ਸੇਖ ਫਰੀਦ ਜੀਉ ਕੀ ਬਾਣੀ
(9)
ਸਲੋਕ ਸੇਖ ਫਰੀਦ ਕੇ
ਇਹ ਸੰਸਾਰ
ਚਲੋ ਚਲੀ ਦਾ ਮੇਲਾ ਹੈ। ਮੇਲੇ ਵਿੱਚ ਜੁੜੇ ਲੋਕਾਂ
ਦੇ ਨਾਲ ਨਾਲ ਮੇਲੇ ਵਾਲਾ ਸਥਾਨ ਵੀ ਸਥਾਈ ਨਹੀਂ ਹੈ। ਇਹ ਧਰਤੀ ਅਤੇ ਇਸ ਉੱਤੇ ਕਰਤਾਰ ਦੁਆਰਾ
ਥਾਪੀਆਂ ਚਲ ਅਚਲ ਹੋਂਦਾਂ ਸਭ ਨਾਸ਼ਵਾਨ ਹਨ। ਪਰੰਤੂ ਜੋ ਪਰਮ ਪੁਰਸ਼ ਵਿਕਾਰਾਂ ਦੇ ਚਿੱਕੜ ਨਾਲ ਭਰੀ
ਸੰਸਾਰ-ਛੱਪੜੀ ਤੋਂ ਨਿਰਲੇਪ ਰਹਿ ਕੇ ਰਬ ਦੀ ਇਬਾਦਤ ਕਰਦਿਆਂ ਜੀਵਨ ਬਿਤੀਤ ਕਰਦੇ ਹਨ, ਉਹ ਇਸ ਫ਼ਾਨੀ
ਦੁਨੀਆ ਨਾਲ ਫ਼ਨਾਹ ਨਹੀਂ ਹੁੰਦੇ ਅਰਥਾਤ ਉਨ੍ਹਾਂ ਦੀਆਂ ਆਤਮਾਵਾਂ ਪਰਮਾਤਮਾ ਨਾਲ ਇਕ-ਮਿਕ ਹੋ ਕੇ
ਸਦੀਵਤਾ ਹਾਸਿਲ ਕਰ ਲੈਂਦੀਆਂ ਹਨ। ਫ਼ਰੀਦ ਜੀ ਦਾ ਫ਼ੁਰਮਾਨ ਹੈ:-
ਚਲਿ ਚਲਿ ਗਈਆਂ ਪੰਖੀਆਂ ਜਿਨੀ ਵਸਾਏ ਤਲ॥
ਫਰੀਦਾ ਸਰੁ ਭਰਿਆ ਭੀ ਚਲਸੀ ਥਕੇ ਕਵਲ ਇਕਲ॥ ੬੬॥
ਸ਼ਬਦ ਅਰਥ:- ਚਲ ਚਲ ਗਈਆਂ: ਜੀਵਨ ਭੋਗ ਕੇ ਇਸ ਧਰਤੀ ਤੋਂ ਵਿਦਾ ਹੁੰਦੇ
ਗਏ। ਪੰਖੀਆਂ: ਮਨੁੱਖਾਂ ਦੇ ਪੂਰ।
ਤਲ: (ਸੰਸਾਰ ਰੂਪੀ) ਤਾਲਾਬ। ਸਰੁ: ਤਾਲਾਬ। ਚਲਸੀ: ਚਲਾ ਜਾਵੇਗਾ, ਨਸ਼ਟ ਹੋ
ਜਾਵੇ ਗਾ।।
ਥਕੇ: ਰਹਿ ਜਾਣਗੇ। ਕਵਲ: ਸਰੀਰ ਦਾ ਸੂਖਮ ਤੱਤ, ਪਾਕ ਰੂਹਾਂ, ਪਵਿਤ੍ਰ
ਆਤਮਾਵਾਂ। ਇਕਲ: ਇਕੱਲੇ।
ਭਾਵ ਅਰਥ:- ਫ਼ਰੀਦ! ਸਾਰੇ ਦੁਨੀਦਾਰ, ਜਿਨ੍ਹਾਂ ਕਰਕੇ ਇਹ ਸੰਸਾਰ-ਮੇਲਾ
ਜੁੜਦਾ ਹੈ, ਵਾਰੋ ਵਾਰੀ ਇਸ ਮੇਲੇ ਨੂੰ ਛੱਡ ਜਾਂਦੇ ਹਨ। ਪਰਲੋ/ਕਿਆਮਤ ਦੇ ਦਿਨ ਮੇਲੇ ਵਾਲਾ ਸਥਾਨ
ਵੀ ਨਹੀਂ ਰਹਿਣਾ! ਜੇ ਕੋਈ ਸੂਖ਼ਮ ਹੋਂਦ ਬਚੇ ਗੀ ਤਾਂ ਉਹ ਹੈ ਪਰਮਾਰਥੀ ਰੂਹਾਂ। ਪ੍ਰਭੂ-ਭਗਤੀ ਨਾਲ
ਪਵਿਤ੍ਰ ਹੋਈਆਂ ਆਤਮਤਵਾਂ ਅਮਰਾ-ਪਦ ਪ੍ਰਾਪਤ ਕਰ ਲੈਂਦੀਆਂ ਹਨ।
ਫ਼ਰੀਦ ਜੀ, ਮਹਿਲ ਮਾੜੀਆਂ ਵਿੱਚ ਗੁਜ਼ਾਰੇ ਆਰਾਮਦੇਹ, ਉਪੱਦਰ-ਰਹਿਤ ਤੇ ਰੰਗ
ਰਲੀਆਂ ਵਾਲੇ ਜੀਵਨ ਦੇ ਮੁਕਾਬਲੇ, ਮੌਤ-ਉਪਰੰਤ ਹੋਣ ਵਾਲੀ ਸਰੀਰ ਦੀ ਤਰਸਯੋਗ ਡਰਾਉਣੀ ਹਾਲਤ ਦਾ
ਬਿਆਨ ਨਿਮਨ ਲਿਖਤ ਸ਼ਲੋਕ ਵਿੱਚ ਕਰਦੇ ਹਨ:-
ਫਰੀਦਾ ਇਟ ਸਿਰਾਣੇ ਭੁਇ ਸਵਣੁ ਕੀੜਾ ਲੜਿਓ ਮਾਸਿ॥
ਕੇਤੜਿਆ ਜੁਗ ਵਾਪਰੇ ਇਕਤੁ ਪਇਆ ਪਾਸਿ॥ ੬੭॥
ਸ਼ਬਦ ਅਰਥ:- ਇਟ ਸਿਰਾਣੇ: ਸਖ਼ਤ ਜ਼ਮੀਨ ਦਾ ਸਿਰ੍ਹਾਣਾ।
ਭੁਇ: ਧਰਤੀ। ਭੁਇ ਸਵਣੁ: ਕਬਰ ਅੰਦਰ ਠੋਸ ਧਰਤੀ ਦਾ ਬਿਸਤਰ।
ਕੀੜਾ ਲੜਿਓ ਮਾਸਿ: ਧਰਤੀ ਦੇ ਕੀੜੇ ਸਰੀਰ ਨੂੰ ਟੁੱਕ ਟੁੱਕ ਕੇ ਖਾਂਦੇ ਹਨ।
ਕੇਤੜਿਆ ਜੁਗ ਵਾਪਰੇ: ਇਸ ਤਰਸਯੋਗ ਹਾਲਤ ਵਿੱਚ ਪਤਾ ਨਹੀਂ ਕਿਤਨਾ ਕੁ ਸਮਾਂ ਬੀਤੇ ਗਾ।
ਇਕਤੁ ਪਇਆ ਪਾਸਿ: ਇੱਕੋ ਪਾਸੇ ਪਿਆਂ, ਬਿਨਾਂ ਪਾਸਾ ਪਰਤਿਆਂ।
ਭਾਵ ਅਰਥ:- ਫ਼ਰੀਦ! ਮਰਨ ਉਪਰੰਤ ਮਨੁੱਖ ਧਰਤੀ ਹੇਠ ਕਬਰ ਵਿੱਚ ਸਦਾ ਦੀ
ਨੀਂਦ ਸੁੱਤਾ ਹੋਵੇਗਾ। ਸਿਰ ਹੇਠ ਆਰਾਮਦੇਹ ਨਰਮ ਸਿਰ੍ਹਾਣੇ ਦੀ ਬਜਾਏ ਇੱਟ ਵਾਂਗ ਸਖ਼ਤ ਮਿੱਟੀ ਦਾ
ਸਹਾਰਾ ਹੋਵੇਗਾ, ਮਹਿਲ-ਮਾੜੀਆਂ ਵਾਲੇ ਗੁਦਗੁਦੇ ਸੁਖਾਵੇਂ ਬਿਸਤਰ ਦੀ ਜਗ੍ਹਾ ਧਰਤੀ ਹੇਠ ਮਿੱਟੀ ਦੇ
ਕਠੋਰ ਬਿਸਤਰੇ ਉੱਤੇ ਲੇਟਿਆ ਹੋਵੇ ਗਾ ਅਤੇ ਮਿੱਟੀ ਦੇ ਕੀੜੇ ਸਰੀਰ ਨੂੰ ਟੁੱਕ ਟੁੱਕ ਕੇ ਖਾਣ ਗੇ।
ਇਸ ਕਰੁਣਾਜਨਕ ਡਰਾਉਣੀ ਹਾਲਤ ਵਿੱਚ ਪਤਾ ਨਹੀਂ ਕਿਤਨੇ ਕੁ ਯੁਗ ਬੀਤਣ ਗੇ!
ਫਰੀਦਾ ਭੰਨੀ ਘੜੀ ਸਵੰਨਵੀ ਟੁਟੀ ਨਾਗਰ ਲਜੁ॥
ਅਜਰਾਈਲੁ ਫਰੇਸਤਾ ਕੈ ਘਰਿ ਨਾਠੀ ਅਜੁ॥ ੬੮॥
ਸ਼ਬਦ ਅਰਥ:- ਭੰਨੀ: ਤੋੜ ਦਿੱਤੀ, ਟੁੱਟ ਗਈ। ਘੜੀ: ਜਿਸਮ, ਸਰੀਰ।
ਸਵੰਨਵੀ: ਸੁ=ਸੁੰਦਰ+ਵਰਣ=ਰੰਗ; ਸੁੰਦਰ ਰੰਗ ਵਾਲੀ, ਸੁਹਣੀ। ਨਾਗਰ: ਬਹੁਮੁੱਲੀ, ਸ੍ਰੇਸ਼ਟ। ਲਜੁ:
ਸਵਾਸਾਂ ਦੀ ਡੋਰ। ਟੁਟੀ ਨਾਗਰ ਲਜੁ: ਸਵਾਸਾਂ ਦੀ ਸੋਹਣੀ ਡੋਰੀ ਟੁੱਟ ਗਈ, ਮੌਤ ਆ ਗਈ।
ਅਜਰਾਈਲੁ: ਮੌਤ ਦੇ ਫ਼ਰਿਸ਼ਤੇ ਦਾ ਨਾਂ। ਫਰੇਸਤਾ: ਦੇਵਤਾ। ਮਲਕ ਉਲ ਮੌਤ,
ਯਮਦੂਤ।
ਕੈ ਘਰਿ: ਕਿਸ ਦੇ ਘਰ ਦਾ। ਨਾਠੀ: ਮਹਿਮਾਨ, ਪਰਾਹੁਣਾ। ਕੈ ਘਰਿ ਨਾਠੀ ਅਜੁ:
ਅੱਜ ਕਿਸ ਦੀ ਮੌਤ ਦੀ ਵਾਰੀ ਹੈ।
ਭਾਵ ਅਰਥ: ਫ਼ਰੀਦ! ਸਵਾਸਾਂ ਦੀ ਦੁਰਲੱਭ ਜੀਵਨ-ਡੋਰ ਟੁੱਟ ਜਾਣ ਨਾਲ ਇਹ
ਸੁੰਦਰ ਸਰੀਰ ਵੀ ਬਿਖਰ ਜਾਂਦਾ ਹੈ, ਨਿਰਜਿੰਦ ਹੋ ਜਾਂਦਾ ਹੈ। ਮੌਤ ਦਾ ਫ਼ਰਿਸ਼ਤਾ ਕਦੋਂ, ਕਿਸ ਦੇ ਘਰ
ਦਾ ਮਹਿਮਾਨ ਹੋਵੇਗਾ? ਇਸ ਬਾਰੇ ਕੁਛ ਨਹੀਂ ਕਿਹਾ ਜਾ ਸਕਦਾ! ਫ਼ਰੀਦ ਜੀ ਮੌਤ ਦੇ ਸੱਚ ਨੂੰ
ਦ੍ਰਿੜਾਉਂਦੇ ਹੋਏ ਸਪਸ਼ਟ ਕਰਦੇ ਹਨ ਕਿ ਮੌਤ ਦੇ ਨਿਸ਼ਚਿਤ ਸਮੇਂ ਦੀ ਭਵਿਸ਼ਬਾਣੀ
(prophecy)
ਨਹੀਂ ਹੋ ਸਕਦੀ।
ਫਰੀਦਾ ਭੰਨੀ ਘੜੀ ਸਵੰਨਵੀ ਟੂਟੀ ਨਾਗਰ ਲਜੁ॥
ਜੋ ਸਜਣ ਭੁਇ ਭਾਰੁ ਥੇ ਸੇ ਕਿਉ ਆਵਹਿ ਅਜੁ॥ ੬੯॥
ਸ਼ਬਦ ਅਰਥ: ਭੁਇ: ਧਰਤੀ ਉੱਤੇ। ਭਾਰੁ: ਬੋਝ। ਭੁਇ ਭਾਰੁ ਥੇ:
ਜੀਵਨ-ਮਨੋਰਥ ਵੱਲੋਂ ਬੇਪਰਵਾਹ ਹੋਣ ਕਾਰਣ ਧਰਤੀ `ਤੇ ਮੁਰਦਾ ਬੋਝ
(dead load)
ਸਨ।
ਕਿਉ ਆਵੈ ਅਜੁ: ਮਨੁੱਖਾ-ਜੀਵਨ ਕਿਵੇਂ ਨਸੀਬ ਹੋਵੇਗਾ, ਗ਼ਫ਼ਲਤ ਵਿੱਚ ਦੁਰਲੱਭ
ਮਾਨਵ-ਜੀਵਨ ਵਿਅਰਥ ਗਵਾਉਣ ਵਾਲਿਆਂ ਨੂੰ ਇਹ ਜੀਵਨ ਦੁਬਾਰਾ ਕਿਵੇਂ ਲੱਭੇ।
ਭਾਵ ਅਰਥ: ਫ਼ਰੀਦ! ਸਵਾਸਾਂ ਦੀ ਉੱਤਮ ਮਾਲਾ ਟੁੱਟ ਗਈ; ਇਸ ਦੇ ਟੁੱਟਣ
ਨਾਲ ਸੁੰਦਰ ਸਰੀਰ ਵੀ ਨਿਰਜਿੰਦ ਹੋ ਗਿਆ। ਜਿਹੜੇ ਲੋਕ ਹਰਿ-ਨਾਮ-ਸਿਮਰਨ ਦੇ ਜੀਵਨ-ਮਨੋਰਥ ਤੋਂ
ਗ਼ਾਫ਼ਿਲ ਹੋਣ ਕਾਰਣ ਧਰਤੀ `ਤੇ ਮੁਰਦਾ ਭਾਰ ਬਣ ਕੇ ਵਿਚਰੇ, ਉਨ੍ਹਾਂ ਨੂੰ ਇਹ ਮਨੁੱਖਾ ਜੀਵਨ ਦੁਬਾਰਾ
ਨਹੀਂ ਲੱਭਣਾ!
ਫ਼ਰੀਦ ਜੀ ਮੁਸਲਮਾਨ ਪਰਿਵਾਰ ਵਿੱਚ ਜੰਮੇ ਪਲੇ ਸਨ। ਉਨ੍ਹਾਂ ਦਾ ਮੁੱਢਲਾ
ਜੀਵਨ ਇਸਲਾਮੀ ਮਾਹੌਲ ਵਿੱਚ ਮੁਸਲਮਾਨੀ ਤੌਰ-ਤਰੀਕਿਆਂ ਨੂੰ ਅਪਣਾਉਂਦਿਆਂ ਬੀਤਿਆ। ਇਸ ਲਈ ਸੁਭਾਵਕ
ਹੀ ਉਨ੍ਹਾਂ ਦੀ ਬਾਣੀ ਵਿੱਚ ਇਸਲਾਮ ਮਤਿ ਦੀਆਂ ਕੁਛਕੁ ਰੀਤਾਂ ਦਾ ਉੱਲੇਖ ਨਜ਼ਰ ਆਉਂਦਾ ਹੈ। ਪਰੰਤੂ
ਇਸ ਦਾ ਇਹ ਮਤਲਬ ਨਹੀਂ ਲੈਣਾ ਚਾਹੀਦਾ ਕਿ ਉਨ੍ਹਾਂ ਦੇ ਧਾਰਮਿਕ ਵਿਚਾਰ ਇਸਲਾਮ ਦੇ ਮੂਲ ਨਿਯਮਾਂ ਨਾਲ
ਮਿਲਦੇ ਸਨ। ਅਲਾਹ ਦੇ ਦੀਵਾਨੇ ਫ਼ਰੀਦ ਜੀ ਅਗਲੇ ਦੋ ਸ਼ਲੋਕਾਂ ਵਿੱਚ ਰੱਬ ਦੀ ਇਬਾਦਤ ਪ੍ਰਤਿ ਹਠਧਰਮੀ
ਦਾ ਪ੍ਰਗਟਾਵਾ ਕਰਦੇ ਹਨ:-
ਫਰੀਦਾ ਬੇਨਿਵਾਜਾ ਕੁਤਿਆ ਏਹ ਨ ਭਲੀ ਰੀਤਿ॥
ਕਬ ਹੀ ਚਲਿ ਨ ਆਇਆ ਪੰਜੇ ਵਖਤ ਮਸੀਤਿ॥ ੭੦॥
ਸ਼ਬਦ ਅਰਥ:- ਬੇਨਿਵਾਜਾ: ਨਮਾਜ਼ ਨਾ ਪੜ੍ਹਣ ਵਾਲਾ, ਰਬ ਅਤੇ ਉਸ ਦੀ
ਕੁਦਰਤ ਤੋਂ ਮੁਨਕਰ ਹੋ ਕੇ ਪੂਜਾ-ਭਗਤੀ ਨਾ ਕਰਨ ਦੀ ਰੁਚੀ। ਕੁਤਿਆ: ਬੇ-ਨਮਾਜ਼ੇ ਦਾ ਜੀਵਨ ਕੁੱਤੇ ਦੇ
ਜੀਵਨ ਸਮਾਨ ਹੈ।
ਭਲੀ ਰੀਤਿ: ਨੇਕ ਤੌਰ-ਤਰੀਕਾ।
ਕਬ ਹੀ: ਕਦੇ ਵੀ।
ਭਾਵ ਅਰਥ:- ਫ਼ਰੀਦ! ਤੂੰ ਰਬ ਦੇ ਘਰਿ ਮਸਜਿਦ ਵਿੱਚ ਕਦੇ ਵੀ ਨੇਮ ਨਾਲ ਆ
ਕੇ ਇਬਾਦਤ ਕਰਨ ਦੀ ਖੇਚਲ ਨਹੀਂ ਕੀਤੀ। ਰੱਬ ਦੇ ਬੰਦੇ ਵਾਸਤੇ ਰੱਬ ਵੱਲੋਂ ਅਰੁਚੀ ਨੇਕ ਸੁਭਾਓ ਨਹੀਂ
ਹੈ। ਨਾਮ-ਸਿਮਰਨ ਤੋਂ ਬਿਨਾਂ ਤੇਰਾ ਜੀਵਨ ਕੁੱਤੇ ਦੇ ਗ਼ਲੀਜ਼ ਜੀਵਨ ਦੇ ਸਮਾਨ ਹੈ।
ਫ਼ਰੀਦ ਜੀ ਦੇ ਨਿਮਨ ਲਿਖਿਤ ਸਲੋਕ ਵਿੱਚ
“ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ
ਵਿਚਾਰੁ॥” ਦੇ ਸੰਦੇਸ਼ ਦੀ ਝਲਕ ਨਜ਼ਰ ਆਉਂਦੀ ਹੈ!
ਉਠੁ ਫਰੀਦਾ ਉਜੂ ਸਾਜਿ ਸੁਬਹ ਨਿਵਾਜ ਗੁਜਾਰਿ॥
ਜੋ ਸਿਰੁ ਸਾਂਈ ਨਾ ਨਿਵੈ ਸੋ ਸਿਰੁ ਕਪਿ ਉਤਾਰਿ॥ ੭੧॥
ਸ਼ਬਦ ਅਰਥ:- ਉਜੂ: ਅ: ਵੁਜ਼ੂ, ਦੁਆ ਕਰਨ ਤੋਂ ਪਹਿਲਾਂ ਕੀਤਾ ਜਾਂਦਾ
ਪੰਜ-ਇਸ਼ਨਾਨਾ (ਦੋ ਹੱਥ+ਦੋ ਪੈਰ+ਮੂੰਹ=ਪੰਜ)। ਉਜੂ ਸਾਜਿ: ਪੰਜ-ਇਸ਼ਨਾਨਾ ਕਰ।
ਸੁਬਹ: ਸਵੇਰੇ, ਅੰਮ੍ਰਿਤ ਵੇਲੇ। ਨਿਵਾਜ: ਨਮਾਜ਼, ਅਰਦਾਸ, ਦੁਆ, ਅਰਜ਼।
ਗੁਜਾਰਿ: ਅਦਾ ਕਰ।
ਸਾਂਈ: ਮਾਲਿਕ, ਪਰਮਾਤਮਾ। ਜੋ ਸਿਰ ਸਾਂਈ ਨਾ ਨਿਵੈ: ਜੋ ਸਿਰ ਮਾਲਿਕ ਨੂੰ
ਅੰਗੀਕਾਰ/ਪ੍ਰਣਾਮ ਨਹੀਂ ਕਰਦਾ।
ਕਪਿ ਉਤਾਰਿ: ਕੱਟ ਕੇ ਲਾਹ ਸੁੱਟ।
ਭਾਵ ਅਰਥ:- ਫ਼ਰੀਦ: (ਬੇ-ਨਮਾਜ਼ੇ ਬੰਦੇ ਦਾ ਜੀਵਨ ਕੁੱਤੇ ਦੇ ਜੀਵਨ ਵਾਂਗ
ਅਪਵਿਤ੍ਰ ਹੁੰਦਾ ਹੈ। ਨਾਮ-ਵਿਹੂਣੀ ਗ਼ਲੀਜ਼ ਜ਼ਿੰਦਗੀ ਤੋਂ ਛੁਟਕਾਰਾ ਪਾਉਣ ਵਾਸਤੇ) ਸਵੇਰੇ ਉਠ ਕੇ
ਪੰਜ-ਇਸ਼ਨਾਨਾ ਕਰਨ ਉਪਰੰਤ ਫ਼ਜਰ ਦੀ ਨਮਾਜ਼ ਪੜ੍ਹ। ਇਹ ਹਕੀਕਤ ਯਾਦ ਰੱਖ ਕਿ ਜੋ ਸਿਰ ਰੱਬ ਨੂੰ ਤਸਲੀਮ
ਨਹੀਂ ਕਰਦਾ ਉਹ ਨਿਰਾਰਥਕ ਹੈ, ਇਸ ਲਈ ਅਜਿਹੇ ਸਿਰ ਨੂੰ ਕੱਟ ਕੇ ਸੁੱਟ ਦੇ। ਦੂਸਰੀ ਤੁਕ ਦਾ
ਅੰਤ੍ਰੀਵ ਭਾਵ ਇਹ ਵੀ ਹੋ ਸਕਦਾ ਹੈ ਕਿ, ਰਬ ਨੂੰ ਅੰਗੀਕਾਰ ਨਾ ਕਰਨ ਵਾਲੀ ਸੋਚ ਨੂੰ ਖ਼ਤਮ ਕਰ ਦੇ।
ਜੋ ਸਿਰੁ ਸਾਈ ਨਾ ਨਿਵੈ ਸੋ ਸਿਰੁ ਕੀਜੈ ਕਾਂਇ॥
ਕੁੰਨੇ ਹੇਠਿ ਜਲਾਈਐ ਬਾਲਣ ਸੰਦੈ ਥਾਇ॥ ੭੨॥
ਸ਼ਬਦ ਅਰਥ:- ਕੀਜੈ ਕਾਂਇ: ਕੀ ਕਰਨਾ ਹੈ, ਕਿਸੇ ਅਰਥ ਨਹੀਂ; ਕੱਟ ਦੇ।
ਕੁੰਨੇ: ਮਿੱਟੀ ਦੀ ਹਾਂਡੀ। ਸੰਦੈ ਥਾਇ: ਦੀ ਥਾਂ।
ਭਾਵ ਅਰਥ:- ਜੋ ਸਿਰ ਸ੍ਰਿਸ਼ਟੀ ਦੇ ਮਾਲਿਕ ਪਰਮਾਤਮਾ ਅੱਗੇ ਨਹੀਂ
ਝੁਕਦਾ, ਉਹ ਵਿਅਰਥ ਹੈ। ਅਜਿਹੇ ਸਿਰ ਨੂੰ ਕੱਟ ਕੇ ਬਾਲਣ ਦੀ ਥਾਂ ਹਾਂਡੀ ਹੇਠ ਚੁੱਲ੍ਹੇ ਵਿੱਚ ਬਾਲ
ਦੇਣਾ ਚਾਹੀਦਾ ਹੈ। ਅਰਥਾਤ ਨਾਸਤਿਕ ਸੋਚ ਨੂੰ ਸਾੜ ਦੇਣ ਵਿੱਚ ਹੀ ਭਲਾ ਹੈ।
ਫਰੀਦਾ ਕਿਥੈ ਤੈਡੇ ਮਾਪਿਆ ਜਿਨੀੑ ਤੂ ਜਣਿਓਹਿ॥
ਤੈ ਪਾਸਹੁ ਓਇ ਲਦਿ ਗਏ ਤੂੰ ਅਜੈ ਨ ਪਤੀਣੋਹਿ॥ ੭੩॥
ਸ਼ਬਦ ਅਰਥ:- ਲਦਿ ਗਏ: ਚਲੇ ਗਏ, ਮਰ ਗਏ।
ਪਤੀਣੋਹਿ: ਪਤੀਜਣਾ, ਯਕੀਨ ਕਰਨਾ। ਤੂੰ ਅਜੈ ਨ ਪਤੀਣੋਹਿ: ਤੈਨੂੰ ਮੌਤ ਦੀ
ਸੱਚਾਈ ਉੱਤੇ ਅਜੇ ਵੀ ਯਕੀਨ ਨਹੀਂ ਆਇਆ!
ਭਾਵ ਅਰਥ:- ਫ਼ਰੀਦ! ਤੈਨੂੰ ਜਨਮ ਦੇਣ ਵਾਲੇ ਤੇਰੇ ਮਾਂ ਬਾਪ ਕਿੱਥੇ ਹਨ?
ਤੇਰੀਆਂ ਨਜ਼ਰਾਂ ਦੇ ਸਾਹਮਣੇ ਉਹ ਤੈਨੂੰ ਛੱਡ ਕੇ ਚਲੇ ਗਏ (ਮਰ ਗਏ), (ਉਨ੍ਹਾਂ ਦੀ ਮੌਤ ਵੇਖ ਕੇ)
ਤੈਨੂੰ ਤੇਰੀ ਆਉਣ ਵਾਲੀ ਨਿਸ਼ਚਿਤ ਮੌਤ ਦੇ ਸੱਚ `ਤੇ ਅਜੇ ਵੀ ਯਕੀਨ ਨਹੀਂ ਆ ਰਿਹਾ! !
ਫਰੀਦਾ ਮਨੁ ਮੈਦਾਨੁ ਕਰਿ ਟੋਏ ਟਿਬੇ ਲਾਹਿ॥
ਅਗੈ ਮੂਲਿ ਨ ਆਵਸੀ ਦੋਜਕ ਸੰਦੀ ਭਾਹਿ॥ ੭੪॥
ਸ਼ਬਦ ਅਰਥ:- ਮਨੁ ਮੈਦਾਨੁ ਕਰਿ: ਮਨ ਵਿੱਚ ਸੰਤੁਲਿਤਤਾ ਤੇ ਇਕਸਾਰਤਾ
ਪੈਦਾ ਕਰ।
ਟੋਏ ਟਿਬੇ: ਭੇਦ-ਭਾਵ ਤੇ ਵਿਤਕਰੇ ਦੀ ਰੁਚੀ, ਕਿਸੇ ਨੂੰ ਬੁਰਾ ਜਾਂ ਭਲਾ
ਕਹਿਣ ਦੀ ਆਦਤ।
ਦੋਜਕ: ਨਰਕ
(hell)।
ਸੰਦੀ: ਦੀ। ਭਾਹਿ: ਅੱਗ। ਦੋਜਕ ਸੰਦੀ ਭਾਹਿ: ਨਰਕ ਦੀ ਅੱਗ; ਇੱਕ ਵਿਸ਼ਵਾਸ ਅਨੁਸਾਰ ਪਾਪੀਆਂ ਨੂੰ
ਮਰਨ ਉਪਰੰਤ ਇਸ ਅੱਗ ਵਿੱਚ ਸਾੜਿਆ ਜਾਂਦਾ ਹੈ।
ਭਾਵ ਅਰਥ:- ਫ਼ਰੀਦ! ਤੇਰੇ ਮਨ ਵਿੱਚ ਵੱਖ ਵੱਖ ਇਨਸਾਨਾਂ ਬਾਰੇ ਜੋ
ਊਚ-ਨੀਚ, ਭੇਦ-ਭਾਵ ਅਤੇ ਵਿਤਕਰੇ ਦੀ ਰੁਚੀ ਹੈ, ਉਸ ਨੂੰ ਮਨ ਵਿੱਚੋਂ ਕੱਢ ਦੇ। ਜੇ ਤੂੰ ਇਉਂ ਕਰ
ਲਿਆ ਤਾਂ ਤੂੰ ਨਰਕ ਦੀ ਅੱਗ ਵਿੱਚ ਸਾੜੇ ਜਾਣ ਦੀ ਸਜ਼ਾ ਤੋਂ ਬਚ ਜਾਵੇਂਗਾ।
ਫ਼ਰੀਦ ਜੀ ਦੇ ਉਪਰੋਕਤ ਸ਼ਲੋਕ ਵਿਚਲੇ ਖ਼ਿਆਲ ਦੀ ਪੁਸ਼ਟੀ ਕਰਨ ਦੇ ਅਤਿਰਿਕਤ ਇਸ
ਨੂੰ ਸਪਸ਼ਟਤਾ ਪ੍ਰਦਾਨ ਕਰਦਿਆਂ ਗੁਰੂ ਅਰਜਨ ਦੇਵ ਜੀ ਫ਼ੁਰਮਾਉਂਦੇ ਹਨ:
ਮਹਲਾ ੫॥ ਫਰੀਦਾ ਖਾਲਕੁ ਖਲਕ ਮਹਿ ਖਲਕ ਵਸੈ ਰਬ ਮਾਹਿ॥
ਮੰਦਾ ਕਿਸ ਨੋ ਆਖੀਐ ਜਾ ਤਿਸੁ ਬਿਨੁ ਕੋਈ ਨਾਹਿ॥ ੭੫॥
ਸ਼ਬਦ ਅਰਥ:- ਖਾਲਕੁ: ਸਿਰਜਨਹਾਰ ਕਰਤਾਰ। ਖਲਕ: ਖ਼ਲਕਤ, ਸਿਰਜਨਾ,
ਲੋਕਾਈ।
ਭਾਵ ਅਰਥ:- ਹੇ ਫ਼ਰੀਦ! ਸਿਰਜਨਹਾਰ ਆਪਣੀ ਸਿਰਜਨਾ ਵਿੱਚ ਵਿਆਪਕ ਹੈ;
ਅਤੇ ਸਿਰਜਨਾ ਇਸ ਦੇ ਸਿਰਜਨਹਾਰ ਵਿਚ, ਅਰਥਾਤ ਜੀਵ-ਆਤਮਾਵਾਂ ਪਰਮਾਤਮਾ ਦੀ ਹੀ ਅੰਸ਼ ਹਨ। ਜਦ ਸਾਰੇ
ਜੀਵਾਂ ਅੰਦਰ ਪਰਮ-ਜੋਤਿ ਪਰਮਾਤਮਤ ਦੀ ਹੀ ਜੋਤਿ ਹੈ ਤਾਂ ਫਿਰ ਕਿਸੇ ਨੂੰ ਬੁਰਾ ਕਿਵੇਂ ਕਿਹਾ ਜਾ
ਸਕਦਾ ਹੈ! !
ਫਰੀਦਾ ਜਿ ਦਿਹ ਨਾਲਾ ਕਪਿਆ ਜੇ ਗਲੁ ਕਪਹਿ ਚੁਖ॥
ਪਵਨਿ ਨ ਇਂਤੀ ਮਾਮਲੇ ਸਹਾਂ ਨ ਇਤੀ ਦੁਖ॥ ੭੬॥
ਸ਼ਬਦ ਅਰਥ:- ਜਿ: ਜਿਸ। ਦਿਹ: ਦਿਨ। ਜਿ ਦਿਹ: ਜਿਸ ਦਿਨ, ਜਨਮ ਲੈਣ
ਸਮੇਂ।
ਨਾਲਾ: ਨਾੜੂਆ
(umbilical cord)। ਕਪਿਆ: ਕੱਟਿਆ। ਨਾਲਾ
ਕਪਿਆ: ਸੰਸਾਰ ਵਿੱਚ ਲਿਆਂਦਾ ਗਿਆ, ਜ਼ਿੰਦਗੀ ਮਿਲੀ।
ਚੁਖ: ਥੋੜਾ ਜਿਹਾ।
ਭਾਵ ਅਰਥ:- ਫ਼ਰੀਦ! ਜਿਸ ਦਿਨ ਦਾਈ ਨੇ ਨਾੜੂਆ ਕੱਟ ਕੇ ਝਮੇਲਿਆਂ-ਭਰੇ
ਸੰਸਾਰ ਵਿੱਚ ਆਉਣ ਲਈ ਮੇਰੀ ਮਦਦ ਕੀਤੀ ਸੀ, ਉਸ ਦਿਨ ਜੇ ਉਹ ਥੋੜਾ ਜਿਹਾ ਗਲਾ ਹੀ ਕੱਟ ਦਿੰਦੀ ਤਾਂ
ਮੈਂ ਸੰਸਾਰਕ ਜੰਜਾਲਾਂ ਤੇ ਇਨ੍ਹਾਂ ਤੋਂ ਉਪਜੇ ਤਨ-ਮਨ ਦੇ ਦੁੱਖਾਂ-ਰੋਗਾਂ ਤੋਂ ਬਚ ਜਾਂਦਾ!
ਉਪਰ ਵਿਚਾਰੇ ਸਲੋਕ ਵਿੱਚ ਫ਼ਰੀਦ ਜੀ ਨਿਰਾਸ਼ਾਵਾਦੀ ਪ੍ਰਤੀਤ ਹੁੰਦੇ ਹਨ। ਪਰ
ਇਹ ਸੱਚ ਨਹੀਂ ਹੈ। ਪਰਮਾਰਥੀ ਪੁਰਸ਼ ਅਨਮੋਲ ਮਾਨਵ-ਜੀਵਨ ਤੋਂ ਕਦੇ ਨਿਰਾਸ਼ ਨਹੀਂ ਹੁੰਦੇ! ਮਾਂ ਔਲਾਦ
ਦੀਆਂ ਕਰਤੂਤਾਂ ਤੋਂ ਤੰਗ ਆ ਕੇ ਕਹਿੰਦੀ ਹੈ ਕਿ, ‘ਇਹੋ ਜਿਹੀ ਔਲਾਦ ਨਾਲੋਂ ਤਾਂ ਮੈਂ ਔਂਤਰੀ ਹੀ
ਚੰਗੀ ਸੀ’। ਇਸ ਦਾ ਮਤਲਬ ਇਹ ਨਹੀਂ ਹੁੰਦਾ ਕਿ ਉਹ ਬੇ-ਔਲਾਦ ਹੋਣ ਨੂੰ ਤਰਜੀਹ ਦਿੰਦੀ ਹੈ! ਉਹ ਤਾਂ
ਬੁਰੀ ਔਲਾਦ ਨੂੰ ਉਸ ਦੀਆਂ ਬੁਰਾਈਆਂ ਦਾ ਇਹਸਾਸ ਕਰਵਾਉਣ ਦਾ ਯਤਨ ਕਰ ਰਹੀ ਹੁੰਦੀ ਹੈ। ਇਸੇ ਤਰ੍ਹਾਂ
ਫ਼ਰੀਦ ਜੀ ਆਪਣੇ ਮੁਰੀਦਾਂ ਨੂੰ ਇਹ ਜਤਾਉਣਾ ਚਾਹੁੰਦੇ ਹਨ ਕਿ ਵਿਕਾਰਾਂ ਵਾਲੇ ਬਦ ਜੀਵਨ ਨਾਲੋਂ ਤਾਂ
ਮਰਨਾ ਹੀ ਚੰਗਾ ਹੈ!
ਚਬਣ ਚਲਣ ਰਤੰਨ ਸੇ ਸੁਣੀਅਰ ਬਹਿ ਗਏ॥
ਹੇੜੇ ਮੁਤੀ ਧਾਹ ਸੇ ਜਾਨੀ ਚਲਿ ਗਏ॥ ੭੭॥
ਸ਼ਬਦ ਅਰਥ:- ਚਬਣ: ਚਿੱਥਣ ਵਾਲੇ, ਦੰਦ। ਚਲਣ: ਚੱਲਣ ਦਾ ਸਾਧਨ, ਕਦਮ,
ਪੈਰ/ਲੱਤਾਂ। ਰਤੰਨ: ਵੇਖਣ ਦਾ ਜ਼ਰੀਆ ਅਰਥਾਤ ਅੱਖਾਂ। ਸੁਨੀਅਰ: ਸੁਣਨ ਦਾ ਸਾਧਨ, ਕੰਨ। ਬਹਿ ਗਏ:
ਕਮਜ਼ੋਰ/ਨਿਕੰਮੇ ਹੋ ਗਏ।
ਹੇੜੇ: ਸਰੀਰ, ਜਿਸਮ। ਮੁਤੀ: ਮਾਰੀ। ਧਾਹ: ਮੌਤ ਦੇ ਸਦਮੇ ਦਾ ਪ੍ਰਗਟਾਵਾ
ਕਰਨ ਲਈ ਕੀਤੀ ਦਰਦ-ਭਰੀ ਉੱਚੀ ਪੁਕਾਰ। ਹੇੜੇ ਮੁਤੀ ਧਾਹ: ਇੰਦ੍ਰੀਆਤਮਕ ਸ਼ਕਤੀਆਂ ਦੇ ਬੈਠ ਜਾਣ ਅਥਵਾ
ਫ਼ੇਲ੍ਹ ਹੋ ਜਾਣ ਦੇ ਦੁੱਖ ਦਾ ਪ੍ਰਗਟਾਵਾ ਕੀਤਾ।
ਜਾਨੀ: ਅਜ਼ੀਜ਼, ਪਿਆਰੀਆਂ ਇੰਦ੍ਰੀਆਂ ਤੇ ਰੂਹ ਜਿਨ੍ਹਾਂ ਸਦਕਾ ਸੰਸਾਰਕ ਸੁੱਖ
ਮਾਣ ਰਿਹਾ ਸੀ। ਚਲਿ ਗਏ: ਨਿਰਜਿੰਦ ਹੋ ਗਏ, ਸਾਥ ਛੱਡ ਗਏ।
ਭਾਵ ਅਰਥ:- ਫ਼ਰੀਦ ਜੀ ਰੋਗੀ ਨਿਤਾਣੇ ਬੁਢਾਪੇ ਅਤੇ ਇਸ ਉਪਰਾਂਤ ਆਉਣ
ਵਾਲੀ ਮੌਤ ਦਾ ਭਿਆਣਕ ਦ੍ਰਿਸ਼ ਚਿਤ੍ਰਦੇ ਹੋਏ ਲਿਖਦੇ ਹਨ ਕਿ ਉਮਰ ਦੇ ਬੀਤਣ ਨਾਲ ਸਰੀਰ ਨੂੰ ਸੁਆਦ
ਦੇਣ ਵਾਲੀਆਂ ਕਰਮ-ਇੰਦ੍ਰੀਆਂ, ਦੰਦ, ਹੱਥ-ਪੈਰ, ਅੱਖਾਂ ਅਤੇ ਕੰਨ ਆਦਿਕ ਕਮਜ਼ੋਰ ਹੁੰਦੇ ਹੁੰਦੇ ਅੰਤ
ਨੂੰ ਕੰਮ ਕਰਨੋਂ ਜਵਾਬ ਦੇ ਗਏ। ਸੁੱਖਾਂ-ਸੁਆਦਾਂ ਦੇ ਪਿਆਰੇ ਸਾਧਨਾਂ ਦੇ ਮਰ ਜਾਣ `ਤੇ ਸਰੀਰ ਨੇ
ਉੱਚੀ ਵਿਰਲਾਪ ਕਰਕੇ ਇਨ੍ਹਾਂ ਦੇ ਸਾਥ ਛੱਡ ਜਾਣ ਦਾ ਦੀਰਘ ਦੁੱਖ ਦਾ ਪ੍ਰਗਟਾਵਾ ਕੀਤਾ!
ਫਰੀਦਾ ਬੁਰੇ ਦਾ ਭਲਾ ਕਰਿ ਗੁਸਾ ਮਨਿ ਨ ਹਢਾਇ॥
ਦੇਹੀ ਰੋਗੁ ਨ ਲਗਈ ਪਲੈ ਸਭੁ ਕਿਛੁ ਪਾਇ॥ ੭੮॥
ਸ਼ਬਦ ਅਰਥ:- ਗੁਸਾ ਮਨਿ ਨ ਹਢਾਇ: ਮਨ ਵਿੱਚ ਕ੍ਰੋਧ ਦਾ ਵਿਕਾਰ ਨਾ ਪੈਦਾ
ਹੋਣ ਦੇ।
ਭਾਵ ਅਰਥ:- ਫ਼ਰੀਦ! ਟੋਏ ਟਿੱਬੇ ਲਾਹ ਕੇ ਮਨ ਦਾ ਸੰਤੁਲਨ
(equilibrium)
ਕਾਇਮ ਰੱਖਣ ਲਈ ਇਸ ਨੂੰ ਵਿਕਾਰਾਂ ਤੋਂ ਮੁਕਤ ਰੱਖਣਾ ਜ਼ਰੂਰੀ ਹੈ। ਇਸ ਵਾਸਤੇ, ਜੇ ਕੋਈ ਤੇਰੇ ਨਾਲ
ਬੁਰਾ ਸਲੂਕ ਕਰਦਾ ਹੈ ਤਾਂ ਇਸ ਦਾ ਗ਼ੁੱਸਾ ਕਰਨ ਦੀ ਬਜਾਏ ਤੂੰ ਉਸ ਨਾਲ ਨੇਕ ਵਰਤਾਓ ਕਰ। ਇਸ ਤਰ੍ਹਾਂ
ਕਰਨ ਨਾਲ ਤੇਰਾ ਤਨ-ਮਨ ਮਾਰੂ ਰੋਗਾਂ ਤੋਂ ਮੁਕਤ ਰਹੇ ਗਾ ਅਤੇ ਤੈਨੂੰ ਪਰਮਾਰਥੀ ਫ਼ਲਾਂ ਦੀ ਬਖ਼ਸ਼ਿਸ਼ ਵੀ
ਨਸੀਬ ਹੋਵੇਗੀ।
ਫਰੀਦਾ ਪੰਖ ਪਰਾਹੁਣੀ ਦੁਨੀ ਸੁਹਾਵਾ ਬਾਗੁ॥
ਨਉਬਤਿ ਵਜੀ ਸੁਬਹ ਸਿਉ ਚਲਣ ਕਾ ਕਰਿ ਸਾਜੁ॥ ੭੯॥
ਸ਼ਬਦ ਅਰਥ:- ਪੰਖ: ਪੰਛੀਆਂ ਦਾ ਝੁੰਡ, ਮਨੁੱਖਾਂ ਦੇ ਪੂਰ।
ਪਰਾਹੁਣੀ: ਮਹਿਮਾਨਾਂ ਦੀ ਤਰ੍ਹਾਂ ਅਸਥਾਈ, ਆਰਜ਼ੀ, ਅਨਿੱਤ।
ਦੁਨੀ: ਦੁਨੀਆ, ਸੰਸਾਰ। ਸੁਹਾਵਾ ਬਾਗ: ਸੁੰਦਰ ਬਗ਼ੀਚਾ।
ਨਉਬਤਿ: ਨਗਾਰਾ ਜੋ ਫ਼ੌਜ ਨੂੰ ਕੂਚ ਕਰਨ ਦੀ ਚਿਤਾਵਨੀ ਦਿੰਦਾ ਹੈ। ਸੁਬਹ
ਸਿਉ: ਸਵੇਰ ਵੇਲੇ, ਆਏ ਦਿਨ।
ਕਰਿ ਸਾਜੁ: ਤਿਆਰੀ ਕਰ।
ਭਾਵ ਅਰਥ:- ਫ਼ਰੀਦ! ਇਹ ਦੁਨੀਆ ਇੱਕ ਰਮਣੀਕ ਤੇ ਸੁਹਣਾ ਬਾਗ਼ ਹੈ, ਜਿਸ
ਵਿੱਚ ਮਨੁੱਖਾਂ ਦੇ ਪੂਰ, ਬਾਗ਼ ਵਿੱਚ ਪੰਛੀਆਂ ਦੇ ਝੁੰਡਾਂ ਵਾਂਗ, ਮਹਿਮਾਨ ਹਨ। ਹਰ ਸਵੇਰੇ, ਹਰ ਦਿਨ
ਇਸ ਸੁਹਾਵਣੇ ਬਾਗ਼ ਵਿੱਚੋਂ ਕੂਚ ਕਰਨ ਦਾ ਨਗਾਰਾ ਵਜਦਾ ਹੈ। ਤੇਰਾ ਭਲਾ ਇਸੇ ਵਿੱਚ ਹੈ ਕਿ ਤੂੰ
ਇੱਥੋਂ ਕੂਚ ਕਰਨ ਦੀ ਤਿਆਰੀ ਕਰ! ਭਾਵ, ਦੁਨਿਆਵੀ ਰੰਗ-ਰਲੀਆਂ ਦਾ ਚਸਕਾ ਛੱਡ ਕੇ ਰੱਬ ਦੀ ਬੰਦਗੀ
ਵੱਲ ਧਿਆਨ ਦੇ।
ਫਰੀਦਾ ਰਾਤਿ ਕਥੂਰੀ ਵੰਡੀਐ ਸੁਤਿਆ ਮਿਲੈ ਨ ਭਾਉ॥
ਜਿੰਨਾੑ ਨੈਣ ਨੀਦ੍ਰਾਵਲੇ ਤਿੰਨਾੑ ਮਿਲਣੁ ਕੁਆਉ॥ ੮੦॥
ਸ਼ਬਦ ਅਰਥ:- ਰਾਤਿ: ਜੀਵਨ-ਕਾਲ ਵਿਚ, ਜ਼ਿੰਦਗੀ ਦੌਰਾਨ।
ਕਥੂਰੀ: ਕਸਤੂਰੀ; ਕਸਤੂਰੀ ਆਪਣੇ ਕੀਮੀਆਈ ਗੁਣ ਕਾਰਣ ਕਈ ਰੋਗਾਂ ਦੇ ਇਲਾਜ
ਵਾਸਤੇ ਕਾਰਗਰ ਸਮਝੀ ਜਾਂਦੀ ਹੈ। ਹਰਿ-ਨਾਮ-ਸਿਮਰਨ ਦੀ ਦੈਵੀ ਸੁਗੰਧੀ, ਜੋ ਮਾਨਸਿਕ ਰੋਗਾਂ ਦੀ ਔਖਧੀ
ਹੈ।
ਸੁਤਿਆ: ਰੱਬ ਪ੍ਰਤਿ ਫ਼ਰਜ਼ ਵੱਲੋਂ ਗ਼ਫ਼ਲਤ ਦੀ ਨੀਂਦ, ਅਗਿਆਨਤਾ ਦੀ ਨੀਂਦ ਵਿੱਚ
ਮਸਤ।
ਭਾਉ: ਹਿੱਸਾ। ਜਿਨਾੑ ਨੈਣ ਨਿੰਦਰਾਵਲੇ: ਜੋ ਇਸ ਜੀਵਨ ਵਿੱਚ ਰੱਬ ਵੱਲੋਂ
ਅਣਗਹਿਲ ਰਹਿੰਦੇ ਹਨ।
ਕੁਆਉ: ਕਿਵੇਂ।
ਭਾਵ ਅਰਥ:- ਫ਼ਰੀਦ! ਮਨੁੱਖਾ ਜੀਵਨ ਦੀ ਅਵਧੀ ਵਿੱਚ ਮਾਨਵ ਨੂੰ ਰੱਬ
ਵੱਲੋਂ ਬਖ਼ਸ਼ੀ ਨਾਮ-ਸਿਮਰਨ ਦੀ ਕਲਿਆਣਕਾਰੀ ਕਸਤੂਰੀ ਦਾ ਲਾਭ ਉਠਾਉਣ ਦਾ ਸੁਨਹਿਰੀ ਮੌਕਾ ਮਿਲਦਾ ਹੈ।
ਪਰੰਤੂ ਜਿਹੜੇ ਮਨੁੱਖ ਦੁਨਿਆਵੀ ਮੌਜਾਂ ਦੇ ਨਸ਼ੇ ਵਿੱਚ ਮਸਤ ਰਹਿੰਦੇ ਹਨ, ਉਨ੍ਹਾਂ ਨੂੰ ਇਹ ਦੈਵੀ
ਦਾਤ ਕਿਵੇਂ ਮਿਲ ਸਕਦੀ ਹੈ? ਉਹ ਇਸ ਕੀਮੀਆਈ ਕਸਤੂਰੀ ਤੋਂ ਵਾਂਜਿਆਂ ਰਹਿ ਜਾਂਦੇ ਹਨ ਤੇ ਐਥੇ ਓਥੇ
ਨਰਕ ਭੋਗਦੇ ਹਨ।
ਚਲਦਾ-------
ਗੁਰਇੰਦਰ ਸਿੰਘ ਪਾਲ
ਮਈ
06, 2012.