.

ਸ਼ਨੀ ਅਤੇ ਸਿੱਖਾਂ ਵਿੱਚ ਸ਼ਨੀ ਪੂਜਾ

ਸਤਿੰਦਰਜੀਤ ਸਿੰਘ

ਸਾਡੇ ਸਮਾਜ ਉੱਪਰ ਚਾਲਾਕ ਅਤੇ ਵਿਹਲੜ ਲੋਕਾਂ ਨੇ ਆਪਣੀਆਂ ਜ਼ਰੂਰਤਾਂ ਦੀ ਪੂਰਤੀ ਲਈ ਐਸਾ ਭਰਮ-ਜਾਲ ਬੁਣਿਆ ਹੈ ਕਿ ਇਹ ਜ਼ਿੰਦਗੀ ਦਾ ਇੱਕ ਹਿੱਸਾ ਹੀ ਪ੍ਰਤੀਤ ਹੁੰਦਾ ਹੈ। ਇਸ ਅੰਧ-ਵਿਸ਼ਵਾਸ਼ ਦੇ ਜਾਲ ਵਿੱਚ ਲੋਕ ਇਸ ਕਦਰ ਫਸ ਚੁੱਕੇ ਹਨ ਕਿ ਉਹਨਾਂ ਨੂੰ ਇਸ ਜਾਲ ਦੀਆਂ ਰੱਸੀਆਂ ‘ਵੱਢਣ’ ਵਾਲਾ ਨਾਸਤਿਕ ਜਾਂ ਬੇਵਕੂਫ ਤੋਂ ਵੱਧ ਕੁਝ ਨਹੀਂ ਲਗਦਾ। ਸਿੱਖ ਧਰਮ ਦੀ ਬੁਨਿਆਦ ਗੁਰੂ ਨਾਨਕ ਸਾਹਿਬ ਨੇ ਨਿਰੋਲ ਸੱਚ ‘ਤੇ ਰੱਖੀ ਹੈ ਪਰ ਅੱਜ ਉਹਨਾਂ ਦੇ ਪੈਰੋਕਾਰ ਸਿੱਖ ਦੁਨੀਆਂ ਦੇ ਬਿਹਤਰੀਨ ਅਤੇ ਮਜ਼ਬੂਤ ‘ਆਧਾਰ’ ‘ਤੇ ਟਿਕੀ ਬੁਨਿਆਦ ਦੇ ਮਾਲਕ ਹੋਣ ਦੇ ਬਾਵਜੂਦ ਵੀ ਡੋਲ ਰਹੇ ਹਨ। ਬਿਪਰਵਾਦੀ ਸ਼ਕਤੀਆਂ ਨੇ ਇਸ ਮਜ਼ਬੂਤ ਨੀਂਹ ਨੂੰ ਖੋਰਾ ਲਾਉਣ ਦੇ ਮਨਸੂਬੇ ਨੂੰ ਬਹੁਤ ਹੀ ਸੂਖਮ ਰੂਪ ਵਿੱਚ ਪੂਰਾ ਕਰਨਾ ਸ਼ੁਰੂ ਕੀਤਾ ਹੈ। ਬਿਪਰ ਨੇ ਸਿੱਖਾਂ ਨੂੰ ‘ਕਰਤੇ’ ਦੀ ਬਜਾਏ ‘ਕਿਰਤ’ ਦੇ ਪੁਜਾਰੀ ਬਣਾ ਸਿੱਖਾਂ ਦਾ ਵਿਸ਼ਵਾਸ਼ ਸ਼ਬਦ ਗੁਰੂ, ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਤੋਂ ਹਿਲਾ ਕੇ ਉਸ ਸਰਬਸ਼ਕਤੀਮਾਨ ਪ੍ਰਮਾਤਮਾ ਦੇ ਭੈ ਵਿੱਚ ਵਿਚਰ ਰਹੀਆਂ ਵਸਤੂਆਂ ਦੀ ਮਿਹਰ ‘ਤੇ ਟਿਕਾ ਦਿੱਤਾ ਹੈ। ‘ਸਿੱਖ-ਹਿੰਦੂ’ ਏਕਤਾ ਨੂੰ ਇਸ ਕਦਰ ਮਜ਼ਬੂਤੀ ਮਿਲੀ ਹੈ ਕਿ ਹੁਣ ਸਿੱਖ ਹਰ ਬਿਪਰਵਾਦੀ ਤਿਉਹਾਰ ਨੂੰ ਹਿੰਦੂਆਂ ਨਾਲੋਂ ਵੀ ਵੱਧ ਚੜ੍ਹ ਕੇ ਮਨਾਉਂਦੇ ਹਨ। ਗੱਲ ਵਰਤਾਂ ਦੀ ਹੋਵੇ ਭਾਵੇਂ ਸ਼ਰਾਧਾਂ ਦੀ ਬਿਪਰ ਅਜੇ ਘਰ ਬੈਠਾ ਹੁੰਦਾ ਹੈ ਪਰ ਸਿੱਖ ਪੰਡਿਤ ਤੋਂ ਕਹਾਣੀ ਸੁਣ ਕੇ ਮੁੜਨ ਦੀ ਕਾਹਲ ਵਿੱਚ ਹੁੰਦਾ ਹੈ ਜਾਂ ਪਿੱਤਰਾਂ ਨੂੰ ਰੋਟੀ ਖਵਾ ਚੁੱਕਾ ਹੁੰਦਾ ਹੈ। ਇਹ ਸਭ ਦੇਖ ਕੇ ਬਿਪਰ ਨੂੰ ਜੋ ਖੁਸ਼ੀ ਮਿਲਦੀ ਹੋਵੇਗੀ, ਇਸ ਦਾ ਬਿਆਨ ਤਾਂ ਉਹ ਹੀ ਕਰ ਸਕਦਾ ਹੈ। ਸਿੱਖ ਭਰਮ-ਭੁਲੇਖਿਆਂ ਵਿੱਚ ਗਲਤਾਨ ਹੋ ਚੁੱਕੇ ਹਨ।

ਸਾਡਾ ਨਿਸ਼ਚਾ ਇੱਕੋ-ਇੱਕ ਪ੍ਰਮਾਤਮਾ ਤੋਂ ਹਟ ਗਿਆ ਹੈ, ਅਸੀਂ ਕਹਿੰਦੇ ਜਾਂ ਪੜ੍ਹਦੇ ਤਾਂ ਹਾਂ ‘ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ ॥ ਸਚਾ ਸਉਦਾ ਹਟੁ ਸਚੁ ਰਤਨੀ ਭਰੇ ਭੰਡਾਰ ॥ ਗੁਰ ਕਿਰਪਾ ਤੇ ਪਾਈਅਨਿ ਜੇ ਦੇਵੈ ਦੇਵਣਹਾਰੁ॥’ { ਮਹਲਾ ੩ ॥ ਪੰਨਾ 646} ਭਾਵ ਕਿ ਕੇਵਲ ਬਾਣੀ ਹੀ ਪ੍ਰਮਾਣੀਕ ਗੁਰੂ ਹੈ, ਗੁਰੂ ਦੇ ਸ਼ਬਦ ਨੂੰ ਹੀ ਵਿਚਾਰੋ, ਇਹੀ ਸਦਾ-ਥਿਰ ਰਹਿਣ ਵਾਲਾ ਸੌਦਾ ਹੈ, ਇਹੀ ਸੱਚਾ ਹੱਟ ਹੈ ਜਿਸ ਵਿੱਚ ਰਤਨਾਂ ਦੇ ਭੰਡਾਰੇ ਭਰੇ ਪਏ ਹਨ, ਜੇ ਦੇਣ ਵਾਲਾ ਪ੍ਰਮਾਤਮਾ ਦੇਵੇ ਬਖਸ਼ਿਸ਼ ਕਰੇ ਤਾਂ ਇਹ ਖ਼ਜ਼ਾਨੇ ਸਤਿਗੁਰੂ ਦੀ ਕਿਰਪਾ ਨਾਲ ਮਿਲਦੇ ਹਨ, ਪਰ ਅੱਜ ਇਸ ਨੂੰ ਮੰਨਦੇ ਨਹੀਂ। ਜਦੋਂ ਦੁੱਖ ਦੀ ਘੜੀ ਆਉਂਦੀ ਹੈ ਤਾਂ ਅਸੀਂ ਹਰ ਪਾਖੰਡ ਨੂੰ ਪੂਰਾ ਕਰਨ ਲਈ ਵਹੀਰਾਂ ਘੱਤ ਲੈਂਦੇ ਹਾਂ।

ਸਿੱਖ ਅੱਜ ਗੁਰੂ ਨਾਨਕ ਸਾਹਿਬ ਦੀ ਸਿੱਖਿਆ ‘ਕਰਨ ਕਰਾਵਨ ਤੁਹੀ ਏਕ ॥ ਜੀਅ ਜੰਤ ਕੀ ਤੁਹੀ ਟੇਕ ॥੧॥’ {ਪੰਨਾ 211} ਭਾਵ ਕਿ ਹੇ ਪ੍ਰਮਾਤਮਾ ਤੂੰ ਹੀ ਸਭ ਕਰਨ ਵਾਲਾ ਹੈਂ, ਸਾਰੇ ਜੀਵਾਂ ਦਾ ਸਹਾਰਾ ਬੱਸ ਤੂੰ ਹੀ ਹੈ ਹੋਰ ਕੋਈ ਨਹੀਂ, ਨੂੰ ਭੁਲਾਈ ਬੈਠੇ ਹਾਂ। ਗੁਰੂ ਨਾਨਕ ਦੇ ਘਰ ਤੋਂ ਉਸ ਸਰਬਸ਼ਕਤੀਮਾਨ ਅਤੇ ਇਸ ਸ੍ਰਿਸ਼ਟੀ ਦੇ ਕਰਤਾ-ਧਰਤਾ ਦੁਆਰਾ ਸੰਸਾਰ ਰਚਨਾ ਬਾਰੇ ਦੱਸਦੀ ਆਵਾਜ਼ ‘ਆਪੀਨ੍ਹ੍ਹੈ ਆਪੁ ਸਾਜਿਓ ਆਪੀਨ੍ਹ੍ਹੈ ਰਚਿਓ ਨਾਉ ॥ ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ ॥ ਦਾਤਾ ਕਰਤਾ ਆਪਿ ਤੂੰ ਤੁਸਿ ਦੇਵਹਿ ਕਰਹਿ ਪਸਾਉ ॥ ਤੂੰ ਜਾਣੋਈ ਸਭਸੈ ਦੇ ਲੈਸਹਿ ਜਿੰਦੁ ਕਵਾਉ ॥ ਕਰਿ ਆਸਣੁ ਡਿਠੋ ਚਾਉ ॥੧॥’{ਪੰਨਾ 463} ਭਾਵ ਉਸ ਪ੍ਰਮਾਤਮਾ ਨੇ ਆਪ ਹੀ ਆਪਣੇ-ਆਪ ਨੂੰ ਸਾਜਿਆ ਅਤੇ ਆਪ ਹੀ ਆਪਣਾ ਨਾਮਣਾ ਬਣਾਇਆ ਹੈ, ਫਿਰ ਉਸ ਨੇ ਕੁਦਰਤ ਰਚੀ ਅਤੇ ਉਸ ਵਿੱਚ ਆਸਣ ਜਮਾ ਕੇ, ਭਾਵ, ਕੁਦਰਤ ਵਿੱਚ ਵਿਆਪਕ ਹੋ ਕੇ, ਇਸ ਜਗਤ ਦਾ ਆਪ ਤਮਾਸ਼ਾ ਵੇਖਣ ਲੱਗ ਪਿਆ ਹੈ।

(ਹੇ ਪ੍ਰਭੂ!) ਤੂੰ ਆਪ ਹੀ (ਜੀਵਾਂ ਨੂੰ) ਦਾਤਾਂ ਦੇਣ ਵਾਲਾ ਹੈਂ ਅਤੇ ਆਪ ਹੀ (ਇਹਨਾਂ ਦੇ) ਸਾਜਣ ਵਾਲਾ ਹੈਂ। (ਤੂੰ ਆਪ ਹੀ ਤ੍ਰੁੱਠ ਕੇ (ਜੀਵਾਂ ਨੂੰ) ਦੇਂਦਾ ਹੈਂ ਅਤੇ ਬਖ਼ਸ਼ਸ਼ ਕਰਦਾ ਹੈਂ । ਤੂੰ ਸਭਨਾਂ ਜੀਆਂ ਦੀ ਜਾਣਨਹਾਰ ਹੈਂ। ਜਿੰਦ ਅਤੇ ਸਰੀਰ ਦੇ ਕੇ (ਤੂੰ ਆਪ ਹੀ) ਲੈ ਲਵੇਂਗਾ ਭਾਵ, ਤੂੰ ਆਪ ਹੀ ਜਿੰਦ ‘ਤੇ ਸਰੀਰ ਦੇਂਦਾ ਹੈਂ, ਆਪ ਹੀ ਮੁੜ ਲੈ ਲੈਂਦਾ ਹੈਂ। ਤੂੰ, ਕੁਦਰਤ ਵਿੱਚ ਆਸਣ ਜਮਾ ਕੇ ਤਮਾਸ਼ਾ ਵੇਖ ਰਿਹਾ ਹੈਂ, ਨੂੰ ਅਣਸੁਣਿਆ ਕਰਕੇ ਉਸਦੇ ਹੁਕਮ ਅੰਦਰ ਵਿਚਰ ਰਹੀ ਉਸਦੀ ਕਿਰਤ ਤੋਂ ਵਰ ਮੰਗਣ ਲੱਗੇ ਹਾਂ। ਜਿਸ ਮੂਰਤੀ ਪੂਜਾ ‘ਚੋਂ ਗੁਰੂ ਸਾਹਿਬ ਨੇ ਸਾਨੂੰ ‘ਜੋ ਪਾਥਰ ਕਉ ਕਹਤੇ ਦੇਵ॥ ਤਾ ਕੀ ਬਿਰਥਾ ਹੋਵੈ ਸੇਵ॥ {ਮਹਲਾ ੫ ॥, ਪੰਨਾ 1160} ਭਾਵ ਜੋ ਮਨੁੱਖ ਪੱਥਰ ਦੀ ਮੂਰਤੀ ਨੂੰ ਰੱਬ ਆਖਦੇ ਹਨ, ਉਹਨਾਂ ਦੀ ਕੀਤੀ ਸੇਵਾ ਵਿਅਰਥ ਜਾਂਦੀ ਹੈ ਅਤੇ ਜੋ ਪਾਥਰ ਕੀ ਪਾਂਈ ਪਾਇ ॥ ਤਿਸ ਕੀ ਘਾਲ ਅਜਾਂਈ ਜਾਇ ॥੧॥’ {ਮਹਲਾ ੫ ॥, ਪੰਨਾ 1160} ਭਾਵ ਜੋ ਮਨੁੱਖ ਪੱਥਰ ਦੀ ਮੂਰਤੀ ਦੇ ਪੈਰੀਂ ਪੈਂਦੇ ਹਨ, ਉਹਨਾਂ ਦੀ ਮਿਹਨਤ ਅਜਾਈਂ ਚਲੀ ਜਾਂਦੀ ਹੈ, ਸਮਝਾ ਕੇ ਕੱਢਿਆ ਸੀ ਅਸੀਂ ਫਿਰ ਉਸੇ ਮੂਰਤੀ ਦੇ ਪੈਰਾਂ ‘ਤੇ ਡਿੱਗ ਕੇ ਖੁਸ਼ੀਆਂ ਭਾਲਦੇ ਹਾਂ। ਬੇਜਾਨ ਪੱਥਰ ਨੂੰ ਰੱਬ ਬਣਾ ਕੇ ਅਸੀਂ ‘ਠਾਕੁਰੁ ਹਮਰਾ ਸਦ ਬੋਲੰਤਾ ॥ ਸਰਬ ਜੀਆ ਕਉ ਪ੍ਰਭੁ ਦਾਨੁ ਦੇਤਾ॥੧॥’ {ਮਹਲਾ ੫ ॥, ਪੰਨਾ 1160} ਭਾਵ ਕਿ ਸਾਡਾ ਪ੍ਰਭੂ ਤਾਂ ਸਦਾ ਬੋਲਦਾ ਹੈ ਅਤੇ ਸਭ ਜੀਵਾਂ ਨੂੰ ਦਾਤਾਂ ਦਾ ਹੈ, ਦੇ ਉਪਦੇਸ਼ ਤੋਂ ਮੂੰਹ ਵੱਟ ਲਿਆ ਹੈ। ਜਿੱਥੇ ਲੋਕਾਂ ਨੇ ਕੁੱਝ ਅਖੌਤੀ ਲੋਕਾਂ ਦੀਆਂ ਚਾਲਾਂ ਦਾ ਸ਼ਿਕਾਰ ਹੋ ਕੇ ਹਰ ਤਕਲੀਫ ਦੇਣ ਵਾਲੀ ਸ਼ੈਅ ਨੂੰ ‘ਰੱਬ’ ਬਣਾ ਲਿਆ ਉੱਥੇ ਹੀ ਕੁਝ ਕੁ ਕੁਦਰਤੀ ਨਿਯਮਾਂ ਅਧੀਨ ਚੱਲਣ ਵਾਲੀਆਂ ਖਗੋਲੀ ਵਸਤੂਆਂ ਵੀ ‘ਰੱਬ ਦਾ ਰੂਪ’ ਬਣ ਗਈਆਂ। ਪੁਲਾੜੀ ਵਸਤੂਆਂ ਵਿੱਚੋਂ ਜਿਸ ਨੂੰ ਸਭ ਤੋਂ ਵੱਧ ਮਾਣ-ਸਤਿਕਾਰ ਮਿਲਿਆ ਉਹ ਹੈ, ਸ਼ਨੀ ਗ੍ਰਹਿ। ਗੁਰੂ ਸਾਹਿਬ ਸਾਨੂੰ ਸਮਝਾ ਰਹੇ ਹਨ:

"ਭੈ ਵਿਚਿ ਪਵਣੁ ਵਹੈ ਸਦਵਾਉ ॥ ਭੈ ਵਿਚਿ ਚਲਹਿ ਲਖ ਦਰੀਆਉ ॥

ਭਾਵ ਹਵਾ ਸਦਾ ਹੀ ਰੱਬ ਦੇ ਡਰ (ਨਿਯਮ) ਵਿੱਚ ਚੱਲ ਰਹੀ ਹੈ। ਲੱਖਾਂ ਦਰੀਆ ਵੀ ਭੈ (ਨਿਯਮ) ਵਿੱਚ ਹੀ ਵਗ ਰਹੇ ਹਨ।

ਭੈ ਵਿਚਿ ਅਗਨਿ ਕਢੈ ਵੇਗਾਰਿ ॥ ਭੈ ਵਿਚਿ ਧਰਤੀ ਦਬੀ ਭਾਰਿ ॥

ਭਾਵ ਅੱਗ ਜੋ ਸੇਵਾ ਕਰ ਰਹੀ ਹੈ, ਇਹ ਭੀ ਰੱਬ ਦੇ ਭੈ ਵਿੱਚ ਹੀ ਹੈ। ਸਾਰੀ ਧਰਤੀ ਰੱਬ ਦੇ ਡਰ ਦੇ ਕਾਰਨ ਹੀ ਭਾਰ ਹੇਠ ਨੱਪੀ ਪਈ ਹੈ।

ਭੈ ਵਿਚਿ ਇੰਦੁ ਫਿਰੈ ਸਿਰ ਭਾਰਿ ॥ ਭੈ ਵਿਚਿ ਰਾਜਾ ਧਰਮ ਦੁਆਰੁ ॥

ਭਾਵ ਰੱਬ ਦੇ ਭੈ ਵਿੱਚ ਇੰਦਰ ਰਾਜਾ ਸਿਰ ਦੇ ਭਾਰ ਫਿਰ ਰਿਹਾ ਹੈ ਭਾਵ ਮੇਘ (ਬੱਦਲ) ਉਸ ਦੀ ਰਜ਼ਾ ਵਿੱਚ ਹੀ ਉੱਡ ਰਹੇ ਹਨ। ‘ਧਰਮ-ਰਾਜ’ ਦਾ ਦਰਬਾਰ ਵੀ ਰੱਬ ਦੇ ਡਰ ਵਿੱਚ ਹੈ।

ਭੈ ਵਿਚਿ ਸੂਰਜੁ ਭੈ ਵਿਚਿ ਚੰਦੁ ॥ ਕੋਹ ਕਰੋੜੀ ਚਲਤ ਨ ਅੰਤੁ ॥

ਭਾਵ ਸੂਰਜ ਵੀ ਅਤੇ ਚੰਦ ਵੀ ਰੱਬ ਦੇ ਹੁਕਮ (ਨਿਯਮ) ਵਿੱਚ ਹਨ, ਕ੍ਰੋੜਾਂ ਕੋਹਾਂ ਚਲਦਿਆਂ ਦੇ ਪੈਂਡੇ (ਸਫਰ) ਦਾ ਓੜਕ (ਅੰਤ) ਨਹੀਂ ਆਉਂਦਾ ਭਾਵ ਧਰਤੀ ਦੇ ਸੂਰਜ ਦੁਆਲੇ ਘੁੰਮਣ ਅਤੇ ਚੰਦ ਦੇ ਧਰਤੀ ਦੁਆਲੇ ਘੁੰਮਣ ਦੇ ਨਿਯਮ ਵਿੱਚ ਖੜ੍ਹੋਤ ਨਹੀਂ ਆਉਂਦੀ

ਭੈ ਵਿਚਿ ਸਿਧ ਬੁਧ ਸੁਰ ਨਾਥ ॥ ਭੈ ਵਿਚਿ ਆਡਾਣੇ ਆਕਾਸ ॥

ਭਾਵ ਸਿੱਧ, ਬੁੱਧ, ਦੇਵਤੇ ਅਤੇ ਨਾਥ, ਇਹ ਸਾਰੇ ਰੱਬ ਦੇ ਭੈ ਵਿੱਚ ਹਨ। ਇਹ ਉੱਪਰ ਤਣੇ ਹੋਏ ਅਕਾਸ਼ ਜੋ ਦਿੱਸਦੇ ਹਨ, ਇਹ ਵੀ ਪ੍ਰਮਾਤਮਾ ਦੇ ਭੈ ਵਿੱਚ ਹੀ ਹਨ।

ਭੈ ਵਿਚਿ ਜੋਧ ਮਹਾਬਲ ਸੂਰ ॥ ਭੈ ਵਿਚਿ ਆਵਹਿ ਜਾਵਹਿ ਪੂਰ ॥

ਭਾਵ ਵੱਡੇ-ਵੱਡੇ ਤਾਕਤਵਰ ਜੋਧੇ ਅਤੇ ਸੂਰਮੇ ਸਭ ਰੱਬ ਦੇ ਭੈ ਵਿੱਚ ਹਨ ਭਾਵ ਕਿ ਦੁਨੀਆਂ ਨੂੰ ਜਿੱਤਣ ਵਾਲੇ ਜੋਧੇ ਵੀ ਆਖਰ ਨਿਯਮ ਅਨੁਸਾਰ ਮੌਤ ਕੋਲੋਂ ਹਾਰ ਜਾਂਦੇ ਹਨ, ਮੌਤ ਦਾ ਡਰ ਉਹਨਾਂ ਨੂੰ ਜਿਉਂਦੇ ਜੀਅ ਸਤਾਉਂਦਾ ਰਹਿੰਦਾ ਹੈ। ਪੂਰਾਂ ਦੇ ਪੂਰ ਜੀਵ ਜੋ ਜਗਤ ਵਿਚ ਜੰਮਦੇ ‘ਤੇ ਮਰਦੇ ਹਨ, ਸਭ ਭੈ ਵਿੱਚ ਹਨ।

ਸਗਲਿਆ ਭਉ ਲਿਖਿਆ ਸਿਰਿ ਲੇਖੁ ॥ ਨਾਨਕ ਨਿਰਭਉ ਨਿਰੰਕਾਰੁ ਸਚੁ ਏਕੁ ॥੧॥"

{ ਸਲੋਕ ਮਹਲਾ ੧॥ ਪੰਨਾ 464}

ਭਾਵ ਸਾਰੇ ਹੀ ਜੀਵਾਂ ਦੇ ‘ਮੱਥੇ’ ‘ਤੇ ਭਉ-ਰੂਪ ਲੇਖ ‘ਲਿਖਿਆ ਹੋਇਆ’ ਹੈ, ਭਾਵ, ਪ੍ਰਭੂ ਦਾ ਨਿਯਮ ਹੀ ਐਸਾ ਹੈ ਕਿ ਸਾਰੇ ਉਸ ਦੇ ਭੈ ਵਿੱਚ ਹਨ। ਹੇ ਨਾਨਕ! ਕੇਵਲ ‘ਇੱਕ’ ਸੱਚਾ ਨਿਰੰਕਾਰ ਹੀ ਭੈ-ਰਹਿਤ ਹੈ।1।

ਇਸ ਤਰ੍ਹਾਂ ਭੈ (ਨਿਯਮ) ਵਿੱਚ ਵਿਚਰ ਰਹੇ ਆਕਾਸ਼ ਵਿੱਚ ਭੈ (ਨਿਯਮ) ਵਿੱਚ ਵਿਚਰ ਰਿਹਾ ਇਹ ਸ਼ਨੀ ਕੋਈ ਪੂਜਣ ਵਾਲੀ ਚੀਜ਼ ਨਹੀਂ ਹੈ। ਸਾਇੰਸ ਨੇ ਇਹਨਾਂ ਖਗੋਲੀ ਵਸਤੂਆਂ ਨੂੰ ‘ਗ੍ਰਹਿ’ ਦਾ ਨਾਮ ਦਿੱਤਾ ਹੈ, ਇਹ ਸ਼ਨੀ ਵੀ ਬਾਕੀ 7 ਗ੍ਰਹਿਆਂ ਦੀ ਤਰ੍ਹਾਂ ਇੱਕ ਗ੍ਰਹਿ ਹੈ। ਇਸਨੂੰ ਮਿਲਾ ਕੇ ਕੁੱਲ 8 ਗ੍ਰਹਿ ਹਨ ਜਿਹਨਾਂ ਵਿੱਚੋਂ ਧਰਤੀ ਵੀ ਇੱਕ ਹੈ। ਇਹ ਸਾਰੇ ਸੂਰਜ ਦੁਆਲੇ ਚੱਕਰ ਲਗਾ ਰਹੇ ਹਨ, ਇੱਕ ਨਿਸ਼ਚਿਤ ਰਸਤੇ (Orbit) ਉੱਪਰ ਚਲਦੇ ਹੋਏ। ਸ਼ਨੀ ਵਿੱਚ ਬਾਕੀਆਂ ਨਾਲੋਂ ਜੋ ਅਲੱਗ ਹੈ, ਉਹ ਹੈ ਇਸਦੇ ਆਲੇ-ਦੁਆਲੇ ਬਣੇ ਹੋਏ ਛੱਲੇ, ਜੋ ਇਸਨੂੰ ਖੂਬਸੂਰਤੀ ਪ੍ਰਦਾਨ ਕਰਦੇ ਹਨ। ਸ਼ਨੀ ਉੱਪਰ ਧਰਤੀ ਵਾਂਗ ਜੀਵਨ ਸੰਭਵ ਨਹੀਂ ਹੈ, ਇਸ ਲਈ ਸੁਖੀ ਜੀਵਨ ਲਈ ਇਸਦੀ ਪੂਜਾ ਕਰਨ ਦੀ ਕੋਈ ਤੁਕ ਨਹੀਂ ਹੈ। ਜਿਸ ਕੋਲ ਜੀਵਨ ਹੀ ਨਹੀਂ, ਉਹ ਦੂਸਰੇ ਨੂੰ ਜੀਵਨ ਕਿਵੇਂ ਦੇ ਸਕਦਾ ਹੈ...?

ਸ਼ਨੀ ਗ੍ਰਹਿ ਬਾਰੇ ਕੁੱਝ ਜਾਣਕਾਰੀ: ਸ਼ਨੀ ਸੂਰਜ ਤੋਂ ਛੇਵੇਂ ਨੰਬਰ ‘ਤੇ ਹੈ ਅਤੇ ਸੂਰਜੀ ਪਰਿਵਾਰ ਦਾ ਦੂਸਰਾ ਸਭ ਤੋਂ ਵੱਡਾ ਗ੍ਰਹਿ ਹੈ। ਇਸ ਨਾਲੋਂ ਵੱਡਾ ਜੁਪੀਟਰ ਹੈ। ਇਸਦਾ ਆਕਾਰ ਭੂ-ਮੱਧ ਰੇਖਾ ਅਤੇ ਧਰੁਵਾਂ ‘ਤੇ ਤਕਰੀਬਨ 10% ਭਿੰਨ ਹੈ। ਭੂ-ਮੱਧ ਰੇਖਾ ‘ਤੇ ਇਸਦਾ ਅਰਧ-ਵਿਆਸ 60,268 ਕਿ.ਮੀ ਅਤੇ ਧਰੁਵਾਂ ‘ਤੇ ਅਰਧ-ਵਿਆਸ 54,364 ਕਿ.ਮੀ. ਹੈ। ਭਾਵੇਂ ਕਿ ਇਸਦੇ ਕੇਂਦਰ ਵਿੱਚ ਘਣਤਾ ਪਾਣੀ ਨਾਲੋਂ ਵੱਧ ਹੈ ਪਰ ਇਸਦੀ ਔਸਤ ਘਣਤਾ ਪਾਣੀ ਦੀ ਘਣਤਾ ਨਾਲੋਂ ਤਕਰੀਬਨ 30% ਘੱਟ ਹੈ। ਇਸਦੀ ਔਸਤ ਘਣਤਾ 0.69 g/cm3 ਹੈ। ਇਸਦੇ ਬਾਹਰੀ ਵਾਤਾਵਰਨ ਵਿੱਚ ਤਕਰੀਬਨ 96.3% ਹਾਈਡ੍ਰੋਜਨ ਅਤੇ 3.25% ਹੀਲੀਅਮ ਹੈ। ਸ਼ਨੀ ਦੀ ਸੂਰਜ ਤੋਂ ਦੂਰੀ ਤਕਰੀਬਨ 1,400,000,000 ਕਿ.ਮੀ. ਹੈ ਅਤੇ ਇਹ 9.69 ਕਿ.ਮੀ. ਪ੍ਰਤੀ ਸੈਕਿੰਡ ਦੀ ਔਸਤ ਚਾਲ ਨਾਲ ਸੂਰਜ ਦੁਆਲੇ 10,759 ਦਿਨ (ਤਕਰੀਬਨ 29.5 ਸਾਲ) ਵਿੱਚ ਚੱਕਰ ਪੂਰਾ ਕਰਦਾ ਹੈ। ਸ਼ਨੀ ਦੇ ਤਕਰੀਬਨ 62 ਚੰਦਰਮਾ ਹਨ। ਇਸਦਾ ਪੁੰਜ ਤਕਰੀਬਨ 9.5181 X 101 ਅਤੇ ਤਾਪਮਾਨ ਲਗਪਗ 125 ਡਿਗਰੀ ਸੈਲਸੀਅਸ ਹੈ।

ਸਾਡੀ ਕੌਮ ਦੀ ਤ੍ਰਾਸਦੀ ਹੀ ਹੈ ਕਿ ਸ਼ਨੀ ਬਾਰੇ ਐਨੀ ਜਾਣਕਾਰੀ ਮੁਹੱਈਆ ਹੋਣ ਦੇ ਬਾਵਜੂਦ ਵੀ ਸਾਡਾ ਸਮਾਜ ਇਸਨੂੰ ‘ਰੱਬ’ ਬਣਾਈ ਬੈਠਾ ਹੈ ਜਦਕਿ ਇਹ ਬੋਲਦਾ ਵੀ ਨਹੀਂ, ਇਸ ਤੇ ਜੀਵਨ ਦੀ ਹੋਂਦ ਵੀ ਨਹੀਂ ਅਤੇ ਇਹ ਨਿਯਮ ਤੋਂ ਬਾਹਰ ਜਾ ਕੇ ਚੱਲ ਨਹੀਂ ਸਕਦਾ, ਫਿਰ ਇਹ ਕਿਵੇਂ ਕਿਸੇ ਦਾ ਕੁੱਝ ਵਿਗਾੜ ਜਾਂ ਸੰਵਾਰ ਸਕਦਾ ਹੈ...? ਕਿਸੇ ਦੇ ਤੇਤੀ ਕਰੋੜ ਦੀ ਸੰਖਿਆ ਵਿੱਚ ਇਸਦਾ ਵੀ ਇੱਕ ਨੰਬਰ ਹੋਵੇਗਾ ਪਰ ਸਿੱਖ ਧਰਮ ਦੇ ਦਸ ਗੁਰੂ ਸਾਹਿਬਾਨ ਦੀ ਸਿੱਖਆ ਜੋ ਕਿ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਸਾਡੇ ਕੋਲ ਮੌਜੂਦ ਹੈ, ਸਾਨੂੰ ਇਸ ਪ੍ਰਕਾਰ ਦੀ ਅਨਮਤੀ ਪੂਜਾ ਤੋਂ ਰੋਕਦੀ ਹੈ। ਦਸ ਗੁਰੂ ਸਾਹਿਬਾਨ ਦੀ ਸਿੱਖਿਆ ਦੇ ਅਮੁੱਕ ਖਜ਼ਾਨੇ ਦੇ ਅਸੀਂ ਮਾਲਕ ਹਾਂ ਪਰ ਫਿਰ ਵੀ ਮੈਲੀਆਂ ਜਿਹੀਆਂ ਪੱਤੀਆਂ ਨੂੰ ਥੰਦਾ ਕਰ ਰਹੇ ਤੇਲ ਵਿੱਚ ਪੈਸੇ ਸੁੱਟ ਕੇ ਦੁੱਖਾਂ ਤੋਂ ਛੁਟਕਾਰਾ ਪਾ ਰਹੇ ਹਾਂ।

ਗੁਰੂ ਸਾਹਿਬ ਦੀ ਸਿੱਖਿਆ ਦਾ ਅਨਮੋਲ ਖਾਜ਼ਾਨਾ ਹੋਣ ਦੇ ਬਾਵਜੂਦ ਵੀ ਅਸੀਂ ਵਹਿਮਾਂ ਵਿੱਚ ਗਲ ਤੱਕ ਧਸੇ ਹੋਏ ਹਾਂ। ਅਸੀਂ ਹੋਰਾਂ ‘ਤੇ ਆਸ ਲਗਾਈ ਬੈਠੇ ਹਾਂ ਕਿ ਸਾਨੂੰ ਵਹਿਮਾਂ ਦੀ ਦਲਦਲ ਵਿੱਚੋਂ ਬਾਹਰ ਕੱਢਣਗੇ ਪਰ ਉਲਟਾ ਸਾਨੂੰ ਕੱਢਣ ਵਾਲੇ, ਗੁਰੂ ਦੀ ਸਿੱਖਿਆ ਸਰਲ ਤਰੀਕੇ ਸਾਡੇ ਤੱਕ ਪਹੁੰਚਾਉਣ ਦਾ ਦਾਅਵਾ ਕਰਨ ਵਾਲੇ, ਸਾਡੇ ਸਮਾਜ ਸੁਧਾਰਕ ਦਾ ਰੋਲ ਨਿਭਾਉਣ ਵਾਲੇ ਸਾਨੂੰ ਕਰਮਕਾਂਡ ਵਿੱਚ ਧੱਕ ਰਹੇ ਹਨ, ਜੀਵਨ ਨੂੰ ਵਰ-ਸਰਾਪਾਂ ਦੀ ਖੇਡ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ। ਗੁਰੂ ਸਾਹਿਬ ਦੇ ਜੀਵਨ ਨਾਲ ਮਨਘੜ੍ਹਤ ਸਾਖੀਆਂ ਬਣਾ ਕੇ ਸਾਨੂੰ ਕਹਾਣੀਆਂ ਵਿੱਚ ਉਲਝਾ ਕੇ ਸਾਡੀ ਮਾਨਸਿਕ ਅਤੇ ਆਰਥਿਕ ਲੁੱਟ ਕਰ ਰਹੇ ਹਨ। ਦੁੱਖਾਂ ਤੋਂ ਬਚਦੇ-ਬਚਦੇ ਅਸੀਂ ਸਭ ਕੁੱਝ ਇਹਨਾਂ ਵਹਿਮਾਂ ਵਿੱਚ ਫਸ ਕੇ ਲੋਟੂ ਟੋਲਿਆਂ ਦੀ ਭੇਟ ਚੜਾ ਦਿੰਦੇ ਹਾਂ। ਅਸੀਂ ‘ਪੀਊ ਦਾਦੇ ਦੇ ਖਜ਼ਾਨੇ’ ਨੂੰ ਖੋਲ੍ਹ ਕੇ ‘ਦੇਖਣ’ ਦੀ ਬਜਾਏ ਜੋ ਪੱਲੇ ਸੀ, ਉਸਨੂੰ ਵੀ ਗਵਾ ਬੈਠੇ ਹਾਂ।

ਅਜੇ ਵੀ ਸਮਾਂ ਹੈ ਸੋਚ ਨੂੰ ਲੱਗੇ ਜ਼ਿੰਦਰੇ ਤੋੜ ਸੁੱਟਣ ਦਾ। ਆਓ ਯਤਨ ਕਰੀਏ ਕਿ ‘ਕਰਣ ਕਾਰਣ ਪ੍ਰਭੁ ਏਕੁ ਹੈ ਦੂਸਰ ਨਾਹੀ ਕੋਇ ॥ ਨਾਨਕ ਤਿਸੁ ਬਲਿਹਾਰਣੈ ਜਲਿ ਥਲਿ ਮਹੀਅਲਿ ਸੋਇ ॥੧॥’ {ਪੰਨਾ 276} ਨੂੰ ਸਮਝ ਕੇ ਅਤੇ ਕਬੀਰ ਜੀ ਦੀ ਸਿੱਖਿਆ "ਦਿਨ ਤੇ ਪਹਰ ਪਹਰ ਤੇ ਘਰੀਆਂ ਆਵ ਘਟੈ ਤਨੁ ਛੀਜੈ ॥ {ਭਾਵ ਦਿਨਾਂ ਤੋਂ ਪਹਿਰ ‘ਤੇ ਪਹਿਰਾਂ ਤੋਂ ਘੜੀਆਂ ਥੋੜ੍ਹਾ-ਥੋੜ੍ਹਾ ਸਮਾਂ ਕਰ ਕੇ ਉਮਰ ਘਟਦੀ ਜਾਂਦੀ ਹੈ, ਤੇ ਸਰੀਰ ਕਮਜ਼ੋਰ ਹੁੰਦਾ ਜਾਂਦਾ ਹੈ} ਕਾਲੁ ਅਹੇਰੀ ਫਿਰੈ ਬਧਿਕ ਜਿਉ ਕਹਹੁ ਕਵਨ ਬਿਧਿ ਕੀਜੈ ॥੧॥ {ਭਾਵ ਸਭ ਜੀਵਾਂ ਦੇ ਸਿਰ ਉੱਤੇ ਕਾਲ-ਰੂਪ ਸ਼ਿਕਾਰੀ ਇਉਂ ਫਿਰਦਾ ਹੈ ਜਿਵੇਂ ਹਿਰਨ ਆਦਿਕਾਂ ਦਾ ਸ਼ਿਕਾਰ ਕਰਨ ਵਾਲੇ ਸ਼ਿਕਾਰੀ। ਦੱਸੋ, ਇਸ ਸ਼ਿਕਾਰੀ ਤੋਂ ਬਚਣ ਲਈ ਕਿਹੜਾ ਯਤਨ ਕੀਤਾ ਜਾ ਸਕਦਾ ਹੈ?} ਸੋ ਦਿਨੁ ਆਵਨ ਲਾਗਾ ॥ ਮਾਤ ਪਿਤਾ ਭਾਈ ਸੁਤ ਬਨਿਤਾ ਕਹਹੁ ਕੋਊ ਹੈ ਕਾ ਕਾ ॥੧॥ ਰਹਾਉ ॥ {ਭਾਵ ਹਰ ਇੱਕ ਜੀਵ ਦੇ ਸਿਰ ਉੱਤੇ ਉਹ ਦਿਨ ਆਉਂਦਾ ਜਾਂਦਾ ਹੈ ਜਦੋਂ ਕਾਲ-ਸ਼ਿਕਾਰੀ ਆ ਕੇ ਫੜ ਲਵੇਗਾ, ਮਾਂ-ਪਿਉ, ਭਰਾ, ਪੁੱਤਰ, ਵਹੁਟੀ ਇਹਨਾਂ ਵਿੱਚੋਂ ਕੋਈ ਵੀ ਉਸ ਕਾਲ ਦੇ ਅੱਗੇ ਕਿਸੇ ਦੀ ਸਹਾਇਤਾ ਨਹੀਂ ਕਰ ਸਕਦਾ।੧।ਰਹਾਉ।} ਜਬ ਲਗੁ ਜੋਤਿ ਕਾਇਆ ਮਹਿ ਬਰਤੈ ਆਪਾ ਪਸੂ ਨ ਬੂਝੈ ॥ ਲਾਲਚ ਕਰੈ ਜੀਵਨ ਪਦ ਕਾਰਨ ਲੋਚਨ ਕਛੂ ਨ ਸੂਝੈ ॥੨॥ {ਭਾਵ ਜਦ ਤੱਕ ਸਰੀਰ ਵਿੱਚ ਸਾਹ ਚੱਲਦਾ ਹੈ, ਪਸ਼ੂ (ਭਾਵ ਮਨੁੱਖ) ਆਪਣੇ ਅਸਲੇ ਨੂੰ ਸਮਝਦਾ ਨਹੀਂ, ਹੋਰ-ਹੋਰ ਜਿਉਣ ਲਈ ਲਾਲਚ ਕਰਦਾ ਹੈ, ਇਸ ਨੂੰ ਅੱਖੀਂ ਇਹ ਨਹੀਂ ਦਿਸਦਾ ਕਿ ਕਾਲ ਤੋਂ ਛੁਟਕਾਰਾ ਨਹੀਂ ਹੋ ਸਕੇਗਾ।੨।} ਕਹਤ ਕਬੀਰ ਸੁਨਹੁ ਰੇ ਪ੍ਰਾਨੀ ਛੋਡਹੁ ਮਨ ਕੇ ਭਰਮਾ ॥ ਕੇਵਲ ਨਾਮੁ ਜਪਹੁ ਰੇ ਪ੍ਰਾਨੀ ਪਰਹੁ ਏਕ ਕੀ ਸਰਨਾਂ ॥੩॥੨॥" {ਪੰਨਾ 692} {ਭਾਵ ਕਿ ਕਬੀਰ ਆਖਦਾ ਹੈ, ਹੇ ਭਾਈ! ਸੁਣੋ, ਮਨ ਦੇ ਇਹ ਭੁਲੇਖੇ ਦੂਰ ਕਰ ਦਿਉ ਕਿ ਸਦਾ ਇੱਥੇ ਹੀ ਬੈਠੇ ਰਹਿਣਾ ਹੈ। ਹੇ ਜੀਵ? ਹੋਰ ਲਾਲਸਾ ਛੱਡ ਕੇ ਸਿਰਫ਼ ਪ੍ਰਭੂ ਦਾ ਨਾਮ ਸਿਮਰ ‘ਤੇ ਉਸ ਇੱਕ ਦੀ ਸ਼ਰਣ ਵਿੱਚ ਆ ਜਾ॥੩।੨।}, ਨੂੰ ਸਮਝ ਕੇ, ਗੁਰਬਾਣੀ ਨੂੰ ਜੀਵਨ ਦਾ ਆਧਾਰ ਬਣਾ ਕੇ ਗੁਰੂ ਸਾਹਿਬਾਨ ਦੀ ਸਿੱਖਿਆ ‘ਤੇ ਚੱਲਈਏ।

ਮਿਤੀ: 01/04/2012




.