.

ਤੀਰਥਾਂ ਤੇ ਇਸ਼ਨਾਨ ਦਾ ਫਲ ਅਤੇ ਗੁਰਮਤਿ-

ਦੋਹਰਾ॥ ਜੋ ਇੱਛਾ ਮਨ ਮੈ ਧਰੈ ਈਹਾਂ ਕਰਿ ਇਸ਼ਨਾਨ। ਤਾਤਕਾਲ ਫਲ ਸੋ ਲਹੈ ਤਿਸੈ ਨ ਜਮ ਕੀ ਕਾਨਿ॥ 159॥

ਅਰਥ:- ਏਥੇ ਇਸ਼ਨਾਨ ਕਰਨ ਨਾਲ ਤੁਰੰਤ ਮਨੋਕਾਮਨਾ ਪੂਰੀ ਹੋ ਜਾਏਗੀ, ਅਤੇ ਉਸ ਨੂੰ ਜਮਾਂ ਦੀ ਵੀ ਕੋਈ ਕਾਣ ਨਾ ਰਹੂ। 159.

ਅਸਾਂ ਪਿਛੇ 23 ਨੰਬਰ ਲੇਖ ਵਿੱਚ ਗੁਰਬਾਣੀ ਵਿਚਾਰ ਤੋਂ ਸਮਝ ਲਿਆ ਹੈ, ਕਿ, ਧਰਤੀ ਦੇ ਕਿਸੇ ਵੀ ਥਾਂ ਵਿੱਚ ਚੇਟਕੀ ਢੰਗ ਨਾਲ ਕਿਸੇ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਨ ਦੀ ਕੋਈ ਸਮਰਥਾ ਨਹੀਂ ਹੋਇਆ ਕਰਦੀ। ਉਹੀ ਥਾਂ ਚੰਗੇ ਤੋਂ ਮੰਦਾ ਬਣ ਜਾਣ ਦੀ ਗੱਲ ਵੀ ਗੁਰਬਾਣੀ ਦੇ ਸ਼ਬਦਾਂ ਤੋਂ ਸਮਝ ਲਈ ਹੈ। ਏਥੇ ਲਿਖਾਰੀ ਨੇ ਇਸ਼ਨਾਨ ਕਰਨ ਤੋਂ ਮਨਇੱਛੇ ਫਲਾਂ ਦੀ ਪ੍ਰਾਪਤੀ ਦੀ ਅਤੇ ਪੁੱਤਰ ਦੀ ਪ੍ਰਾਪਤੀ ਦੀ ਗਰਿਮਤਿ ਵਿਰੋਧੀ ਗੱਲ ਵੀ ਸਤਿਗੁਰੂ ਜੀ ਦੇ ਸ੍ਰੀ ਮੁਖ ਵਿੱਚ ਪਾਈ ਹੈ। ਪਰ ਜਿਨ੍ਹਾਂ ਸਤਿਗੁਰੂ ਜੀ ਦੀ ਸਿਖਿਆ ਨਾ ਮੰਨੀ ਅਤੇ ਆਪਣੇ ਅੰਦਰੇ ਬੈਠੇ ਪਰਮਾਤਮਾ ਦੀ ਪਛਾਣ ਨਾ ਕੀਤੀ ਉਹ ਸਦਾ ਦੁਖੀ ਰਹੇ। ਮਾਇਆ ਨਾਲ ਪਿਆਰ ਕਰਨ ਵਾਲੇ ਅਜੇਹੇ ਮਨੁੱਖ ਭਾਵੇ ਕਿੰਨਾ ਵੀ ਇਸ਼ਨਾਨ ਦਾਨ ਕਰ ਲੈਣ ਸਦਾ ਖ਼ੁਆਰ ਹੀ ਹੁੰਦੇ ਹਨ। ਮਿੱਠਬੋਲੜੇ ਸਤਿਗੁਰੂ ਜੀ ਨੇ ਆਪਣੇ ਮਨ ਨੂੰ ਸੰਬੋਧਨ ਕਰਕੇ ਸਾਡੀ ਰਹਿਬਰੀ ਲਈ, ਬਹੁਪੱਖੀ ਅਨਮੋਲ ਗਿਆਨ ਦੇ ਭੰਡਾਰ, ਗੁਰੂ ਸ਼ਬਦ-ਰੂਪ ਬਖ਼ਸ਼ਸ਼ ਕੀਤੀ ਹੋਈ ਹੈ:--

54- ਸਤਗੁਰੁ ਪੁਰਖੁ ਨ ਮੰਨਿਓ ਸਬਦਿ ਨ ਲਗੋ ਪਿਆਰੁ॥ ਇਸਨਾਨੁ ਦਾਨੁ ਜੇਤਾ ਕਰਹਿ ਦੂਜੈ ਭਾਇ ਖੁਆਰੁ॥ ਹਰਿ ਜੀਉ ਆਪਣੀ ਕ੍ਰਿਪਾ ਕਰੇ ਤਾ ਲਾਗੈ ਨਾਮ ਪਿਆਰੁ॥ ਨਾਨਕ ਨਾਮੁ ਸਮਾਲਿ ਤੂ ਗੁਰ ਕੈ ਹੇਤਿ ਅਪਾਰਿ॥ 5॥ 20॥ 53॥ {34}

ਅਰਥ:- ਜਿਨ੍ਹਾਂ ਮਨੁੱਖਾਂ ਨੇ ਸਤਿਗੁਰੂ ਜੀ ਨੂੰ *ਆਪਣਾ ਜੀਵਨ-ਰਾਹਬਰ) ਨਹੀਂ ਮੰਨਿਆ ਜਿਨ੍ਹਾਂ ਦਾ ਗੁਰੂ ਸ਼ਬਦ ਵਿੱਚ ਪਿਆਰ ਨਹੀਂ ਬਣਿਆ, ਉਹ ਜਿਤਨਾ ਵੀ (ਤੀਰਥ-) ਇਸ਼ਨਾਨ ਕਰਦੇ ਹਨ, ਜਿੰਨਾ ਦਾਨ ਪੁੰਨ ਕਰਦੇ ਹਨ ਮਾਇਆ ਦੇ ਪਿਆਰ ਦੇ ਕਾਰਨ ਉਹ ਸਾਰਾ ਉਨ੍ਹਾਂ ਨੂੰ ਖ਼ੁਆਰ ਹੀ ਕਰਦਾ ਹੈ। ਜਦੋਂ ਪਰਮਾਤਮਾ ਆਪ ਅਪਣੀ ਮਿਹਰ ਕਰੇ, ਤਾਂ ਜੀਵ ਦਾ ਉਸ ਦੇ ਨਾਮ ਨਾਲ ਪਿਆਰ ਬਣਦਾ ਹੈ। ਹੇ ਨਾਨਕ! ਗੁਰੂ ਦੇ ਅਟੱਲ ਪ੍ਰੇਮ ਦੀ ਬਰਕਤਿ ਨਾਲ ਤੂੰ ਪਰਮਾਤਮਾ ਦਾ ਨਾਮ (ਅਪਣੇ ਹਿਰਦੲ ਵਿਚ) ਸਾਂਭ ਕੇ ਰੱਖ। 5.

ਸਤਿਗੁਰੂ ਜੀ ਦੇ ਹੁਕਮ ਵਿੱਚ ਰਹਿੰਦਿਆਂ ਪਰਮਾਤਮਾ ਨੂੰ ਸਦਾ ਅੰਗ ਸੰਗ ਸਮਝਣ, ਗੁਰਮਤਿ ਅਨੁਸਾਰ ਜੀਵਨ ਢਾਲ ਲੈਣਾ ਹੀ ਸਰਬ ਸੁਖਾਂ ਦਾ ਮੂਲ ਹੈ। ਮਾਇਆ ਦੇ ਮੋਹ ਵਿੱਚ ਫਸ ਕੇ ਤੀਰਥ ਤੇ ਇਸ਼ਨਾਨ ਨੂੰ ਕਲਿਆਣਕਾਰੀ ਮੰਨ ਲੈਣਾ ਹੰਕਾਰ ਪੈਦਾ ਕਰਾਦਾ ਹੈ ਆਤੇ ਆਤਮਕ ਮੌਤ ਦਾ ਕਾਰਨ ਬਣਦਾ ਹੈ। ਅਜੇਹਾ ਕਲਿਆਣਕਾਰੀ ਗਿਆਨ ਦ੍ਰਿਯ ਕਰਾ ਰਹੇ ਸਤਿਗੁਰੂ ਜੀ, ਕਿਸੇ ਸਰੋਵਰ ਵਿੱਚ ਇਸ਼ਨਾਨ ਤੋਂ ਕੋਈ ਮੁਰਾਦ ਪੂਰੀ ਹੋ ਸਕਣ ਦੀ ਗੱਲ ਕਦੇ ਨਹੀਂ ਸਨ ਕਰ ਸਕਦੇ। ਅਜੇਹੇ ਹੋਰ ਗੁਰੂ-ਫ਼ੁਰਮਾਨ:--

55- ਅੰਤਰਿ ਮੈਲੁ ਜੇ ਤੀਰਥ ਨਾਵੈ ਤਿਸੁ ਬੈਕੁੰਠ ਨ ਜਾਨਾਂ॥ ਲੋਕ ਪਤੀਣੇ ਕਛੂ ਨ ਹੋਵੈ ਨਾਹੀ ਰਾਮੁ ਅਯਾਨਾ॥ 1॥ ਪੂਜਹੁ ਰਾਮੁ ਏਕੁ ਹੀ ਦੇਵਾ॥ ਸਾਚਾ ਨਾਵਣੁ ਗੁਰ ਕੀ ਸੇਵਾ॥ 1॥ ਰਹਾਉ॥ ਜਲ ਕੈ ਮਜਨਿ ਜੇ ਗਤਿ ਹੋਵੈ ਨਿਤ ਨਿਤ ਮੇਂਡੁਕ ਨਾਵਹਿ॥ ਜੈਸੇ ਮੇਂਡੁਕ ਤੈਸੇ ਓਇ ਨਰ ਫਿਰਿ ਫਿਰਿ ਜੋਨੀ ਆਵਹਿ॥ 2॥ 4-37 {484}

ਤੀਰਥਾਂ ਦਾ ਇਸ਼ਨਾਨ ਵਿਕਾਰਾਂ ਦੀ ਮੈਲ ਨਹੀਂ ਧੋ ਸਕਦਾ, ਇਹ ੲੈਵੇ ਲੋਕ ਵਿਖਾਵਾ ਹੀ ਹੁੰਦਾ ਹੈ ਕਿ ਮੈਂ ਤੀਰਥ ਦਾ ਇਸ਼ਨਾਨੀ ਹਾਂ। ਜੇ ਜਿਸੇ ਥਾਂ ਦੇ ਪਾਣੀ ਵਿੱਚ ਇਸ਼ਨਾਨ ਕੀਤੀਆਂ ਮੁਕਤੀ ਮਿਲ ਜਾਂਦੀ ਹੁੰਦੀ ਤਾਂ ਡੱਡੂ (ਮੱਛੀਆਂ) ਆਦਿ, ਜਲ ਵਿੱਚ ਰਹਿਣ ਵਾਲੇ ਜੀਵ ਸਾਰੇ ਸੁਰਗਾਂ ਵਿੱਚ ਤੁਰ ਜਾਂਦੇ। ਮਨ ਦਾ ਮੈਲਾ ਮਨੁੱਖ ਕਥਿਤ ਦੇਵਤਿਆਂ ਦੀ ਧਰਤੀ ਕਾਂਸ਼ੀ ਵਿੱਚ ਮਰਨ ਨਾਲ ਵੀ ਨਰਕਾਂ ਤੋਂ ਨਹੀਂ ਬਚ ਸਕਦਾ ਪਰ, ਪ੍ਰਭੂ ਦੇ ਭਗਤ ਦੀ ਭਾਵੇ ਹਾੜਂਬੇ ਵਰਗੀ ਸਰਾਪੀ ਹੋਈ ਥਾਂ ਤੇ ਵੀ ਮੌਤ ਹੋ ਜਾਵੇ ਉਹ ਸਗੋਂ ਪਾਰ ਲੰਘ ਜਾਣ ਵਿੱਚ ਆਪਣੇ ਸੰਗੀਆਂ ਸਾਥੀਆਂ ਦਾ ਵੀ ਸਹਾਈ ਬਣਦਾ ਹੈ।

ਹਿਰਦੇ ਵਿੱਚ ਪਰਮਾਤਮਾ ਦੀ ਸਦੀਵੀ ਯਾਦ ਹੀ ਕਲਿਆਣਕਾਰੀ ਹੈ। ਹੋਰ ਕਿਸੇ ਖ਼ਾਸ ਥਾਂ ਦੀ ਯਾਤ੍ਰਾ ਜਾਂ ਕਥਿਤ ਤੌਰ ਤੇ ਮੰਨੇ ਗਏ ਪਵਤਿਰ ਦਰਿਆ (ਨਦੀ) ਸਰੋਵਰ ਵਿੱਚ ਇਸ਼ਨਾਨ ਕਰਨ ਨਾਲ, ਅਥਵਾ ਕਿਸੇ ਧਰਮ ਪੁਸਤਕ ਦਾ ਪਾਠ-ਮੰਤ੍ਰ-ਮਾਤ੍ਰ, ਕੁੱਝ ਨਹੀ ਸਵਾਰਦਾ। ਬਿੱਪ੍ਰਨ ਕੀ ਰੀਤ ਤੋਂ ਸਚੁ ਦਾ ਮਾਰਗ ਪੁਸਤਕ ਦੇ ਤੀਜੇ ਭਾਗ ਤੇ 96 ਸਫ਼ੇ ਤੋਂ 210 ਸਫ਼ੇ ਤੱਕ ਤੀਰਥ ਦੀ ਅਤੇ ਉਨ੍ਹਾਂ ਤੇ ਕੀਤੇ ਇਸ਼ਨਾਨਾਂ ਦੀ ਅਸਲੀਯਤ ਨੂੰ ਗੁਰੂ ਸ਼ਬਦਾਂ ਦੇ ਅਤੇ ਪੁਰਾਣਗ ਗ੍ਰੰਥਾਂ ਦੇ ਹਵਾਲਿਆਂ ਨਾਲ ਬੜੀ ਵਿਸਥਾਰ ਨਾਲ ਵਿਚਾਰਾਂ ਲਿਖੀਆਂ ਹੋਈਆਂ ਹਨ। ਚਾਹਵਾਨ ਪਾਠਕ ਸੱਜਣ ਉਸ ਲੇਖ ਤੋਂ ਨਿਰਸੰਦੇਹ ਬੜਾ ਲਾਭ ਲੈ ਸਕਦੇ ਹਨ। ਉਹ ਲੇਖ ਪੜਨ ਉਪਰੰਤ ਪਾਠਕ ਸੱਜਣ ਆਪਣੇ ਆਪ ਇਹ ਕਹਿ ਸਕਣਗੇ ਕਿ ਜਿਸ ਗੁਰਦੇਵ ਜੀ ਦਾ ਤੀਰਥ ਇਸ਼ਨਾਨਾ ਬਾਰੇ ਅਜੇਹਾ ਸਿਧਾਂਤ ਹੈ, ਸਚੁ ਦੇ ਅਵਤਾਰ ਕਥਨੀ ਦੇ ਸੂਰੇ, ਉਸ ਪਰਮ ਤਿਆਗੀ ਪੰਚਮ ਪਾਤਸ਼ਾਹ ਜੀ ਦੇ ਪਾਵਨ ਨਾਮਣੇ ਨਾਲ ਲਿਖਾਰੀ ਨੇ ਇਹ ਕੁਫ਼ਰ ਜੋੜ ਦਿੱਤਾ ਕਿ ਸਤਿਗੁਰੂ ਜੀ ਨੇ ਵਰ ਦੇ ਦਿੱਤਾ ਕਿ, ਜਿਹੜਾ ਏਥੇ ਇਸ਼ਨਾਨ ਕਰੇਗਾ ਉਹ ਸੁਰਗਾਂ ਦਾ ਵਾਸੀ ਬਣ ਜਾਵੇਗਾ।

ਸਰੋਵਰ ਜਾਂ ਖੂਹ ਲਾਉਂਣੇ ਉਸ ਸਮੇਂ ਦੀ ਵਡੀ ਲੋੜ ਸੀ। ਪਰ ਸਤਿਗੁਰੂ ਜੀ ਨੇ ਛੂਤ ਛਾਤ ਦੇ ਭੂਤ ਮਗਰ ਜੋ ਸਲੋਤਰ ਫੜਿਆ ਹੋਇਆ ਸੀ, (ਬ੍ਰਾਹਮਣ ਅਤੇ ਸ਼ੂਦਰ ਲਈ) ਸਾਂਝੇ ਸਰੋਵਰ ਅਤੇ ਸਾਂਝੇ ਖੂਹ ਉਸੇ ਯੋਜਨਾਂ ਦੀ ਪੂਰਤੀ ਲਈ ਹੀ ਲੁਆਏ ਸਨ। ਸਤਿਗੁਰਾਂ ਨੇ ਇਸ਼ਨਾਨ ਤੋਂ ਕਈ ਪ੍ਰਕਾਰ ਦੇ ਫਲਾਂ ਦੀ ਬਖ਼ਸ਼ਸ਼ ਦੇ ਝਾਂਸੇ ਨਾਲ ਬ੍ਰਾਹਮਣੀ ਲੁੱਟ ਵਾਲੇ (ਸਰੋਵਰ, ਖੂਹ੍ਹ ਆਦਿ) ਤੀਰਥ ਅਸਥਾਨ ਨਹੀਂ ਸਨ ਬਣਾਏ। ਗੁਰਮਤਿ ਦੇ ਇਸ਼ਨਾਨ ਦੇ ਬਜਾਂ ਨ੍ਹਾਉਣ ਦੇ, ਕੇਵਲ ਵੰਨਗੀ ਮਾਤ ਦਰਸ਼ਨ:--

56- ਸਲੋਕ ਮਃ 1॥ ਕੁਬੁਧਿ ਡੂਮਣੀ ਕੁਦਇਆ ਕਸਾਇਣਿ ਪਰ ਨਿੰਦਾ ਘਟ ਚੂਹੜੀ ਮੁਠੀ ਕ੍ਰੋਧਿ ਚੰਡਾਲਿ॥ ਕਾਰੀ ਕਢੀ ਕਿਆ ਥੀਐ ਜਾਂ ਚਾਰੇ ਬੈਠੀਆ ਨਾਲਿ॥ ਸਚੁ ਸੰਜਮੁ ਕਰਣੀ ਕਾਰਾਂ ਨਾਵਣੁ ਨਾਉ ਜਪੇਹੀ॥ ਨਾਨਕ ਅਗੈ ਊਤਮ ਸੇਈ ਜਿ ਪਾਪਾਂ ਪੰਦਿ ਨ ਦੇਹੀ॥ 1॥ {91} -ਵਾ-20

ਅਰਥ:-ਭੈੜੀ ਮਤਿ (ਮਨੁੱਖ ਦੇ ਅੰਦਰ ਦੀ) ਮਿਰਾਸਣ ਹੈ, ਬੇ-ਤਰਸੀ ਕਸਾਇਣ ਹੈ, ਪਰਾਈ ਨਿੰਦਿਆ ਅੰਦਰ ਦੀ ਚੂਹੜੀ ਹੈ, ਤੇ ਕ੍ਰੋਧ ਚੰਡਾਲਣੀ (ਹੈ ਜਿਸ) ਨੇ (ਜੀਵ ਦੇ ਸ਼ਾਂਤ ਸੁਭਾਉ ਨੂੰ) ਠੱਗ ਰੱਖਿਆ ਹੈ। ਜੇ ਇਹ ਚਾਰੇ ਅੰਦਰ ਹੀ ਬੈਠੀਆਂ ਹੋਣ, ਤਾਂ (ਬਾਹਰ ਚੌਂਕਾ ਸੁੱਚਾ ਰੱਖਣ ਲਈ) ਲਕੀਰਾਂ ਕੱਢਣ ਦਾ ਕੀ ਲਾਭ? ਹੇ ਨਾਨਕ! ਜੋ ਮਨੁੱਖ ਸੱਚ ਨੂੰ (ਚੌਕਾ ਸੁੱਚਾ ਕਰਨ ਦੀ) ਜੁਗਤਿ ਬਣਾਉਂਦੇ ਹਨ, ਉੱਚੇ ਆਚਰਨ ਨੂੰ (ਚੌਂਕੇ ਦੀਆਂ) ਲਕੀਰਾਂ ਬਣਾਉਂਦੇ ਹਨ, ਜੋ ਨਾਮ ਸਿਮਰਦੇ ਹਨ ਤੇ ਇਸੇ ਨੂੰ ਹੀ ਤੀਰਥ ਇਸ਼ਨਾਨ ਸਮਝਦੇ ਹਨ, ਹੋ ਹੋਰਨਾ ਨੂੰ ਵੀ ਪਾਪਾਂ ਵਾਲੀ ਸਿੱਖਿਆ ਨਹੀਂ ਦਿੰਦੇ, ਉਹ ਮਨੁੱਖ ਪ੍ਰਭੂ ਦੀ ਹਜ਼ੂਰੀ ਵਿੱਚ ਚੰਗੇ ਗਿਣੇ ਜਾਂਦੇ ਹਨ। 1.

29- ਦੁਨੀਆ ਹੁਸੀਆਰ ਬੇਦਾਰ ਜਾਗਤ ਮੁਸੀਅਤ ਹਉ ਰੇ ਭਾਈ॥

ਸੁਚੇਤ ਰਹਿਣ ਲਈ ਅਤੀਅੰਤ ਨਾਜ਼ਕ ਘੜੀ-

ਸਾਡੀ ਕਿਸਮਤ ਵੇਖੋ, ਹਰਿਮੰਦਰ ਸਾਹਿਬ ਜੀ ਤੋਂ ਸਤਿਗੁਰੂ ਜੀ ਦਾ ਹੁਕਮਨਾਮਾ ਬਾਹਰ ਵਿਦੇਸ਼ੀਂ ਭੇਜਣਾ ਅਰੰਭ ਕਰਕੇ (ਸਥਾਨਕ) ਗੁਰੂ-ਸਰੂਪ ਦੀ ਮਹੱਤਤਾ ਘਟਾਉਣ ਵਾਲਾ ਕੁਕਰਮ ਅਰੰਭ ਕਰਨ ਵਾਲੀ ਸਰਬਉੱਚ ਜਥੇਦਾਰੀ, ਰਲ-ਮਿਲ ਕੇ ਉਸ ਲਿਖਾਰੀ ਦੀਆਂ ਗੁਰਮਤਿ ਵਿਰੋਧੀ ਕੁਟਲ ਗੱਲਾਂ ਨੂੰ ਗੁਰਮਤਿ ਦਾ ਅੰਗ ਬਣਾ ਰਹੇ ਹਨ ਜਿਹੜਾ, ਖ਼ਾਲਸਾ ਜੀ ਨੂੰ ਮੰਦਿਰਾਂ ਵਿੱਚ ਟੱਲ ਖੜਕਾਂਉਦੇ ਵੇਖਣ ਲਈ ਯਤਨਸ਼ੀਲ ਹੈ। (ਅਖੰਡਪਾਠਾਂ ਅਥਵਾ ਬ੍ਰਾਹਮਣੀ ਤਰਜ਼ ਦੇ ਮੰਤ੍ਰ-ਪਾਠਾਂ ਤੇ ਸ਼ਰਧਾ ਬਣਾ ਦਿੱਤੀ ਜਾਣ ਦੇ ਕਾਰਨ, ਗੁਰੂ ਬਾਣੀ ਤੋਂ ਅਗਿਆਨੀ ਰਹਿ ਰਹੇ ਸਿੱਖ ਜਗਤ ਲਈ, ਸ਼ੁੱਧ ਗੁਰਮਤਿ ਬਣਦੇ ਜਾ ਰਹੇ) 158 ਚੌਪਈ ਤੋਂ ਅਰੰਭ ਹੋਏ ਸਤਿਗੁਰਾਂ ਦੀ ਜ਼ਬਾਨੀ ਕਹੇ ਦਰਸਾਏ ਹੋਏ, ਗੁਰਮਤਿ ਵਿਰੋਧੀ ਬਚਨਾ ਦਾ ਰਹਿੰਦਾ ਹਿੱਸਾ:-

ਜੋ ਇੱਛਾ ਮਨ ਮੈ ਧਰੈ ਈਹਾਂ ਕਰਿ ਇਸ਼ਨਾਨ।

ਤਾਤਕਾਲ ਫਲ ਸੋ ਲਹੈ ਤਿਸੈ ਨ ਜਮ ਕੀ ਕਾਨ॥ 159॥

ਛਿਹਰਟੇ ਖੂਹ ਦੇ ਪਾਣੀ ਵਿੱਚ ਇਸ਼ਨਾਨ ਤੋਂ ਕੇਵਲ ਪੁੱਤਰ ਹੀ ਪਾਪਤ ਨਹੀਂ ਹੁੰਦਾ ਸਗੋਂ) ਮਨ ਦੀਆਂ ਸਾਰੀਆਂ ਮੁਰਾਦਾਂ ਝੱਟ ਪੂਰੀਆਂ ਹੋ ਜਾਣ ਦੇ ਨਾਲ ਮੌਤ ਦਾ ਡਰ ਵੀ ਜਾਂਦਾ ਰਹਿੰਦਾ ਹੇ। ਜੰਮਣ ਅਤੇ ਮਰਨ ਵਾਲਾ ਰੱਬੀ ਹੁਕਮ ਪਾਣੀ ਦੇ ਇਸ਼ਨਾਨ ਨੇ ਸਾਂਭ ਲਿਆ? ਭਾਵ, ਧੁਰੋਂ ਆਈ ਗੁਰੂਬਾਣੀ ਦੇ ਇਹ ਫ਼ੁਰਮਾਨ- “ਐਸਾ ਸਾਚਾ ਤੂੰ ਏਕੋ ਜਾਣੁ॥ ਜੰਮਣੁ ਮਰਣਾ ਹੁਕਮੁ ਪਛਾਣੁ॥ 1॥ ਰਹਾਉ॥” {412} - “ਸਭੋ ਸਚੁ ਸਚੁ ਸਚੁ ਵਰਤੈ ਗੁਰਮੁਖਿ ਕੋਈ ਜਾਣੈ॥ ਜੰਮਣ ਮਰਣਾ ਹੁਕਮੋ ਵਰਤੈ ਗੁਰਮੁਖਿ ਆਪੁ ਪਛਾਣੈ॥ ਨਾਮੁ ਧਿਆਏ ਤਾ ਸਤਿਗੁਰੁ ਭਾਏ ਜੋ ਇਛੈ ਸੋ ਫਲੁ ਪਾਏ॥ ਨਾਨਕ ਤਿਸ ਦਾ ਸਭੁ ਕਿਛੁ ਹੋਵੈ ਜਿ ਵਿਚਹੁ ਆਪੁ ਗਵਾਏ॥ 8॥ 1॥” {754} ਅਤੇ ਅਜੇਹੇ ਹੋਰ ਕਈ ਫ਼ੁਰਮਾਨ, ਸਤਿਗੁਰੂ ਜੀ ਦੀ ਆਪਣੀ ਜ਼ਬਾਨੀ, ਰੱਦ ਕੀਤੇ ਜਾਣ ਦੀ ਗੰਭੀਰ ਚਲਾਕੀ? ਸਾਰੀਆਂ ਰੱਬੀ ਜ਼ਿੰਮੇਵਾਰੀਆਂ ਛਿਹਰਟੇ ਦੇ ਪਾਣੀ ਨੇ ਸਾਂਭ ਲਈਆਂ?

ਪੰਥ ਦੇ ਇਹ (ਟੌਹੜਾ-ਵਾਦੀਏ 14 ਰਤਨ), ਸਾਡੇ ਧਰਮ-ਆਗੂ ਸਾਹਿਬਾਨ, ਛਿਹਰਟੇ ਖੂਹ ਦੇ ਪਾਣੀ ਨੂੰ ਪੁੱਤਰ-ਦਾਤਾ ਬਣਾ ਕੇ ਸਤਿਗੁਰੂ ਗ੍ਰੰਥ ਸਾਗਿਬ ਜੀ ਦੀ ਪਾਵਨਤਾ ਦੀ, ਅਥਵਾ ਗੁਰਮਤਿ-ਗਿਆਨ ਦੀ ਮੁਹੱਤਤਾ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦੇਣ ਦੀ ਆਹਰੇ ਲੱਗ ਚੁੱਕੇ ਦਿੱਸ ਆ ਰਹੇ ਹਨ। ਅਜੇ ਕਿਹੜੀ ਲਿਖਾਰੀ ਨੇ ਏਥੇ ਹੀ ਬਸ ਕਰ ਦਿੱਤੀ ਹੈ? ਵੇਦਾਂਤੀ ਜੀ ਲਈ ਵੀ – ‘ਸਈਆਂ ਭਏ ਕੁਤਵਾਲ ਤੋ ਡਰ ਕਾਹੇਕਾ’ ਵਾਲੀ ਮੌਜ ਬਣ ਚੁੱਕੀ ਸੀ। ਪੰਥ ਦੀ ਸਰਬ ਸ੍ਰੇਸ਼ਟ ਸੰਸਥਾ (SGPC) ਜਦ, ਆਪਣੀ ਹੋ ਗਈ ਤਾਂ ਡਰ ਕਿਸ ਦਾ? ਜਿਵੋਂ ਵੇਦਾਂਤੀ ਜੀ ਅਤੇ ਉਨ੍ਹਾਂ ਦੇ ਹੱਥ ਠੋਕੇ, ਡ: ਅਮਰਜੀਤ ਸਿੰਘ ਜੀ ਨੂੰ ਮਸਾਂ ਹੀ ਮੌਕਾ ਮਿਲਿਆ ਹੋਵੇ? ਗੁਰਬਿਲਾਸ ਪੁਸਤਕ ਵਿਚਲਾ ਸਾਰਾ ਕੂੜ-ਕੁਬਾੜ ਗੁਰਮਤਿ ਦਾ ਹਿੱਸਾ ਬਣਾ ਦੇਣ ਲਈ ਜ਼ਰਾ ਵੀ ਉਕਾਈ ਨਹੀਂ ਖਾ ਰਹੇ। ਲਿਖਾਰੀ ਨੇ ਜੋ ਸਾਰਾ ਗੁਰਮਤਿ ਵਿਰੋਧੀ ਕੂੜ-ਕਬਾੜ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਮੁਖਾਰਬਿੰਦ ਵਿੱਚ ਪਾਇਆ ਹੈ, ਉਸ ਸਭ ਕੁੱਝ ਤੇ ਪੰਥ ਦੇ ਰਾਖਿਆਂ ਦੀ ਪੰਥਕ-ਪਰਵਾਨਗੀ ਦੀ ਮੋਹਰ ਜੜ ਦਿੱਤੀ ਗਈ। ਸਮੇ ਦੇ ਗੇੜ ਨਾਲ ਇਹੀ ਸਭ ਕੁੱਝ ਅਸਲੀ ਗੁਰਮਤਿ ਬਣ ਜਾਣਾ ਹੈ?

ਬਚਨਾ ਦਾ ਅਗਲਾ ਭਾਗ:-- ਪੁੱਤਰ ਹੋਤਿ ਨਾਰੀ ਇਹਾਂ ਮਾਸ ਮਾਸ ਜੋ ਨ੍ਹਾਇ।

ਏਕ ਬਰਸ ਸੁਤ ਸੋ ਲਹਓ ਸ੍ਰੀ ਮੁਖਿ ਅਸ ਫੁਰਮਾਇ॥ 160॥

ਰਥ:- (ਸਤਿ ਗੁਰੂ ਜੀ ਨੇ) ਆਪਣੇ ਸ੍ਰੀ ਮੁਖ ਤੋਂ ਇਉਂ ਫ਼ੁਰਮਾਇਆ, ਜਿਹੜੀ ਇਸਤ੍ਰੀ ਹਰ ਮਹੀਨੇ ਇੱਕ ਸਾਲ ਏਥੇ ਨਹਾਏਗੀ ਉਸ ਦੀ ਪੁੱਤਰ ਪ੍ਰਾਪਤੀ ਲਈ ਉਪਜੀ ਆਸ ਪੂਰੀ ਹੋ ਜਾਵੇਗੀ। 160.

ਪਰਮਾਤਮਾ ਦੀ ਮੌਜ ਤੋਂ ਪ੍ਰਗਟ ਹੋਏ, ਅਰਦਾਸ ਵਿੱਚ ਸਦਾ ਭਰੋਸਾ ਦਾਨ ਮੰਗ ਰਹੇ, ਲਾਮਿਸਾਲ ਸੂਰਬੀਰਤਾ ਦੇ ਪਿਛੋਕੜ ਵਾਲੇ, ਹੇ ਖ਼ਾਲਸਾ ਜੀਓ! ਧਿਆਨ ਦਿਉ ਸਤਿਗੁਰੂ ਜੀ ਦੀ ਇਸ ਚਿਤਾਵਨੀ ਵਨ:--

ਦੁਨੀਆ ਹੁਸੀਆਰ ਬੇਦਾਰ ਜਾਗਤ ਮੁਸੀਅਤ ਹਉ ਰੇ ਭਾਈ॥

ਜਾਗਦੇ ਹੀ ਲੁੱਟੇ ਜਾ ਰਹੇ ਹੇ ਸੰਸਾਰ ਦੇ ਲੋਕੋ! ਅਥਵਾ, ਆਪਣੇ ਹੀ ਜਥੇਦਾਰ ਸਾਹਿਬਾਨ ਵਲੋਂ ਮੰਦਿਰਾਂ ਵਿੱਚ ਪਏ ਨਿਰਜਿੰਦ ਪੱਥਰਾਂ ਦੇ ਪੁਜਾਰੀ ਬਣਾਏ ਜਾ ਰਹੇ, ਹੇ ਖ਼ਾਲਸਾ ਜੀਓ! ਸੁਚੇਤ ਹੋਵੋ। ਬਾਬਾ ਬੁੱਢਾ ਜੀ ਦੇ ਵਰ ਤੋਂ ਪਰਮ ਸਤਿਕਾਰ ਯੋਗ ਮਾਤਾ ਗੰਗਾ ਜੀ ‘ਤਿਸੀ ਛਿਣਕ’ (138) ਗ੍ਰਭਵਤੀ ਹੋ ਗਏ ਦਰਸਾਉਣ ਵਰਗੇ ਕੁਟਲ-ਝੂਠ ਨੂੰ ਸਚੁ ਬਨਾਉਣ ਵਿੱਚ ਸਫ਼ਲਤਾ ਪ੍ਰਾਪਤ ਕਰ ਚੁੱਕੇ ਲਿਖਾਰੀ ਨੇ, ਦੂਜਾ ਭਿਆਨਕ ਕੁਫ਼ਰ, ਕਿ, ਸਾਲ ਵਿੱਚ 12 ਵਾਰੀ (ਹਰ ਮਹੀਨੇ, ਭਾਵ ਬ੍ਰਾਹਮਣੀ “ਲੁਟ-ਪੱਤਰੀ” ਵਾਲੀ ਮੱਸਿਆ ਜਾਂ ਸੰਗਰਾਂਦ ਵਾਲੇ ਦਿਨ?) ਜਿਹੜੀ ਵੀ ਇਸਤ੍ਰੀ, ਨੇਮ ਨਾਲ ਛਿਹਰਟੇ ਦੇ ਜਲ ਵਿੱਚ ਇਸ਼ਨਾਨ ਕਰਦੀ ਰਹੇਗੀ ਉਹਂ (ਭਾਵੇਂ ਵਿਧਵਾ, ਛੁੱਟੜ, ਪਤੀ ਤੋਂ ਰੁੱਸੀ ਫਿਰਦੀ, ਕਿਸੇ ਵੀ ਉਮਰ? ਭਾਵੇ 80 ਸਾਲ ਦੀ ਹੋਵੇ? -) ਉਸ “ਨਾਰੀ” ਦੇ ਗਰਭ ਚੋਂ ਜ਼ਰੂਰ ਬੇਟਾ ਪੈਦਾ ਹੋਣ ਦਾ, ਕੱਚਾ ਤੇ ਗੁਰਮਤਿ-ਵਿਰੋਧੀ ਝਾਂਸਾ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੇ ਮੁਖਾਰਬਿੰਦ ਵਿੱਚ ਪਾਉਣ ਦਾ ਘਿਣਾਵਨਾ ਅਪਰਾਧ ਕੀਤਾ? ਸ਼ਹੀਦ ਭਾਈ ਮਨੀ ਸਿੰਘ ਜੀ ਦੇ ਨਾਮਣੇ ਨੂੰ ਵਰਤ ਕੇ ਅਨੂਪਮ ਸਤਿਗੁਰੂ ਜੀ ਦੇ ਪਾਵਨ ਮੁਖਾਰਬਿੰਦ ਤੱਕ ਜਾ ਪੁੱਜੇ ਇਸ ਕੁਟਲ ਲਿਖਾਰੀ ਨੂੰ, ਸਾਡੇ ਸਿੰਘ ਸਾਹਿਬਾਨ ਜੀ, ‘ਗੁਰਮੁਖ’ ਅਤੇ ‘ਪੰਥ ਦਾ ਸੱਚਾ ਹਿਤੈਸ਼ੀ’ ਲਿਖ ਰਹੇ ਹਨ? ਹੈਰਾਨੀ ਹੈ ਕਿ, ਪੰਥ ਦੇ ਧਰਮ ਆਗੂ ਸਾਹਿਬਾਨ ਕਿਸ ਦਲੀਲ ਨਾਲ ਇਸ ਗੁਰਮਤਿ ਵਿਰੋਧੀ ਪੁਸਤਕ ਨੂੰ ਪੰਥ ਲਈ ਸੁਗ਼ਾਤ ਕਿਹਿ ਕੇ ਪੰਥ ਵਿੱਚ ਵੰਡੀ ਜਾਣ ਦੀ ਜ਼ਿੱਦ ਤੇ ਅੜੇ ਹੋਏ ਹਨ। ਸਭਨਾ ਤੇ ਸੱਜਣ, ਮਿਹਰਾਂ ਭਰੇ ਪਰਮ-ਸੁਧਾਰਕ, ਮਿਠਬੋਲੜੇ ਅਨੂਪਮ ਸੁਧਾਰਕ, ਸਤਿਗੁਰੂ ਨਾਕਕ ਸਾਹਿਬ ਜਿ ਦਾ ਫ਼ੁਰਮਾਨ:-

57- ਮਃ 1॥ ਜਾ ਹਉ ਨਾਹੀ ਤਾ ਕਿਆ ਆਖਾ ਕਿਹੁ ਨਾਹੀ ਕਿਆ ਹੋਵਾ॥ ਕੀਤਾ ਕਰਣਾ ਕਹਿਆ ਕਥਨਾ

ਭਰਿਆ ਭਰਿ ਭਰਿ ਧੋਵਾਂ॥ ਆਪਿ ਨ ਬੁਝਾ ਲੋਕ ਬੁਝਾਈ ਐਸਾ ਆਗੂ ਹੋਵਾਂ॥ ਨਾਨਕ ਅੰਧਾ ਹੋਇ ਕੈ

ਦਸੇ ਰਾਹੈ ਸਭਸੁ ਮੁਹਾਏ ਸਾਥੈ॥ ਅਗੈ ਗਇਆ ਮੁਹੇ ਮੁਹਿ ਪਾਹਿ ਸੁ ਐਸਾ ਆਗੂ ਜਾਪੈ॥ 2॥ {140}

ਅਰਥ:- ਜਦੋਂ ਮੈਂ ਹਾਂ ਹੀ ਕੁੱਝ ਨਹੀਂ (ਭਾਵ, ਮੇਰੀ ਆਤਮਕ ਹਸਤੀ ਹੀ ਕੁੱਝ ਨਹੀਂ ਬਣੀ), ਤਾਂ ਮੈਂ (ਹੋਰਨਾਂ ਨੂੰ) ਉਪਦੇਸ਼ ਕੀ ਕਰਾਂ? (ਅੰਦਰ) ਕੋਈ ਆਤਮਕ ਗੁਣ ਨਾਹ ਹੁੰਦਿਆਂ ਕਿਤਨਾ ਕੁੱਝ ਬਣ ਬਣ ਕੇ ਵਿਖਾਵਾਂ? ਮੇਰਾ ਕੰਮ-ਕਾਰ ਮੇਰਾ ਬੋਲ-ਚਾਲ-ਇਨ੍ਹਾਂ ਦੀ ਰਾਹੀ (ਮੰਦੇ ਸੰਸਕਾਰਾਂ ਨਾਲ) ਭਰਿਆ ਹੋਇਆ ਕਦੇ ਮੰਦੇ ਪਾਸੇ ਡਿੱਗਦਾ ਹਾਂ ਤੇ (ਕਦੇ ਫੇਰ ਮਨ ਨੂੰ) ਧੋਣ ਦਾ ਜਤਨ ਕਰਦਾ ਹਾਂ। ਜਦੋਂ ਮੈਨੂੰ ਆਪ ਨੂੰ ਹੀ ਸਮਝ ਨਹੀਂ ਆਈ ਤੇ ਲੋਕਾਂ ਨੂੰ ਰਾਹ ਦਸਦਾ ਹਾਂ, ਇਸ ਹਾਲਤ ਵਿਚ) ਹਾਸੋ ਹੀਣਾ ਆਗੂ ਹੀ ਬਣਦਾ ਹਾਂ। ਹੇ ਨਾਨਕ! ਜੋ ਮਨੁੱਖ ਆਪ ਅੰਨ੍ਹਾ ਹੈ, ਪਰ ਹੋਰਨਾਂ ਨੂੰ ਰਾਹ ਦੱਸਦਾ ਹੈ, ਉਹ ਸਾਰੇ ਸਾਥ ਨੂੰ ਲੁਟਾ ਦੇਂਦਾ ਹੈ। ਅੱਗੇ ਚੱਲ ਕੇ ਮੂੰਹੋਂ ਮੂੰਹ ਉਸ ਨੂੰ (ਜੁਤੀਆਂ) ਪੈਂਦੀਆਂ ਹਨ, ਤਦੋਂ ਅਜੇਹਾ ਆਗੂ (ਅਸਲ ਰੂਪ ਵਿਚ) ਉੱਘੜਦਾ ਹੈ (ਅਜੇਹੇ ਝੂਠੇ ਲਫ਼ਾਫ਼ੇ-ਬਾਜ਼ ਦੀ ਅਸਲੀਅਤ ਨੰਗੀ ਹੁੰਦੀ ਹੈ)। 2.

ਗੁਰਬਖ਼ਸ਼ ਸਿੰਘ ਕਾਲਾ ਅਫ਼ਗਾਨਾ




.