ਸੇਖ ਫਰੀਦ ਜੀਉ ਕੀ ਬਾਣੀ
(7)
ਸਲੋਕ ਸੇਖ ਫਰੀਦ ਕੇ
ਇਕ ਮੁਹਾਵਰਾ ਹੈ, ‘ਫ਼ਸਲ ਉਜਾੜਨਾ’। ਇਸ ਕਹਾਵਤ ਦਾ ਭਾਵ ਹੈ ਕਿ ਜਿਹੜੀ ਮਾੜੀ
ਫ਼ਸਲ ਦੇ ਲਾਹੇਵੰਦ ਨਾ ਹੋਣ ਦਾ ਅੰਦੇਸ਼ਾ ਹੋਵੇ ਉਸ ਨੂੰ ਸਮਝਦਾਰ ਰਾਹਕ (ਕਿਰਸਾਨ) ਉਜਾੜ ਦਿੰਦਾ ਹੈ।
ਉਜਾੜਨ ਤੋਂ ਮਤਲਬ ਹੈ ਕਿ ਮਾੜੀ ਖੇਤੀ ਦਾ ਸੂਝਵਾਨ ਮਾਲਿਕ ਵਾਗੀਆਂ ਨੂੰ ਖੁੱਲ੍ਹ ਦੇ ਦਿੰਦਾ ਹੈ ਕਿ,
ਬਿਨਾਂ ਕਿਸੇ ਇਵਜ਼ਾਨੇ ਦੇ, ਉਹ ਆਪਣੇ ਡੰਗਰ, ਭੇਡਾਂ-ਬਕਰੀਆਂ ਆਦਿ, ਫ਼ਸਲ ਵਿੱਚ ਛੱਡ ਲੈਣ। ਇਸ
ਪਰਮਾਰਥੀ ਕਰਮ ਕਰਨ ਨਾਲ ਬੇ-ਜ਼ੁਬਾਨ ਪਸ਼ੂਆਂ ਦਾ ਭਲਾ ਹੁੰਦਾ ਹੈ। ਇਸ ਦੇ ਉਲਟ, ਮੂਰਖ ਰਾਹਕ ਮੰਦੀ
ਫ਼ਸਲ ਨੂੰ ਵੀ ਸਾਂਭ ਕੇ ਰੱਖਦਾ ਹੈ, ਭਾਵੇਂ ਅੰਤ ਨੂੰ ਉਹ ਉਸ ਦੇ ਕਿਸੇ ਕੰਮ ਨਹੀਂ ਆਉਂਦੀ, ਸਗੋਂ ਕਈ
ਤਰੀਕਿਆਂ ਨਾਲ ਉਸੇ ਦੀ ਹੀ ਜਾਨ ਦਾ ਖਉ ਬਣਦੀ ਹੈ। ਸੰਸਾਰ ਵਿੱਚ ਦੋ ਪ੍ਰਕਾਰ ਦੇ ਮਨੁੱਖ ਹਨ: ਪਹਿਲੇ
ਉਹ ਜੋ ਸਾਰਾ ਜੀਵਨ ਮਨ ਨੂੰ ਹਉਮੈ ਦਾ ਹੁਲਾਰਾ ਦੇਣ ਵਾਲੇ ਮਨ-ਮੋਹਕ ਪਦਾਰਥਾਂ ਨੂੰ, ਯੋਗ ਅਯੋਗ ਢੰਗ
ਨਾਲ, ਇਕੱਠਾ ਕਰਦੇ ਕਰਦੇ ਹੀ ਮਰ ਜਾਂਦੇ ਹਨ। ਦੂਜੇ, ਮੋਹ-ਮਾਇਆ ਤੋਂ ਮੁਕਤ ਉਹ ਪਰਮਾਰਥੀ ਪੁਰਸ਼ ਹਨ
ਜੋ ਕਿਰਤ-ਕਮਾਈ ਨਾਲ ਪ੍ਰਾਪਤ ਕੀਤੀ ਸੰਪਤੀ ਵੀ ਲੋੜਵੰਦਾਂ ਵਿੱਚ ਵੰਡ ਜਾਂਦੇ ਹਨ। ਫ਼ਰੀਦ ਜੀ ਨੇ ਇਹੀ
ਸੁਨਹਿਰੀ ਅਸੂਲ ਆਪਣੇ ਅਗਲੇ ਸ਼ਲੋਕ ਵਿੱਚ ਪ੍ਰਗਟਾਇਆ ਹੈ।
ਫਰੀਦਾ ਏ ਵਿਸੁ ਗੰਦਲਾ ਧਰੀਆਂ ਖੰਡੁ ਲਿਵਾੜਿ॥
ਇਕਿ ਰਾਹੇਦੇ ਰਹਿ ਗਏ ਇਕਿ ਰਾਧੀ ਗਏ ਉਜਾੜਿ॥ ੩੭॥
ਸ਼ਬਦ ਅਰਥ:- ਵਿਸੁ ਗੰਦਲਾ: ਆਤਮਾ ਵਾਸਤੇ ਘਾਤਿਕ ਪਰ ਮਨਮੋਹਕ ਪਦਾਰਥ,
ਸੰਸਾਰਕ ਲਟਾ ਪਟਾ।
ਖੰਡ ਲਿਵਾੜਿ: ਮਿੱਠੇ ਨਾਲ ਲਿਬੇੜੇ ਹੋਏ
(sugar-coated )
ਜ਼ਹਿਰੀਲੇ ਪਦਾਰਥ। ਇੰਦ੍ਰੀਆਤਮਕ ਖ਼ੁਸ਼ੀ ਦੇਣ ਵਾਲੇ ਪਦਾਰਥ।
ਇਕਿ: ਕਈ ਇਕ।
ਰਾਹੇਦੇ: ਰਾਧਣਾ=ਖੇਤ ਵਾਹੁਣਾ ਤੇ ਫ਼ਸਲ ਬੀਜਨਾ। ਰਾਹਕ=ਬੀਜਣ-ਬੋਨ ਵਾਲਾ,
ਕਿਰਸਾਨ।
ਰਹਿ ਗਏ: ਜੀਵਨ ਗੁਜ਼ਾਰ ਗਏ, ਮਨ-ਆਤਮਾ ਵਾਸਤੇ ਵਿਸ਼ੈਲੇ ਪਦਾਰਥ ਇਕੱਠੇ ਕਰਦੇ
ਕਰਦੇ ਚੱਲ ਵਸੇ।
ਰਾਧੀ: ਤਿਆਰ ਹੋਈ ਫ਼ਸਲ, ਖੇਤੀ, ਇਕੱਠੀ ਕੀਤੀ ਸੰਪਤੀ।
ਰਾਧੀ ਗਏ ਉਜਾੜਿ: ਆਪਣੀ ਮਿਹਨਤ ਨਾਲ ਤਿਆਰ ਕੀਤੀ ਫ਼ਸਲ (ਵਸਤ ਵਲੇਵਾ,
ਸੰਪਤੀ) ਆਪਣੇ ਹੱਥੀਂ ਲੋੜਵੰਦਾਂ ਨੂੰ ਦੇ ਗਏ।
ਭਾਵ ਅਰਥ: ਫ਼ਰੀਦ! (ਜੀਵਨ-ਪੂੰਜੀ ਖ਼ਰਚ ਕਰਕੇ ਇਕੱਠੇ ਕੀਤੇ) ਪਦਾਰਥ
ਦੇਖਣ ਨੂੰ ਚੰਗੇ ਲੱਗਦੇ ਹਨ, ਪਰੰਤੂ ਇਨ੍ਹਾਂ ਦਾ ਮੋਹ ਮਨ-ਆਤਮਾ ਉੱਤੇ ਵਿਸ਼ੈਲਾ ਪ੍ਰਭਾਵ ਪਾਉਂਦਾ
ਹੈ। (ਕਿਉਂਕਿ ਪਦਾਰਥਾਂ ਦਾ ਪਿਆਰ ਮਨੁੱਖ ਨੂੰ ਰੱਬ ਵੱਲੋਂ ਬੇ-ਮੁਖ ਕਰਦਾ ਹੈ।) ਕਈ ਮਨਮੁਖ ਲੋਕ
ਇਨ੍ਹਾਂ ਪਦਾਰਥਾਂ ਨੂੰ ਇਕੱਠੇ ਕਰਦੇ ਕਰਦੇ ਹੀ ਮਰ ਗਏ। (ਇਨ੍ਹਾਂ ਪਦਾਰਥਾਂ ਨੇ ਅੰਤ ਸਮੇਂ ਉਨ੍ਹਾਂ
ਦਾ ਸਾਥ ਨਹੀਂ ਦਿੱਤਾ।) ਅਤੇ ਕਈ ਪਰਮਾਰਥੀ ਪੁਰਸ਼ ਆਪਣੀ ਮਿਹਨਤ ਨਾਲ ਇਕੱਠੀ ਕੀਤੀ ਸੰਪਤੀ ਨੂੰ
ਲੋੜਵੰਦਾਂ ਵਿੱਚ ਵੰਡ ਕੇ ਇਸ ਸੰਸਾਰ ਵਿੱਚੋਂ ਸੁਰਖ਼ਰੂ ਹੋ ਕੇ ਗਏ ਅਰਥਾਤ ਜੀਵਨ ਸਫ਼ਲਾ ਕਰ ਗਏ।
ਫਰੀਦਾ ਚਾਰਿ ਗਵਾਇਆ ਹੰਢਿ ਕੈ ਚਾਰਿ ਗਵਾਇਆ ਸੰਮਿ॥
ਲੇਖਾ ਰਬੁ ਮੰਗੇਸੀਆ ਤੂੰ ਆਂਹੋ ਕੇਰ੍ਹੇ ਕੰਮਿ॥ ੩੮॥
ਸ਼ਬਦ ਅਰਥ:- ਚਾਰਿ: ਦਿਨ ਦੇ ਅੱਠ ਪਹਿਰਾਂ ਵਿੱਚੋਂ ਚਾਰ ਪਹਿਰ।
ਹੰਢਿ ਕੈ: (ਵਿਸੁ ਗੰਦਲਾਂ ਦੀ ਪ੍ਰਾਪਤੀ ਵਾਸਤੇ) ਭੱਜ-ਦੌੜ ਕਰਦਿਆਂ। ਸੰਮਿ:
ਸੌਂ ਕੇ, ਰੱਬ ਪ੍ਰਤਿ ਫ਼ਰਜ਼ ਵੱਲੋਂ ਗ਼ਫਲਤ ਵਿੱਚ।
ਲੇਖਾ: ਹਿਸਾਬ, ਰੱਬ ਵੱਲੋਂ ਬਖ਼ਸ਼ੇ ਸ੍ਵਾਸਾਂ ਦੀ ਪੂੰਜੀ ਦਾ ਹਿਸਾਬ।
ਕੇਰ੍ਹੇ: ਕਿਹੜੇ। ਕੰਮਿ: ਮਨੋਰਥ। ਕੇਰ੍ਹੇ ਕੰਮ: ਸ੍ਵਾਸਾਂ ਦੀ ਪੂੰਜੀ ਲੈ
ਕੇ ਕਿਸ ਜੀਵਨ-ਮਨੋਰਥ/ਵਣਜ ਵਾਸਤੇ ਮਾਨਵ-ਜੀਵਨ ਵਿੱਚ ਆਇਆ ਸੀ।
ਭਾਵ ਅਰਥ: (ਵਿਸੁ ਗੰਦਲਾ ਦਾ ਮਨਮੁਖ ਪ੍ਰੇਮੀ) ਦਿਨ ਦੇ ਚਾਰ ਪਹਿਰ
ਵਿਸੁ ਗੰਦਲਾਂ (ਮਾਇਆ, ਪਦਾਰਥਕ ਸੰਪਤੀ) ਇਕੱਠੀਆਂ ਕਰਨ ਵਾਸਤੇ ਭੱਜ-ਦੌੜ ਕਰਦਿਆਂ ਗੁਜ਼ਾਰ ਦਿੰਦਾ
ਹੈ; ਅਤੇ ਬਾਕੀ ਦੇ ਚਾਰ ਪਲ (ਰੱਬ ਵੱਲੋਂ ਬੇ-ਮੁਖ ਹੋ ਕੇ) ਆਰਾਮ-ਤਲਬੀ ਵਿੱਚ ਬਿਤੀਤ ਕਰ ਦਿੰਦਾ
ਹੈ। (ਅਜਿਹਾ ਮਨੁੱਖ ਪ੍ਰਭੂ ਨਾਲ ਪੁਨਰ-ਮਿਲਨ ਦੇ ਅਸਲੀ ਜੀਵਨ-ਮਨੋਰਥ ਤੋਂ ਅਵੇਸਲਾ ਰਹਿੰਦਾ ਹੈ।)
ਮੌਤ ਉਪਰੰਤ ਜਦ ਰੱਬ ਮਾਨਵ-ਜੀਵਨ-ਪੂੰਜੀ ਦਾ ਲੇਖਾ ਲੈਂਦਿਆਂ ਪੁੱਛੇਗਾ ਕਿ ਤੈਨੂੰ ਕਿਸ ਵਣਜ ਵਾਸਤੇ
ਦੁਰਲੱਭ ਮਾਨਵ-ਜੀਵਨ ਦੀ ਦਾਤ ਬਖ਼ਸ਼ੀ ਸੀ? (ਤਾਂ ਅਜਿਹੇ ਵਿਅਕਤੀ ਨੂੰ ਸਾਂਈ ਦੇ ਦਰਬਾਰਿ ਸ਼ਰਮਿੰਦਾ
ਹੋਣਾ ਪਵੇਗਾ।)
ਜਿਹੜੇ ਮਨੁੱਖ ਮਾਇਆ ਦੇ ਭਰਮ-ਜਾਲ ਵਿੱਚ ਉਲਝ ਕੇ ਰੱਬ ਦੀ ਬਖ਼ਸ਼ੀ ਸ੍ਵਸਾਂ ਦੀ
ਪੂੰਜੀ, ਨਾਮ-ਸਿਮਰਨ ਦਾ ਸੱਚਾ ਸੌਦਾ ਕਰਨ ਦੀ ਬਜਾਏ, ‘ਵਿਸੁ ਗੰਦਲਾਂ’ ਦਾ ਕੂੜਾ ਸੌਦਾ ਕਰਨ ਵਿੱਚ
ਬਰਬਾਦ ਕਰ ਦਿੰਦੇ ਹਨ, ਉਨ੍ਹਾਂ ਦੀਆਂ ਰੋਗੀ ਆਤਮਾਵਾਂ ਨੂੰ ਮਿਲਨ ਵਾਲੀ ਸਖ਼ਤ ਸਜ਼ਾ ਦਾ ਵਰਣਨ ਅਗਲੇ
ਦੋ ਸਲੋਕਾਂ ਵਿੱਚ ਕੀਤਾ ਹੈ।
ਫਰੀਦਾ ਦਰਿ ਦਰਵਾਜੈ ਜਾਇ ਕੈ ਕਿਉ ਡਿਠੋ ਘੜੀਆਲੁ॥
ਏਹੁ ਨਿਦੋਸਾ ਮਾਰੀਐ ਹਮ ਦੋਸਾਂ ਦਾ ਕਿਆ ਹਾਲੁ॥ ੩੯॥
ਸ਼ਬਦ ਅਰਥ:- ਦਰਿ ਦਰਵਾਜੈ: (ਰੱਬ ਦੀ ਨਿਆਂਇਆਲਿਆ ਦੇ) ਦਰਵਾਜ਼ੇ `ਤੇ।
ਕਿਉ ਡਿਠੋ: ਕੀ (ਤੂੰ) ਦੇਖਦਾ-ਸੁਣਦਾ ਨਹੀਂ?
ਘੜੀਆਲੁ: ਵਕਤ ਸੰਬੰਧੀ ਸੁਚੇਤ ਕਰਦਾ ਘੰਟਾ, ਟੱਲ।
ਨਿਦੋਸਾ: ਨਿਰਦੋਸ਼, ਬੇਕਸੂਰ। ਦੋਸਾਂ: ਦੋਸ਼ੀ, ਗੁਨਹਗਾਰ, ਪਾਪੀ।
ਭਾਵ ਅਰਥ: ਫ਼ਰੀਦ! ਕੀ ਤੂੰ (ਕਚਹਿਰੀ ਦੇ) ਦਰਵਾਜ਼ੇ `ਤੇ ਵਜਾਇਆ ਜਾਂਦਾ
ਸਮਾਂ-ਸੂਚਕ ਘੰਟਾ ਨਹੀਂ ਦੇਖਦਾ/ਸੁਣਦਾ? ਜਿਸ (ਨਿਆਂਇਆਲਿਆ/ਅਦਾਲਤ) ਦੇ ਦਰ `ਤੇ ਬੇ-ਗੁਨਾਹ ਘੰਟੇ
ਨੂੰ ਇਤਨੀਆਂ ਚੋਟਾਂ ਸਹਿਣੀਆਂ ਪੈਂਦੀਆਂ ਹਨ, ਉਸ ਅਦਾਲਤ ਦੇ ਅੰਦਰ ਸਾਡਾ ਗੁਨਹਗਾਰਾਂ ਦਾ ਕੀ ਹਾਲ
ਹੋਵੇਗਾ? ਅਰਥਾਤ ਕਿਦਾਂ ਦੀ ਸਖਤ ਸਜ਼ਾ ਮਿਲੇਗੀ?
ਘੜੀਏ ਘੜੀਏ ਮਾਰੀਐ ਪਹਰੀ ਲਹੈ ਸਜਾਇ॥
ਸੋ ਹੇੜਾ ਘੜੀਆਲ ਜਿਉ ਡੁਖੀ ਰੈਣਿ ਵਿਹਾਇ॥ ੪੦॥
ਸ਼ਬਦ ਅਰਥ:- ਘੜੀਏ ਘੜੀਏ: ਘੜੀ=ਇਕ ਦਿਨ (
24
ਘੰਟੇ) ਦਾ 60ਵਾਂ
ਹਿੱਸਾ, 24
ਮਿੰਟ ਦਾ ਸਮਾਂ।।
ਪਹਰੀ: ਤਿੰਨ ਘੰਟੇ ਦਾ ਸਮਾਂ; ਅੱਠ ਪਹਿਰ (
8x3=24
ਘੰਟੇ) ਦਾ ਇੱਕ ਦਿਨ।
ਹੇੜਾ: ਸਰੀਰ, ਮਨੁੱਖੀ ਜਾਮਾ।
ਡੁਖੀ: ਦੁੱਖਾਂ ਵਿੱਚ,
ਰੈਣਿ: (ਨਾਮ-ਵਿਹੂਣੀ ਜ਼ਿੰਦਗੀ ਦੀ) ਰਾਤ।
ਵਿਹਾਇ: ਵਿਤੀਤ ਹੁੰਦੀ ਹੈ।
ਭਾਵ ਅਰਥ: ਨਿਰਦੋਸ਼ ਘੜਿਆਲ ਨੂੰ ਘੜੀ ਘੜੀ (ਥੋੜੀ ਥੋੜੀ ਦੇਰ ਬਾਅਦ)
ਪੈਂਡੂਲਮ ਹਥੌੜੇ ਦੀ ਮਾਰ ਪੈਂਦੀ ਹੈ ਅਤੇ ਉਹ ਹਰ ਪਹਰ ਪਿੱਛੋਂ ਪੈਂਡੂਲਮ ਦੀ ਸੱਟ ਦੀ ਸਜ਼ਾ ਸਹਿਨ
ਕਰਦਾ ਹੈ। ਰੱਬ ਨੂੰ ਵਿਸਾਰ ਕੇ ਪਦਾਰਥਕ ਜਗਤ ਨਾਲ ਮੋਹ ਰੱਖਣ ਵਾਲੇ ਸਰੀਰ/ਆਪੇ ਦਾ ਹਾਲ ਵੀ ਘੜਿਆਲ
ਵਾਂਗ ਹੁੰਦਾ ਹੈ। ਅਜਿਹੇ ਮਨੁੱਖ ਦੀ ਜੀਵਨ ਰੂਪੀ ਰਾਤ ਗੁੱਝੇ ਦੁੱਖ ਸਹਾਰਦਿਆਂ ਹੀ ਗੁਜ਼ਰਦੀ ਹੈ।
ਰੱਬ ਦੇ ਲੜ ਲੱਗਣ ਵਾਸਤੇ ਦਰਵੇਸ਼ ਦੇ ਹਿਰਦੇ ਵਿੱਚ ਰੋਗੀ ਬੁਢੇਪੇ ਅਤੇ ਅਟਲ
ਮੌਤ ਦੇ ਸੱਚ ਦਾ ਇਹਸਾਸ ਹੋਣਾ ਜ਼ਰੂਰੀ ਹੈ। ਇਸੇ ਕਰਕੇ ਫ਼ਰੀਦ ਜੀ ਦੀ ਬਾਣੀ ਵਿੱਚ ਜਰਾ (ਬੁਢੇਪਾ) ਤੇ
ਮਰਾ (ਮੌਤ) ਦੇ ਸੱਚ ਨੂੰ ਬਾਰ ਬਾਰ ਦ੍ਰਿੜਾਇਆ ਗਿਆ ਹੈ। ਅਗਲਾ ਸਲੋਕ ਇਸੇ ਕਥਨ ਦਾ ਪ੍ਰਮਾਣ ਹੈ:
ਬੁਢਾ ਹੋਆ ਸੇਖ ਫਰੀਦੁ ਕੰਬਣਿ ਲਗੀ ਦੇਹ॥
ਜੇ ਸਉ ਵਰਿੑਆ ਜੀਵਣਾ ਭੀ ਤਨੁ ਹੋਸੀ ਖੇਹ॥ ੪੧॥
ਸ਼ਬਦ ਅਰਥ:- ਦੇਹ: ਮਨੁਖਾ ਸਰੀਰ।
ਕੰਬਣਿ ਲਗੀ ਦੇਹ: ਸਰੀਰ ਦਾ ਕੰਬਣਾ ਨਿਰਬਲਤਾ/ਕਮਜ਼ੋਰੀ ਦਾ ਪ੍ਰਤੀਕ ਹੈ।
ਹੋਸੀ ਖੇਹ: ਖੇਹ=ਮਿੱਟੀ, ਮਿੱਟੀ ਹੋ ਜਾਏਗਾ, ਮੌਤ ਆਏ ਗੀ।
ਭਾਵ ਅਰਥ: ਫ਼ਰੀਦ! (ਸੰਸਾਰਕ ਭੋਗ ਭੋਗਦਿਆਂ) ਮੇਰਾ ਸਰੀਰ ਬਜ਼ੁਰਗ ਹੋ ਕੇ
ਕੰਬਣ ਲੱਗ ਪਿਆ ਹੈ, ਜੋ ਕਿ ਮੌਤ ਦੇ ਨਜ਼ਦੀਕ ਆ ਜਾਣ ਦਾ ਸਾਫ਼ ਸੰਕੇਤ ਹੈ। (ਅਜਿਹੀ ਹਾਲਤ ਵਿੱਚ) ਮੈਂ
ਭਾਵੇਂ ਸੌ ਸਾਲ ਤਕ ਵੀ ਜੀਉਂਦਾ ਰਹਾਂ, ਅੰਤ ਨੂੰ ਇਸ ਸਰੀਰ ਨੇ ਮਰ ਕੇ ਮਿੱਟੀ ਹੋਣਾ ਹੀ ਹੈ।
ਬਿਮਾਰੀ, ਬੁਢੇਪਾ ਅਤੇ ਮੌਤ ਮਨੁੱਖਾ ਜੀਵਨ ਦੀਆਂ ਅਟਲ ਸੱਚਾਈਆਂ ਹਨ।
ਜੀਵਨ ਦੀਆਂ ਮੁਢਲੀਆਂ ਲੋੜਾਂ ਦੀ ਖ਼ਾਤਿਰ ਦੂਸਰਿਆਂ ਦੀ ਮੁਥਾਜੀ/ਗ਼ੁਲਾਮੀ ਰੱਬ
ਦੇ ਸੱਚੇ ਭਗਤਾਂ ਦੇ ਰਾਹ ਦੀ ਵੱਡੀ ਰੁਕਾਵਟ ਹੈ। ਫ਼ਰੀਦ ਜੀ ਆਪਣੇ ਆਗਾਮੀ ਸਲੋਕ ਵਿੱਚ ਇਹੀ ਖ਼ਿਆਲ
ਪ੍ਰਗਟ ਕਰਦੇ ਹਨ।
ਫਰੀਦਾ ਬਾਰਿ ਪਰਾਇਐ ਬੈਸਣਾ ਸਾਂਈ ਮੁਝੈ ਨ ਦੇਹਿ॥
ਜੇ ਤੂ ਏਵੈ ਰਖਸੀ ਜੀਉ ਸਰੀਰਹੁ ਲੇਹਿ॥ ੪੨॥
ਸ਼ਬਦ ਅਰਥ:- ਬਾਰਿ: ਬਾਰ=ਦਰਵਾਜ਼ਾ, ਦਰਵਾਜ਼ੇ `ਤੇ। ਬੈਸਣਾ: ਬੈਠਣਾ,
ਦੂਸਰਿਆਂ ਦੀ ਮੁਥਾਜੀ, ਗ਼ੁਲਾਮੀ।
ਬਾਰਿ ਪਰਾਇਐ ਬੈਸਣਾ: ਜੀਵਨ ਦੀਆਂ ਮੁੱਢਲੀਆਂ ਲੋੜਾਂ ਲਈ ਮੈਨੂੰ ਕਿਸੇ
ਬੇਗਾਨੇ ਦੇ ਦਰ `ਤੇ ਸਵਾਲੀ ਨਾ ਬਣਨਾ ਪਵੇ।
ਜੀਉ: ਰੂਹ, ਆਤਮਾ, ਜਿੰਦ, ਜੀਵਨ-ਜੋਤਿ, ਜੀਵਨ-ਸ਼ਕਤੀ।
ਜੀਉ ਸਰੀਰਹੁ ਲੇਹਿ: ਸਰੀਰ `ਚੋਂ ਜੀਵਨ-ਜੋਤਿ/ਰੂਹ ਕੱਢ ਲੈ ਅਰਥਾਤ ਮੌਤ ਦੇ
ਦੇਹ।
ਭਾਵ ਅਰਥ: ਫ਼ਰੀਦ ਜੀ ਰੱਬ ਨੂੰ ਮੁਖ਼ਾਤਿਬ ਹੋ ਕੇ ਕਹਿੰਦੇ ਹਨ ਕਿ ਹੇ
ਰੱਬ! ਮੈਨੂੰ ਅਜਿਹੀ ਸਥਿਤੀ ਵਿੱਚ ਨਾ ਪਾਈਂ ਕਿ ਮੈਨੂੰ ਦੂਸਰਿਆਂ ਦੇ ਦਰ ਦਾ ਸਵਾਲੀ ਬਣਨਾ ਪਵੇ। ਪਰ
ਜੇ ਤੇਰੀ ਇਹੀ ਮਰਜ਼ੀ ਹੈ ਕਿ ਮੈਂ ਤੈਥੋਂ ਬਿਨਾਂ ਕਿਸੇ ਹੋਰ ਦੀ ਗ਼ੁਲਾਮੀ ਕਰਾਂ ਤਾਂ ਇਸ ਤੋਂ ਤਾਂ
ਚੰਗਾ ਹੈ ਕਿ ਤੂੰ ਮੈਨੂੰ ਮੌਤ ਦੇ ਦੇਵੇਂ! ਸਾਰੰਸ਼, ਗ਼ੁਲਾਮੀ ਦੀ ਗ਼ਲੀਜ਼ ਜ਼ਿੰਦਗੀ ਨਾਲੋਂ ਮੌਤ ਭਲੀ!
ਇਸ ਜਗਤ-ਜੰਗਲ ਵਿੱਚ ਦੋ ਪ੍ਰਕਾਰ ਦੇ ਮਨੁਖ ਵਿਚਰਦੇ ਹਨ: ਇੱਕ ਤਾਂ ਉਹ ਜੋ
ਵਿਸੁ ਗੰਦਲਾਂ ਦੇ ਸੁੱਖ ਦਾ ਭਰਮ ਪਾਲਦੇ ਹੋਏ ਰੂਹ ਵਾਸਤੇ ਦੁਖਦਾਈ ਪਦਾਰਥਾਂ ਦੀ ਭਾਲ ਵਿੱਚ
ਭੱਜ-ਦੌੜ ਕਰਦੇ ਰਹਿੰਦੇ ਹਨ; ਅਤੇ ਦੂਜੇ, ਰੱਬ ਦੇ ਉਹ ਬੰਦੇ ਜੋ ਵਿਸੁ ਗੰਦਲਾਂ ਦੇ ਜੰਗਲ ਤੋਂ ਅਛੋਹ
ਰਹਿੰਦਿਆਂ ਆਪਣੇ ਸੱਚੇ ਸਾਹਿਬ ਦੀ ਤਾਲਾਸ਼ ਵਿੱਚ ਰੁੱਝੇ ਰਹਿੰਦੇ ਹਨ। ਫ਼ਰੀਦ ਜੀ ਦਾ ਕਥਨ ਹੈ:
ਕੰਧਿ ਕੁਹਾੜਾ ਸਿਰਿ ਘੜਾ ਵਣਿ ਕੈਸਰੁ ਲੋਹਾਰੁ॥
ਫਰੀਦਾ ਹਉ ਲੋੜੀ ਸਹੁ ਆਪਣਾ ਤੂ ਲੋੜਹਿ ਅੰਗਿਆਰ॥ ੪੩॥
ਸ਼ਬਦ ਅਰਥ: ਕੰਧਿ: ਕੰਨ੍ਹਾ=ਮੋਢਾ, ਮੋਢੇ ਉੱਤੇ।
ਵਣਿ: ਜੰਗਲ ਵਿੱਚ, ਵਿਸੁ ਗੰਦਲਾਂ ਨਾਲ ਭਰੇ ਇਸ ਸੰਸਾਰ ਰੂਪੀ ਜੰਗਲ ਵਿੱਚ।
ਕੈਸਰੁ:
Caesar=ਸ਼ਹਨਸ਼ਾਹ,
ਬਾਦਸ਼ਾਹ, ਮਰਜ਼ੀ ਦਾ ਮਾਲਿਕ, ਮਾਇਆਧਾਰੀ ਮਨਮੁਖ।
ਲੋੜੀ: ਲੋੜਣਾ=ਚਾਹੁਣਾ, ਭਾਲਣਾ; ਚਾਹੁੰਦਾ ਹਾਂ। ਲੋੜਹਿ: ਚਾਹੁੰਦਾ ਹੈਂ।
ਅੰਗਿਆਰ: ਮਘਦੇ ਕੋਇਲੇ, ਵਿਸੁ ਗੰਦਲਾਂ, ਉਹ ਪਦਾਰਥ ਜੋ ਮਨ/ਆਤਮਾ ਨੂੰ ਸਾੜ
ਦਿੰਦੇ ਹਨ।
ਭਾਵ ਅਰਥ: (ਵਿਸੁ ਗੰਦਲਾਂ ਨਾਲ ਭਰੇ) ਇਸ ਜਗਤ-ਜੰਗਲ ਵਿੱਚ ਵਿਸੁ
ਗੰਦਲਾਂ ਦਾ ਮਾਲਿਕ ਮਾਇਆਧਾਰੀ ਮਨੁਖ (ਲੋਹਾਰ) ਆਪਣੇ ਆਪ ਨੂੰ ਜਗਤ-ਜੰਗਲ ਦਾ ਬਾਦਸ਼ਾਹ ਸਮਝਦਾ ਹੈ,
ਅਤੇ ਕਪਟੀ ਸੋਚ ਦੇ ਹਥਿਅਰਾਂ (ਕੁਹਾੜਾ ਤੇ ਘੜਾ ਆਦਿ) ਨਾਲ, ਆਤਮਾ ਨੂੰ ਝੁਲਸ ਦੇਣ ਵਾਲੇ ਝੂਠੇ
ਪਦਾਰਥਾਂ (ਅੰਗਿਆਰਾਂ) ਦੀ ਭਾਲ ਵਿੱਚ ਭਟਕਦਾ ਰਹਿੰਦਾ ਹੈ। ਪਰ ਫ਼ਰੀਦ ਤਾਂ ਇਸੇ ਵਣ ਵਿੱਚ ਆਪਣੇ ਪਤੀ
ਪਰਮਾਤਮਾ ਦੀ ਭਾਲ ਕਰ ਰਿਹਾ ਹੈ।
ਫਰੀਦਾ ਇਕਨਾ ਆਟਾ ਅਗਲਾ ਇਕਨਾ ਨਾਹੀ ਲੋਣੁ॥
ਅਗੈ ਗਏ ਸਿੰਞਾਪਸਨਿ ਚੋਟਾ ਖਾਸੀ ਕਉਣੁ॥ ੪੪॥
ਸ਼ਬਦ ਅਰਥ:- ਇਕਨਾ: ਕਈਆਂ ਕੋਲ।
ਆਟਾ: ਖਾਦ-ਖ਼ੁਰਾਕ ਦਾ ਸਾਮਾਨ।
ਅਗਲਾ: ਬਹੁਤ ਜ਼ਿਆਦਾ, ਵਾਧੂ।
ਲ਼ੋਣੁ: ਲਵਣ, ਨਮਕ, ਪੇਟ ਭਰਨ ਵਾਸਤੇ ਲੋੜੀਂਦੀ ਰਸਦ।
ਅਗੈ:
‘ਦਰਿ ਦਰਵਾਜੈ’, ਰੱਬ ਦੇ ਦਰ `ਤੇ, ਪਰਲੋਕ ਵਿੱਚ।
ਸਿੰਞਾਪਸਨਿ: ਪਰਖੇ ਜਾਣ ਗੇ।
ਚੋਟਾਂ: (ਬੁਰੇ ਕਰਮਾਂ ਦੀ ਸਜ਼ਾ ਦੀਆਂ) ਸੱਟਾਂ, ਮੰਦੇ ਅਮਲਾਂ ਦੀ ਸਜ਼ਾ।
ਖਾਸੀ: ਖਾਣ ਗੇ, ਸਹਿਣਗੇ।
ਭਾਵ ਅਰਥ: ਫ਼ਰੀਦ! ਦੁਨੀਆ ਵਿੱਚ, ਕਈਆਂ (ਛਲ-ਕਪਟ ਨਾਲ ਦੌਲਤ/ਸੰਪਤੀ
‘ਕਠੀ ਕਰਨ ਵਾਲਿਆਂ) ਕੋਲ ਖਾਦ-ਖ਼ੁਰਾਕ, ਐਸ਼ ਓ ਇਸ਼ਰਤ ਦੇ ਸਾਮਾਨ ਦੀ ਕੋਈ ਘਾਟ ਨਹੀਂ। ਕਈ ਈਮਾਨਦਾਰੀ
ਦੀ ਕਿਰਤ ਕਰਨ ਵਾਲੇ ਅਜਿਹੇ ਲੋਕ ਵੀ ਹਨ ਜਿਨ੍ਹਾਂ ਨੂੰ ਰੋਟੀ ਦੇ ਹੀ ਲਾਲੇ ਪਏ ਰਹਿੰਦੇ ਹਨ।
ਪਰੰਤੂ, ਸਾਂਈ ਦੇ ਦਰਬਾਰ ਵਿੱਚ, ਕੀਤੇ ਕਰਮਾਂ ਦੇ ਆਧਾਰ `ਤੇ, ਨਿਰਣੈ ਹੋਵੇਗਾ ਕਿ ਇਨ੍ਹਾਂ ਦੋਨਾਂ
ਵਿੱਚੋਂ ਕਿਸ ਦੀ ਆਤਮਾ ਨੂੰ ਦੈਵੀ ਸਜ਼ਾ ਦੀਆਂ ਸੱਟਾਂ ਸਹਿਣੀਆਂ ਪੈਣਗੀਆਂ!
ਦੁਨਿਆਵੀ ਅਮੀਰੀ ਕਾਰਣ ਮੌਤ ਨੂੰ ਭੁਲਾ ਕੇ ਆਪਣੇ ਆਪ ਨੂੰ ਵਿਸੁ ਗੰਦਲਾਂ ਦੇ
ਜਗਤ-ਜੰਗਲ ਦਾ ਸ਼ਹਨਸ਼ਾਹ ਹੋਣ ਦਾ ਭਰਮ ਪਾਲਣ ਵਾਲੇ ਮਨਮੁੱਖਾਂ ਨੂੰ ਮੌਤ ਦੇ ਸੱਚ ਪ੍ਰਤਿ ਸੁਚੇਤ ਕਰਦੇ
ਹੋਏ ਫ਼ਰੀਦ ਜੀ ਫ਼ੁਰਮਾਉਂਦੇ ਹਨ:
ਪਾਸਿ ਦਮਾਮੇ ਛਤੁ ਸਿਰਿ ਭੇਰੀ ਸਡੋ ਰਡ॥
ਜਾਇ ਸੁਤੇ ਜੀਰਾਣ ਮਹਿ ਥੀਏ ਅਤੀਮਾ ਗਡ॥ ੪੫॥
ਸ਼ਬਦ ਅਰਥ: ਪਾਸਿ: ਹਰ ਪਾਸੇ, ਇਰਦ-ਗਿਰਦ।
ਦਮਾਮੇ: ਦਮਾਮਾ=ਨਗਾਰਾ, ਨਗਾਰੇ।
ਛਤੁ ਸਿਰਿ: ਸਿਰ ਉੱਤੇ ਛਤ੍ਰ।
ਭੇਰੀ: ਸ਼ਹਿਨਾਈ ਸੰਗ ਵਜਾਉਣ ਵਾਲਾ ਛੋਟਾ ਨਗਾਰਾ।
ਸਡੋ: ਸੱਦ, ਉੱਚੀ ਆਵਾਜ਼, ਪੁਕਾਰ ਕੇ ਕਹਿਣਾ।
ਰਡ: ਸਵਾਗਤ ਵਿੱਚ ਵਜਾਈਆਂ ਜਾਂਦੀਆਂ ਧੁਨੀਆਂ, ਪ੍ਰਸੰਸਾ ਦੇ ਸ਼ਬਦ।
ਜੀਰਾਣ: ਸ਼ਮਸ਼ਾਨ, ਮੁਰਦ-ਸਤਾਨ।
ਅਤੀਮਾ: ਯਤੀਮਾਂ ਵਾਂਗ।
ਭਾਵ ਅਰਥ: (ਪਦਾਰਥਕ ਸੰਸਾਰ ਦੇ ਜਿਨ੍ਹਾਂ ਬਾਦਸ਼ਾਹਾਂ ਦੇ) ਸਿਰ `ਤੇ
ਛਤ੍ਰ ਝੁਲਦੇ ਹਨ, (ਉਨ੍ਹਾਂ ਦੀ ਸ਼ਾਨ ਵਿੱਚ) ਧੌਂਸੇ, ਨਗਾਰੇ ਤੇ ਸ਼ਹਿਨਾਈਆਂ ਵਜਾਈਆਂ ਜਾਂਦੀਆਂ ਹਨ
ਅਤੇ ਝੂਠੀ ਪ੍ਰਸ਼ੰਸਾ/ਖ਼ੁਸ਼ਆਮਦ ਦੇ ਗੀਤ ਉੱਚੇ ਅਲਾਪ ਵਿੱਚ ਗਾਏ ਜਾਂਦੇ ਹਨ, ਉਹ ਵੀ ਮਰ ਕੇ ਯਤੀਮਾਂ
(ਪਿਤਾ-ਪਰਮਾਤਮਾ ਤੋਂ ਵਿਰਵੇ) ਦੀ ਤਰ੍ਹਾਂ ਕਬਰਾਂ ਵਿੱਚ ਜਾ ਸਮਾਉਂਦੇ ਹਨ।
ਫਰੀਦਾ ਕੋਠੇ ਮੰਡਪ ਮਾੜੀਆ ਉਸਾਰੇਦੇ ਭੀ ਗਏ॥
ਕੂੜਾ ਸਉਦਾ ਕਰਿ ਗਏ ਗੋਰੀ ਆਇ ਪਏ॥ ੪੬॥
ਸ਼ਬਦ ਅਰਥ: ਮੰਡਪ: ਮਹਿਲ, ਵੱਡੀਆਂ ਹਵੇਲੀਆਂ। ਮਾੜੀਆ: ਮਾੜੀ=ਹਵੇਲੀ,
ਛੋਟੇ ਮਹਿਲ। ਦੁਨਿਆਵੀ ਰੁਤਬੇ ਦੇ ਪ੍ਰਤੀਕ ਮਹਿਲ-ਮਾੜੀਆਂ।
ਉਸਾਰੇਦੇ: ਉਸਾਰਨ ਵਾਲੇ ਮਹਿਲਾਂ ਦੇ ਮਾਲਿਕ।
ਗਏ: ਮਰ ਗਏ, ਅਟਲ ਮੌਤ ਦੇ ਸੱਚ ਤੋਂ ਬਚ ਨਹੀਂ ਸਕੇ।
ਕੂੜਾ ਸਉਦਾ: ਝੂਠਾ ਵਣਜ, ਮਰਨ ਉਪਰੰਤ ਜੋ ਸਾਥ ਨਹੀਂ ਨਿਭਾਉਂਦਾ।
ਗੋਰੀ: ਗੋਰ=ਕਬਰ; ਕਬਰਾਂ ਵਿੱਚ।
ਭਾਵ ਅਰਥ: ਫ਼ਰੀਦ! (ਦੁਨਿਆਵੀ ਰੁਤਬੇ ਦੇ ਪ੍ਰਤੀਕ) ਮਹਿਲ-ਮਾੜੀਆਂ
ਉਸਾਰਣ ਵਾਲੇ ਵੀ ਮੌਤ ਤੋਂ ਬਚ ਨਹੀਂ ਸਕੇ। ਮਹਿਲ-ਮਾੜੀਆਂ ਨੇ ਅੰਤ ਸਮੇਂ ਇਨ੍ਹਾਂ ਦਾ ਸਾਥ ਨਹੀਂ
ਦਿੱਤਾ। ਇਹ ਮਾਇਆ-ਧਾਰੀ ਸਾਕਤ ਹਵੇਲੀਆਂ ਉਸਾਰਣ ਵਿੱਚ ਬਹੁਮੁੱਲਾ ਮਾਨਵ-ਜੀਵਨ ਵਿਅਰਥ ਗਵਾ ਕੇ ਮਰ
ਗਏ। ਇਸ ਤਰ੍ਹਾਂ ਇਹ ਅਗਿਆਨ ਲੋਕ ਝੂਠੇ ਤੇ ਘਾਟੇ ਦੇ ਵਪਾਰ ਵਾਸਤੇ ਸ੍ਵਾਸਾਂ ਦੀ ਪੂੰਜੀ ਲੁਟਾ ਕੇ
ਕਬਰਾਂ ਵਿੱਚ ਜਾ ਪਏ।
ਮੂੜ੍ਹ ਮਤਿ ਵਾਲਾ ਮਨੁਖ ਸਾਰਾ ਜੀਵਨ ਆਪਣੇ ਨਾਸ਼ਮਾਨ ਸਰੀਰ ਨੂੰ ਸੰਵਾਰਨ
ਸੰਭਾਲਣ ਵਿੱਚ ਹੀ ਲੱਗਿਆ ਰਹਿੰਦਾ ਹੈ, ਅਤੇ ਆਤਮਿਕ ਅਰੋਗਤਾ ਵੱਲ ਜ਼ਰਾ ਵੀ ਧਿਆਨ ਨਹੀਂ ਦਿੰਦਾ।
ਫ਼ਰੀਦ ਜੀ ਨੇ ਮਾਇਆਧਾਰੀਆਂ ਦੀ ਇਸ ਅਸਲੀਯਤ ਦਾ ਬਿਆਨ ਅਗਲੇ ਸਲੋਕ ਸਿਚ ਇਉਂ ਕੀਤਾ ਹੈ:
ਫਰੀਦਾ ਖਿੰਥੜਿ ਮੇਖਾ ਅਗਲੀਆ ਜਿੰਦੁ ਨ ਕਾਈ ਮੇਖ॥
ਵਾਰੀ ਆਪੋ ਆਪਣੀ ਚਲੇ ਮਸਾਇਕ ਸੇਖ॥ ੪੭॥
ਸ਼ਬਦ ਅਰਥ: ਖਿੰਥੜਿ: ਖਿੰਥਾ=ਗੋਦੜੀ, ਪਹਿਰਨ; ਰੂਹ ਦਾ ਪਹਿਰਨ, ਸਰੀਰ।
ਮੇਖਾ: ਅ: ਮੇਖ=ਕਿੱਲ; ਮੁਰੱਮਤ ਕਰਨ ਦਾ ਸਾਮਾਨ/ਸਾਧਨ; ਸਰੀਰਿਕ ਰੋਗਾਂ ਦਾ
ਇਲਾਜ।
ਅਗਲੀਆ: ਬਹੁਤ, ਕਈ।
ਜਿੰਦੁ: ਰੂਹ, ਆਤਮਾ ਦਾ।
ਮਸਾਇਕ: ਸ਼ੇਖ ਦਾ ਬਹੁਵਚਨ। ਅ: ਸ਼ੇਖ਼=ਬ੍ਰਹਮਗਿਆਨੀ, ਅਧਿਆਤਮਿਕ ਗਿਆਨ ਦਾ
ਮਾਲਿਕ।
ਭਾਵ ਅਰਥ: ਫ਼ਰੀਦ! ਰੂਹ ਦੇ ਪਹਿਰਨ, ਫ਼ਾਨੀ ਸਰੀਰ ਨੂੰ ਅਰੋਗ ਤੇ ਸ੍ਵਸਥ
ਰੱਖਣ ਲਈ ਮਨੁੱਖ ਕਈ ਉਪਾਉ ਕਰਦਾ ਹੈ, ਪਰੰਤੂ ਬੁਰੇ ਕਰਮਾਂ ਨਾਲ ਮੈਲੀ ਰੂਹ ਨੂੰ ਨਿਰਮੈਲ ਕਰਨ
ਵਾਸਤੇ ਕੋਈ ਯਤਨ ਨਹੀਂ ਕਰਦਾ। ਇਸ ਦਾ ਭਾਵ ਇਹ ਹੈ ਕਿ ਮਨਮੁੱਖ ਨਾਸ਼ਮਾਨ ਸਰੀਰ ਨੂੰ ਅਰੋਗ ਤੇ
ਰਿਸਟ-ਪੁਸਟ ਰੱਖਣ ਵਾਸਤੇ ਕਈ ਗੰਢ-ਤੁਪ ਕਰਦਾ ਹੈ, ਪਰੰਤੂ ਰੂਹ ਦੇ ਰੋਗਾਂ (ਮੋਹ-ਮਾਇਆ ਤੇ ਵਿਕਾਰਾਂ
ਆਦਿ) ਦਾ ਕੋਈ ਇਲਾਜ ਨਹੀਂ ਕਰਦਾ। (ਅਜਿਹੇ ਮੂਰਖਾਂ ਨੂੰ ਮੌਤ ਚੇਤੇ ਰੱਖਣੀ ਚਾਹੀਦੀ ਹੈ ਕਿਉਂਕਿ)
ਵੱਡੇ ਵੱਡੇ ਪੀਰ-ਪੈਗ਼ੰਬਰ ਵੀ ਇਸ ਸਤਾਣੀ ਮੌਤ ਤੋਂ ਬਚ ਨਹੀਂ ਸਕੇ।
ਫਰੀਦਾ ਦੁਹੁ ਦੀਵੀ ਬਲੰਦਿਆ ਮਲਕੁ ਬਹਿਠਾ ਆਇ॥
ਗੜੁ ਲੀਤਾ ਘਟੁ ਲੁਟਿਆ ਦੀਵੜੇ ਗਇਆ ਬੁਝਾਇ॥ ੪੮॥
ਸ਼ਬਦ ਅਰਥ: ਦੀਵੀ: ਅੱਖਾਂ। ਦੁਹੁ ਦੀਵੀ ਬਲੰਦਿਆ: ਦੇਖਦਿਆਂ ਹੀ
ਦੇਖਦਿਆਂ।
ਮਲਕੁ: ਮਲਕੁਲ ਮੌਤ, ਮੌਤ ਦਾ ਫ਼ਰਿਸ਼ਤਾ, ਯਮਦੂਤ।
ਗੜੁ: ਸਰੀਰ ਰੂਪੀ ਕੱਚਾ ਕਿਲ੍ਹਾ ਜਿਸ ਵਿੱਚ ਮਨੁਖ ਰੂਹ ਨੂੰ ਸੁਰੱਖਿਅਤ
ਸਮਝਦਾ ਹੈ।
ਲੀਤਾ: (ਸਰੀਰ ਰੂਪੀ ਕਿਲ੍ਹਾ) ਫ਼ਤਹਿ ਕਰ ਲਿਆ।
ਘਟੁ: ਜੀਵਨ-ਜੋਤਿ, ਆਤਮਾ, ਰੂਹ, ਜਿੰਦ ਜਿਸ ਸਦਕਾ ਮਨੁੱਖ ਜੀਵਿਤ ਹੁੰਦਾ
ਹੈ।
ਦੀਵੜੇ ਗਇਆ ਬੁਝਾਇ: ਜੀਵਨ-ਜੋਤਿ ਦੇ ਜਾਂਦਿਆਂ ਅੱਖਾਂ ਦੀ ਰੌਸ਼ਣੀ ਵੀ ਚਲੀ
ਗਈ, ਅੱਖਾਂ ਮੂੰਦੀਆਂ ਗਈਆਂ।
ਭਾਵ ਅਰਥ: ਫ਼ਰੀਦ! ਦੇਖਦਿਆਂ ਹੀ ਦੇਖਦਿਆਂ ਜਾਨ ਦਾ ਵੈਰੀ ਯਮਦੂਤ ਅਚਾਣਕ
ਹੀ ਹੱਲਾ ਬੋਲ ਕੇ ਸਰੀਰ ਰੂਪੀ ਕਿਲ੍ਹੇ ਉੱਤੇ ਕਬਜ਼ਾ ਕਰਕੇ ਇਸ ਕਿਲੇ ਵਿੱਚੋਂ ਰੂਹ ਰੂਪੀ ਦੌਲਤ ਨੂੰ
ਲੁੱਟ ਕੇ ਲੈ ਜਾਂਦਾ ਹੈ। ਇਸ ਸਲੋਕ ਵਿੱਚ ਮਲਕੁਲਮੌਤ ਦੀ ਪ੍ਰਬਲਤਾ ਅਤੇ ਮੌਤ ਦੀ ਅਚਾਣਚਕਤਾ ਦੇ ਸੱਚ
ਨੂੰ ਦ੍ਰਿੜਾਇਆ ਹੈ।
ਫ਼ਰੀਦ ਜੀ ਸਲੋਕ ਨੰ: ੩੯ ਤੇ ੪੦ ਵਿੱਚ ਪ੍ਰਗਟਾਏ ਖ਼ਿਆਲ ਨੂੰ ਹੀ ਅਗਲੇ ਸਲੋਕ
(ਨੰ: ੪੯) ਵਿੱਚ ਇੱਕ ਵਾਰ ਫਿਰ ਦ੍ਰਿੜਾਉਂਦੇ ਹੋਏ ਲਿਖਦੇ ਹਨ:
ਫਰੀਦਾ ਵੇਖੁ ਕਪਾਹੈ ਜਿ ਥੀਆ ਜਿ ਸਿਰਿ ਥੀਆ ਤਿਲਾਹ॥
ਕਮਾਦੈ ਅਰੁ ਕਾਗਦੈ ਕੁੰਨੇ ਕੋਇਲਿਆਹ॥
ਮੰਦੇ ਅਮਲ ਕਰੇਦਿਆ ਏਹ ਸਜਾਇ ਤਿਨਾਹ॥ ੪੯॥
ਸ਼ਬਦ ਅਰਥ: ਥੀਆ: ਹੋਇਆ, ਵਾਪਰਿਆ।
ਸਿਰਿ ਥੀਆ: ਸਿਰ `ਤੇ ਕੀ ਬੀਤੀ।
ਤਿਲਾਹ: ਤਿਲਾਂ ਦੇ ਸਿਰ ਤੇ ਕੀ ਬੀਤਦੀ ਹੈ! ਤਿਲ ਕੋਹਲੂ ਦੀ ਘਾਣੀ ਵਿੱਚ
ਪੀਸੇ ਜਾਂਦੇ ਹਨ।
ਕਮਾਦੇ: ਗੰਨਿਆਂ ਨਾਲ। ਗੰਨੇਂ ਵੇਲਣਿਆਂ ਵਿੱਚ ਪੀੜ ਕੇ ਰੋਹ ਕੱਢੀ ਜਾਂਦੀ
ਹੈ ਜਿਸ ਨੂੰ ਅੱਗ ਉੱਤੇ ਸਾੜ ਕੇ ਗੁੜ/ਸ਼ੱਕਰ ਆਦਿ ਬਣਾਏ ਜਾਂਦੇ ਹਨ।
ਕਾਗਦੈ: ਕਾਗ਼ਜ਼ ਨਾਲ, ਜੋ ਕਸ਼ਟ ਸਹਿਣ ਕਰਕੇ ਹੋਂਦ ਵਿੱਚ ਆਉਂਦਾ ਹੈ।
ਕੁੰਨੇ: ਮਿੱਟੀ ਦੀ ਹਾਂਡੀ, ਜੋ ਹਮੇਸ਼ਾ ਅੱਗ ਉੱਤੇ ਸੜਦੀ ਰਹਿੰਦੀ ਹੈ।
ਕੋਇਲਿਆਹ: ਸਦਾ ਸੜਦੇ ਲੱਕੜੀ ਦੇ ਕੋਲਿਆਂ ਨਾਲ।
ਮੰਦੇ: ਬੁਰੇ, ਬਦ, ਇਨਸਾਨੀਯਤ ਤੋਂ ਗਿਰੇ ਹੋਏ।
ਅਮਲ: ਅ: ਕਰਮ।
ਤਿਨਾਹ: ਉਨ੍ਹਾਂ ਦੀ।
ਭਾਵ ਅਰਥ: ਫ਼ਰੀਦ! (ਬੁਰੇ ਕਰਮ ਕਰਨ ਲੱਗਿਆਂ ਯਾਦ ਰੱਖ ਕਿ) ਜਿਵੇਂ
ਕਪਾਹ, ਤਿਲਾਂ, ਕਮਾਦ, ਕਾਗ਼ਜ਼, ਹਾਂਡੀ ਅਤੇ ਕੋਇਲਿਆਂ ਦੀ ਦੁਰ-ਗਤੀ ਹੁੰਦੀ ਹੈ, ਤਿਵੇਂ ਦੀ ਹੀ ਸਜ਼ਾ
ਬਦ ਕਰਮ ਕਰਨ ਵਾਲਿਆਂ ਨੂੰ (ਰੱਬ ਦੇ ਦਰਬਾਰ ਵਿਚ) ਦਿੱਤੀ ਜਾਂਦੀ ਹੈ।
ਅਗਲੇ ਸਲੋਕ ਵਿੱਚ ਫ਼ਰੀਦ ਜੀ
‘ਫਾਹੀ ਸੁਰਤਿ ਮਲੂਕੀ ਵੇਸੁ’
ਭੇਖੀ ਪਾਖੰਡੀਆਂ ਦੀਆਂ ਕਾਲੀਆਂ ਕਰਤੂਤਾਂ ਬਾਰੇ ਸੁਚੇਤ
ਕਰਦੇ ਹੋਏ ਕਥਨ ਕਰਦੇ ਹਨ:-
ਫਰੀਦਾ ਕੰਨਿ ਮੁਸਲਾ ਸੂਫੁ ਗਲਿ ਦਿਲਿ ਕਾਤੀ ਗੁੜੁ ਵਾਤਿ॥
ਬਾਹਰਿ ਦਿਸੈ ਚਾਨਣਾ ਦਿਲਿ ਅੰਧਿਆਰੀ ਰਾਤਿ॥ ੫੦॥
ਸ਼ਬਦ ਅਰਥ: ਕੰਨਿ: ਮੋਢਿਆਂ `ਤੇ।
ਮੁਸਲਾ: ਅ: ਮੁਸੱਲਾ, ਨਮਾਜ਼ ਪੜ੍ਹਨ ਸਮੇਂ ਹੇਠ ਵਿਛਾਉਣ ਵਾਲੀ ਸਫ਼।
ਸੂਫੁ: ਕਾਲੇ ਰੰਗ ਦਾ ਪਹਿਰਨ, ਉਂਨ ਦੀ ਕਫ਼ਨੀ।
ਕਾਤੀ: ਕੈਂਚੀ, ਦੂਸਰਿਆਂ ਨੂੰ ਮੁੱਛਣ ਦੀਆਂ ਵਿਉਂਤਾਂ।
ਦਿਲਿ ਕਾਤੀ: ਦਿਲ ਜ਼ਾਲਿਮ ਹੈ ਜੋ ਦੂਸਰਿਆਂ ਦਾ ਬੁਰਾ ਚਿਤਵਦਾ ਹੈ।
ਗੁੜੁ ਵਾਤਿ: ਮਿੱਠੀਆਂ/ਚੋਪੜੀਆਂ ਗੱਲਾਂ।
ਚਾਨਣਾ: ਭੱਦਰ ਪੁਰਸ਼, ਗਿਆਨੀ।
ਅੰਧਿਆਰੀ ਰਾਤਿ: ਕਪਟ ਅਤੇ ਅਗਿਆਨਤਾ ਦਾ ਅਨ੍ਹੇਰਾ।
ਭਾਵ ਅਰਥ: ਫ਼ਰੀਦ! (ਭੇਖੀ ਫ਼ਕੀਰ) ਮੋਢੇ ਉੱਤੇ ਨਮਾਜ਼ ਪੜ੍ਹਨ ਵਾਲੀ ਚਟਾਈ
ਰੱਖਦਾ ਹੈ, ਗਲ ਵਿੱਚ ਕਫ਼ਨੀ-ਨੁਮਾ ਪਹਿਰਨ ਪਹਿਨਦਾ ਹੈ, ਗੱਲਾਂ ਉਹ ਮਿੱਠੀਆਂ ਕਰਦਾ ਹੈ ਪਰੰਤੂ
ਅਗਿਆਨ ਜਨਤਾ ਨੂੰ ਲੁੱਟਣ ਲਈ ਉਸ ਦਾ ਮਨ ਘਾਤਿਕ ਸਕੀਮਾਂ ਸੋਚਦਾ ਰਹਿੰਦਾ ਹੈ। ਅਜਿਹੇ ਕਪਟੀ ਬਾਹਰੋਂ
ਵੇਖਣ ਨੂੰ ਰੱਬ ਦੇ ਗੁਣੀ-ਗਿਆਨੀ ਬੰਦੇ ਲੱਗਦੇ ਹਨ ਪਰੰਤੂ ਦਰਅਸਲ ਉਨ੍ਹਾਂ ਅੰਦਰ ਅਗਿਆਨਤਾ ਦਾ ਘੁੱਪ
ਅਨ੍ਹੇਰਾ ਹੁੰਦਾ ਹੈ।
ਚਲਦਾ-------
ਗੁਰਇੰਦਰ ਸਿੰਘ ਪਾਲ
ਅਪ੍ਰੈਲ
22, 2012.