ਜਸਬੀਰ ਸਿੰਘ ਵੈਨਕੂਵਰ
ਭਾਈ
ਬਲਵੰਡ ਰਾਇ ਅਤੇ ਭਾਈ ਸੱਤੇ ਦੀ ਵਾਰ ਸਬੰਧੀ ਕੁੱਝ ਭਰਮ ਭੁਲੇਖੇ
(ਕਿਸ਼ਤ ਨੰ: 04)
ਭਗਤ ਸਿੰਘ ਪੂਛਤਿ ਭਯੋ ਹੇ
ਪ੍ਰਭ ਕਿਆ ਬਚ ਭਾਖ। ਗੁਰ ਨਾਨਕ ਕਿਆ ਬਚ ਕਹੇ ਸੋਊ ਸੁਨਾਵੋ ਸਾਖ। ੪੬੪। ਮਨੀ ਸਿੰਘ ਐਸੇ ਕਹਾ ਸੁਨੋ
ਸਿੱਖ ਨਿਰਧਾਰ। ਏਕ ਸਮੈ ਜਾਵਤ ਭਏ ਰਾਵੀ ਤਟ ਨਿਰੰਕਾਰ। ੪੬੫।
(ਭਾਵ: ਭਾਈ ਭਗਤ ਸਿੰਘ ਨੇ ਭਾਈ ਮਨੀ ਸਿੰਘ ਜੀ ਨੂੰ ਪੁਛਿਆ ਕਿ ਮਹਾਰਾਜ ਗੁਰੂ ਨਾਨਕ ਸਾਹਿਬ ਨੇ
ਕਿਹੜੇ ਬਚਨ ਕੀਤੇ ਸਨ, ਉਹ ਕਥਾ ਸੁਨਾਓ। ਭਾਈ ਮਨੀ ਸਿੰਘ ਜੀ ਨੇ ਉੱਤਰ ਵਿੱਚ ਕਿਹਾ ਕਿ ਭਗਤ ਸਿੰਘ
ਜੀ ਉਹ ਨਿਰਣੈਜਨਕ ਕਥਾ ਇਸ ਤਰ੍ਹਾਂ ਹੈ ਕਿ ਇੱਕ ਸਮੇਂ ਗੁਰੂ ਨਾਨਕ ਸਾਹਿਬ ਰਾਵੀ ਦੇ ਕਿਨਾਰੇ ਗਏ।)
ਚੌਪਈ: ਏਕ ਅਨੀਹ ਰੂਪ ਗੁਰ ਨਾਨਕ। ਰਾਵੀ ਤਟ ਬੈਠੇ ਸੁਖ ਮਾਨਕ। ਦਾਲ ਡੂਮ ਸਾਥਿ ਮਰਦਾਨੇ। ਢੂੰਢਤ
ਆਏ ਗੁਰ ਨਿਕਟਾਨੇ। ੪੬੬। ਮਰਦਾਨੇ ਕੋ ਤਬ ਗੁਰ ਕਹਾ। ਰਬਾਬ ਬਜਾਵੋ ਅਨੰਦ ਲਹਾ। ਰਬਾਬ ਬਜਾਯੋ ਤਿਹ
ਵਡਭਾਗੇ। ਆਪ ਦਾਲੇ ਸਿਉ ਗਾਵਨ ਲਾਗੇ। ੪੬੭। ਘੜੀ ਜੁਗਲ ਦਿਨੁ ਜਬੈ ਰਹਾਈ ਆਸਾ ਰਾਗਨੀ ਸ੍ਰੀ ਗੁਰ
ਗਾਈ। ਸੁਨਤ ਰਾਗ ਪੰਛੀ ਮ੍ਰਿਗ ਮੋਹੇ। ਬੈਰ ਭਾਵ ਨਿਜ ਮਨਿ ਨਹਿ ਜੋਹੇ। ੪੬੮।
(ਭਾਵ: ਇੱਕ ਦਿਨ ਬੇਪ੍ਰਵਾਹ ਅਕਾਲ ਪੁਰਖ ਦਾ ਰੂਪ, ਸ਼ਾਂਤ ਸਰੂਪ ਗੁਰੂ ਨਾਨਕ ਸਾਹਿਬ ਰਾਵੀ ਦੇ
ਕਿਨਾਰੇ ਬੈਠੇ ਹੋਏ ਸਨ। ਭਾਈ ਦਾਲਾ ਭਾਈ ਮਰਦਾਨਾ ਜੀ ਦੇ ਨਾਲ ਗੁਰੂ ਸਾਹਿਬ ਨੂੰ ਲੱਭਦੇ ਹੋਏ ਗੁਰੂ
ਨਾਨਕ ਸਾਹਿਬ ਦੇ ਕੋਲ ਆਏ। ਗੁਰੂ ਸਾਹਿਬ ਨੇ ਭਾਈ ਮਰਦਾਨੇ ਨੂੰ ਰਬਾਬ ਬਜਾਉਣ ਲਈ ਕਿਹਾ। ਵਡੇ ਭਾਗਾਂ
ਵਾਲੇ ਭਾਈ ਮਰਦਾਨਾ ਜੀ ਨੇ ਸਤਿਗੁਰੂ ਜੀ ਦੀ ਆਗਿਆ ਪਾ ਕੇ ਰਬਾਬ ਬਜਾਉਣਾ ਸ਼ੁਰੂ ਕੀਤਾ। ਗੁਰੂ ਨਾਨਕ
ਸਾਹਿਬ ਆਪ ਭਾਈ ਦਾਲੇ ਨਾਲ ਮਿਲ ਕੇ ਸ਼ਬਦ ਦਾ ਗਾਇਣ ਕਰਨ ਲੱਗ ਪਏ। ਜਦੋਂ ਦੋ ਘੜੀਆਂ ਦਿਨ ਰਹਿ ਗਿਆ
ਤਾਂ ਹਜ਼ੂਰ ਨੇ ਆਸਾ ਰਾਗਨੀ ਵਿੱਚ ਸ਼ਬਦ ਦਾ ਗਾਇਣ ਕਰਨਾ ਸ਼ੁਰੂ ਕਰ ਦਿੱਤਾ, ਜਿਸ ਨੂੰ ਸੁਣ ਕੇ ਪੰਛੀ
ਤੇ ਮਿਰਗ ਵੀ ਇਤਨੇ ਮਸਤ ਹੋ ਗਏ ਕਿ ਉਹਨਾਂ ਦੇ ਅੰਦਰੋਂ ਵੈਰ ਭਾਵਨਾ ਜਾਂਦੀ ਰਹੀ।)
ਮਾਨੁ ਕੀਯੋ ਮਰਦਾਨੇ ਦਾਲੇ। ਮ੍ਰਿਗ ਪੰਖ ਮੋਹੇ ਹਮ ਇਹ ਕਾਲੇ। ਗੁਰ ਨਾਨਕ ਤਬ ਮੋਨਿ ਸੁ ਧਾਰੀ।
ਦਾਲੇ ਕਹਯੋ, ਮੋਨਿ ਕਿਮ ਸਾਰੀ। ੪੬੯। ਦੋਹਿਰਾ: ਸ੍ਰੀ ਗੁਰ ਨਾਨਕ ਤਬ ਕਹਾ। ਤੁਮੈ ਮਾਨੁ ਇਹ ਕੀਨੁ।
ਮਾਨ ਸਹਿਤ ਕਲਿਆਨ ਨਹਿ ਕ੍ਰੋਰ ਜਤਨ ਚਿਤਿ ਚੀਨ। ੪੭੦। ਤਬ ਦੁਹੂੰਅਨ ਬਿਨਤੀ ਕਰੀ ਹੇ ਪ੍ਰਭ ਬਖਸ
ਦਿਆਲ, ਸ੍ਰੀ ਗੁਰ ਨਾਨਕ ਤਬ ਕਹਾ ਲਿਖ ਚਤੁਰਨਾਨ ਭਾਲਿ। ੪੭੧।
(ਭਾਵ: ਭਾਈ ਮਰਦਾਨੇ ਅਤੇ ਭਾਈ ਦਾਲੇ ਦੇ ਮਨ ਵਿੱਚ ਹੰਕਾਰ ਆ ਗਿਆ ਕਿ ਇਹ ਮ੍ਰਿਗ ਅਤੇ ਪੰਛੀ
ਉਹਨਾਂ ਦੀ ਰਾਗ ਕਲਾ ਕਾਰਨ ਮੋਹਤ ਹੋਏ ਹਨ। ਜਿਉਂ ਹੀ ਇਹਨਾਂ ਨੇ ਆਪਣੇ ਮਨ ਵਿੱਚ ਇਸ ਤਰ੍ਹਾਂ ਦਾ
ਹੰਕਾਰ ਕੀਤਾ, ਗੁਰੂ ਨਾਨਕ ਸਾਹਿਬ ਨੇ ਖ਼ਾਮੋਸ਼ੀ ਧਾਰਨ ਕਰ ਲਈ। ਹਜ਼ੂਰ ਦੀ ਖ਼ਾਮੋਸ਼ੀ ਨੂੰ ਦੇਖ ਕੇ ਭਾਈ
ਦਾਲਾ ਗੁਰੂ ਨਾਨਕ ਸਾਹਿਬ ਨੂੰ ਪੁੱਛਦਾ ਹੈ ਕਿ ਮਹਾਰਾਜ ਆਪ ਜੀ ਨੇ ਮੌਨ ਕਿਉਂ ਧਾਰਨ ਕਰ ਲਿਆ ਹੈ,
ਸਾਰੀ ਗੱਲ ਖੋਲ ਕੇ ਦੱਸੋ। ਗੁਰੂ ਨਾਨਕ ਸਾਹਿਬ ਆਖਣ ਲੱਗੇ ਕਿ ਤੁਸੀਂ ਰਾਗ ਵਿਦਿਆ ਦਾ ਹੰਕਾਰ ਕੀਤਾ
ਹੈ। ਮਨੁੱਖ ਨੂੰ ਹੰਕਾਰ ਕਰਨ ਨਾਲ ਮੁਕਤੀ ਨਹੀਂ ਮਿਲਦੀ, ਭਾਵੇਂ ਕੋਈ ਕ੍ਰੋੜਾਂ ਯਤਨ ਕਰੇ, ਇਹ ਗੱਲ
ਚਿਤ ਵਿੱਚ ਸਮਝ ਲਵੋ। ਸਤਿਗੁਰੂ ਜੀ ਦੇ ਮੁਖ਼ਾਰਬਿੰਦ `ਚੋਂ ਇਹ ਸੁਣ ਕੇ ਦੋਹਾਂ ਨੇ ਬੇਨਤੀ ਕੀਤੀ ਹੇ
ਦਿਆਲੂ ਸਤਿਗੁਰੂ ਜੀ! ਸਾਡੀ ਭੁੱਲ ਨੂੰ ਬਖ਼ਸ਼ ਦਿਓ। ਇਹਨਾਂ ਦੀ ਇਹ ਬੇਨਤੀ ਸੁਣ ਕੇ ਗੁਰੂ ਨਾਨਕ
ਸਾਹਿਬ ਨੇ ਕਿਹਾ ਕਿ ਬ੍ਰਹਮੇ ਨੇ ਤੁਹਾਡੇ ਤੁਹਾਡੇ ਮੱਥੇ ਉੱਤੇ ਲੇਖ ਹੀ ਅਜਿਹਾ ਲਿਖਿਆ ਹੈ।)
ਚੌਪਈ: ਪੰਚਮ ਦੇਹ ਜਬੈ ਮੈ ਧਰੋਂ। ਕੌਤਕ ਅਨਿਕ ਜਗਤ ਮੈ ਕਰੋਂ। ਰਾਗ ਮਾਨੁ ਤਬ ਹੀ ਤੁਮ ਕਰਿਹੋ।
ਬਹੁਤ ਨਿਰਾਦਰ ਹਮਰਾ ਧਰਿਹੋ। ੪੭੨। ਜੈਸੇ ਮਾਨੁ ਅਬੈ ਤੁਮ ਕੀਨਾ। ਇਸ ਥੀ ਅਧਿਕ ਕਰੋ ਰਿਸ ਲੀਨਾ।
ਪ੍ਰਿਥਮੈ ਪਠੋਂ ਸਿੱਖ ਤੁਮ ਪਾਸਾ। ਬਹੁਰਿ ਕਰੋਂ ਆਪਨ ਅਰਦਾਸਾ। ੪੭੩। ਬਚ ਮੇਰੋ ਤੁਮ ਮਾਨੋਂ ਨਾਹੀਂ।
ਬਹੁਰਿ ਪਛੁਤਾਂਿਹ ਸਰਨਿ ਤੁਮ ਪਾਹੀ ਕਥਾ ਬ੍ਰਿਧਿ ਸੰਕੋਚ ਬਖਾਨੀ। ਥੋਰੇ ਮਹਿ ਤੁਮ ਜਾਨਹੁ ਗਯਾਨੀ।
੪੭੪। ਸੋ ਦਾਲਾ ਬਲਵੰਡ ਕਹਾਯੋ। ਮਰਦਾਨੇ ਸੱਤੇ ਬਪੁ ਪਾਯੋ। ਮਸੇਰ ਭ੍ਰਾਤ ਦਾਲਾ ਮਰਦਾਨਾ। ਸਕੇ
ਭ੍ਰਾਤ ਇਹ ਠਾਂ ਸੁਖਮਾਨਾ। ੪੭੫।
(ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਜਦੋਂ ਮੈਂ ਪੰਜਵਾਂ ਜਾਮਾ ਧਾਰ ਕੇ ਸੰਸਾਰ ਵਿੱਚ ਅਨੇਕਾਂ
ਕੌਤਕ ਕਰਾਂਗਾ। ਤੁਸੀਂ ਤਦੋਂ ਵੀ ਰਾਗ ਵਿਦਿਆ ਦਾ ਹੰਕਾਰ ਕਰੋਗੇ ਅਤੇ ਸਾਡਾ ਬੜਾ ਨਿਰਾਦਰ ਕਰੋਗੇ।
ਜਿਸ ਤਰ੍ਹਾਂ ਤੁਸੀਂ ਹੁਣ ਸਾਡਾ ਅਪਮਾਨ ਕੀਤਾ ਹੈ, ਉਸ ਸਮੇਂ ਤੁਸੀਂ ਨਰਾਜ਼ ਹੋ ਕੇ ਸਾਡਾ ਇਸ ਤੋਂ ਵੀ
ਜ਼ਿਆਦਾ ਅਪਮਾਨ ਕਰੋਗੇ। ਤੁਹਾਡੇ ਕੋਲ ਪਹਿਲਾਂ ਮੈਂ ਸਿੱਖ ਭੇਜਾਂਗਾ ਫਿਰ ਮੈਂ ਆਪ ਬੇਨਤੀ ਕਰਨ ਲਈ
ਜਾਵਾਂਗਾ। ਪਰ ਤੁਸੀਂ ਮੇਰੇ ਬਚਨ ਵੀ ਨਹੀਂ ਮੰਨੋਗੇ, ਪਰ ਬਾਅਦ ਵਿੱਚ ਪਛੁਤਾਉਂਦੇ ਹੋਏ ਸਾਡੀ ਸ਼ਰਨ
ਵਿੱਚ ਆਵੋਗੇ। ਕਥਾ ਤਾਂ ਲੰਮੇਰੀ ਹੈ ਪਰ ਸੰਖੇਪ `ਚ ਸੁਣਾਈ ਹੈ। ਹੇ ਗਿਆਨਵਾਨ! ਤੁਸੀਂ ਥੋਹੜੀ ਤੋਂ
ਹੀ ਸਭ ਕੁੱਝ ਸਮਝ ਸਕਦੇ ਹੋ। (ਨੋਟ: ਇਸ ਪੁਸਤਕ ਦੇ ਲੇਖਕ ਨੇ ਇਹ ਕਥਾ ਭਾਈ ਮਨੀ ਸਿੰਘ ਜੀ ਦੇ
ਮੁੱਖੋ ਅਖਵਾਈ ਹੈ, ਜੋ ਨਨਕਾਣਾ ਸਾਹਿਬ ਵਿਖੇ ਭਾਈ ਭਗਤ ਸਿੰਘ ਨਾਮੀ ਸਿੱਖ ਦੀ ਬੇਨਤੀ ਤੇ ਭਾਈ
ਸਾਹਿਬ ਸੰਗਤਾਂ ਨੂੰ ਸੁਣਾਏ ਰਹੇ ਸਨ। ਇਸ ਲਈ ਹੀ ਲੇਖਕ ਇੱਥੇ ਭਾਈ ਸਾਹਿਬ ਦੇ ਮੁੱਖੋ ਇਹ ਸ਼ਬਦ ਕਢਵਾ
ਰਿਹਾ ਹੈ।) ਭਾਈ ਦਾਲਾ ਹੀ ਭਾਈ ਬਲਵੰਡ ਅਖਵਾਇਆ ਹੈ ਅਤੇ ਭਾਈ ਮਰਦਾਨਾ ਜੀ ਭਾਈ ਸੱਤੇ ਦੇ ਰੂਪ ਵਿੱਚ
ਜਨਮੇ ਸਨ। ਪਹਿਲੇ ਜਨਮ ਵਿੱਚ ਭਾਈ ਦਾਲਾ ਅਤੇ ਭਾਈ ਮਰਦਾਨ ਮਸੇਰੇ ਭਰਾਤਾ ਸਨ ਪਰ ਹੁਣ ਇਹ ਦੋਵੇਂ
ਸੱਕੇ ਭਰਾ ਹੋ ਕੇ ਇਸ ਜਗ੍ਹਾ ਸੁਖਾਂ ਦੇ ਖਜ਼ਾਨੇ ਗੁਰੂ ਜੀ ਦੇ ਪਾਸ ਰਹੇ।)
ਸੋਰਠਾ: ਸ੍ਰੀ ਗੁਰ ਨਾਨਕ ਰੂਪ ਗੁਰ ਅਰਜਨ ਪਰਤੱਖ ਹਰਿ। ਹਰਤ ਦਾਸ ਤਮ ਕੂਪ ਜਾਸੁ ਕ੍ਰਿਪਾ ਸੋਊ
ਲਖੈ। ੪੭੬। (ਭਾਵ: ਗੁਰੂ ਨਾਨਕ ਸਾਹਿਬ ਦਾ ਰੂਪ ਗੁਰੂ ਅਰਜਨ ਸਾਹਿਬ ਪਰਤੱਖ ਹਰੀ ਹਨ ਜੋ ਦਾਸਾਂ
ਦਾ ਅਗਿਆਨਤਾ ਦਾ ਹਨੇਰਾ ਦੂਰ ਕਰਦੇ ਹਨ ਅਤੇ ਜਿਸ ਉੱਤੇ ਕ੍ਰਿਪਾ ਹੁੰਦੀ ਹੈ ਉਹ ਹੀ ਇਹ ਭੇਦ ਜਾਣ
ਸਕਦਾ ਹੈ।)
ਦੋਹਰਾ॥ ਯਾਦ ਕਰਾਏ ਬਚਨ ਸੋ ਗੁਰ ਅਰਜਨ ਸੁਖਖਾਨ। ਭਾਵੀ ਵਸਿ ਮਾਨੈ ਨਹੀਂ ਗੁਰ ਕੀ ਨਿੰਦਾ ਠਾਨ।
੪੭੭। ਗੁਰ ਨਾਨਕ ਜਗ ਮੈ ਭਏ ਬਾਲਾ ਸੰਗਿ ਸੁਜਾਨ। ਮਰਦਾਨੇ ਸੋਭਾ ਬਧੀ ਏਕਲ ਕੋਇ ਨ ਜਾਨ। ੪੭੮।
(ਭਾਵ: ਸੁਖਾਂ ਦੀ ਖਾਣ ਗੁਰੂ ਅਰਜਨ ਸਾਹਿਬ ਨੇ ਰਬਾਬੀਆਂ ਨੂੰ ਉਹ ਬਚਨ (ਰਾਵੀ ਦੇ ਕਿਨਾਰੇ
ਦਿੱਤੇ ਸਰਾਪ ਵਾਲੇ) ਯਾਦ ਕਰਾਏ ਪਰ ਹੋਣਹਾਰ ਦੇ ਪ੍ਰਭਾਵ ਅਧੀਨ ਇਹ ਮੰਨੇ ਨਹੀਂ ਅਤੇ ਸਤਿਗੁਰੂ ਜੀ
ਦੀ ਨਿੰਦਾ ਕਰਦਿਆਂ ਕਹਿਣ ਲੱਗੇ ਕਿ ਗੁਰੂ ਨਾਨਕ ਦੀ ਸ਼ੋਭਾ ਭਾਈ ਸੁਜਾਨ ਬਾਲੇ ਅਤੇ ਭਾਈ ਮਰਦਾਨਾ
ਕਰਕੇ ਹੀ ਹੋਈ ਹੈ, ਇਕੱਲਿਆਂ ਨੂੰ ਕਿਸੇ ਨੇ ਨਹੀਂ ਸੀ ਜਾਣਨਾ।
ਚੌਪਈ॥ ਅੰਗਦ ਅਮਰ ਭਯੋ ਰਾਮਦਾਸ। ਹਮਰੇ ਕਰਿ ਜਗ ਮੈ ਪ੍ਰਗਾਸ। ਤੁਮਰੇ ਨਿਕਟਿ ਹਮ ਕੀਰਤਨ ਕਰੈਂ।
ਗੁਰੂ ਗਰੂ ਤੋ ਕੌ ਜਗੁ ਰਰੈਂ। ੪੭੯। ਗੁਰੂ ਅਰਜਨ ਨਿਜ ਨਿੰਦ ਸੁਨਾਏ। ਕਛੂ ਕ੍ਰੋਧ ਚਿਤ ਮਾਝ ਨ
ਲਯਾਏ। ਗੁਰ ਨਾਨਕ ਕੀ ਨਿੰਦ ਸੁਨਾਈ। ਨਿਜ ਮਨ ਮਹਿ ਤਬ ਹੀ ਰਿਸ ਪਾਈ। ੪੮੦। ਸ੍ਰੀ ਗੁਰ ਉਠੇ ਤਹਾਂ
ਤਬ ਆਏ। ਥੜ੍ਹੇ ਬੈਠਿ ਜਿਹ ਕਾਰ ਕਢਾਏ। ਥੜ੍ਹੇ ਬੈਠਿ ਦੀਵਾਨ ਲਗਾਯੋ। ਨਿਜ ਸਿੱਖਨ ਕੋ ਬਚਨ ਸੁਨਾਯੋ।
੪੮੧। ਵਹਿ ਨਹੀ ਆਵੈਂ ਮਦ ਕੇ ਮਾਤੇ। ਤੁਮ ਹੀ ਪੜ੍ਹੋ ਰਾਗ ਬਿਖਯਾਤੇ। ਵਿਦਿਆ ਰਾਗ ਸਭੀ ਤੁਮ ਪਾਵੋ।
ਤਿਨ ਕਾ ਤੁਮ ਸਭੁ ਮਾਨੁ ਗਵਾਵੋ। ੪੮੨।
(ਭਾਵ: ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ ਅਤੇ ਗੁਰੂ ਰਾਮਦਾਸ ਸਾਡੇ ਕਰਕੇ ਹੀ ਸੰਸਾਰ ਵਿੱਚ
ਪ੍ਰਗਟ ਹੋਏ ਹਨ। ਤੁਹਾਡੇ ਪਾਸ ਅਸੀਂ ਕੀਰਤਨ ਕਰਦੇ ਹਾਂ, ਇਸ ਲਈ ਤੁਹਾਨੂੰ ਜਗਤ ਗੁਰੂ ਗੁਰੂ ਕਰ ਕੇ
ਪੁਕਾਰਦਾ ਹੈ। ਗੁਰੂ ਅਰਜਨ ਸਾਹਿਬ ਨੇ ਆਪਣੀ ਨਿੰਦਾ ਸੁਣ ਕੇ ਸੁਣ ਕੇ ਰੰਚ-ਮਾਤਰ ਵੀ ਚਿੱਤ ਵਿੱਚ
ਰੋਸ ਨਹੀਂ ਕੀਤਾ। ਪਰ ਗੁਰੂ ਨਾਨਕ ਸਾਹਿਬ ਦੀ ਨਿੰਦਾ ਸੁਣ ਕੇ ਹਜ਼ੂਰ ਦੇ ਮਨ ਵਿੱਚ ਬੜਾ ਰੋਸ ਪੈਦਾ
ਹੋਇਆ। ਇਸ ਲਈ ਆਪ ਵਾਪਸ ਆਪਣੇ ਸਥਾਨ `ਤੇ ਆ ਗਏ। ਜਿਸ ਥੜੇ `ਤੇ ਬੈਠ ਕੇ ਸਰੋਵਰ ਦੀ ਗਾਰ ਕਢਾਉਂਦੇ
ਸਨ। ਉੱਥੇ ਬੈਠ ਕੇ ਸਿੱਖ ਸੰਗਤਾਂ ਨੂੰ ਕਿਹਾ ਕਿ ਰਬਾਬੀ ਹੰਕਾਰ ਦੇ ਨਸ਼ੇ ਵਿੱਚ ਮਸਤੇ ਹੋਏ ਨਹੀਂ ਆਏ
ਹਨ, ਤੁਸੀਂ ਅੱਜ ਤੋਂ ਪ੍ਰਗਟ ਤੌਰ ਤੇ ਰਾਗਾਂ ਦਾ ਗਾਇਨ ਕਰੋ। ਸਾਰੀ ਰਾਗ ਵਿਦਿਆ ਤੁਸੀਂ ਪ੍ਰਾਪਤ ਕਰ
ਲਵੋਗੇ। ਰਬਾਬੀਆਂ ਦਾ ਤੁਸੀਂ ਸਾਰਾ ਹੰਕਾਰ ਦੂਰ ਕਰ ਦੇਵੋ।)
ਦੋਹਰਾ: ਤਬ ਸਿੱਖਨ ਕੀਰਤਨੁ ਕਰਯੋ ਸ੍ਰੀ ਗੁਰ ਕੇ ਬਚ ਮਾਨਿ। ਆਗੇ ਸਮਝਿ ਨ ਰਾਗ ਕੀ ਗੁਰ ਬਚ ਪਰੀ
ਸਿਆਨ। ੪੮੩। ਚੌਦਸ ਵਿਦਿਆ ਰਿਦੇ ਮੈ ਰਾਗ ਰੂਪ ਤਿਹ ਚਾਲ। ਗੁਰ ਅਗ੍ਰਜ ਕੀਰਤਨ ਕਰੈਂ ਸੁਨਿ ਗੁਰ ਭਏ
ਕ੍ਰਿਪਾਲ। ੪੮੪।
ਭਾਵ: ਸਿੱਖਾਂ ਨੇ ਸਤਿਗੁਰੂ ਜੀ ਦਾ ਹੁਕਮ ਮੰਨ ਕੇ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ। ਪਹਿਲਾਂ
ਸਿੱਖਾਂ ਨੂੰ ਰਾਗ ਦੀ ਕੋਈ ਸੂਝ ਨਹੀਂ ਸੀ ਪਰ ਗੁਰੂ ਜੀ ਦੇ ਬਚਨਾਂ ਦੁਆਰਾ ਰਾਗ ਦੀ ਸਾਰੀ ਜਾਣਕਾਰੀ
ਹੋ ਗਈ। ਚੌਦਾਂ ਪ੍ਰਕਾਰ ਦੀ ਵਿਦਿਆ, ਰਾਗ ਦੇ ਰੂਪ ਅਤੇ ਤਾਲ ਆਦਿ ਦੀ ਸਮਝ ਆ ਗਈ। ਸਿੱਖ ਸਤਿਗੁਰ ਦੇ
ਸਨਮੁਖ ਕੀਰਤਨ ਕਰਨ ਲੱਗ ਪਏ, ਸਤਿਗੁਰੂ ਜੀ ਸੁਣ ਕੇ ਬੜੇ ਪ੍ਰਸੰਨ ਹੋਏ।
ਚੌਪਈ: ਪਟਣੇ ਤੇ ਸੰਗਤਿ ਤਬ ਆਈ। ਸ੍ਰੀ ਗੁਰ ਕੀ ਤੱਕ ਕੈ ਸਰਨਾਈ। ਆਇ ਪੂਜ ਗੁਰ ਅਗ੍ਰ ਚੜ੍ਹਾਨੀ।
ਤਬ ਸੰਗਤ ਅਸ ਬੋਲੀ ਬਾਨੀ। ੪੮੫। ਬਲਵੰਡ ਸੱਤਾ ਪ੍ਰਭ ਕਹਾਂ ਸਿਧਾਏ। ਕੀਰਤਨ ਕਰਤ ਸਿੱਖ ਮਨੁ ਲਾਏ।
ਕ੍ਰਿਪਾਸਿੰਧੁ ਅਸ ਬਾਤ ਉਚਾਰੀ। ਵਹਿ ਫਿਟ ਗਏ ਮਾਨਿ ਮਦ ਧਾਰੀ। ੪੮੬। ਅਬ ਤਿਨ ਕੇ ਜੋ ਮਸਤਕਿ ਲਾਗੇ।
ਤਿਨ ਕੋ ਦੁਖ ਲਾਗੇ ਬਡ ਆਗੇ। ਤਿਨ ਕੀ ਅਰਜ ਜੋਇ ਸਿਖ ਕਰੈ। ਤਾਹਿ ਸਜਾਇ ਐਸ ਹਮ ਧਰੈ। ੪੮੭। ਮੁਹਿ
ਕਾਲਾ ਕਰਿ ਸੀਸ ਮੁੰਡਾਈ। ਗਰਧਬ ਚਾੜ੍ਹਿ ਸੁ ਨਗਰ ਫਿਰਾਈ। ਐਸ ਬਚਨ ਸ੍ਰੀ ਗੁਰ ਕੇ ਸੁਨੇ। ਸਭ ਸੰਗਤਿ
ਨਿਜ ਮਸਤਕ ਧੁਨੇ। ੪੮੮।
(ਭਾਵ: ਇਹਨਾਂ ਦਿਨਾਂ ਵਿੱਚ ਹੀ ਸਤਿਗੁਰੂ ਜੀ ਦੇ ਸ਼ਰਨ ਤੱਕ ਕੇ ਹਜ਼ੂਰ ਦੇ ਦਰਸ਼ਨ ਕਰਨ ਲਈ ਪਟਨੇ
ਤੋਂ ਸੰਗਤ ਆਈ। ਸੰਗਤਾਂ ਨੇ ਯਥਾ ਜੋਗ ਗੁਰੂ ਦਰਬਾਰ ਵਿੱਚ ਭੇਟਾ ਅਰਪਣ ਕਰ ਕੇ ਹਜ਼ੂਰ ਨੂੰ ਪੁੱਛਿਆ
ਕਿ ਮਹਾਰਾਜ ਭਾਈ ਬਲਵੰਡ ਅਤੇ ਭਾਈ ਸੱਤਾ ਜਿਹੜੇ ਬੜਾ ਮਨ ਲਾ ਕੇ ਕੀਰਤਨ ਕਰਦੇ ਸਨ ਕਿੱਥੇ ਚਲੇ ਗਏ
ਹਨ। ਪਟਨਾ ਨਿਵਾਸੀ ਸੰਗਤਾਂ ਦੇ ਇਹ ਪੁੱਛਣ `ਤੇ ਕਿਰਪਾ ਦੇ ਸਾਗਰ ਨੇ ਕਿਹਾ ਕਿ ਉਹ ਬਿਗੜ ਗਏ ਹਨ;
ਹੰਕਾਰ ਵਿੱਚ ਮਸਤ ਹੋ ਕੇ ਉਹਨਾਂ ਦੀ ਅਕਲ ਖ਼ਤਮ ਹੋ ਗਈ ਹੈ। ਹੁਣ ਜੇ ਕੋਈ ਉਹਨਾਂ ਦੇ ਮੱਥੇ ਲੱਗੇਗਾ
ਉਹਨਾਂ ਨੂੰ ਆਉਣ ਵਾਲੇ ਸਮੇਂ ਬਹੁਤ ਦੁਖ ਮਿਲੇਗਾ। ਜੇਕਰ ਕੋਈ ਸਿੱਖ ਉਹਨਾਂ ਦੀ ਸਿਫ਼ਾਰਸ਼ ਕਰੇਗਾ, ਉਸ
ਨੂੰ ਅਸੀਂ ਇਸ ਤਰ੍ਹਾਂ ਦੀ ਸਜ਼ਾ ਦੇਵਾਂਗੇ; ਉਸ ਦਾ ਸਿਰ ਮੁੰਨਾ ਕੇ, ਮੂੰਹ ਕਾਲਾ ਕਰਕੇ ਗਧੇ `ਤੇ
ਚੜ੍ਹਾ ਕੇ ਨਗਰ ਵਿੱਚ ਫੇਰਿਆ ਜਾਵੇਗਾ। ਸਤਿਗੁਰੂ ਜੀ ਦੇ ਇਹ ਬਚਨ ਸੁਣ ਕੇ ਸਾਰੀਆਂ ਸਿੱਖ ਸੰਗਤਾਂ
ਨੇ ਅਫ਼ਸੋਸ ਵਿੱਚ ਸਿਰ ਹਿਲਾਇਆ।)
ਦੋਹਰਾ: ਸ੍ਰੀ ਗੁਰ ਕੇ ਇਹ ਬਚਨ ਸੁਨਿ ਤਿਹ ਮੁਖ ਲਗੇ ਨ ਲੋਗ। ਤਾਹਿ ਸਮੇ ਵਿਹ ਫਿਟ ਗਏ ਸ੍ਰਵਯੋ
ਤਾਹਿ ਬਡ ਰੋਗ। ੪੮੯। ਰੋਗ ਗ੍ਰਸਿਤ ਬਿਯਾਕੁਲ ਭਏ ਭਯੋ ਰਬਾਬ ਅਲੋਪ। ਮਾਂਗਨ ਜਾਵਤ ਜਾਸ ਗ੍ਰਿਹਿ ਆਗੇ
ਹੋਵਤ ਕੋਪ। ੪੯੦।
(ਭਾਵ: ਗੁਰੂ ਅਰਜਨ ਸਾਹਿਬ ਦੇ ਇਹ ਬਚਨ ਸੁਣ ਕੇ ਕਿ ਕੋਈ ਸਿੱਖ ਰਬਾਬੀਆਂ ਦੇ ਮੱਥੇ ਨਾ ਲੱਗੇ,
ਕੋਈ ਵੀ ਸਿੱਖ ਰਬਾਬੀਆਂ ਦੇ ਮੱਥੇ ਨਹੀਂ ਲਗਦਾ। ਗੁਰੂ ਜੀ ਦੇ ਬਚਨਾਂ ਕਰਕੇ ਉਸੇ ਸਮੇਂ ਰਬਾਬੀਆਂ
ਨੂੰ ਕੋਹੜ ਹੋ ਗਿਆ ਅਤੇ ਉਹਨਾਂ ਦੇ ਸਰੀਰ ਵਿਚੋਂ ਲਹੂ ਰਿਸਣ ਲਗ ਪਿਆ। ਰਬਾਬੀ ਕੋਹੜ ਦਾ ਰੋਗ ਹੋਣ
ਕਾਰਨ ਬਹੁਤ ਵਿਆਕੁਲ ਹੋ ਗਏ ਅਤੇ ਇਹਨਾਂ ਦਾ ਰਬਾਬ ਵੀ ਅਲੋਪ ਹੋ ਗਿਆ। ਜਿਸ ਦੇ ਘਰ ਇਹ ਮੰਗਣ ਜਾਂਦੇ
ਹਨ, ਉਹ ਇਹਨਾਂ ਨੂੰ ਕੁੱਝ ਦੇਣ ਦੀ ਬਜਾਏ ਸਗੋਂ ਗੁੱਸੇ ਹੁੰਦਾ ਹੈ।)
ਸਵੱਯਾ: ਸਾਹਿਬ ਸਿਉ ਜੋਊ ਮਾਨੁ ਕਰੈ, ਦੁਖੁ ਸੋਇ ਭਰੈ ਇਮ ਬੇਦ ਬਖਾਨੇ। ਦੁਰਜੋਧਨ ਮਾਨੁ ਕੀਯੋ ਸ੍ਰੀ
ਕਾਨ੍ਹ ਸੋਂ, ਦੇਹ ਸਮੇਤ ਸਭੀ ਕੁਲ ਹਾਨੀ। ਮਨਾਵਨ ਆਪਿ ਗਏ ਸੁਖਸਿੰਧੁ, ਨ ਮਾਨਤ ਭੇ ਮਨਿ ਰਾਗ
ਗੁਮਾਨੇ। ਲਾਇਕ ਐਸ ਸਜਾਇ ਭਏ, ਤਨ ਫਟਿ ਗਯੋ ਕੋਊ ਭੀਖ ਨ ਠਾਨੇ। ੪੯੧।
(ਭਾਵ: ਵੇਦ ਇਹ ਕਹਿੰਦੇ ਹਨ ਕਿ ਜੇ ਕੋਈ ਆਪਣੇ ਮਾਲਕ ਨਾਲ ਹੰਕਾਰ ਕਰਦਾ ਹੈ, ਉਹ ਦੁੱਖ ਪਾਉਂਦਾ ਹੈ।
ਦੁਰਜੋਧਨ ਨੇ ਸ੍ਰੀ ਕ੍ਰਿਸ਼ਨ ਨਾਲ ਹੰਕਾਰ ਕੀਤਾ ਸੀ, ਸਿੱਟੇ ਵਜੋਂ ਉਸ ਦੇ ਸਰੀਰ ਸਹਿਤ ਸਾਰੀ ਕੁਲ
ਵੰਸ ਦਾ ਹੀ ਨਾਸ ਹੋ ਗਿਆ। ਰਬਾਬੀਆਂ ਨੂੰ ਮਨਾਉਣ ਲਈ ਸੁਖਾਂ ਦੇ ਸਾਗਰ ਸਤਿਗੁਰੂ ਜੀ ਆਪ ਗਏ ਪਰ ਫਿਰ
ਵੀ ਰਾਗ ਦੇ ਗੁਮਾਨ ਕਾਰਨ ਇਹ ਨਾ ਮੰਨੇ। ਇਸ ਕਾਰਨ ਇਹ ਸਜ਼ਾਇ ਦੇ ਲਾਇਕ ਸਨ, ਇਹਨਾਂ ਦੇ ਤਨ ਨੂੰ
ਕੋਹੜ ਹੋ ਗਿਆ ਅਤੇ ਭਿੱਖਿਆ ਮੰਗਨ `ਤੇ ਕੋਈ ਭਿੱਖਿਆ ਵੀ ਨਹੀਂ ਦੇਂਦਾ।)
ਅਤਿ ਹੀ ਦੁਖੁ ਪਾਇ ਦੋਊ ਪਛੁਤਾਇ, ਸਹੀ ਗੁਰ ਕੋ ਪਰਮੇਸ਼ੁਰ ਜਾਨਯੋ। ਬਿਨਤੀ ਕਰਿ ਹਾਰ ਰਹੇ ਤਬਹੀ,
ਅਰਜ ਕੋ ਨ ਕਰੈ ਗੁਰ ਕਾ ਭੈ ਮਾਨਯੋ। ਮੂੰਡ ਮੂੰਡਾਇ ਕਰੈਂ ਮੁਹਿ ਕਾਲ ਸੁ, ਅਰਜ ਕਰੈ ਗੁਰ ਬੈਨ
ਬਖਾਨਯੋ। ਤਬਹੀ ਖਿਸਿਆਇ ਮਹਾ ਦੁਖੁ ਪਾਇ, ਸੁ ਸ਼ੋਕ ਕੇ ਸਿੰਧੁ ਭਏ ਗਲਤਾਨਯੋ। ੪੯੨।
(ਭਾਵ: ਇਹ ਦੁੱਖ ਪਾ ਕੇ ਦੋਵੇਂ ਬਹੁਤ ਪਛੁਤਾਏ ਅਤੇ ਹੁਣ ਨਿਸ਼ਚੇ ਕਰਕੇ ਸਤਿਗੁਰੂ ਜੀ ਨੂੰ
ਪਰਮੇਸੁਰ ਦਾ ਰੂਪ ਜਾਣਿਆ। ਇਹਨਾਂ ਨੇ, ਭਾਵ ਰਬਾਬੀਆਂ, ਆਪਣੀ ਭੁੱਲ ਬਖਸ਼ਾਉਣ ਲਈ ਕਈਆਂ ਨੂੰ ਬੇਨਤੀ
ਕੀਤੀ ਪਰ ਗੁਰੂ ਜੀ ਦੇ ਬਚਨਾਂ ਦੇ ਭੈ ਕਰਕੇ ਕੋਈ ਵੀ ਇਹਨਾਂ ਦੀ ਬੇਨਤੀ ਗੁਰੂ ਜੀ ਪਾਸ ਨਹੀਂ ਕਰਦਾ।
ਇਹਨਾਂ ਨੇ ਇਹ ਸੁਣ ਕੇ ਕਿ ਗੁਰੂ ਸਾਹਿਬ ਨੇ ਬਚਨ ਕੀਤਾ ਸੀ ਕਿ ਜਿਹੜਾ ਵੀ ਕੋਈ ਇਹਨਾਂ ਦੀ ਸਿਫ਼ਾਰਸ਼
ਕਰੇਗਾ ਉਸ ਦਾ ਸਿਰ ਮੁੰਨ ਕੇ, ਮੂੰਹ ਕਾਲਾ ਕਰਕੇ ਖੋਤੇ `ਤੇ ਬੈਠਾ ਕੇ ਨਗਰ ਵਿੱਚ ਫੇਰਿਆ ਜਾਵੇਗਾ।
ਇਹ ਸੁਣ ਕੇ ਇਹ ਬਹੁਤ ਸ਼ਰਮਿੰਦਾ ਹੋ ਕੇ ਬੜੇ ਦੁਖੀ ਹੋਏ ਅਤੇ ਸ਼ੋਕ ਦੇ ਸਮੁੰਦਰ ਵਿੱਚ ਡੁੱਬ ਗਏ।)
ਦੋਹਰਾ: ਤਬੈ ਦੁਹੂੰ ਚਿੰਤਾ ਕਰੀ ਅਰਜ ਨ ਕੋਊ ਉਚਾਰ। ਮਾਨੁਖ ਕਰਿ ਹਮ ਜਾਨਯੋ ਸ੍ਰੀ ਗੁਰ ਰੂਪ
ਮੁਰਾਰਿ। ੪੯੩। ਔਰ ਜਤਨ ਅਬ ਕੋ ਨਹੀ ਲੱਧਾ ਰਹੈ ਲਹੌਰ। ਪਰਉਪਕਾਰੀ ਨਾਮ ਤਿਹ, ਚਲੋ ਤਿਸੀ ਕੀ ਓਰ।
੪੯੪।
(ਭਾਵ: ਇਹਨਾਂ ਦੋਹਾਂ ਨੂੰ ਬਹੁਤ ਚਿੰਤਾ ਹੋਈ ਕਿ ਕੋਈ ਵੀ ਉਹਨਾਂ ਦੀ ਸਿਫ਼ਾਰਸ਼ ਕਰਨ ਲਈ ਤਿਆਰ
ਨਹੀਂ ਹੈ। ਇਹ ਸੋਚ ਕੇ ਬਹੁਤ ਝੂਰਦੇ ਹਨ ਕਿ ਅਸੀਂ ਪ੍ਰਭੂ ਸਰੂਪ ਗੁਰੂ ਜੀ ਨੂੰ ਸਾਧਾਰਣ ਮਨੁੱਖ
ਕਰਕੇ ਜਾਣਿਆ। ਇਹਨਾਂ ਨੇ ਫਿਰ ਇਹ ਵਿਚਾਰਿਆ ਕਿ ਹੋਰ ਤਾਂ ਕੋਈ ਯਤਨ ਨਹੀਂ ਕੀਤਾ ਜਾ ਸਕਦਾ; ਹਾਂ
ਇੱਕ ਪਰਉਪਕਾਰੀ ਭਾਈ ਲੱਧਾ ਲਾਹੌਰ ਨਿਵਾਸੀ ਹਨ, ਹੁਣ ਉਸ ਪਾਸ ਹੀ ਚਲਦੇ ਹਾਂ।)
ਚੌਪਈ: ਬਲਵੰਡ ਸੱਤਾ ਦੋਊ ਤਬ ਚਲੇ, ਓਰ ਲਹੌਰ ਰੋਗ ਬਡ ਦਲੇ। ਜਾਵਤ ਪੰਥ ਸੁ ਐਸ ਵਿਚਾਰੈਂ। ਭਾਈ
ਲੱਧਾ ਪਰਉਪਕਾਰੈ। ੪੯੫। ਭਾਈ ਗੁਰਦਾਸ ਕਹਾ ਨਿਰਧਾਰੀ। ਭਾਈ ਲੱਧਾ ਪਰਉਪਕਾਰੀ। ਤਾ ਤੇ ਹਮ ਕੋ ਸੋ
ਬਖਸਾਵੈ। ਕ੍ਰਿਪਾਸਿੰਧੁ ਕਾ ਦਰਸੁ ਕਰਾਵੈ। ੪੯੭। ਪੰਥ ਰੈਨਿ ਬਸਿ ਪਹੁਂਚੇ ਤਹਾਂ। ਭਾਈ ਲੱਧੇ ਕਾ ਘਰ
ਜਹਾਂ। ਜੋਊ ਸਿਖ ਤਿਹ ਨੇਤ੍ਰੀਂ ਜੋਵੈ। ਬਚਨ ਮਾਨਿ ਮੁਖਿ ਅੰਚਰ ਲੇਵੈ। ੪੯੭। ਭਾਈ ਲੱਧੇ ਇਮ ਸੁਨਿ
ਪਾਏ। ਬਲਵੰਡ ਸੱਤਾ ਮੇਰੇ ਗ੍ਰਿਹੁ ਆਏ। ਤਬ ਕਿਵਾੜ ਨਿਜ ਦਰ ਕੋ ਦੀਨੋ। ਬਚਨ ਮਾਨਿ ਗੁਰ ਕੇ ਸੁਖੁ
ਲੀਨੋ। ੪੯੮।
(ਭਾਵ: ਭਾਈ ਬਲਵੰਡ ਅਤੇ ਭਾਈ ਸੱਤਾ ਰੋਗ ਵਿੱਚ ਗ੍ਰਸੇ ਹੋਏ ਲਾਹੌਰ ਵੱਲ ਰਵਾਨਾ ਹੋਏ। ਰਸਤੇ
ਵਿੱਚ ਜਾਂਦੇ ਹੋਏ ਇਸ ਤਰ੍ਹਾਂ ਦੀ ਵਿਚਾਰ ਕਰਦੇ ਹਨ ਕਿ ਭਾਈ ਲੱਧਾ ਜੀ ਬੜੇ ਪਰਉਪਕਾਰੀ ਹਨ। ਭਾਈ
ਗੁਰਦਾਸ ਜੀ ਨੇ ਵਿਚਾਰ ਕੇ ਹੀ ਭਾਈ ਲੱਧਾ ਜੀ ਨੂੰ ਪਰਉਪਕਾਰੀ ਕਿਹਾ ਹੈ। ਇਸ ਲਈ ਉਹ ਸਾਨੂੰ ਜ਼ਰੂਰ
ਮਾਫ਼ੀ ਦੁਆ ਕੇ ਸਤਿਗੁਰੂ ਜੀ ਦਾ ਦਰਸ਼ਨ ਕਰਾਉਣਗੇ। ਰਸਤੇ ਵਿੱਚ ਇੱਕ ਰਾਤ ਬਿਤਾ ਕੇ ਦੂਜੇ ਦਿਨ ਜਿੱਥੇ
ਭਾਈ ਲੱਧਾ ਜੀ ਦਾ ਘਰ ਸੀ ਪਹੁੰਚੇ। ਇਹਨਾਂ ਨੂੰ ਜਿਹੜਾ ਵੀ ਕੋਈ ਸਿੱਖ ਆਪਣੀਆਂ ਅੱਖਾਂ ਨਾਲ ਦੇਖਦਾ
ਹੈ, ਉਹ ਗੁਰੂ ਜੀ ਦੇ ਬਚਨ ਮੰਨ ਕੇ ਆਪਣਾ ਮੂੰਹ ਕਪੜੇ ਨਾਲ ਢਕ ਲੈਂਦਾ ਸੀ। ਭਾਈ ਲੱਧਾ ਜੀ ਨੇ ਜਦ
ਇਹ ਸੁਣਿਆ ਕਿ ਬਲਵੰਡ ਅਤੇ ਸੱਤਾ ਮੇਰੇ ਘਰ ਨੂੰ ਆ ਰਹੇ ਹਨ ਤਾਂ ਆਪ ਨੇ ਆਪਣੇ ਘਰ ਦਾ ਦਰਵਾਜ਼ਾ ਬੰਦ
ਕਰ ਲਿਆ। ਭਾਈ ਲੱਧਾ ਜੀ ਨੇ ਗੁਰੂ ਜੀ ਦਾ ਹੁਕਮ ਮੰਨ ਕੇ ਆਪਣੇ ਆਪ ਵਿੱਚ ਰਾਹਤ ਮਹਿਸੂਸ ਕੀਤੀ।)
ਦੋਹਰਾ: ਤਬ ਦੁਹੂੰਅਨ ਬਿਨਤੀ ਕਰੀ ਹਮਰੀ ਕਰੋ ਸਹਾਇ। ਤ੍ਰਾਹਿ ਤ੍ਰਾਹਿ ਸਰਨੀ ਪਰੈ ਪਰਉਪਕਾਰ
ਕਰਾਇ। ੪੯੯। ਪਰਉਪਕਾਰੀ ਨਾਮੁ ਸੁਨਿ ਆਏ ਤੁਮਰੀ ਪਾਸਿ। ਨਾਮ ਲਾਜ ਪਾਲੋ ਪ੍ਰਭੂ ਹਮਰੀ ਕਰਿ ਅਰਦਾਸਿ।
੫੦੦।
(ਭਾਵ: ਭਾਈ ਲੱਧਾ ਜੀ ਦੇ ਘਰ ਦਾ ਦਰਵਾਜ਼ਾ ਬੰਦ ਦੇਖ ਕੇ ਇਹਨਾਂ ਦੋਹਾਂ ਨੇ ਬੇਨਤੀ ਕੀਤੀ ਕਿ
ਸਾਡੀ ਸਹਾਇਤਾ ਕਰੋ। ਅਸੀਂ ਤੁਹਾਡੀ ਸ਼ਰਨ ਵਿੱਚ ਆਏ ਹਾਂ, ਸਾਡੇ ਉੱਤੇ ਪਰਉਪਕਾਰ ਕਰਕੇ ਸਾਡੀ ਰੱਖਿਆ
ਕਰੋ, ਰੱਖਿਆ ਕਰੋ। ਅਸੀਂ ਤੁਹਾਡੇ ਪਰਉਪਕਾਰੀ ਹੋਣ ਬਾਰੇ ਸੁਣ ਕੇ ਤੁਹਾਡੇ ਪਾਸ ਆਏ ਹਾਂ। ਹੇ ਪ੍ਰਭੂ
ਜੀ! ਸਾਡੀ ਗੁਰੂ ਜੀ ਪਾਸ ਬੇਨਤੀ ਕਰਕੇ ਆਪਣੇ ਨਾਮ ਦੀ ਲੱਜਿਆ ਰੱਖੋ।)
ਚੌਪਈ: ਖੋਲੋ ਦਰੁ ਹਮ ਅਰਜ ਸੁਨੱਯੈ। ਮੁਖਿ ਅੰਚਰ ਧਰਿ ਉੱਦਮ ਕੱਯੈ। ਤਬ ਲੱਧੇ ਮਨਿ ਐਸ ਵਿਚਾਰਾ।
ਸਭ ਤੇ ਅਧਿਕ ਸੁ ਪਰਉਪਕਾਰਾ। ੫੦੧। ਖੋਲਿ ਕਿਵਾੜ ਭੀਤਰਿ ਤਬ ਆਨੇ। ਧੀਰਜ ਦੀਯੋ ਨ ਸੰਸਾ ਠਾਨੋ।
ਤੁਮਰੇ ਹਿਤਿ ਮੈ ਜਤਨ ਕਰਾਵੋਂ। ਮੁਹਿ ਕਾਲਾ ਚੜਿ ਗਰਧਬ ਧਾਵੋਂ। ੫੦੨। ਮੂੰਡ ਮੁੰਡਾਇ ਮੋਰ ਕਿਆ
ਜਾਵੈ। ਸਫਲ ਦੇਹ ਸੋ ਪਰ ਹਿਤਿ ਆਵੈ। ਮੂੰਡੇ ਬਾਲ ਹੋਹਿ ਮੁਖ ਧੋਵੋਂ। ਬਖਸ਼ਾਇ ਗੁਰੂ ਤੇ ਤੁਮ ਦੁਖ
ਖੋਵੋਂ। ੫੦੩। ਐਸ ਭਾਖ ਰੈਨਿ ਤਹ ਸੋਇ। ਦੇਖਿ ਪ੍ਰਾਤ ਤਯਾਰੁ ਤਬ ਹੋਏ। ਪ੍ਰਿਥਮੈ ਲੱਧੈ ਮੂੰਡ
ਮੁੰਡਾਯੋ। ਮੁਹਿ ਕਾਲਾ ਨਿਜ ਹਾਥ ਕਰਾਯੋ। ੫੦੪।
(ਭਾਵ: ਦਰਵਾਜ਼ਾ ਖੋਲ ਕੇ ਸਾਡੀ ਬੇਨਤੀ ਸੁਣੋ। ਤੁਸੀਂ ਮੂੰਹ ਕਪੜੇ ਨਾਲ ਢਕ ਕੇ ਫਿਰ ਸਾਡੇ ਲਈ
ਕੋਈ ਜਤਨ ਕਰੋ। ਇਹਨਾਂ ਦੀ ਬੇਨਤੀ ਸੁਣ ਕੇ ਭਾਈ ਲੱਧਾ ਜੀ ਨੇ ਮਨ ਵਿੱਚ ਵਿਚਾਰਿਆ ਕਿ ਸਾਰੇ ਧਰਮ
ਕਰਮਾਂ ਨਾਲੋਂ ਪਰਉਪਕਾਰ ਸ੍ਰੇਸ਼ਟ ਕਰਮ ਹੈ। ਇਹ ਵਿਚਾਰ ਕੇ ਆਪ ਨੇ ਦਰਵਾਜ਼ਾ ਖੋਹਲ ਕੇ ਇਹਨਾਂ ਦੋਹਾਂ
ਨੂੰ ਅੰਦਰ ਲੈ ਆਂਦਾ। ਆਪ ਨੇ ਇਹਨਾਂ ਨੂੰ ਧੀਰਜ ਦੇਂਦਿਆਂ ਹੋਇਆਂ ਕਿਹਾ ਕਿ ਤੁਸੀਂ ਸ਼ੰਕਾ ਤਿਆਗ
ਦੇਵੋ। ਤੁਹਾਨੂੰ ਸਤਿਗੁਰੂ ਜੀ ਤੋਂ ਮਾਫ਼ੀ ਦੁਆਉਣ ਲਈ ਮੈਂ ਆਪਣਾ ਮੂੰਹ ਕਾਲਾ ਕਰਕੇ ਖੋਤੇ ਉੱਤੇ
ਚੜ੍ਹ ਕੇ ਗੁਰੂ ਜੀ ਪਾਸ ਜਾਵਾਂਗਾ। ਸਿਰ ਮੁੰਨਾਉਣ ਨਾਲ ਮੇਰਾ ਕੀ ਵਿਗੜ ਜਾਵੇਗਾ? ਪਰਉਪਕਾਰ ਕੀਤਿਆਂ
ਤਾਂ ਸਗੋਂ ਸਰੀਰ ਸਫਲ ਹੁੰਦਾ ਹੈ। ਸਿਰ ਮੁੰਨਿਆਂ ਬਾਲ ਫਿਰ ਸਿਰ `ਤੇ ਹੋ ਜਾਣਗੇ ਅਤੇ ਕਾਲਾ ਕੀਤਾ
ਹੋਇਆ ਮੂੰਹ ਧੋ ਲਵਾਂਗਾ। ਗੁਰੂ ਜੀ ਪਾਸੋਂ ਤੁਹਾਨੂੰ ਮਾਫ਼ੀ ਦੁਆ ਕੇ ਤੁਹਾਡੇ ਦੁੱਖ ਦੂਰ ਕਰ
ਦਿਆਂਗਾ। ਇਸ ਤਰ੍ਹਾਂ ਆਖ ਕੇ ਰਾਤ ਨੂੰ ਸੌਂ ਗਏ। ਸੁਬ੍ਹਾ ਹੁੰਦਿਆਂ ਹੀ ਆਪ ਗੁਰੂ ਜੀ ਪਾਸ ਜਾਣ ਲਈ
ਤਿਆਰ ਹੋ ਗਏ। ਪਹਿਲਾਂ ਭਾਈ ਲੱਧਾ ਜੀ ਨੇ ਆਪਣਾ ਸਿਰ ਮੁੰਡਾਇਆ ਅਤੇ ਫਿਰ ਆਪਣੇ ਹੱਥੀਂ ਆਪਣਾ ਮੂੰਹ
ਕਾਲਾ ਕੀਤਾ।) ਚੱਲਦਾ