ਬਾਬੇ ਨਾਨਕ ਦਾ ਉੱਚਾ ਦਰ ਕਿਹੜਾ ਹੈ?
-ਰਘਬੀਰ ਸਿੰਘ ਮਾਨਾਂਵਾਲੀ
ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ਮਾਨ
ਹੋਣ ਤੋਂ ਬਾਅਦ ਇਸ ਜਗਤ ਵਿੱਚ ਕ੍ਰਾਂਤੀ ਦੀ ਹਨੇਰੀ ਵੱਗ ਤੁਰੀ … ਸਤਿਗੁਰਾਂ ਨੇ ਆਪਣੇ ਇਨਕਲਾਬੀ
ਹੱਥਾਂ ਵਿੱਚ ਪੀੜ੍ਹਤ ਲੁਕਾਈ ਦਾ ਹੱਥ ਥੰਮ ਕੇ ਉਹਨਾਂ ਨੂੰ ਅਖੌਤੀ ਰਸਮਾਂ-ਰਿਵਾਜ਼ਾਂ,
ਵਹਿਮਾਂ-ਭਰਮਾਂ ਅਤੇ ਅੰਧ-ਵਿਸ਼ਵਾਸ ਦੀ ਦਲਦਲ ਵਿਚੋਂ ਬਾਹਰ ਕੱਢਣ ਲਈ ਕਦਮ ਵਧਾਏ।
ਸਤਿਗੁਰ ਨਾਨਕ ਸਾਹਿਬ ਜੀ ਦੇ ਪ੍ਰਕਾਸ਼ਮਾਨ ਹੋਣ ਸੰਬੰਧੀ ਭਾਈ ਗੁਰਦਾਸ ਜੀ ਦਾ ਇਹ ਬਚਨ- ‘ਸਤਿਗੁਰ
ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ’। ਬੜਾ ਹੀ ਪ੍ਰਚਲਤ ਹੋ ਕੇ ਸਿੱਖ ਜਗਤ ਵਿੱਚ ਹਰਮਨ
ਪਿਆਰਾ ਬਣ ਚੁੱਕਾ ਹੈ। ਸਤਿਗੁਰ ਨਾਨਕ ਦੇ ਪ੍ਰਗਟ ਸਮੇਂ ਲੋਕਾਂ ਦੇ ਮਨਾ ਅਤੇ ਘਰਾਂ ਵਿੱਚ
ਅੰਧ-ਵਿਸ਼ਵਾਸ ਤੇ ਵਹਿਮਾਂ-ਭਰਮਾਂ ਦਾ ਹਨੇਰਾ ਪਸਰਿਆ ਹੋਇਆ ਸੀ। ਘਰ ਵਿੱਚ ਛੋਟੀ ਮੋਮਬੱਤੀ ਜਾਂ
ਮਿੱਟੀ ਦੇ ਛੋਟੇ ਜਿਹੇ ਦੀਵੇ ਦੇ ਜਗ ਪੈਣ ਨਾਲ ਹਨੇਰਾ ਦੂਰ ਹੋਣ ਵਿੱਚ ਢਿੱਲ ਨਹੀਂ ਲਗਦੀ। ਪਰ ਜੇ
ਧੁੰਧ ਪਸਰੀ ਹੋਵੇ, ਤਾਂ ਸਿਰ ਆਏ ਸੂਰਜ ਦਾ ਪਤਾ ਵੀ ਕਠਿਨਾਈ ਨਾਲ ਹੀ ਲਗਦਾ ਹੈ। ਧੁੰਧ ਕਾਰਨ ਪਸਰਿਆ
ਹਨੇਰਾ ਕਿਸੇ ਵੀ ਉਪਰਾਲੇ ਨਾਲ ਦੂਰ ਨਹੀਂ ਹੋ ਸਕਦਾ। ਵਹਿਮ-ਭਰਮ ਅਤੇ ਅੰਧ ਵਿਸ਼ਵਾਸ ਇੱਕ ਗਹਿਰੀ
ਧੁੰਧ ਸੀ। ਧਰਮ ਦੇ ਆਗੂ ਪੰਡਿਤ, ਪ੍ਰੋਹਿਤ, ਪੁਜਾਰੀ, ਸਿੱਧ, ਜੋਗੀ ਅਤੇ ਸਿਆਸੀ ਸ਼ਕਤੀ ‘ਤੇ ਕਾਬਜ਼
ਰਾਜੇ ਲੋਕਾਂ ਨੂੰ ਕੁਰਾਹੇ ਪਾ ਕੇ ਆਪ ਲੁਟੇਰੇ ਬਣੇ ਹੋਏ ਸਨ ਤੇ ਲੁੱਟ ਨੂੰ ਸਦੀਵੀ ਬਣਾਈ ਰੱਖਣ ਲਈ
ਲੋਕਾਂ ਨੂੰ ਨਵੇਂ ਤੋਂ ਨਵੇਂ ਭਰਮ ਜਾਲ ਵਿੱਚ ਫਸਾ ਰਹੇ ਸਨ। ਅਗਿਆਨਤਾ ਦੀ ਸੰਘਣੀ ਧੁੰਧ ਫੈਲ ਚੁੱਕੀ
ਸੀ। ਜਿਸ ਨੂੰ ਗਿਆਨ ਦਾ ਸੂਰਜ ਹੀ ਮਿਟਾਅ ਸਕਦਾ ਸੀ। ਪਰ ਗਿਆਨ ਦੇ ਕਿਸੇ ਸੂਰਜ ਦੀ ਆਸ ਲਗਭਗ ਮੁਕ
ਚੁੱਕੀ ਸੀ। ਜਦੋਂ ਸਾਰੀ ਮਨੁੱਖਤਾ ਵਹਿਮਾਂ-ਭਰਮਾਂ ਅਤੇ ਅੰਧ-ਵਿਸ਼ਵਾਸਾਂ ਵਿੱਚ ਫਸ ਕੇ ਆਪਣੀ ਜੀਵਨ
ਜੁਗਤ, ਆਪਣਾ ਆਚਰਨ ਤੇ ਆਪਣੀ ਸੋਚ ਵਿਗਾੜ ਬੈਠੀ ਤਾਂ ਇਹ ਪਸਰੀ ਧੁੰਧੂਕਾਰ ਨੂੰ ਮਿਟਾਉਣਾ ਮੁਸ਼ਕਲ ਹੀ
ਨਹੀਂ ਅਸੰਭਵ ਵੀ ਹੋ ਗਿਆ ਸੀ। ਸਤਿਗੁਰ ਨਾਨਕ ਸਾਹਿਬ ਨੇ ਭਰਮ ਭੁਲੇਖੇ ਦੀ ਉਸ ਸੰਘਣੀ ਧੁੰਧ ਨੂੰ
ਆਪਣੇ ਬਿਬੇਕ ਗਿਆਨ ਦੁਆਰਾ ਮਿਟਾਉਣ ਲਈ ਅਤੇ ਮਨੁੱਖ ਨੂੰ ਸੰਤ-ਸੂਰਮਾ ਬਣਾਉਣ ਦੇ ਕਠਨ ਕਾਰਜ ਕਰਨ ਦਾ
ਉਪਰਾਲਾ ਕੀਤਾ। ਅਗਿਆਨਤਾ ਤਾਂ ਦੂਰ ਕੀਤੀ ਜਾ ਸਕਦੀ ਹੈ। ਪਰ ਭਰਮ ਅਤੇ ਵਹਿਮ ਦੇ ਜਾਲ ਵਿੱਚ ਫਸੇ
ਨੂੰ ਕੱਢਣਾ ਬੜਾ ਕਠਨ ਹੈ। ਗੁਰੂ ਨਾਨਕ ਸਾਹਿਬ ਨੇ ਇਹ ਜਾਨ-ਲੇਵਾ ਕੰਮ ਕਰਨ ਲਈ ਘਰ-ਪਰਿਵਾਰ ਤਿਆਗ
ਦਿਤਾ।
ਗੁਰੂ ਨਾਨਕ ਸਾਹਿਬ ਚੰਗੀ ਤਰ੍ਹਾਂ ਜਾਣਦੇ ਸਨ ਕਿ ਵਹਿਮਾਂ ਭਰਮਾਂ ਵਿੱਚ ਫਸਿਆ ਮਨੁੱਖ, ਮਨ ਅਤੇ ਸੋਚ
ਕਰਕੇ ਕਦੀ ਸੁਖੀ ਨਹੀਂ ਹੋ ਸਕਦਾ। “ਸੋ ਸੁਖੀਆ ਜਿਸੁ ਭ੍ਰਮੁ ਗਇਆ’ । ਅੰਕ 1180” ਸੁਖੀ ਕੇਵਲ ਓਹੀ ਹੋ
ਸਕਦਾ ਹੈ, ਜਿਸ ਦੀ ਮੱਤ ਵਹਿਮਾਂ-ਭਰਮਾਂ ਤੋਂ ਬਚੀ ਹੋਈ ਹੋਵੇ।
ਭਾਈ ਨੰਦ ਲਾਲ ਜੀ ਲਿਖਦੇ ਹਨ ਕਿ ‘ਜੇ ਲੋਕ ਕਿਸੇ ਭਰਮ ਕਰਕੇ ਰਿਵਾਜ਼ਾਂ ਅਤੇ ਰਸਮਾਂ ਦੇ ਸਮੁੰਦਰ
ਵਿੱਚ ਡੁੱਬੇ ਹੋਏ ਹਨ, ਗੁਰੂ ਸਾਹਿਬ ਉਹਨਾਂ ਦੇ ਵਿਰੁੱਧ ਹਨ ਅਤੇ ਜਿਹੜੇ ਗੁਰਮੁੱਖ ਵਹਿਮਾਂ ਭਰਮਾਂ
ਦੇ ਖਿਆਲਾਂ ਦੇ ਸਮੁੰਦਰ ਤੋਂ ਤਰ ਕੇ ਪਾਰ ਹੋਣ ਵਾਲੇ ਹਨ, ਉਹਦੇ ਸਹਾਇਕ ਹਨ’।
ਗੁਰੂ ਨਾਨਕ ਸਾਹਿਬ ਨੇ ਆਪਣੀ ਬਾਣੀ ਵਿੱਚ ਥਾਂ-ਪੁਰ-ਥਾਂ ਵਹਿਮਾਂ-ਭਰਮਾਂ ਅਤੇ ਅੰਧ-ਵਿਸ਼ਵਾਸਾਂ
ਵਿਰੁੱਧ ਬਗ਼ਾਵਤ ਕਰਕੇ ਲੋਕਾਈ ਨੂੰ ਸਹੀ ਰਸਤਾ ਦਿਖਾਇਆ। ਲੋਕਾਈ ਦੇ ਦਰਦ ਨੂੰ ਗੁਰੂ ਨਾਨਕ ਸਾਹਿਬ ਨੇ
ਆਪਣਾ ਦਰਦ ਸਮਝਿਆ ਤੇ ਲੰਮੀਆਂ ਯਾਤਰਾਵਾਂ ਕਰਕੇ ਆਪਣੇ ਬਿਬੇਕ-ਗਿਆਨ ਨਾਲ ਲੋਕਾਈ ਨੂੰ ਲੋਕ ਭਾਸ਼ਾ
ਵਿੱਚ ਅਕਾਲ ਪੁਰਖ ਦਾ ਅਸਲ ਗਿਆਨ ਸਮਝਾਇਆ। ਗੁਰੂ ਨਾਨਕ ਸਾਹਿਬ ਜਿਥੋਂ ਵੀ ਲੰਘਦੇ ਗਏ, ਵਹਿਮ ਭਰਮ
ਤੇ ਅੰਧ-ਵਿਸ਼ਵਾਸ ਦੀ ਪਸਰੀ ਸੰਘਣੀ ਧੁੰਧ ਛੱਟਦੀ ਗਈ। ਭਾਂਵੇਂ ਲੰਮੇ ਪੈਂਡੇ ਦੀ ਧੂੜ ਨਾਲ ਉਹਨਾਂ
ਦੀਆਂ ਪਿੰਜਣੀਆਂ ਲੱਥ-ਪੱਥ ਹੋਈਆਂ। ਅੱਡੀਆਂ ਤਿੜਕ ਗਈਆਂ … ਪਰ ਚਿਹਰੇ ਦੀਆਂ ਉਭਰੀਆਂ ਹੱਡੀਆਂ ਦੇ
ਡੂੰਘ ਵਿੱਚ ਦਗ਼ਦੀਆਂ ਮੱਘਦੀਆਂ ਤੇਜ਼ ਅੱਖਾਂ ਦੇ ਇਲਾਹੀ ਨੂਰ ਨੇ ਆਪਣੇ ਰਸਤੇ ਵਿੱਚ ਆਉਣ ਵਾਲੀ ਹਰ
ਵਹਿਮ-ਭਰਮ, ਕੂੜ ਅਤੇ ਅੰਧ-ਵਿਸ਼ਵਾਸ ਦੀ ਰੁਕਾਵਟ ਨੂੰ ਤਹਿਸ-ਨਹਿਸ ਕਰ ਦਿਤਾ। ਬਾਬੇ ਨਾਨਕ ਦਾ
ਪੁੱਟਿਆ ਹਰ ਕਦਮ ਵਹਿਮਾਂ-ਭਰਮਾਂ ਅਤੇ ਪੁਜਾਰੀਆਂ ਲਈ ਖਤਰਨਾਕ ਸਾਬਤ ਹੋਇਆ।
ਤੇ ਇਸ ਤਰ੍ਹਾਂ ਬਾਬੇ ਨਾਨਕ ਦੀਆਂ ਉਹ ਇਲਾਹੀ ਪੈੜਾਂ ਅਤੇ ਉਹ ਕਦਮ ਜਿਹੜੇ ਉਹਨਾਂ ਲੋਕਾਈ ਦੇ ਹਿੱਤ
ਅਤੇ ਭਲੇ ਲਈ ਪੁੱਟੇ ਸਨ ਇੱਕ ‘ਉੱਚਾ ਦਰ’ ਸਥਾਪਿਤ ਕਰਦੇ ਗਏ। ਵਹਿਮਾਂ-ਭਰਮਾਂ ਤੇ ਅੰਧ ਵਿਸ਼ਵਾਸ਼ਾਂ
ਤੋਂ ਬਹੁਤ ਉੱਚਾ ਬਾਬੇ ਨਾਨਕ ਦਾ ਉਹ ਦਰ ਜਿਸ ‘ਤੇ ਪਹੁੰਚ ਕੇ ਹਰ ਮਨੁੱਖ ਮਾਨੋ ਸਤਿਗੁਰ ਨਾਨਕ ਦੇ
ਯਤਨਾਂ ਨਾਲ ਧੁੰਧ ਮਿੱਟਣ ਤੋਂ ਬਾਅਦ ਫੈਲੇ ਸੱਚ ਦੇ ਚਾਨਣ ਵਿੱਚ ਲੀਨ ਹੋ ਜਾਂਦਾ ਹੈ। ਲਿਤਾੜੇ
ਲੋਕਾਂ ਲਈ ਗੁਰੂ ਨਾਨਕ ਸਾਹਿਬ ਜਗਤ ਪੀਰ, ਜਗਤ ਗੁਰੂ, ਜਗਤ ਬਾਬਾ, ਮਨੁੱਖਤਾ ਦਾ ਰਹਿਬਰ ਅਤੇ ਯੁੱਗ
ਪੁਰਸ਼ ਬਣ ਗਿਆ।
ਮੈਨੂੰ ਕਈ ਸੱਜਣਾਂ ਨੇ ਪੁਛਿਆ ਹੈ ਕਿ “ਬਾਬੇ ਨਾਨਕ ਦਾ ਉੱਚਾ ਦਰ ਕਿਹੜਾ ਹੈ? ਕੀ ਨਨਕਾਣਾ ਸਾਹਿਬ,
ਪੰਜਾ ਸਾਹਿਬ, ਸੁਲਤਾਨਪੁਰ ਲੋਧੀ ਦੇ ਗੁਰਦੁਆਰੇ, ਬਿਦਰ ਵਿਖੇ ਨਾਨਕ ਝੀਰਾ ਅਤੇ ਹੋਰ ਗੁਰੂ ਨਾਨਕ
ਸਾਹਿਬ ਦੀ ਚਰਨਛੋਹ ਪ੍ਰਾਪਤ ਅਨੇਕਾਂ ਗੁਰਦੁਆਰਿਆਂ ਵਿਚੋਂ ਕਿਸ ਨੂੰ ਬਾਬੇ ਨਾਨਕ ਦਾ ਉੱਚਾ ਦਰ ਆਖਿਆ
ਜਾ ਸਕਦਾ ਹੈ”?
ਉੱਚਾ ਦਰ ਬਿਲਡਿੰਗਾਂ (ਇਮਾਰਤਾਂ) ਦੀ ਹੋਂਦ ਨੂੰ ਨਹੀਂ ਕਿਹਾ ਜਾ ਸਕਦਾ। ਗੁਰੂ ਨਾਨਕ ਸਾਹਿਬ ਅਤੇ
ਬਾਕੀ ਗੁਰੂ ਸਾਹਿਬਾਨ ਦੀ ਚਰਨ ਛੋਹ ਪ੍ਰਾਪਤ ਸਥਾਨਾਂ ਤੇ ਇਮਾਰਤਾਂ ਨੂੰ ਹੀ ‘ਉੱਚਾ ਦਰ’ ਘੋਸ਼ਿਤ
ਨਹੀਂ ਕੀਤਾ ਜਾ ਸਕਦਾ ਹੈ। ਗੁਰਬਾਣੀ ਥਾਂ-ਥਾਂ ਤੀਰਥ-ਯਾਤਰਾਵਾਂ ਅਤੇ ਕਿਸੇ ਵਿਸ਼ੇਸ਼ ਸਥਾਨ ਜਾਂ
ਬਿਲਡਿੰਗ ਦੇ ਪਵਿੱਤਰ ਮੰਨਣ ਦੀ ਸੋਚ ਨੂੰ ਗਲਤ ਦਸਦੀ ਹੈ। ਦਰਬਾਰ ਸਾਹਿਬ (ਅੰਮ੍ਰਿਤਸਰ) ਕੰਪਲੈਕਸ
ਦੀ ਉਸਾਰੀ ਕੌਮ ਦੇ ਇੱਕ ਕੇਂਦਰ ਵਜੋਂ ਕੀਤੀ ਗਈ ਸੀ ਨਾ ਕਿ ਕਿਸੇ ਤੀਰਥ ਅਸਥਾਨ ਦੇ ਤੌਰ ‘ਤੇ …।
ਅੱਜ ਇਹ ਵੀ ਅਫਸੋਸਜਨਕ ਸਚਾਈ ਹੈ ਕਿ ਸਿੱਖ ਕੌਮ ਦੇ ਕੇਂਦਰ ਦੇ ਤੌਰ ‘ਤੇ ਉਸਾਰੇ ‘ਦਰਬਾਰ ਸਾਹਿਬ’
ਕੰਪਲੈਕਸ ਨੂੰ ਇੱਕ ਤੀਰਥ ਦਾ ਰੂਪ ਦਿੰਦੇ ਹੋਏ ਹੁਣ ਸਿੱਖਾਂ ਨੇ ਗੁਰਮਤਿ ਵੱਲ ਪਿੱਠ ਕਰ ਲਈ ਹੈ। ਇਹ
ਕੇਂਦਰ ਹੁਣ ਤੀਰਥ ਬਣੇ ਅਨੇਕਾਂ ਮਨਮੱਤਾਂ ਦਾ ਘਰ ਬਣ ਗਿਆ ਹੈ। ਹੁਣ ਤਾਂ ਸਿੱਖਾਂ ਨੇ ਆਪਣੇ ਅਨੇਕਾਂ
ਇਤਿਹਾਸਕ ਤੇ ਮਿਥਿਹਾਸਕ ਸਥਾਨਾਂ ਨੂੰ ਬ੍ਰਾਹਮਣੀ ਤਰਜ਼ ਦੇ ਤੀਰਥ ਬਣਾ ਕੇ ਗੁਰਮਤਿ ਦੇ ਸਿਧਾਂਤਾਂ
ਨੂੰ ਢਾਅ ਲਾਈ ਹੈ।
ਅੱਜ ਕੌਮ ਬ੍ਰਾਹਮਣਵਾਦ ਅਤੇ ਪੁਜਾਰੀਵਾਦ ਦੇ ਰੰਗ ਵਿੱਚ ਬੁਰੀ ਤਰ੍ਹਾਂ ਰੰਗੀ ਹੋਈ ਹੈ। ਅਸਲ ਵਿੱਚ
ਬ੍ਰਾਹਮਣਵਾਦ ਹੈ ਕੀ? “ਮਨਘੜ੍ਹਤ ਅਤੇ ਸਿਆਣਪ ਤੋਂ ਸੱਖਣੀਆਂ ਕਹਾਣੀਆਂ ਸਤਿਗੁਰਾਂ ਦੇ ਪਵਿੱਤਰ ਨਾਮ
ਨਾਲ ਜੋੜ ਕੇ ਗੁਰੂ ਸੰਗਤ ਦੇ ਮਨਾਂ ਵਿੱਚ ਕਈ ਤਰ੍ਹਾਂ ਦੇ ਭਰਮ-ਭੁਲੇਖੇ ਪਾਉਣੇ ਹੀ ਬ੍ਰਾਹਮਣਵਾਦ
ਹੈ”।
ਜਗਤ ਦੇ ਪੀਰ ਅਤੇ ਸਿਰਮੌਰ ਵਿਗਿਆਨੀ ਸ਼੍ਰੀ ਗੁਰੂ ਨਾਨਕ ਸਾਹਿਬ ਦੇ ਗੁਰਮਤਿ ਸਿਧਾਂਤ ਨੂੰ ਅੱਗੇ
ਵਧਾਅ ਕੇ ਬਾਕੀ ਗੁਰੂ ਸਾਹਿਬਾਨ ਨੇ ਉਹਨਾਂ ਸਿਧਾਂਤਾਂ ਨੂੰ ਮਹਾਨ ਬਣਾਇਆ ਹੈ। ਸਾਡੇ ਲਈ ‘ਉੱਚਾ ਦਰ’
ਸਿਰਫ ਗੁਰਮਤਿ ਦੇ ਸਿਧਾਂਤ ਹਨ। ਜਿਹਨਾਂ ਨੂੰ ਸਥਾਪਿਤ ਕਰਨ ਲਈ ਗੁਰੂ ਨਾਨਕ ਨੇ ਆਪਣੇ ਜੀਵਨ ਵਿੱਚ
ਲੰਮਾਂ ਪੈਂਡਾ ਤਹਿ ਕੀਤਾ। ਵਹਿਮਾਂ-ਭਰਮਾਂ, ਅੰਧ-ਵਿਸ਼ਵਾਸਾਂ ਤੇ ਜਬਰ ਜ਼ੁੁਲਮ ਵਿਰੁੱਧ ਅਵਾਜ਼ ਬੁਲੰਦ
ਕੀਤੀ। ਸਮਾਜਿਕ ਕਦਰਾਂ ਕੀਮਤਾਂ ਦੇ ਨਵੇਂ ਰਾਹ ਅਤੇ ਨਵੇਂ ਸਿਧਾਂਤ ਉਲੀਕੇ। ਜਗਤ ਗੁਰੂ ਬਾਬੇ ਨਾਨਕ
ਦੇ ਸਿਧਾਂਤਾਂ ‘ਤੇ ਪਹਿਰਾ ਦੇ ਕੇ ਬਾਕੀ ਗੁਰੂ ਸਾਹਿਬਾਂ ਨੇ ਅਨੇਕਾਂ ਕਸ਼ਟ ਸਹੇ ਅਤੇ ਕੁਰਬਾਨੀਆਂ
ਕੀਤੀਆਂ, ਪਰ ‘ਉੱਚੇ ਦਰ’ ਨੂੰ ਢਾਹ ਨਾ ਲੱਗਣ ਦਿਤੀ। ਤੇ ਉੱਚੇ ਸਿਧਾਂਤਾਂ ਨਾਲ ਸਾਨੂੰ ਅਨੇਕਾਂ
ਸੇਧਾਂ ਦਿਤੀਆਂ। ਜੇ ਕੋਈ ਧਰਮ ਅਸਥਾਨ ਗੁਰੂ ਸਾਹਿਬਾਂ ਦੀ ਚਰਨਛੋਹ ਪ੍ਰਾਪਤ ਹੈ ਤੇ ਉਥੇ ਸ਼੍ਰੀ ਗੁਰੂ
ਗ੍ਰੰਥ ਸਾਹਿਬ ਜੀ ਵੀ ਪ੍ਰਕਾਸ਼ਮਾਨ ਹਨ। ਪਰ ਉਥੇ ਗੁਰਮਤਿ ਸਿਧਾਂਤ ਦੇ ਵਿਰੁੱਧ ਕਾਰਜ ਕਰਕੇ ਗੁਰਬਾਣੀ
ਸਿਧਾਂਤਾਂ ਨੂੰ ਨੀਵਾਂ ਕੀਤਾ ਜਾ ਰਿਹਾ ਹੋਵੇ ਤਾਂ ਮਾਫ ਕਰਨਾ ਉਹ ‘ਉੱਚਾ ਦਰ’ ਕਦੀ ਨਹੀਂ ਹੋ ਸਕਦਾ।
‘ਉੱਚਾ ਦਰ’ ਤਾਂ ਗੁਰਮਤਿ ਦੇ ਉੱਚੇ ਸਿਧਾਂਤ, ਉੱਚਾ ਇਖਲਾਕ, ਉੱਚੀ ਸੋਚ, ਉੱਚਾ ਵਿਵਹਾਰ ਤੇ ਉੱਚਾ
ਕਾਰਜ ਹੋਣਾ ਚਾਹੀਦਾ ਹੈ। ‘ਉੱਚੇ ਦਰ’ ‘ਤੇ ਵਹਿਮ-ਭਰਮ, ਅੰਧ-ਵਿਸ਼ਵਾਸ, ਈਰਖਾ ਤੇ ਵਿਤਕਰੇ ਲਈ ਕੋਈ
ਥਾਂ ਨਹੀਂ ਹੈ। ‘ਉੱਚਾ ਦਰ’ ਉਹ ਹੈ ਜਿਥੇ ਕੋਈ ਜਾਤ-ਪਾਤ ਨਹੀਂ ਹੈ। ਜਿਥੇ ਕੋਈ ਵੱਡਾ-ਛੋਟਾ,
ਉੱਚਾ-ਨੀਵਾਂ ਤੇ ਆਪਣਾ-ਪ੍ਰਾਇਆ ਨਹੀਂ ਹੈ। ਜਿਥੇ ਕਿਰਤੀ ਭਾਈ ਲਾਲੋਆਂ ਨੂੰ ਛਾਤੀ ਨਾਲ ਲਾਇਆ ਜਾਂਦਾ
ਹੋਵੇ। ਜਿਥੇ ਹਰੇਕ ਲਈ ਮਾਣ-ਸਤਿਕਾਰ ਹੋਵੇ। ਜਿਥੇ ਮਨਮਤਿ ਤੇ ਬਿਪਰ ਰੀਤਾਂ ਨਾ ਹੋਣ। ਜਿਥੇ ਗੁਰੂ
ਨਾਨਕ ਸਾਹਿਬ ਨਾਲ ਜੋੜੀਆਂ ਅਖੌਤੀ ਕਰਾਮਾਤਾਂ ਤੇ ਕਥਾਵਾਂ ਨਾ ਹੋਣ। ਜਿਥੇ ਬਾਬੇ ਨਾਨਕ ਦੀ ਬਾਣੀ ਦਾ
ਸੱਚ ਹੋਵੇ। ਜਿਥੇ ਨਿਥਾਵਿਆਂ ਲਈ ਥਾਂ ਅਤੇ ਨਿਆਸਰਿਆਂ ਲਈ ਆਸਰਾ ਹੋਵੇ। ਜਿਥੇ ਗਰੀਬ ਦਾ ਹੱਥ ਫੜ੍ਹਨ
ਦਾ ਅਸੂਲ ਹੋਵੇ। ਜਿਥੇ ਕੋਈ ਧੱਕਾ ਅਤੇ ਬੇਇਨਸਾਫੀ ਨਾ ਹੋਵੇ। ਜਿਥੇ “ਭੈਅ ਕਾਹੁ ਕੋ ਦੇਤ ਨਹਿ, ਨਹਿ
ਭੈ ਮਾਨਤ ਆਨਿ।” ਦੀ ਪਰੰਪਰਾ ਹੋਵੇ। ਜਿਥੇ ਸਿਰਫ ਬਾਬੇ ਨਾਨਕ ਦਾ ਹੁਕਮ ਚਲਦਾ ਹੋਵੇ। ਜਿਥੇ ਕਹਿਣੀ
ਅਤੇ ਕਰਨੀ ਵਿੱਚ ਅੰਤਰ ਨਾ ਹੋਵੇ। ਜਿਥੇ ਮਨ ਨੂੰ ਸਕੂਨ ਮਿਲਦਾ ਹੋਵੇ। ਜਿਥੇ ਹਰੇਕ ਵਿਅਕਤੀ ਨੂੰ
ਬਾਬਾ ਨਾਨਕ ਉਹਦੇ ਨਾਲ-ਨਾਲ ਤੁਰ ਰਿਹਾ ਪ੍ਰਤੀਤ ਹੁੰਦਾ ਹੋਵੇ। ਅਜਿਹੇ ਦਰ ਨੂੰ ਹੀ ਬਾਬੇ ਨਾਨਕ ਦਾ
‘ਉੱਚਾ ਦਰ’ ਆਖਿਆ ਜਾ ਸਕਦਾ ਹੈ।
ਪਿੰਡ ਮਾਨਾਂਵਾਲੀ ਡਾਕ: ਚਾਚੋਕੀ (ਫਗਵਾੜਾ)
ਮੋਬਾਇਲ ਨੰ: 88728-54500