.

ਸਿੱਖ ਹੁਣ ਗੁਰੂ ਦਾ ਹੁਕਮ ਨਹੀਂ ਮੰਨਦੇ...!

-ਰਘਬੀਰ ਸਿੰਘ ਮਾਨਾਂਵਾਲੀ

ਹਾਂ ਜੀ... ਇਹ ਬਿਲਕੁਲ ਠੀਕ ਹੈ ਕਿ ਸਿੱਖ ਹੁਣ ਗੁਰੂ ਦਾ ਹੁਕਮ ਨਹੀਂ ਮੰਨਦੇ। ਹੁਣ ਤਾਂ ਸਿੱਖ ਆਪਣੇ ਰੋਜ਼ਾਨਾ ਜੀਵਨ ਦੇ ਘਰੇਲੂ ਕੰਮ-ਕਾਰ ਅਤੇ ਸਮਾਗਮ ਕਰਦੇ ਬਹੁਤ ਸਾਰੀਆਂ ਅਖੌਤੀ ਰਸਮਾਂ-ਰੀਤਾਂ ਨਿਭਾਉਂਦੇ ਪੈਰ-ਪੈਰ ‘ਤੇ ਗੁਰੂ ਸਾਹਿਬ ਦੇ ਗੁਰਬਾਣੀ ਰਾਹੀਂ ਕੀਤੇ ਹੁਕਮਾਂ ਦੀ ਉਲੰਘਣਾ ਕਰਦੇ ਹਨ । ਗੁਰੂ ਦੇ ਹੁਕਮਾਂ ਦੇ ਵਿਰੁੱਧ ਮਨਮਤਿ ਅਤੇ ਪਾਖੰਡ ਦੇ ਕਾਰਜ ਕਰਕੇ ਉਹ ਗੁਰੂ ਸਾਹਿਬ ਤੋਂ ਸਿਆਣੇ ਹੋਣ ਦਾ ਵਿਖਾਵਾ ਕਰਦੇ ਹਨ। ਉਹ ਆਪਣੀ ਦਲੀਲ ਦਿੰਦੇ ਇਹ ਵੀ ਕਹਿੰਦੇ ਹਨ ਕਿ ਗ੍ਰਿਸਥੀ ਜੀਵਨ ਵਿਚ ਥੋੜ੍ਹੀ-ਬਹੁਤ ਮਨਮਤਿ ਕਰਨੀ ਹੀ ਪੈਂਦੀ ਹੈ। ਇਸ ਨਾਲ ਕੀ ਫਰਕ ਪੈਂਦਾ ਹੈ ? ਦੁਨੀਆਂ ਦਾ ਮੂੰਹ ਵੀ ਰੱਖਣਾ ਹੁੰਦਾ ਹੈ। ਗੁਰੂ ਸਾਹਿਬ ਨੇ ਅਜਿਹੇ ਭੇਖੀ ਮਨੁੱਖਾਂ ਲਈ ਕਿਹਾ ਹੈ:-
ਕਰਤੂਤਿ ਪਸੂ ਕੀ ਮਾਨਸ ਜਾਤਿ॥ ਲੋਕ ਪਚਾਰਾ ਕਰੈ ਦਿਨੁ ਰਾਤਿ॥
ਬਾਹਰਿ ਭੇਖ ਅੰਤਰਿ ਮਲੁ ਮਾਇਆ॥ ਛਪਸਿ ਨਾਹਿ ਕਛੁ ਕਰੈ ਛਪਾਇਆ॥
ਬਾਹਰਿ ਗਿਆਨ ਧਿਆਨ ਇਸਨਾਨ॥ ਅੰਤਰਿ ਬਿਆਪੈ ਲੋਭੁ ਸੁਆਨੁ॥
ਅੰਤਰਿ ਅਗਨਿ ਬਾਹਰਿ ਤਨੁ ਸੁਆਹ॥ ਗਲਿ ਪਾਥਰ ਕੈਸੇ ਤਰੈ ਅਥਾਹ॥ ਅੰਕ 26 ॥
ਅਰਥਾਤ ਮਨੁੱਖਾ ਜਨਮ ਵਿਚ ਬੰਦਾ ਪਸ਼ੂਆਂ ਵਾਂਗ ਕਰਤੂਤਾਂ ਕਰਦਾ ਹੈ। ਪਰ ਦਿਨ ਰਾਤ ਕਰਤੂਤਾਂ ‘ਤੇ ਪਰਦਾ (ਪਚਾਰਾ) ਪਾਉਣ ਲਈ ਧਰਮੀ ਹੋਣ ਦਾ ਦਿਖਾਵਾ ਕਰਦਾ ਹੈ। ਅੰਦਰ ਮਾਇਆ ਦੀ ਮੈਲ ਭਰੀ ਹੋਈ ਹੈ। ਪਰ ਬਾਹਰ ਧਰਮੀ ਮਨੁੱਖ ਦਾ ਭੇਖ (ਪਹਿਰਾਵਾ) ਬਣਾਇਆ ਹੋਇਆ ਹੈ। ਪਰ ਇਸ ਤਰਾਂ੍ਹ ਛੁਪਾਇਆਂ ਅਸਲੀਅਤ ਨਹੀਂ ਛੁੱਪ ਸਕਦੀ। ਬਾਹਰੋਂ ਗਿਆਨੀ, ਧਿਆਨੀ ਅਤੇ ਤੀਰਥ-ਇਸ਼ਨਾਨੀ ਦਾ ਭੁਲੇਖਾ ਪਾਉਂਦਾ ਹੈ। ਪਰ ਅੰਦਰ ਲੋਭ ਰੂਪੀ ਕੁੱਤਾ ਪਾਲਿਆ ਹੋਇਆ ਹੈ। ਅੰਦਰ ਤ੍ਰਿਸ਼ਨਾ ਦੀ ਅੱਗ ਹੈ, ਪਰ ਬਾਹਰ ਸ਼ਰੀਰ ‘ਤੇ ਭਸਮ ਲਗਾ ਕੇ ਬੈਠਾ ਹੈ ਤਾਂਕਿ ਲੋਕ ਤਿਆਗੀ ਸਮਝਣ। ਪਰ ਗਲੇ ਤੇ ਪੱਥਰ ਬੰਨ੍ਹ ਕੇ ਅਥਾਹ ਸਾਗਰ ਵਿਚ ਕਿਵੇਂ ਤੈਰ ਸਕਦਾ ਹੈ?
***
ਦਸਮੇਸ਼ ਪਾਤਿਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਅੰਤਿਮ ਸਮੇਂ ਸੰਨ 1708 ਈ: ਵਿਚ ਪੰਜਾਬ ਤੋਂ ਦੂਰ ਨਾਂਦੇੜ (ਮਹਾਂਰਾਸ਼ਟਰ) ਵਿਖੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਿਆ ਅਤੇ ਦੇਹਧਾਰੀ ਗੁਰੂ ਦੀ ਪ੍ਰੰਪਰਾ ਖ਼ਤਮ ਕਰਦੇ ਹੋਏ ਸਪਸ਼ਟ ਸ਼ਬਦਾਂ ਵਿਚ ਐਲਾਨ ਕੀਤਾ ਕਿ ਅੱਜ ਤੋਂ ਬਾਅਦ ਸਿੱਖਾਂ ਦਾ ਗੁਰੂ “ਗੁਰੂ ਗ੍ਰੰਥ ਸਾਹਿਬ” ਹੋਵੇਗਾ। ਉਸ ਵੇਲੇ ਸਿੱਖਾਂ ਨੇ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ਨੂੰ ਪ੍ਰਵਾਨ ਕੀਤਾ ਅਤੇ ਸਾਰਿਆਂ ਨੇ “ਗੁਰੂ ਗ੍ਰੰਥ ਸਾਹਿਬ ਜੀ” ਦੇ ਅੱਗੇ ਸੀਸ ਝੁਕਾਅ ਦਿਤਾ। ਇਤਿਹਾਸ ਵੀ ਇਸ ਗੱਲ ਦੀ ਗਵਾਹੀ ਭਰਦਾ ਹੈ। ਅਤੇ ਦੇਸ਼-ਵਿਦੇਸ਼ ਦੇ ਹਜ਼ਾਰਾਂ ਗੁਰਦੁਆਰਿਆਂ ਵਿਚ ਰੋਜ਼ਾਨਾ ਹੀ ਹੇਠ ਲਿਖੀਆਂ ਪੰਕਤੀਆਂ ਰਾਹੀਂ ਸਿੱਖ ਕੌਮ ਸਿਰਫ਼ ਤੇ ਸਿਰਫ਼ ਗੁਰੂ ਗ੍ਰੰਥ ਸਾਹਿਬ ਨੂੰ ਹੀ ਗੁਰੂ ਹੋਣ ਬਾਰੇ ਨਿਤਾਪ੍ਰਤੀ ਦੁਹਰਾਉਂਦੀ ਚਲੀ ਆ ਰਹੀ ਹੈ।
ਆਗਿਆ ਭਈ ਅਕਾਲ ਕੀ, ਤਭੀ ਚਲਾਇਓ ਪੰਥ।
ਸਭ ਸਿਖਨ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ॥
ਗੁਰੂ ਨਾਨਕ ਸਾਹਿਬ ਨੇ ਸਿੱਧਾਂ ਨਾਲ ਵਿਚਾਰ-ਚਰਚਾ ਕਰਦੇ ਹੋਏ ਆਪਣੇ ਗੁਰੂ ਬਾਰੇ ਉਹਨਾਂ ਨੂੰ ਕਿਹਾ ਸੀ:-
ਪਵਨ ਅਰੰਭੁ ਸਤਿਗੁਰ ਮਤਿਵੇਲਾ॥
ਸਬਦੁ ਗੁਰੂ, ਸੁਰਤਿ ਧੁਨਿ ਚੇਲਾ॥ ਅੰਕ 942-43
ਪਰ ਗੁਰੂ ਸਾਹਿਬ ਦੇ ਇਸ ਹੁਕਮ ਨੂੰ ਮੰਨਣ ਤੋਂ ਅੱਜ ਬਹੁਤੇ ਸਿੱਖ ਇਨਕਾਰੀ ਹਨ। ਅੱਜ ਗਿਆਰਵੇਂ, ਬਾਹਰਵੇਂ ਤੇ ਤੇਰਵੇਂ ਗੁਰੂ ਦੀਆਂ ਸੰਪਰਦਾਵਾਂ ਨੇ ਸਿਰ ਚੁਕ ਲਿਆ ਹੈ। ਅਕਾਲ ਤਖ਼ਤ ਦੇ ਵਿਕਾਰ ਨੂੰ ਢਾਅ ਲਾਉਂਦੇ ਜਥੇਦਾਰਾਂ ਨੇ ਗੁਰਮਤਿ ਸਿਧਾਂਤਾਂ ਨੂੰ ਲਾਗੂ ਕਰਵਾਉਣ ਵਿਚ ਬਣਦੀ ਜਿੰ਼ਮੇਵਾਰੀ ਨਹੀਂ ਨਿਭਾਈ ਹੈ। ਇਹਨਾਂ ਦੀ ਮਿਲੀ ਭੁਗਤ ਨਾਲ ਅੱਜ ਜੁਗੋ-ਜੁੱਗ ਅਟੱਲ ਸਿਰੀ ਗੁਰੂ ਗਰੰਥ ਸਾਹਿਬ ਜੀ ਦਾ ਸ਼ਰੀਕ ਅਖੌਤੀ ਦਸਮ ਗ੍ਰੰਥ ਪੈਦਾ ਕਰ ਦਿਤਾ ਹੈ। ਜੋ ਕਿਸੇ ਆਗਿਆਤ ਕਵੀ ਵਲੋਂ ਲਿਖਿਆ ਹੋਇਆ ਹੈ। ਇਸ ਵਿਚਲੀ ਰਚਨਾ ਅਸ਼ਲੀਲਤਾ ਨੂੰ ਮਾਤ ਪਾਉਂਦੀ ਹੈ। ਅਖੌਤੀ ਦਸਮ ਗ੍ਰੰਥ ਵਿਚਲੀ ਕਵਿਤਾ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਦੇ ਵਿਰੁੱਧ ਹੈ। ਤੇ ਇਸ ਨੂੰ ਬੱਦੋ-ਬਦੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਨਾਲ ਜੋੜਿਆ ਜਾ ਰਿਹਾ ਹੈ। ਹਰਿਮੰਦਰ ਸਾਹਿਬ ਵਿਚ ਹਜ਼ੂਰੀ ਰਾਗੀਆਂ ਦੁਆਰਾ ਉਸ ਅਸ਼ਲੀਲ ਗਰੰਥ ਵਿਚੋਂ ਕਵਿਤਾ ਦਾ ਗਾਇਨ ਵੀ ਕੀਤਾ ਜਾਂਦਾ ਹੈ। ਕੀ ਦਸ ਗੁਰੂ ਸਾਹਿਬਾਨ ਦੀ ਜਾਗਤ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਕੋਈ ਘਾਟ ਹੈ, ਜਿਸ ਨੂੰ ਅਖੌਤੀ ਗ੍ਰੰਥ ਦੀਆਂ ਕਵਿਤਾਵਾਂ ਦਾ ਗਾਇਨ ਕਰਕੇ ਪੂਰਾ ਕੀਤਾ ਜਾ ਰਿਹਾ ਹੈ? ਪਤਾ ਨਹੀਂ ਕਿਉਂ ਹਜ਼ੂਰੀ ਰਾਗੀ ਦਸਮ ਗ੍ਰੰਥ ਵਿਚੋਂ ਕਵਿਤਾਵਾਂ ਦਾ ਗਾਇਨ ਕਰਨ ਲਈ ਬਜਿ਼ਦ ਹਨ? ਹੁਣ ਤਾਂ ਇਸ ਤਰਾਂ੍ਹ ਜਾਪ ਰਿਹਾ ਹੈ ਕਿ ਤਖ਼ਤਾਂ ਦੀ ਢਿੱਲੀ ਕਾਰਗੁਜ਼ਾਰੀ ਸਦਕਾ ਬਹੁਤ ਜਲਦੀ ਹੀ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚਲ ਰਹੇ ਗੁਰਦੁਆਰਿਆਂ ਵਿਚ ਮੱਸਾ ਰੰਗੜ ਦੇ ਕਾਰਜਾਂ ਵਰਗੇ ਗੁਰਮਤਿ ਵਿਰੋਧੀ ਕਾਰਜ ਸ਼ੁਰੂ ਹੋ ਜਾਣਗੇ। ਸਵਾਲ ਪੈਦਾ ਹੁੰਦਾ ਹੈ ਕਿ ਕੀ ਅੱਜ ਨਿਆਰਾ ਖਾਲਸਾ ਗੁਰੂ ਤੋਂ ਬੇਮੁਖ ਹੋ ਚੁਕਿਆ ਹੈ? ਅਜੋਕੇ ਗੁਰਦੁਆਰਿਆਂ ਵਿਚ ਕਾਬਜ਼ ਹੋ ਰਹੇ ਮੱਸੇ ਰੰਗੜ ਦਾ ਸਿਰ ਕਲਮ ਕਰਨ ਵਾਲਾ ਖਾਲਸਾ ਸਾਨੂੰ ਹੁਣ ਕਿਥੋਂ ਲੱਭੇਗਾ? ਆਉਣ ਵਾਲੇ ਸਮੇਂ ਵਿਚ ਡੇਰਾਵਾਦ ਅਤੇ ਸੰਤ-ਸਮਾਜ ਦੇ ਮੁਖੀਆਂ ਵਲੋਂ ਵੋਟਾਂ ਦੀ ਰਾਜਨੀਤੀ ਵਿਚ ਸਿਆਸੀ ਦਬਾਅ ਪਾ ਕੇ ਆਪਣੀਆਂ ਵੱਡ-ਅਕਾਰੀ ਅਖੌਤੀ ਪੁਸਤਕਾਂ ਨੂੰ ਵੀ ਗ੍ਰੰਥ ਦਾ ਦਰਜ਼ਾ ਦਵਾਉਣ ਅਤੇ ਗੁਰਦੁਆਰਿਆਂ ਵਿੱਚ ਰੱਖਵਾਉਣ ਦਾ ਕਾਰਜ ਸ਼ੁਰੂ ਹੋ ਜਾਏਗਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਅਖੌਤੀ ਦਸਮ ਗ੍ਰੰਥ ਦਾ ਪ੍ਰਕਾਸ਼ ਕਰਕੇ ਸਿੱਖ ਕੌਮ ਦਾ ਇਕ ਵੱਡਾ ਹਿੱਸਾ ਗੁਰੂ ਸਾਹਿਬ ਦੇ ਹੁਕਮਾਂ ਦੇ ਵਿਰੁੱਧ ਹੋ ਗਿਆ ਹੈ। ਜੋ ਗੁਰੂ ਗੋਬਿੰਦ ਸਿੰਘ ਜੀ ਦੀ ਦੂਰ-ਅੰਦੇਸ਼ੀ ਵਿਚਧਾਰਧਾਰਾ ਅਤੇ ਗੁਰੂ ਗ੍ਰੰਥ ਸਾਹਿਬ ਦਾ ਘੋਰ ਨਿਰਾਦਰ ਹੈ।
******
ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ॥
ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ॥
ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨ॥
ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥ਅੰਕ473॥
ਦੁਨੀਆਂ ਦੇ ਸਾਰੇ ਧਰਮਾਂ ਦੇ ਗ੍ਰੰਥਾਂ ਵਿਚੋਂ ਗੁਰੂ ਗ੍ਰੰਥ ਸਾਹਿਬ ਹੀ ਇਕ ਅਜਿਹਾ ਗ੍ਰੰਥ ਹੈ ਜਿਸ ਵਿਚ ਸਾਰੇ ਗੁਰੂ ਸਾਹਿਬ ਨੇ ਇਸਤਰੀ ਨੂੰ ਬਹੁਤ ਉੱਚਾ ਦਰਜ਼ਾ ਦੇ ਕੇ ਸਮਾਜ ਵਿਚ ਉਸ ਦਾ ਮਾਣ-ਤਾਣ ਵਧਾਇਆ ਹੈ। ਪਰ ਅੱਜ ਸਿੱਖਾਂ ਵਲੋਂ ਔਰਤ ਨੂੰ ਕੁੱਖ ਵਿਚ ਹੀ ਜੰਮਣ ਤੋਂ ਪਹਿਲਾਂ ਮਾਰਿਆ ਜਾ ਰਿਹਾ ਹੈ। ਮੁੰਡਾ ਪ੍ਰਾਪਤ ਕਰਨ ਲਈ ਉਹ ਹਰ ਕਮੀਨਾਂ ਤੇ ਇਖਲਾਕ ਤੋਂ ਡਿੱਗਿਆ ਕੰਮ ਕਰਨ ਲਈ ਤਿਆਰ ਹੈ। ਮੁੰਡਾ ਜੰਮਣ ਤੋਂ ਬਾਅਦ ਉਹ ਸ਼ਰਾਬਾਂ ਤੇ ਕਬਾਬਾਂ ਨਾਲ ਅਖੌਤੀ ਲੋਹੜੀਆਂ ਮਨਾਅ ਰਿਹਾ ਹੈ। ਜਿਸ ਨੂੰ ਗੁਰੂ ਗ੍ਰੰਥ ਸਾਹਿਬ ਵਿਚ ਕੋਈ ਮਾਨਤਾ ਨਹੀਂ ਹੈ। ਔਰਤਾਂ ਨੂੰ ਦਾਜ਼ ਦੀ ਬਲੀ ਚਾੜ੍ਹ ਰਿਹਾ ਹੈ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਅਨੰਦ-ਕਾਰਜ ਕਰਕੇ ਤਲਾਕ ਕਰ ਰਿਹਾ ਹੈ। ਬੇਗਾਨੀਆਂ ਧੀਆਂ, ਭੈਣਾਂ ਨਾਲ ਬਲਾਤਕਾਰ ਕਰ ਰਿਹਾ ਹੈ। ਝੂਠੀ ਅੱਣਖ ਦੀ ਖਾਤਿਰ ਧੀਆਂ ਨੂੰ ਮਾਰਿਆ ਜਾ ਰਿਹਾ ਹੈ। ਔਰਤਾਂ ਨੂੰ ਦਰਬਾਰ ਸਾਹਿਬ ਅੰਮ੍ਰਿਤਸਰ ਵਿਚ ਕੀਰਤਨ ਕਰਨ ਦੀ ਆਗਿਆ ਨਾ ਦੇ ਕੇ ਗੁਰੂ ਦੇ ਹੁਕਮਾਂ ਦੀਆਂ ਸਿੱਧੇ ਤੌਰ 'ਤੇ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਸਮੁੱਚੇ ਤੌਰ ‘ਤੇ ਅੱਜ ਦੇ ਸਿੱਖਾਂ ਵਲੋਂ ਔਰਤ 'ਤੇ ਕਿਸੇ ਨਾ ਕਿਸੇ ਰੂਪ ਵਿੱਚ ਕੀਤਾ ਜਾ ਰਿਹਾ ਜ਼ੁਲਮ ਗੁਰੂ ਦੇ ਹੁਕਮ ਨੂੰ ਨਾ ਮੰਨਣ ਦਾ ਪ੍ਰਤੱਖ ਸਬੂਤ ਹੈ।
******
ਥਿਤੀ ਵਾਰ ਸੇਵਹਿ ਮੁਗਧ ਗਵਾਰ॥ਅੰਕ 843॥
ਥਿਤਿ ਵਾਰੁ ਨ ਜੋਗੀ ਜਾਣੈ, ਰੁਤਿ ਮਾਹੁ ਨਾ ਕੋਈ।॥
ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ॥ ਅੰਕ 21॥
ਗੁਰੂ ਸਾਹਿਬ ਨੇ ਚੰਗੇ ਮਾੜੇ ਦਿਨਾਂ ਦੇ ਵਹਿਮਾਂ-ਭਰਮਾਂ ਨੂੰ ਫਜ਼ੂਲ ਦੱਸਿਆ ਸੀ। ਪਰ ਅੱਜ ਸਿੱਖ ਵਿਆਹ ਸ਼ਾਦੀਆਂ ਦੀਆਂ ਤਾਰੀਕਾਂ ਨਿਸਚਤ ਕਰਨ ਸਮੇਂ ਥਿਤਵਾਰਾਂ ਦੇ ਚੱਕਰਾਂ ਵਿਚ ਪਏ ਹੋਏ ਹਨ। ਸਾਹੇ ਕਢਾਏ ਜਾ ਰਹੇ ਹਨ। ਜਨਮ ਅਤੇ ਮਰਨ ਤੇ ਦਿਨ ਵਿਚਾਰ ਅਤੇ ਗਿਣ ਕੇ ਭੋਗ ਪਵਾਏ ਜਾ ਰਹੇ ਹਨ। ਸ਼ਰੋਮਣੀ ਗੁੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਗੁਰਦੁਆਰਿਆਂ ਵਿਚ ਸੰਗਰਾਂਦ ਤੇ ਮੱਸਿਆ ਮਨਾਈ ਜਾ ਰਹੀ ਹੈ। ਲੋਕਾਂ ਦੁਆਰਾ ਦਿਨਾਂ ਨੂੰ ਵਿਚਾਰ ਅਤੇ ਮਹੱਤਵ ਦੇ ਕੇ ਗੁਰਦੁਆਰਿਆਂ ਵਿਚ ਮੱਥੇ ਟੇਕੇ ਜਾ ਰਹੇ ਹਨ ਅਤੇ ਸਰੋਵਰਾਂ ਵਿਚ ਇਸ ਦਿਨ 'ਤੇ ਉਚੇਚਾ ਨਹਾ ਕੇ ਪਾਪ ਉਤਾਰੇ ਜਾਣ ਦਾ ਪਾਖੰਡ ਕਰ ਰਹੇ ਹਨ। ਜਦੋਂ ਕਿ ਗੁਰੂ ਸਾਹਿਬ ਨੇ ਕਿਸੇ ਵਿਸ਼ੇਸ਼ ਦਿਨ ਨੂੰ ਨਾ ਮੰਨਣ ਦੇ ਸਖ਼ਤ ਹੁਕਮ ਕੀਤੇ ਸਨ, ਪਰ ਅੱਜ ਸਿੱਖ ਪੂਰੀ ਤਰਾਂ੍ਹ ਗੁਰੂ ਸਾਹਿਬ ਦੇ ਹੁਕਮਾਂ ਦੇ ਵਿਰੁੱਧ ਚਲ ਰਿਹਾ ਹੈ।
ਸੋ ਸਿਖੁ ਸਖਾ ਬੰਧਪੁ ਹੈ ਭਾਈ, ਜਿ ਗੁਰ ਕੇ ਭਾਣੇ ਵਿਚਿ ਆਵੈ॥
ਆਪਣੈ ਭਾਣੈ ਜੋ ਚਲੇ ਭਾਈ, ਵਿਛੁੜਿ ਚੋਟਾ ਖਾਵੈ॥ ਅੰਕ 601॥
ਗੁਰਬਾਣੀ ਵਿਚ ਕੀਤੇ ਸਖ਼ਤ ਹੁਕਮ ਸਿੱਖਾਂ ਨੂੰ ਸਮਝ ਹੀ ਨਹੀਂ ਆ ਰਹੇ। ਦੁਨੀਆਵੀ ਪਦਾਰਥਾਂ ਦੀ ਪ੍ਰਾਪਤੀ ਲਈ ਉਹ ਗੁਰਬਾਣੀ ਦੇ ਵਿਰੁੱਧ ਹਰ ਕੰਮ ਅਤੇ ਪਾਖੰਡ ਕਰਨ ਲਈ ਤਿਆਰ ਹੈ ਅਤੇ ਕਰ ਰਿਹਾ ਹੈ। ਜਿਵੇਂ ਹੁਣ ਉਹਦਾ ਗੁਰੂ ‘ਤੇ ਭਰੋਸਾ ਨਾ ਰਿਹਾ ਹੋਵੇ। ਉਹ ਗੁਰੂ ਦੇ ਭਾਣੇ ਨੂੰ ਨਾ ਮੰਨਦਾ ਹੋਇਆ ਜੋਤਸ਼ੀਆਂ ਦੇ ਪਿੱਛੇ ਭੱਜ ਕੇ ਸੁੱਖ ਭਾਲ ਰਿਹਾ ਹੈ। ਲਾਲਚ ਵੱਸ ਉਹ ਸਾਧਾਂ ਦੇ ਪੈਰੀਂ ਡਿੱਗ ਰਿਹਾ ਹੈ। ਇਸ ਤਰਾਂ੍ਹ ਲਗਦਾ ਹੈ ਕਿ ਸਿੱਖ ਪੂਰੀ ਤਰਾਂ੍ਹ ਭਟਕ ਗਿਆ ਹੈ ਤੇ ਥਾਂ-ਥਾਂ ਠੋਕਰਾਂ ਖਾ ਰਿਹਾ ਹੈ।
ਨਾਨਕ ਸੋਈ ਦਿਨਸੁ ਸੁਹਾਵੜਾ, ਜਿਤੁ ਪ੍ਰਭੁ ਆਵੇ ਚਿਤਿ॥
ਜਿਤੁ ਦਿਨਿ ਵਿਸਰੈ ਪਾਰਬ੍ਰਹਮੁ, ਫਿਟੁ ਭਲੇਰੀ ਰੁਤਿ॥ ਅੰਕ 318॥
ਸਤਿਗੁਰਾਂ ਦੇ ਬਚਨਾ ਅਨੁਸਾਰ ਓਹੀ ਦਿਨ ਸ਼ੁਭ ਅਤੇ ਸੁਹਾਵਣਾ ਹੈ ਜਦੋਂ ਅਕਾਲ ਪੁਰਖ ਨੂੰ ਮਨ ਵਿਚ ਵਸਾਅ ਲਿਆ ਜਾਂਦਾ ਹੈ। ਤੇ ਜਦੋਂ ਮਨੁੱਖ ਪ੍ਰਮਾਤਮਾ ਨੂੰ ਮਨੋ ਵਿਸਾਰ ਕੇ ਮਨਮਤਿ ਕਰਦਾ ਹੈ, ਓਹੀ ਸਾਡੇ ਲਈ ਕੁਲੈਹਣੀ ਰੁਤ, ਦਿਨ ਤੇ ਘੜੀ ਹੁੰਦੀ ਹੈ।
***
ਛੋਡਹਿ ਅੰਨੁ, ਕਰਹਿ ਪਾਖੰਡ॥ ਨ ਸੋਹਾਗਨਿ, ਨ ੳਹਿ ਰੰਡ॥ ਅੰਕ 873॥
ਅੰਨੁ ਨ ਖਾਹਿ ਦੇਹੀ ਦੁਖੁ ਦੀਜੈ॥
ਬਿਨੁ ਗੁਰ ਗਿਆਨ ਤ੍ਰਿਪਤਿ ਨਹੀਂ ਥੀਜੈ॥ ਅੰਕ 905॥

ਗੁਰੂ ਸਾਹਿਬ ਨੇ ਬਾਣੀ ਵਿਚ ਕੋਈ ਵੀ ਵਰਤ ਰੱਖਣ ਵਰਗੇ ਪਾਖੰਡ ਕਰਨ ਤੋਂ ਵਰਜਿਆ ਸੀ। ਵਰਤ ਰੱਖਣਾ ਸਿੱਖਾਂ ਲਈ ਅੰਧ-ਵਿਸ਼ਵਾਸ ਹੈ। ਪਰ ਅੱਜ ਸਿੱਖਾਂ ਦੀਆਂ ਔਰਤਾਂ ਵਲੋਂ ਵੀ ਹਿੰਦੂ ਧਰਮ ਦੀ ਰੀਤ ਕਰਵਾ ਚੌਥ ਦਾ ਵਰਤ ਬੜੇ ਪਾਖੰਡ ਕਰ ਕੇ ਰੱਖਿਆ ਜਾ ਰਿਹਾ ਹੈ । ਇਸ ਵਰਤ ਦੇ ਅਨੁਸਾਰ ਹਿੰਦੂ ਮਤ ਮੰਨਦਾ ਹੈ ਕਿ ਜੇ ਔਰਤ ਇਹ ਵਰਤ ਰੱਖੇ ਤਾਂ ਪਤੀ ਦੀ ਉਮਰ ਲੰਬੀ ਹੁੰਦੀ ਹੈ। ਪਰ ਬਾਣੀ ਇਸ ਦਾ ਪੂਰੀ ਤਰਾਂ੍ਹ ਖੰਡਨ ਕਰਦੀ ਕਹਿੰਦੀ ਹੈ ਕਿ “ਜੰਮਣੁ ਮਰਣਾ ਹੁਕਮੁ ਹੈ ਭਾਣੈ ਆਵੈ ਜਾਇ॥ਅੰਕ 472॥" ਜਨਮ ਅਤੇ ਮੌਤ ਦਾ ਕਾਰਜ ਤਾਂ ਅਕਾਲ ਪੁਰਖ ਨੇ ਆਪਣੇ ਹੱਥ ਰੱਖਿਆ ਹੋਇਆ ਹੈ । ਵਰਤ ਰੱਖ ਕੇ ਉਮਰ ਵਿਚ ਵਾਧਾ ਕਰਨ ਦਾ ਕਾਰਜ ਤਾਂ ਪੂਰੀ ਤਰਾਂ੍ਹ ਅੰਧ-ਵਿਸਵਾਸ਼ ਹੈ। ਮੈਂ ਕਈ ਹਿੰਦੂ ਬੀਬੀਆਂ ਨੂੰ ਜਾਣਦਾ ਹਾਂ ਜਿਹਨਾਂ ਦੇ ਪਤੀ ਇਸ ਸੰਸਾਰ ਤੋਂ ਚੜ੍ਹਦੀ ਜਵਾਨੀ ਵਿਚ ਚਲੇ ਗਏ ਹਨ। ਉਹਨਾਂ ਨੇ ਸ਼ਰਧਾ ਨਾਲ ਵਰਤ ਵੀ ਰੱਖਿਆ ਸੀ। ਪਰ ਪਤੀ ਦੀ ਉਮਰ ਲੰਬੀ ਨਾ ਹੋ ਸਕੀ। ਅਜਿਹਾ ਵੇਖ ਕੇ ਅਤੇ ਬਾਣੀ ਪੜ੍ਹ ਕੇ ਵੀ ਸਿੱਖ ਬੀਬੀਆਂ ਨੂੰ ਮਤ ਨਹੀਂ ਆ ਰਹੀ ਹੈ ਕਿ ਵਰਤ ਰੱਖਣ ਨਾਲ ਕੁਝ ਵੀ ਨਹੀਂ ਹੋਣ ਵਾਲਾ... ਉਮਰ ਵਧਾਉਣ ਦਾ ਨਿਰਾ ਵਹਿਮ ਹੀ ਹੈ। ਫਿਰ ਵੀ ਉਹ ਗੁਰੂ ਸਾਹਿਬ ਦੇ ਹੁਕਮਾਂ ਨੂੰ ਪਿੱਠ ਦਿਖਾ ਕੇ ਪਾਖੰਡ ਕਰ ਰਹੀਆਂ ਹਨ।
***
ਜੋ ਪਾਥਰ ਕਉ ਕਹਤੇ ਦੇਵ॥ ਤਾ ਕੀ ਬਿਰਥਾ ਹੋਵੈ ਸੇਵ॥
ਜੋ ਪਾਥਰ ਕੀ ਪਾਂਈ ਪਾਇ॥ ਤਿਸ ਦੀ ਘਾਲ ਅਜਾਂਈ ਜਾਇ॥ ਅੰਕ 1160॥
ਦੁਬਿਧਾ ਨ ਪੜਉ, ਹਰਿ ਬਿਨੁ ਹੋਰ ਨ ਪੂਜਉ,
ਮੜੈ ਮਸਾਣਿ ਨ ਜਾਈ॥ ਅੰਕ 634॥
ਗੁਰੂ ਸਾਹਿਬ ਨੇ ਬਾਣੀ ਵਿਚ ਮੜ੍ਹੀਆਂ, ਮਸਾਣਾਂ, ਕਬਰਾਂ, ਥੜ੍ਹਿਆਂ ਅਤੇ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਨੂੰ ਮੱਥੇ ਟੇਕਣ ਤੋਂ ਵਰਜਿਆ ਹੈ । ਕਿ ਇਹ ਸਭ ਮਨੁੱਖ ਦੀਆਂ ਬਣਾਈਆਂ ਹੋਈਆਂ ਚੀਜ਼ਾਂ ਹਨ। ਇਹਨਾਂ ਦਾ ਕੋਈ ਮਹੱਤਵ ਨਹੀਂ ਹੈ। ਸਾਰੇ ਸੰਸਾਰ ਦੀ ਰਚਨਾ ਅਕਾਲ ਪੁਰਖ ਨੇ ਹੀ ਕੀਤੀ ਸੀ। ਉਹ ਸਰਵ-ਵਿਆਪਕ ਹੈ। ਜਨਮ ਮਰਨ ਤੋਂ ਰਹਿਤ ਹੈ। ਅਤੇ ਉਹ ਅਜੂੰਨੀ ਹੈ। ਇਸ ਲਈ ਸਿਮਰਨ ਸਿਰਫ਼ ਉਸ ਦਾ ਹੀ ਕਰਨਾ ਚਾਹੀਦਾ ਹੈ। ਬਾਣੀ ਦੀ ਰਚਨਾ ਕਰਕੇ ਗੁਰੂ ਸਾਹਿਬਾਨ ਨੇ ਮਨੁੱਖ ਨੂੰ ਜੀਵਨ ਜਿਊਣ ਲਈ ਸੇਧ ਦਿਤੀ ਸੀ । ਯਾਦ ਰੱਖਣ ਵਾਲੀ ਗੱਲ ਤਾਂ ਇਹ ਹੈ ਕਿ ਗੁਰੂ ਦੇ ਦਰਸਾਏ ਰਸਤੇ ਤੋਂ ਭਟਕ ਕੇ ਨਾ ਤਾਂ ਮਨੁੱਖ ਸੰਸਾਰ ਵਿਚ ਕੋਈ ਮਾਣ ਪ੍ਰਾਪਤ ਕਰ ਸਕਦਾ ਹੈ ਤੇ ਨਾ ਹੀ ਨਿਰੰਕਾਰ ਦੇ ਦੇਸ਼ ਦਾ ਵਾਸੀ ਬਣ ਸਕਦਾ ਹੈ। ਜੇ ਸਿੱਖ ਬਿਪਰ ਰੀਤਾਂ ਤੋਂ ਦੂਰ ਰਹਿ ਕੇ ਗੁਰੂ ਦੇ ਹੁਕਮ ਵਿੱਚ ਤੁਰੇਗਾ ਤਾਂ ਗੁਰੂ ਵਲੋਂ ਮਾਣ ਪ੍ਰਾਪਤ ਕਰ ਸਕੇਗਾ। ਗੁਰੂ ਬਚਨ ਹੈ :-
ਜਬ ਲਗ ਖਾਲਸਾ ਰਹੈ ਨਿਆਰਾ। ਤਬ ਲਗ ਤੇਜ ਦੀਉ ਮੈਂ ਸਾਰਾ॥
ਜਬ ਇਹ ਗਹੇ ਬਿਪਰਨ ਦੀ ਰੀਤ॥ ਮੈਂ ਨ ਕਰਉਂ ਇਨਕੀ ਪ੍ਰਤੀਤ॥
ਪਰ ਅੱਜ ਸਿੱਖਾਂ ਨੇ ਆਪਣੇ ਘਰਾਂ ਅਤੇ ਖੇਤਾਂ ਵਿਚ ਮੜ੍ਹੀਆਂ, ਮਸਾਣਾਂ , ਕਬਰਾਂ ਅਤੇ ਮੱਟੀਆਂ ਅਗਿਆਤ ਬਾਬਿਆਂ ਅਤੇ ਅਖੌਤੀ ਸ਼ਹੀਦਾਂ ਦੇ ਨਾਮ ‘ਤੇ ਥਾਵਾਂ ਬਣਾ ਲਈਆਂ ਹਨ। ਅੰਮ੍ਰਿਤ ਛੱਕਣ ਵਾਲਿਆਂ ਵਲੋਂ ਵੀ ਨਿਸ਼ਾਨ-ਏ-ਖਾਲਸਾ ਦੇ ਥੜ੍ਹੇ ਨੂੰ, ਮੜ੍ਹੀਆਂ ਮਸਾਣਾਂ ਅਤੇ ਮਟੀਆਂ ਨੂੰ ਮੱਥੇ ਟੇਕੇ ਜਾ ਰਹੇ ਹਨ। ਪਰ ਸੁਖ ਦੇਣ ਵਾਲਾ ਤਾਂ ਇਕੋ ਨਿਰੰਕਾਰ ਹੈ। ਫਿਰ ਸਿੱਖ ਕਿਉਂ ਭਟਕ ਰਿਹਾ ਹੈ? ਕਿਉਂ ਗੁਰੂ ਸਾਹਿਬ ਦੇ ਹੁਕਮ ਦੀ ਉਲੰਘਣਾ ਕਰ ਰਿਹਾ ਹੈ? ਗੁਰੂ ਸਾਹਿਬ ਨੇ ਅਖੌਤੀ ਥਾਵਾਂ 'ਤੇ ਸਿੱਖ ਨੂੰ ਜਾਣ ਤੋਂ ਰੋਕਿਆ ਸੀ। ਪਰ ਅੱਜ ਸਿੱਖ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਅਖੌਤੀ ਥਾਂਵਾਂ ਮੜ੍ਹੀਆਂ, ਕਬਰਾਂ ਅਤੇ ਮੱਟੀਆਂ 'ਤੇ ਕਰ ਰਹੇ ਹਨ। ਮਨੁੱਖ ਦਾ ਮਨ ਕਾਮ, ਕੋਰਧ, ਲੋਭ, ਮੋਹ, ਹੰਕਾਰ, ਚਿੰਤਾ ਅਤੇ ਈਰਖਾ ਕਰਕੇ ਅਸ਼ਾਂਤ ਬਣਿਆ ਰਹਿੰਦਾ ਹੈ। ਮਨੁੱਖ ਲੋਭੀ ਹੈ... ਸਵਾਰਥੀ ਹੈ। ਇਸ ਕਰਕੇ ਰੋਗ, ਮੌਤ, ਬੁਢਾਪਾ ਅਤੇ ਦੁਨੀਆਵੀ ਪਦਾਰਥਾਂ ਦੇ ਲੋਭ ਵਿਚ ਕਾਰਜਾਂ ਦੀ ਸਫਲਤਾ ਅਤੇ ਸੁੱਖ ਸ਼ਾਂਤੀ ਲਈ ਦੇਵੀ-ਦੇਵਤਿਆਂ ਇੱਛਾਧਾਰੀ ਨਾਗਾਂ ਦੀ ਜਗਾ੍ਹ, ਕਬਰਾਂ ਮੜ੍ਹੀਆਂ ਅਤੇ ਥੜ੍ਹਿਆਂ ਪੁਰ ਮੱਥੇ ਰਗੜ੍ਹ ਕੇ ਅਤੇ ਸਾਧਾਂ-ਸੰਤਾਂ ਦਿਆਂ ਪੈਰਾਂ ‘ਤੇ ਸਿਰ ਸੁੱਟ ਕੇ ਲੇਲੜੀਆਂ ਕੱਢਕੇ ਗੁਰੂ ਦੇ ਹੁਕਮਾਂ ਦੀ ਅਣਦੇਖੀ ਕਰ ਰਿਹਾ ਹੈ। ਕੁਰਾਹੇ ਪਿਆ ਹੋਇਆ ਉਹ ਅਕਾਲ ਪੁਰਖ ਨਾਲੋਂ ਟੁੱਟ ਕੇ ਬਿਖਮ ਨਦੀ ਵਿਚ ਡੁੱਬ ਜਾਏਗਾ। “ਖਸਮੁ ਛੋਡਿ ਦੂਜੇ ਲਗਏ ਡੁੱਬੇ ਸੇ ਵਣਜਾਰਿਆ॥ ਅੰਕ 470॥” ਜੇ ਅੱਜ ਦਾ ਸਿੱਖ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਸਮਝਦਾ ਹੁੰਦਾ ਤਾਂ ਅਜਿਹਾ ਨਾ ਕਰਦਾ...। ਉਹ ਇਹ ਨਹੀਂ ਸਮਝਦਾ ਕਿ ਅਕਾਲ ਪੁਰਖ ਤੋਂ ਟੁੱਟ ਕੇ ਬੰਦੇ ਦੇ ਦੁੱਖਾਂ ਨੂੰ ਪੱਥਰ ਦੇ ਟੁਕੜੇ ਕਿਵੇਂ ਦੂਰ ਕਰ ਸਕਦੇ ਹਨ? ਅੱਜ ਸਿੱਖ ਦੀ ਇਹ ਹਾਲਤ ਹੈ ਕਿ ਉਹ ਗੁੁਰੂ ਨੂੰ ਤਾਂ ਮੰਨਦਾ ਹੈ ਪਰ ਉਸ ਦੀ ਬਾਣੀ ਦੇ ਹੁਕਮਾਂ ਨੂੰ ਨਹੀਂ ਮੰਨ ਰਿਹਾ ਹੈ।
***
ਮਾਣਸੁ ਭਰਿਆ ਆਣਿਆ, ਮਾਣਸੁ ਭਰਿਆ ਆਇ॥
ਜਿਤੁ ਪੀਤੈ ਮਤਿ ਦੂਰਿ ਹੋਇ, ਬਰਲੁ ਪਵੈ ਵਿਚ ਆਇ।
ਆਪਣਾ ਪਰਾਇਆ ਨ ਪਛਾਣਈ, ਖਸਮਹੁ ਧਕੇ ਖਾਇ॥
ਜਿਤੁ ਪੀਤੈ ਖਸਮੁ ਵਿਸਰੈ, ਦਰਗਹ ਮਿਲੈ ਸਜਾਇ॥
ਝੁਠਾ ਮਦੁ ਮੂਲਿ ਨ ਪੀਚਈ, ਜੇ ਕਾ ਪਾਰਿ ਵਸਾਇ॥ ਅੰਕ 554॥

ਗੁਰੂ ਸਾਹਿਬ ਨੇ ਗੁਰਬਾਣੀ ਵਿਚ ਸਿੱਖ ਨੂੰ ਵਧੀਆ ਅਤੇ ਉੱਚੇ-ਸੁੱਚੇ ਕਿਰਦਾਰ ਵਾਲਾ ਗੁਰਸਿੱਖ ਅਤੇ ਇਨਸਾਨ ਬਣਨ ਦੀ ਪ੍ਰੇਰਨਾ ਕੀਤੀ ਹੈ। ਉਹਨਾਂ ਨੇ ਗੁਰਬਾਣੀ ਵਿਚ ਸਿੱਖ ਨੂੰ ਬੜਾ ਸਖ਼ਤ ਹੁਕਮ ਕੀਤਾ ਹੈ ਕਿ ਸ਼ਰਾਬ ਨਹੀਂ ਪੀਣੀ ਇਸ ਨਾਲ ਬੁੱਧੀ ਭ੍ਰਿਸ਼ਟ ਹੋ ਜਾਂਦੀ ਹੈ। ਆਪਣਾ ਪ੍ਰਾਇਆ ਨਹੀਂ ਪਛਾਣਿਆ ਜਾਂਦਾ। ਪਰ ਅੱਜ ਗੁਰੂ ਦਾ ਸਿੱਖ ਨਸਿ਼ਆਂ ਵਿੱਚ ਗ਼ਲਤਾਨ ਹੋ ਚੁਕਿਆ ਹੈ। ਸਿੱਖਾਂ ਦੇ ਕੋਈ ਵੀ ਕਾਰਜ ਸ਼ਰਾਬ ਦੇ ਪੀਣ ਅਤੇ ਪਿਆਉਣ ਤੋਂ ਬਿਨ੍ਹਾਂ ਸੰਪੂਰਨ ਹੋਏ ਨਹੀਂ ਸਮਜੈ ਜਾ ਰਹੇ। ਨਸ਼ੇ ਤੋਂ ਬਿਨ੍ਹਾਂ ਉਹਨਾਂ ਦਾ ਸੋਸ਼ਲ ਸਟੇਟਸ ਕਾਇਮ ਨਹੀਂ ਹੋ ਰਿਹਾ। ਵਿਆਹ ਸਮੇਂ ਮੈਰਿਜ ਪੈਲਸਾਂ ਵਿਚ ਸ਼ਰਾਬ ਪਾਣੀ ਵਾਂਗ ਵਰਤਾਈ ਜਾ ਰਹੀ ਹੁੰਦੀ ਹੈ। ਸਿੱਖ ਨੌਜਵਾਨ ਹਰ ਕਿਸਮ ਦੇ ਨਸ਼ੇ ਕਰਕੇ ਆਪਣੀ ਜਿੰਦਗੀ ਅਤੇ ਘਰ ਤਬਾਹ ਕਰੀ ਜਾ ਰਹੇ ਹਨ। ਹੈਰਾਨੀ ਦੀ ਗੱਲ ਤਾਂ ਅੱਜ ਇਹ ਹੈ ਕਿ ਸਿੱਖ ਸ਼ਰਾਬ ਪੀਣ ਤੱਕ ਹੀ ਸੀਮਤ ਨਹੀਂ ਰਹੇ ਸਗੋਂ ਸ਼ਰਾਬ ਦੇ ਕਾਰੋਬਾਰ ਵੀ ਉਹਨਾਂ ਸ਼ੁਰੂ ਕਰ ਲਏ ਹਨ। ਠੇਕਿਆਂ ਦੇ ਮਾਲਕ ਹਨ ਅਤੇ ਉਹਨਾਂ ਸ਼ਰਾਬ ਦੀਆਂ ਮਿੱਲਾਂ ਵੀ ਲਗਾ ਲਈਆਂ ਹਨ। ਇਸ ਤਰਾਂ੍ਹ ਇਥੇ ਵੀ ਸਿੱਖਾਂ ਵਲੋਂ ਗੁਰੂ ਸਾਹਿਬ ਦੇ ਹੁਕਮ ਨੂੰ ਪਿੱਠ ਦਿਖਾਈ ਜਾ ਰਹੀ ਹੈ।
***
ਤੀਰਥਿ ਨਾਵਣ ਜਾਉ ਤੀਰਥੁ ਨਾਮ ਹੈ॥
ਤੀਰਥੁ ਸਬਦ ਬੀਚਾਰ ਅੰਤਰਿ ਗਿਆਨੁ ਹੈ॥ਅੰਕ 687॥
ਮਨਿ ਮੈਲੇ ਸਭੁ ਕਿਛੁ ਮੈਲਾ,
ਤਨਿ ਧੋਤੈ ਮਨੁ ਹਛਾ ਨ ਹੋਇ॥ਅੰਕ 558॥

ਗੁਰੂ ਸਾਹਿਬ ਨੇ ਤੀਰਥਾਂ ਤੇ ਨਹਾਉਣ ਨੂੰ ਪਾਖੰਡ ਦੱਸਿਆ ਸੀ। ਉਹਨਾ ਨੇ ਪਵਿੱਤਰ ਹੁਕਮ ਕੀਤੇ ਸਨ ਕਿ ਬਾਹਰੀ ਸਰੀਰ ਦੇ ਧੋਣ ਨਾਲ ਅੰਦਰਲੀ ਮੈਲ ਦੂਰ ਨਹੀਂ ਹੋ ਸਕਦੀ। “ਸੋਚਿ ਕਰੇ ਦਿਨਸ ਅਰ ਰਾਤਿ॥ ਮਨਿ ਕੀ ਮੈਲ ਨ ਤਨਿ ਤੇ ਜਾਤ॥” ਸੁਖਮਨੀ ਸਾਹਿਬ॥
ਸਾਨੂੰ ਸ਼ਬਦ ਗੁਰੂ ਦੀ ਵਿਚਾਰ ਕਰਕੇ ਅੰਦਰਲੀ ਮੈਲ ਨੂੰ ਦੂਰ ਕਰਨਾ ਚਾਹੀਦਾ ਹੈ। ਪਰ ਅੱਜ ਸਿੱਖ ਗੁਰੂ ਦੇ ਇਸ ਹੁਕਮ ਨੂੰ ਨਾ ਮੰਨਦੇ ਹੋਏ ਸੰਗਰਾਂਦਾਂ ਤੇ ਮੱਸਿਆ ਤੇ ਇਤਿਹਾਸਕ ਗੁਰਦੁਆਰਿਆਂ ਦੇ ਸਰੋਵਰਾਂ ਵਿਚ ਨਹਾ ਕੇ ਪਾਪ ਉਤਾਰਨ ਦਾ ਭਰਮ ਪਾਲ ਰਹੇ ਹਨ। ਕਿਸੇ ਕਾਰਜ ਦੀ ਸਿੱਧੀ ਲਈ ਗਿਆਰਾਂ ਜਾਂ ਇੱਕੀ ਮੱਸਿਆ ਨਹਾਉਣ ਦੀ ਸੁੱਖ ਵੀ ਸੁਖਦੇ ਹਨ। ਸ਼੍ਰੀ ਹਰਿਮੰਦਰ ਸਾਹਿਬ ਵਿਖੇ ਅਖੌਤੀ ਦੁੱਖ ਭੰਜਨੀ ਬੇਰੀ ਥੱਲੇ ਨਹਾਉਣ ਵਾਲਿਆਂ ਦੀ ਭੀੜ ਕੀਤੇ ਹੋਏ ਪਾਪ ਉਤਾਰਨ ਲਈ ਨਹਾਅ ਰਹੀ ਹੁੰਦੀ ਹੈ। ਸਰੋਵਰ ਬਣਾਏ ਗਏ ਸਨ ਬਾਹਰੀ ਸਰੀਰ ਦੀ ਸ਼ੁਧੀ ਵਾਸਤੇ ਅਤੇ ਸ਼ਬਦ ਵਿਚਾਰ ਕਰਕੇ ਮਨ ਸਾਫ ਕਰਨ ਲਈ ਹੁਕਮ ਕੀਤਾ ਸੀ। ਪਰ ਸਿੱਖ ਤਾਂ ਭਟਕ ਗਿਆ ਹੈ। ਸਰੋਵਰਾਂ ਵਿਚ ਚੁਭੀਆਂ ਲਾ ਕੇ ਉਹ ਸਮਝਦਾ ਹੈ ਕਿ ਉਸ ਦੇ ਜਨਮਾਂ-ਜਨਮਾਂ ਦੇ ਪਾਪ ਉਤਰ ਗਏ ਹਨ । ਜੋ ਘੋਰ ਅੰਧ-ਵਿਸ਼ਵਾਸ ਹੈ। ਇਸ ਤਰਾਂ੍ਹ ਉਹ ਗੁਰੂ ਦੇ ਹੁਕਮ ਨੂੰ ਮੰਨਣ ਤੋਂ ਇਨਕਾਰੀ ਹਨ। ਗੁਰੂ ਸਾਹਿਬ ਨੇ ਨਾਮ ਸਿਮਰਨ ਦਾ ਤੀਰਥ ਕਰਨ ਦਾ ਹੁਕਮ ਕੀਤਾ ਸੀ । ਇਸ ਤਰਾਂ੍ਹ ਕਰਨ ਨਾਲ ਹੀ ਮਨ ਦੇ ਵਿਕਾਰ ਧੋਤੇ ਜਾ ਸਕਦੇ ਹਨ। ਪਰ ਸਿੱਖ ਇਸ ਤਰਾਂ੍ਹ ਨਹੀਂ ਕਰਨਾ ਚਾਹੁੰਦਾ, ਉਹ ਤਾਂ ਪਾਖੰਡ ਕਰਕੇ ਅਤੇ ਸੁੱਖਾਂ ਸੁੱਖ ਕੇ ਦੁਨੀਆਵੀ ਪਦਾਰਥਾਂ ਦੀ ਪ੍ਰਾਪਤੀ ਲਈ ਦੌੜਾਂ ਲਗਾ ਰਿਹਾ ਹੈ।
***
ਅੱਜ ਜਣਾਂ-ਖਣਾਂ ਸੰਤ, ਬ੍ਰਹਮਗਿਆਨੀ, ਸਤਿਗੁਰ ਅਤੇ ਮਹਾਰਾਜ ਬਣਿਆ ਹੋਇਆ ਹੈ। ਪਰ ਗੁਰਬਾਣੀ ਵਿਚ ‘ਸੰਤ’ ਪਦ ਗੁਰੂ, ਅਕਾਲ ਪੁਰਖ, ਭਗਤ, ਸਿੱਖ ਅਤੇ ਠੱਗ ਵਾਸਤੇ ਕਿਹਾ ਗਿਆ ਹੈ:-
ਗਜ ਸਾਢੇ ਤੈ ਤੈ ਧੋਤੀਆ, ਤਿਹਰੇ ਪਾਇਨਿ ਤਗ॥
ਗਲੀ ਜਿਨ੍ਹਾ ਜਪਮਾਲੀਆ, ਲੋਟੇ ਹਥਿ ਨਿਬਗ॥
ਓਇ ਹਰਿ ਕੇ ਸੰਤ ਨ ਆਖੀਅਹਿ ਬਨਾਰਸਿ ਕੇ ਠਗ॥ਅੰਕ 476॥

ਅੱਜ ਦੇ ਸੰਤਾਂ 'ਤੇ ਅਨੇਕਾਂ ਦੋਸ਼ ਲੱਗ ਰਹੇ ਹਨ। ਕਈਆਂ 'ਤੇ ਅਦਾਲਤਾਂ ਵਿਚ ਕੇਸ ਚਲ ਰਹੇ ਹਨ। ਕਈ ਜੇਲ੍ਹ ਦੀ ਹਵਾ ਛੱਕ ਰਹੇ ਹਨ ਤੇ ਛੱਕ ਵੀ ਚੁੱਕੇ ਹਨ। ਸੰਤ ਲਾਲਚੀ ਵੀ ਹਨ। ਕਰਮਕਾਂਡੀ ਵੀ ਹਨ। ਸਤਿਗੁਰਾਂ ਨੇ ਸੰਤਾਂ ਅਤੇ ਬ੍ਰਹਮਗਿਆਨੀਆਂ ਦੀ ਪ੍ਰੀਭਾਸ਼ਾ ਬਾਣੀ ਵਿਚ ਕੀਤੀ ਹੈ:-
ਮਨਿ ਸਾਚਾ ਮੁਖਿ ਸਾਚਾ ਸੋਇ॥ ਅਵਰੁ ਨ ਪੇਖੈ ਏਕਸੁ ਬਿਨੁ ਕੋਇ॥
ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਇ॥ ਅੰਕ 272॥॥
ਬ੍ਰਹਮ ਗਿਆਨੀ ਉਹ ਹੀ ਹੋ ਸਕਦਾ ਹੈ, ਜਿਸ ਨੇ ਗੁਰਬਾਣੀ ਸਬੰਧੀ ਗਿਆਨ ਹਾਸਲ ਕੀਤਾ ਗਿਆ ਹੋਵੇ। ਉਸ ਦੀ ਕੋਈ ਵੱਖਰੀ ਮਾਨਤਾ ਨਹੀਂ ਹੈ। ਕਿਸੇ ਵੀ ਸੰਤ ਨੂੰ ਵੱਖਰੀ ਗੱਦੀ ਲਗਾ ਕੇ ਮੱਥੇ ਟਿਕਾਉਣ ਦੀ ਆਗਿਆ ਨਹੀਂ ਹੈ। ਤੇ ਪੰਜਾਬ ਦੀ ਧਰਤੀ ‘ਤੇ ਹਜ਼ਾਰਾਂ ਸੰਤਾਂ ਨੇ ਕਿਤੋਂ ਡਿਗਰੀ ਨਹੀਂ ਲਈ, ਨਾ ਹੀ ਕੋਈ ਐਸੀ ਯੂਨੀਵਰਸਿਟੀ ਹੀ ਹੈ ਜੋ ਸੰਤਾਂ ਨੂੰ ਡਿਗਰੀਆਂ ਪ੍ਰਦਾਨ ਕਰਦੀ ਹੋਵੇ। ਸ਼ਾਇਦ ਆਉਣ ਵਾਲੇ ਸਮੇਂ ਵਿਚ ਸਿਆਸੀ ਦਬਾਅ ਅਧੀਨ ਪੰਜਾਬ ਵਿਚ ਸੰਤਾਂ ਨੂੰ ਡਿਗਰੀਆਂ ਦੇਣ ਵਾਲੀ ਕੋਈ ਯੂਨੀਵਰਸਿਟੀ ਖੋਲ੍ਹ ਦਿਤੀ ਜਾਵੇ। ਅੱਜ ਦੇ ਕਿਸੇ ਸੰਤ ਦੇ ਅਕਾਲ ਚਲਾਣੇ ਤੋਂ ਬਾਅਦ ਉਸ ਦੇ ਡੇਰੇ ‘ਤੇ ਕਬਜ਼ਾ ਜਮਾਉਣ ਲਈ ਕਈ ਹੋਰ ਸੰਤ ਪੈਦਾ ਹੋ ਜਾਂਦੇ ਹਨ। ਡੇਰੇ ਦੀ ਜਾਇਦਾਦ ਸਾਂਭਣ ਲਈ ਫਿਰ ਸੰਤਾਂ ਵਿਚ ਝਗੜੇ ਵੀ ਚਲ ਪੈਂਦੇ ਹਨ। ਜਾਇਦਾਦਾਂ ਦੇ ਝਗੜਿਆਂ ਕਾਰਨ ਇਕ ਡੇਰੇ ਤੋਂ ਕਈ-ਕਈ ਡੇਰੇ ਬਣ ਜਾਂਦੇ ਹਨ। ਵੱਡੇ ਸੰਤਾਂ ਦੇ ਚਲਾਣੇ ਤੋਂ ਬਾਅਦ ਜੇ ਉਹਨਾਂ ਦਾ ਕੋਈ ਛੋਟੀ ਉਮਰ ਦਾ ਲੜਕਾ ਹੋਵੇ ਤਾਂ ਉਸ ਨੂੰ ਝੱਟਪੱਟ ਸੰਤ ਬਣਾ ਕੇ ਗੱਦੀ ਤੇ ਬਿਠਾਅ ਦਿਤਾ ਜਾਂਦਾ ਹੈ। ਭਾਂਵੇਂ ਉਸ ਲੜਕੇ ਨੂੰ ਗੁਰਮਤਿ ਬਾਰੇ ਕੋਈ ਸੋਝੀ ਨਾ ਹੀ ਹੋਵੇ।
ਇਸ ਤਰਾਂ੍ਹ ਕਰਕੇ ਇਹ ਅਖੌਤੀ ਸੰਤ ਗੁਰੂ ਦੇ ਹੁਕਮ ਨੂੰ ਨਹੀਂ ਮੰਨਦੇ। ਹੈਰਾਨੀ ਦੀ ਗੱਲ ਹੈ ਕਿ ਅੰਨ੍ਹੇ ਹੋਏ ਲੋਕ ਵੀ ਸੰਤਾਂ ਨੂੰ ਆਪਣਾ ਸਭ ਕੁਝ ਭੇਟ ਕਰਕੇ ਉਹਨਾਂ ਦੇ ਪੈਰਾਂ ‘ਤੇ ਸਿਰ ਧਰਦੇ ਹਨ। ਜਦੋਂ ਕਿ ਕਿਸੇ ਮਨੁੱਖ ਦੇ ਪੈਰਾਂ ‘ਤੇ ਸਿਰ ਧਰਨਾ ਅਧੀਨਗੀ ਅਤੇ ਗ਼ੁਲਾਮੀ ਦਾ ਪ੍ਰਤੀਕ ਹੈ। ਬੜੇ ਦੁੱਖ ਦੀ ਗੱਲ ਹੈ ਕਿ ਬੁਲੰਦ ਖਾਲਸਾ ਅਖੌਤੀ ਸਾਧਾਂ-ਸੰਤਾਂ ਦਾ ਗੁ਼ਲਾਮ ਹੋਇਆ ਫਿਰਦਾ ਹੈ।
****
ਜਾਤਿ ਕਾ ਗਰਬੁ ਨ ਕਰਿ, ਮੂਰਖ ਗਵਾਰਾ॥
ਇਸੁ ਗਰਬੁ ਤੇ ਚਲਹਿ, ਬਹੁਤ ਵਿਕਾਰਾ॥ ਅੰਕ 1127॥
ਜਾਤਿ ਜਨਮੁ ਨਹ ਪੂਛੀਐ ਸਚੁ ਘਰੁ ਲੇਹੁ ਬਤਾਇ॥
ਸਾ ਜਾਤਿ, ਸਾ ਪਤਿ ਹੈ ਜੇਹੇ ਕਰਮ ਕਮਾਇ॥ ਅੰਕ 1330॥

ਅੱਜ ਜਾਤਾਂ-ਪਾਤਾਂ ਦਾ ਵਿਖਾਵਾ ਵੀ ਆਮ ਹੀ ਸਿੱਖਾਂ ਵਲੋਂ ਕੀਤਾ ਜਾਂਦਾ ਹੈ। ਅੱਜ ਵੱਖ-ਵੱਖ ਜਾਤਾਂ ਦੇ ਨਾਮ ‘ਤੇ ਗੁਰਦੁਆਰਿਆਂ ਦੇ ਨਾਮ ਰੱਖੇ ਗਏ ਹਨ। ਜਾਤਾਂ ਦੇ ਨਾਮ ‘ਤੇ ਗੁਰਦੁਆਰਿਆਂ ਦਾ ਨਾਮ ਨਹੀਂ ਰੱਖਣਾ ਚਾਹੀਦਾ, ਕਿਉਂਕਿ ਹਰ ਗੁਰਦੁਆਰਾ ਵਿਚ ਸਾਂਝੀਵਾਲਤਾ ਦੇ ਪ੍ਰਤੀਕ ਗੁਰੂ ਗਰੰਥ ਸਾਹਿਬ ਜੀ ਹੀ ਪ੍ਰਕਾਸ਼ਮਾਨ ਹੁੰਦੇ ਹਨ। ਜਿਹਨਾਂ ਦੀ ਸਿੱਖਿਆ ਸਭਨਾਂ ਜਾਤਾਂ ਲਈ ਹੈ। ਅਤੇ ਬਾਣੀ ਵਿੱਚ ਜਾਤਾਂ-ਪਾਤਾਂ ਦਾ ਖੰਡਨ ਕੀਤਾ ਸੀ। ਗੁਰੂ ਸਾਹਿਬ ਨੇ ਸਰੋਵਰ ਬਣਾਏ ਸਨ ਸਭ ਜਾਤਾਂ ਦੇ ਇਕੋ ਥਾਂ ਨਹਾਅ ਕੇ ਜਾਤਾਂ ਦੇ ਗਰਭ ਨੂੰ ਦੂਰ ਕਰਨ ਲਈ ਤੇ ਪੰਗਤ ਵਿਚ ਬੈਠ ਕੇ ਲੰਗਰ ਛੱਕਣ ਦੀ ਪ੍ਰੰਪਰਾ ਵੀ ਜਾਤਪਾਤ ਨੂੰ ਨਿਕਾਰਨ ਦਾ ਉਪਰਾਲਾ ਸੀ। ਪਰ ਹਰੇਕ ਜਾਤ ਵਾਲਿਆਂ ਵਲੋਂ ਆਪਣੀ ਜਾਤ ਦੇ ਨਾਮ 'ਤੇ ਗੁਰਦੁਆਰਾ ਬਣਾ ਕੇ ਗੁਰੂ ਸਾਹਿਬ ਦੇ ਹੁਕਮ ਦੀ ਉਲੰਘਣਾ ਕੀਤੀ ਹੈ।
ਬਹੁਤ ਸਾਰੇ ਸਿੱਖ ਆਪਣੇ ਨਾਵਾਂ ਨਾਲ ਜਾਤ-ਗੋਤ ਵੀ ਲਿਖਦੇ ਹਨ। ਜਦ ਕਿ ਅਜਿਹਾ ਕਰਨਾ ਗੁਰੂ ਸਾਹਿਬ ਦੇ ਹੁਕਮਾਂ ਦਾ ਨਿਰਾਦਰ ਹੈ।
***
ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ, ਤਾਰਿਕਾ ਮੰਡਲ ਜਨਕ ਮੋਤੀ॥
ਧੂਪੁ ਮਲਆਨਲੋ ਪਵਣੁ ਚਵਰੋ ਕਰੇ ਸਗਲ ਬਨਰਾਇ ਫੂਲੰਤ ਜੋਤੀ॥
ਕੈਸੀ ਆਰਤੀ ਹੋਇ ਭਵਖੰਡਨਾ ਤੇਰੀ ਆਰਤੀ॥ਅੰਕ 663॥
ਗੁਰੂ ਨਾਨਕ ਸਾਹਿਬ ਨੇ ਗੁਰਬਾਣੀ ਵਿਚ ਆਰਤੀ ਦਾ ਖੰਡਨ ਕੀਤਾ ਸੀ। ਸਾਡੇ ਵਿਚ ਅਕਾਲ ਪੁਰਖ ਦੀ ਆਰਤੀ ਕਰਨ ਦੀ ਸਮਰੱਥਾ ਕਿਥੇ ਹੈ? ਕੁਝ ਸਮਾਂ ਪਹਿਲਾਂ ਤਾਂ ਗੁਰਦੁਆਰਿਆਂ ਵਿਚ ਦੀਵਿਆਂ ਨਾਲ ਆਰਤੀ ਕੀਤੇ ਜਾਣ ਦਾ ਰਿਵਾਜ਼ ਸੀ। ਪਰ ਹੁਣ ਦੀਵੇ ਤਾਂ ਨਹੀਂ ਬਾਲੇ ਜਾਂਦੇ ਪਰ ਆਰਤੀ ਦੇ ਸ਼ਬਦ ਪੜ੍ਹ ਕੇ ਮੰਦਰਾਂ ਵਿਚ ਹੁੰਦੀ ਆਰਤੀ ਦੀ ਰੀਸ ਕਰਕੇ ਇਹ ਦੱਸਣ ਦਾ ਯਤਨ ਕੀਤਾ ਜਾਂਦਾ ਹੈ ਕਿ ਅਸੀਂ ਬ੍ਰਾਹਮਣਵਾਦੀ ਉਹਨਾਂ ਰੀਤਾਂ ਨੂੰ ਗੁਰਦੁਆਰਿਆਂ ਵਿਚ ਲਾਗੂ ਕਰਕੇ ਹੀ ਰਹਾਂਗੇ, ਜਿਹਨਾਂ ਨੂੰ ਗੁਰੂ ਸਾਹਿਬ ਨੇ ਨਾ ਕਰਨ ਦਾ ਹੁਕਮ ਕੀਤਾ ਸੀ। ਇਸ ਤਰਾਂ੍ਹ ਗੁਰੂਆਂ ਦੇ ਹੁਕਮ ਦੇ ਵਿਰੁੱਧ ਚੱਲਣ ਵਾਲੇ ਕੀ ਗੁਰੂ ਸਾਹਿਬ ਨੂੰ ਪ੍ਰਵਾਨ ਹੋਣਗੇ?

***
ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ॥
ਬਾਣੀ ਤਾਂ ਕੱਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ॥
ਕਹਦੇ ਕਚੇ ਸੁਣਦੇ ਕਚੇ ਕਚੀ ਆਖਿ ਬਖਾਣੀ॥ਪੌੜੀ 24 ਅੰਕ 920॥
ਤੀਜੇ ਸਤਿਗੁਰ ਸ਼੍ਰੀ ਗੁਰੂ ਅਮਰਦਾਸ ਜੀ ਨੇ ਅਨੰਦ ਸਾਹਿਬ ਵਿਚ ਫੁਰਮਾਨ ਕੀਤਾ ਹੈ ਕਿ ਗੁਰੂ ਸਾਹਿਬਾਨਾਂ ਦੀ ਬਾਣੀ ਤੋਂ ਬਿਨ੍ਹਾਂ ਹੋਰ ਕਿਸੇ ਬਾਣੀ ਨੂੰ ਮਾਨਤਾ ਨਹੀਂ ਹੈ। ਗੁਰੂ ਸਾਹਿਬਾਨ ਦੇ ਮੁਖਾਰਬਿੰਦ ਚੋਂ ਉਚਰੀ ਰੂਹਾਨੀ ਬਾਣੀ ਹੀ ਬਾਣੀ ਹੈ ਤੇ ਉਸ ਤੋਂ ਇਲਾਵਾ ਹੋਰ ਸਭ ਨੂੰ ਕੱਚੀ ਬਾਣੀ ਦੱਸਿਆ ਸੀ। ਪਰ ਅੱਜ ਸਾਧ-ਬਾਬੇ ਆਪਣੇ ਦੀਵਾਨਾਂ ਵਿਚ ਧਾਰਨਾ ‘ਤੇ ਕਵਿਤਾਵਾਂ ਪੜ੍ਹਦੇ ਹਨ। ਤੇ ਕਹਿੰਦੇ ਹਨ ਕਿ ਕੱਚੀ ਪੱਕੀ ਦੇ ਚੱਕਰ ਵਿਚ ਨਹੀਂ ਪੈਣਾ ਚਾਹੀਦਾ। ਅਕਾਲ ਪੁਰਖ ਦਾ ਨਾਮ ਹੀ ਲੈਣਾ ਹੈ। ਕਿਸੇ ਤਰਾਂ੍ਹ ਲੈ ਲਈਏ। ਉਹ ਸਾਧ-ਸੰਤ ਇਹ ਆਖ ਕੇ ਆਪਣੇ ਆਪ ਨੂੰ ਸਤਿਗੁਰਾਂ ਤੋਂ ਸਿਆਣੇ ਹੋਣ ਦਾ ਵਿਖਾਵਾ ਕਰਦੇ ਹਨ। ਇਸ ਤਰਾਂ੍ਹ ਉਹ ਕਵਿਤਾਵਾਂ ਨੂੰ ਧਾਰਨਾ ਵਿੱਚ ਗਾ ਕੇ ਸੰਗਤ ਨੂੰ ਗੁਰਬਾਣੀ ਤੋਂ ਦੂਰ ਕਰਦੇ ਹਨ ਅਤੇ ਸਤਿਗੁਰਾਂ ਦੇ ਨਾਮ ‘ਤੇ ਉਹਨਾਂ ਨੂੰ ਲੁੱਟਦੇ ਹਨ। ਇੰਜ ਉਹ ਗੁਰੂ ਸਾਹਿਬ ਦੇ ਹੁਕਮ ਦੀ ਅਦੂਲੀ ਕਰਦੇ ਹਨ। ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਚ ਵੀ ਅਖੌਤੀ ਦਸਮ ਗ੍ਰੰਥ ਵਿਚੋਂ ਕਵਿਤਾਵਾਂ ਦਾ ਕੀਰਤਨ ਕਰਕੇ ਸਤਿਗੁਰਾਂ ਦੇ ਬਚਨਾ ਦਾ ਉਲੰਘਣ ਕੀਤਾ ਜਾਂਦਾ ਹੈ। ਅਜਿਹਾ ਸਭ ਕੁਝ ਹੁੰਦਿਆਂ ਵੇਖ ਕੇ ਇਸ ਤਰਾਂ੍ਹ ਪ੍ਰਤੀਤ ਹੁੰਦਾ ਹੈ ਕਿ ਰਾਗੀ, ਢਾਡੀ ਅਤੇ ਸਾਧ ਬਾਬੇ ਗੁਰੂ ਸਾਹਿਬ ਦੇ ਹੁਕਮ ਵਿਰੁੱਧ ਬਗ਼ਾਵਤ ਦਾ ਢੋਲ ਵਜਾ ਰਹੇ ਹਨ।
***
ਪਹਿਲਾ ਪਾਣੀ ਜੀਉ ਹੈ, ਜਿਤੁ ਹਰਿਆ ਸਭੁ ਕੋਇ॥ਅੰਕ 472॥
ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤੁ ਮਹਤੁ॥ਜਪੁਜੀ ਸਾਹਿਬ॥

ਪਹਿਲੀ ਪਾਤਸ਼ਾਹੀ ਨੇ ਕੁਦਰਤ ਦੀ ਮਹੱਤਤਾ ਬਾਰੇ ਬਾਣੀ ਵਿਚ ਬਹੁਤ ਕੁਝ ਦੱਸਿਆ ਹੈ ਅਤੇ ਹੁਕਮ ਕੀਤਾ ਹੈ ਕਿ ਇਸ ਨੂੰ ਪਵਿੱਤਰ ਰੱਖਿਆ ਜਾਵੇ। ਹਵਾ ਪਾਣੀ ਤੇ ਧਰਤੀ ਦੀ ਸੰਭਾਲ ਕੀਤੀ ਜਾਵੇ। ਇਸ ਬਿਨ੍ਹਾਂ ਮਨੁੱਖੀ ਜੀਵਨ ਅਸੰਭਵ ਹੈ। ਹਵਾ, ਸਰੀਰ ਲਈ ਏਨੀ ਜਰੂਰੀ ਹੈ, ਜਿਵੇਂ ਜੀਵ-ਆਤਮਾ ਲਈ ਗੁਰੂ ਦੀ ਲੋੜ ਜਰੂਰੀ ਹੈ। ਪਾਣੀ ਸਭ ਜੀਵਾਂ ਲਈ ਪਿਓ ਦੇ ਸਮਾਨ ਹੈ। ਧਰਤੀ ਸਭ ਜੀਵਾਂ ਦੀ ਵੱਡੀ ਮਾਂ ਹੈ। ਕਿਉਂਕਿ ਸਾਨੂੰ ਰਹਿਣ ਲਈ ਥਾਂ, ਜੀਵਨ ਲਈ ਭੋਜਨ ਅਤੇ ਮਰਨ ਲਈ ਵੀ ਆਪਣੀ ਗੋਦ ਵਿਚ ਲੈ ਲੈਂਦੀ ਹੈ। ਪਰ ਬੱਲੇ-ਬੱਲੇ ਸਾਡੀ ਸਿੱਖ ਕੌਮ ਦੇ ਜਿਸ ਨੇ ਕੁਦਰਤ ਨੂੰ ਸੰਭਾਲਣ ਲਈ ਗੁਰੂ ਦੇ ਹੁਕਮ ਦੀਆਂ ਧੱਜੀਆਂ ਉਡਾਅ ਦਿਤੀਆਂ ਹਨ। ਅੱਜ ਹਵਾ, ਪਾਣੀ ਤੇ ਧਰਤੀ ਨੂੰ ਗੰਦਗੀ ਵਿਚ ਬਦਲ ਦਿਤਾ ਹੈ। ਅੰਨ੍ਹੇਵਾਹ ਆਤਿਸ਼ਬਾਜ਼ੀ ਕਰਕੇ ਅਤੇ ਦਰਖ਼ਤ ਵੱਢ ਕੇ ਹਵਾ ਨੂੰ ਪ੍ਰਦੂਸ਼ਤ ਕਰ ਦਿਤਾ ਹੈ। ਕਾਰਖਾਨਿਆਂ ਦਾ ਗੰਦਾ ਪਾਣੀ ਦਰਿਆਵਾਂ ਅਤੇ ਨਦੀਆਂ ਵਿਚ ਪਾ ਕੇ ਪਾਣੀ ਪਲੀਤ ਕਰ ਦਿਤਾ ਹੈ ਤੇ ਧਰਤੀ ਨੂੰ ਰਹਿੰਦ-ਖੂੰਹਦ ਨਾਲ ਕੂੜਾਦਾਨ ਬਣਾ ਦਿਤਾ ਹੈ। ਮਨੁੱਖ ਵੱਡੀ ਕਮਾਈ ਦੀ ਲਾਲਸਾ ਵਿੱਚ ਕੁਦਰਤ ਨਾਲ ਖਿਲਵਾੜ ਕਰ ਰਿਹਾ ਹੈ। ਦਰੱਖਤਾਂ ਦੀ ਨਜ਼ਾਇਜ਼ ਕਟਾਈ ਕਰਕੇ ਵਾਤਾਵਰਨ ਤਬਾਹ ਕਰ ਰਿਹਾ ਹੈ। ਗੁਰੂ ਦਾ ਹੁਕਮ ਨਾ ਮੰਨ ਕੇ ਆਪ ਵੀ ਦੁੱਖ ਪਾ ਰਿਹਾ ਹੈ ਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਸੰਕਟ ਖੜ੍ਹਾ ਕਰ ਰਿਹਾ ਹੈ।
*****
ਗੁਰਬਾਣੀ ਵਿਚੋਂ ਗੁਰੂ ਸਾਹਿਬ ਦੁਆਰਾ ਸਿੱਖਾਂ ਨੂੰ ਕੀਤੇ ਕੁਝ ਕੁ ਹੁਕਮਾਂ ਦਾ ਹੀ ਮੈਂ ਜਿ਼ਕਰ ਕਰ ਸਕਿਆ ਹਾਂ। ਇਸ ਤੋਂ ਸਪਸ਼ਟ ਹੰੁਦਾ ਹੈ ਕਿ ਸਿੱਖ ਹੁਣ ਗੁਰੂ ਸਾਹਿਬ ਦੇ ਹੁਕਮਾਂ ਨੂੰ ਨਹੀਂ ਮੰਨਦੇ । ਇਹ ਵੀ ਸਿੱਧ ਹੁੰਦਾ ਹੈ ਕਿ ਸਿੱਖ ਆਪਣੇ ਨਿੱਜੀ ਸਵਾਰਥ, ਜੀਭ ਦੇ ਸੁਆਦ ਅਤੇ ਦਿਖਾਵੇ ਲਈ ਗੁਰੂ ਦੇ ਹਰ ਹੁਕਮ ਨੂੰ ਪਿੱਠ ਦਿਖਾਅ ਕੇ ਗੁਰਮਿਤ ਸਿਧਾਂਤਾਂ ਦੀਆਂ ਧੱਜੀਆਂ ਉਡਾਅ ਰਿਹਾ ਹੈ। ਅੱਜ ਸਿੱਖ ਦਿਖਾਵੇ ਦੇ ਤੌਰ ‘ਤੇ ਹੀ ਸਿੱਖ ਹੈ। ਪਰ ਅਮਲਾਂ ਬਾਂਝੋਂ ਇਹ ਗੁਰੂ ਦਾ ਸਿੱਖ ਨਹੀਂ ਰਿਹਾ।
ਨਾਸਾ (ਅਮਰੀਕੀ ਵਿਗਿਆਨ ਸੰਸਥਾ) ਗੁਰੂ ਗ੍ਰੰਥ ਸਾਹਿਬ ਤੋਂ ਹੁਕਮ ਅਤੇ ਸੇਧ ਲੈ ਕੇ ਆਪਣੀਆਂ ਪੁਲਾੜੀ ਖੋਜਾਂ ਕਰ ਰਹੀ ਹੈ। ਪਰ ਸਾਡੇ ਸਿੱਖ ਗੁਰੂ ਸਾਹਿਬ ਨੂੰ ਪਿੱਠ ਦੇ ਕੇ ਮਨਮਤਿ ਵਿਚ ਉਲਝੇ ਪਏ ਹਨ। ਤੇ ਗੁਰਬਾਣੀ ਸਿਧਾਂਤਾਂ ਤੋਂ ਭਟਕ ਗਏ ਹਨ। ਜੁੱਗੋ-ਜੁਗ ਅਟੱਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਨ ਹਨ… ਉਹਨਾਂ ਦਾ ਗਿਆਨ ਮਹਾਨ ਹੈ… ਮਨੁੱਖ ਲਈ ਕੀਤੇ ਉਹਨਾਂ ਦੇ ਹੁਕਮ ਮਹਾਨ ਹਨ। ਮਨੁੱਖ ਨੂੰ ਦਿਤੀ ਸੇਧ ਮਹਾਨ ਹੈ। ਪਰ ਦਿਨੋ-ਦਿਨ ਸਿੱਖ ਗੁਰੂ ਸਾਹਿਬ ਦੀ ਮਹਾਨਤਾ ਨੂੰ ਅੱਖੋਂ-ਪਰੋਖੇ ਕਰੀ ਜਾ ਰਿਹਾ ਹੈ। ਇਸ ਲਈ ਮੇਰੀ ਅਰਜ਼ੋਈ ਹੈ ਗੁਰੂ ਨਾਨਕ ਸਾਹਿਬ ਅੱਗੇ ਕਿ ਉਹ ਅੱਜ ਦੇ ਸਿੱਖਾਂ ਨੂੰ ਸਮੱਤ ਬਖਸ਼ਣ ਕਿ ਉਹਨਾਂ ਨੂੰ ਗੁਰੂ ਦਾ ਹੁਕਮ ਮੰਨਣ ਦੀ ਮਤ ਆ ਜਾਵੇ।
ਹੁਕਮਿ ਮੰਨਿਐ ਹੋਵੈ ਪਰਵਾਣੁ॥
ਤਾ ਖਸਮੈ ਕਾ ਮਹਲੁ ਪਾਇਸੀ॥
ਖਸਮੈ ਭਾਵੈ ਸੋ ਕਰੇ ਮਨਹੁ ਚਿੰਦਿਆ ਸੋ ਫਲੁ ਪਾਇਸੀ॥
ਤਾ ਦਰਗਹ ਪੈਧਾ ਜਾਇਸੀ॥ਅੰਕ 471॥

ਜੋ ਵੀ ਕੋਈ ਪ੍ਰਾਣੀ ਗੁਰੂ ਸਾਹਿਬ ਦੇ ਹੁਕਮ ਵਿਚ ਖਿੜੇ ਮੱਥੇ ਟੁਰੇਗਾ, ਦਰ ਕਬੂਲ ਹੋਵੇਗਾ ਤੇ ਮਾਲਕ ਨੂੰ ਪਾ ਲਵੇਗਾ। ਜਦੋਂ ਸਿੱੱਖ ਉਹ ਕਰਮ ਕਰੇਗਾ, ਜੋ ਗੁਰੂ ਨੂੰ ਚੰਗੇ ਲਗਦੇ ਹਨ ਤਾਂ ਇਥੇ ਹੀ ਨਹੀਂ ਦਰਗਹ ਵਿਚ ਵੀ ਇੱਜ਼ਤ ਮਾਣ ਪ੍ਰਾਪਤ ਕਰੇਗਾ।
*****

ਪਿੰਡ ਮਾਨਾਂਵਾਲੀ ਡਾਕ: ਚਾਚੋਕੀ (ਫਗਵਾੜਾ)
ਮੋਬਾਇਲ: 88728-54500




.