ਜਸਬੀਰ ਸਿੰਘ ਵੈਨਕੂਵਰ
ਭਾਈ
ਬਲਵੰਡ ਰਾਇ ਅਤੇ ਭਾਈ ਸੱਤੇ ਦੀ ਵਾਰ ਸਬੰਧੀ ਕੁੱਝ ਭਰਮ ਭੁਲੇਖੇ
(ਕਿਸ਼ਤ ਨੰ: 14)
ਭਾਈ ਸੰਤੋਖ ਸਿੰਘ ਜੀ ਫਿਰ ਇਹਨਾਂ
ਦੋਹਾਂ (ਭਾਈ ਬਲਵੰਡ ਅਤੇ ਭਾਈ ਸੱਤਾ ਜੀ) ਦੇ ਮੁੱਖੋਂ ਨਿਮਨ ਲਿਖਤ ਸ਼ਬਦ (ਗੁਰ ਪ੍ਰਤਾਪ ਸੂਰਜ)
ਕਢਵਾਉਂਦੇ ਹਨ:
“ਇਤਨੋ ਗੁਨ ਹਮਰੋ ਮਹਾਂ ਕੁਛ ਜਾਨਯੋ ਨਾਂਹੀ। ਨਾਂਹਿ ਤ ਆਧੀ ਭੇਟ ਕੋ ਦਿਹੁ ਹਮ ਘਰ ਮਾਂਹੀ। ਅਬਿ
ਜਾਨੀ ਪਰਿ ਹੈ ਭਲੇ ਕਿਮ ਗੁਰੂ ਕਹਾਵੋ। ਵਸਤੁ ਹਜ਼ਾਰਹੁਂ ਦਰਬ ਬਹੁ ਕੈਸੇ ਤੁਮ ਪਾਵੋ। ੧੦। ਹਮ ਅਬਿ
ਰਹਿ ਕੇ ਅਪਰ ਢਿਗ ਲੇਂ ਗੁਰੂ ਬਨਾਈ। ਪੂਜਾ ਹੋਵਹਿ ਤਿਸੀ ਕੀ ਮਾਨਹਿਂ ਸਮੁਦਾਈ। ਹਮ ਅਧੀਨ ਕਰਿਬੋ
ਗੁਰੂ ਨਹਿਂ ਤੁਮਨੇ ਜਾਨਾ। ਅਬਿ ਪੀਛੇ ਪਛੁਤਾਇ ਹੋ ਮਨਤਾ ਹੁਇ ਹਾਨਾ। ੧੧। ਜਹਾਂ ਰਾਗ ਕਰਹਿਂਗੇ
ਗੁਰੁ ਤਿਸੈ ਬਨਾਵਹਿਂ। ਤੁਮਰੇ ਨਿਕਟ ਨ ਜਾਹਿਂਗੇ ਏਕਲ ਰਹਿ ਜਾਵਹਿਂ’।”
‘ਗੁਰ ਬਿਲਾਸ ਪਾਤਸ਼ਾਹੀ ੬’ ਵਿੱਚ ਭਾਈ ਬਲਵੰਡ ਅਤੇ ਭਾਈ ਸੱਤੇ ਜੀ ਬਾਰੇ ਜਿਸ ਤਰ੍ਹਾਂ ਦੀ ਕਲਪਣਾ
ਕੀਤੀ ਗਈ ਹੈ, ਉਸ ਵਿੱਚ ਇਸ ਤਰ੍ਹਾਂ ਦਾ ਵਰਣਨ ਨਹੀਂ ਹੈ। ਭਾਈ ਸੰਤੋਖ ਸਿੰਘ ਜੀ ਨੇ ‘ਗੁਰ ਬਿਲਾਸ’
ਵਿਚਲੀ ਕਲਪਣਾ ਵਿੱਚ ਹੋਰ ਵਾਧਾ ਕਰਦਿਆਂ ਹੋਇਆਂ ਭਾਈ ਬਲਵੰਡ ਅਤੇ ਭਾਈ ਸੱਤੇ ਦੇ ਮੂੰਹੋ ਇਹ ਕਢਵਾਇਆ
ਹੈ ਕਿ ਉਹਨਾਂ ਕਰਕੇ ਹੀ ਸੰਗਤਾਂ ਗੁਰੂ ਅਰਜਨ ਸਾਹਿਬ ਨੂੰ ਗੁਰੂ ਦੇ ਰੂਪ ਵਿੱਚ ਸਵੀਕਾਰ ਕਰ ਰਹੀਆਂ
ਹਨ। ‘ਗੁਰ ਬਿਲਾਸ ਪਾਤਸ਼ਾਹੀ ੬’ ਵਿੱਚ ਇਹ ਗੱਲ ਵੀ ਨਹੀਂ ਲਿਖੀ ਹੋਈ ਕਿ ਇਹਨਾਂ ਦੋਹਾਂ ਨੇ ਇਹ ਕਿਹਾ
ਹੋਵੇ ਕਿ ਇਹਨਾਂ ਦੀ ਅਹਿਮੀਅਤ ਨੂੰ ਗੁਰੂ ਸਾਹਿਬ ਨੇ ਨਹੀਂ ਸਮਝਿਆ। ਭਾਈ ਸਾਹਿਬ ਨੇ ਰਬਾਬੀਆਂ ਦੇ
ਮੁਖੋਂ ਇਹ ਕਢਵਾਇਆ ਹੈ ਕਿ ਜੇਕਰ ਹਜ਼ੂਰ ਨੇ ਇਹਨਾਂ ਦੀ ਅਹਿਮੀਅਤ ਨੂੰ ਸਮਝਿਆ ਹੁੰਦਾ ਤਾਂ ਉਹ ਗੁਰੂ
ਕੀ ਗੋਲਕ ਵਿਚੋਂ ਅੱਧੀ ਮਾਇਆ ਇਹਨਾਂ ਦੇ ਹਵਾਲੇ ਕਰ ਦੇਂਦੇ। ਭਾਈ ਸੰਤੋਖ ਸਿੰਘ ਜੀ ਇਹ ਧਮਕੀਨੁਮਾ
ਸ਼ਬਦ ਵੀ ਆਪਣੇ ਵਲੋਂ ਹੀ ਇਹਨਾਂ ਦੋਹਾਂ ਦੇ ਮੁੱਖੋ ਕਢਵਾ ਰਹੇ ਹਨ ਕਿ ਗੁਰੂ ਸਾਹਿਬ ਨੂੰ ਹੁਣ ਪਤਾ
ਚਲੇ ਗਾ ਕਿ ਇਹਨਾਂ ਤੋਂ ਬਿਨਾਂ ਗੁਰੂ ਕਹਾਉਣਾ ਕਿਤਨਾ ਕਠਨ ਹੈ ਜਾਂ ਗੁਰੂ ਸਾਹਿਬ ਨੂੰ ਪਛੁਤਾਣਾ
ਪਵੇਗਾ, ਆਦਿ।
“ਸ਼੍ਰੀ ਅਰਜਨ ਚਿਤ ਸ਼ਾਂਤਿ ਅਤਿ ਬਹੁ ਛਿਮਾ ਨਿਧਾਨਾ। ਨਿਜ ਨਿੰਦਾ ਤੇ ਛੁਭਤਿ ਨਹਿਂ ਸੁਨਿ ਕਛੁ ਨ
ਬਖਾਨਾ। ੧੨। ਸ਼੍ਰੀ ਨਾਨਕ ਤੇ ਆਦਿ ਕੀ ਜਬਿ ਨਿੰਦ ਸੁਨਾਈ। ਕਰਿ ਧਿਕਾਰ ਨਿਕਸੇ ਸਦਨ ਰਿਸ ਉਰ ਮੈਂ
ਛਾਈ। ‘ਬੇਦੀ ਕੁਲ ਕੇ ਤਿਲਕ ਕੀ ਨਿੰਦਾ ਤੁਮ ਕੀਨੀ। ਫਿਟ ਜਾਵਹਿਗੀ ਦੇਹਿ ਤੁਮ ਰੁਜ ਤੇ ਹੁਇ ਹੀਨੀ’।
੧੩। ਇਮ ਕਹਿ ਸਤਿਗੁਰ ਆਇ ਕਰਿ ਥਲ ਥੜੇ ਸੁਹਾਏ। ਸਭਿ ਸੰਗਤਿ ਇਕਠੀ ਭਈ ਦੀਵਾਨ ਲਗਾਏ। ਸਿੱਖਨ ਕੋ
ਆਇਸੁ ਦਈ ‘ਤੁਮ ਰਾਗ ਸੁਨਾਵਹੁ। ਗਾਵਹੁ ਸ਼ਬਦ ਸੁ ਤਾਨ ਜੁਤਿ ਵਿੱਦਯਾ ਇਹੁ ਪਾਵਹੁ’। ੧੪।”
ਧਿਆਨ ਰਹੇ ‘ਗੁਰ ਬਿਲਾਸ ਪਾਤਸਾਹੀ ੬’ ਵਿੱਚ ਇਤਨਾ ਹੀ ਲਿਖਿਆ ਹੈ ਕਿ ਜਦੋਂ ਭਾਈ ਬਲਵੰਡ ਅਤੇ ਭਾਈ
ਸੱਤਾ ਜੀ ਨੇ, “ਗੁਰ ਨਾਨਕ ਕੀ ਨਿੰਦ ਸੁਨਾਈ।” ਤਾਂ ਗੁਰੂ ਅਰਜਨ ਸਾਹਿਬ ਜੀ ਨੇ “ਨਿਜ ਮਨ ਮਹਿ ਤਬ
ਹੀ ਰਿਸ ਪਾਈ। ਸ੍ਰੀ ਗੁਰ ਉਠੇ ਤਹਾਂ ਤਬ ਆਏ। ਥੜ੍ਹੇ ਬੈਠਿ ਜਿਹ ਕਾਰ ਕਢਾਏ।” ਪਰੰਤੂ ਭਾਈ ਸੰਤੋਖ
ਸਿੰਘ ਜੀ ਲਿਖਦੇ ਹਨ ਕਿ ਜਦੋਂ ਇਹਨਾਂ ਰਬਾਬੀਆਂ ਨੇ ਗੁਰੂ ਨਾਨਕ ਸਾਹਿਬ ਦੀ ਨਿੰਦਾ ਕੀਤੀ ਤਾਂ ਗੁਰੂ
ਸਾਹਿਬ ਨੂੰ ਬਹੁਤ ਗੁੱਸਾ ਆਇਆ। ਹਜ਼ੂਰ ਰਬਾਬੀਆਂ ਨੂੰ ਇਹ ਆਖ ਕੇ ਵਾਪਸ ਮੁੜ ਆਏ ਕਿ ਤੁਸੀਂ ਗੁਰੂ
ਨਾਨਕ ਸਾਹਿਬ ਦੀ ਨਿੰਦਾ ਕੀਤੀ ਹੈ ਇਸ ਲਈ ਤੁਹਾਡਾ ਸਰੀਰ ਫਿਟ ਜਾਵੇਗਾ, ਰੋਗ ਨਾਲ ਤੁਹਾਡਾ ਸਰੀਰ
ਨਾਸ਼ ਹੋ ਜਾਵੇਗਾ।
“ਗਹਯੋ ਦੁਤਾਰਾ ਸਿੱਖ ਕਿਹ ਕਿਨ ਗਹੀ ਰਬਾਬੰ। ਹੁਇਨਿ ਸ਼ੰਕ ਗਾਵਨਿ ਲਗੇ ਸਭ ਭਏ ਅਜਾਬੰ। ਬਚਨ ਮਾਨਿਬੇ
ਗੁਰੂ ਕੋ ਬਿੱਦਯਾ ਸਭਿ ਪਾਈ। ਜਾਨਤਿ ਹੁਤੇ ਨ ਰਾਗ ਕੋ ਗਾਵਤਿ ਬਿਸਮਾਏ। ੧੫। ਸੁਨਿ ਸਿੱਖਨਿ ਕੇ ਰਾਗ
ਕੋ ਗੁਰ ਭਏ ਪ੍ਰਸੰਨਾ। ਬਰ ਦੀਨੋ ‘ਤੁਮ ਪ੍ਰੇਮ ਜੁਤ ਹਮਰੋ ਬਚ ਮੰਨਾ। ਅਬਿ ਤੇ ਬਿੱਦਯਾ ਰਾਗ ਕੀ
ਸਿੱਖਨਿ ਮਹਿਂ ਆਈ। ਗਾਵਹਿਂ ਸੁਨਹਿਂ ਸੁ ਪ੍ਰੀਤ ਧਰਿ ਲੇਂ ਸ਼ੁਭ ਗਤਿ ਪਾਈ। ੧੬। ਡੋਮ ਜਾਤਿ ਪਛੁਤਾਇ
ਹੈਂ ਤ੍ਰਿਸ਼ਨਾ ਡਹਿਕਾਏ। ਲੀਏ ਸਬਦ ਘਰ ਘਰ ਫਿਰਹਿਂ ਨਹਿਂ ਹੁਇਂ ਤ੍ਰਿਪਤਾਏ। ਪਾਇਂ ਅਨਾਦਰ ਜਿਤ ਕਿਤੀ
ਬਿਨ ਕਹੇ ਸੁ ਜਾਵੈਂ। ਤਉ ਨ ਸਿਖ ਮੁਖ ਲਾਇ ਹੈਂ ਦੁਖ ਲਹਿ ਅਕੁਲਾਵੈਂ’। ੧੭। ਗੁਰ ਸਿੱਖਨਿ ਕੋ ਬਰ
ਦਿਯੋ ਬਿੱਦਯਾ ਸ਼ੁਭ ਪਾਈ। ਸ੍ਰਾਪ ਡੂਮ ਮੂਢਨਿ ਲਹਯੋ ਭਾਵੀ ਕਰਵਾਈ। ਨਿਤਪ੍ਰਤਿ ਕਿਰਤਨ ਸਿਖ ਕਰਹਿਂ
ਤਯੋਂ ਤਯੋਂ ਸ਼ੁਭ ਗਾਵੈਂ। ਸੰਗਤਿ ਕੋ ਬਡ ਪ੍ਰੇਮ ਹੁਇ ਮਨ ਸ਼ਬਦ ਟਿਕਾਵੈਂ। ੧੮।”
‘ਗੁਰ ਬਿਲਾਸ ਪਾਤਸਾਹੀ ੬’ ਅਨੁਸਾਰ ਗੁਰੂ ਅਰਜਨ ਸਾਹਿਬ ਸੰਗਤਾਂ ਨੂੰ ਆ ਕੇ ਇਤਨਾ ਹੀ ਕਹਿੰਦੇ ਹਨ
ਕਿ, “ਵਹਿ ਨਹੀਂ ਆਵੈਂ ਮਦ ਕੇ ਮਾਤੇ। ਤੁਮ ਹੀ ਪੜ੍ਹੋ ਰਾਗ ਬਿਖਯਾਤੇ। ਵਿਦਿਆ ਰਾਗ ਸਭੀ ਤੁਮ ਪਾਵੋ।
ਤਿਨ ਕਾ ਤੁਮ ਸਭੁ ਮਾਨੁ ਗਵਾਵੋ।” ਪਰੰਤੂ ਭਾਈ ਸੰਤੋਖ ਸਿੰਘ ਜੀ ਅਨੁਸਾਰ ਗੁਰੂ ਸਾਹਿਬ ਸੰਗਤਾਂ ਨੂੰ
ਇਹ ਕਹਿੰਦੇ ਹਨ ਕਿ ਤ੍ਰਿਸ਼ਨਾ ਦੀ ਅੱਗ ਵਿੱਚ ਸੜ੍ਹ ਰਹੀ ਡੂਮ ਜਾਤ ਪਛੁਤਾਏਗੀ। ਇਹ ਸ਼ਬਦ ਲੈ ਕੇ ਘਰ
ਘਰ ਫਿਰਨਗੇ ਪਰ ਇਹਨਾਂ ਦੀ ਤ੍ਰਿਪਤੀ ਨਹੀਂ ਹੋਵੇਗੀ। ਬਿਨਾਂ ਬੁਲਾਏ ਹੀ ਜਾਣ ਕਾਰਨ ਇਹਨਾਂ ਦਾ
ਅਨਾਦਰ ਹੋਵੇਗਾ। ਕੋਈ ਵੀ ਸਿੱਖ ਇਹਨਾਂ ਨੂੰ ਮੂੰਹ ਨਹੀਂ ਲਾਵੇਗਾ ਆਦਿ।
“ਪਟਨੇ ਕੀ ਸੰਗਤਿ ਮਹਾਂ ਦਰਸ਼ਨ ਹਿਤ ਆਈ। ਕਰਿ ਬੰਦਨ ਸਤਿਗੁਰੂ ਕੋ ਬਹੁ ਭੇਟ ਚੜਾਈ ਸੱਤੇ ਅਰੁ ਬਲਵੰਡ
ਕੋ ਤਿਨ ਬੂਝਨਿ ਠਾਨਾ। ‘ਕਹਾਂ ਗਏ ਪ੍ਰਭੂ ਜੀ ਅਬੈ ਨਹਿਂ ਕਰਤੇ ਗਾਨਾ? ੧੯। ਗੁਰ ਬੋਲੇ ‘ਸੋ ਫਿਟਿ
ਗਏ ਨਹਿਂ ਪਚਯੋ ਹੰਕਾਰਾ॥ ਗਰਬਤਿ ਮੂਰਖ ਨਿੰਦ ਕਹਿਂ ਲਹਿ ਕਸ਼ਟ ਉਦਾਰਾ॥ ਤਿਨ ਕੋ ਮਸਤਕ ਜੋ ਲਗਹਿ ਸੋ
ਸਿਖ ਦੁਖ ਪਾਵਹਿ। ਨਿਕਟ ਹਮਾਰੇ ਤਿਨਹੁ ਕੀ ਨਹਿਂ ਅਰਜ਼ ਕਰਾਵੈ। ੨੦। ਕਰਹਿ ਸਿਪਾਰਸ਼ ਜਬਹਿ ਕੋ ਹਮ
ਦੇਹਿਂ ਸਜਾਈ। ਤਿਸ ਕੋ ਮੁਖ ਕਾਲਾ ਕਰਹਿਂ ਸਿਰ ਕੋ ਮੁੰਡਵਾਈ। ਬਹੁਰ ਚਢਾਵਹਿਂ ਗਧੇ ਪਰ ਪੁਰਿ ਫੇਰਹਿ
ਸਾਰੇ। ਢੋਲ ਬਜਹਿ ਤਿਹ ਸੰਗ ਤਬਿ ਨਰ ਨਾਰਿ ਨਿਹਾਰ। ਬਹੁਰ ਚਢਾਵਹਿਂ ਗਧੇ ਪਰ ਪੁਰਿ ਫੇਰਹਿ ਸਾਰੇ।
ਢੋਲ ਬਜਹਿ ਤਿਹ ਸੰਗ ਤਬਿ ਨਰ ਨਾਰਿ ਨਿਹਾਰੇ’। ੨੧।”
ਭਾਈ ਸਾਹਿਬ ਦੀ ਇਹ ਲਿਖਤ ਵੀ ‘ਗੁਰ ਬਿਲਾਸ ਪਾਤਸ਼ਾਹੀ ੬’ ਦੇ ਆਧਾਰਤ ਹੈ ਜਦੋਂ ਕਿ ‘ਢੋਲ ਬਜਹਿ ਤਿਹ
ਸੰਗ ਤਬਿ ਨਰ ਨਾਰਿ ਨਿਹਾਰੇ’ ਦੀ ਕਲਪਣਾ ਭਾਈ ਸਾਹਿਬ ਨੇ ਆਪਣੇ ਵਲੋਂ ਹੀ ਕੀਤੀ ਹੈ।
“ਸੁਨਿ ਸ਼੍ਰੀ ਅਰਜਨ ਕੇ ਬਚਨ ਸੰਗਤਿ ਬਿਸਮਾਈ। ਸੀਸ ਧੁਨਹਿ ਹੋਈ ਬੁਰੀ ਪੁਨ ਪੁਨ ਪਛੁਤਾਈ। ਗੁਰ ਆਇਸੁ
ਇਸ ਭਾਂਤਿ ਕੀ ਸਭਿ ਮਹਿਂ ਬਿਦਤਾਨੀ। ਤਿਨ ਕੇ ਮੁਖ ਕੋ ਲਗਹਿ ਨਹਿਂ ਬੋਲਹਿ ਨਹਿਂ ਬਾਨੀ। ੨੨। ਉਪਜਯੋ
ਰੋਗ ਸ਼ਰੀਰ ਮਹਿਂ ਥੋਰਨ ਦਿਨ ਮਾਂਹੀ। ਦੁਖ ਦਾਰਿਦ ਤੇ ਗ੍ਰਸਤਿ ਭੇ ਸੁਖ ਕਿਤਹੂੰ ਨਾਂਹੀ। ਜਹਿਂ ਕਹਿਂ
ਜਾਚਨਿ ਜਾਤਿ ਜਬਿ ਇਨ ਦਿਸ਼ਿ ਨਹਿਂ ਦੇਖੈਂ। ਕ੍ਰੋਧ ਹੋਇ ਗਾਰੀ ਕਢਹਿਂ ਦੈਬੋ ਕਿਸ ਲੇਖੈ। ੨੩। ਕਰਹਿਂ
ਅਨਾਦਰ ਸੁਆਨ ਸਮ ਘਰ ਤੇ ਨਿਕਸਾਵੈਂ। ਵਹਿਰ ਜਾਇ, ਤਹਿਂ ਭੀ ਤਥਾ ਨਹਿਂ ਆਦਰ ਪਾਵੈਂ। ਪਰਮੇਸ਼ੁਰ ਅਰੁ
ਸਤਿਗੁਰੂ ਇਨ ਤੇ ਹੰਕਾਰੇ। ਦੁਹਿ ਲੋਕਨ ਦੁਖ ਪਾਇਂ ਸੋ ਕੋ ਨਹੀਂ ਉਬਾਰੇ। ੨੪। ਇਨ ਹੂੰ ਕੀ ਸ਼ਰਨੀ
ਪਰੇ ਬਿਨਤੀ ਭਨਿ ਦੀਨਾ। ਮਨ ਭਾਵਹਿ ਬਖਸ਼ਹਿ ਤਿਸਹਿਂ ਨਤੁ ਦੁਖ ਮਹਿਂ ਲੀਨਾ। ਸਗਰੇ ਜਗ ਤਯਾਗੇ ਜਬਹਿ
ਨਹਿਂ ਬੈਠਨਿ ਪਾਵੈਂ। ਭੀਖ ਸਰੀਖੀ ਨਹਿਂ ਪਰਹਿ ਤ੍ਰਿਸਕ੍ਰਿਤ ਜਿਤ ਜਾਵੈਂ। ੨੫। “
‘ਗੁਰ ਬਿਲਾਸ’ ਅਤੇ ਭਾਈ ਸੰਤੋਖ ਸਿੰਘ ਜੀ ਵਰਣਿਤ ਕਹਾਣੀ ਵਿੱਚ ਇੱਥੇ ਥੋਹੜਾ ਕੁ ਅੰਤਰ ਹੈ। ‘ਗੁਰ
ਬਿਲਾਸ’ ਦਾ ਕਰਤਾ ਲਿਖਦਾ ਹੈ ਕਿ ਗੁਰੂ ਅਰਜਨ ਸਾਹਿਬ ਨੇ ਪਟਨੇ ਨਿਵਾਸੀ ਸੰਗਤਾਂ ਦੇ ਪੁੱਛਣ `ਤੇ
ਜਿਉਂ ਹੀ ਰਬਾਬੀਆਂ ਬਾਰੇ ਇਹ ਕਿਹਾ ਕਿ, “ਵਹਿ ਫਿਟ ਗਏ ਮਾਨਿ ਮਦ ਧਾਰੀ” ਤਿਉਂ ਹੀ “ਤਾਹਿ ਸਮੇ ਵਹੁ
ਫਿਟ ਗਏ ਸ੍ਰਵਯੋ ਤਾਹਿ ਬਡ ਰੋਗ” ਉੱਥੇ ਭਾਈ ਸੰਤੋਖ ਸਿੰਘ ਜੀ ਨੇ ਇਹ ਲਿਖਿਆ ਹੈ ਕਿ ਥੋਹੜੇ ਦਿਨਾਂ
ਵਿੱਚ ਇਹਨਾਂ ਨੂੰ ਇਹ ਰੋਗ ਲਗ ਗਿਆ। ਧਿਆਨ ਰਹੇ ਭਾਈ ਸੰਤੋਖ ਸਿੰਘ ਜੀ ਪਹਿਲਾਂ ਗੁਰੂ ਅਰਜਨ ਸਾਹਿਬ
ਦੇ ਮੁੱਖੋਂ ਇਹ ਸ਼ਬਦ ਕਢਵਾ ਚੁਕੇ ਹਨ ਕਿ ‘ਬੇਦੀ ਕੁਲ ਕੇ ਤਿਲਕ ਕੀ ਨਿੰਦਾ ਤੁਮ ਕੀਨੀ। ਫਿਟ
ਜਾਵਹਿਗੀ ਦੇਹਿ ਤੁਮ ਰੁਜ ਤੇ ਹੁਇ ਹੀਨੀ’। ਪਰੰਤੂ ‘ਗੁਰ ਬਿਲਾਸ ਪਾਤਸ਼ਾਹੀ ੬’ ਵਿੱਚ ਗੁਰੂ ਅਰਜਨ
ਸਾਹਿਬ ਰਬਾਬੀਆਂ ਨੂੰ ਮੁਖ਼ਾਤਬ ਹੋ ਕੇ ਅਜਿਹਾ ਨਹੀਂ ਕਹਿੰਦੇ, ਕੇਵਲ ਪਟਨਾ ਨਿਵਾਸੀ ਸੰਗਤਾਂ ਦੇ
ਪੁੱਛਣ `ਤੇ ਹੀ ਅਜਿਹਾ ਫ਼ਰਮਾਂਦੇ ਹਨ।
ਗੁਰ ਬਿਲਾਸ ਵਿਚਲੀ ਇਸ ਕਲਪਣਾ ਦਾ ਵੀ ਭਾਈ ਸੰਤੋਖ ਸਿੰਘ ਜੀ ਵਰਣਨ ਨਹੀਂ ਕਰ ਰਹੇ ਜਿਸ ਦੁਆਰਾ ਇਹ
ਦਰਸਾਇਆ ਹੈ ਕਿ, “ਭਯੋ ਰਬਾਬ ਅਲੋਪ” ਭਾਵ ਰਬਾਬ ਬਜਾਉਣ ਦੀ ਕਲਾ ਇਹਨਾਂ ਪਾਸੋਂ ਜਾਂਦੀ ਰਹੀ।
ਸਿੱਖ ਸੰਗਤਾਂ ਵਲੋਂ ਭਾਈ ਬਲਵੰਡ ਅਤੇ ਭਾਈ ਸੱਤੇ ਜੀ ਨੂੰ ਦਾ ਤਿਰਸਕਾਰਨ ਦਾ ਜਿਸ ਤਰ੍ਹਾਂ ਭਾਈ
ਸੰਤੋਖ ਸਿੰਘ ਜੀ ਨੇ ਵਰਣਨ ਕੀਤਾ ਹੈ, ਇਸ ਤਰ੍ਹਾਂ ਦੇ ਤਿਰਸਕਾਰ ਦੀ ਕਲਪਣਾ ‘ਗੁਰ ਬਿਲਾਸ ਪਾਤਸ਼ਾਹੀ
੬’ ਦੇ ਕਰਤੇ ਨਹੀਂ ਕੀਤੀ ਹੈ।
ਇਸ ਤੋਂ ਅੱਗੇ ਭਾਈ ਸੰਤੋਖ ਸਿੰਘ ਜੀ ਨੇ ‘ਗੁਰ ਬਿਲਾਸ ਪਾਤਸ਼ਾਹੀ ੬’ ਵਿਚਲੀ ਕਹਾਣੀ ਨੂੰ ਹੀ ਆਪਣੇ
ਸ਼ਬਦਾਂ ਵਿੱਚ ਬਿਆਨ ਕੀਤਾ ਹੈ:
“ਪਛੁਤਾਏ ਦੁਖ ਪਾਇ ਕੈ ਗੁਰ ਮਹਿਮਾ ਜਾਨੀ। ਸਿੱਖਯਨਿ ਪਹਿ ਬਿਨਤੀ ਭਨਤਿ ਕਿਨਹੂੰ ਨਹਿਂ ਮਾਨੀ।
‘ਕਾਰੋ ਮੁਖ ਕਰਿਵਾਇ ਜੋ ਸੋ ਕਰਹਿ ਬਖਾਨੋ। ਤੁਮ ਸ੍ਰਾਪ ਸ਼੍ਰੀ ਸਤਿਗੁਰੂ ਹੰਕਾਰ ਜਿ ਠਾਨੇ’। ੨੬।
ਬੈਠ ਬਿਸੂਰਤਿ ਘਰ ਬਿਖੈ ਹਮ ਨੇ ਕਯਾ ਕੀਨਾ। ਆਇ ਆਪ ਸ਼੍ਰੀ ਸਤਿਗੁਰੂ ਨਹਿਂ ਆਦਰ ਦੀਨਾ। ਕਹਿ ਕਠੋਰ
ਨਿੰਦਾ ਕਰੀ ਕਯਾ ਥੇ ਹਮ ਕੀਰੇ। ਝੂਠੇ ਧਾਰਿ ਗੁਮਾਨ ਕੋ ਨਹਿਂ ਲਖਯੋ ਗਹੀਰੇ। ੨੭। ਪਾਤਿਸ਼ਾਹਿ ਪੰਚੇ
ਗੁਰੂ ਸਮ ਭਾਨੁ ਪ੍ਰਕਾਸ਼ੇ। ਜਗ ਮਹਿਂ ਅਰਯੋ ਨ ਅੱਗ੍ਰ ਕੋ ਰਿਪੁ ਸ੍ਰਾਪ ਬਿਨਾਸੇ। ਮੂਰਤਿ ਇਹੀ ਖੁਦਾਇ
ਕੀ ਜਿਸ ਕੋ ਅਪਮਾਨਾ। ਹਮ ਕੋ ਸੁਖ ਕਿਮ ਹੋਇ ਹੁਐ ਹੈ ਗੁਰ ਸ੍ਰਾਪ ਬਖਾਨਾ। ੨੮। ਭਾਵੀ ਕੋ ਪ੍ਰਰਨਿ
ਕਰਯੋ ਉਰ ਭਯੋ ਹੰਕਾਰਾ। ਹਮ ਹੈਂ ਸਭਿ ਹੀ ਤੇ ਬਡੇ ਇਮ ਭਾ ਮਦਭਾਰਾ। ਗੁਰੂ ਸਭਾ ਸਨਮਾਨ ਹੁਐ ਹਮ
ਜਰਯੋ ਨ ਸੋਈ। ਘੋਰ ਆਪਦਾ ਮੈਂ ਪਰੇ ਨਹਿਂ ਰੱਖਯਕ ਕੋਈ। ੨੯।
ਇਕ ਦਿਨ ਬੈਠੇ ਝੂਰਤੇ ਮਨ ਮਹਿਂ ਇਮ ਆਈ। ਲੱਧਾ ਸਿੱਖ ਲਹੌਰ ਮੈਂ ਤਿਹ ਬਡ ਬਡਿਆਈ। ਕਈ ਬਾਰ ਗੁਰਦਾਸ
ਨੇ ਸ਼ੁਭ ਸਤੁਤਿ ਉਚਾਰੀ। ਤਿਸ ਕੇ ਸਮ ਦੂਸਰ ਨਹੀਂ ਅਸ ਪਰਉਪਕਾਰੀ। ੩੦। ਸੋ ਬਖਸ਼ਾਵਹਿਗੋ ਹਮੋਂ-ਨਿਸ਼ਚੈ
ਅਸ ਠਾਨੀ। ਲਵਪੁਰਿ ਕੋ ਗਮਨੇ ਜੁਗਲ ਸਭਿ ਕਰਿ ਮਦਹਾਨੀ। ਏਕ ਨਿਸਾ ਬਸਿ ਪੰਥ ਮਹਿਂ ਪਹੁੰਚੇ ਤਿਸ
ਥਾਈਂ। ਫਿਰਤਿ ਮਿਲਹਿਂ ਸਿਖ ਗਰੀ ਮਹਿਂ ਇਤ ਉਤ ਟਰਿ ਜਾਂਈ। ੩੧। ਕੋ ਸਿਖ ਬਦਨ ਦੁਰਾਇ ਨਿਜ ਅੰਚਰ ਕੋ
ਡਾਰੈ। ਨਹਿਂ ਦਿਖਾਇ ਮੁਖ ਆਪਨੋ, ਨਹਿਂ ਤਿਨਹੁਂ ਨਿਹਾਰੈ। ਮਹਾਂ ਅਘੀ ਸਮ ਜਾਨਿ ਕੈ ਬੋਲੈ ਨਹਿਂ
ਕੋਈ। ਇਹ ਗੁਰ ਤੇ ਸ੍ਰਾਪਤਿ ਮਹਾਂ ਕਿਤ ਮਿਲੈ ਨ ਢੋਈ। ੩੨। ਪਹੁੰਚੇ ਕੇ ਸਦਨ ਕਿਨ ਜਾਇ ਸੁਨਾਵਾ।
‘ਸੱਤੇ ਜੁਤ ਬਲਵੰਡ ਜੋ ਤੇਰੇ ਗ੍ਰਿਹ ਆਵਾ’। ਦੌਰਿ ਪੌਰ ਪਟ ਭੇਰਿਕੈ ਅੰਤਰ ਹੁਇ ਬੈਸਾ। ਫਿਟਕੇ ਸ਼੍ਰੀ
ਅਰਜਨ ਗੁਰੂ ਦੁਖ ਬਾਢਯੋ ਤੈਸਾ। ੩੩।
ਪੌਰ ਖਰੇ ਹੁਇ ਕੌਰ ਲਗਿ ਬਹੇ ਬਿਨੈ ਬਖਾਨੀ। ‘ਤ੍ਰਾਹਿ ਤ੍ਰਾਹਿ ਸ਼ਰਨੀ ਪਰੇ ਸੁਨਿ ਸਿਫਤ ਮਹਾਨੀ। ਗੁਰ
ਸਿੱਖਯਨਿ ਮਹਿਂਨਾਮ ਤੁਵਕਹਿਂ-ਪਰਉਪਕਾਰੀ। ਕਰਿ ਸਹਾਇਤਾ ਦੀਨ ਲਖਿ ਕਟਿ ਬ੍ਰਿਥਾ ਹਮਾਰੀ। ੩੪। ਲਾਜ
ਨਾਮ ਕੀ ਰਾਖੀਏ ਅਰਦਾਸ ਸੁਨੀਜੈ। ਏਕ ਬੇਰ ਸ਼੍ਰੀ ਗੁਰ ਨਿਕਟਿ ਹਮਰੀ ਸੁਧਿ ਦੀਜੈ। ਆਨ ਥਾਨ ਤੁਝ ਬਿਨਾ
ਨਹਿਂ ਜਿਸ ਕੇ ਢਿਗ ਜਾਵੈਂ। ਦਰ ਤੇਰੇ ਹਮ ਪਰ ਰਹੇ ਕਰਿ ਜਯੋਂ ਉਰ ਭਾਵੈ। ੩੫। ਮਾਰਹੁੰ ਕਿਧੋਂ
ਜਿਵਾਇ ਦਿਹੁ ਹਮ ਤੋਹਿ ਅਧੀਨਾ। ਘਰ ਨਿਕਸੇ ਤਕ ਸ਼ਰਨ ਤੁਵ ਕੀਜਹਿ ਦੁਖ ਹੀਨਾ’। ਇਸ ਪ੍ਰਕਾਰ ਬਹੁ
ਬੇਨਤੀ ਕਰਿ ਕੇਤਿਕ ਕਾਲਾ। ਬੈਠਿ ਰਹੇ ਦਰ ਪਰ ਤਬਹਿ, ਹੁਇ ਲਜਤਿ ਬਿਸਾਲਾ। ੩੬। ਲੱਧਾ ਚਿਤਵਤਿ ਚਿਤ
ਬਿਖੈ-ਮੈਂ ਕਿਯ ਉਪਕਾਰਾ। ਸਭਿ ਤਜਿ ਮੇਰੇ ਦਰ ਪਰੇ ਇਨ ਕਾਰਜ ਭਾਰਾ। ਕਹਨਿ ਬਨਹਿ ਨਹਿਂ ਨਿਕਟ ਗੁਰ
ਮੁਖ ਕਰਿ ਹੈਂ ਕਾਰੋ। ਕਿਮ ਕਾਰਜ ਇਨ ਕੋ ਬਨਹਿ ਨਹਿਂ ਕੋ ਉਪਚਾਰੋ। ੩੭। ਬਹੁਰ ਬਿਚਾਰਯੋ-ਆਪ ਹੀ ਕਰਿ
ਹੌਂ ਮੁਖ ਕਾਰਾ। ਚਢਿ ਗਰਧਬਿ ਪਰ ਜਾਇ ਹੌਂ ਗੁਰ ਕੇ ਦਰਬਾਰ। ਤੌ ਕਹਿਬੋ ਨੀਕੋ ਅਹੈ ਬਨਿ ਹੈ ਇਨ
ਕਾਜੂ। ਦੇਖਹਿਂ ਪ੍ਰਥਮ ਸਜਾਇ ਕੋ ਗੁਰੁ ਦੇਹਿਂ ਨਿਵਾਜੂ। ੩੮। ਕਰਿ ਨਿਸ਼ਚੈ ਦਰ ਖੋਲਿ ਕੈ ਅੰਤਰ
ਪ੍ਰਵਿਸ਼ਾਏ। ਧਰਿ ਦੀਨਿ ‘ਕਰਿ ਹੌਂ ਜਤਨ ਗੁਰ ਇੱਛ ਪਰਾਏ’। ਤਿਸ ਦਿਨ ਰਾਖੇ ਪਾਸ ਨਿਜ ਪੁਨ ਉਠਯੋ
ਸਕਾਰਾ। ਪੁਰਬ ਮੂੰਡ ਮੁੰਡਾਇ ਕੈ ਮੁਖ ਕੀਨਸਿ ਕਾਰਾ। ੩੯। ਗਰਧਬ ਕਰਿ ਭਾਰਾ ਲਿਯੋ ਹੁਇ ਤਿਸ
ਅਸਵਾਰੋ। ਸੰਗ ਢੋਲ ਬਜਵਾਇਓ ਨਰ ਪਿਖਹਿਂ ਹਜ਼ਾਰੋਂ। ਮਗ ਨਿਸ ਬਸਿ ਗੁਰ ਕੀ ਪੁਰੀ ਆਗਲ ਦਿਨ ਆਯੋ।
ਪ੍ਰਥਮ ਪ੍ਰਕਰਮਾਂ ਨਗਰ ਕੀ ਕਰਿ ਕੈ ਪ੍ਰਵਿਸ਼ਾਯੋ। ੪੦। ਕੌਤਕ ਹੇਤੁ ਬਿਲੋਕਯੋ ਨਰ ਭੇ ਸਮੁਦਾਯਾ। ਗਰੀ
ਗਰੀ ਫਿਰ ਨਗਰ ਮਹਿਂ ਜਿਨ ਬੇਖ ਦਿਖਾਯਾ। ਨਰ ਨਾਰੀ ਬਾਲਕ ਤਰੁਨ ਬ੍ਰਿਧ ਸਕਲ ਨਿਹਾਰਾ। ਜਸੁ ਪਸਰਯੋ
ਸਭਿ ‘ਧੰਨ’ ਕਹਿਂ ‘ਕਿਯ ਬਡ ਉਪਕਾਰਾ। ੪੧। ਕੌਨ ਸਕੈ ਕਰਿ ਇਸ ਬਿਧੀ ਪਰ ਹੇਤੁ ਬਿਸਾਲਾ। ਧੰਨ ਗੁਰੂ
ਕੇ ਸਿੱਖ ਹੈਂ ਜੋ ਪਰਮ ਕ੍ਰਿਪਾਲਾ। ਹਾਨ ਲਾਭ ਪਤਿ ਆਪਨੀ ਨਹਿਂ ਨੈਕ ਬਿਚਾਰਾ। ਪੂਰਨ ਸ਼੍ਰੀ ਗੁਰ ਬਾਕ
ਕੋ ਇਮ ਬੇਖ ਸੁਧਾਰਾ’। ੪੨। ਢੋਲ ਬਜੈ ਸੁਨਿ ਸ਼ਬਦ ਕੋ ਹੇਰਹਿਂ ਨਰ ਨਾਰੀ। ਗਰੀ ਗਰੀ ਫਿਰਿ ਸਭਿ ਪੁਰੀ
ਸਿਖ ਪਰਉਪਕਾਰੀ। ਥੜੇ ਸੁਹਾਵਤਿ ਗੁਰੂ ਜੀ ਇਮ ਸੁਨਿ ਕੈ ਕਾਨਾ। ਤਿਤ ਕੋ ਗਰਧਬ ਪ੍ਰੇਰਿ ਕੈ ਆਯੋ
ਸਮੁਹਾਨਾ।” (ਰਾਸਿ ੩, ਅੰਸੂ ੪੫।
‘ਗੁਰ ਬਿਲਾਸ ਪਾਤਸ਼ਾਹੀ ੬’ ਵਿੱਚ ਅੰਕਤ ਇਹ ਕਹਾਣੀ ਨੂੰ ਹੀ ਭਾਈ ਸਾਹਿਬ ਆਪਣੇ ਸ਼ਬਦਾਂ ਵਿੱਚ ਬਿਆਨ
ਕਰ ਰਹੇ ਹਨ। ਕਈ ਸ਼ਬਦ ਤਾਂ ਹੂ-ਬਹੂ ਗੁਰ ਬਿਲਾਸ ਦੇ ਹੀ ਹਨ, ਪਰੰਤੂ ਜਿੱਥੇ ਗੁਰ ਬਿਲਾਸ ਦਾ ਕਰਤਾ
ਇਹ ਲਿਖਦਾ ਹੈ ਕਿ, “ਗਰਧਬ ਏਕੁ ਮੰਗਾਇ ਕੈ ਚੜ੍ਹਯੋ ਹਰਖ ਮਨਿ ਧਾਰਿ” ਉੱਥੇ ਭਾਈ ਸੰਤੋਖ ਸਿੰਘ
ਲਿਖਦੇ ਹਨ ਕਿ, “ਗਰਧਬ ਕਰਿ ਭਾਰਾ ਲਿਯੋ ਹੁਇ ਤਿਸ ਅਸਵਾਰੋ” ਖੋਤੇ ਨੂੰ ਭਾੜੇ ਤੇ ਲੈਣ ਦਾ ਵਰਣਨ
ਕੀਤਾ ਹੈ।
“ਲੱਧਾ ਪਰਉਪਕਾਰ ਹਿਤ ਸ਼ੰਕਾ ਨਹੀਂ ਮਨ ਕੀਨਿ। ਇਨਕੋ ਬਖਸ਼ਹਿਂ ਸ਼੍ਰੀ ਗੁਰੂ ਕਯਾ ਮੇਰੋ ਹੁਇ ਹੀਨ। ੧।
ਸੀਸ ਮੁੰਡਾਇ ਬਾਲ ਪੁਨ ਬਿਰਧਹਿਂ ਮੁਖ ਕਾਰੋ ਲਿਉਂ ਨੀਰ ਪਖਾਰ। ਪਰ ਕਾਰਜ ਕਾਂਯਾਂ ਜੇ ਆਵਹਿ ਸਫਲ
ਜਨਮ ਹੋਵਹਿ ਤਿਸ ਬਾਰ। ਰਿਦੈ ਬਿਖੈ ਚਿਤਵਹਿ ਉਪਕਾਰਹਿ ਸਤਿਗੁਰ ਚਰਨ ਪ੍ਰੇਮ ਕੋ ਧਾਰਿ। ਅਧਿਕ ਭੀਰ
ਸੰਗ ਢੋਲ ਬਜਤਿ ਬਡ ਸ਼ੋਰ ਹੋਤਿ ਬੋਲਤਿ ਨਰ ਨਾਰਿ। ੨। ਆਯੋ ਨਿਕਟ ਸੁਨੀ ਧੁਨਿ ਸ਼੍ਰੀ ਗੁਰ ਬੂਝਨਿ ਲਗੇ
ਲੋਕ ਜੇ ਤੀਰ। ‘ਕੋ ਆਵਤਿ ਬਡ ਸ਼ੋਰ ਮਚਾਵਤਿ ਢੋਲ ਬਜਾਵਤਿ ਲਖਿਯਤਿ ਭੀਰ’। ਕੌਨ ਦੇਸ਼ ਕੀ ਸੰਗਤਿ ਹੈ
ਇਹ’ ਸਭਿ ਲਖਿ ਪੂਛਤਿ ਗੁਨੀ ਗਹੀਰ। ਹਾਥ ਜੋਰਿ ਸਿਖ ਕਹੀ ਬਾਰਤਾ’ ਸਿਖੀ ਧੰਨ ਸਿਦਕ ਪ੍ਰਭੁ ਧੀਰ। ੩।
ਲੱਧਾ ਗੁਰਮੁਖ ਪਰਉਪਕਾਰੀ ਬਾਕ ਗੁਰੂ ਤੇ ਬੇਖ ਬਨਾਇ। ਗਧੇ ਅਰੂਢਯੋ ਕਰਿ ਮੁਖ ਕਾਰੋ, ਸੀਸ ਮੁੰਡਾਇ
ਢੋਲ ਬਜਵਾਇ। ਫਿਰਯੋ ਨਗਰ ਤਿਸ ਕੇ ਹਿਤ ਹੇਰਨਿ ਆਵਤਿ ਲੋਕ ਬ੍ਰਿੰਦ ਬਿਸਮਾਇ’। ਇਤਨੇ ਮਹਿਂ ਸਨਮੁਖ
ਭਾ ਗੁਰ ਕੇ ਦਰਸ਼ਨ ਦੇਖਤਿ ਪ੍ਰੇਮ ਬਧਾਇ। ੪। ਹਾਥ ਬੰਦਿ ਕਰਿ ਬੰਦਨ ਕੀਨਸਿ ਪਦ ਅਰਬਿੰਦਹਿ ਦ੍ਰਿਸ਼ਟਿ
ਲਗਾਇ। ਗਰਧਬ ਚਢਯੋ ਸਤੁਤਿ ਕੋ ਉਚਾਰਤਿ ‘ਕ੍ਰਿਪਾ ਨਿਧਾਨ ਨਾਮ ਤੁਮ ਗਾਇ। ਪਤਿਤ ਪਾਵਨ ਅਧਮ ਉਧਾਰਨ
ਗੁਰੂ ਗਰੀਬ ਨਿਵਾਜ ਅਲਾਇ। ਦਾਸ ਬ੍ਰਿੰਦ ਬਖਸ਼ਿੰਦ ਬਿਲੰਦੇ ਚੰਦ ਮਨਿੰਦ ਅਨੰਦ ਉਪਾਇ। ੫। ਰਿਸ
ਪ੍ਰਸੰਨਤਾ ਸਫਲ ਤੁਮਾਰੀ, ਛਿਮਹੁ ਭੂਲ ਨਿਜ ਦਾਸ ਪਛਾਨਿ। ਆਗਯਾ ਮਾਨਿ ਪ੍ਰਥਮ ਕੀ ਇਮ ਕਿਯ ਅਪਰ ਸਜ਼ਾਇ
ਉਚਿਤ ਕੁਛ ਜਾਨਿ। ਸੋ ਦੀਜਹਿ ਨਹਿਂ ਦੇਰਿ ਕਰੀਜਹਿ ਪੁਨ ਮੈਂ ਅਰਜ਼ ਗੁਜ਼ਾਰਨਿ ਠਾਨਿ। ਦੀਨ ਬੰਧੁ
ਪ੍ਰਭੁ ਦਯਾਸਿੰਧੁ ਗੁਰ ਬੁਧਿ ਅੰਧੇ ਕਹੁ ਦੇ ਦ੍ਰਿਗ ਗਯਾਨ’। ੬।”
ਚੱਲਦਾ