ੴਸਤਿਗੁਰਪ੍ਰਸਾਦਿ॥
ਪਾਪ ਕੀ ਜੰਝ
(ਕਿਸ਼ਤ ਤੀਸਰੀ)
ਜੂਨ 1984 ਚੜ੍ਹਿਆ। ਸਾਰੇ ਦੇਸ਼
ਵਿੱਚ ਸਿੱਖ ਕੌਮ ਵੱਲੋਂ ਗੁਰੂ ਅਰਜੁਨ ਸਾਹਿਬ ਦਾ ਸ਼ਹੀਦੀ ਪੁਰਬ ਮਨਾਉਣ ਦੀਆਂ ਤਿਆਰੀਆਂ ਹੋ ਰਹੀਆਂ
ਸਨ। ਕਿਉਂਕਿ 3 ਤਾਰੀਖ ਦਾ ਗੁਰਪੁਰਬ ਸੀ, ਤੁਰੀ ਆਉਂਦੀ ਰਵਾਇਤ ਮੁਤਾਬਿਕ, ਗੁਰਪੁਰਬ ਵਾਲੇ ਦਿਨ
ਸੁਵੇਰੇ ਹੀ ਛਬੀਲਾਂ ਲਗਣੀਆਂ ਸ਼ੁਰੂ ਹੋ ਗਈਆਂ। ਸਿੱਖ ਸੰਗਤਾਂ ਵੱਲੋਂ ਆਂਦੇ-ਜਾਂਦੇ ਹਰ ਰਾਹਗੀਰਾਂ
ਨੂੰ ਕੌਮ ਮਜ਼ਹਬ ਦੀਆਂ ਹੱਦਾਂ ਤੋਂ ਉੱਪਰ ਉੱਠ, ਰੋਕ ਰੋਕ ਕੇ ਠੰਡਾ-ਮਿੱਠਾ ਜਲ ਛਕਾਇਆ ਜਾ ਰਿਹਾ ਸੀ।
ਸ਼ਾਇਦ ਉਹ ਸਿੱਖਾਂ ਪ੍ਰਤੀ ਦੇਸ਼ ਵਿੱਚ ਫੈਲੀ ਕੁੜੱਤਣ ਨੂੰ ਇਸ ਠੰਡੇ-ਮਿੱਠੇ ਜਲ ਨਾਲ ਖਤਮ ਕਰਨ ਦੀ
ਕੋਸ਼ਿਸ਼ ਕਰ ਰਹੇ ਸਨ, ਇਸ ਗੱਲ ਤੋਂ ਅਣਭੋਲ ਕਿ ਇਹ ਜ਼ਹਿਰ ਕਿਥੋਂ ਤੱਕ ਫੈਲ ਚੁੱਕਿਆ ਹੈ?
ਉਸ ਦਿਨ ਜਦੋਂ ਸਾਰੀ ਕੌਮ, ਸਤਿਗੁਰੂ ਦੀ ਧਰਮ ਅਤੇ ਮਨੁੱਖਤਾ ਲਈ ਕੀਤੀ ਲਾਸਾਨੀ ਸ਼ਹੀਦੀ ਦੇ ਸੋਹਿਲੇ
ਗਾ ਰਹੀ ਸੀ, ਗੁਰਦੁਆਰੇ ਦੀ ਸਟੇਜ ਤੋਂ ਚੌਧਰੀ ਸਾਬ ਵੀ ਭਾਸ਼ਨ ਕਰ ਰਹੇ ਸਨ, ‘ਗੁਰੂ ਸਾਹਿਬ ਨੇ ਆਪਣੇ
ਸਰੀਰ ਪਰ ਇਤਨੇ ਜ਼ੁਲਮ ਸਹਿ ਕਰ, ਇਤਨੀ ਲਾਸਾਨੀ ਕੁਰਬਾਨੀ ਕੀ, ਦੇਸ਼ ਕੋ ਇਸ ਪੇ ਮਾਨ ਹੈ, ਔਰ ਦੇਸ਼ ਕੋ
ਮਾਨ ਹੈ ਸੂਰਬੀਰ ਸਿੱਖ ਕੌਮ ਪੇ ਜਿਨ੍ਹੋਂ ਨੇ ਗੁਰੂ ਜੀ ਕੇ ਦਿਖਾਏ ਮਾਰਗ ਪਰ ਚੱਲ ਕਰ, ਦੇਸ਼ ਕੀ
ਆਜ਼ਾਦੀ ਕੇ ਲੀਏ ਮਹਾਨ ਕੁਰਬਾਨੀਆਂ ਕੀ। ਹਮ ਗੁਰੂ ਜੀ ਕੀ ਮਹਾਨ ਕੁਰਬਾਨੀ ਕੋ ਨਮਸਕਾਰ ਕਰਤੇ ਹੈਂ।’
ਗੁਰਦੁਆਰੇ ਦਾ ਸਾਰਾ ਹਾਲ ਜੈਕਾਰਿਆਂ ਨਾਲ ਗੂੰਜ ਉਠਿਆ। ਗੁਰਦੁਆਰੇ ਦੇ ਪ੍ਰਬੰਧਕਾਂ ਵੱਲੋਂ ਚੌਧਰੀ
ਸਾਬ ਨੂੰ ਸਿਰੋਪਾ ਪਹਿਨਾਇਆ ਗਿਆ।
ਇਧਰ ਗੁਰਪੁਰਬ ਦੇ ਪ੍ਰੋਗਰਾਮ ਚੱਲ ਰਹੇ ਸਨ, ਉਧਰੋਂ ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ, ਸਾਰੇ ਪੰਜਾਬ
ਅਤੇ ਚੰਡੀਗੜ੍ਹ ਨੂੰ ਫੌਜ ਦੇ ਹਵਾਲੇ ਕਰ ਦਿੱਤਾ ਗਿਐ … …, ਸਾਰੇ ਸੂਬੇ ਵਿੱਚ ਕਰਫਿਊ ਲੱਗਾ ਦਿੱਤੈ
… …, ਫੌਜ ਨੇ ਦਰਬਾਰ ਸਾਹਿਬ ਅਤੇ ਹੋਰ ਕਈ ਗੁਰਦੁਆਰਿਆਂ ਨੂੰ ਘੇਰਾ ਪਾ ਲਿਐ … …. , ਪੰਜਾਬ ਅਤੇ
ਚੰਡੀਗੜ੍ਹ ਵਿੱਚ ਸਭ ਖਬਰਾਂ `ਤੇ ਪਾਬੰਦੀ ਲਗਾ ਦਿੱਤੀ ਗਈ ਏ … … …। ਪੰਜਾਬ ਅਤੇ ਚੰਡੀਗੜ੍ਹ ਨੂੰ
ਸਾਰੇ ਦੇਸ਼ ਨਾਲੋ ਕੱਟ ਦਿੱਤਾ ਗਿਐ … …. . । ਟੇਲੀਫੋਨ ਆਦਿ ਸੰਪਰਕ ਦੇ ਸਾਰੇ ਸਾਧਨ ਕੱਟ ਦਿੱਤੇ ਗਏ
ਹਨ … …. । ਪੰਜਾਬ ਨੂੰ ਆਉਣ-ਜਾਣ ਵਾਲੀਆਂ ਸਾਰੀਆਂ ਰੇਲ ਗੱਡੀਆਂ ਰੱਦ ਕਰ ਦਿਤੀਆਂ ਗਈਆਂ ਨੇ … ….
। ਪਤਰੱਕਾਰਾਂ ਅਤੇ ਹੋਰ ਵਿਦੇਸ਼ੀਆਂ ਦਾ ਦਾਖਲਾ ਬੰਦ ਕਰ ਦਿੱਤਾ ਗਿਐ … …. . ।
ਪਹਿਲਾਂ ਹੀ ਪਰਸੋਂ ਤੋਂ ਇਹ ਖਬਰਾਂ ਮਿਲ ਰਹੀਆਂ ਸਨ ਕਿ ਸੀ ਆਰ ਪੀ ਐਫ ਨੇ ਦਰਬਾਰ ਸਾਹਿਬ ਤੇ ਬਹੁਤ
ਗੋਲੀਬਾਰੀ ਕੀਤੀ ਏ, ਹਾਲਾਂਕਿ ਸਰਕਾਰ ਵੱਲੋਂ ਖਬਰ ਇਹ ਦਿੱਤੀ ਗਈ ਕਿ ਖਾੜਕੂਆਂ ਨੇ ਦਰਬਾਰ ਸਾਹਿਬ
ਦੇ ਅੰਦਰੋਂ ਨੀਮ ਫੌਜੀ ਸੁਰੱਖਿਆ ਦਸਤਿਆਂ ਤੇ ਗੋਲੀ ਚਲਾਈ ਏ, ਪਰ ਬੀ. ਬੀ. ਸੀ. ਵੱਲੋਂ ਖਬਰ ਇਹ
ਦਿੱਤੀ ਗਈ ਕਿ ਭਾਰਤੀ ਨੀਮ ਫੌਜੀ ਦਸਤਿਆਂ ਨੇ ਸੱਤ ਘੰਟੇ ਦਰਬਾਰ ਸਾਹਿਬ ਵੱਲ ਗੋਲੀ ਚਲਾਈ ਅਤੇ
ਖਾੜਕੂਆਂ ਨੇ ਜੁਆਬ ਵਿੱਚ ਇੱਕ ਵੀ ਗੋਲੀ ਨਹੀਂ ਚਲਾਈ। ਸਾਰੀ ਸੰਗਤ ਵਿੱਚ ਖੁਸਰ ਪੁਸਰ ਸ਼ੁਰੂ ਹੋ ਗਈ।
ਗੁਰਦੁਆਰੇ ਦੇ ਬਾਹਰ ਕਈ ਗਰੁੱਪਾਂ ਵਿੱਚ ਸਿੱਖ ਇਕੱਠੇ ਹੋ ਗਏ। ਹਰ ਪਾਸੇ ਇਹੀ ਚਰਚਾ ਚੱਲ ਰਹੀ ਸੀ,
ਹਾਂ ਵਿੱਚਾਰ ਕਈ ਤਰ੍ਹਾਂ ਦੇ ਉਭਰ ਕੇ ਆ ਰਹੇ ਸਨ। ਕੋਈ ਆਖ ਰਿਹਾ ਸੀ, ‘ਇਹ ਹੋਣਾ ਹੀ ਸੀ,
ਅਤਿਵਾਦੀਆਂ ਨੇ ਅਤਿ ਵੀ ਬਹੁਤ ਚੁੱਕੀ ਹੋਈ ਸੀ’, ਕੋਈ ਦੂਸਰਾ ਕਹਿੰਦਾ, ‘ਸਰਕਾਰ ਦੀ ਬਹੁਤ ਵਧੀਕੀ
ਹੈ, ਅਜ਼ਾਦੀ ਤੋਂ ਬਾਅਦ ਹੀ, ਸਿੱਖਾਂ ਨਾਲ ਵਿਤਕਰਾ ਸ਼ੁਰੂ ਹੋ ਗਿਆ ਸੀ, ਫੇਰ ਸਿੱਖ ਵੀ ਕਿਥੋਂ ਤੱਕ
ਸਹਿੰਦੇ, ਆਖਰ ਤਾਂ ਕੌਮ ਨੇ ਜ਼ੁਲਮ ਦੇ ਖਿਲਾਫ ਅਵਾਜ਼ ਚੁੱਕਣੀ ਹੀ ਸੀ ਤੇ ਕਿਧਰੇ ਕੋਈ ਆਖ ਰਿਹਾ ਸੀ,
‘ਸਰਕਾਰ ਦੇ ਇਸ ਕਦਮ ਨਾਲ ਸਿੱਖ ਕੌਮ ਨੂੰ ਹੋਰ ਦੂਸਰੇ ਦਰਜੇ ਦੇ ਨਾਗਰਿਕ ਹੋਣ ਦਾ ਅਹਿਸਾਸ ਹੋਵੇਗਾ
ਅਤੇ ਹਾਲਾਤ ਹੋਰ ਖਰਾਬ ਹੋ ਜਾਣਗੇ’।
ਹਰ ਕੋਈ ਆਪਣੇ-ਆਪਣੇ ਤਰੀਕੇ ਨਾਲ ਕਿਆਸ ਰਾਈਆਂ ਲਾ ਰਿਹਾ ਸੀ ਤੇ ਆਪਣੀਆਂ ਭਾਵਨਾਵਾਂ ਜ਼ਾਹਿਰ ਕਰ
ਰਿਹਾ ਸੀ, ਬਲਦੇਵ ਸਿੰਘ ਚੌਧਰੀ ਹਰੀਸ਼ਰਨ ਦੇ ਨਾਲ ਗੁਰਦੁਆਰੇ `ਚੋਂ ਬਾਹਰ ਨਿਕਲਿਆ, ਨਾਲ ਗੁਰਦੁਆਰੇ
ਦੇ ਕੁੱਝ ਪ੍ਰਬੰਧਕ ਵੀ ਸਨ। ਬਹੁਤੀ ਸੰਗਤ ਉਨ੍ਹਾਂ ਨੂੰ ਵੇਖ ਕੇ ਉਧਰ ਨੂੰ ਉਮੜ ਪਈ, ਹਰ ਕਿਸੇ ਦੇ
ਚਿਹਰੇ `ਤੇ ਇੱਕ ਸੁਆਲ ਸੀ, ਇਸ ਤੋਂ ਪਹਿਲਾਂ ਕਿ ਕੋਈ ਹੋਰ ਸੁਆਲ ਕਰਦਾ, ਬਲਦੇਵ ਸਿੰਘ ਬੋਲ ਪਿਆ,
“ਇਹ ਸਭ ਮੰਦਭਾਗਾ ਹੈ, ਮੈਂ ਚੌਧਰੀ ਸਾਬ ਨਾਲ ਵੀ ਗੱਲ ਕੀਤੀ ਏ, ਸਾਡਾ ਖਿਆਲ ਹੈ ਕੱਲ ਤੱਕ ਸਭ ਠੀਕ
ਹੋ ਜਾਵੇਗਾ। ਸਰਕਾਰ ਨੇ ਅਤਿਵਾਦੀਆਂ ਨੂੰ ਫੜਨਾ ਹੈ, ਇਕ–ਅੱਧੇ ਦਿਨ ਤੱਕ ਸਭ ਫੜੇ ਜਾਣਗੇ ਤੇ ਅਮਨ
ਸ਼ਾਂਤੀ ਹੋ ਜਾਵੇਗੀ। ਪਰ ਅਸੀਂ ਆਪਣੇ ਸ਼ਹਿਰ ਵਿੱਚ ਹਰ ਹਾਲਤ ਵਿੱਚ ਅਮਨ-ਸ਼ਾਂਤੀ ਬਣਾ ਕੇ ਰਖਣੀ ਹੈ।
ਹਿੰਦੂ ਸਿੱਖ ਤਾਂ ਮੁੱਢ ਤੋਂ ਭਰਾ-ਭਰਾ ਹਨ।” ਨਾਲ ਹੀ ਚੌਧਰੀ ਹਰੀਸ਼ਰਨ ਨੇ ਇਸ ਗੱਲ ਦੀ ਪ੍ਰੋੜਤਾ ਕਰ
ਦਿੱਤੀ, “ਬਿਲਕੁਲ ਠੀਕ ਕਹਾ ਸਰਦਾਰ ਸਾਬ! ਹਮ ਭਾਈ-ਭਾਈ ਥੇ, ਭਾਈ-ਭਾਈ ਹੈਂ ਔਰ ਸਦਾ ਭਾਈ-ਭਾਈ
ਰਹੇਂਗੇ”, ਕਹਿੰਦੇ ਹੋਏ ਉਸਨੇ ਬਲਦੇਵ ਸਿੰਘ ਨੂੰ ਘੁੱਟ ਕੇ ਜੱਫੀ ਪਾ ਲਈ ਜਿਸਦਾ ਬਲਦੇਵ ਸਿੰਘ ਨੇ
ਵੀ ਪੂਰੀ ਗਰਮਜੋਸ਼ੀ ਨਾਲ ਜੁਆਬ ਦਿੱਤਾ। ਚੌਧਰੀ ਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੋਈ ਕਿ ਬਲਦੇਵ ਸਿੰਘ
ਨੇ ਉਸ ਨੂੰ ਬੜੇ ਔਖੇ ਸੁਆਲ ਦਾ ਜੁਆਬ ਦੇਣ ਤੋਂ ਬਚਾ ਲਿਆ ਸੀ। ਉਸ ਨੇ ਬਾਕੀ ਪ੍ਰਬੰਧਕਾਂ ਨਾਲ ਵੀ
ਹੱਥ ਮਿਲਾਇਆ ਤੇ ਕਾਰ ਵਿੱਚ ਬੈਠ ਕੇ ਉਥੋਂ ਨਿਕਲ ਗਿਆ।
ਬਲਦੇਵ ਸਿੰਘ ਸਮੇਤ ਸਾਰੇ ਪ੍ਰਬੰਧਕ ਅਤੇ ਹੋਰ ਸ਼ਹਿਰ ਦੇ ਪਤਵੰਤੇ ਸਿੱਖ ਗੁਰਦੁਆਰੇ ਦੇ ਦਫਤਰ ਵਿੱਚ ਆ
ਗਏ ਤੇ ਇਸ ਫੌਜੀ ਕਾਰਵਾਈ ਬਾਰੇ ਮੁੜ੍ਹ ਵਿੱਚਾਰਾਂ ਸ਼ੁਰੂ ਹੋ ਗਈਆਂ। ਇੱਕ ਗੱਲ ਵਾਸਤੇ ਸਾਰੇ ਇਕਮੱਤ
ਸਨ ਕਿ ਉਨ੍ਹਾਂ ਦਾ ਰੋਸ ਸਰਕਾਰ ਕੋਲ ਜ਼ਰੂਰ ਪਹੁੰਚਣਾ ਚਾਹੀਦਾ ਹੈ ਸੋ ਇੱਕਮਤ ਫੈਸਲਾ ਕੀਤਾ ਗਿਆ ਕਿ
ਦਰਬਾਰ ਸਾਹਿਬ ਤੇ ਹੋਰ ਗੁਰਦੁਆਰਿਆਂ `ਤੇ ਇਸ ਫੌਜੀ ਕਾਰਵਾਈ ਦੇ ਵਿਰੋਧ ਵਿੱਚ ਕਾਨਪੁਰ ਦੇ ਸਾਰੇ
ਸਿੱਖ ਕੱਲ ਆਪਣੇ ਕਾਰੋਬਾਰ ਬੰਦ ਰਖਣਗੇ। ਉਸੇ ਵੇਲੇ ਇਹ ਫੈਸਲਾ ਸੰਗਤ ਵਿੱਚ ਸੁਣਾਇਆ ਗਿਆ ਤਾਂ ਸਾਰੀ
ਸੰਗਤ ਨੇ ਜੈਕਾਰਿਆਂ ਦੀ ਗੂੰਜ ਨਾਲ ਇਸ ਦੀ ਪ੍ਰਵਾਨਗੀ ਦਿੱਤੀ।
ਘਰ ਪਹੁੰਚੇ ਤਾਂ ਅੱਗੋਂ ਉਥੇ ਵੀ ਇਹੀ ਚਰਚਾ ਚੱਲ ਰਹੀ ਸੀ। ਹਰਮੀਤ ਸਿੰਘ ਬਹੁਤ ਗੁੱਸੇ ਵਿੱਚ ਜਾਪਦਾ
ਸੀ। ਸ੍ਰ. ਬਲਦੇਵ ਸਿੰਘ ਨੂੰ ਵੇਖਦੇ ਹੀ ਬੜੇ ਤਿੱਖੇ ਲਫਜ਼ਾਂ ਵਿੱਚ ਬੋਲਿਆ, “ਭਾਪਾ ਜੀ! ਵੇਖਿਆ ਜੇ
ਸਰਕਾਰ ਨੇ ਕਿਤਨੀ ਵਧੀਕੀ ਕੀਤੀ ਏ, ਸਾਡੇ ਗੁਰਦੁਆਰਿਆਂ ਦੀ ਬੇਅਦਬੀ ਕੀਤੀ ਜਾ ਰਹੀ ਹੈ …. . ।”
ਬਲਦੇਵ ਸਿੰਘ ਹੈਰਾਨ ਰਹਿ ਗਿਆ, ਉਸ ਨੇ ਪੁੱਤਰ ਨੂੰ ਕਦੇ ਇਤਨਾ ਗੁੱਸੇ ਵਿੱਚ ਨਹੀਂ ਸੀ ਵੇਖਿਆ। ਉਹ
ਵਿੱਚੋਂ ਹੀ ਉਸ ਦੀ ਗੱਲ ਕੱਟ ਕੇ ਬੋਲਿਆ, “ਸ਼ਾਂਤ, ਹਰਮੀਤ ਸ਼ਾਂਤ, ਅੱਜ ਤੈਨੂੰ ਕੀ ਹੋ ਗਿਐ, ਨਾਲੇ
ਗੁੱਸਾ ਤਾਂ ਕਿਸੇ ਮਸਲੇ ਦਾ ਹੱਲ ਨਹੀਂ। ਰੱਲ ਕੇ ਵਿੱਚਾਰ ਕਰਦੇ ਹਾਂ। ਤੂੰ ਕੀ ਸਮਝਦੈਂ, ਮੈਨੂੰ
ਦੁੱਖ ਨਹੀਂ ਲੱਗਾ?” ਹਰਮੀਤ ਨੇ ਇੱਕ ਦਮ ਆਪਣੇ-ਆਪ ਨੂੰ ਸੰਭਾਲਿਆ। ਉਹ ਤਾਂ ਕਦੇ ਪਿਤਾ ਦੇ ਅੱਗੇ
ਉਚੀ ਅਵਾਜ਼ ਵਿੱਚ ਨਹੀਂ ਸੀ ਬੋਲਿਆ। ਉਹ ਆਪ ਹੈਰਾਨ ਸੀ ਕਿ ਅੱਜ ਕਿਵੇਂ ਭਾਵਨਾਵਾਂ ਦੇ ਵੇਗ ਵਿੱਚ
ਪਿਤਾ ਅੱਗੇ ਕੁੱਝ ਤਿਖੇ ਬੋਲ ਬੋਲ ਗਿਆ ਸੀ। ਉਸ ਨੂੰ ਆਪਣੇ-ਆਪ ਵਿੱਚ ਕੁੱਝ ਸ਼ਰਮਿੰਦਗੀ ਜਿਹੀ
ਮਹਿਸੂਸ ਹੋਈ। ਪਰ ਇਸ ਤੋਂ ਪਹਿਲਾਂ ਕਿ ਉਹ ਕੁੱਝ ਬੋਲਦਾ, ਬਲਦੇਵ ਸਿੰਘ ਫੇਰ ਬੋਲ ਪਿਆ, “ਰੋਜ਼ ਤਾਂ
ਖਬਰਾਂ ਪੜ੍ਹ-ਸੁਣ ਰਹੇ ਹਾਂ, ਖਾੜਕੂਆਂ ਨੇ ਕਿਤਨੀ ਅਤਿ ਚੁਕੀ ਹੋਈ ਏ, ਸਗੋਂ ਉਹ ਗੁਰਦੁਆਰਿਆਂ ਦੀ
ਬੇਅਦਬੀ ਕਰ ਰਹੇ ਨੇ। ਉਥੇ ਕੈਸੇ-ਕੈਸੇ ਕੁਕਰਮ ਕਰ ਰਹੇ ਨੇ, ਰੋਜ਼ ਅਖਬਾਰਾਂ ਵਿੱਚ ਆਉਂਦੈ। ਆਖਰ
ਸਰਕਾਰ ਵੀ ਕਿਤਨੀ ਦੇਰ ਬਰਦਾਸ਼ਤ ਕਰਦੀ, ਕੁੱਝ ਤਾਂ ਕਰੜਾਈ ਵਰਤਣੀ ਹੀ ਪੈਣੀ ਸੀ। ਮੈਨੂੰ ਜਾਪਦੈ ਕੱਲ
ਤੱਕ ਸਰਕਾਰ ਨੇ ਖਾੜਕੂਆਂ ਨੂੰ ਕਾਬੂ ਕਰ ਲੈਣੈ ਤੇ ਅਮਨ-ਅਮਾਨ ਹੋ ਜਾਣੈ।” ਬਲਦੇਵ ਸਿੰਘ ਨੇ ਬੜੇ
ਠਰ੍ਹਮੇਂ ਨਾਲ ਸਮਝਾਉਂਦੇ ਹੋਏ ਕਿਹਾ। ਉਸ ਦੀਆਂ ਗੱਲਾਂ ਤੋਂ ਸਾਫ ਪਤਾ ਚਲ ਰਿਹਾ ਸੀ ਕਿ ਸਰਕਾਰੀ
ਪਰਚਾਰ ਦਾ ਜਾਦੂ ਉਸ ਦੇ ਸਿਰ ਚੜ੍ਹ ਕੇ ਬੋਲ ਰਿਹੈ।
ਹਰਮੀਤ ਸਿੰਘ ਆਪਣੇ ਜਜ਼ਬਾਤ `ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰਦੇ ਹੋਏ ਬੜੇ ਠਰ੍ਹਮੇਂ ਨਾਲ ਪਰ ਭਾਵੁਕ
ਹੁੰਦਾ ਹੋਇਆ ਬੋਲਿਆ, “ਭਾਪਾ ਜੀ, ਇਹ ਤਾਂ ਸਾਰਾ ਸਰਕਾਰ ਦਾ ਕੂੜ ਪਰਚਾਰ ਏ। ਅਸਲੀਅਤ ਤਾਂ ਮੈਨੂੰ
ਦਿੱਲੀ ਜਾਕੇ ਪਤਾ ਲੱਗੀ ਏ। ਸਗੋਂ ਸਰਕਾਰ ਸਿੱਖ ਨੌਜੁਆਨਾਂ ਉਤੇ ਅਤਿ ਦਾ ਕਹਿਰ ਢਾਅ ਰਹੀ ਏ। ਸਰਕਾਰ
ਆਪਣੇ ਏਜੰਟਾਂ ਕੋਲੋਂ ਨਿਰਦੋਸ਼ ਲੋਕਾਂ ਦੇ ਕਤਲ ਕਰਾ ਕੇ, ਬਦਨਾਮ ਸਿੱਖਾਂ ਨੂੰ ਕਰ ਰਹੀ ਏ, ਅਤੇ ਉਸੇ
ਬਹਾਨੇ ਸਿੱਖ ਨੌਜੁਆਨਾਂ ਨੂੰ ਝੂਠੇ ਮੁਕਾਬਲਿਆਂ ਵਿੱਚ ਮਾਰ ਰਹੀ ਏ। ਨਾਲੇ ਜੇ ਕੁੱਝ ਕਰਨਾ ਹੀ ਸੀ
ਤਾਂ ਕੀ ਗੁਰਪੁਰਬ ਦਾ ਦਿਨ ਹੀ ਲੱਭਾ ਸੀ, ਜਿਸ ਦਿਨ ਹਜ਼ਾਰਾਂ ਸੰਗਤਾਂ ਗੁਰਦੁਆਰੇ ਗੁਰਪੁਰਬ ਮਨਾਉਣ
ਲਈ ਆਈਆਂ ਹੋਣੀਐ?” ਹਰਮੀਤ ਜੋ ਪਿਛਲੇ ਸਾਲ ਤੋਂ ਦਿੱਲੀ ਐਮ. ਬੀ. ਏ. ਦੀ ਪੜ੍ਹਾਈ ਕਰ ਰਿਹਾ ਸੀ,
ਅੱਜਕਲ ਛੁੱਟੀਆਂ ਹੋਣ ਕਾਰਨ ਘਰ ਆਇਆ ਹੋਇਆ ਸੀ। ਉਸ ਦੇ ਹਰ ਲਫਜ਼ ਤੋਂ ਪਤਾ ਲੱਗ ਰਿਹਾ ਸੀ, ਉਸ ਦਾ
ਮਨ ਦੁੱਖ ਅਤੇ ਰੋਸ ਨਾਲ ਭਰਿਆ ਪਿਐ।
“ਇਸ ਗੱਲ ਦੀ ਤਾਂ ਮੈਨੂੰ ਵੀ ਬੜੀ ਹੈਰਾਨਗੀ ਏ, ਕਿ ਸਰਕਾਰ ਨੇ ਇਸ ਕਾਰਵਾਈ ਲਈ ਗੁਰਪੁਰਬ ਦਾ ਦਿਨ
ਹੀ ਕਿਉਂ ਚੁਣਿਐ”, ਬਲਦੇਵ ਸਿੰਘ ਨੇ ਆਪਣੇ ਆਪ ਵਿੱਚ ਕੁੱਝ ਸੋਚਦੇ ਹੋਏ ਕਿਹਾ। ਫਿਰ ਜਿਵੇਂ ਆਪੇ ਹੀ
ਕਿਸੇ ਨਿਰਣੇ `ਤੇ ਪਹੁੰਚਣ ਦੀ ਕੋਸ਼ਿਸ਼ ਕਰ ਰਿਹਾ ਹੋਵੇ, ਬੁੜਬੁੜਾ ਪਿਆ, “ਸਰਕਾਰ ਦੀ ਕੋਈ ਖਾਸ
ਮਜ਼ਬੂਰੀ ਹੋਵੇਗੀ।” ਸਾਫ ਪਤਾ ਚਲ ਰਿਹਾ ਸੀ, ਉਸ ਦਾ ਮਨ ਹਰਮੀਤ ਦੀਆਂ ਗੱਲਾਂ `ਤੇ ਵਿਸ਼ਵਾਸ ਕਰਨ ਲਈ
ਤਿਆਰ ਨਹੀਂ।
ਵਿੱਚੋਂ ਹੀ ਗੁਰਮੀਤ ਕੌਰ ਬੋਲ ਪਈ, “ਸਵੇਰੇ ਮੂੰਹ ਹਨੇਰੇ ਦੇ ਘਰੋਂ ਗਏ ਓ, ਥੱਕ ਗਏ ਹੋਵੋਗੇ, ਹੁਣ
ਰਤਾ ਅਰਾਮ ਕਰ ਲਓ, ਗੱਲਾਂ ਫੇਰ ਕਰ ਲੈਣਾ।”
“ਹਾਂ ਮੀਤਾ, ਸੱਚ-ਮੁੱਚ ਬਹੁਤ ਥੱਕਿਆ ਹੋਇਆਂ, ਲਿਆ ਪਹਿਲਾਂ ਪਾਣੀ ਪਿਆ ਦੇ” ਕਹਿੰਦੇ ਹੋਏ ਉਹ ਉਠ
ਕੇ ਆਪਣੇ ਕਮਰੇ ਵੱਲ ਤੁਰ ਪਿਆ ਅਤੇ ਮੀਤਾ ਰਸੋਈ ਵੱਲ ਪਾਣੀ ਲੈਣ ਲਈ। ਉਸ ਨੂੰ ਸ਼ਰਮਿੰਦਗੀ ਮਹਿਸੂਸ
ਹੋਈ ਕਿ ਉਹ ਅੱਜ ਘਰ ਆਏ ਪਤੀ ਨੂੰ ਪਾਣੀ ਪੁੱਛਣਾ ਵੀ ਭੁੱਲ ਗਈ ਸੀ।
“ਚਾਹ ਦਾ ਕੱਪ ਲਿਆਵਾਂ?”, ਗੁਰਮੀਤ ਨੇ ਪਾਣੀ ਦਾ ਗਲਾਸ ਫੜਾਉਂਦੇ ਹੋਏ ਪਤੀ ਨੂੰ ਪੁੱਛਿਆ।
“ਨਹੀਂ ਬਸ ਪਾਣੀ ਹੀ ਪੀਣਾ ਸੀ”, ਬਲਦੇਵ ਸਿੰਘ ਨੇ ਪਾਣੀ ਪੀ ਕੇ ਗਲਾਸ ਵਾਪਸ ਫੜਾਉਂਦੇ ਹੋਏ ਕਿਹਾ
ਤੇ ਪਲੰਘ `ਤੇ ਲੇਟ ਗਿਆ।
ਸਾਰੇ ਦੇਸ਼ ਦੇ ਸਿੱਖਾਂ ਦੀਆਂ ਨਜ਼ਰਾਂ ਅੰਮ੍ਰਿਤਸਰ ਤੋਂ ਆ ਰਹੀਆਂ ਖਬਰਾਂ ਤੇ ਟਿੱਕੀਆਂ ਹੋਈਆ ਸਨ। ਹਰ
ਸਿੱਖ ਦੁਖੀ ਸੀ। ਇਹ ਅਲੱਗ ਗੱਲ ਹੈ ਕਿ ਬਹੁਤੇ ਸਰਕਾਰ ਦੀ ਕਾਰਵਾਈ ਤੋਂ ਨਾਖੁਸ਼ ਸਨ ਤਾਂ ਕਈ ਦੋਸ਼
ਖਾੜਕੂਆਂ ਨੂੰ ਦੇ ਰਹੇ ਸਨ। ਬਲਦੇਵ ਸਿੰਘ ਅੰਮ੍ਰਿਤ ਵੇਲੇ ਗੁਰਦੁਆਰੇ ਗਿਆ ਤਾਂ ਉਥੇ ਵੀ ਇਹੀ ਚਰਚਾ
ਸੀ। ਘਰ ਆਕੇ ਅਖਬਾਰ ਚੁੱਕੀ ਤਾਂ ਉਥੇ ਵੀ ਮੁੱਖ ਸੁਰਖੀ ਇਸੇ ਖਬਰ ਦੀ ਸੀ, ਉਂਝ ਸਾਰੀ ਅਖਬਾਰ ਹੀ
ਖਾੜਕੂਆਂ ਦੀ ਬਦਖੋਹੀ ਨਾਲ ਭਰੀ ਪਈ ਸੀ। ਇਨੇ ਨੂੰ ਮੀਤਾ ਆਕੇ ਚਾਹ ਦਾ ਕੱਪ ਅਤੇ ਕੁੱਝ ਬਿਸਕੁਟ
ਅੱਗੇ ਰੱਖ ਗਈ। ਅਖਬਾਰ `ਤੇ ਨਜ਼ਰ ਮਾਰ ਕੇ ਟੀ. ਵੀ. ਲਾਇਆ ਤਾਂ ਖਬਰ ਆ ਰਹੀ ਸੀ, ‘ਫੌਜ ਨੇ ਸਾਰੇ
ਦਰਬਾਰ ਸਾਹਿਬ ਸਮੂਹ ਨੂੰ ਘੇਰਾ ਪਾ ਲਿਐ, ਸੰਗਤਾਂ ਦਾ ਦਰਬਾਰ ਸਾਹਿਬ ਵਿੱਚ ਦਾਖਲਾ ਬੰਦ ਹੈ। ਜਿਹੜੇ
ਸ਼ਰਧਾਲੂ ਪਹਿਲਾਂ ਦਰਬਾਰ ਸਾਹਿਬ ਦੇ ਅੰਦਰ ਸਨ, ਉਨ੍ਹਾਂ ਨੂੰ ਬਾਹਰ ਆਉਣ ਲਈ ਕਿਹੈ ਪਰ ਸੁਰੱਖਿਆਂ
ਏਜੰਸੀਆਂ ਉਨ੍ਹਾਂ ਦੀ ਜਾਂਚ ਕਰ ਰਹੀਆ ਨੇ ਕਿ ਕੋਈ ਅਤਿਵਾਦੀ ਸੰਗਤਾਂ ਦੇ ਬਹਾਨੇ ਬਾਹਰ ਨਾ ਨਿਕਲ
ਜਾਵੇ …. ।’ ਉਸ ਦਾ ਮਨ ਇੱਕ ਦਮ ਉਦਾਸ ਹੋ ਗਿਆ, ਖਿਆਲ ਆਇਆ, ਸੰਗਤਾਂ ਨੂੰ ਦਰਬਾਰ ਸਾਹਿਬ ਦੇ
ਦਰਸ਼ਨਾਂ ਤੋਂ ਰੋਕਣਾ ਤਾਂ ਗਲਤ ਏ। ਜਿਨ੍ਹਾਂ ਦੇ ਜੀਵਨ ਦਾ ਨੇਮ ਬਣਿਆ ਹੋਇਐ, ਉਨ੍ਹਾਂ ਦੇ ਦਿਲਾਂ ਤੇ
ਕੀ ਬੀਤ ਰਹੀ ਹੋਵੇਗੀ? ਅਜੇ ਇਸ ਸੋਚ ਵਿੱਚ ਹੀ ਪਿਆ ਸੀ ਕਿ ਮੀਤਾ ਦੀ ਅਵਾਜ਼ ਕੰਨੀ ਪਈ, “ਕੀ ਗੱਲ ਏ,
ਕਿਥੇ ਗੁਆਚੇ ਪਏ ਓ? ਚਾਹ ਵਿੱਚੇ ਪਈ ਠੰਡੀ ਹੋ ਗਈ ਏ, ਘੁੱਟ ਵੀ ਨਹੀਂ ਭਰਿਆ?” ਉਸਨੇ ਨਾਲ ਦੀ
ਕੁਰਸੀ `ਤੇ ਬੈਠਦੇ ਹੋਏ ਕਿਹਾ।
“ਬਸ ਮੀਤਾ ਮਨ ਬੜਾ ਉਦਾਸ ਜਿਹੈ, ਬੜੀਆਂ ਮਾੜੀਆਂ ਖਬਰਾਂ ਆ ਰਹੀਆਂ ਨੇ …. , ਪਤਾ ਨਹੀਂ ਕੀ ਹੋਣ
ਵਾਲੈ?” ਬਲਦੇਵ ਸਿੰਘ ਦੇ ਲਹਿਜੇ `ਚੋਂ ਬੜਾ ਦੁਖ ਝਲਕ ਰਿਹਾ ਸੀ।
“ਮੇਰਾ ਮਨ ਵੀ ਬੜਾ ਪਰੇਸ਼ਾਨ ਏ, ਜਿਸ ਵੇਲੇ ਦਾ ਹਰਮੀਤ ਦੱਸਿਐ, ਬਈ ਫੌਜਾਂ ਨੇ ਦਰਬਾਰ ਸਾਹਿਬ ਨੂੰ
ਘੇਰ ਲਿਐ ਤੇ ਸੰਗਤਾਂ ਦੇ ਦਰਸ਼ਨ ਕਰਨ `ਤੇ ਵੀ ਪਾਬੰਦੀ ਲਗਾ ਦਿੱਤੀ ਏ, ਮਨ ਡਾਢਾ ਦੁਖੀ ਹੋ ਗਿਐ ਕਿ
ਰੱਬ ਦੇ ਘਰ ਇਹ ਕੀ ਵਾਪਰ ਰਿਹੈ? ਹਰਮੀਤ ਤਾਂ ਬਹੁਤ ਭਾਵੁਕ ਹੋਇਆ ਪਿਐ, ਬੱਚਿਆਂ ਦੇ ਚਿਹਰੇ ਲੱਥੇ
ਪਏ ਨੇ …. . ।” ਗੁਰਮੀਤ ਕੌਰ ਅਜੇ ਬੋਲ ਹੀ ਰਹੀ ਸੀ ਕਿ ਵਿੱਚੋਂ ਹੀ ਟੋਕ ਕੇ ਬਲਦੇਵ ਸਿੰਘ ਬੋਲ
ਪਿਆ, “ਮੈਂ ਵੀ ਗੱਲ ਕਰਨਾ, ਤੂੰ ਵੀ ਹਰਮੀਤ ਨੂੰ ਸਮਝਾਵੀਂ ਜਰਾ। ਆਪਣੇ ਆਪ ਨੂੰ ਸੰਭਾਲੇ, ਬਾਹਰ
ਤਾਂ ਬਹੁਤੀ ਗੱਲ ਕਰਨ ਦੀ ਬਿਲਕੁਲ ਕੋਈ ਲੋੜ ਨਹੀਂ। ਵਾਹਿਗੁਰੂ ਅਗੇ ਹੀ ਅਰਦਾਸ ਹੈ ਉਹ ਸਭ ਭਲੀ
ਕਰੇਗਾ।”
“ਹਾਂ ਜੀ! ਹੁਣ ਤਾਂ ਵਾਹਿਗੁਰੂ ਦਾ ਹੀ ਆਸਰਾ ਏ, ਇਥੇ ਬੈਠੇ ਅਸੀਂ ਹੋਰ ਕਰ ਵੀ ਕੀ ਸਕਦੇ ਆਂ”,
ਕਹਿੰਦੀ ਹੋਈ ਗੁਰਮੀਤ ਉਠ ਕੇ ਨਾਸ਼ਤਾ ਬਨਾਉਣ ਲਈ ਰਸੋਈ ਵੱਲ ਚਲੀ ਗਈ ਤੇ ਬਲਦੇਵ ਸਿੰਘ ਨੇ ਫੇਰ
ਅਖਬਾਰ ਚੁੱਕ ਲਈ।
ਅੱਜ ਦੁਕਾਨ ਬੰਦ ਰੱਖਣ ਕਾਰਨ ਬਲਦੇਵ ਸਿੰਘ ਭਾਵੇਂ ਘਰ ਹੀ ਬੈਠਾ ਸੀ ਪਰ ਉਸ ਦਾ ਮਨ ਬੜਾ ਉਚਾਟ ਸੀ।
ਕਦੇ ਟੀ ਵੀ ਤੇ ਕਦੇ ਰੇਡਿਓ ਦੇ ਨਾਬ ਘੁਮਾਂਦਾ, ਜਿਥੋਂ ਕੋਈ ਖਬਰ ਦਰਬਾਰ ਸਾਹਿਬ `ਤੇ ਹਮਲੇ ਬਾਰੇ ਆ
ਰਹੀ ਹੋਵੇ, ਉਹ ਸੁਣੇ ਤੇ ਫੇਰ ਦੂਜਾ ਸਟੇਸ਼ਨ ਲੱਭਣ ਲੱਗ ਪਵੇ, ਹਰ ਖ਼ਬਰ ਹੋਰ ਪ੍ਰੇਸ਼ਾਨ ਕਰ ਜਾਂਦੀ
ਸੀ। ਥੋੜੀ ਦੇਰ ਬਾਅਦ ਉਠਿਆ, ਇੱਕ ਦੋ ਹੋਰ ਮੋਹਤਬਰ ਸਿੱਖ ਵੀਰਾਂ ਨੂੰ ਟੈਲੀਫੋਨ ਕਰਕੇ ਕਿਹਾ ਕਿ
ਚਲੋ ਸ਼ਹਿਰ ਦਾ ਚੱਕਰ ਲਾ ਆਈਏ, ਨਾਲੇ ਪਤਾ ਲੱਗ ਜਾਵੇਗਾ ਕਿ ਸਾਰੀਆਂ ਦੁਕਾਨਾ ਬੰਦ ਨੇ ਨਾਲੇ ਚੇਤੰਨ
ਰਹਿਣਾ ਜ਼ਰੂਰੀ ਹੈ, ਭਾਵੁਕ ਮਹੌਲ ਵਿੱਚ ਕੋਈ ਮੰਦਭਾਗੀ ਘਟਨਾ ਨਾ ਵਾਪਰ ਜਾਵੇ ਤੇ ਤਿਆਰ ਹੋਕੇ ਬਜ਼ਾਰ
ਚੱਕਰ ਮਾਰਨ ਵਾਸਤੇ ਨਿਕਲ ਗਿਆ। ਬਲਦੇਵ ਸਿੰਘ ਉਸ ਵੇਲੇ ਦਾ ਗਿਆ ਚਾਰ ਕੁ ਵਜੇ ਵਾਪਸ ਮੁੜਿਆ।
ਗੁਰਮੀਤ ਕੌਰ ਦੀਆਂ ਨਜ਼ਰਾਂ ਪਹਿਲੇ ਹੀ ਦਰਵਾਜ਼ੇ ਵੱਲ ਲਗੀਆਂ ਹੋਈਆਂ ਸਨ, ਪਤੀ ਨੂੰ ਵੇਖਦੇ ਹੀ ਵੇਖਦੇ
ਹੀ ਬੋਲੀ, “ਬੜੀ ਦੇਰ ਕਰ ਦਿੱਤੀ ਜੇ, ਸਭ ਸੁੱਖ ਸਾਂਦ ਹੈ ਸ਼ਹਿਰ ਵਿੱਚ?”
“ਹਾਂ ਸ਼ਹਿਰ ਵਿੱਚ ਤਾਂ ਸੁੱਖ ਸਾਂਦ ਹੈ, ਸਿੱਖਾਂ ਦੀਆਂ ਸਭ ਦੁਕਾਨਾਂ ਤੇ ਮਾਰਕੀਟਾਂ ਬੰਦ ਨੇ, ਪਰ
ਹਰ ਸਿੱਖ ਭਰਿਆ ਪਿਐ, ਜਿਥੇ ਖਲੋ ਜਾਵੋ, ਇਸੇ ਹਮਲੇ ਦੀ ਚਰਚਾ ਹੈ। ਹਰ ਸਿੱਖ ਦਾ ਹਿਰਦਾ ਵਿਰਲਾਪ
ਕਰਦਾ ਮਹਿਸੂਸ ਹੁੰਦੈ, ਬਸ ਆਪਸ ਵਿੱਚ ਦੁਖ ਸਾਂਝੇ ਕਰਦੇ ਹੀ ਸਮਾਂ ਬੀਤ ਗਿਐ।” ਬਲਦੇਵ ਸਿੰਘ ਨੇ
ਸੋਫੇ ਤੇ ਬੈਠਦੇ ਹੋਏ, ਸਹਿਜੇ ਜਿਹੇ ਜੁਆਬ ਦਿੱਤਾ। ਬਲਬੀਰ ਰਸੋਈ ਵੱਲ ਪਾਣੀ ਲੈਣ ਲਈ ਚਲੀ ਗਈ ਤੇ
ਪਾਣੀ ਦਾ ਗਲਾਸ ਲਿਆ ਕੇ ਅੱਗੇ ਰਖਦੇ ਹੋਏ ਕਿਹਾ, “ਰੋਟੀ ਲਗਾਵਾਂ?”
“ਨਹੀਂ ਮੀਤਾ!” ਬਲਦੇਵ ਸਿੰਘ ਨੇ ਪਾਣੀ ਪੀ ਕੇ ਗਲਾਸ ਥੱਲੇ ਰਖਦੇ ਹੋਏ ਕਿਹਾ, “ਪ੍ਰਸ਼ਾਦਾ ਤਾਂ ਮੈਂ
ਸ੍ਰ. ਪੂਰਨ ਸਿੰਘ ਦੇ ਘਰੋਂ ਛੱਕ ਆਇਆਂ, ਹੁਣ ਤਾਂ ਥੋੜ੍ਹੀ ਦੇਰ ਅਰਾਮ ਕਰਾਂਗਾ।” ਅਤੇ ਉਠ ਕੇ ਆਪਣੇ
ਕਮਰੇ ਵੱਲ ਤੁਰ ਗਿਆ। ਉਹ ਸਾਢੇ ਕੁ ਪੰਜ ਵਜੇ ਬਾਹਰ ਨਿਕਲਿਆ। ਪਤੀ ਨੂੰ ਬਾਹਰ ਆਉਂਦੇ ਵੇਖ ਗੁਰਮੀਤ
ਬੋਲੀ, “ਚਾਹ ਲਿਆਵਾਂ?”
“ਹਾਂ, ਲੈ ਆ”, ਕਹਿੰਦੇ ਹੋਏ ਬਲਦੇਵ ਸਿੰਘ ਨੇ ਟੈਲੀਵੀਜ਼ਨ ਚਾਲੂ ਕਰ ਦਿੱਤਾ।
ਖਬਰ ਆ ਰਹੀ ਸੀ, ‘ਫੌਜ ਤੇ ਖਾੜਕੂਆਂ ਦੇ ਵਿੱਚਕਾਰ ਗੋਲੀਬਾਰੀ ਚੱਲ ਰਹੀ ਏ। ਸਾਰੀ ਦਿਹਾੜੀ ਫੌਜ
ਖਾੜਕੂਆਂ ਨੂੰ ਹਥਿਆਰ ਸੁੱਟ ਕੇ ਆਤਮ-ਸਮਰਪਨ ਕਰਨ ਲਈ ਕਹਿੰਦੀ ਰਹੀ, ਪਰ ਅਜੇ ਤੱਕ ਕਿਸੇ ਆਤਮ-ਸਮਰਪਨ
ਨਹੀਂ ਕੀਤਾ। ਫੌਜ ਨੇ ਖਾੜਕੂਆਂ ਨੂੰ ਮਜ਼ਬੂਰ ਕਰਨ ਲਈ ਗੋਲੀਬਾਰੀ ਵਧਾ ਦਿੱਤੀ ਏ … …।’ ਉਸ ਦਾ ਮਨ
ਤੜਫ ਉਠਿਆ, ਦਰਬਾਰ ਸਾਹਿਬ `ਤੇ ਭਾਰੀ ਗੋਲੀਬਾਰੀ! ਇਹ ਹੋ ਕੀ ਰਿਹੈ?
ਉਹ ਉਠਿਆ ਤੇ ਟੀ. ਵੀ. ਬੰਦ ਕਰਕੇ ਰੇਡਿਓ ਲਗਾ ਦਿੱਤਾ ਤੇ ਬੀ. ਬੀ. ਸੀ. ਸਟੇਸ਼ਨ ਸੈਟ ਕਰਨ ਦੀ
ਕੋਸ਼ਿਸ਼ ਕਰਨ ਲੱਗਾ। ਉਸ ਨੂੰ ਪਤਾ ਲੱਗਾ ਸੀ ਕਿ ਦੂਰਦਰਸ਼ਨ ਅਤੇ ਸਾਡੀਆਂ ਅਖਬਾਰਾਂ ਤਾਂ ਕੇਵੱਲ
ਸਰਕਾਰੀ ਪੱਖ ਹੀ ਦੇ ਰਹੀਆਂ ਨੇ ਜਦਕਿ ਬੀ. ਬੀ. ਸੀ. ਕਾਫੀ ਨਿਰਪੱਖ ਸਚਾਈ ਦੱਸ ਰਿਹੈ। ਇਹ ਸਮਾਂ
ਏਸ਼ੀਆ, ਵਿਸ਼ੇਸ਼ ਕਰਕੇ ਭਾਰਤ ਦੀਆਂ ਖਬਰਾਂ ਆਉਣ ਦਾ ਸੀ। ਇਤਨੀ ਦੇਰ ਵਿੱਚ ਗੁਰਮੀਤ ਚਾਹ ਲੈ ਕੇ ਆ ਗਈ।
ਬੀ. ਬੀ. ਸੀ. ਲੱਗ ਗਿਆ ਸੀ ਪਰ ਅਜੇ ਭਾਰਤ ਦੀਆਂ ਖਬਰਾਂ ਨਹੀਂ ਸਨ ਸ਼ੁਰੂ ਹੋਈਆਂ। ਦੋਵੇਂ ਬੈਠ ਕੇ
ਚਾਹ ਪੀਣ ਲੱਗੇ ਪਰ ਧਿਆਨ ਖਬਰਾਂ ਵਿੱਚ ਹੀ ਸੀ, ਇਤਨੇ ਨੂੰ ਭਾਰਤ ਦੀਆਂ ਖਬਰਾਂ ਸ਼ੁਰੂ ਹੋ ਗਈਆਂ,
‘ਦੱਸਿਆ ਜਾ ਰਿਹਾ ਸੀ ਕਿ ਭਾਰਤੀ ਫੌਜ ਨੇ ਦਰਬਾਰ ਸਾਹਿਬ ਦੇ ਅੰਦਰ ਭਾਰੀ ਗੋਲੀਬਾਰੀ ਕੀਤੀ ਏ ਅਗੋਂ
ਖਾੜਕੂ ਵੀ ਛਿੱਟ-ਪੁੱਟ ਜੁਆਬ ਦੇ ਰਹੇ ਹਨ’। ਸੁਣ ਕੇ ਉਸ ਦਾ ਮਨ ਹੋਰ ਉਚਾਟ ਹੋ ਗਿਆ, ਮਨ ਕਿਸੇ
ਤਰ੍ਹਾਂ ਵੀ ਟਿਕ ਨਹੀਂ ਸੀ ਰਿਹਾ। ਉਸ ਗੁਰਮੀਤ ਨੂੰ ਕਿਹਾ, “ਮੀਤਾ, ਚਲ ਗੁਰਦੁਆਰੇ ਹੋ ਕੇ ਆਉਂਦੇ
ਹਾਂ।” “ਜੀ!” ਕਹਿੰਦੀ ਹੋਈ ਗੁਰਮੀਤ ਕਪੜੇ ਬਦਲਣ ਲਈ ਅੰਦਰ ਚਲੀ ਗਈ। ਕਮਰੇ `ਚੋਂ ਬਾਹਰ ਨਿਕਲਦੀ
ਹੋਈ ਨੇ ਧੀ ਨੂੰ ਕਿਹਾ, “ਬੱਬਲ ਜ਼ਰਾ ਰੋਟੀ ਦੀ ਤਿਆਰੀ ਕਰ ਲਈਂ, ਨਾਲੇ ਤੇਰਾ ਵੀਰ ਵੀ ਆਉਣ ਵਾਲਾ
ਹੋਵੇਗਾ, ਉਸ ਨੂੰ ਚਾਹ-ਪਾਣੀ ਪੁੱਛ ਲਈਂ।” ਬੱਬਲ ਜਿਹੜੀ ਕਮਰੇ ਵਿੱਚ ਬੈਠੀ ਪੜ੍ਹਾਈ ਕਰ ਰਹੀ ਸੀ,
ਉਠ ਕੇ ਬਾਹਰ ਆਉਂਦੀ ਹੋਈ ਬੋਲੀ, “ਜੀ ਮੰਮੀ।” ਹਰਮੀਤ ਅੱਜ ਦੁਪਹਿਰੇ ਆਪਣੇ ਦੋਸਤਾਂ ਨਾਲ ਕਿਧਰੇ
ਗਿਆ ਸੀ। ਬਲਦੇਵ ਤੇ ਗੁਰਮੀਤ ਬਾਹਰ ਨਿਕਲ ਗਏ ਤੇ ਬੱਬਲ ਨੇ ਅੰਦਰੋਂ ਕੁੰਡੀ ਲਾ ਲਈ।
ਗੁਰਦੁਆਰੇ ਪਹੁੰਚੇ ਤਾਂ ਉਥੇ ਵੀ ਹਾਹਾਕਾਰ ਪਈ ਹੋਈ ਸੀ, ਕੁੱਝ ਸਿੱਖ ਤਾਂ ਜ਼ਾਹਿਰਾ ਕੁਰਲਾ ਰਹੇ ਸਨ।
ਇੰਝ ਜਾਪਦਾ ਸੀ ਗੁਰਧਾਮਾਂ ਤੇ ਚੱਲੀ ਹਰ ਗੋਲੀ ਹਰ ਸਿੱਖ ਹਿਰਦੇ ਨੂੰ ਚੀਰ ਕੇ ਲੰਘ ਰਹੀ ਏ। ਜਿਥੋਂ
ਤੱਕ ਹੋ ਸਕਿਆ ਉਸ ਨੇ ਉਨ੍ਹਾਂ ਨਾਲ ਦੁੱਖ ਸਾਂਝਾ ਕੀਤਾ ਤੇ ਉਨ੍ਹਾਂ ਨੂੰ ਹੌਂਸਲਾ ਦੇਣ ਦੀ ਕੋਸ਼ਿਸ਼
ਕੀਤੀ।
ਬਲਦੇਵ ਸਿੰਘ ਤੇ ਗੁਰਮੀਤ ਕੌਰ ਵਾਪਸ ਆਏ ਤਾਂ ਹਰਮੀਤ ਬੈਠਾ ਟੀ. ਵੀ. ਤੇ ਖਬਰਾਂ ਸੁਣ ਰਿਹਾ ਸੀ ਤੇ
ਬੱਬਲ ਵੀ ਕੋਲ ਹੀ ਬੈਠੀ ਸੀ, ਮਾਤਾ ਪਿਤਾ ਨੂੰ ਵੇਖਦੇ ਹੀ ਬੋਲੀ, “ਖਾਣਾ ਲਗਾਵਾਂ” ? “ਹਾਂ ਬੇਟਾ,
ਲਗਾ ਲੈ।” ਕਹਿੰਦੀ ਹੋਈ ਗੁਰਮੀਤ ਕਮਰੇ ਵੱਲ ਲੰਘ ਗਈ ਤੇ ਬਲਦੇਵ ਸਿੰਘ ਉਥੇ ਹੀ ਸੋਫੇ `ਤੇ ਬੈਠ
ਗਿਆ। ਪੰਜ ਸੱਤ ਮਿੰਟ ਹੀ ਬੀਤੇ ਸਨ ਕਿ ਬੱਬਲ ਨੇ ਅਵਾਜ਼ ਮਾਰੀ, “ਭਾਪਾ ਜੀ ਆ ਜਾਓ, ਖਾਣਾ ਲੱਗ
ਗਿਐ।”
“ਆ ਹਰਮੀਤ”, ਕਹਿੰਦਾ ਹੋਇਆ ਬਲਦੇਵ ਸਿੰਘ ਖਾਣੇ ਵਾਲੇ ਮੇਜ਼ `ਤੇ ਪਹੁੰਚ ਗਿਆ ਤੇ ਅੰਦਰੋਂ ਗੁਰਮੀਤ
ਵੀ ਆ ਗਈ, ਚਾਰੇ ਕੁਰਸੀਆਂ ਤੇ ਬੈਠ ਗਏ। ਸਾਰੇ ਚੁੱਪ ਸਨ, ਕੱਲ ਤੋਂ ਰੋਜ਼ ਵਾਲਾ ਖੁਸ਼ੀ-ਖੇੜੇ ਵਾਲਾ
ਮਾਹੋਲ ਜਿਵੇਂ ਘਰ ਵਿੱਚੋਂ ਗੁਆਚ ਗਿਆ ਸੀ, ਹੋਰ ਤਾਂ ਹੋਰ ਬੱਬਲ ਜਿਹੜੀ ਹਰ ਵੇਲੇ ਚਹਿਕਦੇ ਰਹਿਣ ਲਈ
ਮਸ਼ਹੂਰ ਸੀ, ਜਿਸਦੀਆਂ ਕਿਲਕਾਰੀਆਂ ਨਾਲ ਸਾਰਾ ਘਰ ਟਹਿਕਦਾ ਰਹਿੰਦਾ ਸੀ ਉਹ ਵੀ ਚੁੱਪ ਸੀ। ਆਪਣੀ
ਕੌਲੀ ਵਿੱਚ ਸਬਜ਼ੀ ਪਾਉਂਦੇ ਹੋਏ ਹਰਮੀਤ ਨੇ ਚੁੱਪ ਤੋੜੀ, “ਭਾਪਾ ਜੀ ਮੈਂ ਹੁਣੇ ਬੀ. ਬੀ. ਸੀ. ਤੋਂ
ਖਬਰਾਂ ਸੁਣੀਆਂ ਨੇ, ਫੌਜ ਬੜੇ ਭਾਰੀ ਹਥਿਆਰਾਂ ਨਾਲ ਦਰਬਾਰ ਸਾਹਿਬ ਦੇ ਅੰਦਰ ਗੋਲੀਬਾਰੀ ਕਰ ਰਹੀ ਏ।
ਮਸ਼ੀਨ ਗੰਨਾਂ ਤੇ ਹੋਰ ਵੀ ਭਾਰੀ ਹਥਿਆਰ ਵਰਤੇ ਜਾ ਰਹੇ ਨੇ।”
“ਹਾਂ ਹਰਮੀਤ, ਗੁਰਦੁਆਰੇ ਜਾਣ ਤੋਂ ਪਹਿਲਾਂ ਮੈਂ ਵੀ ਸੁਣ ਕੇ ਗਿਆਂ, ਅੱਗੋਂ ਖਾੜਕੂ ਵੀ ਭਾਰੀ
ਹਥਿਆਰ ਵਰਤ ਰਹੇ ਨੇ …. . ।” ਬਲਦੇਵ ਸਿੰਘ ਦੀ ਗੱਲ ਵਿੱਚੇ ਹੀ ਕੱਟ ਕੇ ਹਰਮੀਤ ਬੋਲਿਆ, “ਪਰ ਭਾਪਾ
ਜੀ, ਫੌਜ ਦੇ ਮੁਕਾਬਲੇ ਖਾੜਕੂਆਂ ਕੋਲ ਕਿਤਨੇ ਕੁ ਵੱਡੇ ਹਥਿਆਰ ਹੋਣਗੇ?” ਬਲਦੇਵ ਸਿੰਘ ਬੋਲਿਆ ਤਾਂ
ਕੁੱਝ ਨਾ, ਸਿਰਫ ਹਾਂ ਵਿੱਚ ਸਿਰ ਹਿਲਾ ਦਿੱਤਾ। ਸ਼ਾਇਦ ਉਹ ਗੱਲ ਨੂੰ ਹੋਰ ਅੱਗੇ ਨਹੀਂ ਸੀ ਵਧਾਉਣਾ
ਚਾਹੁੰਦਾ। ਉਹ ਗੁਰਦੁਆਰੇ ਤੋਂ ਕੁੱਝ ਲੇਟ ਆਏ ਸਨ, ਇਸ ਲਈ ਟਾਈਮ ਕਾਫੀ ਹੋ ਗਿਆ ਸੀ। ਰੋਟੀ ਖਾ ਕੇ
ਸਾਰੇ ਆਪਣਿਆਂ ਕਮਰਿਆਂ ਵੱਲ ਤੁਰ ਗਏ।
ਚਲਦਾ … … ….
(ਪਾਠਕਾਂ ਪ੍ਰਤੀ ਸਨਿਮਰ ਬੇਨਤੀ ਹੈ ਕਿ ਇਹ ਨਾਵਲ, ਸਿੱਖ ਕੌਮ ਉੱਤੇ
ਵਾਪਰੇ, ਜੂਨ, 1984 ਅਤੇ ਨਵੰਬਰ, 1984 ਦੇ ਘੱਲੂਘਾਰਿਆਂ ਨਾਲ ਸਬੰਧਤ ਹੈ। ਇਸ ਵਿੱਚ ਦਿੱਤੇ ਜਾ
ਰਹੇ ਇਤਿਹਾਸਕ ਪੱਖ ਬਿਲਕੁਲ ਸੱਚੇ ਹਨ ਅਤੇ ਇਹ ਨਾਵਲ ਉਸ ਸਮੇਂ ਦੀ ਸਿੱਖ ਮਾਨਸਿਕਤਾ ਨੂੰ ਉਜਾਗਰ
ਕਰਦਾ ਹੈ। ਛਾਪਣ ਤੋਂ ਪਹਿਲਾਂ ਇਹ ਸੂਝਵਾਨ ਪਾਠਕਾਂ ਦੇ ਸਾਹਮਣੇ ਲੜੀਵਾਰ ਪੇਸ਼ ਕੀਤਾ ਜਾ ਰਿਹਾ ਹੈ।
ਜੇ ਕਿਸੇ ਪਾਠਕ ਨੂੰ ਇਤਿਹਾਸਕ ਪੱਖੋਂ ਕੁੱਝ ਗਲਤ ਜਾਪੇ ਜਾਂ ਇਸ ਦੇ ਬਾਰੇ ਕੋਈ ਹੋਰ ਉਸਾਰੂ ਸੁਝਾ
ਹੋਵੇ ਤਾਂ ਦਾਸ ਉਸ ਨੂੰ ਧੰਨਵਾਦ ਸਹਿਤ ਪ੍ਰਵਾਨ ਕਰੇਗਾ)
ਰਾਜਿੰਦਰ ਸਿੰਘ (ਮੁੱਖ ਸੇਵਾਦਾਰ)
ਸ਼੍ਰੋਮਣੀ ਖਾਲਸਾ ਪੰਚਾਇਤ
ਟੈਲੀਫੋਨ +91 98761 04726