ਸੂਮਹਿ ਧਨੁ ਰਾਖਨ ਕਉ ਦੀਆ ਮੁਗਧੁ ਕਹੈ ਧਨੁ ਮੇਰਾ
(ਗੁਰੂ ਗ੍ਰੰਥ ਸਾਹਿਬ ਪੰਨਾ) 479
ਮੇਰਾ ਇੱਕ ਦੋਸਤ ਪੰਜਾਬ ਵਿੱਚ
ਬੱਚਿਆਂ ਦੀ ਭਲਾਈ ਲਈ ਜਾਣ-ਪਛਾਣ ਵਾਲੇ ਸੱਜਣਾਂ ਅਤੇ ਰਿਸ਼ਤੇਦਾਰਾਂ ਤੋਂ ਮਾਇਆ ਇਕੱਤਰ ਕਰਦਾ ਰਹਿੰਦਾ
ਹੈ। ਉਸ ਨੇ ਜਦੋਂ ਪਹਿਲਾਂ ਪਹਿਲਾਂ ਇਹ ਸੇਵਾ ਕਰਨੀ ਸ਼ੁਰੂ ਕੀਤੀ ਸੀ ਤਾਂ ਲੋਕ ਕਈ ਤਰ੍ਹਾਂ ਦੀਆਂ
ਗੱਲਾਂ ਕਰਦੇ ਸਨ ਭਾਵੇਂ ਕਿ ਉਹ ਸਭ ਤੋਂ ਪਹਿਲਾਂ ਆਪਣੇ ਦਸਵੰਧ ਦਾ ਇੱਕ ਇੱਕ ਪੈਸਾ ਇਸ ਫੰਡ ਵਿੱਚ
ਪਾਉਂਦਾ ਸੀ ਤੇ ਹੁਣ ਵੀ ਪਾਉਂਦਾ ਹੈ।
ਲੋਕ ਵੀ ਸੱਚੇ ਸਨ ਕਿਉਂਕਿ ਅੱਜ ਕਲ ਚੈਰਿਟੀ ਦੇ ਨਾਮ ਹੇਠ ਬਹੁਤ ਠੱਗੀਆਂ ਵੱਜ ਰਹੀਆਂ ਹਨ। ਕੁੱਝ
ਸਾਲ ਹੋਏ ਮੈਨੂੰ ਆਪਣੇ ਇੱਕ ਦੋਸਤ ਦੀ ਲੜਕੀ, ਜਿਸ ਨੇ ਕੁੱਝ ਸਮਾਂ ਇੱਕ ਚੈਰਿਟੀ ਦੇ ਦਫ਼ਤਰ ਵਿੱਚ
ਕੰਮ ਕੀਤਾ ਸੀ, ਨੇ ਦੱਸਿਆ ਸੀ ਕਿ ਇਨ੍ਹਾਂ ਚੈਰਿਟੀ ਸੰਸਥਾਵਾਂ ਵਲੋਂ ਇਕੱਠੇ ਕੀਤੇ ਪੈਸੇ ਦਾ ਕੁੱਝ
ਹਿੱਸਾ ਹੀ ਲੋੜਵੰਦਾਂ ਤੱਕ ਪਹੁੰਚਦਾ ਹੈ ਬਹੁਤਾ ਹਿੱਸਾ ਪ੍ਰਬੰਧਕੀ ਕੰਮਾਂ ਅਤੇ ਕਰਮਚਾਰੀਆਂ ਦੀਆਂ
ਤਨਖ਼ਾਹਾਂ ਵਿੱਚ ਨਿੱਕਲ ਜਾਂਦਾ ਹੈ ਵਿਸ਼ੇਸ਼ ਕਰ ਕੇ ਉੱਚੀਆਂ ਕੁਰਸੀਆਂ `ਤੇ ਬੈਠੇ ਅਫ਼ਸਰਾਂ ਦੀਆਂ
ਵੱਡੀਆਂ ਤਨਖ਼ਾਹਾਂ ਵਿਚ। ਰਹਿੰਦੀ ਖੂੰਹਦੀ ਕਸਰ ਉਨ੍ਹਾਂ ਦੇਸ਼ਾਂ ਦੀ ਅਫ਼ਸਰਸ਼ਾਹੀ ਅਤੇ ਸਿਆਸੀ
ਚਾਮ-ਚੜਿੱਕਾਂ ਭੇਜੀ ਹੋਈ ਇਸ ਸਹਾਇਤਾ ਦਾ ਲਹੂ ਪੀ ਜਾਂਦੀਆਂ ਹਨ ਜਿਥੋਂ ਦੇ ਲੋੜਵੰਦ ਲੋਕਾਂ ਵਾਸਤੇ
ਇਹ ਸਹਾਇਤਾ ਭੇਜੀ ਗਈ ਹੁੰਦੀ ਹੈ।
ਇੰਗਲੈਂਡ ਵਿੱਚ ਇਸੇ ਤਰ੍ਹਾਂ ਦੇ ਘਪਲੇ ਸਾਡੀਆਂ ਆਪਣੀਆਂ ਦੇਸੀ ਸੰਸਥਾਵਾਂ ਵਲੋਂ ਵੀ ਹੋ ਚੁੱਕੇ ਹਨ
ਜਦੋਂ ਪਿੱਛੇ ਸਾਡੇ ਆਪਣੇ ਦੇਸ਼ਾਂ ਵਿੱਚ ਕਿਸੇ ਭੂਚਾਲ, ਤੂਫ਼ਾਨ ਆਦਿਕ ਆਉਣ ਸਮੇਂ ਇੱਥੇ ਵਸਦੇ ਲੋਕਾਂ
ਨੇ ਕਰੋੜਾਂ ਰੁਪਇਆਂ ਦੀ ਮਦਦ ਇਕੱਠੀ ਕਰ ਕੇ ਇਨ੍ਹਾਂ ਸੰਸਥਾਵਾਂ ਨੂੰ ਦਿਤੀ ਪਰ ਬਾਅਦ ਵਿੱਚ ਪਤਾ
ਲੱਗਾ ਕਿ ਇਹ ਪੈਸਾ ਜਿਸ ਕਾਰਜ ਲਈ ਇਕੱਠਾ ਕੀਤਾ ਗਿਆ ਸੀ ਉਸ ਵਾਸਤੇ ਭੇਜਿਆ ਹੀ ਨਹੀਂ ਗਿਆ ਸਗੋਂ
ਕਿਸੇ ਵਿਅਕਤੀ ਜਾਂ ਸੰਸਥਾ ਦੇ ਅਕਾਊਂਟ ਵਿੱਚ ਪਿਆ ਹੈ ਜਾਂ ਬਿਲਕੁਲ ਹੀ ਖੁਰਦ ਬੁਰਦ ਕਰ ਦਿਤਾ ਗਿਆ
ਹੈ।
ਏਥੋਂ ਤੱਕ ਕਿ ਲੋਕਾਂ ਦੇ ਘਰਾਂ ਵਿਚੋਂ ਕੱਪੜਾ-ਲੱਤਾ ਅਤੇ ਹੋਰ ਘਰੇਲੂ ਵਸਤਾਂ ਇਕੱਤਰ ਕਰਨ ਵਾਲ਼ੇ ਵੀ
ਸਾਰੇ ਲੋਕ ਅਸਲੀ ਨਹੀਂ ਹਨ। ਉਹ ਇਸੇ ਬਹਾਨੇ ਹੀ ਲੋਕਾਂ ਵਲੋਂ ਨੇਕ ਕੰਮਾਂ ਲਈ ਦਿਤੀਆਂ ਵਸਤਾਂ ਨੂੰ
ਮੁਨਾਫ਼ੇ ਵਿੱਚ ਵੇਚ ਕੇ ਆਪਣੀਆਂ ਜੇਬਾਂ ਭਰ ਲੈਂਦੇ ਹਨ।
ਭਾਰਤ ਤੋਂ ਕਈ ਲੋਕ ਛੇ ਮਹੀਨਿਆਂ ਦੇ ਵੀਜ਼ੇ `ਤੇ ਬਾਹਰਲੇ ਮੁਲਕਾਂ ਵਿੱਚ ਆ ਕੇ ਲੋਕਾਂ ਦੇ ਘਰੀਂ ਜਾ
ਕੇ ਭਾਰਤ ਵਿੱਚ ਬਣ ਰਹੇ ਧਾਰਮਿਕ ਅਸਥਾਨਾਂ ਦੇ ਨਾਂ `ਤੇ ਵੀ ਠੱਗੀ ਮਾਰਦੇ ਹਨ। ਉਨ੍ਹਾਂ ਨੂੰ ਪਤਾ
ਹੈ ਕਿ ਲੋਕ ਧਾਰਮਿਕ ਆਸਥਾ ਨਾਲ਼ ਬੱਝੇ ਹੋਏ ਹੋਣ ਕਰ ਕੇ ਇਨ੍ਹਾਂ ਨੂੰ ਖ਼ਾਲੀ ਹੱਥ ਨਹੀਂ ਮੋੜਨਗੇ। ਕਈ
ਹੱਥ ਦੇਖਣ ਅਤੇ ਕਿਸਮਤ ਦੱਸਣ ਦੇ ਬਹਾਨੇ ਵੀ ਭੋਲੇ-ਭਾਲੇ ਲੋਕਾਂ ਨੂੰ ਲੁੱਟਦੇ ਹਨ।
ਪੰਜਾਬ ਵਿੱਚ ਹੁਣ ਕਣਕ ਦੀ ਵਾਢੀ ਸ਼ੁਰੂ ਹੋਣ ਵਾਲ਼ੀ ਹੈ। ‘ਕਾਰ ਸੇਵਾ’ ਦੇ ਨਾਮ ਹੇਠ ਠੱਗੀਆਂ ਮਾਰਨ
ਵਾਲ਼ੇ ਬਾਬਿਆਂ ਨੇ ਵੀ ਆਪਣੇ ਆਪਣੇ ਪੀਟਰ ਰੇਹੜੇ ਤਿਆਰ ਕਰ ਲਏ ਹਨ ਤੇ ਹੁਣ ਉਹ ਵਾਢੀ ਕਰਦੇ ਕਿਸਾਨਾਂ
ਦੀਆਂ ਖੁੱਚਾਂ ਵੱਢਦੇ ਫਿਰਨਗੇ। ਪਿਛਲੇ ਸਾਲਾਂ ਵਿੱਚ ਪੰਜਾਬ ਤੋਂ ਇਹ ਰਿਪੋਰਟਾਂ ਵੀ ਆਉਂਦੀਆਂ
ਰਹੀਆਂ ਹਨ ਇਹ ਠੱਗ ਕਿਸਮ ਦੇ ਬਾਬੇ ਕਿਸਾਨਾਂ ਕੋਲੋਂ ਜ਼ਬਰਦਸਤੀ ਵੀ ਕਣਕ ਚੁੱਕਦੇ ਰਹੇ ਹਨ ਵਿਸ਼ੇਸ਼ ਕਰ
ਕੇ ਜਦੋਂ ਘਰਾਂ ਵਿੱਚ ਬੀਬੀਆਂ ਇਕੱਲੀਆਂ ਹੁੰਦੀਆਂ ਹਨ। ਗੁਰੂ ਨਾਨਕ ਪਾਤਸ਼ਾਹ ਨੇ ਜਦੋਂ ਦੇਖਿਆ ਕਿ
ਦਾਨ ਦੇ ਨਾਮ `ਤੇ ਚਾਲਾਕ ਬ੍ਰਾਹਮਣ ਲੋਕਾਂ ਦਾ ਸ਼ੋਸ਼ਣ ਕਰ ਰਿਹਾ ਸੀ ਤਾਂ ਗੁਰੂ ਮਹਾਰਾਜ ਨੇ ਲੋਕਾਂ
ਨੂੰ ਖ਼ਬਰਦਾਰ ਕੀਤਾ ਜਦੋਂ ਉਨ੍ਹਾਂ ਨੇ ਕਿਹਾ:-
ਅਕਲੀ ਸਾਹਿਬੁ ਸੇਵੀਐ ਅਕਲੀ ਪਾਈਐ ਮਾਨੁ॥ ਅਕਲੀ ਪੜਿ ਕੈ ਬੁਝੀਐ ਅਕਲੀ
ਕੀਚੈ ਦਾਨੁ॥ (ਸ੍ਰੀ ਗੁਰੂ ਗ੍ਰੰਥ ਸਾਹਿਬ ਪੰਨਾ 1245)
ਸੋ, ਕੁੱਝ ਲੋਕਾਂ ਵਲੋਂ ਕੀਤੇ ਜਾਂਦੇ ਇਹੋ ਜਿਹੇ ਵਰਤਾਰਿਆਂ ਕਰ ਕੇ ਹੀ ਲੋਕਾਂ ਦਾ ਵਿਸ਼ਵਾਸ਼
ਸਹਿਜੇ ਕੀਤੇ ਨੇਕ ਕੰਮਾਂ ਵਾਸਤੇ ਮਾਇਆ ਇਕੱਤਰ ਕਰਨ ਵਾਲ਼ੇ ਲੋਕਾਂ ਉੱਪਰ ਨਹੀਂ ਬੱਝਦਾ।
ਮੇਰੇ ਦੋਸਤ ਨੂੰ ਵੀ ਪਹਿਲਾਂ ਪਹਿਲਾਂ ਬਹੁਤ ਕਠਿਨਾਈਆਂ ਦਾ ਸਾਹਮਣਾ ਕਰਨਾ ਪਿਆ। ਕਈ ਲੋਕ ਉਸ ਨੂੰ
ਮੂੰਹ ਮੁਲਾਹਜ਼ੇ ਦੇ ਤੌਰ `ਤੇ ਪੈਸੇ ਤਾਂ ਦੇ ਦਿੰਦੇ ਸਨ ਪਰ ਕਈ ਵਾਰੀ ਗੁੱਝੀ ਟਿੱਚਰ ਵੀ ਕਰ ਜਾਂਦੇ।
ਪਰ ਉਸ ਨੂੰ ਪੰਜਾਬੀ ਦੀ ਕਹਾਵਤ ਯਾਦ ਸੀ ਕਿ ‘ਮੰਗਣ ਗਿਆ ਸੋ ਮਰ ਗਿਆ’ ਸੋ ਉਹ ਸਭ ਦੀਆਂ ਠੰਢੀਆਂ
ਤੱਤੀਆਂ ਸੁਣ ਕੇ ਆਪਣੇ ਕੰਮ ਵਿੱਚ ਮਸਤ ਰਹਿੰਦਾ। ਉਸਨੇ ਇਸ ਕਾਰਜ ਲਈ ਕੁੱਝ ਪੱਕੇ ਅਸੂਲ ਬਣਾਏ ਹੋਏ
ਸਨ। ਉਹ ਇੱਕ ਇੱਕ ਪੈਸੇ ਦਾ ਹਿਸਾਬ ਰੱਖਦਾ, ਰਸੀਦ ਪਰਚਾ ਸਭ ਸਾਂਭ ਕੇ ਰੱਖਦਾ। ਉਹ ਕਿਸੇ ਵੀ
ਲੋੜਵੰਦ ਨੂੰ ਕੈਸ਼ ਪੈਸੇ ਨਹੀਂ ਸੀ ਦਿੰਦਾ। ਉਹਦੀ ਰੁਚੀ ਵਿਸ਼ੇਸ਼ ਕਰ ਕੇ ਵਿਦਿਆ ਦੇ ਖੇਤਰ ਵਿੱਚ ਸੀ।
ਉਹ ਗ਼ਰੀਬ ਬੱਚਿਆਂ ਦੀਆਂ ਫ਼ੀਸਾਂ, ਵਰਦੀਆਂ ਤੇ ਕਿਤਾਬਾਂ ਆਦਿ ਵਿੱਚ ਸਹਾਇਤਾ ਕਰਨ ਨੂੰ ਪਹਿਲ ਦਿੰਦਾ।
ਉਹਦੀ ਧਾਰਣਾ ਸੀ ਕਿ ਜੇ ਬੱਚੇ ਪੜ੍ਹ ਲਿਖ਼ ਜਾਣਗੇ ਤਾਂ ਆਪਣੇ ਪੈਰਾਂ `ਤੇ ਖੜ੍ਹੇ ਹੋ ਜਾਣਗੇ। ਕਈ
ਵਾਰੀ ਕਿਸੇ ਸਕੂਲ ਨੂੰ ਜੇ ਕਿਸੇ ਚੀਜ਼ ਦੀ ਲੋੜ ਹੁੰਦੀ ਤਾਂ ਉਸ ਵਿੱਚ ਵੀ ਮਦਦ ਕਰਦਾ। ਇਸ ਦਾ ਇੱਕ
ਹੋਰ ਕਾਰਨ ਵੀ ਸੀ ਕਿ ਮੇਰਾ ਦੋਸਤ ਘਰ ਦੀ ਗ਼ਰੀਬੀ ਕਾਰਣ ਦਸਵੀਂ ਤੋਂ ਬਾਅਦ ਕਾਲਜ ਵਿੱਚ ਨਹੀਂ ਸੀ
ਦਾਖ਼ਲ ਹੋ ਸਕਿਆ। ਇਸ ਗੱਲ ਨੇ ਉਸ ਨੂੰ ਹਮੇਸ਼ਾ ਹੀ ਪ੍ਰੇਸ਼ਾਨ ਕੀਤਾ ਸੀ ਤੇ ਇਸ ਤਰ੍ਹਾਂ ਲੋੜਵੰਦਾਂ ਦੀ
ਸਹਾਇਤਾ ਕਰ ਕੇ ਉਹ ਬੜੀ ਤਸੱਲੀ ਮਹਿਸੂਸ ਕਰਦਾ ਸੀ।
ਤੇ ਅੱਜ ਉਸ ਦਾ ਮੈਨੂੰ ਫ਼ੋਨ ਆਇਆ ਸੀ ਕਿ ਉਸ ਨੇ ਕਿਸੇ ਬਹੁਤ ਹੀ ਅਮੀਰ ਪਰਿਵਾਰ ਨੂੰ ਇਸ ਸਬੰਧੀ
ਮਿਲਣਾ ਸੀ ਤੇ ਉਹ ਚਾਹੁੰਦਾ ਸੀ ਕਿ ਮੈਂ ਉਸ ਨਾਲ਼ ਚੱਲਾਂ।
ਘਰ ਕਾਹਦਾ ਸੀ ਮਹਿਲ ਸੀ ਇਹ। ਘਰ ਵਿੱਚ ਬਜ਼ੁਰਗ਼ ਮੀਆਂ ਬੀਵੀ ਦੋਵੇਂ ਹਾਜ਼ਰ ਸਨ। ਪਤੀ ਪਤਨੀ
ਡਰਾਇੰਗ-ਰੂਮ ਵਿੱਚ ਬੈਠੇ ਸਨ। ਬਜ਼ੁਰਗ਼ ਕਰਿਕਟ ਦੇਖਣ ਵਿੱਚ ਮਗਨ ਸੀ। ਮੇਰੇ ਦੋਸਤ ਨੇ ਸਤਿ ਸ੍ਰੀ
ਬੁਲਾਉਣ ਤੇ ਰਾਜ਼ੀ ਖ਼ੁਸ਼ੀ ਪੁੱਛਣ ਤੋਂ ਬਾਅਦ ਆਉਣ ਦਾ ਕਾਰਨ ਦੱਸਿਆ ਤੇ ਆਪਣੇ ਦੋਸਤ ਦਾ ਹਵਾਲਾ ਦਿੱਤਾ
ਜਿਸ ਨੂੰ ਪਰਿਵਾਰ ਵਾਲ਼ੇ ਵੀ ਚੰਗੀ ਤਰ੍ਹਾਂ ਜਾਣਦੇ ਸਨ। ਉਸੇ ਦੋਸਤ ਨੇ ਹੀ ਸੁਝਾਅ ਦਿੱਤਾ ਸੀ ਕਿ
ਇਨ੍ਹਾਂ ਨੂੰ ਮਿਲਿਆ ਜਾਵੇ। ਦੋਨੋਂ ਮੀਆਂ ਬੀਵੀ ਬੜੇ ਹੀ ਮਿੱਠ ਬੋਲੜੇ ਸਨ।
ਚੈਰਿਟੀ ਬਾਰੇ ਸੁਣ ਕੇ ਬਜ਼ੁਰਗ਼ ਨੇ ਟੈਲੀ ਦੀ ਸਕਰੀਨ ਤੋਂ ਅੱਖਾਂ ਚੁੱਕੀਆਂ ਤੇ ਬੋਲਿਆ, “ਅਸੀਂ ਤਾਂ
ਪਹਿਲਾਂ ਹੀ ਚੈਰਿਟੀਆਂ ਦੀ ਬਹੁਤ ਮਦਦ ਕਰਦੇ ਆਂ ਜੀ”
“ਪਰ ਜੀ, ਅਸੀਂ ਵੀ ਤੁਹਾਡੇ ਕੋਲੋਂ ਸਹਾਇਤਾ ਦੀ ਉਮੀਦ ਲੈ ਕੇ ਆਏ ਆਂ, ਪੰਜਾਬ ਵਿੱਚ ਗ਼ਰੀਬ ਬੱਚਿਆਂ
ਦੀਆਂ ਫ਼ੀਸਾਂ ਤੇ ਕਿਤਾਬਾਂ ਆਦਿ ਵਿੱਚ ਅਸੀਂ ਸਹਾਇਤਾ ਕਰਦੇ ਆਂ”। ਮੇਰਾ ਦੋਸਤ ਬੜੀ ਹਲੀਮੀ ਨਾਲ਼
ਬੋਲਿਆ।
ਹੁਣ ਬਜ਼ੁਰਗ਼ ਦੀ ਬੀਵੀ ਬੋਲੀ, “ਸਾਡੇ ਘਰ ਦੇ ਪਿਛਲੇ ਪਾਸੇ ਯੂਨੀਵਰਸਿਟੀ ਦੀ ਗਰਾਊਂਡ ਲਗਦੀ ਐ ਜੀ,
ਮੈਂ ਤੇ ਸਰਦਾਰ ਜੀ ਅਸੀਂ ਦੋਵੇਂ ਜਣੇ ਦੋ ਵੇਲੇ ਉੱਥੇ ਸੈਰ ਕਰਨ ਜਾਨੇ ਆਂ। ਯੂਨੀਵਰਸਿਟੀ ਦੇ ਬੱਚੇ
ਵੀ ਉੱਥੇ ਘੁੰਮਦੇ ਫਿਰਦੇ ਰਹਿੰਦੇ ਹਨ। ਸਾਨੂੰ ਸੈਰ ਕਰਦਿਆਂ ਨੂੰ ਅਕਸਰ ਹੀ ਉੱਥੋਂ ਕੁੱਝ ਸਿੱਕੇ
ਲੱਭਦੇ ਰਹਿੰਦੇ ਹਨ, ਕਦੀ ਦਸ ਪੈਂਸ ਕਦੀ ਪੰਜ ਪੈਂਸ ਤੇ ਕਦੀ ਵੀਹ ਪੈਂਸ ਜਾਂ ਪੰਜਾਹ ਪੈਂਸ ਦਾ
ਸਿੱਕਾ ਵੀ ਲੱਭ ਪੈਂਦਾ ਹੈ। ਅੱਜ ਕਲ ਦੇ ਬੱਚੇ ਪੈਸੇ ਦੀ ਕਦਰ ਨਹੀਂ ਕਰਦੇ। ਉਹ ਜ਼ਮੀਨ `ਤੇ ਪਏ
ਸਿੱਕਿਆਂ ਨੂੰ ਹੱਥ ਨਹੀਂ ਲਾਉਂਦੇ। ਅਸੀਂ ਉਹ ਸਾਰੇ ਸਿੱਕੇ ਚੁੱਕ ਲਿਆਈਦੇ ਹਨ ਤੇ ਇੱਕ ਗੋਲਕ ਵਿੱਚ
ਪਾਈ ਜਾਈਦੇ ਹਨ। ਸਾਲ ਬਾਅਦ ਤਕਰੀਬਨ ਇਹ ਵੀਹ ਪੱਚੀ ਪੌਂਡ ਬਣ ਜਾਂਦੇ ਆ। ਅਸੀਂ ਇਹ ਸਾਰੇ ਪੈਸੇ
ਤਿੰਨ ਚਾਰ ਚੈਰਿਟੀਆਂ ਵਿੱਚ ਬਰਾਬਰ ਵੰਡ ਦੇਈ ਦੇ ਆ, ਪੁੱਛ ਲਉ ਸਰਦਾਰ ਜੀ ਨੂੰ ਜੇ ਅਸੀਂ ਇਨ੍ਹਾਂ
`ਚੋਂ ਕਦੀ ਇੱਕ ਪੈਨੀ ਵੀ ਰੱਖੀ ਹੋਵੇ ਸੋ ਅਸੀਂ ਤਾਂ ਪਹਿਲਾਂ ਹੀ ਚੈਰਿਟੀਆਂ ਦੀ ਬਹੁਤ ਮਦਦ ਕਰ ਰਹੇ
ਆਂ। ਤੁਸੀਂ ਵੀ ਬਹੁਤ ਵਧੀਆ ਕੰਮ ਕਰ ਰਹੇ ਹੋ, ਇਸੇ ਤਰ੍ਹਾਂ ਡਟੇ ਚਲੋ, ਹਰੇਕ ਬੰਦੇ ਨੂੰ ਮਾਇਆ
ਸਫ਼ਲੀ ਕਰਨੀ ਚਾਹੀਦੀ ਐ” ਏਸ ਦੌਰਾਨ ਸਰਦਾਰ ਜੀ ਨੇ ਦੋ ਕੁ ਵਾਰੀ ਚੋਰ-ਅੱਖ ਨਾਲ਼ ਸਾਡੇ ਵਲ ਦੇਖਿਆ ਸੀ
ਨਹੀਂ ਤਾਂ ਉਹ ਵੱਡੀ ਸਾਰੀ ਸਕਰੀਨ `ਤੇ ਕਰਿਕਟ ਦਾ ਮੈਚ ਦੇਖਣ ਵਿੱਚ ਹੀ ਮਸਰੂਫ਼ ਰਹੇ ਸਨ।
ਮੈਂ ਤੇ ਮੇਰਾ ਦੋਸਤ ਗੁਆਚੀ ਹੋਈ ਗਾਂ ਵਾਂਗ ਇੱਕ ਦੂਜੇ ਵਲ ਦੇਖ ਰਹੇ ਸਾਂ। ਸਾਡਾ ਜੀ ਕਰਦਾ ਸੀ ਹਵਾ
ਦੇ ਵਿੱਚ ਘੁਲ਼ ਜਾਈਏ। ਅਸੀਂ ਇਸ਼ਾਰੇ ਇਸ਼ਾਰੇ ਨਾਲ਼ ਹੀ ਸਲਾਹ ਕੀਤੀ ਕਿ ਹੋਰ ਕੋਈ ਗੱਲ ਕੀਤਿਆਂ ਇੱਥੋਂ
ਵਾਪਿਸ ਜਾਣਾ ਹੀ ਬਿਹਤਰ ਹੈ। ਅਸੀਂ ਉਨ੍ਹਾਂ ਤੋਂ ਛੁੱਟੀ ਲੈ ਕੇ ਕਾਰ ਵਿੱਚ ਆ ਬੈਠੇ। ਮੇਰਾ ਦੋਸਤ
ਮੱਥੇ `ਤੇ ਹੱਥ ਰੱਖ ਕੇ ਬੈਠ ਗਿਆ ਸ਼ਾਇਦ ਉਹ ਇੱਥੇ ਆ ਕੇ ਪਛਤਾ ਰਿਹਾ ਸੀ। ਮੈਂ ਉਸ ਨੂੰ ਤਸੱਲੀ
ਦਿੱਤੀ ਤੇ ਉਸ ਦਾ ਮੂਡ ਠੀਕ ਕਰਨ ਲਈ ਇਸ ਜੋੜੇ ਦੀ ਕਹਾਣੀ ਨਾਲ਼ ਮਿਲਦਾ ਜੁਲਦਾ ਉਸ ਨੂੰ ਇੱਕ ਵਾਕਿਆ
ਸੁਣਾਇਆ ਕਿ ਸਾਡੇ ਪਿੰਡ ਦਾ ਕਿਸ਼ਨ ਸਿੰਘ ਜੱਟ ਆਪਣੇ ਸੀਰੀ ਨੂੰ ਨਾਲ਼ ਲੈ ਕੇ ਪਹਾੜ ਨੂੰ ਗੱਡਾ ਲੈ ਕੇ
ਕਾਹ (ਇਕ ਕਿਸਮ ਦਾ ਘਾਹ) ਲੈਣ ਗਿਆ। ਉਨ੍ਹਾਂ ਦਿਨਾਂ ਵਿੱਚ ਸਾਡੇ ਪਿੰਡਾਂ ਵਲ ਸਰਦੀਆਂ ਦੇ ਸਮੇਂ
ਤੂੜੀ ਦੀ ਕਮੀ ਹੋ ਜਾਂਦੀ ਸੀ ਤੇ ਲੋਕ ਪਹਾੜ ਤੋਂ ਕਾਹ ਲਿਆ ਕੇ ਤੂੜੀ ਦੀ ਜਗ੍ਹਾ ਪਸ਼ੂਆਂ ਨੂੰ ਪਾਇਆ
ਕਰਦੇ ਸਨ।
ਰਾਹ ਵਿੱਚ ਸੰਤਰਿਆਂ ਦਾ ਇੱਕ ਬਾਗ਼ ਸੀ। ਕਿਸ਼ਨ ਸਿੰਘ ਦਾ ਦਿਲ ਬੇਈਮਾਨ ਹੋ ਗਿਆ। ਉਹ ਸੀਰੀ ਨੂੰ ਗੱਡੇ
`ਤੇ ਤੋਰ ਕੇ ਆਪ ਸੰਤਰਿਆਂ ਦੇ ਬੂਟੇ ਨੂੰ ਜਾ ਚੁੰਬੜਿਆ ਤੇ ਮਿੰਟਾਂ ਸਕਿੰਟਾਂ ਵਿੱਚ ਕਾਫ਼ੀ ਸਾਰੇ
ਸੰਤਰੇ ਤੋੜ ਕੇ ਗੱਡੇ ਨਾਲ਼ ਜਾ ਰਲ਼ਿਆ। ਉਧਰ ਕਿਸੇ ਨੇ ਰਾਖੇ ਨੂੰ ਖ਼ਬਰ ਕਰ ਦਿੱਤੀ ਤੇ ਉਹਨੇ ਸਾਈਕਲ
`ਤੇ ਪਿੱਛਾ ਕਰ ਕੇ ਗੱਡਾ ਘੇਰ ਲਿਆ। ਏਨੀ ਦੇਰ ਨੂੰ ਰਾਖੇ ਦੇ ਜਾਣੂੰ ਦੋ ਬੰਦੇ ਹੋਰ ਵੀ ਆ ਗਏ।
ਕਿਸ਼ਨ ਸਿੰਘ ਮੁੱਕਰ ਤਾਂ ਸਕਦਾ ਨਹੀਂ ਸੀ ਕਿਉਂਕਿ ਉਹ ਤੇ ਉਹਦਾ ਸੀਰੀ ਬੜੀ ਬੇਦਰਦੀ ਨਾਲ਼ ਸੰਤਰਿਆਂ
ਨੂੰ ਪਾੜ ਪਾੜ ਖਾਂਦੇ ਆ ਰਹੇ ਸਨ ਤੇ ਛਿੱਲਾਂ ਰਾਹ ਵਿੱਚ ਹੀ ਸੁੱਟਦੇ ਆਏ ਸਨ। ਜਦੋਂ ਰਾਖੇ ਨੇ
ਸੰਤਰੇ ਤੋੜਨ ਦਾ ਇਲਜ਼ਾਮ ਲਾਇਆ ਤਾਂ ਕਿਸ਼ਨ ਸਿੰਘ ਨੇ ਤੱਤ-ਫੱਟ ਹੀ ਬਹਾਨਾ ਘੜ ਲਿਆ ਤੇ ਕਹਿਣ ਲੱਗਾ,
“ਓਏ, ਰਾਹ ਵਿੱਚ ਸਾਡਾ ਗੱਡਾ ਪਾਸ ਪੈ ਗਿਆ ਸੀ, ਅਸੀਂ ਦੇਵੀ ਦੇ ਮੰਦਰ `ਚ ਪ੍ਰਸ਼ਾਦ ਸੁੱਖਿਆ ਸੀ, ਇਹ
ਸੰਤਰੇ ਉੱਥੇ ਚੜ੍ਹਾਉਣੇ ਆਂ”। ਰਾਹ ਵਿੱਚ ਇੱਕ ਮੰਦਰ ਆਉਂਦਾ ਸੀ ਤੇ ਕਿਸ਼ਨ ਸਿੰਘ ਨੂੰ ਹੋਰ ਕੁੱਝ
ਤਾਂ ਸੁੱਝਿਆ ਨਾ ਉਸਨੇ ਇਹੀ ਬਹਾਨਾ ਬਣਾਉਣਾ ਠੀਕ ਸਮਝਿਆ।
ਰਾਖੇ ਨਾਲ਼ ਆਇਆ ਇੱਕ ਬਜ਼ੁਰਗ਼ ਕਹਿਣ ਲੱਗਾ, “ਸਰਦਾਰਾ, ਦੇਵੀ ਦੇ ਮੰਦਰ `ਚ ਚੋਰੀ ਦਾ ਪ੍ਰਸ਼ਾਦ
ਚੜ੍ਹਾਉਣੈ ਤੇ ਉਹ ਵੀ ਜੂਠਾ? ਕਿਉਂ ਝੂਠ ਬੋਲਦੈਂ” !
ਕਿਸ਼ਨ ਸਿੰਘ ਮੈਂ. . ਮੈਂ…. ਤੋਂ ਵੱਧ ਕੁੱਝ ਨਾ ਕਹਿ ਸਕਿਆ। ਬਜ਼ੁਰਗ਼ ਨੇ ਕਿਸ਼ਨ ਸਿੰਘ ਕੋਲੋਂ ਕੁੱਝ
ਪੈਸੇ ਰਾਖੇ ਨੂੰ ਦੁਆਏ ਤੇ ਫ਼ੈਸਲਾ ਹੋ ਗਿਆ।
ਮੇਰਾ ਦੋਸਤ ਹੁਣ ਮੁਸਕਰਾ ਰਿਹਾ ਸੀ। ਮੈਂ ਪੁੱਛਿਆ ਤਾਂ ਕਹਿਣ ਲੱਗਾ, “ਯਾਰ ਮੈਨੂੰ ਕਈ ਤਰ੍ਹਾਂ ਦੇ
ਦਾਨੀ ਮਿਲਦੇ ਹਨ ਪਰ ਇਸ ਤਰ੍ਹਾਂ ਦੇ ਮਹਾਂ ਦਾਨੀ ਪਹਿਲੀ ਵਾਰੀ ਮਿਲ਼ੇ ਹਨ ਜੋ ਲੋਕਾਂ ਦੇ ਡਿਗੇ ਹੋਏ
ਪੈਸਿਆਂ ਨਾਲ਼ ਚੈਰਿਟੀਆਂ ਦੀ ਮਦਦ ਕਰਦੇ ਹਨ”।
“ਪਰ ਤੂੰ ਇਹ ਵੀ ਦੇਖ ਕਿ ਉਹ ਇਨ੍ਹਾਂ ਪੈਸਿਆਂ `ਚੋਂ ਇੱਕ ਪੈਨੀ ਵੀ ਨਹੀਂ ਰੱਖਦੇ, ਕਿੰਨੇ ਇਮਾਨਦਾਰ
ਹਨ” ਮੈਂ ਗੁੱਝੀ ਮਸ਼ਕਰੀ ਕੀਤੀ।
ਮੇਰਾ ਦੋਸਤ ਖਿੜਖਿੜਾ ਕੇ ਹੱਸਿਆ ਤੇ ਉਹਨੇ ਗੱਡੀ ਤੋਰ ਲਈ।
ਨਿਰਮਲ ਸਿੰਘ ਕੰਧਾਲਵੀ