ਜਸਬੀਰ ਸਿੰਘ ਵੈਨਕੂਵਰ
ਭਾਈ
ਬਲਵੰਡ ਰਾਇ ਅਤੇ ਭਾਈ ਸੱਤੇ ਦੀ ਵਾਰ ਸਬੰਧੀ ਕੁੱਝ ਭਰਮ ਭੁਲੇਖੇ
(ਕਿਸ਼ਤ ਨੰ: 15)
ਸ਼੍ਰੀ ਅਰਜਨ ਅਵਲੋਕਨਿ ਕੀਨਸਿ ਲੋਚਨ
ਜਲ ਪੂਰਨ ਹੁਇ ਆਇ। ‘ਗੁਰ ਮਾਰੇ ਕਉ ਸਿੱਖਯ ਬਚਾਵਹਿਂ ਸਿੱਖ ਮਾਰਹਿ ਤਿਸ ਨਹਿਂ ਕਿਤ ਥਾਇ। ਤਪਤ ਹਤਹਿ
ਤਰੁ ਜਲ ਮਿਲਿ ਜੀਵੈ ਜਲ ਤੇ ਹਤਿ ਹੁਇ ਤਬਿ ਸੁਸਕਾਇ। ਘਾਵ ਸੁਗਮ ਲਾਗੇ ਹੁਇ ਜੀਵਨ ਛਲ ਤੇ ਬਚਹਿ ਨ
ਪ੍ਰਾਨ ਨਸਾਇ’। ੭। ਸਿਖ ਸੰਗਤਿ ਕੋ ਇਮ ਸੁਨਾਇ ਕਰਿ ਭਏ ਪ੍ਰੇਮ ਬਸਿ ਕਹਯੋ ਨ ਜਾਇ। ਪਠੇ ਦਾਸ ਖਰ ਤੇ
ਉਤਰਾਯਹੁ ਪੁਨ ਸ਼ਨਾਨ ਨੀਕੇ ਕਰਿਵਾਇ। ਪਟ ਪਹਿਰਾਇ ਨਿਕਟ ਤਬਿ ਆਯੋ ਗੁਰ ਪਗ ਪੰਕਜ ਰਹਿ ਲਪਟਾਇ।
ਬੂਝਯੋ ‘ਕਹੁ ਲੱਧਾ ਕਿਸ ਕਾਰਨ ਇਹ ਅਨ ਬਨ ਤਨ ਬੇਖ ਬਨਾਇ? ੮। ‘ਤੁਮ ਅੰਤਰਯਾਮੀ ਸਭਿ ਜਾਨੋਂ ਛਪੀ
ਬਾਰਤਾ ਜਗ ਨਹਿਂ ਕੋਇ। ਆਗਯਾ ਮਾਨਿ ਤਊ ਮੈਂ ਭਾਖੌਂ ਹੁਤੇ ਆਪ ਕੇ ਬਚ ਕਿਯ ਸੋਇ। ਕਰਹਿ ਅਰਜ ਤਿਸ
ਗਧੇ ਚਢਾਵਹਿਂ ਮੁਖ ਕਾਰੋ ਠਾਨਹਿਂ ਪਿਖਿ ਲੋਇ। ਮੁੰਡਾਇ ਸਜਾਇ ਦੇਹਿਂ ਅਸ ਯਾਂਤੇ ਇਨ ਸੰਗੀ ਨਹਿਂ
ਹੋਇ। ੯। ਮੈਂ ਰਾਵਰ ਕੇ ਬਚਨ ਕਮਾਏ ਪੂਰਬ ਕਰਿ ਕੁਬੇਖ ਫਿਰਿ ਆਇ। ਅਰਜ਼ ਕਰੌਂ ਪਸ਼ਚਾਤ ਕ੍ਰਿਪਾ ਨਿਧਿ
ਸੁਨਹੁ ਗੁਰੂ ਬਖਸ਼ਿੰਦ ਸੁਭਾਇ। ਸੱਤਾ ਅਰੁ ਬਲਵੰਡ ਦੁਖਿਤ ਅਤਿ ਦੀਨ ਜਿਸ ਕਿਸ ਪਹਿ ਜਾਇ। ੧੦। ਭੂਲ
ਛਿਮਾਪਨ ਕਰਹੁ ਗੁਰੂ ਜੀ! ‘ਨਿਜ ਪਗ ਪੰਕਜ ਲੇਹੁ ਮਿਲਾਇ’। ਸ਼੍ਰੀ ਅਰਜਨ ਸਭਿ ਸਭਾ ਸਹਤ ਤਬਿ ਉਪਕਾਰੀ
ਬਡ ਲਖਯੋ ਸੁਭਾਇ। ‘ਇਤੋ ਖੇਦ ਕਯੋਂ ਪ੍ਰਾਪਤਿ ਹੋਵਾ ਜੇ ਹਮ ਕੋ ਤੁੰ ਕਹਤਿ ਬਨਾਇ। ਬਖਸ਼ ਦੇਤਿ ਤੁਵ
ਬਾਕਨਿ ਤੇ ਹਮ ਬਿਨ ਹੰਕਾਰ ਭਏ ਲਖਿ ਪਾਇ। ੧੧। ਬਿੱਦਯਾ ਮਦ ਤੇ ਮੂਰਖ ਅੰਧੇ ਉਚਿਤ ਸਜ਼ਾਇ ਦੁਹਨਿ ਕੋ
ਚੀਨ। ਕਰੇ ਨਿਕਾਸਨਿ ਗਰਬ ਹਰਨਿ ਕੋ ਅਬਿ ਤੈਂ ਤਿਨ ਕੀ ਰੱਛਯਾ ਕੀਨਿ। ਲੇਹੁ ਬੁਲਾਇ ਉਬਾਰੋ ਦੁਖ ਤੇ
ਜੇ ਹੰਕਾਰ ਭਯੋ ਉਹ ਹੀਨ। ਲੇਹੁ ਪਾਇ ਕਰਿ ਤਪਤ ਅਗਨਿ ਕੀ ਮ੍ਰਿਦੁਤਾ ਗਹਹਿ ਸੁ ਲਖਹੁ ਪ੍ਰਬੀਨ’।
੧੨।”
‘ਗੁਰ ਬਿਲਾਸ ਪਾਤਸਾਹੀ ੬’ ਅਨੁਸਾਰ ਗੁਰੂ ਅਰਜਨ ਸਾਹਿਬ ਭਾਈ ਲੱਧਾ ਜੀ ਵਲੋਂ ਰਬਾਬੀਆਂ ਦੀ ਭੁੱਲ
ਬਖ਼ਸ਼ਣ ਦੀ ਬੇਨਤੀ ਸੁਣ ਕੇ ਕੇਵਲ ਇਤਨਾ ਕੁ ਹੀ ਕਹਿੰਦੇ ਹਨ ਕਿ ‘ਸ੍ਰੀ ਗੁਰ ਤਬ ਲੱਧੇ ਕੋ ਕਹਾ। ਐਸ
ਖੇਦ ਕਾਹੇ ਤੁਮ ਲਹਾ। ਤੁਮਰੇ ਬਚਨ ਬਖਸ਼ ਹਮ ਦੇਤੇ। ਕਾਹੇ ਖੇਦ ਐਸ ਤੁਮ ਲੇਤੇ। ਅਬ ਤਿਨ ਕੋ ਤੁਮ
ਲੇਹੁ ਬੁਲਾਈ।’ ਪਰੰਤੂ ਭਾਈ ਸੰਤੋਖ ਸਿੰਘ ਜੀ ਗੁਰੂ ਅਰਜਨ ਸਾਹਿਬ ਦੇ ਪਾਵਨ ਮੁੱਖ ਤੋਂ ਜਿੱਥੇ ‘ਗੁਰ
ਬਿਲਾਸ’ ਦੇ ਇਹਨਾਂ ਬੋਲਾਂ ਨੂੰ ਕਢਵਾਉਂਦੇ ਹਨ ਉੱਥੇ ਨਾਲ ਹੀ ਇਹ ਵੀ ਕਢਵਾਉਂਦੇ ਹਨ ਕਿ ਵਿਦਿਆ ਦੇ
ਹੰਕਾਰ ਵਿੱਚ ਅੰਨ੍ਹੇ ਹੋਏ ਇਹ ਰਬਾਬੀ ਇਹੋ ਜਿਹੀ ਸਜ਼ਾ ਦੇ ਅਧਿਕਾਰੀ ਹਨ। ਇਹਨਾਂ ਦਾ ਹੰਕਾਰ ਦੂਰ
ਕਰਨ ਲਈ ਹੀ ਇਹਨਾਂ ਨੂੰ ਗੁਰੂ ਦਰਬਾਰ ਵਿਚੋਂ ਕੱਢਿਆ ਸੀ।
“ਤਬਿ ਲੱਧੇ ਹਰਖਤਿ ਨਰ ਭੇਜਯੋ ਸ਼੍ਰੀ ਸਤਿਗੁਰ ਢਿਗ ਲਏ ਬੁਲਾਇ’। ਗਰ ਅੰਚਰ ਕਰ ਜੋਰਿ ਦੀਨ ਕਹਿ ‘ਸ਼ਰਨ
ਸ਼ਰਨ ਰਾਖਹੁ ਸੁਖਦਾਇ’। ਪਰੇ ਅਗਾਰੀ ਗਹਿ ਪਗ ਪੰਕਜ ਦ੍ਰਿਗ ਤੇ ਨਿਕਰਤਿ ਜਲ ਘਿਘਿਆਇ। ‘ਛਿਮਹੁ ਛਿਮਹੁ
ਪ੍ਰਭੁ ਹਮਹੁ ਆਪ ਅਬਿ ਕਰੀ ਉਚਿਤ ਇਹ ਦਈ ਸਜ਼ਾਇ’। ੧੩। ਸ਼੍ਰੀ ਅਰਜਨ ਤਬਿ ਕਹਯੋ ਤਿਨਹੁ ਕਹੁ ‘ਸਿੱਖ
ਲੱਧੇ ਕੋ ਭਾ ਉਪਕਾਰ। ਇਸ ਕੇ ਕਹੇ ਬਖਸ਼ ਤੁਮ ਦੀਨੇ ਬਹੁਰ ਬਿਕਾਰ ਨ ਕਰਹੁ ਹੰਕਾਰ। ਅਧਿਕ ਹੁਤੇ
ਅਪਰਾਧੀ ਦੋਨੋ ਸ਼੍ਰੀ ਨਾਨਕ ਗੁਰ ਨਿੰਦ ਉਚਾਰਿ। ਤਊ ਛਿਮਾ ਇਸ ਨੇ ਕਰਿਵਾਈ। ਨਤੁ ਦੁਹ ਲੋਕਨਿ ਕਸ਼ਟ
ਹਜਾਰ’। ੧੪।”
‘ਗੁਰ ਬਿਲਾਸ ਪਾਤਸ਼ਾਹੀ ੬’ ਅਨੁਸਾਰ ਗੁਰੂ ਸਾਹਿਬ ਭਾਈ ਬਲਵੰਡ ਅਤੇ ਭਾਈ ਸੱਤਾ ਜੀ ਨੂੰ ਕਹਿੰਦੇ ਹਨ
ਕਿ ਭਾਈ ਲੱਧਾ ਜੀ ਦੀ ਸਿਪਾਰਸ਼ `ਤੇ ਤੁਹਾਨੂੰ ਬਖ਼ਸ਼ ਰਹੇ ਹਾਂ। ਪਰੰਤੂ ਭਾਈ ਸੰਤੋਖ ਸਿੰਘ ਜੀ ਇਸ ਕਥਨ
ਦੇ ਨਾਲ ਇਹ ਵਾਧਾ ਕਰਦੇ ਹਨ ਕਿ ਹਜ਼ੂਰ ਨੇ ਇਹਨਾਂ ਨੂੰ ਕਿਹਾ ਕਿ ਫਿਰ ਇਸ ਤਰ੍ਹਾਂ ਦਾ ਹੰਕਾਰ ਨਾ
ਕਰਨਾ। ਤੁਸੀਂ ਦੋਵੇਂ ਵੱਡੇ ਅਪਰਾਧੀ ਸੀ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਦੀ ਨਿੰਦਾ ਕੀਤੀ ਸੀ ਪਰ
ਭਾਈ ਲੱਧਾ ਜੀ ਨੇ ਤੁਹਾਨੂੰ ਮਾਫ਼ੀ ਲੈ ਦਿੱਤੀ ਹੈ, ਆਦਿ।
“ਪੁਨ ਲੱਧੇ ਬਹੁ ਬਿਨਤੀ ਕੀਨਸਿ ‘ਤਨ ਅਰੋਗ ਇਨ ਕੇ ਕਰਿ ਦੇਹੁ। ਗਾਵਨਿ ਉਚਿਤ ਸਭ ਮਹਿਂ ਤਬਿ ਹੁਇ
ਪੂਰਬ ਸਮਸਰ ਜਬਹਿ ਬਨੇਹੁ’। ਸ਼੍ਰੀ ਅਰਜਨ ਭਾਖਯੋ ‘ਇਨ ਦੋਇਨ ਗੁਰ ਨਿੰਦਾ ਕਿਯ ਭਾ ਦੇਖ ਦੇਹੁ। ਸੋ
ਅਪਰਾਧ ਨਿਵਾਰਨਿ ਹੁਇ ਜਬਿ ਮਿਟਹਿ ਰੋਗ ਤਬਿ ਨਿਰਸੰਦੇਹੁ। ੨੫। ਜਿਸ ਮੁਖ ਤੇ ਨਿੰਦਾ ਇਨ ਭਾਖੀ ਤਿਸ
ਤੇ ਗੁਰ ਜਸੁ ਕਰਹਿਂ ਬਖਾਨ। ਇਹ ਉਪਚਾਰ ਰੋਗ ਤਨ ਬਿਨਸੈ ਹੋਹਿ ਸ਼ਰੀਰ ਸੁ ਪ੍ਰਥਮ ਸਮਾਨ’। ਤਬਿ ਲੱਧੇ
ਦੋਨਹੁ ਸੰਗ ਭਾਖਯੋ ‘ਅਬਿ ਦੁਖ ਭੰਜਨਿ ਕਰਹੇ ਸ਼ਨਾਨ। ਬ੍ਰਹਮ ਰੂਪ ਸ਼੍ਰੀ ਨਾਨਕ ਬਰਨਹੁ ਗੁਰ ਬਨਿ
ਤਾਰਯੋ ਜਿਨਹੁ ਜਹਾਨ। ੧੬। ਭਿੰਨ ਭਿੰਨ ਪੁਨ ਪੰਚਹੁਂ ਗੁਰ ਕੀ ਨਿਜ ਬਾਨੀ ਤੇ ਕੀਰਤਿ ਗਾਉ। ਹੁਇ
ਨਿਸ਼ਕਪਟ ਗਰਬ ਕੋ ਪਰਹਰਿ ਸਤਿ ਸੰਗਤਿ ਮਹਿਂ ਬਹੁਰ ਸਮਾਉ’। ਸੁਨਿ ਹਰਖੇ ਜਨੁ ਅੰਮ੍ਰਿਤ ਬਰਖੇ ਦੁਖ
ਦਾਰਿਦ ਉਰ ਸਰਬ ਬਿਲਾਉ। ਸ਼੍ਰੀ ਦੁਖ ਭੰਜਨ ਮੱਜਨ ਕੀਨਹੁ ਸਿਮਰਿ ਨਾਮ ਸ਼੍ਰੀ ਗੁਰ ਕਰਿ ਭਾਉ। ੧੭।
ਸ਼੍ਰੀ ਅਰਜਨ ਕੇ ਪੁਨ ਹੁਇ ਸਨਮੁਖ ਠਾਂਢੇ ਭਏ ਸੁ ਦਰਪ ਨਿਕੰਦ। ਰੁਚਿਰ ਰਾਗਨੀ ਰਾਮਕਲੀ ਵਿੱਚ ਕਰੀ
ਵਾਰ ਉਰ ਧਾਰਿ ਅਨੰਦ ਪੌੜੀ ਚਾਰ ਮਝਾਰ ਕਹਯੋ ਸ਼ੁਭ ਸ੍ਰੀ ਨਾਨਕ ਕੋ ਸੁਜਸ ਬਿਲੰਦ। ਹੁਤੀ ਜਥਾ ਮਤਿ
ਤਥਾ ਕਥਯੋ ਤਬਿ ਹੋਨਿ ਕ੍ਰਿਤਾਰਥ ਸਵਾਰਥਵੰਦ। ੧੮। ਇੱਕ ਪੌੜੀ ਚਤੁਰ ਗੁਰੂ ਕੀ ਸੁੰਦਰ ਕੀਰਤਿ ਕਹੀ
ਬਨਾਇ। ਸ਼੍ਰੀ ਅਰਜਨ ਪਰਤੱਖ ਅੱਗ੍ਰ ਥਿਤ ਹਾਥ ਜੋਰਿ ਸਭਿ ਦਈ ਸੁਨਾਇ। ਭਏ ਪ੍ਰਸੰਨ ਵਾਰ ਕੋ ਸੁਨਿ ਕੈ
ਤਬਿ ਸ਼੍ਰੀ ਗ੍ਰਿੰਥ ਬਿਖੇ ਲਿਖਵਾਇ। ਰੋਗ ਛੀਨ ਭਾ ਤਨ ਨਵੀਨ ਸ਼ੁ ਭਲੋਕ ਬਿਲੋਕਿ ਰਹੇ ਬਿਸਮਾਇ। ੧੯।
ਪਠਹਿ ਸੁਨਹਿ ਜੋ ਵਾਰ ਪ੍ਰੇਮ ਕਰਿ ਤਨ ਕੇ ਰੁਜ ਤਿਸ ਕੇ ਹੁਇਂ ਹਾਨ। ਨਿਤਪ੍ਰਤਿ ਨੇਮ ਕਰਹਿ ਮੁਖ
ਉਚਰਹਿ ਗੁਰ ਕੀ ਸ਼ਰਧਾ ਵਧਹਿ ਮਹਾਨ। ਮਨ ਬਾਂਛਤਿ ਕੋ ਦੇਤਿ ਗੁਰੂ ਜਸੁ ਧਰਹਿ ਪ੍ਰੇਮ ਕਰਿ ਰੂਪ ਜੁ
ਧਯਾਨ। ਅਸ ਕੋ ਵਸਤੁ ਜੋ ਹਾਥ ਨ ਆਵੈ ਪਾਠ ਕਰੈ ਸ਼੍ਰੀ ਗ੍ਰਿੰਥ ਮਹਾਨ। ੨੦।” (ਸ਼੍ਰੀ ਗੁਰ ਪ੍ਰਤਾਪ
ਸੂਰਜ)
ਭਾਈ ਸੰਤੋਖ ਸਿੰਘ ਜੀ ਨੇ ‘ਗੁਰ ਬਿਲਾਸ ਪਾਤਸ਼ਾਹੀ ੬’ ਵਿਚਲੀ ਕਥਾ ਨੂੰ ਹੀ ਆਧਾਰ ਬਣਾ ਕੇ ਇਸ ਵਿਚੋਂ
ਕੁਛ ਅੰਸ਼ ਛੱਡ ਦਿੱਤੇ ਹਨ ਅਤੇ ਕੁੱਝ ਅੰਸ਼ ਆਪਣੇ ਵਲੋਂ ਇਸ ਵਿੱਚ ਸ਼ਾਮਲ ਕਰ ਕੇ ਇਸ ਕਹਾਣੀ ਨੂੰ ਬਿਆਨ
ਕੀਤਾ ਹੈ। ਭਾਈ ਸਾਹਿਬ ਨੇ ਬੰਸਾਵਲੀਨਾਮਾ ਪਾਤਸ਼ਾਹੀ ਦਸਾਂ ਕਾ, ਜਾਂ ਮਹਿਮਾ ਪ੍ਰਕਾਸ਼ ਵਿੱਚ ਵਰਣਿਤ
ਕਹਾਣੀ ਦੇ ਕਿਸੇ ਵੀ ਅੰਸ਼ ਦਾ ਵਰਣਨ ਨਹੀਂ ਕੀਤਾ ਹੈ। ਆਪ ਜੀ ਨੇ ਕੇਵਲ ‘ਗੁਰ ਬਿਲਾਸ ਪਾਤਸ਼ਾਹੀ ੬’
ਵਿਚਲੀ ਕਹਾਣੀ ਨੂੰ ਹੀ ਆਧਾਰ ਬਣਾਇਆ ਹੈ।
ਗੁਰ ਪ੍ਰਤਾਪ ਸੂਰਯ ਮਗਰੋਂ ਗਿਆਨੀ ਗਿਆਨ ਸਿੰਘ ਜੀ ਦੀ ਤਵਾਰੀਖ਼ ਗੁਰੂ ਖ਼ਾਲਸਾ ਪੁਸਤਕ ਆਉਂਦੀ ਹੈ।
ਗਿਆਨੀ ਗਿਆਨ ਸਿੰਘ ਜੀ ਦੀ ਇਹ ਪੁਸਤਕ ਸੰਨ ੧੮੯੧-੯੨ ਈ: ਵਿੱਚ ਛਪੀ ਸੀ। ਗਿਆਨੀ ਗਿਆਨ ਸਿੰਘ ਜੀ ਨੇ
‘ਗੁਰ ਬਿਲਾਸ ਪਾਤਸ਼ਾਹੀ ੬’ ਅਤੇ ਭਾਈ ਸੰਤੋਖ ਸਿੰਘ ਜੀ ਦੀ ਲਿਖਤ ਨੂੰ ਆਧਾਰ ਬਣਾਇਆ ਹੈ। ਜਿਵੇਂ ਭਾਈ
ਸੰਤੋਖ ਸਿੰਘ ਜੀ ਨੇ ‘ਗੁਰ ਬਿਲਾਸ ਪਾਤਸ਼ਾਹੀ ੬’ ਵਿਚਲੀ ਕਹਾਣੀ ਨੂੰ ਆਧਾਰ ਬਣਾਉਣ ਸਮੇਂ ਕਈ ਗੱਲਾਂ
ਛੱਡ ਦਿੱਤੀਆਂ ਹਨ ਅਤੇ ਕੁੱਝ ਕੁ ਦੀ ਆਪਣੇ ਵਲੋਂ ਕਲਪਣਾ ਕੀਤੀ ਹੈ, ਉਸੇ ਤਰ੍ਹਾਂ ਗਿਆਨੀ ਗਿਆਨ
ਸਿੰਘ ਜੀ ਨੇ ਵੀ ਕਈ ਥਾਈਂ ਅਜਿਹਾ ਹੀ ਕੀਤਾ ਹੈ। ਗਿਆਨੀ ਜੀ ਲਿਖਦੇ ਹਨ:
“ਸੱਤਾ ਤੇ ਬਲਵੰਡ ਰਬਾਬੀ ਗੁਰੂ ਅਰਜਨ ਸਾਹਿਬ ਜੀ ਦੇ ਦੀਵਾਨ ਵਿੱਚ ਕੀਰਤਨ ਕਰਿਆ ਕਰਦੇ ਸੇ, ਗੁਰੂ
ਜੀ ਦੇ ਅੱਗੇ ਹਰ ਰੋਜ਼ ੫੦੦ ਪੰਜ ਸੌ ਦੇ ਲਗ ਭਗ ਪੂਜਾ ਆ ਜਾਇਆ ਕਰਦੀ ਸੀ। ਸੱਤੇ ਬਲਵੰਡ ਦੀ ਭੈਣ ਦਾ
ਵਿਆਹ ਹੋਣ ਲਗਾ ਤਾਂ ਉਨ੍ਹਾਂ ਨੇ ਆ ਕੇ ਆਖਿਆ ਕਿ ਮਹਾਰਾਜ ਮਾਯਾ ਚਾਹੀਦੀ ਹੈ, ਗੁਰੂ ਸਾਹਿਬ ਨੂੰ
ਕਿਹਾ ਜੀ ਕੱਲ ਨੂੰ ਜੋ ਪੂਜਾ ਆਵੇ ਸੋ ਸਾਨੂੰ ਮਿਲੇ। ਗੁਰੂ ਸਾਹਿਬ ਨੇ ਕਿਹਾ ਅੱਛੀ ਬਾਤ ਹੈ, ਕੱਲ
ਦੀ ਪੂਜਾ ਸਭ ਤੁਸਾਂ ਹੀ ਲੈਣੀ।”
ਗੁਰੂ ਦਰਬਾਰ ਵਿੱਚ ਰੋਜ਼ਾਨਾ ਪੰਜ ਸੌ ਰੁਪਏ ਦੀ ਚੜ੍ਹਤ ਦੀ ਤਵਾਰੀਖ਼ ਗੁਰੂ ਖ਼ਾਲਸਾ ਦੇ ਕਰਤਾ ਨੇ
ਪਹਿਲੀ ਵਾਰ ਕਲਪਣਾ ਕੀਤੀ ਹੈ। ਕਿਸੇ ਹੋਰ ਲੇਖਕ ਨੇ ਇਸ ਤਰ੍ਹਾਂ ਦੀ ਕਲਪਣਾ ਨਹੀਂ ਕੀਤੀ ਹੈ। ਇਸ
ਸਬੰਧ ਵਿੱਚ ਕਈ ਲੇਖਕਾਂ ਨੇ ਇਤਨਾ ਕੁ ਜ਼ਰੂਰ ਲਿਖਿਆ ਹੈ ਕਿ ਗੁਰੂ ਦਰਬਾਰ ਵਿੱਚ ਸੰਗਤਾਂ ਨਾਨਾ
ਪ੍ਰਕਾਰ ਦੀਆਂ ਭੇਟਾਵਾਂ ਅਰਪਣ ਕਰਦੀਆਂ ਸਨ ਪਰ ਕਿਸੇ ਨੇ ਇਹਨਾਂ ਭੇਟਾਵਾਂ ਦਾ ਇਸ ਤਰ੍ਹਾਂ ਵੇਰਵਾ
ਨਹੀਂ ਦਿੱਤਾ ਹੈ।
ਭਾਈ ਸੰਤੋਖ ਸਿੰਘ ਜੀ ਭਾਈ ਬਲਵੰਡ ਅਤੇ ਭਾਈ ਸੱਤਾ ਜੀ ਵਲੋਂ ਆਪਣੀ ਭੈਣ ਦੇ ਵਿਆਹ `ਤੇ ਪੈਸੇ ਮੰਗਣ
ਤੇ ਗੁਰੂ ਸਾਹਿਬ ਦੇ ਮੁੱਖੋਂ ਇਹ ਸ਼ਬਦ ਕਢਵਾਉਂਦੇ ਹਨ, “ਗੁਰੂ ਕਹਯੋ ‘ਚਿੰਤਾ ਦਿਹੁ ਟਾਰਾ। ਸ਼੍ਰੀ
ਨਾਨਕ ਕੋ ਅਤੁਟ ਭੰਡਾਰਾ। ਪ੍ਰਾਤਕਾਲ ਜੇਤਿਕ ਧਨ ਆਵਹਿ। ਸਿਖ ਸੰਗਤਿ ਹਮ ਆਨਿ ਚਢਾਵਹਿ। ੨੬। ਸੋ ਸਭਿ
ਹੀ ਤੁਮ ਲੇਹੁ ਸੰਭਾਰੀ। ਸਤਿਗੁਰ ਕਾਰਜ ਸਰਬ ਸੁਧਾਰੀ।” ਪਰੰਤੂ ਗਿਆਨੀ ਗਿਆਨ ਸਿੰਘ ਜੀ ਅਨੁਸਾਰ ਭਾਈ
ਬਲਵੰਡ ਅਤੇ ਭਾਈ ਸੱਤਾ ਜੀ ਨੇ ਆਪ ਹੀ ਗੁਰੂ ਸਾਹਿਬ ਨੂੰ ਕਿਹਾ ਕਿ ਭਲਕੇ ਜਿਹੜੀ ਚੜ੍ਹਤ ਆਵੇਗੀ ਉਹ
ਸਾਨੂੰ ਦੇ ਦੇਵੋ।
“ਅਗਲੇ ਭਲਕ ਵੱਡੀ ਸਵੇਰ ਤੋਂ ਹੀ ਆਕੇ ਕੀਰਤਨ ਕਰਨ ਲੱਗੇ ਤੇ ਦਿਨ ਦੁਪਹਿਰ ਹੋਣ ਤਕ ਕਰਦੇ ਰਹੇ ਪਰ
ਉਨ੍ਹਾਂ ਦੀ ਕਿਸਮਤ ਨੂੰ ੧੦੦) ਮਸਾਂ ਹੀ ਆਯਾ। ਗੁਰੂ ਸਾਹਿਬ ਨੇ ਓਹੋ ਪੂਜਾ ਉਨ੍ਹਾਂ ਨੂੰ ਦੇ
ਦਿੱਤੀ, ਜਿਸ ਪਰ ਓਹ ਬੜੇ ਖਿਝੇ ਤੇ ਮਨ ਵਿੱਚ ਆਖਣ ਲਗੇ ਏਹ ਗੁਰੂ ਦਾ ਖਚਰਪੁਣਾ ਹੈ ਜੋ ਸਾਡੀ ਮਾਯਾ
ਰੋਕ ਦਿੱਤੀ। ਸੜਦੇ ਕੁੜ੍ਹਦੇ ਘਰ ਨੂੰ ਤੁਰ ਗਏ, ਜਾਂ ਸਵੇਰੇ ਕੀਰਤਨ ਦਾ ਵੇਲਾ ਹੋਯਾ ਤਾਂ ਨਾ ਆਏ।”
ਗਿਆਨੀ ਗਿਆਨ ਸਿੰਘ ਜੀ, ‘ਗੁਰ ਬਿਲਾਸ ਪਾਤਸ਼ਾਹੀ ੬’ ਅਤੇ ‘ਗੁਰ ਪ੍ਰਤਾਪ ਸੂਰਯ’ ਵਾਂਗ ਇਸ ਗੱਲ ਦਾ
ਜ਼ਿਕਰ ਨਹੀਂ ਕਰਦੇ ਕਿ ਗੁਰੂ ਸਾਹਿਬ ਵਲੋਂ ਜਦੋਂ ਇਹਨਾਂ ਨੂੰ ਸੌ ਰੁਪਈਆ ਦਿੱਤਾ ਗਿਆ ਤਾਂ ਇਹਨਾਂ ਨੇ
ਗੁੱਸੇ ਵਿੱਚ ਸੌ ਰੁਪਈਆ ਗੁਰੂ ਸਾਹਿਬ ਅੱਗੇ ਵਗਾਹ ਮਾਰਿਆ। ‘ਤਵਾਰੀਖ਼ ਗੁਰੂ ਖ਼ਾਲਸਾ’ ਦਾ ਕਰਤਾ ਕੇਵਲ
ਇਤਨਾ ਹੀ ਲਿਖ ਰਿਹਾ ਹੈ ਕਿ ਸੌ ਰੁਪਿਆ ਮਿਲਣ ਤੇ ਇਹ ਦੋਵੇਂ ਆਪਣੇ ਮਨ ਵਿੱਚ ਹੀ ਖਿਝਦੇ ਹੋਏ ਆਪਣੇ
ਮਨ ਵਿੱਚ ਹੀ ਇਹ ਸੋਚਦੇ ਹਨ ਕਿ ਇਹ ਗੁਰੂ ਦਾ ਖਚਰਪੁਣਾ ਹੈ ਜੋ ਸਾਡੀ ਮਾਯਾ ਰੋਕ ਦਿੱਤੀ ਹੈ। ਗੁਰੂ
ਸਾਹਿਬ ਨੂੰ ਕਿਸੇ ਤਰ੍ਹਾਂ ਦਾ ਕੋਈ ਬੋਲ-ਕੁਬੋਲ ਨਹੀਂ ਬੋਲਦੇ। ਵੈਸੇ ਇਹ ਵੀ ਹੈਰਾਨਕੁਨ ਗੱਲ ਹੈ ਕਿ
ਲੇਖਕ ਜੀ ਨੂੰ ਰਬਾਬੀਆਂ ਦੇ ਮਨ ਦੀ ਗੱਲ ਦਾ ਕਿਵੇਂ ਪਤਾ ਚਲ ਗਿਆ ਕਿ ਉਹਨਾਂ ਨੇ ਗੁਰੂ ਸਾਹਿਬ ਬਾਰੇ
ਇਹ ਸੋਚ ਲਿਆ ਕਿ ਇਹ ਹਜ਼ੂਰ ਦਾ ਖਚਰਪੁਣਾ ਹੈ। ਇਹ ਵੀ ਹੈਰਾਨਗੀ ਹੈ ਕਿ ਭਾਈ ਬਲਵੰਡ ਅਤੇ ਭਾਈ ਸੱਤਾ
ਜੀ ਦੋਹਾਂ ਦੇ ਹੀ ਮਨ ਵਿੱਚ ਗੁਰੂ ਸਾਹਿਬ ਬਾਰੇ ਇਕੋ ਜਿਹਾ ਖ਼ਿਆਲ ਆਇਆ।
“ਗੁਰੂ ਜੀ ਨੇ ਇੱਕ ਸਿੱਖ ਭੇਜਿਆ ਕਿ ਜਾ ਕੇ ਸੱਤੇ ਬਲਵੰਡ ਨੂੰ ਬੁਲਾਵੇ, ਪਰ ਓਹ ਤਾਂ ਵੀ ਨਾ ਆਏ,
ਤਾਂ ਗੁਰੂ ਜੀ ਨੇ ਹੋਰ ਸਿਖ ਭੇਜੇ ਪਰ ਓਹ ਫੇਰ ਭੀ ਨਾ ਆਏ ਤੇ ਸਗੋਂ ਕਠੋਰ ਤੇ ਬਹੁਤ ਅਜੋਗ ਬਚਨ
ਬੋਲੇ। ਫੇਰ ਗੁਰੂ ਸਾਹਿਬ ਆਪ ਓਨ੍ਹਾਂ ਦੇ ਘਰ ਗਏ ਤਾਂ ਓਨ੍ਹਾਂ ਨੇ ਗੁਰੂ ਸਾਹਿਬ ਨੂੰ ਬਹੁਤ ਅਜੋਗ
ਬਚਨ ਕਰੇ ਤੇ ਏਹ ਭੀ ਆਖਯਾ ਕਿ ਤੂੰ ਸਾਡਾ ਹੀ ਬਣਾਯਾ ਹੋਯਾ ਗੁਰੂ ਹੈਂ ਅਤੇ ਗੁਰੂ ਨਾਨਕ ਤੋਂ ਲੈ ਕੇ
ਸਾਰੇ ਗੁਰੂ ਸਾਡੇ ਹੀ ਬਣਾਏ ਹੋਏ ਸਨ, ਜੇ ਅਸੀਂ ਕੀਰਤਨ ਨਾ ਕਰਦੇ ਤਾਂ ਗੁਰੂਆਂ ਨੂੰ ਕੌਣ ਜਾਣਦਾ
ਸੀ। “
“ਗੁਰੂ ਅਰਜਨ ਦੇਵ ਜੀ ਨੂੰ ਆਪਣੀ ਬਾਬਤ ਤਾਂ ਕੋਈ ਰੰਜ ਨਹੀਂ ਆਯਾ ਸੀ, ਪਰ ਜਾਂ ਓਨ੍ਹਾਂ ਦੁਸ਼ਟਾਂ ਨੇ
ਵਡੇ ਗੁਰੂਆਂ ਦੀ ਨਿੰਦਾ ਤੇ ਅਜੋਗ ਬਚਨਾਂ ਨਾਲ ਨਿਰਾਦਰੀ ਕੀਤੀ ਤਾਂ ਗੁਰੂ ਸਾਹਿਬ ਜਰ ਨਾ ਸਕੇ ਤੇ
ਆਖਿਆ ‘ਜਾਓ ਕੁਸਟੀਓ! ਤੁਸਾਂ ਗੁਰੂ ਨਾਨਕ ਜੀ ਮਹਾਰਾਜ ਦੀ ਨਿੰਦਾ ਕੀਤੀ ਹੈ ਤੁਸੀਂ ਕੁਸ਼ਟੀ ਹੋ’ ਏਹ
ਕਹਿਕੇ ਮੁੜ ਆਏ। ਸੰਗਤ ਵਿੱਚ ਆ ਕੇ ਸਿੱਖਾਂ ਨੂੰ ਹੁਕਮ ਦਿੱਤਾ ਕਿ ਸਰੰਦੇ ਫੜੋ ਤੇ ਸ਼ਬਦ ਗਾਓ। ਗੁਰੂ
ਸਾਹਿਬ ਦੇ ਵਾਕ ਨਾਲ ਹੀ ਸੂਧੇ ਸਾਦੇ ਸਿੱਖਾਂ ਨੂੰ ਤੁਰਤ ਰਾਗ ਦਾ ਗਿਆਨ ਹੋ ਆਯਾ ਤੇ ਸ਼ਬਦ ਗਾਵਣ
ਲਗੇ।
ਏਸੇ ਵੇਲੇ ਹੀ ਗੁਰੂ ਜੀ ਨੇ ਹੁਕਮ ਦਿਤਾ ਕਿ ਕੋਈ ਸਿੱਖ ਸਾਡੇ ਪਾਸ ਸੱਤੇ ਬਲਵੰਡ ਦੀ ਅਰਜ਼ ਨ ਕਰੇ ਜੋ
ਅਰਜ਼ ਕਰੇਗਾ ਓਸਦਾ ਮੂੰਹ ਕਾਲਾ ਤੇ ਨੀਲੇ ਪੈਰ ਕਰਕੇ ਗਲ ਵਿੱਚ ਜੁੱਤੀਆਂ ਦਾ ਹਾਰ ਪਾ ਕੇ ਖੋਤੇ ਉਪਰ
ਚੜ੍ਹਾਕੇ ਸਾਰੇ ਅੰਮ੍ਰਿਤਸਰ ਦੇ ਗਿਰਦੇ ਫੇਰਿਆ ਜਾਵੇਗਾ। ਓਧਰ ਰਬਾਬੀਆਂ ਨੂੰ ਓਸੇ ਵੇਲੇ ਕੋਹੜ ਹੋ
ਗਿਆ, ਬੜੇ ਲਾਚਾਰ ਹੋਏ, ਕੋਈ ਭੀ ਸਰਾਪ ਦਾ ਡਰਦਾ ਅਰਜ਼ ਨਾ ਕਰ ਸਕੇ।”
‘ਗੁਰ ਬਿਲਾਸ ਪਾਤਸ਼ਾਹੀ ੬’ ਅਤੇ ‘ਗੁਰ ਪ੍ਰਤਾਪ ਸੂਰਯ’ ਵਾਂਗ ਗਿਆਨੀ ਗਿਆਨ ਸਿੰਘ ਇਸ ਗੱਲ ਦਾ ਵਰਣਨ
ਨਹੀਂ ਕਰਦੇ ਕਿ ਪਟਨੇ ਦੀ ਸੰਗਤ ਵਲੋਂ ਭਾਈ ਬਲਵੰਡ ਅਤੇ ਭਾਈ ਸੱਤੇ ਬਾਰੇ ਪੁੱਛਣ `ਤੇ ਗੁਰੂ ਅਰਜਨ
ਸਾਹਿਬ ਇਹਨਾਂ ਦੀ ਸਿਪਾਰਸ਼ ਨਾ ਕਰਨ ਬਾਰੇ ਕਹਿੰਦੇ ਹਨ। ਗਿਆਨੀ ਗਿਆਨ ਸਿੰਘ ਇਹਨਾਂ ਦੋਹਾਂ ਲੇਖਕਾਂ
ਨਾਲੋਂ ਦੋ ਕੁ ਗੱਲਾਂ ਦਾ ਵਾਧਾ ਕਰ ਰਹੇ ਹਨ: ਇੱਕ ਨੀਲੇ ਪੈਰ ਕਰਨ ਬਾਰੇ ਅਤੇ ਦੂਜਾ ਗਲ ਵਿੱਚ
ਜੁੱਤੀਆਂ ਦਾ ਹਾਰ ਪਾਉਣ ਬਾਰੇ।
ਪਾਠਕ ਇਸ ਗੱਲ ਨੂੰ ਨੋਟ ਕਰਦੇ ਜਾਣ ਕਿ ਕਿਸ ਤਰ੍ਹਾਂ ਹਰੇਕ ਲੇਖਕ ਨੇ ਭਾਈ ਬਲਵੰਡ ਅਤੇ ਭਾਈ ਸੱਤਾ
ਜੀ ਬਾਰੇ ਪਹਿਲਾਂ ਹੀ ਪ੍ਰਚਲਤ ਇਸ ਕਹਾਣੀ ਨੂੰ ਸੱਚ ਮੰਨ ਕੇ ਹੋਰ ਵੀ ਪ੍ਰਚਲਤ ਕੀਤਾ ਅਤੇ ਆਪਣੇ
ਆਪਣੇ ਢੰਗ ਨਾਲ ਵਰਣਨ ਕਰਦਿਆਂ ਹੋਇਆਂ ਇਸ ਵਿੱਚ ਵਾਧੇ-ਘਾਟੇ ਕੀਤੇ ਹਨ। ਇਸ ਵਿੱਚ ਹੈਰਾਨਗੀ ਅਤੇ
ਸਿਤਮ ਦੀ ਗੱਲ ਇਹ ਹੈ ਕਿ ਇਹ ਸਭ ਕੁੱਝ ਗੁਰੂ ਸਾਹਿਬਾਨ ਦੇ ਪਾਵਨ ਮੁਖ਼ਾਰਬਿੰਦ ਵਿਚੋਂ ਅਤੇ ਭਾਈ
ਬਲਵੰਡ ਜੀ ਅਤੇ ਭਾਈ ਸੱਤਾ ਜੀ ਦੇ ਮੁੱਖ `ਚੋਂ ਕਢਵਾ ਰਹੇ ਹਨ। ਸਭ ਤੋਂ ਜ਼ਿਆਦਾ ਹੈਰਾਨਗੀ ਇਸ ਗੱਲ
ਦੀ ਹੈ ਕਿ ਸਿੱਖ ਸੰਗਤਾਂ ਨੇ ਵੀ ਇਹਨਾਂ ਭਿੰਨ ਭਿੰਨ ਲੇਖਕਾਂ ਦੀਆਂ ਕਲਪਣਾ ਨੂੰ ਸੱਚ ਮੰਨ ਕੇ ਇਹ
ਸਵੀਕਾਰ ਕਰ ਲਿਆ ਹੈ ਕਿ ਸੱਚ-ਮੁੱਚ ਹੀ ਗੁਰੂ ਸਾਹਿਬ ਇਹਨਾਂ ਰਬਾਬੀਆਂ ਬਾਰੇ ਇਹ ਆਖ ਰਹੇ ਹਨ ਅਤੇ
ਰਬਾਬੀ ਗੁਰੂ ਸਾਹਿਬ ਦੀ ਸ਼ਾਨ ਦੇ ਵਿਰੁੱਧ ਅਜਿਹੇ ਕੁਬੋਲ ਬੋਲ ਰਹੇ ਹਨ।
‘ਗੁਰ ਬਿਲਾਸ ਪਾਤਸ਼ਾਹੀ ੬’ ਅਤੇ ‘ਸੂਰਯ ਪ੍ਰਕਾਸ਼’ ਦੇ ਕਰਤੇ ਵਾਂਗ ਗਿਆਨੀ ਗਿਆਨ ਸਿੰਘ ਜੀ ਨੇ ਗੁਰੂ
ਅਰਜਨ ਸਾਹਿਬ ਦੇ ਮੁੱਖੋਂ ਇਹ ਨਹੀਂ ਕਢਵਾਇਆ ਕਿ ਸਿਪਾਰਸ਼ ਕਰਨ ਵਾਲੇ ਦਾ ਸਿਰ ਮੁੰਡਵਾਵਾਂਗੇ।
“ਓੜਕ ਭਾਈ ਲੱਧਾ ਜੋ ਪਰਉਪਕਾਰੀ ਸੀ, ਓਸ ਨੇ ਸਤੇ ਬਲਵੰਡ ਨੂੰ ਅਤੀ ਦੁਖੀ ਦੇਖਕੇ ਅਰਜ਼ ਕਰਨ ਵਾਸਤੇ
ਆਪਣਾ ਓਹੋ ਰੂਪ ਬਣਾਯਾ ਜੋ ਗੁਰੂ ਜੀ ਦਾ ਹੁਕਮ ਸੀ, ਅਰਥਾਤ ਲਾਹੌਰੋਂ ਹੀ ਖੋਤੇ ਉਪਰ ਚੜ੍ਹ, ਮੂੰਹ
ਕਾਲਾ ਤੇ ਜੁਤੀਆਂ ਦਾ ਹਾਰ ਗਲ ਵਿੱਚ ਪਾ ਕੇ ਗੁਰੂ ਜੀ ਪਾਸ ਆ ਕੇ ਅਰਜ਼ ਕੀਤੀ। ਜਿਸ ਪਰ ਗੁਰੂ ਜੀ
ਬੜੇ ਖੁਸ਼ੀ ਹੋਏ ਤੇ ਬਚਨ ਕੀਤਾ, ਜਿਸ ਮੂੰਹ ਨਾਲ ਏਨਾਂ ਰਬਾਬੀਆਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਤੇ
ਹੋਰ ਤਿੰਨਾਂ ਗੁਰੂਆਂ ਦੀ ਨਿੰਦਾ ਕੀਤੀ ਹੈ ਓਸੇ ਮੂੰਹ ਨਾਲ ਉਸਤਤੀ ਕਰਣ ਤਾਂ ਰੋਗ ਹਟੇਗਾ। ਤਦ ਸੱਤੇ
ਤੇ ਬਲਵੰਡ ਨੇ ਗੁਰੂ ਜੀ ਦੇ ਜੱਸ ਦੀ ਵਾਰ (ਜੋ ਰਾਮਕਲੀ ਰਾਗ ਵਿੱਚ ਲਿਖੀ ਹੈ) ਉਚਾਰਣ ਕੀਤੀ ਅਤੇ
ਜਿਉਂ ੨ ਉਚਾਰਦੇ ਗਏ ਤਿਉਂ ੨ ਕੁਸ਼ਟ ਹਟਦਾ ਗਿਆ, ਗੱਲ ਕਾਹਦੀ ਏਸ ਵਾਰ ਦੇ ਉਚਾਰਨ ਨਾਲ ਹੀ ਓਹ ਨਵੇਂ
ਨਿਰੋਏ ਹੋ ਗਏ, ਓਸ ਵਕਤ ਗੁਰੂ ਅਰਜਨ ਜੀ ਨੇ ਵਰ ਦਿਤਾ ਕਿ ਜੋ ਸਿਖ ਏਸ ਵਾਰ ਨੂੰ ਸ਼ਰਧਾ ਨਾਲ ਰੋਜ਼
ਇਸ਼ਨਾਨ ਕਰਕੇ ਪੜ੍ਹੇ ਸੁਣੇਗਾ ਓਸ ਦੇ ਸਭ ਰੋਗ ਦੂਰ ਹੋਣਗੇ। “(ਤਵਾਰੀਖ਼ ਗੁਰੂ ਖ਼ਾਲਸਾ-ਗਿਆਨੀ ਗਿਆਨ
ਸਿੰਘ)
ਇੱਥੇ ਗਿਆਨੀ ਗਿਆਨ ਸਿੰਘ ਜੀ ਭਾਈ ਲੱਧਾ ਜੀ ਵਲੋਂ ਗੁਰੂ ਸਾਹਿਬ ਨੂੰ ਭਾਈ ਬਲਵੰਡ ਅਤੇ ਭਾਈ ਸੱਤਾ
ਜੀ ਦੀ ਭੁੱਲ ਬਖ਼ਸ਼ਾਉਣ ਦਾ ਵਰਣਨ ਨਹੀਂ ਕਰ ਰਹੇ ਹਨ। ਆਪ ਨੇ ਕੇਵਲ ਗੁਰੂ ਸਾਹਿਬ ਦੇ ਪਾਵਨ
ਮੁਖ਼ਾਰਬਿੰਦ ਵਿਚੋਂ ਇਹ ਕਢਵਾਇਆ ਹੈ ਕਿ ਗੁਰੂ ਸਾਹਿਬ ਨੇ ਕਿਹਾ ਕਿ ਜਿਸ ਮੂੰਹ ਨਾਲ ਇਹਨਾਂ ਨੇ ਗੁਰੂ
ਨਾਨਕ ਸਾਹਿਬ ਅਤੇ ਹੋਰ ਤਿੰਨਾਂ ਗੁਰੂਆਂ ਦੀ ਨਿੰਦਾ ਕੀਤੀ ਹੈ, ਉਸੇ ਮੂੰਹ ਨਾਲ ਉਸਤਤ ਕਰਨ ਤਾਂ
ਇਹਨਾਂ ਦਾ ਰੋਗ ਦੂਰ ਹੋ ਜਾਵੇਗਾ।
ਗਿਆਨੀ ਗਿਆਨ ਸਿੰਘ ਜੀ ਨੇ ਵੀ ‘ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਕਾ’ ਅਤੇ ‘ਮਹਿਮਾ ਪ੍ਰਕਾਸ਼’ ਵਿੱਚ
ਵਰਣਿਤ ਭਾਈ ਬਲਵੰਡ ਅਤੇ ਭਾਈ ਸੱਤਾ ਜੀ ਨਾਲ ਸਬੰਧਤ ਕਿਸੇ ਵੀ ਗੱਲ ਦਾ ਵਰਣਨ ਨਹੀਂ ਕੀਤਾ ਹੈ। ਆਪ
ਜੀ ਨੇ ਕੇਵਲ ਸੂਰਜ ਪ੍ਰਕਾਸ਼ ਦੀ ਕਹਾਣੀ ਨੂੰ ਹੀ ਆਧਾਰ ਬਣਾ ਕੇ ਆਪਣੇ ਢੰਗ ਨਾਲ ਕੁੱਝ ਵਾਧੇ ਕਰਨ ਦੇ
ਨਾਲ ਨਾਲ ਕੁੱਝ ਅੰਸ਼ ਛੱਡ ਕੇ ਬਿਆਨ ਕੀਤਾ ਹੈ। ਆਪ ਜੀ ਨੇ ਭਾਈ ਸੰਤੋਖ ਸਿੰਘ ਜੀ ਵਾਂਗ ‘ਗੁਰ ਬਿਲਾਸ
ਪਾਤਸ਼ਾਹੀ ੬’ ਦੇ ਇਸ ਕਥਨ ਦਾ ਵੀ ਵਰਣਨ ਨਹੀਂ ਕੀਤਾ ਹੈ ਜਿਸ ਵਿੱਚ ਭਾਈ ਬਲਵੰਡ ਅਤੇ ਭਾਈ ਸੱਤਾ ਜੀ
ਨੂੰ ਭਾਈ ਮਰਦਾਨਾ ਜੀ ਅਤੇ ਭਾਈ ਦਾਲਾ ਜੀ ਦਾ ਅਵਤਾਰ ਦਰਸਾਇਆ ਗਿਆ ਹੈ। ਗੁਰੂ ਨਾਨਕ ਸਾਹਿਬ ਵਲੋਂ
ਕਿਸੇ ਤਰ੍ਹਾਂ ਦੇ ਸਰਾਪ ਦਾ ਵੀ ਆਪ ਜੀ ਨੇ ਵਰਣਨ ਨਹੀਂ ਕੀਤਾ ਹੈ।
ਚੱਲਦਾ