.

ਸਿੱਖ ਰਹਤ ਮਰਯਾਦਾ ਬਾਰੇ!

(ਭਾਗ ਪਹਿਲਾ)

ਸਾਰਾ ਸਿੱਖ ਜਗਤ ਚੰਗੀ ਤਰ੍ਹਾਂ ਜਾਣਦਾ ਹੈ ਕਿ ਗੁਰੂ ਅਰਜਨ ਸਾਹਿਬ ਨੇ ਭਾਈ ਗੁਰਦਾਸ ਜੀ ਦੁਆਰਾ ਸਾਰੀ ਬਾਣੀ ਨੂੰ ਰਾਗਾਂ ਅਨੁਸਾਰ, ਗਰੰਥ ਸਾਹਿਬ ਦੀ ਬੀੜ ਨੂੰ ਤਿਆਰ ਕਰਵਾਅ ਕੇ ਦਰਬਾਰ ਸਾਹਿਬ ਵਿਖੇ ੧੬ ਅਗੱਸਤ ੧੬੦੪ ਨੂੰ ਪ੍ਰਕਾਸ਼ ਕੀਤਾ। ਇਸ ਤੋਂ ਓਪ੍ਰੰਤ, ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਨੂੰ ਅੰਕਤਿ ਕੀਤਾ ਗਿਆ ਅਤੇ ਫਿਰ ਆਪਣੇ ਆਖੀਰਲੇ ਸੁਆਸਾਂ ਤੋਂ ਪਹਿਲਾਂ (੭ ਅਕਤੂਬਰ ੧੭੦੮), ਗੁਰੂ ਗੋਬਿੰਦ ਸਿੰਘ ਸਾਹਿਬ ਨੇ ਫਰਮਾਨ ਕੀਤਾ:

“ਸੱਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨੀਓ ਗਰੰਥ”। ਪਿਛਲੇ (੩੦੦) ਸਾਲਾਂ ਤੋਂ ਸਾਰੇ ਸਿੱਖ “ਗੁਰੂ ਗਰੰਥ ਸਾਹਿਬ” ਦੇ ਓਪਦੇਸ਼ਾਂ ਅਨੁਸਾਰ ਹੀ ਆਪਣਾ ਜੀਵਨ ਬਤੀਤ ਕਰਦੇ ਆ ਰਹੇ ਹਨ, ਭਾਵੇਂ ਬੇਅੰਤ ਕਠਨਾਈਆਂ ਦਾ ਸਾਮ੍ਹਣਾ ਕਰਨਾ ਪਿਆ। ਪਰ, ਪਿਛਲੇ ਕਈ ਸਾਲਾਂ ਤੋਂ ਇੰਜ ਪ੍ਰਤੀਤ ਹੋ ਰਿਹਾ ਜਿਵੇਂ ਸਿੱਖ ਕੌਮ ਗੁਰੂ ਗਰੰਥ ਸਾਹਿਬ ਦੇ ਓਪਦੇਸ਼ਾਂ ਨੂੰ ਬਿਲਕੁਲ ਹੀ ਭੁੱਲ ਗਈ ਹੈ, ਜਿਸ ਕਰਕੇ ਗਿਰਾਵਟ ਦਾ ਹੀ ਮਾਹੌਲ ਨਜ਼ਰ ਆ ਰਿਹਾ ਹੈ!

ਐਸੀ ਹਾਲਤ ਦੇ ਦੋ ਮੋਟੇ ਕਾਰਣ ਦੇਖਣ ਨੂੰ ਮਿਲਦੇ ਹਨ: (੧) ਕੀ ਅਸੀਂ ਗੁਰੂ ਗਰੰਥ ਸਾਹਿਬ ਦੇ ਇਲਾਹੀ ਓੁਪਦੇਸ਼ਾਂ ਨੂੰ ਭੁੱਲ ਗਏ ਹਾਂ? (੨) ਕੀ ਇਲੈਕਸ਼ਨਾਂ ਦੇ ਚੱਕਰ ਵਿੱਚ ਪੈ ਕੇ, ਅਸੀਂ ਆਪਣੇ ਹੀ ਭੈਣ-ਭਰਾਵਾਂ ਦੇ ਵੈਰੀ ਨਹੀਂ ਬਣ ਗਏ? ਆਓ, ਇਸ ਬਾਰੇ ਕੁੱਝ ਪੜਚੋਲ ਕਰ ਲਈਏ ਤਾਂਜੋ ਅਸੀਂ ਸਿੱਖ ਮਾਰਗ ਦੇ ਸੱਚੇ ਪਾਂਧੀ ਬਣ ਸਕੀਏ:

“ਗੁਰਦੁਆਰਾ ਸੁਧਾਰ ਲਹਿਰ” ਸਮੇਂ, ੧੫-੧੬ ਨਵੰਬਰ ੧੯੨੦ ਨੂੰ ਸ਼੍ਰੋਮਣੀ ਕਮੇਟੀ ਦੀ ਸਥਾਪਨਾ ਕੀਤੀ ਗਈ। ਇਸ ਪ੍ਰਥਾਏ, ਉਸ ਸਮੇਂ ਦੀ ਸਰਕਾਰ ਨੇ “ਸਿੱਖ ਗੁਰਦੁਆਰਾ ਐਕਟ ੧੯੨੫” ਪਾਸ ਕੀਤਾ ਤਾਂ ਜੋ ਸ਼੍ਰਮੋਣੀ ਕਮੇਟੀ ਸਾਰੇ ਇਤਹਾਸਕ ਗੁਰਦੁਆਰਿਆਂ ਦਾ ਪ੍ਰਬੰਧ ਅਤੇ ਗੁਰੂ ਗਰੰਥ ਸਾਹਿਬ ਵਿੱਚ ਅੰਕਤਿ ਬਾਣੀ ਦਾ ਪ੍ਰਚਾਰ ਕਰ ਸਕੇ। ੧੯੪੭ ਦੇ ਬਟਵਾਰੇ ਅਤੇ ਪੰਜਾਬ ਰੀ-ਓਰਗਾਈਨੇਸ਼ਨ ਐਕਟ ੧੯੬੬ ਤੋਂ ਬਾਅਦ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਧਿਕਾਰ ਖੇਤਰ “ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਯੂਨੀਅਨ ਟੈਰੀਟਰੀ” ਵਿਖੇ ਹੀ ਸੀਮਤ ਹੈ।

“ਸਿੱਖ ਰਹਿਤ ਮਰਯਾਦਾ” ਦੇ ਪਹਿਲੇ ਪੰਨੇ ਵਿਖੇ ਸਿੱਖਾਂ ਨੂੰ ਜਾਣਕਾਰੀ ਇੰਜ ਦਿੱਤੀ ਹੋਈ ਹੈ:

ਸ਼੍ਰਮੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ‘ਰਹੁ-ਰੀਤ ਸਬ-ਕਮੇਟੀ’ ਵਲੋਂ ਰਹੁ-ਰੀਤ ਦੇ ਖਰੜੇ ਦੀ ਪ੍ਰਵਾਨਗੀ ‘ਸਰਬ-ਹਿੰਦ ਸਿੱਖ ਮਿਸ਼ਨ ਬੋਰਡ, ਨੇ ਆਪਣੇ ਮਤਾ ਨੰਬਰ ੧, ਮਿਤੀ ੧-੮-੩੬ ਰਾਹੀਂ ਅਤੇ ਸ਼੍ਰੋਮਣੀ ਗੁ: ਪ੍ਰ: ਕਮੇਟੀ ਨੇ ਆਪਣੇ ਮਤਾ ਨੰਬਰ ੧੪, ਮਿਤੀ ੧੨-੧੦-੩੬ ਦੁਆਰਾ ਦਿੱਤੀ ਅਤੇ ਮੁੜ ਸ਼੍ਰੋਮਣੀ ਗੁ: ਪ੍ਰ: ਕਮੇਟੀ ਦੀ ‘ਧਾਰਮਿਕ ਸਲਾਹਕਾਰ ਕਮੇਟੀ’ ਨੇ ਆਪਣੀ ਇਕੱਤਰਤਾ ਮਿਤੀ ੭-੧-੪੫ ਵਿਖੇ ਇਸ ਨੂੰ ਵਿਚਾਰ ਕੇ ਇਸ ਵਿੱਚ ਕੁੱਝ ਵਾਧੇ ਘਾਟੇ ਕਰਨ ਦੀ ਸਿਫਾਰਿਸ਼ ਕੀਤੀ। ਧਾਰਮਿਕ ਸਲਾਹਕਾਰ ਕਮੇਟੀ ਦੀ ਇਸ ਇਕੱਤਰਤਾ `ਚ ਹੇਠ ਲਿਖੇ ਸੱਜਣ ਹਾਜ਼ਰ ਸਨ:-

1. ਸਿੰਘ ਸਾਹਿਬ ਜਥੇਦਾਰ ਮੋਹਨ ਸਿੰਘ ਜੀ, ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ।

2. ਭਾਈ ਸਾਹਿਬ ਭਾਈ ਅੱਛਰ ਸਿੰਘ ਜੀ, ਹੈੱਡ ਗਰੰਥੀ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ।

3. ਪ੍ਰੋ: ਤੇਜਾ ਸਿੰਘ ਜੀ ਐਮ. ਏ. ਖਾਲਸਾ ਕਾਲਜ, ਅੰਮ੍ਰਿਤਸਰ।

4. ਪ੍ਰੋ: ਗੰਗਾ ਸਿੰਘ ਜੀ, ਪ੍ਰਿੰਸੀਪਲ, ਸ਼ਹੀਦ ਸਿੱਖ ਮਿਸ਼ਨਰੀ ਕਾਲਜ, ਅੰਮ੍ਰਿਤਸਰ।

5. ਗਿਆਨੀ ਲਾਲ ਸਿੰਘ ਜੀ ਐਮ. ਏ. , ਪ੍ਰੋਫੈਸਰ, ਸ਼ਹੀਦ ਸਿੱਖ ਮਿਸ਼ਨਰੀ ਕਾਲਜ, ਅੰਮ੍ਰਿਤਸਰ।

6. ਪ੍ਰੋ: ਸ਼ੇਰ ਸਿੰਘ ਜੀ ਐਮ. ਐਸ. ਸੀ. , ਗੌਰਮਿੰਟ ਕਾਲਜ, ਲੁਧਿਆਣਾ।

7. ਬਾਵਾ ਪ੍ਰੇਮ ਸਿੰਘ ਜੀ ਹੋਤੀ, (ਪ੍ਰਸਿੱਧ ਹਿਸਟੋਰੀਅਨ)।

8. ਗਿਆਨੀ ਬਾਦਲ ਸਿੰਘ ਜੀ, ਇਨਚਾਰਜ ਸਿੱਖ ਮਿਸ਼ਨ, ਹਾਪੜ।

ਧਾਰਮਿਕ ਸਲਾਹਕਾਰ ਕਮੇਟੀ ਦੀ ਸਿਫਾਰਿਸ਼ ਅਨੁਸਾਰ ਇਸ ਵਿੱਚ ਵਾਧਾ ਘਾਟਾ ਕਰਨ ਦੀ ਪ੍ਰਵਾਨਗੀ ਸ਼੍ਰੋਮਣੀ ਗੁ: ਪ੍ਰ: ਕਮੇਟੀ ਨੇ ਆਪਣੀ ਇਕੱਤ੍ਰਤਾ ਮਿਤੀ ੩-੨-੪੫ ਦੇ ਮਤਾ ਨੰਬਰ ੯੭ ਰਾਹੀਂ ਦਿੱਤੀ।

{੧੯੩੬ ਸਮੇਂ ਮਾਸਟਰ ਤਾਰਾ ਸਿੰਘ ਜੀ ਅਤੇ ੧੯੪੫ ਸਮੇਂ ਜਥੇਦਾਰ ਮੋਹਨ ਸਿੰਘ ਜੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਨ। ਸਿੱਖ ਰਹਿਤ ਮਰਯਾਦਾ ਦੇ ਕਈ ਪੁਰਾਣੇ ਅੰਕ Website: www.Panjabdigilib.org

ਨੂੰ ਕਲਿਕ ਕਰਕੇ ਪੜ੍ਹੇ ਜਾ ਸਕਦੇ ਹਨ}

ਕੀ ਇਸ ਦਾ ਸਿਰਲੇਖ “ਸਿੱਖ ਰਹਿਤ ਮਰਯਾਦਾ” ਗੁਰਬਾਣੀ ਅਨੁਸਾਰ ਠੀਕ ਹੈ?

ਗੁਰੂ ਗਰੰਥ ਸਾਹਿਬ ਪੰਨਾ ੨੬੯: ਰਹਤ ਅਵਰ ਕਛੁ ਅਵਰ ਕਮਾਵਤ॥ …. ਉਪਾਵ ਸਿਆਨਪ ਸਗਲ ਤੇ ਰਹਤ॥

ਸਭੁ ਕਛੁ ਜਾਨੈ ਆਤਮ ਕੀ ਰਹਤ॥ ਪੰਨਾ ੮੩੧: ਸਾਚੀ ਰਹਤ ਸਾਚਾ ਮਨਿ ਸੋਈਮਨਮੁਖ ਕਥਨੀ ਹੈ ਪਰੁ ਰਹਤ ਨ ਹੋਈ॥ (ਇੰਜ ਹੋਰ ਭੀ ਪੰਨੇ ਦੇਖੋ: ੨੫੯, ੨੮੩, ੩੯੨, ੧੨੧੫, ਆਦਿਕ)। “ਰਹਤ” ਹੀ ਠੀਕ ਜਾਪਦਾ ਹੈ!

੧੯੩੬, ੧੯੫੪ ਦੇ ਛਾਪੇ “ੴ ਸਤਿਗੁਰ ਪ੍ਰਸਾਦਿ” ਤੋਂ ਆਰੰਭ ਹੁੰਦੇ ਹਨ, ਪਰ ਪਤਾ ਨਹੀਂ ਇਸ ਗੁਰਬਾਣੀ ਸ਼ਬਦ ਨੂੰ ਕਦੋਂ ਤੇ ਕਿਉਂ ਬਦਲ ਦਿੱਤਾ ਗਿਆ? ਜਿਵੇਂ ਕਿ ਹੁਣ ਦੇਖਿਆ ਜਾਂਦਾ ਹੈ: “ੴ ਵਾਹਿਗੁਰੂ ਜੀ ਕੀ ਫਤਹ” ? “ਫਤਹ” ਭੀ ਠੀਕ ਨਹੀਂ ਲਿਖੀ ਗਈ। ਦੇਖੋ ਪੰਨਾ ੨੫੮: ਫਾਹੇ ਕਾਟੇ ਮਿਟੇ ਗਵਨ ਫਤਿਹ ਭਈ ਮਨਿ ਜੀਤ॥

ਨਾਮ ਬਾਣੀ ਦਾ ਅਭਿਆਸ

ਗੁਰੂ ਨਾਨਕ ਸਾਹਿਬ ਦੀਆਂ ਪ੍ਰਚਾਰ ਫੇਰੀਆਂ ਸਮੇਂ ਹੀ ਸਿੱਖ ਗੁਰਬਾਣੀ ਦਾ ਸਿਮਰਨ ਕਰਦੇ ਆ ਰਹੇ ਹਨ ਅਤੇ ਇਵੇਂ ਹੀ ਸਾਰੇ ਗੁਰੂ-ਕਾਲ ਸਮੇਂ ਹੁੰਦਾ ਆ ਰਿਹਾ ਹੈ। ਪਰ, ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਪੰਜ ਪਿਆਰਿਆਂ ਦੀ ਅਨੰਦਪੁਰ ਸਾਹਿਬ ਵਿਖੇ ੩੦ ਮਾਰਚ ੧੬੯੯ ਨੂੰ ਚੋਣ ਕੀਤੀ ਅਤੇ ਉਨ੍ਹਾਂ ਨੂੰ ਖੰਡੇ ਦੀ ਪਾਹੁਲ ਬਖਸ਼ੀ, ਕਿਸੇ ਭੀ ਇਤਹਾਸਕਾਰ ਨੇ ਇਹ ਜਾਣਕਾਰੀ ਨਹੀਂ ਦਿੱਤੀ ਕਿ ਕਿਹੜੀਆਂ ਬਾਣੀਆਂ ਪੜ੍ਹੀਆਂ ਗਈਆਂ ਸਨ ਜਾਂ ਕਿਹੜੀਆਂ ਬਾਣੀਆਂ ਨਿੱਤ-ਨੇਮ ਲਈ ਹੁਕਮ ਕੀਤਾ ਸੀ? ੧੯੨੦ ਤੋਂ ਪਹਿਲਾਂ ਕਿਸੇ ਛਪੀ ਕਿਤਾਬ ਦਾ Original Print ਹੋਵੇ ਤਾਂ ਸਹੀ ਜਾਣਕਾਰੀ ਪਰਾਪਤ ਹੋ ਸਕਦੀ ਹੈ! ਜਦੋਂ ਅਸੀਂ ਗੁਰੂ ਗਰੰਥ ਸਾਹਿਬ ਦੀ ਸੰਮਪਾਦਨਾ ਨੂੰ ਵਾਚਦੇ ਹਾਂ ਤਾਂ ਇੰਜ ਜਾਪਦਾ ਹੈ ਕਿ ਨਿੱਤ-ਨੇਮ ਦੀਆਂ ਬਾਣੀਆਂ ਗੁਰੂ ਗਰੰਥ ਸਾਹਿਬ ਦੇ ਪਹਿਲੇ ਪੰਨਿਆਂ ੧ ਤੋਂ ੧੩ ਵਿਖੇ ਅੰਕਤਿ ਕੀਤੀਆ ਹੋਈਆਂ ਹਨ: “ਜਪੁ ਜੀ ਸਾਹਿਬ, ਸੋ ਦਰੁ-ਰਹਿਰਾਸ ਅਤੇ ਸੋਹਿਲਾ”॥ ਸ਼੍ਰੋਮਣੀ ਕਮੇਟੀ ਨੇ ਕੋਈ ਜਾਣਕਾਰੀ ਨਹੀਂ ਦਿੱਤੀ ਹੋਈ ਕਿ “ਜਾਪ, ੧੦ ਸਵੱਯੇ, ਬੇਨਤੀ ਚੌਪਈ, ਅਨੰਦ ਦੀਆਂ ਛੇ ਪਉੜੀਆਂ, ਦੋਹਰਾ, ਮੁੰਦਾਵਣੀ ਆਦਿਕ” ਦੀ ਕਿਵੇਂ ਚੋਣ ਕੀਤੀ ਗਈ ਸੀ, ਜਦੋਂ ਕਿ ਪਹਿਲੇ ਛਪੇ ਹੁਕਮਨਾਮਿਆਂ ਵਿੱਚ ਐਸੀ ਕੋਈ ਇੱਕ ਸਾਰਤਾ ਨਹੀਂ ਮਿਲਦੀ?

ਅਰਦਾਸਿ

ਗੁਰਬਾਣੀ ਅਨੁਸਾਰ ‘ਅਰਦਾਸ’ ਨੂੰ “ਅਰਦਾਸਿ” ਲਿਖਣਾ ਹੀ ਠੀਕ ਹੈ ਜਿਵੇਂ ਦੇਖੋ ਪੰਨੇ ੨੬੮, ੩੯੫, ੫੪੭, ੫੭੧, ੬੨੭, ੭੪੯, ੮੧੮, ੧੦੯੭, ੧੨੫੧, ਆਦਿਕ।

‘ਫੁਟਨੋਟ’ ਦੁਆਰਾ ਹੁਕਮ ਕੀਤਾ ਹੋਇਆ ਹੈ: ਇਹ ਅਰਦਾਸ ਦਾ ਨਮੂਨਾ ਹੈ। “ਪ੍ਰਿਥਮ ਭਗੌਤੀ” ਵਾਲੇ ਸ਼ਬਦ ਅਤੇ ‘ਨਾਨਕ ਨਾਮ’ ਵਾਲੀਆਂ ਅੰਤਲੀਆਂ ਦੋ ਤੁਕਾਂ ਵਿੱਚ ਕੋਈ ਤਬਦੀਲੀ ਨਹੀਂ ਹੋ ਸਕਦੀ।

(੧) ਗੁਰਬਾਣੀ ਅਨੁਸਾਰ “ਭਗਉਤੀ ਜਾਂ ਭਗੌਤੀ” ਨੂੰ ਅਕਾਲ ਪੁਰਖ/ਵਾਹਿਗੁਰੂ ਨਹੀਂ ਕਿਹਾ ਜਾ ਸਕਦਾ। ਇਸ ਪ੍ਰਥਾਏ ਦੇਖੋ ਸ਼ਬਦ: ਪੰਨੇ ੭੧, ੮੮, ੨੭੪, ੯੧੨, ੧੩੪੭-੧੩੪੮। ਇਵੇਂ ਹੀ “ੴ ਵਾਹਿਗੁਰੂ ਜੀ ਕੀ ਫਤਹ” ਗੁਰੂ ਗਰੰਥ ਸਾਹਿਬ ਵਿੱਚ ਨਹੀਂ ਦਰਸਾਇਆ ਹੋਇਆ। ਇਸ ਲਈ, ਸਿੱਖ ਅਰਦਾਸਿ, ਅਰੰਭਕ ਸ਼ਬਦ ਤੋਂ ਹੀ ਸ਼ੁਰੂ ਹੋਣੀ ਚਾਹੀਦੀ ਹੈ: “ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ”॥

(੨) “ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ”। ਇਹ ਤੁੱਕ ਗੁਰੂ ਗਰੰਥ ਸਾਹਿਬ ਵਿੱਚ ਅੰਕਤਿ ਹੀ ਨਹੀਂ? ਗੁਰੂ ਸਾਹਿਬਾਨ ਤੋਂ ਇਲਾਵਾ ਹੋਰ ਕੋਈ ਪ੍ਰਾਣੀ “ਨਾਨਕ” ਦੀ ਵਰਤੋਂ ਨਹੀਂ ਕਰ ਸਕਦਾ! ਜਿਵੇਂ ਗੁਰਬਾਣੀ ਦੇ ਇੱਕ ਲਫਜ਼ “ਮਿਟੀ ਮੁਸਲਮਾਨ ਕੀ” (ਪੰਨਾ ੪੬੬) ਨੂੰ ‘ਮਿਟੀ ਬੇਈਮਾਨ ਕੀ’ ਬਦਲਣ ਕਰਕੇ, ਗੁਰੂ ਹਰਿ ਰਾਏ ਸਾਹਿਬ ਨੇ ‘ਰਾਮਰਾਏ’ ਨੂੰ ਮੂੰਹ ਨਹੀਂ ਲਾਇਆ। ਇਵੇਂ ਹੀ ਜਿਸ ਨੇ ਐਸਾ ਕੁਫਰ ਕੀਤਾ, ਉਸ ਨੂੰ ਮੁਆਫੀ ਮੰਗਣੀ ਚਾਹੀਦੀ ਹੈ।

(੩) ੧੯੩੬, ੧੯੫੪ ਨੂੰ ਛਪੀ ਸਿੱਖ ਰਹਤ ਮਰਯਾਦਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਛਪੇ ਸੁੰਦਰ ਗੁਟਕੇ, ਨਿਤਨੇਮ ਤੇ ਹੋਰ ਬਾਣੀਆਂ ਦੇ ਗੁਟਕਿਆਂ ਅਨੁਸਾਰ ਗੁਰੂ ਸਾਹਿਬ ਦਾ ਨਾਮ “ਹਰਿਕਿਸ਼ਨ” ਹੀ ਲਿਖਿਆ ਹੋਇਆ ਹੈ। ਪਰ ਪਤਾ ਨਹੀਂ ਹੁਣ ਦੀਆਂ ਛਪੀਆਂ ਸਿੱਖ ਰਹਤ ਮਰਯਾਦਾ ਵਿਖੇ ‘ਹਰਿਕ੍ਰਿਸ਼ਨ” ਕਿਉਂ ਛਾਪਿਆ ਜਾ ਰਿਹਾ ਹੈ? {ਗੁਰੂ ਸਾਹਿਬ ਦੇ ਪਿਤਾ ਦਾ ਨਾਮ: ਗੁਰੂ ਹਰਿ ਰਾਏ ਸਾਹਿਬ ਅਤੇ ਮਾਤਾ ਦਾ ਨਾਮ: ਮਾਤਾ ਕਿਸ਼ਨ ਕੌਰ}

(੪) ਅਰਦਾਸਿ ਵਿੱਚ ਇਹ ਭੀ ਲਿਖਿਆ ਹੋਇਆ ਹੈ: “ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿਠੈ ਸਭਿ ਦੁਖਿ ਜਾਇ”।

ਪਰ, ਗੁਰਬਾਣੀ (ਪੰਨਾ ੫੯੪) ਸਾਨੂੰ ਓਪਦੇਸ਼ ਕਰਦੀ ਹੈ: “ਸਤਿਗੁਰ ਨੋ ਸਭੁ ਕੋ ਵੇਖਦਾ ਜੇਤਾ ਜਗਤੁ ਸੰਸਾਰੁ॥ ਡਿਠੈ ਮੁਕਿਤ ਨ ਹੋਵਈ ਜਿਚਰੁ ਸਬਦਿ ਨ ਕਰੇ ਵੀਚਾਰੁ”॥

(੫) ਅਗੇ ਦੇਖੋ: “ਤੇਗ ਬਹਾਦਰ ਸਿਮਰਿਐ ਘਰ ਨਉ ਨਿਧਿ ਆਵੈ ਧਾਇ”। ਪਰ, ਗੁਰਬਾਣੀ ਸਾਨੂੰ ਸੇਧ ਦਿੰਦੀ ਹੈ: (ਪੰਨਾ ੯੭) “ਤੂੰ ਸਾਝਾ ਸਾਹਿਬੁ ਬਾਪੁ ਹਮਾਰਾ॥ ਨਉ ਨਿਧਿ ਤੇਰੈ ਅਖੁਟ ਭੰਡਾਰਾ”॥ (ਪੰਨਾ ੧੦੧੮) “ਨਉ ਨਿਧਿ ਰਿਧਿ ਸਿਧਿ ਪਾਈ ਜੋ ਤੁਮਰੈ ਮਨਿ ਭਾਵਨਾ”॥ (ਹੋਰ ਸ਼ਬਦ: ਪੰਨੇ ੧੯, ੭੩, ੧੦੭, ੧੨੨, ੨੦੫, ੨੪੧, ੨੯੩, ੩੭੨, ੩੭੬, ੫੧੮, ੫੭੭, ੯੫੯, ੯੬੭, ੧੦੫੭, ੧੧੦੫,. .)

(੬) ‘ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ’ ਬਾਰੇ: ੩੦ ਮਾਰਚ ੧੬੯੯ ਓਪ੍ਰੰਤ, ਸਿੱਖ ਲੜਕੇ/ਲੜਕੀ (ਪੁਰਸ਼/ਇਸਤ੍ਰੀ) ਨੂੰ “ਸਿੰਘ ਜਾਂ ਕੌਰ” ਨਾਲ ਸੰਬੋਧਨ ਕੀਤਾ ਜਾਂਦਾ ਹੈ। ਇਸ ਲਈ “ਜਿਨ੍ਹਾਂ ਸਿੱਖਾਂ ਨੇ” ਸ਼ਬਦਾਵਲੀ ਠੀਕ ਜਾਪਦੀ ਹੈ।

(੭) ‘ਪੰਜਾਂ ਤਖਤਾਂ’ ਬਾਰੇ, ਗੁਰਬਾਣੀ ਦੀ ਕਸਵੱਟੀ ਅਨੁਸਾਰ ਲੇਖ: “ਗੁਰੂ ਗਰੰਥ ਸਾਹਿਬ ਅਨੁਸਾਰ ਅਕਾਲ ਤਖ਼ਤ ਦੀ ਹੋਂਦ” ਪੜ੍ਹਣ ਦੀ ਕ੍ਰਿਪਾਲਤਾ ਕਰਨੀ ਜੀ। ‘ਅਕਾਲ ਤਖਤ’ ਦੀ ਸਥਾਪਨਾ ਬਾਰੇ ਭਾਈ ਗੁਰਦਾਸ ਦੀਆਂ ਵਾਰਾਂ ਵਿੱਚ ਭੀ ਕੋਈ ਵੇਰਵਾ ਨਹੀਂ ਮਿਲਦਾ। ਇਸ ਪ੍ਰਥਾਏ ਜੇ ਹੋਰ ਕੋਈ ਸ਼ੰਕਾ ਹੋਵੇ ਤਾਂ ਮਾਹਾਰਾਜਾ ਰਣਜੀਤ ਸਿੰਘ ਦੇ ‘ਤਖ਼ਤ’ ਨੂੰ ਲੰਡਨ ਦੇ ਅਜਾਇਬ ਘਰ ਵਿਖੇ ਦੇਖਿਆ ਜਾ ਸਕਦਾ ਹੈ!

(੮) ‘ਨਨਕਾਣਾ ਸਾਹਿਬ’ ਨੂੰ ਸਦਾ ਯਾਦ ਕਰਨਾ ਚਾਹੀਦਾ ਹੈ, ਪਰ ਇਸ ਬਾਰੇ ਜੇ ਸਿੱਖ ਲੀਡਰਾਂ ਨੇ ੧੯੪੭ ਸਮੇਂ ਕੋਈ ਉਚੇਚੀ ਘਾਲਣਾ ਕੀਤੀ ਹੁੰਦੀ ਤਾਂ “ਨਨਕਾਣਾ ਸਾਹਿਬ ਅਤੇ ਲਾਹੌਰ” ਸਿੱਖਾਂ ਦਾ ਆਜ਼ਾਦ ਦੇਸ਼ ਹੁੰਦਾ? ਸਾਰੀ ਦੁਨੀਆ ਤੋਂ ਹਰ ਸਿੱਖ “VISA” ਪ੍ਰਾਪਤ ਕਰਕੇ ਦਰਸ਼ਨ ਕਰ ਸਕਦਾ ਹੈ। ਇਵੇਂ ਹੀ ਵਿਦੇਸ਼ਾਂ ਵਿਖੇ ਰਹਿੰਦੇ ਸਿੱਖਾਂ ਨੂੰ ‘ਦਰਬਾਰ ਸਾਹਿਬ’ ਅਤੇ ਹਿੰਦੋਸਤਾਨ ਦੇ ਹੋਰ ਗੁਰਦੁਆਰਿਆਂ ਦੇ ਦਰਸ਼ਨ ਕਰਨ ਲਈ ਭੀ “VISA” ਲੈਣਾ ਪੈਂਦਾ ਹੈ।

ਕਈ ਸਿੱਖਾਂ ਨੂੰ ਤਾਂ ਗੁਰੂ ਸਾਹਿਬਾਨ ਦੇ ਠੀਕ ਨਾਮ ਭੀ ਚੇਤੇ ਨਹੀਂ: “ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ ਸਾਹਿਬ, ਗੁਰੂ ਰਾਮਦਾਸ ਸਾਹਿਬ, ਗੁਰੂ ਅਰਜਨ ਸਾਹਿਬ, ਗੁਰੂ ਹਰਿਗੋਬਿੰਦ ਸਾਹਿਬ, ਗੁਰੂ ਹਰਿ ਰਾਏ ਸਾਹਿਬ, ਗੁਰੂ ਹਰਿ ਕਿਸ਼ਨ ਸਾਹਿਬ, ਗੁਰੂ ਤੇਗ ਬਹਾਦਰ ਸਾਹਿਬ, ਗੁਰੂ ਗੋਬਿੰਦ ਸਿੰਘ ਸਾਹਿਬ ਅਤੇ ਗੁਰੂ ਗਰੰਥ ਸਾਹਿਬ”।

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ

{ਚਲਦਾ}

ਗੁਰਮੀਤ ਸਿੰਘ (ਸਿੱਡਨੀ, ਅਸਟ੍ਰੇਲੀਆ)




.