.

ਬਾਬਾਣੇ ਘਰ ਚਾਨਣ ਲਹਿਣਾ

ਅਵਤਾਰ ਸਿੰਘ ਮਿਸ਼ਨਰੀ

ਸਤਿਗੁਰੂ ਨਾਨਕ ਸਾਹਿਬ ਜੀ ਦੇ ਦੂਜੇ ਜਾਂਨਸ਼ੀਨ ਗੁਰੂ ਅੰਗਦ ਸਾਹਿਬ ਜਿਨ੍ਹਾਂ ਦਾ ਪਹਿਲਾ ਨਾਂ ਭਾਈ ਲਹਿਣਾ ਸੀ। ਇਨ੍ਹਾਂ ਦਾ ਜਨਮ ਭਾਈ ਫੇਰੂ ਮੱਲ ਜੀ ਦੇ ਘਰ ਮਾਤਾ ਰਾਮੋ ਦੀ ਕੁੱਖੋਂ, 31 ਮਾਰਚ, 1504 ਈ. ਨੂੰ ਮੱਤੇ ਕੀ ਸਰਾਂ ਜਿਲ੍ਹਾ ਫੀਰੋਜਪੁਰ ਵਿਖੇ ਹੋਇਆ। ਹੁਣ ਇਸ ਪਿੰਡ ਨੂੰ ਨਾਂਗੇ ਦੀ ਸਰਾਂ ਆਖਿਆ ਜਾਂਦਾ ਹੈ (ਮਾਤਾ ਦੇ ਨਾਂ ਸਭਰਾਈ, ਮਨਸਾ ਦੇਵੀ ਅਤੇ ਦਇਆ ਕੌਰ ਵੀ ਲਿਖੇ ਮਿਲਦੇ ਹਨ) ਭਾਈ ਫੇਰੂ ਮੱਲ ਜੀ ਦੁਕਾਨਦਾਰ, ਭਗਤੀ ਭਾਵਨਾ ਵਾਲੇ, ਪਰਉਪਕਾਰੀ ਇਨਸਾਨ ਅਤੇ ਵੈਸ਼ਨੂੰ ਦੇਵੀ ਦੇ ਭਗਤ ਸਨ। ਇਸ ਕਰਕੇ ਭਾਈ ਲਹਿਣਾ ਜੀ ਵੀ ਸੁਭਾਵਿਕ ਦੇਵੀ ਭਗਤ ਰਹੇ। ਮੁਗਲ ਸਰਕਾਰ ਦੀ ਸਖਤੀ ਕਰਕੇ ਭਾਈ ਫੇਰੂ ਜੀ ਮੱਤੇ ਕੀ ਸਰਾਂ ਛੱਡ ਕੇ ਪਿੰਡ ਖਾਡੂਰ ਜਿਲ੍ਹਾ ਅੰਮ੍ਰਿਤਸਰ ਆ ਵੱਸੇ। ਇਥੇ ਹੀ ਸੰਨ 1520 ਵਿੱਚ ਭਾਈ ਲਹਿਣਾ ਜੀ ਦਾ ਵਿਆਹ, ਭਾਈ ਦੇਵੀ ਚੰਦ ਦੀ ਪੁੱਤਰੀ, ਬੀਬੀ ਖੀਵੀ ਨਾਲ ਹੋਇਆ। ਆਪ ਜੀ ਦੇ ਘਰ ਚਾਰ ਬੱਚਿਆਂ ਨੇ ਜਨਮ ਲਿਆ, ਬੇਟੇ ਦਾਸੂ (1524) ਦਾਤੂ (1537) ਬੇਟੀਆਂ ਬੀਬੀ ਅਮਰੋ (1526) ਅਤੇ ਅਨੋਖੀ (1535)। ਪਿਤਾ ਜੀ ਦੇ ਦਿਹਾਂਤ ਤੋਂ ਬਾਅਦ ਘਰ ਅਤੇ ਦੁਕਾਨ ਦਾ ਸਾਰਾ ਕੰਮ ਭਾਈ ਲਹਿਣਾ ਜੀ ਨੇ ਸੰਭਾਲ ਲਿਆ।

ਇੱਕ ਦਿਨ ਸਵੇਰੇ ਗੁਰੂ ਨਾਨਕ ਸਾਹਿਬ ਦੇ ਸਿੱਖ ਭਾਈ ਜੋਧ ਜੀ, ਗੁਰਬਾਣੀ ਦਾ ਪਾਠ, ਬੜੀ ਸੁਰੀਲੀ ਅਵਾਜ ਵਿੱਚ ਕਰ ਰਹੇ ਸਨ। ਆਪ ਜੀ ਦੇ ਕੰਨੀ ਇਹ ਤੁਕ ਪਈ-ਜਿਤੁ ਸੇਵਿਐ ਸੁਖੁ ਪਾਈਐ ਸੋ ਸਾਹਿਬ ਸਦਾ ਸਮਾਲੀਐ॥ ਬੜੇ ਧਿਆਨ ਨਾਲ ਸੁਣਿਆ ਕਿ ਉਹ ਕਿਹੜਾ ਸਾਹਿਬ ਹੈ ਜਿਸ ਨੂੰ ਸੇਵਨ ਨਾਲ ਆਤਮਕ ਸੁਖ ਮਿਲਦਾ ਹੈ, ਜਦ ਆਪ ਜੀ ਨੇ ਭਾਈ ਜੋਧ ਤੋਂ ਪੁੱਛਿਆ ਤਾਂ ਭਾਈ ਜੀ ਨੇ ਕਿਹਾ, ਇਹ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਹੈ ਜਿਸਦਾ ਮਤਲਵ ਹੈ ਕਿ ਜੋ ਸਭ ਦਾ ਮਾਲਕ ਪ੍ਰਮਾਤਮਾਂ ਹੈ, ਉਸ ਦੀ ਰਹਿਮਤ ਨਾਲ ਹੀ ਆਤਮਕ ਸੁਖ ਮਿਲਦਾ ਹੈ। ਭਾਈ ਲਹਿਣਾ ਜੀ ਅੰਦਰ, ਉਸ ਗੁਰੂ ਨੂੰ ਮਿਲਣ ਦੀ ਜਗਿਆਸਾ ਪੈਦਾ ਹੋ ਗਈ। ਇੱਕ ਵਾਰ ਅਕਤੂਬਰ 1532 ਈ. ਨੂੰ ਆਪ ਜੀ ਵੈਸ਼ਨੂੰ ਦੇਵੀ ਦੀ ਯਾਤਰਾ ਤੇ ਜਾਂਦੇ ਹੋਏ, ਕਰਤਾਰਪੁਰ ਲਾਗੋਂ ਲੰਘ ਰਹੇ ਸਨ ਤਾਂ ਅੱਗੋਂ ਗੁਰੂ ਨਾਨਕ ਸਾਹਿਬ ਮਿਲੇ ਤੇ ਭਾਈ ਲਹਿਣੇ ਨੇ ਪੁੱਛਿਆ, ਜੀ! ਮੈਂ ਗੁਰੂ ਨਾਨਕ ਸਾਹਿਬ ਨੂੰ ਮਿਲਣਾ ਹੈ ਤਾਂ ਬਾਬੇ ਨਾਨਕ ਨੇ ਇਹ ਕਹਿ ਕੇ ਭਾਈ ਲਹਿਣੇ ਦੀ ਘੋੜੀ ਦੀ ਲੁਗਾਂਮ ਫੜ ਲਈ ਕਿ ਚਲੋ ਮਿਲਾ ਦਿੰਦੇ ਹਾਂ। ਜਦ ਬਾਬਾ ਨਾਨਕ ਜੀ ਆਪਣੇ ਅਸਥਾਂਨ ਲਾਗੇ ਪਹੁੰਚੇ ਤਾਂ ਕਿਹਾ, ਭਾਈ ਪੁਰਖਾ ਇਸ ਦਰਖਤ ਨਾਲ ਘੋੜੀ ਬੰਨ੍ਹ ਕੇ ਅੰਦਰ ਦਰਬਾਰ ਵਿੱਚ ਗੁਰੂ ਦੇ ਦਰਸ਼ਨ ਕਰ ਲੈ। ਜਦ ਭਾਈ ਲਹਿਣਾ ਜੀ ਅੰਦਰ ਗਏ, ਤਾਂ ਕੀ ਦੇਖਿਆ ਕਿ ਇਹ ਤਾਂ ਉਹ ਹੀ ਗੁਰਮੁਖ ਤਖਤ ਤੇ ਬੈਠ ਉਪਦੇਸ਼ ਦੇ ਰਿਹਾ ਹੈ, ਜੋ ਮੇਰੀ ਘੋੜੀ ਦੀ ਲੁਗਾਂਮ ਫੜ ਕੇ, ਇੱਥੇ ਲੈ ਕੇ ਆਇਆ ਹੈ, ਸ਼ਰਧਾ ਨਾਲ ਸੀਸ ਝੁਕ ਗਿਆ। ਬਾਬੇ ਨਾਨਕ ਨੇ ਪਿਆਰ ਦਿੰਦੇ ਪੁੱਛਿਆ ਕਿ ਭਾਈ ਦੱਸ ਤੇਰਾ ਕੀ ਨਾਂ ਹੈ? ਤਾਂ ਕਿਹਾ ਜੀ ਲਹਿਣਾ! ਤਾਂ ਝਟ ਦਿੰਦੇ ਬਾਬੇ ਨੇ ਕਹਿ ਦਿੱਤਾ ਅਸੀਂ ਤੇਰਾ ਦੇਣਾ ਕਿਉਂਕਿ ਲਹਿਣੇਦਾਰ ਹੀ ਘੋੜੀਆਂ ਤੇ ਚੜ੍ਹਕੇ, ਦੇਣਦਾਰ ਕੋਲ ਅਉਂਦੇ ਹਨ।

ਬਾਬੇ ਨਾਨਕ ਜੀ ਦੀ ਇਨੀ ਨਿਮਰਤਾ ਅਤੇ ਪਿਆਰ ਦ੍ਰਿਸ਼ਟੀ ਦੇਖ ਕੇ, ਭਾਈ ਲਹਿਣਾ ਜੀ ਦੇਵੀ ਨੂੰ ਭੁੱਲ, ਦੈਵੀ ਗੁਣਾਂ ਦੀ ਪ੍ਰਤਿਭਾ ਦੇ ਮੁਜਸਮੇ, ਬਾਬਾ ਨਾਨਕ ਜੀ ਕੋਲ ਹੀ ਰਹਿ ਗਏ ਅਤੇ ਆਪਣੇ ਨਾਲ ਆਏ ਦੇਵੀ ਭਗਤਾਂ ਨੂੰ, ਇਹ ਕਹਿ ਕਿ ਓਥੇ ਹੀ ਠਹਿਰਾ ਲਿਆ ਕਿ ਅਜ ਆਪਾਂ ਨੂੰ ਅਸਲੀ ਟਿਕਾਣਾ ਮਿਲ ਗਿਆ ਹੈ, ਹੁਣ ਤੱਕ ਭਟਕਦੇ ਹੀ ਰਹੇ ਹਾਂ। ਹੁਣ ਆਪਾਂ ਨੂੰ ਅਸਲੀ ਗੁਰੂ ਮਿਲ ਗਿਆ ਹੈ ਜੋ ਸਾਨੂੰ ਰੱਬੀ ਗਿਆਨ ਦੇ ਸਕਦਾ ਹੈ-ਜੇ ਸਉ ਚੰਦਾ ਊਗਵਹਿ ਸੂਰਜ ਚੜਹਿ ਹਜਾਰ॥ ਏਤੇ ਚਾਨਣ ਹੋਂਦਿਆਂ ਗੁਰ ਬਿਨੁ ਘੋਰ ਅੰਧਾਰੁ॥ ਗੁਰੂ ਤੋਂ ਬਿਨਾਂ ਅਗਿਅਗਆਨਤਾ ਦਾ ਅੰਧੇਰਾ ਦੂਰ ਨਹੀਂ ਹੋ ਸਕਦਾ। ਆਪ ਜੀ ਤਨੋਂ ਮਨੋਂ ਗੁਰੂ ਦਾ ਹੁਕਮ ਕਮਾਉਣ ਲੱਗ ਪਏ। ਇਹ ਹੁਕਮ ਚਾਕਰੀ ਕਰਕੇ ਨਹੀਂ ਸਗੋਂ-ਹੁਕਮ ਮੰਨਿਐ ਹੋਵੈ ਪਰਵਾਣੁ॥ ਕਰਕੇ ਪ੍ਰਵਾਣ ਹੋਣਾ ਲੋਚਦੇ ਸਨ। ਇੱਥੇ ਇਹ ਪਤਾ ਲੱਗ ਗਿਆ ਕਿ ਸਿੱਖੀ ਵਿੱਚ ਹੁਕਮ ਦੇਣ ਵਾਲਾ ਅਤੇ ਹੁਕਮ ਮੰਨਣ ਵਾਲਾ ਇੱਕ ਰੂਪ ਹੋ ਜਾਂਦੇ ਹਨ। ਇਹ ਵੀ ਪਤਾ ਚੱਲ ਗਿਆ ਕਿ ਸਿੱਖ ਅੰਧ ਵਿਸ਼ਵਾਸ਼ੀ ਹੋ, ਹੁਕਮ ਨਹੀਂ ਮੰਨਦਾ ਸਗੋਂ ਅਕਲੀਂ ਸਾਹਿਬ ਸੇਂਵਦਾ ਹੈ। ਇਸ ਲਈ ਸੱਚੇ ਗੁਰੂ ਤੇ ਅਸਲੀ ਸ਼ਰਧਾ ਜਰੂਰੀ ਹੈ, ਆਤਮਕ ਅਤੇ ਸੰਸਾਰਕ ਉੱਨਤੀ ਲਈ ਉੱਧਮ ਕਰਨਾ ਸਿੱਖ ਦਾ ਫਰਜ ਹੈ। ਇਸ ਲਈ ਆਪ ਜੀ ਗੁਰੂ ਨਾਨਕ ਸਾਹਿਬ ਦਾ ਹਰ ਹੁਕਮ ਮੰਨਣ ਲਈ ਤੱਤਪਰ ਰਹਿੰਦੇ।

ਜਦ ਗੁਰੂ ਨਾਨਕ ਸਾਹਿਬ ਜੀ ਨੇ ਅਪਣਾ ਜਾਂਨਸ਼ੀਨ ਚੁਨਣ ਲਈ ਪਰਖ ਕੀਤੀ ਤਾਂ ਓਥੇ ਵੀ ਪਾਸ ਹੋ ਗਏ ਪਰ ਗੁਰੂ ਜੀ ਦੇ ਦੋਵੇਂ ਪੁੱਤਰ ਸ੍ਰੀ ਚੰਦ ਅਤੇ ਲਖਮੀ ਦਾਸ ਫੇਲ੍ਹ ਹੋਏ ਕਿਉਂਕਿ-ਪੁਤ੍ਰੀ ਕਉਲ ਨਾ ਪਾਲਿਓ …॥ ਇੱਕ ਪਰਖ ਵਿੱਚ ਬਾਬੇ ਨਾਨਕ ਨੇ ਪੁੱਤਰਾਂ ਨੂੰ ਹੁਕਮ ਕੀਤਾ ਕਿ ਬੇਟਾ ਧਰਮ ਸ਼ਾਲਾ ਵਿੱਚੋਂ ਮਰੀ ਚੂਹੀ ਬਾਹਰ ਸੁੱਟ ਦਿਓ ਤਾਂ ਕਹਿਣ ਲੱਗੇ ਪਿਤਾ ਜੀ, ਇਹ ਤਾਂ ਭੰਗੀਆਂ ਦਾ ਕੰਮ ਹੈ ਪਰ ਜਦ ਗੁਰੂ ਬਾਬਾ ਜੀ ਨੇ, ਭਾਈ ਲਹਿਣਾ ਜੀ ਨੂੰ ਇਸ਼ਾਰਾ ਕੀਤਾ ਤਾਂ ਬਿਨਾ ਦੇਰ ਹੁਕਮ ਮੰਨ, ਚੱਕ ਕੇ ਬਾਹਰ ਸੁੱਟ ਆਏ। ਬਾਬੇ ਨੇ ਦੇਖਿਆ ਕਿ ਹੁਕਮ ਮੰਨਣ ਦੇ ਨਾਲ-ਨਾਲ ਲਹਿਣੇ ਨੇ ਧਰਮ ਵਿਦਿਆ ਵੀ ਬੜੀ ਤਨਦੇਹੀ ਨਾਲ ਸਿੱਖੀ ਹੈ, ਹੁਣ ਇਸ ਨੂੰ ਪ੍ਰਮਾਰਥ ਦਾ ਪੂਰਨ ਗਿਆਨ ਹੋ ਗਿਆ ਹੈ, ਜੋ ਅੱਗੇ ਸੰਸਾਰੀਆਂ ਨੂੰ ਬੜੀ ਸਿਆਨਪ ਨਾਲ ਵੰਡ ਸਕਦਾ ਹੈ ਤਾਂ ਗੁਰਗੱਦੀ (ਗੁਰੂ ਘਰ ਦੀ ਵਾਗ ਡੋਰ ਭਾਵ ਪ੍ਰਚਾਰ ਦੀ ਜੁਮੇਵਾਰੀ) ਲਹਿਣਾ ਤੋਂ ਗੁਰੂ ਅੰਗ ਨਾਲ ਮਿਲ ਕੇ ਬਣੇ ਅੰਗਦ ਨੂੰ ਸੌਂਪ ਕੇ, ਭਰੀ ਸੰਗਤ ਵਿੱਚ ਹੁਕਮ ਕੀਤਾ ਕਿ ਅੱਜ ਤੋਂ ਸੰਗਤਾਂ ਦੀ ਅਗਵਾਈ ਗੁਰੂ ਅੰਗਦ ਸਾਹਿਬ ਜੀ ਕਰਨਗੇ। ਆਪ ਜੀ 7 ਸਾਲ ਗੁਰੂ ਨਾਨਕ ਸਾਹਿਬ ਨਾਲ ਰਹਿ ਪ੍ਰਮਾਰਥ ਦਾ ਗਿਆਨ ਸਿਖਦੇ ਰਹੇ ਅਤੇ 14 ਜੂਨ 1539 ਈ. ਨੂੰ ਗੁਰਗੱਦੀ ਦੀ ਜਿਮੇਵਾਰੀ ਸੌਂਪ ਦਿੱਤੀ। ਸੱਚ ਧਰਮ ਦੀ ਗੁਰਗੱਦੀ ਕੋਈ ਦੁਨਿਆਵੀ ਵਿਰਾਸਤ ਨਹੀਂ ਸਗੋਂ ਗੁਣਧਾਰੀ ਵਿਰਾਸਤ ਹੈ। ਭਾਈ ਗੁਰਦਾਸ ਜੀ ਨੇ ਵੀ ਇਸ ਗੁਰਤਾ ਦਾ ਜਿਕਰ ਇਉਂ ਕੀਤਾ ਹੈ-ਸੋ ਟਿਕਾ ਸੋ ਛਤਰ ਸਿਰ ਸੋਈ ਸੱਚਾ ਤਖਤ ਟਿਕਾਈ। ਗੁਰ ਨਾਨਕ ਹੁੰਦੀ ਮੋਹਰ ਹੱਥ ਗੁਰ ਅੰਗਦ ਦੀ ਦੋਹੀ ਫਿਰਾਈ। ਗੁਰੂ ਅੰਗਦ ਸਾਹਿਬ ਨੇ ਇਹ ਬਖਸ਼ਸ਼ ਲੈ ਕੇ ਕਰਤਾਪੁਰ ਛੱਡ, ਸਿੱਖੀ ਪ੍ਰਚਾਰ ਲਈ ਖਾਡੂਰ ਵੱਲ ਚਾਲੇ ਪਾ ਦਿੱਤੇ-ਦਿੱਤਾ ਛਡ ਕਰਤਾਰਪੁਰ ਬੈਠ ਖਾਡੂਰੇ ਜੋਤਿ ਜਗਾਈ। ਜੰਮੈ ਪੂਰਬ ਬੀਜਿਆ ਵਿਚਿ ਵਿਚਿ ਹੋਰ ਕੂੜੀ ਚਤੁਰਾਈ॥ (ਭਾ. ਗੁ)

ਗੁਰੂ ਨਾਨਕ ਸਾਹਿਬ ਦੀ ਆਗਿਆ ਪਾ ਕੇ, ਗੁਰੂ ਅੰਗਦ ਸਾਹਿਬ ਨੇ ਸ੍ਰੀ ਖਾਡੂਰ ਸਾਹਿਬ ਨੂੰ ਸਿੱਖੀ ਪ੍ਰਚਾਰ ਦਾ ਕੇਂਦਰ ਬਣਾ ਕੇ ਗੁਰਮਤਿ ਦਾ ਪ੍ਰਚਾਰ ਕਰਨਾ ਅਰੰਭ ਕਰ ਦਿੱਤਾ। ਆਪ ਜੀ ਦਾ ਜੀਵਨ ਬੜਾ ਸਾਦਾ, ਪਵਿਤ੍ਰ, ਸ਼ਹਿਨਸ਼ੀਲਤਾ, ਖਿਮਾ ਅਤੇ ਭਗਤੀ ਭਾਵਨਾ ਵਾਲਾ ਸੀ। ਸਿਆਣਿਆਂ ਦਾ ਕੌਲ ਹੈ ਕਿ ਜਿਨ੍ਹਾ ਕੋਈ ਵੱਡਾ ਹੁੰਦਾ ਹੈ, ਉਸ ਵਿੱਚ ਓਨੀ ਹੀ ਸ਼ਹਿਣ ਸ਼ਕਤੀ ਵੱਧ ਹੁੰਦੀ ਹੈ। ਜਿਵੇਂ ਸਮੁੰਦਰ ਲੱਖਾਂ ਹੀ ਨਦੀਆਂ ਆਪਣੇ ਵਿੱਚ ਸਮੇਟ ਲੈਂਦਾ ਹੈ ਪਰ ਛੋਟੇ ਨਦੀਆਂ ਨਾਲੇ ਥੋੜੇ ਜਿਹੇ ਪਾਣੀ ਨਾਲ ਹੀ ਉੱਛਲ ਪੈਂਦੇ ਹਨ।

ਜਦ ਸੰਨ 1540 ਵਿੱਚ ਹਮਾਯੂੰ ਬਕਸਰ ਦੇ ਮੈਦਾਨ ਵਿੱਚ ਸ਼ੇਰ ਸ਼ਾਹ ਸੁਰੀ ਤੋਂ ਹਾਰ ਕੇ ਪੀਰਾਂ ਫਕੀਰਾਂ ਤੋਂ ਦੁਆ ਹਾਸਲ ਕਰਨ ਲਈ ਭਟਕਦਾ ਹੋਇਆ ਪੰਜਾਬ ਖਾਡੂੰਰ ਸਾਹਿਬ ਆਇਆ, ਉਸ ਵੇਲੇ ਗੁਰੂ ਅੰਗਦ ਸਾਹਿਬ, ਆਪਣੀ ਮੌਜ ਵਿੱਚ ਬੈਠੇ, ਗੁਰਬਾਣੀ ਵਿਚਾਰ ਵਿੱਚ ਮਗਨ ਸਨ। ਉਨ੍ਹਾਂ ਨੇ ਬਾਦਸ਼ਾਹ ਵੱਲ ਧਿਆਨ ਨਾਂ ਦਿੱਤਾ, ਤਾਂ ਹਮਾਝੂੰ ਨੇ ਇਸ ਨੂੰ ਆਪਣੀ ਨਿਰਾਦਰੀ ਸਮਝ, ਤਲਵਾਰ ਖਿਚ ਲਈ ਤਾਂ ਇਸ ਕੋਝੀ ਹਰਕਤ ਨੂੰ ਵੇਖ ਗੁਰੂ ਜੀ ਬੋਲੇ, ਰੱਬੀ ਫਕੀਰਾਂ ਤੇ ਤੇਰੀ ਤਲਵਾਰ ਚਲਦੀ ਹੈ ਪਰ ਸ਼ੇਰ ਸ਼ਾਹ ਸੂਰੀ ਵਰਗੇ ਸ਼ੇਰ ਦਿਲ ਮਰਦ ਅੱਗੇ ਕਿਉਂ ਖੁੰਡੀ ਹੋ ਜਾਂਦੀ ਹੈ ਤਾਂ ਸ੍ਰਮਿੰਦਾ ਹੋ ਚਰਨੀਂ ਢੈਹ ਪਿਆ। ਗੁਰੂ ਅੰਗਦ ਸਹਿਬ ਨੇ ਵੀ ਸ਼ੇਰ ਮਰਦ ਗੁਰੂ ਨਾਨਕ ਸਾਹਿਬ ਵਾਂਗ-ਸਚੁ ਕੀ ਬਾਣੀ ਨਾਨਕ ਆਖੈ ਸਚੁ ਸੁਣਾਇਸੀ ਸਚ ਕੀ ਬੇਲਾ॥ ਵਾਂਗ ਸੱਚੋ ਸੱਚ ਬਾਦਸ਼ਾਹ ਦੇ ਮੂੰਹ ਤੇ ਕਹਿ ਦਿੱਤਾ।

ਇੱਥੇ ਹੀ ਮਾਈ ਭਿਰਾਈ ਗੁਰੂ ਚਰਨਾਂ ਦੀ ਭੌਰੀ ਬਣੀ। ਇਸ ਦਾ ਪਿਆਰ ਦੇਖ ਕੇ ਕੁੱਝ ਦਿਨ ਗੁਰੂ ਜੀ ਇਸ ਮਾਤਾ ਦੇ ਘਰ ਬਿਰਾਜ ਦੇ ਰਹੇ। ਇਸੇ ਨਗਰ ਵਿੱਚ ਇੱਕ ਮੰਨਿਆਂ ਪ੍ਰਮੰਨਿਆਂ ਸ਼ਰਾਬੀ ਮਲੂਕਾ ਰਹਿੰਦਾ ਸੀ, ਜਿਸ ਨੂੰ ਮਿਰਗੀ ਦੀ ਬੀਮਾਰੀ ਲੱਗ ਗਈ, ਇਹ ਗੁਰੂ ਦਰ ਆਇਆ ਤੇ ਫਰਿਆਦ ਕਰਨ ਲੱਗਾ ਕਿ ਗੁਰੂ ਜੀ ਮੇਰੀ ਬੀਮਾਰੀ ਕਟ ਦਿਓ। ਗੁਰੂ ਜੀ ਨੇ ਕਿਹਾ ਮਲੂਕਿਆ ਭੈੜੀਆਂ ਆਦਤਾਂ ਅਤੇ ਨਸ਼ੇ ਪੀਣੇ ਛੱਡ ਦੇ, ਉਸ ਵੇਲੇ ਤਾਂ ਮਰਦਾ ਕੀ ਨਾਂ ਕਰਦਾ ਮੁਤਾਬਕ ਛੱਡ ਗਿਆ ਅਤੇ ਕੁੱਝ ਦਿਨਾਂ ਬਾਅਦ ਠੀਕ ਹੋਣਾਂ ਵੀ ਸ਼ੁਰੂ ਹੋ ਗਿਆ ਪਰ ਬੁਰੀ ਸੰਗਤ ਕਰਕੇ ਫਿਰ ਪੀ ਕੇ, ਭਲੇ ਪੁਰਖਾਂ ਨੂੰ ਊਲ-ਜਲੂਲ ਬੋਲਣ ਲੱਗ ਪਿਆ ਅਤੇ ਇੱਕ ਦਿਨ ਨਸ਼ੇ ਦੇ ਲੋਰ ਵਿੱਚ ਕੋਠੇ ਤੋਂ ਡਿੱਗ ਕੇ ਮਰ ਗਿਆ। ਗੁਰੂ ਜੀ ਨੇ ਇਲਾਕੇ ਦੇ ਲੋਕਾਂ ਨੂੰ ਮਾਰੂ ਨਸ਼ਿਆਂ ਤੋਂ ਬਚਣ ਦਾ ਉਪਦੇਸ਼ ਦਿੱਤਾ।

ਜਦ ਸੰਨ 1547 ਨੂੰ ਗੁਰੂ ਜੀ ਮਾਲਵੇ ਵਿਖੇ ਧਰਮ ਪ੍ਰਚਾਰ ਕਰਦੇ, ਹਰੀਰੇ ਪਿੰਡ ਠਹਿਰੇ ਤਾਂ ਇੱਥੇ ਇੱਕ ਬਖਤਾਰਵਰ ਮੱਲ ਨਾਂ ਦਾ ਚੌਧਰੀ ਆਇਆ ਜੋ 72 ਪਿੰਡਾਂ ਦਾ ਮਾਮਲਾ ਭਰਦਾ ਅਤੇ ਬੜਾ ਹੰਕਾਰੀ ਸੀ। ਸੰਗਤ ਵਿੱਚ ਬੈਠਣ ਦੀ ਥਾਂ ਗੁਰੂ ਦੇ ਸਰਹਾਣੇ ਵੱਲ ਵੱਧ ਕੇ ਬੈਠਾ। ਸਿਖਾਂ ਨੇ ਹੰਕਾਰੀ ਚੌਧਰੀ ਦੇ ਇਸ ਵਤੀਰੇ ਨੂੰ ਪਸੰਦ ਨਾਂ ਕਰਕੇ ਵਿਰੋਧਤਾ ਕੀਤੀ ਤਾਂ ਗੁਰਦੇਵ ਜੀ ਨੇ ਬਖਤਾਵਰ ਮੱਲ ਨੂੰ ਸੰਬੋਧਨ ਕਰਕੇ ਫੁਰਮਾਇਆ, ਭਾਈ ਅਸਲ ਵਿੱਚ ਵੱਡਾ ਉਹ ਹੈ ਜੋ ਸਰਬ ਵੱਡੇ ਪ੍ਰਮਾਤਮਾਂ ਨੂੰ ਹਰ ਤਾਂ ਸਮਝ ਕਥਿਤ ਛੋਟਿਆਂ ਨੂੰ ਵੀ ਬਰਾਬਰ ਸਮਝਦਾ ਹੈ। ਤਾਂ ਚੌਧਰੀ ਨੇ ਕਿਹਾ ਮੈਂ ਇਨੇ ਪਿੰਡਾਂ ਦਾ ਮਾਲਕ ਹਾਂ ਕੋਈ ਛੋਟਾ ਬੰਦਾ ਨਹੀਂ ਜੋ ਸਭ ਦੇ ਬਰਾਬਰ ਬੈਠਾਂ। ਗੁਰੂ ਜੀ ਫੁਰਮਾਇਆ ਚੌਧਰੀ ਦੇਖ-ਅਗੇ ਜਾਤਿ ਨ ਜੋਰਿ ਹੈ, ਅਗੈ ਜੀਓ ਨਵੇ॥ ਜਿਨ ਕੀ ਲੇਖੈ ਪਤਿ ਪਵੇ ਚੰਗੇ ਸੇਈ ਕੇਇ॥ ਗੁਰ ੳਪਦੇਸ਼ ਸੁਣ ਉਹ ਗੁਰੂ ਦਾ ਹੀ ਹੋ ਗਿਆ ਅਤੇ ਗੁਰ ੳਪੁਦੇਸ਼ ਸਿੱਖ ਕੇ ਕਮਾਉਣ ਲੱਗਾ।

ਉਸ ਸਮੇਂ ਭਾਰਤ ਵਿੱਚ ਬਲਕਿ ਪੰਜਾਬ ਵਿੱਚ ਵੀ ਕੰਨ ਪਾਟੇ ਜੋਗੀਆਂ ਦਾ ਬੜਾ ਜੋਰ ਸੀ। ਮਾਝੇ ਦੇ ਪਿੰਡਾਂ ਵਿੱਚ ਵੀ ਇਨ੍ਹਾਂ ਦੀ ਸਿੱਖੀ ਸੇਵਕੀ ਸੀ। ਖਡੂਰ ਸਾਹਿਬ ਵਿਖੇ ਹੀ ਇੱਕ ਸ਼ਿਵ ਨਾਥ ਨਾਂ ਦਾ ਜੋਗੀ ਰਹਿੰਦਾ ਸੀ। ਓਨੀਂ ਦਿਨੀ ਪੰਜਾਬ ਵਿੱਚ ਔੜ ਲੱਗਣ ਕਰਕੇ ਕਾਲ ਪੈਣ ਦਾ ਡਰ ਸੀ। ਇਹ ਜੋਗੀ ਲੋਕਾਂ ਨੂੰ ਰਿਧੀਆਂ ਸਿਧੀਆਂ ਆਦਿਕ ਅਖੌਤੀ ਕਰਾਮਾਤਾਂ ਨਾਲ ਭਰਮਾਉਂਦਾ ਕਹਿਣ ਲੱਗ ਪਿਆ, ਮੀਂਹ ਤਾਂ ਪੈ ਸਕਦਾ ਹੈ ਪਰ ਤੁਸੀਂ ਮੈਨੂੰ ਜੋਗੀ ਨੂੰ ਛੱਡ ਕੇ ਇੱਕ ਗ੍ਰਿਹਸਤੀ ਨੂੰ ਗੁਰੂ ਸਮਝ ਕੇ ਉਸਦਾ ਉਪਦੇਸ਼ ਲੈ ਰਹੇ ਹੋ ਜੇ ਉਸ ਨੂੰ ਪਿੰਡੋਂ ਕੱਢ ਦਿਓ ਤਾਂ ਮੀਂਹ ਪੈ ਜਾਵੇਗਾ। ਗਿਆਨ ਵਿਹੂਣੇ ਬੇਸਮਝ ਲੋਕਾਂ ਖਾਸ ਕਰ ਜਿਮੀਦਾਰ ਜੱਟਾਂ ਨੇ ਗੁਰੂ ਜੀ ਨੂੰ ਕਿਹਾ ਕਿ ਜੇ ਕਰ ਆਪ ਜੀ ਪਿੰਡ ਛੱਡ ਦਿਓ ਤਾਂ ਮੀਂਹ ਪੈ ਸਕਦਾ ਹੈ। ਗੁਰੂ ਜੀ ਨੇ ਪੁੱਛਿਆ ਉਹ ਕਿਵੇਂ? ਤਾਂ ਉਨ੍ਹਾਂ ਕਿਹਾ ਸਾਡਾ ਜੋਗੀ ਇਹ ਭਵਿੱਖ ਬਾਣੀ ਕਰ ਰਿਹਾ ਹੈ। ਗੁਰੂ ਜੀ ਇਹ ਕਹਿੰਦੇ ਹੋਏ ਚਲੇ ਗਏ ਕਿ ਮੀਂਹ ਪੈਣਾਂ ਨਾਂ ਪੈਣਾਂ ਕਰਤਾਰ ਦੇ ਵੱਸ ਹੈ ਅਤੇ ਮੌਸਮ ਨਾਲ ਸਬੰਧਤ ਹੈ ਪਰ ਫਿਰ ਵੀ ਜੇ ਮੇਰੇ ਜਾਣ ਨਾਲ ਤੁਹਾਨੂੰ ਕੋਈ ਫਾਇਦਾ ਹੁੰਦਾ ਹੈ ਤਾਂ ਚਲਾ ਜਾਂਦਾ ਹਾਂ। ਗੁਰੂ ਜੀ ਤਾਂ ਚਲੇ ਗਏ ਪਰ ਪਾਖੰਡੀ ਜੋਗੀ ਨੇ ਕਾਫੀ ਜਾਦੈ ਟੂਣੇ ਕੀਤੇ ਮੀਂਹ ਫਿਰ ਵੀ ਨਾਂ ਪਿਆ। ਕੁੱਝ ਸਿਆਣੇ ਲੋਕ ਕਹਿਣ ਲੱਗੇ ਕਿ ਮੂਰਖੋ! ਤੁਸੀਂ ਭਾਰੀ ਭੁੱਲ ਕੀਤੀ ਹੈ ਇੱਕ ਭੇਖੀ ਮੰਗ ਖਾਣੇ ਜੋਗੀ ਦੇ ਮਗਰ ਲੱਗ ਕੇ, ਗੁਰੂ ਨਾਨਕ ਸਹਿਬ ਦੇ ਰੂਪ ਗਿਆਨ ਦਾਤਾ ਗੁਰੂ ਨੂੰ ਇੱਥੋਂ ਜਾਣ ਲਈ ਕਿਹਾ ਹੈ। ਕਹਿੰਦੇ ਹਨ ਕਿ ਇੱਥੇ ਹੀ ਬਾਬਾ ਅਮਰਦਾਸ ਗੁਰੂ ਅੰਗਦ ਸਾਹਿਬ ਦੇ ਦਰਸ਼ਨ ਕਰਨ ਆਏ ਇਹ ਸੁਣ ਬੜੇ ਦੁਖੀ ਹੋਏ ਤੇ ਕਿਹਾ ਲੋਕੋ ਜੋਗੀ ਨੇ ਅਜੇ ਮੀਂਹ ਨਹੀਂ ਪਵਾਇਆ ਜਰਾ ਪੁੱਛੋ ਇਸ ਢੌਂਗੀ ਨੂੰ! ਜਦ ਇਹ ਪੁੱਛਣ ਤੇ ਜੋਗੀ ਅਵਾ ਤਵਾ ਬੋਲਣ ਲੱਗਾ ਤਾਂ ਕਿਸੇ ਚਲਾਕ ਜੱਟ ਨੇ ਕਹਿ ਦਿੱਤਾ ਜਿੱਥੇ ਇਸ ਜੋਗੀ ਦੇ ਚਰਨ ਪੈਣਗੇ ਮੀਂਹ ਓਥੇ ਹੀ ਪਵੇਗਾ। ਫਿਰ ਕੀ ਸੀ ਖਿਝੇ ਹੋਏ ਜੱਟਾਂ ਨੇ ਵੱਧ ਤੋਂ ਵੱਧ ਆਪੋਣੇ ਖੇਤਾਂ ਵਿੱਚ ਉਸ ਜੋਗੀ ਨੂੰ ਧੂਇਆ। ਇਸ ਤਰ੍ਹਾਂ ਖਿਚ ਧੂਅ ਵਿੱਚ ਕਸੂਤਾ ਫਸਿਆ ਜੋਗੀ ਮਾਰਿਆ ਗਿਆ। ਇਵੈ ਮੂਰਖ ਨੇ ਆਪਣਾ ਕੀਤਾ ਪਾ ਲਿਆ। ਜਦ ਗੁਰੂ ਜੀ ਨੂੰ ਇਸ ਘਟਨਾਂ ਦਾ ਪਤਾ ਲੱਗਾ ਤਾਂ ਵਾਪਸ ਪਰਤ ਕੇ, ਮੂਰਖ ਲੋਕਾਂ ਨੂੰ ਸਮਝਾਇਆ ਕਿ ਜਿਸ ਜੋਗੀ ਨੂੰ ਇਹ ਵੀ ਪਤਾ ਨਹੀਂ ਜਿਨ੍ਹਾਂ ਨੂੰ ਮੈਂ ਗੁਰੂ ਦੇ ਵਿਰੁੱਧ ਉਕਸਾ ਰਿਹਾ ਹਾਂ, ਉਹ ਹੀ ਮੈਂਨੂੰ ਖਿਚ ਖਿਚ ਕੇ ਮਾਰ ਦੇਣਗੇ, ਉਹ ਮੀਂਹ ਕਿਵੇਂ ਪਵਾ ਸਕਦਾ ਸੀ?

ਖਾਡੂਰ ਤੋਂ 3 ਕੋਹ ਦੀ ਦੂਰੀ ਤੇ ਭਾਈ ਜੀਵਾ ਗੁਰੂ ਦਾ ਸਿੱਖ ਰਹਿੰਦਾ ਸੀ। ਉਸ ਦੀ ਬੇਟੀ ਜਿਵਾਈ ਪ੍ਰੇਮ ਨਾਲ ਖਿਚੜੀ ਤਿਆਰ ਕਰਕੇ ਗੁਰੂ ਜੀ ਨੂੰ ਛਕਾਉਂਦੀ ਸੀ, ਹਨੇਰੀ ਆ ਜਾਣ ਕਰਕੇ ਉਸ ਨੇ ਅਰਦਾਸ ਕੀਤੀ ਹੇ ਅਕਾਲ ਪੁਰਖ ਜੀ! ਹਨੇਰੀ ਹਟ ਜਾਵੇ ਤਾਂ ਕਿ ਮੈਂ ਗੁਰੂ ਜੀ ਨੂੰ ਜਾ ਕੇ ਭੋਜਣ ਛਕਾ ਸੱਕਾਂ। ਜਦ ਇਹ ਮਾਈ ਗੁਰੂ ਜੀ ਪਾਸ ਪਹੁੰਚੀ ਤਾਂ ਉਨ੍ਹਾਂ ਨੇ ਕਿਹਾ ਬੇਟੀ ਤੁਸੀਂ ਰੱਬੀ ਰਜ਼ਾ ਦੀ ਉਲੰਘਣਾ ਕੀਤੀ ਹੈ। ਕਰਤਾਰ ਜੋ ਕੁੱਝ ਕਰਦਾ ਹੈ ਠੀਕ ਕਰਦਾ ਹੈ। ਰਜ਼ਾ ਵਿੱਚ ਰਾਜੀ ਰਹਿਣਾ ਵੀ ਸਿੱਖੀ ਦਾ ਇੱਕ ਮਹਾਨ ਗੁਣ ਹੈ। ਅੱਗੇ ਵਾਸਤੇ ਨਿਰੰਕਾਰ ਦੇ ਭਾਣੇ ਵਿੱਚ ਵਿਰੁੱਧ ਕੁੱਝ ਨਹੀਂ ਕਰਨਾ।

ਖਾਡੂਰ ਸਾਹਿਬ ਵਿਖੇ ਗੁਰੂ ਜੀ ਰੋਜਾਨਾ ਵੇਲੇ ਨਾਲ ਉੱਠ ਕੇ ਗੁਰਬਾਣੀ ਪੜ੍ਹਦੇ ਤੇ ਸਿਖਾਂ ਸੇਵਕਾਂ ਨੂੰ ਪੜਾਉੰਦੇ ਤੇ ਸਿਖਾਉਂਦੇ ਸਨ ਅਤੇ ਸਰੀਰਾਂ ਦੀ ਤੰਦਰੁਸਤੀ ਅਤੇ ਚੁਸਤੀ ਫੁਰਤੀ ਲਈ ਸਿੱਖਾਂ ਸੇਵਕਾਂ ਨੂੰ ਕਸਰਤ ਵੀ ਕਰਵਉਂਦੇ ਸਨ। ਮੱਲ ਅਖਾੜਾ ਇਸ ਦਾ ਇਤਿਹਾਸਕ ਸਬੂਤ ਹੈ। ਗੁਰਬਾਣੀ ਵਿੱਚ ਵੀ ਇਸ ਦਾ ਜਿਕਰ ਹੈ-ਮੱਲਾਂ ਅਖਾੜਾ ਰਚਿਆ ….॥ ਗੁਰੂ ਜੀ ਮਾਂ ਬੋਲੀ ਪੰਜਾਬੀ ਗੁਰਮੁਖੀ ਵੀ ਬਾਲਾਂ, ਜਵਾਨਾਂ ਅਤੇ ਬੁੱਢਿਆਂ ਨੂੰ ਪੜਾਉਂਦੇ ਸਨ। ਪੰਜਾਬੀਆਂ ਦੀ ਮਾਂ ਬੋਲੀ ਨੂੰ 12ਵੀਂ ਸਦੀ ਦੇ ਸੂਫੀ ਭਗਤ ਬਾਬਾ ਫਰੀਰ ਜੀ ਨੇ ਬਾਖੂਬੀ ਆਪਣੇ ਸ਼ਲੋਕਾਂ ਵਿੱਚ ਵਰਤਿਆ ਹੈ। ਕਵੀ ਕਹਿੰਦੇ ਹਨ ਕਿ ਗੁਰਮੁਖੀ ਗੁਰੂ ਅੰਗਦ ਸਾਹਿਬ ਨੇ ਚਲਾਈ ਜੋ ਠੀਕ ਨਹੀਂ ਕਿਉਂਕਿ ਪੰਜਾਬੀ ਤਾਂ ਸਦੀਆਂ ਪੁਰਾਣੀ ਬੋਲੀ ਹੈ ਜਿਸ ਦੇ ਇਤਿਹਾਸਕ ਪ੍ਰਮਾਣ ਮਿਲਦੇ ਹਨ। ਗੁਰੂ ਨਾਨਕ ਸਾਹਿਬ ਜੀ ਨੇ ਜਿੱਥੇ ਰੱਬੀ ਉਪਦੇਣ ਲਈ ਵੱਖ ਵੱਖ ਦੇਸਾਂ ਦਾ ਚੱਕਰ ਲਾਇਆ ਅਤੇ ਵੲਖ ਵੱਖ ਬੋਲੀਆਂ ਵਿੱਚ ਸਰਬਸਾਂਝਾ ਉਪਦੇਸ਼ ਦਿੱਤਾ, ਨੂੰ ਬਾਣੀ ਰਚਣ ਅਤੇ ਲਿਖਣ ਵੇਲੇ ਜਾਮਾਂ ਪੰਜਾਬੀ ਅੱਖਰਾਂ ਦਾ ਦਿੱਤਾ। ਗੁਰੂ ਮੁੱਖ ਤੋਂ ਉਚਾਰੀ ਹੋਣ ਕਰਕੇ ਲੋਕ ਇਸ ਨੂੰ ਗੁਰਮੁਖੀ ਕਹਿਣ ਲੱਗ ਪਏ। ਹਾਂ ਇਸ ਪੰਜਾਬੀ ਗੁਰਮੁਖੀ ਦਾ ਵੱਧ ਤੋਂ ਵੱਧ ਯੋਜਨਬੰਧ ਤਰੀਰੇ ਨਾਲ ਪ੍ਰਚਾਰ ਗੁਰੂ ਅੰਗਦ ਸਾਹਿਬ ਜੀ ਨੇ ਹੀ ਕੀਤਾ। ਸੋ ਪੰਜਾਬੀ ਗੁਰਮੁਖੀ ਪ੍ਰਚਾਰ ਵਿਸਥਾਰ ਨੂੰ ਗੁਰੂ ਅੰਗਦ ਸਾਹਿਬ ਜੀ ਦੀ ਭਾਰੀ ਦੇਣ ਹੈ। ਗੁਰੂ ਅੰਗਦ ਸਾਹਿਬ ਜੀ ਨੇ ਜਿੱਥੇ ਗੁਰੂ ਨਾਨਕ ਸਾਹਿਬ ਤੇ ਰੱਬੀ ਭਗਤਾਂ ਦੀ ਬਾਣੀ ਦਾ ਪ੍ਰਚਾਰ ਕੀਤਾ ਜੋ ਗੁਰੂ ਨਾਨਕ ਜੀ ਗੁਰਤਾ ਦੇਣ ਵਲੇ ਆਪ ਜੀ ਨੂੰ ਬਖਸ਼ ਗਏ ਸਨ ਜੋ ਉਨ੍ਹਾਂ ਨੇ ਪ੍ਰਚਾਰ ਦੌਰਿਆਂ ਦੌਰਾਨ ਵੱਖ ਵੱਖ ਭਗਤਾਂ ਕੋਲ ਜਾ ਕੇ ਵੀ ਇਕੱਤਰ ਕੀਤੀ ਤੇ ਆਪਣੀ ਪੋਥੀ ਵਿੱਚ ਲਿਖੀ ਸੀ ਜਿਸ ਦਾ ਪ੍ਰਮਾਣ ਪੁਰਾਤਨ ਜਨਮ ਸਾਖੀ ਵਿੱਚ ਇਉਂ ਮਿਲਦਾ ਹੈ “ਤਿਤ ਮਹਿਲ ਜੋ ਸ਼ਬਦ ਹੂਆ, ਸੋ ਪੋਥੀ ਗੁਰ ਅੰਗਦ ਯੋਗ ਮਿਲੀ” ਗੁਰੂ ਅੰਗਦ ਸਹਿਬ ਜੀ ਦੇ ਆਪਣੇ ਉਚਾਰਣ ਕੀਤੇ 63 ਸ਼ਲੋਕ ਵੀ ਅੱਜ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ। ਗੁਰਬਾਣੀ ਅਤੇ ਇਤਿਹਾਸ ਦੀ ਸੰਭਾਲ ਦਾ ਕੰਮ ਸਭ ਤੋਂ ਪਹਿਲਾਂ ਗੁਰੂ ਅੰਗਦ ਸਾਹਿਬ ਜੀ ਨੇ ਆਰੰਭ ਕੀਤਾ।

ਗੁਰੂ ਅੰਗਦ ਸਹਿਬ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੇ ਜਗਤ ਨੂੰ ਦਿੱਤੇ ਤਿੰਨ ਸੁਨਹਿਰੀ ਉਪਦੇਸ਼ ਕਿ ਕਿਰਤ ਕਰੋ, ਵੰਡ ਛੱਕੋ ਅਤੇ ਨਾਮ ਜਪੋ ਦਾ ਵੀ ਭਾਰੀ ਪ੍ਰਚਾਰ ਤੇ ਪ੍ਰਸਾਰ ਕੀਤਾ। ਭਾਈ ਮਾਹਣੇ ਦੀ ਸਾਖੀ ਇਸ ਗੱਲ ਦਾ ਸਬੂਤ ਹੈ ਕਿ ਸਿੱਖ ਧਰਮ ਵਿਹਲੜਾ ਨੂੰ ਮਾਨਤਾ ਨਹੀਂ ਦਿੰਦਾ ਸਗੋਂ ਸਿੱਖੀ ਵਿੱਚ ਕਿਰਤੀ ਹੀ ਪ੍ਰਵਾਨ ਹਨ।

ਗੁਰੂ ਜੀ ਦੇ ਮੁਖੀ ਸਿੱਖਾਂ ਵਿੱਚੋ ਭਾਈ ਪਾਰੋ ਜੁਲਕਾ ਜੀ ਇੱਕ ਸਨ। ਗੁਰੂ ਅੰਗਦ ਸਾਹਿਬ ਜੀ ਨੇ ਵੀ ਜਾਤ ਪਾਤ ਤੋਂ ਉੱਪਰ ਉੱਠ ਕੇ ਸਿੱਖੀ ਦਾ ਪ੍ਰਚਾਰ ਕੀਤਾ। ਥੋਥੇ ਕਰਮਕਾਂਡਾਂ ਦਾ ਭਰਵਾਂ ਖੰਡਨ ਤੇ ਵਿਰੋਧ ਕੀਤਾ। ਛੁਆਂ-ਛਾਤ, ਦਿਖਾਵਿਆਂ, ਵਹਿਮਾਂ-ਭਰਮਾਂ ਅਤੇ ਅਖੌਤੀ ਕਰਾਮਾਤਾਂ ਨੂੰ ਕੋਈ ਥਾਂ ਨਹੀਂ ਦਿੱਤੀ।

ਬੀਬੀਆਂ ਨੂੰ ਮਹਾਨਤਾ ਦਿੰਦੇ ਹੋਏ ਮਾਤਾ ਖੀਵੀ ਨੂੰ ਲੰਗਰ ਦਾ ਮੁਖੀ ਥਾਪਦੇ ਫੁਰਮਾਇਆ ਕਿ ਇੱਕ ਮਾਂ ਹੀ ਬੱਚਿਆਂ ਲਈ ਠੰਡੀ ਛਾਂ ਹੁੰਦੀ ਹੈ। ਮਾਤਾ ਖੀਵੀ ਜੀ ਕਿੰਨੇ ਮਹਾਨ ਸੰਨ ਕਿ ਭੁੱਖਿਆਂ ਨੂੰ ਲੰਗਰ ਛਕਾਉਣ ਦੇ ਨਾਲ-ਨਾਲ, ਲੋੜਵੰਦ ਗਰੀਬਾਂ ਨੂੰ ਕੰਮ ਚਲਾਉਣ ਲਈ ਧੰਨ ਵੀ ਵੰਡਦੇ ਸਨ-ਲੰਗਰ ਦੌਲਤ ਵੰਡੀਏ ਰਸ ਅੰਮ੍ਰਿਤ ਖੀਰ ਘਿਆਲੀ॥ ਮਾਤਾ ਖੀਵੀ ਨੇਕ ਜ਼ਨ ਜਿਸ ਬਹੁਤੀ ਛਾਉਂ ਪਤਰਾਲੀ॥

ਐਸੀ ਪ੍ਰਤਿਮਾਂ ਦੇ ਮਾਲਕ ਗੁਰੂ ਅੰਗਦ ਸਾਹਿਬ ਜੀ ਨੇ ਵੀ ਭਰਾ ਭਤੀਜਾਵਾਦ ਤੋਂ ਉੱਪਰ ਉੱਠ ਕੇ ਗੁਰੂ ਨਾਨਕ ਸਾਹਿਬ ਦੀ ਸੱਚ ਧਰਮ ਪ੍ਰਚਾਰ ਵਾਲੀ ਗੁਰਗੱਦੀ ਦੀ ਮਾਲਕੀ ਆਪਣੇ ਕਿਸੇ ਪੁੱਤਰ ਨੂੰ ਨਹੀਂ ਸਗੋਂ ਸੇਵਾ, ਸਿਮਰਨ, ਗਿਆਨ, ਧਿਆਨ ਅਤੇ ਸੰਸਾਰਕ ਜਿਮੇਵਾਰੀਆਂ ਵਿੱਚ ਪੂਰਨ ਅੰਨਨ ਸੇਵਕ ਬਾਬਾ ਅਮਰਦਾਸ ਨੂੰ ਸੌਂਪ ਕੇ ਗੁਰੂ ਅਮਰਦਾਸ ਥਾਪ ਦਿੱਤਾ। ਇਸ ਗੁਰਤਾ ਵਾਲੀ ਰਸਮ ਭਰੀ ਸੰਗਤ ਵਿੱਚ 29 ਮਾਰਚ 1552 ਨੂੰ ਪ੍ਰਦਾਨ ਕਰਕੇ ਆਪ ਖਾਡੂਰ ਸਾਹਿਬ ਵਿਖੇ ਹੀ 48 ਸਾਲ ਦੀ ਉੱਮਰ ਵਿੱਚ, ਜੋਤੀ ਜੋਤ ਸਮਾ ਗਏ। ਹੁਣ ਗੁਰੂ ਨਾਨਕ ਸਾਹਿਬ ਦੇ ਤੀਜੇ ਜਾਂਨਸ਼ੀਨ ਗੁਰਗੱਦੀ ਦੇ ਵਾਰਸ ਗੁਰੂ ਅਮਰ ਦਾਸ ਜੀ ਹੋ ਗਏ।




.