ਸੇਖ ਫਰੀਦ ਜੀਉ ਕੀ ਬਾਣੀ
(3)
ਮਹਾਂ ਪੁਰਖਾਂ ਦੀ ਇਹ ਖ਼ਾਸ ਫ਼ਿਤਰਤ ਹੁੰਦੀ ਹੈ ਕਿ ਉਹ ਕਿਸੇ ਹੋਰ ਵੱਲ ਉਂਗਲ
ਨਹੀਂ ਕਰਦੇ ਸਗੋਂ ਮਨੁੱਖਾ ਮਨ ਦੀ ਹਰ ਕਮਜ਼ੋਰੀ ਨੂੰ ਆਪਣੇ ਕਿਰਦਾਰ ਵਿੱਚ ਵੇਖਦੇ ਹੋਏ ਉਸ ਨੂੰ
ਸੁਧਾਰਨ ਦਾ ਰਾਹ ਟੋਲ ਕੇ ਆਪ ਉਸ ਰਾਹ ਨੂੰ ਅਪਣਾਉਂਦੇ ਹਨ ਅਤੇ ਦੂਸਰਿਆਂ ਨੂੰ ਉਸੇ ਰਾਹ ਦੀ
ਜਾਣਕਾਰੀ ਦਿੰਦੇ ਹਨ। ਇਹ ਤਰੀਕਾ ਨਸੀਹਤ ਦਾ ਨਹੀਂ ਸਗੋਂ ਪ੍ਰੇਰਣਾ ਦਾ ਹੈ, ਹੱਕਣ ਦਾ ਨਹੀਂ ਸਗੋਂ
ਮਗਰ ਲਾਉਣ ਦਾ ਹੈ। ਬਾਬਾ ਫ਼ਰੀਦ ਜੀ ਇਸ਼ਕ ਹਕੀਕੀ ਦੇ ਰਾਹ ਦੇ ਰਾਹੀਆਂ ਦੇ ਰਾਹ ਵਿੱਚ ਆਉਣ ਵਾਲੀਆਂ
ਰੁਕਾਵਟਾਂ ਅਤੇ ਮਨ/ਆਤਮਾ ਦੀਆਂ ਕਮਜ਼ੋਰੀਆਂ - ਧਰਮ/ਫ਼ਰਜ਼ ਪ੍ਰਤਿ ਕੋਤਾਹੀ ਅਤੇ ਆਤਮ-ਜੀਵਨ-ਮਨੋਰਥ
ਵੱਲੋਂ ਅਵੇਸਲਾਪਣ ਆਦਿ - ਵੱਲ ਸੰਕੇਤ ਕਰਦੇ ਹੋਏ, ਉਨ੍ਹਾਂ ਵਾਸਤੇ ਸੁਚੇਤ ਰਹਿਣ ਦਾ ਸੰਦੇਸ਼ ਦਿੰਦੇ
ਹਨ। ਬ੍ਰਿਹਾ ਅਵਸਥਾ ਅਥਵਾ ਵਿਛੋੜੇ ਦੀ ਹਾਲਤ ਵਿੱਚ ਪ੍ਰੀਤਮ ਨੂੰ ਮਿਲਨ ਲਈ ਤੀਬ੍ਰ ਤੜਪ ਦਾ ਹੋਣਾ
ਲਾਜ਼ਮੀ ਹੈ। ਰੱਬ ਨਾਲ ਸਾਂਝ ਪਾਉਣ ਵਾਸਤੇ ਸਾਧੂਆਂ ਦੀ ਸੰਗਤ ਕਰਨੀ ਜ਼ਰੂਰੀ ਹੈ। ਸਾਧ-ਸੰਗਤ ਉਸੇ
ਸੁਭਾਗੇ ਨੂੰ ਨਸੀਬ ਹੁੰਦੀ ਹੈ ਜਿਸ ਉੱਪਰ ਪ੍ਰਭੂ ਦੀ ਕ੍ਰਿਪਾ-ਦ੍ਰਿਸ਼ਟੀ ਹੋਵੇ! ਬਾਬਾ ਫ਼ਰੀਦ ਜੀ ਨੇ
ਇਨ੍ਹਾਂ ਸਿੱਧਾਂਤਾਂ ਦਾ ਉੱਲੇਖ ਰਾਗ ਸੂਹੀ ਵਿੱਚ ਰਚੇ, ਨਿਮਨ ਵਿਚਾਰੇ ਦੋ ਸ਼ਬਦਾਂ ਵਿੱਚ ਕੀਤਾ ਹੈ।
ਫਰੀਦ ਜੀ ਨੇ ਆਪਣੇ ਰਹੱਸਮਈ ਸੂਖਮ ਵਿਚਾਰਾਂ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਮਨੁੱਖਾ ਜੀਵਨ ਵਿੱਚੋਂ
ਕਈ ਰੂਪਕਾਂ ਦਾ ਪ੍ਰਯੋਗ ਕੀਤਾ ਹੈ ਜਿਵੇਂ: ਪਰਮਾਤਮਾ ਵਾਸਤੇ ਪਤੀ, ਜੀਵਆਤਮਾ ਲਈ ਪਤਨੀ, ਹਰਿ-ਨਾਮ
ਵਾਸਤੇ ਬੇੜਾ ਅਤੇ ਮਾਇਆ ਵਾਸਤੇ ਕੁਸੰਭੜਾ ਆਦਿ।
ਰਾਗੁ ਸੂਹੀ ਬਾਣੀ ਸੇਖ ਫ਼ਰੀਦ ਜੀ ਕੀ
ਤਪਿ ਤਪਿ ਲੁਹਿ ਲੁਹਿ ਹਾਥ ਮਰੋਰਉ॥ ਬਾਵਲਿ ਹੋਈ ਸੋ ਸਹੁ ਲੋਰਉ॥
ਤੈ ਸਹਿ ਮਨ ਮਹਿ ਕੀਆ ਰੋਸੁ॥ ਮੁਝੁ ਅਵਗਨ ਸਹਿ ਨਾਹੀ ਦੋਸੁ॥ ੧॥
ਤੈ ਸਾਹਿਬ ਕੀ ਮੈ ਸਾਰ ਨ ਜਾਨੀ॥ ਜੋਬਨੁ ਖੋਇ ਪਾਛੈ ਪਛੁਤਾਨੀ॥ ਰਹਾਉ॥
ਕਾਲੀ ਕੋਇਲ ਤੂ ਕਿਤ ਗੁਨ ਕਾਲੀ॥ ਅਪਨੇ ਪ੍ਰੀਤਮ ਕੀ ਹਉ ਬਿਰਹੈ ਜਾਲੀ॥
ਪਿਰਹਿ ਬਿਹੂਨ ਕਤਹਿ ਸੁਖੁ ਪਾਏ॥ ਜਾ ਹੋਇ ਕ੍ਰਿਪਾਲੁ ਤਾ ਪ੍ਰਭੂ ਮਿਲਾਏ॥ ੨॥
ਵਿਧਣ ਖੂਹੀ ਮੁੰਧ ਇਕੇਲੀ॥ ਨਾ ਕੋ ਸਾਥੀ ਨਾ ਕੋ ਬੇਲੀ॥
ਕਰਿ ਕ੍ਰਿਪਾ ਪ੍ਰਭਿ ਸਾਧ ਸੰਗਿ ਮੇਲੀ॥ ਜਾ ਫਿਰਿ ਦੇਖਾ ਤਾ ਮੇਰਾ ਅਲਹੁ
ਬੇਲੀ॥ ੩॥
ਵਾਟ ਹਮਾਰੀ ਖਰੀ ਉਡੀਣੀ॥ ਖੰਨਿਅਹੁ ਤਿਖੀ ਬਹੁਤੁ ਪਿਈਣੀ॥
ਉਸੁ ਊਪਰਿ ਹੈ ਮਾਰਗੁ ਮੇਰਾ॥ ਸੇਖ ਫਰੀਦਾ ਪੰਥੁ ਸਮਾੑਰਿ ਸਵੇਰਾ॥ ੪॥ ੧॥
ਸ਼ਬਦ ਅਰਥ: ਤਪਿ ਤਪਿ: ਪਛੁਤਾਵੇ ਵਿੱਚ ਦੁਖੀ ਹੋ ਹੋ ਕੇ।
ਲੁਹਿ ਲੁਹਿ: (ਵਿਛੋੜੇ ਵਿਚ) ਤੜਪ ਤੜਪ ਕੇ।
ਹਾਥ ਮਰੋਰਉ: ਹੱਥ ਮਲਨਾ=ਪਛੁਤਾਉਣਾ; ਪਛੁਤਾ ਰਹੀ ਹਾਂ।
ਬਾਵਲਿ: ਝੱਲੀ ਹੋਈ।
ਸਹੁ: ਪਤੀ ਪਰਮਾਤਮਾ।
ਲੋਰਉ: ਲੋੜਣਾ, ਚਾਹੁਣਾ; ਮੈਂ ਚਾਹੁੰਦੀ ਹਾਂ।
ਬਿਰਹੈ: ਜੁਦਾਈ, ਵਿਛੋੜਾ।
ਬਿਹੂਨ: ਵਿਹੀਨ, ਬਿਨਾਂ; ਪਿਰਹਿ ਬਿਹੂਨ: ਪਤੀ ਦੀ ਛੱਡੀ ਹੋਈ ਇਸਤਰੀ,
ਛੁੱਟੜ।
ਵਿਧਣ: ਵਿ=ਬਿਨਾ+ਧਨ=ਇਸਤ੍ਰੀ; ਵਿਧਣ ਖੂਹੀ: ਉਹ ਸੁੰਨੀ ਖੂਹੀ ਜਿਸ `ਤੇ ਕੋਈ
ਹੋਰ ਇਸਤ੍ਰੀ ਨਹੀਂ ਹੈ, ਜਿਗਿਆਸੂਆਂ ਤੋਂ ਸੱਖਣਾ ਸੰਸਾਰ, ਸਾਧ-ਸੰਗਤ ਤੋਂ ਸੱਖਣਾ ਸਮਾਜ।
ਮੁੰਧ: ਜੀਵ-ਇਸਤ੍ਰੀ, ਜਿਗਿਆਸੂ। ਉਡੀਣੀ: ਅਚੰਭਾ-ਪੂਰਨ, ਭੈ-ਦਾਇਕ।
ਪਿਈਣੀ: ਪਤਲੀ, ਤੇਜ਼-ਧਾਰ ਜਿਸ ਉੱਤੇ ਚੱਲਣਾ ਅਤਿ ਕਠਿਨ ਹੈ।
ਸਵੇਰਾ: ਵਕਤ ਸਿਰ, ਹੁਣੇ ਹੀ।
ਭਾਵ ਅਰਥ:- ਐ ਮੇਰੇ ਪਤੀ-ਪਰਮਾਤਮਾ! ਮੈਂ (ਜੀਵ-ਇਸਤ੍ਰੀ
ਨੇ) ਤੇਰੀ ਪ੍ਰਭੁਤਾ ਦੀ ਪਰਵਾਹ ਨਹੀਂ ਕੀਤੀ। ਤੇਰੀ ਵਡਿੱਤਣ ਨੂੰ ਮਾਨਣ ਦਾ ਸਮਾਂ (ਇਹ ਮਨੁੱਖਾ
ਜੀਵਨ) ਗਵਾ ਕੇ ਹੁਣ ਮੈਨੂੰ ਪਛਤਾਵਾ ਹੋ ਰਿਹਾ ਹੈ। ੧। ਰਹਾਉ।
(ਤੇਰੇ ਨਾਲ ਮੇਲ ਦਾ ਆਨੰਦ ਮਾਨਣ ਦਾ ਅਵਸਰ ਹੱਥੋਂ ਗਵਾ ਕੇ ਹੁਣ) ਮੈਂ ਦੁਖੀ
ਹੋ ਰਹੀ ਹਾਂ ਅਤੇ ਪਛੁਤਾ ਰਹੀ ਹਾਂ। (ਇਸ ਦੁਖਦਾਈ ਹਾਲਤ ਵਿਚ) ਮੈਂ ਝੱਲਿਆਂ ਦੀ ਤਰ੍ਹਾਂ ਆਪਣੇ
ਪਤੀ-ਪਰਮਾਤਮਾ ਨੂੰ ਮਿਲਨਾ ਲੋਚ ਰਹੀ ਹਾਂ। ਐ ਪਤੀ-ਪਰਮਾਤਮਾ! ਮੇਰੀ ਪਛਤਾਵੇ ਵਾਲੀ ਇਸ ਦੁਖਦਾਈ ਦਸ਼ਾ
ਦਾ ਕਾਰਣ ਮੇਰੇ ਆਪਣੇ ਔਗੁਣ ਹਨ, ਤੇ ਇਸ ਵਿੱਚ ਤੇਰਾ ਕੋਈ ਕਸੂਰ ਨਹੀਂ ਹੈ। ੧।
(ਪ੍ਰੀਤਮ ਤੋਂ ਵਿਛੋੜੇ ਦੀ ਦੁਖ-ਦਾਇਕ ਦਸ਼ਾ ਦਾ ਸਹੀ ਬਿਆਨ ਕਰਨ ਵਾਸਤੇ ਫ਼ਰੀਦ
ਜੀ ਕਾਲੀ ਕੋਇਲ ਨੂੰ ਸਵਾਲ ਕਰਦੇ ਹਨ) ਕਾਲੀ ਕੋਇਲ! ਤੇਰੇ ਕਾਲੇ ਹੋਣ ਦਾ ਕੀ ਕਾਰਣ ਹੈ? (ਕੋਇਲ ਦਾ
ਜਵਾਬ) ਮੈਂ ਆਪਣੇ ਪ੍ਰੇਮੀ ਦੇ ਵਿਛੋੜੇ ਦੀ ਅੱਗ ਵਿੱਚ ਸੜ ਕੇ ਕਾਲੀ ਹੋਈ ਹੋਈ ਹਾਂ! ਜਿਗਿਆਸੂ ਦੀ
ਆਤਮਾ ਰੂਪੀ ਪਤਨੀ ਪਤੀ-ਪਰਮਾਤਮਾ ਤੋਂ ਵਿਛੜ ਕੇ ਸੁਖੀ ਕਿਵੇਂ ਰਹਿ ਸਕਦੀ ਹੈ! ਜਦ ਪ੍ਰਭੂ ਦੀ
ਕ੍ਰਿਪਾ ਹੁੰਦੀ ਹੈ ਤਾਂ ਉਹ ਜੀਵ-ਆਤਮਾ ਨੂੰ ਆਪਣੇ ਮਿਲਾਪ ਦੀ ਬਖ਼ਸ਼ਿਸ਼ ਕਰ ਦਿੰਦਾ ਹੈ। ੨।
ਅਭਿਲਾਸ਼ੀ ਰੂਹਾਂ ਤੋਂ ਸੱਖਣੇ ਸੰਸਾਰ ਰੂਪੀ ਡਰਾਉਣੀ ਖੂਹੀ ਵਿੱਚ ਜਿਗਿਆਸੂ
ਜੀਵ-ਇਸਤ੍ਰੀ ਇਕੱਲੀ ਹੈ ਜਿਸ ਦਾ (ਵਿਛੋੜੇ ਦੀ ਇਸ ਦੁਰਦਸ਼ਾ ਵਿਚ) ਸਾਥ ਦੇਣ ਵਾਲਾ ਸਹਾਇਕ ਤੇ ਹਮਦਰਦ
ਕੋਈ ਨਹੀਂ ਹੈ। ਪਤੀ ਪਰਮਾਤਮਾ ਨੇ ਮਿਹਰਬਾਨੀ ਕਰਕੇ ਮੈਨੂੰ ਸਾਧੂਆਂ ਦੀ ਸੰਗਤ ਕਰਾ ਦਿੱਤੀ ਹੈ। (ਇਸ
ਸੰਗਤ ਦੀ ਬਰਕਤ ਨਾਲ) ਮੈਨੂੰ ਮੇਰੇ ਪਤੀ, ਸਰਬ-ਵਿਆਪਕ ਪ੍ਰਭੂ ਦੇ ਦਰਸ਼ਨ ਹੋ ਗਏ ਹਨ। ੩।
ਪਰਮਾਤਮਾ ਨੂੰ ਮਿਲਨ ਦੀਆਂ ਇੱਛੁਕ ਜੀਵ-ਇਸਤ੍ਰੀਆਂ ਦਾ ਰਾਹ ਬੜਾ ਹੀ ਔਖਾ,
ਅਣਜਾਣ ਅਤੇ ਖ਼ੌਫ਼ਨਾਕ ਹੈ। ਇਸ ਮਾਰਗ ਨੂੰ ਅਪਣਾਉਣਾ ਤੇਜ਼ ਧਾਰ ਖੰਡੇ ਉੱਤੇ ਚੱਲਣ ਦੇ ਬਰਾਬਰ ਖ਼ਤਰਨਾਕ
ਹੈ। ਭਾਵ ਇਹ ਰਾਹ ਸੰਸਾਰਕ ਸੁੱਖਾਂ ਦੀ ਕੁਰਬਾਨੀ ਮੰਗਦਾ ਹੈ। ੪।
ਸੂਹੀ ਲਲਿਤ॥ ਬੇੜਾ ਬੰਧਿ ਨ ਸਕਿਓ ਬੰਧਨ ਕੀ ਵੇਲਾ॥ ਭਰਿ ਸਰਵਰੁ ਜਬ ਊਛਲੈ
ਤਬ ਤਰਣੁ ਦੁਹੇਲਾ॥ ੧॥
ਹਥੁ ਨ ਲਾਇ ਕਸੁੰਭੜੈ ਜਲਿ ਜਾਸੀ ਢੋਲਾ॥ ੧॥ ਰਹਾਉ॥ ਇੱਕ ਆਪੀਨੈ ਪਤਲੀ ਸਹ
ਕੇਰੇ ਬੋਲਾ॥ ਦੁਧਾਥਣੀ ਨ ਆਵਈ ਫਿਰਿ ਹੋਇ ਨ ਮੇਲਾ॥ ੨॥
ਕਹੈ ਫਰੀਦੁ ਸਹੇਲੀਹੋ ਸਹੁ ਅਲਾਏਸੀ॥ ਹੰਸ ਚਲਸੀ ਡੁੰਮਣਾ ਅਹਿ ਤਨੁ ਢੇਰੀ
ਥੀਸੀ॥ ੩॥
ਸ਼ਬਦ ਅਰਥ: ਬੇੜਾ: ਲੱਕੜੀਆਂ ਦਾ ਬਣਾਇਆ ਬੋਹਿਥਾ ਜਿਸ ਉੱਪਰ
ਚੜ੍ਹ ਕੇ ਗਹਿਰੇ ਪਾਣੀ ਤੋਂ ਪਾਰ ਜਾਇਆ ਜਾਂਦਾ ਹੈ। ਭਵਸਾਗਰ ਤੋਂ ਪਾਰ-ਉਤਾਰੇ ਲਈ ਹਰਿ-ਨਾਮ-ਸਿਮਰਨ
ਰੂਪੀ ਬੇੜਾ। ਬੇੜਾ ਬੰਨ੍ਹਣਾ: ਗਹਿਰੇ ਪਾਣੀ ਨੂੰ ਪਾਰ ਕਰਨ ਦੀ ਤਿਆਰੀ ਕਰਨਾ।
ਦੁਹੇਲਾ: ਮੁਸ਼ਕਿਲ, ਔਖਾ, ਕਠਿਨ।
ਕਸੁੰਭੜੈ: ਮਾਇਆ ਦਾ ਕੱਚਾ ਅਸਥਾਈ ਰੰਗ, ਸੱਪ ਆਦਿ ਜ਼ਹਿਰੀਲੇ ਜੀਵਾਂ ਦੇ ਡੰਗ
ਹੇਠ ਬਣੀ ਜ਼ਹਿਰ ਦੀ ਪੋਟਲੀ। ਹਥੁ ਨ ਲਾਇ ਕਸੁੰਭੜੈ: ਮਾਇਆ-ਜਾਲ ਵਿੱਚ ਨਾ ਉਲਝੀਂ। ਮਾਇਆ-ਬਿਖ ਤੋਂ
ਬਚ ਕੇ ਰਹੀਂ।
ਜਲ ਜਾਸੀ: ਨਾਰਾਜ਼ ਹੋ ਜਾਵੇ ਗਾ, ਬੁਰਾ ਮਨਾਵੇ ਗਾ।
ਢੋਲਾ: ਪਤੀ (ਪਰਮਾਤਮਾ)।
ਪਤਲੀ: ਗੁਣ-ਹੀਣ (ਪਤਨੀ), ਆਤਮਿਕ ਗੁਣਾਂ ਤੋਂ ਕੋਰੀ ਜੀਵ-ਆਤਮਾ।
ਰੇ ਬੋਲਾ: ਅਣਸੁਖਾਵੇਂ, ਅਪ੍ਰਵਾਨਗੀ ਵਾਲੇ ਖਰ੍ਹਵੇ ਸ਼ਬਦ।
ਦੁਧਾਥਣੀ: ਪਤੀ-ਪਤਨੀ ਦੇ ਸੁਮੇਲ ਦੀ ਅਵਸਥਾ, ਸੇਜ-ਸੁਖ। ਦੁਧਾ:
ਦੋਹਿਆ/ਚੋਇਆ ਹੋਇਆ ਦੁੱਧ। ਜਿਵੇਂ ਚੋਇਆ ਹੋਇਆ ਦੁੱਧ ਵਾਪਸ ਥਣਾਂ ਵਿੱਚ ਨਹੀਂ ਜਾ ਸਕਦਾ ਤਿਵੇਂ
ਪਰਮਾਤਮਾ ਤੋਂ ਵਿੱਛੜੀਆਂ ਮਾਇਆ-ਵੇੜ੍ਹੀਆਂ ਜੀਵ-ਆਤਮਾਵਾਂ ਦਾ ਪਤੀ-ਪਰਮਾਤਮਾ ਨਾਲ ਪੁਨਰ-ਮਿਲਨ ਨਹੀਂ
ਹੋ ਸਕਦਾ।
ਸਹੇਲੀਹੋ: ਪਤੀ-ਪਰਮਾਤਮਾ ਤੋਂ ਵਿੱਛੜੀਆਂ ਹੋਰ ਜੀਵ-ਇਸਤ੍ਰੀਆਂ ਨੂੰ
ਸੰਬੋਧਿਤ ਹੈ।।
ਅਲਾਏਸੀ: ਅਲਾਉਣਾ=ਬੁਲਾਉਣਾ; ਅਲਾਏਸੀ: ਬੁਲਾਏ ਗਾ, (ਮੌਤ ਦਾ) ਬੁਲਾਵਾ
ਅਏਗਾ।
ਹੰਸ: ਜੀਵ-ਆਤਮਾ, ਰੂਹ।
ਡੁੰਮਣਾ: ਦੋ-ਚਿਤੀ ਵਿਚ; ਪਾਪਾਂ ਨਾਲ ‘ਕੱਠੀ ਕੀਤੀ ਮਾਇਆ ਨੂੰ ਛੱਡ ਕੇ ਜਾਣ
ਨੂੰ ਜੀਅ ਨਹੀਂ ਕਰੇਗਾ।
ਢੇਰੀ ਥੀਸੀ: ਢੇਰੀ ਹੋ ਜਾਵੇਗਾ, ਮਰ ਕੇ ਮਿੱਟੀ ਵਿੱਚ ਮਿਲ ਜਾਵੇਗਾ।
ਭਾਵ ਅਰਥ: ਹੇ ਜੀਵ-ਆਤਮਾ! (ਮਾਨਵ-ਜੀਵਨ ਵਿਚ) ਤੂੰ ਅਸਥਾਈ
ਬਿਖ-ਮਾਇਆ ਦੇ ਮੋਹ ਵਿੱਚ ਨਾ ਉਲਝੀਂ। ਜੇ ਤੂੰ ਇਸ ਤਰ੍ਹਾਂ ਕਰੇਂਗੀ ਤਾਂ ਪਤੀ-ਪਰਮਾਤਮਾ ਤੇਰੇ ਨਾਲ
ਨਾਰਾਜ਼ ਹੋ ਜਾਵੇਗਾ। ੧। ਰਹਾਉ।
(ਮਾਇਆ-ਖੇਡ ਵਿੱਚ ਮਸਤ ਹੋਣ ਕਾਰਣ) ਮੈਂ ਭਵਸਾਗਰ ਨੂੰ ਪਾਰ ਕਰਨ ਵਾਸਤੇ
ਨਾਮ-ਸਿਮਰਨ ਰੂਪੀ ਬੇੜਾ ਸਮੇਂ ਸਿਰ ਤਿਆਰ ਨਹੀਂ ਕਰ ਸਕਿਆ। ਹਰਿ-ਸੇਵਾ ਰੂਪੀ ਬੇੜੇ ਤੋਂ ਬਿਨਾਂ ਹੁਣ
ਮੇਰੇ ਵਾਸਤੇ ਮਾਇਆ ਅਤੇ ਵਿਕਾਰਾਂ ਨਾਲ ਸੁਭਰ ਸੰਸਾਰ ਸਾਗਰ ਵਿੱਚੋਂ ਪਾਰ-ਉਤਾਰਾ ਮੁਸ਼ਕਿਲ ਹੋ ਗਿਆ
ਹੈ। ੧।
ਇਕ ਤਾਂ ਮੈਂ (ਮਾਇਆ ਰੂਪੀ ਕੁਸੰਭੜੇ ਦੀ ਸ਼ੋਖੀ ਵਿੱਚ ਫਸ ਕੇ) ਆਤਮਿਕ ਗੁਣਾਂ
ਤੋਂ ਸੱਖਣੀ ਹਾਂ, ਦੂਜਾ, ਪਤੀ-ਪਰਮਾਤਮਾ ਦੇ ਅਪ੍ਰਵਾਨਗੀ ਵਾਲੇ ਖਰ੍ਹਵੇ ਬੋਲ। (ਇਨ੍ਹਾਂ ਕਾਰਣਾਂ
ਕਰਕੇ ਮੇਰੇ ਜਿਹੀ ਜੀਵ-ਇਸਤ੍ਰੀ ਨੂੰ) ਪਤੀ ਨਾਲ ਮਿਲਾਪ ਤੋਂ ਹੋਣ ਵਾਲੇ ਸੇਜ-ਸੁਖ ਦਾ ਸੁਭਾਗ ਨਸੀਬ
ਨਹੀਂ ਹੁੰਦਾ। ਜਿਵੇਂ ਚੋਇਆ ਹੋਇਆ ਦੁੱਧ ਵਾਪਸ ਥਣਾਂ ਵਿੱਚ ਨਹੀਂ ਜਾ ਸਕਦਾ ਤਿਵੇਂ ਮਾਨਵ-ਜੀਵਨ
ਵਿਅਰਥ ਗਵਾ ਕੇ ਪਤੀ ਪਰਮਾਤਮਾ ਨਾਲ ਪੁਨਰ-ਮਿਲਨ ਨਹੀਂ ਹੋ ਸਕਦਾ। ੨।
ਫ਼ਰੀਦ ਜੀ ਸਾਥੀ ਦਰਵੇਸ਼ਾਂ ਨੂੰ ਸੰਬੋਧਿਤ ਹੋ ਕੇ ਕਹਿੰਦੇ ਹਨ, ਹੇ
ਜੀਵ-ਇਸਤ੍ਰੀਓ! ਜਦੋਂ ਰੱਬ ਪਤੀ ਵੱਲੋਂ ਮੌਤ ਦਾ ਸੱਦਾ ਆਵੇ ਗਾ ਤਾਂ ਮਾਇਆ-ਵੇੜ੍ਹੀ ਜੀਵ-ਆਤਮਾ ਨੂੰ
ਦੋ-ਚਿਤੀ ਦੀ ਹਾਲਤ ਵਿੱਚ ਇਸ ਸੰਸਾਰ ਤੋਂ ਹੁਕਮਨ ਕੂਚ ਕਰਨਾ ਪਵੇਗਾ, ਅਤੇ ਇਹ ਸਰੀਰ ਕਬਰ ਵਿੱਚ ਪੈ
ਕੇ ਮਿੱਟੀ ਹੋ ਜਾਵੇਗਾ। ੪।
ਚਲਦਾ---------
ਗੁਰਇੰਦਰ ਸਿੰਘ ਪਾਲ
ਮਾਰਚ
25, 2012.