.

ੴਸਤਿਗੁਰਪ੍ਰਸਾਦਿ॥
ਪਾਪ ਕੀ ਜੰਝ (ਕਿਸ਼ਤ ਪੰਜਵੀਂ)

ਛੇ ਸਾਲ ਤੋਂ ਵਧੇਰੇ ਸਮਾਂ ਹੋ ਗਿਆ ਸੀ, ਅਖੀਰ ਹਰਭਜਨ ਦੀ ਚਿੱਠੀ ਆਈ, “ਮੈਂ ਛੁੱਟੀ ਲੈਣ ਦੀ ਕੋਸ਼ਿਸ਼ ਕਰ ਰਿਹਾਂ, ਛੇਤੀ ਹੀ ਕੁੱਝ ਸਮੇਂ ਲਈ ਘਰ ਆਵਾਂਗਾ”, ਪੜ੍ਹ ਕੇ ਦੋਹਾਂ ਦੇ ਅੰਦਰ ਖੁਸ਼ੀ ਦੀਆਂ ਝਰਨਾਟਾਂ ਛਿੜ ਪਈਆਂ। ਨਾਲ ਲਿਖਿਆ ਸੀ ਕਿ ਆਪਣੀ ਇੱਕ ਨਵੀਂ ਫੋਟੋ ਭੇਜ ਰਿਹਾਂ ਅਤੇ ਲਿਫਾਫੇ ਵਿੱਚ ਇੱਕ ਹੋਰ ਲਿਫਾਫਾ ਸੀ, ਬਲਬੀਰ ਕੌਰ ਨੇ ਛੇਤੀ ਨਾਲ ਉਹ ਖ੍ਹੋਲਿਆ ਤਾਂ ਕਿਸੇ ਘੋਨੇ-ਮੋਨੇ ਦੀ ਫੋਟੋ ਸੀ, ਹੈਰਾਨ ਹੋ ਕੇ ਕਹਿਣ ਲਗੀ, “ਹੈਂ ਇਹ ਕਿਸ ਦੀ ਫੋਟੋ ਭੇਜ ਦਿੱਤੀ ਸੁ।” ਫੋਟੋ ਛੇਤੀ ਨਾਲ ਗੁਲਾਬ ਸਿੰਘ ਨੇ ਫੜ੍ਹ ਲਈ ਤੇ ਨਾਲ ਹੀ ਧਾਂ ਕਰਦਾ ਥਲੇ ਬੈਠ ਗਿਆ। ਪਲਾਂ ਵਿੱਚ ਉਸ ਦੇ ਡੋਰ-ਭੌਰ ਹੋਰ ਦੇ ਹੋਰ ਹੋ ਗਏ। ਉਸ ਨੇ ਪੱਲ ਵਿੱਚ ਹਰਭਜਨ ਦੀ ਫੋਟੋ ਪਹਿਚਾਣ ਲਈ ਸੀ। ਕਿਤਨੀ ਦੇਰ ਉਹ ਕੁੱਝ ਬੋਲ ਹੀ ਨਾ ਸਕਿਆ, ਬਲਬੀਰ ਕੌਰ ਵੀ ਪਤੀ ਦੀ ਹਾਲਤ ਵੇਖ ਕੇ ਘਬਰਾ ਗਈ ਭਾਵੇਂ ਉਸ ਦਾ ਮਨ ਬਹੁਤ ਕੁੱਝ ਬੁੱਝ ਚੁਕਾ ਸੀ ਪਰ ਉਸ ਨੂੰ ਫੋਟੋ ਭੁਲ ਗਈ ਤੇ ਪਤੀ ਦੀ ਚਿੰਤਾ ਪੈ ਗਈ। ਭੱਜੀ ਗਈ ਤੇ ਪਾਣੀ ਦਾ ਗਲਾਸ ਲਿਆ ਕੇ ਪਤੀ ਦੇ ਮੂੰਹ ਨੂੰ ਲਾਇਆ। ਹੁਣ ਤੱਕ ਗੁਲਾਬ ਸਿੰਘ ਵੀ ਆਪਣੇ ਆਪ ਨੂੰ ਕੁੱਝ ਸੰਭਾਲ ਚੁੱਕਾ ਸੀ, ਪਾਣੀ ਦਾ ਗਲਾਸ ਪਰ੍ਹੇ ਕਰਦਾ ਹੋਇਆ ਬੋਲਿਆ, “ਬਲਬੀਰ ਕੌਰੇ ਸਭ ਕੁੱਝ ਬਰਬਾਦ ਹੋ ਗਿਆ ਈ …. ।” ਤੇ ਨਾਲ ਹੀ ਉਸ ਦਾ ਗਲਾ ਭਰ ਆਇਆ ਤੇ ਅਵਾਜ਼ ਬੰਦ ਹੋ ਗਈ ਤੇ ਅੱਖਾਂ ਵਿੱਚੋਂ ਅਥਰੂਆਂ ਦੀਆਂ ਨਦੀਆਂ ਵੱਗ ਤੁਰੀਆਂ।
ਬਲਬੀਰ ਕੌਰ ਨੇ ਫੇਰ ਪਾਣੀ ਦਾ ਗਲਾਸ ਫੜਾ ਕੇ ਆਖਿਆ, “ਇਹ ਪਾਣੀ ਦਾ ਘੁੱਟ ਭਰ ਲਓ ਤੇ ਸੰਭਾਲੋ ਆਪਣੇ ਆਪ ਨੂੰ, ਦੱਸੋ ਤਾਂ ਸਹੀ ਹੋਇਆ ਕੀ ਏ?” ਥੋੜ੍ਹੀ ਦੇਰ ਤਾਂ ਗੁਲਾਬ ਸਿੰਘ ਕੁੱਝ ਬੋਲ ਨਾ ਸਕਿਆ ਤੇ ਮੂੰਹ ਥਲੇ ਕਰ ਕੇ ਹੌਕੇ ਭਰਦਾ ਰਿਹਾ, ਫੇਰ ਆਪਣੇ ਆਪ ਨੂੰ ਕੁੱਝ ਸੰਭਾਲ ਕੇ ਬੋਲਿਆ, “ਬਲਬੀਰ! ਤੇਰਾ ਹਰਭਜਨ ਮਰ ਗਿਆ ਈ।” ਤੇ ਨਾਲ ਹੀ ਫੇਰ ਉਸ ਦੀ ਭੁੱਬ ਨਿਕਲ ਗਈ।
ਬਲਬੀਰ ਕੌਰ ਜੋ ਹੁਣ ਤੱਕ ਤਕਰੀਬਨ ਸਭ ਕੁੱਝ ਸਮਝ ਚੁਕੀ ਸੀ, ਪਰ ਪਤੀ ਦੀ ਹਾਲਤ ਵੇਖ ਕੇ ਆਪਣੇ ਆਪ ਨੂੰ ਕੁੱਝ ਸੰਭਾਲਣ ਦੀ ਕੋਸ਼ਿਸ਼ ਕਰ ਰਹੀ ਸੀ, ਕੁਰਲਾਉਂਦੀ ਹੋਈ ਬੋਲੀ, “ਮੈਂ ਤਾਂ ਪਹਿਲਾਂ ਹੀ ਸਮਝ ਗਈ ਆਂ …. . ਮੇਰਾ ਮਨ ਤਾਂ ਪਤਾ ਨਹੀਂ ਕਦੋਂ ਦਾ ਇਸੇ ਡਰ ਨਾਲ ਮਰੀ ਜਾਂਦਾ ਸੀ, ਤਾਹੀਓਂ ਤੁਹਾਨੂੰ ਬਾਰ-ਬਾਰ ਆਖਦੀ ਸਾਂ ਕਿ ਕਰੜਾਈ ਨਾਲ ਆਖੋ ਸੁ, ਵਾਪਸ ਆ ਜਾਵੇ …. . ।” ਉਸ ਦੇ ਸਬਰ ਦਾ ਬੰਨ੍ਹ ਵੀ ਟੁੱਟ ਚੁੱਕਾ ਸੀ। ਉਸ ਦੇ ਸ਼ਬਦਾਂ `ਚ ਵਿਰਲਾਪ ਸੀ ਤੇ ਅੱਖਾਂ ਵਿੱਚੋਂ ਅਥਰੂਆਂ ਦੀ ਝੜੀ ਲਗੀ ਹੋਈ ਸੀ। ਥੋੜ੍ਹੀ ਦੇਰ ਦੋਵੇਂ ਇੰਝ ਹੀ ਤੜਫਦੇ ਰਹੇ ਤੇ ਕੋਈ ਕੁੱਝ ਨਾ ਬੋਲਿਆ ਤੇ ਫੇਰ ਸਿਸਕੀਆਂ ਵਿੱਚੋਂ ਹੀ ਬਲਬੀਰ ਕੌਰ ਦੀ ਅਵਾਜ਼ ਨਿਕਲੀ, “ਵਾਹਿਗੁਰੂ ਇਹ ਤੂੰ ਸਾਡਾ ਕਿਹੋ ਜਿਹਾ ਇਮਤਿਹਾਨ ਲੈ ਰਿਹੈਂ, ਇਸ ਦੇ ਨਾਲੋਂ ਤਾਂ ਉਸ ਦੇ ਮਰਨ ਦੀ ਖਬਰ ਭੇਜ ਦੇਂਦੋ, ਇਕੋ ਵਾਰੀ ਰੋ ਪਿਟ ਕੇ ਸਬਰ ਕਰ ਲੈਂਦੇ, ਰੋਜ਼ ਰੋਜ਼, ਬਾਰਬਾਰ ਤਾਂ ਨਾ ਮਰਨਾ ਪੈਂਦਾ।”
ਬਲਬੀਰ ਕੌਰ ਦੇ ਲਫਜ਼ਾਂ ਨੇ ਗੁਲਾਬ ਸਿੰਘ ਨੂੰ ਇੱਕ ਨਵੀਂ ਤਾਕਤ ਦੇ ਦਿੱਤੀ, ਜਿਵੇਂ ਉਸ ਨੇ ਕੋਈ ਵੱਡਾ ਫੈਸਲਾ ਲੈ ਲਿਆ ਹੋਵੇ। ਉਸ ਰੁਮਾਲ ਨਾਲ ਮੂੰਹ ਪੂੰਝਿਆ, ਉਠ ਕੇ ਬਾਥਰੂਮ ਵੱਲ ਗਿਆ, ਮੂੰਹ ਤੇ ਪਾਣੀ ਦੇ ਛੱਟੇ ਮਾਰੇ ਤੇ ਮੂੰਹ ਸਾਫ ਕਰਕੇ, ਕਾਗਜ਼ ਤੇ ਪੈਨ ਲੈਕੇ ਆ ਗਿਆ। ਕਾਗਜ਼ ਤੇ ਉਸ ਲਿਖਿਆ,
‘ਹਰਭਜਨ!
ਜੋ ਕੁਕਰਮ ਤੂੰ ਕੀਤਾ ਹੈ, ਉਸ ਵਾਸਤੇ ਨਾ ਤੈਨੂੰ ਕਦੇ ਵਾਹਿਗੁਰੂ ਮੁਆਫ ਕਰੇਗਾ ਤੇ ਨਾ ਅਸੀਂ। ਚੰਗਾ ਹੁੰਦਾ ਇਸ ਨਾਲੋਂ ਤੇਰੀ ਮੌਤ ਦੀ ਖਬਰ ਆਉਂਦੀ। ਚਲੋ! ਸਾਡੇ ਵਾਸਤੇ ਤਾਂ ਤੂੰ ਹੁਣ ਵੀ ਮਰ ਗਿਐਂ ਤੇ ਅਸੀਂ ਤੇਰੇ ਵਾਸਤੇ। ਇਸ ਤੋਂ ਬਾਅਦ ਨਾ ਸਾਨੂੰ ਕੋਈ ਚਿੱਠੀ ਪਤਰ ਪਾਉਣ ਦੀ ਕੋਸ਼ਿਸ਼ ਕਰੀਂ, ਨਾ ਟੈਲੀਫੋਨ ਕਰਨ ਦੀ ਤੇ ਨਾ ਹੀ ਸ਼ਕਲ ਵਿਖਾਉਣ ਦੀ।
ਗੁਲਾਬ ਸਿੰਘ ਤੇ ਬਲਬੀਰ ਕੌਰ।’
ਚਿੱਠੀ ਲਿੱਖ ਕੇ ਉਸ ਬਲਬੀਰ ਕੌਰ ਦੇ ਅੱਗੇ ਕਰ ਦਿੱਤੀ। ਬਲਬੀਰ ਕੌਰ ਆਪਣੇ ਆਪ ਨੂੰ ਸੰਭਾਲਣ ਦੀ ਕੋਸ਼ਿਸ਼ ਕਰ ਰਹੀ ਸੀ, ਚਿੱਠੀ ਦਾ ਮਜ਼ਬੂਨ ਪੜ੍ਹ ਕੇ ਉਸ ਦੀ ਫੇਰ ਭੁੱਬ ਨਿਕਲ ਗਈ ਤੇ ਕੁਰਲਾਉਂਦੀ ਹੋਈ ਬੋਲੀ, “ਆਖਿਰ ਬੱਚੈ, ਪਤਾ ਨਹੀਂ ਉਥੇ ਕੈਸੀ ਸੰਗਤ ਮਿਲੀ ਸੁ ਜੋ ਇਤਨੀ ਵੱਡੀ ਭੁਲ ਕਰ ਬੈਠੈ, ਇੱਕ ਵਾਰੀ ਸੰਭਲਣ ਦਾ ਮੌਕਾ ਤਾਂ ਦਿਓ ਸੁ।”
“ਬਲਬੀਰ ਤੇਰੀ ਗੱਲ ਬਿਲਕੁਲ ਠੀਕ ਹੈ, ਸੰਭਲਣ ਦਾ ਮੌਕਾ ਜ਼ਰੂਰ ਦੇਣਾ ਚਾਹੀਦੈ, ਪਰ ਤੂੰ ਆਪਣੇ ਆਪ ਨੂੰ ਸੰਭਾਲ, ਵੇਲਾ ਵੱਡੇ ਇਮਤਿਹਾਨ ਦਾ ਹੈ, ਇਸ ਵੇਲੇ ਆਪਣੀ ਮਮਤਾ ਨੂੰ ਸਿਧਾਂਤ `ਤੇ ਭਾਰੀ ਨਾ ਹੋਣ ਦੇਵੀਂ। ਆਪ ਹੀ ਸੋਚ, ਜਿਹੜਾ ਗੁਰੂ ਦਾ ਨਹੀਂ ਹੋਇਆ ਉਸ ਸਾਡਾ ਕੀ ਹੋਣੈ?” ਕਹਿੰਦੇ ਕਹਿੰਦੇ ਗੁਲਾਬ ਸਿੰਘ ਦਾ ਫੇਰ ਰੋਣਾ ਨਿਕਲ ਗਿਆ।
ਬਲਬੀਰ ਕੌਰ ਨੇ ਫੇਰ ਅੱਖਾਂ ਪੂੰਝੀਆਂ ਤੇ ਪੂਰੀ ਦ੍ਰਿੜਤਾ ਨਾਲ ਬੋਲੀ, “ਸਰਦਾਰ ਜੀ! ਬੇਸ਼ਕ ਮੈਂ ਮਾਂ ਹਾਂ ਅਤੇ ਹਰ ਔਰਤ ਦੀ ਤਰ੍ਹਾਂ ਇਹ ਮਮਤਾ ਮੇਰੇ ਅੰਦਰ ਵੀ ਅਕਾਲ-ਪੁਰਖ ਨੇ ਹੀ ਪਾਈ ਏ, ਪਰ ਮੈਂ ਆਪਣੇ ਗੁਰੂ ਪ੍ਰਤੀ ਅਤੇ ਕੌਮ ਪ੍ਰਤੀ ਫਰਜ਼ਾਂ ਤੋਂ ਵੀ ਸੁਚੇਤ ਹਾਂ। ਜੇ ਮੈਂ ਉਸ ਦੀ ਮੌਤ ਦਾ ਦਰਦ ਭੋਗਣ ਲਈ ਤਿਆਰ ਹਾਂ ਤਾਂ ਇਸ ਸਦੀਵੀ ਵਿੱਚੋੜੇ ਦਾ ਦਰਦ ਵੀ ਸਹਿ ਲਵਾਂਗੀ, ਪਰ ਫੇਰ ਵੀ ਇਤਨਾ ਜ਼ਰੂਰ ਚਾਹੁੰਦੀ ਹਾਂ ਕਿ ਆਪਣੇ ਮਨ ਵਿੱਚ ਹੀ ਇਹ ਗਿਲਾ ਨਾ ਰਹਿ ਜਾਵੇ ਕਿ ਬੱਚੇ ਨੂੰ ਸੁਧਰਣ ਦਾ ਮੌਕਾ ਹੀ ਨਹੀਂ ਦਿੱਤਾ।”
“ਤੇਰੀ ਗੱਲ ਬਿਲਕੁਲ ਠੀਕ ਹੈ, ਇੱਕ ਵਾਰੀ ਕੋਸ਼ਿਸ਼ ਜ਼ਰੂਰ ਕਰਨੀ ਚਾਹੀਦੀ ਹੈ” ਗੁਲਾਬ ਸਿੰਘ ਨੇ ਅੱਖਾਂ ਪੂੰਝਦੇ ਹੋਏ ਕਿਹਾ ਤੇ ਉਹ ਚਿੱਠੀ ਵਾਲਾ ਕਾਗਜ਼ ਚੁੱਕ ਕੇ ਫਾੜ ਦਿੱਤਾ ਤੇ ਨਵੇਂ ਕਾਗਜ਼ ਤੇ ਲਿਖਣਾ ਸ਼ੁਰੂ ਕੀਤਾ,
‘ਹਰਭਜਨ!
ਤੇਰੀ ਕਰਤੂਤ ਨੇ ਜੋ ਦੁੱਖ ਸਾਨੂੰ ਪਹੁੰਚਾਇਆ ਹੈ ਸ਼ਾਇਦ ਤੂੰ ਉਸ ਦਾ ਅੰਦਾਜ਼ਾ ਵੀ ਨਹੀਂ ਲਗਾ ਸਕਦਾ। ਇਸ ਨਾਲੋਂ ਤੇਰੀ ਮੌਤ ਦੀ ਖ਼ਬਰ ਆਉਂਦੀ ਤਾਂ ਇਤਨਾ ਦੁੱਖ ਨਾ ਹੁੰਦਾ ਅਤੇ ਇਸ ਨੂੰ ਅਕਾਲ-ਪੁਰਖ ਦਾ ਭਾਣਾ ਸਮਝ ਕੇ ਸਬਰ ਕਰ ਲੈਂਦੇ। ਵੈਸੇ ਤਾਂ ਤੇਰਾ ਕਸੂਰ ਮਾਫੀ ਦੇ ਕਾਬਲ ਨਹੀਂ ਪਰ ਤੇਰੀ ਮਾਂ ਚਾਹੁੰਦੀ ਹੈ ਕਿ ਤੈਨੂੰ ਸੁਧਰਣ ਦਾ ਇੱਕ ਮੌਕਾ ਦੇਣਾ ਚਾਹੀਦਾ ਹੈ ਸੋ ਜੇ ਤੇਰੇ ਅੰਦਰ ਸਤਿਗੁਰੂ ਦੀ ਕੋਈ ਭਾਉ ਭਾਵਨੀ ਅਤੇ ਮਾਤਾ ਪਿਤਾ ਦਾ ਥੋੜ੍ਹਾ ਜਿਹਾ ਵੀ ਸਤਿਕਾਰ ਬੱਚਿਆਂ ਹੈ ਤਾਂ ਫੌਰਨ ਮੁੜ ਤੋਂ ਗੁਰੂ ਵਾਲਾ ਬਣ ਜਾ ਅਤੇ ਆਪਣੀਆਂ ਗੁਰੂ ਤੋਂ ਬੇਮੁੱਖ ਹੋਣ ਵਾਲੀਆਂ ਕਰਤੂਤਾਂ ਬੰਦ ਕਰ ਦੇ।
ਜੇ ਤੂੰ ਆਪਣੇ ਸਿੱਖੀ ਸਰੂਪ ਵਿੱਚ ਵਾਪਸ ਆ ਗਿਆ ਤਾਂ ਇਸ ਘਰ ਦੇ ਦਰਵਾਜ਼ੇ ਤੇਰੇ ਵਾਸਤੇ ਖੁਲ੍ਹੇ ਹਨ ਪਰ ਜੇ ਤੂੰ ਗੁਰੂ ਤੋਂ ਬੇਮੁੱਖ ਅਤੇ ਪਤਿਤ ਰਹਿਣਾ ਹੈ ਤਾਂ ਸਾਨੂੰ ਕਦੇ ਸ਼ਕਲ ਨਾ ਵਿਖਾਵੀਂ, ਨਾ ਕਦੇ ਟੈਲੀਫੋਨ ਕਰੀਂ ਅਤੇ ਨਾਹੀ ਕਦੇ ਕੋਈ ਚਿੱਠੀ ਆਦਿ ਪਾਵੀਂ, ਸਮਝ ਲਵੀਂ ਕਿ ਸਾਡੇ ਵਾਸਤੇ ਤੂੰ ਮਰ ਗਿਆ ਤੇ ਤੇਰੇ ਵਾਸਤੇ ਅਸੀਂ।
ਗੁਲਾਬ ਸਿੰਘ’
ਚਿੱਠੀ ਲਿਖ ਕੇ ਉਸ ਫੇਰ ਬਲਬੀਰ ਵੱਲ ਕਰ ਦਿੱਤੀ। ਬਲਬੀਰ ਕੌਰ ਨੇ ਹੱਥ ਨਾਲ ਰੋਕਦੇ ਹੋਏ ਕਿਹਾ, “ਠੀਕ ਹੈ ਜੋ ਲਿਖਿਆ ਜੇ, … …. . ਵੇਖੋ ਜੇ ਕੋਈ ਸ਼ਰਮ ਹਯਾ ਬਚੀ ਸੁ ਤੇ” ਤੇ ਪਤਾ ਨਹੀਂ ਆਪਣੇ ਆਪ ਵਿੱਚ ਕਿਧਰ ਗੁਆਚ ਗਈ। ਗੁਲਾਬ ਸਿੰਘ ਉਠਿਆ ਤੇ ਡਾਕਖਾਨੇ ਜਾ ਕੇ ਚਿੱਠੀ ਲਿਫਾਫੇ ਵਿੱਚ ਪਾ ਕੇ ਭੇਜ ਦਿੱਤੀ। ਘਰ ਪਹੁੰਚਦੇ ਹੀ ਉਸ ਨੇ ਅਮੋਲਕ ਸਿੰਘ ਨੂੰ ਟੈਲੀਫੋਨ ਮਿਲਾਇਆ ਤੇ ਆਖਿਆ, “ਭਾਈਆ ਜੀ! ਤੁਹਾਡੇ ਨਾਲ ਕੋਈ ਜ਼ਰੂਰੀ ਸਲਾਹ ਕਰਨੀ ਸੀ, ਥੋੜ੍ਹੀ ਦੇਰ ਲਈ ਘਰ ਆ ਸਕਦੇ ਹੋ?”
“ਕੀ ਗੱਲ ਹੈ ਗੁਲਾਬ ਸਿੰਘ, ਕੁੱਝ ਪ੍ਰੇਸ਼ਾਨ ਲੱਗ ਰਹੇ ਹੋ, ਸੁੱਖ ਹੈ?” ਅਮੋਲਕ ਸਿੰਘ ਨੇ ਗੁਲਾਬ ਸਿੰਘ ਦੇ ਬੋਲਾਂ `ਚੋਂ ਦਰਦ ਨੂੰ ਮਹਿਸੂਸ ਕਰਦੇ ਹੋਏ ਆਖਿਆ।
“ਬਸ ਠੀਕ ਹੈ, ਜਿਵੇਂ ਵਾਹਿਗੁਰੂ ਰੱਖੇ, ਬਾਕੀ ਤੁਸੀ ਆਵੋਗੇ ਤਾਂ ਗੱਲ ਕਰਾਂਗੇ”, ਕਹਿ ਕੇ ਗੁਲਾਬ ਸਿੰਘ ਨੇ ਟੈਲੀਫੋਨ ਰੱਖ ਦਿੱਤਾ। ਅਮੋਲਕ ਸਿੰਘ ਗੁਲਾਬ ਸਿੰਘ ਦੇ ਲਹਿਜ਼ੇ ਵਿੱਚੋਂ ਝਲਕ ਰਹੇ ਦੁੱਖ ਤੋਂ ਸਮਝ ਚੁੱਕਾ ਸੀ ਕਿ ਕੋਈ ਬਹੁਤ ਗੰਭੀਰ ਮਸਲਾ ਹੈ। ਉਸ ਨੇ ਹਰਨਾਮ ਕੌਰ ਨੂੰ ਆਖਿਆ, “ਨਾਮੀਏ! ਗੁਲਾਬ ਸਿੰਘ ਦਾ ਟੈਲੀਫੋਨ ਆਇਐ, ਜਾਪਦਾ ਕੋਈ ਖਾਸ ਗੱਲ ਹੈ ਛੇਤੀ ਨਾਲ ਤਿਆਰ ਹੋ ਜਾ, ਉਨ੍ਹਾਂ ਦੇ ਘਰ ਚਲਣੈ”, ਤੇ ਨਾਲ ਹੀ ਛੇਤੀ ਨਾਲ ਆਪ ਕਪੜੇ ਬਦਲਨੇ ਸ਼ੁਰੂ ਕਰ ਦਿੱਤੇ।
ਗੁਲਾਬ ਸਿੰਘ ਨੇ ਸਾਰੀ ਗੱਲ ਅਮੋਲਕ ਸਿੰਘ ਤੇ ਨਾਮੀ ਨੂੰ ਦੱਸੀ। ਵਿੱਚਾਰੀ ਬਲਬੀਰ ਕੌਰ ਤਾਂ ਕੋਲ ਬੈਠੀ ਡੁਸਕਦੀ ਹੀ ਰਹੀ। ਸੁਣ ਕੇ ਅਮੋਲਕ ਸਿੰਘ ਤੇ ਨਾਮੀ ਵੀ ਹੈਰਾਨ ਪ੍ਰੇਸ਼ਾਨ ਹੋ ਗਏ, ਉਨ੍ਹਾਂ ਕਦੇ ਸੋਚਿਆ ਵੀ ਨਹੀਂ ਸੀ ਕਿ ਉਨ੍ਹਾਂ ਦੇ ਪਰਿਵਾਰ ਵਿੱਚ ਵੀ ਐਸਾ ਦੁਖਦਾਈ ਕਾਂਡ ਵਾਪਰ ਸਕਦੈ। ਥੋੜ੍ਹੀ ਦੇਰ ਤਾਂ ਦੋਵੇਂ ਐਸੇ ਸਦਮੇਂ ਦੀ ਹਾਲਤ ਵਿੱਚ ਆਏ ਕਿ ਕਿਸੇ ਕੋਲੋਂ ਕੁੱਝ ਬੋਲਿਆ ਨਾ ਗਿਆ ਬਸ ਹਰਨਾਮ ਕੌਰ ਭਰਜਾਈ ਦੇ ਗੱਲ ਲੱਗ ਗਈ ਤੇ ਦੋਵੇਂ ਰੋਣ ਲਗੀਆਂ। ਥੋੜ੍ਹੀ ਦੇਰ ਬਾਅਦ ਅਮੋਲਕ ਸਿੰਘ ਨੇ ਆਪਣੇ ਆਪ ਨੂੰ ਸੰਭਾਲਿਆ ਤੇ ਦੋਹਾਂ ਨੂੰ ਚੁੱਪ ਕਰਾਉਂਦੇ ਹੋਏ ਬੋਲਿਆ, “ਗੁਲਾਬ ਸਿੰਘ ਜੋ ਤੂੰ ਕੀਤੈ ਬਿਲਕੁਲ ਠੀਕ ਹੈ, ਪਰ ਮੈਂ ਸੋਚਦਾ ਸੀ ਜੇ ਇੱਕ ਵਾਰੀ ਇਥੇ ਆ ਜਾਂਦਾ ਤਾਂ ਆਪਾਂ ਰੱਲ ਕੇ ਉਸ ਨੂੰ ਕੁੱਝ ਸਮਝਾਉਂਦੇ?”
“ਨਹੀਂ ਭਾਈਆ ਜੀ! ਮੇਰੇ ਕੋਲ ਹਿੰਮਤ ਨਹੀਂ ਉਸ ਦੀ ਇਸ ਤਰ੍ਹਾਂ ਸ਼ਕਲ ਵੇਖਣ ਦੀ … … ਇਸ ਤੋਂ ਪਹਿਲਾਂ ਤਾਂ ਵਾਹਿਗੁਰੂ ਮੈਨੂੰ ਆਪਣੇ ਕੋਲ ਸੱਦ ਲਵੇ …. . ।” ਗੁਲਾਬ ਸਿੰਘ ਦਾ ਗਲਾ ਫੇਰ ਭਰ ਆਇਆ ਤੇ ਸਿਸਕੀਆਂ ਸ਼ੁਰੂ ਹੋ ਗਈਆਂ। ਥੋੜੀ ਦੇਰ ਦੁੱਖ ਸਾਂਝਾ ਕਰ ਕੇ ਉਹ ਵਾਪਸ ਆ ਗਏ।
ਕੁੱਝ ਦਿਨ ਨਾ ਤਾਂ ਕੋਈ ਟੈਲੀਫੋਨ ਆਇਆ ਤੇ ਨਾ ਕੋਈ ਚਿੱਠੀ ਪੱਤਰ। ਬਸ ਦੋਵੇਂ ਜੀ ਹਰ ਦਿਨ ਅੰਦਰੋ ਅੰਦਰੀ ਇਸ ਦੁੱਖ ਨਾਲ ਗਲੀ ਜਾ ਰਹੇ ਸਨ ਪਰ ਆਪਸ ਵਿੱਚ ਵੀ ਇਸ ਬਾਰੇ ਗੱਲ ਕਰਨ ਤੋਂ ਕਤਰਾਉਂਦੇ ਸਨ, ਜਿਵੇਂ ਕੋਈ ਅਣਵੇਖਿਆ ਡਰ ਛਾਇਆ ਹੋਵੇ।
ਗੁਲਾਬ ਸਿੰਘ ਡਿਊਟੀ ਤੇ ਗਿਆ ਹੋਇਆ ਸੀ, ਬਲਬੀਰ ਕੌਰ ਨੇ ਦੁਪਹਿਰ ਦਾ ਕੰਮ ਨਿਬੇੜ ਕੇ ਰਸੋਈ ਸਾਂਭੀ ਤੇ ਲੱਕ ਸਿਧਾ ਕਰਨ ਲਈ ਲੰਮੀ ਪਈ ਹੀ ਸੀ ਕਿ ਦਰਵਾਜ਼ੇ ਦੀ ਘੰਟੀ ਵੱਜੀ। “ਕੌਣ ਹੋ ਸਕਦੈ ਇਸ ਵੇਲੇ?” ਉਹ ਆਪਣੇ ਆਪ ਵਿੱਚ ਬੁੜਬੁੜਾਈ। ਉਸ ਨੇ ਉਠ ਕੇ ਦਰਵਾਜ਼ਾ ਖੋਲਿਆ, ਸਾਹਮਣੇ ਹਰਭਜਨ ਖੜਾ ਸੀ, ਉਹੀ ਘੋਨਾ-ਮੋਨਾ। ਇੱਕ ਤਾਂ ਬਲਬੀਰ ਉਸ ਦੀ ਇਸ ਰੂਪ ਵਿੱਚ ਫੋਟੋ ਵੇਖ ਬੈਠੀ ਸੀ, ਉਂਝ ਵੀ ਮਾਂ ਪੁੱਤਰ ਨੂੰ ਨਾ ਪਛਾਣੇ? ਬਲਬੀਰ ਹੱਕੀ ਬੱਕੀ ਰਹਿ ਗਈ, ਉਸ ਨੂੰ ਜਾਪਿਆ ਉਹ ਚੱਕਰ ਖਾ ਕੇ ਡਿੱਗ ਪਵੇਗੀ। ਹਰਭਜਨ ਨੇ ਛੇਤੀ ਨਾਲ ‘ਮੰਮੀ ….’ ਕਹਿੰਦੇ ਹੋਏ ਨਿਊਂ ਕੇ ਮਾਂ ਨੂੰ ਜੱਫੀ ਪਾ ਲਈ। ਬਲਬੀਰ ਕੌਰ ਕੁੱਝ ਪੱਲ ਤਾਂ ਜਿਵੇਂ ਬੌਂਦਲ ਗਈ ਹੋਵੇ, ਉਸ ਨੂੰ ਕੁੱਝ ਸਮਝ ਨਹੀਂ ਸੀ ਪੈ ਰਿਹਾ, ਬਸ ਅੱਖਾਂ ਚੋਂ ਜ਼ਾਰ-ਜ਼ਾਰ ਅਥਰੂ ਵਗੀ ਜਾ ਰਹੇ ਸਨ। ਉਸ ਆਪਣੇ ਆਪ ਨੂੰ ਸੰਭਾਲਿਆ ਤੇ ਹਰਭਜਨ ਨੂੰ ਪਰ੍ਹੇ ਧਕਦੀ ਹੋਈ ਬੋਲੀ, “ਕੌਣ ਏ ਤੂੰ?”
“ਮੰਮੀ ਮੈਂ ਹਰਭਜਨ! ਤੇਰਾ ਹਰਭਜਨ”, ਉਹ ਸਿਧਾ ਹੁੰਦਾ ਹੋਇਆ ਬੋਲਿਆ।
“ਮੇਰਾ ਹਰਭਜਨ! ਉਹ ਤਾਂ ਕਦੋਂ ਦਾ ਮਰ ਗਿਐ, ਤੂੰ ਤਾਂ ਕੋਈ ਬਹੁਰੂਪੀਆ ਜਾਪਦੈਂ … … ਚਲ ਨਿਕਲ, ਬਾਹਰ ਨਿਕਲ” ਕਹਿ ਕੇ ਉਹ ਉਸ ਨੂੰ ਬਾਹਰ ਵੱਲ ਧਕਣ ਲਗ ਪਈ। ਭਾਵੇਂ ਅੱਖਾਂ `ਚੋਂ ਜ਼ਾਰ ਜ਼ਾਰ ਅਥਰੂ ਵਗੀ ਜਾ ਰਹੇ ਸਨ ਪਰ ਚਿਹਰਾ ਸੁਰਖ ਲਾਲ ਹੋਇਆ ਪਿਆ ਸੀ।
“ਨਹੀਂ ਮੰਮੀ! ਮੈਂ ਤੇਰਾ ਹਰਭਜਨ ਹੀ ਹਾਂ, ਤੂੰ ਜ਼ਰਾ ਵੇਖ ਤਾਂ ਸਹੀ … …, ਮੇਰੀ ਗੱਲ ਤਾਂ ਸੁਣ …. . ।” ਹਰਭਜਨ ਦੀਆਂ ਅੱਖਾਂ `ਚੋਂ ਵੀ ਅਥਰੂ ਕਿਰਨ ਲੱਗ ਪਏ ਸਨ, ਉਸ ਮਾਂ ਨੂੰ ਫੇਰ ਗਲਵੱਕੜੀ ਵਿੱਚ ਲੈਣ ਦੀ ਕੋਸ਼ਿਸ਼ ਕੀਤੀ ਪਰ ਬਲਬੀਰ ਉਸ ਨੂੰ ਲਗਾਤਾਰ ਬਾਹਰ ਵੱਲ ਧੱਕੀ ਜਾ ਰਹੀ ਸੀ।
“ਤੇਰੇ ਪਿਤਾ ਨੇ ਤੈਨੂੰ ਸਾਫ ਲਿਖ ਦਿੱਤਾ ਸੀ ਕਿ ਜੇ ਇਥੇ ਵਾਪਸ ਆਉਣਾ ਈ ਤਾਂ ਉਸੇ ਰੂਪ ਵਿੱਚ ਵਾਪਸ ਆਵੀਂ ਜਿਵੇਂ ਗਿਆ ਸੈਂ, ਨਹੀਂ ਤਾਂ ਸਮਝ ਲਵੀਂ ਤੂੰ ਸਾਡੇ ਵਾਸਤੇ ਮਰ ਗਿਆ ਤੇ ਅਸੀਂ ਤੇਰੇ ਵਾਸਤੇ। … …. . ਤੂੰ ਜੁੱਰਅਤ ਕਿਵੇਂ ਕੀਤੀ ਇਸ ਤਰ੍ਹਾਂ ਸਾਡੇ ਘਰ ਵਿੱਚ ਵੜਨ ਦੀ, ਮੇਰੇ ਸਾਹਮਣੇ ਆਉਣ ਦੀ?” ਬਲਬੀਰ ਨੇ ਉਸ ਨੂੰ ਧੱਕਾ ਮਾਰ ਕੇ ਬਾਹਰ ਕੱਢ ਦਿੱਤਾ ਤੇ ਅੰਦਰੋਂ ਕੁੰਡੀ ਲਾ ਲਈ। ਨਾਲ ਉਹ ਜ਼ਾਰ ਜ਼ਾਰ ਰੋਈ ਜਾ ਰਹੀ ਸੀ ਤੇ ਨਾਲ ਬੁੜਬੁੜਾਈ ਜਾ ਰਹੀ ਸੀ।
ਹਰਭਜਨ ਨੇ ਬਾਹਰੋਂ ਬਹੁਤ ਦਰਵਾਜ਼ਾ ਖੜਕਾਇਆ, ਬੜੇ ਹਾੜੇ ਕੱਢੇ ਕਿ ਮਾਂ ਇੱਕ ਵਾਰੀ ਮੇਰੀ ਗੱਲ ਤਾਂ ਸੁਣ ਲੈ ਪਰ ਬਲਬੀਰ ਕੌਰ ਉਥੇ ਹੀ ਅਡੋਲ ਖੜ੍ਹੀ ਰਹੀ। ਹਾਂ ਉਸ ਦੇ ਅਥਰੂ ਉਸ ਦੇ ਵੱਸ ਤੋਂ ਬਾਹਰ ਹੋ ਗਏ ਸਨ। ਬਾਹਰੋਂ ਹਰਭਜਨ ਦੀਆਂ ਸਿਸਕੀਆਂ ਦੀ ਅਵਾਜ਼ ਵੀ ਆ ਰਹੀ ਸੀ, ਉਸ ਨੂੰ ਮਹਿਸੂਸ ਹੋਇਆ ਕਿ ਕਿਤੇ ਹਰਭਜਨ ਦੀਆਂ ਸਿਸਕੀਆਂ ਉਸ ਦੀ ਕਮਜ਼ੋਰੀ ਨਾ ਬਣ ਜਾਣ। ਉਸ ਦਾ ਜੀਅ ਕੀਤਾ ਕਿ ਉਹ ਅੰਦਰ ਚਲੀ ਜਾਵੇ ਪਰ ਲੱਤਾਂ ਨੇ ਸਾਥ ਨਹੀਂ ਦਿੱਤਾ ਤੇ ਉਹ ਉਥੇ ਹੀ ਭੁੰਜੇ ਬੈਠ ਗਈ, ਜਿਵੇਂ ਢਹਿ ਪਈ ਹੋਵੇ। ਕੁੱਝ ਦੇਰ ਹਰਭਜਨ ਦੀ ਅਵਾਜ਼ ਆਉਂਦੀ ਰਹੀ, ਉਸ ਕਈ ਵਾਰ ਦਰਵਾਜ਼ਾ ਵੀ ਖੜਕਾਇਆ, ਕੁੱਝ ਤਰਲੇ ਵੀ ਕੀਤੇ ਤੇ ਫੇਰ ਅਵਾਜ਼ ਆਉਣੀ ਬੰਦ ਹੋ ਗਈ। ਸ਼ਾਇਦ ਉਹ ਕਿਧਰੇ ਚਲਾ ਗਿਆ ਸੀ। ਬਲਬੀਰ ਵਿੱਚ ਤਾਂ ਜਿਵੇਂ ਸਾਹ-ਸਤ ਹੀ ਮੁੱਕ ਗਿਆ ਸੀ, ਕਿਤਨੀ ਦੇਰ ਉਥੇ ਦਰਵਾਜ਼ੇ ਕੋਲ ਹੀ ਪਈ ਰਹੀ ਤੇ ਟਿਕਟਿਕੀ ਲਾਕੇ ਪਤਾ ਨਹੀਂ ਕਿਧਰ ਵੇਖਦੀ ਰਹੀ। ਉਸਦਾ ਦਿਮਾਗ਼ ਸੁੰਨ ਹੋਇਆ ਪਿਆ ਸੀ ਤੇ ਆਪਣੀ ਸੁੱਧ-ਬੁੱਧ ਹੀ ਕੋਈ ਨਹੀਂ ਸੀ।
ਉਸ ਨੂੰ ਆਪ ਵੀ ਪਤਾ ਨਹੀਂ ਸੀ ਕਿ ਉਹ ਕਿਤਨੀ ਦੇਰ ਇੰਝ ਹੀ ਬੇਸੁਰਤ ਪਈ ਰਹੀ। ਉਸ ਦੀ ਸੁਰਤ ਉਦੋਂ ਮੁੜੀ ਜਦੋਂ ਦਰਵਾਜ਼ਾ ਖੜਕਣ ਦੀ ਜ਼ੋਰ ਦੀ ਅਵਾਜ਼ ਆਈ। ਇੰਝ ਹੜਬੜਾ ਕੇ ਉਠੀ ਜਿਵੇਂ ਕਿਸੇ ਡੂੰਘੀ ਨੀਂਦ `ਚੋਂ ਜਾਗੀ ਹੋਵੇ ਤੇ ਇੱਕ ਦੱਮ ਉਸ ਦੇ ਮੂੰਹੋਂ ਨਿਕਲਿਆ, “ਕੌਣ ਏ?”
“ਮੈਂ ਹਾਂ ਬਲਬੀਰ! ਦਰਵਾਜ਼ਾ ਖੋਲ੍ਹ।” ਅਵਾਜ਼ ਗੁਲਾਬ ਸਿੰਘ ਦੀ ਸੀ। ਬਲਬੀਰ ਨੇ ਥੋੜਾ ਜਿਹਾ ਆਪਣੇ ਆਪ ਨੂੰ ਠੀਕ ਕਰਨ ਦੀ ਕੋਸ਼ਿਸ਼ ਕੀਤੀ ਤੇ ਦਰਵਾਜ਼ਾ ਖੋਲਿਆ। “ਕਿਥੇ ਸੈਂ, ਤਿੰਨ ਚਾਰ ਵਾਰੀ ਘੰਟੀ ਮਾਰੀ ਏ … …?”, ਅੰਦਰ ਵੜਦੇ ਹੋਏ ਗੁਲਾਬ ਸਿੰਘ ਨੇ ਕਿਹਾ ਤੇ ਜਿਉਂ ਹੀ ਉਸ ਦੀ ਨਜ਼ਰ ਬਲਬੀਰ ਤੇ ਪਈ ਉਹ ਹੱਕਾ ਬੱਕਾ ਰਹਿ ਗਿਆ, ਬਲਬੀਰ ਦਾ ਰੰਗ ਉਡਿਆ ਪਿਆ ਸੀ, ਅੱਖਾਂ ਸੁਜੀਆਂ ਹੋਈਆਂ ਸਨ ਤੇ ਉਹ ਬੌਂਦਲੀਆਂ ਜਿਹੀਆਂ ਅੱਖਾਂ ਨਾਲ ਪਤੀ ਵੱਲ ਵੇਖ ਰਹੀ ਸੀ। ਉਸ ਦੀ ਹਾਲਤ ਤੋਂ ਪਤਾ ਲੱਗ ਰਿਹਾ ਸੀ ਕਿ ਕੋਈ ਵੱਡੀ ਘਟਨਾ ਵਾਪਰੀ ਏ। ਪਤਨੀ ਦੀ ਇਹ ਹਾਲਤ ਵੇਖ ਕੇ ਗੁਲਾਬ ਸਿੰਘ ਵੀ ਘਬਰਾ ਗਿਆ ਤੇ ਬੋਲਿਆ, “ਕੀ ਹੋਇਐ, …. . ਬਲਬੀਰ, … ਸੁਖ ਏ?” ਬਲਬੀਰ ਨੇ ਕੋਈ ਜੁਆਬ ਨਾ ਦਿੱਤਾ, ਬਸ ਉਂਝ ਹੀ ਘਬਰਾਈ ਜਿਹੀ ਪਤੀ ਵੱਲ ਵੇਖਦੀ ਰਹੀ। ਗੁਲਾਬ ਸਿੰਘ ਨੇ ਅੱਗੇ ਵਧ ਕੇ ਪਤਨੀ ਨੂੰ ਸੰਭਾਲਿਆ। ਦਰਵਾਜ਼ਾ ਬੰਦ ਕੀਤਾ ਤੇ ਉਸ ਨੂੰ ਸਹਾਰਾ ਦੇ ਕੇ ਅੰਦਰ ਲੈ ਆਇਆ। ਉਸ ਨੂੰ ਬਿਠਾ ਕੇ ਰਸੋਈ ਵੱਲ ਗਿਆ ਤੇ ਪਾਣੀ ਦਾ ਗਲਾਸ ਲਿਆ ਕੇ ਬੋਲਿਆ, “ਲੈ ਘੁੱਟ ਭਰ ਲੈ।”
ਬਲਬੀਰ ਨੇ ਨਾ ਗਲਾਸ ਫੜਿਆ ਤੇ ਨਾ ਪਾਣੀ ਦਾ ਘੁੱਟ ਭਰਿਆ ਤੇ ਵੱਡਾ ਸਾਰਾ ਹੌਂਕਾ ਲੈ ਕੇ ਰੋਣ ਲੱਗ ਪਈ। ਗੁਲਾਬ ਨੇ ਫੇਰ ਪੁਚਕਾਰਿਆ, ਗਲੇ ਨਾਲ ਲਾ ਲਿਆ ਤੇ ਪਾਣੀ ਉਸ ਦੇ ਮੂੰਹ ਨੂੰ ਲਾਉਂਦਾ ਹੋਇਆ ਬੋਲਿਆ, “ਬਲਬੀਰ! ਹੌਂਸਲਾ ਕਰ …. ਦੱਸ ਤਾਂ ਸਹੀ ਹੋਇਆ ਕੀ ਏ? ਪਤੀ ਦੇ ਇਸ ਪਿਆਰ ਨੇ ਉਸ ਨੂੰ ਕੁੱਝ ਹੌਂਸਲਾ ਦਿੱਤਾ, ਉਸ ਬੋਲਣ ਦੀ ਕੋਸ਼ਿਸ਼ ਕੀਤੀ ਤੇ ਨਾਲ ਹੀ ਉਸ ਦੀ ਭੁੱਬ ਨਿਕਲ ਗਈ ਤੇ ਕੁਰਲਾਉਂਦੇ ਹੋਏ ਸ਼ਬਦ ਨਿਕਲੇ, “ਹਰਭਜਨ …. ਆਇਆ …. . ਸੀ …. . ।”
ਗੁਲਾਬ ਸਭ ਕੁੱਝ ਸਮਝ ਗਿਆ ਸੀ, ਥੋੜੀ ਦੇਰ ਤਾਂ ਉਹ ਵੀ ਸੁੰਨ ਹੋ ਗਿਆ ਤੇ ਕੁੱਝ ਨਾ ਬੋਲਿਆ, ਪਰ ਬਲਬੀਰ ਕੌਰ ਦੀ ਹਾਲਤ ਵੇਖ ਕੇ ਉਸ ਆਪਣੇ ਆਪ ਨੂੰ ਸੰਭਾਲਿਆ ਤੇ ਬੋਲਿਆ, “ਫੇਰ?”
ਬਲਬੀਰ ਨੇ ਰੋਂਦੇ ਰੋਂਦੇ ਸਾਰੀ ਗੱਲ ਦੱਸੀ। ਉਸ ਦੀ ਗੱਲ ਖਤਮ ਹੁੰਦੇ ਹੀ ਗੁਲਾਬ ਸਿੰਘ ਬੋਲਿਆ, “ਬਲਬੀਰ ਤੂੰ ਸਾਬ੍ਹਤ ਕਰ ਦਿੱਤੈ ਕਿ ਤੂੰ ਸੱਚਮੁੱਚ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਦੀ ਸਪੁੱਤਰੀ ਏਂ। ਤੂੰ ਜੋ ਕੀਤੈ ਬਿਲਕੁਲ ਠੀਕ ਕੀਤੈ ਪਰ ਹੁਣ ਇਤਨਾ ਦੁੱਖ, ਇਤਨੀ ਘਬਰਾਹਟ ਕਿਉਂ?”
ਬਲਬੀਰ ਕੁੱਝ ਨਾ ਬੋਲੀ ਤੇ ਬਿਟ-ਬਿਟ ਪਤੀ ਵੱਲ ਵੇਖਦੀ ਰਹੀ। ਹਾਲਾਂਕਿ ਉਸ ਨੂੰ ਆਪ ਨੂੰ ਵੀ ਬਹੁਤ ਵੱਡਾ ਧੱਕਾ ਲਗਾ ਸੀ ਅਤੇ ਉਸ ਦਾ ਮਨ ਵਿਰਲਾਪ ਕਰ ਰਿਹਾ ਸੀ ਪਰ ਉਸ ਮਹਿਸੂਸ ਕੀਤਾ ਕਿ ਉਸ ਦੀ ਥੋੜੀ ਜਿਹੀ ਕਮਜ਼ੋਰੀ ਬਲਬੀਰ ਨੂੰ ਵਧੇਰੇ ਨੁਕਸਾਨ ਪਹੁੰਚਾ ਸਕਦੀ ਹੈ, ਉਸ ਦੀ ਹਿੰਮਤ ਬਨ੍ਹਾਉਣੀ ਬਹੁਤ ਜ਼ਰੂਰੀ ਸੀ, ਗੁਲਾਬ ਫੇਰ ਬੋਲਿਆ, “ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਨੇ ਆਪਣੇ ਚਾਰੇ ਪੁੱਤਰ ਧਰਮ ਤੋਂ ਵਾਰ ਦਿੱਤੇ ਸਨ ਹਾਲਾਂਕਿ ਉਹ ਤਾਂ ਸਾਰੇ ਸਪੁੱਤਰ ਸਨ। ਮਾੜਾ ਜਿਹਾ ਵੀ ਦੁੱਖ ਨਹੀਂ ਕੀਤਾ ਤੇ ਅਕਾਲ-ਪੁਰਖ ਦਾ ਸ਼ੁਕਰਾਨਾ ਕੀਤਾ ਕਿ ਮਨੁੱਖਤਾ ਦੇ, ਧਰਮ ਦੇ ਕੰਮ ਆਏ ਹਨ। ਜੇ ਗੁਰੂ ਨਾਨਕ ਪਾਤਿਸ਼ਾਹ ਦੇ ਦੋਵੇਂ ਪੁੱਤਰ ਨਾਲਾਇਕ ਨਿਕਲੇ ਤਾਂ ਸਤਿਗੁਰੂ ਨੇ ਦੋਵਾਂ ਦਾ ਤਿਆਗ ਕਰ ਦਿੱਤਾ …. . ।”
ਇਤਨੇ ਨੂੰ ਟੈਲੀਫੋਨ ਦੀ ਘੰਟੀ ਵੱਜੀ, ਗੁਲਾਬ ਸਿੰਘ ਨੇ ਉਠ ਕੇ ਟੈਲੀਫੋਨ ਚੁੱਕਿਆ, ਦੂਸਰੇ ਪਾਸਿਓਂ ਅਮੋਲਕ ਸਿੰਘ ਦੀ ਅਵਾਜ਼ ਆਈ, ਫਤਹਿ ਬੁਲਾ ਕੇ ਉਸ ਆਖਿਆ, “ਗੁਲਾਬ ਸਿੰਘ! ਹਰਭਜਨ ਸਾਡੇ ਘਰ ਆਇਐ …. ।”
“ਭਾਈਆ ਜੀ! ਤੁਹਾਡੇ ਘਰ … ਪਰ ਤੁਸੀਂ ਉਸ ਨੂੰ ਅੰਦਰ ਕਿਉਂ ਵਾੜਿਐ?” ਗੁਲਾਬ ਸਿੰਘ ਨੇ ਹੈਰਾਨ ਹੁੰਦੇ ਹੋਏ ਕਿਹਾ।
“ਗੁਲਾਬ! ਮੈਂ ਤਾਂ ਦੁਕਾਨ ਤੇ ਹਾਂ, ਤੇਰੀ ਭੈਣ ਦਾ ਫੋਨ ਆਇਆ ਸੀ, ਮੈਂ ਹੀ ਉਸ ਨੂੰ ਬਿਠਾਉਣ ਲਈ ਆਖਿਐ। ਮੈਂ ਇੱਕ ਵਾਰੀ ਉਸ ਨੂੰ ਸਮਝਾਉਣਾ ਜ਼ਰੂਰ ਚਾਹੁੰਦਾਂ ਪਰ ਫਿਕਰ ਨਾ ਕਰ ਜੇ ਉਹ ਨਾ ਸਮਝਿਆ ਤਾਂ ਮੈਂ ਕੋਈ ਕਮਜ਼ੋਰੀ ਜਾਂ ਰਿਐਤ ਨਹੀਂ ਵਰਤਾਂਗਾ। ਬਸ ਮੈਂ ਘਰ ਲਈ ਨਿਕਲ ਰਿਹਾਂ, ਸੋਚਿਆ ਤੁਹਾਨੂੰ ਦਸ ਦਿਆਂ।”
“ਠੀਕ ਹੈ ਭਾਈਆ ਜੀ! ਕਰ ਲਓ ਕੋਸ਼ਿਸ਼ …. . ਪਰ ਜੇ ਉਸ ਸਮਝਣਾ ਹੁੰਦਾ ਤਾਂ ਸਾਡੀ ਚਿੱਠੀ ਤੋਂ ਹੀ ਸਮਝ ਜਾਂਦਾ …. ਪਰ ਵੇਖਿਆ ਜੇ, ਜੇ ਉਹ ਤੁਹਾਡੇ ਸਮਝਾਉਣ ਨਾਲ ਵੀ ਨਾ ਸਮਝੇ ਤਾਂ ਘਰ ਵਿੱਚ ਠਾਹਰ ਨਾ ਦੇਣਾ” ਗੁਲਾਬ ਸਿੰਘ ਦੇ ਲਫਜ਼ਾਂ ਵਿੱਚ ਪੂਰਨ ਦ੍ਰਿੜਤਾ ਸੀ। ਨਾਲ ਹੀ ਉਸ ਨੇ ਆਪਣੇ ਘਰ ਵਿੱਚ ਵਾਪਰੀ ਸਾਰੀ ਗੱਲ ਸੰਖੇਪ ਵਿੱਚ ਦਸ ਦਿੱਤੀ।
ਚਲਦਾ … … ….
(ਪਾਠਕਾਂ ਪ੍ਰਤੀ ਸਨਿਮਰ ਬੇਨਤੀ ਹੈ ਕਿ ਇਹ ਨਾਵਲ, ਸਿੱਖ ਕੌਮ ਉੱਤੇ ਵਾਪਰੇ, ਜੂਨ, 1984 ਅਤੇ ਨਵੰਬਰ, 1984 ਦੇ ਘੱਲੂਘਾਰਿਆਂ ਨਾਲ ਸਬੰਧਤ ਹੈ। ਇਸ ਵਿੱਚ ਦਿੱਤੇ ਜਾ ਰਹੇ ਇਤਿਹਾਸਕ ਪੱਖ ਬਿਲਕੁਲ ਸੱਚੇ ਹਨ ਅਤੇ ਇਹ ਨਾਵਲ ਉਸ ਸਮੇਂ ਦੀ ਸਿੱਖ ਮਾਨਸਿਕਤਾ ਨੂੰ ਉਜਾਗਰ ਕਰਦਾ ਹੈ। ਛਾਪਣ ਤੋਂ ਪਹਿਲਾਂ ਇਹ ਸੂਝਵਾਨ ਪਾਠਕਾਂ ਦੇ ਸਾਹਮਣੇ ਲੜੀਵਾਰ ਪੇਸ਼ ਕੀਤਾ ਜਾ ਰਿਹਾ ਹੈ। ਜੇ ਕਿਸੇ ਪਾਠਕ ਨੂੰ ਇਤਿਹਾਸਕ ਪੱਖੋਂ ਕੁੱਝ ਗਲਤ ਜਾਪੇ ਜਾਂ ਇਸ ਦੇ ਬਾਰੇ ਕੋਈ ਹੋਰ ਉਸਾਰੂ ਸੁਝਾ ਹੋਵੇ ਤਾਂ ਦਾਸ ਉਸ ਨੂੰ ਧੰਨਵਾਦ ਸਹਿਤ ਪ੍ਰਵਾਨ ਕਰੇਗਾ)
ਰਾਜਿੰਦਰ ਸਿੰਘ (ਮੁੱਖ ਸੇਵਾਦਾਰ)
ਸ਼੍ਰੋਮਣੀ ਖਾਲਸਾ ਪੰਚਾਇਤ
ਟੈਲੀਫੋਨ +91 98761 04726




.