ਮੇਰੀ ਪਾਕਿਸਤਾਨ ਦੀ ਚੌਥੀ ਯਾਤਰਾ
ਗਿਆਨੀ ਸੰਤੋਖ ਸਿੰਘ ਅਸਟ੍ਰੇਲੀਆ
ਕੁਝ ਦਿਨਾਂ ਤੋਂ ਸੋਚ ਰਿਹਾ ਸਾਂ
ਕਿ ਇਸ ਵਾਰੀਂ ਅੰਮ੍ਰਿਤਸਰ ਦੀ ਫੇਰੀ ਸਮੇ ਪਾਕਿਸਤਾਨ ਦਾ ਚੌਥਾ ਚੱਕਰ ਵੀ ਲਾ ਹੀ ਆਵਾਂ ਤੇ ਉਹ ਵੀ
ਵੈਸਾਖੀ ਸਮੇ। ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿਖੇ ਦੁਨੀਆ ਭਰ ਤੋਂ ਸਿੱਖ ਆਏ ਹੋਏ ਹੋਣਗੇ। ਨਾਲੇ
ਤਾਂ ਉਹਨਾਂ ਦੇ ਦਰਸ਼ਨ ਹੋ ਜਾਣਗੇ ਤੇ ਨਾਲ਼ ਹੀ ਆਪਣੀਆਂ ਕਿਤਾਬਾਂ, ਪੰਜਾਬ ਅਤੇ ਸਿੱਖ ਸਾਹਿਤ ਵਿੱਚ
ਦਿਲਸਚਪੀ ਰੱਖਣ ਵਾਲ਼ੇ ਸੱਜਣਾਂ ਦੇ ਹੱਥਾਂ ਤੱਕ ਪੁਜਦੀਆਂ ਕਰ ਦਿਆਂਗਾ। ਇਸ ਤਰ੍ਹਾਂ ਬਿਨਾ ਡਾਕ ਖ਼ਰਚ
ਲਾਇਆਂ ਅਤੇ ਹੋਰ ਖੇਚਲ਼ ਦੇ, ਉਹਨਾਂ ਪਾਠਕਾਂ ਨੂੰ ਮਿਲ਼ ਜਾਣਗੀਆਂ।
ਵੈਸੇ ਤਾਂ ਮੇਰਾ ਵਿਚਾਰ ਜਨਵਰੀ ਦੇ ਅੰਤ ਜਾਂ ਫਰਵਰੀ ਦੇ ਆਰੰਭ ਵਿੱਚ ਜਾਣ ਦਾ ਸੀ ਪਰ ਆਸਟ੍ਰੇਲੀਆ
ਦੇ ਦੂਜੇ ਸ਼ਹਿਰਾਂ ਦੀ ਫੇਰੀ ਕਾਰਨ ਇਹ ਪ੍ਰੋਗਰਾਮ ਲਮਕਦਾ ਲਮਕਦਾ ਅਪ੍ਰੈਲ ਦੇ ਸ਼ੁਰੂ ਤੇ ਹੀ ਜਾ ਪਿਆ।
ਮੇਰੀ ਅੰਮ੍ਰਿਤਸਰ ਦੀ ਯਾਤਰਾ ਬਹੁਤੀ ਇਸ ਕਰਕੇ ਹੀ ਹੁੰਦੀ ਹੈ ਕਿ ਕੁੱਝ ਆਪਣੀ ਨਿਗਰਾਨੀ ਹੇਠ
ਕਿਤਾਬਾਂ ਛਪਵਾ ਲਵਾਂ ਤੇ ਕੁੱਝ ਬਾਕੀ ਬਚੇ ਸੱਜਣਾਂ ਮਿੱਤਰਾਂ ਨਾਲ਼ਾ ਮੇਲਾ ਗੇਲਾ ਵੀ ਹੋ ਜਾਵੇ। ਹੋਰ
ਤਾਂ ਮੈਨੂੰ ਓਥੇ ਕੋਈ ਕੰਮ ਨਹੀ ਹੁੰਦਾ। ਦਾਦੀ ਮਾਂ ਜੀ, ਬੀਬੀ ਜੀ, ਭਾਈਆ ਜੀ ਗੁਰੂ ਚਰਨਾਂ ਵਿੱਚ
ਜਾ ਬਿਰਾਜੇ ਹਨ ਤੇ ਉਹਨਾਂ ਦੀ ਪੀਹੜੀ ਵਿਚੋਂ ਸਿਰਫ ਇੱਕ ਭੂਆ ਜੀ ਹੀ ਆਪਣੇ ਪਰਵਾਰ ਸਮੇਤ, ਭਾਗੋਵਾਲ
ਪਿੰਡ ਵਿੱਚ ਵੱਸਦੇ ਹਨ। ਬਾਕੀ ਸੱਜਣਾਂ ਵਿਚੋਂ ਵੀ ਕੋਈ ਵਿਰਲਾ ਹੀ ਮਿਲਾਪ ਰੱਖਣ ਵਾਸਤੇ ਸਮਾ ਕਢ
ਸਕਣ ਵਾਲਾ ਰਹਿ ਗਿਆ ਹੈ।
ਸਾਨੂੰ ਆਸਟ੍ਰੇਲੀਆ ਦੇ ਵਾਸੀਆਂ ਨੂੰ ਵੀਜ਼ਾ ਏਥੋਂ ਹੀ ਲੈ ਕੇ ਜਾਣਾ ਪੈਂਦਾ ਹੈ। ਇੱਕ ਸੱਜਣ ਨੇ
ਦੱਸਿਆ ਸੀ ਕਿ ਦਿੱਲੀ ਤੋਂ ਸਾਨੂੰ ਵੀਜ਼ੇ ਤੋਂ ਨਾਂਹ ਹੋ ਜਾਂਦੀ ਹੈ ਇਹ ਆਖ ਕੇ ਕਿ ਤੁਸੀਂ
ਆਸਟ੍ਰੇਲ਼ੀਆ ਦੇ ਵਸਨੀਕ ਹੋ, ਓਥੋਂ ਹੀ ਵੀਜ਼ਾ ਲੈ ਕੇ ਆਓ, ਇਸ ਲਈ ਮੈ ਕਦੇ ਦਿੱਲੀ ਤੋਂ ਵੀਜ਼ਾ ਮੰਗਣ
ਕਦੀ ਗਿਆ ਹੀ ਨਹੀ।
ਸਦਾ ਦੀ ਤਰ੍ਹਾਂ ਸਿਡਨੀ ਸਥਿਤ ਪਾਕਿਸਤਾਨੀ ਕੌਂਸੂਲੇਟ ਪਾਸ ਵੀਜ਼ੇ ਲਈ ਅਪਲਾਈ ਕੀਤਾ। ਪਹਿਲਾਂ ਤਾਂ
ਤਿੰਨੇ ਵਾਰ ਸਾਰੇ ਪਾਕਿਸਤਾਨ ਦਾ ਵੀਜ਼ਾ ਲਾ ਦਿੰਦੇ ਸੀ ਪਰ ਇਸ ਵਾਰੀ ਸਿਰਫ ਚਾਰ ਜ਼ਿਲ੍ਹਿਆਂ ਵਿੱਚ ਜਾ
ਸਕਣ ਦੀ ਹੀ ਆਗਿਆ, ਪਾਸਪੋਰਟ ਉਪਰ ਹੱਥ ਨਾਲ਼ ਲਿਖ ਕੇ ਦਿਤੀ ਗਈ ਸੀ। ਓਥੇ ਜਾ ਕੇ ਪਤਾ ਲੱਗਾ ਕਿ
ਪਾਕਿਸਤਾਨ ਦੇ ਬਹੁਤ ਸਾਰੇ ਇਲਾਕਿਆਂ ਵਿੱਚ ਅਮਨ ਕਾਨੂੰਨ ਦੀ ਹਾਲਤ ਬਹੁਤੀ ਚੰਗੀ ਨਾ ਹੋਣ ਕਾਰਨ
ਸ਼ਾਇਦ ਇਹ ਪਾਬੰਦੀ ਲਾਈ ਗਈ ਹੋਵੇ ਤਾਂ ਕਿ ਮੈ ਕਿਤੇ ਖ਼ਤਰੇ ਵਾਲ਼ੇ ਥਾਂ ਨਾ ਜਾ ਸਕਾਂ। ਘਰੋਂ ਤੁਰਨ
ਤੋਂ ਪਹਿਲੀ ਰਾਤ ਨੂੰ ਨੂੰਹ, ਪੁੱਤ ਤੇ ਪੋਤਰਾ ਮਿਲਣ ਆਏ। ਗੱਲਾਂ ਗੱਲਾਂ ਵਿੱਚ ਜਦੋਂ ਉਹਨਾਂ ਨੂੰ
ਪਤਾ ਲੱਗਾ ਕਿ ਮੈਂ ਇਸ ਯਾਤਰਾ ਦੌਰਾਨ ਪਾਕਿਸਤਾਨ ਵੀ ਜਾ ਰਿਹਾ ਹਾਂ ਤਾਂ ਨੂੰਹ ਨੇ ਹੈਰਾਨੀ ਭਰੀ
ਟੋਨ ਵਿੱਚ ਆਖਿਆ, “ਪਾਪਾ, ਤੁਸੀਂ ਪਾਕਿਸਤਾਨ ਵੀ ਜਾਓਗੇ?” ਮੇਰਾ ਜਵਾਬ ਸੀ, “ਖ਼ਤਰੇਵਾਲ਼ੀ ਮਾੜੀ
ਘਟਨਾ ਤਾਂ ਕਿਤੇ ਵੀ ਵਾਪਰ ਸਕਦੀ ਹੈ। ਪਾਕਿਸਤਾਨ ਵਿੱਚ ਵੀ ਕਰੋੜਾਂ ਲੋਕ ਵੱਸਦੇ ਹੀ ਹਨ; ਸਾਰੇ ਤਾਂ
ਨਹੀ ਬੰਬਾਂ ਵਾਲ਼ੇ ਥਾਂ ਫਸ ਜਾਂਦੇ! ਵੈਸੇ ਦਿਨ ਮਾੜੇ ਹੋਣ ਤਾਂ ਊਠ ਤੇ ਬੈਠੀ ਨੂੰ ਵੀ ਕੁੱਤਾ ਵਢ
ਜਾਂਦਾ ਹੈ। ਤੁਹਾਡੀ ਮਾਤਾ ਨਹੀ ਦਿਨ ਦਿਹਾੜੇ ਅੰਮ੍ਰਿਤਸਰ ਵਿੱਚ ਪਰਸ ਖੁਹਾ ਬੈਠੀ! ਮਾੜੀ ਘਟਨਾ
ਕਿਸੇ ਨਾਲ਼, ਕਿਸੇ ਵੀ ਦੇਸ ਜਾਂ ਸ਼ਹਿਰ ਵਿੱਚ ਵਾਪਰ ਸਕਦੀ ਹੈ”
ਚਾਰ ਅਪ੍ਰੈਲ ਨੂੰ ਸਿਡਨੀ ਤੋਂ ਚਾਲੇ ਪਾਏ। ਹਾਂਗ ਕਾਂਗ ਤੋਂ ਨਾਲ਼ ਲਗਵੀਂ ਫਲਾਈਟ ਤੇ ਹੀ ਸੀਟ ਮਿਲ਼
ਜਾਣ ਕਰਕੇ ਮੈ ਪੰਜ ਨੂੰ ਹੀ ਦਿੱਲੀ ਤੇ ਦਿਲੀਉਂ ਬੱਸ ਰਾਹੀਂ ਜਲੰਧਰ ਤੇ ਅੱਗੋਂ ਰੋਡਵੇਜ਼ ਦੀ ਬੱਸ
ਰਾਹੀਂ ਅੰਮ੍ਰਿਤਸਰ ਬੱਸ ਅੱਡੇ ਤੇ ਜਾ ਉਤਰਿਆ ਤੇ ਓਥੋਂ ਥ੍ਰੀ ਵ੍ਹੀਲਰ ਰਾਹੀਂ ਭਰਾ ਦੇ ਘਰ ਜਾ ਮੂੰਹ
ਵਿਖਾਇਆ। ਪਿਛਲੀ ਵਾਰੀ ਵਾਂਗ ੩੬ ਘੰਟੇ ਹਾਂਗ ਕਾਂਗ ਏਅਰਪੋਰਟ ਤੇ ਨਹੀ ਰੁਕਣਾ ਪਿਆ।
ਅੰਮ੍ਰਿਤਸਰ ਜਾ ਕੇ ਪ੍ਰਕਾਸ਼ਕਾਂ ਨਾਲ਼ ਸੰਪਰਕ ਕਰਨ ਤੇ ਪਤਾ ਲੱਗਾ ਕਿ ਕੁੱਝ ਸੈਂਕੜੇ ਕਾਪੀਆਂ ਅਜੇ
ਮੇਰੀਆਂ ਪੁਰਾਣੀਆਂ ਕਿਤਾਬਾਂ ਦੀਆਂ ਹੀ ਉਹਨਾਂ ਕੋਲ਼ ਪਈਆਂ ਹੋਈਆਂ ਹਨ, ਇਸ ਲਈ ਹੋਰ ਐਡੀਸ਼ਨਾਂ ਅਜੇ
ਛਪਵਾਉਣ ਦੀ ਲੋੜ ਨਹੀ। ਪਹਿਲੀਆਂ ਐਡੀਸ਼ਨਾਂ ਦੀਆਂ ਹੀ ਅੱਸੀ ਕਾਪੀਆਂ ਮੈ ਆਪਣੇ ਨਾਲ਼ ਪਾਕਿਸਤਾਨ
ਲਿਜਾਣ ਲਈ ਚੁੱਕ ਲਈਆਂ ਤਾਂ ਕਿ ਵੈਸਾਖੀ ਦੇ ਪੁਰਬ ਸਮੇ ਦੂਰ ਦੁਰਾਡੇ ਦੇਸ਼ਾਂ ਤੋਂ ਆਏ ਪਾਠਕਾਂ ਨੂੰ
ਦਿਤੀਆਂ ਜਾ ਸਕਣ।
ਭਾਵੇਂ ਮੈ ਸੜਕ ਰਾਹੀਂ ਆਰਾਮ ਨਾਲ਼ ਪਾਕਿਸਤਾਨ ਜਾ ਸਕਦਾ ਸੀ ਪਰ ਤਜੱਰਬੇ ਵਜੋਂ ਇਸ ਵਾਰ ਜਥੇ ਨਾਲ਼
ਜਾਣ ਦਾ ਫੈਸਲਾ ਕਰ ਲਿਆ। ਜਥਾ ਤੁਰਨ ਸਮੇ ਮੈਂ ਸ਼੍ਰੋਮਣੀ ਕਮੇਟੀ ਦੇ ਦਫ਼ਤਰ, ਆਪਣੀਆਂ ਕਿਤਾਬਾਂ ਦਾ
ਬੰਡਲ ਧੂੰਹਦਾ ਚਲਿਆ ਗਿਆ ਪਰ ਓਥੇ ਕੁੱਝ ਪਤਾ ਨਾ ਲੱਗਾ ਕਿ ਰੇਲਵੇ ਸਟੇਸ਼ਨ ਨੂੰ ਕਮੇਟੀ ਦੀ ਬੱਸ
ਕਦੋਂ ਤੇ ਕਿਥੋਂ ਜਾਣੀ ਹੈ। ਆਗੂ ਲੋਕ ਫੋਟੋਆਂ ਖਿਚਵਾ ਰਹੇ ਸਨ। ਏਧਰ ਓਧਰ ਧਿਆਨ ਮਾਰਨ ਉਪ੍ਰੁੰਤ ਮੈ
ਕਿਤਾਬਾਂ ਦਾ ਬੰਡਲ ਧੂੰਹਦਾ ਦਰਬਾਰ ਸਾਹਿਬ ਕੰਪਲੈਕਸ ਤੋਂ ਬਾਹਰ ਆ ਗਿਆ। ਅੱਗੇ ਬਹੁਤ ਸਾਰੇ ਮੇਰੇ
ਵਰਗੇ ਯਾਤਰੂ ਟੈਕਸੀਆਂ, ਥ੍ਰੀ ਵ੍ਹੀਲਰਾਂ ਵਾਲ਼ਿਆਂ ਨਾਲ਼, ਸਟੇਸ਼ਨ ਜਾਂ ਅਟਾਰੀ ਜਾਣ ਵਾਸਤੇ ‘ਸੌਦੇ’
ਕਰ ਰਹੇ ਸਨ। ਮੈ ਵੇਖਿਆ ਅਕਾਲੀ ਜਿਹੇ ਦਿਸਦੇ ਕੁੱਝ ਮਲਵਈ ਸਿੰਘਾਂ ਨੇ ਇੱਕ ਥ੍ਰੀ ਵ੍ਹੀਲਰ ਅਟਾਰੀ
ਜਾਣ ਵਾਸਤੇ ਕੀਤਾ। ਪਰ ਸਵਾਰੀ ਪੰਜਾਹ ਰੁਪਏ ਵਿੱਚ ਸੌਦਾ ਹੋਇਆ। ਮੈ ਵੀ ਉਹਨਾਂ ਦੇ ਨਾਲ਼ ਸ਼ਾਮਲ ਹੋ
ਗਿਆ। ਅਟਾਰੀ ਪੁੱਜਣ ਤੇ ਇਕੋ ਜਥੇਦਾਰ ਟਾਈਪ ਸਿੰਘ ਨੇ ਸਾਰਿਆਂ ਦੇ ਪੈਸੇ ਦਿਤੇ। ਮੈ ਆਪਣਾ ਹਿੱਸਾ
ਪੰਜਾਹ ਰੁਪਏ ਦੇ ਰਿਹਾ ਪਰ ਉਸ ਚੰਗੇ ਸੱਜਣ ਨੇ ਨਾ ਲਿਆ।
ਟੈਂਪੂ ਦੇ ਬਾਕੀ ਸਵਾਰ ਸਾਰੇ ਤਾਂ ਪੈਸੇ ਵਟਾਉਣ ਵਾਲ਼ੇ ਥਾਂ ਨੂੰ ਰੁਕ ਕਰ ਗਏ ਪਰ ਮੈ ਸਿਧਾ ਹੀ
ਸਟੇਸ਼ਨ ਨੂੰ ਹੋ ਤੁਰਿਆ। ਓਥੇ ਜਾ ਕੇ ਵੇਖਿਆ ਕਿ ਗੱਡੀ ਤਾਂ ਦੂਜੇ ਪਾਸੇ ਦੇ ਪਲੇਟਫਾਰਮ ਤੋਂ ਚੱਲਣੀ
ਹੈ ਤੇ ਕਿਤਾਬਾਂ ਦਾ ਬੰਡਲ ਚੁੱਕ ਕੇ ਓਥੇ ਪਹੁੰਚਣਾ ਵੀ, ਭਵ ਸਾਗਰ ਤਰਨ ਦੇ ਨੇੜੇ ਤੇੜੇ ਪੁੱਜ
ਜਾਂਦਾ ਸੀ। ਮੈ ਉਰਲੇ ਪਾਸੇ ਖਲੋਤੇ ਜਵਾਨ ਸਿਪਾਹੀ ਨੂੰ ਆਖਿਆ, “ਕਰ ਹਿੰਮਤ; ਪੁਚਾ ਮੈਨੂੰ ਉਸ
ਪਾਸੇ। ਤੇਰੀ ਜਲ ਪਾਣੀ ਦੀ ਸੇਵਾ ਹੋ ਜਾਵੇਗੀ। “ਉਸ ਨੇ ਇੱਕ ਹੋਰ ਨੌਜਵਾਨ ਨੂੰ ਆਵਾਜ਼ ਮਾਰ ਕੇ ਮੇਰਾ
ਬੰਡਲ ਚੁਕਾ ਦਿਤਾ ਤੇ ਉਹ ਮੈਨੂੰ ਸਮੇਤ ਬੰਡਲ ਦੇ, ਦੂਜੇ ਪਾਸੇ ਵਾਲ਼ੇ ਪਲੇਟਫਾਰਮ ਤੇ ਛੱਡ ਗਿਆ। ਮੈਂ
ਉਸ ਨੂੰ ਮਗਰੋਂ ਆਵਾਜ਼ ਮਾਰਦਾ ਹੀ ਰਹਿ ਗਿਆ ਕਿ ਉਹ ਮੇਰੇ ਕੋਲ਼ੋਂ ‘ਸੇਵਾ’ ਲੈ ਜਾਵੇ ਪਰ ਉਹ ਨਾ
ਰੁਕਿਆ। ਅਟਾਰੀ ਤੋਂ ਏਧਰ ਦੇ ਇਮੀਗ੍ਰੇਸ਼ਨ ਦੀ ਕਾਰਵਾਈ ਪੂਰੀ ਕਰਕੇ ਹਿੰਦੁਸਤਾਨੀ ਗੱਡੀ ਉਪਰ ਬੈਠ ਕੇ
ਅਸੀਂ ਅਟਾਰੀ ਜਾ ਪੁੱਜੇ ਪਰ ਰਸਤੇ ਵਿੱਚ ਦੋਹਾਂ ਦੇਸਾਂ ਵਿਚਲੀ ਤਾਰਾਂ ਵਾਲ਼ੀ ਹੱਦ ਤੱਕ ਹਿੰਦੁਸਤਾਨੀ
ਘੋੜ ਸਵਾਰ ਸਿਪਾਹੀ ਗੱਡੀ ਦੇ ਨਾਲ਼ ਨਾਲ਼ ਦੋਹੀਂ ਪਾਸੀਂ ਭੱਜਦੇ ਰਹੇ ਤੇ ਤਾਰ ਵਾਲ਼ੀ ਹੱਦ ਤੋਂ
ਪਾਕਿਸਤਾਨੀ ਸਿਪਾਹੀਆਂ ਨੇ ਉਹਨਾਂ ਦੀ ਥਾਂ ਲੈ ਲਈ। ਇਸ ਤਰ੍ਹਾਂ ਸਾਨੂੰ ਸ਼ਖ਼ਤ ਪਹਿਰੇ ਹੇਠ ਅਟਾਰੀ ਦੇ
ਸਟੇਸ਼ਨ ਤੱਕ ਲਿਜਾਇਆ ਗਿਆ ਤੇ ਓਥੇ ਸਾਨੂੰ ਵਾਹਵਾ ਚਿਰ ਗੱਡੀ ਤੋਂ ਨਹੀ ਉਤਰਨ ਦਿਤਾ। ਪਲੇਟਫਾਰਮ ਤੇ
ਸ. ਮਨਜੀਤ ਸਿੰਘ ਕਰਤਾਰਪੁਰ ਵਾਲ਼ੇ ਵੀ, ਸਵਾਰੀਆਂ ਦੇ ਸਵਾਗਤ ਵਜੋਂ ਘੁੰਮ ਰਹੇ ਸਨ। ਮੈ ਉਹਨਾਂ ਨੂੰ
ਫ਼ਤਿਹ ਬੁਲਾਈ। ਜਵਾਬ ਤਾਂ ਉਹਨਾਂ ਨੇ ਪੂਰੇ ਸਤਿਕਾਰ ਨਾਲ਼ ਦਿਤਾ ਪਰ ਮੈ ਸਮਝ ਗਿਆ ਕਿ ਉਹਨਾਂ ਨੇ
ਮੈਨੂੰ ਪਛਾਣਿਆ ਨਹੀ। ਇਸ ਗੱਲ ਦੀ ਤਸੱਲੀ ਪੰਜਾ ਸਾਹਿਬ ਵਿਖੇ ਸਜੇ ਦੀਵਾਨ ਸਮੇ ਹੋਈ ਜਿਥੇ ਮਿਲਣ ਤੇ
ਪਛਾਣੇ ਜਾਣ ਕਰਕੇ ਉਹਨਾਂ ਨੇ ਬਣਦਾ ਢੁਕਵਾਂ ਮਾਣ ਕੀਤਾ। ਮੇਰੀ ਪਛਲੀ ੨੦੦੮ ਵਾਲ਼ੀ ਕਰਤਾਰ ਪੁਰ ਦੀ
ਯਾਤਰਾ ਸਮੇ ਉਹ ਮੈਨੂੰ ਮਿਲ਼ੇ ਸਨ। ਮੈਂ ਦੋ ਰਾਤਾਂ ਓਤੇ ਉਹਨਾਂ ਪਾਸ ਟਿਕਿਆ ਸਾਂ। ਓਥੋਂ ਉਹ ਲਾਹੌਰ
ਆਪਣੀ ਕਾਰ ਤੇ ਲੈ ਕੇ ਗਏ ਸਨ ਤੇ ਲੰਚ ਸਮੇ ਕੁੱਝ ਬਾਰਸੂਖ਼ ਸੱਜਣਾਂ ਨਾਲ਼ ਮੇਰੀ ਮੁਲਾਕਾਤ ਵੀ ਕਰਵਾਈ
ਸੀ। ਹਜਾਰਾਂ ਦੀ ਗਿਣਤੀ ਵਿੱਚ ਯਾਤਰੂ ਸਨ ਤੇ ਸਾਰਿਆਂ ਨੂੰ ਇੱਕ ਤੰਗ ਦਰਵਾਜੇ ਰਾਹੀਂ ਵੱਡੇ ਹਾਲ
ਵਿੱਚ ਵਾੜਿਆ ਜਾਂਦਾ ਸੀ ਜਿਥੇ ਪਾਕਿਸਤਾਨ ਵਾਲ਼ੇ ਪਾਸੇ ਇਮੀਗ੍ਰੇਸ਼ਨ ਤੇ ਕਸਟਮ ਦੀ ਕਾਰਵਾਈ ਪੂਰੀ
ਕੀਤੀ ਗਈ। ਓਥੇ ਮਾਰ ਏਨੀ ਗਾਹੜ ਮਾਹੜ ਕਿ ਮਾਵਾਂ ਪੁੱਤ ਨਾ ਸੰਭਾਲਣ। ਕੋਈ ਲਾਈਨ ਨਹੀ; ਕੋਈ ਡਸਿਪਲਨ
ਨਹੀ। ਸਭ ਇੱਕ ਦੂਜੇ ਦੇ ਉਤੋਂ ਦੀ ਕਾਹਲ ਵਿੱਚ ਆਪਣਾ ਹੀ ਉਲੂ ਸਿਧਾ ਕਰਨ ਦੀ ਫਿਕਰ ਵਿਚ। ਜੇਹੜਾ
ਮੇਰੇ ਵਰਗਾ ਬਾਹਰ ਦਾ ਗਿਝਿਆ ਹੋਇਆ ਕਿਸੇ ‘ਲਾਈਨ’ ਦੇ ਆਸਰੇ ਰੁਕ ਗਿਆ, ਉਹ ਬੈਠਾ ਵਾੜ ਵਿੱਚ ਫਸੇ
ਬਿੱਲੇ ਵਾਂਗ ਝਾਕਦਾ ਰਿਹਾ ਤੇ ਉਸ ਦੀਆਂ ਹੈਰਾਨੀ ਭਰੀਆਂ ਅੱਖਾਂ ਦੇ ਸਾਹਮਣੇ ਹੀ ‘ਹਿੰਮਤ’ ਵਾਲ਼ੇ ਹਰ
ਪਾਸੇ ਅੱਗੇ ਲੰਘਦੇ ਗਏ।
ਮੈ ਤਾਂ ਲਾਈਨ ਵਿੱਚ ਹੀ ਲੱਗਾ ਖਲੋਤਾ ਰਿਹਾ। ਲੋਕੀਂ ਆਉਣ ਤੇ ਆਰਾਮ ਨਾਲ ਸਿਰਾਂ ਤੇ ਸਾਮਾਨ ਦੀਆਂ
ਪੰਡਾਂ ਚੁੱਕੀ ਬੜੇ ਭਰੋਸੇ ਨਾਲ਼ ਅੱਗੇ ਤੋਂ ਅੱਗੇ ਤੁਰੀ ਜਾਣ। ਮੈ ਸਮਝਾਂ ਕਿ ਇਹ ਲੋਕ ਗ਼ਲਤੀ ਕਰ ਰਹੇ
ਹਨ। ਅੱਗੋਂ ਪੁਲਿਸ ਵਾਲ਼ੇ ਇਹਨਾਂ ਨੂੰ ਲਾਈਨ ਵਿੱਚ ਲੱਗਣ ਲਈ ਪਿੱਛੇ ਮੋੜ ਦੇਣਗੇ ਪਰ ਇਹ ਕੁੱਝ ਨਾ
ਵਾਪਰਿਆ। ਮੇਰੀ ਚੰਗੀ ਕਿਸਮਤ ਨੂੰ ਸ਼੍ਰੋਮਣੀ ਕਮੇਟੀ ਦੇ ਸਾਬਕ ਚੀਫ਼ ਇੰਸਪੈਕਟਰ ਸ. ਕਸ਼ਮੀਰ ਸਿੰਘ
ਪੱਟੀ ਨੇ ਮੈਨੂੰ ਵੇਖ ਲਿਆ। ਇਹ ਚੰਗੇ ਸੱਜਣ ਚਿਰ ਤੋਂ ਸਾਡੇ ਪਰਵਾਰਕ ਮਿੱਤਰ ਹਨ। ਇਹਨਾਂ ਨੇ
ਮੇਰੀਆਂ ਕੁੱਲ ਸਮੱਸਿਆਵਾਂ ਹੱਲ ਕਰ ਦਿਤੀਆਂ। ਏਥੋਂ ਹੀ ਪਾਕਿਸਤਾਨ ਦੀ ਯਾਤਰਾ ਵਾਲੀ ਗੱਡੀ ਦੀਆਂ
ਟਿਕਟਾਂ ਖ਼੍ਰੀਦਣੀਆਂ ਸਨ। ਇਸ ਟਿਕਟ ਉਪਰ ਹੀ ਵਾਹਗੇ ਤੋਂ ਲੈ ਕੇ ਪੰਜਾ ਸਾਹਿਬ, ਨਨਕਾਣਾ ਸਾਹਿਬ,
ਲਾਹੌਰ ਤੇ ਮੁੜ ਵਾਹਗੇ ਤੱਕ ਦੀ ਇਕੱਠੀ ਟਿਕਟ ਹੁੰਦੀ ਹੈ। ਇਸ ਵਿੱਚ ਹੀ ਸਾਰੀ ਯਾਤਰਾ ਕਰਨੀ ਹੁੰਦੀ
ਹੈ। ਏਥੇ ਹੀ ਪੰਜਾ ਸਾਹਿਬ ਵਿਖੇ ਰਿਹਾਇਸ਼ ਦੌਰਾਨ ਕਮਰਿਆਂ ਦੀ ਵੰਡ ਹੁੰਦੀ ਸੀ। ਦਸ ਜਣਿਆਂ ਨੂੰ ਇੱਕ
ਕਮਰੇ ਦੀ ਚਾਬੀ ਪ੍ਰਬੰਧਕ ਦੇ ਰਹੇ ਸਨ। ਸ. ਕਸ਼ਮੀਰ ਸਿੰਘ ਜੀ ਦੇ ਜਥੇ ਦੇ ਕੁੱਲ ਛੇ ਮੈਂਬਰ ਸਨ ਪਰ
ਆਪਣੇ ਰਸੂਖ਼ ਨਾਲ਼ ਉਹ ਇੱਕ ਕਮਰੇ ਦੀ ਚਾਬੀ ਲੈਣ ਵਿੱਚ ਸਫ਼ਲ ਹੋ ਗਏ। ਬਾਅਦ ਵਿੱਚ ਮੈਂ ਵੀ ਉਹਨਾਂ ਨਾਲ਼
ਸ਼ਾਮਲ ਹੋ ਕੇ ਅਸੀਂ ਸਾਰੇ ਜਣੇ ਸੱਤ ਹੋ ਗਏ। ਟਿਕਟ ਆਦਿ ਖ਼ਰੀਦਣ ਵਰਗੇ ਸਾਰੇ ਕਾਰਜ ਮੇਰੇ ਵਾਸਤੇ ਵੀ
ਸ. ਕਸ਼ਮੀਰ ਸਿੰਘ ਨੇ ਹੀ ਕਰ ਲਏ। ਉਹਨਾਂ ਦੇ ਜਥੇ ਵਿੱਚ ਉਹਨਾਂ ਦੀ ਸਿੰਘਣੀ, ਸਿੰਘਣੀ ਦੇ ਭਰਾ ਸ.
ਹਰਪਾਲ ਸਿੰਘ, ਸ੍ਰੀ ਦਰਬਾਰ ਸਾਹਿਬ ਦੇ ਸਾਬਕ ਮੈਨੇਜਰ ਸ. ਬਲਬੀਰ ਸਿੰਘ ਦੀ ਸਿੰਘਣੀ, ਇੱਕ
ਸੇਵਾਦਾਰਨੀ ਬੀਬੀ ਅਤੇ ਇੱਕ ਪੋਲੀਸ ਅਫ਼ਸਰ ਦੀ ਸਿੰਘਣੀ ਅਤੇ ਫਿਰ ਸੱਤਵਾਂ ਮੈ ਨਾਲ਼ ਰਲ਼ ਗਿਆ।
ਸਾਨੂੰ ਪਹਿਲੀ ਗੱਡੀ ਵਿੱਚ ਹੀ ਸੀਟਾਂ ਦੇ ਨੰਬਰ ਮਿਲ਼ ਗਏ ਅਤੇ ਅਸੀਂ ਆਪੋ ਆਪਣੀਆਂ ਸੀਟਾਂ ਉਪਰ ਜਾ
ਸਜੇ। ਬੀਬੀਆਂ ਨੇ ਅੰਮ੍ਰਿਤਸਰੋਂ ਹੀ ਛਕਣ ਦਾ ਸਾਮਾਨ ਨਾਲ਼ ਲਿਆਂਦਾ ਹੋਇਆ ਸੀ; ਉਸ ਵਿਚੋਂ ਮੈਨੂੰ ਵੀ
ਸੱਬਰਕੱਤਾ ਗੱਫਾ ਮਿਲ਼ ਗਿਆ। ਸਮੇ ਸਿਰ ਗੱਡੀ ਤੁਰ ਪਈ। ਪੁਲਸ ਦਾ ਸਖ਼ਤ ਪਹਿਰਾ ਗੱਡੀ ਦੇ ਨਾਲ ਸੀ।
ਲਾਹੌਰ ਸਟੇਸ਼ਨ ਉਪਰ ਗੱਡੀ ਤਾਂ ਰੁਕੀ ਪਰ ਸਾਨੂੰ ਪਲੇਟਫਾਰਮ ਉਪਰ ਉਤਰਨ ਦਾ ਹੁਕਮ ਨਹੀ ਸੀ।
ਅੱਧੀ ਕੁ ਰਾਤ ਤੋਂ ਕੁੱਝ ਸਮਾ ਪਹਿਲਾਂ ਗੱਡੀ ਸਾਨੂੰ ਹਸਲ ਅਬਦਾਲ ਦੇ ਸਟੇਸ਼ਨ ਤੇ ਲੈ ਗਈ। ਓਥੋਂ
ਬੱਸਾਂ ਰਾਹੀਂ ਸਾਨੂੰ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਲੈ ਗਏ। ਗੁਰਦੁਆਰਾ ਸਾਹਿਬ ਦੇ ਅੰਦਰ ਦਾਖਲ
ਹੋਣ ਲਈ ਸੈਕਿਉਰਟੀ ਚੈਕ ਹੁੰਦੀ ਸੀ। ਓਥੇ ਬਹੁਤ ਭੀੜ ਅਤੇ ਗਾਹੜ ਮਾਹੜ ਹੋਣ ਕਰਕੇ, ਇੱਕ ਦੂਜੇ ਨੂੰ
ਧੱਕੇ ਵੱਜ ਰਹੇ ਸਨ। ਮੈ ਆਪਣੇ ਸਾਥੀਆਂ ਨਾਲ਼ੋਂ ਭੀੜ ਵਿੱਚ ਬਹੁਤ ਅੱਗੇ ਸਾਂ ਪਰ ਗੁਰਦੁਆਰਾ ਸਾਹਿਬ
ਦੇ ਅੰਦਰ ਦਾਖਲ ਹੋਣ ਸਮੇ ਬਾਕੀ ਦੇ ਸਾਥੀ ਧੱਕਮ ਧੱਕੇ ਵਿੱਚ ਮੇਰੇ ਨਾਲ਼ੋਂ ਵਾਹਵਾ ਦੂਰੀ ਬਣਾ ਗਏ
ਅਤੇ ਮੈ ਉਹਨਾਂ ਤੋਂ ਪਿੱਛੇ ਰਹਿ ਗਿਆ। ਕਮਰੇ ਦੀ ਚਾਬੀ ਉਹਨਾਂ ਪਾਸ ਸੀ ਤੇ ਮੈਂ ਕਮਰੇ ਦਾ ਨੰਬਰ ਵੀ
ਨਾ ਲਿਆ। ਗੁਰਦੁਆਰਾ ਸਾਹਿਬ ਦੇ ਅੰਦਰ, ਹੋਰ ਸੱਜਣਾਂ ਨਾਲ਼ ਮੈ ਵੀ ਕੇਅਰ ਟੇਕਰ ਦੇ ਦਫ਼ਤਰ ਵਿੱਚ ਜਾ
ਵੜਿਆ। ਉਸ ਨੇ ਆਖਿਆ ਕਿ ਜਿਨ੍ਹਾਂ ਪਾਸ ਕਮਰੇ ਦੀ ਚਾਬੀ ਨਹੀ ਉਹ ਉਸ ਦੇ ਪਿਛੇ ਚਲੇ ਜਾਣ; ਉਹ
ਪ੍ਰਬੰਧ ਕਰੇਗਾ। ਉਹ ਸਾਨੂੰ ਸਾਰਿਆਂ ਨੂੰ ਘੇਰ ਕੇ ਗੁਰਦੁਆਰਾ ਸਾਹਿਬ ਦੇ ਥੱਲੇ ਬੇਸਮੈਂਟ ਵਿੱਚ ਲੈ
ਗਿਆ। ਮੇਰੇ ਜਾਣ ਸਮੇ ਸਾਰਾ ਬੇਸਮੈਂਟ ਵੀ ਰੁਕ ਚੁੱਕਾ ਸੀ। ਅਖੀਰ ਤੇ ਇੱਕ ਨੁੱਕਰ ਵਿੱਚ ਥੋਹੜੀ
ਜਿਹੀ ਥਾਂ ਖਾਲੀ ਵੇਖ ਕੇ ਅਸੀਂ ਤਿੰਨ ‘ਸਿਆਣੇ’ ਜਣਿਆਂ ਨੇ ਆਪਣਾ ਟਿੰਡ ਫਹੁੜੀ ਟਿਕਾ ਲਿਆ। ਦੂਜੇ
ਦੋਵੇਂ ਸੱਜਣ ਕਿਸੇ ਕਾਰਨ ਬਾਹਰ ਉਪਰ ਜਾਣਾ ਚਾਹੁੰਦੇ ਸਨ। ਮੈ ਆਖਿਆ ਕਿ ਉਹ ਜਾ ਆਉਣ ਮੈ ਉਹਨਾਂ ਦੇ
ਸਾਮਾਨ ਅਤੇ ਸਥਾਨ ਦਾ ਧਿਆਨ ਰੱਖਾਂਗਾ। ਕੁੱਝ ਸਮੇ ਬਾਅਦ ਉਹ ਆ ਗਏ ਤੇ ਮੈ ਵੀ ਇਸ ਖਿਆਲ ਨਾਲ਼ ਬਾਹਰ
ਗਿਆ ਕਿ ਸ਼ਾਇਦ ਸ. ਕਸ਼ਮੀਰ ਸਿੰਘ ਹੋਰਾਂ ਵਿਚੋਂ ਕੋਈ ਮੈਨੂੰ ਲਭਦਾ ਫਿਰਦਾ ਮਿਲ਼ ਜਾਵੇ ਪਰ ਕੋਈ ਨਾ
ਮਿਲ਼ਿਆ। ਮੈ ਜਦੋਂ ਵਾਪਸ ਆਇਆ ਤਾਂ ਉਹ ਦੋਵੇਂ ਸਿਆਣੇ ਸੱਜਣ ਇਸ ਤਰੀਕੇ ਨਾਲ਼ ਸੌਂ ਗਏ ਕਿ ਮੇਰੇ ਲਈ
ਥਾਂ ਨਾ ਬਚਿਆ। ਜੇਕਰ ਉਹ ਦੂਜੇ ਪਾਸੇ ਨੂੰ ਆਪਣੇ ਚਰਨ ਕਰਕੇ ਪੈਂਦੇ ਤਾਂ ਮੇਰੇ ਲਈ ਥਾਂ ਬਚ ਸਕਦਾ
ਸੀ। ਮੈ ਕੁੱਝ ਸਮਾ ਇੱਕ ਥੜ੍ਹੇ ਉਪਰ ਬੈਠ ਕੇ ਕੱਟ ਲਏ ਤੇ ਫਿਰ ਜਦੋਂ ਵੇਖਿਆ ਕਿ ਦੋ ਵੱਜ ਗਏ ਹਨ
ਤਾਂ ਮੈ ਬਾਹਰ ਜਾ ਕੇ ਇੱਕ ਨਲ਼ਕੇ ਦੀ ਟੂਟੀ ਖੋਹਲ ਕੇ ਪਿੰਡਾਂ ਗਿੱਲਾ ਕਰਨ ਦਾ ਯਤਨ ਕੀਤਾ ਪਰ ਜਦੋਂ
ਠੰਡਾ ਪਾਣੀ ਮੇਰੇ ਪਿੰਡੇ ਤੇ ਪਿਆ ਤਾਂ ਮੇਰਾ ਉਤਲਾ ਸਾਹ ਉਤੇ ਤੇ ਥੱਲੇ ਦਾ ਥੱਲੇ ਰਹਿ ਗਿਆ। ਕਿਸੇ
ਤਰ੍ਹਾਂ ਬਚ ਬਚਾ ਹੋ ਗਿਆ ਤੇ ਮੈ ਕੱਪੜੇ ਪਾ ਕੇ ਪ੍ਰਕਰਮਾਂ ਵਿੱਚ ਵਿਚਰਦਿਆਂ ਨਿੱਤਨੇਮ ਵੀ ਕਰ ਲਿਆ।
ਹੌਲ਼ੀ ਹੌਲ਼ੀ ਗੁਰਦੁਆਰਾ ਵੀ ਖੁਲ੍ਹ ਗਿਆ ਤੇ ਸੁਖਮਨੀ ਸਾਹਿਬ ਦੇ ਪਾਠ ਉਪ੍ਰੰਤ ਆਸਾ ਦੀ ਵਾਰ ਦਾ
ਕੀਰਤਨ ਹੋਣਾ ਸੀ। ਮੈ ਗ੍ਰੰਥੀ ਸਿੰਘ ਨੂੰ ਆਪਣੇ ਕੀਰਤਨ ਕਰਨ ਦੀ ਇੱਛਾ ਪਰਗਟ ਕੀਤੀ ਤਾਂ ਉਹਨਾਂ ਨੇ
ਬੜੇ ਵਿਸ਼ਾਲ ਹਿਰਦੇ ਨਾਲ਼ ਇਸ ਦੀ ਆਗਿਆ ਦੇ ਦਿਤੀ। ਰਾਗੀ ਸਿੰਘ ਨੇ ਆਖਿਆ ਕਿ ਪਹਿਲੀ ਅਧੀ ਆਸਾ ਦੀ
ਵਾਰ ਉਹਨਾਂ ਨੂੰ ਕਰ ਲੈਣ ਦਿਤੀ ਜਾਵੇ। ਮੈ ਖ਼ੁਸ਼ੀ ਨਾਲ ਇਹ ਮੰਨ ਲਿਆ। ਸੋ ਦੂਜਾ ਅੱਧ ਆਸਾ ਦੀ ਵਾਰ
ਦਾ ਕੀਰਤਨ ਮੈਂ ਕੀਤਾ। ਕੀਰਤਨ ਸਮੇ ਜੋੜੀ ਉਪਰ, ਸਿਡਨੀ ਵਾਸੀ ਸ. ਹਰਮੋਹਨ ਸਿੰਘ ਵਾਲੀਆ ਨੇ ਬੜੇ
ਉਤਸ਼ਾਹ ਸਹਿਤ ਸਾਥ ਦਿਤਾ। ਗ੍ਰੰਥੀ ਸਿੰਘ ਜੀ ਦੇ ਹੱਥੋਂ ਸਾਨੂੰ ਦੋਹਾਂ ਨੂੰ ਸਿਰੋਪੇ ਦੀ ਬਖ਼ਸ਼ਿਸ਼
ਹੋਈ।
ਦਿਨ ਚੜ੍ਹੇ ਤੇ ਸ. ਕਸ਼ਮੀਰ ਸਿੰਘ ਹੋਰਾਂ ਵੀ ਮੈਨੂੰ ਲਭ ਲਿਆ। ਉਹਨਾਂ ਨੇ ਦੱਸਿਆ ਕਿ ਉਹ ਰਾਤ
ਪ੍ਰਕਰਮਾਂ ਵਿੱਚ ਮੈਨੂੰ ਲਭਦੇ ਰਹੇ ਪਰ ਮੈ ਉਹਨਾਂ ਦੇ ਹੱਥ ਨਾ ਆਇਆ।
ਏਥੇ ਅਸੀਂ ਤਿੰਨ ਰਾਤਾਂ ਰਹੇ। ਵੈਸਾਖੀ ਦੇ ਉਤਸ਼ਵ ਨੂੰ ਉਤਸ਼ਾਹ ਸਹਿਤ ਮਾਣਿਆ। ਪਾਕਿਸਤਾਨ ਦੀਆਂ
ਸੰਗਤਾਂ ਵੱਲੋਂ ਬਹੁਤ ਹੀ ਸ਼ਾਨਦਾਰ ਲੰਗਰ ਦਾ ਪ੍ਰਬੰਧ ਸੀ। ਕਈ ਪ੍ਰਕਾਰ ਦੇ ਭੋਜਨ ਮਿੱਠੇ, ਸਲੂਣੇ
ਆਦਿ ਦਾ ਅਤੁੱਟ ਲੰਗਰ ਤਿੰਨੇ ਦਿਨ ਵਰਤਿਆ। ਸੰਗਤ ਨੇ ਲੰਗਰ ਛਕਣ ਦੇ ਸਮੇ ਵੀ ਭੀੜ ਭੜੱਕਾ ਪਾਈ
ਰੱਖਿਆ। ਕੋਈ ਲਾਈਨ ਨਹੀ, ਕੋਈ ਤਰਤੀਬ ਨਹੀ, ਪਰ ਸ਼ਾਬਾਸ਼ ਸੇਵਾਦਾਰਾਂ ਦੇ ਤਹੱਮਲ ਦੇ, ਕਿਸੇ ਨੇ ਮੱਥੇ
ਵੱਟ ਨਹੀ ਪਾਇਆ। ਤਿੰਨੇ ਦਿਨ ਸਦਾਵਰਤ ਲਾਈ ਰਖਿਆ। ਕਿਸੇ ਨੂੰ ਕਿਸੇ ਵੀ ਵਸਤੂ ਦੀ ਕਮੀ ਨਹੀ ਆਉਣ
ਦਿਤੀ।
ਮੈ ਕਿਸੇ ਸੱਜਣ ਕੋਲ਼ ਖਾਹਸ਼ ਪਰਗਟ ਕੀਤੀ ਕਿ ਵਲੀ ਕੰਧਾਰੀ ਦੀ ਪਹਾੜੀ ਉਪਰ ਹੀ ਜਾ ਆਇਆ ਜਾਵੇ। ਉਸ ਨੇ
ਕਿਹਾ, “ਕੀ ਕਰਨਾ ਉਸ ਦੇ ਥਾਂ ਤੇ ਜਾ ਕੇ, ਜੇਹੜਾ ਸਾਡੇ ਬਾਬੇ ਨੂੰ ਪੱਥਰ ਮਾਰਦਾ ਰਿਹਾ?” ਮੈ
ਆਖਿਆ, “ਵੇਖੀਏ ਤੇ ਸਹੀ ਉਹ ਕੇਹੜਾ ਸੀ ਜੇਹੜਾ ਸਾਡੇ ਬਾਬੇ ਨੂੰ ਪੱਥਰ ਮਾਰਨ ਦੀ ਜੁਰਅਤ ਕਰਦਾ ਸੀ।
“ਖੈਰ, ਗੱਲ ਹਾਸੇ ਵਿੱਚ ਟਲ਼ ਗਈ। ਦੂਜੇ ਦਿਨ ਮੈ ਵੇਖਿਆ ਕਿ ਗੁਰਦੁਆਰਾ ਸਾਹਿਬ ਦੇ ਗੇਟ ਤੋਂ ਬਾਹਰ
ਸੰਗਤਾਂ ਇਕੱਤਰ ਹੋ ਰਹੀਆਂ ਸਨ। ਪੁੱਛਣ ਤੇ ਪਤਾ ਲੱਗਾ ਕਿ ਇਹ ਵਲੀ ਕੰਧਾਰੀ ਦੀ ਪਹਾੜੀ ਤੇ ਜਾਣ
ਵਾਸਤੇ ਖੜ੍ਹੀਆਂ ਹਨ। ਪੁਲਸ ਵਾਲੇ ਆਖਦੇ ਹਨ ਕਿ ਸਾਰੇ ਇੱਕਠੇ ਹੋ ਜਾਓ ਫਿਰ ਸਾਰਿਆਂ ਨੂੰ ਉਹ ਆਪਣੀ
ਰਖਵਾਲੀ ਹੇਠ ਲੈ ਕੇ ਜਾਣਗੇ। ਮੈਂ ਵੀ ਸ਼ਾਮਲ ਹੋ ਗਿਆ। ਵਾਹਵਾ ਚਿਰ ਸਾਨੂੰ ਧੁੱਪੇ ਖੜ੍ਹਾ ਕਰੀ
ਰੱਖਿਆ। ਫਿਰ ਅੱਗੇ ਪਿੱਛੇ ਗੰਨਾਂ ਵਾਲੇ ਸਿਪਾਹੀ ਤੇ ਵਿਚਾਲ਼ੇ ਅਸੀਂ ਪਹਾੜੀ ਉਪਰ ਚੜ੍ਹਨ ਲੱਗ ਪਏ।
ਨੇੜੇ ਦਿਸਦੀ ਪਹਾੜੀ ਦੀ ਉਚਾਈ ਵਾਹਵਾ ਹੀ ਦੂਰ ਲੱਗੀ। ਮੈਂ ਖ਼ੁਦ ਤੇ ਹੈਰਾਨ ਸਾਂ ਕਿ ਤੇਰਾਂ ਸਾਲ
ਪਹਿਲਾਂ ਮੈ ਦੋ ਰਾਤਾਂ ਪੰਜਾ ਸਾਹਿਬ ਵਿਖੇ ਰੁਕਿਆ ਪਰ ਪਹਾੜੀ ਤੇ ਚੜ੍ਹਨ ਦੀ ਜੁਰਅਤ ਨਾ ਕੀਤੀ ਤੇ
ਹੁਣ ਸਰੀਰਕ ਪੱਖੋਂ ਹੋਰ ਕਮਜੋਰ ਹੋ ਜਾਣ ਤੇ ਵੀ, ਵੇਖੋ ਵੇਖੀ ਇਹ ਮੋਰਚਾ ਸਰ ਕਰ ਆਇਆ।
ਸਮਾਗਮਾਂ ਦੇ ਅੰਤਲੇ ਦਿਨ ਵਕਫ਼ ਬੋਰਡ ਦੇ ਪ੍ਰਬੰਧਕਾਂ ਅਤੇ ਦੇਸੋਂ ਗਏ ਜਥੇ ਦੇ ਆਗੂਆਂ ਦਾ ਇਕੱਠਾ
ਸਦਭਾਵਨਾ ਸਮਾਗਮ ਹੋਇਆ ਜਿਸ ਵਿੱਚ ਸਿਰੋਪਿਆਂ ਦਾ ਆਦਾਨ ਪ੍ਰਦਾਨ ਕੀਤਾ ਗਿਆ। “ਵਿਚ ਸਾਡਾ ਵੀ ਨਾਂ
ਬੋਲੇ” ਵਾਂਗ ਬਾਕੀ ਸਿਰਕਰਦਾ ਸੱਜਣਾਂ ਦੇ ਨਾਲ਼ ਮੈਨੂੰ ਵੀ ਸਿਰੋਪਾ ਬਖ਼ਸ਼ਿਆ ਗਿਆ। ਓਥੋਂ ਗੱਡੀ ਰਾਹੀਂ
ਸਾਨੂੰ ਰਾਤ ਨੂੰ ਸ੍ਰੀ ਨਨਕਾਣਾ ਸਾਹਿਬ ਵਿਖੇ ਲਿਜਾਇਆ ਗਿਆ। ਸਟੇਸ਼ਨ ਤੋਂ ਬੱਸਾਂ ਰਾਹੀਂ ਜਨਮ ਸਥਾਨ
ਦੀਆਂ ਸਰਾਵਾਂ ਵਿੱਚ ਪੁਚਾਇਆ ਗਿਆ।
ਅਗਲੇ ਦਿਨ ਸਾਡੀ ਬਦਲੀ ਸਾਧਾਰਨ ਸਰਾਂ ਤੋਂ ਵੀ. ਆਈ. ਪੀ. ਸਰਾਂ ਵਿੱਚ ਹੋ ਗਈ। ਸਵੇਰ ਸਮੇ ਕਮਰੇ
ਵਾਲ਼ੇ ਬਾਕੀ ਸਾਰੇ ਸੱਜਣ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਗਏ ਹੋਏ ਸਨ ਤੇ ਮੈਂ ਸਵੇਰੇ ਹੀ
ਹਾਜਰੀ ਭਰ ਆਇਆ ਹੋਣ ਕਰਕੇ ਇਕੱਲਾ ਹੀ ਕਮਰੇ ਵਿੱਚ ਸਾਂ। ਕਮਰੇ ਦੇ ਅੱਧ ਖੁਲ੍ਹੇ ਬੂਹੇ ਦੀ ਝੀਥ
ਥਾਣੀ ਇੱਕ ਨੌਜਵਾਨ ਦੀ ਨਿਗਾਹ ਮੇਰੇ ਉਪਰ ਪੈ ਗਈ। ਉਹ ਸੱਜਣ ਜਥੇ ਦੇ ਆਗੂ ਸ. ਅਮ੍ਰੀਕ ਸਿੰਘ ਨੂੰ
ਸਾਡੇ ਸਾਹਮਣੇ ਵਾਲ਼ੇ ਕਮਰੇ ਵਿੱਚ ਮਿਲਣ ਲਈ ਆਇਆ ਸੀ। ਮੈਨੂੰ ਪਛਾਣਦੇ ਹੋਏ ਉਸ ਨੇ ਮੇਰਾ ਨਾਂ ਪਤਾ
ਪੁੱਛ ਕੇ ਆਖਿਆ ਕਿ ਉਹ ਕਲਿਆਣ ਸਿੰਘ ਹੈ। ਭਾਵੇਂ ਕਿ ੨੦੦੮ ਵਿੱਚ ਅਸੀਂ ਚੰਗੀ ਤਰ੍ਹਾਂ ਮਿਲ਼ੇ ਹੋਏ
ਸਾਂ ਪਰ ਮੈਨੂੰ ਉਸ ਨੂੰ ਪਛਾਨਣ ਵਿੱਚ ਵਾਹਵਾ ਹੀ ਚਿਰ ਲੱਗ ਗਿਆ। ਨਾ ਪਛਾਨਣ ਦੇ ਕਾਰਨਾਂ ਵਿਚੋਂ
ਇੱਕ ਇਹ ਵੀ ਸੀ ਕਿ ਪਿਛਲੇ ਚਾਰ ਸਾਲਾਂ ਵਿੱਚ ਉਹ ਖਾਸਾ ਮੋਟਾ ਹੋ ਗਿਆ ਹੋਇਆ ਸੀ। ਉਸ ਨੇ ਅੱਗੇ
ਦੱਸਿਆ ਕਿ ਪਾਕਿਸਤਾਨ ਗੁਰਦੁਆਰਾ ਕਮੇਟੀ ਵੱਲੋਂ ਉਸ ਉਪਰ ਮੇਰੀ ਰਿਹਾਸ਼ ਦੇ ਪ੍ਰਬੰਧ ਕਰਨ ਦੀ
ਜੁੰਮੇਵਾਰੀ ਲੱਗੀ ਹੋਈ ਸੀ ਤੇ ਉਹ ਮੇਰੇ ਸੜਕ ਰਾਹੀਂ ਆਉਣ ਬਾਰੇ ਸੋਚ ਕੇ ਮੈਨੂੰ ਲਭਦੇ ਰਹੇ। ਉਹਨਾਂ
ਨੇ ਨਹੀ ਸੀ ਇਹ ਸੋਚਿਆ ਕਿ ਮੈ ਜਥੇ ਨਾਲ਼ ਰੇਲ ਰਾਹੀਂ ਖੱਜਲ਼ ਖੁਆਰ ਹੁੰਦਾ ਹੋਇਆ ਆਵਾਂਗਾ। ਇਹ ਚੰਗੇ
ਸੁਲ਼ਝੇ ਹੋਏ ਪਾਕਿਸਤਾਨੀ ਨੌਜਵਾਨ ਸਿੰਘ ਹਨ ਜੋ ਕਿ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਜਪੁ ਜੀ ਸਾਹਿਬ
ਬਾਰੇ ਡਾਕਟ੍ਰੇਟ ਕਰ ਰਹੇ ਹਨ ਤੇ ਨਾਲ਼ ਹੀ ਉਹਨਾਂ ਦੀ ਨਿਯੁਕਤੀ ਕਾਲਜ ਲੈਕਚਰਾਰ ਵਜੋਂ ਵੀ ਹੋ ਚੁੱਕੀ
ਸੀ ਪਰ ਅਜੇ ਉਹ ਕਿਸੇ ਕਾਰਨ ਵੱਸ ਡਿਊਟੀ ਤੇ ਹਾਜਰ ਨਹੀ ਸਨ ਹੋਏ। ਗੱਲ ਇਹ ਇਉਂ ਹੋਈ ਕਿ ਏਥੋਂ ਤੁਰਨ
ਤੋਂ ਕੁੱਝ ਦਿਨ ਪਹਿਲਾਂ ਮੈ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਡੇਹਰਾ ਸਾਹਿਬ ਦੇ ਕੇਅਰ
ਟੇਕਰ ਜਨਾਬ ਅਜ਼ਹਰ ਸ਼ਾਹ ਜੀ ਨੂੰ ਈ-ਮੇਲ ਰਾਹੀਂ ਆਪਣੀ ਯਾਤਰਾ ਦੀ ਸੂਚਨਾ ਦੇ ਕੇ, ਰਹਿਣ ਲਈ ਕਮਰੇ ਦਾ
ਪ੍ਰਬੰਧ ਕਰਨ ਲਈ ਬੇਨਤੀ ਕਰ ਭੇਜੀ ਸੀ ਪਰ ਉਹਨਾਂ ਵੱਲੋਂ ਜਵਾਬ ਨਾ ਆਇਆ। ਸ. ਕਲਿਆਣ ਸਿੰਘ ਨੇ
ਦੱਸਿਆ ਕਿ ਇਹ ਜੁੰਮੇਵਾਰੀ ਕਮੇਟੀ ਨੇ ਉਹਨਾਂ ਦੀ ਲਾ ਦਿਤੀ ਸੀ ਕਿ ਉਹ ਪ੍ਰਬੰਧ ਕਰਨ ਅਤੇ ਇਸ ਦੀ
ਸੂਚਨਾ ਵੀ ਮੈਨੂੰ ਦੇ ਦੇਣ। ਉਹਨਾਂ ਨੇ ਦੱਸਿਆ ਕਿ ਉਹਨਾਂ ਨੇ ਮੈਨੂੰ ਈ-ਮੇਲ ਰਾਹੀਂ ਜਵਾਬ ਭੇਜਿਆ
ਸੀ ਪਰ ਮੈਨੂੰ ਨਹੀ ਸੀ ਮਿਲ਼ਿਆ। ਦੋ ਕੁ ਦਿਨ ਦੀ ਸੋਚ ਵਿਚਾਰ ਪਿੱਛੋਂ ਉਹਨਾਂ ਨੂੰ ਯਾਦ ਆਇਆ ਕਿ
ਉਹਨਾਂ ਨੇ ਜਵਾਬ ਤਾਂ ਲਿਖਿਆ ਸੀ ਪਰ ਭੇਜਣ ਤੋਂ ਪਹਿਲਾਂ ਬਿਜਲੀ ਗੁੱਲ ਹੋ ਗਈ ਤੇ ਬਾਅਦ ਵਿੱਚ ਉਹ
ਇਸ ਪ੍ਰਭਾਵ ਵਿੱਚ ਰਹੇ ਕਿ ਉਹਨਾਂ ਨੇ ਮੈਨੂੰ ਜਵਾਬ ਭੇਜ ਦਿਤਾ ਸੀ। ਖੈਰ, ਮੈ ਕਿਹਾ ਕਿ ਹੁਣ ਤਾਂ
ਜਿੰਨਾ ਚਿਰ ਜਥਾ ਏਥੇ ਹੈ ਓਨਾ ਚਿਰ ਮੈਂ ਇਹਨਾਂ ਦੇ ਨਾਲ਼ ਹੀ ਰਹਾਂਗਾ। ਜਦੋਂ ਇਹ ਜਥਾ ਚਲਿਆ ਗਿਆ
ਫਿਰ ਮੈ ਤੁਹਾਡੀ ਡਿਸਪੋਜ਼ਲ ਤੇ ਹੋਵਾਂਗਾ ਜਿਥੇ ਚਾਹੇ ਲੈ ਜਾਇਆ ਜੇ ਤੇ ਜੋ ‘ਸੇਵਾ’ ਕਰਨੀ ਚਾਹੇ ਕਰ
ਲਿਓ। ਜਨਮ ਸਥਾਨ ਤੇ ਸਜੇ ਦੀਵਾਨ ਵਿੱਚ ਭਾਸ਼ਨ ਦੀ ਹਾਜਰੀ ਭਰੀ ਅਤੇ ਸਿਰੋਪਾ ਬਖ਼ਸ਼ਿਸ਼ ਹੋਇਆ।
ਇਸ ਕਿਆਮ ਦੌਰਾਨ ਹੀ ਸ੍ਰੀ ਨਨਕਾਣਾ ਸਾਹਿਬ ਵਿਖੇ ਬਾਰ ਕਲੱਬ ਵਿੱਚ ਪਾਕਿਸਤਾਨ ਤੇ ਸ਼ਾਇਰਾਂ ਵੱਲੋਂ
ਸਾਲਾਨਾ ਵੈਸਾਖੀ ਮੁਸ਼ਾਇਰਾ ਰੱਖਿਆ ਗਿਆ ਸੀ। ਸ. ਕਲਿਆਣ ਸਿੰਘ ਜੀ ਮੈਨੂੰ ਵੀ ਓਥੇ ਲੈ ਗਏ। ਮੈਨੂੰ
ਵੀ ਕਵਿਤਾ ਸੁਣਾਉਣ ਦਾ ਸਮਾ ਦੇ ਕੇ ਮਾਣ ਵਧਾਉਣ ਦਾ ਉਦਮ ਕੀਤਾ ਗਿਆ ਪਰ ਮੈ ਤਾਂ ਕਵੀ ਨਹੀ ਹਾਂ।
ਸਟੇਜ ਉਪਰ ਕਵਿਤਾ ਨਾਲ਼ ਸਬੰਧਤ ਕੁੱਝ ਗੱਲਾਂ ਹੀ ਸੁਣਾ ਕੇ ਮੈਂ ਡੰਗ ਸਾਰ ਲਿਆ। ਫਿਰ ਸਾਰੇ ਜਥੇ ਨੂੰ
ਸ੍ਰੀ ਨਨਕਾਣਾ ਸਾਹਿਬ ਤੋਂ ਲਾਹੌਰ ਲਿਆਂਦਾ ਗਿਆ। ਮੈਂ ਸਾਥੀਆਂ ਦੇ ਨਾਲ਼ ਹੀ ਗੁਰਦੁਆਰਾ ਸਿੰਘ
ਸਿੰਘਣੀਆਂ ਵਿਖੇ ਮਿਲ਼ੇ ਕਮਰੇ ਵਿੱਚ ਹੀ ਨਿਵਾਸ ਰੱਖਿਆ।
ਮੈ ਪੈਸੇ ਥੋਹੜੇ ਲੈ ਕੇ ਗਿਆ ਸਾਂ ਜੋ ਮੈਨੂੰ ਮੁੱਕਦੇ ਦਿਸੇ। ਸ. ਕਸ਼ਮੀਰ ਸਿੰਘ ਹੋਰਾਂ ਨੇ ਮੈਨੂੰ
ਪੰਜ ਹਜਾਰ ਹੁਦਾਰ ਦੇ ਦਿਤੇ ਤੇ ਇੱਕ ਬੀਬੀ ਨੇ ਵੀ ਆਪਣੇ ਵਧੇ ਪਾਕਿਸਤਾਨੀ ਪੈਸੇ ਮੈਨੂੰ ਦੇ ਦਿਤੇ।
ਇਹ ਸਾਰੇ ਪੈਸੇ ਮੈ ਅੰਮ੍ਰਿਤਸਰ ਪੁੱਜਦਿਆਂ ਹੀ ਉਹਨਾਂ ਨੂੰ ਭਾਰਤੀ ਕਰੰਸੀ ਵਿੱਚ ਵਾਪਸ ਕੀਤੇ। ਇਹ
ਪੈਸੇ ਮਿਲਣ ਨਾਲ ਮੇਰਾ ਹੱਥ ਖੁਲ੍ਹਾ ਹੋ ਗਿਆ ਤੇ ਮੈਨੂੰ ਲਾਹੌਰ ਵਿੱਚ ਵਿਚਰਨ ਸਮੇ ਕੰਜੂਸੀ ਕਰਨ ਦੀ
ਮਜਬੂਰੀ ਨਾ ਰਹੀ।
ਜਨਾਬ ਅਜ਼ਹਰ ਸ਼ਾਹ ਜੀ ਨੇ ਦੱਸਿਆ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਜਨਾਬ ਗੁਲਾਮ ਜ਼ਿਲਾਨੀ ਵੱਲੋਂ
ਜਥੇ ਦੇ ਆਗੂ ਮੁਲਾਕਾਤ ਅਤੇ ਦੁਪਹਿਰ ਦੇ ਖਾਣੇ ਵਾਸਤੇ ਬੁਲਾਏ ਗਏ ਸਨ ਅਤੇ ਅਸੀਂ ਤੁਹਾਨੂੰ ਵੀ ਨਾਲ਼
ਲੈ ਜਾਣ ਲਈ ਲਭਦੇ ਰਹੇ ਪਰ ਤੁਸੀਂ ਲਭੇ ਨਹੀ। ਮੈ ਕਿਹਾ ਕਿ ਚੰਗਾ ਸੀ ਜੇ ਮੈਂ ਵੀ ਚਲਿਆ ਜਾਂਦਾ ਤਾਂ
ਮੈਨੂੰ ਬੜੀ ਖ਼ੁਸ਼ੀ ਹੁੰਦੀ ਪਰ ਨਹੀ ਜਾ ਸਕਿਆ ਤਾਂ ਕੋਈ ਗੱਲ ਨਹੀ। ਮੇਰੇ ਨਾ ਜਾਣ ਨਾਲ਼ ਕੋਈ ਫਰਕ ਨਹੀ
ਪਿਆ। ਅਗਲੀ ਵਾਰੀ ਦੀ ਯਾਤਰਾ ਸਮੇ ਚਲਿਆ ਜਾਵਾਂਗਾ।
ਇਸ ਠਹਿਰਾ ਸਮੇ ਸਾਨੂੰ ‘ਦਿਆਲ ਸਿੰਘ ਰੀਸਰਚ ਐਂਡ ਕਲਚਰਲ ਫ਼ੋਰਮ’ ਵਿੱਚ ਲਿਜਾਇਆ ਗਿਆ ਜਿਥੇ ਮੇਰਾ
ਭਾਸ਼ਨ ਵੀ ਹੋਇਆ ਅਤੇ ਜਥੇ ਦੇ ਆਗੂ ਦੇ ਨਾਲ਼ ਨਾਲ਼ ਮੈਨੂੰ ਵੀ ਕਿਤਾਬਾਂ ਦਾ ਸੈਟ ਅਤੇ ਸਿਰੋਪਾ ਮਿਲ਼ਿਆ।
ਫਿਰ ਸਾਨੂੰ ਸਾਈਂ ਮੀਆਂ ਮੀਰ ਜੀ ਦੇ ਮਜ਼ਾਰ ਉਪਰ ਲਿਜਾਇਆ ਗਿਆ। ਓਥੇ ਵੀ ਸਾਡਾ ਸਿਰੋਪੇ ਵਜੋਂ ਹਰੀਆਂ
ਚਾਦਰਾਂ ਬਖ਼ਸ਼ ਕੇ ਸਵਾਗਤ ਕੀਤਾ ਗਿਆ। ਸ੍ਰੀ ਨਨਕਾਣਾ ਸਹਿਬ ਦੁਬਾਰਾ ਜਾਣ ਸਮੇ ਇਹ ਸਾਰਾ ਕੁੱਝ ਮੈ
ਜਨਾਬ ਅਜ਼ਹਰ ਸ਼ਾਹ ਜੀ ਦੇ ਦਫ਼ਤਰ ਵਿੱਚ ਰੱਖ ਗਿਆ ਤਾਂ ਕਿ ਮੁੜ ਕੇ ਲੈ ਲਵਾਂਗਾ ਪਰ ਮੁੜਨ ਤੇ ਖਾਲੀ
ਲਿਫਾਫਾ ਹੀ ਮੇਰੇ ਹੱਥ ਲੱਗਾ ਜਿਸ ਵਿੱਚ ਇਹ ਸਭ ਕੁੱਝ ਸੀ। ਸਮੇਤ ਚਾਦਰ ਦੇ ਕਿਤਾਬਾਂ ਅਲੋਪ ਸਨ।
ਅਜ਼ਹਰ ਜੀ ਆਖਣ ਲੱਗੇ ਕਿ ਹੋਰ ਮੰਗਵਾ ਦਿੰਦੇ ਹਾਂ। ਮੈ ਕਿਹਾ ਕਿ ਸਿਰੋਪੇ ਮੰਗ ਕੇ ਨਹੀ ਲਏ ਜਾਂਦੇ
ਇਹ ਤਾਂ ਦੇਣ ਵਾਲ਼ੀ ਚੰਗੀ ਸੰਸਥਾ ਦੀ ਪ੍ਰਸੰਨਤਾ ਉਪਰ ਨਿਭਰ ਹੁੰਦਾ ਹੈ ਕਿ ਕਿਸ ਨੂੰ ਸਿਰੋਪਾ ਦੇਣਾ
ਜਾਂ ਕਿਸ ਨੂੰ ਨਹੀ। ਖੈਰ, ਫ਼ੋਰਮ ਦੇ ਡਾਰਿਕੈਕਟਰ ਨੇ ਕਿਤਾਬਾਂ ਤਾਂ ਮੈਨੂੰ ਹੋਰ ਦੇ ਦਿਤੀਆਂ ਜਦੋਂ
ਮੈਂ ਮਿਲਣ ਵਾਸਤੇ ਉਹਨਾਂ ਦੇ ਦਫ਼ਤਰ ਵਿੱਚ ਗਿਆ। ਇੱਕ ਰਾਤ ਨੂੰ ਲਾਹੌਰ ਟੀ. ਵੀ. ਉਪਰ ਜਥੇ ਦੇ ਆਗੂ
ਦੇ ਨਾਲ਼ ਮੈਨੂੰ ਵੀ ਇੰਟਰਵਿਊ ਵਿੱਚ ਸ਼ਾਮਲ ਕੀਤਾ ਗਿਆ। ਇਹ ਇਟਰਵਿਊ ਸਿੱਖ ਨੌਜਵਾਨ ਨੇ ਹੋਸਟ ਕੀਤੀ।
ਉਸ ਨੇ ਸਾਰਾ ਪ੍ਰੋਗਰਾਮ ਉਰਦੂ ਵਿੱਚ ਕੀਤਾ ਪਰ ਮੈਂ ਤੇ ਪਾਰਟੀ ਲੀਡਰ ਪੰਜਾਬੀ ਵਿੱਚ ਹੀ ਬੋਲਦੇ
ਰਹੇ। ਪਹਿਲਾਂ ਕੁੱਝ ਸਮਾ ਵਕਫ਼ ਬੋਰਡ ਦੇ ਚੇਅਰਮੈਨ ਸਾਹਿਬ ਉਰਦੂ ਵਿੱਚ ਬੋਲੇ ਪਰ ਫਿਰ ਉਹ ਵੀ
ਪੰਜਾਬੀ ਵਿੱਚ ਹੀ ਬੋਲਣ ਲੱਗ ਪਏ। ਨੌਜਵਾਨ ਸਿੱਖ ਸੀ ਅਤੇ ਪੰਜਾਬੀ ਵੀ ਬੜੀ ਸੋਹਣੀ ਬੋਲਦਾ ਸੀ ਪਰ
ਉਸ ਨੇ ਦੱਸਿਆ ਕਿ ਕਿਉਂਕਿ ਇਹ ਪ੍ਰੋਗਰਾਮ ਸੰਸਾਰ ਪਧਰ ਤੇ ਜਾਣਾ ਹੁੰਦਾ ਹੈ, ਇਸ ਲਈ ਸਰਕਾਰ ਦੀ
ਪਾਲਸੀ ਹੈ ਕਿ ਅਜਿਹੇ ਪਰੋਗਰਾਮ ਉਰਦੂ ਵਿੱਚ ਹੀ ਕੀਤੇ ਜਾਣ। ੨੦੦੮ ਵਿੱਚ ਡਾਕਟਰ ਚੀਮਾ ਜੀ ਨੇ ਇਹ
ਪ੍ਰੋਗਰਾਮ ਪੰਜਾਬੀ ਵਿੱਚ ਕੰਡਕਟ ਕੀਤਾ ਸੀ।
ਦਸ ਦਿਨ ਦੀ ਯਾਤਰਾ ਉਪ੍ਰੰਤ ਜਥੇ ਦੇ ਵਾਪਸ ਜਾਣ ਦੀ ਤਿਆਰੀ ਸੀ। ਬਾਕੀ ਸਾਥੀਆਂ ਦੇ ਨਾਲ਼ ਹੀ ਮੈਂ ਵੀ
ਲਾਹੌਰ ਰੇਲਵੇ ਸਟੇਸ਼ਨ ਤੱਕ ਸਾਥੀਆਂ ਦੇ ਨਾਲ਼ ਗਿਆ ਤਾਂ ਕਿ ਸਾਮਾਨ ਦੀ ਢੋਆ ਢੁਆਈ ਵਿੱਚ ਉਹਨਾਂ ਦੀ
ਮਦਦ ਕੀਤੀ ਜਾ ਸਕੇ। ਓਥੇ ਤਾਂ ਪਹਿਲਾਂ ਵਾਲ਼ੀਆ ਥਾਂਵਾਂ ਨਾਲ਼ੋਂ ਵੀ ਬੁਰਾ ਹਾਲ ਸੀ। ਪਾਕਿਸਤਾਨ
ਵਿਚੋਂ ਯਾਤਰੂਆਂ ਨੇ ਏਨਾ ਸਾਮਾਨ ਖ਼੍ਰੀਦਿਆ ਹੋਇਆ ਸੀ ਕਿ ਸਭ ਪਾਸੇ ਧੂਹਾ ਧੂਹੀ ਹੋਰ ਰਹੀ ਸੀ।
ਲਾਈਨਾਂ ਵਾਲ਼ੇ ਲਾਈਨਾਂ ਵਿੱਚ ਲੱਗੇ ਰਹਿ ਗਏ ਤੇ ‘ਤਜੱਰਬੇਕਾਰ’ ਬੰਦੇ/ਬੰਦੀਆਂ ਆਰਾਮ ਨਾਲ਼ ਸਾਮਾਨ
ਸਿਰਾਂ ਤੇ ਚੁੱਕੀ ਤੁਰਦੇ ਹੋਏ ਗੇਟ ਦੇ ਨੇੜੇ ਪੁੱਜ ਗਏ ਜਿਥੇ ਗੇਟ ਖੁਲ੍ਹਣ ਤੇ ਧੁੱਸ ਦੇ ਕੇ ਇੱਕ
ਦੂਜੇ ਦੇ ਉਤੋਂ ਦੀ ਖਿੱਚਾ ਧੂਹੀ ਕਰਨ ਲੱਗ ਪਏ। ਮੈ ਤਾਂ ਸਾਥੀਆਂ ਨਾਲ਼ ਲਾਈਨ `ਚ ਲੱਗ ਕੇ ਉਹਨਾਂ ਦੇ
ਸਾਮਾਨ ਦੀ ਧੱਕੋ ਧੱਕੀ ਵਿੱਚ ਸਹਾਇਤਾ ਕਰ ਰਿਹਾ ਸਾਂ। ਲਾਈਨ ਜੂੰ ਦੀ ਤੋਰੇ ਤੁਰ ਰਹੀ ਸੀ ਜਦੋਂ ਕਿ
ਲਾਈਨੋ ਬਾਹਰੇ ਘੋੜੇ ਦੀ ਰਫ਼ਤਾਰ ਨਾਲ਼ ਅਗੇ ਵੱਲ ਵਧ ਰਹੇ ਸਨ। ਸਾਥੀਆਂ ਨੂੰ ਐਨ ਗੇਟ ਦੇ ਦਰਵਾਜ਼ੇ ਤੇ
ਛੱਡ ਕੇ ਵਾਪਸ ਮੁੜ ਆਇਆ।
ਵੇਖਣ ਵਿੱਚ ਆਇਆ ਹੈ ਕਿ ਪਾਕਿਸਤਾਨ ਦੇ ਗੁਰਧਾਮਾਂ ਦੀ ਯਾਤਰਾ ਤੇ ਜਾਣ ਵਾਲ਼ੇ ਸਾਰੇ ਯਾਤਰੂ ਸਿਰਫ
ਯਾਤਰਾ ਵਾਸਤੇ ਹੀ ਗੁਰਪੁਰਬਾਂ ਤੇ ਸ਼ਰਧਾਲੂ ਬਣ ਕੇ ਨਹੀ ਜਾਂਦੇ ਬਲਕਿ ਬਹੁਤ ਸਾਰੇ ਸੱਜਣ/ਸੱਜਣੀਆਂ
ਏਧਰੋਂ ਓਧਰ ਤੇ ਓਧਰੋਂ ਏਧਰ ਸਾਮਾਨ ਦੀ ਢੋਆ ਢੁਆਈ ਵੱਲ ਯਾਤਰਾ ਨਾਲ਼ੋਂ ਵਧ ਕੇ ਧਿਆਨ ਦਿੰਦੇ ਜਾਂਦਾ
ਹਨ। ਵਿਚਾਰ ਆਈ ਕਿ ਗੁਰਧਾਮਾਂ ਦੀ ਯਾਤਰਾ ਸਮੇ ਵਾਪਾਰਕ ਰੁਚੀ ਕਿਉਂ ਏਨੀ ਪ੍ਰਧਾਨ ਹੈ! ਫਿਰ ਆਪਣੀ
ਵੱਲ ਨਿਗਾਹ ਮਾਰੀ ਤਾਂ ਖ਼ੁਦ ਨੂੰ ਵੀ ਦੋਸ਼ੀ ਪਾਇਆ। ਇਹ ਠੀਕ ਹੈ ਕਿ ਬਾਕੀ ਯਾਤਰੂ ਆਪਣੇ ਰਿਸ਼ੇਤਦਾਰਾਂ
ਮਿੱਤਰਾਂ ਨੂੰ ਖ਼ੁਸ਼ ਕਰਨ ਲਈ ਜਾਂ ਚਾਰ ਪੈਸੇ ਦੇ ਲਾਭ ਲਈ ਸਾਮਾਨ ਚੁੱਕੀ ਫਿਰਦੇ ਸਨ ਪਰ ਮੈਂ ਵੀ ਤਾਂ
ਅੱਸੀ ਕਿਤਾਬਾਂ ਦਾ ਬੰਡਲ ਸਾਰੇ ਪਾਕਿਸਤਾਨ ਵਿੱਚ ਧੂਹੀ ਫਿਰਦਾ ਸਾਂ। ਭਾਵੇਂ ਕਿ ਮੇਰੇ ਸਾਹਮਣੇ
ਨਿਸ਼ਾਨਾ ਨਕਦ ਪੈਸਾ ਨਹੀ ਸੀ ਪਰ ਮੇਰੀਆਂ ਲਿਖਤਾਂ ਦੁਨੀਆ ਭਰ ਦੇ ਪੰਜਾਬੀ ਪਾਠਕਾਂ ਦੇ ਹੱਥਾਂ ਤੱਕ,
ਬਿਨਾ ਡਾਕ ਖ਼ਰਚ ਲਾਏ ਦੇ, ਪੁੱਜ ਜਾਣ ਦਾ ਲਾਲਚ ਤਾਂ ਮੈਨੂੰ ਹੈ ਹੀ ਸੀ। ਨਕਦੀ ਮਾਇਆ ਦਾ ਨਹੀ ਤਾਂ
ਮਾਣ ਦੀ ਮਾਇਆ ਦਾ ਲਾਲਚ ਤਾਂ ਮੈਨੂੰ ਹੈ ਵੀ ਸੀ। ਸਿਆਣੇ ਠੀਕ ਹੀ ਆਖਦੇ ਨੇ ਕਿ ਜੇ ਇੱਕ ਉਂਗਲ਼ ਦੂਜੇ
ਵੱਲ ਕਰੀਏ ਤਾਂ ਤਿੰਨ ਉਂਗਲ਼ਾਂ ਆਪਣੇ ਵੱਲ ਬਿਨਾ ਯਤਨ ਹੀ ਹੋ ਜਾਂਦੀਆਂ ਹਨ।
ਰੇਲਵੇ ਸਟੇਸ਼ਨ ਤੋਂ ਵਾਪਸੀ ਤੇ ਮੈ ਆਪਣਾ ਟਿੰਡ ਫਹੁੜੀ ਚੁੱਕਿਆ ਤੇ ਭਾਈ ਸਾਹਿਬ ਜੀ ਨੂੰ ਫ਼ਤਿਹ ਬੁਲਾ
ਕੇ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਆ ਡੇਰਾ ਲਾਇਆ। ਕੇਅਰ ਟੇਕਰ ਜਨਾਬ ਅਜ਼ਹਰ ਸ਼ਾਹ ਜੀ ਨੇ ਕਮਰਾ
ਰਹਿਣ ਲਈ ਦੇ ਦਿਤਾ। ਜਥੇ ਦੇ ਤੁਰ ਜਾਣ ਮਗਰੋਂ ਹੁਣ ਮੈ ਸੁਤੰਤਰ ਸਾਂ ਅਤੇ ਸ. ਕਲਿਆਣ ਸਿੰਘ ਕੋਲ਼ ਵੀ
ਰਿਹਾਇਸ਼ ਲਈ ਕਮਰਾ ਏਥੇ ਹੀ ਸੀ। ਉਹ ਮੈਨੂੰ ਆਪਣੇ ਨਾਲ਼ ਫਿਰ ਸ੍ਰੀ ਨਨਕਾਣਾ ਸਾਹਿਬ ਲੈ ਗਏ। ਓਥੇ
ਮੇਰੀ ਰਿਹਾਇਸ਼ ਦਾ ਢੁਕਵਾਂ ਪ੍ਰਬੰਧ ਕਰ ਦਿਤਾ ਜਿਥੇ ਇੰਟਰਨੈਟ, ਗਰਮ ਪਾਣੀ, ਲੰਗਰ ਆਦਿ ਦੀ ਪੂਰੀ
ਸਹੂਲਤ ਸੀ। ਉਹਨਾਂ ਦਾ ਆਪਣਾ ਘਰ ਵੀ ਸ੍ਰੀ ਨਨਕਾਣਾ ਸਾਹਿਬ ਵਿਖੇ ਹੀ ਹੈ। ਇੱਕ ਵਿਆਹ ਸਮੇ ਸੰਗਤਾਂ
ਨੂੰ ਸੰਬੋਧਨ ਕਰਨ ਅਤੇ ਦੋ ਦਿਨ ਗੁਰਦੁਆਰਾ ਜਨਮ ਸਥਾਨ ਵਿਖੇ ਸ਼ਾਮ ਨੂੰ ਸਜਣ ਵਾਲ਼ੇ ਦੀਵਾਨ ਵਿੱਚ ਕਥਾ
ਕਰਨ ਦਾ ਸੁਭਾਗ ਪਰਾਪਤ ਹੋਇਆ। ਤੀਜੇ ਦਿਨ ਐਵੇਂ ਢਿੱਲ ਵਿੱਚ ਹੀ ਹਾਜਰੀ ਭਰਨ ਤੋਂ ਮੈਂ ਘੇਸਲ਼ ਮਾਰ
ਲਈ।
ਲਾਹੌਰ ਦੇ ਕਿਆਮ ਦੌਰਾਨ ਸ. ਕਲਿਆਣ ਸਿੰਘ ਨੇ ਦੋ ਦਿਨ ਮੇਰੀ ਯਾਤਰਾ ਲਾਹੌਰ ਯੂਨੀਵਰਸਿਟੀ ਵਿੱਚ
ਕਰਵਾਈ ਜਿਥੇ ਵੱਖ ਵੱਖ ਵਿਦਵਾਨਾਂ ਨਾਲ ਮੁਲਾਕਾਤਾਂ ਹੋਈਆਂ। ਮੈ ਆਪਣੀਆਂ ਕਿਤਾਬਾਂ ਉਹਨਾਂ
ਵਿਦਵਾਨਾਂ ਨੂੰ ਭੇਟਾ ਕੀਤੀਆਂ ਜੋ ਉਹਨਾਂ ਨੇ ਖ਼ੁਸ਼ੀ ਖ਼ੁਸ਼ੀ ਪ੍ਰਵਾਨ ਕੀਤੀਆ। ਫਿਰ ਵਾਪਸੀ ਦਾ ਵਿਚਾਰ
ਬਣਿਆ ਤਾਂ ਕਲਿਆਣ ਸਿੰਘ ਨੇ ਆਖਿਆ ਕਿ ਉਹ ਮੈਨੂੰ ਵਾਹਗਾ ਬਾਰਡਰ ਤੱਕ ਕਾਰ ਤੇ ਛਡ ਆਉਣਗੇ। ਇੱਕ ਹੋਰ
ਸਰਦਾਰ ਜੀ ਨੇ ਵੀ ਅਜਿਹੀ ਪੇਸ਼ਕਸ਼ ਕੀਤੀ ਪਰ ਮੇਰਾ ਵਿਚਾਰ ਲਾਹੌਰ ਅੰਮ੍ਰਿਤਸਰ ਵਿਚਾਲ਼ੇ ਚੱਲਣ ਵਾਲ਼ੀ
ਬੱਸ ਰਾਹੀਂ ਜਾਣ ਦਾ ਬਣ ਗਿਆ। ਤੁਰਨ ਤੋਂ ਇੱਕ ਦਿਨ ਪਹਿਲਾਂ ਉਸ ਬੱਸ ਦੇ ਡਰਾਈਵਰ ਸ. ਅਮ੍ਰੀਕ ਨਾਲ
ਗੁਰਦੁਆਰਾ ਡੇਹਰਾ ਸਾਹਿਬ ਵਿਖੇ ਮੇਲ ਵੀ ਹੋ ਗਿਆ ਤੇ ਮੈਂ ਉਸ ਦੇ ਨਾਲ਼ ਜਾਣ ਦਾ ਪ੍ਰੋਗਰਾਮ ਬਣਾ
ਲਿਆ। ਜਦੋਂ ਅਜ਼ਹਰ ਸ਼ਾਹ ਜੀ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹਨਾਂ ਨੇ ਮੈਨੂੰ ਮਨਾਹ ਕਰਨ ਦੇ ਨਾਲ਼
ਵਾਹਗੇ ਤੱਕ ਪੁਚਾਉਣ ਦਾ ਇਕਰਾਰ ਵੀ ਕੀਤਾ ਪਰ ਮੈਂ ਆਪਣੇ ਫੈਸਲੇ ਉਪਰ ਕਾਇਮ ਹੀ ਰਿਹਾ। ਅਗਲੇ ਦਿਨ
ਸ. ਕਲਿਆਣ ਸਿੰਘ ਅਤੇ ਇੱਕ ਹੋਰ ਨੌਜਵਾਨ ਮੈਨੂੰ ਗੁਲਮਰਗ ਆਬਾਦੀ, ਜਿਥੋਂ ਬੱਸ ਚੱਲਣੀ ਸੀ, ਕਾਰ ਉਪਰ
ਛੱਡਣ ਗਏ। ਇਹ ਆਬਾਦੀ ਗੁਰਦੁਆਰਾ ਡੇਹਰਾ ਸਾਹਿਬ ਤੋਂ ਕਾਫੀ ਦੂਰ ਹੈ। ਸ. ਅਮ੍ਰੀਕ ਸਿੰਘ ਹੋਰੀਂ ਅਜੇ
ਆਪਣੇ ਹੋਟਲ ਵਿਚੋਂ ਓਥੇ ਪਹੁੰਚੇ ਨਹੀ ਸਨ। ਓਥੇ ਦੇ ਸਟਾਫ਼ ਨੇ ਆਸ ਤੋਂ ਉਲ਼ਟ ਸਾਡੇ ਨਾਲ਼ ਵਾਹਵਾ ਹੀ
ਠੰਡਾ ਵਰਤਾ ਕੀਤਾ। ਮੇਰੇ ਨਾਲ਼ ਗਏ ਨੌਜਵਾਨਾਂ ਨੂੰ ਅੰਦਰ ਜਾਣ ਤੋਂ ਵੀ ਰੋਕਣ ਦਾ ਯਤਨ ਕੀਤਾ। ਪਤਾ
ਲੱਗਾ ਕਿ ਜਿੱਦਣ ਭਾਰਤ ਵਾਲ਼ਿਆਂ ਦੀ ਬੱਸ ਜਾਣੀ ਹੋਵੇ ਉਸ ਦਿਨ ਇਹ ਯਾਤਰੂਆਂ ਨਾਲ਼ ਇਸ ਤਰ੍ਹਾਂ ਹੀ
ਠੰਡੇ ਪੇਸ਼ ਆਉਂਦੇ ਹਨ। ਜਿਸ ਦਿਨ ਪਾਕਿਸਤਾਨ ਦੀ ਬੱਸ ਦੀ ਵਾਰੀ ਹੋਵੇ ਉਸ ਦਿਨ ਯਾਤਰੂਆਂ ਨਾਲ਼ ਨਿਘਾ
ਵਰਤਾ ਕਰਦੇ ਹਨ। ਅਧਿਕਾਰੀਆਂ ਦੇ ਖੁਸ਼ਕ ਵਰਤਾ ਕਾਰਨ ਉਹ ਨੌਜਵਾਨ ਮੈਨੂੰ ਓਥੇ ਛੱਡ ਕੇ ਛੇਤੀ ਹੀ ਮੁੜ
ਗਏ। ਖੈਰ, ਮੈ ਇਸ ਦਾ ਹੱਲ ਲਭ ਲਿਆ ਜਿਸ ਕਰਕੇ ਮੇਰੇ ਨਾਲ਼ ਸਟਾਫ਼ ਚੰਗੀ ਤਰ੍ਹਾਂ ਪੇਸ਼ ਆਉਣ ਲੱਗ ਪਿਆ।
ਬੱਸ ਬੜੀ ਸ਼ਾਨਦਾਰ ਅਤੇ ਏ. ਸੀ. ਹੈ। ਬੱਸ ਦੇ ਅੱਗੇ ਅੱਗੇ ਸੈਕਿਉਰਟੀ ਵਜੋਂ ਪੁਲਸ ਦੀ ਜੀਪ ਚੱਲਦੀ
ਹੈ ਜੋ ਸੜਕ ਨੂੰ ਬਾਕੀ ਟ੍ਰੈਫਿਕ ਤੋਂ ਖਾਲੀ ਕਰਵਾਉਂਦੀ ਜਾਂਦੀ ਹੈ। ਇਸ ਤਰ੍ਹਾਂ ਉਹ ਵਾਹਗੇ ਤੱਕ
ਛੱਡ ਕੇ ਮੁੜਦੀ ਹੈ ਤੇ ਓਥੋਂ ਅੱਗੇ ਭਾਰਤ ਦੀ ਪੁਲੀਸ ਵਾਲ਼ੇ ਇਹ ਡਿਊਟੀ ਸਾਂਭ ਲੈਂਦੇ ਹਨ ਤੇ
ਅੰਮ੍ਰਿਤਸਰ ਜੀ. ਟੀ. ਰੋਡ ਉਪਰ ਵਾਕਿਆ, ਇਸ ਬੱਸ ਲਈ ਬਣੇ ਹੋਏ ਉਚੇਚੇ ਅੱਡੇ ਉਪਰ ਪੁਚਾ ਦਿੰਦੀ ਹੈ।
ਇਸ ਵਾਰੀ ਦੀ ਜਥੇ ਨਾਲ਼ ਕੀਤੀ ਗਈ ਯਾਤਰਾ ਤੋਂ ਕੁੱਝ ਵਿਚਾਰ ਆਏ ਹਨ ਪਾਠਕਾਂ ਅਤੇ ਜੁੰਮੇਵਾਰ ਸੱਜਣਾਂ
ਨਾਲ਼ ਸੰਖੇਪ ਵਿੱਚ ਸਾਂਝੇ ਕਰ ਲੈਣੇ ਸ਼ਾਇਦ ਲਾਭਵੰਦੇ ਹੋਣ।
ਜਥੇ ਦੇ ਮੁਖੀ ਆਗੂ, ਜੋ ਕਿ ਪੰਥ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਗੁਰਦਆਰਾ ਪ੍ਰਬੰਧਕ ਕਮੇਟੀ ਦਾ
ਕੋਈ ਨਾ ਕੋਈ ਪਤਵੰਤਾ ਸੱਜਣ ਹੀ ਥਾਪਿਆ ਜਾਂਦਾ ਹੈ; ਉਸ ਨੂੰ ਚਾਹੀਦਾ ਹੈ ਕਿ ਉਹ ਹੋਰ ਸਰਗਰਮੀ ਨਾਲ਼
ਜਥੇ ਦੀ ਅਗਵਾਈ ਕਰੇ। ਜਥੇ ਦੇ ਨਾਲ਼ ਜਾਵੇ ਤੇ ਜਥੇ ਦੇ ਨਾਲ਼ ਹੀ ਵਾਪਸ ਆਵੇ ਅਤੇ ਲੋੜ ਪੈਣ ਤੇ ਜਥੇ
ਦੀ ਹਰ ਥਾਂ ਅਗਵਾਈ ਕਰੇ। ਇਹ ਠੀਕ ਹੈ ਕਿ ਓਥੇ ਪਾਕਿਸਤਾਨ ਵਕਫ਼ ਬੋਰਡ ਦੇ ਹੀ ਕੰਟਰੌਕਲ ਵਿੱਚ ਸਭ
ਕੁੱਝ ਹੈ ਤੇ ਸ਼੍ਰੋਮਣੀ ਕਮੇਟੀ ਦੀ ਓਥੋਂ ਦੇ ਪ੍ਰਬੰਧ ਵਿੱਚ ਕੋਈ ਸੇ ਨਹੀ ਪਰ ਫਿਰ ਵੀ ਯਾਤਰੂਆਂ ਨੂੰ
ਇਸ ਗੱਲ ਦਾ ਹੌਸਲਾ ਰਹੇਗਾ ਕਿ ਉਹਨਾਂ ਦਾ ਮੁਖੀ ਉਹਨਾਂ ਦੇ ਨਾਲ਼ ਹੈ। ਫਿਰ ਹਰੇਕ ਥਾਂ ਉਹ ਆਪਣੇ
ਸਹਿਕਰਮੀਆਂ ਅਤੇ ਸਟਾਫ਼ ਦੀ ਸਹਾਇਤਾ ਨਾਲ਼, ਜਥੇ ਵਿੱਚ ਡਸਿਪਲਨ ਰੱਖਣ ਵਿਚ, ਕਿਸੇ ਹੱਦ ਤੱਕ ਸਫ਼ਲ ਹੋ
ਸਕਦਾ ਹੈ। ਵੇਖਣ ਵਿੱਚ ਆਇਆ ਹੈ ਕਿ ਜਥੇ ਦਾ ਮਾਨਯੋਗ ਆਗੂ ਆਪਣੇ ਸਹਾਇਕਾਂ ਸਮੇਤ ਕਾਰ ਰਾਹੀਂ
ਪਾਕਿਸਤਾਨ ਚਲਿਆ ਜਾਂਦਾ ਹੈ ਤੇ ਓਥੇ ਯੋਗ ਢੁਕਵਾਂ ਮਾਣ ਸਨਮਾਨ ਵੀ ਹਰੇਕ ਥਾਂ ਪਰਾਪਤ ਕਰਦਾ ਹੈ ਪਰ
ਜਥੇ ਦੇ ਮੈਂਬਰਾਂ ਨੂੰ ਨਹੀ ਪਤਾ ਹੁੰਦਾ ਕਿ ਉਹਨਾਂ ਦਾ ਜਥੇਦਾਰ ਕੌਣ ਹੈ ਤੇ ਉਹ ਸਾਰੀ ਯਾਤਰਾ ਦੇ
ਦੌਰਾਨ ਕਿਥੇ ਰਹਿੰਦਾ ਹੈ। ਰਹੀ ਗੱਲ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਦੀ; ਉਸ
ਬਾਰੇ ਤਾਂ ਇਕੋ ਹੀ ਮਿਸਾਲ ਕਾਫ਼ੀ ਹੋਵੇਗੀ ਕਿ ਜੇਹੜਾ ਮੈਂਬਰ ਰਿਹਾਇਸ਼ ਦਾ ਇਨਚਾਰਜ ਕਾਗਜ਼ਾਂ ਵਿੱਚ
ਦਰਸਾਇਆ ਗਿਆ ਸੀ ਉਹ ਮੈਨੂੰ ਗੁਰਦੁਆਰਾ ਡੇਹਰਾ ਸਾਹਿਬ ਦੇ ਗ੍ਰੰਥੀ ਦੇ ਕਮਰੇ ਵਿੱਚ ਇੱਕ ਦਿਨ ਬੈਠਾ
ਦਿਸਿਆ। ਉਸ ਦੇ ਆਪਣੇ ਕੋਲ ਨਾ ਕੋਈ ਕਮਰਾ ਤੇ ਨਾ ਕੋਈ ਦਫ਼ਤਰ ਸੀ। ਜਦੋਂ ਉਸ ਦੇ ਆਪਣੇ ਕੋਲ ਹੀ ਕੁੱਝ
ਨਹੀ ਤਾਂ ਉਹ ਯਾਤਰੂਆਂ ਨੂੰ ਕੀ ਦੇਵੇਗਾ! ਵਕਫ਼ ਬੋਰਡ ਦੇ ਸੂਝਵਾਨ ਸੱਜਣ ਅਤੇ ਆਗੂ ਲਗਦੀ ਵਾਹ ਪੂਰਾ
ਯਤਨ ਕਰਦੇ ਹਨ ਕਿ ਵਸੀਲਿਆਂ ਅਨੁਸਾਰ ਉਹ ਜਥੇ ਦੀ ਯਾਤਰਾ ਸਮੇ ਵਧ ਤੋਂ ਵਧ ਸਹੂਲਤਾਂ ਮੁਹਈਆ ਕਰਵਾਉਣ
ਅਤੇ ਉਹ ਅਜਿਹਾ ਕਰਦੇ ਵੀ ਹਨ।
ਇਸ ਦੇ ਨਾਲ਼ ਹੀ ਵੱਡੇ ਜਥੇ ਵਿੱਚ ਜੋ ਮਿਨੀ ਜਥੇ ਹੁੰਦੇ ਹਨ ਉਹਨਾਂ ਦੇ ਜਥੇਦਾਰ ਵੀ ਆਪੋ ਆਪਣੇ ਜਥੇ
ਦਾ ਉਚੇਚਾ ਧਿਆਨ ਰੱਖਣ ਜੋ ਕਿ ਉਹ ਰੱਖਦੇ ਵੀ ਹੋਣਗੇ ਜਿਵੇਂ ਸਾਡੇ ਜਥੇਦਾਰ ਕਸ਼ਮਰਿ ਸਿੰਘ ਨੇ
ਰੱਖਿਆ। ਇਸ ਤੋਂ ਇਲਵਾ ਉਹ ਆਪਣੇ ਜਥੇ ਨੂ ਥਾਂ ਪਰ ਥਾਂ ਲਾਈਨਾਂ ਵਿੱਚ ਖਲੋ ਕੇ ਆਪਣਾ ਕੰਮ ਭੁਗਤਾਉਣ
ਲਈ ਵੀ ਅਗਵਾਈ ਦੇਣ। ਪਾਕਿਸਤਾਨ ਦੀ ਪੁਲਿਸ ਕਿਤੇ ਵੀ ਦਖ਼ਲ ਨਹੀ ਦਿੰਦੀ। ਅਜਿਹਾ ਵਰਤਾਨਉਹ
ਪ੍ਰਾਹੁਣਾਚਾਰੀ ਦੇ ਲਿਹਾਜ ਕਾਰਨ ਵੀ ਕਰਦੇ ਹਨ। ਜਥੇ ਵਾਲ਼ੇ ਜਿਵੇਂ ਮਰਜੀ ‘ਗੁੱਥਮਗੁੱਥਾ’ ਹੋਈ ਜਾਣ
ਉਹ ਦੁਆਲੇ ਖਲੋਤੇ ‘ਤਮਾਸ਼ਾ’ ਵੇਖੀ ਜਾਂਦੇ ਹਨ ਪਰ ਕਿਸੇ ਨੂੰ ਆਖਦੇ ਕੁੱਝ ਨਹੀ। ਹਾਂ, ਮਿਲੀ ਹਿਦਾਇਤ
ਅਨੁਸਾਰ ਉਹ ‘ਰਾਮਕਾਰ’ ਅਰਥਤ ਆਪਣੇ ਘੇਰੇ ਤੋਂ ਬਾਹਰ ਨਹੀ ਕਿਸੇ ਨੂੰ ਜਾਣ ਦਿੰਦੇ।
ਇਸ ਬੱਸ ਰਾਹੀਂ ਆਉਣ ਦਾ ਵਿਚਾਰ ਬਣਾ ਕੇ, ਜਥੇ ਨਾਲ਼ ਜਾਣ ਵਾਂਗ ਹੀ ਮੈਂ ਪੰਗਾ ਜਿਹਾ ਲੈ ਲਿਆ।
ਦੋਹਾਂ ਦੇਸਾਂ ਦੇ ਕਸਟਮ ਤੇ ਇਮੀਗ੍ਰੇਸ਼ਨ ਵਾਲ਼ਿਆਂ ਨੇ ਪੁੱਛਣਾ ਕਿ ਮੈ ਬੱਸ ਰਾਹੀਂ ਆਇਆ ਹਾਂ ਜਾਂ ਕਿ
ਵੱਖਰਾ। ਮੇਰੇ ਬੱਸ ਰਾਹੀਂ ਆਇਆ ਦੱਸਣ ਤੇ ਉਹਨਾਂ ਨੇ ਮੈਨੂੰ ਵੀ ਬਾਕੀ ਸਵਾਰੀਆਂ ਵਿੱਚ ਸ਼ਾਮਲ ਕਰ
ਲੈਣਾ ਤੇ ਇਸ ਤਰ੍ਹਾਂ ਬੇਲੋੜੀ ਦੇਰੀ ਦਾ ਕਾਰਨ ਬਣਨਾ। ਫਿਰ ਹੋਰ ਵੀ ਇੱਕ ਅਣਚਾਹੀ ਗੱਲ ਹੋਈ ਕਿ ਇੱਕ
ਸੱਜਣ ਨੇ ਕੁੱਝ ਤੇਲ ਜਿਹੇ ਦੀਆਂ ਬੋਤਲਾਂ ਆਪਣੇ ਨਾਲ਼ ਚੁੱਕ ਲਈਆਂ। ਉਹਨਾਂ ਨੂੰ ਪਹਿਲਾਂ ਤਾਂ ਮੇਰੀ
ਸੀਟ ਦੇ ਮੋਹਰੇ ਪੈਰਾਂ ਵਾਲ਼ੀ ਖਾਲੀ ਥਾਂ ਤੇ ਟਿਕਾ ਦਿਤਾ। ਮੈ ਕੁੱਝ ਨਾ ਆਖਿਆ। ਫਿਰ ਕੁੱਝ ਸਮੇ
ਪਿਛੋਂ ਰਾਹ ਵਿੱਚ ਆਖਣ ਲੱਗਾ ਕਿ ਇਹ ਫਲਾਣੇ ਸੰਤਾਂ ਵਾਸਤੇ ਸਪੈਸ਼ਲ ਤੇਲ ਹੈ ਤੇ ਇਹ ਤੁਹਾਡੇ ਨਾਂ ਤੇ
ਹੀ ਖੜਨਾ ਹੈ। ਬੇਲੋੜੀ ਲਿਹਾਜੂ ਬਿਰਤੀ ਦਾ ਹੋਣ ਕਰਕੇ ਮੈ ਝੇਂਪ ਜਿਹੀ ਵਿਚ, ਨਾ ਚਾਹੁੰਦਿਆਂ ਹੋਇਆਂ
ਵੀ, ਉਸ ਨੂੰ ਨਾਂਹ ਨਾ ਕਰ ਸਕਿਆ ਪਰ ਅੰਦਰੋਂ ਮੈ ਇਸ ਗੱਲ ਤੇ ਖ਼ੁਸ਼ ਨਹੀ ਸਾਂ। ਸੋਚਦਾ ਸਾਂ ਕਿ ਜੇ
ਇਹ ਕੋਈ ਗ਼ਲਤ ਚੀਜ ਨਹੀਂ ਤਾਂ ਉਹ ਮੇਰੇ ਨਾਲ਼ੋਂ ਕਿਤੇ ਵਧ ਰਸੂਖ਼ ਦਾ ਮਾਲਕ ਹੈ, ਉਹ ਖ਼ੁਦ ਕਿਉਂ ਨਹੀ
ਇਹਨਾਂ ਬੋਤਲਾਂ ਦਾ ਵਾਰਸ ਬਣ ਕੇ ਆਪਣੇ ਨਾਂ ਹੇਠ ਲਿਜਾਂਦਾ! ਮੈਂ ਹਮੇਸ਼ਾਂ ਹੀ ਦੂਜਿਆਂ ਨੂੰ ਇਹ
ਮੱਤਾਂ ਦਿੰਦਾ ਰਹਿੰਦਾ ਹਾਂ ਕਿ ਇੱਕ ਦੇਸ਼ ਤੋਂ ਦੂਜੇ ਦੇਸ਼ ਵਿੱਚ ਦਾਖਲ ਹੋਣ ਸਮੇ ਕਿਸੇ ਦੀ ਕੋਈ ਚੀਜ
ਆਪਣੇ `ਚ ਹੱਥ ਨਹੀ ਫੜਨੀ ਪਰ ਆਪਣੇ ਅਜਿਹੇ ਸਮੇ ਮੈਨੂੰ ਕਿਸੇ ਨੂੰ ਨਾਂਹ ਕਰਨ ਦਾ ਚੇਤਾ ਹੀ ਭੁੱਲ
ਜਾਂਦਾ ਹੈ। ਸ਼ਾਇਦ ਉਸ ਸੱਜਣ ਦੀ ਮੇਰੇ ਬਾਰੇ ਵਿਅੰਗ ਵਿੱਚ ਆਖੀ ਇਹ ਗੱਲ ਸਹੀ ਹੀ ਹੋਵੇ! ਗੱਲ ਇਹ
ਇਉਂ ਹੋਈ ਕਿ ਕੁੱਝ ਸਾਲ ਪਹਿਲਾਂ ਇੱਕ ਸੂਝਵਾਨ ਸੱਜਣ ਮੇਰੇ ਮੋਢਿਆਂ ਉਤੋਂ ਦੀ ਬਾਂਹ ਵਲ਼ਾ ਕੇ ਤੇ
ਥੋਹੜਾ ਜਿਹਾ ਇੱਕ ਪਾਸੇ ਨੂੰ ਕਰਕੇ ਆਖਣ ਲੱਗਾ, “ਆਓ ਗਿਆਨੀ ਜੀ ਸਾਨੂੰ ਕੋਈ ਅਕਲ ਦੀ ਗੱਲ ਦੱਸੋ।”
ਕੁੱਝ ਦੂਰੀ ਤੇ ਖਲੋਤਾ ਉਸ ਦਾ ਇੱਕ ਹੋਰ ਸਿਆਣਾ ਸਾਥੀ ਆਖਣ ਲੱਗਾ, “ਚਾਲੀ ਸਾਲ ਹੋ ਗਏ ਗਿਆਨੀ ਜੀ
ਨੂੰ ਅਕਲ ਵੰਡਦਿਆਂ; ਇਹਨਾਂ ਕੋਲ਼ ਬਚੀ ਆ!” ਗੱਲ ਵਿੱਚ ਕੁੱਝ ਸਚਾਈ ਲੱਗਦੀ ਹੈ ਕਿ ਲੋਕਾਂ ਨੂੰ
ਨਸੀਹਤਾਂ ਦੇਣ ਵਾਲਾ ਆਪ ਮੈ ਕਈ ਵਾਰ ਅਜਿਹੇ ‘ਭੰਬਲ਼ਭੂਸੇ’ ਜਿਹੇ ਵਿੱਚ ਫਸ ਚੁਕਾ ਹਾਂ। ਦੀਵਾ
ਦੂਜਿਆਂ ਨੂੰ ਤਾਂ ਭਾਵੇਂ ਚਾਨਣਾ ਰਾਹ ਵਿਖਾ ਦਿੰਦਾ ਹੈ ਪਰ ਉਸ ਦੇ ਆਪਣੇ ਚਰਨਾਂ ਵਿੱਚ ਹਨੇਰਾ ਹੀ
ਰਹਿੰਦਾ ਹੈ। ਇਹ ਵੱਖਰੀ ਗੱਲ ਹੈ ਕਿ ਰੱਬ ਦੀ ਰਹਿਮਤ ਸਦਕਾ ਅਜੇ ਤੱਕ ਇਸ ਪੱਖੋਂ ਮੈਨੂੰ ਕੋਈ
ਸਮੱਸਿਆ ਨਹੀ ਆਈ ਪਰ ਕੀ ਪਤਾ ਕਦੋਂ ਕਿਥੇ ਕੀ ਹੋ ਜਾਵੇ! ਰੱਬ ਤੇ ਭਰੋਸਾ ਹੋਣਾ ਤਾਂ ਚੰਗੀ ਗੱਲ ਹੈ
ਪਰ ਉਸ ਨੂੰ ਵੀ ਏਨੀ ਖੇਚਲ਼ ਨਹੀ ਦੇਣੀ ਚਾਹੀਦੀ। ਉਸ ਨੂੰ ਹੋਰ ਵੀ ਬਹੁਤ ਕੰਮ ਹਨ; ਉਹ ਕੇਵਲ ਸਾਡੇ
ਲਈ ਹੀ ਨਹੀ ਵੇਹਲਾ ਬੈਠਾ। ਉਸ ਦੇ ਦਿਤੇ ਦਿਮਾਗ ਕੋਲ਼ੋਂ ਵੀ ਕੰਮ ਲੈ ਲੈਣਾ ਚਾਹੀਦਾ ਹੈ।
ਅੰਮ੍ਰਿਤਸਰ ਆ ਕੇ ਫਿਰ ਕਿਤਾਬਾਂ ਦੀ ਛਪਵਾਈ ਵਾਲ਼ੇ ਪਾਸੇ ਹੋਇਆ। ‘ਬਾਤਾਂ ਬੀਤੇ ਦੀਆਂ’ ਦੇ
ਅੰਗ੍ਰੇਜ਼ੀ ਤਰਜਮੇ ਨੂੰ ਸ. ਗੁਰਸਾਗਰ ਸਿੰਘ ਹੋਰਾਂ ਨੇ ਹੋਰ ਸੁਧਾਈ ਦੀ ਲੋੜ ਦੱਸੀ। ਇਹ ਪੌਣੇ ਪੰਜ
ਸੌ ਪੰਨੇ ਦੀ ਕਿਤਾਬ ਮੈ ਖ਼ੁਦ ਹੀ ਅੰਗ੍ਰੇਜ਼ੀ ਵਿੱਚ ਟਾਈਪ ਕੀਤੀ ਸੀ ਤੇ ਇਸ ਲਈ ਇਸ ਵਿੱਚ ਗ਼ਲਤੀਆਂ ਆਮ
ਨਾਲ਼ੋਂ ਵਧ ਹੀ ਰਹਿ ਗਈਆਂ ਸਨ ਤੇ ਫਿਰ ਮੈ ਟਾਈਪ ਕੀਤੇ ਨੂੰ ਪੜ੍ਹ ਕੇ ਸੋਧਣ ਤੋਂ ਵੀ ਘੇਸਲ਼ ਮਾਰ
ਛੱਡੀ। ਇਸ ਲਈ ਇਹ ਕਾਰਜ ਅੱਗੇ ਤੇ ਪੈ ਗਿਆ। ਪੁਜਲਾਂ ਛਪੀਆਂ ਦੋ ਕਿਤਾਬਾਂ ਦੀਆਂ ਕੁੱਝ ਸੈਂਕੜੇ
ਕਾਪੀਆਂ ਪ੍ਰਕਾਸ਼ਕਾਂ ਕੋਲ਼ ਪਈਆਂ ਹੋਈਆਂ ਮਿਲ਼ ਜਾਣ ਕਰਕੇ, ਉਹਨਾਂ ਦੀਆਂ ਹੋਰ ਐਡੀਸ਼ਨਾਂ ਨੂੰ ਛਾਪਣ
ਵਾਲਾ ਕੰਮ ਵੀ ਅੱਗੇ ਤੇ ਪਾ ਲਿਆ। ਹਾਂ, ਪੰਜਵੀਂ ਕਿਤਾਬ ‘ਜੋ ਵੇਖਿਆ ਸੋ ਆਖਿਆ’ ਦੀ ਵਧਾਈ ਹੋਈ
ਦੂਜੀ ਐਡੀਸ਼ਨ ਸ. ਗੁਰਸਾਗਰ ਸਿੰਘ ਨੇ ਛਾਪ ਦਿਤੀ। ਪੰਜਾਬ ਭਾਸ਼ਾ ਵਿਭਾਗ ਅੰਮ੍ਰਿਤਸਰ ਦੇ ਇਨਚਾਰਜ
ਡਾਕਟਰ ਮੱਟੂ ਜੀ ਦੇ ਉਦਮ ਨਾਲ਼, ਵਿਰਸਾ ਵਿਹਾਰ ਵਿੱਚ ਇਸ ਕਿਤਾਬ ਨੂੰ, ਆਪਣੇ ਰੂਬਰੂ ਸਮਾਗਮ ਸਮੇ,
ਪ੍ਰਬੁਧ ਸਾਹਿਤਕਾਰਾਂ ਦੀ ਇੱਕਤਰਤਾ ਵਿੱਚ ਪਾਠਕਾਂ ਦੀ ਸੇਵਾ ਵਿੱਚ ਪੇਸ਼ ਕਰ ਦਿਤਾ ਗਿਆ।
ਇਕ ਦਿਨ ਦੂਰ ਦਰਸ਼ਨ ਤੇ ਵੀ ‘ਨਾਲ਼ੇ ਗੱਲਾਂ ਨਾਲ਼ੇ ਗੀਤ’ ਪ੍ਰੋਗਰਾਮ ਵਿੱਚ ਹਾਜਰੀ ਭਰ ਆਇਆ। ਤਿੰਨ ਦਿਨ
ਪਟਿਆਲੇ ਯੂਨੀਵਰਸਿਟੀ ਵਿੱਚ ਸੈਮੀਨਾਰਾਂ ਦਾ ਰੌਣਕ ਮੇਲਾ ਵੇਖਿਆ। ਨਾਲ ਹੀ ਸ. ਜਗਜੀਤ ਸਿੰਘ ਦਰਦੀ
ਹੋਰਾਂ ਨੇ ਆਪਣੇ `ਚੜ੍ਹਦੀਕਲਾ ਟਾਈਮ ਟੀ. ਵੀ.’ ਤੇ ਇੰਟਰਵਿਊ ਪ੍ਰਸਾਰਤ ਕਰ ਦਿਤੀ। ਇੱਕ ਦਿਨ ਸੁਘੜ
ਹੋਸਟ ਸਰਦਾਰ ਟਿਵਾਣਾ ਜੀ ਅਤੇ ਦੂਸਰੀ ਵਾਰ ਸੋਮ ਸਹੋਤਾ ਜੀ ਨਾਲ਼ ਕੀਤੀ ਗਈ ਇੰਟਰਵਿਊ, ਦੋ ਵਾਰੀਂ
ਹਰਮਨ ਰੇਡੀਓ ਪਟਿਆਲਾ ਤੋਂ ਵੀ, ਦੁਨੀਆ ਭਰ ਵਿੱਚ ਵਸਦੇ ਇਸ ਦੇ ਸ੍ਰੋਤਿਆਂ ਦੇ ਸਨਮੁਖ ਹੋ ਗਈਆਂ।
ਬਹਾਦਰਗੜ੍ਹ ਵਿੱਚ ਸਰਦਾਰ ਟੌਹੜਾ ਜੀ ਦੀ ਯਾਦ ਵਿੱਚ ਬਣੇ ਗੁਰਮਤਿ ਇਨਸਟੀਚਿਊਟ ਵਿਚ, ਇਸ ਦੀ
ਡਾਇਰੈਕਟਰ ਬੀਬੀ ਡਾ. ਰਾਜਿੰਦਰਜੀਤ ਕੌਰ ਢੀਂਡਸਾ ਹੋਰਾਂ ਦੇ ਉਦਮ ਸਦਕਾ, ਵਿਦਿਆਰਥੀਆਂ ਅਤੇ ਸਟਾਫ਼
ਨਾਲ ਵਿਚਾਰ ਵਟਾਂਦਰਾ ਹੋਇਆ। ਓਥੋਂ ਹੀ ਪ੍ਰੋ ਫੂਲ ਚੰਦ ਮਾਨਵ ਜੀ ਵੱਲੋਂ ਰਚੇ ਗਏ, ‘ਸਾਹਿਤ ਸੰਗਮ
ਜ਼ੀਰਕਪੁਰ’ ਦੀ ਸਰਪ੍ਰਸਤੀ ਹੇਠ, ਕੰਫ਼ਰਟ ਬੈਂਕੁਇਟ ਹਾਲ਼ ਵਿੱਚ ਹਾਜਰੀ ਭਰੀ ਅਤੇ ਸਨਮਾਨ ਪਰਾਪਤ ਕੀਤਾ।
ਕੁਝ ਹੋਰ ਸਮਾ ਪੰਜਾਬ ਵਿੱਚ ਵਿਚਰਨ ਦਾ ਵਿਚਾਰ ਸੀ ਪਰ ਇੱਕ ਜਰੂਰੀ ਪਰਵਾਰਕ ਕਾਰਜ ਕਾਰਨ ਇੱਕ ਦਮ
ਵਾਪਸੀ ਚਾਲੇ ਪਾਉਣੇ ਪੈ ਗਏ। ਨੌ ਜੂਨ ਸ਼ਾਮ ਦੀ ਸ਼ਤਾਬਦੀ ਦੀ ਟਿਕਟ ਤਾਂ, ਇਨਫ਼ਰਮੇਸ਼ਨ ਦਫ਼ਤਰ ਵਾਲ਼ੇ
ਨੌਜਵਾਨਾਂ ਦੇ ਰਸੂਖ਼ ਨਾਲ, ੪੧੦ ਰੁਪਏ ਦੀ ਮਿਲ਼ ਗਈ ਪਰ ਵੇਟਿੰਗ ਲਿਸਟ ਵਿੱਚ ੭੪ਵਾਂ ਸਥਾਨ ਸੀ। ਖੈਰ,
ਮੈ ਇਸ ਗੱਲ ਦੀ ਪਰਵਾਹ ਕੀਤਿਆਂ ਹੀ ਗੱਡੀ ਚੜ੍ਹ ਗਿਆ। ਰਾਹ ਵਿੱਚ ਟੀ. ਟੀ. ਨਾਲ਼ ਗੱਲ ਕੀਤੀ। ਉਸ ਨੇ
ਆਖਿਆ ਕਿ ਲੁਧਿਆਣੇ ਤੱਕ ਸੀਟਾਂ ਖਾਲੀ ਨੇ; ਬੈਠ ਜਾਓ। ਲੁਧਿਆਣੇ ਤੋਂ ਅਗਾਂਹ, “ਅੱਗੇ ਤੇਰੇ ਭਾਗ
ਲੱਛੀਏ। “ਲੁਧਿਆਣੇ ਤੋਂ ਅੱਗੇ ਵੀ ਗੱਡੀ ਦੇ ਨਾਲ਼ ਡਿਊਟੀ ਤੇ ਜਾ ਰਹੇ ਪੁਲੀਸਮੈਨ ਰਾਹੀਂ ‘ਜੁਗਾੜ’
ਲਾਇਆਂ ਸੀਟ ਪ੍ਰਾਪਤ ਹੋ ਗਈ।
ਨਵੀਂ ਦਿੱਲੀ ਸਟੇਸ਼ਨ ਤੇ ਪਹੁੰਚ ਕੇ ਕੁੱਲੀ ਨੂੰ ਕਿਤਾਬਾਂ ਵਾਲਾ ਬਕਸਾ ਚੁਕਵਾਇਆ ਤੇ ਪਲੇਟ ਫਾਰਮ
ਤੋਂ ਹੀ ਇੱਕ ਟੈਕਸੀ ਵਾਲਾ ਨਾਲ਼ ਚੰਬੜ ਗਿਆ। ਉਸ ਨੇ ਖਹਿੜਾ ਹੀ ਨਹੀ ਛੱਡਿਆ। ਜਿਥੇ ੮੦ ਰੁਪਏ ਵਿੱਚ
ਮੈਟਰੋ ਨੇ ਏਅਰ ਪੋਰਟ ਤੇ ਲੈ ਜਾਣਾ ਸੀ ਓਥੇ ਚਾਰ ਸੌ `ਚ ਗੱਲ ਕਰਕੇ ਉਸ ਨੇ ਮੈਨੂੰ ਲੱਦ ਲਿਆ। ਓਥੇ
ਜਾ ਕੇ ਉਹ ਜਿਦ ਪੈ ਗਿਆ ਕਿ ਚਾਰ ਸੌ ਨਹੀ ਛੇ ਸੌ `ਚ ਗੱਲ ਹੋਈ ਸੀ। ਮੈਨੂੰ ਇਹ ਗੱਲ ਚੁਭੀ ਤਾਂ
ਵਾਹਵਾ ਪਰ ਮੈਂ ਛੇ ਸੌ ਹੀ ਉਸ ਦੇ ਮੱਥੇ ਮਾਰਿਆ। ਜਿਥੇ ਅੰਮ੍ਰਿਤਸਰੋਂ ਦਿੱਲੀ ਤੱਕ ਸੇਵਾ ਛੇ ਘੰਟੇ
ਦਾ ਹੂਟਾ ਮੈ ਚਾਰ ਸੌ ਦਸ `ਚ ਲਿਆ ਓਥੇ ਸਟੇਸ਼ਨ ਤੋਂ ਹਵਾਈ ਅੱਡੇ ਤੱਕ ਹੀ, ੧੧੫ ਕੁਲੀ ਦੇ ਤੇ ਛੇ ਸੌ
ਟੈਕਸੀ ਦੇ, ਕੁੱਲ ੭੧੫ ਲੱਗ ਗਏ। ਠੀਕ ਹੈ ਕਿ ਜਦੋਂ ਅਸੀਂ ਡਾਲਰਾਂ ਵਿੱਚ ਗਿਣੀਏ ਤਾਂ ਇਹ ਰਕਮ
ਨਿਗੁਣੀ ਹੀ ਲੱਗਦੀ ਹੈ ਪਰ ‘ਲੁੱਟ’ ਚੁਭਦੀ ਤਾਂ ਹੈ ਹੀ।
ਦਿੱਲੀਉਂ, ਆਸ ਤੋਂ ਉਲਟ, ਕੈਥੀ ਪੈਸਫਿਕਿ ਏਅਰ ਲਾਈਨ ਦੇ ਨੌਜਵਾਨ ਭਾਰਤੀ ਸਟਾਫ਼ ਨੇ ਹੱਦੋਂ ਵਧ
ਚੰਗਾ ਵਰਤਾ ਕੀਤਾ। ਅਧੀ ਰਾਤ ਤੋਂ ਪਿੱਛੋਂ ੧. ੧੦ ਵਜੇ ਵਾਲ਼ੀ ਫਲਾਈਟ ਤੇ ਮੈਨੂੰ ਸੀਟ ਦੇ ਦਿਤੀ।
ਇਕਾਨਮੀ ਕਲਾਸ ਦੀ ਬਜਾਇ ਮੈਨੂੰ ਬਿਜ਼ਨਿਸ ਕਲਾਸ ਵਿੱਚ ਬੈਠਾਇਆ। ਪਹਿਲਾਂ ਦੇ ਗਿਝੇ ਹੋਏ ਨੇ ਮੈ
ਸੋਚਿਆ ਕਿ ਏਥੇ ਵਾਹਵਾ ਸੇਵਾ ਹੋਵੇਗੀ। ਬੈਠਦਿਆਂ ਹੀ ਏਅਰ ਹੋਸਟੈਸ ਟਰੇ ਵਿੱਚ ਤਿੰਨ ਗਲਾਸ ਰੱਖ ਕੇ
ਲੈ ਆਈ। ਇੱਕ ਪਾਣੀ ਦਾ, ਇੱਕ ਜੂਸ ਦਾ ਤੇ ਇੱਕ ਵਾਈਨ ਦਾ। ਮੈ ਜੂਸ ਦਾ ਗਲਾਸ ਚੁੱਕ ਕੇ ਪੀ ਲਿਆ ਤੇ
ਫਿਰ ਮੈਨੂੰ ਨੀਂਦ ਆ ਗਈ ਕਿਉਂਕਿ ਸਵੇਰ ਦੇ ਦੋ ਕੁ ਵੱਜ ਚੁੱਕੇ ਸਨ। ਅਗਲੀ ਸਵੇਰ ਦੇ ੯ ਵਜੇ ਓਦੋਂ
ਹੀ ਪਤਾ ਲਗਾ ਜਦੋਂ ਜਹਾਜ ਹਾਂਗ ਕਾਂਗ ਉਤਰਨ ਲਈ ਤਿਆਰੇ ਕੱਸ ਰਿਹਾ ਸੀ। ਉਡਾਣ ਸਮੇ ਆਮ ਵਾਗ ਹੀ
ਮੈਨੂੰ ਸੁੱਤਾ ਵੇਖ ਕੇ ਉਹਨਾਂ ਨੇ ਕੁੱਝ ਖਾਣ ਪੀਣ ਲਈ ਨਾ ਉਠਾਇਆ। ਜੇ ਸਵਾਰੀ ਸੁੱਤੀ ਹੋਈ ਹੋਵੇ
ਤਾਂ ਜਹਾਜ ਵਾਲੇ ਉਸ ਨੂੰ ਖਾਣ ਪੀਣ ਲਈ ਨਹੀ ਉਠਾਉਂਦੇ।
ਹਾਂਗ ਕਾਂਗ ਤੋਂ ਅਗਲਾ ਜਹਾਜ ਕਾਂਟਾਜ਼ (QANTAS)
ਦਾ ਸਿਡਨੀ ਨੂੰ ਰਾਤ ਦੇ ਅੱਠ ਵਜੇ ਚੱਲਣਾ ਸੀ। ਇਸ ਦੌਰਾਨ ਯਾਰਾਂ ਘੰਟੇ ਹਵਾਈ ਅੱਡੇ ਤੇ ਹੀ
ਗੁਜਾਰਨੇ ਸਨ। ਅਜਿਹੀਆਂ ਉਡੀਕਾਂ ਤਾਂ ਮੇਰੇ ਲਈ ਆਮ ਹੀ ਗੱਲ ਹੈ ਤੇ ਇਸ ਬਾਰੇ ਮੈਂ ਕਦੀ ਕਾਹਲ਼ਾ ਨਹੀ
ਪਿਆ। ਸ਼ਤਾਬਦੀ ਵਿਚਲੀ ਰਾਤ ਦੀ ਰੋਟੀ ਵਿਚੋਂ ਚੌਲ਼ਾਂ ਦੀਆਂ ਚਾਰ ਕੁ ਬੁਰਕੀਆਂ ਹੀ ਨਿਗਲ਼ੀਆਂ ਹੋਈਆਂ
ਸਨ ਤੇ ਜਹਾਜ ਵਿੱਚ ਸੁੱਤਾ ਰਹਿ ਜਾਣ ਕਰਕੇ ਕੁੱਝ ਨਾ ਮਿਲ਼ਿਆ। ਸ਼ਤਾਬਦੀ ਦੀ ਰੋਟੀ ਵਿਚੋਂ ਦੋ ਫੁਲਕੇ
ਮੈਂ ਬਚਾ ਕੇ ਹੈਂਡ ਬੈਗ ਵਿੱਚ ਪਾ ਰੱਖੇ ਸਨ ਪਰ ਬੈਗ ਦੀ ਮੇਰੇ ਕੋਲ਼ੋਂ ਹੁਣ ਜ਼ਿੱਪ ਨਾ ਖੁਲ੍ਹੇ।
ਸਾਰਾ ਜੋਰ ਲਾਉਣ ਪਿੱਛੋਂ ਮੈ ਪਹਿਰੇ ਉਪਰ ਖਲੋਤੇ ਪੁਲੀਸਮੈਨ ਨੂੰ ਸਹਾਇਤਾ ਲਈ ਪੁਕਾਰਿਆ। ਉਹ ਵੀ
ਜੋਰ ਲਾ ਹਟਿਆ। ਫਿਰ ਮੈ ਉਸ ਨੂੰ ਜ਼ਿੱਪ ਤੋੜ ਸੁੱਟਣ ਲਈ ਆਖ ਦਿਤਾ। ਉਸ ਨੇ ਲਾਗਲੀ ਦੁਕਾਨਦਾਰਨ
ਕੋਲ਼ੋਂ ਕੋਈ ਔਜ਼ਾਰ ਫੜਿਆ ਤੇ ਮੇਰਾ ਬੈਗ ਦੋਫਾੜ ਕਰ ਸੁੱਟਿਆ। ਖੈਰ, ਫੁਲਕੇ ਤਾਂ ਮੈਂ ਕਢ ਕੇ ਖਾ ਲਏ
ਤੇ ਕਾਫੀ ਦਾ ਕੱਪ ਵੀ ਆਸਟ੍ਰੇਲੀਅਨ ਡਾਲਰ ਤੁੜਾ ਕੇ ਦੁਕਾਨੋਂ ਪੀ ਲਿਆ। ਹਾਲਾਂਕਿ ਪਿਛਲੀਆਂ
ਯਾਤਰਾਵਾਂ ਸਮੇ ਦੇ ਹਾਂਗ ਕਾਂਗ ਦੇ ਕੁੱਝ ਡਾਲਰ ਮੇਰੇ ਕੋਲ਼ ਪਏ ਹੋਏ ਵੀ ਸਨ ਪਰ ਉਹਨਾਂ ਦਾ ਮੈਨੂੰ
ਚੇਤਾ ਹੀ ਭੁੱਲ ਗਿਆ ਸੀ। ਹੁਣ ਸਮੱਸਿਆ ਹੋਈ ਕਿ ਬੈਗ ਦਾ ਮੂੰਹ ਕਿਵੇਂ ਬੰਦ ਕੀਤਾ ਜਾਵੇ। ਸੋਚ ਸਾਚ
ਕੇ ਉਸ ਦਾ ਹੱਲ ਇਹ ਕਢਿਆ ਕਿ ਆਪਣਾ ਪਜਾਮਾ ਉਸ ਦੇ ਦੁਆਲ਼ੇ ਵਲ਼੍ਹੇਟ ਕੇ ਗੰਢ ਮਾਰ ਲਈ। ਦੁਪਹਿਰ
ਪਿੱਛੋਂ ਪਤਾ ਲੱਗਾ ਕਿ ਸਿਡਨੀ ਦੀ ਅੱਠ ਵਜੇ ਵਾਲੀ ਫਲਾਈਟ ਕੈਂਸਲ ਹੋ ਗਈ ਹੈ ਤੇ ਹੁਣ ਰਾਤ ਦੇ ੧੧.
੩੦ ਵਜੇ ਅਗਲੀ ਫਲਾਈਟ ਜਾਣੀ ਹੈ। ਮੈ ਇਹ ਸੋਚ ਕੇ ਕਿ ਦੋ ਫਲਾਈਟਾਂ ਦੇ ਯਾਤਰੂਆਂ ਦੀ ਭੀੜ ਵਿੱਚ
ਮੈਨੂੰ ਥਾਂ ਮਿਲਣੀ ਮੁਸ਼ਕਲ ਹੈ ਕਿਉਂਕਿ ਮੇਰੀ ਟਿਕਟ ਓ. ਕੇ. ਨਹੀ ਸੀ। ਮੇਰੀ ਵਾਰੀ ਓਸੇ ਸੂਰਤ ਵਿੱਚ
ਆਉਣੀ ਸੀ ਜੇਕਰ ਦੂਜੇ ਯਾਤਰੂਆਂ ਤੋਂ ਕੋਈ ਸੀਟ ਬਚੀ ਰਹਿ ਜਾਂਦੀ। ਮੈ ਰਾਤ ਦੇ ੧੧ ਵਜੇ ਪਰਥ ਵਾਲ਼ੇ
ਜਹਾਜ ਤੇ ਜਾਣ ਦਾ ਵਿਚਾਰ ਬਣਾ ਲਿਆ। ਉਹ ਜਹਾਜ ਰਾਤ ਨੂੰ ੧੧ ਵਜੇ ਚੱਲਿਆ। ਇਸ ਤਰ੍ਹਾਂ ਚੌਦਾਂ ਘੰਟੇ
ਹਾਂਗ ਕਾਂਗ ਹਵਾਈ ਅੱਡੇ ਤੇ ਬਿਤਾਉਣ ਪਿੱਛੋਂ, ਇਹ ਜਹਾਜ ੧੧ ਜੂਨ ਸਵੇਰੇ ਸੱਤ ਵਜੇ ਮੈਨੂੰ
ਆਸਟ੍ਰੇਲੀਆ ਦੇ ਪੱਛਮੀ ਕਿਨਾਰੇ ਉਪਰ ਮੌਜੂਦ ਸ਼ਹਿਰ, ਪਰਥ ਲੈ ਆਇਆ। ਜਾਣਾ ਤਾਂ ਭਾਵੇਂ ਮੈਂ ਪੂਰਬੀ
ਕਿਨਾਰੇ ਉਪਰਲੇ ਸ਼ਹਿਰ ਸਿਡਨੀ ਵਿੱਚ ਸੀ। ਇੱਕ ਹਰਿਆਣਵੀ ਨੌਜਵਾਨ ਦਵਿੰਦਰ ਨੇ ਹਵਾਈ ਅੱਡੇ ਤੋਂ ਚੁੱਕ
ਕੇ, ਮੈਨੂੰ ਬੇਸ ਵਾਟਰ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ, ਭਾਈ ਜਸਵਿੰਦਰ ਸਿੰਘ ਹੋਰਾਂ ਕੋਲ਼
ਪੁਚਾ ਦਿਤਾ। ਭਾਈ ਜਸਵਿੰਦਰ ਸਿੰਘ ਜੀ ਹੋਰਾਂ ਦੇ ਪਰਵਾਰ ਵਿੱਚ ਮੈ ਦਸ ਦਿਨ ਰਿਹਾ ਜਿਥੇ ਉਹਨਾਂ ਦੇ
ਸਾਰੇ ਪਰਵਾਰ ਨੇ ਮੇਰੇ ਸੇਵਾ ਸਤਿਕਾਰ ਵਿੱਚ ਕੋਈ ਕਸਰ ਨਾ ਰਹਿਣ ਦਿਤੀ। ਸ੍ਰੀ ਗੁਰੂ ਅਰਜਨ ਦੇਵ ਜੀ
ਦੇ ਸ਼ਹੀਦੀ ਗੁਰਪੁਰਬ ਸਮੇ ਏਸੇ ਗੁਰਦੁਆਰਾ ਸਾਹਿਬ ਵਿਖੇ ਹਾਜਰੀ ਭਰੀ। ਇਸ ਦੌਰਾਨ ਕੁੱਝ ਨਾਲ਼
ਲਿਆਂਦੀਆਂ ਕਿਤਾਬਾਂ ਵੀ ਮੈਂ ਪਾਠਕਾਂ ਦੇ ਹੱਥਾਂ ਤੱਕ ਪੁਜਦੀਆਂ ਕਰਨ ਵਿੱਚ ਸਫ਼ਲ ਹੋ ਗਿਆ। ਫਿਰ
ਏਥੋਂ ਜੈਟ ਸਟਾਰ ਦੀ ਇੱਕ ਹੋਰ ਟਿਕਟ ਲੈ ਕੇ ਸਿਡਨੀ ਪਹੁੰਚ ਗਿਆ।
ਇਉਂ ਮੇਰੀ ਇਸ ਪਾਕਿਸਤਾਨ ਅਤੇ ਭਾਰਤੀ ਪੰਜਾਬ ਦੀ ਹੱਲਿਆਂ ਹੁੱਲਿਆਂ ਭਰਪੂਰ ਅਤੇ ਰੌਣਕ ਮੇਲੇ ਵਾਲ਼ੀ
ਚੌਥੀ ਯਾਤਰਾ ਦੀ ਸਮਾਪਤੀ ਹੋਈ।