ਸੇਖ ਫਰੀਦ ਜੀਉ ਕੀ ਬਾਣੀ
(6)
ਸਲੋਕ ਸੇਖ ਫਰੀਦ ਕੇ
ਫਰੀਦਾ ਰਾਤੀ ਵਡੀਆਂ ਧੁਖਿ ਧੁਖਿ ਉਠਨਿ ਪਾਸ॥
ਧ੍ਰਿਗੁ ਤਿਨ੍ਹਾ ਦਾ ਜੀਵਿਆ ਜਿਨ੍ਹਾ ਵਿਡਾਣੀ ਆਸ॥ ੨੧॥
ਸ਼ਬਦ ਅਰਥ: ਰਾਤੀ ਵਡੀਆਂ: ਬੁਢੇਪੇ ਵਿੱਚ ਕਮਜ਼ੋਰ ਰੋਗੀ ਸ਼ਰੀਰ ਨੂੰ,
ਬੇ-ਆਰਾਮੀ ਕਾਰਣ, ਰਾਤਾਂ ਲੰਮੇਰੀਆਂ ਲਗਦੀਆਂ ਹਨ।
ਧੁਖਿ ਧੁਖਿ ਉਠਨਿ ਪਾਸ: ਪਾਸ: ਪਾਸੇ (ਬੁੱਢੇ ਹੱਡ) ਅੰਬ (ਥੱਕ) ਕੇ ਆਕੜ
ਜਾਂਦੇ ਹਨ ਤੇ ਦਰਦ ਕਰਦੇ ਹਨ।
ਧ੍ਰਿਗੁ: ਧਿੱਕਾਰ, ਲਾਹਨਤ, ਫਿਟੇ-ਮੂੰਹ, ਘ੍ਰਿਣਾ-ਯੋਗ।
ਵਿਡਾਣੀ: ਬੇਗਾਨੀ, ਰੱਬ ਤੋਂ ਬਗ਼ੈਰ ਕਿਸੇ ਹੋਰ ਦੀ।
ਭਾਵ ਅਰਥ: ਫ਼ਰੀਦ! ਮੇਰੇ ਬੁੱਢੇ ਸਰੀਰ ਦੇ ਰੋਗੀ ਤੇ ਕਮਜ਼ੋਰ ਹੋ ਜਾਣ
ਕਾਰਣ ਅੰਗ ਦੁਖਦੇ ਹਨ ਤੇ ਰਾਤਾਂ ਮੁੱਕਣ `ਚ ਨਹੀਂ ਆਉਂਦੀਆਂ। (ਅਜਿਹੀ ਦੁਰਦਸ਼ਾ ਵਿੱਚ) ਜੋ ਵਿਅਕਤੀ
ਰੱਬ ਤੋਂ ਬਿਨਾਂ ਕਿਸੇ ਹੋਰ ਕੋਲੋਂ ਸੁਖ-ਆਰਾਮ ਦੀ ਉਮੀਦ ਰੱਖਦੇ ਹਨ ਉਨ੍ਹਾਂ ਦੇ ਜੀਵਨ ਨੂੰ ਧਿੱਕਾਰ
ਹੈ। ਇਸ ਸ਼ਲੋਕ ਵਿੱਚ ਇਕ-ਈਸ਼ਵਰਵਾਦ ਦਾ ਸੁਨੇਹਾ ਵੀ ਸੁਣਾਈ ਦਿੰਦਾ ਹੈ।
ਫਰੀਦਾ ਜੇ ਮੈ ਹੋਦਾ ਵਾਰਿਆ ਮਿਤਾ ਆਇੜਿਆਂ॥
ਹੇੜਾ ਜਲੈ ਮਜੀਠ ਜਿਉ ਉਪਰਿ ਅੰਗਾਰਾ॥ ੨੨॥
ਸ਼ਬਦ ਅਰਥ: ਹੋਦਾ ਵਾਰਿਆ: ਛਿਪਾ ਕੇ ਰੱਖਿਆ ਹੁੰਦਾ।
ਮਿਤਾ: ਮਿਤ੍ਰਾਂ, ਲੋੜਵੰਦਾਂ, ਸਵਾਲੀਆਂ। ਆਇੜਿਆਂ: (ਘਰਿ) ਆਏ ਹੋਏ।
ਹੇੜਾ: ਜਿਸਮ, ਸਰੀਰ, ਮਾਸ।
ਮਜੀਠ ਜਿਉ: ਮਜੀਠ ਦੀ ਤਰ੍ਹਾਂ (ਸੁਲਘ ਸੁਲਘ ਕੇ)।
ਭਾਵ ਅਰਥ: ਫ਼ਰੀਦ! ਜੇ ਮੈਂ ਘਰਿ ਆਏ ਲੋੜਵੰਦ ਸਵਾਲੀਆਂ ਤੋਂ ਕੁੱਝ
ਛਿਪਾਵਾਂ ਅਰਥਾਤ ਉਨ੍ਹਾਂ ਦੀ, ਆਪਣੀ ਔਕਾਤ ਅਨੁਸਾਰ, ਸਹਾਇਤਾ ਕਰਨ ਤੋਂ ਕੰਨੀ ਕਤਰਾਵਾਂ ਤਾਂ ਮੇਰਾ
ਸਰੀਰ ਇਉਂ ਸੜੇ-ਗਲੇ ਜਿਵੇਂ ਕੋਲਿਆਂ ਉੱਤੇ ਮਜੀਠ ਧੁਖ ਧੁਖ ਕੇ ਸੜਦਾ ਹੈ। ਘਰਿ ਆਏ ਸਹੀ ਸਵਾਲੀਆਂ
ਦੀ ਸਹਾਇਤਾ ਕਰਨਾ ਦਰਵੇਸ਼ੀ ਦੇ ਨਿਯਮਾਂ ਵਿੱਚੋਂ ਇੱਕ ਅਹਿਮ ਨਿਯਮ ਹੈ।
ਫਰੀਦਾ ਲੋੜੈ ਦਾਖ ਬਿਜਉਰੀਆਂ ਕਿਕਰਿ ਬੀਜੈ ਜਟੁ॥
ਹੰਢੈ ਉਂਨ ਕਤਾਇਦਾ ਪੈਧਾ ਲੋੜੈ ਪਟੁ॥ ੨੩॥
ਸ਼ਬਦ ਅਰਥ: ਲੋੜੈ: ਲੋੜਣਾ=ਚਾਹੁਣਾ, ਇੱਛਾ ਕਰਨੀ; ਚਾਹੁੰਦਾ ਹੈ, ਇੱਛਾ
ਕਰਦਾ ਹੈ।
ਬਿਜਉਰੀਆਂ: ਬਿਜਉਰੀ ਦੇ ਮਿੱਠੇ ਫਲ ਦੀ, ਬਜੌਰ ਦੇ ਇਲਾਕੇ ਦੀਆਂ।
ਕਿਕਰਿ: ਕਿੱਕਰ-ਕੰਢੇ, ਬੁਰੇ ਕਰਮ।
ਹੰਢੈ: ਹੰਢਣਾ=ਹਿੰਡਨ ਕਰਨਾ, ਭ੍ਰਮਣ ਕਰਨਾ, ਘੁੰਮਣਾ-ਫਿਰਨਾ, ਕਿਸੇ ਕਾਰਜ
ਦੇ ਕਰਨ ਵਾਸਤੇ ਕੀਤਾ ਗਿਆ ਤੋਰਾ-ਫੇਰਾ।
ਉਂਨ ਕਤਾਇਦਾ: ਪਦਾਰਥਕ ਲਾਭ ਲਈ ਕੀਤੇ ਹੋਛੇ ਅਮਾਨਵੀ ਕਰਮ। ਪਟੁ: ਰੇਸ਼ਮ ਦਾ
ਪਹਿਰਨ, ਸੁਖ-ਦਾਇਕ ਫਲ।
ਭਾਵ ਅਰਥ: ਫ਼ਰੀਦ! ਨਾਦਾਨ ਕਿਰਸਾਨ ਬੀਜਦਾ ਤਾਂ ਕਿੱਕਰ ਹੈ ਪਰੰਤੂ ਇਸ
ਕੰਡਿਆਲੀ ਫ਼ਸਲ ਤੋਂ ਉਮੀਦ ਕਰਦਾ ਹੈ ਵਧੀਆ ਬਿਜਉਰੀ ਦਾਖਾਂ (ਮਿੱਠੇ ਫ਼ਲ) ਦੀ! ਇਸੇ ਤਰ੍ਹਾਂ, ਮਨੁਖ
ਜੀਵਨ-ਕਾਲ ਵਿੱਚ ਉਂਨ ਕੱਤਣ-ਕੱਤਵਾਉਣ ਵਿੱਚ ਸਮਾਂ ਗੁਜ਼ਾਰਦਾ ਰਿਹਾ, ਅਤੇ ਆਸ ਕਰਦਾ ਹੈ ਰੇਸ਼ਮੀ
ਪਹਿਰਨ ਦੀ!
ਫ਼ਰੀਦ ਜੀ ਨੇ ਇਸ ਸਲੋਕ ਵਿੱਚ
“ਜੇਹਾ ਬੀਜੈ ਸੋ ਲੁਣੈ”
ਦੇ ਸਿੱਧਾਂਤ ਨੂੰ ਦ੍ਰਿੜਾਇਆ ਹੈ। ਮਾਨਵ-ਜੀਵਨ ਵਿੱਚ ਮਾਇਆ
ਦੇ ਮਾਰੂ ਪ੍ਰਭਾਵ ਹੇਠ ਮਾਇਕ ਸੁਆਰਥ ਵਾਸਤੇ ਬੁਰੇ ਕਰਮ ਕਰ ਕੇ ਅੰਤ ਨੂੰ ਪਰਮਾਰਥੀ ਮਿੱਠੇ
ਪਰਮਾਨੰਦੀ ਫ਼ਲ ਦੀ ਉਮੀਦ ਕਰਨੀ ਮੂੜ੍ਹਤਾ ਹੈ।
ਫਰੀਦਾ ਗਲੀਏ ਚਿਕੜੁ ਦੂਰਿ ਘਰੁ ਨਾਲਿ ਪਿਆਰੇ ਨੇਹੁ॥
ਚਲਾ ਤ ਭਿਜੈ ਕੰਬਲੀ ਰਹਾਂ ਤ ਤੁਟੈ ਨੇਹੁ॥ ੨੪॥
ਸ਼ਬਦ ਅਰਥ: ਗਲੀਏ: ਸੰਸਾਰ ਰੂਪੀ ਗਲੀ ਵਿਚ।
ਚਿਕੜੁ: ਵਿਕਾਰਾਂ ਦਾ ਚਿੱਕੜ, ਬੁਰੇ ਪ੍ਰਭਾਵਾਂ ਵਾਲਾ ਜਗਤ।
ਦੂਰਿ ਘਰੁ: ਰੱਬ ਨਾਲ ਮਿਲਾਪ ਦੀ ਮੰਜ਼ਿਲ, ਜੀਵਨ-ਮਨੋਰਥ ਦੀ ਪ੍ਰਾਪਤੀ।
ਕੰਬਲੀ: ਫ਼ਕੀਰ ਦੀ ਕੰਬਲੀ, ਭਾਵ ਤਨ-ਮਨ ਜੋ ਬੁਰਾ ਅਸਰ ਜਲਦੀ ਕਬੂਲਦਾ ਹੈ।
ਭਾਵ ਅਰਥ: ਫ਼ਰੀਦ! ਮੇਰਾ ਮੇਰੇ ਮਹਿਬੂਬ ਰੱਬ ਨਾਲ ਹਕੀਕੀ ਇਸ਼ਕ ਹੈ, ਅਤੇ
ਉਸ ਦਾ ਟਿਕਾਣਾ ਬਹੁਤ ਦੂਰ ਹੈ। (ਉਸ ਦੇ ਘਰ ਵੱਲ ਜਾਂਦੀ) ਸੰਸਾਰ-ਗਲੀ (ਮਾਇਕ ਪ੍ਰਭਾਵਾਂ ਤੇ
ਵਿਕਾਰਾਂ ਦੇ) ਚਿੱਕੜ ਨਾਲ ਭਰੀ ਪਈ ਹੈ। ਜੇ ਮੈਂ ਇਸ ਰਾਹ `ਤੇ ਚਲਦਾ ਹਾਂ ਤਾਂ ਮਾਇਆ ਦੇ ਚਿੱਕੜ
ਵਿੱਚ ਦੀ ਲੰਘਣਾ ਪੈਂਦਾ ਹੈ; ਅਤੇ ਜੇ ਮੈਂ, ਚਿੱਕੜ ਤੋਂ ਡਰਦਾ, ਆਪਣੀ ਮੰਜ਼ਿਲ ਵੱਲ ਨਹੀਂ ਜਾਂਦਾ
ਤਾਂ ਮੇਰਾ ਪਿਆਰੇ ਨਾਲ ਨਾਤਾ ਟੁੱਟਦਾ ਹੈ। (ਸੋਚ-ਵਿਚਾਰ ਉਪਰੰਤ, ਫ਼ਰੀਦ ਜੀ ਇਸ ਦ੍ਵੰਦ ਵਿੱਚੋਂ
ਨਿਕਲਣ ਲਈ ਅਗਲੇ ਸਲੋਕ ਵਿੱਚ ਆਪਣਾ ਨਿਰਣੈ ਸੁਣਾਉਂਦੇ ਹਨ।)
ਭਿਜਉ ਸਿਜਉ ਕੰਬਲੀ ਅਲਹ ਵਰਸਉ ਮੇਹੁ॥
ਜਾਇ ਮਿਲਾ ਤਿਨਾੑ ਸਜਣਾ ਤੁਟਉ ਨਾਹੀ ਨੇਹੁ॥ ੨੫॥
ਸ਼ਬਦ ਅਰਥ: ਸਿਜਉ: ਸਿਜਣਾ=ਭਿੱਜਣਾ, ਸ+ਜਲ (ਸੇਜਲ) ਹੋਣਾ, ਬੇਸ਼ਕ ਭਿੱਜ
ਜਾਵੇ।
ਭਾਵ ਅਰਥ: ਰੱਬਾ! ਜਿਤਨਾ ਮਰਜ਼ੀ ਮੀਂਹ ਪਿਆ ਪਵੇ ਤੇ ਕੰਬਲੀ ਭਿੱਜਦੀ ਹੈ
ਤਾਂ ਭਾਂਵੇਂ ਭਿੱਜ ਜਾਵੇ; ਮੈਂ ਤਾਂ ਹਰ ਹਾਲ ਵਿੱਚ ਆਪਣੇ ਪ੍ਰੀਤਮ ਨੂੰ ਮਿਲਣਾ ਹੈ ਤਾਕਿ ਉਸ ਨਾਲ
ਮੇਰਾ ਸੱਚਾ ਪਿਆਰ ਕਿਤੇ ਟੁੱਟ ਨਾ ਜਾਵੇ ਅਰਥਾਤ ਮੇਰੀ ਦਰਵੇਸੀ ਨੂੰ ਕਿਤੇ ਦਾਗ਼ ਨਾ ਲੱਗ ਜਾਵੇ। ਜੇ
ਧਿਆਨ ਨਾਲ ਵਿਚਾਰੀਏ ਤਾਂ ਇਨ੍ਹਾਂ ਦੋਹਾਂ ਸਲੋਕਾਂ ਵਿੱਚ ਚਿੱਕੜ ਤੇ ਕੰਵਲ ਦੇ ਬਿੰਬ ਦੀ ਝਲਕ ਦਿਖਾਈ
ਦਿੰਦੀ ਹੈ। ਦਰਵੇਸ਼ਾਂ ਦਾ ਜੀਵਨ ਕੰਵਲ ਦੀ ਨਿਆਈਂ ਹੁੰਦਾ ਹੈ, ਜੋ ਚਿੱਕੜ ਵਿੱਚ ਖਲੋਤੇ ਵੀ ਚਿੱਕੜ
ਤੋਂ ਨਿਰਲੇਪ ਰਹਿੰਦੇ ਹਨ।
ਫਰੀਦਾ ਮੈ ਭੋਲਾਵਾ ਪਗ ਦਾ ਮਤੁ ਮੈਲੀ ਹੋਇ ਜਾਇ॥
ਗਹਿਲਾ ਰੂਹੁ ਨ ਜਾਣਈ ਸਿਰੁ ਭੀ ਮਿਟੀ ਖਾਇ॥ ੨੬॥
ਸ਼ਬਦ ਅਰਥ: ਭੋਲਾਵਾ: ਭਰਮ-ਭੁਲੇਖਾ, ਵਹਿਮ, ਚਿੰਤਾ।
ਪਗ: ਪੱਗੜੀ, ਜਿਸ ਨੂੰ ਦੁਨਿਆਵੀ ਇੱਜ਼ਤ ਦਾ ਪ੍ਰਤੀਕ ਸਮਝਿਆ ਜਾਂਦਾ ਹੈ,
ਸੰਪਤੀ ਜਾਂ ਰੁਤਬੇ ਨਾਲ ਪ੍ਰਾਪਤ ਕੀਤੀ ਹਉਮੈ-ਯੁਕਤ ਝੂਠੀ ਪ੍ਰਸਿੱਧੀ
(vain glory)।
ਮੈਲੀ ਹੋਇ ਜਾਇ: ਝੂਠੀ ਸੰਸਾਰਕ ਸੋਭਾ ਘਟ ਨਾ ਜਾਵੇ।
ਗਹਿਲਾ: ਸੰਸਾਰਕ ਸੰਪਤੀ ਦੇ ਗਹਲ (ਨਸ਼ੇ) ਵਿੱਚ ਮਸਤ, ਪਦਾਰਥਕ ਪ੍ਰਾਪਤੀਆਂ
ਨਾਲ ਸੰਤੁਸ਼ਟ, ਅਗਿਆਨ।
ਭਾਵ ਅਰਥ: ਫ਼ਰੀਦ! ਮੈਨੂੰ ਝੂਠੀ ਸੰਸਾਰਕ ਸੋਭਾ ਦਾ ਭਰਮ ਹੈ ਅਤੇ ਇਹੋ
ਚਿੰਤਾ ਲੱਗੀ ਰਹਿੰਦੀ ਹੈ ਕਿ ਕਿਤੇ ਇਸ ਨੂੰ ਆਂਚ ਨਾ ਆ ਜਾਵੇ। ਸੰਸਾਰਕ ਸੰਪਤੀ ਦੇ ਨਸ਼ੇ ਵਿੱਚ ਮਸਤ
ਮਨ ਇਹ ਨਹੀਂ ਸਮਝਦਾ ਕਿ ਮਰਨ-ਉਪਰੰਤ ਸਿਰ ਨੇ ਵੀ ਮਿੱਟੀ ਵਿੱਚ ਮਿਲ ਜਾਣਾ ਹੈ! ਲੋਕ ਪਰਲੋਕ ਦੀ
ਸੱਚੀ ਸੋਭਾ ਦੈਵੀ ਗੁਣਾਂ ਨਾਲ ਪ੍ਰਾਪਤ ਹੁੰਦੀ ਹੈ, ਦਿਖਾਵੇ ਦੀ ਦੁਨਿਆਵੀ ਸ਼ੁਹਰਤ ਨਾਲ ਨਹੀਂ।
ਫਰੀਦਾ ਸਕਰ ਖੰਡੁ ਨਿਵਾਤ ਗੁੜੁ ਮਾਖਿਓੁ ਮਾਂਝਾ ਦੁਧੁ॥
ਸਭੇ ਵਸਤੂ ਮਿਠਿੀਆਂ ਰਬ ਨ ਪੁਜਨਿ ਤੁਧੁ॥ ੨੭॥
ਸ਼ਬਦ ਅਰਥ: ਨਿਵਾਤ: ਅ: ਨਬਾਤ=ਮਿਸ਼ਰੀ।
ਭਾਵ ਅਰਥ: ਫ਼ਰੀਦ! ਸ਼ੱਕਰ, ਖੰਡ, ਮਿਸ਼ਰੀ, ਗੁੜ, ਸ਼ਹਿਦ ਤੇ ਮੱਝ ਦਾ ਦੁੱਧ
ਆਦਿ ਪਦਾਰਥ ਬੜੇ ਮਿੱਠੇ ਹਨ, ਪਰੰਤੂ ਹੇ ਰੱਬ! (ਪਰਮਾਨੰਦ ਦੇਣ ਵਾਲੀ) ਤੇਰੀ ਮੁਹੱਬਤ
(ਇਬਾਦਤ/ਨਾਮ-ਸਿਮਰਨ) ਦੇ ਸੁਆਦ ਦੇ ਮੁਕਾਬਲੇ ਇਹ ਸਾਰੇ ਮਿੱਠੇ ਤੁੱਛ ਹਨ। ਦਰਵੇਸ਼ ਮਾਇਆ ਦੇ ਸੰਸਾਰਕ
ਸੁੱਖ ਦੀ ਬਜਾਏ ਪਰਮਾਰਥੀ ਜੀਵਨ ਨੂੰ ਪਹਿਲ ਦਿੰਦੇ ਹਨ।
ਫਰੀਦਾ ਰੋਟੀ ਮੇਰੀ ਕਾਠ ਕੀ ਲਾਵਣੁ ਮੇਰੀ ਭੁਖ॥
ਜਿਨ੍ਹਾ ਖਾਧੀ ਚੋਪੜੀ ਘਣੇ ਸਹਿਨਗੇ ਦੁਖ॥ ੨੮॥
ਸ਼ਬਦ ਅਰਥ:- ਕਾਠ ਦੀ: ਰੁੱਖੀ-ਸੁੱਖੀ, ਹੱਕ-ਹਲਾਲ ਦੀ ਸਾਦੀ ਖ਼ੁਰਾਕ।
ਲ਼ਾਵਣੁ: ਤਰਕਾਰੀ, ਦਾਲ-ਸਬਜ਼ੀ, ਸਲੂਣਾ।
ਚੋਪੜੀ: ਘਿਉ ਨਾਲ ਚੋਪੜੀ ਹੋਈ ਅਰਥਾਤ ਰੱਬ ਤੋਂ ਬੇਮੁਖ ਹੱਡ-ਰਖ ਅਮੀਰਾਂ ਦਾ
ਭੋਜਨ।
ਘਣੇ: ਬਹੁਤ।
ਭਾਵ ਅਰਥ: ਫ਼ਰੀਦ! ਕਿਰਤ ਨਾਲ ਕਮਾਈ ਰੁੱਖੀ-ਸੁੱਖੀ ਸਾਦੀ ਰੋਟੀ ਮੇਰਾ
ਭੋਜਣ ਹੈ, ਅਤੇ ਮਿਹਨਤ-ਮੁਸ਼ੱਕਤ ਸਦਕਾ ਉਪਜੀ ਭੁੱਖ ਹੀ ਮੇਰੇ ਵਾਸਤੇ ਦਾਲ-ਸਬਜ਼ੀ ਸਲੂਣਾ ਹੈ। ਜਿਹੜੇ
(ਹੱਡ-ਰੱਖ ਲੋਕ ਕਿਰਤੀਆਂ ਦੀ ਕਮਾਈ ਲੁੱਟ ਕੇ) ਸ੍ਵਾਦਿਸ਼ਟ ਭੋਜਨ ਖਾਂਦੇ ਹਨ, ਉਨ੍ਹਾਂ (ਦੀ ਆਤਮਾ)
ਨੂੰ ਬਹੁਤ ਦੁੱਖ ਸਹਿਣ ਕਰਨੇ ਪੈਣਗੇ।
ਰੁਖੀ ਸੁਖੀ ਖਾਇ ਕੈ ਠੰਢਾ ਪਾਣੀ ਪੀਉ॥
ਫਰੀਦਾ ਦੇਖਿ ਪਰਾਈ ਚੋਪੜੀ ਨਾ ਤਰਸਾਏ ਜੀਉ॥ ੨੯॥
ਸ਼ਬਦ ਅਰਥ:- ਰੁਖੀ ਸੁਖੀ: ਬਿਨਾ ਦਾਲ-ਸਬਜ਼ੀ ਦੇ, ਹਲਾਲ ਦੀ।
ਪਰਾਈ: ਦੂਸਰਿਆਂ ਦੀ।
ਚੋਪੜੀ: ਸੁਆਦਲੀ ਪਰ ਹਰਾਮ ਦੀ।
ਠੰਢਾ ਪਾਣੀ ਪੀਉ: ਸਬਰ ਤੇ ਸ਼ੁਕਰ ਕਰ।
ਭਾਵ ਅਰਥ:- (ਘਣੇ ਦੁੱਖਾਂ ਤੋਂ ਸੁਚੇਤ ਫ਼ਰੀਦ ਜੀ ਮਨ ਨੂੰ ਸਮਝਾਉਂਦੇ
ਹਨ) ਫ਼ਰੀਦ! ਦੂਸਰਿਆਂ ਦਾ ਸੁਆਦੀ (ਪਰ ਹਰਾਮ ਦਾ) ਭੋਜਨ ਵੇਖ ਕੇ ਮਨ ਨਾ ਤਰਸਾ (ਲਾਲਾਂ ਨਾ ਸਿੱਟ)।
(ਭਲਾ ਇਸੇ ਵਿੱਚ ਹੈ ਕਿ ਤੂੰ ਆਪਣੀ ਕਿਰਤ ਨਾਲ ਕਮਾਈ) ਰੁੱਖੀ-ਸੱਖੀ ਸਾਦੀ ਰੋਟੀ ਖਾ ਕੇ ਸਬਰ ਤੇ
ਸ਼ੁਕਰ ਕਰ।
ਉਪਰ ਵਿਚਾਰੇ ਦੋ ਸ਼ਲੋਕਾਂ (ਨੰ: ੨੮-੨੯) ਵਿੱਚ ਕਿਰਤ, ਹਮਦਰਦੀ,
ਸਬਰ-ਸੰਤੋਖ, ਸ਼ੁਕਰ ਅਤੇ ਹਰਾਮ ਖਾਣ ਤੋਂ ਪਰਹੇਜ਼ ਦੀ ਪ੍ਰੇਰਣਾ ਮਿਲਦੀ ਹੈ।
ਅੱਗਲੇ ਛੇ ਸ਼ਲੋਕਾਂ (ਨੰ: ੩੦-੩੬) ਵਿੱਚ ਫ਼ਰੀਦ ਜੀ ਨੇ ਇਸ਼ਕ ਹਕੀਕੀ ਦੇ
ਮੈਦਾਨ ਵਿੱਚ ਮਹਿਬੂਬ ਰਬ ਤੋਂ ਵਿਛੋੜੇ ਦਾ ਇਹਸਾਸ, ਜੁਦਾਈ ਦਾ ਦਰਦ, ਮਿਲਣ ਲਈ ਤੜਪ ਅਤੇ ਮਿਲਾਪ
ਵਾਸਤੇ ਸਭ ਕੁੱਝ ਕੁਰਬਾਨ ਕਰਨ ਦੀ ਇੱਛਾ ਆਦਿ ਦਾ ਵਰਣਨ ਕੀਤਾ ਹੈ। ਫ਼ਰੀਦ ਜੀ ਇਸ਼ਕ ਹਕੀਕੀ ਦੇ
ਜਜ਼ਬਿਆਂ ਨੂੰ ਬਿਆਨ ਕਰਨ ਲਈ ਮੀਆਂ-ਬੀਵੀ ਦੇ ਮਜਾਜੀ ਇਸ਼ਕ ਦੇ ਪ੍ਰਮਾਣ ਵਰਤਦੇ ਹਨ।
ਅਜੁ ਨ ਸੁਤੀ ਕੰਤ ਸਿਉ ਅੰਗੁ ਮੁੜੇ ਮੁੜਿ ਜਾਇ॥
ਜਾਇ ਪੁਛਹੁ ਡੋਹਾਗਣੀ ਤੁਮ ਕਿਉ ਰੈਣਿ ਵਿਹਾਇ॥ ੩੦॥
ਸ਼ਬਦ ਅਰਥ:- ਸੁਤੀ ਕੰਤ ਸਿਉ: ਪਿਆਰੇ ਪਤੀ ਦਾ ਸੰਗ ਨਹੀਂ ਮਾਣਿਆ।
ਅੰਗ: ਜਿਸਮ, ਸਰੀਰ।
ਅੰਗ ਮੁੜੇ ਮੁੜਿ ਜਾਇ: ਸਰੀਰ ਨੂੰ ਅੱਚਵੀ ਲੱਗੀ ਹੋਈ ਹੈ, ਸਰੀਰ ਬੇ-ਚੈਨ
ਹੈ, ਤਲਮੱਛੀ ਹੋ ਰਿਹਾ ਹੈ।।
ਡੋਹਾਗਣੀ: ਦੁਰ-ਭਾਗਣੀ=ਮਾੜੇ ਭਾਗਾਂ ਵਾਲੀ, ਪਤੀ ਦੀ ਤਿਰਸਕਾਰੀ ਹੋਈ, ਰੱਬ
ਤੋਂ ਬੇਮੁਖ, ਸਾਕਤ, ਕਾਫ਼ਿਰ।
ਕਿਉ: ਕਿਵੇਂ।
ਰੈਣਿ: ਰਾਤ, ਜੀਵਨ ਰੂਪੀ ਰਾਤ। ਵਿਹਾਇ: ਗੁਜ਼ਾਰਦੀ ਹੈਂ।
ਭਾਵ ਅਰਥ: ਮੈਂ ਆਪਣੇ ਚਹੇਤੇ ਪਤੀ ਪਰਮਾਤਮਾ ਦਾ ਕੇਵਲ ਅੱਜ ਹੀ ਸੰਗ
ਨਹੀਂ ਕੀਤਾ (ਇਬਾਦਤ/ਨਾਮ-ਚਿੰਤਨ ਨਹੀਂ ਕੀਤਾ), ਨਤੀਜੇ ਵਜੋਂ ਮੇਰੇ ਆਪੇ (ਤਨ-ਮਨ) ਨੂੰ ਅੱਚਵੀ
ਲੱਗੀ ਹੋਈ ਹੈ। ਪਤੀ (ਪਰਮਾਤਮਾ) ਦੀ ਛੁੱਟੜ ਦੁਰ-ਭਾਗਣ ਨੂੰ ਪੁੱਛੋ ਕਿ ਉਸ ਦੀ ਰਾਤ (ਪਤੀ ਤੋਂ
ਦੂਰੀ ਕਾਰਣ ਦੁਖੀ ਜ਼ਿੰਦਗੀ) ਕਿਵੇਂ ਬੀਤਦੀ ਹੈ?
ਸਾਹੁਰੈ ਢੋਈ ਨਾ ਲਹੈ ਪੇਈਐ ਨਾਹੀ ਥਾਉ॥
ਪਿਰ ਵਾਤੜੀ ਨ ਪੁਛਈ ਧਨ ਸੋਹਾਗਣਿ ਨਾਉ॥ ੩੧॥
ਸ਼ਬਦ ਅਰਥ:- ਸਾਹੁਰੈ: ਰੱਬ ਦੇ ਘਰਿ, ਪਰਲੋਕ।
ਢੋਈ: ਸਹਾਰਾ, ।
ਪੇਈਐ: ਪੇਕੇ ਘਰਿ, ਇਸ ਲੋਕ ਅਥਵਾ ਮਾਨਵ-ਜੀਵਨ ਵਿੱਚ।
ਪਿਰ: ਪਤੀ (ਪਰਮਾਤਮਾ)।
ਵਾਤੜੀ ਨ ਪੁਛਈ: ਬਾਤ ਨਹੀਂ ਪੁੱਛਦਾ, ਪਰਵਾਹ ਨਹੀਂ ਕਰਦਾ।
ਧਨ: ਇਸਤ੍ਰੀ।
ਸੁਹਾਗਣਿ: ਸੁ+ਭਾਗਣ, ਪਤੀ ਵਾਲੀ।
ਨਾਉ: ਨਾਮ ਨੂੰ, ਕਹਿਣ ਨੂੰ।
ਭਾਵ ਅਰਥ:- (ਛੁੱਟੜ ਇਸਤ੍ਰੀ/ਜੀਵ-ਆਤਮਾ ਨੂੰ) ਸਹੁਰੇ ਘਰ (ਮਰਨ ਉਪਰੰਤ
ਰਬ ਪਤੀ ਦੇ ਘਰਿ/ਪਰਲੋਕ) ਵਿੱਚ ਸਹਾਰਾ ਨਹੀਂ ਮਿਲਦਾ; ਅਤੇ ਪਤੀ ਦੀ ਛੱਡੀ ਹੋਈ ਔਰਤ ਵਾਸਤੇ ਪੇਕੇ
ਘਰਿ ਵਿੱਚ ਵੀ ਕੋਈ ਥਾਂ ਨਹੀਂ ਹੁੰਦੀ। ਪਤੀ ਪਰਮਾਤਮਾ ਵੱਲੋਂ ਤਿਰਸਕਾਰੀ ਅਜਿਹੀ ਜੀਵ-ਇਸਤ੍ਰੀ ਨਾਮ
ਨੂੰ ਸੁਹਾਗਣ ਹੈ ਭਾਵੇਂ ਪਤੀ-ਪਰਮਾਤਮਾ ਉਸ ਦੀ ਬਾਤ ਤਕ ਨਹੀਂ ਪੁੱਛਦਾ ਅਰਥਤ ਉਸ ਦੀ ਪਰਵਾਹ ਨਹੀਂ
ਕਰਦਾ।
ਸਾਹੁਰੈ ਪੇਈਐ ਕੰਤ ਕੀ ਕੰਤ ਅਗੰਮੁ ਅਥਾਹੁ॥
ਨਾਨਕ ਸੋ ਸੋਹਾਗਣੀ ਜੁ ਭਾਵੈ ਬੇਪਰਵਾਹ॥ ੩੨॥
ਸ਼ਬਦ ਅਰਥ:- ਕੰਤ: ਚਹੇਤਾ ਪਤੀ।
ਅਗੰਮੁ: ਅਪਹੁੰਚ।
ਅਥਾਹੁ: ਅਗਾਧ, ਜਿਸ ਦਾ ਥਹੁ ਨਹੀਂ ਪਾਇਆ ਜਾ ਸਕਦਾ।
ਭਾਵੈ: ਭਾਉਂਦੀ ਹੈ, ਚੰਗੀ ਲੱਗਦੀ ਹੈ, ਪਤੀ ਦੀ ਕਬੂਲੀ ਹੋਈ।
ਭਾਵ ਅਰਥ: ਗੁਰੂ ਨਾਨਕ ਦੇਵ ਜੀ ਇਸ ਸਲੋਕ ਵਿੱਚ ਸੁਹਾਗਣ ਦੀ ਪਰਿਭਾਸ਼ਾ
ਲਿਖਦੇ ਹੋਏ ਬਚਨ ਕਰਦੇ ਹਨ ਕਿ ਉਹੀ ਜੀਵ-ਇਸਤ੍ਰੀ ਸੁਹਾਗਣ ਹੈ ਜਿਸ ਨੂੰ ਪਤੀ-ਪਰਮਾਤਮਾ ਕਬੂਲਦਾ ਹੈ;
ਅਤੇ ਅਜਿਹੀ ਸੁਹਾਗਣ ਪੇਕੇ ਘਰਿ (ਇਸ ਲੋਕ ਵਿੱਚ) ਅਤੇ ਸਹੁਰੇ ਘਰਿ (ਪਰਲੋਕ ਵਿੱਚ ਵੀ) ਆਪਣੇ ਚਹੇਤੇ
ਪਤੀ-ਪਰਮਾਤਮਾ ਦੀ ਹੀ ਬਣੀ ਰਹਿੰਦੀ ਹੈ।
ਨਾਤੀ ਧੋਤੀ ਸੰਬਹੀ ਸੁਤੀ ਆਇ ਨਚਿੰਦੁ॥
ਫਰੀਦਾ ਰਹੀ ਸੁ ਬੇੜੀ ਹਿੰਙ ਦੀ ਗਈ ਕਥੂਰੀ ਗੰਧੁ॥ ੩੩॥
ਸ਼ਬਦ ਅਰਥ:- ਸੰਬਹੀ: ਬਟਨਾ ਮਲ ਮਲ ਕੇ ਨਾਤੀ ਧੋਤੀ।
ਨਚਿੰਦ: ਨਿਸ਼ਚਿੰਤ, ਬੇ-ਫ਼ਿਕਰ ਹੋ ਕੇ।
ਸੁਤੀ ਆਈ ਨਚਿੰਦ: ਅਗਿਆਨਤਾ ਦੀ ਨੀਂਦ ਕਾਰਣ ਗ਼ਾਫ਼ਲ ਰਹੀ।
ਬੇੜੀ: ਲਿਬੜੀ ਹੋਈ, ਆਲੂਦਾ।
ਹਿੰਙ: ਬਦ-ਬੂ, ਔਗੁਣਾਂ ਦੀ ਬੋ।
ਕਥੂਰੀ: ਕਸਤੂਰੀ, ਸਦਗੁਣਾ ਦੀ ਸੁਗੰਧ।
ਗੰਧ: ਬੋ, ਮਹਿਕ।
ਭਾਵ ਅਰਥ: ਜਿਹੜੀ ਜੀਵ-ਇਸਤ੍ਰੀ ਪਤੀ ਭੋਗਣ ਦੇ ਮੰਤਵ ਲਈ ਬਾਹਰੀ
ਦਿਖਾਵੇ ਦਾ ਸ਼ਿੰਗਾਰ ਕਰਕੇ ਨਿਸ਼ਚਿੰਤ ਹੋ ਜਾਂਦੀ ਹੈ, ਉਸ ਅੰਦਰ ਸਦਗੁਣਾਂ (ਕਸਤੂਰੀ ਦੀ ਖ਼ੁਸ਼ਬੂ) ਦਾ
ਖ਼ਾਤਮਾ ਹੋ ਜਾਂਦਾ ਹੈ ਤੇ ਦਿਖਾਵੇ ਦਾ ਸ਼ਿੰਗਾਰ ਕਰਨ ਵਾਲੀ ਅਜਿਹੀ ਔਰਤ ਔਗੁਣ-ਆਲੂਦਾ ਹੀ ਰਹਿ ਜਾਂਦੀ
ਹੈ। ਇਉਂ ਉਹ ਪਤੀ-ਭੋਗ ਤੋਂ ਵਾਂਜਿਆਂ ਹੀ ਰਹਿ ਜਾਂਦੀ ਹੈ।
ਜੋਬਨ ਜਾਂਦੇ ਨਾ ਡਰਾਂ ਜੇ ਸਹ ਪ੍ਰੀਤਿ ਨ ਜਾਇ॥
ਫਰੀਦਾ ਕਿਤੀ ਜੋਬਨ ਪ੍ਰੀਤਿ ਬਿਨੁ ਸੁਕਿ ਗਏ ਕੁਮਲਾਇ॥ ੩੪॥
ਸ਼ਬਦ ਅਰਥ:- ਜੋਬਨ: ਜਵਾਨੀ, ਜੀਵਨ।
ਸਹ ਪ੍ਰੀਤਿ: ਪਤੀ-ਪ੍ਰੇਮ, ।
ਕਿਤੀ: ਕਿਤਨੇ ਹੀ।
ਸੁਕਿ ਗਏ ਕੁਮਲਾਇ: ਵਿਅਰਥ ਗੁਜ਼ਰ ਗਏ, ਮੁਰਝਾ ਗਏ।
ਭਾਵ ਅਰਥ: ਫ਼ਰੀਦ! ਮੇਰੇ ਕਿਤਨੇ ਹੀ ਜੋਬਨ (ਜੀਵਨ) ਪਤੀ-ਪਰਮਾਤਮਾ ਦਾ
ਪ੍ਰੇਮ ਪਾਏ ਤੋਂ ਬਿਨਾਂ ਹੀ ਵਿਅਰਥ ਗੁਜ਼ਰ ਗਏ ਹਨ; ਹੁਣ ਮੈਨੂੰ ਇਸ ਮਾਨਵ-ਜੀਵਨ ਦੇ ਗੁਜ਼ਰ ਜਾਣ ਦੀ
ਚਿੰਤਾ ਨਹੀਂ ਹੋਵੇਗੀ ਜੇ ਇਸ ਜੀਵਨ ਵਿੱਚ ਮੇਰੀ ਮੇਰੇ ਪਤੀ-ਪਰਮਾਤਮਾ ਨਾਲ ਪ੍ਰੀਤ ਬਣੀ ਰਹੇ ਤਾਂ!
ਹਰਿ-ਨਾਮ-ਸਿਮਰਨ ਤੋਂ ਬਿਨਾਂ ਮਾਨਵ-ਜੀਵਨ ਵਿਅਰਥ ਹੀ ਜਾਂਦਾ ਹੈ।
ਫਰੀਦਾ ਚਿੰਤ ਖਟੋਲਾ ਵਾਣੁ ਦੁਖੁ ਬਿਰਹਿ ਵਿਛਾਵਣ ਲੇਫੁ॥
ਏਹੁ ਹਮਾਰਾ ਜੀਵਣਾ ਤੂ ਸਾਹਿਬ ਸਚੇ ਵੇਖੁ॥ ੩੫॥
ਸ਼ਬਦ ਅਰਥ:- ਚਿੰਤ: ਵਿਛੋੜੇ ਦੀ ਚਿੰਤਾ।
ਖਟੋਲਾ: ਖਾਟ, ਮੰਜੀ।
ਬਿਰਹਿ: ਵਿਛੋੜਾ, ਵਿਛੋੜੇ ਦਾ ਦੁੱਖ, ਪ੍ਰੀਤਮ ਤੋਂ ਦੂਰੀ ਦਾ ਇਹਸਾਸ।।
ਵਿਛਾਵਣ: ਵਿਛੌਣਾ, ਬਿਸਤਰ।
ਲੇਫ: ਅ: ਲਿਹਾਫ਼, ਰੂੰ-ਭਰਿਆ ਓਢਣ, ਰਜਾਈ।
ਭਾਵ ਅਰਥ: ਫ਼ਰੀਦਜੀ ਰੱਬ ਨੂੰ ਸੰਬੋਧਿਤ ਹੋ ਕੇ ਉਸ ਤੋਂ ਵਿਛੋੜੇ ਦੀ
ਵੇਦਨ ਬਿਆਨ ਕਰਦੇ ਹਨ:- ਹੇ ਰੱਬ! ਮੇਰੀ ਤਰਸ-ਯੋਗ ਹਾਲਤ ਵੇਖ, ਕਿਵੇਂ ਤੇਰੇ ਵਿਛੋੜੇ ਵਿੱਚ ਮੇਰਾ
ਜੀਵਨ ਦੁੱਖਾਂ ਨਾਲ ਸੁਭਰ ਹੈ: ਤੈਨੂੰ ਮਿਲਣ ਵੱਲੋਂ ਨਿਰਾਸ਼ਾ ਕਾਰਣ ਉਪਜੀ ਚਿੰਤਾ ਮੇਰੀ ਮੰਜੀ ਹੈ,
ਇਹ ਮੰਜੀ ਤੇਰੇ ਤੋਂ ਦੂਰੀ ਦੇ ਦੁੱਖਾਂ ਦੇ ਵਾਣ ਨਾਲ ਉਣੀ ਹੋਈ ਹੈ ਅਤੇ ਮੇਰਾ ਵਿਛੌਣਾ ਤੇ ਓਢਣ ਵੀ
ਤੇਰੇ ਤੋਂ ਦੂਰੀ ਦਾ ਦੁੱਖ-ਦਾਈ ਇਹਸਾਸ ਹੀ ਹੈ। ਸੱਚੇ ਦਰਵੇਸ਼ ਦਾ ਜੀਵਨ ਨਾਮ-ਸਿਮਰਨ ਤੋਂ ਬਿਨਾਂ
ਅਧੂਰਾ ਤੇ ਦੁਖ-ਦਾਇਕ ਹੁੰਦਾ ਹੈ।
ਬਿਰਹਾ ਬਿਰਹਾ ਆਖੀਐ ਬਿਰਹਾ ਤੂ ਸੁਲਤਾਨ॥
ਫਰੀਦਾ ਜਿਤੁ ਤਨਿ ਬਿਰਹੁ ਨ ਊਪਜੈ ਸੋ ਤਨੁ ਜਾਣੁ ਮਸਾਣੁ॥ ੩੬॥
ਸ਼ਬਦ ਅਰਥ:- ਆਖੀਐ: ਇਹਸਾਸ ਹੋਣਾ ਚਾਹੀਦਾ ਹੈ।
ਸੁਲਤਾਨ: ਪ੍ਰਬਲ, ਸ਼ਕਤੀਸ਼ਾਲੀ, ਮਹੱਤਵ-ਪੂਰਨ।
ਮਸਾਣੁ: ਲੋਥ, ਮੁਰਦਾ, ਸ਼ਮਸ਼ਾਨ, ਨਾ ਹੋਏ ਸਮਾਨ।
ਭਾਵ ਅਰਥ: ਇਸ਼ਕ ਹਕੀਕੀ ਦੇ ਮੈਦਾਨ ਵਿੱਚ ਬਿਰਹਾ (ਮਹਿਬੂਬ ਤੋਂ ਦੂਰੀ
ਦੇ ਦਰਦ) ਦਾ ਬਹੁਤ ਮਹੱਤਵ ਹੈ; ਇਸ ਲਈ, ਪ੍ਰੇਮੀ ਨੂੰ ਪ੍ਰੀਤਮ ਤੋਂ ਵਿਛੋੜੇ ਦਾ ਇਹਸਾਸ ਹੋਣਾ
ਚਾਹੀਦਾ ਹੈ। ਜਿਸ ਮਨੁੱਖ ਦੇ ਹਿਰਦੇ ਵਿੱਚ ਆਪਣੀ ਆਤਮਾ ਦੇ ਪਰਮਾਤਮਾ ਤੋਂ ਵਿਛੋੜੇ ਦਾ ਜਜ਼ਬਾ ਤੇ
ਦਰਦ ਨਹੀਂ, ਉਹ ਮਨੁੱਖ ਜ਼ਿੰਦਾ ਲਾਸ਼ ਦੇ ਸਮਾਨ ਹੈ।
ਗੁਰਇੰਦਰ ਸਿੰਘ ਪਾਲ
ਅਪ੍ਰੈਲ
15, 2012.