ਭਾਰਤੀ ਕਨੂੰਨ ਤੇ ਸਿੱਖਾਂ ਦਾ ਵਿਸ਼ਵਾਸ਼ ਕਿਉਂ ਨਹੀਂ? ਕਿਨ ਦੂਰ ਕੀਤਾ?
ਰਾਮ ਸਿੰਘ ਗ੍ਰੇਵਜ਼ੈਂਡ
ਸਿੱਖੀ ਦੇ ਭਾਰਤ ਭੂਮੀ ਤੇ ਪ੍ਰਗਟ ਹੋਣ ਭਾਵ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਤੋਂ ਲੈ ਕੇ, ਸਿੱਖੀ
ਨੇ ਭਾਰਤ ਨੂੰ ਆਪਣਾ ਪਿਆਰਾ ਦੇਸ ਸਮਝ ਕੇ ਉਸ ਸਮੇਂ ਦੇਸ ਦੇ ਹਰ ਪੱਖੋਂ ਹੱਦ ਦੀ ਗਿਰਾਵਟ ਵਿੱਚ
ਡਿੱਗੇ ਨੂੰ ਕੱਢਣ ਲਈ ਜਿੱਸ ਤਰੀਕੇ ਨਾਲ ਤੇ ਜੋ ਕੁੱਝ ਕਰਨਾ ਸ਼ੁਰੂ ਕੀਤਾ ਤੇ ਕੀਤਾ ਉਸਨੂੰ ਇਤਿਹਾਸ
ਦੇ ਵਰਕੇ ਆਪਣੇ ਵਿੱਚ ਸੰਭਾਲੀ ਬੈਠੇ ਹਨ। ਉਨ੍ਹਾਂ ਵਿੱਚੋਂ ਬਹੁਤੇ ਵਰਕੇ ਇੰਜ ਲੱਗਦਾ ਹੈ ਕਿ ਉਹ
ਸਿੱਖੀ ਖੂਨ ਨਾਲ ਲਿਖੇ ਗਏ ਹਨ। ਖੂਨ ਵੀ ਉਹ ਜਿੱਸਨੂੰ ਇਹ ਸੱਭ ਕੁੱਛ ਲਿਖਣ ਲਈ ਆਪਣੇ ਸੁਆਰਥ ਲਈ
ਨਹੀਂ, ਸੱਭ ਕੁੱਛ ਦੇਸ ਭਾਰਤ ਦੀ ਸਭਿਅਤਾ, ਅਣਖ ਤੇ ਇੱਜ਼ਤ ਬਚਾਉਣ, ਬਰਕਰਾਰ ਰੱਖਣ ਅਤੇ ਹੋਰ ਵੀ
ਚੜ੍ਹਦੀ ਕਲਾ ਵਿੱਚ ਕਰਨ ਲਈ ਦਿੱਤਾ ਗਿਆ। ਇਸਦਾ ਬਹੁਤ ਵਿਸਥਾਰ ਲਿਖਣ ਦੀ ਲੋੜ ਨਹੀਂ, ਬਹੁਤ ਵਾਰ
ਬੜੇ ਬੜੇ ਵਿਦਵਾਨਾਂ ਵਲੋਂ ਲਿਖਿਆ ਜਾ ਚੁੱਕਾ ਹੈ।
ਆਖਰ ਭਾਰਤ ਨੂੰ ਗੁਲਾਮੀ ਦੇ ਜੀਵਨ ਵਿੱਚੋਂ ਕੱਢਣ ਲਈ ਪਹਿਲਾਂ ਕਾਫੀ ਮਜ਼ਬੂਤ ਮੁਗਲ ਰਾਜ ਦੀ ਕਮਰ ਤੋੜ
ਕੇ ਗੁਰੂ ਨਾਨਕ ਸਾਹਿਬ ਜੀ ਦੀ ਸੋਚ ਵਾਲਾ ਸੱਭ ਨੂੰ ਸੁਖੀ ਵਸਦਾ ਦੇਖਣ ਵਾਲਾ ਹਲੇਮੀ ਰਾਜ ਬਾਬਾ
ਬੰਦਾ ਸਿੰਘ ਬਹਾਦਰ ਤੇ ਫਿਰ ਮਹਾਰਾਜਾ ਰਣਜੀਤ ਸਿੰਘ ਵਲੋਂ ਕਾਇਮ ਕਰਕੇ ਸੱਭ ਨੂੰ ਦਿਖਾਇਆ ਕਿ ਰਾਜ
ਕਿੱਦਾਂ ਦਾ ਹੋਣਾ ਚਾਹੀਦਾ ਹੈ। ਇਨ੍ਹਾਂ ਰਾਜਾਂ ਵਿੱਚ ਗੁਰੂ ਸਾਹਿਬ ਵਲੋਂ ਬਖਸ਼ੀ ਅਰਦਾਸ ਵਿੱਚ
“ਸਰਬੱਤ ਦੇ ਭਲੇ” ਦੀ ਅਮਲੀ ਸੋਚ ਸੀ ਜੋ ਸਿੱਖੀ ਸਿਧਾਂਤ ਤੇ ਚੱਲਣ ਵਾਲੇ ਹਰ ਸਿੱਖ ਵਿੱਚ ਸਦਾ ਰਹੀ
ਹੈ ਤੇ ਰਹੇਗੀ, ਭਾਵੇਂ ਬਹੁਤ ਵਾਰ ਇਸ ਸੋਚ ਦਾ ਲਾਭ ਉਠਾਉਣ ਵਾਲਿਆਂ ਵਲੋਂ ਧੋਖਾ ਹੀ ਦਿੱਤਾ ਗਿਆ।
ਕਿਉਂਕਿ ਭਾਰਤੀ ਹੁਕਮਰਾਨ ਵਰਗ ਤੇ ਧਾਰਮਿਕ ਸੋਚ ਨੇ ਸਿੱਖੀ “ਸਰਬੱਤ ਦੇ ਭਲੇ” ਦੀ ਸੋਚ ਨੂੰ ਸਮਝਣ
ਦੀ ਹਾਲੇ ਤੱਕ ਭੀ ਖੇਚਲ ਨਹੀਂ ਕੀਤੀ। ਪਰ ਫਿਰ ਵੀ ਸਿੱਖੀ ਸਿਧਾਂਤ ਤੇ ਪਹਿਰਾ ਦੇਣ ਵਾਲੀ ਸਿੱਖੀ ਨੇ
ਸਰਬੱਤ ਦੇ ਭਲੇ ਵਾਲੀ ਸੋਚ ਨੂੰ ਕਦੇ ਨਹੀਂ ਤਿਆਗਿਆ।
ਇਸ ਸੋਚ ਨੂੰ ਹੀ ਮੁਖ ਰੱਖਕੇ ਵਿਸ਼ਾਲ ਅੰਗ੍ਰੇਜ਼ੀ ਰਾਜ ਤੋਂ ਛੁਟਕਾਰਾ ਪਾਉਣ ਲਈ ਜੋ ਸਿੱਖੀ ਸਰੂਪ ਅਤੇ
ਸੋਚ ਨੇ ਹਿੱਸਾ ਪਾਇਆ ਉਹ ਹੱਦਾਂ ਦੀ ਹੁੱਦ ਤੋਂ ਵੀ ਬਾਹਰ ਹੈ, ਪਰ ਜਿੱਸ ਨੂੰ ਭਾਰਤੀ ਹਾਕਮ ਵਰਗ
ਠੀਕ ਸਮਝਣ ਤੇ ਨਿਵਾਜਣ ਦੀ ਥਾਂ 180 ਦਰਜੇ ਉਲਟ ਉਪਾਧੀ ਦੇਣ ਲਈ ਮਜਬੂਰ ਹੋ ਗਿਆ। ਪਤਾ ਨਹੀਂ ਕਿਉਂ
ਤੇ ਉਹ ਕਿਹੜੀ ਉਪਾਧੀ? 1947 ਸਮੇਂ ਦੇਸ ਦੀ ਵੰਡ ਨੂੰ ਰੋਕਣ ਲਈ ਸਿੱਖਾਂ ਨੇ ਬੜੀ ਕੋਸ਼ਿਸ਼ ਕੀਤੀ।
ਪਾਕਿਸਤਾਨ ਨੂੰ ਹੋਂਦ ਵਿੱਚ ਲਿਆਉਣ ਸਮੇਂ ਦੂਰ-ਅੰਦੇਸ਼ ਮੁਸਲਮਾਨ ਲੀਡਰ ਸਤਿਕਾਰਯੋਗ ਮਿਸਟਰ ਜਿਨਾਹ
ਨੇ ਭਾਰਤ ਦੇ ਪੁਰਾਤਨ ਹੁਕਮਰਾਨ ਵਰਗ ਦੇ ਤਜਰਬੇ ਨੂੰ ਧਿਆਨ ਵਿੱਚ ਰੱਖਦਿਆਂ ਸਿੱਖ ਲੀਡਰਾਂ ਨੂੰ
ਸਾਵਧਾਨ ਕਰਦਿਆਂ ਕੋਸ਼ਿਸ਼ ਕੀਤੀ ਕਿ ਅਸੀਂ ਤਾਂ ਹੁਣ ਆਪਣਾ ਜੁਦਾ ਮੁਲਕ ਪਾਕਿਸਤਾਨ ਲੈ ਹੀ ਲੈਣਾ ਹੈ,
ਪਰ ਦੇਸ ਦੀ ਅਖੰਡਤਾ ਰੱਖਣ ਦੇ ਮਤਵਾਲਿਆਂ ਨੂੰ ਪਤਾ ਲੱਗ ਜਾਇਗਾ ਜਿੱਸ ਦਿਨ ਤੁਸੀਂ ਇਨ੍ਹਾਂ
ਮੋਮੋਠਗਣਿਆਂ ਦੀਆਂ ਲੂੰਬੜਚਾਲਾਂ ਰਾਹੀਂ ਗਲੇ ਪਈ ਅਧੀਨਗੀ, ਹਾਂ ਜੀ ਅਧੀਨਗੀ, ਦਾ ਸਵਾਦ ਚੱਖੋਗੇ।
ਆਜ਼ਾਦੀ ਦੀ ਲਹਿਰ ਦੌਰਾਨ ਜਦ ਸਿੱਖਾਂ ਨੇ ਅੰਗ੍ਰੇਜ਼ਾਂ ਦੀ ਸਰਪ੍ਰਸਤੀ ਮਾਣ ਰਹੇ ਗੁਰਦੁਆਰਿਆਂ ਦੇ
ਭ੍ਰਿਸ਼ਟ ਪੁਜਾਰੀਆਂ ਪਾਸੋਂ ਬਹੁਤ ਕੁਰਬਾਨੀਆਂ ਦੇ ਕੇ ਗੁਰਦੁਆਰੇ ਆਜ਼ਾਦ ਕਰਵਾ ਲਏ ਤਾਂ ਆਪੂੰ ਬਣੇ
ਦੇਸ ਦੇ ਬਾਪੂ, ਮਿਸਟਰ ਗਾਂਧੀ ਅਤੇ ਸਾਥੀਆਂ ਵਲੋਂ ਸਿੱਖ ਆਗੂਆਂ ਨੂੰ ਤਾਰ ਰਾਹੀਂ ਵਧਾਈ ਦਿੰਦਿਆਂ
ਕਿਹਾ ਗਿਆ ਕਿ “ਆਜ਼ਾਦੀ ਦੀ ਪਹਿਲੀ ਜੰਗ ਜਿੱਤੀ ਗਈ ਹੈ ਤੇ ਹੁਣ ਤੁਸੀਂ, ਸਿੱਖਾਂ ਨੇ, ਹੀ
ਹਿੰਦੋਸਤਾਨ ਨੂੰ ਆਜ਼ਾਦ ਕਰਵਾਉਣਾ ਹੈ”। ਉਸ ਸਮੇਂ ਤਾਂ ਸਿੱਖ “ਬਹਾਦਰ ਤੇ ਦੇਸ- ਭਗਤ” ਸਨ। ਪਰ ਜਦ
ਦੇਸ ਆਜ਼ਾਦ ਹੋ ਗਿਆ ਤਦ ਸਤਿਕਾਰਯੋਗ ਮਿਸਟਰ ਜਨਾਹ ਵਲੋਂ ਦੇਸ-ਭਗਤ ਸਿੱਖਾਂ ਨੂੰ ਮੋਮੋਠਗਣਿਆਂ
ਸੰਬੰਧੀ ਦਿੱਤੀ ਗਈ ਚਿਤਾਵਨੀ ਅਮਲ ਵਿੱਚ ਆਉਣ ਲੱਗੀ। ਕਿਸੇ ਵੇਲੇ ਆਪਣੇ ਮੂੰਹ ਰਾਹੀਂ ਬਣਾੲ
ਦੇਸ-ਭਗਤਾਂ ਲਈ ਸੂਈ 180 ਦਰਜੇ ਘੁਮਾ ਕੇ ਉਲਟ ਉਪਾਧੀ ਨਾਲ ਸਸ਼ੋਭਤ ਕਰਨਾ ਸ਼ੁਰੂ ਕਰ ਦਿੱਤਾ। ਕਨੂੰਨ
ਘੜਨੀ ਲੋਕ-ਸਭਾ ਵਿੱਚ ਬਿੱਲ ਪਾਸ ਕਰਨ ਵਾਲੇ ਗ੍ਰਿਹ ਵਿਭਾਗ ਵਲੋਂ ਖਾਸ ਕਰਕੇ ਪੰਜਾਬ ਦੇ ਜ਼ਿਲ੍ਹਾ
ਡਿਪਟੀ ਕਮਿਸ਼ਨਰਾਂ ਨੂੰ ਖਾਸ ਹੁਕਮ ਭੇਜੇ ਗਏ ਕਿ “ਸਿੱਖ ਜਰਾਇਮ-ਪੇਸ਼ਾ ਕੌਮ ਹੈ (ਵੈਸੇ ਉਸ ਵੇਲੇ
ਸਿੱਖ ਕੌਮ ਜ਼ਰੂਰ ਸਮਝੇ ਗਏ), ਇਨ੍ਹਾਂ ਤੇ ਖਾਸ ਖਿਆਲ ਰੱਖਿਆ ਜਾਵੇ”। ਇਥੇ ਹੀ ਬੱਸ ਨਹੀਂ, ਫੌਜ
ਵਿੱਚ “ਬਾਤ ਚੀਤ” ਨਾਮ ਪੱਤਰ ਵੰਡੇ ਗਏ ਕਿ “ਅੰਮ੍ਰਿਤਧਾਰੀ ਸਿੱਖ ਦਹਿਸ਼ਤਗਰਦ ਹੁੰਦੇ ਹਨ, ਇਨ੍ਹਾਂ
ਤੇ ਖਾਸ ਨਿਗਾਹ ਰੱਖੀ ਜਾਵੇ”। ਪਤਾ ਨਹੀਂ ਇਹ ਬਦਲਾਹਟ ਕਿਉਂ?
ਹੁਣ ਜਦ ਉਸ ਦੇਸ ਵਿੱਚ ਜਿੱਸ ਨੂੰ ਆਜ਼ਾਦ ਕਰਵਾਉਣ ਤੇ ਅਖੰਡ ਰੱਖਣ ਲਈ ਆਪਣਾ ਸੱਭ ਕੁੱਛ, ਹਾਂ ਜੀ
ਸੱਭ ਕੁੱਛ, ਕੁਰਬਾਨ ਕਰ ਦਿੱਤਾ ਹੋਵੇ, ਉੱਥੇ ਕਿਸੇ ਤਰ੍ਹਾਂ ਦੀਆਂ ਸਹੂਲਤਾਂ ਮਿਲਣੀਆਂ, ਹੱਕ ਮਿਲਣ
ਅਤੇ ਕਿਸੇ ਤਰ੍ਹਾਂ ਦਾ ਇੰਨਸਾਫ ਮਿਲਣ ਦੀ ਥਾਂ, ਉਲਟਾ ਗੱਦਾਰ, ਦਹਿਸ਼ਤਗਰਦ ਆਦਿ ਵਰਗੀਆਂ ਉਪਾਧੀਆਂ
ਨਾਲ ਸੰਬੋਧਨ ਕੀਤਾ ਜਾਵੇ ਤਾਂ ਉਸ ਦੇਸ ਦੀ (ਮਾਪਿਆਂ ਵਰਗੀ ਹੋਣੀ ਚਾਹੀਦੀ, ਜਿਵੇਂ ਬਾਬਾ ਬੰਦਾ
ਸਿੰਘ ਬਹਾਦਰ ਤੇ ਮਹਾਰਾਜਾ ਰਣਜੀਤ ਸਿੰਘ ਸਮੇਂ) ਸ੍ਰਕਾਰ ਤੇ ਨਿਆਂ-ਪ੍ਰਨਾਲੀ ਵਿੱਚ ਕਿਸੇ ਤਰ੍ਹਾਂ
ਦਾ ਵਿਸ਼ਵਾਸ਼ ਕਿਵੇਂ ਦਿਖਾਇਆ ਜਾ ਸਕਦਾ ਹੈ, ਜਿੱਸ ਨਿਆਂ-ਪ੍ਰਨਾਲੀ ਨੇਸਿੱਖਾਂ ਅਤੇ ਘੱਟ ਗਿਣਤੀਆ ਤੇ
ਹੋ ਰਹੇ ਜ਼ੁਲਮ ਲਈ ਆਪ ਵੀ ਅੱਖਾਂ ਮੀਟ ਰੱਖੀਆਂ ਹੋਣ ਜਾਂ ਸਮੇਂਸਮੇਂ ਹਾਕਮਾਂ ਵਲੋਂ ਅੱਖਾਂ
ਮਿਟਵਾਈਆਂ ਗਈਆਂ ਹੋਣ, (ਜੇ ਦਰਬਾਰ ਸਾਹਿਬ ਤੇ ਹਮਲਾ ਕਰਵਾਉਣ ਵਾਲਾ ਐਡਵਾਨੀ ਆਪ ਇਹ ਮੰਨਦਾ ਹੈ ਤਾਂ
ਉਹ ਬੇਕਸੂਰ ਹਜ਼ਾਰਾਂ ਲੋਕਾਂ ਦੇ ਕਤਲ ਦਾ ਭਾਈਵਾਲ ਹੈ, ਦਿੱਲੀ ਸਿੱਖ ਕਤਲੇਆਮ ਕਰਵਾਉਣ ਵਾਲੇ
ਟਾਈਟਲਰ, ਸੱਜਣ ਕੁਮਾਰ ਆਦਿ ਕਾਤਲਾਂ ਦੇ ਭਾਈਵਾਲ ਹਨ, ਇਨ੍ਹਾਂ ਨੂੰ ਕਟਹਿਰੇ ਵਿੱਚ ਕਿਉਂ ਨਹੀਂ ਖੜੇ
ਕੀਤੇ ਜਾਂਦਾ, ਭਾਈ ਸਾਹਿਬ ਰਾਜੂਆਣੇ ਨੂੰ ਹੀ ਕਿਉਂ? ਬਾਕੀ ਕਿਸ਼ੋਰੀ ਲਾਲ ਜਿਸਨੂੰ ਸੱਤ ਫਾਂਸੀਆਂ ਦੀ
ਸਜ਼ਾ ਹੈ ਉਸਨੂੰ ਇਹ ਕਹਿ ਕੇ ਬਿਲਕੁਲ ਛੱਡ ਦੇਣਾ ਕਿੱਧਰ ਦਾ ਇੰਨਸਾਫ ਹੈ, ਕਿ ਉਸਦਾ ਚਾਲਚਲਣ ਜੇਲ੍ਹ
ਵਿੱਚ ਬਹੁਤ ਚੰਗਾ ਸੀ? ਕੀ ਉਸਦਾ ਚਾਲਚਲਣ ਭਾਈ ਸਾਹਿਬ ਬਲਵੰਤ ਸਿੰਘ ਜੀ ਨਾਲੋਂ ਵੀ ਚੰਗਾ ਹੋ ਸਕਦਾ
ਹੈ ਜਿਸਨੇ ਕਿਸੇ ਮਾਸੂਮ ਨੁੰ ਮਾਰਨਾ ਤਾਂ ਇੱਕ ਪਾਸੇ ਮਾਰਨ ਬਾਰੇ ਸੋਚਿਆ ਤੱਕ ਵੀ ਨਾ ਹੋਵੇ ਅਤੇ ਮਨ
ਵਿੱਚ ਸਦਾ ਸਰਬੱਤ ਦੇ ਭਲੇ ਦੀ ਹੀ ਸੋਚੀ ਹੋਵੇ। ਤਾਂ ਭਾਈ ਸਾਹਿਬ ਨੂੰ ਚੰਗੇ ਚਾਲਚਲਨ ਦੇ ਅਧਾਰ ਤੇ
ਕਿਉਂ ਨਹੀਂ ਛੱਡਿਆ ਜਾਂਦਾ?) ਅਤੇ ਅਪੀਲ ਕੀਤੀ ਦਾ ਵੀ ਕੋਈ ਲਾਭ ਨਾ ਹੋਵੇ, ਉੱਥੇ ਅਪੀਲ ਕਿਉਂ ਕੀਤੀ
ਜਾਵੇ, ਇਹ ਹੈ ਭਾਈ ਸਾਹਿਬ ਭਾਈ ਬਲਵੰਤ ਸਿੰਘ ਦੀ ਦਲੀਲ ਇਨ੍ਹਾਂ ਅੱਗੇ ਕਿਸੇ ਤਰ੍ਹਾਂ ਦੀ ਅਪੀਲ ਨਾ
ਕਰਨਾ। ਇਹ ਹੈ ਇੱਕ ਨੁਕਤਾ ਸਿੱਖੀ ਸਿਧਾਂਤ ਤੇ ਪਹਿਰਾ ਦੇ ਰਹੇ ਹਰ ਇੱਕ ਸਿੱਖ ਦਾ, ਭਾਰਤੀ
ਨਿਆਂ-ਪ੍ਰਨਾਲੀ ਵਿੱਚ ਕਿਸੇ ਤਰ੍ਹਾਂ ਦਾ ਵਿਸ਼ਵਾਸ਼ ਨਾ ਹੋਣਾ। ਦੂਸਰਾ ਜੋ ਬਹੁਤ ਮਹੱਤਵ ਰੱਖਦਾ ਹੈ ਉਹ
ਇਹ ਹੈ ਕਿ ਕਿਸੇ ਮੁਲਕ ਦੀ ਫੌਜ ਉਸ ਸਮੇਂ ਵਰਤੀ ਜਾਂਦੀ ਹੈ, ਜਦ ਕਿਸੇ ਹੋਰ ਦੇਸ ਤੇ ਹਮਲਾ ਕਰਨਾ
ਹੋਵੇ। ਉਪਰ ਆ ਹੀ ਚੁੱਕਾ ਹੈ ਕਿ ਭਾਰਤੀ ਹੁਕਮਰਾਨ ਸਿੱਖਾਂ ਨੂੰ ਇੱਕ ਕੌਮ ਤਾਂ ਮੰਨ ਹੀ ਚੁੱਕੇ ਹਨ
ਅਤੇ ਹਮਲੇ ਨਾਲ ਪੰਜਾਬ ਇੱਕ ਵੱਖਰਾ ਦੇਸ ਬਣ ਜਾਂਦਾ ਹੈ। ਇੱਕ ਪਾਸੇ ਇਹ ਕਹਿੰਦੇ ਹਨ ਕਿ ਪੰਜਾਬ
ਭਾਰਤ ਦਾ ਅਨਿਖੜਵਾਂ ਅੰਗ ਹੈ ਪਰ ਦੂਸਰੇ ਪਾਸੇ, ਭਾਰਤ ਦਾ ਹਿੱਸਾ ਹੁੰਦੇ ਹੋਏ, ਜੇ ਪੰਜਾਬੀ ਤੇ ਖਾਸ
ਕਰਕੇ ਸਿੱਖ ਆਪਣੇ ਹੱਕਾਂ ਦੇ ਦਿਨੇ ਦੀਵੇ ਖੋਹੇ ਜਾਣ ਵਿਰੁੱਧ ਮੋਰਚੇ ਲਾਉਂਦੇ ਹਨ ਜਾ ਸੰਘਰਸ਼ ਕਰਦੇ
ਹਨ ਤਾਂ ਗੱਲ ਬਾਤ ਦਾ ਰਾਸਤਾ ਛੱਡ ਕੇ ਸਿੱਧਾ ਦੇਸ ਦੀ ਫੌਜ ਰਾਹੀਂ, ਅਕ੍ਰਿਤਘਣਤਾ ਦੀ ਹੱਦ ਟੱਪ ਕੇ
ਹਮਲਾ ਕਰਕੇ ਜੋ ਜਾਨੀ, ਮਾਲੀ ਆਦਿ ਨੁਕਸਾਨ ਕੀਤਾ, ਤਾਂ ਕੀ ਦੇਸ ਦੇ ਹੁਕਮਰਾਨਾਂ ਵਲੋਂ ਐਸੇ ਕਦਮ
ਚੁੱਕੇ ਜਾਣ ਬਾਅਦ ਦੇਸ ਦੇ ਕਿਸੇ ਵਿਭਾਗ (ਵਿਧਾਨ ਮੰਡਲ, ਨਿਆਂ ਪ੍ਰਨਾਲੀ ਤੇ ਕਾਰਜ ਕਾਰੀ, ਤਿੰਨੋਂ
ਵਿਭਾਗ) ਤੇ ਵਕੀਲਾਂ ਆਦਿ ਦੀਆਂ ਖੋਖਲੀਆਂ ਦਲੀਲਾਂ ਮਗਰੋਂ ਵੀ ਕੋਈ ਵਿਸ਼ਵਾਸ਼ ਕੀਤਾ ਜਾ ਸਕਦਾ ਹੈ?
ਕਦੇ ਵੀ ਨਹੀਂ। ਇਹ ਨੁਕਤਾ ਤਾਂ ਸਗੋਂ ਪੰਜਾਬ ਦੇਹੱਕਾਂ ਦੀ ਪ੍ਰਾਪਤੀ ਕਰਨ ਲਈ ਜੂਝ ਰਹੇ ਨੌਜਵਾਨਾਂ
ਨੂੰ ਭਾਰਤ ਵਿਰੁੱਧ ਸੰਘਰਸ਼ ਰਾਹੀਂ ਪੰਜਾਬ ਦੇ ਜੁਝਾਰੂ ਸਿਪਾਹੀਆਂ ਵਜੋਂ ਪੇਸ਼ ਕਰਦਾ ਹੈ ਤੇ ਇਸ
ਸੰਘਰਸ਼ ਵਿੱਚ ਪਕੜੇ ਗਏ ਨੌਜਵਾਨਾਂ ਨੂੰ ਜੰਗੀ ਕੈਦੀ ਬਣਾ ਦਿੰਦਾ ਹੈ, ਜਿਨ੍ਹਾਂ ਨੂੰ ਕਿ
ਅੰਤਰ-ਰਾਸ਼ਟਰੀ ਕਨੂੰਨ ਰਾਹੀਂ ਸਜ਼ਾਏ ਮੌਤ ਨਹੀਂ ਦਿੱਤੀ ਜਾ ਸਕਦੀ, ਸਿਰਫ ਕੈਦ ਰੱਖਣ ਤੋਂ ਬਾਅਦ ਵਾਪਸ
ਦੇਸ ਭੇਜਿਆ ਜਾਂਦਾ ਹੈ। ਇਨ੍ਹਾਂ ਸਾਰਿਆਂ ਨੁਕਤਿਆਂ ਨੂੰ ਮੁਖ ਰੱਖਦਿਆਂ ਸਿੱਧ ਹੋ ਜਾਂਦਾ ਹੈ ਕਿ
ਐਸੇ ਨੌਜਵਾਨਾਂ ਨੂੰ ਉਸ ਦੇਸ ਦੇ ਨਿਆਂ-ਵਿਭਾਗ ਅੱਗੇ ਕਿਸੇ ਤਰ੍ਹਾਂ ਦੀ ਅਪੀਲ ਕਰਨੀ ਜਾ ਹਾੜ੍ਹੇ
ਕੱਢਣ ਦੀ ਕੋਈ ਤੁਕ ਨਹੀਂ ਬਣਦੀ। ਇਸ ਕਰਕੇ ਇੱਥੇ ਭਾਈ ਸਾਹਿਬ ਭਾਈ ਬਲਵੰਤ ਸਿੰਘ ਰਾਜੋਆਣਾ ਵਲੋਂ
ਕੋਈ ਅਪੀਲ ਨਾ ਕਰਨੀ ਬਿਲਕੁਲ ਜਾਇਜ਼ ਹੈ ਤੇ ਭਾਰਤੀ ਹੁਕਮਰਾਨਾਂ ਤੇ ਨਿਆਂ ਪ੍ਰਨਾਲੀ ਨੂੰ ਬਿਨਾਂ
ਕਿਸੇ ਹੀਲ ਹੁੱਜਤ ਉਸਨੂੰ ਰਿਹਾ ਕਰਨਾ ਚਾਹੀਦਾ ਹੈ। ਇਹ ਹੀ ਨਹੀਂ ਸਾਰੇ ਨੁਕਤਿਆਂ ਦੇ ਮੱਦੇ ਨਜ਼ਰ
ਅਤੇ ਖਾਸ ਕਰਕੇ ਜੰਗੀ ਨੁਕਤਾ ਨਿਗਾਹ ਵਜੋਂ 17 ਸਾਲ ਤਾਂ ਕੀ ਬੜੀ ਦੇਰ ਤੋਂ ਇਸ ਸੰਘਰਸ਼ ਵਿੱਚ ਜੇਲ੍ਹ
ਵਿੱਚ ਬੰਦ ਸਾਰੇ ਜੁਝਾਰੂਆਂ ਨੂੰ ਬਿਨਾਂ ਕਿਸੇ ਸ਼ਰਤ ਰਿਹਾ ਕਰ ਦੇਣਾ ਚਾਹੀਦਾ ਹੈ।
ਪੰਜਾਬ ਇੱਕ ਵੱਖਰਾ ਦੇਸ ਕਿਵੇਂ ਹੈ? ਭਾਰਤ ਦੇ ਬਾਕੀ ਦੇ ਪ੍ਰਾਂਤਾਂ ਦੇ ਜੋ ਕੁਦਰਤੀ ਸੋਮੇਂ ਜਾ ਹੋਰ
ਵਸੀਲੇ ਹਨ ਉਹ ਉਨ੍ਹਾਂ ਪ੍ਰਾਂਤਾਂ ਦੀ ਮਲਕੀਅਤ ਗਿਣੇ ਗਏ ਹਨ, ਉਹ ਉਨ੍ਹਾਂ ਨੂੰ ਜਿਵੇਂ ਜੀਅ ਚਾਹੇ
ਵਰਤਣ। ਪਰ ਪੰਜਾਬ ਲਈ ਇਨ੍ਹਾਂ ਸੰਬੰਧੀ ਵਤੀਰਾ ਕਿਉਂ ਵੱਖਰਾ ਹੈ? ਪੰਜਾਬ ਦੇ ਦਰਿਆਵਾਂ, ਬਿਜਲੀ ਆਦਿ
ਅਤੇ ਪੰਜਾਬ ਦੀ ਰਾਜਧਾਨੀ ਉੱਤੇ ਭਾਰਤ ਦਾ ਕਿਉਂ ਬਿਨਾਂ ਕਿਸੇ ਦਲੀਲ ਸਿੱਧਾ ਕਬਜ਼ਾ ਹੈ? ਕਿਉਂਕਿ
ਪੰਜਾਬ ਨੂੰ ਭਾਰਤ ਨੇ ਆਪਣੀ ਬਸਤੀ (ਨਵੀਂ ਆਬਾਦੀ-ਕਲੋਨੀ) ਸਮਝਿਆ ਤੇ ਬਣਾ ਕੇ ਰੱਖਿਆ ਹੈ। ਇਸ ਕਰਕੇ
ਬਸਤੀ ਨੂੰ ਆਜ਼ਾਦ ਕਰਵਾਉਣ ਵਾਲੇ ਹਨ ਇਹ ਜੁਝਾਰੂ। ਇਹ ਜੁਝਾਰੂ ਬਣਨਾ ਨਹੀਂ ਚਾਹੁੰਦੇ ਸਨ, ਇਨ੍ਹਾਂ
ਨੂੰ ਜੁਝਾਰੂ ਬਣਾਇਆ ਗਿਆ। ਜੇ ਉੱਪਰ ਦੱਸਿਆ ਪੰਜਾਬ ਦੇ ਵਸੀਲਿਆਂ ਸੰਬੰਧੀ ਵਰਤਾਉ ਨਾ ਕੀਤਾ ਜਾਂਦਾ
ਤਾਂ ਖਾਸ ਕਰਕੇ 1947 ਮੁਲਕ ਦੀ ਵੰਡ ਸਮੇਂ ਸਿੱਖਾਂ ਨੇ ਆਪਣੇ ਲਈ ਜੁਦਾ ਮੁਲਕ ਲੈਣ ਦੀ ਥਾਂ ਭਾਰਤ
ਨਾਲ ਰਹਿ ਕੇ ਜੋ ਖੁੱਲਦਿਲੀ ਦਿਖਾਈ ਸੀ, ਉਸ ਮੁਤਾਬਿਕ ਜੁਝਾਰੂ ਕਦੇ ਜੁਝਾਰੂ ਨਾ ਬਣਦੇ ਅਤੇ ਮੁਲਕ
ਦਾ ਅਮਨ ਚੈਨ ਇਸ ਤਰ੍ਹਾਂ ਨਾ ਵਿਗੜਦਾ। ਇਹ ਮਹਾਨ ਤੋਂ ਵੀ ਮਹਾਨ ਗਲਤੀ ਹੈ ਭਾਰਤੀ ਹੁਕਮਰਾਨਾਂ ਦੀ।
ਹੁਣ ਦੋ ਹੀ ਰਾਹ ਹਨ, ਜਾਂ ਤਾਂ ਪੰਜਾਬ ਦੇ ਸਾਰੇ ਵਸੀਲੇ ਪੰਜਾਬ ਨੂੰ ਵਾਪਸ ਕਰਨ ਤੇ ਜਿਵੇਂ ਉਹ
ਚਾਹੇ ਉਨ੍ਹਾਂ ਨੂੰ ਵਰਤੇ, ਜਾਂ ਫਿਰ ਪੰਜਾਬ ਨੂੰ ਬਿਨਾ ਕਿਸੇ ਝਗੜੇ, ਕੱਟ ਵੱਢ ਆਦਿ ਤੋਂ ਆਜ਼ਾਦ ਕਰ
ਦੇਣ, ਜਿਵੇਂ ਬੰਗਲਾਦੇਸ਼ ਆਜ਼ਾਦ ਹੈ।