.

ਸੇਖ ਫਰੀਦ ਜੀਉ ਕੀ ਬਾਣੀ

(10)

ਸਲੋਕ ਸੇਖ ਫਰੀਦ ਕੇ

ਪਰਮਾਰਥੀ ਪੁਰਸ਼ ਸੁਆਰਥੀ ਨਹੀਂ ਹੁੰਦੇ। ਉਹ, ਪਰ ਮਨ ਨੂੰ ਨਿਜ ਮਨ ਸਮਝਦੇ ਹੋਏ, ਦੂਸਰਿਆਂ ਦੇ ਦੁੱਖ ਵੀ ਅਨੁਭਵ ਕਰਦੇ ਹਨ। ਫ਼ਰੀਦ ਜੀ ਇਸ ਮਾਨਵਵਾਦੀ ਨੇਕ ਅਨੁਭਵਤਾ ਦਾ ਪ੍ਰਗਟਾਵਾ ਹੇਠ ਲਿਖੇ ਸਲੋਕ ਵਿੱਚ ਕਰਦੇ ਹਨ:-

ਫਰੀਦਾ ਮੈ ਜਾਨਿਆ ਦੁਖੁ ਮੁਝ ਕੁ ਦੁਖੁ ਸਬਾਇਐ ਜਗਿ॥

ਊਚੇ ਚੜਿ ਕੈ ਦੇਖਿਆ ਤਾਂ ਘਰਿ ਘਰਿ ਏਹਾ ਅਗਿ॥ ੮੧॥

ਸ਼ਬਦ ਅਰਥ:- ਸਬਾਇਆ: ਸਾਰੇ ਦਾ ਸਾਰਾ, ਬਿਨਾਂ ਕਿਸੇ ਅਪਵਾਦ/ਵਿਵਰਜਨ (exception) ਦੇ।

ਊਚੇ ਚੜਿ ਕੈ: ਉਚੇਰੀ ਤੇ ਪਰਮਾਰਥੀ ਸੋਚ ਨਾਲ।

ਅਗਿ: ਦੁੱਖਾਂ-ਸੰਤਾਪਾਂ ਦੀ ਅੱਗ।

ਭਾਵ ਅਰਥ:- ਫ਼ਰੀਦ! (ਸਵਾਰਥ ਦੇ ਅਸਰ ਹੇਠ) ਮੈਂ ਤਾਂ ਇਹੋ ਸਮਝਦਾ ਸਾਂ ਕਿ ਇਸ ਸੰਸਾਰ ਵਿੱਚ ਕੇਵਲ ਮੈਂ ਹੀ ਦੁਖੀ ਹਾਂ! ਪਰੰਤੂ ਜਦ ਮੈਂ ਵਿਤਕਰੇ ਵਾਲੀ ਸੁਆਰਥੀ ਸੋਚ ਤੋਂ ਉਚੇਰੇ ਉੱਠ ਕੇ ਦੇਖਿਆ/ਵਿਚਾਰਿਆ ਤਾਂ ਗਿਆਨ ਹੋਇਆ ਕਿ ਦੁਨੀਆ ਦਾ ਹਰ ਸ਼ਖ਼ਸ ਕਿਸੇ ਨਾ ਕਿਸੇ ਕਸ਼ਟ ਵਿੱਚ ਗ੍ਰਸਤ ਹੈ! ਇਸ ਸਲੋਕ ਦਾ ਸਰਲ ਭਾਵ ਇਹ ਹੈ ਕਿ ਹਰ ਇਨਸਾਨ (ਵਿਕਾਰੀ ਸ਼ੂਲਾਂ ਨਾਲ ਵਲੂੰਧਰਿਆ ਹੋਣ ਕਾਰਣ) ਦੁਖੀ ਹੈ।

ਮਹਲਾ ੫॥ ਫਰੀਦਾ ਭੂਮਿ ਰੰਗਾਵਲੀ ਮੰਝਿ ਵਿਸੂਲਾ ਬਾਗ॥

ਜੋ ਜਨ ਪੀਰ ਨਿਵਾਜਿਆ ਤਿੰਨਾ ਅੰਚ ਨ ਲਾਗ॥ ੮੨॥

ਸ਼ਬਦ ਅਰਥ:- ਭੂਮਿ: ਜੀਵਾਂ ਦਾ ਨਿਵਾਸ-ਸਥਾਨ, ਇਹ ਧਰਤੀ। ਰੰਗਾਵਲੀ: ਇੰਦ੍ਰੀਆਤਮਿਕ ਖ਼ੁਸ਼ੀਆਂ ਦੇਣ ਵਾਲੇ ਖੇਡ-ਤਮਾਸ਼ਿਆਂ ਵਾਲੀ। ਮੰਝ: ਵਿਚ। ਵਿਸੂਲਾ: ਬਿਖ-ਭਰਿਆ; ਵਿ+ਸੂਲਾ: ਸ਼ੂਲਾਂ/ਕੰਡਿਆਂ ਦੀ ਚੋਭ ਵਾਂਗ ਕਸ਼ਟ ਦੇਣ ਵਾਲਾ।

ਪੀਰ: ਗੁਰੂ। ਨਿਵਾਜਿਆ: ਬਖ਼ਸ਼ਿਆ। ਪੀਰ ਨਿਵਾਜਿਆ: ਜਿਸ ਉੱਤੇ ਗੁਰੂ ਦੀ ਕ੍ਰਿਪਾ ਹੋਈ ਹੈ। ਅੰਚ: ਆਂਚ, ਸੇਕ, ਦੁਖ-ਸੰਤਾਪ, ਰਗੜ, ਝਰੀਟ (bruise)

ਭਾਵ ਅਰਥ:- ਹੇ ਫ਼ਰੀਦ! ਰੰਗ ਤਾਮਾਸ਼ਿਆਂ ਵਾਲੀ ਇਹ ਧਰਤੀ ਕੰਡਿਆਲੀ ਬਾੜੀ ਦੇ ਸਮਾਨ ਹੈ। ਜਿਸ ਵਿਅਕਤੀ ਉੱਤੇ ਪੀਰ (ਗੁਰੂ) ਦੀ ਬਖ਼ਸ਼ਿਸ਼ ਹੋ ਜਾਵੇ, ਉਸ ਦੇ ਆਪੇ ਨੂੰ ਇਨ੍ਹਾਂ ਕੰਡਿਆਂ ਦੀ ਝਰੀਟ ਤਕ ਨਹੀਂ ਲੱਗਦੀ। ਭਾਵ ਉਹ ਵਿਕਾਰੀ ਜਗਤ ਤੋਂ ਨਿਰਲੇਪ ਰਹਿੰਦੇ ਹਨ ਅਤੇ ਪਦਾਰਥਕ ਰੁਚੀਆਂ ਕਾਰਣ ਉਪਜਦੇ ਕਸ਼ਟ ਨਹੀਂ ਪਾਉਂਦੇ।

ਮਹਲਾ ੫॥ ਫਰੀਦਾ ਉਮਰ ਸੁਹਾਵੜੀ ਸੰਗਿ ਸੁਵੰਨੜੀ ਦੇਹ॥

ਵਿਰਲੇ ਕੇਈ ਪਾਈਅਨਿ ਜਿੰਨਾ ਪਿਆਰੇ ਨੇਹ॥ ੮੩॥

ਸ਼ਬਦ ਅਰਥ:- ਉਮਰ: ਉਹ ਵਕਤ ਜਦ ਰੂਹ ਤੇ ਜਿਸਮ ਇਕੱਠੇ ਰਹਿੰਦੇ ਹਨ, ਜੀਵਨ-ਕਾਲ, ਹਯਾਤੀ। ਸੁਹਾਵੜੀ: ਸੰਸਾਰਕ ਸੁੱਖ ਦੇਣ ਵਾਲੀ।

ਸੁਵੰਨੜੀ: ਸੁ=ਸੁੰਦਰ+ਵਰਣ=ਰੰਗ, ਸੁੰਦਰ ਰੰਗ ਵਾਲੀ, ਸੋਹਣੀ।

ਪਾਈਅਨਿ: ਪਾਇਆ, ਹਾਸਿਲ ਕੀਤਾ।

ਭਾਵ ਅਰਥ:- ਹੇ ਫ਼ਰੀਦ! {ਜਿਨ੍ਹਾਂ ਇਨਸਾਨਾਂ ਉੱਤੇ ਪੀਰ ਦੀ ਨਿਵਾਜ਼ਿਸ਼ (ਗੁਰੂ-ਕ੍ਰਿਪਾ) ਹੁੰਦੀ ਹੈ ਉਨ੍ਹਾਂ ਦੀ} ਉਮਰ (ਆਤਮਾ ਤੇ ਸਰੀਰ ਦੇ ਸੁਮੇਲ ਦੀ ਅਵਧੀ) ਸੁੱਖਾਂ ਵਾਲੀ ਹੁੰਦੀ ਹੈ। ਇਨ੍ਹਾਂ ਸੁੱਖਾਂ ਨੂੰ ਮਾਣਨ ਦਾ ਜ਼ਰੀਆ, ਆਤਮਾ ਦਾ ਕੱਜਣ, ਮਨੁੱਖ ਦਾ ਸੋਹਣਾ ਸਰੀਰ ਹੈ। ਪਰ ਇਹ ਆਤਮ-ਆਨੰਦ ਉਨ੍ਹਾਂ ਵਿਰਲਿਆਂ ਨੂੰ ਹੀ ਨਸੀਬ ਹੁੰਦਾ ਹੈ ਜੋ ਪਿਆਰੇ ਪਰਮਾਤਮਾ ਨਾਲ ਸੱਚਾ ਸਨੇਹ ਕਰਦੇ ਹਨ।

ਸ਼ਲੋਕ ਨੰ: ੮੪, ੮੫, ੮੬ ਅਤੇ ੯੬ ਦਾ ਆਪਸੀ ਸੰਬੰਧ ਪ੍ਰਤੀਤ ਹੁੰਦਾ ਹੈ। ਇਨ੍ਹਾਂ ਸਲੋਕਾਂ ਵਿੱਚ ਕੰਧੀ, ਵਹਿਣ, ਬੇੜਾ, ਪਾਤਣੀ, ਕਪਰ ਅਤੇ ਕੰਧੀ ਉੱਤੇ ਰੁੱਖੜਾ ਆਦਿ ਰੂਪਕ ਵਰਤ ਕੇ ਫ਼ਰੀਦ ਜੀ ਮਨੁੱਖਾ ਜੀਵਨ ਦੇ ਅਤਿ ਸੂਖਮ ਤੇ ਰਹੱਸਮਈ ਖ਼ਿਆਲ ਪ੍ਰਗਟਾਉਂਦੇ ਹਨ।

ਕੰਧੀ ਵਹਣ ਨ ਢਾਹਿ ਤਉ ਭੀ ਲੇਖਾ ਦੇਵਣਾ॥

ਜਿਧਰਿ ਰਬ ਰਜਾਇ ਵਹਣ ਤਿਦਾਊ ਗਉ ਕਰੇ॥ ੮੪॥

ਸ਼ਬਦ ਅਰਥ:- ਕੰਧੀ: ਕਿਨਾਰਾ, ਜੀਵਨ-ਨਦੀ ਦਾ ਦੂਸਰਾ ਕੰਢਾ ਅਰਥਾਤ ਮੌਤ। ਵਹਣ: ਪਾਣੀ ਦਾ ਰੋੜ੍ਹ, ਤੇਜ਼ ਵਹਾਓ, ਉਮਰ ਨੂੰ ਢਾਹ ਲਾਉਣ ਵਾਲਾ ਵਕਤ ਦਾ ਵਹਿਣ।

ਗਉ ਕਰੇ: ਗਮਨ ਕਰੇ, ਜਾਣਾ ਚਾਹੀਦਾ ਹੈ।।

ਭਾਵ ਅਰਥ:- ਹੇ ਵਹਿਣ! ਤੂੰ ਆਪਣੇ ਰੋੜ੍ਹ ਨਾਲ ਕਿਨਾਰਿਆਂ ਨੂੰ ਢਾਹ ਨਾ ਲਾ। (ਕਿਉਂਕਿ ਤੇਰੇ ਰੋੜ੍ਹ ਦੀ ਮਾਰ ਸਦਕਾ ਕਿਨਾਰੇ ਉੱਤੇ ਜੋ ਰੁੱਖੜੇ ਹਨ, ਉਨ੍ਹਾਂ ਦਾ ਵਿਨਾਸ਼ ਹੁੰਦਾ ਹੈ।) ਕੰਧੀ ਉੱਤੇ ਰੁੱਖੜਿਆਂ ਨਾਲ ਇਸ ਕੀਤੇ ਦਾ ਜਵਾਬ-ਦੇਹ ਤੈਨੂੰ ਹੋਣਾ ਪਵੇਗਾ! ਪਰੰਤੂ ਵਹਿਣ ਦੇ ਆਪਣੇ ਹੱਥ-ਵੱਸ ਕੁੱਛ ਨਹੀਂ! ਉਹ ਤਾਂ ਉਸੇ ਪਾਸੇ ਵੱਲ ਗਮਨ ਕਰਦਾ ਹੈ ਜਿਸ ਪਾਸੇ ਰੱਬ ਦਾ ਭਾਣਾ ਉਸ ਨੂੰ ਚੱਲਣ ਲਈ ਆਦੇਸ਼ ਦਿੰਦਾ ਹੈ।

ਫਰੀਦ ਡੁਖਾ ਸੇਤੀ ਦਿਹੁ ਗਇਆ ਸੂਲਾਂ ਸੇਤੀ ਰਾਤਿ॥

ਖੜਾ ਪੁਕਾਰੈ ਪਾਤਣੀ ਬੇੜਾ ਕਪਰ ਵਾਤਿ॥ ੮੫॥

ਸ਼ਬਦ ਅਰਥ:- ਡੁਖਾ: ਦੁੱਖਾਂ-ਕਲੇਸ਼ਾਂ। ਸੇਤੀ: ਸਹਿਤ, ਨਾਲ।

ਸੂਲਾਂ: ਕੰਡਿਆ ਦੀ ਚੋਭ ਦੇ ਦੁੱਖ ਵਾਂਗ ਦੁੱਖ-ਦਾਇਕ।

ਪਾਤਣੀ: ਵਹਿਣ ਦਾ ਰੁਖ ਤਾੜਣ ਦਾ ਮਾਹਿਰ, ਪੱਤਣ `ਤੇ ਬੇੜੀ ਪਹੁੰਚਾਉਣ ਵਾਲਾ, ਸਹੀ ਰਸਤਾ ਦੱਸਣ ਵਾਲਾ ਗਿਆਨੀ, ਗੁਰੂ/ਪੀਰ। ਬੇੜਾ: ਮਨੁੱਖਾ ਸਰੀਰ। ਕਪਰ: ਘੁੰਮਨਘੇਰੀ। ਵਾਤਿ: ਵਾਤ=ਮੂੰਹ; ਮੂੰਹ ਵਿਚ।

ਭਾਵ ਅਰਥ:- ਫ਼ਰੀਦ! (ਸੰਸਾਰਕ ਝਮੇਲਿਆਂ ਵਿੱਚ ਫਸੇ ਵਿਕਾਰ-ਗ੍ਰਸਤ ਮਨੁੱਖਾਂ ਦਾ) ਦਿਨ ਤਾਂ ਮਾਇਕ ਤ੍ਰਿਸ਼ਨਾ ਦੀ ਤ੍ਰਿਪਤੀ ਲਈ ਨੱਠ-ਦੌੜ ਕਰਦਿਆਂ ਦੁੱਖਾਂ-ਕਸ਼ਟਾਂ ਵਿੱਚ ਗੁਜ਼ਰਦਾ ਹੈ; ਅਤੇ ਰਾਤ ਚਿੰਤਾਵਾਂ ਦੀਆਂ ਚੋਭਾਂ ਸਹਿੰਦਿਆਂ ਬੀਤ ਜਾਂਦੀ ਹੈ। ਘੁੰਮਨਘੇਰੀ ਦੀ ਮਾਰੂ ਲਪੇਟ ਤੋਂ ਸੁਰੱਖਿਅਤ ਸਤਿਗੁਰੂ/ਕਾਮਿਲ ਪੀਰ ਵਿਕਾਰਾਂ ਦੇ ਤਬਾਹਕੁਨ ਵਹਿਣ ਤੋਂ ਸੁਚੇਤ ਕਰਦਾ ਹੋਇਆ ਚੇਤਾਵਨੀ ਦੇ ਰਿਹਾ ਹੈ ਕਿ ਤੇਰੀ ਜ਼ਿੰਦਗੀ ਦਾ ਬੇੜਾ ਸੰਸਾਰਕ ਜੰਜਾਲਾਂ ਦੀ ਘੁੰਮਨਘੇਰੀ ਦੇ ਮੂੰਹ ਵਿੱਚ ਹੈ, (ਇਸ ਤੋਂ ਬਚਣ ਦਾ ਉਪਾਓ ਕਰ)।

ਲੰਮੀ ਲੰਮੀ ਨਦੀ ਵਹੈ ਕੰਧੀ ਕੇਰੈ ਹੇਤਿ॥

ਬੇੜੇ ਨੋ ਕਪਰੁ ਕਿਆ ਕਰੇ ਜੇ ਪਾਤਣ ਰਹੈ ਸੁ ਚੇਤਿ॥ ੮੬॥

ਸ਼ਬਦ ਅਰਥ:- ਲੰਮੀ ਲੰਮੀ: ਸਦੀਵੀ, ਨਿਰੰਤਰ। ਨਦੀ: ਜੀਵਨ-ਪ੍ਰਵਾਹ, ਰੱਬ ਤੋਂ ਬੇਮੁਖ ਜ਼ਿੰਦਗੀ ਦੀ ਰੌ। ਵਹੈ: ਚਲਦੀ ਜਾ ਰਹੀ ਹੈ।

ਕੰਧੀ ਕੇਰੈ ਹੇਤਿ: ਕਿਨਾਰੇ ਨੂੰ ਢਾਹੁਣ ਲਈ।

ਸੁਚੇਤਿ: ਹੁਸ਼ਿਆਰ, ਸਾਵਧਾਨ।

ਭਾਵ ਅਰਥ:- ਸਮੇਂ ਦਾ ਸਦੀਵੀ ਰੋੜ੍ਹ ਜੀਵਨ-ਕਿਨਾਰੇ ਨੂੰ ਢਾਹ ਲਾਉਣ ਲਈ ਹਮੇਸ਼ਾ ਵਗਦਾ ਰਹਿੰਦਾ ਹੈ। ਪਰੰਤੂ ਜ਼ਿੰਦਗੀ ਦੇ ਤੇਜ਼ ਵਹਾਓ ਦੀ ਘੁੰਮਨਘੇਰੀ ਸਰੀਰ-ਬੇੜੇ ਦਾ ਕੁਛ ਨਹੀਂ ਵਿਗਾੜ ਸਕਦੀ ਜੇ ਇਸ ਬੇੜੇ ਦਾ ਪਾਤਣੀ (ਗੁਰੂ/ਪੀਰ) ਸਾਵਧਾਨ ਰਹੇ ਤਾਂ! ਮਾਰੂ ਰੋੜ੍ਹ ਬੇੜੇ ਦਾ ਕੁਛ ਨਹੀਂ ਵਿਗਾੜ ਸਕਦਾ ਜੇ ਇਸ ਬੇੜੇ ਨੂੰ ਚਲਾਉਣ ਵਾਲਾ ਉਸ (ਰੱਬ) ਨੂੰ ਸਿਮਰਦਾ ਰਹੇ! ਇਸ ਸਲੋਕ ਦਾ ਭਾਵ ਅਰਥ ਇਹ ਵੀ ਹੈ ਕਿ ਵਿਕਾਰਾਂ ਦਾ ਰੋੜ੍ਹ ਮਨੁੱਖਾ ਦੇਹ ਨੂੰ ਢਾਹ ਲਾਉਂਦਾ ਰਹਿੰਦਾ ਹੈ, ਪਰ ਵਿਕਾਰਾਂ ਦੇ ਜੰਜਾਲਾਂ ਦੀ ਘੁੰਮਨਘੇਰੀ ਉਸ ਸਰੀਰ (ਵਿਅਕਤੀ) ਦਾ ਕੁਛ ਨਹੀਂ ਵਿਗਾੜ ਸਕਦੀ ਜੇਹੜਾ ਪੂਰੇ ਗੁਰੂ ਦੀ (ਨਾਮ-ਸਿਮਰਨ ਦੀ) ਹਦਾਇਤ ਨੂੰ ਚੇਤੇ ਰੱਖਦਾ ਹੈ!

ਫਰੀਦਾ ਗਲੀ ਸੁ ਸਜਣ ਵੀਹ ਇਕੁ ਢੂੰਢੇਦੀ ਨ ਲਹਾਂ॥

ਧੁਖਾਂ ਜਿਉ ਮਾਂਲੀਹ ਕਾਰਣਿ ਤਿੰਨਾੑ ਮਾ ਪਿਰੀ॥ ੮੭॥

ਸ਼ਬਦ ਅਰਥ:- ਗਲੀ: ਨਿਰੀਆਂ ਗੱਲਾਂ ਕਰਨ ਵਾਲੇ, ਗਪੌੜ-ਸੰਖ, ਚੁੰਚ-ਗਿਆਨੀ। ਵੀਹ: ਕਈ, ਬਹੁਤ-ਬਥੇਰੇ।

ਇਕ: ਸਤਿਗੁਰੂ, ਕਾਮਿਲ ਪੀਰ। ਨ ਲਹਾਂ: ਨਹੀਂ ਲੱਭ ਰਿਹਾ।

ਧੁਖਾਂ: ਧੁਖਣਾ=ਸੁਲਗ ਸੁਲਗ ਕੇ ਸੜਣਾ। ਮਾਂਲੀਹ: ਮੇਂਗਣਾਂ। ਮਾ: ਮੇਰਾ। ਪਿਰੀ: ਪਿਆਰਾ, ਪ੍ਰੀਤਮ, ਪਰਮਾਤਮਾ।

ਭਾਵ ਅਰਥ:- ਫ਼ਰੀਦ! ਸੱਚ ਦੀ ਭਾਲ ਵਿੱਚ ਭਟਕਦਿਆਂ ਗਾਲ੍ਹੜੀ/ਬਾਤੂਨੀ ਗੁਰੂ ਤਾਂ ਕਈ ਮਿਲੇ ਪਰੰਤੂ ਇੱਕ ਸੱਚਾ ਸਤਿਗੁਰੂ, ਜਿਸ ਦੀ ਮੈਨੂੰ ਭਾਲ ਹੈ, ਉਹ ਨਹੀਂ ਮਿਲ ਰਿਹਾ। ਇਸ ਘੋਰ ਮਾਯੂਸੀ ਦੇ ਦੁੱਖ ਕਾਰਣ ਮੇਰਾ ਆਪਾ ਮੇਂਗਣਾਂ ਵਾਂਗ ਸੁਲਗ ਸੁਲਗ ਕੇ ਸੜ ਰਿਹਾ ਹੈ ਅਰਥਾਤ ਮੈਨੂੰ ਅਤਿ ਦੀ ਮਾਨਸਿਕ ਪੀੜਾ ਹੋ ਰਹੀ ਹੈ।

ਫਰੀਦਾ ਇਹੁ ਤਨੁ ਭਉਕਣਾ ਨਿਤ ਨਿਤ ਦੁਖੀਐ ਕਉਣ॥

ਕੰਨੀ ਬੂਜੇ ਦੇ ਰਹਾਂ ਕਿਤੀ ਵਗੈ ਪਉਣ॥ ੮੮॥

ਸ਼ਬਦ ਅਰਥ:- ਤਨੁ: ਜਿਸਮ, ਦੁਨੀਆ। ਭਉਕਣਾ: ਲੋਭੀ-ਲਾਲਚੀ।

ਬੁਜੈ: ਸ਼ੋਰ ਤੋਂ ਬਚਣ ਲਈ ਕੰਨਾਂ ਵਿੱਚ ਦਿੱਤੇ ਰੂੰ ਦੇ ਬੂੜੇ (ear-buds)। ਪਉਣੁ: ਸਰੀਰ ਦੀਆਂ ਦੁਨਿਆਵੀ ਮੰਗਾਂ ਦੀ ਹਵਾ।।

ਭਾਵ ਅਰਥ:- ਫ਼ਰੀਦ! ਮੇਰਾ ਇਹ ਸਰੀਰ (ਇੰਦ੍ਰੀਆਤਮਕ ਖ਼ੁਸ਼ੀਆਂ ਲਈ ਪਦਾਰਥਕ ਪ੍ਰਾਪਤੀਆਂ ਵਾਸਤੇ) ਬੜਾ ਲਾਲਚੀ ਹੋ ਗਿਆ ਹੈ। ਇਸ ਦੀ ਅਬੁਝ ਤ੍ਰਿਸ਼ਨਾ ਦੀ ਪੂਰਤੀ ਖ਼ਾਤਿਰ ਕੌਣ ਹਮੇਸ਼ਾ ਦੁਖ-ਦਾਇਕ ਝੰਝਟਾਂ ਵਿੱਚ ਪਿਆ ਰਹੇ! ਨਿਤ ਨਵੀਆਂ ਮੰਗਾਂ ਮੰਗਣ ਵਾਲਾ ਮੇਰਾ ਲੋਭੀ ਸਰੀਰ ਮੰਗਾਂ ਦਾ ਜਿਤਨਾ ਮਰਜ਼ੀ ਹੈ ਰੌਲਾ ਪਾਈ ਜਾਵੇ, ਮੇਰੇ `ਤੇ ਇਸ ਦੇ ਭਉਂਕਣ ਦਾ ਕੋਈ ਅਸਰ ਨਹੀਂ ਕਿਉਂਕਿ ਮੈਂ ਕੰਨਾਂ ਵਿੱਚ ਬੂੜੇ ਦਿੱਤੇ ਹੋਏ ਹਨ ਅਰਥਾਤ ਮੈਂ ਆਪਣੇ ਮਨ ਨੂੰ ਇਸ ਪਾਸਿਓਂ ਮੋੜ ਰੱਖਿਆ ਹੈ।

ਫਰੀਦਾ ਰਬ ਖਜੂਰੀ ਪਕੀਆਂ ਮਾਖਿਅ ਨਈ ਵਹੰਨਿ॥

ਜੋ ਜੋ ਵੰਞੈ ਡੀਹੜਾ ਸੋ ਉਮਰ ਹਥ ਪਵੰਨਿੑ॥ ੮੯॥

ਸ਼ਬਦ ਅਰਥ:- ਰਬ ਖਜੂਰੀ: ਹਰਿ-ਨਾਮ-ਸਿਮਰਨ ਦਾ ਫਲ। ਮਾਖਿਅ: ਸ਼ਹਿਦ। ਨਈ: ਨਦੀ। ਮਾਖਿਅ ਨਈ ਵਹੰਨਿ: ਇੱਕ ਯਕੀਨ ਮੁਤਾਬਿਕ ਬਹਿਸ਼ਤ ਵਿੱਚ ਵਗਦੀ ਸ਼ਹਿਦ ਦੀ ਨਦੀ।

ਡੀਹੜਾ: ਦਿਨ। ਜੋ ਜੋ ਵੰਞੈ ਡੀਹੜਾ ਉਮਰ ਹਥ ਪਵੰਨਿ: ਹਰ ਦਿਨ ਦੇ ਬੀਤ ਜਾਣ ਨਾਲ ਉਮਰ ਘਟਦੀ ਜਾਂਦੀ ਹੈ, ਰੂਹ ਤੇ ਜਿਸਮ ਦੇ ਵਿਛੜਣ ਦਾ ਸਮਾਂ (ਮੌਤ) ਨੇੜੇ ਆਉਂਦਾ ਜਾਂਦਾ ਹੈ।

ਭਾਵ ਅਰਥ:- ਫ਼ਰੀਦ! (ਦੁਨਿਆਵੀ ਝਮੇਲਿਆਂ ਤੋਂ ਮੁਕਤ ਰਹਿ ਕੇ ਰਬ ਦੀ ਇਬਾਦਤ ਕਰਨ ਬਦਲੇ ਬਹਿਸ਼ਤ ਵਿੱਚ ਮਿਲਣ ਵਾਲੇ) ਪਰਮ ਅਨੰਦ ਦੇਣ ਵਾਲੇ ਮਿੱਠੇ ਫ਼ਲਾਂ (ਖਜੂਰਾਂ ਤੇ ਸ਼ਹਿਦ ਦੀਆਂ ਨਦੀਆਂ) ਦੀ ਮੈਨੂੰ ਆਸ ਹੈ। (ਪਰੰਤੂ) ਹਰ ਦਿਨ ਦੇ ਗੁਜ਼ਰਨ ਨਾਲ ਉਮਰ ਘਟਦੀ ਜਾਂਦੀ ਹੈ ਅਤੇ ਮੌਤ ਨੇੜੇ ਆਉਂਦੀ ਜਾਂਦੀ ਹੈ। (ਇਸ ਸਥਿਤੀ ਕਾਰਨ ਮੈਨੂੰ ਖ਼ਦਸ਼ਾ ਹੈ ਕਿ ਮੇਰੀ ਪਿਰ-ਮਿਲਨ ਦੀ ਆਸ ਕਿਤੇ ਹਸਰਤ ਬਣ ਕੇ ਹੀ ਨਾ ਰਹਿ ਜਾਵੇ, ਅਤੇ ਬਹਿਸ਼ਤ ਦੇ ਦੈਵੀ ਫਲਾਂ ਤੋਂ ਮੈਂ ਵਾਂਜਿਆਂ ਹੀ ਨਾ ਰਹਿ ਜਾਵਾਂ!)

ਫਰੀਦਾ ਤਨੁ ਸੁਕਾ ਪਿੰਜਰੁ ਥੀਆ ਤਲੀਆਂ ਖੂੰਡਹਿ ਕਾਗ॥

ਅਜੈ ਸੁ ਰਬੁ ਨ ਬਾਹੁੜਿਓ ਦੇਖੁ ਬੰਦੇ ਕੇ ਭਾਗ॥ ੯੦॥

ਸ਼ਬਦ ਅਰਥ:- ਤਲੀਆਂ: ਸਰੀਰਕ ਸ਼ਕਤੀਆਂ। ਖੂੰਡਹਿ: ਖੂੰਡਣ=ਨੋਚ ਨੋਚ ਕੇ ਖਾਣਾ; ਨੋਚ ਨੋਚ ਕੇ ਖਾ ਗਏ।

ਕਾਗ: ਵਿਸ਼ੇ-ਵਿਕਾਰਾਂ ਰੂਪੀ ਕਾਂ।

ਬਹੁੜਿਓ: ਬਾਂਹ ਫੜਣੀ=ਸਹਾਰਾ ਦੇਣਾ, ਹੌਸਲਾ ਦੇਣਾ; ਮੇਰੀ ਬਾਂਹ ਨਹੀਂ ਫੜੀ।

ਭਾਵ ਅਰਥ:- ਫ਼ਰੀਦ! ਮੇਰੀਆਂ ਸਰੀਰਕ ਤੇ ਮਾਨਸਿਕ ਸ਼ਕਤੀਆਂ ਨੂੰ ਵਿਕਾਰ ਨੋਚ ਨੋਚ ਕੇ ਖਾ ਗਏ ਹਨ। ਹੁਣ ਮੇਰਾ ਬਲ-ਹੀਣ ਸਰੀਰ ਸੁੱਕ ਕੇ ਪਿੰਜਰ ਹੀ ਰਹਿ ਗਿਆ ਹੈ। ਮੇਰੀ ਕਿਸਮਤ ਵੇਖੋ! (ਮੇਰੀ ਇਬਾਦਤ ਵਿੱਚ ਹੀ ਕੋਈ ਘਾਟ ਹੈ ਕਿ) ਇਸ ਤਰਸਯੋਗ ਹਾਲਤ ਵਿੱਚ ਵੀ ਰੱਬ ਨੇ ਅਜੇ ਤੀਕ ਮੇਰੀ ਬਾਂਹ ਨਹੀਂ ਫੜੀ।

ਕਾਗਾ ਕਰੰਗ ਢਢੋਲਿਆ ਸਗਲਾ ਖਾਇਆ ਮਾਸੁ॥

ਏ ਦੁਇ ਨੈਨਾ ਮਤਿ ਛੁਹਉ ਪਿਰ ਦੇਖਨ ਕੀ ਆਸ॥ ੯੧॥

ਸ਼ਬਦ ਅਰਥ:- ਕਰੰਗ: ਵਿਸ਼ੇ ਵਿਕਾਰਾਂ ਦੁਆਰਾ ਦੇਹ ਨੂੰ ਨੋਚ ਨੋਚ ਕੇ ਖਾ ਜਾਣ ਉਪਰੰਤ ਬਚਿਆ ਹੱਡੀਆਂ ਦਾ ਪਿੰਜਰ, ਅਤਿਅੰਤ ਦੁਰਬਲ ਦੇਹ।

ਢਢੋਲਿਆ: ਲੱਭ ਲੱਭ ਕੇ, ਟੋਹ ਟੋਹ ਕੇ।

ਮਾਸ: ਜਿਸਮ।

ਭਾਵ ਅਰਥ:- ਵਿਕਾਰਾਂ ਨੇ ਮੇਰੇ ਪਿੰਜਰ ਵਿੱਚੋਂ ਲੱਭ ਲੱਭ ਕੇ ਬਚਿਆ-ਖੁਚਿਆ ਸਾਰਾ ਮਾਸ ਵੀ ਖਾ ਲਿਆ ਹੈ। (ਫ਼ਰੀਦ ਜੀ ਵਿਸ਼ੇ-ਵਿਕਾਰਾਂ ਰੂਪੀ ਕਾਂਵਾਂ ਦਾ ਤਰਲਾ ਕਰਦੇ ਹੋਏ ਬਿਨਤੀ ਕਰਦੇ ਹਨ ਕਿ) ਮੇਰੇ ਮਨ ਦੀਆਂ ਅੱਖਾਂ ਨੂੰ ਨਾ ਛੇੜਿਓ ਕਿਉਂ ਕਿ ਮੈਨੂੰ ਅਜੇ ਵੀ ਆਪਣੇ ਪ੍ਰੀਤਮ ਦੇ ਦਰਸ਼ਨਾਂ ਦੀ ਉਮੀਦ ਹੈ।

ਕਾਗਾ ਚੂੰਡਿ ਨ ਪਿੰਜਰਾ ਬਸੈ ਤ ਉਡਰਿ ਜਾਹਿ॥

ਜਿਤੁ ਪਿੰਜਰੈ ਮੇਰਾ ਸਹੁ ਵਸੈ ਮਾਸੁ ਨ ਤਿਦੂ ਖਾਹਿ॥ ੯੨॥

ਸ਼ਬਦ ਅਰਥ:- ਚੂੰਡਿ: ਠੁੰਗਾਂ ਮਾਰ ਮਾਰ ਕੇ ਖਾਣਾ। ਪਿੰਜਰਾ: ਰੂਹ ਦਾ ਕੱਜਣ/ਉਛਾੜ, ਸਰੀਰ, ਜਿਸਮ।

ਬਸੈ: ਜੋ ਰੂਹ ਵਸਦੀ ਹੈ। ਉਡਰਿ ਜਾਹਿ: ਉਹ ਸਰੀਰ ਰੂਪੀ ਪਿੰਜਰੇ ਵਿੱਚੋਂ ਨਿਕਲ ਜਾਵੇ ਗੀ ਅਰਥਾਤ ਮੌਤ ਆ ਜਾਵੇਗੀ।।

ਭਾਵ ਅਰਥ:- (ਫ਼ਰੀਦ ਜੀ ਵਿਕਾਰਾਂ ਰੂਪੀ ਕਾਂਵਾਂ ਨੂੰ ਕਹਿੰਦੇ ਹਨ) ਮੇਰੇ ਪਿੰਜਰ ਹੋ ਗਏ ਜਿਸਮ ਨੂੰ ਨੋਚ ਨੋਚ ਕੇ ਨਾ ਖਾਓ। ਜੇ ਤੁਸੀਂ ਬਚਿਆ-ਖੁਚਿਆ ਜਿਸਮ ਵੀ ਖਾ ਲਿਆ ਤਾਂ ਇਸ ਵਿੱਚ ਵਸਦੀ ਰੂਹ ਉੱਡ ਜਾਵੇ ਗੀ ਅਰਥਾਤ ਮੈਨੂੰ ਮੌਤ ਆ ਜਾਵੇ ਗੀ। ਜਿਸ ਅੰਤਹਕਰਣ ਵਿੱਚ ਮੇਰੇ ਪਿਆਰਾ ਪ੍ਰੀਤਮ ਦਾ ਨਿਵਾਸ ਹੈ, ਉਸ ਨੂੰ ਨਾ ਖਾਓ, ਉਸ ਉੱਤੇ ਆਪਣਾ ਮਾਰੂ ਪ੍ਰਭਾਵ ਨਾ ਪਾਓ, ਕਿਉਂਕਿ ਜੇ ਮਨ ਮਲੀਨ ਹੋ ਗਿਆ ਤਾਂ ਇਸ ਵਿੱਚੋਂ ਰਬ ਦੀ ਯਾਦ ਉੱਡ-ਪੁਡ ਜਾਵੇ ਗੀ!

ਫਰੀਦਾ ਗੋਰ ਨਿਮਾਣੀ ਸਡੁ ਕਰੇ ਨਿਘਰਿਆ ਘਰਿ ਆਉ॥

ਸਰਪਰ ਮੈਥੈ ਆਵਣਾ ਮਰਣਹੁ ਨਾ ਡਰਿਆਹੁ॥ ੯੩॥

ਸ਼ਬਦ ਅਰਥ:- ਸਡੁ: ਪੁਕਾਰ ਰਹੀ ਹੈ।

ਸਰਪਰ: ਅਵੱਸ਼ ਹੀ, ਬਿਨਾਂ ਸ਼ੱਕ। ਮੈਥੈ: ਮੇਰੇ ਕੋਲ।

ਭਾਵ ਅਰਥ:- ਫ਼ਰੀਦ! ਨਿਮਾਣੀ ਕਬਰ ਤੈਨੂੰ ਪੁਕਾਰ ਕੇ ਕਹਿ ਰਹੀ ਹੈ ਕਿ ਇਹ ਸੰਸਾਰ ਤੇਰਾ ਅਸਲੀ ਘਰ ਨਹੀਂ ਹੈ, ਸੰਸਾਰ ਦੀਆਂ ਮਹਿਲ ਮਾੜੀਆਂ ਵਿੱਚ ਤੂੰ ਦਰਅਸਲ ਬੇ-ਘਰਾ ਹੀ ਹੈਂ! ਤੂੰ ਆਪਣੇ ਅਸਲੀ ਘਰਿ (ਪਰਲੋਕ) ਆਉਣ ਦੀ ਸੋਚ। ਤੈਨੂੰ ਮਰਕੇ ਆਵੱਸ਼ਯ ਹੀ ਆਪਣੇ ਇਸ ਸਦੀਵੀ ਘਰਿ ਆਉਣਾ ਪਵੇਗਾ। ਇਸ ਵਾਸਤੇ ਮਰਨ ਦੇ ਸੱਚ ਤੋਂ ਤੂੰ ਨਾ ਡਰ!

ਇਨ੍ਹੀ ਲੋਇਣੀ ਦੇਖਦਿਆ ਕੇਤੀ ਚਲਿ ਗਈ॥

ਫਰੀਦਾ ਲੋਕਾਂ ਆਪੋ ਆਪਣੀ ਮੈ ਆਪਣੀ ਪਈ॥ ੯੪॥

ਸ਼ਬਦ ਅਰਥ:- ਇਨ੍ਹੀ ਲੋਇਣੀ ਦੇਖਦਿਆਂ: ਇਨ੍ਹਾਂ ਅੱਖਾਂ ਦੇ ਸਾਹਮਨੇ, ਮੇਰੇ ਦੇਖਦਿਆਂ ਹੀ ਦੇਖਦਿਆਂ। ਕੇਤੀ ਚਲਿ ਗਈ: ਕਿਤਨੀ ਹੀ ਲੋਕਾਈ ਕਬਰਾਂ ਵਿੱਚ ਜਾ ਸਮਾਈ।

ਲੋਕਾਂ ਆਪੋ ਆਪਣੀ: ਲੋਕਾਂ ਨੂੰ ਆਪਣੇ ਸੰਸਾਰਕ ਧਨ-ਸੰਪਤੀ ਤੋਂ ਵਿਛੜਣ ਦੀ ਚਿੰਤਾ ਹੈ। ਮੈ ਆਪਣੀ ਪਈ: ਮੈਨੂੰ ਆਪਣੇ ਪ੍ਰੀਤਮ ਨੂੰ ਮਿਲਨ ਦਾ ਫ਼ਿਕਰ ਹੈ।

ਭਾਵ ਅਰਥ:- ਫ਼ਰੀਦ! ਮੇਰੀਆਂ ਅੱਖਾਂ ਸਾਹਮਣੇ ਕਿਤਨੀ ਹੀ ਲੋਕਾਈ ਇੱਥੋਂ ਕੂਚ ਕਰ ਗਈ ਹੈ। ਦੁਨੀਦਾਰਾਂ ਨੂੰ ਮੌਤ ਆਉਣ ਨਾਲ, ਪਾਪਾਂ ਨਾਲ ਕਮਾਈ, ਆਪਣੀ ਧੰਨ-ਸੰਪਤੀ ਤੋਂ ਵਿਛੜ ਜਾਣ ਦੀ ਚਿੰਤਾ ਲੱਗੀ ਹੋਈ ਹੈ; ਪਰ ਮੈਨੂੰ ਤਾਂ ਮੌਤ ਆਉਣ ਤੋਂ ਪਹਿਲਾਂ ਆਪਣੇ ਪ੍ਰੀਤਮ ਨੂੰ ਮਿਲਨ ਦਾ ਫ਼ਿਕਰ ਹੈ।

ਸ਼ਲੋਕ ਨੰ: ੯੦ ਵਿੱਚ ਫ਼ਰੀਦ ਜੀ ਗਿਲਾ ਕਰਦੇ ਹਨ ਕਿ ਮੌਤ ਦੇ ਆਸਾਰ ਨਜ਼ਰ ਆ ਰਹੇ ਹਨ ਪਰ ਰਬ ਨੇ ਅਜੇ ਵੀ ਬਹੁੜੀ ਨਹੀਂ ਕੀਤੀ! ਇਸ ਤੋਂ ਅਗਲੇ ਸਲੋਕਾਂ ਵਿੱਚ ਉਹ ਬਿਰਹਾ ਵਿੱਚ ਬੀਤ ਰਹੇ ਦੁਖ-ਦਾਈ ਅੰਤਲੇ ਸਮੇਂ ਦਾ ਪ੍ਰਗਟਾਵਾ ਕਰਦੇ ਹਨ। ਸਲੋਕ ਨੰ: ੯੫ ਵਿਚ, ਨਿਰਾਸ਼ਾ ਦੇ ਬੱਦਲ ਤੋਂ ਉਚੇਰਾ ਉੱਠ ਕੇ, ਉਨ੍ਹਾਂ ਨੂੰ ਆਪਣੇ ਪ੍ਰੀਤਮ ਰਬ ਦਾ ਸੁਨੇਹਾ ਸੁਣਾਈ ਦਿੰਦਾ ਹੈ। ਇਸ ਆਕਾਸ਼-ਬਾਣੀ/ਇਲਹਾਮ (Revelation) ਵਿੱਚ ਦਰਵੇਸ਼ ਵਾਸਤੇ ਬਿਰਹਾ ਦੇ ਸੰਤਾਪ ਤੋਂ ਮੁਕਤ ਹੋਣ ਦਾ ਉਪਾਉ ਦੱਸਿਆ ਗਿਆ ਹੈ:

ਆਪਿ ਸਵਾਰਹਿ ਮੈ ਮਿਲਹਿ ਮੈ ਮਿਲਿਆ ਸੁਖੁ ਹੋਇ॥

ਫਰੀਦਾ ਜੇ ਤੂ ਮੇਰਾ ਹੋਇ ਰਹਹਿ ਸਭੁ ਜਗੁ ਤੇਰਾ ਹੋਇ॥ ੯੫॥

ਸ਼ਬਦ ਅਰਥ:- ਸਵਾਰਹਿ: ਸੁਧਾਰਨਾ, ਤਨ-ਮਨ ਨਿਰਮਲ ਕਰਨਾ। ਮੇਰਾ ਹੋਇ ਰਹਹਿ: ਮੇਰੀ (ਰੱਬ ਦੀ) ਇਬਾਦਤ ਕਰਦਾ ਰਹੇਂ, ਮੇਰੇ ਲੜ ਲੱਗਿਆ ਰਹੇਂ।

ਸਭੁ ਜਗੁ ਤੇਰਾ ਹੋਇ: ਪਦਾਰਥਕ ਜਗਤ ਤੇਰੇ ਮਨ ਅਧੀਨ ਹੋਵੇਗਾ।

ਭਾਵ ਅਰਥ:- (ਬਿਰਹਾ ਦੇ ਦੁੱਖ ਵਿੱਚ ਤੜਪਦੇ ਦਰਵੇਸ਼ ਨੂੰ ਢਾਰਸ ਬੰਨ੍ਹਾਉਂਦਿਆ ਰੱਬ ਹੁਕਮ ਕਰਦਾ ਹੈ ਕਿ) ਹੇ ਫ਼ਰੀਦ! ਜੇ ਤੂੰ ਦੁਨੀਆ ਦੇ ਮਹਿਲ-ਮਾੜੀਆਂ ਤੇ ਵਿਸ਼ੇ-ਵਿਕਾਰਾਂ ਵਾਲੇ ਜੀਵਨ ਦਾ ਮੋਹ ਤਿਆਗ ਕੇ ਮੇਰੇ ਲੜ ਲੱਗੇਂਗਾ ਤਾਂ ਤੈਨੂੰ ਵਿਸ਼ੇ-ਵਿਕਾਰਾਂ ਨਾਲ ਭਰੀ ਇਹ ਦੁਨਿਆਵੀ ਜ਼ਿੰਦਗੀ ਤੁੱਛ ਨਜ਼ਰ ਆਵੇ ਗੀ। ਜੇ ਤੂੰ ਆਪਣੇ ਆਪ ਨੂੰ ਨਿਰਮੈਲ ਹੋ ਕੇ ਸਚਿਆਰ ਬਣਾ ਲਵੇਂ ਤਾਂ ਤੈਨੂੰ ਮੇਰੇ ਨਾਲ ਨੇੜਤਾ ਨਸੀਬ ਹੋਵੇਗੀ। ਇਸ ਨੇੜਤਾ ਸਦਕਾ ਤੈਨੂੰ ਉਹ ਆਤਮ ਅਨੰਦ ਮਿਲੇ ਗਾ ਜਿਸ ਵਾਸਤੇ ਤੂੰ ਤੜਪ ਰਿਹਾ ਹੈਂ!

ਕੰਧੀ ਉਤੈ ਰੁਖੜਾ ਕਿਚਰਕੁ ਬੰਨੈ ਧੀਰ॥

ਫਰੀਦਾ ਕਚੈ ਭਾਂਡੈ ਰਖੀਐ ਕਿਚਰੁ ਤਾਈ ਨੀਰੁ॥ ੯੬॥

ਸ਼ਬਦ ਅਰਥ:- ਕੰਧੀ ਉਤੈ ਰੁਖੜਾ: ਮਰਨ-ਕਿਨਾਰੇ ਹੋਣਾ।

ਕਿਚਰਕੁ: ਕਿਤਨੀ ਕੁ ਦੇਰ। ਬੰਨੈੑ ਧੀਰ: (ਮੌਤ ਤੋਂ ਬਚੇ ਰਹਿਣ ਦਾ) ਹੌਸਲਾ ਰੱਖੇ।

ਭਾਵ ਅਰਥ:- ਫ਼ਰੀਦ! ਮੌਤ-ਕਿਨਾਰੇ ਪਹੁੰਚਿਆ ਮਨੁੱਖ ਆਪਣੇ ਆਪ ਨੂੰ ਕਿਤਨੀ ਕੁ ਦੇਰ ਝੂਠਾ ਦਿਲਾਸਾ ਦਿੰਦਾ ਰਹੇਗਾ! ! ਜਿਵੇਂ ਪਾਣੀ ਨੂੰ ਕੱਚੇ ਭਾਂਡੇ ਵਿੱਚ ਬਹੁਤੀ ਦੇਰ ਬੰਨ੍ਹ ਕੇ ਨਹੀਂ ਰੱਖਿਆ ਜਾ ਸਕਦਾ, (ਕੱਚਾ ਬਰਤਨ ਪਾਣੀ ਨਾਲ ਘੁਲ ਕੇ ਟੁੱਟ ਜਾਂਦਾ ਹੈ ਤੇ ਪਾਣੀ ਰੁੜ੍ਹ ਜਾਂਦਾ ਹੈ)! ਤਿਵੇਂ ਫ਼ਾਨੀ ਸਰੀਰ, ਰੂਹ ਨੂੰ ਕਿਤਨੀ ਕੁ ਦੇਰ ਬੰਨ੍ਹ ਕੇ ਰੱਖ ਸਕੇ ਗਾ? ਜਿਸਮ ਨੇ ਅੰਤ ਨੂੰ ਨਿਰਜਿੰਦ ਹੋਣਾ ਹੀ ਹੋਣਾ ਹੈ ਅਤੇ ਰੂਹ ਨੇ ਉੱਡ ਜਾਣਾ ਹੈ!

ਫਰੀਦਾ ਮਹਲ ਨਿਸਖਣ ਰਹਿ ਗਏ ਵਾਸਾ ਆਇਆ ਤਲਿ॥

ਗੋਰਾਂ ਸੇ ਨਿਮਾਣੀਆ ਬਹਸਨਿ ਰੂਹਾਂ ਮਲਿ॥

ਆਖੀਂ ਸੇਖਾ ਬੰਦਗੀ ਚਲਣੁ ਅਜੁ ਕਿ ਕਲਿ॥ ੯੭॥

ਸ਼ਬਦ ਅਰਥ:- ਨਿਸਖਣ: ਪੂਰਨ ਤੌਰ `ਤੇ ਖ਼ਾਲੀ। ਤਲਿ: ਧਰਤੀ ਹੇਠ ਕਬਰ ਵਿਚ।

ਭਾਵ ਅਰਥ:- ਫ਼ਰੀਦ! ਮਰਨ ਉਪਰਾਂਤ ਸਰੀਰ ਨੇ ਧਰਤੀ ਹੇਠ ਕਬਰ ਵਿੱਚ ਜਾ ਵੱਸਣਾ ਹੈ ਅਤੇ ਮਹਿਲ, ਜਿਨ੍ਹਾਂ ਨੂੰ ਮਨੁੱਖ ਆਪਣੇ ਸਮਝਦਾ ਸੀ, ਸੁੰਞੇ ਰਹਿ ਜਾਣਗੇ। ਮਹਿਲਾਂ ਦੇ ਮੁਕਾਬਲੇ ਤੁੱਛ ਜਿਹੀਆਂ ਕਬਰਾਂ ਵਿੱਚ ਵਾਸ ਹੋਵੇ ਗਾ। ਪਰਤੱਖ ਹੈ ਕਿ ਮਹਿਲ-ਮਾੜੀਆਂ ਨੇ ਅੰਤ ਨੂੰ ਸਾਥ ਛੱਡ ਜਾਣਾ ਹੈ। ਇਸ ਲਈ ਹੇ ਸਿਆਣੇ ਫ਼ਰੀਦ! ਤੈਨੂੰ ਇੱਕ ਨ ਇੱਕ ਦਿਨ ਇਸ ਸੰਸਾਰ ਤੋਂ ਕੂਚ ਕਰਨਾ ਹੀ ਪੈਣਾ ਹੈ! ਇਸ ਲਈ, (ਮਹਿਲ ਮਾੜੀਆਂ ਦਾ ਮੋਹ ਛੱਡ ਕੇ) ਰੱਬ ਦੀ ਬੰਦਗੀ ਕਰ ਤਾਂ ਜੋ ਤੂੰ ਆਪਣਾ ਅੱਗਾ ਸੰਵਾਰ ਸਕੇਂ!

ਫਰੀਦਾ ਮਉਤੈ ਦਾ ਬੰਨਾ ਏਵੈ ਦਿਸੈ ਜਿਉ ਦਰੀਆਵੈ ਢਾਹਾ॥

ਅਗੈ ਦੋਜਕ ਤਪਿਆ ਸੁਣੀਐ ਹੂਲ ਪਵੈ ਕਾਹਾਹਾ॥

ਇਕਨਾ ਨੋ ਸਭ ਸੋਝੀ ਆਈ ਇਕਿ ਫਿਰਦੇ ਵੇਪਰਵਾਹਾ॥

ਅਮਲ ਜਿ ਕੀਤਿਆ ਦੁਨੀ ਵਿਚਿ ਸੇ ਦਰਗਹ ਓਗਾਹਾ॥ ੯੮॥

ਸ਼ਬਦ ਅਰਥ:- ਹੂਲ ਪਵੈ: (ਮੌਤ ਦਾ ਖ਼ੌਫ਼) ਸਭ ਪਾਸਿਓਂ ਘੇਰ ਲੈਂਦਾ ਹੈ। ਦੋਜਕ ਤਪਿਆ: ਨਰਕ ਦੀ ਅੱਗ। ਕਹਾਹਾ: ਚੀਖ਼-ਪੁਕਾਰ, ਹਾਹਾਕਾਰ।

ਅਮਲ: ਕਰਮ, ਭਲੇ-ਬੁਰੇ ਕਰਮ। ਦਰਗਹ: ਰੱਬ ਦੇ ਦਰਬਾਰ ਵਿਚ, ਰੱਬ ਦੀ ਕਚਹਿਰੀ ਵਿਚ। ਓਗਾਹਾ: (ਹੱਕ ਵਿੱਚ ਜਾਂ ਵਿਰੋਧ ਵਿਚ) ਗਵਾਹੀ ਦੇਣ ਗੇ।

ਭਾਵ ਅਰਥ:- ਫ਼ਰੀਦ! ਜਲ-ਪ੍ਰਵਾਹ ਦੇ ਜ਼ੋਰ ਨਾਲ ਢਹਿ ਜਾਣ ਵਾਲੇ ਦਰਿਆ ਦੇ ਉੱਚੇ ਕਿਨਾਰੇ ਵਾਂਗ ਜੀਵ ਵਾਸਤੇ ਮੌਤ ਵੀ ਅਟਲ ਹੈ। ਮਰਨ ਉਪਰੰਤ ਵਿਕਾਰ-ਗ੍ਰਸਤ ਮਨੁੱਖਾਂ ਨੂੰ ਜਿਸ ਨਰਕ ਦੀ ਅੱਗ ਵਿੱਚ ਸੁੱਟੇ ਜਾਣਾ ਹੈ, ਉਸ ਭਿਆਣਕ ਅੱਗ ਬਾਰੇ ਸੁਣ ਕੇ ਸਬ ਪਾਸੇ ਚੀਖ਼-ਪੁਕਾਰ ਤੇ ਹਾਹਾਕਾਰ ਮਚੀ ਹੋਈ ਹੈ। ਕਈਆਂ ਨੂੰ ਤਾਂ ਇਸ ਅੱਗ ਤੋਂ ਬਚਣ ਦਾ ਗਿਆਨ ਹੋ ਗਿਆ ਹੈ ਤੇ ਉਹ ਪਰਮਾਰਥ ਦੇ ਰਾਹ ਤੁਰ ਪਏ ਹਨ; ਪਰੰਤੂ ਕਈ ਦੁਨਿਆਵੀ ਮੌਜਾਂ ਵਿੱਚ ਮਸਤ ਇਸ ਭਿਅੰਕਰ ਅੰਤ ਤੋਂ ਬੇ-ਖ਼ਬਰ ਵਿਚਰ ਰਹੇ ਹਨ। (ਹਰ ਸ਼ਖ਼ਸ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ) ਇਸ ਦੁਨੀਆ ਵਿੱਚ ਵਿਚਰਦਿਆਂ ਜੋ ਬੁਰੇ ਭਲੇ ਕਰਮ ਕੋਈ ਕਰਦਾ ਹੈ, ਰੱਬ ਦੇ ਦਰਬਾਰ ਵਿੱਚ ਉਹੀ ਕਰਮ ਉਸ ਦੇ ਖ਼ਿਲਾਫ਼ ਜਾਂ ਹੱਕ ਵਿੱਚ ਗਵਾਹੀ ਦੇਣ ਗੇ! ਅਰਥਾਤ ਉਸ ਨੂੰ ਦੋਜ਼ਖ਼ ਦੀ ਅੱਗ ਵਿੱਚ ਸੁੱਟੇ ਜਾਣ ਜਾਂ ਬਹਿਸ਼ਤ ਦੇ (ਖਜੂਰਾਂ ਤੇ ਸ਼ਹਿਦ ਦੀਆਂ ਵਗਦੀਆਂ ਨਦੀਆਂ) ਪਰਮ ਸੁੱਖ ਮਾਨਣ ਦਾ ਨਿਰਣੈ ਹੋਵੇਗਾ!

ਫਰੀਦਾ ਦਰੀਆਵੈ ਕੰਨੈ ਬਗੁਲਾ ਬੈਠਾ ਕੇਲ ਕਰੇ॥

ਕੇਲ ਕਰੇਦੇ ਹੰਝ ਨੋ ਅਚਿੰਤੇ ਬਾਜ ਪਏ॥

ਬਾਜ ਪਏ ਤਿਸੁ ਰਬ ਦੇ ਕੇਲਾਂ ਵਿਸਰੀਆਂ॥

ਜੋ ਮਨਿ ਚਿਤਿ ਨ ਚੇਤੇ ਸਨਿ ਸੋ ਗਾਲੀ ਰਬ ਕੀਆ॥ ੯੯॥

ਸ਼ਬਦ ਅਰਥ:- ਦਰੀਆਵੈ ਕੰਨੈ: ਸੰਸਾਰ ਰੂਪੀ ਦਰਿਆ ਕਿਨਾਰੇ।

ਬਗੁਲਾ: ਭੇਖੀ ਤੇ ਦੰਭੀ ਪਦਾਰਥਵਾਦੀ।

ਕੇਲ ਕਰੇ: ਰੰਗ-ਰਲੀਆਂ ਮਾਣਦਾ ਹੈ।।

ਹੰਝ: ਬਗੁਲਾ। ਬਾਜ: ਸ਼ਿਕਾਰੀ ਪੰਛੀ, ਮਲਕਉਲਮੌਤ ਰੂਪੀ ਬਾਜ।

ਗਾਲੀ: ਹੋਣ ਵਾਲੀ ਗੱਲ, ਹੋਣੀ, ਅਚਾਨਕ ਵਾਪਰਨ ਵਾਲੀ ਘਟਨਾ।

ਭਾਵ ਅਰਥ:- ਫ਼ਰੀਦ! ਸੰਸਾਰ ਰੂਪੀ ਦਰਿਆ (ਜੀਵਨ-ਰੌ) ਦੇ ਅਸਥਾਈ ਕਿਨਾਰੇ `ਤੇ ਬੈਠਾ ਭੇਖੀ ਤੇ ਪਾਪੀ-ਪੁਰਖ ਰੂਪੀ ਬਗਲਾ, ਮੌਤ ਨੂੰ ਭੁਲਾ ਕੇ, ਰੰਗ-ਰਲੀਆਂ ਮਾਣਦਾ ਰਹਿੰਦਾ ਹੈ। ਜੀਵਨ-ਰੌ ਦੀਆਂ ਮੌਜਾਂ ਮਾਣਦੇ, ਮੌਤ ਤੋਂ ਬੇ-ਖ਼ਬਰ, ਪਾਖੰਡੀ ਉੱਤੇ ਅਚਾਣਕ ਮੌਤ ਆ ਝਪਟਦੀ ਹੈ! ਰਬ ਦੇ ਭੇਜੇ ਯਮਦੂਤ ਜਦੋਂ ਆ ਦਬੋਚਦੇ ਹਨ ਤਾਂ ਮੌਜ-ਮੇਲੇ ਸੱਭ ਭੁੱਲ ਜਾਂਦੇ ਹਨ। ਸਾਕਤ ਨੇ ਸੰਸਾਰਕ ਰੰਗ-ਰਲੀਆਂ ਵਿੱਚ ਗ਼ਲਤਾਨ ਹੋ ਕੇ ਜਿਸ ਹੋਣੀ ਨੂੰ ਭੁਲਾ ਰੱਖਿਆ ਸੀ, ਰਬ ਨੇ (ਮੌਤ ਦਾ) ਉਹ ਭਾਣਾ ਵਰਤਾ ਦਿੱਤਾ!

ਸਾਢੈ ਤ੍ਰੈ ਮਣ ਦੇਹੁਰੀ ਚਲੈ ਪਾਣੀ ਅੰਨਿ॥

ਆਇਓ ਬੰਦਾ ਦੁਨੀ ਵਿਚਿ ਵਤਿ ਆਸੂਣੀ ਬੰਨਿੑ॥

ਮਲਕਲਮਉਤ ਜਾਂ ਆਵਸੀ ਸਭ ਦਰਵਾਜੇ ਭੰਨਿ॥

ਤਿਨਾ ਪਿਆਰਿਆ ਭਾਈਆਂ ਅਗੈ ਦਿਤਾ ਬੰਨਿੑ॥

ਵੇਖਹੁ ਬੰਦਾ ਚਲਿਆ ਚਹੁ ਜਣਿਆ ਦੈ ਕੰਨਿੑ॥

ਫਰੀਦਾ ਅਮਲ ਜਿ ਕੀਤੇ ਦੁਨੀ ਵਿਚਿ ਦਰਗਹਿ ਆਏ ਕੰਮਿ॥ ੧੦੦॥

ਸ਼ਬਦ ਅਰਥ:- ਦੇਹੁਰੀ: ਸਰੀਰ ਦੇਹ। ਸਾਢੈ ਤ੍ਰੈ ਮਣ ਦੇਹੁਰੀ: ਹਰਾਮ ਖਾ ਖਾ ਕੇ ਪਲਿਆ ਸੂਰਾਂ ਵਰਗਾ ਭਾਰਾ ਸਰੀਰ।।

ਵਤਿ: ਫਿਰ, ਮੁੜ ਕੇ। ਆਸੂਣੀ: ਨਾ ਪੂਰੀਆਂ ਹੋਣ ਵਾਲੀਆਂ ਉੱਮੀਦਾਂ।

ਸਭ ਦਰਵਾਜੇ ਭੰਨਿ: ਸਰੀਰ ਨੂੰ ਮੌਤ ਤੋਂ ਬਚਾਉਣ ਦੇ ਸਾਰੇ ਉਪਾਉ/ਯਤਨਾਂ ਨੂੰ ਨਕਾਰੇ ਕਰਕੇ।

ਕੰਨਿ: ਮੋਢਿਆਂ ਉੱਤੇ।

ਦਰਗਹਿ ਆਏ ਕੰਮ: ਰੱਬ ਦੇ ਦਰਬਾਰ ਵਿੱਚ ਸੁਰਖ਼ਰੂ ਹੋਣ ਵਾਸਤੇ ਸਹਾਈ ਹੋਏ।

ਭਾਵ ਅਰਥ:- ਫ਼ਰੀਦ! ਨੇਕ ਪਰਮਾਰਥੀ ਜੀਵਨ ਵੱਲੋਂ ਅਵੇਸਲੇ ਮਨੁੱਖ ਦਾ ਮੋਟਾ ਢਿੱਡਲ (obese) ਸਰੀਰ (ਹਰਾਮ ਨਾਲ ‘ਕੱਠਾ ਕੀਤਾ ਵਾਧੂ ਦਾ) ਖਾਣ-ਪੀਣ ਦੇ ਸਹਾਰੇ ਚਲਦਾ ਹੈ। ਮਾਇਆ ਦਾ ਮੁਹਤਾਜ ਅਜਿਹਾ ਭੁੱਖੜ ਬੰਦਾ ਮੁੜ ਮੁੜ ਕੇ ਇਸ ਦੁਨੀਆ ਵਿੱਚ ਅਬੁਝ ਤ੍ਰਿਸ਼ਨਾ ਦੀਆਂ ਕਦੇ ਨਾ ਪੂਰੀਆਂ ਹੋਣ ਵਾਲੀਆਂ ਆਸਾਂ ਲੈ ਕੇ ਆਉਂਦਾ ਹੈ, (ਅਤੇ ਇਨ੍ਹਾਂ ਉੱਮੀਦਾਂ ਨੂੰ ਪੂਰਿਆਂ ਕਰ ਲੈਣ ਦੀ ਉੱਮੀਦ ਵਿੱਚ ਹੀ ਨੱਠ-ਦੌੜ ਕਰਦੇ ਨੂੰ) ਜਦੋਂ, ਸਰੀਰ ਨੂੰ ਮੌਤ ਤੋਂ ਬਚਾਈ ਰੱਖਣ ਦੇ ਸਾਰੇ ਯਤਨਾਂ ਨੂੰ ਨਕਾਰਾ ਕਰਕੇ ਯਮਦੂਤ ਆਵੇਗਾ ਤਦੋਂ ਉਹੀ ਪਿਆਰੇ ਸਨਬੰਧੀ ਉਸ ਨੂੰ ਅੱਗੇ ਤੋਰਨ ਗੇ ਅਤੇ ਆਪ ਪਿੱਛੇ ਰਹਿ ਜਾਣ ਗੇ ਅਰਥਾਤ ਸਾਥ ਛੱਡ ਜਾਣਗੇ। ਲੋਕ ਕਹਿਣ ਗੇ ਕਿ ਖਾਣ-ਪੀਣ ਦਾ ਮੁਹਤਾਜ ਸਰੀਰ ਅੱਜ ਚੌਂਹ ਜਣਿਆਂ ਦੇ ਮੋਢਿਆਂ ਦਾ ਮੁਥਾਜ ਹੋ ਗਿਆ ਹੈ! ਫ਼ਰੀਦ! ਇਸ ਲੋਕ `ਚ ਵਿਚਰਦਿਆਂ ਜੋ ਨੇਕ ਕਰਮ ਕੀਤੇ ਸਨ, ਪਰਲੋਕ ਵਿੱਚ ਉਹੀ ਸਹਾਈ ਹੋਣਗੇ!

ਚਲਦਾ-------

ਗੁਰਇੰਦਰ ਸਿੰਘ ਪਾਲ

ਮਈ 13, 2012.




.