ਸਲੋਕੁ ਮਃ ੩ ॥
ਸਾਹਿਬੁ ਮੇਰਾ ਸਦਾ ਹੈ ਦਿਸੈ ਸਬਦੁ ਕਮਾਇ ॥
ਓਹੁ ਅਉਹਾਣੀ ਕਦੇ ਨਾਹਿ ਨਾ ਆਵੈ ਨਾ ਜਾਇ ॥
ਸਦਾ ਸਦਾ ਸੋ ਸੇਵੀਐ ਜੋ ਸਭ ਮਹਿ ਰਹੈ ਸਮਾਇ ॥
ਅਵਰੁ ਦੂਜਾ ਕਿਉ ਸੇਵੀਐ ਜੰਮੈ ਤੈ ਮਰਿ ਜਾਇ ॥
ਨਿਹਫਲੁ ਤਿਨ ਕਾ ਜੀਵਿਆ ਜਿ ਖਸਮੁ ਨ ਜਾਣਹਿ ਆਪਣਾ ਅਵਰੀ ਕਉ ਚਿਤੁ ਲਾਇ ॥
ਨਾਨਕ ਏਵ ਨ ਜਾਪਈ ਕਰਤਾ ਕੇਤੀ ਦੇਇ ਸਜਾਇ ॥੧॥ {ਪੰਨਾ 509}
ਪਦਅਰਥ: ਅਉਹਾਣੀ-ਨਾਸ ਹੋਣ ਵਾਲਾ। ਨਿਹਫਲੁ-ਵਿਅਰਥ। ਚਿਤੁ
ਲਾਇ-ਚਿੱਤ ਲਾ ਕੇ। ਏਵ-ਇਸ ਤਰ੍ਹਾਂ (ਅੰਦਾਜ਼ੇ ਲਾਇਆਂ)। ਕੇਤੀ-ਕਿਤਨੀ।
ਅਰਥ: ਮੇਰਾ ਪ੍ਰਭੂ ਸਦਾ ਮੌਜੂਦ ਹੈ, ਪਰ 'ਸ਼ਬਦ' ਕਮਾਇਆਂ (ਅੱਖੀਂ)
ਦਿੱਸਦਾ ਹੈ, ਉਹ ਕਦੇ ਨਾਸ ਹੋਣ ਵਾਲਾ ਨਹੀਂ, ਨਾਹ ਜੰਮਦਾ ਹੈ, ਨਾਹ ਮਰਦਾ ਹੈ। ਉਹ ਪ੍ਰਭੂ ਸਭ
(ਜੀਵਾਂ) ਵਿਚ ਮੌਜੂਦ ਹੈ ਉਸ ਨੂੰ ਸਦਾ ਸਿਮਰਨਾ ਚਾਹੀਦਾ ਹੈ।
(ਭਲਾ) ਉਸ ਦੂਜੇ ਦੀ ਭਗਤੀ ਕਿਉਂ ਕਰੀਏ ਜੋ ਜੰਮਦਾ ਹੈ ਤੇ ਮਰ ਜਾਂਦਾ ਹੈ,
ਉਹਨਾਂ ਬੰਦਿਆਂ ਦਾ ਜੀਊਣਾ ਵਿਅਰਥ ਹੈ ਜੋ (ਪ੍ਰਭੂ ਨੂੰ ਛੱਡ ਕੇ) ਕਿਸੇ ਹੋਰ ਵਿਚ ਚਿੱਤ ਲਾ ਕੇ
ਆਪਣੇ ਖਸਮ-ਪ੍ਰਭੂ ਨੂੰ ਨਹੀਂ ਪਛਾਣਦੇ। ਅਜੇਹੇ ਬੰਦਿਆਂ ਨੂੰ, ਹੇ ਨਾਨਕ! ਕਰਤਾਰ ਕਿਤਨੀ ਕੁ ਸਜ਼ਾ
ਦੇਂਦਾ ਹੈ, ਇਹ ਗੱਲ ਇਸ ਤਰ੍ਹਾਂ (ਅੰਦਾਜ਼ੇ ਲਾਇਆਂ) ਨਹੀਂ ਪਤਾ ਲਗਦੀ।੧।
ਵੀਚਾਰ: ਗੁਰੂ ਨਾਨਕ ਸਾਹਿਬ ਦੀ ਤੀਸਰੀ ਜੋਤ ਗੁਰੂ ਅਮਰਦਾਸ ਜੀ ਉਸ ਅਕਾਲ ਪੁਰਖ ਪ੍ਰਮਾਤਮਾ
ਦੀ ਉਸਤਤ ਕਰਦੇ ਹੋਏ ਸਾਨੂੰ ਸਮਝਾ ਰਹੇ ਹਨ ਕਿ ਪ੍ਰਮਾਤਮਾ ਕਦੇ ਵੀ ਨਾਸ ਨਹੀਂ ਹੁੰਦਾ, ਉਹ
ਜੰਮਣ-ਮਰਨ ਦੇ ਚੱਕਰ ਤੋਂ ਰਹਿਤ ਹੈ, ਪ੍ਰਮਾਤਮਾ ਸਦਾ ਮੌਜੂਦ ਹੈ ਪਰ ਅਸੀਂ ਅੱਜ ਦੇ ਸਿੱਖ ਆਪਣੇ
ਗੁਰੂ ਦੀ ਗੱਲ ਨਹੀਂ ਸਮਝਦੇ ‘ਤੇ ਸਦਾਥਿਰ ਪ੍ਰਮਾਤਮਾ ਨੂੰ ਛੱਡ ਨਾਸਵਾਨ ਦੇਹਾਂ ਨੂੰ ਰੱਬ ਬਣਾ ਕੇ
ਪੂਜ ਰਹੇ ਹਾਂ, ਸਿੱਖੀ ਵਿੱਚ ਦੇਹਧਾਰੀ ਗੁਰੂਆਂ ਦਾ ਹੜ੍ਹ ਜਿਹਾ ਆ ਗਿਆ ਹੈ ‘ਤੇ ਡੇਰਿਆਂ ਦਾ ਜਾਲ
ਵਿਛ ਚੁੱਕਾ ਹੈ, ਸਿੱਖੀ ਸਿਧਾਂਤ ਇਸ ਜਾਲ ਵਿੱਚ ਉਲਝ ਗਿਆ ਹੈ। ਗੁਰੂ ਸਾਹਿਬ ਕਹਿੰਦੇ ਹਨ ਕਿ
‘ਪ੍ਰਮਾਤਮਾ ਸੰਸਾਰ ਵਿੱਚ ਇੱਕ ਮਿਠਾਸ ਵਾਂਗ ਮੌਜੂਦ ਹੈ, ਉਹ ਹਰ ਜੀਵ ਵਿੱਚ ਹੈ’ ਪਰ ਅਸੀਂ ਕਾਤਲ,
ਬਲਾਤਕਾਰੀ ਸਾਧਾਂ ਜਿੰਨ੍ਹਾਂ ਕਈ ਜ਼ਿੰਦਗੀਆਂ ਵਿੱਚ ਕੜਵਾਹਟ ਪੈਦਾ ਕਰ ਦਿੱਤੀ ਹੈ, ਨੂੰ
ਬ੍ਰਹਮਗਿਆਨੀ, ਸੰਤ ਆਦਿਕ ਵਿਸ਼ੇਸ਼ਣਾਂ ਨਾਲ ਬੁਲਾ ਗੁਰੂ ਸਾਹਿਬ ਦੇ ਸਿਧਾਂਤ ਤੋਂ ਦੂਰ ਹੋ ਰਹੇ ਹਾਂ।
ਗੁਰੂ ਜੀ ਕਹਿੰਦੇ ਹਨ ਕਿ ਸਦਾਥਿਰ ਪ੍ਰਮਾਤਮਾ ਸ਼ਬਦ ਨੂੰ ਕਮਾਉਣ ਨਾਲ, ਸਮਝਣ ਨਾਲ, ਵਿਚਾਰਨ ਨਾਲ ਅਤੇ
ਗੁਰੂ ਨਾਨਕ ਦੀ ਸਿੱਖਿਆ ਨੂੰ ਜੀਵਨ ਵਿੱਚ ਢਾਲਣ ਨਾਲ ਪ੍ਰਮਾਤਮਾ ਦਿਸਦਾ ਹੈ ਪਰ ਅਸੀਂ ਸਿਰਫ ਕਿਸੇ
ਵਿਹਲੜ ਸਾਧ ਦੀਆਂ ਕਹਾਣੀਆਂ ‘ਤੇ ਇਤਬਾਰ ਕਰ ਅਸਲ ਸ਼ਬਦ ਨੂੰ ਵੀਚਾਰਿਆ ਹੀ ਨਹੀਂ।
ਗੁਰੂ ਅਮਰਦਾਸ ਜੀ ਕਹਿੰਦੇ ਹਨ ਕਿ ‘ਜਿਹੜਾ ਜੰਮਦਾ ਹੈ ‘ਤੇ ਆਖਿਰ ਮਰ ਜਾਂਦਾ
ਹੈ, ਉਸ ਦੀ ਭਗਤੀ ਕਿਉਂ ਕਰੀਏ? ਜਿਹੜੇ ਲੋਕ ਪ੍ਰਮਾਤਮਾ ਨੂੰ ਛੱਡ ਕਿਸੇ ਹੋਰ ਨੂੰ ਪੂਜਦੇ ਹਨ ਉਹਨਾਂ
ਦਾ ਜੀਵਨ ਬੇਅਰਥ ਹੈ’ ਅਤੇ ਅਸੀਂ ਗੁਰੂ ਜੀ ਦੀ ਗੱਲ ਨੂੰ ਅਣਸੁਣੀ ਕਰ ਜੀਵਨ ਨੂੰ ਬੇਅਰਥ ਹੀ ਡੇਰਿਆਂ
ਦੇ ਚੱਕਰ ਕੱਢ ਗੁਆ ਰਹੇ ਹਾਂ, ਅਸੀਂ ਦੇਹ-ਪੂਜਕ ਹੋ ਗਏ ਹਾਂ। ਅੱਜ ਦੇ ਬਾਬੇ ਵੀ ਅਜਿਹੇ ਹਨ ਜੋ ਖੁਦ
ਸਿੱਖੀ ਸਿਧਾਂਤ ਤੋਂ ਬਹੁਤ ਦੂਰ ਐਸ਼-ਪ੍ਰਸਤੀ ਦਾ ਜੀਵਨ ਬਤੀਤ ਕਰ ਰਹੇ ਹਨ ‘ਤੇ ਸਿੱਖਾਂ ਨੂੰ ਵੀ
ਕਰਮਕਾਂਡ ਦੇ ਖਾਰੇ ਸਾਗਰ ਵਿੱਚ ਧੱਕ ਰਹੇ ਹਨ।
ਬੇਨਤੀ ਹੈ ਕਿ ਸਾਡੇ ਗੁਰੂ ਸਾਹਿਬਾਨ ਦੀ ਸਿੱਖਿਆ ਦਾ ਅਮੁੱਕ ਖਜ਼ਾਨਾ ਸਾਡੇ
ਕੋਲ ਸ਼ਬਦ ਗੁਰੂ, ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਮੌਜੂਦ ਹੈ, ਗੁਰੂ ਸਾਹਿਬਾਨ ਦੀ ਦਿੱਤੀ
ਸਿੱਖਿਆ ਨੂੰ ਜੀਵਨ ਵਿੱਚ ਅਪਣਾਈਏ ਅਤੇ ਇੱਕੋ-ਇੱਕ ਪ੍ਰਮਾਤਮਾ ਜੋ ਜੰਮਣ-ਮਰਨ ਤੋਂ ਰਹਿਤ, ਸਦਾ
ਮੌਜੂਦ ਹੈ ਨੂੰ ਪੂਜੀਏ ਨਾ ਕਿ ਕਿਸੇ ਨਾਸਵਾਨ ਦੇਹਧਾਰੀ ਨੂੰ ਰੱਬ ਬਣਾਈਏ। ਸ਼ਬਦ ਗੁਰੂ ਦੇ ਲੜ ਲੱਗ
ਸ਼ਬਦ ਨੂੰ ਵੀਚਾਰੀਏ ਅਤੇ ਦੇਹਧਾਰੀਆਂ ਦਾ ਖਹਿੜਾ ਛੱਡੀਏ। ਗੁਰੂ ਸਾਹਿਬਾਨ ਦੀ ਸਿੱਖਿਆ ‘ਤੇ ਚੱਲਾਂਗੇ
ਤਾਂ ਜੀਵਨ ਸਰਲ ਅਤੇ ਸੁੱਖਮਈ ਹੋਵੇਗਾ ਨਹੀਂ ਤਾਂ ਫਿਰ ਖੁਆਰ ਹੋਣਾ ਪਵੇਗਾ।