.

ਗੁਰਮਤਿ ਦਾ ਬੈਕੁੰਠ-

ਸਾਹਿਬਜ਼ਾਦਾ ਹਰਿਗੋਬਿੰਦ ਸਾਹਿਬ ਜੀ ਨੂੰ ਕਥਿਤ ਚਤੁਰਭੁਜੀ ਭਗਵਾਨ ਦਾ ਅਵਤਾਰ ਦਰਸਾ ਕੇ ਲਿਖਾਰੀ ਨੇ- ‘ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ॥’ਗੁਰੂਬਾਣੀ-ਫ਼ੁਰਮਾਨ ਦੀ ਭਰਪੂਰ ਖੰਡਣਾ ਪਹਿਲਾਂ ਹੀ ਕਰ ਲਈ ਸੀ, ਹੁਣ ਕਥਿਤ ਦਾਈ ਦੀ ਲੋਥ ਵਿਚੋਂ ਪ੍ਰਗਟ ਹੋਈ ਕਥਿਤ ਦੇਵੀ ਦੇ ਮੂੰਹੋਂ ਸਾਹਿਬਜ਼ਾਦਾ ਜੀ ਲਈ (30 ਨੰਬਰ ਸਵੱਯੇ ਵਿੱਚ ਦੋ ਵਾਰ ਤੇ 31ਵੀਂ ਚੌਪਈ ਇੱਕ ਵਾਰ) ਮਾਤਾ ਗੰਗਾ ਜੀ ਨੂੰ ਗਾਥਾ ਸੁਣਾ ਰਹੇ ਨਵ-ਜਨਮੇ ਮਾਸੂਮ ਬਾਲਕ, ਸਾਹਿਬਜ਼ਾਦਾ ਹਰਿ ਗੋਬਿੰਦ ਸਾਹਿਬ ਜੀ ਦੇ ਹੀ ਮੁਖਾਰਬਿੰਦ ਵਿਚੋਂ ਕਥਿਤ ਗਾਥਾ ਵਿਚਲੀ ਸ਼ੁਕਰ ਗੁਰੂ ਦੀ ਆਖੀ ਗਲ:-

. . ਤਬੈ ਬ੍ਰਿਸਪਤਿ ਬਚਨ ਉਚਾਰਾ। ਗੁਰੁ ਅਰਜਨ ਕੇ ਧਾਮ ਮਝਾਰਾ॥ 38॥

ਲੇਹੁ ਅਵਤਾਰ ਗੁਰੁ ਨਿਰੰਕਾਰੀ। ਤਿਨ ਕੇ ਮੁਖਿ ਤੁਮ ਅਸਥਨ ਧਾਰੀ॥ 39॥

ਇਸ ਤਰ੍ਹਾਂ, ‘ਨਿਰੰਕਾਰ ਰੂਪ ਗੁਰੂ’ ਦੀ ਜ਼ਬਾਨੀ ਕਹਿਆ ਕੁਫ਼ਰ ਦਰਸਾ ਕੇ, ਸਿੱਖ ਜਗਤ ਦੇ ਇਸ ਵਿਸ਼ਵਾਸ਼ ਨੂੰ ਵੀ ਕਰਾਰੀ ਚੋਟ ਪੁਚਾਈ ਹੈ, ਕਿ, ਸਤਿਗੁਰੂ ਨਾਨਕ ਸਾਹਿਬ ਜੀ ਦੇ ਉੱਤਰ ਅਧਿਕਾਰੀ ਕੇਵਲ ਉਸ ਸਮੇਂ ਹੀ ਗੁਰੂ-ਪਦਵੀ ਦੇ ਮਾਲਕ ਬਣਦੇ ਸਨ ਜਦ ਉਨ੍ਹਾਂ ਨੂੰ, ਸਤਿਗੁਰੂ ਨਾਨਕ ਜੀ ਤੋਂ ਸਥਾਪਤ ਹੋਈ ਮਰਯਾਦਾ ਅਨੁਸਾਰ ਗੁਰਿਆਈ ਸੌਂਪੀ ਜਾਂਦੀ ਰਹੀ ਸੀ। ਉਸ ਖ਼ਾਸ ਸਮੇਂ ਤੋਂ ਪਹਿਲਾਂ ਉਹ ਭਾਵੇਂ ਸਤਿਗੁਰੂ ਜੀ ਦੇ ਸਪੁੱਤਰ ਵੀ ਸਨ, ਤਦ ਵੀ ਉਹ ਸਿਖਾਂ ਦੇ (ਸਤਿਕਾਰ-ਜੋਗ) ਗੁਰੂਭਾਈ ਹੀ ਸਨ, ਅਥਵਾ, ਬਾਕਾਇਦਾ ਗੁਰਿਆਈ ਮਿਲਣ ਤੋਂ ਪਹਿਲਾਂ ਕਿਸੇ ਨੂੰ ‘ਗੁਰੂ’ ਕਦੇ ਨਹੀਂ ਕਿਹਾ ਜਾਂਦਾ।

ਪੁੱਤਰ ਦੀ ਪ੍ਰਾਪਤੀ ਲਈ ਅਧੀਰ ਹੋ ਕੇ (ਮਾਤਾ) ਗੰਗਾ ਜੀ ਨੂੰ ਆਪਣੇ ਸੇਵਕ ਬਾਬਾ ਬੁੱਢਾ ਜੀ ਵਲ ਤੋਰਨ ਤੋਂ ਆਰੰਭ ਹੋ ਕੇ, ਦੁੱਧ ਪਿਲਾਉਣ ਆਈ ਦਾਈ ਦੇ ਬੈਕੁੰਠ ਗਮਨ ਕਰਵਾਉਂਣ ਤੱਕ ਦਾ ਸਾਰਾ ਝੂਠ-ਡਰਾਮਾ, ਗੁਰੂ ਇਤਿਹਾਸ ਨੂੰ ਪੁਰਾਣਕ ਝੂਠ ਵਰਗਾ ਮਿਥਿਹਾਸ ਬਣਾਉਣ ਲਈ ਅਰੰਭੇ ਯਤਨਾ ਤੋਂ ਵੱਧ ਹੋਰ ਕੁੱਝ ਨਹੀਂ ਹੈ। ਕੁਟਲ ਲਿਖਾਰੀ, ਗੁਰ-ਖ਼ਾਲਸਾ ਜੀ ਦੇ ਮਨ ਵਿਚੋਂ ਪੁਰਾਣਕ ਝੂਠ ਤੋਂ ਦੂਰ ਰਹਿਣ ਦਾ ਉਹ ਅਨੁਭਵ, ਜੋ ਸਤਿਗੁਰੂ ਜੀ ਨੇ (15ਵੀਂ ਸਦੀ ਤੋਂ 1708 ਤੱਕ) ਸਵਾ ਦੋ ਸਦੀਆਂ ਆਪ ਪੂਰਨੇ ਪਾ ਕੇ ਪੈਦਾ ਕੀਤਾ ਸੀ, ਖ਼ਤਮ ਕਰਕੇ ਸਾਨੂੰ ਅਨੇਕਤਾ ਦੇ ਪੁਜਾਰੀ ਬਣਾ ਰਿਹਾ ਹੈ।

ਬੈਕੁੰਠ ਧਾਮ-ਕਲਪਣਾ ਦੀ ਉਪਜ, ਅਸਮਾਨੀ ਬਣੇ ਕਿਸੇ ਬੈਕੁੰਠ ਧਾਮ ਦਾ ਪਤਾ ਕੇਵਲ ਬ੍ਰਾਹਮਣ ਨੂੰ ਹੀ ਹੈ ਪਰ, ਗਾਥਾ ਵਿੱਚ ਬੈਕੁੰਠ ਦਾ ਜ਼ਿਕਰ ਸਾਹਿਬਜ਼ਾਦਾ ਹਰਿਗੋਬਿੰਦ ਸਾਹਿਬ ਜੀ ਦੇ ਪਾਵਨ ਮੁਖਾਰਬਿੰਦ ਵਿੱਚ ਪਾ ਕੇ ਕੁਟਲ ਲਿਖਾਰੀ ਨੇ ਗੁਰਮਤਿ ਦੇ ਬੜੇ ਜ਼ਰੂਰੀ ਸਿਧਾਂਤ ਦੀ ਖੰਡਣਾ ਕਰਨ ਦਾ ਭਰਪੂਰ ਯਤਨ ਕੀਤਾ ਹੈ। ਅਸਮਾਨੀ ਬਣੇ ਕਿਸੇ ਬੈਕੁੰਠ ਨੂੰ ਵੇਖਣ ਦਾ ਸਬੂਤ ਅੱਜ ਤੱਕ ਕਿਤੋਂ ਨਹੀਂ ਮਿਲ ਸਕਿਆ। ਗੁਰਮਤਿ ਦੇ ਅਸਲੀ ਬੈਕੁੰਠ ਦੇ ਦਰਸ਼ਨ ਕਰਨ ਤੋਂ ਪਹਿਲਾਂ, ਜਿਸ ਮੁਕਤੀ ਅਤੇ ਬੈਕੁੰਠ ਆਦਿ ਬਾਰੇ ਜੋ ਭਰਮ ਜੋਗੀਆਂ ਨੇ ਸਾਂਭ ਰਖਿਆ ਹੋਇਆ ਸੀ, ਉਸ ਬਾਰੇ ਭਰਥਰੀ ਜੋਗੀ ਨੂੰ ਸੰਬੋਧਨ ਕਰਕੇ ਸਤਿਗੁਰਾਂ ਨੇ ਅਸਲੀਯਤ ਸਮਝਾਈ ਹੈ। ਆਉ, ਸਤਿਗੁਰੂ ਨਾਨਕ ਸਾਹਿਬ ਜੀ ਦੇ ਉਸ ਸਿਧਾਂਤ ਨੂੰ ਸਮਝ ਕੇ ਦ੍ਰਿੜ ਕਰ ਲੈਣ ਦਾ ਯਤਨ ਕਰ ਲਈਏ:--

4- ਆਸਾ ਮਹਲਾ 1॥ ਗੁੜੁ ਕਰਿ ਗਿਆਨੁ ਧਿਆਨੁ ਕਰਿ ਧਾਵੈ ਕਰਿ ਕਰਣੀ ਕਸੁ ਪਾਈਐ॥

ਭਾਠੀ ਭਵਨੁ ਪ੍ਰੇਮ ਕਾ ਪੋਚਾ ਇਤੁ ਰਸਿ ਅਮਿਉ ਚੁਆਈਐ॥ 1॥ ਬਾਬਾ ਮਨੁ ਮਤਵਾਰੋ ਨਾਮ

ਰਸੁ ਪੀਵੈ ਸਹਜ ਰੰਗ ਰਚਿ ਰਹਿਆ॥ ਅਹਿਨਿਸਿ ਬਨੀ ਪ੍ਰੇਮ ਲਿਵ ਲਾਗੀ ਸਬਦੁ ਅਨਾਹਦ

ਗਹਿਆ॥ 1॥ ਰਹਾਉ॥ ਪੂਰਾ ਸਾਚੁ ਪਿਆਲਾ ਸਹਜੇ ਤਿਸਹਿ ਪੀਆਏ ਜਾ ਕਉ ਨਦਰਿ ਕਰੇ॥

ਅੰਮ੍ਰਿਤ ਕਾ ਵਾਪਾਰੀ ਹੋਵੈ ਕਿਆ ਮਦਿ ਛੂਛੈ ਭਾਉ ਧਰੇ॥ 2॥ ਗੁਰ ਕੀ ਸਾਖੀ ਅੰਮ੍ਰਿਤ ਬਾਣੀ

ਪੀਵਤ ਹੀ ਪਰਵਾਣੁ ਭਇਆ॥ ਦਰ ਦਰਸਨ ਕਾ ਪ੍ਰੀਤਮੁ ਹੋਵੈ ਮੁਕਤਿ ਬੈਕੁੰਠੈ ਕਰੈ

ਕਿਆ॥ 3॥ ਸਿਫਤੀ ਰਤਾ ਸਦ ਬੈਰਾਗੀ ਜੂਐ ਜਨਮੁ ਨ ਹਾਰੈ॥ ਕਹੁ ਨਾਨਕ ਸੁਣਿ ਭਰਥਰਿ

ਜੋਗੀ ਖੀਵਾ ਅੰਮ੍ਰਿਤ ਧਾਰੈ॥ 4॥ 4॥ 38॥ {360}

‘ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ ‘ਦੀ ਤੀਜੀ ਪੋਥੀ ਦੇ 75 ਸਫ਼ੇ ਤੇ ਇਸ ਪਾਵਨ ਗੁਰੂ ਸ਼ਬਦ ਦੇ ਅਰਥ ਇਸ ਪ੍ਰਕਾਰ ਹਨ:-

ਅਰਥ:-ਹੇ ਜੋਗੀ! (ਤੁਸੀਂ ਸੁਰਤ ਨੂੰ ਟਿਕਾਉਣ ਲਈ ਸ਼ਰਾਬ ਪੀਂਦੇ ਹੋ, ਇਹ ਨਸ਼ਾ ਉਤਰ ਜਾਂਦਾ ਹੈ, ਤੇ ਸੁਰਤਿ ਮੁੜ ਉੱਖੜ ਜਾਂਦੀ ਹੈ) ਅਸਲ ਮਸਤਾਨਾ ਉਹ ਮਨ ਹੈ ਜੋ ਪਰਮਾਤਮਾ ਦੇ ਸਿਮਰਨ ਦਾ ਰਸ ਪੀਂਦਾ ਹੈ (ਸਿਮਰਨ ਦਾ ਅਨੰਦ ਮਾਣਦਾ ਹੈ) ਜੋ (ਸਿਮਰਨ ਦੀ ਬਰਕਤਿ ਨਾਲ) ਅਡੋਲਤਾ ਦੇ ਹੁਲਾਰਿਆਂ ਵਿੱਚ ਟਿਕਿਆ ਰਹਿੰਦਾ ਹੈ, ਜਿਸ ਨੂੰ ਪ੍ਰਭੂ-ਚਰਨਾ ਦੇ ਪ੍ਰੇਮ ਦੀ ਇਤਨੀ ਲਿਵ ਲਗਦੀ ਹੈ ਕਿ ਦਿਨ ਰਾਤ ਬਣੀ ਰਹਿੰਦੀ ਹੈ, ਜੋ ਆਪਣੇ ਗੁਰੂ ਦੇ ਸ਼ਬਦ-ਗਿਆਨ ਨੂੰ ਸਦਾ ਇਕ-ਰਸ ਆਪਣੇ ਅੰਦਰ ਟਿਕਾਈ ਰੱਖਦਾ ਹੈ। 1. ਰਹਾਉ। (ਹੇ ਜੋਗੀ!) ਪਰਮਾਤਮਾ ਨਾਲ ਡੂੰਘੀ ਸਾਂਝ ਨੂੰ ਗੁੜ ਬਣਾ, ਪ੍ਰਭੂ-ਚਰਨਾਂ ਵਿੱਚ ਜੁੜੀ ਸੁਰਤਿ ਨੂੰ ਮਹੂਏ ਦੇ ਫੁੱਲ ਬਣਾ, ਉੱਚੇ ਆਚਰਨ ਨੂੰ ਕਿੱਕਰਾਂ ਦੇ ਸੱਕ ਬਣਾ ਕੇ (ਇਨ੍ਹਾਂ ਵਿਚ) ਰਲਾ ਦੇ। ਸਰੀਰਕ ਮੋਹ ਨੂੰ ਸਾੜ-ਇਹ ਸ਼ਰਾਬ ਕੱਢਣ ਦੀ ਭੱਠੀ ਤਿਆਰ ਕਰ, ਪ੍ਰਭੂ-ਚਰਨਾਂ ਵਿੱਚ ਪਿਆਰ-ਜੋੜ-ਇਹ ਹੈ ਉਹ ਠੰਡਾ ਮੋਚਾ ਜੋ ਅਰਕ ਵਾਲੀ ਨਾਲੀ ਉਤੇ ਫੇਰਨਾ ਹੈ। ਇਸ ਸਾਰੇ ਰਸ ਵਿਚੋਂ (ਅਟੱਲ ਆਤਮਕ ਜੀਵਨ ਦਾਤਾ) ਅੰਮ੍ਰਿਤ ਨਿਕਲੇਗਾ। 1. (ਹੇ ਜੋਗੀ!) ਇਹ ਹੈ ਉਹ ਪਿਆਲਾ ਜਿਸ ਦੀ ਮਸਤੀ ਸਦਾ ਟਿਕੀ ਰਹਿੰਦੀ ਹੈ, ਸਭ ਗੁਣਾ ਦਾ ਮਾਲਕ ਪ੍ਰਭੂ ਅਡੋਲਤਾ ਵਿੱਚ ਰੱਖ ਕੇ ਉਸ ਮਨੁੱਖ ਨੂੰ (ਇਹ ਪਿਆਲਾ) ਪਿਲਾਉਂਦਾ ਹੈ ਜਿਸ ਉਤੇ ਉਹ ਆਪ ਮੇਹਰ ਦੀ ਨਜ਼ਰ ਕਰਦਾ ਹੈ। ਜੇਹੜਾ ਮਨੁੱਖ ਅਟੱਲ ਆਤਮਕ ਜੀਵਨ ਦੇਣ ਵਾਲੇ ਇਸ ਰਸ ਦਾ ਵਪਾਰੀ ਬਣ ਜਾਏ ਉਹ (ਤੁਹਾਡੇ ਵਾਲੇ ਇਸ) ਹੋਛੇ ਸ਼ਰਾਬ ਨਾਲ ਪਿਆਰ ਨਹੀਂ ਕਰਦਾ। 2. ਜਿਸ ਮਨੁੱਖ ਨੇ ਅਟੱਲ ਆਤਮਕ ਜੀਵਨ ਦੇਣ ਵਾਲੀ ਗੁਰੂ ਦੀ ਸਿਖਿਆ-ਭਰੀ ਬਾਣੀ ਦਾ ਰਸ ਪੀਤਾ ਹੈ, ਉਹ ਪੀਂਦਿਆਂ ਹੀ ਪ੍ਰਭੂ ਦੀਆਂ ਨਜ਼ਰਾਂ ਵਿੱਚ ਕਬੂਲ ਹੋ ਜਾਂਦਾ ਹੈ, ਉਹ ਪ੍ਰਭੂ ਦੇ ਦਰ ਦੇ ਦੀਦਾਰ ਦਾ ਪ੍ਰੇਮੀ ਬਣ ਜਾਂਦਾ ਹੈ, ਉਸ ਨੂੰ ਨਾ ਮੁਕਤੀ ਦੀ ਲੋੜ ਰਹਿੰਦੀ ਹੈ ਨਾ ਬੂਕੁੰਠ ਦੀ। 3. ਹੇ ਨਾਨਕ! (ਆਖ-) ਹੇ ਭਰਥਰੀ ਜਹੋਗੀ! ਜੋ ਮਨੁੱਖ ਪ੍ਰਭੂ ਦੀ ਸਿਫ਼ਤਿ-ਸਾਲਾਹ ਵਿੱਚ ਰੰਗਿਅ ਗਿਆ ਹੈ ਉ ਸਦਾ (ਮਾਇਆ ਦੇ ਮੋਹ ਤੋਂ) ਵਿਰਕਤ ਰਹਿੰਦਾ ਹੈ ਉਹ ਆਤਮਕ ਮਨੁੱਖਾ ਜੀਵਨ ਜੂਏ ਵਿੱਚ (ਭਾਵ, ਅਜਾਈਂ) ਨਹੀਂ ਬਵਾਉਂਦਾ, ਉਹ ਤਾਂ ਅਟੱਲ ਆਤਮਕ ਜੀਵਨ ਦਾਤੇ ਆਨੰਦ ਵਿੱਚ ਮਸਤ ਰਹਿੰਦਾ ਹੈ। 4.

ਸਤਿਗੁਰੂ ਜੀ ਦੀ ਸਿਖਿਆ ਤੇ ਤੁਰ ਕੇ, ਪਰਮਾਤਮਾ ਦੇ ਦੇਸ਼ ਦੇ ਪਾਂਧੀ ਗੁਰਮੁਖਿ ਨੂੰ ਬ੍ਰਾਹਮਣੀ ਬੈਕੁੰਠ ਦੀ ਜਾਂ, ਪੁਰਣਾਂ ਵਿਚਲੀ ਦਰਸਾਈ, ਸਰੀਰਕ ਮੌਤ ਉਪਰੰਤ ਮਿਲਣ ਵਾਲੀ ਮੁਕਤੀ, ਦੀ, ਲੋੜ ਨਹੀਂ ਰਹਿੰਦੀ। ਆਉ ਸਚੁ ਦੀ ਲਖਾਇਕ ਗੁਰਮਤਿ ਦੇ ਅਸਲੀ ਬੈਕੁੰਠ ਦੇ ਦਰਸ਼ਨ ਕਰ ਲਈਏ:-

ਸੂਚੀ:- (2) -ਗਉੜੀ ਕਬੀਰ ਜੀ॥ ਨਾ ਜਾਨਾ ਬੈਕੁੰਠ ਕਹਾ ਹੀ॥ … …. ਸਾਧਸੰਗਤਿ ਬੈਕੁੰਠੈ ਆਹਿ॥ 4॥ 10॥ {325} (3) - “ਕਈ ਬੈਕੁੰਠ ਨਾਹੀ ਲਵੈ ਲਾਗੇ॥ ਮੁਕਤਿ ਬਪੁੜੀ ਭੀ ਗਿਆਨੀ ਤਿਆਗੇ॥ … … 8॥ 2॥ 7॥ {1078} (4) - … ਨਾ ਜਾਨਉ ਬੈਕੁੰਠੁ ਹੈ ਕਹਾਂ॥ …. . ਸਾਧਸੰਗਤਿ ਬੈਕੁੰਠੈ ਆਹਿ॥ 4॥ 8॥ 16॥ {1161} (5) -ਚਲੁ ਰੇ ਬੈਕੁੰਠ ਤੁਝਹਿ ਲੇ ਤਾਰਉ॥ ਹਿਚਹਿ ਤ ਪ੍ਰੇਮ ਕੈ ਚਾਬੁਕ ਮਾਰਉ॥ 2॥ 31॥ {329} (6) … ਜਿਥੈ ਰਖਹਿ ਬੈਕੁੰਠੁ ਞਤਿਥਾਈ ਤੂੰ ਸਭਨਾ ਕੇ ਪ੍ਰਤਿਪਾਲਾ ਜੀਉ॥ 3॥ 33॥ 40॥ {106} - (7) ਧਨਾਸਰੀ ਮਹਲਾ 5॥ … ਮੁਕਤਿ ਬੈਕੁੰਠ ਸਾਧ ਕੀ ਸੰਗਤਿ ਜਨ ਪਾਇਓ ਹਰਿ ਕਾ ਧਾਮ 1॥ … 2॥ 17॥ 48॥ {682} (8) ਸੂਹੀ ਮਹਲਾ 5॥ ਬੈਕੁੰਠ ਨਗਰੁ ਜਹਾ ਸੰਤ ਵਾਸਾ॥ …. . 4॥ 21॥ 27॥ (9) - ਰਾਮਕਲੀ ਮਹਲਾ 5॥ . . ਅਠਸਠਿ ਤੀਰਥ ਜਹ ਸਾਧ ਪਗ ਧਰਹਿ॥ ਤਹ ਬੈਕੁੰਠੁ ਜਹ ਨਾਮੁ ਉਚਰਹਿ॥ . . 4॥ 14॥ 25॥ . . {890}

ਬੇਅੰਤ ਗੁਰੂ ਸ਼ਬਦਾਂ ਰਾਹੀਂ ਸਤਿਗਰੂ ਜੀ ਸਮਝਾ ਰਹੇ ਹਨ ਕਿ, ਧਰਤੀ ਤੋਂ ਅੱਡਰਾ ਅਸਮਾਨਾ ਵਿੱਚ ਬਣੇ ਕਿਸੇ ਬੈਕੁੰਠ ਦੀ ਝਾਕ ਬ੍ਰਾਹਮਣੀ ਮਾਇਆ ਜਾਲ ਹੈ, ਪ੍ਰਭੂ ਦਾ ਭੈ ਹਿਰਦੇ ਵਿੱਚ ਵਸਾ ਕੇ ਵਿਕਾਰਾਂ ਤੋਂ ਰਹਿਤ ਪਰਉਪਕਾਰੀ ਜੀਵਨ ਹੀ ਅਸਲ ਬੈਕੁੰਠ ਹੈ। ਇਸ ਗੁਰਬਿਲਾਸ ਵਿਚਲੀ ਕੋਈ ਵੀ ਗਾਥਾ ਅਥਵਾ ਕੋਈ ਵੀ ਮਰਯਾਦਾ ਗੁਰਮਤਿ ਦੇ ਅਨਕੂਲ ਨਹੀਂ ਹੈ।

ਗੁਰਮਤਿ ਤੋਂ ਅਗਿਆਨਤਾ ਦੇ ਕਾਰਨ, ਹਉਮੈ ਦੀ ਗੂੜ੍ਹੀ ਨੀਂਦ ਵਿੱਚ ਸੁਤੇ, ਅਦੁਤੀ ਸੂਰਬੀਰਤਾ ਦੇ ਬਿਛੋਕੜ ਵਾਲੇ, ਹੇ ਦੂਲੇ ਖ਼ਾਲਸਾ ਜੀਓ! ਤੁਸੀਂ ਇਸ ਦੁਖਦਾਈ ਨੀਂਦ ਨੂੰ ਤਿਆਗ ਕੇ ਜੇ ਸ਼ੇਰਵਾਈ ਭਬਕਾਰ ਨਾ ਮਾਰੀ ਤਾਂ, ਕੁਟਲ ਬਿੱਪ੍ਰ ਨੇ, ਅਥਵਾ ਉਸ ਦੇ ਏਜੰਟਾਂ ਨੇ, ਸਿੱਖਾਂ ਦੇ ਉਵੇਂ ਹੀ ਧਰਮਗੁਰੂ ਆ ਬਣਨਾ ਹੈ, ਜਿਵੇਂ ਉਹ ਹਿੰਦੂ ਜਗਤ ਦੇ ਧਰਮ ਗੁਰੂ ਹਨ। ਖ਼ਾਲਸਾ ਜੀ ਦੇ ਅਜੋਕੇ ਧਰਮ ਆਗੂਆਂ ਵਲੋਂ ਜਾਰੀ ਕੀਤਾ “ਗੁਰਬਿਲਾਸ ਪਾਤਸ਼ਾਹੀ 6. ਗ੍ਰੰਥ ਉਸੇ ਹੀ ਅਪਾਰ ਖ਼ਤਰੇ ਦਾ ਘੜਿਆਲ ਆ ਖੜਕਿਆ ਹੈ। ਜਾਗੋ ਅਤੇ ਮਨਾ ਲਵੋ ਰੁੱਸ ਕੇ ਤੁਰੇ ਜਾਂਦੇ ਆਪਣੇ ਅਨੂਪਮ ਵਿਰਸੇ ਨੂੰ:-

5- ਗੁਰਮੁਖਿ ਜਾਗਿ ਰਹੇ ਚੂਕੀ ਅਭਿਮਾਨੀ ਰਾਮ॥ ਅਨਦਿਨੁ ਭੋਰੁ ਭਇਆ ਸਾਚਿ ਸਮਾਨੀ ਰਾਮ॥ ਸਾਚਿ ਸਮਾਨੀ ਗੁਰਮੁਖਿ ਮਨਿ ਭਾਨੀ ਗੁਰਮੁਖਿ ਸਾਬਤੁ ਜਾਗੇ॥ ਸਾਚੁ ਨਾਮੁ ਅੰਮ੍ਰਿਤੁ ਗੁਰਿ ਦੀਆ ਹਰਿ ਚਰਨੀ ਲਿਵ ਲਾਗੇ॥ ਪ੍ਰਗਟੀ ਜੋਤਿ ਜੋਤਿ ਮਹਿ ਜਾਤਾ ਮਨਮੁਖਿ ਭਰਮਿ ਭੁਲਾਣੀ॥ ਨਾਨਕ ਭੋਰੁ ਭਇਆ ਮਨੁ ਮਾਨਿਆ ਜਾਗਤ ਰੈਣਿ ਵਿਹਾਣੀ॥ 2॥ {1111} -3

ਗੁਰਬਖ਼ਸ਼ ਸਿੰਘ ਕਾਲਾ ਅਫ਼ਗਾਨਾ




.