ਸੇਖ ਫਰੀਦ ਜੀਉ ਕੀ ਬਾਣੀ
(4)
ਸਲੋਕ ਸੇਖ ਫਰੀਦ ਕੇ
ਪੰਜਾਬੀ ਰਹੱਸਵਾਦੀ ਕਾਵਿ-ਖੇਤ੍ਰ ਵਿੱਚ ਸ਼ਲੋਕ-ਰਚਨਾ ਦੀ ਪੈੜ ਪਾਉਣ ਦਾ
ਸਿਹਰਾ ਵੀ ਬਾਬਾ ਫ਼ਰੀਦ ਜੀ ਦੇ ਸਿਰ ਹੀ ਹੈ। ਸ਼ਲੋਕ ਇੱਕ ਅਜਿਹਾ ਕਾਵਿ-ਰੂਪ ਹੈ ਜਿਸ ਵਿੱਚ ਕਵੀ ਆਪਣੇ
ਮਨੋਭਵ ਬੜੀ ਸੰਖਿਪਤਾ, ਸਰਲਤਾ ਅਤੇ ਸੁਹਿਰਦਤਾ ਨਾਲ ਪ੍ਰਗਟ ਕਰਦਾ ਹੈ। ਸ਼ਲੋਕਾਂ ਦਾ ਵਿਸ਼ਾ-ਖੇਤ੍ਰ
ਵਿਰਾਟ ਮਨੁੱਖਾ ਜੀਵਨ ਹੈ; ਕਵੀ ਮਾਨਵ-ਜੀਵਨ ਦੇ ਹਰ ਪੱਖ ਸੰਬੰਧੀ ਆਪਣੇ ਵਿਚਾਰ ਅਭਿਵਿਅਕਤ ਕਰਦਾ
ਹੈ। ਇਸ ਅਭਿਵਿਅਕਤੀ ਦਾ ਆਧਾਰ ਮੁੱਖ ਰੂਪ ਵਿੱਚ ਈਸ਼ਵਰਵਾਦ
(Mysticism)
ਹੁੰਦਾ ਹੈ। ਬਾਣੀਕਾਰ ਦਾ ਮੁੱਖ ਉਦੇਸ਼ ਮਨੁੱਖਾ ਮਨ ਨੂੰ ਪਦਾਰਥਕ ਜਗਤ ਦੀਆਂ ਅਸਥਾਈ ਖ਼ੁਸ਼ੀਆਂ ਵੱਲੋਂ
ਹੋੜ ਕੇ ਪਰਮਾਨੰਦ ਦੀ ਪ੍ਰਾਪਤੀ ਦੇ ਰਾਹ ਤੋਰਨਾ, ਇਸ ਗਾਡੀ ਰਾਹ ਦੇ ਰਾਹੀ ਵਾਸਤੇ ਸਹਾਈ ਸਦਗੁਣਾਂ
ਦਾ ਮੰਡਨ ਅਤੇ ਇਸ ਪਰਮਾਰਥੀ ਰਾਹ ਦੀ ਰੁਕਾਵਟ ਬਣਨ ਵਾਲੇ ਔਗੁਣਾਂ ਤੇ ਕਰਮਕਾਂਡੀ ਕੁਰੀਤੀਆਂ ਦਾ
ਬਿਬੇਕਤਾ ਨਾਲ ਖੰਡਨ ਕਰਨਾ ਹੁੰਦਾ ਹੈ। ਸ਼ਲੋਕਾਂ ਦਾ ਮੁੱਖ ਮੰਤਵ ਰੱਬੀ ਗਿਆਨ ਤੇ ਨੈਤਿਕ ਸੰਦੇਸ਼
ਦੇਣਾ ਹੈ।
ਸ਼ਲੋਕ ਪਿੰਗਲ (ਛੰਦਾ-ਵਿਧਾਨ) ਦੇ ਨਿਯਮਾਂ ਤੋਂ ਮੁਕਤ ਕਾਵਿ-ਰੂਪ ਹੈ।
ਸ਼ਲੋਕ-ਰਚਨਾ ਸਮੇਂ ਤੁਕਾਂ ਦੇ ਤੋਲ-ਤੁਕਾਂਤ ਵੱਲ ਵੀ ਖ਼ਾਸ ਧਿਆਨ ਨਹੀਂ ਦਿੱਤਾ ਜਾਂਦਾ। ਸ਼ਲੋਕ ਵਿੱਚ
ਤੁਕਾਂ ਦੀ ਗਿਣਤੀ ਨਿਰਧਾਰਤ ਨਹੀਂ। ਸ਼ਲੋਕ ਇੱਕ ਤੁਕ ਦਾ ਵੀ ਹੋ ਸਕਦਾ ਹੈ ਅਤੇ ਵੀਹਾਂ ਤੋਂ ਵਧੇਰੇ
ਤੁਕਾਂ ਵਾਲਾ ਵੀ। ਕਵੀ ਦਾ ਮਕਸਦ ਆਪਣੇ ਇਕਹਿਰੇ ਖ਼ਿਆਲ ਨੂੰ ਸਪਸ਼ਟਤਾ ਨਾਲ ਪ੍ਰਗਟ ਕਰਨਾ ਹੁੰਦਾ ਹੈ
ਭਾਵੇਂ ਜਿਤਨੀਆਂ ਮਰਜ਼ੀ ਤੁਕਾਂ ਬਣ ਜਾਣ। ਸ਼ਲੋਕ-ਰਚਨਾ ਦੀ ਸ਼ੈਲੀ ਸਾਰਪੂਰਨ ਤੇ ਸੰਖਿਪਤ
(pithy style)
ਹੁੰਦੀ ਹੈ। ਫ਼ਰੀਦ ਜੀ ਦੇ ਸ਼ਲੋਕ ਉੱਪਰ ਵਿਚਾਰੇ ਸਾਰੇ ਗੁਣਾਂ ਨਾਲ ਭਰਪੂਰ ਹਨ। ਫ਼ਰੀਦ ਜੀ ਦਾ ਪਹਿਲਾ
ਸ਼ਲੋਕ ਅੱਠ ਤੁਕਾਂ ਦਾ ਹੈ ਜਿਸ ਵਿੱਚ ਉਹ ਮੌਤ ਦੇ ਸੱਚ ਨੂੰ ਦ੍ਰਿੜਾਉਂਦੇ ਹੋਏ ਦੁਰਲੱਭ ਮਨੁੱਖਾ
ਜੀਵਨ ਨੂੰ, ਰੱਬ ਦੇ ਲੜ ਲਗ ਕੇ, ਸਫ਼ਲਾ ਕਰਨ ਦੀ ਪ੍ਰੇਰਣਾ ਦਿੰਦੇ ਹਨ। ਫ਼ਰੀਦ ਜੀ ਫ਼ੁਰਮਾਉਂਦੇ ਹਨ:-
ਸਲੋਕ ਸੇਖ ਫਰੀਦ ਕੇ
ਜਿਤੁ ਦਿਹਾੜੈ ਧਨ ਵਰੀ ਸਾਹੇ ਲਏ ਲਿਖਾਇ॥
ਮਲਕੁ ਜਿ ਕੰਨੀ ਸੁਣੀਦਾ ਮੁਹੁ ਦੇਖਾਲੇ ਆਇ॥
ਜਿੰਦੁ ਨਿਮਾਣੀ ਕਢੀਐ ਹਡਾ ਕੂ ਕੜਕਾਇ॥
ਸਾਹੇ ਲਿਖੇ ਨ ਚਲਨੀ ਜਿੰਦੂ ਕੂੰ ਸਮਝਾਇ॥
ਜਿੰਦੁ ਵਹੁਟੀ ਮਰਣੁ ਵਰੁ ਲੈ ਜਾਸੀ ਪਰਣਾਇ॥
ਆਪਣ ਹਥੀ ਜੋਲਿ ਕੈ ਕੈ ਗਲਿ ਲਗੈ ਧਾਇ॥
ਵਾਲਹੁ ਨਿਕੀ ਪੁਰਸਲਾਤ ਕੰਨੀ ਨ ਸੁਣੀਆਇ॥
ਫਰੀਦਾ ਕਿੜੀ ਪਵੰਦੀਈ ਖੜਾ ਨ ਆਪੁ ਮੁਹਾਇ॥ ੧॥
ਸ਼ਬਦ ਅਰਥ: ਧਨ: ਜਵਾਨ ਵਿਆਹੁਣ-ਯੋਗ ਇਸਤ੍ਰੀ, ਨੱਢੜੀ।
ਵਰੀ: ਵਰਣਾ= ਵਿਆਹੁਣਾ; ਵਿਆਹੀ ਗਈ।
ਸਾਹਾ=ਸੁ+ਅਹ; ਸੁ=ਸ਼ੁੱਭ, ਅਹ=ਦਿਨ; ਵਿਆਹ ਵਾਸਤੇ ਨੀਯਤ ਕੀਤਾ ਸ਼ੁਭ ਦਿਨ।
ਸਾਹੇ ਲਏ ਲਿਖਾਇ: ਮਰਗ ਰੂਪੀ ਲਾੜੇ ਦਾ ਜੀਵ-ਆਤਮਾ ਨਾਲ ਵਿਆਹੇ ਜਾਣ ਦਾ ਸਮਾਂ, ਮੌਤ ਦਾ ਸਮਾਂ।
ਮਲਕੁ: ਮਲਕ ਉਲ ਮੌਤ, ਮੌਤ ਦਾ ਫ਼ਰਿਸ਼ਤਾ, ਅਜ਼ਰਾਈਲ, ਯਮ-ਦੂਤ।
ਸਾਹੇ ਲਿਖੇ ਨ ਚਲਨੀ: ਮੌਤ ਦਾ ਸਮਾਂ ਟਲ ਨਹੀਂ ਸਕਦਾ।
ਪੁਰਸਲਾਤ: ਅ: ਸਿਰਾਤ=ਦੋਜ਼ਖ ਦੀ ਅੱਗ ਉੱਤੇ ਬਣਿਆ ਉਹ ਮਿਥਿਹਾਸਕ ਪੁਲ ਜਿਸ
ਉੱਤੇ ਚਲ ਕੇ ਦੋਜ਼ਖ ਦੀ ਅੱਗ ਉੱਪਰੋਂ ਲੰਘਿਆ ਜਾ ਸਕਦਾ ਹੈ। ਪੁਰਸਲਾਤ: ਪੁਲਿ ਸਿਰਾਤ ਦਾ ਤਦਰੂਪ ਹੈ।
ਕਿੜੀ: ਆਵਾਜ਼, ਹੋਕਾ, ਸੁਚੇਤ ਕਰਨ ਲਈ ਦਿੱਤੀ ਆਵਾਜ਼।
ਮੁਹਾਇ: ਮੁਹਾਉਣਾ=ਲੁੱਟੇ ਜਾਣਾ; ਆਪਣੀ ਅਣਮੋਲ ਜੀਵਨ-ਪੂੰਜੀ ਨਾ ਲੁਟਾ।
ਭਾਵ ਅਰਥ: ਜਿਸ ਦਿਨ ਜੀਵ-ਇਸਤ੍ਰੀ ਨੇ ਮੌਤ-ਲਾੜੇ ਨਾਲ ਵਿਆਹੇ ਜਾਣਾ
ਹੈ, (ਮੌਤ ਦਾ) ਉਹ ਦਿਨ ਪਹਿਲਾਂ ਹੀ ਨਿਸ਼ਚਿਤ ਹੈ। ਇਸ ਨਿਸ਼ਚਿਤ ਦਿਨ ਮਲਕ ਉਲ ਮੌਤ, ਜਿਸ ਬਾਰੇ
ਹੋਰਾਂ ਦੀ ਮੌਤ ਸਮੇਂ ਸੁਣਿਆ ਜਾਂਦਾ ਹੈ, ਪਰਤੱਖ ਸਾਹਮਣੇ ਆ ਧਮਕਦਾ ਹੈ। ਮੌਤ ਦਾ ਇਹ ਫ਼ਰਿਸ਼ਤਾ,
ਸਰੀਰਕ ਰੋਗ-ਦੁੱਖ ਦਿੰਦਾ ਹੋਇਆ, ਜੀਵ-ਆਤਮਾ ਨੂੰ ਸਰੀਰ ਤੋਂ ਜ਼ਬਰਦਸਤੀ ਜੁਦਾ ਕਰਕੇ ਲੈ ਜਾਂਦਾ ਹੈ।
ਇਹ ਸੱਚ ਸਮਝ ਲੈਣਾ ਚਾਹੀਦਾ ਹੈ ਕਿ ਮਰਗ ਦਾ ਨੀਯਤ ਸਮਾਂ ਟਾਲਿਆ ਨਹੀਂ ਜਾ ਸਕਦਾ। ਨੀਯਤ ਸਮੇਂ ਮੌਤ
ਦਾ ਫ਼ਰਿਸ਼ਤਾ ਰੂਪ ਲਾੜਾ ਜੀਵ-ਆਤਮਾ ਰੂਪੀ ਲਾੜੀ ਨੂੰ ਵਰ ਕੇ ਲੈ ਜਾਵੇ ਗਾ। ਇਸ ਸਦੀਵੀ ਦੁਖਦਾਈ
ਵਿਦਾਈ ਉਪਰਾਂਤ ਮ੍ਰਿਤਿਕ ਦੇਹ ਆਤਮਾ ਨੂੰ ਆਪ ਵਿਦਾ ਕਰਕੇ ਕਿਸ ਦਾ ਸਹਾਰਾ ਭਾਲੇ ਗੀ? ਅਰਥਾਤ ਰੂਹ
ਤੋਂ ਸੱਖਣਾ ਮਿੱਟੀ ਹੋਇਆ ਨਿਰਜਿੰਦ ਸਰੀਰ ਬੇ-ਆਸਰਾ ਹੋ ਜਾਵੇਗਾ। (ਫਰੀਦ ਜੀ ਆਪਣੇ ਆਪ ਨੂੰ
ਸੰਬੋਧਿਤ ਹੋ ਕੇ ਕਹਿੰਦੇ ਹਨ) ਫਰੀਦ! ਤੂੰ ਅਤਿਅੰਤ ਤੇਜ਼ ਧਾਰ, ਵਾਲ ਤੋਂ ਵੀ ਪਤਲੇ ਸਿਰਾਤ ਨਾਮੀ
ਪੁਲ ਬਾਰੇ ਨਹੀਂ ਸੁਣਿਆ ਜਿਸ ਉੱਤੇ ਚਲ ਕੇ ਤੂੰ ਵਿਕਾਰਾਂ ਨਾਲ ਸੁਭਰ ਸਾਗਰ ਨੂੰ ਪਾਰ ਕਰਨਾ ਹੈ?
ਪੀਰਾਂ-ਪੈਗ਼ੰਬਰਾਂ ਦੀਆਂ ਸੁਚੇਤ ਕਰਦੀਆਂ ਚੇਤਾਵਨੀਆਂ ਦੇ ਬਾਵਜੂਦ ਵੀ ਤੂੰ ਆਪਣੇ ਜੀਵਨ ਦੀ ਦੁਰਲੱਭ
ਪੂੰਜੀ (ਸੰਸਾਰਕ ਸੁੱਖਾਂ ਵਿੱਚ ਮਸਤ ਹੋ ਕੇ) ਅਜਾਈਂ ਲੁਟਾਈ ਜਾ ਰਿਹਾ ਹੈਂ!
ਫਰੀਦਾ ਦਰ ਦਰਵੇਸੀ ਗਾਖੜੀ ਚਲਾਂ ਦੁਨੀਆਂ ਭਤਿ॥
ਬੰਨ੍ਹਿ ਉਠਾਈ ਪੋਟਲੀ ਕਿਥੈ ਵੰਞਾ ਘਤਿ॥ ੨॥
ਸ਼ਬਦ ਅਰਥ: ਗਾਖੜੀ: ਇਹ ਪਦ ‘ਭੱਖੜਾ’ ਤੋਂ ਬਣਿਆ ਹੈ। ਦਰਵੇਸ਼ਾਂ ਦਾ ਰਾਹ
ਭੱਖੜਿਆਲੇ (ਕੰਡਿਆਲੇ) ਰਾਹ ਉੱਤੇ ਚੱਲਣ ਵਾਗ ਅਤਿ ਕਠਿਨ ਹੈ।
ਭਤਿ: ਵਾਂਗ। ਦੁਨੀਆ ਭਤਿ: ਸੰਸਾਰੀਆਂ ਵਾਂਗ, ਦੁਨੀਆਦਾਰਾਂ ਦੀ ਰੀਤਿ ਅਪਣਾ
ਕੇ।
ਪੋਟਲੀ: ਗੱਠੜੀ, ਪਾਪਾਂ ਦੀ ਪੰਡ।
ਭਾਵ ਅਰਥ: ਫ਼ਰੀਦ! ਰੱਬ ਦੇ ਰਾਹ ਉੱਤੇ ਚਲਣਾ ਬਹੁਤ ਕਠਿਨ ਹੈ (ਕਿਉਂਕਿ
ਇਹ ਰਾਹ ਸੰਸਾਰਕ ਸੁੱਖਾਂ ਦੀ ਕੁਰਬਾਨੀ ਮੰਗਦਾ ਹੈ।) ਇਸ ਲਈ, ਮਨ ਵਿੱਚ ਵਿਚਾਰ ਉੱਠਦਾ ਹੈ ਕਿ ਮੈਂ
ਵੀ ਹੋਰ ਦੁਨੀਦਾਰਾਂ ਵਾਲੀ ਮਾਇਆ-ਨੀਤੀ ਦੀ ਰੀਤਿ ਹੀ ਅਪਣਾ ਲਵਾਂ। ਪਰੰਤੂ ਫਿਰ ਸੋਚਦਾ ਹਾਂ ਕਿ
ਪਦਾਰਥਕ ਮੋਹ ਦੇ ਪ੍ਰਭਾਵ ਅਧੀਨ ਆਪ ਕਮਾਏ ਪਾਪਾਂ ਦੀ ਗੱਠੜੀ ਦਾ ਕੀ ਕਰਾਂ ਗਾ? (ਪਾਪਾਂ ਦਾ ਭਾਰ
ਚੁੱਕ ਕੇ ਸਿਰਾਤ ਪੁਲ ਉੱਤੇ ਚਲਣਾ ਸੰਭਵ ਨਹੀਂ ਹੈ।)
ਕਿਝੁ ਨ ਬੁਝੈ ਕਿਝੁ ਨ ਸੁਝੈ ਦੁਨੀਆ ਗੁਝੀ ਭਾਹਿ॥
ਸਾਂਈ ਮੇਰੈ ਚੰਗਾ ਕੀਤਾ ਨਾਹੀ ਤਾ ਹੰਭੀ ਦਝਾਂ ਆਹਿ॥ ੩॥
ਸ਼ਬਦ ਅਰਥ: ਭਾਹਿ: ਅੱਗ।
ਦੁਨੀਆ ਗੁਝੀ ਭਾਹਿ: ਮਨਮੋਹਨਾ ਪਦਾਰਥਕ ਜਗਤ ਜਿਸ ਦਾ ਮੋਹ ਆਤਮਾ ਨੂੰ ਸਾੜ
ਦਿੰਦਾ ਹੈ।
ਹੰਭੀ: ਹੰ=ਅਹੰ ਦਾ ਸੰਖੇਪ, ਮੈਂ; ਹੰਭੀ: ਮੈਂ ਵੀ।
ਦਝਾਂ: ਸੜ ਜਾਵਾਂ।
ਭਾਵ ਅਰਥ: ਦੁਨੀਆ ਦੀ ਰੀਤਿ ਵੀ ਅਜਿਹੀ ਛਲਪੂਰਨ ਅਦ੍ਰਿਸ਼ਟ ਅੱਗ ਹੈ ਜੋ
ਮਨ-ਆਤਮਾ ਨੂੰ ਸਾੜਦੀ ਰਹਿੰਦੀ ਹੈ। ਇਸ ਹਾਲਤ ਵਿੱਚ ਮੈਨੂੰ ਸਮਝ ਨਹੀਂ ਆ ਰਹੀ ਕਿ ਮੈਂ ਨਾਮ-ਸਿਮਰਨ
ਦੇ ਆਤਮ-ਜੀਵਨ-ਮਨੋਰਥ ਵਿੱਚ ਕਿਸ ਤਰ੍ਹਾਂ ਸਫ਼ਲ ਹੋਵਾਂ! ਮੇਰੇ ਮਾਲਿਕ ਪਰਮਾਤਮਾ ਨੇ ਮੇਰੇ `ਤੇ
ਕ੍ਰਿਪਾ ਕਰਕੇ ਮਨ-ਆਤਮਾ ਵਾਸਤੇ ਘਾਤਿਕ ਇਸ ਗੁੱਝੀ ਮਾਇਆ-ਅਗਨਿ ਤੋਂ ਬਚਾ ਲਿਆ ਹੈ, ਨਹੀਂ ਤਾਂ ਮੈਂ
ਵੀ ਇਸ ਵਿੱਚ ਸੜ ਕੇ ਆਪਣਾ ਜੀਵਨ ਵਿਅਰਥ ਗਵਾ ਲਿਆ ਹੁੰਦਾ!
ਫਰੀਦਾ ਜੇ ਜਾਣਾਂ ਤਿਲ ਥੋੜੜੇ ਸੰਮਲਿ ਬੁਕੁ ਭਰੀ॥
ਜੇ ਜਾਣਾ ਸਹੁ ਨੰਢੜਾ ਥੋੜਾ ਮਾਣ ਕਰੀ॥ ੪॥
ਸ਼ਬਦ ਅਰਥ: ਤਿਲ: ਸ੍ਵਾਸ; ਤਿਲ ਥੋੜੜੇ: ਉਮਰ ਦਾ ਅੰਤਲਾ ਸਮਾਂ।
ਸੰਮਲਿ ਬੁਕੁ ਭਰੀ: ਸੰਭਲ ਕੇ, ਸੰਕੋਚ ਨਾਲ।
ਨੰਢੜਾ: ਕਾਮਭਾਵ ਤੋਂ ਰਹਿਤ, ਕੁਆਰਾ, ਤ੍ਰੈ-ਗੁਣ-ਅਤੀਤ ਸਰਵਗੁਣ-ਸੰਪੰਨ
ਪਰਮਾਤਮਾ।
ਭਾਵ ਅਰਥ: ਫ਼ਰੀਦ! ਜੇ ਤੈਨੂੰ ਇਸ ਸੱਚ ਦਾ ਗਿਆਨ ਹੈ ਕਿ ਸ੍ਵਾਸਾਂ ਦੀ
ਪੂੰਜੀ ਥੋੜੀ ਤੇ ਸੀਮਿਤ ਹੈ ਤਾਂ ਇਸ ਪੂੰਜੀ ਨੂੰ ਸੋਚ ਸਮਝ ਕੇ ਵਰਤ। ਜੇ ਇਹ ਵੀ ਗਿਆਨ ਹੈ
ਕਿ ਸਰਵਸ਼ਕਤੀਮਾਨ ਪਤੀ-ਪਰਮਾਤਮਾ ਮਾਇਆ-ਅਤੀਤ ਹੈ ਤਾਂ ਤੂੰ ਮਾਇਕ ਪ੍ਰਾਪਤੀਆਂ (ਪਾਪਾਂ ਦੀ ਪੰਡ) ਦਾ
ਹੰਕਾਰ ਨਾ ਕਰ।
ਜੇ ਜਾਣਾ ਲੜੁ ਛਿਜਣਾ ਪੀਡੀ ਪਾਈਂ ਗੰਢਿ॥
ਤੈ ਜੇਵਡੁ ਮੈ ਨਾਹਿ ਕੋ ਸਭੁ ਜਗੁ ਡਿਠਾ ਹੰਢਿ॥ ੫॥
ਸ਼ਬਦ ਅਰਥ: ਲੜੁ ਛਿਜਣਾ: ਸਾਂਝ ਟੁੱਟ ਜਾਣੀ ਹੈ।
ਪੀਡੀ ਪਾਈਂ ਗੰਢਿ: ਪੱਕੀ ਸਾਂਝ ਪਾਉਂਦਾ।
ਹੰਢਿ: ਹਿੰਡਨ=ਘੁੰਮਣਾ; ਘੁੰਮ ਕੇ।
ਭਾਵ ਅਰਥ: ਜੇ ਮੈਨੂੰ ਗਿਆਨ ਹੁੰਦਾ ਕਿ (ਪਾਪਾਂ ਦੀ ਪੋਟਲੀ ਕਾਰਣ)
ਮੇਰਾ ਪ੍ਰਭੂ-ਪਤੀ ਨਾਲ ਜੁੜਿਆ ਸੰਬੰਧ ਟੁੱਟ ਜਾਣਾ ਹੈ ਤਾਂ ਮੈਂ ਮਾਇਆ ਦੀ ਬਜਾਏ ਰੱਬ ਨਾਲ ਹੀ
ਮਜ਼ਬੂਤ ਨਾਤਾ ਜੋੜਦਾ। ਐ ਪਰਮਾਤਮਾ! ਮੈਂ ਸਾਰਾ ਸੰਸਾਰ ਫਿਰ ਕੇ ਵੇਖ ਲਿਆ ਹੈ, ਤੇਰੇ ਜਿਹਾ
ਲੋਕ-ਪਰਲੋਕ ਵਿੱਚ ਸਦੀਵੀ ਸਾਥ ਦੇਣ ਵਾਲਾ ਹੋਰ ਕੋਈ ਵੀ ਸਖਾ ਨਹੀਂ ਮਿਲਿਆ।
ਫਰੀਦਾ ਜੇ ਤੂ ਅਕਲਿ ਲਤੀਫੁ ਕਾਲੇ ਲਿਖ ਨ ਲੇਖ॥
ਆਪਨੜੇ ਗਿਰੀਵਾਨ ਮਹਿ ਸਿਰੁ ਨੀਵਾਂ ਕਰਿ ਦੇਖੁ॥ ੬॥
ਸ਼ਬਦ ਅਰਥ: ਲਤੀਫੁ: ਅ: ਪਾਕ-ਪਵਿਤ੍ਰ, ਤੀਖਣ-ਤੇਜ਼, ਸੂਖਮ; ਅਕਲਿ
ਲਤੀਫੁ: ਸੂਖਮ ਸੋਝੀ, ਬਿਬੇਕ ਬੁੱਧਿ।
ਕਾਲੇ: ਪਰਮਾਤਮਾ ਤੋਂ ਬੇਮੁਖ ਹੋ ਕੇ ਕੀਤੇ ਬੁਰੇ ਕਰਮ।
ਲਿਖ ਨ ਲੇਖ: ਸ੍ਵਾਸਾਂ ਦੀ ਪੂੰਜੀ ਖ਼ਰਚ ਕਰਕੇ ਕੀਤੇ ਮੰਦੇ ਕਰਮਾਂ ਦਾ ਲੇਖਾ।
ਗਿਰੀਵਾਨ: ਫ਼ਾ: ਗਿਰੇਬਾਨ=ਕੁੜਤੇ-ਕਮੀਜ਼ ਵਗ਼ੈਰਾ ਦਾ ਗਲਾ; ਅੰਤਹਕਰਣ, ਮਨ।
ਸਿਰੁ ਨੀਵਾਂ ਕਰਿ ਦੇਖੁ: ਝਾਤੀ ਮਾਰ, ਸ੍ਵੈ-ਪੜਚੋਲ ਕਰ।
ਭਾਵ ਅਰਥ: ਫ਼ਰੀਦ! ਜੇ ਤੂੰ ਆਪਣੇ ਆਪ ਨੂੰ ਪਵਿੱਤ੍ਰ ਆਤਮਾ ਵਾਲਾ ਤੇ ਬਿਬੇਕ
ਬੁੱਧਿ ਦਾ ਮਾਲਿਕ ਸਮਝਦਾ ਹੈਂ ਤਾਂ ਬੁਰੇ ਕਰਮ ਨਾ ਕਰ। ਬੁਰਾਈ ਤੋਂ ਬਚਣ ਵਾਸਤੇ ਸ੍ਵੈ-ਪੜਚੋਲ ਕਰਨੀ
ਜ਼ਰੂਰੀ ਹੈ। (ਕਈ ਵਿਦਵਾਨ ਇਹ ਅਰਥ ਵੀ ਕਰਦੇ ਹਨ: ਫ਼ਰੀਦ! ਜੇ ਤੂੰ ਸੂਖਮ ਸਮਝ ਦਾ ਮਾਲਿਕ ਹੈਂ ਤਾਂ
ਦੂਸਰਿਆਂ ਦੇ ਦੋਸ਼ ਦੇਖਣ ਦੀ ਬਜਾਏ ਆਪਣੇ ਅੰਦਰ ਝਾਤੀ ਮਾਰ ਕੇ ਆਪਣੇ ਦੋਸ਼ ਲੱਭ ਕੇ ਉਨ੍ਹਾਂ ਤੋਂ
ਛੁਟਕਾਰਾ ਪਾ।)
ਫਰੀਦਾ ਜੋ ਤੈ ਮਾਰਨਿ ਮੁਕੀਆਂ ਤਿਨ੍ਹਾ ਨ ਮਾਰੇ ਘੁੰਮਿ॥
ਆਪਨੜੈ ਘਰਿ ਜਾਈਐ ਪੈਰ ਤਿਨ੍ਹਾ ਦੇ ਚੁੰਮਿ॥ ੭॥
ਭਾਵ ਅਰਥ: (ਪਾਪਾਂ ਦੀ ਪੰਡ ਨਾਲ ਨਿਜਿੱਠਣ ਲਈ ਨਮਰਰਤਾ ਦਾ ਗੁਣ ਜ਼ਰੂਰੀ
ਹੈ ਇਸ ਵਾਸਤੇ) ਹੇ ਫ਼ਰੀਦ! ਜੋ ਲੋਕ ਤੈਨੂੰ ਦੁੱਖ ਦਿੰਦੇ ਹਨ, ਬਦਲੇ ਵਿੱਚ ਉਨ੍ਹਾਂ ਨੂੰ ਦੁੱਖ ਦੇਣ
ਦੀ ਬਜਾਏ ਉਨ੍ਹਾਂ ਦਾ ਸਤਿਕਾਰ ਕਰ। ਇਸ ਸਲੋਕ ਵਿੱਚ ਫ਼ਰੀਦ ਜੀ ਸਹਿਨਸ਼ੀਲਤਾ ਅਤੇ ਖਿਮਾ ਦੇ ਸਿੱਧਾਂਤ
ਦਾ ਸੰਦੇਸ਼ ਦਿੰਦੇ ਹਨ।
ਫਰੀਦਾ ਜਾ ਤਉ ਖਟਣ ਵੇਲ ਤਾਂ ਤੂ ਰਤਾ ਦੁਨੀ ਸਿਉ॥
ਮਰਗ ਸਵਾਈ ਨੀੑਹਿ ਜਾਂ ਭਰਿਆ ਤਾਂ ਲਦਿਆ॥ ੮॥
ਸ਼ਬਦ ਅਰਥ: ਖਟਣ ਵੇਲ: ਨਾਮ-ਕਮਾਉਣ ਦਾ ਵੇਲਾ, ਇਹ ਮਨੁੱਖਾ ਜੀਵਨ।
ਰਤਾ: ਰੰਗਿਆ ਰਿਹਾ, ਉਲਝਿਆ ਰਿਹਾ, ਮਸਤ ਰਿਹਾ।
ਲਦਿਆ: ਕੂਚ ਕਰ ਗਿਆ, ਮਰ ਗਿਆ।
ਭਾਵ ਅਰਥ: ਫ਼ਰੀਦ! ਜਦੋਂ ਤੇਰਾ ਨਾਮ-ਕਮਾਈ ਦਾ ਸਮਾਂ ਸੀ ਓਦੋਂ ਤੂੰ
ਮਾਇਆ-ਖੇਡ ਵਿੱਚ ਮਸਤ ਰਿਹਾ। ਹੁਣ ਜਦੋਂ ਸ੍ਵਾਸਾਂ ਦੀ ਪਾਈ ਭਰ ਗਈ ਅਰਥਾਤ ਸ੍ਵਾਸ ਖ਼ਤਮ ਹੋ ਗਏ ਤਾਂ
ਤੈਨੂੰ ਇੱਥੋਂ ਕੂਚ ਕਰਨਾ ਪੈ ਰਿਹਾ ਹੈ।
ਦੇਖੁ ਫਰੀਦਾ ਜੁ ਥੀਆ ਦਾੜੀ ਹੋਈ ਭੂਰ॥
ਅਗਹੁ ਨੇੜਾ ਆਇਆ ਪਿਛਾ ਰਹਿਆ ਦੂਰਿ॥ ੯॥
ਸ਼ਬਦ ਅਰਥ: ਥੀਆ: ਵਾਪਰ ਗਿਆ।
ਭੂਰ: ਕਰੜ-ਬਰੜੀ, ਘਸਮੈਲੀ। ਦਾੜੀ ਹੋਈ ਭੂਰ: ਬੁਢੇਪਾ ਆ ਗਿਆ।
ਅਗਹੁ: ਅੰਤ-ਕਾਲ, ਮੌਤ ਦਾ ਸਮਾਂ।
ਪਿਛਾ: ਜਨਮ-ਕਾਲ, ਜ਼ਿੰਦਗੀ ਦਾ ਆਗ਼ਾਜ਼।
ਭਾਵ ਅਰਥ: ਫ਼ਰੀਦ! ਦੇਖ ਧਰਮ ਵੱਲੋਂ ਅਵੇਸਲਾ ਰਹਿੰਦਿਆਂ ਤੇਰੀ ਦਾੜ੍ਹੀ
ਕਾਲੀ ਤੋਂ ਕਰੜ-ਬਰੜੀ ਹੋ ਗਈ ਹੈ ਅਰਥਾਤ ਬੁਢੇਪਾ ਆ ਗਿਆ ਹੈ। ਜ਼ਿੰਦਗੀ ਦੇ ਅਸਲੀ ਫ਼ਰਜ਼ ਵੱਲੋਂ
ਕੋਤਾਹੀ ਕਰਦਿਆਂ ਤੇਰਾ ਅੰਤ ਸਮਾਂ ਨਜ਼ਦੀਕ ਆ ਪਹੁੰਚਿਆ ਹੈ ਅਤੇ ਜਨਮ ਤੋਂ ਹੁਣ ਤਕ ਦਾ ਪਿਛਲਾ ਕੀਮਤੀ
ਵਕਤ ਦੂਰ ਰਹਿ ਗਿਆ ਹੈ।
ਦੇਖੁ ਫਰੀਦਾ ਜਿ ਥੀਆ ਸਕਰ ਹੋਈ ਵਿਸੁ॥
ਸਾਂਈ ਬਾਝਹੁ ਆਪਣੇ ਵੇਦਣ ਕਹੀਐ ਕਿਸੁ॥ ੧੦॥
ਸ਼ਬਦ ਅਰਥ: ਸਕਰ: ਸ਼ੱਕਰ, ਸੰਸਾਰਕ-ਸੁਖ ਜੋ ਸਾਕਤ ਨੂੰ ਸ਼ੱਕਰ ਵਾਂਗ
ਮਿੱਠੇ ਲੱਗਦੇ ਹਨ।
ਵੇਦਣ: ਮਨ ਦੀ ਪੀੜਾ।
ਭਾਵ ਅਰਥ: ਫ਼ਰੀਦ! ਦੇਖ, ਪਦਾਰਥਕ ਜਗਤ ਦੀਆਂ ਖ਼ੁਸ਼ੀਆਂ, ਜਿਨ੍ਹਾਂ ਨੂੰ
ਤੂੰ ਮਿੱਠੇ ਮੰਨ ਕੇ ਮਾਣਦਾ ਰਿਹਾ, ਹੁਣ ਬੁਢੇਪੇ ਵਿੱਚ ਤੈਨੂੰ ਜ਼ਹਿਰ ਸਮਾਨ ਕੌੜੀਆਂ ਲਗ ਰਹੀਆਂ ਹਨ।
ਇਸ ਦੁਰਦਸ਼ਾ ਦੀ ਪੀੜਾ ਬਾਰੇ ਮੈਂ ਆਪਣੇ ਪਤੀ ਪ੍ਰਭੂ ਤੋਂ ਸਿਵਾ ਹੋਰ ਕਿਸ ਨੂੰ ਕਹਾਂ?
ਚਲਦਾ-------
ਗੁਰਇੰਦਰ ਸਿੰਘ ਪਾਲ
ਅਪ੍ਰੈਲ
01, 2012.