ਜਦੋਂ ਮੈਂ ‘ਮਾਂ’ ਦੇ ਅੱਣਮੁੱਲੇ ਖਜ਼ਾਨੇ ਤੋਂ ਵਾਂਝਾ ਹੋਇਆ...!
-ਰਘਬੀਰ ਸਿੰਘ ਮਾਨਾਂਵਾਲੀ
‘ਮਾਂ’ ਇਕ ਅੱਖਰੀ ਸ਼ਬਦ ਹੈ। ਪਰ ਇਸ ਇਕ ਅੱਖਰੀ ਮਾਖਿਓ ਮਿੱਠੇ ਸ਼ਬਦ ਵਿੱਚ ਸਾਰੀ ਦੁਨੀਆਂ ਸਮੋਈ
ਹੋਈ ਹੈ। ਦੁਨੀਆਂ ਵਿੱਚ ਸਭ ਤੋਂ ਵੱਡਾ ਰਿਸ਼ਤਾ ਮਾਂ ਦਾ ਹੀ ਹੁੰਦਾ ਹੈ। ਮਾਂ ਰੂਪੀ ਪਦਾਰਥ ਦੁਨੀਆਂ
ਦੇ ਪਦਾਰਥਾਂ ਨਾਲੋਂ ਸਭ ਤੋਂ ਮਿੱਠਾ ਪਦਾਰਥ ਹੈ। ਅੰਮੜੀ, ਅੰਮਾਂ, ਮਾਂ, ਬੀਬੀ, ਬੇਬੇ, ਝਾਈ ਅਤੇ
ਮਾਤਾ ਵਰਗੇ ਸ਼ਬਦ ਜਦੋਂ ਮੂੰਹੋ ਨਿਕਲਦੇ ਹਨ ਤਾਂ ਪਿਆਰ ਤੇ ਸਤਿਕਾਰ ਦੀ ਮੂਰਤ ਸਾਕਾਰ ਹੋ ਜਾਂਦੀ
ਹੈ। ਮਾਂ ਦੇ ਰੋਮ-ਰੋਮ ਅਤੇ ਬੋਲਾਂ ਵਿਚੋਂ ਮਮਤਾ...ਮੋਹ...ਮਿਠਾਸ ਅਪੱਣਤ, ਨਿੱਘ ਸਾਡੀ ਰੂਹ ਨੂੰ
ਸਕੂਨ, ਜਿਸਮ ਨੂੰ ਤਾਜ਼ਗੀ ਤੇ ਮਨ ਨੂੰ ਹੁਲਾਸ ਬਖਸ਼ ਤਰੋ-ਤਾਜ਼ਾ ਕਰਦਾ ਮਹਿਸੂਸ ਹੁੰਦਾ ਹੈ। ਹਰੇਕ
ਪ੍ਰਾਣੀ ਅਤੇ ਜੀਵ ਜੰਤੂ ਮਾਂ ਤੋਂ ਹੀ ਪੈਦਾ ਹੁੰਦਾ ਹੈ। ਮਾਂ ਬਣਨਾ ਆਪਣੇ ਆਪ ਵਿਚ ਬਹੁਤ ਵੱਡਾ
ਰੁਤਬਾ ਹੈ। ਜੋ ਔਰਤ ਮਾਂ ਨਹੀਂ ਬਣ ਪਾਉਂਦੀ, ਉਹ ਆਪਣੇ ਆਪ ਨੂੰ ਬਦਕਿਸਮਤ ਸਮਝਦੀ ਹੈ। ਮਾਂ ਮਹਾਨ
ਹੈ...ਮਾਂ ਮੋਹ ਦੀ ਮੂਰਤ ਹੈ। ਮਾਂ ਪਹਿਲਾ ਅਧਿਆਪਕ ਹੈ...ਮਾਂ ਆਪਣੇ ਬੱਚੇ ਨੂੰ ਨੌ ਮਹੀਨੇ ਪੇਟ
ਵਿੱਚ ਰੱਖ ਕੇ ਢੇਰ ਦੁੱਖ ਝੱਲ ਕੇ ਸੰਸਾਰ ਪ੍ਰਵੇਸ਼ ਕਰਵਾਉਂਦੀ ਹੈ। ਇਹ ਕੋਈ ਬੱਚਿਆਂ ਦੀ ਖੇਡ ਨਹੀਂ
ਹੈ। ਫਿਰ ਅਥਾਹ ਪੀੜਾਂ ਸਹਿ ਕੇ ਉਹ ਬੱਚੇ ਨੂੰ ਜਨਮ ਦਿੰਦੀ ਹੈ। ਇਹ ਜੰਮਣ-ਪੀੜਾਂ ਮਾਂ ਬਣਨ ਦੇ
ਮਿੱਠੇ ਅਹਿਸਾਸ ਨਾਲ ਉਹ ਹੱਸ-ਹੱਸ ਜਰ ਲੈਂਦੀ ਹੈ। ਕਿਸੇ ਵੀ ਮਰਦ ਲਈ ਮਾਂ ਦੁਆਰਾ ਕੀਤਾ ਇਹ ਕਾਰਜ
ਕਦੀ ਨਾ ਉਤਾਰਿਆ ਜਾਣ ਵਾਲਾ ਕਰਜ਼ ਹੈ। ਬੱਚੇ ਦੀ ਪ੍ਰਵਰਿਸ਼ ਕਰਨ ਲਈ ਮਾਂ ਦੁਨੀਆਂ ਭਰ ਦੀਆਂ
ਖੁਸ਼ੀਆਂ ਨਿਛਾਵਰ ਕਰ ਦਿੰਦੀ ਹੈ। ਆਪ ਗਿੱਲੇ ਥਾਂ ਪੈਂਦੀ ਹੈ ਤੇ ਬੱਚੇ ਨੂੰ ਸੁੱਕੇ ਥਾਂ ਪਾਉਂਦੀ
ਹੈ। ਬੱਚੇ ਦੀ ਖਾਤਿਰ ਉਹ ਰਾਤਾਂ ਨੂੰ ਜਾਗਦੀ ਹੈ। ਇਕ ਮਾਂ ਬੱਚਿਆਂ ਲਈ ਦੁਨੀਆਂ ਵਿੱਚ ਜੋ ਕਰਦੀ ਹੈ
ਉਹ ਕੋਈ ਹੋਰ ਨਹੀਂ ਕਰ ਸਕਦਾ… ਇਕ ਬਾਪ ਵੀ ਨਹੀਂ…। ਮਰਦ ਇਕ ਬੱਚਾ ਵੀ ਨਹੀਂ ਪਾਲ ਸਕਦਾ। ਪਰ ਔਰਤ
ਦੋ ਤੋਂ ਵੱਧ ਬੱਚੇ ਵੀ ਪਾਲਦੀ ਹੈ। ਇਹ ਮਾਂ ਦੀ ਅੱਣਥਕ ਮਿਹਨਤ ਤੇ ਕੁਰਬਾਨੀ ਦਾ ਸਬੂਤ ਹੈ। ਫਿਰ ਵੀ
ਕਈ ਅਕ੍ਰਿਤਘਣ ਲੋਕ ਮਾਵਾਂ ਨੂੰ ਪੁੱਛਦੇ ਹਨ ਕਿ 'ਤੂੰ ਸਾਡੇ ਲਈ ਕੀ ਕੀਤਾ ਹੈ?' ਅਜਿਹੇ ਮੂਰਖ ਲੋਕ
ਮਾਵਾਂ ਦੀ ਸਖਸ਼ੀਅਤ ਅਤੇ ਵਿਅਕਤੀਤਵ ਨੂੰ ਪਛਾਣ ਹੀ ਨਹੀਂ ਸਕੇ।
ਪਦਾਰਥਵਾਦੀ ਯੁੱਗ ਵਿੱਚ ਔਲਾਦ ਮਾਂ ਬਾਪ ਦੀ ਸਾਰ ਵੀ ਨਹੀਂ ਲੈ ਰਹੀ। ਜਦੋਂ ਮਾਂ ਬਾਪ ਬੁੱਢੇ ਹੋ
ਜਾਂਦੇ ਹਨ ਅਤੇ ਕਮਾਅ ਸਕਣ ਦੇ ਯੋਗ ਨਹੀਂ ਰਹਿੰਦੇ ਫਿਰ ਔਲਾਦ ਉਹਨਾਂ ਨੂੰ ਆਪਣੇ ‘ਤੇ ਭਾਰ ਸਮਝਦੀ
ਹੈ। ਜਦੋਂ ਕਿ ਇਕ ਮਾਂ ਆਪਣੀ ਔਲਾਦ ਨੂੰ ਭਾਰ ਕਦੀ ਮਹਿਸੂਸ ਹੀ ਨਹੀਂ ਕਰਦੀ। ਜੇ ਇਕ ਤੋਂ ਵੱਧ
ਪੁੱਤਰ ਹੋਣ ਤਾਂ ਹਰ ਕੋਈ ਮਾਂ-ਬਾਪ ਨੂੰ ਇਕ ਦੂਸਰੇ ਭਰਾ ਵੱਲ ਧੱਕਦਾ ਹੈ। ਤੇ ਕਈ ਪੁੱਤਰ ਤਾਂ
ਮਾਪਿਆਂ ਨੂੰ ਰੁਲਣ ਲਈ ਮਜਬੂਰ ਕਰ ਦਿੰਦੇ ਹਨ। ਗੁਰੂ ਸਾਹਿਬਾਨਾਂ ਨੇ ਬਾਣੀ ਵਿਚ ਫੁਰਮਾਨ ਕੀਤਾ ਸੀ:
ਜੋ ਹਮਰੀ ਬਿਧਿ ਹੋਤੀ ਮੇਰੇ ਸਤਿਗੁਰਾ॥
ਸਾ ਬਿਧਿ ਤੁਮ ਹਰਿ ਜਾਣਹੁ ਆਪੇ॥
ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੂਛਤਾ॥
ਗੁਰ ਸਤਿਗੁਰ ਸੰਗਿ ਕੀਰੇ ਹਮ ਥਾਪੇ॥
-ਗਉੜੀ ਬੈਰਾਗਣਿ ਮਹਲਾ ੪ ਅੰਕ ੧੬੭
ਮਾਂ ਬੱਚੇ ਦੀ ਪ੍ਰਵਰਿਸ਼ ਕਰਦਿਆਂ ਉਸ ਨੂੰ ਜਿੰਦਗੀ ਲਈ ਚੰਗੇ ਸੰਸਕਾਰ ਦਿੰਦੀ ਹੈ। ਉਸ ਦੀਆਂ
ਛੋਟੀਆਂ-ਛੋਟੀਆਂ ਗਲਤੀਆਂ ਨੂੰ ਸੁਧਾਰਦੀ ਹੈ। ਬੱਚੇ ਦੀ ਉਂਗਲ ਫੜ੍ਹ ਕੇ ਤੁਰਨ ਤੋਂ ਲੈ ਕੇ ਵਿਆਉਣ
ਤੱਕ ਮਾਂ ਦਾ ਬਹੁਤ ਵੱਡਾ ਯੋਗਦਾਨ ਹੈ। ਜਿਸ ਨੂੰ ਭੁਲਾਇਆ ਨਹੀਂ ਜਾ ਸਕਦਾ। ਪਰ ਜਿਉਂ ਹੀ ਪੁੱਤਰ ਦਾ
ਵਿਆਹ ਹੁੰਦਾ ਹੈ ਤਾਂ ਸਭ ਕੁਝ ਬਦਲ ਜਾਂਦਾ ਹੈ। ਉਸ ਘਰ ਵਿਚ ਮਾਂ ਬੇਗਾਨੀ ਬਣ ਜਾਂਦੀ ਹੈ। ਨੂੰਹ ਨੇ
ਭਾਂਵੇਂ ਕੱਲ ਨੂੰ ਇਕ ਮਾਂ ਬਣਨਾ ਹੁੰਦਾ ਹੈ। ਅਤੇ ਉਹ ਪੇਕੀਂ ਵੀ ਇਕ ਮਾਂ ਛੱਡ ਕੇ ਆਈ ਹੁੰਦੀ ਹੈ।
ਫਿਰ ਵੀ ਆਪਣੇ ਪਤੀ ਦੀ ਮਾਂ ਨਾਲ ਬੇਗਾਨਿਆਂ ਵਾਲਾ ਸਲੂਕ ਕਰਦੀ ਹੈ। ਜੋ ਸਰਾਸਰ ਮਾਂ ਦੇ ਰਿਸ਼ਤੇ
ਨਾਲ ਬੇਇਨਸਾਫੀ ਹੈ। ਸਵਾਲ ਪੈਦਾ ਹੁੰਦਾ ਹੈ ਕਿ ਜੇ ਹਰ ਕੁੜੀ ਨੇ ਮਾਂ ਬਣਨਾ ਹੈ। ਤਾਂ ਮਾਂ ਵਰਗੇ
ਪਵਿੱਤਰ ਰਿਸ਼ਤੇ...ਮਹਾਨ ਵਿਅਕਤੀਤਵ... ਮੋਹ ਦੇ ਸਮੁੰਦਰ... ਅਸੀਸਾਂ ਦੇ ਅਣਮੁੱਲੇ ਖਜ਼ਾਨੇ ਨਾਲ
ਬਦਲ-ਸਲੂਕੀ ਕਿਉਂ ਕੀਤੀ ਜਾ ਰਹੀ ਹੈ। ਮਾਂ ਸਾਡੀ ਸਿਰਜਕ ਹੈ। ਸਾਡੀ ਮਾਂ ਬੋਲੀ ਹੈ... ਸਾਡੀ ਧਰਤੀ
ਮਾਂ ਹੈ... ਮਾਂ ਕੁਦਰਤ ਹੈ... ਮਾਂ ਸਿਰਫ ਮਾਂ ਹੀ ਹੁੰਦੀ ਹੈ। ਮਾਵਾਂ ਵਾਲਿਓ... ਦੁਨਿਆਂ ਵਿੱਚ
ਇਸ ਦਾ ਕੋਈ ਬਦਲ ਨਹੀਂ ਹੈ। ਕਿਸੇ ਭੁਲੇਖੇ ਵਿਚ ਨਾ ਰਿਹੋ...। ਮਾਵਾਂ ਨੂੰ ਸੰਭਾਲ ਲਓ... ਬੋਝ
ਮਹਿਸੂਸ ਨਾ ਕਰੋ। ਮਾਵਾਂ ਨੂੰ ਬੇਗਾਨੀਆਂ ਸਮਝਣ ਵਾਲੀਆਂ ਨੂੰਹਾਂ ਵੀ ਅਕਸਰ ਮਾਵਾਂ ਹਨ। ਕਲ ਨੂੰ
ਉਹਨਾਂ ਵੀ ਬਜ਼ੁਰਗ ਬਣਨਾ ਹੈ। ਫਿਰ ਉਹਨਾਂ ਦੇ ਬੱਚੇ ਵੀ ਉਹਨਾਂ ਨਾਲ ਮਾੜਾ ਵਿਵਹਾਰ ਕਰਨਗੇ। ਪਰ ਇਸ
ਵਤੀਰੇ ਦੇ ਬਾਵਜੂਦ ਮਾਂ ਦੇ ਵਿਸ਼ਾਲ ਹਿਰਦੇ ਵਿਚੋਂ ਪੁੱਤਰ ਲਈ ਅਸੀਸਾਂ ਹੀ ਨਿਕਲਦੀਆਂ ਹਨ। ਬੱਚਿਆਂ
ਪ੍ਰਤੀ ਮਾਂ ਦੇ ਪਿਆਰ ਬਾਰੇ ਗੁਰਬਾਣੀ ਵੀ ਹਾਮੀ ਭਰਦੀ ਹੈ। “ਸੁਤੂ
ਅਪਰਾਧ ਕਰਤ ਹੈ ਜੇਤੇ॥ ਜਨਨੀ ਚੀਤਸਿ ਨ ਰਾਖਸਿ ਤੇਤੇ॥ 478॥ ਔਲਾਦ ਬਹੁਤ ਗਲਤੀਆਂ ਕਰਦੀ
ਹੈ। ਬੱਚੇ ਨਾ ਸਮਝ ਹੁੰਦੇ ਹਨ ਮਾਂ ਇਤਨੀ ਦਇਆਵਾਨ ਹੁੰਦੀ ਹੈ ਕਿ ਬੱਚਿਆ ਵਲੋਂ ਕੀਤੀਆਂ ਗਲਤੀਆਂ
ਭੁਲਾ ਦਿੰਦੀ ਹੈ। ਮਾਂਵਾਂ ਖੁਦ ਭੁੱਖੀਆਂ ਰਹਿ ਕੇ, ਬੱਚਿਆਂ ਨੂੰ ਰੱਜੇ ਵੇਖ ਕੇ ਖੁਸ਼ ਹੋ ਜਾਂਦੀਆਂ
ਹਨ। ਭਾਂਵੇਂ ਮਾਂ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਹੋਵੇ। ਕੰਮ ਵਿੱਚ ਰੁਝੀ ਹੋਵੇ, ਬੀਮਾਰੀ ਦੀ ਹਾਲਤ
ਵਿੱਚ ਹੋਵੇ, ਫਿਰ ਵੀ ਬੱਚਿਆਂ ਨੂੰ ਦਿਲੋਂ ਪਿਆਰ ਕਰਦੀ ਹੈ। ਇਕ ਮਾਂ ਆਪਣੇ ਦੁੱਖਾਂ ਨਾਲ ਉਨ੍ਹਾਂ
ਨਹੀਂ ਤੜਫਦੀ ਜਿੰਨੀ ਬੱਚਿਆਂ ਦਾ ਦੁੱਖ ਵੇਖ ਕੇ ਤੜਫਦੀ ਹੈ। ਪੁੱਤਰ ‘ਤੇ ਆਏ ਕਿਸੇ ਕਿਸਮ ਦੇ ਦੁੱਖ
ਲਈ ਉਹ ਤੜਫ਼ਦੀ ਹੈ। ਇਕ ਲੋਕ ਕਹਾਣੀ ਦੇ ਅਨੁਸਾਰ “ਇਕ ਮੁੰਡੇ ਦਾ ਇਕ ਕੁੜੀ ਨਾਲ ਪਿਆਰ ਪੈ ਗਿਆ।
ਜਦੋਂ ਘੁੰਮਦਿਆਂ ਘੁੰਮਾਉਂਦਿਆਂ ਤੇ ਗਲੀਆਂ ਦੀ ਧੂੜ ਫੱਕਦਿਆਂ ਕਾਫੀ ਸਮਾਂ ਬੀਤ ਗਿਆ ਤਾਂ ਕੁੜੀ ਨੇ
ਉਸ ਦੀ ਹਾਲਤ ਉੱਤੇ ਤਰਸ ਖਾਧਾ ਤੇ ਇੱਕ ਦਿਨ ਮੁੰਡੇ ਨੂੰ ਬੂਹੇ ਅੱਗੋਂ ਜਾਂਦਿਆਂ ਘੇਰ ਕੇ ਕਹਿਣ
ਲੱਗੀ,'ਮੈਂ ਤੇਰੇ ਨਾਲ ਵਿਆਹ ਕਰਵਾ ਸਕਦੀ ਹਾਂ। ਪਰ ਮੇਰੀ ਇਕ ਸ਼ਰਤ ਹੈ ਕਿ ਜੇ ਤੂੰ ਆਪਣੀ ਮਾਂ ਦਾ
ਦਿੱਲ ਕੱਢ ਕੇ ਮੈਨੂੰ ਭੇਟ ਕਰੇਂ...।' ਮੂਰਖ ਮੁੰਡਾ ਅਤਿਅੰਤ ਪ੍ਰਸੰਨ ਹੋ ਕੇ ਝੱਟ ਦੜੰ੍ਹਗੇ
ਲਾਉਂਦਾ ਆਪਣੇ ਘਰ ਵੱਲ ਚੱਲ ਪਿਆ । ਇਸ ਵੇਲੇ ਉਹ ਆਪਣੀ ਮਾਂ ਦੀ ਅਹਿਮੀਅਤ ਤੋਂ ਅਣਜਾਣ ਸੀ। ਕੁੜੀ
ਦੀ ਸ਼ਰਤ ਨੂੰ ਮਾਮੂਲੀ ਗੱਲ ਸਮਝ ਕੇ ਕਾਹਲੀ ਕਾਹਲੀ ਘਰ ਪੁੱਜ ਗਿਆ ਤੇ ਜਾਂਦਿਆਂ ਹੀ ਇਹ ਕਹਿੰਦੀ
ਮਾਂ, “ਪੁੱਤ ਮੈਂ ਕਦੋਂ ਦੀ ਤੈਨੂੰ ਉਡੀਕਦੀ ਹਾਂ...। ਤੂੰ ਅਜੇ ਤੱਕ ਰੋਟੀ ਵੀ ਨਹੀਂ ਖਾਣ ਆਇਆ।“
ਦੀ ਛਾਤੀ ਵਿੱਚ ਛੁਰੀ ਮਾਰ ਦਿੱਤੀ ਤੇ ਦਿੱਲ ਕੱਢ, ਤਸ਼ਤਰੀ ਵਿੱਚ ਰੱਖ ਪ੍ਰੇਮਿਕਾ ਵੱਲ ਭੱਜ ਲਿਆ।
ਗਲੀ ਵਿੱਚ ਕਿਸੇ ਮੱਝ ਨੇ ਗੋਹਾ ਕੀਤਾ ਹੋਇਆ ਸੀ। ਜਿਸ ਉਤੇ ਉਸ ਦਾ ਜਾਂਦੇ ਦਾ ਪੈਰ ਤਿਲਕ ਗਿਆ। ਉਹ
ਗਲੀ ਦੇ ਇਕ ਪਾਸੇ ਡਿੱਗ ਗਿਆ ਤੇ ਦਿਲ ਤਸ਼ਤਰੀ ਚੋਂ ਰੁੜ੍ਹ ਕੇ ਨਾਲੀ ਵਿੱਚ ਜਾ ਪਿਆ। ਜਿਸ ਵਿਚੋਂ
ਤੜਪ ਕੇ ਅਵਾਜ਼ ਆਈ “ਪੁੱਤ ਤੇਰੇ ਸੱਟ ਤਾਂ ਨਹੀਂ ਲੱਗੀ...?”
ਬਾਵਾ ਬਲਵੰਤ ਨੇ ‘ਸੁਗੰਧ ਸਮੀਰ’ ਵਿਚ ਲਿਖਿਆ ਹੈ ।
ਨੂਰਾਂ ਤੋਂ ਵੱਧ ਕੇ ਜੋਤੀ ਹੈ ਮਾਂ ਦਾ ਇਕ ਸਹਾਰਾ।
ਅਤੀ ਭਿਆਨਕ ਇਸ ਸਾਗਰ ਵਿੱਚ ਮਾਂ ਹੈ ਅੰਤ ਕਿਨਾਰਾ।
ਜਦੋਂ ਕੋਈ ਮਨੁੱਖ ਕਿਸੇ ਅਕਹਿ ਤੇ ਅਸਹਿ ਔਕੜ, ਦੁੱਖ, ਪੀੜ, ਡਰ ਤੇ ਸਹਿਮੀ ਹੋਈ ਹਾਲਤ ਵਿੱਚ ਫਸਿਆ
ਹੋਵੇ ਜਾਂ ਮੌਤ ਦੇ ਮੂੰਹ ਵਿੱਚ ਜਾਣ ਦੀਆਂ ਤਿਆਰੀਆਂ ਵਿਚ ਹੋਵੇ ਤਾਂ ਉਸ ਦੇ ਮੂੰਹੋਂ ‘ਮਾਂ’ ਸ਼ਬਦ
ਹੀ ਨਿਕਲਦਾ ਹੈ। ਇਹ ਮਾਂ ਦੀ ਸ਼ਖਸ਼ੀਅਤ ਦੇ ਮਹੱਤਵ ਦੀ ਸ਼ਕਤੀ ਦਾ ਪ੍ਰਤੀਕ ਹੈ।
ਮਾਂ ਆਪਣੇ ਆਪ ਵਿਚ ਇਕ ਸੰਪੂਰਨ ਸ਼ਬਦ ਹੈ ਅਤੇ ਅਮਿੱਟ ਰਿਸ਼ਤਾ ਹੈ। ਮੇਰਾ ਮੰਨਣਾ ਹੈ ਕਿ ਦੁਨੀਆਂ
ਦਾ ਹਰ ਰਿਸ਼ਤਾ ਸਿੱਧੇ ਜਾਂ ਅਸਿੱਧੇ ਸਵਾਰਥ ਨਾਲ ਜੁੜਿਆ ਹੋ ਸਕਦਾ ਹੈ। ਜਾਂ ਇਹ ਵੀ ਕਿਹਾ ਜਾ ਸਕਦਾ
ਹੈ ਕਿ ਦੁਨੀਆਂ ਦੇ ਕਿਸੇ ਵੀ ਰਿਸ਼ਤੇ ਦਾ ਅਧਾਰ ਸਵਾਰਥਪੁਣਾ ਹੋ ਸਕਦਾ ਹੈ। ਪਰ ਮਾਂ ਦਾ ਰਿਸ਼ਤਾ
ਸਿਰਫ ਤੇ ਸਿਰਫ ਪਿਆਰ ਦਾ ਰਿਸ਼ਤਾ ਹੈ। ਅਪਣੱਤ ਅਤੇ ਮੋਹ ਭਿੱਜੀ ਰੂਹ ਦਾ ਰਿਸ਼ਤਾ ਹੈ। ਮਾਂ ਦਾ
ਰਿਸ਼ਤਾ, ਚਾਵਾਂ, ਉਲਾਰਾਂ ਅਤੇ ਉਮੰਗਾਂ ਦਾ ਰਿਸ਼ਤਾ ਹੈ। ਮਾਂ ਦੇ ਪਿਆਰ ਵਿੱਚ ਕਰਾਮਾਤੀ ਸ਼ਕਤੀ
ਹੈ। ਜਿਹੜੀ ਇਨਸਾਨ ਨੂੰ ਜਿੰਦਗੀ ਵਿੱਚ ਕੁਝ ਬਣਨ ਲਈ ਪ੍ਰੇਰਿਤ ਕਰਦੀ ਹੈ। ਮਾਂ ਦੀ ਗੋਦ ਵਿੱਚ ਜੋ
ਅਨੰਦ ਹੈ ਜੋ ਸੁੱਖ ਹੈ... ਜੋ ਨਿੱਘ ਹੈ... ਜੋ ਬੇਫਿਕਰੀ ਹੈ... ਤੇ ਜੋ ਬੇ-ਪ੍ਰਵਾਹੀ ਹੈ... ਉਹ
ਦੁਨੀਆਂ ਦੇ ਕਿਸੇ ਵੀ ਸਥਾਨ ਵਿੱਚ ਨਹੀਂ ਹੋ ਸਕਦੀ। ਮਾਂ ਦੀ ਬੁਕਲ ਵਿੱਚ ਜਿਹੜੀ ਵਫ਼ਾ ਇਨਸਾਨ ਨੂੰ
ਮਿਲਦੀ ਹੈ। ਉਸ ਦੇ ਸਾਹਮਣੇ ਹਰ ਵਫ਼਼ਾ ਤੁਛ ਲਗਦੀ ਹੈ। ਮਾਂ ਦੀਆਂ ਅਸੀਸਾਂ ਵਿਚ ਦੁਨੀਆਂ ਦੇ ਹਰ
ਦੁੱਖ ਨਾਲ ਟੱਕਰ ਲੈਣ ਦੀ ਤਾਕਤ ਹੁੰਦੀ ਹੈ। ਮਾਂ ਜਪ-ਤਪ, ਸਿਮਰਨ, ਤਿਆਗ, ਸਾਂਝੀਵਾਲਤਾ ਤੇ ਸਮਾਨਤਾ
ਦੀ ਪ੍ਰਤੀਕ ਹੈ। ਉਸ ਦਾ ਹਿਰਦਾ ਸਮੁੰਦਰ ਤੋਂ ਵੀ ਵਿਸ਼ਾਲ ਹੈ। ਉਸ ਵਿੱਚ ਮਮਤਾ ਤੇ ਪਿਆਰ
ਬੇ-ਪ੍ਰਵਾਹ ਹੈ। ਲੋੜਿਆਂ ਦੀ ਮਿਠਾਸ ਹੈ। ਤੇ ਉਸ ਹਿਰਦੇ ਵਿਚ ਅਮੋਲਕ ਗੁਣਾਂ ਦੇ ਕਈ ਸਮੁੰਦਰ ਹਨ।
ਇਹ ਸਾਡੀ ਹੀ ਕਮੀ ਹੈ ਕਿ ਅਸੀਂ ਮਾਂ ਦੀ ਮਹਾਨਤਾ ਨੂੰ ਭੁੱਲ ਕੇ ਪਦਾਰਥ ਦੇ ਮੋਹ ਅਤੇ ਆਪਣੀ ਅਜ਼ਾਦੀ
ਦੇ ਨਾਂ ਤੇ ਮਾਂਵਾਂ ਦੀ ਮਹਾਨਤਾ ਦੇ ਮਹੱਤਵ ਨੂੰ ਨਹੀਂ ਸਮਝ ਰਹੇ।
ਪਿੱਛਲੇ ਦਿਨੀਂ 85 ਸਾਲ ਦੀ ਸਵਾਸਾਂ ਦੀ ਪੂੰਜੀ ਨੂੰ ਵਰਤਦੀ ਹੋਈ ਮੇਰੀ ਮਾਂ ਅਲਵਿਦਾ ਆਖ ਗਈ ਹੈ।
ਇਹ ਉਮਰ ਕੋਈ ਥੋੜ੍ਹੀ ਨਹੀਂ ਹੈ। ਫਿਰ ਵੀ ਮੇਰੀ ਮਾਂ ਦਾ ਵਿਛੋੜਾ ਮੇਰੇ ਲਈ ਅਸਹਿ ਹੈ। ਸਭ ਲਈ ਹੀ
ਅਸਹਿ ਹੁੰਦਾ ਹੈ। ਜਦੋਂ ਮੇਰੀ ਮਾਂ ਹਸਪਤਾਲ ਦੇ ਆਈ. ਸੀ. ਯੂ. ਰੂਮ ਵਿਚ ਖਿੱਚ-ਖਿੱਚ ਕੇ ਸਵਾਸ
ਪੂਰੇ ਕਰ ਰਹੀ ਸੀ ਤਾਂ ਮੈਂ ਉਸ ਦੇ ਚਰਨਾਂ ਵਿਚ ਹੱਥ ਜੋੜੀ ਖੜ੍ਹਾ ਬੇਵਸ ਹੋਇਆ ਸੋਚ ਰਿਹਾ ਸੀ ਕਿ
ਚਾਰ ਪੁੱਤਰਾਂ ਅਤੇ ਤਿੰਨ ਧੀਆਂ ਲਈ ਅਥਾਹ ਦੁੱਖ ਝੱਲਣ ਵਾਲੀ ਮਾਂ ਲਈ ਇਸ ਸਮੇਂ ਕੋਈ ਵੀ ਸਹਾਈ ਨਹੀਂ
ਹੈ। ਤੇ ਉਸ ਸਮੇਂ ਮੈਂ ਸਿਰਫ਼ ਅਕਾਲ ਪੁਰਖ ਅੱਗੇ ਇਹ ਅਰਦਾਸ ਹੀ ਕਰ ਸਕਿਆ ਸਾਂ ਕਿ 'ਮੇਰੀ
ਜਨਮਦਾਤੀ...ਗਰੀਬ ਤੇ ਲੋੜ੍ਹਵੰਦ ਦੀ ਬਾਂਹ ਫੜ੍ਹਨ ਵਾਲੀ...ਹਰ ਸਮੇਂ ਅਕਾਲ ਪੁਰਖ ਦਾ ਸਿਮਰਨ ਕਰਨ
ਵਾਲੀ…ਹਰ ਕਿਸੇ ਦੇ ਦੁੱਖ ਨੂੰ ਆਪਣਾ ਦੁੱਖ ਸਮਝਣ ਵਾਲੀ ਉਸ ਮਾਂ ਨੂੰ ਆਪਣੀ ਜੋਤ ਵਿਚ ਵਲੀਨ ਕਰ
ਲੈਣਾ...।' ਮਾਂ ਦੇ ਔਖਿਆਂ ਸਾਹ ਲੈਣ ਨਾਲ ਮੇਰੀਆਂ ਆਂਦਰਾਂ ਨੂੰ ਤੁਣਕਾ ਵੱਜ ਰਿਹਾ ਸੀ। ਡੋਰ
ਹੱਥੋਂ ਨਿਕਲ ਚੁੱਕੀ ਸੀ। ਤੇ ਅਖੀਰ ਹਾਰਟਬੀਟ ਦਸਦਾ ਮੋਨੀਟਰ ਰੁਕਦਾ-ਰਕਦਾ ਰੁਕ ਗਿਆ। ਹੁਣ ਮੇਰੀ
ਮਾਂ ਮੇਰੇ ਕੋਲ ਨਹੀਂ ਸੀ...ਸਦਾ ਸਦਾ ਲਈ ਜਾ ਚੁੱਕੀ ਸੀ... ਤੇ ਜਦੋਂ ਭੋਗ ਅਤੇ ਅੰਤਿਮ ਅਰਦਾਸ
ਸਮੇਂ ਕੀਰਤਨ ਕਰ ਰਹੇ ਰਾਗੀ ਸਿੰਘਾਂ ਨੇ ਆਖਿਆ ਕਿ ‘ਹੁਣ ਤੁਹਾਨੂੰ ਮਾਂ ਦੀਆਂ ਅਸੀਸਾਂ ਨਹੀਂ ਮਿਲਿਆ
ਕਰਨਗੀਆਂ...ਤੇ ਨਾ ਹੀ ਤੁਹਾਡੀ ਸੁਖ-ਸ਼ਾਂਤੀ ਤੇ ਚੜ੍ਹਦੀ ਕਲਾ ਲਈ ਮਾਂ ਅਰਦਾਸ ਹੀ ਕਰੇਗੀ। ਹੁਣ
ਤਾਂ ਤੁਸੀਂ ਵੱਡਮੁਲੀਆਂ ਅਸੀਸਾਂ ਤੋਂ ਵਾਂਝੇ ਹੋ ਗਏ ਹੋ। ਤੇ ਆਪਣੀ ਚੜ੍ਹਦੀ ਕਲਾ ਲਈ ਅਰਦਾਸ ਵੀ
ਹੁਣ ਤੁਸੀਂ ਖੁਦ ਹੀ ਕਰ ਲਿਆ ਕਰੋ।‘ ਇਹ ਸੁਣਦਿਆਂ ਮੇਰਾ ਤ੍ਰਾਹ ਨਿਕਲ ਗਿਆ ਤੇ ਮੈਨੂੰ ਯਾਦ ਆਇਆ ਕਿ
ਜਦੋਂ ਮੈਂ ਆਪਣੀ ਮਾਂ ਨੂੰ ਮਿਲ ਕੇ ਹਰ ਰੋਜ਼ ਡਿਊਟੀ ਤੇ ਜਾਂਦਾ ਸਾਂ ਤਾਂ ਘਰ ਦੇ ਗੇਟ ਤੱਕ
ਜਾਂਦਿਆਂ ਵੀ ਮੈਨੂੰ ਉਸ ਦੀਆਂ ਅੱਣਮੁੱਲੇ ਖਜ਼ਾਨੇ ਵਰਗੀਆਂ ਅਸੀਸਾਂ ਸੁਣਾਈ ਦਿੰਦੀਆਂ ਸਨ। 'ਹੁਣ
ਕੌਣ ਦੇਵੇਗਾ ਮੈਨੂੰ ਅਸੀਸਾਂ... ਕੌਣ ਕਰੇਗਾ ਮੇਰੀ ਚੜ੍ਹਦੀ ਕਲਾ ਲਈ ਨਿਰਸੁਆਰਥ ਅਰਦਾਸ...??' ਤੇ
ਸੱਚਮੁੱਚ ਅੱਜ ਮੈਨੂੰ ਮਹਿਸੂਸ ਹੋ ਰਿਹਾ ਹੈ ਕਿ ਮਾਂ ਦੇ ਇਸ ਵੱਡਮੁੱਲੇ ਖਜ਼ਾਨੇ ਤੋਂ ਮੈਂ ਸਦਾ-ਸਦਾ
ਲਈ ਵਾਂਝਾ ਹੋ ਗਿਆ ਹਾਂ। ਇਸ ਖਜ਼ਾਨੇ ਨੂੰ ਮੈਂ ਮੁੜ ਕਦੀ ਵੀ ਪ੍ਰਾਪਤ ਨਹੀਂ ਕਰ ਸਕਾਂਗਾ। ਇਹ
ਖਜ਼ਾਨਾ ਤਾਂ ਸਿਰਫ ਮਾਂ ਦੇ ਹਿਰਦੇ ਵਿਚ ਹੀ ਛੁੱਪਿਆ ਹੁੰਦਾ ਹੈ।
ਪਿੰਡ ਮਾਨਾਂਵਾਲੀ ਡਾਕ:ਚਾਚੋਕੀ (ਫਗਵਾੜਾ)
88728-54500