ੴਸਤਿਗੁਰਪ੍ਰਸਾਦਿ॥
ਪਾਪ ਕੀ ਜੰਝ
ਸ੍ਰ. ਬਲਦੇਵ ਸਿੰਘ ਬੜੇ
ਕਾਹਲੇ-ਕਾਹਲੇ ਕਦਮਾਂ ਨਾਲ ਅੰਦਰ ਵੜੇ, ਅੰਦਰੋਂ ਦਰਵਾਜ਼ਾ ਚੰਗੀ ਤਰ੍ਹਾਂ ਬੰਦ ਕੀਤਾ, ਸਾਰੀਆਂ
ਕੁੰਡੀਆਂ ਚੜ੍ਹਾ ਦਿੱਤੀਆਂ। ਘਬਰਾਹਟ ਉਨ੍ਹਾਂ ਦੇ ਚਿਹਰੇ ‘ਤੋਂ ਸਾਫ਼ ਝਲਕ ਰਹੀ ਸੀ। ਬੈਠਕ ਵਿੱਚ
ਪੁੱਜੇ ਤਾਂ ਸਰਦਾਰਨੀ ਗੁਰਮੀਤ ਕੌਰ ਅਤੇ ਬੇਟੀ ਬੱਬਲ ਵੀ ਉਥੇ ਹੀ ਇਕੱਠੀਆਂ ਬੈਠੀਆਂ ਸਨ। ਸਰਦਾਰ
ਸਾਹਿਬ ਨੂੰ ਵੇਖਦਿਆਂ ਹੀ ਬੀਬੀ ਗੁਰਮੀਤ ਕੌਰ ਉਠ ਕੇ ਖੜੋਂਦੇ ਹੋਏ ਬੋਲੀ, “ਸ਼ੁਕਰ ਹੈ ਵਾਹਿਗੁਰੂ ਦਾ
ਸੁਖੀ-ਸਾਂਦੀਂ ਪਰਤੇ ਹੋ, ਮੇਰਾ ਤਾਂ ਸਾਹ ਸੁੱਕਿਆ ਪਿਆ ਸੀ।”
“ਮੀਤਾ! ਤੈਨੂੰ ਤਾਂ ਆਖਿਆ ਸੀ, ਮੇਰੇ ਵਾਸਤੇ ਚਿੰਤਾ ਕਰਨ ਦੀ ਕੋਈ ਲੋੜ ਨਹੀਂ। ਚੌਧਰੀ ਸਾਬ ਆਪ ਨਾਲ
ਲੈ ਕੇ ਗਏ ਸਨ, ਮੌਲਵੀ ਸਾਹਿਬ ਅਤੇ ਫ਼ਾਦਰ ਵਿਲਿਅਮ ਵੀ ਨਾਲ ਸਨ। ਵੇਖੋ! ਜੇ ਸਾਡੀ ਇਸ ਅਪੀਲ ਨਾਲ ਹੀ
ਸ਼ਹਿਰ ਵਿੱਚ ਕੋਈ ਅਮਨ-ਅਮਾਨ ਪਰਤ ਆਵੇ? ਵੈਸੇ ਹੈਰਾਨਗੀ ਦੀ ਗੱਲ ਹੈ ਕਿ ਤਿੰਨ ਦਿਨ ਹੋ ਗਏ ਨੇ,
ਸਿੱਖਾਂ ਦੀ ਇਤਨੀ ਕਤਲੋ-ਗਾਰਤ ਹੋ ਰਹੀ ਹੈ, ਪ੍ਰਸ਼ਾਸਨ ਜਿਵੇਂ ਜਾਣ ਕੇ ਸੁੱਤਾ ਪਿਐ, ਪੁਲਿਸ ਤਾਂ ਆਪ
ਲੁਟੇਰਿਆਂ `ਤੇ ਕਾਤਲਾਂ ਨਾਲ ਰਲੀ ਹੋਈ ਹੈ ਪਰ ਇਨ੍ਹਾਂ ਅਜੇ ਤੱਕ ਫੌਜ ਵੀ ਨਹੀਂ ਬੁਲਾਈ। ਸਾਡੇ ਤਾਂ
ਨਿਹੱਥੇ ਬੇਕਸੂਰ ਸੰਗਤਾਂ ਦੀ ਕਤਲੋ-ਗਾਰਤ ਲਈ ਗੁਰਧਾਮਾਂ ਤੇ ਫੌਜ ਚੜ੍ਹਾਉਣ ਤੋਂ ਪਹਿਲੇ ਜ਼ਰਾ ਨਹੀਂ
ਸੀ ਸੋਚਿਆ, ਪਰ ਹੁਣ ਜਿਸ ਵੇਲੇ ਸਾਰੇ ਦੇਸ਼ ਵਿੱਚ ਵਹਿਸ਼ਤ ਦਾ ਨੰਗਾ ਨਾਚ ਹੋ ਰਿਹੈ, ਬੇਕਸੂਰ ਸਿੱਖਾਂ
ਨੂੰ ਚੁਣ ਚੁਣ ਕੇ ਕੋਹ ਕੋਹ ਕੇ ਮਾਰਿਆ ਜਾ ਰਿਹੈ ਤਾਂ ਫੌਜ ਪਤਾ ਨਹੀਂ ਕਿਥੇ ਲੁਕੀ ਪਈ ਹੈ। ਮੈਂ
ਤਾਂ ਹੁਣ ਵੀ ਪੂਰੇ ਜ਼ੋਰ ਨਾਲ ਕਹਿ ਕੇ ਆਇਆਂ ਕਿ ਛੇਤੀ ਤੋਂ ਛੇਤੀ ਫੌਜ ਬੁਲਾਈ ਜਾਣੀ ਚਾਹੀਦੀ ਹੈ।”
ਠੰਡਾ ਹਉਕਾ ਲੈਕੇ, ਕਹਿੰਦੇ ਹੋਏ ਸਰਦਾਰ ਬਲਦੇਵ ਸਿੰਘ ਕੁਰਸੀ ਤੇ ਬੈਠ ਗਏ।
ਸਰਦਾਰ ਬਲਦੇਵ ਸਿੰਘ ਦਾ ਵਿਆਹ ਹੋਇਆਂ 23 ਵਰੇ ਹੋ ਗਏ ਸਨ। ਪਤਨੀ ਗੁਰਮੀਤ ਕੌਰ ਨੂੰ ਪੇਕੇ ਘਰ
‘ਮੀਤਾ’ ਕਿਹਾ ਜਾਂਦਾ ਸੀ, ਉਹੀ ਨਾਂ ਸਹੁਰੇ ਘਰ ਚਲ ਪਿਆ ਪਰ ਸ੍ਰ. ਬਲਦੇਵ ਸਿੰਘ ਵਾਸਤੇ ਇਹ ਕੇਵਲ
ਨਾਂ ਨਹੀਂ ਸੀ, ਵਿਆਹ ਵਾਲੇ ਦਿਨ ਤੋਂ ਹੀ ਉਸ ਨੇ ਗੁਰਮੀਤ ਨੂੰ ਸੱਚਮੁੱਚ ਆਪਣੇ ਜੀਵਨ ਦਾ ਮੀਤ ਬਣਾ
ਲਿਆ ਸੀ। ਗੁਰਮੀਤ ਕੌਰ ਦੀ ਤਾਂ ਜਾਨ ਹੀ ਜਿਵੇਂ ਬਲਦੇਵ ਸਿੰਘ ਵਿੱਚ ਸੀ। ਪਤੀ ਦੀ ਸ਼ਕਲ ਵੇਖ-ਵੇਖ
ਜਿਉਂਦੀ, ਉਸ ਦੇ ਹਰ ਸ਼ਬਦ ਤੋਂ ਬਲਿਹਾਰ ਜਾਂਦੀ। ਜਾਪਦਾ ਸੀ ਅਨੰਦ ਕਾਰਜ ਸਮੇਂ ਗਿਆਨੀ ਜੀ ਦਾ ਦਿੱਤਾ
ਹੋਇਆ ਉਪਦੇਸ਼, ‘ਏਕ ਜੋਤਿ ਦੁਇ ਮੂਰਤੀ ਧਨ ਪਿਰ ਕਹੀਐ ਸੋਇ॥’
ਇਨ੍ਹਾਂ ਅਮਲੀ ਰੂਪ ਵਿੱਚ ਜੀਵਨ ਵਿੱਚ ਅਪਨਾਇਆ ਸੀ। ਉਂਜ, ਸਤਿਗੁਰੂ ਨੇ ਜੋੜੀ ਵੀ ਕਮਾਲ ਦੀ ਬਣਾਈ
ਸੀ, ਜੇ ਸ੍ਰ. ਬਲਦੇਵ ਸਿੰਘ ਕਣਕ ਵਿਨ੍ਹੇਂ ਰੰਗ ਦਾ ਸੋਹਣਾ ਸੁਣੱਖਾ ਗਭਰੂ ਜੁਆਨ ਸੀ ਤਾਂ ਗੁਰਮੀਤ
ਕੌਰ ਵੀ ਖੂਬਸੂਰਤੀ ਦਾ ਮੁਜੱਸਮਾ ਸੀ, ਦੁਨਿਆਵੀ ਭਾਸ਼ਾ ਵਿੱਚ ਕਹੀਏ ਤਾਂ, ਅਕਾਲ-ਪੁਰਖ ਨੇ ਉਸ ਨੂੰ
ਆਪਣੇ ਹੱਥਾਂ ਨਾਲ ਬਣਾਇਆ ਸੀ। ਵਕਤ ਤਾਂ ਆਪਣਾ ਪ੍ਰਭਾਵ ਹਰ ਸ਼ੈ `ਤੇ ਪਾਉਂਦਾ ਹੈ, ਬੇਸ਼ਕ ਉਹ ਪ੍ਰਭਾਵ
ਗੁਰਮੀਤ ਦੇ ਚੇਹਰੇ ਤੇ ਵੀ ਨਜ਼ਰ ਆਉਂਦਾ ਸੀ ਪਰ ਲਗਦਾ ਹੈ ਗੁਰਮੀਤ ਕੋਲ ਆਉਣ ਵੇਲੇ ਵਕਤ ਆਪਣੀ ਰਫ਼ਤਾਰ
ਘੱਟ ਕਰ ਲੈਂਦਾ ਸੀ। 45ਵਿਆਂ ਦੇ ਨੇੜੇ ਢੁੱਕੀ ਗੁਰਮੀਤ ਅੱਜ ਵੀ 35-36 ਵਰ੍ਹਿਆਂ ਦੀ ਲਗਦੀ। ਸੁਭਾਅ
ਪੱਖੋਂ ਵਿਆਹ ਤੋਂ ਪਹਿਲਾਂ ਵਾਲੀ ਮੀਤਾ ਅਤੇ ਹੁਣ ਵਾਲੀ ਗੁਰਮੀਤ ਕੌਰ ਵਿੱਚ ਬਹੁਤ ਵੱਡਾ ਫਰਕ ਪੈ
ਗਿਆ ਸੀ। ਵਿਆਹ ਤੋਂ ਪਹਿਲਾਂ ਚੰਚਲ ਸੁਭਾ ਵਾਲੀ, ਹਾਰ ਸ਼ਿੰਗਾਰ ਅਤੇ ਫੈਸ਼ਨ ਦੀ ਸ਼ੌਕੀਨ ਮੀਤਾ ਹੁਣ
ਇੱਕ ਸਹਿਜ ਸੁਭਾ ਵਾਲੀ ਜ਼ਿੰਮੇਂਵਾਰ ਪਤਨੀ ਅਤੇ ਸੁਲਝੀ ਹੋਈ ਮਾਂ ਬਣ ਚੁੱਕੀ ਸੀ। ਖੈਰ! ਵਕਤ ਨਾਲ ਹਰ
ਇਨਸਾਨ ਜ਼ਿੰਮੇਂਵਾਰ ਹੋ ਜਾਂਦਾ ਹੈ ਪਰ ਗੁਰਮੀਤ ਕੌਰ ਦੇ ਜੀਵਨ ਵਿੱਚ ਜੋ ਸਾਦਗੀ ਅਤੇ ਠਹਿਰਾਅ ਆਇਆ,
ਉਹ ਵਧੇਰੇ ਸ੍ਰ. ਬਲਦੇਵ ਸਿੰਘ ਦੀ ਸੰਗਤ ਦਾ ਪ੍ਰਭਾਵ ਹੀ ਜਾਪਦਾ ਸੀ, ਨਾ ਕੋਈ ਗਹਿਣੇ-ਲੱਤੇ, ਨਾ
ਫੈਸ਼ਨ-ਪ੍ਰਸਤ ਭੜਕੀਲਾ ਲਿਬਾਸ, ਹੋਰ ਤਾਂ ਹੋਰ ਕੋਈ ਲਿਪਸਟਿੱਕ ਪਾਉਡਰ ਵੀ ਨਹੀਂ। ਪਤਾ ਨਹੀਂ ਕਾਲਜ
ਸਮੇਂ ਦੇ ਇਹ ਸਾਰੇ ਸ਼ੌਂਕ ਹੌਲੇ-ਹੌਲੇ ਕਿੱਥੇ ਅਤੇ ਕਿਵੇਂ ਗੁਆਚ ਗਏ? ਐਸਾ ਨਹੀਂ ਕਿ ਸ੍ਰ. ਬਲਦੇਵ
ਸਿੰਘ ਨੇ ਕੋਈ ਪਾਬੰਦੀਆਂ ਲਾਈਆਂ ਸਨ, ਉਸ ਨਾ ਤਾਂ ਕਦੇ ਕਿਸੇ ਗੱਲੋਂ ਰੋਕਿਆ, ਨਾ ਟੋਕਿਆ। ਗੁਰਮੀਤ
ਕੌਰ ਨੇ ਜੋ ਮੰਗਿਆ ਆਪਣੇ ਵਿੱਤੋਂ ਬਾਹਰ ਜਾ ਕੇ ਵੀ ਲਿਆਉਣ ਦੀ ਕੋਸ਼ਿਸ਼ ਕੀਤੀ। ਬਲਦੇਵ ਸਿੰਘ ਨੂੰ
ਧਾਰਮਿਕ ਪ੍ਰਵਿਰਤੀ ਅਤੇ ਸਿੱਖੀ ਨਾਲ ਪਿਆਰ ਮਾਤਾ-ਪਿਤਾ ਪਾਸੋਂ ਗੁੜ੍ਹਤੀ ਵਿੱਚ ਮਿਲਿਆ ਸੀ ਪਰ
ਜਵਾਨੀ ਵਿੱਚ ਆਕੇ ਜਿਵੇਂ ਜਿਵੇਂ ਗੁਰਬਾਣੀ ਪੜ੍ਹਨ, ਵਿਚਾਰਨ ਅਤੇ ਗੁਰਮਤਿ ਸਾਹਿਤ ਪੜ੍ਹਨ ਦਾ ਸ਼ੌਕ
ਵਧਦਾ ਗਿਆ, ਬਲਦੇਵ ਸਿੰਘ ਦੇ ਆਚਾਰ ਵਿਹਾਰ ਵਿੱਚ ਵੀ ਵੱਡਾ ਨਿਖਾਰ ਆਉਂਦਾ ਗਿਆ। ਵਿਆਹ ਤੋਂ ਬਾਅਦ
ਇਹ ਰੰਗ ਗੁਰਮੀਤ ਤੇ ਵੀ ਚੜ੍ਹਦਾ ਗਿਆ ਅਤੇ ਉਸ ਦੇ ਜੀਵਨ ਵਿੱਚ ਕਮਾਲ ਦਾ ਸਹਿਜ ਆਉਂਦਾ ਗਿਆ। ਜਿਵੇਂ
ਜਿਵੇਂ ਮਨ ਗੁਰਬਾਣੀ ਦੇ ਗੁਣਾ ਰੂਪੀ ਸ਼ਿੰਗਾਰ ਨਾਲ ਸ਼ਿਗਾਰਿਆ ਗਿਆ, ਬਾਹਰਲੇ ਸ਼ਿੰਗਾਰ ਅਰਥਹੀਣ ਅਤੇ
ਫਿਕੇ ਜਾਪਣ ਲੱਗ ਪਏ। ਅੱਜ ਦੋਹਾਂ ਨੂੰ ਇੱਕ ਆਦਰਸ਼ ਵਿਆਹੁਤਾ ਜੋੜੀ ਕਿਹਾ ਜਾ ਸਕਦਾ ਸੀ।
ਬਲਦੇਵ ਸਿੰਘ ਦੀ ਗਿਆਰਾਂ ਸਾਲ ਦੀ ਉਮਰ ਸੀ ਜਦੋਂ ਭਾਰਤ ਅਜ਼ਾਦ ਹੋਇਆ ਅਤੇ ਨਾਲ ਹੀ ਦੇਸ਼ ਦੀ ਮੰਦਭਾਗੀ
ਵੰਡ ਹੋ ਗਈ। ਇੱਕ ਦਿਨ ਵਿੱਚ ਲੱਖਾਂ ਵਾਲੇ ਕੱਖਾਂ ਦੇ ਹੋ ਗਏ। ਸਰਗੋਧੇ ਵਿੱਚ ਭਰਿਆ ਘਰ-ਬਾਰ ਅਤੇ
ਕਾਰੋਬਾਰ ਛੱਡ ਕੇ, ਸਾਰਾ ਪਰਿਵਾਰ ਕਾਫਲੇ ਨਾਲ ਅੰਮ੍ਰਿਤਸਰ ਪੁੱਜ ਗਿਆ। ਜਿਨ੍ਹਾਂ ਦੇ ਦਰ ਤੋਂ ਕਈਆਂ
ਨੂੰ ਰੋਟੀ ਨਸੀਬ ਹੁੰਦੀ ਸੀ, ਆਪ ਮੰਗ ਕੇ ਖਾਣ ਦੀ ਨੌਬਤ ਆ ਗਈ। ਪਰ ਬਲਦੇਵ ਸਿੰਘ ਦੇ ਪਿਤਾ ਸ੍ਰ.
ਅਮੋਲਕ ਸਿੰਘ ਬੜੇ ਉਦੱਮੀ ਅਤੇ ਅਣਖੀਲੇ ਵਿਅਕਤੀ ਸਨ। ਇੱਕ ਦਿਨ ਵੀ ਕਿਸੇ ਅੱਗੇ ਹੱਥ ਨਹੀਂ ਫੈਲਾਇਆ।
ਸਾਰਾ ਦਿਨ ਮਿਹਨਤ ਮਜ਼ਦੂਰੀ ਕਰਦੇ। ਦੁੱਧ ਦਾ ਪ੍ਰਬੰਧ ਨਾ ਵੀ ਹੋਵੇ, ਸ਼ਾਮ ਤੱਕ ਟੁੱਕੜ ਦਾ ਪ੍ਰਬੰਧ
ਸਾਰੇ ਪਰਿਵਾਰ ਲਈ ਕਰ ਕੇ ਮੁੜਦੇ। ਪਤੀ ਨੂੰ ਇੰਝ ਮਿਹਨਤ ਮਜ਼ਦੂਰੀ ਕਰਦੇ ਵੇਖ ਜੇ ਪਤਨੀ ਹਰਨਾਮ ਕੌਰ
ਕਦੇ ਆਪਣੇ ਨਸੀਬ ਤੇ ਝੂਰਦੀ ਤਾਂ ਅਮੋਲਕ ਸਿੰਘ ਹੌਂਸਲਾ ਦੇਂਦੇ ਸਮਝਾਉਂਦੇ, “ਨਾਮੀ! ਵਾਹਿਗੁਰੂ ਦਾ
ਸ਼ੁਕਰ ਕਰ, ਸਾਰੇ ਜੀਅ ਸਹੀ ਸਲਾਮਤ ਇਥੇ ਪੁੱਜ ਗਏ ਹਾਂ। ਉਨ੍ਹਾਂ ਦਾ ਸੋਚ, ਜਿਹੜੇ ਪਰਿਵਾਰਾਂ ਦੇ
ਪਰਿਵਾਰ ਇਸ ਜ਼ੁਲਮ ਦੀ ਭੇਟ ਚੱੜ੍ਹ ਗਏ ਨੇ, ਜਿਹੜੇ ਨਿੱਕੇ ਨਿੱਕੇ ਬਾਲ ਅਨਾਥ ਹੋ ਗਏ ਨੇ। ਜਿਹੜਾ
ਉਥੇ ਰਹਿ ਗਿਐ, ਉਹ ਤਾਂ ਐਵੇਂ ਹੱਥਾਂ ਦੀ ਮੈਲ ਸੀ” ਬੱਚਿਆਂ ਵੱਲ ਇਸ਼ਾਰਾ ਕਰਦੇ ਕਹਿੰਦੇ, “ਇਹ ਹੀਰੇ
ਜਵਾਹਾਰਾਤ ਤਾਂ ਮਹਿਫ਼ੂਜ਼ ਨੇ, ਨਾਲੇ ਅਜ਼ਾਦੀ ਕੋਈ ਸਸਤੀ ਚੀਜ਼ ਨਹੀਂ, ਉਸ ਵਾਸਤੇ ਵੱਡੀਆਂ ਕੀਮਤਾਂ
ਤਾਰਨੀਆਂ ਪੈਂਦੀਆਂ ਨੇ।” ਸਾਰਾ ਘਰ-ਬਾਰ ਬਰਬਾਦ ਹੋ ਜਾਣ ਦੇ ਬਾਵਜੂਦ ਵੀ ਸ੍ਰ. ਅਮੋਲਕ ਸਿੰਘ ਨੂੰ
ਦੇਸ਼ ਦੇ ਅਜ਼ਾਦ ਹੋ ਜਾਣ ਦਾ ਇੱਕ ਖੁਮਾਰ ਸੀ। ਜੁਆਬ ਵਿੱਚ ਬੀਬੀ ਹਰਨਾਮ ਕੌਰ ਠੰਡਾ ਹਉਕਾ ਭਰ ਕੇ
ਕੇਵਲ ਐਸੇ ਕੁੱਝ ਬਚਨ ਬੋਲ ਦੇਂਦੀ, “ਸ਼ੁਕਰ ਹੈ ਵਾਹਿਗੁਰੂ ਦਾ ਜਿਵੇਂ ਰੱਖੇ।” ਮਿਹਨਤ ਮਜ਼ਦੂਰੀ ਵਿੱਚ
ਬੀਬੀ ਹਰਨਾਮ ਕੌਰ ਵੀ ਪਿੱਛੇ ਨਾ ਰਹਿੰਦੀ, ਜਿਵੇਂ-ਕਿਵੇਂ ਕੋਈ ਨਾ ਕੋਈ ਕੰਮ ਲੱਭ ਲੈਂਦੀ ਅਤੇ ਪੂਰੀ
ਤਰ੍ਹਾਂ ਉਜੱੜ ਚੁੱਕੇ ਘਰ ਨੂੰ ਮੁੜ ਵਸਾਉਣ ਲਈ ਕੱਖ-ਕੱਖ ਜੋੜਨ ਦੀ ਕੋਸ਼ਿਸ਼ ਵਿੱਚ ਆਪਣੇ ਪਤੀ ਦਾ
ਪੂਰਾ ਸਾਥ ਦੇਂਦੀ। ਇਸ ਹਾਲਤ ਵਿੱਚ ਛੋਟੀਆਂ ਭੈਣਾਂ ਪੰਮੀ ਤੇ ਗੁੱਡੀ ਦੀ ਸੰਭਾਲ ਦੀ ਸਾਰੇ
ਜਿਮੇਂਵਾਰੀ ਬਲਦੇਵ, ਜਿਸ ਨੂੰ ਘਰ ਵਿੱਚ ਸਾਰੇ ਪਿਆਰ ਨਾਲ ਬੱਲੂ ਬੁਲਾਉਂਦੇ ਸਨ, `ਤੇ ਆ ਪੈਂਦੀ।
ਪਰਿਵਾਰ ਤੇ ਆਈ ਇਸ ਵੱਡੀ ਮੁਸੀਬਤ ਨੇ ਨਿੱਕੇ ਜਿਹੇ ਬੱਲੂ ਨੂੰ ਸਿਆਣਾ ਬਣਾ ਦਿੱਤਾ, ਉਹ ਇਹ ਫ਼ਰਜ਼
ਬੜੀ ਜ਼ਿਮੇਂਵਾਰੀ ਨਾਲ ਨਿਭਾਉਂਦਾ।
ਸ੍ਰ. ਅਮੋਲਕ ਸਿੰਘ ਸਵੇਰੇ ਹੀ ਮਿਹਨਤ ਮਜ਼ਦੂਰੀ ਲਈ ਨਿਕਲ ਜਾਂਦੇ ਅਤੇ ਹਨੇਰਾ ਪਿਆਂ ਹੀ ਮੁੜਦੇ।
ਕੈਂਪ ਵਿੱਚ ਰਹਿੰਦਿਆਂ ਦੋ ਹਫਤਿਆਂ ਦੇ ਕਰੀਬ ਹੋ ਚੱਲਿਆ ਸੀ। ਰੋਜ਼ ਦੀ ਤਰ੍ਹਾਂ ਅਮੋਲਕ ਸਿੰਘ ਅੱਜ
ਵੀ ਸੁਵਖਤੇ ਹੀ ਨਿਕਲ ਗਏ ਸਨ ਪਰ ਅਜੇ ਦਿਨ ਦਾ ਦੂਜਾ ਪਹਿਰ ਹੀ ਬੀਤਿਆ ਸੀ, ਉਹ ਵਾਪਸ ਪਰਤ ਆਏ।
ਉਨ੍ਹਾਂ ਨੂੰ ਇਤਨੀ ਛੇਤੀ ਮੁੜਿਆ ਵੇਖ ਪਹਿਲਾਂ ਤਾਂ ਹਰਨਾਮ ਕੌਰ ਘਬਰਾ ਗਈ, ਬਈ ਸੁੱਖ ਹੋਵੇ ਸਹੀ,
ਦਿਨ ਰਾਤ ਇਤਨੀ ਮਿਹਨਤ ਪਏ ਕਰਦੇ ਨੇ, ਬਿਮਾਰ ਹੀ ਨਾ ਹੋ ਗਏ ਹੋਣ, ਪਰ ਪਿੱਛੇ ਨਜ਼ਰ ਪੈਂਦਿਆਂ ਹੀ ਉਹ
ਸਭ ਸਮਝ ਗਈ, ਮਗਰ ਹੀ ਗੁਲਾਬ ਸਿੰਘ ਤੁਰਿਆ ਆਉਂਦਾ ਸੀ। ਗੁਲਾਬ ਸਿੰਘ ਹਰਨਾਮ ਕੌਰ ਦਾ ਚਚੇਰਾ ਵੱਡਾ
ਭਰਾ ਸੀ ਪਰ ਇਹ ਗੱਲ ਉਨ੍ਹਾਂ ਦੋਹਾਂ ਨੂੰ ਕਾਫੀ ਵੱਡੇ ਹੋ ਕੇ ਪਤਾ ਲੱਗੀ ਸੀ। ਸਾਂਝੇ ਪਰਿਵਾਰ ਵਿੱਚ
ਰਹਿੰਦਿਆਂ ਬਚਪਨ ਵਿੱਚ ਤਾਂ ਸਿਰਫ ਭੈਣ-ਭਰਾ ਦਾ ਹੀ ਪਤਾ ਸੀ। ਗੁਲਾਬ ਸਿੰਘ ਨਾਮੀ ਕੋਲੋਂ ਪੰਜ ਸਾਲ
ਵੱਡਾ ਸੀ, ਉਸ ਨੇ ਨਾਮੀਂ ਨੂੰ ਚੁਕ ਕੇ ਖਿਡਾਇਆ ਸੀ। ਭਾਵੇਂ ਵੱਡੇ ਹੋਕੇ ਰਿਸ਼ਤਿਆਂ ਦਾ ਪਤਾ ਤਾਂ
ਲੱਗ ਗਿਆ ਪਰ ਪਿਆਰ ਵਿੱਚ ਰਤੀ ਭਰ ਵੀ ਫਰਕ ਨਹੀਂ ਸੀ ਆਇਆ। ਨਾਮੀ ਦੇ ਸਕੇ ਤਿੰਨੇ ਭਰਾ ਉਸ ਤੋਂ
ਨਿੱਕੇ ਸਨ, ਇਸ ਲਈ ਵੱਡੇ ਭਰਾ ਦੇ ਪਿਆਰ ਦਾ ਨਿੱਘ ਉਸ ਨੂੰ ਗੁਲਾਬ ਸਿੰਘ ਤੋਂ ਹੀ ਮਿਲਿਆ ਸੀ। ਭਰਾ
ਨੂੰ ਸਾਹਮਣੇ ਵੇਖ ਨਾਮੀ ਜਿਵੇਂ ਕਮਲੀ ਹੋ ਗਈ, “ਵੀਰ ਜੀ ….” ਕਹਿੰਦੀ ਨੇ ਦੌੜ ਕੇ ਭਰਾ ਨੂੰ
ਗਲਵਕੜੀ ਪਾ ਲਈ ਤੇ ਨਾਲ ਹੀ ਉਸ ਦੀਆਂ ਭੁੱਬਾਂ ਨਿਕਲ ਗਈਆਂ। ਉਹ ਚਾਹ ਕੇ ਵੀ ਆਪਣੇ ਅਥਰੂ ਰੋਕ ਨਹੀਂ
ਪਾ ਰਹੀ ਸੀ। ਗੁਲਾਬ ਸਿੰਘ ਨਾਮੀ ਦੇ ਸਿਰ `ਤੇ ਹੱਥ ਫੇਰਦਾ ਹੋਇਆ ਬੋਲਿਆ, “ਬਸ ਨਾਮੀ ਬਸ! ਦੁੱਖ
ਸੁੱਖ ਤਾਂ ਜੀਵਨ ਦੀ ਧੁੱਪ-ਛਾਂ ਨੇ। ਵਾਹਿਗੁਰੂ ਦਾ ਸ਼ੁਕਰ ਹੈ, ਤੁਸੀਂ ਸੁੱਖੀ-ਸਾਂਦੀ ਹੋ।” ਕਹਿੰਦੇ
ਗੁਲਾਬ ਸਿੰਘ ਦਾ ਗਲਾ ਵੀ ਭਰ ਆਇਆ `ਤੇ ਉਹ ਵੀ ਆਪਣੇ ਅਥਰੂ ਰੋਕ ਨਾ ਸਕਿਆ ਪਰ ਉਸਨੇ ਨਾਮੀ ਨੂੰ
ਹੌਂਸਲਾ ਦੇਣ ਦੀ ਕੋਸ਼ਿਸ਼ ਕੀਤੀ। ਬੱਲੂ ਭੱਜ ਕੇ ਮਾਮੇ ਨਾਲ ਚੰਬੜ ਗਿਆ। ਗੁਲਾਬ ਸਿੰਘ ਨੇ ਪੰਮੀ ਤੇ
ਗੁੱਡੀ ਨੂੰ ਵੀ ਗੋਦੀ ਚੁੱਕ ਲਿਆ ਤੇ ਘੁੱਟ-ਘੁੱਟ ਪਿਆਰ ਕੀਤਾ। ਨਾਮੀ ਨੇ ਆਪਣੇ ਆਪ ਨੂੰ ਸੰਭਾਲਿਆ
ਤੇ ਹੰਝੂ ਪੂੰਝਦੀ ਹੋਈ ਬੋਲੀ, “ਵੀਰ ਜੀ ਤੁਸੀਂ ਇਥੇ ਕਿਵੇਂ ਪਹੁੰਚ ਗਏ?”
“ਮੈਂ ਤਾਂ ਤੁਹਾਨੂੰ ਦੋ ਦਿਨਾਂ ਤੋਂ ਥਾਂ ਥਾਂ ਲਭਦਾ ਫਿਰਦੈਂ। ਤਿੰਨ ਦਿਨ ਪਹਿਲਾਂ ਦੌਲਤੇ ਨੇ ਭਾਈਆ
ਜੀ ਨੂੰ ਦਰਬਾਰ ਸਾਹਿਬ ਵੇਖਿਆ ਸੀ। ਭਾਈਆ ਜੀ ਲੰਗਰ `ਚੋਂ ਬਾਹਰ ਨਿਕਲ ਰਿਹੇ ਸੀ ਤੇ ਉਹ ਦੂਸਰੇ
ਦਰਵਾਜ਼ੇ ਤੋਂ ਅੰਦਰ ਆਉਣ ਲਈ ਖਲੋਤਾ ਸੀ ਕਿ ਉਸ ਦੀ ਅਚਾਨਕ ਭਾਈਆ ਜੀ ਤੇ ਨਜ਼ਰ ਪੈ ਗਈ। ਉਸ ਲੰਗਰ
ਵਿੱਚੇ ਛੱਡ ਕੇ ਭਾਈਆ ਜੀ ਦੀ ਬਹੁਤ ਭਾਲ ਕੀਤੀ ਪਰ ਭੀੜ ਵਿੱਚ ਭਾਈਆ ਜੀ ਪਤਾ ਨਹੀਂ ਕਿਧਰ ਲੰਘ ਗਏ।
ਵਿਚਾਰਾ ਦੋ ਤਿੰਨ ਘੰਟੇ ਲੱਭ-ਲੱਭ ਕੇ ਵਾਪਸ ਦੌੜਿਆ, ਉਸ ਦਾ ਵੀ ਗੱਡੀ ਦਾ ਟਾਈਮ ਹੋ ਗਿਆ ਸੀ। ਪਰ
ਸ਼ੁਕਰ ਹੈ, ਰਾਤ ਵਾਪਸ ਪਹੁੰਚ ਕੇ ਸਵੇਰੇ ਹੀ ਮੇਰੇ ਵੱਲ ਦੌੜਿਆ ਆਇਆ `ਤੇ ਭਾਈਆ ਜੀ ਨੂੰ ਵੇਖਣ ਦੀ
ਗੱਲ ਦੱਸੀ। ਅਸੀਂ ਤਾਂ ਕਈ ਦਿਨਾਂ ਤੋਂ ਤੁਹਾਡੀ ਚਿੰਤਾ ਵਿੱਚ ਸੁੱਕੀ ਜਾਂਦੇ ਸਾਂ। ਸੁਣ ਕੇ ਮਨ ਨੂੰ
ਥੋੜੀ ਜਿਹੀ ਢਾਰਸ ਬੱਝੀ। ਬਸ, ਤੇਰੀ ਭਰਜਾਈ ਨੇ ਤਾਂ ਫਿਰ ਮੈਨੂੰ ਬਹਿਣ ਨਹੀਂ ਦਿੱਤਾ, ਕਹਿੰਦੀ
ਹੁਣੇ ਅੰਮ੍ਰਿਤਸਰ ਲਈ ਨਿਕਲ ਜਾਓ। ਉਂਝ ਵੀ ਮੈਥੋਂ ਕਿਥੇ ਰੁਕਿਆ ਜਾਣਾ ਸੀ। ਮੈਂ ਤਾਂ ਪਰਸੋਂ ਦਾ
ਇਥੇ ਪਹੁੰਚ ਕੇ ਸਾਰੇ ਸ਼ਹਿਰ ਵਿੱਚ ਤੁਹਾਨੂੰ ਭਾਲਦਾ ਫਿਰਦਾ ਸਾਂ ਪਰ ਕੋਈ ਥਹੁ ਪਤਾ ਨਹੀਂ ਸੀ ਮਿਲ
ਰਿਹਾ। ਅੱਜ ਖਿਆਲ ਆਇਆ, ਦੌਲਤੇ ਨੇ ਭਾਈਆ ਜੀ ਨੂੰ ਗੁਰੂ ਰਾਮਦਾਸ ਸਾਹਿਬ ਦੇ ਲੰਗਰ ਵਿੱਚ ਵੇਖਿਆ
ਸੀ, ਕਿਉਂ ਨਾ ਉਥੇ ਹੀ ਭਾਲ ਕਰਾਂ? ਗੁਰੂ ਰਾਮਦਾਸ ਪਾਤਿਸ਼ਾਹ ਦੇ ਚਰਨਾ `ਚ ਅਰਦਾਸ ਕਰਕੇ, ਅੱਜ ਸਵੇਰ
ਦਾ ਲੰਗਰ ਦੇ ਦਰਵਾਜ਼ੇ ਅੱਗੇ ਖੜੋਤਾ ਸਾਂ ਤੇ ਉਹੀ ਗੱਲ ਬਣੀ, ਦੁਪਹਿਰ ਨੂੰ ਭਾਈਆ ਜੀ ਦਿਖ ਪਏ।”
ਗੁਲਾਬ ਸਿੰਘ ਨੇ ਸਾਰੀ ਗੱਲ ਖੋਲ੍ਹ ਕੇ ਦੱਸੀ। ਗੁਲਾਬ ਸਿੰਘ ਆਪਣੇ ਜੀਜੇ ਨੂੰ ਭਾਈਆ ਜੀ ਕਹਿ ਕੇ
ਬੁਲਾਉਂਦਾ ਸੀ। ਹਾਲਾਂਕਿ ਦੋਹਾਂ ਦੀ ਉਮਰ ਵਿੱਚ ਵੱਡਾ ਫਰਕ ਨਹੀਂ ਸੀ ਬਲਕਿ ਗੁਲਾਬ ਥੋੜਾ ਜਿਹਾ
ਵੱਡਾ ਹੀ ਹੋਵੇਗਾ ਪਰ ਰਿਸ਼ਤੇ ਦੇ ਸਤਿਕਾਰ ਵਜੋਂ ਉਸ ਕਦੇ ਅਮੋਲਕ ਸਿੰਘ ਨੂੰ ਨਾਂ ਲੈਕੇ ਨਹੀਂ ਸੀ
ਬੁਲਾਇਆ। ਗੁਲਾਬ ਸਿੰਘ ਹੋਰਾਂ ਦਾ ਸਾਰਾ ਪਰਿਵਾਰ ਤਾਂ ਭਾਵੇਂ ਸ਼ਾਹਜੀਵਨੇ ਦਾ ਰਹਿਣ ਵਾਲਾ ਸੀ ਪਰ ਉਹ
ਡਾਕ ਮਹਿਕਮੇਂ ਵਿੱਚ ਚੰਗੀ ਨੌਕਰੀ ਲੱਗ ਗਿਆ ਸੀ ਅਤੇ ਕਾਫੀ ਸਮੇਂ ਤੋਂ ਉਸਦੀ ਡਿਊਟੀ ਕਾਨਪੁਰ ਵਿੱਚ
ਸੀ। ਦੌਲਤਾ ਵੀ ਉਨ੍ਹਾਂ ਦੇ ਹੀ ਨਗਰ ਦਾ ਸੀ ਅਤੇ ਗੁਲਾਬ ਸਿੰਘ ਨੇ ਹੀ ਉਸ ਨੂੰ ਆਪਣੇ ਮਹਿਕਮੇ ਵਿੱਚ
ਨੌਕਰੀ ਲੁਆਇਆ ਸੀ। ਪਹਿਲਾਂ ਤਾਂ ਉਹ ਕਾਨਪੁਰ ਵਿੱਚ ਹੀ ਸੀ ਪਰ ਪਿਛਲੇ ਸਾਲ ਤੋਂ ਉਸ ਦੀ ਬਦਲੀ
ਕਾਨਪੁਰ ਦੇ ਨੇੜੇ ਬਿੰਦਕੀ ਵਿੱਚ ਹੋ ਗਈ ਸੀ।
ਗੁਲਾਬ ਸਿੰਘ ਨੇ ਅਜੇ ਗੱਲ ਖਤਮ ਹੀ ਕੀਤੀ ਸੀ ਕਿ ਅਮੋਲਕ ਸਿੰਘ ਬੋਲ ਪਿਆ, “ਮੈਂ ਪਹਿਲੇ ਤਾਂ ਦਰਬਾਰ
ਸਾਹਿਬ ਦਰਸ਼ਨ ਕਰਕੇ ਹੀ ਕੰਮ ਲਈ ਨਿਕਲਦਾ ਸਾਂ, ਪਿਛਲੇ ਚਾਰ ਪੰਜ ਦਿਨਾਂ ਤੋਂ ਹੀ ਨੇਮ ਬਦਲਿਐ,
ਦੁਪਹਿਰੇ ਨਾਲੇ ਸਤਿਗੁਰੂ ਦੇ ਲੰਗਰ ਵਿੱਚ ਪ੍ਰਸ਼ਾਦਾ ਛੱਕ ਆਈ ਦੈ, ਨਾਲੇ ਦੁਪਹਿਰ ਜਰਾ ਸੰਗਤ ਘੱਟ
ਹੁੰਦੀ ਏ, ਕੁੱਝ ਸਮਾਂ ਅੰਦਰ ਬਹਿ ਕੇ ਕੀਰਤਨ ਸੁਣ ਲਈ ਦੈ। ਇਸੇ ਬਹਾਨੇ ਸ਼ਰੀਰ ਨੂੰ ਵੀ ਥੋੜਾ ਅਰਾਮ
ਮਿਲ ਜਾਂਦੈ …।”
ਗੁਲਾਬ ਸਿੰਘ ਵਿੱਚੋਂ ਹੀ ਗੱਲ ਕੱਟ ਕੇ ਬੋਲਿਆ, “ਤੁਸੀ ਛੇਤੀ ਤਿਆਰੀ ਕਰੋ, ਸ਼ਾਮ ਦੀ ਗੱਡੀ ਫੜ ਲਈਏ,
ਬਾਕੀ ਸਾਰੇ ਦੁਖ-ਸੁਖ ਰਾਹ ਵਿੱਚ ਫਰੋਲਾਂਗੇ।”
“ਪਰ ਕਿਥੇ ਜਾਣੈ, ਵੀਰ ਜੀ?” ਨਾਮੋ ਸਭ ਕੁੱਝ ਸਮਝਦੀ ਹੋਈ ਵੀ ਬੋਲੀ।
“ਨਾਮੋ ਘਰ ਜਾਣੈ, ਕਾਨਪੁਰ, ਹੋਰ ਕਿਥੇ ਜਾਣੈ?”
“ਵੀਰ ਜੀ! ਐਡੇ ਵੱਡੇ ਪਰਿਵਾਰ ਦਾ ਬੋਝ ਤੁਹਾਡੇ ਉਤੇ ਕਿਵੇਂ ਪਾ ਦਿਆਂ? ਵਾਹਿਗੁਰੂ ਆਪੇ ਕੋਈ ਰਾਹ
ਬਣਾ ਦੇਵੇਗਾ।” ਕਹਿੰਦਿਆਂ ਹਰਨਾਮ ਕੌਰ ਦੀਆਂ ਅੱਖਾਂ ਫੇਰ ਭਰ ਆਈਆਂ।
ਗੁਲਾਬ ਸਿੰਘ ਨੇ ਉਠ ਕੇ ਹਰਨਾਮ ਕੌਰ ਦੇ ਸਿਰ ਤੇ ਹੱਥ ਫੇਰਦਿਆਂ ਕਿਹਾ, “ਕੀ ਕਮਲੀਆਂ ਗੱਲਾਂ ਪਈ
ਕਰਨੀ ਏ, ਆਪਣੇ ਭੈਣ ਭਰਾ ਬੋਝ ਹੁੰਦੇ ਨੇ? ਨਾਲੇ ਜੇ ਦੁਖ-ਸੁਖ ਵਿੱਚ ਹੀ ਕੰਮ ਨਾ ਆਏ ਤਾਂ ਫਿਰ
ਵਾਹਿਗੁਰੂ ਕੋਲੋਂ ਭੈਣ-ਭਰਾ ਮੰਗੀ ਦੇ ਕਾਹਦੇ ਲਈ ਨੇ? ਉਠ, ਛੇਤੀ ਕਰ ਸਮਾਨ ਸਾਂਭ।”
“ਸਮਾਨ ਕਿਹੜੈ ਵੀਰ ਜੀ! ਉਥੋਂ ਤਾਂ ਮੱਸਾਂ ਜਿੰਦਾਂ ਹੀ ਬਚਾ ਕੇ ਲਿਆਏ ਹਾਂ। ਆਹ ਤੁਹਾਡੇ ਭਾਈਆ ਜੀ
ਹੁਣ ਮਿਹਨਤ ਮਜ਼ਦੂਰੀ ਕਰਕੇ, ਦੋ ਕਪੜੇ ਲਿਆਏ ਨੇ, ਜਾਂ ਕੈਂਪ ਵਲੋਂ ਦੋ ਕੰਬਲ ਤੇ ਚਾਰ ਭਾਂਡੇ ਮਿਲੇ
ਸਨ। ਇਥੇ ਕਈ ਦਾਨ ਕਰਨ ਆਉਂਦੇ ਨੇ ਪਰ ਤੁਹਾਡੇ ਭਾਈਆ ਜੀ ਨੇ ਮਨ੍ਹਾ ਕੀਤੈ, ਕੁੱਝ ਖਰੈਤੀ ਨਹੀਂ
ਲੈਣਾ।” ਹਰਨਾਮ ਕੌਰ ਦੇ ਬੋਲਾਂ ਤੋਂ ਸਾਫ ਪਤਾ ਲੱਗ ਰਿਹਾ ਸੀ ਕਿ ਉਸਨੂੰ ਆਪਣੇ ਪਤੀ ਦੀ ਅਣਖੀਲੇ
ਸੁਭਾ ਤੇ ਪੂਰਾ ਮਾਣ ਏ।
“ਛੱਡੋ ਇਨ੍ਹਾਂ ਕੰਬਲਾਂ `ਤੇ ਭਾਂਡਿਆਂ ਨੂੰ, ਉਥੇ ਸਤਿਗੁਰੂ ਦਾ ਦਿੱਤਾ ਸਭ ਕੁੱਝ ਏ, ਬਸ ਚਲਣ ਦੀ
ਕਰੋ।”
ਹਰਨਾਮ ਕੌਰ ਉਠ ਕੇ ਕਪੜੇ ਝੋਲੇ ਵਿੱਚ ਪਾਉਣ ਲੱਗ ਪਈ `ਤੇ ਅਮੋਲਕ ਸਿੰਘ ਇਹ ਕਹਿੰਦਾ ਬਾਹਰ ਨਿਕਲ
ਗਿਆ, “ਮੈਂ ਕੈਂਪ `ਚੋਂ ਨਾਂ ਕਟਾ ਆਵਾਂ।”
ਜਿਵੇਂ ਗੁਰਬਾਣੀ ਦਾ ਫੁਰਮਾਨ ਹੈ, ‘ਨਕਿ ਨਥ ਖਸਮ ਹਥ ਕਿਰਤੁ ਧਕੇ ਦੇ॥ ਜਹਾ ਦਾਣੇ ਤਹਾਂ ਖਾਣੇ
ਨਾਨਕਾ ਸਚੁ ਹੇ॥’ ਤਕਦੀਰ ਅਮੋਲਕ ਸਿੰਘ ਦੇ ਪਰਿਵਾਰ ਨੂੰ ਕਾਨਪੁਰ ਲੈ ਆਈ। ਕਾਨਪੁਰ ਪਹੁੰਚ ਕੇ ਇੱਕ
ਚੰਗੀ ਖਬਰ ਵੀ ਮਿਲ ਗਈ `ਤੇ ਇੱਕ ਬਹੁਤ ਮਾੜੀ ਵੀ। ਮਾੜੀ ਇਹ ਕਿ ਹਰਨਾਮ ਕੌਰ ਦੇ ਪਿਤਾ ਜੀ,
ਜਿਨ੍ਹਾਂ ਨੂੰ ਸਾਰੇ ਦਾਰ ਜੀ ਕਹਿੰਦੇ ਸਨ, ਸ਼ਾਹਜੀਵਣੇ ਕੋਲ ਹੀ ਵੈਰੀਆਂ ਹੱਥੋਂ ਮਾਰੇ ਗਏ ਸਨ ਅਤੇ
ਚੰਗੀ ਇਹ ਕਿ ਬਾਕੀ ਦਾ ਸਾਰਾ ਪਰਿਵਾਰ ਉਸ ਦੇ ਨਿੱਕੇ ਭਰਾ ਹਰਪਾਲ ਸਿੰਘ ਦੇ ਸਹੁਰੀਂ ਬਰੇਲੀ ਪੁਜ
ਗਿਆ ਸੀ। ਉਨ੍ਹਾਂ ਵਿਛੁੜ ਗਏ ਦੀ ਸੱਲ ਸਹਿ ਕੇ, ਬੱਚ ਗਿਆਂ ਦਾ ਸ਼ੁਕਰ ਮਨਾਇਆ।
ਕਾਨਪੁਰ ਪਹੁੰਚਦਿਆ ਹੀ ਜ਼ਿੰਦਗੀ ਨੂੰ ਅੱਗੇ ਚਲਾਉਣ ਲਈ ਸੰਘਰਸ਼ ਸ਼ੁਰੂ ਹੋ ਗਿਆ। ਭਾਵੇਂ ਗੁਲਾਬ ਸਿੰਘ
`ਤੇ ਉਸ ਦੀ ਪਤਨੀ ਬਲਬੀਰ ਕੌਰ ਦਾ ਵਿਹਾਰ ਬਹੁਤ ਚੰਗਾ ਸੀ, ਉਹ ਜਿਥੇ ਇਨ੍ਹਾਂ ਦੀ ਹਰ ਲੋੜ ਪੂਰੀ
ਕਰਨ ਦੀ ਤਨ ਮਨ ਧਨ ਨਾਲ ਕੋਸ਼ਿਸ਼ ਕਰਦੇ, ਬੱਚਿਆਂ ਦੀ ਖੁਰਾਕ ਦਾ ਵੀ ਪੂਰਾ ਖਿਆਲ ਰਖਦੇ, ਪਰ ਅਮੋਲਕ
ਸਿੰਘ ਚਾਹੁੰਦਾ ਸੀ ਛੇਤੀ ਤੋਂ ਛੇਤੀ ਉਨ੍ਹਾਂ ਨੂੰ ਇਸ ਭਾਰ ਤੋਂ ਮੁਕਤ ਕਰ ਦੇਵੇ। ਦਿਲੋਂ ਗੁਲਾਬ
ਸਿੰਘ ਵੀ ਚਾਹੁੰਦਾ ਸੀ, ਉਹ ਛੇਤੀ ਆਪਣੇ ਪੈਰੀ ਹੋ ਜਾਣ। ਉਹ ਚਾਹੁੰਦਾ ਸੀ ਅਮੋਲਕ ਸਿੰਘ ਨੂੰ ਕਿਧਰੇ
ਨੌਕਰੀ ਲੁਆ ਦੇਵੇ ਪਰ ਇੱਕ ਤਾਂ ਅਮੋਲਕ ਬਹੁਤਾ ਪੜ੍ਹਿਆ ਨਹੀਂ ਸੀ ਦੂਸਰਾ ਕਿਉਂਕਿ ਉਹ ਚੰਗੇ ਵਪਾਰ
ਚੋਂ ਨਿਕਲ ਕੇ ਆਇਆ ਸੀ, ਉਸ ਦਾ ਰੁਝਾਨ ਨੌਕਰੀ ਵੱਲ ਬਿਲਕੁਲ ਨਹੀਂ ਸੀ। ਇੱਕ ਗੱਲ ਹੈਰਾਨਗੀ ਦੀ ਸੀ
ਕਿ ਇਤਨੇ ਰੱਜੇ-ਪੁੱਜੇ ਘਰ `ਚੋਂ ਆਉਣ ਦੇ ਬਾਵਜੂਦ ਉਹ ਮਿਹਨਤ ਕਰਨ ਤੋਂ ਬਿਲਕੁਲ ਨਹੀਂ ਸੀ ਸੰਗਦਾ।
ਸ਼ਾਇਦ ਹਾਲਾਤ ਨੇ ਉਸ ਨੂੰ ਇਹ ਸਮਝੌਤਾ ਕਰਨਾ ਸਿਖਾ ਦਿੱਤਾ ਸੀ। ਅਸਲ ਵਿੱਚ ਉਸ ਦੇ ਵਾਹਿਗੁਰੂ `ਤੇ
ਭਰੋਸੇ ਅਤੇ ਅਨਥਕ ਮਿਹਨਤ ਨੇ ਇਸ ਪਹਾੜ ਜੇਡੀ ਆਈ ਮੁਸੀਬਤ ਨੂੰ ਬਹੁਤ ਛੋਟਾ ਬਣਾ ਦਿੱਤਾ ਸੀ।
ਉਸ ਨੂੰ ਸ਼ਹਿਰ ਵਿੱਚ ਘੁੰਮਦਿਆਂ ਚਾਰ-ਪੰਜ ਦਿਨ ਹੀ ਬੀਤੇ ਸਨ, ਸ਼ਾਮ ਨੂੰ ਉਸ ਗੁਲਾਬ ਸਿੰਘ ਨਾਲ ਗੱਲ
ਕੀਤੀ, “ਜੇ ਕਿਤੇ ਦੋ ਚਾਰ ਸੌ ਰੁਪਏ ਸੂਦ `ਤੇ ਮਿਲ ਜਾਂਦੇ ਤਾਂ ਮੈਂ ਕਪੜੇ ਦੀ ਫੇਰੀ ਸ਼ੁਰੂ ਕਰ
ਦੇਂਦਾ। ਮੈਨੂੰ ਆਸ ਹੈ ਸੂਦ ਦੇਕੇ ਵੀ ਰੋਟੀ ਦਾ ਡੰਗ ਤਾਂ ਤੁਰ ਹੀ ਪਊ। ਨਾਲੇ ਮੇਰਾ ਕੀਤਾ ਹੋਇਆ
ਕੰਮ ਹੈ, ਸੌਖਾ ਰਊ।” ਗੱਲ ਗੁਲਾਬ ਸਿੰਘ ਨੂੰ ਵੀ ਜੱਚ ਗਈ, ਉਸ ਅਗਲੇ ਦਿਨ ਹੀ ਪੰਜ ਸੌ ਰੁਪਈਏ ਭਾਈਆ
ਜੀ ਦੇ ਹੱਥ `ਤੇ ਰੱਖ ਦਿੱਤੇ `ਤੇ ਉਸੇ ਦਿਨ ਅਮੋਲਕ ਸਿੰਘ ਅੰਮ੍ਰਿਤਸਰ ਮਾਲ ਲੈਣ ਲਈ ਨਿਕਲ ਗਿਆ।
ਸੁਵਖਤੇ ਉਠ ਕੇ ਪਹਿਲਾਂ ਉਹ ਗੁਰਬਾਣੀ ਪੜ੍ਹਦਾ ਫਿਰ ਬੱਲੂ ਤੇ ਪੰਮੀ ਨੂੰ ਨਾਲ ਲੈਕੇ ਗੁਰਦੁਆਰੇ
ਜਾਂਦਾ। ਉਥੋਂ ਆਕੇ ਫਟਾ-ਫਟ ਦੋ ਰੋਟੀਆਂ ਖਾਂਦਾ ਤੇ ਦੋ ਰੋਟੀਆਂ ਨਾਮੀ ਨਾਲ ਬੰਨ ਦੇਂਦੀ। ਸਾਰਾ ਦਿਨ
ਉਹ ਗਲੀ ਮੁਹਲਿਆਂ ਅਤੇ ਨੇੜਲੇ ਪਿੰਡਾਂ ਵਿੱਚ ਫਿਰ ਕੇ ਕੱਪੜਾ ਵੇਚਦਾ `ਤੇ ਸ਼ਾਮ ਨੂੰ ਕਿਸੇ ਬੰਦ
ਦੁਕਾਨ ਦੇ ਅੱਗੇ ਫੜ੍ਹੀ ਲਾ ਲੈਂਦਾ। ਦਸ-ਪੰਦਰ੍ਹਾਂ ਦਿਨਾਂ ਬਾਅਦ ਹੀ ਉਸ ਇੱਕ ਹੋਰ ਨੇਮ ਬਣਾ ਲਿਆ,
ਦੇਰ ਸ਼ਾਮ ਘਰ ਪਰਤਦੇ, ਉਹ ਘਰ ਵਾਸਤੇ ਕੋਈ ਨਾ ਕੋਈ ਚੀਜ਼ ਜ਼ਰੂਰ ਫੜੀ ਲਿਆਉਂਦਾ। ਪਹਿਲਾਂ ਪਹਿਲਾਂ
ਗੁਲਾਬ `ਤੇ ਬਲਬੀਰ ਨੇ ਬੜਾ ਟੋਕਿਆ, ਬਈ ਹੁਣੇ ਕਿਹੜੇ ਉਚੇਚ ਵਿੱਚ ਪੈ ਗਏ ਹੋ, ਪਰ ਅਮੋਲਕ ਨੇ ਆਪਣਾ
ਨੇਮ ਨਹੀਂ ਛੱਡਿਆ। ਜਦੋਂ ਕੋਈ ਕੁੱਝ ਕਹਿੰਦਾ, ਕੇਵਲ ਇਤਨਾ ਹੀ ਜੁਆਬ ਦੇਂਦਾ, ‘ਮੇਰਾ ਸੁਭਾ ਬਣਿਆ
ਹੋਇਐ, ਬੱਚਿਆ ਲਈ ਕੁੱਝ ਲਏ ਬਗੈਰ ਘਰ ਨਹੀਂ ਜਾਣਾ’।
ਇਹ ਸਿਲਸਿਲਾ ਚਲਦਿਆਂ ਮਹੀਨਾ ਬੀਤ ਗਿਆ। ਅਮੋਲਕ ਸਿੰਘ ਨੇ ਜਿਵੇਂ ਹਰ ਦਿਨ ਦਾ ਹਿਸਾਬ ਗਿਣ ਰਖਿਆ
ਸੀ। ਰਾਤ ਦੀ ਰੋਟੀ ਖਾਣ ਤੋਂ ਬਾਅਦ ਜਦੋਂ ਉਠ ਕੇ ਆਪਣੇ ਕਮਰਿਆਂ ਵੱਲ ਜਾਣ ਲੱਗੇ ਤਾਂ ਅਮੋਲਕ ਸਿੰਘ
ਨੇ ਇੱਕ ਦਸ ਰੁਪਏ ਦਾ ਨੋਟ ਗੁਲਾਬ ਸਿੰਘ ਦੇ ਹੱਥ `ਤੇ ਰਖਦੇ ਹੋਏ ਕਿਹਾ, “ਗੁਲਾਬ ਸਿੰਘ! ਜਿਸ
ਕੋਲੋਂ ਪੈਸੇ ਚੁੱਕੇ ਸਨ, ਇਹ ਸੂਦ ਉਸ ਨੂੰ ਦੇ ਦੇਣਾ। ਜੇ ਅਗਲੇ ਨੂੰ ਸੂਦ ਸਮੇਂ ਨਾਲ ਮਿਲਦਾ ਰਹੇ
ਤਾਂ ਭਰੋਸਾ ਬਣਿਆ ਰਹਿੰਦੈ।”
“ਭਾਈਆ ਜੀ! ਕਿਸੇ ਤੋਂ ਸੂਦ `ਤੇ ਨਹੀਂ ਚੁੱਕੇ ਪੈਸੇ। ਦਸ ਵਰ੍ਹਿਆਂ ਤੋਂ ਉਤੇ ਹੋ ਗਏ ਨੇ ਨੌਕਰੀ
ਕਰਦਿਆਂ। ਇਤਨੇ ਕੁ ਤਾਂ ਜਮ੍ਹਾਂ ਕੀਤੇ ਹੀ ਪਏ ਸਨ। ਨਾਲੇ! ਤੁਹਾਨੂੰ ਇਨ੍ਹਾਂ ਪੈਸਿਆ ਬਾਰੇ ਸੋਚਣ
ਜਾਂ ਚਿੰਤਾ ਕਰਨ ਦੀ ਉਕਾ ਕੋਈ ਲੋੜ ਨਹੀਂ।” ਕਹਿੰਦੇ ਹੋਏ ਗੁਲਾਬ ਨੇ ਨੋਟ ਵਾਪਸ ਮੋੜ ਦਿੱਤਾ।
ਅਮੋਲਕ ਚਾਹੁੰਦਾ ਸੀ ਆਖੇ, ਇਹ ਪੈਸੇ ਫੇਰ ਤੂੰ ਹੀ ਰੱਖ ਲੈ, ਪਰ ਉਸ ਦੀ ਹਿੰਮਤ ਨਾ ਪਈ, ਕਿਤੇ
ਗੁਲਾਬ ਸਿੰਘ ਬੁਰਾ ਹੀ ਨਾ ਮਨ ਜਾਏ। ਪੰਜ ਚਾਰ ਦਿਨ ਹੀ ਬੀਤੇ ਸਨ, ਰਾਤ ਸੌਣ ਤੋਂ ਪਹਿਲੇ ਅਮੋਲਕ
`ਤੇ ਨਾਮੀ ਗੁਲਾਬ ਸਿੰਘ ਕੋਲ ਆ ਬੈਠੇ। ਦੋਹਾਂ ਦੇ ਚਿਹਰੇ ਤੋਂ ਪਤਾ ਲਗਦਾ ਸੀ ਕੋਈ ਗੱਲ ਕਰਨਾ
ਚਾਹੁੰਦੇ ਨੇ, ਪਰ ਜਿਵੇਂ ਹਿੰਮਤ ਨਾ ਪੈ ਰਹੀ ਹੋਵੇ, ਅਖੀਰ ਅਮੋਲਕ ਨੇ ਚੁੱਪ ਤੋੜੀ, “ਗੁਲਾਬ ਸਿੰਘ
ਤੁਹਾਡਾ ਦੇਣਾ ਤਾਂ ਮੈਂ ਸਾਰੀ ਜ਼ਿੰਦਗੀ ਨਹੀਂ ਦੇ ਸਕਦਾ। ਜੇ ਐਸੇ ਔਖੇ ਸਮੇਂ ਤੁਸੀਂ ਹੱਥ ਨਾ ਫੜਦੇ
ਤਾਂ ਨਿੱਕੇ ਨਿੱਕੇ ਬਾਲਾਂ ਨਾਲ ਪਤਾ ਨਹੀਂ ਕਿਥੇ ਰੁਲਨਾ ਸੀ. . ।” ਕਹਿੰਦੇ ਕਹਿੰਦੇ ਅਮੋਲਕ ਸਿੰਘ
ਦਾ ਗਲਾ ਭਰ ਆਇਆ ਅਤੇ ਨਾਲ ਹੀ ਨਾਮੀ ਦੀਆਂ ਅੱਖਾਂ ਵੀ ਛਲਕ ਪਈਆਂ। ਗੁਲਾਬ ਸਿੰਘ ਨੇ ਹੈਰਾਨ ਜਿਹੇ
ਹੁੰਦੇ ਹੋਏ ਉਠ ਕੇ ਦੋਹਾਂ ਨੂੰ ਗਲਵਕੜੀ ਵਿੱਚ ਲੈਂਦਿਆਂ ਕਿਹਾ, “ਭਾਈਆ ਜੀ ਗੱਲ ਕੀ ਏ, ਦਸੋ ਤਾਂ
ਸਹੀ।” ਨਾਲ ਹੀ ਉਸ ਨੇ ਬਲਬੀਰ ਕੌਰ ਵੱਲ ਇੰਝ ਵੇਖਿਆ ਜਿਵੇਂ ਉਸ ਨੂੰ ਪੁਛਣਾ ਚਾਹੁੰਦਾ ਹੋਵੇ ਕਿ ਕੀ
ਹੋਇਆ ਹੈ? ਅਮੋਲਕ ਸਿੰਘ ਨੇ ਫੇਰ ਹਿੰਮਤ ਇਕੱਠੀ ਕੀਤੀ `ਤੇ ਬੋਲਿਆ, “ਗੁਲਾਬ ਸਿੰਘ ਮੈਂ ਇੱਕ ਕਮਰਾ
ਰਸੋਈ ਕਿਰਾਏ `ਤੇ ਵੇਖ ਲਿਐ ਤੇ ਕੱਲ ਉਥੇ ਜਾਣ ਦੀ ਸੋਚ ਰਹੇ ਹਾਂ। ਭਲਾ ਹੋਰ ਕਿਤਨੇ ਦਿਨ ਤੁਹਾਡੇ
ਤੇ ਬੋਝ ਬਣੇ ਰਹਾਂਗੇ।”
“ਭਾਈਆ ਜੀ! ਬੋਝ ਦੀ ਗੱਲ ਤੇ ਕਰੋ ਨਾ, ਹਾਂ! ਮੈਂ ਵੀ ਚਾਹੁੰਦਾ ਹਾਂ ਤੁਸੀਂ ਛੇਤੀ ਫੇਰ ਆਪਣੇ
ਪੈਰਾਂ `ਤੇ ਖੜੋ ਜਾਓ ਪਰ ਇਤਨੀ ਕਾਹਲੀ ਨਾ ਕਰੋ, ਜਰਾ ਪੱਕੇ ਪੈਰੀਂ ਹੋ ਜਾਓ, ਫੇਰ ਚਲੇ ਜਾਣਾ।”
ਗੁਲਾਬ ਨੇ ਹੈਰਾਨ ਹੁੰਦੇ ਹੋਏ ਕਿਹਾ। ਉਸਨੂੰ ਇਹ ਆਸ ਨਹੀਂ ਸੀ ਕਿ ਭਾਈਆ ਜੀ ਇਤਨੀ ਜਲਦੀ ਤਿਆਰੀ ਕਰ
ਲੈਣਗੇ। ਉਸ ਨੂੰ ਇਕੋ ਵਹਿਮ ਖਾਈ ਜਾਂਦਾ ਸੀ ਕਿ ਕੋਈ ਐਸੀ ਗੱਲ ਤਾਂ ਨਹੀਂ ਹੋ ਗਈ ਜਿਸ ਨਾਲ ਭਾਈਆ
ਜੀ ਜਾਂ ਨਾਮੀ ਨੂੰ ਤਕਲੀਫ ਪਹੁੰਚੀ ਹੋਵੇ? ਉਹ ਤਾਂ ਅਜੇ ਇਹ ਸੋਚ ਹੀ ਰਿਹਾ ਸੀ ਕਿ ਬਲਬੀਰ ਕੌਰ ਬੋਲ
ਪਈ, “ਭਾਈਆ ਜੀ ਸਾਥੋਂ ਕੋਈ ਭੁਲ ਹੋ ਗਈ ਏ ਜਾਂ ਮੇਰੀ ਸੇਵਾ ਵਿੱਚ ਕੋਈ ਕਮੀ ਰਹਿ …. . ?” ਨਾਮੀ
ਨੇ ਉਸ ਦੀ ਗੱਲ ਵੀ ਪੂਰੀ ਨਹੀਂ ਹੋਣ ਦਿੱਤੀ `ਤੇ ਵਿੱਚੋਂ ਹੀ ਬੋਲ ਪਈ, “ਨਾ ਭਰਜਾਈ ਨਾ, ਇਹ ਕੀ ਪਈ
ਆਖਣੀ ਏ? ਜਿਵੇਂ ਤੂੰ ਆਪਣੇ ਬੱਚਿਆਂ ਦੇ ਮੂੰਹ ਦੀਆਂ ਗਰ੍ਹਾਈਆਂ ਵੀ ਮੇਰੇ ਬੱਚਿਆ ਦੇ ਮੂੰਹ ਪਾਉਨੀ
ਏ, ਕੀ ਮੈਂ ਨਹੀਂ ਵੇਖਦੀ? ਤੁਹਾਡਾ ਦੇਣਾ ਤਾਂ ਅਸੀਂ ਸਾਰੀ ਜ਼ਿੰਦਗੀ ਨਹੀਂ ਦੇ ਸਕਦੇ। ਮੈਂ ਤਾਂ
ਇਨ੍ਹਾਂ ਨੂੰ ਕਿਹਾ ਸੀ ਅਜੇ ਥੋੜ੍ਹਾ ਰੁੱਕ ਜਾਓ। ਕਾਰੋਬਾਰ ਥੋੜ੍ਹਾ ਹੋਰ ਪੱਕਾ ਕਰ ਲਓ, ਪਰ ਇਨ੍ਹਾਂ
ਨੂੰ ਤਸੱਲੀ ਏ ਬਈ ਸਤਿਗੁਰੂ ਦੀ ਬਖਸ਼ਿਸ਼ ਨਾਲ, ਟੁੱਕਰ ਜੋਗਾ ਸਿਲਸਿਲਾ ਬਣ ਗਿਐ।”
ਗੁਲਾਬ ਸਿੰਘ ਅਤੇ ਬਲਬੀਰ ਕੌਰ ਦੇ ਬਹੁਤ ਕਹਿਣ ਦੇ ਬਾਵਜੂਦ ਅਮੋਲਕ ਸਿੰਘ ਨਹੀਂ ਮੰਨਿਆ `ਤੇ ਅਗਲੀ
ਸਵੇਰ ਹੀ ਜਾਣ ਦੀ ਤਿਆਰੀ ਸ਼ੁਰੂ ਹੋ ਗਈ। ਅਮੋਲਕ ਸਿੰਘ `ਤੇ ਨਾਮੀ ਦੇ ਲੱਖ ਮਨ੍ਹਾਂ ਕਰਨ ਦੇ ਬਾਵਜੂਦ
ਵੀ ਬਲਬੀਰ ਕੌਰ ਨੇ ਕੁੱਝ ਭਾਂਡੇ ਟੀਂਡੇ, ਹੋਰ ਰਸੋਈ ਦਾ ਸਮਾਨ `ਤੇ ਕਪੜੇ, ਬਿਸਤਰੇ ਵਗੈਰਾ ਨਾਲ
ਬੰਨ ਦਿਤੇ, ਅਖੇ, ਘਰ ਵਿੱਚ ਕਿਹੜੀ ਚੀਜ਼ ਦੀ ਲੋੜ ਨਹੀਂ। ਉਨ੍ਹਾਂ ਬਥੇਰਾ ਕਿਹਾ ਬਈ ਹੌਲੀ ਹੌਲੀ ਸਭ
ਬਣ ਜਾਵੇਗਾ ਪਰ ਬਲਬੀਰ ਕੌਰ ਦਾ ਇਕੋ ਜੁਆਬ ਸੀ, ‘ਇਥੇ ਵਾਹਿਗੁਰੂ ਦਾ ਦਿੱਤਾ ਸਭ ਕੁੱਝ ਹੈ `ਤੇ ਧੀ
ਨੂੰ ਰੜ੍ਹੇ ਤੇ ਭੇਜ ਦਿਆਂ’। ---ਚਲਦਾ
ਰਾਜਿੰਦਰ ਸਿੰਘ (ਮੁੱਖ ਸੇਵਾਦਾਰ)
ਸ਼੍ਰੋਮਣੀ ਖਾਲਸਾ ਪੰਚਾਇਤ
ਟੈਲੀਫੋਨ +91 98761 04726