.

ਦਹੀਂ ਵਿੱਚ ਜ਼ਹਿਰ, ਘਰ ਦਾ ਕੁੱਤਾ ਉਪੇਦਸ਼ਕ, ਬੂਕੁੰਠ ਗਮਨ?

ਭਰਾਤਾ ਪ੍ਰਿਥੀ ਚੰਦ ਦੁਸ਼ਮਨੀ ਕਰਨ ਵਿੱਚ ਨੰਗਾ ਹੋ ਤੁਰਿਆ

ਉਪਰੋਕਤ ਵਰਣਨ ਆਪਾਰ ਖ਼ੁਸ਼ੀਆਂ ਦੀ ਪ੍ਰਦਰਸ਼ਨੀ ਵਾਲਾ ਰੰਗ ਲਿਖਾਰੀ ਨੇ ਬੱਧਾ ਹੀ ਇਸੇ ਯੋਜਨਾ ਨਾਲ ਸੀ ਕਿ, ਉਹ ਬਾਬਾ ਪ੍ਰਿਥੀ ਚੰਦ ਨਾਲ ਪਈ ਘਰ ਵਿਚਲੀ ਫੁੱਟ ਦਾ ਕਾਰਨ ਸਤਿਗੁਰੁ ਜੀ ਦਾ ਹੋਛਾਪਨ ਸਿੱਧ ਕਰ ਸਕੇ। ਸੋ ਝਟ ਲਿਖ ਦਿੱਤਾ ਕਿ ਸ਼ਰੀਕਾ ਦੇ ਘਰ ਵਿਚਲੀਆਂ ਅਪਾਰ ਰੌਣਕਾਂ ਦੀ ਝਾਲ, ਸ਼ਰੀਕਾਂ ਕੋਲੋਂ ਨਾ ਝੱਲੀ ਗਈ ਸੋ:--

ਦੋਹਰਾ॥ ਹਰਿਗੁਵਿੰਦ ਬਿਖ ਦੀਜੀਐ ਪੀਸ ਦਹੀ ਵਿਚਿ ਪਾਇ।

ਭਾਵੀ ਵਸਿ ਦਿਜ ਮਾਨਯੋ ਲੋਭ ਲਹਰਿ ਡੁਬ ਜਾਇ॥ 153॥

ਜ਼ਹਿਰ ਰਲਿਆ ਦਹੀਂ ਸਾਹਿਬਜ਼ਾਦਾ ਜੀ ਨੂੰ ਖੁਆਲਣ-ਰੂਪ ਘੋਰ ਪਾਪ ਕਰਨ ਲਈ ਦਿਜ=ਬ੍ਰਾਹਮਣ ਤਿਆਰ ਹੋ ਗਿਆ। ਸਾਹਿਬਜ਼ਾਦਾ ਹਰਿਗੋਬਿੰਦ ਜੀ ਨੂੰ ਦਹੀ ਛਕਾਉਂਣ ਲਈ ਕੋਠੇ ਤੇ ਲੈ ਚੜ੍ਹਿਆ। ਪਰ ਜਦ ਬ੍ਰਾਹਮਣ ਨੇ ਦਹੀਂ ਸਾਹਿਬਜ਼ਾਦਾ ਜੀ ਦੇ ਮੁੱਖ ਵਿੱਚ ਪਾਉਣ ਦਾ ਯਤਨ ਕੀਤਾ ਤਾਂ ਬਾਲਕ ਹਰਿਗੋਬਿੰਦ ਜੀ ਨੇ ਹੱਥ ਨਾਲ ਚਿਮਚਾ ਪਰੇ ਕਰ ਦਿੱਤਾ। ਬ੍ਰਾਹਮਣ ਧੱਕਾ ਕਰਨ ਲੱਗਾ ਤਾਂ ਸਾਹਿਜ਼ਾਦਾ ਜੀ ਨੇ ਰੋਣਾ ਚੀਕਣਾ ਸ਼ੁਰੂ ਕਰ ਦਿੱਤਾ। ਸਤਿਗੁਰੂ ਜੀ ਨੇ ਸ਼ੋਰ ਸੁਣਿਆ, ਤਾਂ ਪਤਾ ਕਰਨ ਲਈ ਸਿੱਖ ਨੂੰ ਭੇਜਿਆ। ਉਹ ਬ੍ਰਾਹਮਣ ਸਮੇਤ ਦਹੀਂ ਆਦਿ ਸਭ ਕੁੱਝ ਸਤਿਗੁਰੂ ਜੀ ਦੇ ਕੋਲ ਲੈ ਆਇਆ। ਰੌਲੇ ਦਾ ਕਾਰਨ ਪੁੱਛਣ ਤੇ ਬ੍ਰਾਹਮਣ ਨੇ ਕਿਹਾ ਕਿ ਉਹ ਦਹੀ ਖਿਲਾਉਣ ਲੱਗਾ ਸੀ ਕਿ ਕਾਕਾ ਜੀ ਨੇ ਚੀਕਣਾ ਸ਼ੁਰੂ ਕਰ ਦਿੱਤਾ। ਸਤਿਗੁਰੂ ਜੀ ਨੇ ਉਹ ਦਹੀ ਘਰ ਦੇ ਕੁੱਤੇ ਅੱਗੇ ਰਖਿਆ ਤਾਂ --

(ੳ) ਸਰਮਾ ਕਹਯੋ ਮੋਹਿ ਕਿਉਂ ਦੇਵੋ। ਯਾ ਮਹਿ ਕਯਾ ਪ੍ਰਭ ਸੰਕ ਕਰੇਵੋ॥ 162॥

ਕੁਤਾ ਕਹਿਣ ਲੱਗਾ- ਪ੍ਰਭੂ ਨੂੰ ਕੀ ਸ਼ੱਕ ਪੈ ਗਿਆ, ਜੋ ਦਹੀ ਖਾਣ ਲਈ ਮੈਨੂੰ ਕਹਿ ਰਹੇ ਹੋ। 162. ਤਾਂ ਸਤਿਗੁਰਾਂ ਨੇ ਆਖਿਆ ਕਿ ਸ਼ੰਕਾ ਇਹ ਹੈ ਕਿ ਹਰਿਗੋਬਿੰਦ ਇਸ ਨੂੰ ਨਹੀ ਪੀ ਰਿਹਾ। ਕੁੱਤੇ ਨੇ ਦੱਸਿਆ ਕਿ ਇਸ ਵਿੱਚ ਜ਼ਹਿਰ ਹੈ ਹਰਿਗੋਬਿੰਦ ਜੀ ਇਸ ਕਾਰਨ ਨਹੀਂ ਪੀ ਰਿਹਾ। 163. ਅੱਗੇ ਲਿਖਾਰੀ ਦੀ ਬੋਲੀ ਵਿੱਚ ਹੀ ਪੜ੍ਹੋ-

(ਅ) ਮੈ ਜੇ ਪੀਵੋਂ ਅਬਿਗਤਿ ਜਾਵੋਂ। ਫਿਰਿ ਕਬ ਤੁਮਰੋ ਦਰਸ਼ਨ ਪਾਵੋਂ।

ਤੁਮਰੋ ਚਰਨ ਤੇ ਹੋਇ ਬਿਛੋਰਾ। ਤਾ ਤੇ ਮੈ ਨਹਿ ਜਾਵੋਂ ਨੇਰਾ॥ 164॥

(ੲ) ਦੋਹਰਾ॥ ਗੁਰ ਅਰਜਨ ਐਸੇ ਕਹਾ ਪੀਵਹੁ ਸ਼ੰਕ ਤਿਆਗਿ।

ਜਹ ਜਾਵਨ ਹਮ, ਤਹ ਚਲੋ, ਤੁਮ ਸਮ ਕੋ ਵਡਭਾਗ॥ 165॥

ਮਨੀ ਪੰਚਾਨਨ ਤਬ ਕਹਾ ਭਗਤ ਜਖ ਸੁਨਿ ਪ੍ਰੀਤਿ।

ਸ੍ਰੀ ਗੁਰ ਕੁ ਸਰਮਾ ਬਿਖੈ ਕਰਾਮਾਤ ਅਸ ਨੀਤ॥ 166॥

ਪਦ ਅਰਥ:-ਸ਼ੰਕ … =ਭਰਮ ਨੂੰ ਤਿਆਗ ਕੇ। ਸਮ … =ਤੇਰੇ ਸਮਾਨ ਹੋਰ ਕੌਣ ਵੱਡਿਆਂ ਭਾਗਾਂ ਵਾਲਾ ਹੋਵੇਗਾ। 165. ਮਨੀ ਪੰਚਾਨਨ=ਮਨੀ ਸਿੰਘ। ਅੰਮ੍ਰਿਤਧਾਰੀ ਬੰਦ ਬੰਦ ਕਟਾ ਕੇ ਸਨਮੁਖ ਸ਼ਹੀਦੀ ਪਾਉਣ ਵਾਲੇ ਦਸ਼ਮੇਸ਼ ਜੀ ਦੇ ਨਿਕਟ ਵਰਤੀ ਪੂਰਨ ਗਿਆਨਵਾਨ ਸਿਦਕੀ ਸਿੰਘ ਦਾ ਨਾਮ ਇੱਕ ਵਾਰੀ ਗਨਹੀਂ ਕਈ ਬਾਰ ਏਵ ਹੀ, ਇਹ ਕੁਟਲ ਲਿਖਾਰੀ, ਵਿਗਾੜ ਕੇ ਲਿਖ ਰਿਹਾ ਹੈ ਪਰ ਸੰਪਾਦਕ ਜੀ ਅਰਥ ਲਿਖਣ ਤੋਂ ਵੱਧ ਜ਼ਰਾ ਵੀ ਰੋਸ ਨਹੀਂ ਕਰ ਰਹੇ। ਜਖ=ਸਿੰਘ “ਦੇਵ ਕੁਲ ਦੈਤ ਕੁਲ ਜਖ੍ਯ੍ਯ ਕਿੰਨਰ ਨਰ ਸਾਗਰ ਉਤਰੇ ਪਾਰੇ॥” {1269} -9-13 ਸਿੰਘਾਂ ਦਾ ਨਾਮ ਵਿਗਾੜ ਕੇ ਲੈਣਾ? ਕੀ ਵੇਦਾਂਤੀ ਜੀ ਜੋਗਿੰਦਰ ਸ਼ੇਰ ਅਥਵਾ ਅਮਰਜੀਤ Lion ਅਖਵਾਉਣਾ ਝੱਲ ਲੈਣਗੇ ਜੀ। ਮਹਾਨ ਕੋਸ਼ ਸਫ਼ਾ-791 ਤੇ ਪੰਚਾਨਨ=ਪੰਜ ਹਨ ਜਿਸ ਦੇ ਆਨਨ (ਮੁਖ), ਭਾਵ ਸ਼ਿਵ। 2. ਸ਼ੇਰ। ਪੰਚ (ਵਿਸਤਾਰ) ਵਾਲਾ ਹੈ ਆਨਨ (ਮੁਖ) ਜਿਸ ਦਾ, ਅਥਵਾ-ਚਾਰ ਪੰਜੇ ਅਤੇ ਮੂੰਹ, ਇਹ ਪੰਜਹਨ ਆਨਨ ਜਿਸ ਦੇ। --ਅਰਥ:-ਗੁਰੂ ਅਰਜਨ (ਸਾਹਿਬ ਜੀ) ਨੇ ਆਖਿਆ ਕਿ, ਸ਼ੰਕਾ ਤਿਅਗ ਤੇ (ਜ਼ਹਿਰ ਵਾਲਾ ਦਹੀ) ਪੀ ਲੈ। ਤੇਰੇ ਤਾਂ ਸਗੋ ਬੜੇ ਵਡੇ ਭਾਗ ਹਨ, ਜਿੱਥੇ ਅਸਾਂ ਜਾਣਾ ਹੈ, ਤੂੰ (ਪਹਿਲਾਂ ਹੀ) ਉਥੇ ਜਾ ਰਿਹਾ ਹੈ। 165. ਮਨੀ ਸਿੰਘ ਨੇ ਭਗਤ ਸਿੰਘ ਨੂੰ ਆਖਿਆ ਕਿ ਪ੍ਰੀਤ ਨਾਲ ਸੁਣੀ ਜਾ, ਸ੍ਰੀ ਗੁਰੂ ਜੀ ਦੇ ਕੁਤਿਆਂ ਵਿੱਚ ਅਜੇਹੀਆਂ ਕਰਾਮਾਤਾ ਨਿਤ (ਵੇਖੀਆਂ ਜਾਂਦੀਆਂ ਸਨ)॥ 166॥

ਜ਼ਰੂਰੀ ਨੋਟ-

ਭਾਵੇ ਮਨੀ ਸਿੰਘ ਅਤੇ ਭਗਤ ਸਿੰਘ ਕਲਪਣਾ ਦੀ, ਉਪਜ ਕਹਾਣੀ ਦੇ ਪਾਤਰ ਹੀ ਹੋਣ, ਪਰ ਸਿੰਘ ਪਦ ਖ਼ਾਲਸੱਈ ਸ਼ਾਨ ਦਾ ਪ੍ਰਤੀਕ, ਗੁਰਮਖਾਂ ਦੇ ਨਾਉਂ ਦਾ ਹਿੱਸਾ ਹੈ। ਇਸ ਕਾਰਨ ‘ਸਿੰਘ’ ਪਦ ਦੀ ਥਾਂ ਸਿੰਘ ਹੋਰ ਕੋਈ ਵੀ ਲਫ਼ਜ਼ ਵਰਤਿਆ ਸਿੰਘ ਜੀ ਦੀ ਹੇਠੀ ਹੈ। ਭਾਵੇਂ ਅਰਥ ਕੁੱਝ ਵੀ ਹੋਵੇ, ਸਿੰਘ ਦੇ ਥਾਂ ਕੇਵਲ ਸਿੰਘ ਹੀ ਹੋਣਾ ਫੱਬਦਾ ਹੈ। ਕੀ, ਅਸੀਂ Amarjit Loin, Jogider Tiger Bibi Bhagvan loiness or Prncess ਲਿਖਣਾ ਪ੍ਰਵਾਨ ਕਰ ਲਵਾਂਗੇ? ਲ਼ਿਖਾਰੀ ਨੇ ਵਿਗਾੜ ਕੇ ਨਾਮ ਲਿਖਣੇ ਸ਼ੁਗ਼ਲ ਬਣਾਇਆ ਹੋਇਆ ਹੈ। ਸਗਿੁਰਾਂ ਸਮੇਂ ਅਤੇ ਉੱਦਮ ਦੀ ਬਖ਼ਸ਼ਸ਼ ਕੀਤੀ ਤਾਂ ਵਿਗਾੜੇ ਹੋਏ ਨਾਵਾਂ ਦਾ ਅੱਡਰਾ ਸੰਗ੍ਰਹਿ ਪਾਠਕਾਂ ਦੇ ਪੇਸ਼ ਕੀਤਾ ਜਾਵੇਗਾ। ਧੰਨ ਹੈ ਖ਼ਾਲਸਾ ਜੀ ਦੀ ਸਰਬਉੱਚ ਜਥੇਦਾਰੀ, ਜਿਸ ਨੂੰ ਕਿਸੇ ਪ੍ਰਕਾਰ ਦਾ ਵੀ ਘੁੱਸ-ਪੈਠ ਓਪਰਾ ਨਹੀਂ ਲੱਗਦਾ। ਹੋ ਸਕਦਾ ਹੈ ਗੁਰਚਰਨ ਟਾਈਗਰ ਅਤੇ ਮਨਜੀਤ ਲਾਇਨ ਕਹਿਣਾ ਵੀ ਸ਼ਾਦਿ ਮਨਜ਼ੂਰ ਹੀ ਹੋਵੇ?

ਲਿਖਾਰੀ ਦੀ ਉਚੇਚੀ ਕੁਟਲਤਾ ਦਾ ਵੇਰਵਾ:--

(ੳ) ਹਾਲਾਂਕਿ ਗੁਰਬਾਣੀ ਦਾ ਫ਼ਤਵਾ ਹੈ ਕਿ ਸਿਵਾਏ ਮਨੁੱਖ ਦੇ-- “ਚਾਰਿ ਪਾਵ ਦੁਇ ਸਿੰਗ ਗੁੰਗ ਮੁਖ ਤਬ ਕੈਸੇ ਗੁਨ ਗਈਹੈ॥ ਊਠਤ ਬੈਠਤ ਠੇਗਾ ਪਰਿਹੈ ਤਬ ਕਤ ਮੂਡ ਲੁਕਈਹੈ॥ 1॥ {524} “ਹੋਰ ਕੋਈ ਜੂਨ ਗੱਲਾਂ ਕਰਨ ਜੋਗ, ਪ੍ਰਭੂ ਦੀ ਭਗਤ, ਅਥਵਾ ਗਿਆਨ-ਵਾਨ ਕਦੇ ਨਹੀਂ ਹੋ ਸਕਦੀ। ਪਰ ਲਿਖਾਰੀ ਨੇ ਕੁਤੇ ਨੂੰ ਮਨੁੱਖੀ ਜ਼ਬਾਨ ਬਖ਼ਸ਼ਸ਼ ਕਰਕੇ (ਸਤਿਗੁਰੂ ਜੀ ਨਾਲੋਂ ਵੀ ਉਸ ਕੁੱਤੇ ਨੂੰ ਵੱਧ ਗਿਆਨਵਾਨ ਦਰਸਾਇਆ?) ਦਹੀਂ ਵਿਚਲੇ ਜ਼ਹਿਰ ਦਾ ਪਤਾ ਪਹਿਲਾਂ ਉਸ ਰਾਹੀ ਪ੍ਰਗਟ ਹੋਇਆ ਦਰਸਾ ਕੇ ਪੰਚਮ ਸਤਿਗੁਰੂ ਨਾਨਕ ਸਾਹਿਬ ਜੀ ਨੂੰ ਕੁੱਤੇ ਜਿੰਨੇ ਗਿਆਨਵਾਨ ਵੀ ਨਾ ਹੋਣ ਦੀ ਬੜੀ ਦੁਖਦਾਈ ਊਜ ਲਾਉਣੀ, ਸਮੁੱਚੇ ਪੰਥ ਨਾਲ ਬੜੀ ਘਟੀਆ ਟਿੱਚਰ ਹੈ।

(ਅ) ਕੁਤੇ ਦੇ ਮੂੰਹ ਵਿੱਚ ਇਹ ਪਾ ਦਿਤਾ “ਬੇਗਤਾ ਕਿਉਂ ਮਰਾਂ? ਲਿਖਾਰੀ ਦੀ ਦੂਜੀ ਕਲਾਬਾਜ਼ੀ ਕੁਤੇ ਦੇ ਮੂਹੋਂ ਇਹ ਅਖਵਾ ਲਿਆ- “ਹੁਣ ਤਾਂ ਸਤਿਗੁਰਾਂ ਦੇ ਹੀ ਚਰਨਾ ਵਿੱਚ ਰਹਿਣ ਦਾ ਮਾਣ ਮਾਣ ਪ੍ਰਾਪਤ ਕਰੀ ਬੈਠਾ ਹਾਂ, ਮਰਨ ਦਾ ਅਰਥ ਸਤਿਗੁਰੂ ਜੀ ਦੇ ਚਰਨਾ ਤੋਂ ਵਿਛੋੜਾ ਹੈ ਜਿਸ ਨੂੰ ਝੱਲਣਾ ਮੇਰੇ ਲਈ ਅਸੰਭਵ ਹੈ”। ਜਿਸ ਭਿਆਨਕ ਵਿਅੰਗ ਲਈ ਇਹ ਕੁੱਝ ਕੁੱਤੇ ਦੀ ਜ਼ਬਾਨੀ ਦਰਸਾਇਆ ਗਿਆ ਸੀ, ਸਾਡੀ ਅਗਿਆਨਤਾ ਦੇ ਕਾਰਨ, ਲ੍ਹੋੜੇ ਦੇ ਦਲੇਰ ਹੋ ਚੁੱਕੇ ਲਿਖਾਰੀ ਨੇ, ਸਾਡੇ ਮੂੰਹ ਤੇ ਕਾਲਖ ਮਲਣ ਵਾਲਾ ਉਹ ਵਿਅੰਗ ਵੀ ਨਾਲ ਹੀ ਲਿਖ ਦਿੱਤਾ।

(ੲ) ਸਤਿਗੁਰੂ ਅਰਜਨ ਸਾਹਿਬ ਦੀ ਜ਼ਬਾਨੀ ਕੁੱਤੇ ਨੂੰ ਇਹ ਕਹਿੰਦੇ ਦਰਸਾ ਦਿੱਤਾ- “ਤੂੰ ਤਾਂ ਸਗੋਂ ਵਡੇ ਭਾਗਾਂ ਵਾਲਾ ਹੈ ਕਿਉਂਕਿ ਜ਼ਹਿਰ ਖਾਣ ਨਾਲ ਮਰਨ ਉਪ੍ਰੰਤ ਤੂੰ ਉਥੇ ਹੀ ਜਾਣਾ ਹੈ, (ਸ਼ਹੀਦੀ ਪ੍ਰਾਪਤ ਕਰਕੇ) ਜਿੱਥੇ ਅਸਾਂ ਪੁੱਜਣਾ ਹੈ” ਭਾਵ, ਸਤਿਗੁਰੂ ਜੀ ਦੀ ਅਦੁਤੀ ਸ਼ਹਾਦਤ ਪ੍ਰਤੀ ਕੀਤੇ ਘਟੀਆਂ ਮਖ਼ੌਲ ਦਾ ਵੇਰਵਾ ਇਸ ਪ੍ਰਕਾਰ ਹੈ; --

(1) ਜਦ ਸਤਿਗੁਰੂ ਜੀ ਨੇ ਪਰਲੋਕ ਸਿਧਾਰ ਜਾਣ ਦਾ ਫ਼ੈਸਲਾ ਆਪ ਹੀ ਕਰ ਲਿਆ ਸੀ ਤਾਂ ਚੰਦੂ ਜਾਂ ਜਹਾਂਗੀਰ ਨੂੰ ਉਨ੍ਹਾਂ ਦੀ ਸ਼ਹਾਦਤ ਦਾ ਜ਼ਿੰਮੇਵਾਰ ਕਿਸ ਦਲੀਲ ਨਾਲ ਕਿਹਾ ਜਾ ਰਿਹਾ ਹੈ?

(2) ਸ਼ਹਾਦਤ ਉਪ੍ਰੰਤ ਸਤਿਗੁਰੂ ਜੀ ਨੂੰ ਉਹੀ ਥਾਂ ਪ੍ਰਾਪਤ ਹੋਈ ਜਿਹੜੀ ਕੁੱਤੇ ਨੂੰ ਮਿਲੀ ਦਰਸਾ ਲਈ। ਗੁਰੂ ਖ਼ਾਲਸਾ ਪੰਥ ਦੀ ਇਸ ਤੋਂ ਵਡੀ ਹੇਠੀ ਹੋਰ ਕੀ ਹੋ ਸਕਦੀ ਹੈ?

ਕੁਤੇ ਨਾਲ ਦਰਸਾਈ ਉਪਰੋਕਤ ਗਲ-ਬਾਤ ਤੋਂ ਪਾਠਕ ਦੇ ਮਨ ਤੇ ਇਹ ਪ੍ਰਭਾਵ ਵੀ ਪੈ ਸਕਦਾ ਹੈ ਕਿ, ਜਦ ਆਪਣੀ ਸ਼ਰਤ ਮਨਵਾਉਣ ਤੋਂ ਬਿਨਾ ਇੱਕ ਕੁੱਤਾ ਵੀ ਸਤਿਗੁਰੁ ਨਾਨਕ ਸਾਹਿਬ ਜੀ ਦਾ ਹੁਕਮ ਨਹੀਂ ਸੀ ਮੰਨ ਰਿਹਾ ਤਾਂ, ਸਿੱਖ ਦੇ ਮਨ ਵਿੱਚ ਸਤਿਗੁਰੂ ਜੀ ਪ੍ਰਤੀ ਕਿੱਡਾ ਕੁ ਸਤਿਕਾਰ ਹੋਵੇਗਾ? ਕੀ, ਅਜੇਹੀਆਂ ਸਾਰੀਆਂ ਊਣਤਾਈਆਂ ਸੰਪਾਦਕ ਅਥਵਾ ਪ੍ਰਸੰਸਕ 14 ਰਤਨਾ ਤੋਂ ਲੁਕੀਆਂ ਹੋਈਆਂ ਸਨ?

16- ਮਃ 2॥ ਸੋ ਕਿਉ ਅੰਧਾ ਆਖੀਐ ਜਿ ਹੁਕਮਹੁ ਅੰਧਾ ਹੋਇ॥

ਨਾਨਕ ਹੁਕਮੁ ਨ ਬੁਝਈ ਅੰਧਾ ਕਹੀਐ ਸੋਇ॥ 3॥ {954} -ਵ-16

ਬਦਕਿਸਮਤੀ ਦਾ ਸਿਖ਼ਰ:-

ਜਿਹੜੀ ਭਾਰਤੀ ਕੌਮ, ਇਸ ਹੱਦ ਤੱਕ ਨਿੱਘਰ ਚੁੱਕੀ ਸੀ ਕਿ, ਆਪਣੇ ਮਾਲ ਧਨ ਦੇ ਨਾਲ ਆਪਣੀਆਂ ਧੀਆਂ ਭੈਣਾ ਦੀ ਰਖਿਆ ਵੀ ਨਹੀਂ ਸੀ ਕਰ ਸਕਦੀ, ਅਤੇ ਜਿਨ੍ਹਾਂ ਦੀਆਂ ਬਹੂ ਬੇਟੀਆਂ ਇਸਲਾਮੀ ਦੇਸ਼ਾਂ ਦੀਆਂ ਮੰਡੀਆਂ ਵਿੱਚ ਨੀਲਾਮ ਹੁੰਦੀਆਂ ਰਹਿਣੀਆਂ ਉਨ੍ਹਾਂ ਦੀ ਕਿਸਮਤ ਬਣ ਚੁੱਕੀ ਸੀ। ਹੀਣਤਾ ਦੀ ਖੱਡ ਵਿੱਚ ਪਈ ਨਿਪੁੰਸਕਾਂ ਦੀ ਉਸੇ ਭਾਰਤੀ ਹਿੰਦੂਆਂ ਦੀ ਕੌਮ ਵਿਚੋਂ, ਕਿਸ ਕਰਾਮਤ ਦਾ ਸਦਕਾ ਅਜੇਹੇ ਸੰਤ ਸੂਰਮਿਆਂ ਦੀ ਕੌਮ ਪੈਦਾ ਹੋਈ ਜਿਨ੍ਹਾਂ ਸਿਰਲੱਥ ਬਹਾਦਰਾਂ ਦੇ ਘੋੜੇ ਉਸ ਲੁਟੇਰੇ ਵੈਰੀ ਦੇ ਘਰਾਂ ਦੇ ਸਾਹਮਣੇ ਕਾਬਲ ਜਾ ਹਿਣਕੇ ਸਨ, ਜਿਸ ਨਿਰਦਈ ਨੇ ਭਾਰਤੀ ਧਨ ਦੌਲਤ ਦੇ ਨਾਲ ਹੀ ਭਾਰਤੀ ਅਣਖ ਨਾਲ ਖਿਲਵਾੜ ਕਰਦੇ ਰਹਿਣਾ ਅਪਣਾ ਹੱਕ ਮੰਨ ਲਿਆ ਹੋਇਆ ਸੀ? ਨਿਰਸੰਦੇ ਉਹ ਅਨੂਪਮ ਕਰਾਮਾਤ ਗੁਰੂ ਇਤਿਹਾਸ ਵਿੱਚ ਪਾਏ ਪੂਰਨਿਆਂ ਨੇ ਹੀ ਵਰਤਾਈ ਸੀ। ਕਿੱਡੀ ਮੰਦਭਾਗੀ ਘੜੀ ਆ ਬਣੀ ਹੈ ਕਿ ਅੱਜ ਉਸੇ ਹੀ ਸੰਤ ਸੂਰਮਿਆਂ ਦੀ ਕੌਮ ਦਾ ਜਥੇਦਾਰ, ਅਥਵਾ ਗੁਰ-ਪੰਥ ਦਾ ਧਰਮ-ਆਗੂ, ਉਸ ਕੁਟਲ ਲਿਖਾਰੀ ਦੀ ਲਿਖਤ ਨੂੰ ਸੁਗ਼ਾਤ ਵਜੋਂ ਪੰਥ ਵਿੱਚ ਵੰਡ ਰਿਹਾ ਹੈ, ਜਿਸ ਨੇ ਪੈਰ ਪੈਰ ਤੇ ਗੁਰੂ ਪਰਵਾਰ ਨਾਲ ਘਟੀਆਂ ਕਿਸਮ ਦੇ ਠੱਠੇ ਲਿਖੇ ਹੋਏ ਹਨ। ਧਾਹਾਂ ਤਾਂ ਇਸ ਗਲੋਂ ਨਿਕਲ ਰਹੀਆਂ ਹਨ, ਕਿ ਗੁਰੂ ਮਰਯਾਦਾ ਦਾ ਘਾਤ ਕਰ ਰਹੀ ਉਸ ਚੰਦਰੀ ਪੁਸਤਕ ਨੂੰ, (ਅਰਦਾਸ ਵਿੱਚ ਰੋਜ਼ ਭਰੋਸਾ ਦਾਨ ਮੰਗਣ ਵਾਲੇ ਦੂਲੇ) ਪੰਥ ਦੀ ਹੀ ਕਮਾਈ ਨਾਲ ਛਪਵਾਇਆ ਹੈ। ਹਰ ਮੋੜ ਤੇ ਲਿਖਾਰੀ ਗੁਰੂ-ਇਤਿਹਾਸ ਰੂਪ ਸਚੁ ਦੇ ਨੂਰਾਨੀ ਮੁੱਖੜੇ ਨੂੰ ਪੁਰਾਣਕ ਮਿਥਿਹਾਸ ਦੀ ਅਜੇਹੀ ਕੁਫ਼ਰ-ਦੁਰਗੰਧ ਨਾਲ ਲੇਥੂ-ਪੇਥੂ ਕਰੀ ਜਾ ਰਿਹਾ ਹੈ ਜਿਸ ਤੋਂ, ਨਿਆਰੀ ਆਭਾ ਵਾਲਾ ਪਾਵਨ ਪਵਿੱਤਰ ਗੁਰੂ ਇਤਿਹਾਸ ਸੰਸਾਰ ਵਿੱਚ ਮਖ਼ੌਲਾਂ ਦੀ ਥਾਂ ਬਣ ਕੇ ਰਹਿ ਜਾਣਾ ਹੈ।

ਝੂਠ ਕਹਾਣੀ ਅੱਗੇ ਤੁਰੀ:-ਸਤਿਗੁਰੂ ਜੀ ਦੇ ਬਚਨ ਮੰਨ ਕੇ ਕੁਤੇ ਨੇ ਦਹੀ ਪੀਤਾ ਤੇ ਪ੍ਰਾਣ ਤਿਆਗ ਦਿੱਤੇ। ਆਕਾਸ਼ ਤੋਂ ਚਿੱਟੇ ਰੰਗ ਦਾ ਸੁੰਦਰ ਬਿਬਾਨ ਆਇਆ ਜਿਸ ਤੇ ਕੁੱਤਾ ਚੜ੍ਹ ਕੇ ਬੈਕੁੰਠ ਦੇ ਰਾਹੇ ਪਿਆ। 167. ਸਤਿਗੁਰੂ ਜੀ ਦੀ ਹੱਤਕ ਹੋਈ ਸਮਝ ਕੇ (ਚਤੁਰਭੁਜੀ) ਪ੍ਰਭੂ (ਸਾਹਿਜ਼ਾਦਾ ਹਰਿ ਗੋਬਿੰਦ ਜੀ ਨੇ?) ਸੂਲ ਪਾ ਕੇ ਬ੍ਰਾਹਮਨ ਨੂੰ ਮਾਰ ਦਿੱਤਾ- ‘ਅਵਗਿਆ ਗੁਰ ਦਿਖਿ ਪ੍ਰਭ ਦੂਖ ਲਯੋ। ਸੁਲ਼ ਉਪਾਇ ਮਾਰ ਦਿਜ ਦਯੋ। 169.’ਧਰਤੀ ਤੇ ਮੁਰਦਾ ਪਿਆ ਪ੍ਰੋਹਿਤ ਵੇਖ ਕੇ ਸ੍ਰੀ ਗੁਰੂ ਜੀ ਵਿਸਮਾਦੀ ਅਵਸਥਾ ਵਿੱਚ ਅਸਥਿਤ ਹੋ ਗਏ। ਪੁੱਤਰ ਅਤੇ ਬ੍ਰਾਹਮਣ ਦੀ ਪ੍ਰਥਾਇ ਭੈਰੋਂ ਰਾਗ ਵਿਚਲਾ ਨੌਵਾਂ ਸ਼ਬਦ ਉਚਾਰਿਆ:-

17- ਭੈਰਉ ਮਹਲਾ 5॥ ਲੇਪੁ ਨ ਲਾਗੋ ਤਿਲ ਕਾ ਮੂਲਿ॥ ਦੁਸਟੁ ਬ੍ਰਾਹਮਣੁ ਮੂਆ ਹੋਇ ਕੈ ਸੂਲ॥ 1॥ ਹਰਿ ਜਨ ਰਾਖੇ ਪਾਰਬ੍ਰਹਮਿ ਆਪਿ॥ ਪਾਪੀ ਮੂਆ ਗੁਰ ਪਰਤਾਪਿ॥ 1॥ ਰਹਾਉ॥ ਅਪਣਾ ਖਸਮੁ ਜਨਿ ਆਪਿ ਧਿਆਇਆ॥ ਇਆਣਾ ਪਾਪੀ ਓਹੁ ਆਪਿ ਪਚਾਇਆ॥ 2॥ ਪ੍ਰਭ ਮਾਤ ਪਿਤਾ ਅਪਣੇ ਦਾਸ ਕਾ ਰਖਵਾਲਾ॥ ਨਿੰਦਕ ਕਾ ਮਾਥਾ ਈਹਾਂ ਊਹਾ ਕਾਲਾ॥ 3॥ ਜਨ ਨਾਨਕ ਕੀ ਪਰਮੇਸਰਿ ਸੁਣੀ ਅਰਦਾਸਿ॥ ਮਲੇਛੁ ਪਾਪੀ ਪਚਿਆ ਭਇਆ ਨਿਰਾਸੁ॥ 4॥ 9॥ {1137}

ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ, ਪੋਥੀ ਅਠਵੀ ਦੇ 313 ਸਫ਼ੇ ਅਨੁਸਾਰ ਇਸ ਗੁਰੂ ਸ਼ਬਦ ਦੇ ਅਰਥ ਇਸ ਪ੍ਰਕਾਰ ਹਨ:-

ਅਰਥ:-ਹੇ ਭਾਈ! ਪਰਮਾਤਮਾ ਨੇ ਆਪਣੇ ਸੇਵਕਾਂ ਦੀ ਰੱਖਿਆ (ਸਦਾ ਹੀ) ਆਪ ਕੀਤੀ ਹੈ। (ਵੇਖੋ, ਵਿਸਾਹ-ਘਾਤੀ) ਦੁਸ਼ਟ ਗੁਰੂ (-ਪਰਮੇਸ਼ਰ) ਦੇ ਪਰਤਾਪ ਨਾਲ (ਆਪ ਹੀ) ਮਰ ਗਿਆ ਹੈ। 1. ਰਹਾਉ। ਪਰਮਾਤਮਾ ਦੀ ਮਿਹਰ ਆਪਣੇ ਸੇਵਕ ਉੱਤੇ ਹੋਈ ਹੈ, ਬਾਲਕ (ਹਰਿਗੋਬਿੰਦ ਸਾਹਿਬ ਉੱਤੇ ਉਸ ਦੁਸ਼ਟ ਦੀ ਮੰਦੀ ਕਰਤੂਤ ਦਾ) ਬਿਲਕੁਲ ਰਤਾ ਭਰ ਵੀ ਮਾੜਾ ਅਸਰ ਨਹੀਂ ਹੋ ਸਕਿਆ ਪਰ ਉਹ ਚੰਦਰਾ ਬ੍ਰਾਹਮਣ (ਵਾਹਿਗੁਰੂ ਦੀ ਰਜ਼ਾ ਨਾਲ) ਪੇਟ ਵਿੱਚ ਸੂਲ ਉੱਠਣ ਨਾਲ ਮਰ ਗਿਆ ਹੈ। 1. ਪਰਮਾਤਮਾ ਨੇ ਆਪਣੇ ਸੇਵਕ ਦੀ ਆਪ ਰੱਖਿਆ ਕੀਤੀ ਹੈ, (ਕਿਉਂਕਿ) ਸੇਵਕ ਨੇ ਆਪਣੇ ਮਾਲਕ-ਪ੍ਰਭੂ ਨੂੰ ਸਦਾ ਆਪਣੇ ਹਿਰਦੇ ਵਿੱਚ ਵਸਾਇਆ ਹੈ। ਉਹ ਬੇਸਮਝ ਦੁਸ਼ਟ (ਇਸ ਰੱਬੀ ਭੇਤ ਨੂੰ ਸਮਝ ਨਾ ਸਕਿਆ, ਤੇ ਪਰਮਾਤਮਾ ਨੇ) ਆਪ ਹੀ ਉਸ ਨੂੰ ਮਾਰ ਮੁਕਾਇਆ। 2. ਮਾਂ ਪਿਉ (ਵਾਂਗ) ਪ੍ਰਭੂ ਆਪਣੇ ਸੇਵਕ ਦਾ ਸਦਾ ਆਪ ਰਾਖਾ ਬਣਦਾ ਹੈ, (ਤਾਹੀਏ ਪ੍ਰਭੂ ਦੇ ਸੇਵਕ ਦੇ) ਦੋਖੀ ਦਾ ਮੂੰਹ ਲੋਕ ਪਰਲੋਕ ਦੁਹੀਂ ਸਰਾਈਂ ਕਾਲਾ ਹੁੰਦਾ ਹੈ। 3. ਹੇ ਨਾਨਕ! (ਆਖ-ਹੇ ਭਾਈ!) ਆਪਣੇ ਸੇਵਕ ਦੀ ਪਰਮੇਸ਼ਰ ਨੇ (ਸਦਾ ਹੀ) ਅਰਦਾਸ ਸੁਣੀ ਹੈ (ਬਾਲਕ ਦਾ ਤੇ ਕੁੱਝ ਨਾ ਵਿਗੜਿਆ ਪਰ) ਪਾਪੀ (ਆਪ ਹੀ) ਮਰ ਮਿਟਿਆ, ਤੇ ਬੇਮੁਰਾਦ ਹੀ ਰਹਿ ਗਿਆ। 4.

ਗੁਰਬਖ਼ਸ਼ ਸਿੰਘ ਕਾਲਾ ਅਫ਼ਗਾਨਾ




.