.

ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ

ਜੱਗੋਂ ਤੇਰ੍ਹਵੀਆਂ
ਭਾਗ ਪਹਿਲਾ

ਕਦੇ ਇੱਕ ਜੁਗ ਸੀ ਜਦੋਂ ਸਿੱਖਾਂ ਦੇ ਰਾਜਨੀਤਿਕ ਆਗੂ ਰਾਜਨੀਤੀ ਦੇ ਨਾਲ ਧਰਮ ਪਰਚਾਰ ਦਾ ਕੰਮ ਵੀ ਕਰਦੇ ਹੁੰਦੇ ਸਨ। ਉਹਨਾਂ ਲਈ ਧਰਮ ਪਹਿਲਾਂ ਹੁੰਦਾ ਸੀ ਤੇ ਰਾਜਨੀਤੀ ਬਆਦ ਵਿੱਚ ਹੁੰਦੀ ਸੀ। ਉਹਨਾਂ ਸਾਹਮਣੇ ਰਾਜਨੀਤੀ ਵਿੱਚ ਨਿਜ ਸੁਆਰਥ ਤੇ ਭਾਈ ਭਤੀਜੇ ਲਈ ਕੋਈ ਥਾਂ ਨਹੀਂ ਹੁੰਦੀ ਸੀ। ਨਵਾਬ ਕਪੂਰ ਸਿੰਘ ਜੀ ਦੀ ਮਿਸਾਲ ਸਾਡੇ ਸਾਹਮਣੇ ਧਰੂ ਤਾਰਾ ਹੈ। ਵਿਕਾਸੀ ਮੁਲਕਾਂ ਵਿੱਚ ਗੁਣ ਵੱਤਾ `ਤੇ ਕਦੇ ਸਮਝਾਉਤਾ ਨਹੀਂ ਕੀਤਾ ਗਿਆ।
ਸਿੱਖ ਭਾਈਚਾਰੇ ਵਿੱਚ ਧਰਮ ਪ੍ਰਚਾਰ ਦੀ ਜ਼ਿੰਮੇਵਾਰੀ ਧਾਰਮਕ ਜੱਥੇਦਾਰਾਂ ਦੀ ਆਉਂਦੀ ਹੈ, ਜਿੰਨ੍ਹਾਂ ਨੇ ਸਮੁੱਚੀ ਕੌਮ ਨੂੰ ਗੁਰਬਾਣੀ ਦੀ ਸੇਧ੍ਹ ਦੇਣੀ ਸੀ। ਸਿੱਖਾਂ ਦੇ ਇਹ ਦੋਵੇਂ ਵਿੰਗ ਕੁਬੇਰ ਦੇਵਤੇ ਦੀ ਭੇਟ ਚੜ੍ਹ ਗਏ ਹਨ। ਰਾਜਨੀਤਿਕ ਆਗੂਆਂ ਲਈ ਧਰਮ ਇੱਕ ਪਉੜੀ ਹੈ ਜਿਸ ਰਾਂਹੀ ਗੁਰਦੁਆਰੇ ਦੀ ਪਹਿਲੀ ਚੋਣ ਜਿੱਤ ਕੇ ਮੁੜ ਰਾਜਸੀ ਸਤਾ ਪ੍ਰਾਪਤ ਕੀਤੀ ਜਾਂਦੀ ਹੈ ਤੇ ਫਿਰ ਵੋਟਾਂ ਦੀ ਖਾਤਰ ਜਣੇ-ਖਣੇ ਨਾਲ ਸਮਝਾਉਤਾ ਕੀਤਾ ਜਾਂਦਾ ਹੈ।
ਰਾਜਨੀਤਿਕ ਆਗੂਆਂ ਦੀ ਕੰਮਜ਼ੋਰੀ ਵੋਟਾਂ, ਤੇ ਧਾਰਮਕ ਆਗੂਆਂ ਦੀ ਕੰਮਜ਼ੋਰੀ ਲਿਫਾਫਾ ਹੈ। ਇਸ ਬਿਮਾਰੀ ਵਿਚੋਂ ਡੇਰਵਾਦ ਪਰਫੁੱਲਤ ਹੋਇਆ ਹੈ। ਲਿਫਾਫੇ ਦੀ ਤਹਿ ਥੱਲੇ ਜੱਥੇਦਾਰਾਂ ਆਪਣੀਆਂ ਜ਼ਿੰਮੇਵਾਰੀਆਂ ਤੋਂ ਕਿਨਾਰਾ ਕਰ ਲਿਆ ਹੈ ਤੇ ਵੋਟਾਂ ਦੀ ਖਾਤਰ ਰਾਜਨੀਤਿਕ ਆਗੂਆਂ ਨੇ ਸਿਧਾਂਤ ਵੇਚਤਾ ਹੈ। ਇਹ ਦੋਵੇਂ ਜ਼ਿੰਮੇਵਾਰ ਹਸਤੀਆਂ ਇਹਨਾਂ ਡੇਰਿਆਂ ਤੇ ਜਾ ਕੇ ਲਿਲਕੜੀਆਂ ਕੱਢਦੇ ਅਕਸਰ ਦੇਖੇ ਜਾ ਸਕਦੇ ਹਨ। ਰੁੰਡ-ਮੁੰਡ ਹੋਏ ਸਾਧ ਨੂੰ ਬ੍ਰਹਮ ਗਿਆਨੀ ਤੇ ਸਿੱਖੀ ਦਾ ਅਲੰਬਰਦਾਰ ਕਹਿਣੋਂ ਭੋਰਾ ਸ਼ਰਮ ਮਹਿਸੂਸ ਨਹੀਂ ਕਰਦੇ। ਜੇ ਵਾਕਿਆ ਹੀ ਇਹਨਾਂ ਵਿੱਚ ਪੰਥ ਦਾ ਕੋਈ ਦਰਦ ਹੁੰਦਾ ਤਾਂ ਇਹ ਸਾਧਾਂ ਦੇ ਉਸਾਰੇ ਡੇਰਿਆਂ ਵਿੱਚ ਹੁੰਦੀ ਮਨਮਤ ਦਾ ਜ਼ਰੂਰ ਵਿਰੋਧ ਪ੍ਰਗਟ ਕਰਦੇ। ਭਾਰੀਆਂ ਲੋਈਆਂ ਤੇ ਵੱਡ-ਅਕਾਰੀ ਲਿਫਾਫਿਆਂ ਨੇ ਮੂੰਹ ਬੰਦ ਕਰਤੇ ਹਨ।
ਦਿਲ ਕੇ ਫਲੋਲੇ ਜਲ ਉੱਠੇ ਦਿਲ ਹੀ ਦਾਗ
ਇਸ ਘਰ ਕੋ ਆਗ ਲੱਗੀ ਇਸ ਘਰ ਹੀ ਕੇ ਚਰਾਗ ਸੇ।
ਅਸਲ ਮੁੱਦੇ ਵਲ ਆਉਂਦਾ ਹਾਂ। ਜਿੱਥੇ ਮੇਰੇ ਮਿੱਤਰ ਮੰਡਲ ਦਾ ਘੇਰਾ ਬਹੁਤ ਵਿਸ਼ਾਲ ਹੈ ਓੱਥੇ ਉਹ ਪਿਆਰ ਵੀ ਬਹੁਤ ਦੇਂਦੇ ਹਨ। ਵੀਰ ਜਸਵੰਤ ਸਿੰਘ ਜੀ ਨਾਰਵੇ ਵਾਲਿਆਂ ਦੀ ਬੇਟੀ ਅਤੇ ਬੇਟੇ ਦਾ ਅਨੰਦ ਕਾਰਜ ਸੀ। ਮੈਨੂੰ ਗੁਰਮਤ ਗਿਆਨ ਮਿਸ਼ਨਰੀ ਕਾਲਜ ਦੀ ਟੀਮ ਨਾਲ ਇਨ੍ਹਾਂ ਕਾਰਜਾਂ ਵਿੱਚ ਸ਼ਾਮਲ ਹੋਣ ਦਾ ਮੌਕਾ ਬਣਿਆ। ਜਿਸ ਗੁਰਦੁਆਰੇ ਵਿੱਚ ਅਨੰਦ ਕਾਰਜ ਸੀ ਉਸ ਦਾ ਨਾਂ ਸੀ ਗੁਰਦੁਆਰਾ ਗੋਬਿੰਦ ਸਰ। ਸਾਰਾ ਗੁਰਦੁਆਰਾ ਚਿੱਟੇ ਮਾਰਬਲ ਨਾਲ ਢੱਕਿਆ ਹੋਇਆ ਸੀ। ਮੋਗਾ ਸ਼ਹਿਰ ਵਿੱਚ ਐਨ ਆਈ ਆਰ ਵੀਰਾਂ ਦਾ ਚੰਗਾ ਬੋਲਬਾਲਾ ਹੋਣ ਕਰਕੇ ਗੁਰਦੁਆਰੇ ਦੀ ਇਮਾਰਤ ਉੱਤੇ ਸੋਹਣਾ ਪੈਸਾ ਖਰਚ ਕੀਤਾ ਹੋਇਆ ਜਾਪਦਾ ਸੀ।
ਕੋਈ ਬੰਦਾ ਫਿਰ ਮੈਨੂੰ ਇਹ ਪੁੱਛੇ ਕਿ ਜੇ ਗੁਰਦੁਆਰੇ `ਤੇ ਏੰਨਾ ਪੈਸਾ ਲੱਗਿਆ ਹੋਇਆ ਹੈ ਤਾਂ ਤੂੰ ਜਗੋਂ ਤਰ੍ਹਵੀਂ ਕਿਹੜੀ ਦੇਖੀ? ਦਰ ਅਸਲ ਇਹ ਗੁਰਦੁਆਰਾ ਨਾਨਕਸਰੀਆਂ ਦੇ ਨਾਂ ਨਾਲ ਜਾਣਿਆਂ ਜਾਂਦਾ ਹੈ। ਏਦ੍ਹਾਂ ਦਾ ਗੁਰਦੁਆਰਾ ਮੈਂ ਪਹਿਲੀ ਵਾਰੀ ਹੀ ਦੇਖਿਆ ਸੀ। ਹੋ ਸਕਦਾ ਹੈ ਇਹਨਾਂ ਬੂਬਨੇ ਬਾਬਿਆਂ ਦੇ ਬਾਕੀ ਦੇ ਗੁਰਦੁਆਰੇ ਵੀ ਏਸੇ ਤਰ੍ਹਾਂ ਦੇ ਹੀ ਹੋਣ। ਗੁਰਦੁਆਰਾ ਹਾਲ ਵਿੱਚ ਆਮ ਕਰਕੇ ਥੜਾ ਹੁੰਦਾ ਹੈ ਉਸ `ਤੇ ਪੀੜ੍ਹਾ ਜਾਂ ਪਾਲਕੀ ਰੱਖੀ ਹੁੰਦੀ ਹੈ, ਜਿਸ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੁੰਦਾ ਹੈ। ਗੁਰਦੁਆਰੇ ਦੀ ਇਸ ਇਮਾਰਤ ਵਿੱਚ ਇੱਕ ਹੋਰ ਛੋਟਾ ਜੇਹਾ ਕਮਰਾ ਉਸਾਰਿਆ ਹੋੲਆ ਸੀ। ਮੈਨੂੰ ਤਾਂ ਇੰਜ ਲੱਗ ਰਿਹਾ ਸੀ ਜਿਵੇਂ ਕਿਸੇ ਵੱਡੀ ਇਮਾਰਤ ਦਾ ਛੋਟਾ ਬੱਚਾ ਹੋਵੇ। ਇਸ ਵਿਸ਼ਾਲ ਇਮਾਰਤ ਦੇ ਅੰਦਰ ਬਾਹਰ ਖੂਬਸੂਰਤ ਮਾਰਬਲ ਤੇ ਟਾਇਲਾਂ ਲੱਗੀਆਂ ਹੋਈਆਂ ਸਨ। ਦਰਬਾਰ ਹਾਲ ਵਿੱਚ ਜਿਹੜਾ ਛੋਟਾ ਕਮਰਾ ਉਸਾਰਿਆ ਹੋਇਆ ਸੀ ਉਸ ਦੇ ਅੰਦਰ ਬਾਹਰ ਵੀ ਟਾਈਲਾਂ ਲੱਗੀਆਂ ਹੋਈਆਂ ਸਨ। ਇਸ ਛੋਟੇ ਕਮਰੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਇਆ ਸੀ। ਗੋਲਕ ਦੇ ਸਾਹਮਣੇ ਸਿਰਫ ਸ਼ੀਸ਼ੇ ਦੇ ਦਰਵਾਜ਼ੇ ਲੱਗੇ ਹੋਏ ਸਨ। ਸਾਈਡਾਂ ਦੀਆਂ ਦੀਵਾਰਾਂ ਵਿੱਚ ਨਿੱਕੇ ਨਿੱਕੇ ਸ਼ੀਸ਼ੇ ਲੱਗੇ ਹੋਏ ਸਨ। ਪਾਠੀ ਸਿੰਘ ਤਾਬਿਆ ਘੱਟ ਤੇ ਸਾਈਡ `ਤੇ ਬੈਠਣ ਨੂੰ ਜ਼ਿਆਦਾ ਤਰਜੀਹ ਦੇਂਦਾ ਸੀ।
ਜਗੋਂ ਤੇਰਵ੍ਹੀਂ ਦਰਬਾਰ ਹਾਲ ਵਿੱਚ ਏਦਾਂ ਦਾ ਪਹਿਲੀ ਵਾਰ ਹੀ ਕਮਰਾ ਦੇਖਿਆ ਸੀ। ਦੂਜਾ ਇਸ ਨਿੱਕੇ ਜੇਹੇ ਕਮਰੇ ਦੀ ਮਗਰਲੀ ਦੀਵਾਰ `ਤੇ ਕਿਸੇ ਬਾਬੇ ਦੀਆਂ ਲਗ-ਪਗ ਦੋ ਇਕੋ ਜੇਹੀਆਂ ਤਸਵੀਰਾਂ ਲੱਗੀਆਂ ਹੋਈਆਂ ਸਨ। ਤਸਵੀਰ ਵਿੱਚ ਬਾਬੇ ਦਾ ਪੈਰ ਅਜੀਬ ਜੇਹੀ ਕਿਸਮ ਦੇ ਰੰਗ ਨਾਲ ਰੰਗਿਆ ਹੋਇਆ ਸੀ ਤੇ ਉਸ ਪੈਰ ਵਿੱਚ ਇੱਕ ਟਿਮਕਣਾ ਵੀ ਲੱਗਿਆ ਹੋਇਆ ਸੀ। ਅਖੇ! ਇਹਨੂੰ ਪਦਮ ਕਹਿੰਦੇ ਨੇ। ਕਹਿੰਦੇ ਸੀ ਕਿ ਜੀ ਅਜੇਹੇ ਪਦਮ ਮਹਾਂ ਪੁਰਸ਼ਾਂ ਦਿਆਂ ਪੈਰਾਂ ਵਿੱਚ ਹੀ ਪਦਮ ਹੁੰਦੇ ਹਨ ਤੇ ਇਸ ਪਦਮ ਕਰਕੇ ਹੀ ਮਹਾਂਪੁਰਸ਼ਾਂ ਦੀ ਜੱਗ `ਤੇ ਚੜ੍ਹਾਈ ਹੁੰਦੀ ਹੈ। ਸਾਫ਼ ਜ਼ਾਹਰ ਹੋਇਆ ਕਿ ਮਹਾਂ ਪੁਰਸ਼ ਗੁਰਬਾਣੀ ਸਿਧਾਂਤ ਵਲੋਂ ਪੈਦਲ ਹੀ ਸਨ, ਤੇ ਉਹਨਾਂ ਦਾ ਬੋਲਬਾਲਾ ਕੇਵਲ ਪਦਮ ਜੀ ਕਰਕੇ ਹੀ ਸੀ।
ਪੁੱਛਣ ਤੇ ਪਤਾ ਲੱਗਿਆ ਕਿ ਇਹਨਾਂ ਦੀ ਅਰਦਾਸ ਵੀ ਆਪਣੀ ਹੀ ਬਣਾਈ ਹੋਈ ਹੈ। ਇਹਨਾਂ ਦੇ ਮਰ ਚੁੱਕੇ ਬ੍ਰਹਮ ਗਿਆਨੀਆਂ ਦੀਆਂ ਬਰਸੀਆਂ `ਤੇ ਸਾਡੇ ਲੀਡਰ, ਰਾਗੀ, ਢਾਢੀ ਤੇ ਜੱਥੇਦਾਰ ਹਾਜ਼ਰੀ ਭਰਨੀ ਕਦੇ ਵੀ ਨਹੀਂ ਭੁੱਲਦੇ।
ਪੁੱਛਿਆ ਕਿ ਅਜੇਹੀ ਇਮਾਰਤ ਏਦਾਂ ਦੀ ਕਿਉਂ ਬਣਾਉਂਦੇ ਹਨ ਤਾਂ ਪਤਾ ਚੱਲਿਆ ਕਿ ਮਹਾਂਰਾਜ ਜੀ ਦੇ ਬਸਤਰ ਤਬਦੀਲ ਕਰਨੇ ਹੁੰਦੇ ਹਨ ਇਸ ਲਈ ਇੱਕ ਵੱਖਰਾ ਕਮਰਾ ਚਾਹੀਦਾ ਹੁੰਦਾ ਹੈ। ਕੋਲ ਬੈਠੇ ਪ੍ਰੋ. ਗੁਰਜੰਟ ਸਿੰਘ ਜੀ ਰੂਪੋਵਾਲੀ ਨੂੰ ਮੈਂ ਪੁੱਛਿਆ ਕਿ ਤੇਰੇ ਮੁਬਾਇਲ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ ਮੈਨੂੰ ‘ਸਤੁ ਸੰਤੋਖ` ਵਾਲਾ ਸ਼ਬਦ ਦੱਸੀਂ ਉਸ ਨੇ ਝੱਟ ਸ਼ਬਦ ਮੈਨੂੰ ਪੜ੍ਹਾ ਦਿੱਤਾ। ਹੁਣ ਮੁਬਾਇਲ ਦਾ ਕੀ ਕੀਤਾ ਜਾਏ?
ਕਿਤੇ ਅਜੇਹੀਆਂ ਵਲ਼ਗਣਾਂ ਕਰਕੇ ਅਸੀਂ ਸੰਗਤ ਨੂੰ ਗੁਰਬਾਣੀ ਨਾਲੋਂ ਦੂਰ ਤਾਂ ਨਹੀਂ ਕਰ ਰਹੇ?
ਕੀ ਇਹਨਾਂ ਗੁਰਦੁਆਰਿਆਂ ਦੀ ਬਣਤਰ ਗੁਰਮਤ ਦੇ ਸਿਧਾਂਤ ਅਨੁਸਾਰ ਠੀਕ ਹੈ?
ਕੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਮਨੁੱਖਾਂ ਦੀਆਂ ਤਸਵੀਰਾਂ ਲਗਾਉਣੀਆਂ ਜ਼ਰੂਰੀ ਹਨ?
ਕੀ ਗੁਰਮਤਿ ਅਨੁਸਾਰ ਤਸਵੀਰਾਂ ਨੂੰ ਮਾਲਾ ਪਉਣੀਆਂ ਠੀਕ ਹਨ?
ਇੰਜ ਕਿਹਾ ਜਾ ਸਕਦਾ ਹੈ ਕਿ ਗੁਰਦੁਆਰਿਆਂ ਨੂੰ ਮੰਦਰਾਂ ਦੀ ਸ਼ਕਲ ਦੇਣ ਦਾ ਯਤਨ ਕੀਤਾ ਜਾ ਰਿਹਾ ਹੈ।
ਗੁਰਬਾਣੀ ਪੜ੍ਹਨ ਵਿਚਾਰਣ ਦਾ ਵਿਸ਼ਾ ਸੀ ਜੋ ਅਸੀਂ ਬੰਦ ਕਮਰਿਆਂ ਵਿੱਚ ਬੰਦ ਕਰਕੇ ਰੱਖ ਦਿੱਤਾ ਹੈ।
ਪ੍ਰੋਫੈਸਰ ਸੁਖਵਿੰਦਰ ਸਿੰਘ ਜੀ ਦਦੇਹਰ ਨਾਲ ਮੈਂ ਕਾਲਜ ਆਣ ਕੇ ਕੀਤੀ ਤਾਂ ਉਹ ਅੱਗੋਂ ਕਹਿਣ ਲੱਗੇ ਕਿ ਮੈਨੂੰ ਵੀ ਪਿੱਛਲੇ ਦਿਨੀ ਏਦਾਂ ਦੇ ਇੱਕ ਗੁਰਦੁਆਰੇ ਜਾਣ ਦਾ ਮੌਕਾ ਮਿਲਿਆ ਸੀ। ਉਹ ਕਹਿੰਦੇ ਕਿ “ਮੈਂ ਘਰ ਵਾਲਿਆਂ ਨੂੰ ਪੁੱਛਿਆ ਕਥਾ ਤਾਬਿਆ ਬੈਠ ਕੇ ਕਰਨੀ ਹੈ” ਤਾਂ ਅੱਗੋਂ ਕੋਲ ਖਲੋਤੇ ਸਾਧ ਰੂਪੀ ਬਾਬਾ ਜੀ ਕਹਿਣ ਲੱਗੇ, “ਸੰਗਤ ਨੂੰ ਥੋੜਾ ਜੇਹਾ ਗੁਰੂ ਗ੍ਰੰਥ ਸਾਹਿਬ ਦਾ ਦੀਦਾਰ ਹੋਏਗਾ ਪਰ ਤੂਹਾਨੂੰ ਅੰਦਰ ਬੈਠਿਆਂ ਸੰਗਤ ਨਹੀਂ ਦਿਸੇਗੀ।
ਹੋਈ ਨਾ ਜੱਗੋਂ ਤੇਰ੍ਹਵੀਂ?




.