.

ਕੀ ਲੰਗਰ ਵੀ ਦੋ ਪ੍ਰਕਾਰ ਦੇ ਹਨ?

ਅਵਤਾਰ ਸਿੰਘ ਮਿਸ਼ਨਰੀ

510-432-5827

ਹਾਂ ਗੁਰਮਤਿ ਵਿੱਚ ਲੰਗਰ ਦੋ ਪ੍ਰਕਾਰ ਦੇ ਹਨ, ਇੱਕ ਅੰਨ ਦਾ ਲੰਗਰ ਜਿਸ ਦੇ ਆਸਰੇ ਸਰੀਰ ਚਲਦਾ ਹੈ-ਸਾਢੇ ਤ੍ਰੈ ਮਣ ਦੇਹੁਰੀ ਚਲੈ ਪਾਣੀ ਅੰਨਿ॥ (1383) ਦੂਜਾ ਸ਼ਬਦ ਦਾ ਲੰਗਰ ਜੋ ਗਿਆਨ ਰੂਪ ਵਿੱਚ ਮਨ ਆਤਮਾ ਵਸਤੇ ਹੈ-ਲੰਗਰੁ ਚਲੈ ਗੁਰਿ ਸਬਦਿ ਹਰਿ ਤੋਟਿ ਨ ਆਵੀ ਖਟੀਐ॥ (967) ਅੰਨ ਦਾ ਲੰਗਰ ਤਾਂ ਕਰੀਬ ਹਰ ਗੁਰਦੁਆਰੇ ਅਤੇ ਸਭਾ-ਸਮਾਗਮਾਂ ਵਿੱਚ ਚੱਲ ਹੀ ਰਿਹਾ ਹੈ ਪਰ ਗੁਰੂ ਘਰ ਵਿੱਚ ਸ਼ਬਦ ਦਾ ਲੰਗਰ ਵੱਡੀ ਪੱਧਰ ਤੇ ਚਲਣਾ ਚਾਹੀਦਾ ਹੈ। ਗੁਰੂਆਂ ਭਗਤਾਂ ਨੇ ਇਹ ਰੂਹਾਨੀ ਸ਼ਬਦ ਗਿਆਨ ਦਾ ਲੰਗਰ ਆਤਮ ਗਿਆਨ ਤੋਂ ਵਾਂਝੀ ਜਨਤਾ ਵਿੱਚ ਚਲਾਇਆ ਸੀ। ਗੁਰੂ ਅੰਗਦ ਸਾਹਿਬ ਵੇਲੇ ਸਰੀਰ ਲਈ ਵਧੀਆ ਲੰਗਰ ਦੇ ਨਾਲ ਲੋੜਵੰਦਾਂ ਨੂੰ ਰੁਪਇਆ ਪੈਸਾ (ਦੌਲਤ) ਵੀ ਵੰਡੀ ਜਾਂਦੀ ਸੀ-ਲੰਗਰਿ ਦਉਲਤ ਵੰਡੀਐ ਰਸੁ ਅੰਮ੍ਰਿਤੁ ਖੀਰਿ ਘਿਆਲੀ॥ (967) ਲੰਗਰ ਭਾਵੇਂ ਸਾਦਾ ਦਾਲ ਫੁਲਕੇ ਅਤੇ ਖੀਰ ਦਾ ਹੀ ਹੋਵੇ, ਤਾਜਾ ਹੋਣਾ ਚਾਹੀਦਾ ਹੈ। ਵੇਖਣ ਵਿੱਚ ਆਇਆ ਹੈ ਕਿ ਕਈ ਗੁਰਦੁਆਰਿਆਂ ਵਿੱਚ ਬੇਹਾ ਲੰਗਰ ਵੀ ਵਰਤਾ ਦਿੱਤਾ ਜਾਂਦਾ ਹੈ, ਵਰਤਾਉਣ ਵਾਲੇ ਵੀ ਵਾਧੂ ਪਾਈ ਜਾਂਦੇ ਹਨ ਜੋ ਸ਼ਰਧਾਲੂ ਨੂੰ ਨਾਂ ਖਾਧਾ ਜਾਣ ਕਰਕੇ ਵਿਅਰਥ ਸੁੱਟਣਾਂ ਪੈਂਦਾ ਹੈ। ਲੰਗਰ ਰਾਹੀ, ਪਾਂਧੀ ਅਤੇ ਦੁਨੀਆਂ ਦਾ ਕੋਈ ਵੀ ਲੋੜਵੰਦ ਬਿਨਾਂ ਕਿਸੇ ਵਿਤਕਰੇ ਦੇ ਛਕ ਸਕਦਾ ਹੈ। ਲੰਗਰ ਵਿੱਚ ਰਾਜਾ ਤੇ ਰੰਕ ਬਰਾਬਰ ਹਨ। ਦਿੱਲੀ ਦੇ ਬਾਦਸ਼ਾਹ ਅਕਬਰ ਸਮਰਾਟ ਨੂੰ ਵੀ ਆਮ ਸੰਗਤ ਵਿੱਚ ਬੈਠ ਕੇ ਲੰਗਰ ਛੱਕਣਾ ਪਿਆ ਸੀ ਪਰ ਅਜੋਕੇ ਡੇਰਿਆਂ ਵਿੱਚ ਸਰਕਾਰੀ ਵੀ ਆਈ ਪੀ ਲੀਡਰਾਂ ਨੂੰ ਉਚੇਚਾ ਮਾਨ ਤਾਨ ਦੇ ਛਕਾਇਆ ਜਾਂਦਾ ਹੈ।

ਗੁਰੂ ਜੀ ਜਿੱਥੇ ਸਰੀਰ ਦੀ ਭੁੱਖ ਦੂਰ ਕਰਨ ਲਈ ਅੰਨ ਦਾ ਲੰਗਰ ਵਰਤਾਉਂਦੇ ਕਿਉਂਕਿ-ਭੂਖੇ ਭਗਤਿ ਨ ਕੀਜੈ॥ (656) ਓਥੇ ਮਨ ਆਤਮਾਂ ਦੀ ਭੁੱਖ ਮਿਟਾਉਣ ਲਈ ਸ਼ਬਦ (ਆਤਮ ਗਿਆਨ) ਦਾ ਲੰਗਰ ਵੀ ਚਲਾਉਂਦੇ ਸਨ। ਸ਼ਬਦ ਗੁਰੂ ਦਾ ਲੰਗਰ ਗੁਰਬਾਣੀ ਦਾ ਸ਼ੁੱਧ ਪਾਠ, ਕੀਰਤਨ, ਗੁਰਬਾਣੀ ਦੀ ਨਿਰੋਲ ਕਥਾ ਵਿਚਾਰ, ਗੁਰ ਇਤਿਹਾਸ ਅਤੇ ਗੁਰਮਤਿ ਗੁਰਬਾਣੀ ਬਾਰੇ ਕੀਤੇ ਗਏ ਵਿਚਾਰ ਵਿਟਾਂਦਰੇ ਅਤੇ ਸਵਾਲ ਜਵਾਬਾਂ ਦੇ ਰੂਪ, ਗੁਰਦੁਆਰਿਆਂ, ਪੁਸਤਕਾਂ, ਸੀਡੀਆਂ ਅਤੇ ਧਾਰਮਿਕ ਮੂਵੀਆਂ ਰਾਹੀਂ ਵਰਤਾਇਆ ਜਾ ਸਕਦਾ ਹੈ। ਜਰਾ ਸੋਚੋ! ਜੇ ਕਿਤੇ ਗੁਰਿਸੱਖਾਂ ਨੇ ਸ਼ਬਦ ਦਾ ਲੰਗਰ ਵੱਡੀ ਪੱਧਰ ਤੇ ਚਲਾਇਆ-ਵਰਤਾਇਆ ਹੁੰਦਾ ਤਾਂ ਘੱਟ ਤੋਂ ਘੱਟ ਗੁਰੂਆਂ, ਭਗਤਾਂ ਅਤੇ ਸੂਰ ਬੀਰ ਯੋਧਿਆਂ ਸ਼ਹੀਦਾਂ ਦੀ ਧਰਤੀ ਪੰਜਾਬ ਵਿਖੇ ਸਾਧਾਂ-ਸੰਤਾਂ ਦੇ ਡੇਰੇ ਪੈਦਾ ਨਾਂ ਹੁੰਦੇ ਸਗੋਂ ਹਰੇਕ ਮਾਈ ਭਾਈ ਕਿਰਤ ਵਿਰਤ ਕਰਦਾ, ਅਮਲੀ ਜੀਵਨ ਜੀਦਾਂ ਹੋਇਆ ਗੁਰਮਿਤ ਦਾ ਪ੍ਰਚਾਰਕ ਹੁੰਦਾ। ਅੱਜ ਇਹ ਡੇਰੇਦਾਰ ਸ਼ਬਦ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਸੱਚੀ ਬਾਣੀ ਛੱਡ ਕੇ, ਆਪਣੇ ਕੋਲੋਂ ਬਣਾਈ ਕੱਚੀ ਬਾਣੀ ਅਤੇ ਮਨਘੜਤ ਸਾਖੀਆਂ ਸੁਣਾ-ਸੁਣਾ ਕੇ ਸਿੱਖ ਜਨਤਾ ਨੂੰ ਦੋਹੀਂ ਹੱਥੀ ਲੁੱਟੀ ਜਾ ਰਹੇ ਹਨ। ਇਨ੍ਹਾਂ ਨੇ ਸਿੱਖ ਨੂੰ ਬਾਣੀ ਨਾਲੋਂ ਤੋੜ ਕੇ ਕੇਵਲ ਭਾੜੇ ਦੇ ਪਾਠ, ਕੀਰਤਨ ਅਤੇ ਕਥਾ ਦਰਬਾਰਾਂ ਦੇ ਕੁਰਾਹੇ ਪਾ ਦਿੱਤਾ ਹੈ। ਇਸੇ ਕਰਕੇ ਅਜੋਕਾ ਅਖੌਤੀ ਸਿੱਖ ਆਪ ਬਾਣੀ ਪੜ੍ਹਨ, ਵਿਚਾਰਨ, ਧਾਰਨ ਅਤੇ ਉਸ ਤੇ ਅਮਲ ਕਰਕੇ ਗੁਰਮੱਤੀ ਜੀਵਨ ਜੀਅਨ ਨਾਲੋਂ, ਸਭ ਕੁਝ ਕੀਤਾ ਕਰਾਇਆ ਭਾਲ ਰਿਹਾ ਹੈ। ਇਸ ਅਗਿਆਨਤਾ ਦਾ ਫਾਇਦਾ ਉੱਠਾ ਕੇ ਡੇਰੇਦਾਰ ਕੀਤੇ ਕਰਾਏ ਪਾਠ, ਮੰਤ੍ਰ ਅਤੇ ਅਰਦਾਸਾਂ ਦੇ ਠੇਕੇ ਖੋਲ੍ਹੀ ਬੈਠੇ ਹਨ।

ਕਹਿੰਦੇ ਹਨ ਕਦੇ ਬੀਜ ਨਾਸ ਨਹੀਂ ਹੁੰਦਾ, ਮੁਸੀਬਤਾਂ ਭਰੇ ਔਖੇ ਵੇਲੇ ਵੀ ਸਿੱਖਾਂ ਨੇ ਜੰਗਲਾਂ ਬੇਲਿਆਂ ਵਿੱਚ ਰਹਿੰਦਿਆਂ ਵੀ ਸ਼ਬਦ ਲੰਗਰ ਦਾ ਵਰਤਾਰਾ ਨਾਂ ਛੱਡਇਆ। ਫਿਰ ਸਿੰਘ ਸਭਾ ਦੇ ਰੂਪ ਵਿੱਚ ਵੀ ਅਕੀਦਤਮੰਦ ਗੁਰਿਸੱਖ ਇਹ ਵਰਤਾਰਾ ਚਲਾਉਂਦੇ ਰਹੇ। ਹੁਣ ਜਦੋਂ ਤੋਂ ਡੇਰੇ ਅਤੇ ਬਹੁਤੇ ਗੁਰਦੁਆਰੇ ਕਮਰਸ਼ੀਅਲ ਹੋ, ਰਾਜਨੀਤੀ ਅਤੇ ਵਾਪਾਰ ਦੇ ਅੱਡੇ ਬਣ ਗਏ, ਪੈਸਾ ਇੱਕਠਾ ਕਰਨ ਲਈ ਪਾਠਾਂ ਦੀਆਂ ਲੜੀਆਂ, ਇਕੋਤਰੀਆਂ, ਮਹਿੰਗੇ ਮਹਿੰਗੇ ਕੀਰਤਨ ਦਰਬਾਰ ਅਤੇ ਸੰਗਮਰਮਰੀ ਬਿਲਡਿੰਗਾਂ ਬਨਾਉਣ ਲੱਗ ਪਏ, ਜਿਹੜੇ ਧਰਮ ਅਸਥਾਨਾਂ ਤੋਂ ਸ਼ਬਦ ਗੁਰੂ ਦਾ ਲੰਗਰ ਚੱਲਣਾ ਸੀ ਓਥੇ ਭਾਂਤ ਸੁਭਾਂਤਾ ਖਰਚੀਲਾ ਲੰਗਰ ਚੱਲਣ ਲੱਗ ਪਿਆ। ਰੋਸੁ ਨ ਕੀਜੈ ਉਤਰੁ ਦੀਜੈ ਕਿਉ ਪਾਈਐ ਗੁਰ ਦੁਆਰੋ॥ (938) ਵਾਲਾ ਸ਼ਬਦ ਵਿਚਾਰ ਦਾ ਲੰਗਰ ਬੰਦ ਹੋ ਗਿਆ। ਜਿਸ ਕਰਕੇ ਸਿੱਖੀ ਵਿੱਚ ਅਮਲੀ ਤੌਰ ਤੇ ਗਿਰਾਵਟ ਆਈ ਤੇ ਲੋਟੂ ਬਾਬੇ ਭਾਦੋਂ ਦੀਆਂ ਖੁੰਬਾਂ ਵਾਂਗ ਪੈਦਾ ਹੋ ਗਏ। ਆਪ ਬਾਣੀ ਨਾਂ ਵਿਚਾਰਨ ਕਰਕੇ ਗੁਰੂ ਗਿਆਨ ਤੋਂ ਵਿਹੂਣੀ ਸੰਗਤ ਸ਼ਬਦ ਗੁਰੂ ਦੇ ਗਿਆਨ ਨੂੰ ਛੱਡ ਕੇ ਬਾਬਿਆਂ ਅਤੇ ਕਲਾਕਾਰ ਕਥਾਕਾਰਾਂ ਦੀਆਂ ਮਨਘੜਤ ਕਹਾਣੀਆਂ ਮਗਰ ਲੱਗ ਗਈ, ਜੋ ਗੁਰੂ ਦੀ ਸੱਚੀ ਬਾਣੀ ਦੀ ਕਥਾ ਸੁਣਨ ਨਾਲੋਂ ਬਾਬਿਆਂ ਦੀ ਕੱਚੀ ਬਾਣੀ (ਧਾਰਨਾਵਾਂ) ਨੂੰ ਸੁਣਨ ਦੀ ਆਦੀ ਹੋ ਗਈ। ਅੱਜ ਫਿਰ ਆਪ ਗੁਰਬਾਣੀ ਪੜ੍ਹਨ ਵਿਚਾਰਨ ਵਾਲੇ ਗੁਰਸਿੱਖ ਖਾਸ ਕਰਕੇ ਇੰਟ੍ਰਨੈੱਟ ਰਾਹੀਂ ਚੰਗੇ-ਚੰਗੇ ਵਿਦਵਾਨਾਂ ਦੇ ਗੁਰਬਾਣੀ ਵਿਚਾਰ ਪੜ੍ਹਨ-ਸੁਣਨ ਵਾਲੇ ਨੌਜਵਾਨ ਜੋ ਸਿੱਖ ਮਿਸ਼ਨਰੀ ਕਾਲਜਾਂ, ਹੋਰ ਜਾਗਰੂਕ ਸਭਾ ਸੁਸਾਇਟੀਆਂ, ਸਿੰਘ ਸਭਾਵਾਂ, ਅਦਾਰਾ ਅਖੌਤੀ ਸੰਤਾਂ ਦੇ ਕੌਤਕ, ਵਰਲਡ ਸਿੱਖ ਫੈਡਰੇਸ਼ਨ, , ਵੈਬਸਾਈਟਾਂ, ਰਸਾਲੇ ਅਤੇ ਕੁਝ ਅਖਬਾਰਾਂ ਦੇ ਸਹਿਯੋਗ ਨਾਲ ਗੁਰਬਾਣੀ ਵਿਚਾਰ-ਵਿਟਾਂਦਰੇ ਅਤੇ ਵਿਚਾਰ-ਗੋਸਟੀਆਂ ਰਾਹੀਂ ਸ਼ਬਦ ਗੁਰੂ ਦਾ ਲੰਗਰ ਆਪੋ ਆਪਣੀ ਵਿਤ ਮੁਤਾਬਕ ਚਲਾ-ਵਰਤਾ ਰਹੇ ਹਨ ਪਰ ਸ਼ਬਦ ਗੁਰੂ ਦੇ ਲੰਗਰ ਦੇ ਵਿਰੋਧੀ ਅਖੌਤੀ ਸਾਧ-ਸੰਤ ਅਤੇ ਉਨ੍ਹਾਂ ਦੇ ਪਿਛਲੱਗ ਕਈ ਥਾਂਈਂ, ਇਸ ਦੀ ਵਿਰੋਧਤਾ ਕਰਕੇ ਗੁਰੂ ਨਾਨਕ ਸਾਹਿਬ ਜੀ ਦੀ ਸੱਚੀ-ਸੁੱਚੀ ਅਗਾਂਹਵਧੂ ਕ੍ਰਾਤੀਕਾਰੀ, ਸਰਬਸਾਂਝੀਵਾਲਤਾ ਵਾਲੀ ਵਿਚਾਰਧਾਰਾ ਦੀ ਵਿਰੋਧਤਾ ਕਰਕੇ ਖੁਸ਼ ਹੋ ਰਹੇ ਹਨ। ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ.ਐੱਸ.ਏ. ਉਨ੍ਹਾਂ ਸਾਰੀਆਂ ਜਥੇਬੰਦੀਆਂ, ਗੁਰਦੁਆਰਿਆਂ ਅਤੇ ਮਾਈ ਭਾਈਆਂ ਦਾ ਤਹਿ ਦਿਲੋਂ ਧੰਨਵਾਦੀ ਹੈ ਜੋ ਅੰਨ ਦੇ ਲੰਗਰ ਦੇ ਨਾਲ-ਨਾਲ ਸ਼ਬਦ ਗੁਰੂ ਵਿਚਾਰ ਦਾ ਲੰਗਰ ਵੀ ਚਲਾ, ਵਰਤਾ ਰਹੇ ਅਤੇ ਹੋਰਨਾਂ ਨੂੰ ਚਲਾਉਣ ਅਤੇ ਵਰਤਾਉਣ ਦੀ ਪ੍ਰੇਰਨਾਂ ਦੇ ਰਹੇ ਹਨ। ਗੁਰੂ ਗ੍ਰੰਥ ਸਾਹਿਬ ਵਿਖੇ ਵੀ ਇਸ ਸ਼ਬਦ ਲੰਗਰ ਦੀ ਮਹਾਨਤਾ ਇਉਂ ਦਰਸਾਈ ਗਈ ਹੈ-ਲੰਗਰੁ ਚਲੈ ਗੁਰਿ ਸਬਦਿ ਹਰਿ ਤੋਟਿ ਨ ਆਵੀ ਖਟੀਐ॥ (967) ਇਉਂ ਗੁਰਮਤਿ ਵਿੱਚ ਸਰੀਰ ਲਈ ਅੰਨ ਅਤੇ ਮਨ ਆਤਮਾਂ ਲਈ ਸ਼ਬਦ, ਦੋ ਪ੍ਰਕਾਰ ਦਾ ਲੰਗਰ ਹੈ ਜੋ ਸਦਾ ਹੀ ਚਲਦਾ ਰਹਿਣਾ ਚਾਹੀਦਾ ਹੈ ਪਰ ਅੱਜ ਸਾਨੂੰ ਵੱਡੀ ਪੱਧਰ ਤੇ ਸ਼ਬਦ ਦਾ ਲੰਗਰ ਅਧੁਨਿਕ ਸਾਧਨਾਂ ਰਾਹੀਂ ਵੀ ਚਲਾਉਣਾ ਅਤੇ ਵਰਤਾਉਣਾ ਚਾਹੀਦਾ ਹੈ।




.