.

ਸ੍ਰੀ ਗੁਰੂ ਹਰਿਗੋਬਿੰਦ ਸਾਹਿਬ-ਰੂਪ ਚਤੁਰਭੁਜੀ ਰੱਬ ਜੀ ਦਾ ਜਨਮ?

ਲਿਖਾਰੀ ਜੀ ਅਗਲੀ 161 ਨੰਬਰ ਚੌਪਈ ਵਿੱਚ ਲਿਖਦੇ ਹਨ, ਕਿ, ਏਵੇਂ ਨੌਂ ਮਹੀਨੇ ਬੀਤ ਗਏ। ਜਦ ਦਸਵਾਂ ਮਹੀਨਾ ਆਇਆ ਤਾਂ ਮਾਤਾ ਗੰਗਾ ਨੇ ਮਨ ਵਿੱਚ ਅਨੰਦ ਅਨੁਭਵ ਹੋਇਆ- ‘ਮਾਤ ਗੰਗ ਮਨਿ ਅਨੰਦ ਲਹਯੋ’।

ਹੁਣ ਬਿੱਪ੍ਰ ਜੀ ਦੇ ‘ਕਾਲ ਪੁਰਖ’ ਦੇ (ਯਾਦ ਰਹੇ ਕਿ ਖ਼ਾਲਸਾ ਜੀ ਦਾ ਕਾਲ ਪੁਰਖ ਨਹੀਂ ਸਗੋਂ ਅਕਾਲ ਪੁਰਖ ਹੈ) ਅਵਤਾਰੀ ਹੋਣੀ ਗੱਲ ਹੋਣ ਲੱਗੀ ਹੈ। ਜਦੋਂ ਧਰਤੀ ਪਾਪਾਂ ਦੇ ਭਾਰ ਨਾਲ ਆਤੁਰ ਹੋ ਗਈ ਤਾਂ ਉਸ ਨੇ ਦੇਵਤਿਆਂ ਕੋਲ ਜਾ ਕੇ ਰੋ ਰੋ ਕੇ ਫ਼ਰਿਆਦਾਂ ਕੀਤੀਆਂ। ਸਾਰੇ ਦੇਵਤਿਆਂ ਨੇ ਉਸ ਨੂੰ ਨਾਲ ਲਿਆ ਅਤੇ ਬ੍ਰਹਮਾ ਜੀ ਕੋਲ ਜਾ ਫ਼ਰਿਆਦੀ ਹੋਏ, ਕਿ ਜਗਤ ਵਿੱਚ ਮਲੇਛ ਬਹੁਤ ਪਾਪ ਕਮਾ ਰਹੇ ਹਨ ਅਤੇ ਧਰਮ ਦਾ ਕੰਮ ਰਤੀ ਭਰ ਵੀ ਨਹੀਂ ਹੋਣ ਦਿੰਦੇ। ਬ੍ਰਹਮਾ ਨੇ ਆਖਿਆ ਕਿ ਇਹ ਕੰਮ ਉਸ ਕਾਲ ਪੁਰਖ ਦੇ ਵੱਸ ਦਾ ਹੈ ਜੋ ਦੁਖਭੰਜਨ ਅਖਵਾਉਂਦਾ ਹੈ। ਸੋ ਕਾਲ ਪੁਰਖ ਕੋਲ ਚੱਲਣ ਦੀ ਸਲਾਹ ਬਣਾਈ। (ਚੌਪਈ 161 ਤੋਂ 164 ਤੱਕ) ਤਾਂ:-

ਦੋਹਰਾ॥ ਛੀਰ ਸਿੰਧੁ ਜਾਵਤ ਭਏ ਕੀਨੀ ਬਿਨੇ ਅਪਾਰ। ਮਹਾਰਾਜ ਰੱਛਾ ਕਰੋ ਅਪਨੋ ਬਿਰਦੁ ਸੰਭਾਰ॥ 165॥

ਜਬ ਜਬ ਹਮ ਦੁਖ ਹੋਤ ਹੈ ਤਬ ਤਬ ਕਰੋ ਸਹਾਇ। ਮਹਾਰਾਜ ਰੱਛਾ ਕਰੋ ਅਪਨੋ ਬਿਰਦੁ ਸੰਭਾਰ॥ 166॥

ਅਰਥ:-ਦੁੱਧ ਦੇ ਸਮੁੰਦਰ ਵਿੱਚ ਜਾਕੇ ਬੜੀਆਂ ਬੇਨਤੀਆਂ ਕੀਤੀਆਂ ਕਿ, ਹੇ ਮਹਾਰਾਜ! ਅਪਣੇ ਮੁਢ ਕਦੀਮਾਂ ਦੇ ਸੁਭਾਅ ਅਨੁਸਾਰ ਸਾਡੀ ਰਖਿਆ ਕਰੋ। 165. ਬ੍ਰਹਮਾਂ ਬਿਸ਼ਨ, ਮਹੇਸ਼ ਦੀ ਅਗਵਾਈ ਵਿੱਚ ਸਾਰਿਆਂ ਨੇ ਫ਼ਰਿਆਦ ਕੀਤੀ ਕਿ, ਜਦੋ ਜਦੋਂ ਦੁੱਖ ਹੁੰਦਾ ਹੈ ਅਸੀਂ ਤੁਹਾਡੀ ਸ਼ਰਨ ਵਿੱਚ ਆਉਂਦੇ ਹਾਂ, ਸਾਡਾ ਤੇ ਧਰਤੀ ਦਾ ਦੁਖ ਦੂਰ ਕਰੋ। 166.

ਵਿਚਾਰ।

(ੳ) 1995 ਵਿੱਚ ਛਪੀ “ਪੁਸਤਕ ਬਿੱਪ੍ਰਨ ਕੀ ਰੀਤ ਤੋਂ ਸਚੁ ਦਾ ਮਾਰਗ” ਵਿੱਚ ਅਤੇ ਨਵੰਬਰ 1997 ਵਿੱਚ ਛਪੇ ਉਸ ਦੇ ਦੂਜੇ ਐਡੀਸ਼ਨ ਦੇ ਪਹਿਲੇ ਭਾਗ ਦੇ ਪਹਿਲੇ ਹੀ ਲੇਖ- “ਧਰਤੀ ਮਾਤਾ ਦੀ ਪੁਕਾਰ” ਵਿੱਚ ਦਾਸ ਨੇ ਬੜੀਆਂ ਉਦਾਹਰਣਾ ਨਾਲ ਸਿੱਧ ਕੀਤਾ ਹੋਇਆ ਹੈ ਕਿ, ਪਾਪਾਂ ਦੇ ਭਾਰ ਨਾਲ ਦੁਖੀ ਹੋ ਕੇ ਧਰਤੀ ਮਾਤਾ ਨੂੰ ਪੁਕਾਰਾਂ ਕਰਦੀ ਦਰਸਾਉਣ ਦਾ ਡਰਾਮਾ ਰਚਨਾ, ਸੰਸਾਰ ਵਿੱਚ ਕੇਵਲ ਬ੍ਰਾਹਮਣ ਦੀ ਚਪਲ ਬੁੱਧੀ ਤੋਂ ਉਪਜੀ ਝੂਠ-ਕਰਾਮਾਤ ਹੈ। ਸ੍ਰੀ ਰਾਮ ਜੀ ਤੋਂ ਪਹਿਲਾਂ ਹਜ਼ਾਰਾਂ ਸਾਲ ਕੋਈ ਵੀ ਉਸ ਤਰ੍ਹਾਂ ਦੇ ਅਵਤਾਰ ਕਦੇ ਧਰਤੀ ਤੇ ਆਉਣ ਦੀ ਗੱਲ ਕਿਸੇ ਨੇ ਨਹੀਂ ਸੀ ਸੁਣੀ। ਧਰਤੀ ਦੀ ਕਥਿਤ ਹਾਲ-ਦੁਹਾਈ ਕਿ, ਉਹ ਪਾਪਾਂ ਦੇ ਭਾਰ ਨਾਲ ਦੁਖੀ ਹੈ, ਬੜੀ ਹਾਸੋ ਹੀਣੀ ਬਕੜਵਾਹ ਹੈ। ਕਿਉਂਕਿ ਸ੍ਰੀ ਰਾਮ ਜਾਂ ਸ਼੍ਰੀ ਕ੍ਰਿਸ਼ਨ ਜੀ UP ਪਰਾਂਤ ਵਿੱਚ ਹੀ ਪੈਦਾ ਹੋਏ ਅਤੇ ਏਸੇ ਪ੍ਰਾਂਤ ਵਿੱਚ ਹੀ ਸਮਾਏ ਦਰਸਾਏ ਹੋਏ ਹਨ। ਸੰਸਾਰ ਦੇ ਬਾਕੀ ਦੇਸ਼ਾਂ ਵਿਚ, ਜਾਂ ਭਾਰਤ ਦੇ ਬਾਕੀ ਪ੍ਰਾਂਤਾਂ ਨਾਲ ਉਨ੍ਹਾਂ ਦੋਹਾਂ ਕਿਥਿਤ ਭਗਵਾਨਾ ਦਾ ਹੀ ਕੋਈ ਵਾਸਤਾ ਕਿਸੇ ਪੁਸਤਕ ਵਿਚੋਂ ਲਿਖਿਆ ਨਹੀਂ ਮਿਲ ਸਕਦਾ। ਏਥੋਂ ਤੱਕ ਕਿ ਰਾਮਾਇਣ, ਮਹਾਂਭਾਰਤ ਅਤੇ ਹਿੰਦੂਆਂ ਦੇ ਬਾਕੀ ਪੁਰਾਣਕ ਗ੍ਰੰਥਾਂ ਤੋਂ ਜਾਂ ਭਾਰਤ ਸਰਕਾਰ ਵਲੋਂ T.V.ਤੇ ਵਿਖਾਈਆਂ ਗਈਆਂ ਰਾਮਾਇਣ, ਮਹਾਂਭਾਰਤ Documentaries ਤੋਂ, ਦੋਹਾਂ ਅਵਤਾਰਾਂ ਦਾ ਕੋਈ ਸੰਬਧ, UP ਦੇ ਗੁਆਂਡੀ ਪ੍ਰਾਂਤ ਪੰਜਾਬ ਨਾਲ ਵੀ ਸਿੱਧ ਨਹੀਂ ਹੁੰਦਾ। ਇਸ ਤੋਂ ਮਨ ਦੀਆਂ ਅੱਖੀਆਂ ਸਾਹਣੇ ਇਹ ਪ੍ਰਸ਼ਨ ਆ ਖਲੋਂਦਾ ਹੈ ਕਿ, ਬ੍ਰਾਹਮਣ ਦੇ ਕਥਨ ਵਾਲੀ ਫ਼ਰਿਆਦਨ ਧਰਤੀ, ਕੀ ਕੇਵਲ UP ਪ੍ਰਾਂਤ ਦੀ ਹੀ ਸੀ? ਗਲੋਬ (Globe) ਰੂਪ ਸਾਰੀ ਧਰਤੀ ਜਿਹੜੀ ਰਾਮਾਇਣ ਫ਼ਿਲਮ ਵਿੱਚ ਦਰਸਾਈ ਗਈ ਸੀ, ਕੀ, ਉਹ ਲ਼ੋਕਾਂ ਨੂੰ ਬੁਧੂ ਬਣਾਉਣ ਵਾਸਤੇ ਝੂਠ ਹੀ ਸੀ? ਅਤੇ ਦੂਜਾ ਵਡਾ ਸ਼ੰਕਾ ਇਹ ਕਿ, ਹਜ਼ਾਰਾਂ ਸਾਲਾਂ ਤੋਂ, ਉਨ੍ਹਾਂ ਦੋਹਾਂ ਅਵਤਾਰਾਂ (ਰਾਮ ਜੀ ਅਤੇ ਕ੍ਰਿਸ਼ਨ ਜੀ) ਦਾ ਜਨਮ, “ਰਾਵਨ” ਅਤੇ “ਕੰਸ” ਨੂੰ ਮਾਰਨ ਲਈ ਹੋਇਆ ਦਰਸਾਇਆ ਜਾ ਰਿਹਾ ਹੈ। ਇਨ੍ਹਾਂ ਦੋਹਾਂ ਕੀਥਤ ਰਾਕਸ਼ਾਂ ਦੇ ਵਿਰੁੱਧ ਜੰਗਲਾਂ ਵਿੱਚ ਰਹਿੰਦੇ ਰਿਸ਼ੀਆਂ ਨੂੰ ਖਾਣ ਦਾ ਹੀ ਦੋਸ਼ ਲਾਇਆ ਜਾਂਦਾ ਹੈ। ਉਨ੍ਹਾਂ ਨੇ ਨੱਗਰਾਂ ਵਿੱਚ ਵੱਸਦੇ ਕਿਸੇ ਇੱਕ ਵੀ ਕਿਰਤੀ ਨੂੰ ਆਪਣੀ ਖ਼ੁਰਾਕ ਨਹੀਂ ਸੀ ਬਣਾਇਆ। ਪਰ ਭਾਗਵਤ ਪੁਰਾਨ ਅਨੁਸਾਰ 19ਵੇਂ ਅਵਤਾਰ, ਭਗਵਾਨ ਪਰਸਰਾਮ ਨੇ ਖੱਤਰੀਆਂ ਦੀਆਂ ਨਿਰਦੋਸ਼ 21 ਕੁਲਾਂ (ਬਾਲ ਬਿਰਧ ਇਸਤ੍ਰੀ ਸਭ ਦੇ ਸਭ) ਖ਼ਤਮ ਕਰ ਕੇ ਉਨ੍ਹਾਂ ਦੇ ਲਹੂ ਨਾਲ ਭਰੇ (ਕਥਿਤ) ਸਰੋਵਰ ਵਿਚ, (ਪੱਥਰ ਦਿਲ ਨਰਦਈਆਂ ਵਾਂਗ,) ਖਲੋ ਕੇ ਆਪਣੇ ਕਥਿਤ ਪਿੱਤਰਾਂ ਨੂੰ ਲਹੂ ਦਾ ਤਰਪਣ ਕਰਦਾ ਦਰਸਾਇਆ ਹੈ। ਉਸ ਨਾਲੋਂ ਵਡਾ ਜ਼ਾਲਮ ਪਾਪੀ ਹੋਰ ਕਿਹੜਾ ਹੋ ਸਕਦਾ ਸੀ? ਉਸ ਨੂੰ ਪਾਪੀ ਘੋਸ਼ਤ ਕਰਨ ਦੇ ਥਾਂ ਉਲਟਾ ਭਗਵਾਨ ਮੰਨ ਲਿਆ? ਰਾਵਨ ਜਾਂ ਕੰਸ ਜਿਨ੍ਹਾਂ ਦੇ ਵਿਰੁੱਧ ਚੌਹਾਂ (ਬ੍ਰਹਮਣ, ਖੱਤਰੀ, ਵੈਸ਼ਯ ਅਤੇ ਸ਼ੂਦਰ) ਵਰਨਾ ਵਿਚੋਂ ਕਿਸੇ ਇੱਕ ਵਰਨ ਦੇ ਖ਼ਾਨਦਾਨ ਨੂੰ ਕਤਲ ਕਰਨ ਦਾ ਕਿਸੇ ਵੀ ਗ੍ਰੰਥ ਵਿੱਚ ਕੋਈ ਦੋਸ਼ ਲਾਇਆ ਨਹੀਂ ਮਿਲਦਾ, ਉਨਾਂ ਨੂੰ ਵਡੇ ਪਾਪੀ ਮਿਥ ਕੇ ਉਨ੍ਹਾਂ ਦਾ ਭਾਰ ਧਰਤੀ ਲਈ ਅਸਹਿ ਬਣਾ ਦਿੱਤਾ ਗਿਆ ਤੇ ਉਹ ਪੁਕਾਰਾਂ ਕਰਨ ਤੁਰ ਪਈ? ਸੰਸਾਰ ਵਿੱਚ ਜਿੰਨੇ ਬੇ-ਮਿਸਾਲ ਜ਼ੁਲਮ ਅਬਦਾਲਆਂ ਨੇ ਜਾਂ, ਚੰਗੇਜ਼ੀ ਹਮਲਾ ਆਵਰਾਂ ਨੇ ਕੀਤੇ ਸਨ ਅਤੇ ਫਿਰ ਬੇਗੁਨਾਹ ਯਹੂਦੀਅਆਂ ਨੂੰ ਪਰਵਾਰਾਂ ਸਮੇਤ ਮਾਰਨ ਵਿੱਚ ਹਿਟਲਰੇ ਦੇ ਪਾਪਾਂ ਦੀ ਮਿਸਾਲ ਮਿਲਣੀ ਵੀ ਅਸੰਭਵ ਹੈ, ਇਨ੍ਹਾਂ ਭਿਆਨਕ ਜ਼ੁਲਮਾਂ ਦੀ ਵਾਰੀ ਧਰਤੀ ਤੇ ਕੰਨ ਤੇ ਜੂੰ ਤਕ ਵੀ ਕਿਸ ਕਾਰਨ ਨਾ ਸਰਕੀ? ਜੇ ਕਦੇ ਮਜ਼ਲੂਮ ਅਨਾਥਾਂ ਦੀ ਪੁਕਾਰ ਦਰਗਾਹੋ ਸੁਣੀ ਗਈ, ਤਾਂ ਕੇਵਲ ਉਹੀ ਇਕੋ ਇੱਕ ਪੁਕਾਰ ਹੈ, ਜਿਸ ਦਾ ਜ਼ਿਕਰ ਭਾਈ ਗੁਰਦਾਸ ਜੀ ਨੇ ਕੀਤਾ ਹੈ--ਸੁਣੀ ਪੁਕਾਰ ਦਾਤਾਰ ਪ੍ਰਭ ਗੁਰੂ ਨਾਨਕ ਜਗ ਮਾਹਿ ਪਠਾਇਆ। ਸਤਿਗੁਰੂ ਨਾਨਕ ਜੀ 1469 ਤੋਂ ਸੰਸਾਰ ਦੇ ਦੁਖੀਆਂ ਦਾ ਦਰਦ ਦੂਰ ਕਰ ਰਹੇ ਸਨ। ਭਾਈ ਗੁਰਦਾਸ ਜੀ ਦਾ ਕਥਨ ਹੈ ਕਿ, ਸਤਿਗੁਰੂ ਨਾਨਕ ਸਾਹਿਬ ਜੀ ਦੇ ਗਿਆਨ ਸੂਰਜ ਦਾ ਅਸਰ ਵਿਕਾਰੀ ਜੀਵਨੀ ਤੇ ਇਉਂ ਪੈ ਰਿਹਾ ਸੀ ਜਿਵੇਂ ਸ਼ੇਰ ਦੀ ਭਬਕਾਰ ਸੁਣ ਕੇ ਮਿਰਗਾਂ ਦੀਆਂ ਡਾਰਾਂ ਨੂੰ ਭਾਜੜਾਂ ਪੈ ਜਾਂਦੀਆਂ ਹੋਣ … …. . ਸਿਂਘ ਬੁਕੈ ਨਿਰਗਾਵਲੀ ਭੰਨੀ ਜਾਏ ਨ ਧੀਰ ਧਰੋਆ। … …. .॥ ਰਾਮਕਲੀ ਰਾਗ ਵਿਚੋਂ “ਰਾਏ ਬਲਵੰਡ” ਅਤੇ “ਸਤੇ ਡੂਮ” ਦੀ ਵਾਰ ਇਕਾਗਰਤਾ ਨਾਲ ਪੜ੍ਹੀਏ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚੋਂ ਹੀ ਬੜੀ ਅਕੱਟ ਗਵਾਈ ਮਿਲ ਜਾਂਦੀ ਹੈ ਕਿ, ਸਤਿਗੁਰੂ ਨਾਨਕ ਸਾਹਿਬ ਜੀ ਦੇ ਅਗਮਨ ਤੋਂ ਸੰਸਾਰ ਵਿਚੋਂ ਕੁਕਰਮ ਖ਼ਤਮ ਹੋ ਕੇ ਨੇਕੀ ਦਾ ਰਾਜ ਸਥਾਪਤ ਹੋ ਰਿਹਾ ਸੀ। ਆਓ ਪੰਜਵੇਂ ਪਾਤਸ਼ਾਹ ਤੱਕ ਬਣ ਚੁਕੇ ਸਮੇ ਬਾਰੇ ਹਾਲਾਤ ਧਿਆਨ ਨਾਲ ਪੜ੍ਹ ਵਿਚਾਰੀਏ:--

58- ਚਾਰੇ ਜਾਗੇ ਚਹੁ ਜੁਗੀ ਪੰਚਾਇਣੁ ਆਪੇ ਹੋਆ॥ ਆਪੀਨੈੑ ਆਪੁ ਸਾਜਿਓਨੁ ਆਪੇ ਹੀ ਥੰਮਿੑ ਖਲੋਆ॥ ਆਪੇ ਪਟੀ ਕਲਮ ਆਪਿ ਆਪਿ ਲਿਖਣਹਾਰਾ ਹੋਆ॥ ਸਭ ਉਮਤ ਆਵਣ ਜਾਵਣੀ ਆਪੇ ਹੀ ਨਵਾ ਨਿਰੋਆ॥ ਤਖਤਿ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੈ ਚੰਦੋਆ॥ ਉਗਵਣਹੁ ਤੈ ਆਥਵਣਹੁ ਚਹੁ ਚਕੀ ਕੀਅਨੁ ਲੋਆ॥ ਜਿਨੀੑ ਗੁਰੂ ਨ ਸੇਵਿਓ ਮਨਮੁਖਾ ਪਇਆ ਮੋਆ॥ ਦੂਣੀ ਚਉਣੀ ਕਰਾਮਾਤਿ ਸਚੇ ਕਾ ਸਚਾ ਢੋਆ॥ ਚਾਰੇ ਜਾਗੇ ਚਹੁ ਜੁਗੀ ਪੰਚਾਇਣੁ ਆਪੇ ਹੋਆ॥ 8॥ 1॥ {967-68}

ਪਦ ਅਰਥ:-ਚਾਰੇ=ਚਾਰੇ (ਪਹਿਲੇ ਚਾਰੇ ਗੁਰੂ)। ਚਹੁ ਜੁਗੀ=ਆਪਣੇ ਚਹੁਆਂ ਹੀ ਜਾਮਿਆਂ ਵਿਚ। ਜਾਗੇ=ਪਰਗਟ ਹੋਏ ਰੌਸ਼ਨ ਹੋਏ। ਪਭ। ਪੰਚਾਇਣੁ= (ਪੰਜ ਅਯਨ, ਪੰਜਾਂ ਦਾ ਘਰ, ਪੰਜ ਤੱਤਾਂ ਦਾ ਸੋਮਾ) ਅਕਾਲ ਪੁਰਖ। ਤਖ਼ਤਿ=ਤਖ਼ਤ ਉਤੇ। ਖਿਵੈ=ਚਮਕਦਾ ਹੈ। ਤੈ=ਅਤੇ। ਉਗਵਣਹੁ=ਸੂਰਜ ਉਗਣ ਤੋਂ। ਅਥਵਣਹੁ=ਸੂਰਜ ਡੁੱਬਣ ਤੋਂ। ਚਹੁ ਚਕੀ=ਚਹੁਆਂ ਕੂਟਾਂ ਵਿੱਚ। ਕੀਅਨੁ=ਕੀਤਾ ਹੈ। ਲੋਆ=ਲੋਅ, ਚਾਨਣਾ। ਮੋਆ=ਮਰੀ (ਪਾਠ ਮੁਆ ਹੈ)। ਕਰਾਮਾਤ=ਬਜ਼ੁਰਗੀ, ਵਡਿਆਈ, ਕਰਾਮਾਤ। ਢੋਆ=ਸੁਗ਼ਾਤ, ਤੁਹਫ਼ਾ। ਚਉਣੀ=ਚਾਰ ਗੁਣੀ।।

ਅਰਥ:-ਚਾਰੇ ਗੁਰੂ ਆਪੋ ਆਪਣੇ ਸਮੇ ਰੌਸ਼ਨ ਹੋਏ ਹਨ, ਅਕਾਲਪੁਰਖ ਆਪ ਹੀ (ਉਨ੍ਹਾਂ ਵਿਚ) ਪਰਗਟ ਹੋਇਆ। ਅਕਾਲ ਪੁਰਖ ਨੇ ਆਪ ਹੀ ਆਪਣੇ ਆਪ ਨੂੰ ਸ੍ਰਿਸ਼ਟੀ ਦੇ ਰੂਪ ਵਿੱਚ) ਜ਼ਾਹਰ ਕੀਤਾ ਤੇ ਆਪ ਹੀ (ਗੁਰੂ ਰੂਪ ਹੋ ਕੇ) ਸ੍ਰਿਸ਼ਟੀ ਨੂੰ ਸਹਾਰਾ ਦੇ ਰਿਹਾ ਹੈ। (ਜੀਵਾਂ ਦੀ ਅਗਵਾਈ ਲਈ ਪੁਰਨੇ ਪਾਉਣ ਲਈ) ਪ੍ਰਭੂ ਆਪ ਹੀ ਪੱਟੀ ਹੈ ਆਪ ਹੀ ਕਲਮ ਹੈ ਤੇ (ਗੁਰੂ ਰੂਪਹੋ ਕੇ) ਆਪ ਹੀ ਪੂਰਨੇ ਲਿਖਣ ਵਾਲਾ ਹੈ। ਸਾਰੀ ਸ੍ਰਿਸ਼ਟੀ ਤਾਂ ਜਨਮ ਮਰਨ ਦੇ ਗੇੜ ਵਿੱਚ ਹੈ, ਪਰ ਪ੍ਰਭੂ ਆਪ (ਸਦਾ) ਨਵਾਂ ਨਰੋਆ ਹੈ (ਭਾਵ, ਹਰ ਨਵੇਂ ਰੰਗ ਵਿੱਚ ਵੀ ਹੈ ਅਤੇ ਨਿਰਲੇਪ ਵੀ ਹੈ)। (ਉਸ ਨਵੇਂ ਨਰੋਏ ਪ੍ਰਭੂ ਦੇ ਬਖ਼ਸ਼ੇ) ਤਖ਼ਤ ਉੱਤੇ (ਜਿਸ ਉੱਤੇ ਪਹਿਲੇ ਚਾਰੇ ਗੁਰੂ ਆਪੋ ਆਪਣੇ ਸਮੇ ਰੌਸ਼ਨ ਹੋਏ ਸਨ, ਹੁਣ) ਗੁਰੂ ਅਰਜਨ (ਸਾਹਿਬ) ਬੈਠੇ ਹੋਏ ਹਨ। ਸਤਿਗੁਰੂ ਦਾ ਚੰਦੋਆ ਚਮਕ ਰਿਹਾ ਹੈ, (ਭਾਵ, ਸਤਿਗੁਰੂ ਅਰਜਨ ਸਾਹਿਬ ਜੀ ਦਾ ਤੇਜ ਪ੍ਰਤਾਪ ਸਾਰੇ ਹੈ। ਸੂਰਜ ਉਗਣ ਤੋਂ (ਡੁੱਬਣ ਤੱਕ) ਅਤੇ ਡੁੱਬਣ ਤੋਂ ਚੜ੍ਹਨ ਤੱਕ ਚਹੁੰ ਚੱਕਾਂ ਵਿੱਚ ਇਸ ਗੁਰੂ ਅਰਜੁਨ (ਸਾਹਿਬ ਜੀ) ਨੇ ਚਾਨਣ ਕਰ ਦਿੱਤਾ ਹੈ।

ਅਪਣੇ ਮਨ ਦੇ ਪਿੱਛੇ ਤੁਰਨ ਵਾਲੇ ਜਿੰਨ੍ਹਾਂ ਬੰਦਿਆਂ ਨੇ ਗੁਰੂ ਦਾ ਹੁਕਮ ਨਾ ਮੰਨਿਆ ਉਨ੍ਹਾਂ ਨੂੰ ਮਰੀ ਪੈ ਗਈ (ਭਾਵ, ਉਹ ਆਤਮਕ ਮੌਤੇ ਮਰ ਗਾਏ। ਗੁਰੂ ਅਰਜਨ (ਸਾਹਿਬ ਜੀ) ਦੀ (ਦਿਨ-) ਦੂਣੀ ਤੇ ਰਾਤ ਚਾਰ-ਗੁਣੀ ਬਜ਼ੁਰਗੀ ਵੱਧ ਰਹੀ ਹੈ, (ਸ੍ਰਿਸ਼ਟੀ ਨੂੰ) ਗੁਰੂ, ਸੱਚੇ ਪ੍ਰਭੂ ਦੀ ਸੱਚੀ ਸੁਗ਼ਾਤ ਹੈ। ਚਾਰੇ ਗੁਰੂ ਅਪੋ ਆਪਣੇ ਸਮੇ ਵਿੱਚ ਰੌਸ਼ਨ ਹੋਏ, ਅਕਾਲ ਪੁਰਖ (ਉਨ੍ਹਾਂ ਵਿਚ) ਪਰਗਟ ਹੋਇਆ ਹੈ। 8.

ਭਾਵ. ਪੰਚਮ ਸਤਿਗੁਰ ਜੀ ਦੇ ਸਮੇ ਤੱਕ ਹਲੇੁਮੀ ਰਾਜ ਦੀ ਸਥਾਪਨਾ ਦਾ ਕਾਰਜ ਅਰੰਭ ਹੋ ਚੁਕਿਆ ਸੀ। ਲੋਕ ਮਨੁੱਖਤਾ ਦੇ ਸ਼ੁਭ ਗੁਣਾ ਦੇ ਮਾਲਕ ਬਣ ਰਹੇ ਸਨ। ਬਦੀ ਤੇ ਨੇਕੀ ਭਾਰੂ ਹੋਣੀ ਅਰੰਭ ਹੋ ਚੁੱਕੀ ਸੀ।

(ਅ) - (1) ਪਰਮ ਸਤਿਕਾਰ ਯੋਗ ਵੇਦਾਂਤੀ ਸਾਹਿਬ ਜੀ ਨੇ “ਛੀਰ ਸਿੰਧੁ” ਦਾ ਅਰਥ ‘ਦੁੱਧ ਦੇ ਸਮੁੰਦਰ’ ਲਿਖਿਆ ਹੈ। ਪਰ ਇਹ ਨਹੀਂ ਦੱਸਿਆ ਕਿ ਇਹ ਦੁੱਧ ਦਾ ਸਮੁੰਦਰ ਹੈ ਕਿੱਥੇ? ਧਰਤੀ ਉਤੇ ਤਾਂ ਇਸ ਦਾ ਕੋਈ ਖੁਰਾ-ਖੋਜ ਸਿੱਧ ਨਹੀ ਹੋ ਸਕਿਆ ਅਤੇ ਵਿਗਿਆਨੀਆਂ ਦੇ ਯੰਤਰ ਪੁਲਾੜ ਵਿੱਚ ਮੰਗਲ ਗ੍ਰਹ ਤਕ ਵੀ ਹੋ ਮੁੜੇ ਹਨ, ਪਰ ਦੁੱਧ ਦਾ ਸਮੁੰਦਰ ਕਿਤੇ ਨਹੀਂ ਲੱਭਾ। ਅਜੋਕੇ ਅਗਾਂਹ ਵਧੂ ਸਮੇਂ ਦੇ ਸਾਂਇੰਸਦਾਨ ਬੜੀਆਂ ਸ਼ਕਤੀ ਸ਼ਾਲੀ ਦੂਰਬੀਨਾਂ ਦੁਆਰਾ ਕਈ ਕ੍ਰੋੜਾ ਮੀਲਾਂ ਤੱਕ ਆਕਾਸ਼ ਦੀ ਖੋਜ ਕਰ ਚੁੱਕੇ ਹਨ ਪਰ ਦੁੱਧ ਦੇ ਸਮੁੰਦਰਾਂ ਵਾਲੀ ਕਿਸੇ ਧਰਤੀ ਦੀ ਟੋਹ ਕਿਤੋਂ ਨਹੀਂ ਮਿਲੀ। ਧਰਤੀ ਦੀ ਪੁਕਾਰ ਸੁਣਨ ਵਾਲੀ ਵਿਸ਼ਨੂੰ-ਕਚਿਹਰੀ ਕਿਸ ਧਰਤੀ ਤੇ ਲੱਗਦੀ ਰਹੀ ਹੈ? ਇਹ ਵੇਦਾਂਤੀ ਜੀ ਜਾਣਨ, ਜਾਂ ਉਨ੍ਹਾਂ ਦਾ ਗੁਰਮੁਖ ਲਿਖਾਰੀ ਜਾਣੇ? (2) ਜੇ ਇਹ ਮਨ ਲਿਆ ਜਾਵੇ ਕਿ ਸਾਰੇ ਕਥਿਤ ਦੇਵਤੇ ਅਤੇ ਸਾਡੀ ਇਹ ਧਰਤੀ ਮਾਂ, ਅਸਮਾਨੀ ਬਣੇ ਦੁੱਧ ਦੇ ਕਿਸੇ ਸਮੁੰਦਰ ਵਿੱਚ ਜਾ ਪੁਕਾਰੇ ਸਨ ਤਾਂ ਅੱਗੇ 167 ਨੰਬਰ ਸਵੱਯੇ ਵਿੱਚ ਲਿਖੇ ਇਹ ਬਚਨ- “ਸੁਨਿ ਕੈ ਸਭਿ ਦੇਵਨ ਕੀ ਬਿਨਤੀ, ਤਬ ਮਧਿ ਅਕਾਸ਼ (-ਅਕਾਸ਼ ਵਿਚ, ਪੁਲਾੜ ਵਿਚਕਾਰ ਕਿਤੇ?) ਸਰੂਪ ਦਿਖਾਈ। ਕਿੱਡੀ ਪੁੱਠੀ ਗੱਲ? ਮਾਈ-ਧਰਤੀ ਅਤੇ ਦੇਵਤਿਆਂ ਦਾ ਝੁੰਡ ਤਾ ਫ਼ਰਿਆਦਾ ਕਰਦਾ ਰਿਹਾ ਧਰਤੀ ਤੇ, ਪਰ ਰੱਬ ਜੀ ਨੇ ਅਕਾਸ਼ ਵਿਚੋਂ ਦਰਸ਼ਨ ਜਾ ਦਿੱਤੇ? ਸ਼ੇਸ਼ ਨਾਗ ਦੇ ਿਸਤਰੇ ਵਾਲੇ ਕਿਸੇ ਕਥਿਤ ਥਾਂ ਦਾ ਕੀ ਬਣਿਆ? ਕੀ, ਏਥੋਂ ਇਹ ਸਿੱਧ ਨਹੀਂ ਕਿ ਦੇਵਤਿਆਂ ਨੇ ਭੁਲੇਖੇ ਨਾਲ ਕਿਸੇ ਅਜੇਹੇ ਥਾਂ ਜਾ ਰੌਲਾ ਪਾਇਆ ਜੋ ਧਰਤੀ ਤੇ ਹੀ ਮਿਥਿਆ ਹੋਇਆ ਸੀ ਅਤੇ ਉਨ੍ਹਾਂ ਨੂੰ ਕੋਈ ਭੇਖੀ ਝੂਠ-ਰਬ ਮਿਲ ਪਿਆ ਹੋਵੇ? ਅਤੇ ਜੋ ਮਗਰੋਂ ਪੰਜਵੇਂ ਸਤਿਗੁਰਾਂ ਦੀ ਝਾਲ ਨਾ ਝਲਦਾ ਹੋਇਆ ਉਂਜ ਹੀ ਕਿਤੇ ਜਾ ਛੁਪਿਆ? ਪਰ ਲਿਖਾਰੀ ਦੀ ਚਪਲ ਬੁੱਧੀ ਨੇ ਨਿਰੋਲ ਝੂਠੀ ਕਵਿਤਾ ਦਾ ਅਜੇਹਾ ਜਾਲ ਖਿਲਾਰਿਆ ਕਿ, ਨਵਜਨਮੇ ਖ਼ਾਲਸਾ ਜੀ ਦੇ ਅਗਿਆਨੀ ਮਨਮੁਖ, ਗੁਰਦਿੱਤ ਸਿੰਘ ਚਾਨਣਾ (ਭਮਿਕਾ ਸਫ਼ਾ 53) ਰੂਪ ਪੰਛੀ ਜੀ ਝੱਟ ਆ ਫਸੇ, ਜਿਨ੍ਹਾਂ ਤੇ ਇਸ ਕੂੜ ਕੁਬਾੜੇ ਨੂੰ ਜਿਉਂਦਾ ਤਿਉਂ ਛਾਪ ਦਿੱਤਾ। ਹੈਰਾਨੀ ਤਾਂ ਇਹ ਹੈ ਕਿ, ਟਕਸਾਲੀ ਪੜ੍ਹਾਈ ਤੋ ਬਣੇ ਵੇਦਾਂਤੀ ਜੀ ਵਰਗੇ ਸੂਝਵਾਨ ਵਿਦਵਾਨ ਨੂੰ ਏਡੀ ਗ਼ਲਤੀ ਕਿਵੇਂ ਲਗੀ? ਕੂਟ ਨੀਤੀ ਵਾਲਾ ਏਡਾ ਬਦਨੁਮਾ ਦਾਗ਼?

ਸਤਿਗੁਰੂ ਨਾਨਕ ਸਾਹਿਬ ਜੀ ਦੇ ਪਹਿਰੇ ਵਾਲੇ ਉਸੇ ਹੀ ਕਲਿਜੁਗ ਵਿੱਚ ਇਸੇ ਧਰਤੀ ਦੀ ਪੁਕਾਰ ਵਾਲਾ ਝੂਠ-ਭਾਣਾ ਕਿਵੇ ਵਰਤ ਸਕਦਾ ਸੀ? ਹੇ ਵੇਦਾਂਤੀ ਜਓ ਜੀ! ਕੀ. ਕਿਸੇ ਅਦਭੁਤ ਮੂਡ ਵਿੱਚ ਆ ਕੇ ਕਾਲੇ ਲੇਖ ਤਾਂ ਨਹੀਂ ਲਿਖੇ ਗਏ ਹੋਏ ਜੀ? ਕੀ, ਤੁਸੀ ਖੇਚਲ ਕਰਕੇ- ਆਪਨਵੜੇ ਗਿਰੀਵਾਨ ਮਹਿ ਸਿਰ ਨੀਵਾਂ ਕਰਕੇ ਆਪਾ ਫਰੋਲ ਸਕਦੇ ਹੋ ਜੀ …?.

59-ਫਰੀਦਾ ਜੇ ਤੂ ਅਕਲਿ ਲਤੀਫੁ ਕਾਲੇ ਲਿਖੁ ਨ ਲੇਖ॥ ਆਪਨੜੇ ਗਿਰੀਵਾਨ ਮਹਿ ਸਿਰੁ ਨੀਂਵਾਂ ਕਰਿ ਦੇਖੁ॥ 6 {1379} ਪੁਸਤਕ ਵਿਚਲੀ ਗਲ ਅੱਗੇ ਤੁਰੀ:--

‘ਕਾਲ ਪੁਰਖ’ ਤੋਂ ਉਵੇਂ ਹੀ ‘ਅਕਾਲ ਪੁਰਖ’ ਬਣ ਗਿਆ ਜਿਵੇ’ ਬਚਿੱਤ੍ਰ ਨਾਟਕ ਵਿੱਚ ਕਾਲ ਤੋਂ, “ਅਕਾਲ ਪੁਰਖ ਬਾਚ ਇਸ ਕੀਟ ਪ੍ਰਤਿ” ਵਾਲਾ ਭਾਣਾ ਵਰਤਿਆ ਸੀ। ਉਥੇ ਹੇਮਕੁੰਡ ਦੇ ਕਥਿਤ ਤਪੱਸਵੀ ਨੂੰ ਰੱਬ ਜੀ ਨੇ ਆਪਣੀਆਂ ਅਸਫ਼ਲਤਾਵਾਂ ਦਾ ਰੋਣਾ ਕਹਿ ਸੁਣਾਇਆ ਸੀ, ਪਰ ਏਥੇ ਤਾਂ ਭਗਵਾਨ ਜੀ ਦੇ ਰੰਗ ਹੋਰ ਹੀ ਹਨ:-

ਅਕਾਲ ਪੁਰਖ ਵਾਚ ਦੇਵਨ ਪ੍ਰਤਿ॥

ਸਵੱਯਾ॥ ਸੁਨਿ ਕੈ ਸਭਿ ਦੇਵਨ ਕੀ ਬਿਨਤੀ, ਤਬ ਮਧਿ ਅਕਾਸ਼ ਸਰੂਪ ਦਿਖਾਈ।

ਸੂਰ ਹਜ਼ਾਰ ਸਮਾ ਲਸਕੈ ਸੁ ਦਿਸ ਤਮ ਦੂਰਿ ਪਰੈ ਮੁਸਕਾਈ।

ਭੁਜਚਾਰ ਗਦਾ ਅਸਿ ਸੰਖ ਬਿਰਾਜਤ, ਪੰਕਜ ਹਾਥ ਸੁ ਸੋਭ ਧਰਾਈ।

ਤਬ ਬੋਲਤ ਭੈ ਮੁਖ ਪੰਕਜਾ, ਸਭ ਦੇਵ ਕਹੋ ਕਿਹ ਕਾਰਣ ਆਏ॥ 167॥

ਪਦ ਅਰਥ:- ਮਧਿ ਅਕਾਸ਼=ਅਸਮਾਨ ਵਿਚਕਾਰ। ਸੂਰ ਜਜ਼ਾਰ ਸਮਾ ਲਸਕੈ ਸੁ=ਹਗ਼ਾਰਾਂ ਸੂਰਜਾਂ ਦੇ ਤੁੱਲ ਅਤੀਅੰਤ ਪ੍ਰਕਾ ਕਰਕੇ। ਦਿਸਾ=ਦਸ ਤਰਟਫ਼ਾਂ ਦਾ। ਤਮ. . =ਹਨੇਰਾ ਦੂਰ ਕਰਕੇ। ਮੁਸਕਾਏ=ਹੱਸ ਪਏ। ਭੁਜਚਾਰ=ਚਾਰੇ ਬਾਹਵਾਂ। ਗਦਾ=ਗੁਰਜ। ਅਸਿ=ਕਿਰਪਾਨ। ਧਰਾਏ=ਕੰਵਲ ਦਾ ਫੁੱਲ ਹੱਥ ਵਿੱਚ ਫੜਿਆ ਹੋਇਆ ਬਹੁਤ ਹੀ ਸੋਹਣਾਲ1ਗ ਰਿਹਾ ਸੀ। ਪੰਕਜ=ਕੰਵਲ ਵਰਗੇ ਮੁਖ ਤੋਂ। ਕਿਸ ਕਾਰਨ ਆਏ=ਕਿਸ ਵਾਸਤੇ ਆਏ ਹੋ?

ਪਰ ਗੁਰੂਬਾਣੀ ਵਿਚੋ ਪੰਚਮ ਪਾਤਸ਼ਾਹ ਜੀ ਦੇ ਫ਼ੁਰਮਾਨ ਤੋ ਉਤਲੇ ਸਵੱਯੇ ਦੀ ਸਾਰੀ ਗੱਲ ਨੂੰ ਝੂਠ ਸਿੱਧ ਹੈ --

60- ਨ ਸੰਖੰ ਨ ਚਕ੍ਰੰ ਨ ਗਦਾ ਨ ਸਿਆਮੰ॥ ਅਸçਰਜ ਰੂਪੰ ਰਹੰਤ ਜਨਮੰ॥ ਨੇਤ ਨੇਤ ਕਥੰਤਿ ਬੇਦਾ॥ ਊਚ ਮੂਚ ਅਪਾਰ ਗੋਬਿੰਦਹ॥ ਬਸੰਤਿ ਸਾਧ ਰਿਦਯੰ ਅਚੁਤ ਬੁਝੰਤਿ ਨਾਨਕ ਬਡਭਾਗੀਅਹ॥ 57॥ {1359}

ਅਰਥ:- ਗੋਬਿੰਦ ਬੇਅੰਤ ਹੈ, (ਬਹੁਤ) ਉੱਚਾ ਹੈ (ਬਹੁਤ) ਵੱਡਾ ਹੈ, ਵੇਦ (-ਗਿਆਨ ਵਾਨ ਵੀ ਏਹੀ) ਆਖਦੇ ਹਨ ਕਿ, ਉਸ ਵਰਗਾ ਹੋਰ ਕੋਈ ਨਹੀਂ ਹੈ, ਉਹ ਜਨਮ ਤੋਂ ਰਹਿਤ ਹੈ, ਉਸ ਦਾ ਰੂਪ ਅਚਰਜ ਹੈ (ਜੋ ਬਿਆਨ ਨਹੀਂ ਹੋ ਸਕਦਾ), ਉਸ ਦੇ ਹੱਥ ਵਿੱਚ ਨਾ ਸੰਖ ਹੈ ਨਾ ਚੱਕ੍ਰ ਹੈ ਨਾ ਗਦਾ ਹੈ, ਨਾ ਹੀ ਉਹ ਕਾਲੇ ਰੰਗ ਵਾਲਾ ਹੈ। (ਭਾਵ, ਨਾ ਹੀ ਉਹ ਵਿਸ਼ਨੂੰ ਹੈ ਨਾ ਕ੍ਰਿਸ਼ਨ ਹੈ) ਉਹ ਅਵਿਨਾਸ਼ੀ ਪ੍ਰਭੂ ਗੁਰਮੁਖਾਂ ਦੇ ਹਿਰਦੇ ਵਿੱਚ ਵੱਸਦਾ ਹੈ। ਹੇ ਨਾਨਕ ਵਡੇ ਭਾਗਾਂ ਵਾਲੇ ਬੰਦੇ ਹੀ (ਇਹ ਗੱਲ) ਸਮਝਦੇ ਹਨ। 5.

ਸ਼ਾਇਦ ਸਾਰਾ ਨਜ਼ਾਰਾ ਲਿਖਾਰੀ ਨੇ ਆਪਣੇ ਅੱਖੀਂ ਵੇਖਿਆ ਹੋਵੇ? ਲਿਖਦਾ ਹੈ ਕਿ, (ਘਟ ਘਟ ਕੇ ਪਟ ਪਟ ਕੀ ਜਾਨਣਹਾਰ, ਅੰਤਰਜਾਮੀ ਰੱਬ ਜੀ ਨੇ ਜਦ ਦੇਵਤਿਆਂ ਕੋਲੋਂ ਆਉਣ ਦਾ ਕਾਰਨ ਪੁਛਿਆ ਤਾਂ ਬ੍ਰਹਮਾ ਜੀ ਨੇ ਪਹਿਲਾਂ ਬ੍ਰਾਹਮਣੀ ਬੋਲੀ ਵਿੱਚ ਚਤੁਰਭੁਜ ਜੀ ਦੀ ਉਸਤਤਿ ਕੀਤੀ, ਫਿਰ ਦੱਸਿਆ ਕੇ ਗਊ-ਘਾਤ ਕਰਨ ਵਾਲਿਆਂ ਮਲੇਛਾਂ ਨੇ ਤਾਂ ਖੱਤਰੀਆਂ ਨੂੰ ਵੀ ਅਪਣੇ ਦੀਨ ਵਿੱਚ ਵਾੜ ਲਿਆ ਹੈ। ਇਸ ਤਰ੍ਹਾਂ ਅਧਰਮ ਵਧ ਰਿਹਾ ਹੈ। ਹੇ ਰੱਬ ਜੀ! ਚੱਲ ਕੇ ਮਲੇਛਾਂ ਦਾ ਨਾਸ ਕਰੋ ਜੀ”। ਕਾਲ ਪੁਰਖ ਜੀ ਬੋਲੇ- “ਤੁਹਿ ਹਿਤਿਧਰੋਂ ਜਨਮ ਸੁਖ ਪਾਇ।” ਤੁਹਾਡੇ ਭਲੇ ਲਈ ਮੈਂ ਜਨਮ ਧਾਰ ਕੇ ਤੁਹਾਡੇ ਸਾਰੇ ਵੈਰੀ ਨਾਸ ਕਰ ਦਿਆਂਗਾ। ਭਾਵ, ਚਤੁਰ ਭੁਜੀ ਰੱਬ ਜੀ ਕਿਸੇ ਦੀਨ ਦੁਖਿਆਂਰੇ ਦੀ ਸਹਾਇਤਾ ਕਰਨ ਨਹੀਂ ਸਨ ਆਏ ਸਗੋਂ ਦੇਵਤਿਆਂ ਦੇ ਵੈਰੀਆਂ ਦਾ ਨਾਸ ਕਰਨ ਆਏ ਸਨ? ਰਬ ਜੀ ਕਹਿੰਦੇ ਹਨ, “ਮਾਤਾ ਗੰਗਾ ਦੀ ਮੰਗ ਤੇ ਬੁਢੇ ਜੀ ਨੇ ਵਰ ਦਿਤਾ ਹੈ, ਤੁਹਾਨੂੰ ਪਤਾ ਹੈ ਕਿ ਸੁਮੇਰ ਭਾਵੇਂ ਖਿਸਕ ਜਾਏ ਸੰਤ ਦਾ ਬਚਨ ਕਦੇ ਨਹੀਂ ਟਲਦਾ। ਸੋ ਅਸੀਂ ਬਾਬਾ ਬੁਢਾ ਜੀ ਦੇ ਵਰ ਦੀ ਲਾਜ ਰੱਖਣ ਲਈ ਵਡਾਲੀ ਪਿੰਡ ਵਿੱਚ ਗੰਗਾ ਜੀ ਘਰ ਸਰੂਪ ਧਾਰ ਰਹੇ ਹਾਂ”। ਏਨੀ ਗਲ ਕੀਤੀ ਤੇ ਅਲੋਪ ਹੋ ਗਏ। ਬ੍ਰਹਮਾਂ ਨੇ ਰਬ ਜੀ ਸਾਰੀ ਗਲ ਧਰਤੀ ਨੂੰ ਸਮਝਾਈ ਤੇ ਦੇਵਤੇ ਵੀ ਚਲਦੇ ਬਣੇ। (172)।

ਓਧਰੋਂ ਦਸ ਮਹੀਨੇ ਹੋ ਗਏ (ਗੁਰੂ) ਹਰਿਗੋਬਿੰਦ ਰੂਪ ਰੱਬ ਜੀ ਦੇ ਜਨਮ ਲੈਣ ਦਾ ਸਮਾ ਆ ਗਿਆ ਤਾਂ:-

ਦੋਹਰਾ॥ ਇਹ ਬਿਧਿ ਸੋਂ ਗਾਥਾ ਭਈ ਸੁਨੋ ਜਨਮ ਕੀ ਬਾਤ। ਮਾਤ ਗੰਗ ਮਨਿ ਸੁਖੁ ਲਯੋ ਜਾਨ ਸਮਾ ਬਿਖਯਾਤ॥ 173॥

ਸੰਪਾਦਕ (ਵੇਦਾਂਤੀ) ਜੀ ਵਲੋਂ ਕੀਤੀ ਅਜੀਬ ਵਿਆਖਿਆ:-

ਹਾਲਾਂਕਿ ਪਿੱਛੇ 167 ਸਵੱਯੇ ਵਿੱਚ ਚਤੁਰਭੁਜੀ ਰੱਬ ਦੇ ਸਰੂਪ ਦੀ ਵਿਆਖਿਆ ਵਾਲੇ ਅਰਥ ਵੀ ਵੇਦਾਂਤੀ ਜੀ ਨੇ ਆਪ ਹੀ ਲਿਖੇ ਹਨ। ਨਿਰਸੰਦੇਹ ਉਹ ਵਿਆਖਿਆ ਸਾਹਿਬਜ਼ਾਦਾ (ਗੁਰੂ) ਹਰਿਗੋਬਿੰਦ ਜੀ ਦੇ ਸਰੂਪ ਦੀ ਕਿਸੇ ਸੂਰਤ ਵਿੱਚ ਵੀ ਨਹੀਂ ਮੰਨੀ ਜਾ ਸਕਦੀ। ਅਤੇ ਏਥੇ ਪਹਿਲੀ ਪੰਗਤੀ ਵਿੱਚ ਗਲ ਜਨਮ ਲੈਣ ਦੀ ਸਾਫ਼ ਸ਼ਬਦਾਂ ਵਿੱਚ ਲਿਖੀ ਹੋਈ ਹੈ, ਕਾਲ ਪੁਰਖ ਜੀ ਆਪਣੇ ਮੂੰਹੋਂ ਵੀ (ਤੁਹਿ ਹਿਤ ਧਰੋਂ ਜਨਮ ਸੁਖ ਪਾਇ-169) ਜਨਮ ਲੈਣ ਦੀ ਗਲ ਕਰ ਰਹੇ ਹਨ ਪਰ ਸਾਡੇ ਧਰਮ ਆਗੂ ਪਰਮ ਸਤਿਕਾਰਯੋਗ ਵੇਦਾਂਤੀ ਜੀ ਬਿਖਯਾਤ ਪਦ ਦੀ ਵਿਆਖਿਆ ਇਉਂ ਲਿਖ ਰਹੇ ਹਨ= ਪ੍ਰਗਟ ਹੋਣ ਦਾ ਭਾਵ, ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ਹੋਣ ਦਾ”।

ਗੰਭੀਰ ਸ਼ੰਕਾ:- (1) ਜਨਮ ਸਿੱਧ ਗੁਰੂ ਕੇਵਲ ਅਤੇ ਕੇਵਲ ਸਤਿਗੁਰੂ ਨਾਨਕ ਸਾਹਿਬ ਹੀ ਸਨ। ਉਨ੍ਹਾਂ ਦੇ ਜਨਮ ਨੂੰ ਵੀ ਭਾਈ ਗੁਰਦਾਸ ਜੀ ਨੇ ਪ੍ਰਗਟ ਹੋਣਾ ਨਹੀਂ ਲਿਖਿਆ ਸਗੋਂ- ਸੁਣੀ ਪੁਕਾਰ ਦਾਤਾਰ ਪ੍ਰਭੁ ਗੁਰੂ ਨਾਨਕ ਜਗੁ ਮਾਹਿ “ਪਠਾਇਆ” -- ਲਿਖਿਆ ਹੈ। ਸਾਹਿਬਜ਼ਾਦਾ ਹਰਿਗੋਬਿੰਦ ਸਾਹਿਬ ਜੀ ਨੇ ਮਾਤਾ ਗੰਗਾ ਜੀ ਦੇ ਉਦਰ ਵਿਚੋਂ ਜਨਮ ਲਿਆ ਸੀ ਕਿ, ਜਾਂ ਉਹ ਕਲਪਣਾ ਦੀ ਉਪਜ ਝੂਠ-ਚਤੁਰ-ਭੁਜੀ ਰੱਬ ਵਾਂਗ ਕਥਿਤ ਤੌਰ ਤੇ ਪ੍ਰਗਟ ਹੋਏ ਹੋਣਗੇ? ਕਿਉਂਕਿ ਲਿਖਾਰੀ ਨੇ ਇਉਂ ਲਿਖਕੇ:- ਦਸਮ ਮਾਸ ਬੀਤਯੋ ਜਬੈ, ਸ਼ੁਭ ਗ੍ਰਹ ਅਵਸਰ ਪਾਇ।

ਚਤੁਰਭੁਜ ਰੂਪ ਬਨਾਇ ਪ੍ਰਭ ਬੈਠ ਮਾਤ ਨਿਕਟਾਇ॥ 174॥

ਅਰਥ:-ਜਦੋਂ ਦਸ ਮਹੀਨੇ ਬਤੀਤ ਹੋਗਏ ਤਾਂ ਢੁਕਵਾਂ ਮੌਕਾ ਪਾ ਕੇ, ਭਾਵ ਜੋਤਸ਼ ਅਨੁਸਾਰ ਚੰਗੇ ਗ੍ਰਹਾਂ ਦਾ ਇਕੱਠ ਵੇਖ ਕੇ ਚਾਰ ਬਾਹਾਂ ਵਾਲਾ (ਚਤੁਰ ਭੁਜੀ) ਰੂਪਬਣਾ ਕੇ ਮਾਤਾ ਜੀ ਦੇ ਕੋਲ ਆ ਬੈਠੇ। 174.

ਲਿਖਾਰੀ ਨੇ ਇਹ ਦਰਸਾਇਆ ਹੈ ਕਿ ਚਤੁਰ ਭੁਜੀ ਰੱਬ ਜੀ ਨੇ ਮਾਤਾ ਗੰਗਾ ਜੀ ਦੇ ਉਦਰ ਤੋਂ ਜਨਮ ਨਹੀਂ ਸੀ ਲਿਆ। ਭਾਵ, ਚੌਹਾਂ ਬਾਹਾਂ ਵਾਲਾ ਦ੍ਰਿਸਟਮਾਨ ਬ੍ਰਾਹਮਣੀ-ਰੱਬ ਅਜਨਮਾ ਸੀ? ਭਾਵ, ਲਿਖਾਰੀ ਦੇ ਅਜਨਮੇ ਰਬ ਜੀ ਅਸਮਾਨਾਂ ਤੋਂ ਸਿੱਧੇ ਮਾਤਾ ਗੰਗਾ ਜੀ ਦੇ ਕੋਲ ਆ ਬੈਠੇ ਤੇ ਉਸ ਦੀ ਪੁਸਤਕ ਦੇ ਪੁੱਤਰ ਬਣ ਗਏ ਸਨ। ਚਕ੍ਰ ਚਿਹਨ ਤੋਂ ਨਿਆਰੇ ਅਦ੍ਰਿਸ਼ਟ ਰੱਬ ਜੀ ਦੇ ਨਿਆਰੇ ਜਨਮ ਦੀ ਤਾਰੀਖ਼ ਲਿਖਣੀ ਲਿਖਾਰੀ ਕਿਵੇਂ ਭੁੱਲ ਸਕਦਾ ਸੀ? :-

ਚੌਪਈ॥ ਸੰਮਤ ਸੋਰਹ ਸੈ ਸੁ ਬਵੰਜਾ। ਹਾੜ ਇੱਕੀ ਨਿਸਿ ਆਧੀ ਮੰਝਾ।

ਮੁਖ ਨਿਛੱਤ੍ਰ ਸੁਭ ਗ੍ਰਹ ਸੁਖਦਾਈ। ਕ੍ਰਿਸਨ ਪੱਖ ਪ੍ਰਗਟੇ ਪ੍ਰਭ ਆਈ॥ 175॥

ਸੰਮਤ 1652 ਅੱਧੀ ਰਾਤ, ਜੋਤਸ਼ ਦੇ ਸਤਾਈ ਨਛੱਤਰਾਂ ਵਿਚੋਂ ਸ੍ਰੇਸ਼ਟ ਗ੍ਰਹ ਸੀ ਅਤੇ ਕ੍ਰਿਸ਼ਨ ਪੱਖ ਸੀ ਕਿ, ਮਾਤਾ ਦੇ ਗ੍ਰਭ ਵਿਚੋ (ਬਾਬਾ ਬੁੱਢਾ ਜੀ ਦੇ ਵਰ ਤੋ ਬੀੜ ਵਿਖੇ ਹੀ ਮਾਤਾ ਜੀ ਦੇ ਉਦਰ ਵਿੱਚ ਪ੍ਰਵੇਸ਼ ਕਰ ਗਈ ਸੀ) ਉਹ ਪਵਨ ਨਿਕਲ ਗਈ ਅਤੇ ਕਾਲ ਪੁਰਖ ਜੀ ਚਤੁਰਭੁਜੀ ਰੂਪ ਵਿੱਚ ਆ ਪ੍ਰਗਟ ਹੋਏ। {ਹੇ ਪਾਠਕ ਸੱਜਣ ਜੀ! ਅਸਾਂ ਪਿਛੇ 137ਵੀਂ ਚੌਪਈ ਤੋਂ (21 ਅੱਸੂ-ਸੰਮਤ 1651 ਤੋਂ) ਮਾਤਾ ਜੀ ਦੇ ਗ੍ਰਭਵਤੀ ਹੋਣ ਦੀ ਖ਼ੁਸ਼ੀਆਂ ਦਾ ਅਰੰਭ ਹੁੰਦਾ ਅਤੇ ਫਿਰ ਉਸੇ ਖ਼ੁਸ਼ੀ ਵਿੱਚ ਪੰਚਮ ਪਾਤਸ਼ਾਹ ਜੀ ਨੂੰ ਦਾਨ ਵਜੋ, ਧਨ ਦੀ ਬਰਖਾ ਕਰਦੇ ਦਰਸਾਇਆ ਹੋਇਆ ਵੀ ਪੜ੍ਹਿਆ ਸੀ। ਹੁਣ ਬੜੀ ਸਫ਼ਾਈ ਨਾਲ ਲਿਖ ਦਿੱਤਾ ਕਿ, ਗ੍ਰਭ ਨਹੀਂ ਸੀ ਉਹ ਤਾਂ ਹਵਾ ਹੀ ਸੀ-ਕੀ ਲਿਖਾਰੀ ਅਤੇ ਸੰਪਾਦਕ ਸਾਹਿਬਾਨ ਵਲੋਂ ਗੁਰਦੇਵ ਜੀ ਦੀ ਸਿਆਣਪ ਜਾਂ ਅੰਰਯਾਮਤਾ ਬਾਰੇ ਘਟੀਆਂ ਮਖ਼ੌਲ ਤਾ ਨਹੀਂ ਕੀਤਾ ਗਿਆ ਜੀ?}

(ਲਿਖਾਰੀ ਜੀ ਦੀ ਲਿਖਤ ਤੋ) ਭਾਵ, ਨਾ ਚੁਰਭੁਜੀ ਪੁੱਤਰ ਜੀ ਨੌ ਮਹੀਨੇ ਮਾਤਾ ਦੇ ਗ੍ਰਭ ਵਿੱਚ ਰਹੇ ਅਤੇ ਨਾ ਹੀ ਉਨ੍ਹਾਂ ਨੇ ਜਨਮ ਲਿਆ? - ਅਸਚਰਜਤਾ ਹੈ ਕਿ, ਮਾਤਾ ਜੀ ਦੇ ਹੀ ਮੂੰਹੋਂ ਲਿਖਾਰੀ ਨੇ ਇਉਂ ਕਿਸ ਯੋਜਨਾ ਅਧੀਨ ਅਖਵਾਇਆ? :-

ਮਾਤ ਉਦਰ ਤੇ ਪਵਨ ਨਿਕਸਾਨੀ। ਚਤੁਰ ਭੁਜੀ ਰੂਪ ਦੇਖਿ ਹਰਖਾਨੀ।

ਮੇਰੇ ਉਦਰ ‘ਜਨਮ’ ਇਨ ਲਯੋ। ਚਤੁਰ ਭੁਜ ਰੂਪ ਕਹੇ ਕਿਮ ਭਯੋ॥ 176॥

ਨੀਲ ਕਮਲ ਸੁਮ ਸੁੰਦਰ ਦੇਹਾ। ਨੈਨ ਸੁ ਅਰਨਕੰਜ ਛਬਿ ਲੇਹਾ।

ਪੀਲੇ ਪਟ ਭੁਜ ਅੰਗਦ ਧਾਰੀ। ਕੁੰਡਲ ਕਾਨਨ ਸੋਭ ਅਪਾਰੀ॥ 177॥

ਗਦ ਗਦ ਮਾਤਾ ਉਸਤਤਿਕੀਨੀ। ਹੇ ਪ੍ਰਭ ਸਬੁ ਜਗੁ ਤੋਰ ਅਧੀਨੀ।

ਬ੍ਰਹਮ ਰਿਖੀ ਤਵ ਧਯਾਨ ਨ ਪਾਏ। ਮੋਰੇ ਉਦਰਿ ਕਹੋ ਕਿਮ ਆਏ॥ 178॥

ਪਦ ਅਰਥ:-. . ਪਵਨ=ਮਾਤਾ ਗੰਗਾ ਜੀ ਦੇ ਪੇਟ ਤੋਂ। ਨਿਕਸਾਨੀ=ਪਵਨ ਨਿਕਲ ਗਈ, ਭਾਵ ਸਤਿਗੁਰਾਂ ਦਾ ਪ੍ਰਕਾਸ਼ ਹੋਇਆ? ਹਰਖਾਈ=ਖ਼ੁਸ਼ ਹੋ ਗਈ। ਭਯੋ= ਕਿਵੇਂ ਬਣ ਗਿਆ? । 176. ਨੀਲ ਕਮਲ. . =ਨੀਲੇ ਕਮਲਵਰਗਾ ਸੁੰਦਰ ਸਰੀਰ। ਅਰਨਕੰਜ=ਅ1ਖਾਂ ਲਾਲ ਕੰਵਲ ਵਾਂਗ। ਲੇਹਾ=ਬਹੁਤ ਸੁੰਦਰ ਲੱਗ ਰਹੀਆਂ ਸਨ। ਪੀਲੇ ਪਟ=ਬਸਤ੍ਰ ਪੀਲੇ ਰੰਗਦੇ। ਭੁਜ ਅੰਗਦ=ਬਾਹਵਾਂ ਵਿੱਚ ਬਾਜੂ-ਬੰਦ। ਕੁੰਡਲ ਕਾਨਨ=ਕੰਨਾ ਵਿੱਚ ਕੁੰਡਲ। ਸੋਭ ਅਪਾਰੀ=ਬਹੁਤ ਹੀ ਸੋਭਾ ਦੇ ਰਹੇਸਨ। 177. ਗਦ ਗਦ=ਅਤਿ ਪ੍ਰਸੰਨ ਹੋ ਕੇ। ਬ੍ਰਹਮ. . =ਬ੍ਰਹਮਾ ਤੇ ਹੋਰ ਰਿਸ਼ੀ ਵੀ ਤੇਰਾ ਧਿਆਨ ਧਰਕੇ ਦਰਸ਼ਨ ਪਾ ਸਕਦੇ ਹਨ। ਉਦਰਿ=ਮੇਰੇ ਪੇਟ ਵਿਚ। ਕਿਮ ਆਏ=ਦਸੋ ਕਿਸ ਤਰ੍ਹਾਂ ਆਏ॥ 178॥

ਹੈਰਾਨੀਆਂ= ਪਵਨ ਨਿਕਸਾਨੀ ਦੀ ਵਿਆਖਿਆ ਵਿੱਚ ਸੰਪਾਦਕ ਵਿਦਵਾਨ ਜੀ ਨੇ ਸਤਿਗੁਰਾਂ ਦਾ ਪ੍ਰਕਾਸ਼ ਹੋਇਆ ਕਿਸ ਨਿਯੱਤ ਨਾਲ ਲਿਖਿਆ ਹੈ? ਕੀ, ਸਤਿਗੁਰੂ ਜੀ ਚਾਰ ਬਾਹਾਂ ਵਾਲੇ ਸਨ? ਕੀ, ਉਹ ਨੀਲ ਕਮਲ ਵਰਗੇ ਸਨ? ਕਿਉਂਕਿ ਲਿਖਾਰੀ ਜੀ ਨੇ, ਰੱਬ-ਪੁੱਤਰ ਨੂੰ ਆਪਣੇ ਉਦਰ ਵਿੱਚ ਆਏ ਕਹਿੰਦੇ ਮਾਤਾ ਜੀ ਨੂੰ ਆਪ ਹੀ ਦਰਸਾਇਆ ਹੋਇਆ ਹੈ, ਤਾਂ ਕੀ, ਸਤਿਗੁਰੂ ਜੀ (ਕਿ ਜਾਂ ਸਾਹਿਬਜ਼ਾਦਾ ਹਰਿਗੋਬਿੰਦ ਜੀ?) ਕੰਨਾ ਵਿੱਚ ਕੁੰਡਲ ਪਹਿਨੇ ਪੀਲੇ ਬਸਤਰਾਂ ਸਮੇਤ ਹੀ ਮਾਤਾ ਗੰਗਾ ਜੀ ਦੇ ਉਦਰ ਵਿਚੋਂ ਬਾਹਰ ਆਏ ਸਨ? ਕੀ, ਲਿਖਾਰੀ ਮੁੜ ਮੁੜ ਕੇ ਸਾਡੇ ਮੂੰਹ ਤੇ ਸ਼ਰਮਿੰਦਗੀ ਦੇ ਅਥਵਾ ਧ੍ਰਿਕਾਰਾਂ-ਰੁਪ ਪੌਲੇ (ਛਿੱਤਰ-ਜੁੱਤੀਆਂ) ਤਾਂ ਨਹੀਂ ਜੜ ਰਿਹਾ? ਕੀ, ਸੰਪਾਦਕ ਸਾਹਿਬਾਨ ਜੀ ਲਿਖਾਰੀ ਦੀ ਇਸ ਗੰਭੀਰ ਕੁਟਲਤਾ ਵਿੱਚ ਪੂਰੀ ਭਾਈਵਾਲੀ ਨਹੀਂ ਨਿਭਾ ਰਹੇ? ਕੀ, ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਜਥੇਦਾਰੀ ਤੇ ਸਸ਼ੋਭਤ ਹੋ ਚੁੱਕੇ ਸਿੰਘ ਸਾਹਿਬ ਵੇਦਾਂਤੀ ਜੀ ਨੇ ਭੂਮਕਾ ਵਿੱਚ ਜਾਂ ਵਸ਼ੇਸ ਟਿਪਣੀਆਂ ਵਿੱਚ ਇਸ ਸਾਰੀ ਝੈਠ ਬਕੜਵਾਹ ਬਾਰੇ ਕੋਈ ਭੁਲੇਖੇ ਦੂਰ ਕਰਨ ਵਾਲਾ ਸਪੱਸ਼ਟ ਨੋਟ ਨਾ ਲਿਖ ਕੇ ਇਸ ਸਾਰੇ ਕੁਫ਼ਰ ਨੂੰ ਸਚ ਹੋਣ ਦੀ ਤਸਦੀਕੀ ਮੋਹਰ ਨਾ ਲਾ ਦਿੱਤੀ? ਕੀ, ਇਨ੍ਹਾਂ ਹੈਰਾਨੀਆਂ ਨੂੰ ਦੂਰ ਕਰਨ ਲਈ ਕੋਈ ਗੁਰਮਤਿ-ਦਲੀਲ ਲਿਖ ਸਕਦੇ ਹਨ?

ਮਾਤਾ ਜੀ ਦੀ ਉਤਸੁਕਤਾ ਦੂਰ ਕਰ ਲਈ ਦੀਨਾ ਨਾਥ ਜੀ ਬੋਲੇ-

ਦੋਹਰਾ। ਮਾਤਾ ਕੀ ਬਿਨਤੀ ਸੁਨਿ ਬੋਲੇ ਦੀਨਾ ਨਾਥ। ਛੀਰ ਸਿੰਧੁ ਜਾਵਤ ਭਯੋ ਚਤੁਰਾਨਨ ਦਿਵ ਸਾਥਿ॥ 179॥ ਬ੍ਰਹਮਾ ਕੀ ਬਿਨਤੀ ਕਰੀ ਬੁਢੇ ਬਚਨ ਜੋ ਕੀਤ। ਮਲੇਛ ਨਾਸ ਹਿਤਿ ਬਪੁ ਧਰਯੋ ਇੱਛਾ ਪੂਰ ਤੁਮ ਕੀਨੁ॥ 180॥

ਚੌਪਈ। ਇਮ ਮਮ ਰੂਪ ਨਿਹਾਰਯੋ ਜੋਈ। ਸੰਤ ਦਰਸ ਫਲ ਜਾਨੋ ਸੋਈ।

ਸਭ ਜਗੁ ਮਾਤ ਸੋ ਮੁਹਿ ਅਧੀਨਾ। ਮੈ ਸਦ ਰਹੋਂ ਸੰਤ ਕੈ ਦੀਨਾ॥ 181॥

ਭਾਵ ਅਰਥ:- ‘ਬ੍ਰਹਮਾ ਨੇ ਦੇਵਤਿਆਂ ਨੂੰ ਨਾਲ ਲਿਆ ਅਤੇ ਖੀਰ ਸਮੁੰਦਰ ਵਿੱਚ ਮੇਰੇ ਕੋਲ ਆ ਕੇ ਬੁੇਨਤੀ ਕੀਤੀ ਕਿ, ਚਲ ਕੇ ਮਲੇਛਾਂ ਦਾ ਨਾਸ ਕਰੋ। ਬਾਬਾ ਬੁਢਾ ਜੀ ਨੇ ਤੁਹਾਨੂੰ ਵਰ ਦਿੱਤਾ ਹੋਇਆ ਸੀ ਸੋ ਮੈ ਆਉਣਾ ਹੀ ਸੀ। ਮੇਰੇ ਇਸ ਰੂਪ ਦੇ ਦਰਸ਼ਨ ਨਸੀਬ ਹੋਣੇ, ਸਮਝੋ ਕਿ, ਸ਼ਾਂਤ ਆਤਮਾ ਬਾਬਾ ਬੁਢਾ ਜੀ ਦਾ ਦਰਸ਼ਨ ਕਰਨ ਦਾ ਤੁਹਾਨੂੰ ਫਲ ਮਿਲਿਆ ਹੈ। ਸਾਰਾ ਸੰਸਾਰ ਮੇਰੇ ਅਧੀਨ ਹੈ ਪਰ ਮੈਂ ਸੰਤਾਂ ਦਾ ਬਰਦਾ ਹਾਂ। {181} ਭਾਵ ਚਤੁਰ ਭੁਜੀ ਜੀ ਦਾ ਅਵਤਾਰੀ ਹੋਣਾ ਬਾਬਾ ਬੁੱਢਾ ਜੀ ਦੇ ਦਰਸ਼ਨਾ ਦਾ ਫਲ ਪਰਾਪਤ ਹੋਇਆ ਹੈ॥

ਉਪਰੋਕਤ 179 ਤੋਂ 181 ਤੱਕ ਦੇਦੋਹਰੇ ਚੌਪਈਆਂ ਤੋਂ (ੳ) ਗੁਰਮਤਿ ਦੀ ਗੰਭੀਰ ਉਲੰਙਾ ਅਤੇ

(ਅ) ਉਪਜ ਰਹੇ ਮਾਰੂ ਸਿੱਟਿਆਂ ਬਾਰੇ ਗੰਭੀਰ ਵਿਚਾਰਾਂ; -

(ੳ) (1) ਸ੍ਰੀ ਰਾਮਚੰਦ੍ਰ ਜੀ ਦੇ ਅਵਤਾਰੀ ਹੋਣ ਵਾਲੀ ਗਾਥਾ ਵਿਚ, ਦੇਵਤਿਆਂ ਦੀ ਪੁਕਾਰ ਤੇ ਅਜੁਧਿਆ ਵਿਖੇ ਰਾਜਾ ਦਸ਼ਰਥ ਦੇ ਘਰ ਜਨਮ ਲੈਣ ਦਾ ਬਚਨ ਪਹਿਲਾਂ ਹੋਇਆ ਦਰਸਾ ਲਿਆ ਸੀ, ਅਤੇ, ਰਾਜਾ ਦਸ਼ਰਥ ਨੰਗੇ ਪੈਰੀਂ, ਬ੍ਰਾਹਮ ਰਿਖੀ ਕੋਲ ਪੁੱਤਰ ਮੰਗਣ ਮਗਰੋਂ ਗਿਆ ਦਰਸਾਇਆ। ਜਿਵੇ ਰਾਜਾ ਦਸ਼ਰਥ ਦੀਆਂ ਤਿੰਨੇ ਰਾਣੀਆਂ ਖੀਰ ਦੀਆਂ ਬੁਰਕੀਆਂ ਖਾਣ ਤੋਂ ਗ੍ਰਭਵਤੀ ਹੋਈਆਂ ਸਨ ਇਹ ਕਹਾਣੀ ਅਸੀਂ ਪਿੱਛੇ ਪੜ੍ਹ ਆਏ ਹਾਂ। ਰਾਮ ਰੂਪ ਰੱਬ ਨੂੰ ਰਾਣੀ ਕੌਸੱਲਿਆ ਦੇ ਪੇਟੋਂ ਜਨਮ ਲੈਂਣ ਦੀ ਗਾਥਾ ਨੂੰ T.V. ਤੇ ਜਿਵੇਂ ਦਰਸਾਇਆ ਗਿਆ ਹੈ, ਉਸ ਤੋਂ ਦਰਸ਼ਕਾਂ ਨੂੰ ਯਕੀਨ ਹੋ ਜਾਂਦਾ ਹੈ ਕਿ, ਸ੍ਰੀ ਰਾਮ ਜੀ ਆਪਣੇ ਤਿੰਨ ਭਾਈਆਂ ਵਾਂਗ ਮਾਤਾ ਦੇ ਉਦਰ ਤੋਂ ਹੀ ਜਨਮੇ ਸਨ। ਪਰ, ਕਿਉਂਕਿ ਏਧਰ ਲਿਖਾਰੀ ਗੁਰਮਤਿ ਦੇ ਰਬ ਬਾਰੇ ‘ਅਜੋਨੀ’ ਸਿਧਾਂਤ ਤੋਂ ਸੁਚੇਤ ਹੈ, ਅਥਵਾ ਗੁਰਬਾਣੀ ਵਿਚਲੇ ਇਨ੍ਹਾਂ ਪਾਵਨ ਗੁਰੂ ਸ਼ਬਦਾਂ ਤੋਂ ਚੰਗੀ ਤਰ੍ਹਾਂ ਜਾਣੂ ਸੀ - (1) ਸੋ ਮੁਖੁ ਜਲਉ ਜਿਤੁ ਕਹਹਿ ਠਾਕੁਰੁ ਜੋਨੀ॥ 3॥ {1136} (2) -ਹਰਿ ਅਗਮੁ ਅਗੋਚਰੁ ਅਨਾਥੁ ਅਜੋਨੀ ਸਤਿਗੁਰ ਕੈ ਭਾਇ ਪਾਵਣਿਆ॥ 1॥ {118} (3) - “ਧਨੁ ਧਰਣੀਧਰੁ ਆਪਿ ਅਜੋਨੀ ਤੋਲਿ ਬੋਲਿ ਸਚੁ ਪੂਰਾ॥ {930} (4) - ਅਲਖੁ ਨ ਲਖੀਐ ਅਗਮੁ ਅਜੋਨੀ ਤੂੰ ਨਾਥਾਂ ਨਾਥਣਹਾਰਾ॥ {1255} (5) -ਨਾਨਕ ਭੰਡੈ ਬਾਹਰਾ ਏਕੋ ਸਚਾ ਸੋਇ॥ {483} ਇਸ ਕਾਰਨ, ਝੂਠ-ਕਹਾਣੀ ਘੜਨ ਦੇ ਮਾਹਰ ਪ੍ਰੋਹਿਤ ਜੀ ਨੇ ਰਬ ਨੂੰ ਅਜਨਮਾ ਦਰਸਾਉਣ ਲਈ ਗਾਥਾ ਨੂੰ ਦੋਹਰਾ ਮੋੜ ਦੇ ਲਿਆ। ਰਾਮ ਜੀ ਦੇ ਸਮੇ ਹਿੰਦੂ ਪੂਰੀ ਤਰ੍ਹਾਂ ਅਗਿਆਨੀ ਸਨ। ਉਨ੍ਹਾਂ ਨੂੰ ਬ੍ਰਾਹਮਣ ਨੇ ਆਪਣੇ ਝੂਠ ਦੀ ਪੂਜਾ ਕਰਨ ਗਿਝਾ ਲਿਆ ਹੋਇਆ ਸੀ। ਦਸ਼ਰਥ ਦੇ ਬੇਟੇ ਸ੍ਰੀ ਰਾਮ ਜੀ ਦਾ ਸਰਬ ਸ਼ਕਤੀਮਾਨ ਵਿਧਾਤਾ ਬਣ ਜਾਣ ਵਿੱਚ ਕੋਈ ਔਕੜ ਨਹੀਂ ਸੀ ਆ ਸਕਦੀ। ਸੋ, ਜਿਵੇਂ ਦੀ ਕਹਾਣੀ ਮਰਜ਼ੀ ਸੀ ਘੜ ਲਈ। ਜਦੋਂ ਅਤੇ ਜਿਵੇ ਦਿੱਲ ਕੀਤਾ ਆਪਣੀ ਕਹਾਣੀ ਦੇ ਅਨਕੂਲ ਰੱਬ ਪੈਦਾ ਕਰ ਲਿਆ। ਜਿਵੇ, ਨਰਸਿੰਘ ਥੰਮ ਪਾੜ ਕੇ, ਵਰਾਹ ਅਵਤਾਰ ਸੂਰਾਂ ਵਿਚੋਂ. ਮੱਛ ਅਵਤਾਰ ਅਤੇ ਕੂਰਮ ਅਵਤਾਰ ਪਾਣੀ ਦੀ ਦੁਨੀਆਂ ਵਿਚੋਂ ਪੈਦਾ ਕਰ ਲਏ। ਪਰ ਏਧਰ ਗੁਰੂ ਨਾਨਕ ਸਾਹਿਬ ਜੀ ਦੀ ਸਿੱਖੀ ਵਿੱਚ ਝੂਠ-ਰੱਬ ਜੀ ਦਾ ਪਰਵਬੇਸ਼ ਕਰਾਉਣ ਲਈ ਬ੍ਰਾਹਣ ਜੀ ਦੇ ਸਾਹਮਣੇ – “ਨਾਨਕ ਭੰਡੈ ਬਾਹਰਾ ਏਕੋ ਸਚਾ ਸੋਇ॥” ਗੁਰੂ ਬਾਣੀ ਫ਼ੁਰਮਾਨ ਵਡੀ ਰੁਕਾਵਟ ਬਣ ਰਿਹਾ ਸੀ। “ਰੱਬ ਜੀ ਨੂੰ ਭੰਡੁ (=ਇਸਤ੍ਰੀ) ਦੇ ਉਦਰ ਵਿਚੋਂ, ਪੈਦਾ ਕੀਤੇ ਜਾਣ ਤੋਂ ਕਹਾਣੀ ਰੱਦ ਕੀਤੀ ਜਾਣ ਦੀ ਸੰਭਾਵਣਾ ਬਣ ਸਕਦੀ ਸੀ। ਸੋ ਹੁਣ ਜ਼ਰਾ ਵੱਧ ਚਤੁਰਾਈ ਦੀ ਲੋੜ ਸੀ।। ਅਗਿਆਨੀ ਸਿੱਖਾਂ ਦੀ ਸ਼ਰਧਾ ਇਸ ਝੂਠ-ਜਨਮ ਬਾਰੇ ਬਣਾਈ ਰੱਖਣ ਲਈ ਦੁਹਰੀ ਕਲਾ ਬਾਜ਼ੀ ਦੀ ਲੋੜ ਅਨੁਭਵ ਕਰ ਲਈ? ਚਤੁਰ ਭੁਜੀ ਰੱਬ, ਮਾਤਾ ਗੰਗਾ ਜੀ ਦੇ ਗਰਭ ਵਿੱਚ ਆਇਆ ਵੀ ਲਿਖ ਦਿੱਤਾ ਅਤੇ ਮਾਤਾ ਜੀ ਦੇ ਕੋਲ ਆ ਬੈਠਾ ਵੀ ਦਰਸਾ ਲਿਆ। ਜਿਥੇ ਜਿਵੇਂ ਦੀ ਲੋੜ ਪਏ ਉਵੇਂ ਦੀਆਂ ਪੰਗਤੀਆਂ ਵਰਤ ਲਈਆਂ। ਬਸ ਅਛੋਪਲੇ ਹੀ ਆਪਣੀ ਕਲਪਣਾ ਦੀ ਉਪਜ ਬਣਿਆ ਫੱਬਿਆ ਚਤੁਰ-ਭੁਜੀ “ਕਾਲ ਪੁਰਖ” ਸਿੱਖੀ ਵਿੱਚ ਲਿਆ ਵਾੜਿਆ? ਸਾਡੇ ਵੇਦਾਂਤੀ ਜੀ ਵੀ ਚਕਰੀ ਖਾ ਗਏ?

(2) ਭਾਵ, ਇਹ ਕਿ, “ਬਾਕੀ ਨੌ ਗੁਰੂ ਸਾਹਿਬਾਨ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਹੀ ਜੋਤਿ-ਜੁਗਤਿ ਵਿਚਰਦੀ ਰਹੀ ਸੀ ਅਤੇ ਉਹੀ ਜੋਤਿ ਹੁਣ ਸੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਖ਼ਾਲਸਾ ਜੀ ਦੀ ਅਗਵਾਈ ਕਰ ਰਹੀ ਹੈ” - ਸਿੱਖਾਂ ਦੇ ਇਸ ਦੂਜੇ ਨਿਆਰੇ ਵਿਸ਼ਵਾਸ਼ ਨੂੰ ਸਦਾ ਲਈ ਖ਼ਤਮ ਕਰ ਦੇਣ ਦੀ ਆਪਣੀ ਚਿਰਾਂ ਦੀ ਸੱਧਰ ਸਿੱਖ ਦੇ ਵੈਰੀ ਨੇ ਪੂਰੀ ਕਰ ਲਈ। ਸਿੱਖਾਂ ਨੂੰ ਲਾਵਾਰਸ ਬਣਾ ਲੈਣ ਵਿੱਚ ਖ਼ਾਲਸਾ ਪੰਥ ਦੀ ਸਰਬ-ਉੱਚ ਸੰਸਥਾ ਨੇ ਅਥਵਾ Supreme Command ਨੇ ਵੀ ਭਰਪੂਰ ਤਸਦੀਕੀ ਮੋਹਰ ਲਾ ਦਿੱਤੀ? ਨਿਆਰੇ ਖ਼ਾਲਸਾ ਜੀ ਨੂੰ ਮੁੜ ਹਿੰਦੂ ਮਹਾਂਸਾਗਰ ਵਿੱਚ ਡੋਬ ਲਏ ਜਾਣ ਦਾ ਪਰਵਾਨਗੀ ਪੱਤਰ ਅਸਾਂ ਆਪ ਹੀ ਜਾਰੀ ਕਰ ਦਿੱਤਾ? ਕਿਸੇ ਕੌਮ ਨੂੰ ਖ਼ਤਮ ਕਰਨ ਲਈ ਉਸ ਦੇ ਇਤਿਹਾਸ ਨੂੰ ਬਦਲ ਦੇਣ ਵਾਲੀ ਪ੍ਰੋਹਿਤ ਦੀ ਕੁਟਲ-ਨੀਤੀ ਜੋ ਕਈ ਸਾਲਾਂ ਤੋਂ ਸਫ਼ਲਤਾ ਨਾਲ ਪੌੜੀਆਂ ਚੜ੍ਹ ਰਹੀ ਸੀ, ਪੰਥ ਦੇ ਸਿਰਮੌਰ ਜਥੇਦਾਰਾਂ ਰਾਹੀਂ, ਹੁਣ ਉਸ ਨੇ ਮਾਨੋ, ਸਫ਼ਲਤਾ ਦੇ ਸਿੱਖ਼ਰ ਵਲ ਨੂੰ ਬੜੀ ਵੱਡੀ ਛਾਲ ਮਾਰ ਲਈ?

(ਅ) ਮਾਤਾ ਗੰਗਾ ਜੀ ਨੂੰ ਚਤੁਰਭੁਜੀ ਰੱਬ ਜੀ ਦੇ (ਇਸ ਨਿਆਰੀ ਵਿਧੀ ਦੁਆਰਾ ਹੋਏ?) ਦਰਸ਼ਨਾਂ ਨੂੰ ਇਸ ਕੁਟਲ ਲਿਖਾਰੀ ਨੇ, ਬਾਬਾ ਬੁਢਾ ਜੀ ਦੀ (ਅਪਣੇ ਹੱਥੀ ਪੀਸ-ਪਕਾ ਕੇ, ਕਰੀਬ ਨੰਗੇ ਪੈਰੀਆਂ ਤੁਰੇ ਆ ਕੇ ਮਿੱਸੇ ਪਰਸ਼ਾਦੇ ਲੱਸੀ, ਮੱਖਣ ਅਦਿ ਖੁਆਉਣ-ਰੂਪ) ਸੇਵਾ-ਭਗਤੀ-ਰੂਪ ਦਰਸ਼ਨਾ ਦਾ ਫੱਲ ਲਿਖਿਆ ਹੈ। ਭਾਵ, ਗੁਰਦੇਵ ਜੀ ਪਰਵਾਰ ਸਮੇਤ ਭਾਈਆਪਣਾ ਲੁੱਟ ਜਾਲ ਵਿਛਾਇਆ ਹੋਇਆ ਹੈ, ਸਿੱਖੀ ਨੂੰ ਭਲਾ ਉਸ ਜਾਲ ਵਿੱਚ ਬਾਹਰ ਕਿਉਂ ਆਉਣ ਦਿੰਦਾ ਸਾਧ-ਪੂਜਾ ਦੀ ਬਿਮਾਰੀ ਫੈਲਾਉਣ ਲਈ ਚਲਾਕ ਲਿਖਾਰੀ ਨੇ ਸਤਿਗੁਰੂ ਨਾਨਕ ਸਾਹਿਬ ਜੀ ਤੋ ਵਰੋਸਾਏ, “ਓਏ ਬੂੜਿਆ” ਬਾਬਾ ਬੁੱਢਾ ਜੀ ਬਣਾਏ ਗਏ ਭਾਈ ਬੁੱਢਾ ਜੀ ਦੀ ਚੋਣ ਕਰ ਲਈ। ਮਨੁੱਖ ਦੀ ਉਪਾਸ਼ਨਾ ਤੋਂ ਦੇ ਵਰ ਦੇ ਮੁਥਾਜ ਹੋ ਰਹੇ ਸਿੱਧਾ ਉਸੇ ਗੁਰਦੇਵ ਪਿਤਾ ਜੀ ਨੂੰ ਦਰਸਾ ਦਿੱਤਾ ਜਿਨ੍ਹਾਂ ਦਾ ਆਪਣਾ ਪਰਵੱਚਣ ਇਸ ਪ੍ਰਕਾਰ ਹੈ:-

61- ਸੋਰਠਿ ਮਹਲਾ 5. .॥ ਕਿਸ ਹਉ ਜਾਚੀ ਕਿਸ ਆਰਾਧੀ ਜਾ ਸਭੁ ਕੋ ਕੀਤਾ ਹੋਸੀ॥ ਜੋ ਜੋ ਦੀਸੈ ਵਡਾ ਵਡੇਰਾ ਸੋ ਸੋ ਖਾਕੂ ਰਲਸੀ॥ ਨਿਰਭਉ ਨਿਰੰਕਾਰੁ ਭਵ ਖੰਡਨੁ ਸਭਿ ਸੁਖ ਨਵ ਨਿਧਿ ਦੇਸੀ॥ 1॥ ਹਰਿ ਜੀਉ ਤੇਰੀ ਦਾਤੀ ਰਾਜਾ॥ ਮਾਣਸੁ ਬਪੁੜਾ ਕਿਆ ਸਾਲਾਹੀ ਕਿਆ ਤਿਸ ਕਾ ਮੁਹਤਾਜਾ॥ ਰਹਾਉ॥ … 4॥ 1॥ {608}

ਪਦ ਅਰਥ:-ਹਉ ਜਾਚੀ=ਮੈਂ ਪੰਗਾਂ। ਕੀਤ= (ਪਰਮਾਤਮਾ ਦਾ ਬਣਾਇਆ ਹੋਇਆ। ੳਾਰਾਧੀ=ਆਰਾਧੀਂ, ਮੈਂ ਆਰਾਧਨਾ ਕਰਾਂ। ਸਭ ਕੋ=ਹਰੇਕ ਜੀਵ। ਕੀਤਾ= (ਪਰਮਾਤਮਤ ਦਾ) ਬਣਾਇਆ ਹੋਇਆ। ਹੋਸੀ=ਹਵੇਗਾ, ਹੈ। ਖਾਕੂ=ਖ਼ਾਕ ਵਿੱਚ। ਭਵ ਖੰਡਨੁ=ਜਨਮ (ਪਰਨ ਦਾ ਕਲੇਸ਼, ਭੈ) ਨਾਸ ਕਰਨ ਵਾਲਾ। ਸਭਿ=ਸਾਰੇ। ਨਚ ਨਿਧਿ=ਜਗਤ ਦੇ ਨੌ ਹੀ ਖ਼ਜ਼ਾਨੇ। ਦੇਸੀ=ਦੇਵੇਗਾ, ਦੇਂਦਾ ਹੈ। 1.

ਹਰਿ-ਹੇ ਹਰੀ! ਦਾਤੀ=ਦਾਤੀਂ, ਦਾਤਾਂ ਨਾਲ। ਰਾਜਾ=ਰਾਜਾਂ, ਮੈ ਰਜਿਆ ਹਾਂ। ਗੁਰੂ ਸ਼ਬਦ ਦਾ ਕੇਂਦਰੀ ਭਾਵ, ‘ਰਹਾਉ॥

ਅਰਥ:-ਹੇ ਪ੍ਰਭੂ ਜੀ! ਮੈਂ ਤੇਰੀਆਂ (ਦਿੱਤੀਆਂ) ਦਾਤਾਂ ਨਾਲ ਹੀ ਰੱਜਿਆ ਰਹਿੰਦਾ ਹਾਂ (-ਸੰਤੁਸ਼ਟ ਰਹਿੰਦਾ ਹਾਂ), ਮੈਂਨੂੰ ਕਿਸੇ ਵਿਚਾਰੇ ਮਨੁੱਖ ਦੀ ਮੁਥਾਜੀ ਕਿਉਂ ਹੋਵੇ? । ਰਹਾੳ। ੁ

ਕੇਵਲ ਅਕਾਲ ਪੁਰਖ ਦੇ ਹੀ ਹੁਕਮ-ਰੂਪ ਡਰ ਭੈ ਅਦਬ ਸਤਿਕਾਰ ਦੀ ਗੱਲ। ਉਸੇ ਕੋਲੋਂ ਹੀ ਸਾਰੀਆਂ ਮੰਗਾਂ ਕਰਨੀਆਂ। ਬਾਬਾ ਬੁੱਢਾ ਜੀ ਤਾਂ ਆਪ ਹੀ ਗੁਰੂ ਦਰਬਾਰ ਦੀ ਨਿਸ਼ਕਾਮ ਟਹਿਲ-ਸੇਵਾ ਵਿੱਚ ਰੁੱਝੇ ਸੁਖ ਮਾਣ ਰਹੇ ਸਨ। ਆਪਣੇ ਗੁਰ-ਪਰਮੇਸ਼ਰ ਦੇ ਦਾਤੇ ਅਕਾਲ ਪੁਰਖ ਦੇ ਥਾਂ ਬਾਬਾ ਬੁੱਢਾ ਜੀ ਆਪ ਹੀ ਬਣ ਬੈਠੇ? ਉਸ ਦੇ ਦਰਸ਼ਨਾਂ ਤੋਂ ਗੁਰੂ ਪਰਵਾਰ ਵਿੱਚ ਕਥਿਤ ਚਤੁਰਬੁਜੀ-ਰੂਪ ਰੱਬ ਜੀ ਦਾ ਜਨਮ? ਅਕਾਲ-ਪੁਰਖ ਜੀ ਦੇ ਅਜੂੰਨੀ ਹੋਣ ਵਾਲੇ ਗੁਰਮਤਿ ਦੇ ਮੁਢਲੇ ਸਿਧਾਂਤ ਤੇ ਮੋਟੀ ਲਕੀਰ ਫਿਰ ਗਈ? ਸੰਭਲੋ ਖ਼ਾਲਸਾ ਜੀ ਰਸਾਤਲ ਤੁਹਾਡੇ ਨੇੜੇ ਢੁੱਕ ਰਿਹਾ ਹੈ। ਲਿਖਾਰੀ ਕਦਮ ਕਦਮ ਤੇ ਗੁਰਮਤਿ ਦਾ ਮਖ਼ੌਲ ਉਡਾਉਣਾ ਨਹੀਂ ਭੁੱਲਦਾ।

ਉਂਜ ਇੱਕ ਗਲੋਂ ਲਿਖਾਰੀ ਸੱਚਾ ਵੀ ਹੈ, ਝੂਠ ਲਿਖਾਰੀ ਦੀ ਝੂਠ ਕਾਥਾ ਵਾਲੇ ਸਾਹਿਬ ਬੁੱਢਾ ਜੀ ਦੇ ਦਰਸ਼ਨਾ ਤੋਂ ਬ੍ਰਾਹਮਣੀ ਝੂਠ-ਰੂਪ “ਚਤੁਰਭੁਜੀ” ਰੂਪ ਝੂਠ ਦੇ ਹੀ ਦਰਸ਼ਨ ਹੋਣੇ ਸਨ ਸੋ ਲਿਖਾਰੀ ਨੇ ਲਿਆ ਵਾੜਿਆ ਉਹ ਚਾਰ ਬਾਹਾਂ ਵਾਲਾ ਕੋਰਾ ਝੂਠ ਮਾਤਾ ਗੰਗਾ ਜੀ ਦੀ ਗੋਦ ਵਿੱਚ ਹੀ? ਪਰ, ਸਚੁ ਦੇ ਰੂਪ ਬਣ ਚੁਕੇ ਪੰਚਮ ਸਤਿਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨਾ ਤੋਂ ਮਾਤਾ ਨੇ ਸਚੁ ਦੀ ਪ੍ਰਾਪਤੀ ਹੀ ਕਰਨੀ ਸੀ,

62- ਸਤਿ ਸਤਿ ਸਤਿ ਸਤਿ ਸਤਿ ਗੁਰਦੇਵ॥

ਝੂਠੁ ਝੂਠੁ ਝੂਠੁ ਝੂਠੁ ਆਨ ਸਭ ਸੇਵ॥ 1॥ ਰਹਾਉ॥ {1166} -1-2-11

ਮਾਤਾ ਜੀ ਨੇ ਬੇਨਤੀ ਕੀਤੀ ਕਿ- “ਬਾਲ ਅੰਗ ਕੋਮਲ ਸਭ ਕਰੋ। “ਜੇ ਪੁੱਤਰ ਬਣੇ ਹੋ ਤਾਂ ਛੱਡੋ ਰਾਸਧਾਰੀਆਂ ਵਾਲੇ ਸਾਂਗ ਦਾ ਖਹਿੜਾ ਤੇ ਬਣ ਜਾਉ ਦੁੱਧ ਚੁੰਗਦੇ ਬਾਲਕ। ਤਾਂ ਚਤੁਰ ਭੁਜੀ ਜੀ ਨੇ ਮਾਤਾ ਜੀ ਨੂੰ ਇਹ ਆਖਿਆ ਕਿ ਹੇ ਮਾਤਾ ਮਨ ਲਾ ਕੇ ਮੇਰੀ ਗਲ ਸੁਣੋ, ਮੇਰਾ ਤੇਰਾ ਇਹ ਵਾਰਤਾਲਾਪ ਜਿਹੜਾ ਪ੍ਰਾਣੀ ਪੜੇ ਸੁਣੇਗਾ। 184. ਉਹ:--

ਦੋਹਰਾ॥ ਸੋ ਨਰ ਪਾਵੈ ਰੂਪ ਮਮ ਯਾ ਮੈ ਸੰਸ ਨ ਕੋਇ।

ਮਰਨ ਸਮੈ ਤਿਹ ਪੁਰਖ ਕੋ ਸਿੰਮ੍ਰਿਤ ਹਮਰੀ ਹੋਇ। 185.

ਅਰਥ:-ਮਰਨ ਸਮੇ ਜਿਹੜਾ ਮਨੁੱਖ ਸਾਡੇ ਇਸ ਰੂਪ ਨੂੰ ਯਾਦ ਕਰ ਲਵੇ ਉਸ ਨੂੰ ਸਾਡੇ ਪ੍ਰਤੱਖ ਦਰਸ਼ਨ ਹੋਣਗੇ (ਤੇ ਵਿਸ਼ਨੂੰ ਦੇ ਬੈਕੁੰਠ ਧਾਮ ਦਾ ਵਾਸੀ ਜਾ ਬਣੇ ਗਾ?)

ਜਿਵੇ ਦਸਮ ਗ੍ਰੰਥ ਜੀ ਦੇ ਸਾਰਿਆਂ ਹਿਸਿਆ ਵਿਚਲੀਆਂ (ਲਗ-ਪੁਰੀ ਪਗ) ਸਾਰੀਆਂ ਝੂਠ-ਕਹਾਣੀਆਂ ਦੇ ਅੰਤ ਵਿੱਚ ਪੜਨ ਸੁਣਨ ਦਾ ਵਡਾ ਫਲ ਗੁਪਤ-ਲਿਖਾਰੀ ਲਿਖਦਾ ਆ ਰਿਹਾ ਹੈ, ਏਥੇ ਵੀ ਉਹੀ ਭਰਮ ਪਾਉਣ ਤੋ ਉਕਾਈ ਨਹੀਂ ਖਾ ਰਿਹਾ।

ਅਸ ਕਹਿ ਨਿਜ ਮਾਇਆ ਡਰੀ, ਮਾਤਾ ਭ੍ਰਮ ਮਨ ਲੀਨ।

ਬਾਲ ਰੂਪ ਤਬ ਹੈੑ ਹਰੀ, ਰੁਦਨ ਬਾਲ ਸਮ ਕੀਨੁ॥ 186॥

ਭਾਵ, ਇਉਂ ਕਹਿ ਕੇ, ਐਸੀ ਮਾਇਆ ਵਰਤਾਈ ਜਿਸ ਤੋਂ ਮਾਤਾ ਜੀ ਡਰ ਗਏ ਅਤੇ ਆਪ ਬਾਲਕ ਬਣ ਕੇ ਰੋਣਾ ਸ਼ੁਰੂ ਕਰ ਦਿਤਾ। “ਮਾਤਾ ਜੀ ਆਪਣੇ ਰੱਬ-ਪੁੱਤ ਜੀ ਨੂੰ ਵੇਖ ਕੇ ਬੜੇ ਖ਼ੁਸ਼ ਹੋਏ। ਘਰ ਵਿੱਚ ਰੌਣਕਾਂ ਨੇ ਡੇਰਾ ਆ ਲਾਇਆ”। ਘਰ ਘਰ ਭਯੋ ਕੁਲਾਹਲ ਭਾਰੀ। ਆਵਤ ਮੰਗਲ ਗਾਵਤ ਨਾਰੀ॥ 187॥ ਗਾਣੇ ਵਜਾਣੇ ਅਰੰਭ ਹੋ ਗਏ। ਪੁੱਤਰ ਦੀ ਆਮਦ ਤੋਂ ਸਤਿਗੁਰੂ ਅਰਜਨ ਸਾਹਿਬ ਦਾ ਵਿਹਾਰ ਜੋ ਲਿਖਾਰੀ ਨੇ ਦਰਸਾਇਆ-:

ਸ੍ਰੀ ਗੁਰ ਅਰਜੁਨ ਸੁਨਿਓ ਜਬ ਹੀ। ਪੁਤ੍ਰ ਜਨਮ ਸੁਖੁ ਪਾਯੋ ਤਬ ਹੀ।

ਦਾਨੁ ਦੀਯੋ ਜਿਹ ਵਾਰ ਨ ਪਾਰਾ। ਤਬ ਸੁਮੇਰ* ਨਿਜ ਭੈ ਮਨ ਧਾਰਾ।। 188॥

ਮੋ ਕੋ ਬਾਂਟ ਗੁਰੂ ਜਿਨਿ ਦੇਈ। ਚਲੋ ਭਾਜ ਕਿਆ ਜਤਨ ਕਰੇਈ।

ਤਾ ਸਮ ਜੋ ਨਰ ਆਵਤ ਭਯੋ। ਮਨਬਾਂਛਤ ਗੁਰ ਤੇ ਧਨੁ ਲਯੋ॥ 189॥

ਕਿੱਡੀ ਕੋਝੀ ਟਿੱਚਰ ਹੈ? ਸਤਿਗੁਰੂ ਜੀ ਨੇ ਪੁੱਤਰ ਦੀ ਖ਼ੁਸ਼ੀ ਵਿੱਚ ਏਨਾ ਦਾਨ ਦੇਣਾ ਅਰੰਭ ਕਰ ਦਿਤਾ ਕਿ ਸੁਮੇਰ ਪਰਬਤ ਨੂੰ ਚਿੰਤਾ ਲੱਗ ਗਈ ਕਿ ਕਿਤੇ ਗੁਰੂ ਅਰਜਨ ਸਾਹਿਬ ਜੀ ਉਸ ਨੂੰ ਵੀ ਲੋਕਾਂ `ਚ ਵੰਡ ਕੇ ਨਾ ਮੁਕਾ ਦੇਣ, ਤੋ ਉਹ ਡਰਦਾ ਭੱਜਣ ਨੂੰ ਰਾਹ ਲੱਭਣ ਲੱਗ ਪਿਆ। * {Foot note:-ਦਸਮਗ੍ਰੰਥ ਦੇ ਗਿਆਨਪ੍ਰਬੋਧਿ ਭਾਗ ਵਿੱਚ ਯੁਧਿਸ਼ਟਰ ਨੂੰ ਦਾਨ ਕਰਦਾ ਦਰਸਾਉਣ ਸਮੇ ਏਸੇ ਡਰੋਂ ਸੁਮੇਰ ਪਰਬਤ ਭੱਜਣ ਦੀ ਤਿਅਰੀ ਕਰਦਾ ਦਰਸਾਇਆ ਹੋਇਆ ਹੈ:-

ਦੁਸਟ ਪੁਸਟ ਤ੍ਰਸੇ ਸਬੈ ਥਰਹਰਿਓ ਸੁਨਿ ਗਿਰਇ।

ਕਾਟ ਕਾਟ ਨ ਦੈ ਦਿਜੈ ਨ੍ਰਿਪ ਬਾਂਟ ਬਾਂਟ ਲੁਟਾਇ॥ 1॥ 154॥

ਅਰਥ:-ਸਾਰੇ ਵੈਰੀ ਬਹੁਤਾ ਡਰ ਗਏ, ਅਤੇ (ਯੁਧਿਸ਼ਟਰ ਦੇ ਦਾਨ ਦੀ ਗੱਲ) ਸੁਣਕੇ ਸੁਮੇਰ ਪਰਬਤ ਵੀ ਕੰਬ ਗਿਆ ਕਿ ਰਾਜਾ (ਯੁਧਿਸ਼ਟਰ ਮੈਨੂੰ ਵੀ) ਕੱਟ ਕੱਟ ਕੇ ਬ੍ਰਾਹਮਣਾ ਕੋਲ ਲੁਟਾ ਨਾ ਦੇਵੇ। 13. ਏਹੋ ਜਿਹੀਆਂ ਗੱਲਾਂ ਤੋਂ ਯਕੀਨ ਬਣਦਾ ਹੈ ਕਿ ਇਸ ਗ੍ਰੰਥ ਦਾ ਲਿਖਾਰੀ ਵੀ ਉਹੀ ਹੈ ਜਿਸ ਨੇ ਦਸਮ ਗ੍ਰੰਥ ਲਿਖਆ ਸੀ}

ਅੱਗਲੇ ਸਵੱਯੇ ਵਿੱਚ ਲਿਖਾਰੀ ਨੇ ਹੋਰ ਵੀ ਵੱਧ ਦੁਖਦਾਈ, ਗੁਰਮਤਿ ਵਿਰੋਧੀ ਗੱਲ ਸਤਿਗੁਰੂ ਜੀ ਦੇ ਪਾਵਨ ਮੁਖਾਰ ਬਿੰਦ ਵਿੱਚ ਪਾਈ ਹੋਈ ਹੈ:-

ਸਵੱਯਾ॥ ਅਨੰਦ ਧਾਰਿ ਤਬੈ ਗੁਰ ਅਰਜਨ, ਐਸ ਮੁਖੋਂ ਸੁਭ ਬਾਤ ਉਚਾਰੀ।

ਦੇਵਨ ਪੱਛ ਸੁ ਦੀਨਨ ਰੱਛ, ਧਰਾ ਦੁਖ ਟਾਰਨ ਸੱਤ੍ਰ ਸੰਘਾਰੀ।

ਨਭ ਮੈ ਤਬ ਦੇਵ ਅਏ ਸਭ ਹੀ, ਜੈ ਜੈ ਮੁਖਿ ਭਾਖ ਸੁ ਫੂਲਨ ਡਾਰੀ।

ਮੰਗਲ ਹੋਹਿ ਘਰਾ ਘਰ ਮੈ, ਉਤਰਯੋ ਅਵਤਾਰਨ ਕੇ ਅਵਤਾਰੀ॥ 190॥

ਅਰਥ ਭਾਵ--ਸਤਿ ਗੁਰੂ ਅਰਜਨ (ਦੇਵ ਜੀ) ਨੇ ਖ਼ੁਸ਼ੀ ਵਿੱਚ ਆ ਕੇ ਮੁਖੋ ਇਉ ਫ਼ੁਰਮਾਨ ਕੀਤਾ, “ਦੇਵਤਿਆਂ ਦਾ ਪੱਖ ਪੂਰਨ ਲਈ ਅਤੇ ਗ਼ਰੀਬਾਂ ਦੀ ਰਖਿਆਂ ਵਾਸਤੇ ਅਤੇ ਵੈਰੀਆਂ ਦਾ ਨਾਸ ਕਰਕੇ ਧਰਤੀ ਦਾ ਦੁਖ ਦੂਰ ਕਰਨ ਲਈ (ਹਰਿਗੋਬਿੰਦਾ ਸਾਹਿਬ ਦਾ ਪ੍ਰਕਾਸ਼ ਹੋਇਆ ਹੈ। ਉਸ ਸਮੇ ਅਸਮਾਨ ਤੋ ਦੇਵਤਿਆਂ ਨੇ ਜੈ ਜੈਕਾਰ ਕੀਤੀ ਤੇ ਫੁੱਲ ਬਰਸਾਏ। ਘਰ ਘਰ ਖ਼ੁਸ਼ੀਆਂ ਮਨਾਈਆਂ ਗਈਆਂ ਕਿ ਅਵਤਾਰਾਂ ਦੇ ਅਵਤਾਰ ਜੀ ਅਸਮਾਨਾ ਤੋਂ ਉਤਰੇ ਹਨ।

ਗੁਰਮਤਿ ਵਿਚਾਰ:-

ਜਦ, ਪ੍ਰਥਮ ਸਤਿਗੁਰੂ ਜੀ ਦੇ ਸਮੇ ਤੋਂ ਹੀ, ਸਪੱਸ਼ਟ ਰੂਪ ਵਿੱਚ ਦੇਵੀ ਦੇਵਤਿਆਂ ਦੀ ਕਿਸੇ ਅੱਡਰੀ ਹੋਂਦ ਨੂੰ ਮੁੱਢੋ ਹੀ ਰਦ ਕਰ ਦਿੱਤਾ ਹੋਇਆ ਸੀ, ਤਾਂ ਪੰਚਮ ਸਤਿਗੁਰੂ ਜੀ ਨੇ ਕਿਹੜੇ ਦੇਵਤਿਆਂ ਦਾ ਪੱਖ ਕਰਨ ਦੀ ਗੱਲ ਕਰਨੀ ਸੀ? ਸਰਬੱਤ ਦੇ ਸਾਂਝੇ ਅਤੇ ਸਰਬੱਤ ਦੇ ਭਲੇ ਦੀ ਮੰਗ ਕਰਨ ਵਾਲੇ ਨਿਰਵੈਰ ਸਤਿਗੁਰੂ ਜੀ, ਜਿਹੜੇ ਕਿਸੇ ਨੂੰ ਵੀ ਵੈਰੀ ਨਾ ਮਨ ਕੇ ਸਰਬੱਤ ਵਿੱਚ ਉਸ ਇੱਕ ਅਕਾਲ ਪੁਰਖ ਦੀ ਜੋਤਿ ਵੇਖ ਕੇ ਖ਼ੁਸ਼ ਹੁੰਦੇ ਰਹਿਣ ਦਾ ਉਪਦੇਸ਼ ਦ੍ਰਿੜ ਕਰਾ ਰਹੇ ਸਨ, ਉਨਾਂ ਨੇ-ਸੱਤ੍ਰ ਸੰਘਾਰ-ਬਚਨ ਕਿਉਂ ਬੋਲਣੇ ਸਨ। ਪੰਚਮ ਸਤਿਗੁਰੂ ਜੀ ਦਾ ਬਚਨ:-

63- ਕਾਨੜਾ ਮਹਲਾ 5॥ ਬਿਸਰਿ ਗਈ ਸਭ ਤਾਤਿ ਪਰਾਈ॥ ਜਬ ਤੇ ਸਾਧਸੰਗਤਿ ਮੋਹਿ ਪਾਈ॥ 1॥ ਰਹਾਉ॥ ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ॥ 1॥ ਜੋ ਪ੍ਰਭ ਕੀਨੋ ਸੋ ਭਲ ਮਾਨਿਓ ਏਹ ਸੁਮਤਿ ਸਾਧੂ ਤੇ ਪਾਈ॥ 2॥ ਸਭ ਮਹਿ ਰਵਿ ਰਹਿਆ ਪ੍ਰਭੁ ਏਕੈ ਪੇਖਿ ਪੇਖਿ ਨਾਨਕ ਬਿਗਸਾਈ॥ 3॥ 8॥ {1299}

ਅਰਥ:-ਹੇ ਭਾਈ! ਜਦੋਂ ਤੋਂ ਮੈਂ ਸਤਿਗੁਰੂ ਜੀ ਦੀ ਸੰਗਤਿ ਪ੍ਰਾਪਤ ਕੀਤੀ ਹੈ, (ਤਦੋਂ ਤੋਂ) (ਤਾਤਿ ਪਰਾਈ =ਪਰਾਈ ਈਰਖਾ, ਸਾੜਾ) ਦੂਜਿਆਂ ਤਾ ਸੁਖ ਵੇਖ ਕੇ ਅੰਦਰੇ ਅੰਦਰ ਸੜਨ ਦੀ ਸਾਰੀ ਆਦਤ ਭੁੱਲ ਗਈ ਹੈ। 1. ਰਹਾਉ। (ਹੁਣ) ਮੈਨੂੰ ਕੋਈ ਵੈਰੀ ਨਹੀਂ ਦਿੱਸਦਾ, ਕਈ ਓਪਰਾ ਨਹੀਂ ਦਿੱਸਦਾ, ਸਭਨਾਂ ਨਾਲ ਮੇਰਾ ਪਿਆਰ ਬਣ ਰਿਹਾ ਹੈ। 1. (ਹੁਣ) ਜੋ ਕੁੱਝ ਪਰਮਾਤਮਾ ਕਰਦਾ ਹੈ, ਮੈਂ ਉਸ ਨੂੰ (ਸਭ ਜੀਵਾਂ ਲਈ) ਭਲਾ ਮੰਨਦਾ ਹਾਂ। ਇਗ ਚੰਗੀ ਅਕਲ ਮੈਂ (ਆਪਣੇ) ਗੁਰੂ ਪਾਸੋਂ ਸਿੱਖੀ ਹੈ। 2. ਹੇ ਨਾਨਕ! (ਆਖ-ਜਦੋਂ ਤੋਂ ਸਾਧ (-ਗੁਰੂ ਨਾਨਕ ਜੀ ਦੀ) ਸੰਗਤਿ ਮਿਲੀ ਹੈ, ਮੈਨੂੰ ਇਉਂ ਦਿੱਸਦਾ ਹੈ ਕਿ) ਇੱਕ ਪਰਮਾਤਮਾ ਹੀ ਸਭ ਜੀਵਾਂ ਵਿੱਚ ਮੌਜੂਦ ਹੈ (ਤਾਹੀਏਂ ਸਭ ਨੂੰ) ਵੇਖ ਵੇਖ ਕੇ ਮੈਂ ਖ਼ੁਸ਼ ਹੁੰਦਾ ਹਾਂ। 3.

ਸਤਿਗੁਰੂ ਜੀ ਦਾ ਸਿੱਖ ਬਣਨ ਆਉਣ ਲਈ ਪਹਿਲੀ ਸ਼ਰਤ:--

64- ਸਲੋਕ ਮਃ 5॥ ਪਹਿਲਾ ਮਰਣੁ ਕਬੂਲਿ ਜੀਵਣ ਕੀ ਛਡਿ ਆਸ॥ ਹੋਹੁ ਸਭਨਾ ਕੀ ਰੇਣੁਕਾ ਤਉ ਆਉ ਹਮਾਰੈ ਪਾਸਿ॥ 1॥ {1102}

ਸਿੱਖ ਬਣਨ ਤੋਂ ਪਹਿਲਾਂ ਮਨ ਵਿੱਚ ਸਭਨਾ ਦੀ ਰੇਣੁਕਾ ਬਣ ਜਾਣ ਤੁੱਲ, ਨਿਮਰਤਾ ਗ੍ਰਹਣ ਕਰ ਲੈਣੀ ਪਹਿਲੀ ਸ਼ਰਤ ਹੈ। ਸਭਨਾ ਦਾ ਅਰਥ, ਸਰਬੱਤ ਅਥਵਾ ਸਾਰੀ ਲੋਕਾਈ ਹੈ। ਕਿਸੇ ਯੁਕਤੀ ਨਾਲ ਵੀ, ਸਭਨਾ ਦਾ ਅਰਥ ਕੇਵਲ ਖ਼ਾਸ ਲੋਕ ਨਹੀਂ, ਕੀਤਾ ਜਾ ਸਕਦਾ। ਸੱਜਣ ਠੱਗ, ਭੂਮੀਆਂ ਚੋਰ, ਕਾਤਲ-ਠੱਗਾਂ ਦੇ ਸਮੂਹ, ਬਰਦਾ-ਫ਼ਰੋਸ਼ ਰੁਹੇਲਖੰਡੀਏ, ਆਦਿ, ਸਮਾਜ ਦੇ ਦੁਸ਼ਮਣਾ ਨੂੰ ਮਾਰਿਆਂ ਨਹੀਂ ਸੀ, ਸਗੋ ਸਾਰਿਆਂ ਨੂੰ ਸਮਾਜ ਦੇ ਸੱਜਣ ਬਣਾ ਕੇ, ਉਨ੍ਹਾਂ ਨੂੰ ਸੰਸਾਰ ਸਮੁੰਦਰ ਦੀਆਂ ਵਿਕਾਰ-ਲਹਿਰਾਂ ਵਿਚੋਂ ਤਾਰਿਆ ਸੀ॥ ਉਪ੍ਰੋਕਤ 190 ਨੰਬਰ ਸੱਵਯੇ ਵਿਚਲੀ- “ਦੇਵਨ ਪੱਛ ਸੁ ਦੀਨਨ ਰੱਛ, ਧਰਾ ਦੁਖ ਟਾਰਨ ਸੱਤ੍ਰ ਸੰਘਾਰੀ”। ਸਤਿਗੁਰੂ ਸਾਹਿਬ ਜੀ ਦੀ ਕਹਜੀ ਦਰਸਾ ਕੇ ਲਿਖਾਰੀ ਨੇ ਖ਼ਾਲਸਾ ਪੰਥ ਦਾ ਮੂੰਹ ਚਿੜਾਇਆ ਹੈ। ਬੜੀ ਨਾਕਾਬਲੇ ਬਰਦਾਸ਼ਤ ਗੱਲ ਵੇਦਾਂਤੀ ਜੀ ਨੇ ਜਾਣ ਬੇੱਝ ਕੇ ਪੰਥ ਲਈ ਪੂਜਨੀਕ ਬਣਾ ਦੇਣ ਦਾ ਯਤਨ ਕੀਤਾ ਹੈ।

ਅਸਮਾਨ ਤੋਂ ਫੁੱਲਾਂ ਦੀ ਬਰਖਾ ਵੀ ਬ੍ਰਾਹਮਣੀ ਗ੍ਰੰਥਾਂ ਦਾ ਹੀ ਮਾਇਆ-ਜਾਲ ਕੋਰਾਂ ਝੂਠ ਹੈ। ਝੂਠੀ ਗੱਲ ਗੁਰੂ ਇਤਿਹਾਸ ਵਿੱਚ ਲਿਆ ਮੜ੍ਹਨੀ ਸੁਹਿਰਦਤਾ ਦੀ ਸੂਚਕ ਨਹੀਂ ਹੈ। ਗੁਰਬਾਣੀ ਵਿੱਚ ਧਰਤੀ ਤੇ ਹੀ ਉੱਗੀ ਕਾਦਰ ਦੀ ਬੇਅੰਤ ਫੁਲਵਾੜੀ ਸੁਗੰਧੀਆਂ ਦੀ ਲ਼ਿਖਾਰਨ ਰੂਪ ਫੁਲਾਂ ਦੀ ਬਰਖਾ ਨਿਰੰਤਰ ਕਰੀ ਜਾ ਰਹੀ ਹੈ-ਧੂਪੁ ਮਲਆਨਲੋ ਪਵਣੁ ਚਵਰੋ ਕਰੇ ਸਗਲ ਬਨਰਾਇ ਫੂਲੰਤ ਜੋਤੀ” ਅਸਮਾਨਾ ਤੋਂ ਫੁੱਲਾਂ ਦੀ ਬਰਖਾ ਹੋਣ ਦੀ ਗੱਲ ਜਾਂ, ਕਿਸੇ ਨੂੰ ਕੋਈ ਸਿਖਿਆ ਦੇਣ ਲਈ ਅਸਮਾਨਾਂ ਤੋ ਅਕਾਸ਼ਵਾਣੀ ਹੋਣੀ ਜਾਂ ਆਕਾਸ਼ ਤੋਂ ਕਿਸੇ ਦੀ ਜੈ ਜੈਕਾਰ ਕੀਤੀ ਜਾਣੀ, ਨਿਰਮੂਲ ਗੱਲ ਹੈ ਜੋ ਕੇਵਲ ਬਿੱਪ੍ਰੀ ਮਾਇਆਜਾਲ ਤੋਂ ਵੱਧ ਹੋਰ ਕੁੱਝ ਨਹੀਂ ਹੈ। ਸਤਿਗੁਰੂ ਜੀ ਦੇ ਮੁਖਾਰਬਿੰਦ ਵਿਚੋਂ ਕਹੇ ਦਰਸਾਏ ਬਚਨਾਂ ਦਾ ਅਗਲਾ ਹਿੱਸਾ, ਕੁਟਲਤਾ ਦੀ ਸਿਖ਼ਰ ਦਾ ਸੂਚਕ ਹੈ:-- ਬ੍ਰਹਮ ਮੁਨੀ ਸ਼ਿਵ ਧਿਆਨੁ ਨ ਆਵਤ, ਔਰ ਅਨੇਕ ਮਹਾ ਤਪ ਧਾਰੀ।

ਬੀਨ ਲੀਏ ਜਿਹ ਖੋਜਤ ਨਾਰਦ, ਸਾਰਦ ਸੰਤ ਸਿਵੀ ਮੁਖਚਾਰੀ।

ਨੇਤਿ ਹੀ ਨੇਤ ਰਹੈ ਜਿਹ ਬੇਦ, ਸੁ ਜੋਗ ਸਮਾਧਿ ਲਗਾਇ ਅਪਾਰੀ।

ਮੰਗਲ ਆਜੁ ਭਯੋ ਭੂ ਮੰਡਲ ਉਤਰਯੋ ਅਵਤਾਰਨ ਕੋ ਅਵਤਾਰੀ॥ 191॥

ਭਾਵ, ਸਤਿਗੁਰੂ ਅਰਜਨ ਦੇਵ ਜੀ ਨੇ, ਉਪ੍ਰੋਕਤ ਬ੍ਰਾਹਮਣੀ ਭਾਸਾ ਵਿੱਚ ਇਹ ਕਿਹਾ ਸੀ ਕਿ, ਉਨ੍ਹਾਂ ਦੇ ਘਰ (ਸਪੁੱਤਰ ਨਹੀਂ ਸਗੋਂ, ਅਵਤਾਰਾਂ ਦਾ ਅਵਤਾਰ ਉਹ ਰੱਬ ਪ੍ਰਗਟ ਹੋਇਆ ਹੈ ਜਿਸ ਨੂੰ ਬ੍ਰਹਮਵੇਤਾ ਮੁਨੀਸ਼ਵਰ, ਸਿਵ, ਅਤੇ ਹੋਰ ਅਨੇਕ ਮਹਾਂ ਤਪੀਸੁਰ ਧਿਆਨ ਵਿੱਚ ਲਿਆਉਣ ਦਾ ਨਿਸਫਲ ਯਤਨ ਕਰਦੇ ਰਹੇ ਹਨ। ਹੱਥ ਵਿੱਚ ਬੀਨ ਫੜੀ ਫਿਰਨ ਵਾਲਾ ਨਾਰਦ, ਸਰਸਵਤੀ ਸ਼ਿਵ, ਬ੍ਰਹਮਾਂ ਜਿਸ ਨੂੰ ਢੂੰਡ ਰਿਹਾ ਹੈ ਅਥਵਾ ਚਾਰੇ ਬੇਦ ਜਿਸ ਨੂੰ ਬੇਅੰਤ ਬੇਅੰਤ ਪੁਕਾਰ ਰਹੇ ਹਨ। ਭਾਵ, ਲਿਖਾਰੀ ਨੇ, ਸਿੱਖਾਂ ਦੇ ਇਸ ਵਿਸ਼ਵਸਾਸ਼ ਨੂੰ ਨਿਰਮੂਲ ਸਿੱਧ ਕਰ ਲਿਆ ਕਿ, ਜਿੰਨਾ ਚਿਰ ਕੋਈ ਸਤਿਗੁਰੂ ਜੀ ਦੀ ਚੋਣ ਵਿੱਚ ਆ ਕੇ ਉਨ੍ਹਾਂ ਵਲੋਂ ਉਵੇਂ ਹੀ ਬਾਕਾਇਦਾ ਸ੍ਰੀ ਗੁਰੂ ਨਾਨਕ ਸਾਹਿਬ ਦੀ ਜੋਤਿ ਜੁਗਤਿ ਦਾ ਮਾਲਕ ਗੁਰਿਆਈ ਪ੍ਰਾਪਤ ਨਹੀਂ ਕਰਦਾ, ਉਨਾਂ ਚਿਰ (ਭਾਵੇਂ ਕੋਈ ਸਤਿਗੁਰੂ ਜੀ ਦਾ ਸਾਹਿਬਜ਼ਾਦਾ ਹੀ ਹੋਵੇ) ਗੁਰੂ ਨਹੀਂ ਸੀ ਬਣਦਾ। ਉਹ ਵੀ ਹੋਰ ਸਿੱਖਾਂ ਜਿਹਾ ਗੁਰੂ ਦਾ ਸਿੱਖ ਹੀ ਹੁੰਦਾ ਹੈ। ਚਲਾਕ ਲ਼ਿਖਾਰੀ ਅਵਤਾਰ ਪ੍ਰਥਾ ਬਾਰੇ ਗੁਰਮਤਿ ਦੇ ਸਿਧਾਂਤ ਨੂੰ ਵੀ ਮਲੀਆ ਮੇਟ ਕਰੀ ਜਾ ਰਿਹਾ ਹੈ।

ਗੁਰਬਖ਼ਸ਼ ਸਿੰਘ ਕਾਲਾ ਅਫ਼ਗਾਨਾ




.