.

‘ਵੰਡ ਛਕੋ’ ਅਤੇ ਸਮਾਜਿਕ ਅਸਥਿਰਤਾ

ਸਤਿੰਦਰਜੀਤ ਸਿੰਘ

ਸਿੱਖੀ ਵਿੱਚ ਇੱਕ ‘ਵੰਡ ਛਕੋ’ ਦਾ ਸਿਧਾਂਤ ਹੈ, ਜਿਸ ਦਾ ਮਤਲਬ ਕਿ ਬਿਨਾਂ ਕਿਸੇ ਭੇਦ-ਭਾਵ ਤੋਂ ਹਰ ਮਨੁੱਖ ਸਮਰੱਥਾ ਅਨੁਸਾਰ ਲੋੜਵੰਦ ਨਾਲ ਮਿਲ-ਵੰਡ ਕੇ ਖਾਵੇ, ਮਨੁੱਖ ਆਪਣੀ ਕਮਾਈ ਦੇ ਦਸਵੰਦ ਦੀ ਵਰਤੋਂ ਕਿਸੇ ਗਰੀਬ ਦਾ ਪੇਟ ਭਰਨ ਲਈ ਕਰੇ ਕਿਉਂਕਿ ‘ਗਰੀਬ ਦਾ ਮੂੰਹ ਗੁਰੂ ਦੀ ਗੋਲਕ’ ਹੁੰਦਾ ਹੈ। ਅਮੀਰ ਵਿਆਕਤੀ ਆਪਣੀ ਕਮਾਈ ਦਾ ਕੁਝ ਹਿੱਸਾ ਗਰੀਬ ਮਨੁੱਖ ਦੇ ਭਲੇ ਅਤੇ ਵਿਕਾਸ ਲਈ ਦਾਨ ਕਰੇ। ਜੇਕਰ ਸਾਰੇ ਲੋਕ ਇਸ ਸਿਧਾਂਤ ਨੂੰ ਅਪਣਾਉਂਦੇ ਤਾਂ ਅੱਜ ਅਮੀਰ-ਗਰੀਬ ਦਾ ਪਾੜਾ, ਕਿਸੇ ਕਿਰਤੀ ਨੂੰ ਕਰਜ਼ੇ ਥੱਲੇ ਦੀ ਲੰਘਾ ਪਰਨੇ ਦਾ ਰੱਸਾ ਬਣਾ ਝੂਟਣ ਲਈ ਮਜ਼ਬੂਰ ਨਾ ਕਰਦਾ ਅਤੇ ਨਾ ਹੀ ਕਿਸੇ ਮਜ਼ਬੂਰ ਬਾਪ ਨੂੰ ਸਲਫਾਸ ਦਾ ਸੁਆਦ ਚੱਖਣਾ ਪੈਂਦਾ। ਜੇ ਸਾਰੇ ਵੰਡ ਛਕਦੇ ਤਾਂ ਸਪਰੇਅ ਨਾਲ ਸਿਰਫ ਨਦੀਨ ਜਾਂ ਕੀਟ ਹੀ ਮਰਦੇ, ਕਿਰਤੀ ਨਹੀਂ...।

ਇਨਸਾਨ ਇਹਨਾਂ ਲਾਲਸਾਵਾਂ ਤੋਂ ਬਚ ਨਹੀਂ ਸਕਦਾ ਕਿਉਂਕਿ ਉੱਨਤੀ ਦੀ ਦੁਨੀਆ ਵਿੱਚ ਉੱਨਤ ਹੋਣ ਦਾ ਸੋਚਣ ਤੋਂ ਬਿਨਾਂ ਕੁਝ ਹੋਰ ਸੋਚਣ ਲਈ ਸਮਾਂ ਨਹੀਂ। ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦੇ ਹਾਂ ਪਰ ਵਿਚਾਰ ਕੇ ਮੰਨਣ ਤੋਂ ਕਤਰਾ ਜਾਂਦੇ ਹਾਂ। ਜੇ ਸੰਸਾਰ ਨੇ ਗੁਰੂ ਨਾਨਕ ਸਾਹਿਬ ਦੀਆਂ ਦੱਸੀਆਂ ਗੱਲਾਂ ‘ਤੇ ਅਮਲ ਕੀਤਾ ਹੁੰਦਾ ਤਾਂ ਅੱਜ ਸਮਾਜ ਵਿੱਚ ਸੁੱਖ ਤੋਂ ਉੱਪਰ ਦੁੱਖ ਨਾ ਹੁੰਦਾ, ਖੁਸ਼ੀਆਂ ਕਦੇ ਦੁੱਖਾਂ ਹੇਠ ਦਫਨ ਨਾ ਹੁੰਦੀਆਂ ਅਤੇ ਖੁਸ਼ਹਾਲੀ ਨੇ ਕੰਗਾਲੀ ਦੀ ਹੋਂਦ ਕਾਇਮ ਹੀ ਨਹੀਂ ਸੀ ਹੋਣ ਦੇਣੀ ਪਰ ਦੁਨਿਆਵੀ ਲੋਕ ਇਸ ਗੱਲੋਂ ਖੁੰਝ ਗਏ। ਸਮੇਂ ਨੇ ਐਸਾ ਰੂਪ ਬਦਲਿਆ ਕਿ ‘ਕਰਤੇ’ ਦੀ ਖੂਬਸੂਰਤ ਕਿਰਤ ‘ਇਨਸਾਨ’ ਸਭ ਨਾਲੋਂ ਵੱਧ ਖਤਰਨਾਕ ਅਤੇ ਵਿਕਰਾਲ ਰੂਪ ਧਾਰਨ ਕਰ ਗਈ। ਰਿਸ਼ਤੇ-ਨਾਤੇ ਸ਼ੀਸ਼ੇ ਨਾਲੋਂ ਵੀ ਜਲਦੀ ਟੁੱਟਣ ਲੱਗੇ ਅਤੇ ਲਹੂ ਤਾਂ ਪਾਣੀ ਨਾਲੋਂ ਵੀ ਪਤਲਾ ਹੋ ਗਿਆ। ਅੱਜ ਰੋਜ਼ਾਨਾ ਅਖਬਾਰਾਂ ਵਿੱਚੋਂ ਤਕਰੀਬਨ ਹਰ ਦਿਨ ਕਿਸੇ ਖੂਨ ਦੇ ਰਿਸ਼ਤੇ ਦਾ ਕਤਲ ਹੋਣ ਦੀ ਖਬਰ ਪੜ੍ਹਨ ਨੂੰ ਮਿਲ ਜਾਂਦੀ ਹੈ, ਭਰਾ, ਭਰਾ ਨੂੰ ਮਾਰ ਰਿਹਾ ਹੈ, ਪੁੱਤ, ਮਾਂ-ਬਾਪ ਨੂੰ ਮਾਰ ਰਿਹਾ ਹੈ, ਬਾਪ, ਪੁੱਤ ਨੂੰ ਮਾਰ ਰਿਹਾ ਹੈ...ਉਹ ਸਭ ਹੋ ਰਿਹਾ ਹੈ ਜਿਸਦੀ ਕਦੇ ਕਿਸੇ ਕਲਪਨਾ ਵੀ ਨਹੀਂ ਕੀਤੀ ਹੋਵੇਗੀ। ਇਹਨਾਂ ਕਤਲਾਂ ਪਿੱਛੇ ਕੋਈ ਹੋਰ ਨਹੀਂ ਬਲਕਿ ‘ਵੰਡ ਛਕੋ’ ਨਾਲੋਂ ਟੁੱਟਣਾ ਹੀ ਜ਼ਿੰਮੇਵਾਰ ਹੈ। ਸਭ ਨੂੰ ਆਪਣਾ ਭਵਿੱਖ ਸੰਵਾਰਨ ਦੀ ਸੋਚ ਨੇ ਵਲ ਮਾਰ ਲਿਆ ਹੈ, ਜ਼ਮੀਨਾਂ ਪਿੱਛੇ ਇੱਕੋਂ ਕੁੱਖੋਂ ਜੰਮੇ ਹੀ ਮਰਨ-ਮਾਰਨ ਤੱਕ ਚਲੇ ਜਾਂਦੇ ਹਨ, ਵੰਡ ਛਕਣ ਦੀ ਥਾਂ ਚੰਦ ਕੁ ਰੁਪਏ ਹਥਿਆਉਣ ਲਈ ਅਗਵਾ ਅਤੇ ਕਤਲਾਂ ਦੀ ਭਰਮਾਰ ਹੈ। ਸਭ ਨੂੰ ਆਪੋ-ਧਾਪੀ ਪਈ ਹੈ ਪੈਸਾ ਕਮਾਉਣ ਦੀ, ਇਸ ਲਈ ਭਾਵੇਂ ਕਿਸੇ ਆਪਣੇ ਨੂੰ ਹੀ ਕਿਉਂ ਨਾ ਮਾਰਨਾ ਪਵੇ...।

ਪੜ੍ਹੇ ਲਿਖੇ ਸਮਾਜ ਵਿੱਚ ਚਾਲਾਕ ਵਿਹ਼ਲੜਾਂ ਦੀ ਭਰਮਾਰ ਹੈ ਜੋ ਕਿ ਫਾਲਤੂ ਵਹਿਮਾਂ ਵਿੱਚ ਲੋਕਾਂ ਨੂੰ ਉਲਝਾ ਆਪ ਤਾਂ ਬੈਠੇ-ਬਿਠਾਏ ਹੀ ਅਮੀਰ ਹੋ ਰਹੇ ਹਨ ਪਰ ਮਿਹਨਤ ਕਰਨ ਵਾਲੇ ਕਮਾ ਕੇ ਵੀ ਗਰੀਬੀ ਵੱਲ ਵਧ ਰਹੇ ਹਨ। ਜੋਤਿਸ਼ੀ ਨਾਮ ਦੇ ਕੀਟਾਣੂਆਂ ਨੇ ਬਹੁਤ ‘ਰੋਗ’ ਫੈਲਾਏ ਹਨ ਸਮਾਜ ਵਿੱਚ। ਕਿਸੇ ਦੇ ‘ਕੀਤੇ-ਕਰਾਏ’ ਨੂੰ ਸਕਿੰਟਾਂ ਵਿੱਚ ਕੱਟਣ ਦਾ ਰੌਲਾ ਪਾ ਸਮਾਜ ਨੂੰ ਇੱਕ ਦੂਸਰੇ ਦਾ ਦੁਸ਼ਮਣ ਬਣਾ ਇਹ ਵਿਹਲੜ ਟੋਲੇ ਲੋਕਾਂ ਦੀ ਲੜਾਈ ਤੋਂ ਅਮੀਰੀ ਦਾ ਰਸਤਾ ਬਣਾ ਲੈਂਦੇ ਹਨ ‘ਤੇ ਲੋਕ ਇਹਨਾਂ ਠੱਗਾਂ ਪਿੱਛੇ ਲੱਗ ਕਈ ਵਾਰ ਐਸਾ ਕੰਮ ਕਰ ਬੈਠਦੇ ਹਨ ਜਿਸ ਨਾਲ ਜ਼ਿੰਦਗੀ ਨਰਕ ਬਣ ਜਾਂਦੀ ਹੈ। ਅੱਜ ਦਾ ਅਗਾਂਹ-ਵਧੂ ਅਤੇ ਪੜ੍ਹਿਆ-ਲਿਖਿਆ ਮਨੁੱਖ ਇਹਨਾਂ ਜੋਤਸ਼ੀਆਂ ਦੀਆਂ ਚਾਲਾਂ ਦਾ ਸ਼ਿਕਾਰ ਸਭ ਨਾਲੋਂ ਵੱਧ ਹੈ। ਉੱਚ-ਪਦਵੀਆਂ ‘ਤੇ ਪਹੁੰਚੇ ਲੋਕ ਵੀ ਇਹਨਾਂ ਵਿਹਲੜਾਂ ਤੋਂ ਬਚ ਨਹੀਂ ਸਕੇ। ਅਮੀਰ ਲੋਕ ਕਿਸੇ ਗਰੀਬ ਨਾਲ ਵੰਡ ਛਕਣ ਦੀ ਥਾਂ ਇਹਨਾਂ ਨਿਖੱਟੂ ਜੋਤਸ਼ੀਆਂ ਪਿੱਛੇ ਲੱਗ ਹਜ਼ਾਰਾਂ ਰੁਪਏ ਪੱਥਰਾਂ ‘ਤੇ ਫੂਕ ਉਂਗਲਾਂ ‘ਤੇ ਭਾਰ ਪਾਈ ਫਿਰਦੇ ਹਨ, ਸਿਰਫ ਆਪਣਾ ਘਰ ਭਰਨ ਲਈ।

ਇਹਨਾਂ ਵਿਹਲੜ ਜੋਤਸ਼ੀਆਂ ਨੇ ਸਿੱਖ ਧਰਮ ਦੇ ਨਿਆਰੇਪਣ ਨੂੰ ਵੀ ਬਹੁਤ ਵੱਡੇ ਪੱਧਰ ‘ਤੇ ਢਾਹ ਲਾਈ ਹੈ। ਸਿਰਫ ਇਹ ਜੋਤਿਸ਼ੀ ਹੀ ਨਹੀਂ ਬਲਕਿ ਸਿੱਖ-ਸਰੂਪ ਵਿੱਚ ਵਿਚਰ ਰਿਹਾ ‘ਅਖੌਤੀ ਸੰਤਾਂ’ ਦਾ ਟੋਲਾ ਵੀ ਇਹਨਾਂ ਜੋਤਸ਼ੀਆਂ ਦਾ ਹੀ ਬਦਲਵਾਂ ਰੂਪ ਹੈ। ਇਹ ਸੰਤ ਸਿੱਖਾਂ ਨੂੰ ਗੁਰਬਾਣੀ ਦੇ ਅਰਥਾਂ ਨੂੰ ਅਨਰਥ ਬਣਾ ਲੋਕਾਂ ਨੂੰ ਬੇਵਕੂਫ ਬਣਾ ਰਹੇ ਹਨ। ਆਲੀਸ਼ਾਨ ਡੇਰੇ ਤਾਂ ਸਮਾਜ ਵਿੱਚ ਬਣ ਗਏ ਪਰ ਖੁਸ਼ਹਾਲੀ ਕਦੇ ਇਹਨਾਂ ਡੇਰਿਆਂ ਦੀ ਚਾਰਦੀਵਾਰੀ ਤੋਂ ਬਾਹਰ ਨਹੀਂ ਆਈ। ਲੋਕਾਂ ਨੂੰ ‘ਵੰਡ ਛਕੋ’ ਦਾ ਸਿਧਾਂਤ ਦੱਸਣ ਵਾਲੇ ਇਹ ਵਿਹਲੜ ਖੁਦ ਇਕੱਲੇ ਛਕਦੇ ਹਨ, ਅੰਨ੍ਹੀ ਸ਼ਰਧਾ ਦਾ ਸ਼ਿਕਾਰ ਲੋਕਾਂ ਤੋਂ ਲੱਖਾਂ ਰੁਪਏ ਲੈ ਕੇ ਦੋ-ਚਾਰ ਲੱਡੂ ਜਾਂ ਚਾਰ ਟੁਕੜੇ ਬਰਫੀ ਦੇ ਫੜਾ ਲੋਕਾਂ ਨੂੰ ਖੁਸ਼ਹਾਲ ਕਰਦੇ ਹਨ। ਹੁਣ ਲੱਖਾਂ ਰੁਪਈਆਂ ਦੀ ਅੱਧ-ਪਾ ਮਠਿਆਈ ਖਰੀਦਣ ਵਾਲਾ ਇਸ ‘ਮਹਿੰਗਾਈ’ ਤੋਂ ਮੁਕਤੀ ਪਾਉਣ ਲਈ ਕਿਸੇ ਨਾ ਕਿਸੇ ਦਾ ਤਾਂ ‘ਢਿੱਡ ਵੱਢੇਗਾ ਹੀ’...! ਇਸ ਮਹਿੰਗਾਈ ਦੇ ਜ਼ਮਾਨੇ ਵਿੱਚ ‘ਵੰਡ ਛਕੋ’ ਦਾ ਸੰਦੇਸ਼ ਬੱਸ ‘ਬਾਬਾ’ ਜੀ ਨਾਲ ਵੰਡਣ ਤੱਕ ਹੀ ਸੀਮਤ ਰਹਿ ਜਾਂਦਾ ਹੈ ‘ਤੇ ਬਾਕੀ ਮੱਧਵਰਗੀ ਲੋਕਾਂ ਨਾਲ ਤਾਂ ‘ਬਾਬਾ’ ਜੀ ਗੱਲਾਂ ਵੰਡਦੇ ਹਨ ‘ਤੇ ਉਹ ਵੀ ਇਲਾਹੀ ਬਾਣੀ ਦੀਆਂ ਨਹੀਂ ਬਲਕਿ ਆਪਣੇ ਪਹਿਲੇ ਕਿਸੇ ਬਾਬੇ ਦੀਆਂ ਜੋ ਇਸ ਦੁਨੀਆਂ ਵਿੱਚ ਨਹੀਂ ਹੁੰਦਾ। ਝੂਠੀਆਂ ਕਹਾਣੀਆਂ ਦਾ ‘ਚੂਰਨ’ ਦੇ ਲੋਕਾਂ ਦੀ ਮਾਨਸਿਕ ਪੀੜਾਂ ਨੂੰ ਘਟਾਉਣ ਦਾ ਪਾਖੰਡ ਕੀਤਾ ਜਾਂਦਾ ਹੈ। ਕਦੇ ਕੋਈ ਬਾਬਾ ਕਿਸੇ ਕਰਜ਼ੇ ਵਿੱਚ ਡੁੱਬੇ ਇਨਸਾਨ ਦੇ ਘਰ ‘ਵੰਡ ਛਕਣ’ ਲਈ ਨਹੀਂ ਗਿਆ ਹਾਂ ‘ਡੁੱਬਦਾ ਤਿਣਕੇ ਦਾ ਸਹਾਰਾ’ ਮਿਲਣ ਦੀ ਉਮੀਦ ਵਿੱਚ ਇਹਨਾਂ ਡੇਰਿਆਂ ਤੱਕ ਜ਼ਰੂਰ ਆ ਜਾਂਦਾ ਹੈ ‘ਤੇ ਧਰਵਾਸਿਆਂ ਦੇ ਸਹਾਰੇ ਮੁੜ ਜਾਂਦਾ ਹੈ। ਕਦੇ ਨਹੀਂ ਸੁਣਿਆਂ ਕਿ ਫਲਾਣੇ ਬਾਬੇ ਨੇ ਕਿਸੇ ਕਰਜ਼ਈ ਪਰਿਵਾਰ ਦੀ ਮਾਲੀ ਮੱਦਦ ਕੀਤੀ ਹੋਵੇ, ਬਥੇਰੇ ਕਰਜ਼ਈ, ਸਫਲਤਾ ਅਤੇ ਤਰੱਕੀ ਦਾ ਮੂੰਹ ਤੱਕਣ ਦੀ ਉਮੀਦ ਵਿੱਚ ਕਰਜ਼ੇ ਦੇ ਰੁਪਈਆਂ ‘ਚੋਂ 5 ਜਾਂ 10 ਰੁਪਏ ਕੱਢ ਇਹਨਾਂ ਸਾਧਾਂ ਦੇ ਡੇਰਿਆਂ ‘ਤੇ ਪ੍ਰਸ਼ਾਦ ਚੜ੍ਹਾਉਣ ਜ਼ਰੂਰ ਆਉਂਦੇ ਹੋਣਗੇ, ਜੋ ਕਿ ‘ਬਾਬਾ ਜੀ’ ਦੀ ‘ਦਿੱਬ ਦ੍ਰਿਸ਼ਟੀ’ ਰਾਹੀਂ ਸਕੈਨ ਨਹੀਂ ਹੁੰਦੇ...।

ਲੋਕਾਂ ਦੇ ‘ਵੰਡ ਨਾ ਛਕਣ’ ਦੀ ਆਦਤ, ਲਾਲਸੀ ਅਤੇ ਲਾਲਚੀ ਤਬੀਅਤ ਦੇ ਕਾਰਨ ਹੀ ਸਮਾਜ ਵਿੱਚ ਸਾਧ-ਬਾਬਿਆਂ ਅਤੇ ਹੋਰ ਇਸ ਤਰ੍ਹਾਂ ਦੇ ਠੱਗ ਲੋਕਾਂ ਦਾ ‘ਜਨਮ’ ਹੁੰਦਾ ਹੈ। ਅਸਫਲਤਾ ਦਾ ਜੀਵਨ ਜਿਉਂਦੇ ਲੋਕ ਆਪੇ ਬਾਬੇ ਬਣ ਚਮਤਕਾਰ ਦਾ ਭਰਮ ਫੈਲਾਉਂਦੇ ਹਨ, ਬੇਕਾਰ ਅਤੇ ਬੇਮਤਲਬ ਦੀਆਂ ਗੱਲਾਂ ਨਾਲ ਹੀ ਲੋਕਾਂ ‘ਤੇ ‘ਕਿਰਪਾ’ ਕਰਦੇ ਹਨ। ਆਪੇ ਬਣੇ ਸੰਤ-ਬਾਬੇ ਲੋਕਾਂ ਨੂੰ ਸਫਲਤਾ, ਅਮੀਰੀ, ਕਾਰੋਬਾਰ ਵਿੱਚ ਵਾਧੇ ਆਦਿ ਦੇ ਨੁਸਖੇ ਦੱਸਦੇ ਹਨ ‘ਤੇ ਹਰ ਕੋਈ ਤੇਜ਼ ਰਫਤਾਰ ਜ਼ਮਾਨੇ ਦੇ ਹਾਣ ਦਾ ਹੋਣ ਲਈ ਇਹਨਾਂ ‘ਛੋਟੇ-ਛੋਟੇ’ ਰਾਹਾਂ ਰਾਹੀਂ ਅੱਗੇ ਵਧਣਾ ਚਾਹੁੰਦਾ ਹੈ। ਅਮੀਰ ਲੋਕ ਅਮੀਰੀ ਨੂੰ ਹੋਰ ‘ਖੂਬਸੂਰਤੀ’ ਪ੍ਰਦਾਨ ਕਰਨ ਲਈ ਇਹਨਾਂ ਵਿਹਲੜ ਸਾਧਾਂ ਦੇ ਚੁੰਗਲ ਵਿੱਚ ਜਾ ਫਸਦੇ ਹਨ ‘ਤੇ ਗਰੀਬ ਲੋਕ ਦੋ ਡੰਗ ਦੀ ਰੋਟੀ ਦਾ ਸਾਧਨ ਲੱਭਦੇ-ਲੱਭਦੇ ਇਹਨਾਂ ਬੂਬਨਿਆਂ ਦੇ ਡੇਰੇ ਜਾ ਵੜਦੇ ਹਨ। ਜੇ ਸਾਰੇ ਵੰਡ ਛਕਦੇ ਤਾਂ ਕੋਈ ਜ਼ਿੰਦਗੀ ਭੁੱਖ ਨਾਲ ਫੁੱਟਪਾਥ ‘ਤੇ ਦਮ ਨਾ ਤੋੜਦੀ, ਕਿਸੇ ਮਾਸੂਮ ਬੱਚੇ ਦਾ ਬਚਪਨ ਲੋਕਾਂ ਦੇ ਘਰਾਂ, ਢਾਬਿਆਂ ਆਦਿ ‘ਤੇ ਜੂਠੇ ਬਰਤਨ ਮਾਂਜਣ ਲਈ ਮਜ਼ਬੂਰ ਨਾ ਹੁੰਦਾ, ਕਿਸੇ ਦੇ ਬੁਢਾਪੇ ਨੂੰ ਆਪਣਾ ਭਾਰ ਆਪ ਢੋਣ ਲਈ ਕਿਸੇ ਦੇ ਹੱਥਾਂ ਵੱਲ ਨਾ ਦੇਖਣਾ ਪੈਂਦਾ, ਨੌਜੁਆਨ ਰੋਟੀ ਦੇ ਹੱਲ ਲਈ ਬੇਗਾਨੇ ਮੁਲਕਾਂ ਵੱਲ ਨਾ ਭੱਜਦੇ, ‘ਤੇ ਬੇਗਾਨੇ ਮੁਲਕ ਕਮਾਉਣ ਗਏ ਪੁੱਤ ਦੀ ਉਡੀਕ ਵਿੱਚ ਹੀ ਬਜ਼ੁਰਗ ਅੱਖਾਂ ਹਮੇਸ਼ਾ ਲਈ ਬੰਦ ਨਾ ਹੁੰਦੀਆਂ ਪਰ ਨਹੀਂ, ਹਰ ਕਿਸੇ ਨੂੰ ਇਕੱਲੇ ਹੜੱਪਣ ਦੀ ਕਾਹਲੀ ਹੈ, ਦੂਸਰੇ ਦਾ ਹੱਕ ਵੀ ‘ਆਪਣਾ’ ਬਣਾ ਲੈਣ ਦੀਆਂ ਤਰਕੀਬਾਂ ਦਿਮਾਗ ਵਿੱਚ ਹਲਚਲ ਪੈਦ ਕਰਦੀਆਂ ਹਨ। ਲੋਕਾਂ ਦੀ ਫਿਤਰਤ ਐਸੀ ਬਣ ਚੁੱਕੀ ਹੈ ਕਿ ਕਿਸੇ ਦੁੱਕੀ ਦੇ ਸਾਧ ਨੂੰ ਤਾਂ ਲੱਖਾਂ ਦੇ ਆਉਣਗੇ ਪਰ ਕਿਸੇ ਭੁੱਖੇ ਢਿੱਡ ਵਿੱਚ ਇੱਕ ਡੰਗ ਦੀ ਰੋਟੀ ਪਾਉਣੀ ‘ਮਹਿੰਗੀ’ ਸਮਝਦੇ ਹਨ।

ਅੱਜ ਦੇ ਆਧੁਨਿਕ ਸਮੇਂ ਦੇ ਸਮਝਦਾਰ ਲੋਕੋ, ਸਮਝਦਾਰ ਬਣੋ...ਇਹਨਾਂ ਵਿਹਲੜਾਂ ਦੇ ਚੁੰਗਲ ‘ਚੋਂ ਨਿਕਲੋ। ‘ਸੱਚ ਮਾਰਗ’ ਦੇ ਪਾਂਧੀ ਬਣੋ, ਜਿਸਨੂੰ ਭਾਲਣ ਦੀ ਜ਼ਰੂਰਤ ਨਹੀਂ, ਉਹ ਸਾਡੇ ਸਾਹਮਣੇ ਹੈ, ਉਸਨੂੰ ਬੱਸ ਪਹਿਚਾਨਣ ਦੀ, ਸਮਝਣ ਦੀ ਜ਼ਰੂਰਤ ਹੈ। ਗੁਰੂ ਨਾਨਕ ਸਾਹਿਬ ਨੇ ਜੋ ਰਸਤਾ ਮਾਨਵਤਾ ਨੂੰ ਸੁਝਾਇਆ ਉਹ ਨਿਰਸੰਦੇਹ ਖੁਸ਼ਹਾਲੀ ਦਾ ਰਸਤਾ ਹੈ, ਯਕੀਨ ਮੰਨੋ, ਉਸ ‘ਤੇ ਚੱਲ ਕੇ ਦੇਖੋ, ਦੁਖ-ਤਕਲੀਫ ਬਹੁਤ ਪਿੱਛੇ ਰਹਿ ਜਾਵੇਗੀ, ਤੁਹਾਡੀ ਨਜ਼ਰ ਤੋਂ ਵੀ ਬਹੁਤ ਦੂਰ...। ਸਮਾਜ ਦੀ ਦਸ਼ਾ ਸੁਧਾਰਨ ਲਈ ਆਪਣਾ-ਆਪਣਾ ਫਰਜ਼ ਪਹਿਚਾਣੋ, ਇੱਕ-ਦੂਸਰੇ ਦੇ ਸੁੱਖ-ਦੁੱਖ ਦੇ ਸਾਂਝੀ ਬਣੋ, ਕਹਿੰਦੇ ਹਨ ‘ਵੰਡਣ ਨਾਲ ਦੁੱਖ ਅੱਧਾ ਰਹਿ ਜਾਂਦਾ ਹੈ ‘ਤੇ ਖੁਸ਼ੀ ਦੁੱਗਣੀ ਹੋ ਜਾਂਦੀ ਹੈ’, ਇਸ ਲਈ ਇੱਕ-ਦੂਸਰੇ ਦੇ ਸੁੱਖ-ਦੁੱਖ ਵੰਡੋ ਤਾਂ ਜੋ ਅਲੋਪ ਹੋਈ ਮਾਨਸਕਿ ਸੰਤੁਸ਼ਟੀ ਅਤੇ ਸਕੂਨ ਵਾਪਿਸ ਆ ਸਕੇ। ਸਮਾਜ ਵਿੱਚ ਬਰਾਬਰਤਾ ਲਿਆਉਣ ਲਈ ‘ਵੰਡ ਛਕੋ’ ਤਾਂ ਜੋ ਕੋਈ ਵੀ ਗਰੀਬ ਭੁੱਖੇ ਪੇਟ, ਅਗਲੇ ਦਿਨ ਦੇ ਫਿਕਰ ਲੈ ਕੇ ਸੌਣ ਲਈ ਮਜ਼ਬੂਰ ਨਾ ਹੋਵੇ।




.