਨਾਨਕ ਜੀ ਦੀ ਉੱਚੀ ਸੁੱਚੀ ਸੱਚ ਰੂਪ ਵੀਚਾਰਧਾਰਾ -
“ਪਵਣ ਅਰੰਭ ਸਤਿਗੁਰ ਮਤਿ ਵੇਲਾ।। ਸਬਦਿ ਗੁਰੂ ਸੁਰਤਿ ਧੁੰਨਿ ਚੇਲਾ।। “
ਨਾਲ ਸਹਿਮਤ ਹੋਇਆ ਹੈ ਕਿ ਜਿਸਦੀ ਬਖ਼ਸ਼ਿਸ਼ ਨਾਲ ਜੀਵਾਂ ਦੇ ਪ੍ਰਾਣਾਂ ਦੀ ਅਰੰਭਤਾ ਹੁੰਦੀ ਹੈ, ਉਸ
ਅਕਾਲ ਪੁਰਖ ਦਾ ਹੀ ਮਤਿ ਸਭਿ ਤੋ ਉੱਚਾ ਹੈ। ਉਸ ਮਤਿ ਨੂੰ ਹੀ ਅਪਣਾਉਣਾ ਚਾਹੀਦਾ ਹੈ, ਆਪਣੇ ਆਪਣੇ
ਮੱਤ ਚਲਾਉਣੇ ਨਹੀਂ ਚਾਹੀਦੇ। ਗੁਰਦੁਆਰਿਆਂ ਤੋਂ ਵੱਖਰੇ ਡੇਰੇ ਬਣਾਉਣੇ ਨਹੀਂ ਚਾਹੀਦੇ ਅਤੇ
ਗੁਰਦਵਾਰੇ ਵਿੱਚ ਵੀ ਗੁਰੂ ਗ੍ਰੰਥ ਦੀ ਵੀਚਾਰਧਾਰਾ ਲਾਗੂ ਹੋਣੀ ਚਾਹੀਦੀ ਹੈ, ਤਾਂ ਹੀ ਗੁਰਦਵਾਰਾ
ਕਿਹਾ ਜਾ ਸਕਦਾ ਹੈ। ਉਸ ਸੱਚੇ ਸਤਿਗੁਰ ਨਾਲ, ਜਿਸਦਾ ਮੱਤ ਸਭ ਤੋਂ ਉੱਚਾ ਹੈ, ਨਾਲ ਹੀ ਪ੍ਰੀਤ ਕਰਨੀ
ਚਾਹੀਦੀ ਹੈ। ਇਥੇ ਸੋਚਣਾ ਬਣਦਾ ਹੈ ਸਿੱਖੀ ਦਾ ਘਾਣ ਕਿਉਂ ਹੋ ਰਿਹਾ ਹੈ?
ਬਲਦੇਵ
ਸਿੰਘ ਟੋਰਾਂਟੋ