ਜਸਬੀਰ ਸਿੰਘ ਵੈਨਕੂਵਰ
ਭਾਈ
ਬਲਵੰਡ ਰਾਇ ਅਤੇ ਭਾਈ ਸੱਤੇ ਦੀ ਵਾਰ ਸਬੰਧੀ ਕੁੱਝ ਭਰਮ ਭੁਲੇਖੇ
(ਕਿਸ਼ਤ ਨੰ: 13)
‘ਗੁਰ ਬਿਲਾਸ ਪਾਤਸ਼ਾਹੀ ੬’,
‘ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਕਾ’, ‘ਮਹਿਮਾ ਪ੍ਰਕਾਸ਼ ਵਾਰਤਕ’ ਅਤੇ ‘ਮਹਿਮਾ ਪ੍ਰਕਾਸ਼ ਕਵਿਤਾ’
ਵਿੱਚ ਭਾਈ ਬਲਵੰਡ ਅਤੇ ਭਾਈ ਸੱਤੇ ਜੀ ਬਾਰੇ ਜੋ ਕੁੱਝ ਲਿਖਿਆ ਹੈ, ਇਸ ਨੂੰ ਹੀ ਬਾਅਦ ਦੇ ਲੇਖਕਾਂ
ਨੇ ਆਪੋ ਆਪਣੇ ਢੰਗ ਨਾਲ ਆਪਣੇ ਸ਼ਬਦਾਂ ਰਾਹੀਂ, ਵੱਖ ਵੱਖ ਇਤਿਹਾਸਕ ਪੱਖਾਂ ਵਿੱਚ ਪੇਸ਼ ਕੀਤਾ ਹੈ।
ਕਿਸੇ ਲੇਖਕ ਨੇ ‘ਗੁਰ ਬਿਲਾਸ ਪਾਤਸ਼ਾਹ ੬’ ਵਿਚਲੀ ਕਹਾਣੀ ਨੂੰ ਆਧਾਰ ਬਣਾਇਆ ਹੈ, ਕਿਸੇ ਨੇ
‘ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਕਾ’ ਨੂੰ, ਕਿਸੇ ਨੇ ‘ਮਹਿਮਾ ਪ੍ਰਕਾਸ਼ ਵਾਰਤਕ’, ਕਿਸੇ ਨੇ
‘ਮਹਿਮਾ ਪ੍ਰਕਾਸ਼ ਕਵਿਤਾ’ ਨੂੰ ਆਧਾਰ ਬਣਾਇਆ ਹੈ ਅਤੇ ਜਦੋਂ ਕਿ ਕਿਸੇ ਨੇ ਇਹਨਾਂ ਸਾਰਿਆਂ ਲੇਖਕਾਂ
ਦੀਆਂ ਲਿਖਤਾਂ ਦੇ ਕੁੱਝ ਅੰਸ਼ ਲੈ ਕੇ ਇਤਿਹਾਸਕ ਪੱਖ ਬਿਆਨ ਕੀਤਾ ਹੈ। ਇਸ ਖ਼ਿਆਲ ਨਾਲ ਕਿ ਪਾਠਕ ਇਸ
ਗੱਲ ਨੂੰ ਇਹਨਾਂ ਲੇਖਕਾਂ ਦੀਆਂ ਲਿਖਤਾਂ ਵਿੱਚ ਹੀ ਸਭ ਕੁੱਝ ਦੇਖ ਸਕਣ, ਅਸੀਂ ਪਾਠਕਾਂ ਨਾਲ ਵੱਖ
ਵੱਖ ਲੇਖਕਾਂ ਦੀਆਂ ਕੁੱਝ ਕੁ ਲਿਖਤਾਂ ਨੂੰ ਲੜੀ ਵਾਰ ਸਾਂਝਿਆਂ ਕਰ ਰਹੇ ਹਾਂ। ਪਾਠਕ ਇਹਨਾਂ ਲੇਖਕਾਂ
ਦੀਆਂ ਲਿਖਤਾਂ ਵਿਚੋਂ ਆਪ ਹੀ ਇਹਨਾਂ ਦੇ ਇਤਿਹਾਸਕ ਵਖਰੇਪਣ ਨੂੰ ਦੇਖ ਕੇ ਅੰਦਾਜ਼ਾ ਲਗਾ ਸਕਦੇ ਹਨ।
ਇਸ ਸ਼੍ਰੇਣੀ ਵਿੱਚ ਸਭ ਤੋਂ ਪਹਿਲਾਂ ‘ਗੁਰੁ ਪ੍ਰਤਾਪ ਸੂਰਯ’ ਆਉਂਦਾ ਹੈ। ਧਿਆਨ ਰਹੇ ਕਿ ਭਾਈ
ਬਲਵੰਡ ਰਾਇ ਅਤੇ ਭਾਈ ਸੱਤੇ ਜੀ ਬਾਰੇ ਸਿੱਖ ਸੰਗਤਾਂ ਵਿੱਚ ‘ਗੁਰੁ ਪ੍ਰਤਾਪ ਸੂਰਯ’ ਵਿੱਚ ਵਰਣਨ
ਸਾਖੀ ਹੀ ਵਧੇਰੇ ਪ੍ਰਚਲਤ ਹੈ। ਇਸ ਦਾ ਮੁੱਖ ਕਾਰਨ ਇਹ ਹੈ ਕਿ ‘ਗੁਰੁ ਪ੍ਰਤਾਪ ਸੂਰਯ’ ਦੀ ਕਥਾ
ਗੁਰਦੁਆਰਿਆਂ ਵਿੱਚ ਆਮ ਹੀ ਹੁੰਦੀ ਰਹੀ ਹੈ ਅਤੇ ਅੱਜ ਵੀ ਕਈ ਥਾਈਂ ਇਸ ਦੀ ਕਥਾ ਹੁੰਦੀ ਹੈ। ਇਸ ਲਈ
ਸਿੱਖ ਸੰਗਤਾਂ ਵਿੱਚ ਇਸ ਵਿੱਚ ਵਰਣਿਤ ਕਹਾਣੀ ਹੀ ਵਧੇਰੇ ਪ੍ਰਚਲਤ ਹੋਈ ਹੋਈ ਹੈ।
‘ਗੁਰੁ ਪ੍ਰਤਾਪ ਸੂਰਯ’ ਭਾਈ ਸੰਤੋਖ ਸਿੰਘ ਚੂੜਾਮਣਿ ਦੀ ਰਚਨਾ ਹੈ। ਭਾਈ ਸੰਤੋਖ ਸਿੰਘ ਜੀ ਨੇ ‘ਗੁਰੁ
ਪ੍ਰਤਾਪ ਸੂਰਯ’ ੧੮੪੩ ਈ: ਨੂੰ ਸਮਾਪਤ ਕੀਤਾ ਸੀ। ਇਸ ਗ੍ਰੰਥ ਦੀ ਰਾਸਿ ੩, ਅੰਸੂ ੪੪, ੪੫ ਵਿੱਚ ਭਾਈ
ਬਲਵੰਡ ਰਾਇ ਅਤੇ ਭਾਈ ਸੱਤੇ ਦੇ ਪ੍ਰਸੰਗ ਦਾ ਵਰਣਨ ਹੈ। ਭਾਈ ਸਾਹਿਬ ਨੇ ‘ਗੁਰ ਬਿਲਾਸ ਪਾਤਸ਼ਾਹੀ ੬’
ਵਿਚਲੇ ਪ੍ਰਸੰਗ ਨੂੰ ਹੀ (ਕੁਝ ਕੁ ਗੱਲਾਂ ਨੂੰ ਛੱਡ ਕੇ) ਆਪਣੇ ਸ਼ਬਦਾਂ ਵਿੱਚ ਬਿਆਨ ਕੀਤਾ ਹੈ। ਭਾਈ
ਸੰਤੋਖ ਸਿੰਘ ਜੀ ਦੇ ਸ਼ਬਦਾਂ ਵਿਚ, “ਹੁਤੋ ਡੂਮ ਬਲਵੰਡ ਮਹਾਨਾ। ਸੱਤਾ ਤਿਸ ਕੋ ਅਨੁਜ ਸੁਜਾਨਾ।
ਦਾਰਿਦ ਤੇ ਦੁਹੂੰਅਨਿ ਦੁਖ ਪਾਯੋ। ਕਰੇ ਯਤਨ ਧਨ ਹਾਥ ਨ ਆਯੋ। ੧੨। ਤਬਿ ਬਲਵੰਡ ਦੇਸ਼ ਕਿਤ ਗਯੋ।
ਫਿਰਯੋ ਬਹੁਤ ਕੁਛ ਦਰਬ ਨ ਪਯੋ। ਸੱਤਾ ਸਤਿਗੁਰ ਪਾਸ ਰਹਯੋ ਹੈ। ਕਰਹਿ ਕੀਰਤਨ ਅਨਂਦ ਲਹਯੋ ਹੈ। ੧੩।
ਸੁਖ ਸੋਂ ਕੀਨਸਿ ਨਿਜ ਗੁਜ਼ਰਾਨ। ਪਾਇ ਦਰਬ ਕਰਿ ਪਹਿਰਨ ਖਾਨ। ਕਿਤਿਕ ਸਿੱਖਯ ਅਰਦਾਸ ਕਰਾਵਹਿਂ।
ਸਤਿਗੁਰ ਘਰ ਤੇ ਸਭਿ ਕੁਛ ਪਾਵਹਿਂ। ੧੪। ਫਿਰ ਬਲਵੰਡ ਬਿਦੇਸ਼ ਮਝਾਰੇ। ਨਿਰਧਨ ਹੀ ਆਯੋ ਗੁਰਦੁਆਰੇ।
ਦੁਖੀ ਹੋਇ ਕਰਿ ਬਹੁ ਅਕੁਲਾਯੋ। ਸ਼੍ਰੀ ਅਰਜਨ ਜਸ ਕਵਿਤ ਬਨਾਯੋ। ੧੫।”
‘ਗੁਰ ਬਿਲਾਸ ਪਾਤਸ਼ਾਹੀ ੬’ ਦਾ ਕਰਤਾ ਭਾਈ ਬਲਵੰਡ ਜੀ ਦੇ ਪਰਦੇਸਾਂ ਵਿੱਚ ਭਟਕਣ ਪਿੱਛੋਂ ਗੁਰੂ
ਦਰਬਾਰ ਵਿੱਚ ਆਉਣ ਦਾ ਵਰਣਨ ਕਰਦਿਆਂ ਲਿਖਦਾ ਹੈ ਕਿ ਭਾਈ ਬਲਵੰਡ ਜੀ ਨੇ ਸਤਿਗੁਰੂ ਜੀ ਦੀ ਉਪਮਾ
ਵਿੱਚ ਇੱਕ ਕਬਿੱਤ ਬਣਾ ਕੇ ਸੁਣਾਇਆ। ‘ਗੁਰ ਬਿਲਾਸ ਪਾਤਸ਼ਾਹੀ ੬’ ਦੇ ਕਰਤੇ ਨੇ ਉਸ ਕਬਿੱਤ ਦਾ ਵਰਣਨ
ਨਹੀਂ ਕੀਤਾ ਹੈ। ਪਰੰਤੂ ਭਾਈ ਸੰਤੋਖ ਸਿੰਘ ਜੀ ਨੇ ਭਾਈ ਬਲਵੰਡ ਜੀ ਵਲੋਂ ਰਚੇ ਕਬਿੱਤ ਦਾ ਵਰਣਨ
ਕੀਤਾ ਹੈ ਜੋ ਇਸ ਪ੍ਰਕਾਰ ਹੈ:
ਕਬਿੱਤ। ‘ਆਯੋ ਨਿਜ ਦੁਆਰੇ ਦਯਾ ਕਲਪਤਰ ਥਾਰੇ ਭਾਰੇ ਬਿਰਦ ਬਿਲੰਦ, ਦੀਨ ਦਰਦ ਬਿਦਾਰੋ ਹੋ। ਦ੍ਰੋਪਤੀ
ਉਧਾਰੀ ਗਜ ਗ੍ਰਾਹ ਤੇ ਛੁਟਾਰੀ, ਭੀਰ ਰਾਖਸ਼ਨਿ ਮਾਰੀ ਵੈਰੀ ਦੇਵਨਿ ਨਿਹਾਰੇ ਹੋ। ਪ੍ਰਹਲਾਦ ਮੋਚਨ,
ਬਿਲੋਚਨ ਸੁ ਪੁੰਡਰੀਕ, ਪੋਚ ਬਲਮੀਕ ਜਸ ਸੋਚ ਕੀਯੋ ਚਾਰੋ ਹੋ। ਗਨਕਾ ਗਿਨੀ ਹੈ ਕੌਨ ਤੀਰਥ ਪਰਸ ਆਈ,
ਜੈਸੇ ਏ ਉਧਾਰੋ ਤੈਸੇ ਮੋਹਿ ਕੋ ਉਧਾਰੋ ਹੋ’। ੧੬। “
ਭਾਵੇਂ ਭਾਈ ਸੰਤੋਖ ਸਿੰਘ ਜੀ ਨੇ ‘ਗੁਰ ਬਿਲਾਸ ਪਾਤਸ਼ਾਹੀ ੬’ ਵਿਚਲੀ ਕਹਾਣੀ ਨੂੰ ਹੀ ਆਧਾਰ
ਬਣਾਇਆ ਹੈ ਪਰੰਤੂ ਆਪ ਨੇ ‘ਗੁਰ ਬਿਲਾਸ’ ਵਿਚਲੀ ਇਸ ਗੱਲ ਦਾ ਵਰਣਨ ਨਹੀਂ ਕੀਤਾ ਹੈ ਜਿਸ ਵਿੱਚ ਭਾਈ
ਬਲਵੰਡ ਅਤੇ ਭਾਈ ਸੱਤਾ ਜੀ ਨੂੰ ਪਿਛਲੇ ਜਨਮ ਵਿੱਚ ਭਾਈ ਮਰਦਾਨਾ ਅਤੇ ਭਾਈ ਦਾਲਾ ਦਰਸਾਇਆ ਹੈ। ਭਾਵ,
ਗੁਰੂ ਨਾਨਕ ਸਾਹਿਬ ਵਲੋਂ ਭਾਈ ਮਰਦਾਨਾ ਜੀ ਅਤੇ ਭਾਈ ਦਾਲਾ ਜੀ ਨੂੰ ਸਰਾਪ ਦੇਣ ਦਾ ਵੀ ਵਰਣਨ ਨਹੀਂ
ਕੀਤਾ ਹੈ।
“ਚੌਪਈ। ਕ੍ਰਿਪਾ ਸਿੰਧ ਕੇ ਨਿਕਟ ਉਚਾਰਾ। ‘ਅਬਿ ਅਲੰਬ ਮੈਂ ਲੀਨਿ ਤੁਮਾਰਾ’। ਸੁਨਿ ਸ਼੍ਰੀ ਗੁਰ
ਨੇ ਧੀਰਜ ਦੀਨਸਿ। ‘ਪੂਰਨ ਹੁਇ ਜੁ ਮਨੋਰਥ ਕੀਨਸਿ। ੧੭। ਰਹੁ ਹਮ ਨਿਕਟ ਕੀਰਤਨ ਕਰੋ। ਅਨੁਜ ਸਹਤ
ਰਾਗਨਿ ਸੁਰ ਭਰੋ। ਚਲਹਿ ਇਹਾਂ ਗੁਜ਼ਰਾਨ ਤੁਮਾਰੀ। ਲਹਹੁ ਪਦਾਰਥ ਹੁਇ ਅਨੁਸਾਰੀ’। ੧੮। ਇਮ ਕਹਿ ਗੁਰ
ਧਨ ਦੀਨਿ ਬਿਸਾਲਾ। ਲੇ ਆਇਸੁ ਘਰ ਗਾ ਤਿਸ ਕਾਲਾ। ਪੁਨਹ ਸਮੀਪ ਗੁਰੂ ਕੇ ਆਵਾ। ਮਿਲਯੋ ਅਨੁਜ ਯੁਤ
ਕਿਰਤਨ ਗਾਵਾ। ੧੯। ਸੁਨਿ ਸਤਿਗੁਰੂ ਪ੍ਰਸੰਨ ਉਦਾਰਾ। ਨਾਮ ‘ਰਾਇ ਬਲਵੰਡ’ ਉਚਾਰਾ’ ਹਰਖਤਿ ਹੁਇ ਹੁਇ
ਰੁਚਿ ਸੋਂ ਗਾਵੈਂ। ਦੋਨਹੁਂ ਭ੍ਰਾਤ ਸਰਸ ਅਧਿਕਾਵੈਂ। ੨੦। “
‘ਗੁਰ ਬਿਲਾਸ’ ਅਨੁਸਾਰ ਗੁਰੂ ਅਰਜਨ ਸਾਹਿਬ ਉਸੇ ਵੇਲੇ ਹੀ ਭਾਈ ਬਲਵੰਡ ਜੀ ਨੂੰ ਬਲਵੰਡ ਰਾਇ ਨਾਮ
ਨਾਲ ਪੁਕਾਰਦੇ ਹਨ। ਪਰ ਭਾਈ ਸੰਤੋਖ ਸਿੰਘ ਜੀ ਅਨੁਸਾਰ ਭਾਈ ਬਲਵੰਡ ਜੀ ਗੁਰੂ ਸਾਹਿਬ ਪਾਸੋਂ ਧਨ ਲੈ
ਕੇ ਆਪਣੇ ਘਰ ਚਲੇ ਜਾਂਦੇ ਹਨ। ਜਦੋਂ ਫਿਰ ਗੁਰੂ ਸਾਹਿਬ ਪਾਸ ਆ ਕੇ ਆਪਣੇ ਛੋਟੇ ਭਰਾਤਾ ਭਾਈ ਸੱਤੇ
ਜੀ ਨਾਲ ਮਿਲ ਕੇ ਕੀਰਤਨ ਕਰਦੇ ਹਨ, ਤਦੋਂ ਗੁਰੂ ਸਾਹਿਬ ਨੇ ਪ੍ਰਸੰਨ ਹੋ ਕੇ ਭਾਈ ਬਲਵੰਡ ਜੀ ਨੂੰ
ਬਲਵੰਡ ਰਾਇ ਦੇ ਨਾਮ ਨਾਲ ਪੁਕਾਰਿਆ ਅਥਵਾ ਖ਼ਿਤਾਬ ਬਖ਼ਸ਼ਿਆ।
“ਰਾਗ ਰਾਗਨੀ ਕਰਿ ਅਨੁਰਾਗੇ ਗਾਵਹਿਂ ਸੁੰਦਰ ਸਭਿ ਸ਼ੁਭ ਲਾਗੇ। ਸਿੱਖ ਸਰਾਹਨ ਕਰਹਿਂ ਸੁਨੰਤੇ। ਤਯੋਂ
ਤਯੋਂ ਸੋ ਅਹੰਕਾਰ ਕਰੰਤੇ। ੨੧। ਇਸ ਬਿਧਿ ਕੇਤਿਕ ਕਾਲ ਬਿਤਾਯੋ। ਦਿਨ ਪ੍ਰਤਿ ਉਰ ਹੰਕਾਰ ਬਧਾਯੋ।
ਕ੍ਰਿਪਾ ਸਿੰਧੁ ਨੇ ਤਿਨ ਗਤਿ ਜਾਨੀ। ਹੋਛੇ ਡੂਮ ਜਾਤਿ, ਭਏ ਮਾਨੀ। ੨੨। ਆਦਿ ਅੰਤ ਕੀ ਦਸ਼ਾ ਬਿਸਾਰੀ।
ਹਮ ਬਿੱਦਯਾ ਬਡ, ਭੇ ਹੰਕਾਰੀ। ਗੁਰੂ ਗਰੀਬ ਨਿਵਾਜ ਨ ਜਾਨਾ। ਗਾਇ ਨੀਕ ਹਮ ਭਏ ਮਹਾਨਾ। ੨੩।
ਹੰਕਾਰਤਿ ਕੁਛ ਸਮੈ ਬਿਤਾਵਾ। ਭਗਨੀ ਕੋ ਸੁ ਬਯਾਹ ਤਬਿ ਆਵਾ। ਯੁਗ ਭ੍ਰਾਤਾ ਸਤਿਗੁਰ ਢਿਗ ਗਏ। ਮੁਖ
ਤੇ ਕਰਤਿ ਸੁਜਸੁ ਕੋ ਭਏ। ੨੪। ‘ਦਾਸ ਜਾਨਿ ਹਮ ਕਾਰਜ ਕੀਜਹਿ। ਦਰਬ ਬਿਸਾਲ ਆਪ ਅਬਿ ਦੀਜਹਿ। ਜਿਸ ਤੇ
ਕਰਹਿਂ ਬਯਾਹੁ ਹਮ ਭਾਰਾ। ਪਿਖਹਿਂ ਸੁਨਹਿਂ ਹੁਇ ਸੁਜਸੁ ਤੁਮਾਰਾ’। ੨੫।”
‘ਗੁਰ ਬਿਲਾਸ ਪਾਤਸ਼ਾਹੀ ੬’ ਵਿੱਚ ਇਤਨਾ ਹੀ ਲਿਖਿਆ ਹੈ ਕਿ, “ਦੋਊ ਭ੍ਰਾਤ ਮਿਲਿ ਰੁਚਿ ਸੋਂ ਗਾਵੈਂ।
ਕਰਿ ਕੀਰਤਨ ਬਡ ਸੋਭਾ ਪਾਵੈਂ।” ਪਰੰਤੂ ਭਾਈ ਸੰਤੋਖ ਸਿੰਘ ਜੀ ਲਿਖਦੇ ਹਨ ਕਿ ਸਿੱਖ ਸੰਗਤਾਂ ਜਿਵੇਂ
ਜਿਵੇਂ ਇਹਨਾਂ ਦੇ ਕੀਰਤਨ ਦੀ ਸਲਾਹਣਾ ਕਰਦੀਆਂ ਹਨ ਤਿਵੇਂ ਤਿਵੇਂ ਇਹ ਦੋਵੇਂ ਹੰਕਾਰੀ ਹੁੰਦੇ ਜਾਂਦੇ
ਹਨ। ਗੁਰੂ ਸਾਹਿਬ ਨੇ ਇਸ ਗੱਲ ਨੂੰ ਮਹਿਸੂਸ ਕਰ ਲਿਆ ਕਿ ਇਹ ਹੋਛੇ ਡੂਮ ਹੰਕਾਰੀ ਹੋ ਗਏ ਹਨ। ਇਹਨਾਂ
ਨੂੰ ਇਸ ਗੱਲ ਦਾ ਅਹਿਸਾਸ ਨਹੀਂ ਹੈ ਕਿ ਅਸੀਂ (ਭਾਵ ਗੁਰੂ ਅਰਜਨ ਸਾਹਿਬ) ਗਰੀਬ ਨਿਵਾਜ਼ ਹਾਂ। ਇਹਨਾਂ
ਨੂੰ ਆਪਣੀ ਪਹਿਲੀ ਹਾਲਤ ਭੁੱਲ ਗਈ ਹੈ। ਇਹ ਦੋਵੇਂ ਰਾਗ ਵਿਦਿਆ ਕਾਰਨ ਹੰਕਾਰੀ ਹੋ ਗਏ ਹਨ। ‘ਗੁਰ
ਬਿਲਾਸ ਪਾਤਸ਼ਾਹੀ ੬’ ਵਿੱਚ ਇਸ ਗੱਲ ਦਾ ਜ਼ਿਕਰ ਨਹੀਂ ਹੈ; ਭਾਈ ਸੰਤੋਖ ਸਿੰਘ ਜੀ ਨੇ ਇਸ ਗੱਲ ਦੀ
ਕਲਪਣਾ ਆਪਣੇ ਵਲੋਂ ਹੀ ਕੀਤੀ ਹੈ।
“ਗੁਰੂ ਕਹਯੋ ‘ਚਿੰਤਾ ਦਿਹੁ ਟਾਰਾ। ਸ਼੍ਰੀ ਨਾਨਕ ਕੋ ਅਤੁਟ ਭੰਡਾਰਾ। ਪ੍ਰਾਤਕਾਲ ਜੇਤਿਕ ਧਨ ਆਵਹਿ।
ਸਿਖ ਸੰਗਤਿ ਹਮ ਆਨਿ ਚਢਾਵਹਿ। ੨੬। ਸੋ ਸਭਿ ਹੀ ਤੁਮ ਲੇਹੁ ਸੰਭਾਰੀ। ਸਤਿਗੁਰ ਕਾਰਜ ਸਰਬ ਸੁਧਾਰੀ।
ਦੁਹੂੰ ਸੁਨਤਿ ਮਨ ਆਨੰਦ ਪਾਏ। ਗੁਰ ਜਸ ਉਚਰਤਿ ਸਦਨ ਸਿਧਾਏ। ੨੭। ਜਾਮਨਿ ਬਿਤੀ ਪ੍ਰਾਤਿ ਜਬਿ ਹੋਈ।
ਦਰਸ਼ਨ ਕਰਨਿ ਆਇ ਸਭਿ ਕੋਈ। ਸਿਖ ਸੰਗਤਿ ਦੇ ਮਿਲਹਿਂ ਅਕੋਰ। ਬੰਦੈਂ ਚਰਨ ਕਮਲ ਕਰ ਜੋਰਿ। ੨੮। ਸਭਿ
ਦਿਨ ਕੀ ਪੂਜਾ ਗਿਨਿ ਜਬੈ। ਭਯੋ ਰਜਤਪਨ ਇੱਕ ਸੌ ਤਬੈ। ਦੁਹੂੰ ਭ੍ਰਾਤ ਕੋ ਸਗਰੋ ਦੀਨਿ। ਗਰਬੇ ਮੂਢ
ਨਹੀਂ ਤਬਿ ਲੀਨਿ। ੨੯। ਦਿਏ ਬਗਾਇ ਗੁਰੂ ਕੇ ਆਗੇ। ‘ਹਮ ਸੋਂ ਕਰਨਿ ਮਸ਼ਕਰੀ ਲਾਗੇ। ਕਯਾ ਹਮ ਲੈ ਕੇ
ਬਯਾਹ ਰਚਾਵਹਿਂ। ਧਨ ਬਹੁ ਘਰ ਤੇ ਕਯੋਂ ਨ ਦਿਵਾਵਹਿਂ। ੩੦।”
‘ਗੁਰ ਬਿਲਾਸ’ ਦਾ ਕਰਤਾ ਲਿਖਦਾ ਹੈ ਕਿ ਜਦੋਂ ਇਹਨਾਂ ਨੇ ਸੌ ਰੁਪਿਆ ਸਤਿਗੁਰੂ ਜੀ ਦੇ ਅੱਗੇ
ਸੁੱਟਦਿਆਂ ਇਹ ਕਿਹਾ ਕਿ ਤੁਸੀਂ ਸਾਡੇ ਨਾਲ ਮਖੌਲ ਕਰ ਰਹੇ ਹੋ, ਤਾਂ ਗੁਰੂ ਸਾਹਿਬ ਅੱਗੋਂ ਕਹਿੰਦੇ
ਹਨ ਕਿ ਤੁਸੀਂ ਧੀਰਜ ਰੱਖੋ ਗੁਰੂ ਤੁਹਾਡੀ ਇੱਛਾ ਪੂਰੀ ਕਰੇਗਾ। ਪਰ ਭਾਈ ਸੰਤੋਖ ਸਿੰਘ ਜੀ ਲਿਖਦੇ ਹਨ
ਕਿ ਇਹਨਾਂ ਨੇ ਸੌ ਰੁਪਿਆ ਸਤਿਗੁਰੂ ਜੀ ਅੱਗੇ ਸੁੱਟਦਿਆਂ ਹੋਇਆਂ ਜਿੱਥੇ ਇਹ ਆਖਿਆ ਕਿ ਤੁਸੀਂ ਸਾਡੇ
ਨਾਲ ਮਸ਼ਕਰੀ ਕਰ ਰਹੇ ਹੋ ਉੱਥੇ ਨਾਲ ਇਹ ਵੀ ਕਿਹਾ ਕਿ ਤੁਸੀਂ ਗੁਰੂ ਦੇ ਖ਼ਜ਼ਾਨੇ ਵਿਚੋਂ ਧਨ ਕਿਉਂ
ਨਹੀਂ ਦੇ ਰਹੋ ਹੋ?
“ਸੁਨਤਿ ਸਤਿਗੁਰੂ ਧੀਰਜ ਦੀਨਿ। ‘ਪੂਰਹਿ ਸ਼੍ਰੀ ਨਾਨਕ ਇਛ ਕੀਨਿ। ਲਿਹੁ ਧਨ ਇਤੋ, ਨਿਬਾਹਹੁ ਕਾਰ।
ਕਰਤਿ ਕੀਰਤਨ ਲਹਹੁ ਉਦਾਰ। ਸਤਿਗੁਰ ਘਰ ਤੇ ਨਿਤ ਤੁਮ ਲੇਨਾ। ਏਕ ਬਾਰ ਨਹਿਂ ਕੀਨਸਿ ਦੇਨਾ। ਸਦਾ
ਤੁਮਾਰੀ ਸਾਂਝ ਹਮਾਰੇ। ਨਹਿਂ ਫੇਰਹੁ ਲੀਜਹੁ ਇਹੁ ਪਯਾਰੇ। ੩੨। ਬਹੁਤ ਨਮ੍ਰਤਾ ਕਰਿ ਗੁਰ ਕਹਯੋ। ਤਬਿ
ਸਭਿ ਦਰਬ ਹਾਥ ਨਿਜ ਗਹਯੋ। ਲੇ ਗਮਨੇ ਮਤਿ ਮੰਦ ਨਿਕੇਤ। ਬੋਲਤਿ ਭੇ ਗੁਰ ਨਿੰਦ ਸਮੇਤ। ੩੩। ‘ਨਹੀਂ
ਆਜ ਤੇ ਨਿਕਟ ਪਧਾਰਹਿਂ। ਨਹੀਂ ਕੀਰਤਨ ਕਬਹੁੰ ਉਚਾਰਹਿਂ। ਹਮਰੋ ਕਾਰਜ ਸਰਯੋ ਨ ਕੋਈ। ਗੁਰ ਸਮੀਪ ਰਹਿ
ਕਯਾ ਪੁਨਿ ਹੋਈ’। ੩੪। ਇਮ ਕਹਿ ਕਰਿ ਦੋਵੈ ਰਹੇ ਅਵਾਸ। ਨਹਿਂ ਗਮਨੇ ਸ਼੍ਰੀ ਸਤਿਗੁਰ ਪਾਸ। ਦਿਵਸ
ਆਗਲੇ ਜਬਿ ਹੀ ਜਾਨੇ। ਸਿੱਖਯਨਿ ਸੋਂ ਤਬਿ ਬਾਕ ਬਖਾਨੇ। ੩੫। ‘ਨਹੀਂ ਰਬਾਬੀ ਚਲਿ ਕਰਿ ਆਏ। ਜਾਹੁ
ਸਦਨ ਤੇ ਲਯਾਉ ਬੁਲਾਏ।’
‘ਗੁਰ ਬਿਲਾਸ’ ਵਿੱਚ ਇਸ ਗੱਲ ਦਾ ਵਰਣਨ ਨਹੀਂ ਕੀਤਾ ਗਿਆ ਕਿ ਗੁਰੂ ਅਰਜਨ ਸਾਹਿਬ ਨੇ ਇਹਨਾਂ ਨੂੰ
ਕਿਹਾ ਹੋਵੇ ਕਿ ਤੁਹਾਨੂੰ ਪਹਿਲਾਂ ਵੀ ਸਮੇਂ ਸਮੇਂ ਗੁਰੂ ਘਰ ਵਲੋਂ ਧਨ ਮਿਲਦਾ ਰਿਹਾ ਹੈ, ਕੋਈ
ਪਹਿਲੀ ਵਾਰ ਤੁਹਾਨੂੰ ਇਹ ਧਨ ਨਹੀਂ ਦੇ ਰਹੇ। ਭਾਈ ਸੰਤੋਖ ਸਿੰਘ ਜੀ ਨੇ ‘ਗੁਰ ਬਿਲਾਸ’ ਵਿਚਲੀ
ਕਹਾਣੀ ਨੂੰ ਹੋਰ ਵਿਸਤਾਰ ਸਹਿਤ ਬਿਆਨਿਆ ਹੈ।
“ਗੁਰ ਆਗਯਾ ਸੁਨਿ ਸਿੱਖ ਸਿਧਾਰੇ। ਜਾਇ ਘਰੋ ਤਿਨ ਸਾਥ ਉਚਾਰੇ। ੩੬। ‘ਉਠਹੁ ਚਲਹੁ ਬਡਭਾਗ ਤੁਮਾਰਾ।
ਸਤਿਗੁਰ ਸਿਮਰਤਿ ਤੁਮਹੁ ਹਕਾਰਾ। ਪਰਮ ਪ੍ਰਸੰਨ ਬਿਰਾਜਤਿ ਜਹਿੰਵਾ। ਤੂਰਨ ਲਿਹੁ ਦਰਸ਼ਨ ਆਬ ਤਹਿੰਵਾ’।
੩੭। ਸੁਨਿ ਸੱਤੇ ਬਲਵੰਡ ਕਹਯੋ। ‘ਗੁਰ ਢਿਗ ਜਾਇ ਕਹਾਂ ਹਮ ਲਹਯੋ। ਜਬਿ ਹਮ ਕਿਰਤਨ ਕਰਹਿਂ ਬਨਾਇ। ਆਇ
ਦੀਵਾਨ ਸਰਗ ਲਗ ਜਾਇ। ੩੮। ਸ਼੍ਰੀ ਅਰਜਨ ਵਿੱਚ ਬੈਠਹਿਂ ਆਈ। ਗੁਰੂ ਗੁਰੂ ਕਹਿਂ ਸਭਿ ਲਗਿ ਪਾਈ। ਅਨਿਕ
ਉਪਾਇਨ ਆਨਿ ਚਢਾਵਹਿਂ। ਹੇਰਿ ਹੇਰਿ ਕਰਿ ਸੁਜਸੁ ਅਲਾਵਹਿਂ। ੩੯। ਗੁਰਤਾ ਗਾਦੀ ਕੇ ਹਮ ਮੂਲ। ਹਮ ਨ
ਜਬਿ ਜਾਇਂ ਹੋਇ ਪ੍ਰਤਿਕੂਲ। ਤਿਨ ਕੋ ਗੁਰੂ ਨ ਕਹਿ ਹੈ ਕੋਇ। ਧਨ ਕੀ ਪੂਜਾ ਕਿਤ ਤੇ ਹੋਇ। ੪੦। ਹਮ
ਬਿਨ ਬੈਠਯੋ ਰਹੈ ਇਕਾਂਕੀ। ਮਹਿਮਾ ਸਕਲ ਜਾਇ ਹੈ ਤਾਂਕੀ’। ਸੁਨਤਿ ਸਿੱਖ ਨੇ ਪੁਨ ਸਮਝਾਏ। ‘ਸਮਤਿ
ਬਿਸਾਰਿ ਕਹਾਂ ਗਰਬਾਏ। ੪੧। ਕਯਾ ਅਨਬਨ ਬੋਲਹੁ ਮੁਖ ਬਾਨੀ। ਕਹਿ ਬਾਵਰ, ਕੈ ਜਿਮ ਮਦਪਾਨੀ। ਤੁਮ
ਸਤਿਗੁਰ ਤੇ ਸ਼ੋਭਹੁ ਭਲੇ। ਕਰਹੁ ਕੀਰਤਨ ਤਿਨ ਕੋ ਮਿਲੇ। ੪੨। ਜਗਤ ਬਿਖੈ ਤੁਮਰੀ ਬਡਿਆਈ। ਬਹਰੋਂ ਦਰਬ
ਲੇਹੁ ਸਮੁਦਾਈ। ਉਠਹੁ ਚਲਹੁ ਮਾਨਹੁ ਬਚ ਮੇਰਾ। ਤੁਮ ਪਰ ਗੁਰੂ ਪ੍ਰਸੰਨ ਘਨੇਰਾ’। ਇਸ ਪ੍ਰਕਾਰ ਸਿਖ
ਕਹਿ ਬਹੁ ਹਾਰਯੋ। ਨਹੀਂ ਚਲਨਿ ਕੋ ਮੂਢ ਉਚਾਰਯੋ। ਜਾਇ ਗੁਰੂ ਕੇ ਨਿਕਟ ਉਚਾਰ। ‘ਨਹਿਂ ਆਵਤਿ ਬਿਨਮਤਿ
ਹੰਕਾਰੇ’। ੪੪।
ਸੁਨਿ ਸਤਿਗੁਰ ਸਿਖ ਔਰ ਪਠਾਵਾ। ਲੇਨਿ ਹੇਤ ਤਿਨ ਸਦਨ ਸਿਧਾਵਾ। `ਚਲਹੁ ਰਬਾਬੀ ਗੁਰੂ ਹਕਾਰਤਿ। ਢਿਗ
ਚਲਿ ਨਿਜ ਦੁਖ ਕਯੋਂ ਨ ਉਚਾਰਤਿ। ੪੫। ਨੌ ਨਿਧ ਰਿਧਿ ਸਿਧਿ ਰਮਾ ਬਡੇਰੀ। ਸ਼੍ਰੀ ਗੁਰ ਕੋ ਰੁਖ਼
ਨਿਤਪ੍ਰਤਿ ਹੇਰੀ। ਜਿਸ ਦਿਸ਼ਿ ਸ਼ਾਰਤਿ ਆਪ ਉਸਾਰਤਿ। ਤਿਸ ਢਿਗ ਜਾਤਿ ਬਿਲਮ ਨਹਿਂ ਧਾਰਤਿ। ੪੬। ਅਸ
ਪ੍ਰਭੁ ਕੋ ਤੁਮ ਤਯਾਗਤਿ ਕੈਸੇ। ਸਮਝ ਸੁ ਮਿਲਹੁ, ਪ੍ਰਤੀਖਤਿ ਬੈਸੇ’। ਦੋਨਹੁ ਭ੍ਰਾਤ ਗਰਬ ਧਰਿ
ਕਹਯੋ। ‘ਤਿਨ ਢਿਗ ਹਮਹੁ ਕਛੂ ਨਹਿਂ ਲਹਯੋ। ੪੭। ਨਹੀਨ ਜਾਇਂ ਅਬਿ ਕੈਸੇ ਪਾਸ। ਤਿਨ ਕੋ ਤਜਿ ਹਮ
ਰਹੈਂ ਅਵਾਸ। ਕੇਤੇ ਜਤਨ ਬਨਾਵਹੁ ਕੋਈ। ਗੁਰ ਸੰਗ ਹਮਰੋ ਮੇਲ ਨ ਹੋਈ’। ੪੮। ਸੁਨਿ ਕਠੋਰ ਬਾਨੀ ਤਿਨ
ਕੇਰੀ। ਕਹਯੋ ਜਾਇ ਗੁਰ ਕੋ ਤਿਸ ਬੇਰੀ। ‘ਪ੍ਰਭੁ ਜੀ ਨਹਿਂ ਮਾਨੈਂ ਕਿਮ ਮੂਢੇ। ਰਹਯੋ ਗਰਬ ਮਦ ਰਿਦੇ
ਅਰੂਢੇ’। ੪੯।
ਸੁਨਿ ਸ਼੍ਰੀ ਅਰਜਨ ਛਿਮਾ ਨਿਧਾਨਾ। ਝੂਠੇ ਤਿਨ ਕੋ ਕਰਨਿ ਮਹਾਨਾ। ਆਪ ਚਲਨਿ ਕੋ ਬਯੋਂਤ ਬਿਚਾਰਾ। ਤਿਨ
ਕੇ ਬਿੱਦਯਾ ਕੋ ਅਹੰਕਾਰਾ। ੫੦। ਸਾਦਰ ਆਨਹਿਂ ਤਿਨ ਕੋ ਜਾਇ। ਬਹੁਰੋ ਦਰਬ ਦੇਹਿਂ ਸਮੁਦਾਇ। ਕਰਹਿਂ
ਕੀਰਤਨ ਗੁਰ ਜਸੁ ਗਾਵਹਿਂ। ਸਿਖ ਸੰਗਤਿ ਕੇ ਰਿਦੈ ਬਸਾਵਹਿਂ। ੫੧। ਚਹੀਅਹਿ ਰੁਚਿਰ ਰਬਾਬੀ ਹਮੈ।
ਕਰਹਿਂ ਕੀਰਤਨ ਦੋਨਹੁ ਸਮੈ। ਇਮ ਬਿਚਾਰ ਕਰਿ ਭੇ ਗੁਰ ਤਯਾਰੀ। ਜਿਨ ਸੁਭਾਵ ਪਰ ਕਵਿ ਬਲਿਹਾਰੀ। ੫੨।
ਰਾਸਿ ੩। ਅੰਸੂ ੪੪।
ਜਿਸ ਤਰ੍ਹਾਂ ਭਾਈ ਸੰਤੋਖ ਸਿੰਘ ਜੀ ਗੁਰੂ ਅਰਜਨ ਸਾਹਿਬ ਬਾਰੇ ਕਿਆਸ-ਅਰਾਈ ਕਰ ਰਹੇ ਹਨ, ‘ਗੁਰ
ਬਿਲਾਸ ਪਾਤਸ਼ਾਹੀ ੬’ ਵਿੱਚ ਇਸ ਤਰ੍ਹਾਂ ਦੀ ਕਲਪਣਾ ਨਹੀਂ ਕੀਤੀ ਗਈ ਹੈ। (ਨੋਟ: ਇਸ ਦਾ ਇਹ ਭਾਵ
ਨਹੀਂ ਹੈ ਕਿ ‘ਗੁਰ ਬਿਲਾਸ’ ਦੇ ਗੁਮਨਾਮ ਲੇਖਕ ਨੇ ਇਸ ਕਹਾਣੀ ਨੂੰ ਬਿਆਨ ਕਰਨ ਲਗਿਆਂ ਕਲਪਣਾ ਦਾ
ਸਹਾਰਾ ਨਹੀਂ ਲਿਆ ਹੈ। ਸਾਡਾ ਇਹ ਮੰਨਣਾ ਹੈ ਕਿ ਇਹ ਸਾਰੀ ਕਹਾਣੀ ਹੀ ਲੇਖਕ ਦੀ ਕਲਪਣਾ ਦਾ ਸਿੱਟਾ
ਹੈ।) ਭਾਈ ਸੰਤੋਖ ਸਿੰਘ ਜੀ ਇੱਕ ਪਾਸੇ ਇਹ ਲਿਖ ਰਹੇ ਹਨ ਕਿ ਗੁਰੂ ਸਾਹਿਬ ਰਬਾਬੀਆਂ ਨੂੰ ਝੂਠਿਆਂ
ਕਰਨ ਲਈ ਇਹਨਾਂ ਪਾਸ ਚਲ ਕੇ ਗਏ ਹਨ ਪਰ ਦੂਜੇ ਪਾਸੇ ਇਹ ਲਿਖ ਰਹੇ ਹਨ ਕਿ ਹਜ਼ੂਰ ਗੁਰੂ ਦਰਬਾਰ ਵਿੱਚ
ਰਬਾਬੀ ਦੀ ਲੋੜ, ਕੀਰਤਨ ਦਾ ਅਦਬ ਆਦਿ ਕਾਰਨ ਰਬਾਬੀਆਂ ਪਾਸ ਚਲ ਕੇ ਗਏ ਹਨ।
“ਧਰਮਸਾਲ ਸਾਲੋ ਜਹਾਂ ਤਿਸ ਕੇ ਨਿਕਟ ਨਿਕੇਤ। ਆਪ ਜਾਇ ਆਨਹਿ ਤਿਨਹਿ ਗਮਨੇ ਗੁਰ ਇਸ ਹੇਤੁ। ਗਮਨੇ
ਸ਼੍ਰੀ ਅਰਜਨ ਤਬਹਿ ਤਿਨ ਸਦਨ ਮਝਾਰੇ। ਕਰਨਿ ਹੇਤੁ ਆਦਰ ਸ਼ਬਦ ਸੋ ਗਾਵਨ ਹਾਰੇ। ਸ਼੍ਰੀ ਨਾਨਕ ਤੇ ਆਦਿ
ਗੁਰ ਸਭਿਹਿਨਿ ਇਹ ਰਾਖੇ। ਗਾਇ ਗੁਰੂ ਕੇ ਸਬਦ ਕੋ ਸਿਖ ਸੁਨਹਿਂ ਭਿਲਾਖੇ। ੨। ਬਹੁਤਨਿ ਕੋ ਕੱਲਯਾਨ
ਹੈ ਸੁਨਿਬੇ ਅਰੁ ਗਾਏ। ਬਹੁਰੋ ਆਦਰ ਸ਼ਬਦ ਕੋ ਬੀਚਾਰਤਿ ਜਾਏ। ਪੌਰ ਪ੍ਰਵੇਸ਼ੇ ਸਦਨ ਮਹਿਂ ਸ਼੍ਰੀ ਅਰਜਨ
ਠਾਂਢੇ। ਦੇਖਿ ਨ ਆਦਰ ਉਠਿ ਕਰਯੋ ਉਰ ਗਰਬ ਜੁ ਬਾਢੇ। ੩।
ਬੈਠਿ ਰਹੇ ਦੋਨਹੁ ਮੁਗਧ ਮੁਖ ਧਰਿ ਕਰਿ ਮੋਨਾ। ਮਹਿਮਾ ਲਖਹਿਂ ਨ ਗੁਰੂ ਕੀ ਚਲਿ ਆਏ ਭੌਨਾ। ਸੱਤੇ
ਅਰੁ ਬਲਵੰਡ ਤਬਿ’ ‘ਹਮ ਪਿਖਯੋ ਨ ਕੋਈ। ਕਹਾਂ ਖਜ਼ਾਨੋ ਹੈ ਧਰਯੋ ਤੁਮ ਭਾਖਤਿ ਜੋਈ। ਇੱਕ ਸਹੰਸ ਮੇਂ
ਬਯਾਹੁ ਹੁਇ ਸੌ ਹਮ ਨੇ ਪਾਏ। ਨਹਿਂ ਗਮਨਹਿਂ ਤੁਮ ਨਿਕਟ ਅਬਿ ਕਯਾ ਲੇਹਿਂ ਕਮਾਏ। ੬। ਅਪਰਥਾਨ ਰਹਿ
ਕਰਿ ਕਹੂੰ ਨਿਜ ਰਾਗ ਸੁਨਾਵੈਂ। ਲੇਹਿ ਦਰਬ ਉਰ ਭਾਵਤੋ, ਕਹਿ ਤਾਨ ਰਿਝਾਵੈਂ। ਜਿਤੇ ਬਰਖ ਤੁਮ ਢਿਗ
ਰਹੇ ਬਿੱਦਯਾ ਨਿਜ ਖੋਈ। ਸੁਨਿ ਰੀਝਤਿ ਜਾਨਤਿ ਗੁਨਨਿ ਪੈ ਮੌਜ ਨ ਕੋਈ। ੭। ਸ਼੍ਰੀ ਨਾਨਕ ਪੂਰਬ ਭਏ ਜਗ
ਕਿਨਹੁਂ ਨ ਜਾਨਯੋ। ਮਰਦਾਨਾ ਜਬਿ ਰਾਖਿਓ ਸਭਿ ਮਹਿਂ ਪ੍ਰਗਟਾਨਯੋ। ਸ਼੍ਰੀ ਅੰਗਦ ਗੁਰੁ ਅਮਰ ਜੀ ਤੁਮਰੋ
ਪਿਤ ਜੋਈ। ਪ੍ਰਗਟ ਰਬਾਬੀ ਕਰਤਿ ਭੇ ਇਮ ਲਖੈ ਨ ਕੋਈ। ੮। ਤੁਮ ਢਿਗ ਹਮ ਕਿਰਤਨ ਕਰੈਂ ਗੁਰ ਮਹਿਮਾ
ਗਾਵੈਂ। ਸੁਨਿ ਸੁਨਿ ਸਿਖ ਬਹੁ ਦੇਸ਼ ਕੇ ਬਸਤੂ ਗਨ ਲਯਾਵੈਂ। ਗੁਰੂ ਗੁਰੂ ਉਚਰਹਿਂ ਤੁਮੈ ਪੂਜਹਿਂ ਧਨ
ਆਨੈਂ। ਸੁਨਿ ਕਰਿ ਹਮਰੇ ਰਾਗ ਕੋ ਸੰਗਤਿ ਸਭ ਮਾਨੈ। ੯।
ਚੱਲਦਾ