ਗੁਰੂ ਅਰਜਨ:
ਸ਼ਬਦ ਤੋਂ ਸ਼ਹਾਦਤ ਤੱਕ
ਡਾ. ਜਸਪਾਲ ਕੌਰ ਕਾਂਗ
ਪ੍ਰੋਫੋਸੈਰ ਅਤੇ ਚੇਅਰਪਰਸਨ
ਗੁਰੂ ਨਾਨਕ ਸਿੱਖ ਅਧਿਐਨ ਵਿਭਾਗ
ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ।
ਸਿੱਖ ਇਤਿਹਾਸ ਅਤੇ ਬਾਣੀਕਾਰਾਂ ਦੇ
ਸੱਚ ਦੀ ਜੇ ਪਛਾਣ ਕਰਨੀ ਹੋਵੇ ਤਾਂ ਇਸ ਸੱਚ ਦੀ ਰੇਖਾਕਾਰੀ ਸ਼ਬਦ ਤੋਂ ਸ਼ਹਾਦਤ ਵਾਲੀ ਹੋਵੇਗੀ। ਸ਼ਬਦ
ਮੂਲ ਚੇਤਨਾ ਹੈ ਅਤੇ ਸ਼ਹਾਦਤ ਇਸ ਚੇਤਨਾ ਵਿਚੋਂ ਪੈਦਾ ਹੋਣ ਵਾਲੀ ਸਿਖ਼ਰ ਹੈ। ਸੱਚ ਲਈ ਸ਼ਹਾਦਤ ਉਹੀ ਦੇ
ਸਕਦਾ ਹੈ ਜੋ ਚੇਤਨਾ ਦੀ ਧਰਾਤਲ ਉੱਪਰ ਸੱਚ ਦਾ ਰੂਪ ਹੋ ਗਿਆ ਹੈ। ਅਜਿਹੀ ਸਿਖ਼ਰ ਅਵਸਥਾ ਉੱਪਰ
ਪਹੁੰਚਿਆ ਵਿਅਕਤੀ ਹੀ ਦੂਸਰਿਆਂ ਲਈ ਕੁਰਬਾਨ ਹੋ ਸਕਦਾ ਹੈ। ਸ਼ਹਾਦਤ ਉਹ ਵਿਅਕਤੀ ਦੇ ਸਕਦਾ ਹੈ ਜੋ
ਸਰੀਰ ਤੋਂ ਪਾਰ ਚਲਿਆ ਗਿਆ, ਜਿਸ ਲਈ ਸਰੀਰ ਦੂਜੈਲੀ ਹੋਂਦ ਹੈ। ਸ਼ਹਾਦਤ ਦੇਣ ਵਾਲਾ ਸਰੀਰ ਦੀ ਪੱਧਰ
ਉਤੇ ਨਹੀਂ ਬਲਕਿ ਆਤਮਾ ਦੀ ਪੱਧਰ ਉੱਪਰ ਜੀਊਂਦਾ ਹੈ। ਇਹੀ ਰਹੱਸ ਹੈ ਕਿ ਜੋ ਆਤਮਾ ਦੀ ਧਰਾਤਲ ਉੱਪਰ
ਵਿਚਰ ਰਿਹਾ ਹੈ, ਉਸ ਲਈ ਸਰੀਰ ਦਾ ਦੁੱਖ, ਦੁਖ ਨਹੀਂ ਹੁੰਦਾ। ਤੱਤੀਆਂ ਤਵੀਆਂ, ਉਬਲਦੀਆਂ ਦੇਗਾਂ
ਅਤੇ ਸਲੀਬਾਂ ਉੱਪਰ ਟੰਗੇ ਜਾਣ ਵਾਲੇ ਆਤਮਾ ਦੀ ਧਰਾਤਲ ਉੱਪਰ ਹੀ ਟਿਕੇ ਹੁੰਦੇ ਹਨ। ਇਹ ਉਹ ਮਹਾਨ
ਹੋਂਦਾਂ ਹਨ ਜੋ ਸਰੀਰ ਤੋਂ ਪਾਰ ਚਲੀਆਂ ਗਈਆਂ ਹਨ। ਇਨ੍ਹਾਂ ਲਈ ਕਾਲ ਦਾ ਡਰ ਭਉ ਵਿਅਰਥ ਹੈ। ਸ਼ਹਾਦਤ
ਦੇਣ ਵਾਲੇ ਵਿਅਕਤੀ ਜ਼ਿੰਦਗੀ ਦੇ ਅਰਥ ਮਰਨ ਵਿਚੋਂ ਲੱਭਦੇ ਹਨ। ਇਹ ਉਹ ਮਰਜੀਵੜੇ ਹੁੰਦੇ ਹਨ ਜੋ ਕਾਇਆ
ਤੋਂ ਪਾਰ ਆਤਮਿਕ ਧਰਾਤਲ ਉੱਪਰ ਅਕਾਲ ਵਿੱਚ ਅਭੇਦ ਹੋ ਚੁੱਕੇ ਹੁੰਦੇ ਹਨ। ਅਕਾਲ ਵਿੱਚ ਅਭੇਦ ਰਹਿਣ
ਵਾਲੇ ਵਿਅਕਤੀ ਲਈ ਮਰਨ ਜੀਊਣ ਦੇ ਅਰਥ ਪਾਰਗਾਮੀ ਹੋ ਜਾਂਦੇ ਹਨ। ਮੂਲ ਨੁਕਤਾ ਇਹ ਹੈ ਕਿ ਜੋ ਆਤਮਾ
ਦੀ ਧਰਤੀ ਉਪਰ ਜੀਊ ਰਿਹਾ ਹੈ, ਉਸ ਲਈ ਦੁਨਿਆਵੀ ਜਾਂ ਸਰੀਰਕ ਦੁੱਖ ਮਿੱਟ ਗਏ ਹੁੰਦੇ ਹਨ। ਇਹ ਉਹ
ਅਮਰ ਆਤਮਾਵਾਂ ਹੁੰਦੀਆਂ ਹਨ, ਜਿਨ੍ਹਾਂ ਦਾ ਮਨੋਬਲ ਸਥਿਰ ਤੇ ਟਿਕਿਆ ਹੁੰਦਾ ਹੈ। ਜਦੋਂ ਮਨ ਟਿਕਾਓ
ਵਿੱਚ ਹੋਵੇ, ਉਦੋਂ ਹੀ ਕੋਈ ਵਿਅਕਤੀ ਸ਼ਹਾਦਤ ਦੇ ਬਿੰਦੂ ਤੱਕ ਪਹੁੰਚਦਾ ਹੈ। ਅਸਲ ਰਹੱਸ ਹੀ ਇਹ ਹੈ
ਕਿ ਸੁਖਮਨੀ ਰਚਣ ਵਾਲਾ ਕਰਤਾਰੀ ਮਨੁੱਖ ਹੀ ਸ਼ਹਾਦਤ ਦੇ ਸਕਦਾ ਹੈ। ਸੁਖਮਨੀ ਟਿਕਾਓ ਅਤੇ ਸਥਿਰਤਾ ਦੀ
ਪ੍ਰਤੀਕ ਹੈ ਅਤੇ ਸੁਖਮਨੀ ਵਿਚੋਂ ਹੀ ਸ਼ਹਾਦਤ ਦਾ ਜਨਮ ਹੁੰਦਾ ਹੈ। ਸੁਖਮਨੀ ਸ਼ਬਦ ਦੀ ਜੀਵੰਤ ਸ਼ਕਤੀ ਹੈ
ਅਤੇ ਇਸੇ ਸ਼ਕਤੀ ਵਿਚੋਂ ਹੀ ਸ਼ਹਾਦਤ ਪ੍ਰਗਟ ਹੋਈ ਹੈ। ਸ਼ਹਾਦਤ ਵਾਲਾ ਸ਼ਹੀਦ ਮੌਤ ਨੂੰ ਵੰਗਾਰਦਾ ਹੈ। ਉਸ
ਦੇ ਸ਼ਬਦ ਚਿੰਤਨ ਰਾਹੀਂ ਆਤਮਾ ਕਾਲ ਦੇਸ਼ ਤੋਂ ਉਪਰ ਚਲੀ ਜਾਂਦੀ ਹੈ। ਸ਼ਹਾਦਤ ਦੇਣ ਵਾਲਾ ਵਿਅਕਤੀਤਵ
ਗਿਆਨ ਦੀ ਉਚੇਰੀ ਅਵਸਥਾ ਉਪਰ ਵਿਚਰ ਰਿਹਾ ਹੁੰਦਾ ਹੈ। ਗਿਆਨ ਉਸ ਨੂੰ ਕਾਇਆ/ਮੋਹ ਮਾਇਆ ਦੇ ਰਿਸ਼ਤਿਆਂ
ਤੋਂ ਉਪਰ ਲੈ ਜਾਂਦਾ ਹੈ, ਉਸ ਲਈ ਇਕੋ ਮਾਰਗ ਅਕਾਲ ਵਿੱਚ ਅਭੇਦ ਹੋਣਾ ਹੈ। ਸ਼ਹਾਦਤ ਦੇ ਕੇ ਉਹ ਅਕਾਲ
ਅਭੇਦ ਹੁੰਦਾ ਹੈ। ਇਹੀ ਰਹੱਸ ਹੈ ਕਿ ਸ਼ਹਾਦਤ ਦੇਣ ਵਾਲਾ ਮਿਟਦਾ ਨਹੀਂ, ਸਿਮਰਤੀਆਂ ਦੇ ਦੇਸ਼ ਵਿੱਚ
ਟਿਕ ਜਾਂਦਾ ਹੈ, ਦੂਜਿਆਂ ਲਈ ਆਦਰਸ਼ ਬਣ ਜਾਂਦਾ ਹੈ। ਇਹ ਤੱਥ ਬੜਾ ਸਪੱਸ਼ਟ ਹੈ ਕਿ ਗਿਆਨ ਹੀ ਦੁੱਖ
ਨੂੰ ਦਾਰੂ ਬਣਾਉਂਦਾ ਹੈ। ਬਾਣੀਕਾਰ ਅਤੇ ਉਨ੍ਹਾਂ ਦੇ ਅਨਿੰਨ ਪੈਰੋਕਾਰ ਗਿਆਨ ਦੀਆਂ ਉਚੇਰੀਆ ਸਿਖ਼ਰਾਂ
ਉੱਪਰ ਵਿਚਰਨ ਵਾਲੀਆਂ ਚੇਤੰਨ ਹੋਂਦਾਂ ਸਨ, ਸ਼ਬਦ ਦੇ ਝਰੋਖੇ ਵਿਚੋਂ ਬ੍ਰਹਮ ਤੀਕ ਪਹੁੰਚੇ ਹੋਏ
ਵਿਅਕਤੀ ਸਨ। ਇਸੇ ਚੇਤਨਾ ਵਿਚੋਂ ਹੀ ਉਹ ਸ਼ਹਾਦਤ ਦਾ ਜਾਮ ਪੀਂਦੇ ਰਹੇ ਹਨ। ਗਿਆਨ-ਵਿਹੂਣਾ ਵਿਅਕਤੀ
ਪਲ-ਪਲ ਥਿੜਕਦਾ ਹੈ, ਉਸ ਲਈ ਕਾਇਆ ਹੀ ਸੱਚ ਹੈ। ਉਹ ਸ਼ਹਾਦਤ ਦੇਣਾ ਤਾਂ ਦੂਰ ਰਿਹਾ, ਉਹ ਸ਼ਹਾਦਤ ਦੇਣ
ਵਾਲੇ ਦੀ ਕਰਨੀ ਦੇਖ ਕੇ ਕੰਬਦਾ ਹੈ। ਸੋ ਸਪੱਸ਼ਟ ਹੈ ਕਿ ਸ਼ਹਾਦਤ ਉਹ ਦਿੰਦਾ ਹੈ ਜੋ ਆਤਮਾ ਦੀ ਧਰਾਤਲ
ਉੱਪਰ ਵਿਚਰਦਾ ਹੈ, ਜੋ ਗਿਆਨਵਾਨ ਹੈ ਅਤੇ ਸ਼ਬਦਾਂ ਦੇ ਝਰੋਖੇ ਵਿੱਚ ਬ੍ਰਹਮ ਦੀ ਪ੍ਰਤੀਤੀ ਕਰਦਾ ਹੈ।
ਅਜਿਹੇ ਵਿਅਕਤੀ ਲਈ ਕਾਲ ਦਾ ਡਰ, ਡਰ ਨਹੀਂ ਹੁੰਦਾ, ਉਹ ਕਾਲ ਵਿਚੋਂ ਅਕਾਲ ਤੀਕ ਪਹੁੰਚਦਾ ਹੈ, ਮਨ
ਦੀ ਸਥਿਰਤਾ ਅਜਿਹੇ ਮਹਾਂ ਪੁਰਸ਼ਾਂ ਦੀ ਸ਼ਕਤੀ ਹੁੰਦੀ ਹੈ। ਮੌਤ ਦੇ ਰਹੱਸ ਨੂੰ ਪਛਾਣਨ ਵਾਲਾ ਹੀ
ਸ਼ਹਾਦਤ ਦੇਂਦਾ ਹੈ। ਆਤਮਾ ਦੀ ਧਰਤੀ ਉੱਪਰ ਵਿਚਰ ਕੇ ਹੀ ਸ਼ਹਾਦਤ ਦਿੱਤੀ ਜਾ ਸਕਦੀ ਹੈ। ਸ਼ਬਦ ਅਤੇ ਸਬਰ
ਦੀ ਸਿਖ਼ਰ ਵਿਚੋਂ ਹੀ ਸ਼ਹਾਦਤ ਪੈਦਾ ਹੁੰਦੀ ਹੈ। ਬਾਣੀਕਾਰਾਂ ਦੀ ਬਾਣੀ ਸ਼ਬਦ ਦਾ ਸਿਖ਼ਰ ਹੈ, ਉਨ੍ਹਾਂ
ਦੀ ਕਰਨੀ ਸਬਰ ਦੀ ਬੁਲੰਦੀ ਹੈ। ਜੋ ਸ਼ਬਦਾਂ ਦਾ ਸਿਖ਼ਰ ਸਿਰਜਦਾ ਹੈ, ਉਹ ਫਿਰ ਚੁੱਪ ਨਹੀਂ ਰਹਿੰਦਾ।
ਸ਼ਹਾਦਤ ਇਸੇ ਲਈ ਪ੍ਰਮਾਣਿਕ ਬਣਦੀ ਹੈ ਕਿਉਂਕਿ ਸ਼ਹਾਦਤ ਦੇਣ ਵਾਲਾ ਗਿਆਨਵਾਨ ਹੁੰਦਾ ਹੈ, ਉਸ ਦੀ ਸੋਚ
ਗਗਨੀ ਚਰਿੱਤਰ ਵਾਲੀ ਹੁੰਦੀ ਹੈ। ਗੁਰੂ ਅਰਜਨ ਦੇਵ ਜੀ ਅਤੇ ਗੁਰੂ ਤੇਗ ਬਹਾਦਰ ਪਹਿਲਾਂ ਬਾਣੀਕਾਰ
ਸਨ, ਰੱਬੀ ਗਿਆਨ ਅਤੇ ਸ਼ਬਦ ਚਿੰਤਨ ਦੀ ਅਗੰਮੀ ਸੂਝ ਰੱਖਣ ਵਾਲੇ ਸਨ। ਉਨ੍ਹਾਂ ਨੇ ਆਪਣੀ ਸ਼ਹਾਦਤ
ਚਿੰਤਨ ਦੇ ਝਰੋਖੇ ਵਿਚੋਂ ਦਿੱਤੀ ਹੈ ਅਤੇ ਜਿਹੜੀ ਸ਼ਹਾਦਤ ਚਿੰਤਨ ਵਿਚੋਂ ਪੈਦਾ ਹੁੰਦੀ ਹੈ, ਉਹ
ਸ਼ਹਾਦਤ ਸਰਬਕਾਲੀ ਹੋ ਜਾਂਦੀ ਹੈ। ਸ਼ਹਾਦਤ ਦੇ ਪ੍ਰਸੰਗ ਵਿੱਚ ਇਹ ਨੁਕਤਾ
ਧਿਆਨਯੋਗ ਹੈ ਕਿ ਅਸਲ ਸ਼ਹਾਦਤ ਉਹ ਹੈ ਜਦੋਂ ਸ਼ਹਾਦਤ ਦੇਣ ਵਾਲੇ ਕੋਲ ਬਚਣ ਦੇ ਪੂਰੇ ਮੌਕੇ ਵੀ ਹੋਣ ਪਰ
ਉਹ ਇਨ੍ਹਾਂ ਮੌਕਿਆਂ ਦੇ ਬਾਵਜੂਦ ਆਪਣਾ ਆਪਾ ਅਰਪਣ ਕਰ ਦੇਵੇ। ਇਹ ਅਸਲ ਸ਼ਹਾਦਤ ਕਹੀ
ਜਾਵੇਗੀ। ਮਿਸਾਲ ਵਜੋਂ ਗੁਰੂ ਅਰਜਨ, ਗੁਰੂ ਤੇਗ ਬਹਾਦਰ, ਗੁਰੂ ਗੋਬਿੰਦ ਸਿੰਘ ਅਤੇ ਛੋਟੇ
ਸ਼ਾਹਿਬਜ਼ਾਦਿਆਂ ਕੋਲ ਬਚਣ ਦੇ ਅਨੇਕ ਮੌਕੇ ਸਨ। ਇਹ ਸ਼ਹੀਦ ਜੇਕਰ ਅਣਚਾਹੀਆਂ ਸਥਿਤੀਆਂ ਨਾਲ ਸਮਝੋਤਾ ਕਰ
ਲੈਂਦੇ ਤਾਂ ਸਰਬਕਾਲੀ ਨਾ ਬਣਦੇ, ਸ਼ਹੀਦ ਦਾ ਦਰਜਾ ਪ੍ਰਾਪਤ ਨਾ ਕਰਦੇ। ਕਮਾਲ ਦਾ ਤੱਥ ਇਹ ਹੈ ਕਿ
ਗੁਰੂ ਆਪ ਪਹਿਲਾਂ ਸ਼ਾਹਦਤ ਦਾ ਮਾਡਲ ਦੇ ਰਹੇ ਹਨ ਅਤੇ ਉਨ੍ਹਾਂ ਦੇ ਅਨੁਯਾਈ ਉਨ੍ਹਾਂ ਦੀਆਂ ਪੈੜਾਂ
ਉੱਪਰ ਸ਼ਹਾਦਤ ਦਾ ਜਾਮ ਪੀਂਦੇ ਹਨ। ਭਾਈ ਦਿਆਲਾ ਉਬਲਦੀ ਦੇਗ ਵਿੱਚ ਉਬਾਲਿਆ ਗਿਆ ਜਦ ਕਿ ਅਜਿਹੀ
ਸ਼ਹਾਦਤ ਪਹਿਲਾਂ ਗੁਰੂ ਆਪ ਦੇ ਰਹੇ ਹਨ। ਧਰਤੀ ਉੱਪਰ ਅਜਿਹੀਆਂ ਮਿਸਾਲਾਂ ਵਿਰਲੀਆਂ ਹਨ ਕਿ ਆਪਣੇ ਆਪ
ਦਾ ਬੰਦ ਬੰਦ ਖ਼ੁਦ ਕਟਵਾਉਣਾ, ਦਰਅਸਲ ਗੁਰੂ ਸਾਹਿਬਾਨ ਨੇ ਆਪਣੇ ਅਨੁਯਾਈਆਂ ਅੰਦਰ ਅਜਿਹੀ ਚੇਤਨਾ
ਪੈਦਾ ਕਰ ਦਿੱਤੀ ਸੀ ਕਿ ਸ਼ਹਾਦਤ ਵਿਚੋਂ ਉਹ ਆਪਣੀ ਜ਼ਿੰਦਗੀ ਲੱਭਦੇ ਰਹੇ ਹਨ। ਜਿਸ ਧਰਮ ਦੇ ਪਹਿਲੇ
ਗੁਰੂ ਨੇ ਜ਼ਾਲਮ ਹਾਕਮ ਨੂੰ ਪਾਪ ਦੀ ਜੰਝ ਵਾਲਾ ਕਿਹਾ ਹੋਵੇ, ਜੇਲ੍ਹ ਵਿੱਚ ਚੱਕੀ ਪੀਸੀ ਹੋਵੇ, ਉਸ
ਧਰਮ ਦੀ ਪਛਾਣ ਸ਼ਹਾਦਤ ਰਾਹੀਂ ਹੀ ਹੋਣੀ ਸੀ। ਦੂਜਾ, ਬਾਣੀਕਾਰਾਂ ਨੇ ਜਦੋਂ ਆਪਣੇ ਅਨੁਯਾਈਆ ਅੰਦਰੋਂ
ਮੌਤ ਦਾ ਭਉ ਹੀ ਮੁਕਾ ਦਿੱਤਾ ਸੀ ਤਾਂ ਅਜਿਹੇ ਧਰਮ ਵਿੱਚ ਘਰ ਘਰ ਸ਼ਹੀਦ ਪੈਦਾ ਹੋਣਾ ਸਭਾਵਕ ਹੀ ਸੀ।
ਪ੍ਰੋ. ਪੂਰਨ ਸਿੰਘ ਜਦੋਂ ਪੰਜਾਬ ਦੇ ਜਵਾਨਾਂ ਬਾਰੇ ਇਹ ਕਹਿੰਦਾ ਹੈ ਕਿ ਜਵਾਨ ਪੰਜਾਬ ਦੇ, ਮੌਤ ਨੂੰ
ਮਖੌਲਾਂ ਕਰਨ ਤਾਂ ਇਸ ਦਾ ਅਰਥ ਹੀ ਇਹ ਹੈ ਕਿ ਗੁਰੂਆਂ ਨੇ ਇਸ ਧਰਤੀ ਦੀ ਮਿੱਟੀ ਵਿੱਚ ਅਜਿਹਾ ਬੀਜ
ਬੀਜਿਆ ਕਿ ਸ਼ਹਾਦਤ ਹੀ ਇਨ੍ਹਾਂ ਦੀ ਪਛਾਣ ਬਣ ਗਈ। ਇਹ ਉਹੀ ਧਰਤੀ, ਉਹੀ ਲੋਕ ਸਨ ਜੋ ਹਮਲਾਵਰਾਂ ਅੱਗੇ
ਗੋਡੇ ਟੇਕਦੇ ਸਨ, ਡਰ ਭਉ ਵਿੱਚ ਥਰ ਥਰ ਕੰਬਦੇ ਸਨ। ਗੁਰੂ ਸਾਹਿਬਾਨ ਨੇ ਇਸ ਧਰਤੀ ਦੇ ਲੋਕਾਂ ਅੰਦਰ
ਅਜਿਹੀ ਚੇਤਨਾ ਲਗਾਈ ਕਿ ਉਹ ਹੱਸ ਹੱਸ ਜਾਨਾਂ ਵਾਰ ਗਏ ਪਰ ਸਿਰੜ ਨਹੀਂ ਹਾਰਿਆ। ਇਹ ਉਹ ਲੋਕ ਸਨ,
ਜਿਨ੍ਹਾਂ ਨੂੰ ਗੁਰੂ ਨੇ ਇਹ ਸਮਝਾਇਆ ਕਿ “ਪਹਿਲਾਂ ਮਰਨ ਕਬੂਲ ਕਰ, ਜੀਵਨ
ਕੀ ਛਡਿ ਆਸ।।” ਇਸ ਚੇਤਨਾ ਵਿਚੋਂ ਇੱਕ ਨਵੇਂ ਮਨੁੱਖ ਦਾ ਜਨਮ ਹੋਇਆ ਜਿਸ ਨੇ ਸ਼ਹਾਦਤ ਨੂੰ
ਆਪਣੀ ਹੋਣੀ ਬਣਾਇਆ ਅਤੇ ਮੌਤ ਦੇ ਝਰੋਖੇ ਵਿਚੋਂ ਜ਼ਿੰਦਗੀ ਦੇ ਦੀਦਾਰ ਕੀਤੇ। ਗੁਰੂ ਨਾਨਕ ਦੇ ਇਹ ਬੋਲ
“ਜਉ ਤਉ ਪ੍ਰੇਮ ਖੇਲਣੁ ਕਾ ਚਾਉ।। ਸਿਰੁ ਧਰਿ ਤਲੀ ਗਲੀ ਮੋਰੀ ਆਉ।।”
ਹੀ ਮਾਰਗ ਦਰਸ਼ਕ ਸਨ, ਜਿਨ੍ਹਾਂ ਉੱਪਰ ਤੁਰਦਿਆਂ ਸ਼ਹਾਦਤ ਦੀ ਜਾਗ ਲੱਗੀ। ਸ਼ਹਾਦਤ ਦਾ ਬੀਜ ਉਦੋਂ ਹੀ
ਬੀਜਿਆ ਗਿਆ ਸੀ ਜਦੋਂ ਗੁਰੂ ਨੇ ‘ਬਾਬਰ’ ਨੂੰ ਵੰਗਾਰਿਆ ਸੀ। ਇਹ ਵੰਗਾਰ ਹੀ ਪਹਿਲੀ ਪੌੜੀ ਸੀ ਜੋ
ਸ਼ਹਾਦਤ ਦਾ ਆਧਾਰ ਬਣੀ ਸੀ। ਗੁਰੂ ਅਰਜਨ ਲਈ ਬੜਾ ਸਹਿਜ ਸੀ ਕਿ ਉਹ ਇੱਕ ਬੋਲ ਰਾਹੀਂ ਕਹਿਰ ਤੋਂ ਬਚ
ਸਕਦੇ ਸਨ। ਜੇ ਉਹ ਅਜਿਹਾ ਕਰਦੇ ਤਾਂ ਸ਼ਹਾਦਤ ਦੇ ਸਿਖ਼ਰ ਜਾਂ ਸ਼ਹੀਦਾਂ ਦੇ ਸਿਰਤਾਜ ਨਾ ਬਣਦੇ। ਅਸਲ
ਵਿੱਚ ਗੁਰੂ ਇੱਕ ਨਵੀਂ ਕੌਮ ਅਤੇ ਨਵੇਂ ਮਨੁੱਖ ਦੀ ਸਾਜਨਾ ਕਰ ਰਹੇ ਸਨ। ਇਹ ਸਾਜਨਾ ਤਾਂ ਹੀ ਹੋਣੀ
ਸੀ ਜੇ ਪਹਿਲਾਂ ਗੁਰੂ ਆਪ ਸ਼ਹਾਦਤ ਦਿੰਦੇ। ਅਜਿਹਾ ਬਾਣੀਕਾਰਾਂ ਨੇ ਕਰਕੇ ਵਿਖਾਇਆ। ਖ਼ਾਲਸਾ ਜੋ ਸ਼ਹਾਦਤ
ਦਾ ਪ੍ਰਤੀਕ ਹੈ, ਉਸ ਨੂੰ ਗੁਰੂ ਨੇ ਪਹਿਲਾ ਸਬਕ ਹੀ ਸੀਸ ਦੇਣ ਦਾ ਪੜ੍ਹਾਇਆ ਸੀ। ਸ਼ਹਾਦਤ ਵਿਚੋਂ ਹੀ
ਖ਼ਾਲਸੇ ਦਾ ਜਨਮ ਹੋਇਆ ਸੀ। ਗੁਰੂ ਦਾ ਸੀਸ ਹੀ ਸੰਕੇਤ ਸੀ ਕਿ ਖ਼ਾਲਸਾ ਬਣਨ ਲਈ ਸ਼ਹਾਦਤ ਦੇਣੀ ਪੈਣੀ
ਹੈ। ਸ਼ਹਾਦਤ ਸਰੀਰ ਦੀ ਵੀ ਹੈ ਕਾਮਨਾਵਾਂ ਦੀ ਵੀ। ਖ਼ਾਲਸੇ ਦੀ ਪਛਾਣ ਹੀ ਇਹ ਹੈ ਕਿ ਉਹ ਸ਼ੁਭ ਕਰਮਨ ਲਈ
ਲੜਦਾ ਹੈ। ਉਹ ਨਿਸ਼ਚੈ ਨਾਲ ਜਿੱਤ ਪ੍ਰਾਪਤ ਕਰਦਾ ਹੈ ਅਤੇ ਜੇ ਸ਼ੁਭ ਕਰਮ ਕਰਦਿਆਂ ਸ਼ਹਾਦਤ ਦੇਣੀ ਪਵੇ
ਤਾਂ ਗੁਰੂ ਕਾ ਖ਼ਾਲਸਾ ਇੱਕ ਪਲ ਵਿੱਚ ਆਪਾ ਵਾਰ ਦਿੰਦਾ ਹੈ। ਇਹੀ ਸ਼ਹਾਦਤ ਸਿੱਖ ਧਰਮ, ਬਾਣੀਕਾਰਾ ਅਤੇ
ਅਨੁਯਾਈਆਂ ਦੀ ਪਛਾਣ ਹੈ।
ਸਿੱਖ ਇਤਿਹਾਸ ਵੱਲ ਝਾਤੀ ਪਾਈਏ ਤਾਂ ਰਹੱਸ ਦੀ ਪ੍ਰਤੀਤੀ ਹੁੰਦੀ ਹੈ ਕਿ ਜੋ ਕੌਮ ਸ਼ਸਤਰ ਅਤੇ ਸ਼ਾਸਤਰ
ਦੇ ਸੁਮੇਲ ਵਿਚੋਂ ਉਭਰੀ ਹੈ, ਉਸ ਕੌਮ ਦੀ ਸ਼ਨਾਖ਼ਤ ਹੀ ਸ਼ਹਾਦਤ ਵਿਚੋਂ ਹੋਣੀ ਸੀ। ਗੁਰੂ ਅਰਜਨ ਤਸ਼ਦੱਦ
ਸਹਿ ਰਹੇ ਸਨ ਤਾਂ ਸਾਈਂ ਮੀਆਂ ਮੀਰ ਬੋਲ ਉੱਠਿਆ ਸੀ ਕਿ ਜੇ ਕਹੋ ਤਾਂ ਸਭ ਫ਼ਨਾ ਕਰ ਸਕਦਾ ਹਾਂ ਅੱਗੋਂ
ਗੁਰੂ ਦਾ ਬੋਲ ਸੀ ਕਿ ਫਿਰ ਪ੍ਰੀਖਿਆ ਵਿੱਚ ਹਾਰ ਜਾਵਾਂਗਾ। ਪੰਚਮ ਗੁਰੂ ਨੇ ਸ਼ਹਾਦਤ ਦੇ ਕੇ ਸ਼ਹੀਦਾਂ
ਦੇ ਸਿਰਤਾਜ ਹੋਣ ਦਾ ਮਾਣ ਪ੍ਰਾਪਤ ਕੀਤਾ ਸੀ। ਸੁਖਮਨੀ ਗੁਰੂ ਦੇ ਸਬਰ ਦੀ ਸ਼ਕਤੀ ਸੀ। ਜੇ ਬਾਣੀ ਅੰਦਰ
ਇਹ ਸ਼ਕਤੀ ਨਾ ਹੁੰਦੀ ਤਾਂ ਸ਼ਹਾਦਤ ਦਾ ਰੂਪ ਕੋਈ ਹੋਰ ਹੋ ਜਾਣਾ ਸੀ। ਗੁਰੂ ਅਰਜਨ ਨੇ ਸ਼ਹਾਦਤ ਦਾ ਬੀਜ
ਅਜਿਹਾ ਬੀਜਿਆ ਕਿ ਇਸ ਕੌਮ ਦਾ ਇਤਿਹਾਸ ਹੀ ਸ਼ਹਾਦਤਾਂ ਦਾ ਬਿੰਬ ਬਣ ਗਿਆ। ਸਿੱਖੀ ਸ਼ਾਹਦਤ ਦੀ ਪ੍ਰਤੀਕ
ਹੋ ਨਿੱਬੜੀ। ਇਹ ਤੱਥ ਬੜਾ ਪ੍ਰਮਾਣਿਕ ਹੈ ਕਿ ਸਿੱਖ ਧਰਮ ਸੰਤ ਅਤੇ ਸੂਰਮੇ ਦਾ ਸੁਮੇਲ ਹੈ। ਸੰਤ
ਪਹਿਲਾਂ ਚਿੰਤਨ ਰਾਹੀਂ ਇੰਦਰਿਆਵੀ ਵਿਕਾਰਾਂ ਨੂੰ ਮਾਰਦਾ ਹੈ ਅਤੇ ਸੂਰਮੇ ਦੇ ਰੂਪ ਵਿੱਚ ਉਹ ਸਰੀਰ
ਦੀ ਸ਼ਹਾਦਤ ਦਿੰਦੇ ਹਨ। ਇਸ ਨੂੰ ਹੀ ਸ਼ਬਦ ਤੋਂ ਸ਼ਹਾਦਤ ਤੱਕ ਦੀ ਯਾਤਰਾ ਕਿਹਾ ਗਿਆ ਹੈ। ਸ਼ਬਦ ਦੇ
ਝਰੋਖੇ ਵਿਚੋਂ ਆਤਮਿਕ ਸ਼ਕਤੀ ਜਾਗਦੀ ਹੈ ਅਤੇ ਜਾਗੀ ਹੋਈ ਆਤਮਾ ਹੀ ਸ਼ਹਾਦਤ ਦਾ ਜਾਮ ਪੀਂਦੀ ਹੈ। ਗੁਰੂ
ਅਰਜਨ ਦੇਵ ਜੀ ਦਾ ਸਬਰ ਸੰਤੋਖ ਸ਼ਬਦਾਂ ਦੀ ਸੁਰ ਵਿਚੋਂ ਪੈਦਾ ਹੋਇਆ ਸੀ। ਇਸੇ ਸਬਰ ਵਿਚੋਂ ਹੀ ਏਡੀ
ਵੱਡੀ ਸ਼ਹਾਦਤ ਸਾਕਾਰ ਹੋਈ ਹੈ। ਸ਼ਬਦ ਚਿੰਤਨ ਰਾਹੀਂ ਚੇਤਨਾ ਜਾਗਦੀ ਹੈ ਅਤੇ ਇਹੀ ਚੇਤਨਾ ਸ਼ਹਾਦਤ ਦੀ
ਧਰਾਤਲ ਬਣਦੀ ਹੈ। ਗੁਰੂ ਅਰਜਨ ਦੇਵ ਸ਼ਬਦ ਚਿੰਤਨ ਅਤੇ ਸ਼ਹਾਦਤ ਦੋਹਾਂ ਦੇ ਪ੍ਰਤੀਕ ਬਣੇ ਹਨ। ਇਸੇ
ਵਿਚੋਂ ਹੀ ਉਹ ਸਰਬਕਾਲ ਬਣੇ ਹਨ।