ੴਸਤਿਗੁਰਪ੍ਰਸਾਦਿ॥
ਪਾਪ ਕੀ ਜੰਝ (ਕਿਸ਼ਤ ਸੱਤਵੀਂ)
ਗੁਲਾਬ ਸਿੰਘ ਤੇ ਬਲਬੀਰ ਕੌਰ ਨੇ
ਵਾਕਿਆ ਹੀ ਕਮਾਲ ਦੀ ਦ੍ਰਿੜਤਾ ਵਿਖਾਈ। ਉਹ ਦਿਨ ਗਿਆ ਤੇ ਇਹ ਆ ਗਿਆ, ਸਾਲਾਂ ਦੇ ਸਾਲ ਬੀਤ ਗਏ,
ਉਨ੍ਹਾਂ ਮੁੜ ਪਲਟ ਕੇ ਵਾਪਸ ਨਹੀਂ ਵੇਖਿਆ। ਉਹ ਤਾਂ ਆਪਣੇ ਵੱਲੋਂ ਨਾ ਕਦੇ ਹਰਭਜਨ ਦੀ ਗੱਲ ਕਰਦੇ,
ਨਾ ਸੁਣਦੇ। ਕਈ ਵਾਰ ਕਿਸੇ ਆਏ ਗਏ ਕੋਲੋਂ ਬਦੋ ਬਦੀ ਪਤਾ ਲੱਗ ਜਾਂਦਾ ਕਿ ਉਸ ਉਥੇ ਕਿਸੇ ਗੋਰੀ ਨਾਲ
ਵਿਆਹ ਕਰਾ ਲਿਐ, ਉਸ ਦੇ ਤਿੰਨ ਬੱਚੇ ਹੋਏ ਨੇ, ਦੋ ਧੀਆਂ ਇੱਕ ਪੁੱਤਰ। ਗੁਲਾਬ ਸਿੰਘ ਚੁਪ ਕਰ ਕੇ
ਸੁਣ ਲੈਂਦਾ ਪਰ ਅਗੋਂ ਕੋਈ ਗੱਲ ਨਾ ਕਰਦਾ ਸਗੋਂ ਗੱਲ ਕਰਨ ਵਾਲੇ ਨੂੰ ਵੀ ਉਥੇ ਹੀ ਰੋਕ ਦੇਂਦਾ। ਪਰ
ਦਿੱਲ ਤੋਂ ਉਸ ਨੂੰ ਇਹ ਦੁਖ ਜ਼ਰੂਰ ਹੁੰਦਾ ਕਿ ਉਸ ਦੀ ਕੁਲ ਹੁੰਦਿਆਂ, ਉਸ ਵਿੱਚੋਂ ਸਿੱਖੀ ਖਤਮ ਹੋ
ਗਈ ਹੈ। ਵਾਪਸ ਜਾਣ ਤੋਂ ਬਾਅਦ ਹਰਭਜਨ ਨੇ ਕਈ ਵਾਰੀ ਚਿੱਠੀਆਂ ਪਾਈਆਂ, ਉਹ ਸਰਸਰੀ ਨਜ਼ਰ ਮਾਰ ਕੇ ਫਾੜ
ਦੇਂਦੇ ਤੇ ਕਦੇ ਜੁਆਬ ਨਹੀਂ ਦਿੱਤਾ। ਕਈ ਵਾਰੀ ਟੈਲੀਫੋਨ ਵੀ ਕੀਤਾ ਪਰ ਉਹ ਉਸ ਦੀ ਅਵਾਜ਼ ਸੁਣ ਕੇ ਹੀ
ਟੈਲੀਫੋਨ ਬੰਦ ਕਰ ਦੇਂਦੇ। ਹੌਲੀ-ਹੌਲੀ ਉਹ ਵੀ ਚੁਪ ਬੈਠ ਗਿਆ।
ਬੇਟੀ ਕਮਲਜੀਤ ਦਾ ਵਿਆਹ ਦਿੱਲੀ ਹੋਇਆ ਸੀ, ਤਕਰੀਬਨ 20 ਸਾਲ ਹੋ ਗਏ ਸਨ, ਹੁਣ ਤਾਂ ਉਸ ਦੀ ਆਪਣੀ ਧੀ
ਜੁਆਨ ਹੋ ਗਈ ਸੀ, ਬੇਟਾ ਉਸ ਦਾ ਛੋਟਾ ਸੀ, ਉਹ ਭੈਣ ਤੋਂ ਕਾਫੀ ਸਾਲਾਂ ਬਾਅਦ ਜੰਮਿਆਂ ਸੀ, ਉਸ ਤੋਂ
ਛੋਟੀ ਇੱਕ ਹੋਰ ਬੇਟੀ ਸੀ, ਦੋਵੇਂ ਅਜੇ ਸਕੂਲ ਵਿੱਚ ਪੜ੍ਹਦੇ ਸਨ। ਕਮਲਜੀਤ ਆਪਣੇ ਪਰਿਵਾਰ ਵਿੱਚ
ਇਤਨੀ ਰੁਝੀ ਹੋਈ ਸੀ ਕਿ ਕਿਤੇ ਵਰ੍ਹੇ ਛਿਮਾਹੀ ਹੀ ਮਾਤਾ ਪਿਤਾ ਵੱਲ ਗੇੜਾ ਮਾਰਦੀ, ਜਦੋਂ ਕਿਤੇ
ਬੱਚਿਆ ਨੂੰ ਛੁਟੀਆਂ ਹੁੰਦੀਆਂ। ਜਿਹੜੇ ਚਾਰ ਦਿਨ ਆਉਂਦੀ ਘਰ ਵਿੱਚ ਜਿਵੇਂ ਨਵੀਂ ਜ਼ਿੰਦਗੀ ਆ ਜਾਂਦੀ।
ਕਾਨਪੁਰ ਵਿੱਚ ਤਾਂ ਹੁਣ ਬਲਦੇਵ ਸਿੰਘ ਦਾ ਪਰਿਵਾਰ ਹੀ ਉਨ੍ਹਾਂ ਦਾ ਆਪਣਾ, ਤੇ ਓਟ ਆਸਰਾ ਸੀ। ਬਲਦੇਵ
ਸਿੰਘ ਹੋਰਾਂ ਨੇ ਵੀ ਮਾਮਾ, ਮਾਮੀ ਦੇ ਪਿਆਰ ਸਤਿਕਾਰ ਵਿੱਚ ਕੋਈ ਕਮੀ ਨਹੀਂ ਸੀ ਰੱਖੀ। ਉਨ੍ਹਾਂ ਨੂੰ
ਆਪਣੇ ਮਾਤਾ ਪਿਤਾ ਵਾਲਾ ਸਤਿਕਾਰ ਦੇਂਦੇ। ਬਲਦੇਵ ਸਿੰਘ ਤਾਂ ਚਾਹੁੰਦਾ ਸੀ ਹੁਣ ਉਹ ਉਨ੍ਹਾਂ ਦੇ ਕੋਲ
ਹੀ ਰਹਿਣ ਪਰ ਪਤਾ ਨਹੀ ਕਿਉਂ ਗੁਲਾਬ ਸਿੰਘ ਨਹੀਂ ਸੀ ਮੰਨਦਾ।
ਹਰਮੀਤ ਵੀ ਲਖਨਊ ਤੋਂ ਵਾਪਸ ਆ ਗਿਆ ਸੀ ਤੇ ਸਾਰਾ ਪਰਿਵਾਰ ਇਕੱਠਾ ਹੀ ਬੈਠਾ ਸੀ। ਉਸ ਬੈਠਦੇ ਹੋਏ
ਹਰਮੀਤ ਨੂੰ ਪੁੱਛਿਆ, “ਖ਼ਬਰਾਂ ਸੁਣੀਆਂ ਨੇ?” ਹਰਮੀਤ ਦਾ ਚਿਹਰਾ ਪਹਿਲਾਂ ਹੀ ਬਹੁਤ ਲੱਥਾ ਪਿਆ ਸੀ,
ਇੰਝ ਜਾਪਿਆ, ਜਿਵੇਂ ਉਹ ਬੋਲ ਨਾ ਪਾ ਰਿਹਾ ਹੋਵੇ, ਉਸ ਦੀਆਂ ਅੱਖਾਂ ਭਰ ਆਈਆਂ, ਬੜੇ ਔਖੇ ਜਿਹੇ ਹੋ
ਕੇ ਬੋਲਣ ਦੀ ਕੋਸ਼ਿਸ਼ ਕੀਤੀ ਤਾਂ ਭੁੱਬਾਂ ਨਿਕਲ ਗਈਆਂ, ਕੁਰਲਾਉਂਦਾ ਹੋਇਆ ਬੋਲਿਆ, “ਭਾਪਾ ਜੀ, ਰਾਤ
ਦੀ ਫੌਜ ਟੈਂਕਾਂ ਅਤੇ ਬਖਤਰ-ਬੰਦ ਗੱਡੀਆਂ ਨਾਲ ਦਰਬਾਰ ਸਾਹਿਬ ਦੇ ਅੰਦਰ ਵੜ ਗਈ ਏ … ….”, ਤੇ
ਅੱਗੋਂ ਉਸ ਦੀ ਜ਼ੁਬਾਨ ਨੇ ਸਾਥ ਛੱਡ ਦਿੱਤਾ। ਬਲਦੇਵ ਸਿੰਘ ਉਠਿਆ ਤੇ ਹਰਮੀਤ ਨੂੰ ਗਲਵੱਕੜੀ ਵਿੱਚ ਲੈ
ਲਿਆ, ਹਰਮੀਤ ਵੀ ਉਠ ਕੇ ਉਸ ਦੇ ਗੱਲ ਲੱਗ ਗਿਆ। ਬਲਦੇਵ ਸਿੰਘ ਉਸ ਨੂੰ ਤਸੱਲੀ ਦੇਣ ਦੀ ਕੋਸ਼ਿਸ਼ ਕਰਦਾ
ਹੋਇਆ ਬੋਲਿਆ, “ਹੌਂਸਲਾ ਕਰ ਬੇਟਾ, ਇੰਝ ਹਿੰਮਤ … …. ।” ਅਸਲ ਵਿੱਚ ਉਸ ਦੀ ਆਪਣੀ ਹਿੰਮਤ ਜੁਆਬ ਦੇ
ਚੁੱਕੀ ਸੀ, ਜ਼ੁਬਾਨ ਬੋਲਣੋ ਬੰਦ ਹੋ ਗਈ ਤੇ ਉਸ ਦੀ ਜਗ੍ਹਾ ਸਿਸਕੀਆਂ ਨੇ ਲੈ ਲਈ। ਉਧਰ ਉਹ
ਪਿਓ-ਪੁੱਤਰ ਇੱਕ ਦੂਜੇ ਦੇ ਗੱਲ ਲੱਗ ਜ਼ਾਰ-ਜ਼ਾਰ ਰੋ ਰਹੇ ਸਨ, ਨਾਲ ਹੀ ਸਾਰਾ ਪਰਿਵਾਰ ਰੋ ਰਿਹਾ ਸੀ।
ਥੋੜ੍ਹੀ ਦੇਰ ਬਾਅਦ ਗੁਲਾਬ ਸਿੰਘ ਬੜੀ ਔਖਿਆਈ ਨਾਲ ਉਠਿਆ ਤੇ ਦੋਹਾਂ ਦੀ ਪਿੱਠ ਤੇ ਹੱਥ ਫੇਰਦੇ ਹੋਏ
ਬੋਲਿਆ, “ਬਸ ਕਾਕਾ, ਹਿੰਮਤ ਕਰੋ।” ਉਸ ਦੇ ਗੋਡਿਆਂ ਵਿੱਚ ਹੁਣ ਦਰਦ ਰਹਿੰਦਾ ਸੀ ਉਠਣ-ਬੈਠਣ ਵਿੱਚ
ਕਾਫੀ ਤਕਲੀਫ ਹੁੰਦੀ ਸੀ, ਅੱਜ ਤਾਂ ਉਹ ਆਪਣੇ ਆਪ ਨੂੰ ਬਿਲਕੁਲ ਸਾਹ-ਸਤ ਹੀਣ ਮਹਿਸੂਸ ਕਰ ਰਿਹਾ ਸੀ।
ਦੋਹਾਂ ਨੂੰ ਬਿਠਾ ਕੇ, ਆਪ ਬੈਠਦਾ ਹੋਇਆ ਬੋਲਿਆ, “ਮੈਂ ਕੁੱਝ ਦਿਨ ਪਹਿਲੇ ਹੀ ਤੁਹਾਡੀ ਮਾਮੀ ਨੂੰ
ਕਹਿ ਰਿਹਾ ਸਾਂ, ਵਾਹਿਗੁਰੂ ਦੀ ਬੜੀ ਕਿਰਪਾ ਰਹੀ ਏ, ਸਾਰੀ ਜ਼ਿੰਦਗੀ ਬੜੀ ਸੁੱਖਾਂ ਨਾਲ ਬੀਤੀ ਏ, ਬਸ
ਇੱਕ ਹੀ ਵੱਡੀ ਸਲ੍ਹ ਲੱਗੀ ਏ … … ਪਰ ਵਾਹਿਗੁਰੂ ਨੇ ਆਪ ਹੀ, ਉਹ ਸਹਿਣ ਦੀ ਹਿੰਮਤ ਵੀ ਬਖਸ਼ ਦਿੱਤੀ
ਏ। … …. ਸਤਿਗੁਰੂ ਮਿਹਰ ਕਰੇ ਹੁਣ ਆਪਣੇ ਕੋਲ ਸੱਦ ਲਵੇ, ਇਸ ਬੁਢਾਪੇ ਵਿੱਚ ਹੁਣ ਕੋਈ ਹੋਰ ਦੁੱਖ
ਨਾ ਵੇਖਣਾ ਪੈ ਜਾਵੇ। ਵੇਖੋ ਅਕਾਲ-ਪੁਰਖ ਦੇ ਰੰਗ, ਹੁਣ ਇਸ ਉਮਰੇ ਇਹ ਵੇਖਣਾ ਬਾਕੀ ਸੀ. . ।” ਉਹ
ਸਾਹ ਲੈਣ ਲਈ ਥੋੜ੍ਹੀ ਦੇਰ ਰੁਕਿਆ ਤੇ ਫੇਰ ਬੋਲਿਆ, “ਜਦੋਂ ਬਾਬਰ ਨੇ ਭਾਰਤ ਤੇ ਹਮਲਾ ਕੀਤਾ ਤਾਂ
ਅੱਗੋਂ ਕੋਈ ਕੁਸਕਿਆ ਨਹੀਂ ਸੀ, ਕਿਸੇ ਦੀ ਜੁਰਅਤ ਨਹੀਂ ਸੀ ਪਈ ਉਸ ਦਾ ਟਾਕਰਾ ਕਰਨ ਦੀ ਜਾਂ ਉਸ ਦੇ
ਖਿਲਾਫ ਅਵਾਜ਼ ਬੁਲੰਦ ਕਰਨ ਦੀ, ਸਿਰਫ ਗੁਰੂ ਨਾਨਕ ਪਾਤਿਸ਼ਾਹ ਨੇ ਹੀ ਬਾਬਰ ਦੀਆਂ ਫੌਜਾਂ ਨੂੰ ‘ਪਾਪ
ਕੀ ਜੰਝ’ ਕਹਿ ਕੇ ਲਲਕਾਰਿਆ ਅਤੇ ਹਾਅ ਦਾ ਨਾਹਰਾ ਮਾਰਿਆ ਸੀ। ਸਾਰੇ ਭਾਰਤ ਵਿੱਚ ਸਿਰਫ ਗੁਰੂ ਨਾਨਕ
ਪਾਤਿਸ਼ਾਹ ਦੀ ਸ਼ੇਰ ਗਰਜ ਹੀ ਗੂੰਜੀ ਸੀ, ‘ਪਾਪ ਕੀ ਜੰਞ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ
ਲਾਲੋ॥’ ਪਰ ਅੱਜ ਉਸੇ ਭਾਰਤ ਦੇਸ਼ ਦੀ ਫੌਜ ਹੀ ਗੁਰੂ ਨਾਨਕ ਸਾਹਿਬ ਦੀ ਸਾਜੀ ਸਿੱਖੀ ਦੇ ਕੇਂਦਰ ਅਤੇ
ਹੋਰ ਗੁਰਧਾਮਾਂ ਤੇ ‘ਪਾਪ ਕੀ ਜੰਝ’ ਬਣ ਕੇ ਚੜ੍ਹ ਆਈ ਹੈ ਪਰ ਅੱਜ ਕੋਈ ਹਾਅ ਦਾ ਨਾਰ੍ਹਾ ਮਾਰਨ ਵਾਲਾ
ਨਹੀਂ, ਬਲਕਿ ਜਿਨ੍ਹਾਂ ਨੂੰ ਹਾਅ ਦਾ ਨਾਹਰਾ ਮਾਰਨਾ ਚਾਹੀਦਾ ਸੀ, ਉਹ ਖੁਸ਼ੀਆਂ ਮਨਾ ਰਹੇ ਹਨ … ….
।” ਕਹਿੰਦੇ ਹੋਏ ਉਸ ਦੀ ਅਵਾਜ਼ ਭਰ … ਰਾ ਗਈ ਤੇ ਅੱਖਾਂ `ਚੋਂ ਫੇਰ ਅਥਰੂ ਵਗਣ ਲੱਗ ਗਏ। ਬੱਬਲ ਉਠੀ
ਤੇ ਸਾਰਿਆਂ ਵਾਸਤੇ ਪਾਣੀ ਲੈ ਆਈ।
ਹਰਮੀਤ ਨੇ ਆਪਣੇ ਆਪ ਨੂੰ ਸੰਭਾਲਿਆ ਤੇ ਪਿਤਾ ਵੱਲ ਮੂੰਹ ਕਰਕੇ ਬੋਲਿਆ, “ਇਸ ‘ਪਾਪ ਕੀ ਜੰਝ’ ਦੇ
ਟੈਂਕ ਤੇ ਬਖਤਰ-ਬੰਦ ਗੱਡੀਆਂ ਪ੍ਰਕਰਮਾਂ ਵਿੱਚ ਅੱਗ ਵਰ੍ਹਾ ਰਹੀਆਂ ਨੇ, ਨਾਲ ਉਤੋਂ ਹੈਲੀਕਾਪਟਰਾਂ
ਰਾਹੀਂ ਵੀ ਗੋਲੇ ਸੁੱਟ ਰਹੇ ਨੇ। ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਲਾਸ਼ਾਂ ਨਾਲ ਭਰੀਆਂ ਪਈਆਂ ਨੇ,
ਬਹੁਤ ਫੌਜੀ ਵੀ ਮਾਰੇ ਗਏ ਨੇ। ਅਜੇ ਵੀ ਬੜੀ ਗਹਿਗਿੱਚ ਲੜਾਈ ਚਲ ਰਹੀ ਏ …. । ਦੱਸਿਆ ਗਿਐ ਕਿ
ਟੌਹੜੇ ਅਤੇ ਲੌਂਗੋਵਾਲ ਨੇ ਫੌਜ ਅੱਗੇ ਆਤਮ ਸਮਰਪਣ ਕਰ ਦਿੱਤੈ।” ਕਹਿੰਦੇ-ਕਹਿੰਦੇ ਉਸ ਦਾ ਗਲਾ ਫੇਰ
ਭਰ ਆਇਆ।
“ਪਰ ਇਹ ਟੌਹੜਾ ਤੇ ਲੌਂਗੋਵਾਲ ਤਾਂ ਆਖਦੇ ਸਨ ਕਿ ਫੌਜ ਜਾਂ ਪੁਲੀਸ ਸਾਡੀਆਂ ਲਾਸ਼ਾਂ ਤੋਂ ਲੰਘ ਕੇ
ਦਰਬਾਰ ਸਾਹਿਬ ਅੰਦਰ ਦਾਖਲ ਹੋਵੇਗੀ?” ਬਲਦੇਵ ਸਿੰਘ ਨੇ ਪਾਣੀ ਪੀਂਦੇ ਹੋਏ ਵਿੱਚੋਂ ਹੀ ਰੁੱਕ ਕੇ
ਕਿਹਾ।
“ਹਾਂ ਭਾਪਾ ਜੀ! ਬਹੁਤਾ ਫਰਕ ਨਹੀਂ, ਹੁਣ ਇਨ੍ਹਾਂ ਸ਼ਹੀਦਾਂ ਦੀਆਂ ਲਾਸ਼ਾਂ ਤੋਂ ਟੱਪ ਕੇ ਆਤਮ ਸਮਰਪਨ
ਕਰ ਦਿੱਤੈ”, ਹਰਮੀਤ ਨੇ ਵਿਅੰਗ ਕਸਿਆ।
“ਕਾਕਾ! ਸਾਰਾ ਬੇੜਾ ਗਰਕ ਇਨ੍ਹਾਂ ਅੱਜ ਦੇ ਅਕਾਲੀ ਆਗੂਆਂ ਹੀ ਕੀਤੈ। ਜੇ ਇਨ੍ਹਾਂ ਵਿੱਚ ਕੌਮ ਪ੍ਰਤੀ
ਕੁੱਝ ਇਮਾਨਦਾਰੀ ਹੁੰਦੀ ਤਾਂ ਸ਼ਾਇਦ ਕੌਮ ਨੂੰ ਅੱਜ ਦਾ ਇਹ ਦਿਨ ਨਾ ਦੇਖਣਾ ਪੈਂਦਾ। ਇਨ੍ਹਾਂ ਨੂੰ
ਤਾਂ ਕੇਵਲ ਆਪਣੀਆਂ ਕੁਰਸੀਆਂ ਅਤੇ ਚੌਧਰਾਂ ਤੱਕ ਹੀ ਮਤਲਬ ਰਹਿ ਗਿਐ”, ਪਾਣੀ ਦਾ ਗਲਾਸ ਰੱਖਦੇ ਹੋਏ
ਗੁਲਾਬ ਸਿੰਘ ਬੋਲਿਆ।
“ਬੇਸ਼ੱਕ ਮਾਮਾ ਜੀ! ਇਨ੍ਹਾਂ ਆਗੂਆਂ ਦੇ ਇਸ ਘਟੀਆ ਕਿਰਦਾਰ ਕਾਰਨ ਹੀ ਸਰਕਾਰ ਦੀ ਜੁਰਅੱਤ ਪਈ ਏ ਸਾਡੇ
ਦਰਬਾਰ ਸਾਹਿਬ ਵਰਗੇ ਸਿੱਖੀ ਦੇ ਕੇਂਦਰ ਤੇ ਹਮਲਾ ਕਰਨ ਦੀ। ਮੈਨੂੰ ਤਾਂ ਇਹ ਵੀ ਪਤਾ ਲੱਗੈ ਕਿ ਇਹ
ਅੰਦਰ ਖਾਤੇ ਸਰਕਾਰ ਨਾਲ ਮੀਟਿੰਗਾਂ ਕਰਦੇ ਰਹੇ ਨੇ”, ਬਲਦੇਵ ਸਿੰਘ ਬੜਾ ਦੁੱਖ ਜ਼ਾਹਰ ਕਰਦਾ ਹੋਇਆ
ਬੋਲਿਆ।
“ਬੇਟਾ! ਹਮਲਾ ਕਿਹੜਾ ਸਿਰਫ ਦਰਬਾਰ ਸਾਹਿਬ `ਤੇ ਹੋਇਐ। 37 ਹੋਰ ਗੁਰਦੁਆਰਿਆਂ ਤੇ ਵੀ ਹੋਇਐ”,
ਗੁਲਾਬ ਸਿੰਘ ਰੁਮਾਲ ਨਾਲ ਅੱਖਾਂ ਸਾਫ ਕਰਦਾ ਹੋਇਆ ਬੋਲਿਆ
“ਮਾਮਾ ਜੀ! ਇਹ ਤਾਂ ਫਿਰ ਸਾਰੀ ਸਿੱਖ ਕੌਮ `ਤੇ ਹੀ ਹਮਲਾ ਹੋ ਗਿਆ …. . ਹੋਰ ਕਸਰ ਕੀ ਰਹਿ ਗਈ ਏ?”
ਥੋੜ੍ਹਾ ਰੁੱਕ ਕੇ ਬਲਦੇਵ ਸਿੰਘ ਫੇਰ ਦੁਬਾਰਾ ਬੋਲਿਆ, “ਕਦੇ ਪੜ੍ਹਿਐ ਜਾਂ ਸੁਣਿਐ, ਕਿਸੇ ਦੇਸ਼ ਦੀ
ਫੌਜ ਨੇ ਆਪਣੇ ਹੀ ਲੋਕਾਂ `ਤੇ ਐਸਾ ਹਮਲਾ ਕੀਤਾ ਹੋਵੇ?” ਅੱਜ ਉਸ ਦੀ ਜ਼ੁਬਾਨ ਵਿੱਚ ਪੂਰਾ ਰੋਸ ਸੀ।
ਅਕਾਲੀ ਆਗੂਆਂ ਪ੍ਰਤੀ ਜਾਗਿਆ ਗੁੱਸਾ, ਸਰਕਾਰ ਵਿਰੋਧੀ ਰੋਸ ਵਿੱਚ ਹੀ ਕਿਧਰੇ ਗੁਆਚ ਗਿਆ ਸੀ।
ਕਿਸੇ ਕੋਈ ਜੁਆਬ ਨਾ ਦਿੱਤਾ, ਥੋੜ੍ਹੀ ਦੇਰ ਬਾਅਦ ਗੁਲਾਬ ਸਿੰਘ ਉਠਦਾ ਹੋਇਆ ਬੋਲਿਆ, “ਚੰਗਾ ਬਈ,
ਅਸੀਂ ਹੁਣ ਚਲਦੇ ਆਂ।”
“ਮਾਮਾ ਜੀ, ਖਾਣਾ ਤਾਂ ਖਾ ਲਓ, ਇਹ ਕਿਹੜਾ ਵੇਲਾ ਏ ਇੰਜ ਜਾਣ ਦਾ?” ਛੇਤੀ ਨਾਲ ਗੁਰਮੀਤ ਬੋਲੀ। ਉਸ
ਦੀ ਗੱਲ ਨੂੰ ਹੁੰਗਾਰਾ ਭਰਦੇ ਹੋਏ ਬਲਦੇਵ ਸਿੰਘ ਬੋਲਿਆ, “ਹਾਂ ਹਾਂ, ਖਾਣਾ ਖਾਧੇ ਬਗੈਰ ਨਹੀਂ
ਜਾਣਾ, ਨਾਲੇ ਅੱਜ ਇਥੇ ਹੀ ਰੁੱਕ ਜਾਓ।”
“ਨਹੀਂ ਬੇਟਾ, ਅੱਜ ਕੁੱਝ ਨਾ ਆਖੋ, ਅੱਜ ਗਰਾਹੀ ਗਲੇ ਤੋਂ ਥੱਲੇ ਨਹੀਂ ਜਾਣੀ।” ਕਹਿੰਦੇ ਹੋਏ ਅਗੇ
ਗੁਲਾਬ ਸਿੰਘ ਤੇ ਮਗਰ ਬਲਬੀਰ ਕੌਰ ਬਾਹਰ ਵੱਲ ਤੁਰ ਪਏ ਤੇ ਨਾਲ ਹੀ ਸਾਰਾ ਪਰਿਵਾਰ ਵੀ ਬਾਹਰ ਛੱਡਣ ਆ
ਗਿਆ। ਜਾਪਦਾ ਸੀ ਗੁਲਾਬ ਸਿੰਘ ਤੇ ਬਲਬੀਰ ਕੌਰ ਅੱਜ ਖਾਸ ਤੌਰ `ਤੇ ਇਹ ਦੁੱਖ ਸਾਂਝਾ ਕਰਨ ਲਈ ਆਏ
ਸਨ।
“ਹਰਮੀਤ! ਜਾ ਛੱਡ ਆ।” ਬਲਦੇਵ ਸਿੰਘ ਨੇ ਬਾਹਰ ਨਿਕਲਦੇ ਹੋਏ ਕਿਹਾ। “ਹਾਂ ਜੀ” ਹਰਮੀਤ ਪਹਿਲਾਂ ਹੀ
ਕਾਰ ਦੀ ਚਾਬੀ ਫੜੀ ਖੜ੍ਹਾ ਸੀ। ਅੱਗੇ ਜਦੋਂ ਕਦੇ ਗੁਲਾਬ ਸਿੰਘ ਹੋਰੀਂ ਆਉਂਦੇ ਤਾਂ ਜਾਣ ਲੱਗਿਆਂ
ਕਿੰਨੀ ਕਿੰਨੀ ਦੇਰ ਦਰਵਾਜ਼ੇ ਅੱਗੇ ਹੀ ਗੱਲਾਂ ਹੁੰਦੀਆਂ ਰਹਿੰਦੀਆਂ, ਅੱਜ ਕਿਸੇ ਕੋਈ ਗੱਲ ਨਾ ਕੀਤੀ।
ਹਰਮੀਤ ਨੇ ਕਾਰ ਕੱਢੀ ਤੇ ਗੁਲਾਬ ਸਿੰਘ ਹੋਰੀਂ ਕਾਰ ਵਿੱਚ ਬਹਿ ਕੇ ਤੁਰ ਗਏ।
“ਰੋਟੀ ਲਾਵਾਂ ਕਿ ਹਰਮੀਤ ਦੀ ਉਡੀਕ ਕਰਨੀ ਏ?” ਗੁਰਮੀਤ ਕੌਰ ਨੇ ਪੁੱਛਿਆ
“ਮੀਤਾ ਮੈਂ ਤਾਂ ਅੱਜ ਕੁੱਝ ਨਹੀਂ ਖਾਣਾ, ਤੁਸੀਂ ਖਾ ਲਓ” ਕਹਿੰਦਾ ਹੋਇਆ ਬਲਦੇਵ ਸਿੰਘ ਆਪਣੇ ਕਮਰੇ
ਵੱਲ ਤੁਰ ਗਿਆ। ਬੱਬਲ ਵੀ ਵਿੱਚੇ ਬੋਲ ਪਈ, “ਮੰਮੀ ਅੱਜ ਮੈਂ ਵੀ ਰੋਟੀ ਨਹੀਂ ਖਾਣੀ।” ਇਸ ਤੋਂ
ਪਹਿਲਾਂ ਕਿ ਗੁਰਮੀਤ ਕੁੱਝ ਕਹਿੰਦੀ, ਉਹ ਆਪਣੇ ਕਮਰੇ ਵੱਲ ਤੁਰ ਗਈ।
ਗੁਰਮੀਤ ਰਸੋਈ ਵਗੈਰਾ ਸਾਂਭਦੀ ਹੋਈ ਹਰਮੀਤ ਦੀ ਇੰਤਜ਼ਾਰ ਕਰਨ ਲੱਗੀ। ਹਰਮੀਤ ਆਇਆ ਤਾਂ ਅੰਦਰ ਵੜਦਾ
ਹੀ ਕਹਿਣ ਲੱਗਾ, “ਮੰਮੀ ਅੱਜ ਭੁਖ ਨਹੀਂ, ਮੈਂ ਰੋਟੀ ਨਹੀਂ ਖਾਣੀ”, ਤੇ ਆਪਣੇ ਕਮਰੇ ਵੱਲ ਜਾਣ
ਲੱਗਾ। ਗੁਰਮੀਤ ਨੇ ਰੋਕ ਕੇ ਕਿਹਾ, “ਬੇਟਾ! ਰੋਟੀ ਛੱਡਣ ਨਾਲ ਥੋੜਾ ਕੁੱਝ ਬਣਨੈ?”
“ਮੰਮੀ ਪਲੀਜ਼ ਨਹੀਂ, ਅੱਜ ਨਹੀਂ ਖਾਧੀ ਜਾਣੀ।” ਕਹਿੰਦਾ ਹੋਇਆ ਆਪਣੇ ਕਮਰੇ ਵਿੱਚ ਚਲਾ ਗਿਆ।
ਗੁਰਮੀਤ ਰਸੋਈ ਵਿੱਚ ਗਈ ਜੋ ਕੁੱਝ ਬਣਿਆ-ਪੱਕਿਆ ਪਿਆ ਸੀ ਇੰਝੇ ਹੀ ਸਮੇਟ ਦਿੱਤਾ ਤੇ ਰਸੋਈ ਬੰਦ
ਕਰਕੇ ਆਪਣੇ ਕਮਰੇ ਵੱਲ ਚਲੀ ਗਈ। ਉਹ ਕਮਰੇ ਵਿੱਚ ਗਈ ਤਾਂ ਬਲਦੇਵ ਸਿੰਘ ਅੱਖਾਂ ਬੰਦ ਕਰਕੇ ਪਿਆ ਸੀ,
ਪਤਾ ਨਹੀਂ ਜਾਗਦਾ ਸੀ ਕਿ ਸੁੱਤਾ। ਉਸ ਨੇ ਵੀ ਲਾਈਟ ਬੰਦ ਕੀਤੀ ਤੇ ਚੁੱਪਚਾਪ ਲੇਟ ਗਈ।
ਸੱਤ ਜੂਨ ਦੀ ਸਵੇਰ ਬਲਦੇਵ ਸਿੰਘ ਆਮ ਵਾਂਗੂ ਉਠ ਕੇ ਇਸ਼ਨਾਨ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਸੇਵਾ
ਕਰਨ ਚਲਾ ਗਿਆ। ਨਿਤਨੇਮ ਕਰਦਿਆਂ, ਗੁਰਬਾਣੀ ਪੜ੍ਹਦਿਆਂ ਵੀ ਅੱਜ ਮਨ ਨਹੀਂ ਟਿਕਿਆ। ਹਾਲਾਂਕਿ ਉਹ
ਗੁਰਬਾਣੀ ਸਮਝ ਕੇ ਵਿੱਚਾਰ ਕੇ ਪੜ੍ਹਨ ਦਾ ਆਦੀ ਸੀ ਪਰ ਉਸ ਨੂੰ ਅੱਜ ਇਹ ਹੀ ਪਤਾ ਨਹੀਂ ਸੀ ਲੱਗ
ਰਿਹਾ ਕਿ ਉਹ ਕੀ ਪੜ੍ਹ ਰਿਹਾ ਹੈ? ਅਰਦਾਸ ਕਰਨ ਲਈ ਖਲੋਤਾ ਤਾਂ ਪਤਾ ਨਹੀਂ ਕਿਸ ਵੇਗ ਵਿੱਚ ਵੱਗ
ਗਿਆ, ਆਪਣੇ ਲਈ ਧੰਨ ਦੌਲਤ ਦੁਨਿਆਵੀ ਸੁੱਖ ਤਾਂ ਉਸ ਕਦੇ ਵੀ ਨਹੀਂ ਸਨ ਮੰਗੇ, ਉਹ ਸਭ ਕੁੱਝ ਤਾਂ
ਸਤਿਗੁਰੂ ਨੇ ਵਿਣ ਮੰਗਿਆਂ ਹੀ ਬਹੁਤ ਦਿੱਤਾ ਹੋਇਆ ਸੀ, ਉਹ ਤਾਂ ਰੋਜ਼ ਦੋ ਚੀਜ਼ਾਂ ਹੀ ਮੰਗਦਾ ਸੀ,
ਸਤਿਗੁਰੂ ਗੁਰਮਤਿ ਅਨੁਸਾਰ ਜੀਵਨ ਬਤੀਤ ਕਰਨ ਦੀ ਸਮਰੱਥਾ ਬਖਸ਼ਣਾ ਅਤੇ ਦੂਸਰਾ ਕਿ ਪਰਿਵਾਰ ਨੂੰ ਵੀ
ਸਿੱਖੀ ਸਰੂਪ ਅਤੇ ਸਿਧਾਂਤ ਨਾਲ ਜੋੜੀ ਰੱਖਣਾ। ਅੱਜ ਪਤਾ ਨਹੀਂ ਉਸ ਅਰਦਾਸ ਦੀਆਂ ਕਿਹੜੀਆਂ ਪੰਕਤੀਆਂ
ਬੋਲੀਆਂ ਤੇ ਕਿਹੜੀਆਂ ਨਹੀਂ ਬੋਲੀਆਂ, ਉਸ ਦੀਆਂ ਅੱਖਾਂ ਵਿੱਚੋਂ ਭੱਰ ਕੇ ਨੀਰ ਵੱਗ ਰਿਹਾ ਸੀ ਤੇ ਉਹ
ਬਾਰਬਾਰ ਇਹੀ ਰੱਟੀ ਜਾ ਰਿਹਾ ਸੀ, “ਮਿਹਰ ਕਰੋ, ਸਤਿਗੁਰੂ ਮਿਹਰ ਕਰੋ, ਆਪਣੇ ਪੰਥ ਦੀ ਰੱਖਿਆ ਕਰੋ …
…. ਆਪਣੇ ਪੰਥ ਦੇ ਅੰਗ ਸੰਗ ਸਹਾਈ ਹੋਵੋ … …. . ।” ਪਤਾ ਨਹੀਂ ਕਿਤਨੀ ਦੇਰ ਇੰਝ ਹੀ ਖੜ੍ਹਾ ਰਿਹਾ,
ਉਸ ਦਾ ਧਿਆਨ ਟੁੱਟਾ ਜਦੋਂ ਕਿਸੇ ਦੇ ਦਰਵਾਜ਼ਾ ਖੋਲ੍ਹਣ ਦੀ ਅਵਾਜ਼ ਆਈ। ਉਸ ਅੱਖਾਂ ਪੂੰਝਦਿਆਂ ਫਟਾਫਟ
ਮੱਥਾ ਟੇਕਿਆ, ਉਠਦਿਆਂ ਪਿੱਛੇ ਵੇਖਿਆ, ਗੁਰਮੀਤ ਖੜੀ ਕਹਿ ਰਹੀ ਸੀ, “ਮੈਂ ਕਿਹਾ, ਅੱਜ ਬੜੀ ਦੇਰ
ਲਗਾ ਦਿੱਤੀ ਏ ਗੁਰੂ ਸਾਹਿਬ ਦੇ ਕਮਰੇ ਵਿੱਚ ਹੀ … …।”
“ਬਸ ਵੈਸੇ ਹੀ”, ਕਹਿੰਦੇ ਹੋਏ ਉਹ ਬਾਹਰ ਆ ਗਿਆ।
ਗੁਰਮੀਤ ਗੁਰੂ ਸਾਹਿਬ ਦੇ ਕਮਰੇ `ਚੋਂ ਵਾਪਿਸ ਆਈ ਤਾਂ ਬਲਦੇਵ ਸਿੰਘ ਅੱਖਾਂ ਬੰਦ ਕਰਕੇ ਪਲੰਘ ਤੇ
ਲੇਟਿਆ ਪਿਆ ਸੀ। ਉਹ ਚੁੱਪ ਕਰਕੇ ਰਸੋਈ ਵੱਲ ਲੰਘ ਗਈ ਤੇ ਥੋੜ੍ਹੀ ਦੇਰ ਬਾਅਦ ਟਰੇਅ ਵਿੱਚ ਦੋ ਕੱਪ
ਚਾਹ ਤੇ ਕੁੱਝ ਬਿਸਕੁਟ ਲੈ ਕੇ ਮੁੜੀ। ਟਰੇਅ ਸਟੂਲ `ਤੇ ਰੱਖ ਕੇ ਪਤੀ ਨੂੰ ਅਵਾਜ਼ ਮਾਰੀ, “ਉਠੋ! ਚਾਹ
ਦਾ ਕੱਪ ਲੈ ਲਓ।”
“ਨਹੀਂ ਮੀਤਾ! ਬਿਲਕੁਲ ਮਨ ਨਹੀਂ”, ਬਲਦੇਵ ਸਿੰਘ ਨੇ ਉਂਜੇ ਹੀ ਲੇਟੇ ਲੇਟੇ ਕਿਹਾ।
“ਉਠੋ, ਉਠੋ, ਇੰਝ ਢੇਰੀ ਢਾਉਣ ਨਾਲ ਤਾਂ ਕੁੱਝ ਨਹੀਂ ਬਣਨਾ, ਨਾਲੇ ਗੁਰਬਾਣੀ ਵੀ ਤਾਂ ਸਾਨੂੰ ਹਰ
ਔਕੜ ਦਾ ਮੁਕਾਬਲਾ ਹਿੰਮਤ ਨਾਲ ਕਰਨ ਦੀ ਸਿਖਿਆ ਦੇਂਦੀ ਹੈ, ਫੇਰ ਬੱਚਿਆਂ ਨੂੰ ਵੀ ਹਿੰਮਤ ਤੁਸੀ
ਦੇਣੀ ਹੈ, ਰਾਤ ਉਨ੍ਹਾਂ ਵੀ ਕਿਸੇ ਰੋਟੀ ਨਹੀਂ ਖਾਧੀ” ਗੁਰਮੀਤ ਨੇ ਪਤੀ ਦੀ ਬਾਂਹ ਪਕੜ ਕੇ ਉਠਾਉਂਦੇ
ਹੋਏ ਕਿਹਾ। ਉਸ ਨੇ ਆਪਣੇ ਜੀਵਨ ਵਿੱਚ ਬਲਦੇਵ ਸਿੰਘ ਨੂੰ ਇਸ ਤੋਂ ਪਹਿਲਾਂ ਕਦੇ ਇਤਨਾ ਉਦਾਸ ਨਹੀਂ
ਸੀ ਵੇਖਿਆ, ਆਪਣੇ ਸੱਸ, ਸਹੁਰੇ ਦੀ ਮੌਤ `ਤੇ ਵੀ ਨਹੀਂ, ਉਹ ਚਾਹੁੰਦੀ ਸੀ ਪਤੀ ਦਾ ਧਿਆਨ ਕਿਸੇ ਹੋਰ
ਪਾਸੇ ਮੋੜੇ।
ਗੁਰਮੀਤ ਦੀ ਗੱਲ ਦਾ ਬਲਦੇਵ ਸਿੰਘ ਤੇ ਪੂਰਾ ਅਸਰ ਹੋਇਆ। ਉਹ ਉਠ ਬੈਠਾ ਤੇ ਗੁਰਮੀਤ ਨਾਲ ਚਾਹ ਪੀਣ
ਲੱਗਾ। ਗੁਰਮੀਤ ਨੇ ਗੱਲ ਨੂੰ ਹੋਰ ਪਾਸੇ ਮੋੜਨ ਲਈ ਕਿਹਾ, “ਮੈਂ ਸੋਚ ਰਹੀ ਸਾਂ ਹਰਮੀਤ ਦਾ ਪੜ੍ਹਾਈ
ਦਾ ਆਖਰੀ ਸਾਲ ਏ, ਉਹ ਪੜ੍ਹਾਈ ਪੂਰੀ ਕਰਕੇ ਵਾਪਸ ਆਵੇ ਤਾਂ ਉਸ ਦਾ ਵਿਆਹ ਕਰ ਦੇਈਏ, ਅੱਗੋਂ ਕੁੜੀ
ਵੀ ਜੁਆਨ ਬੈਠੀ ਏ।”
“ਮੀਤਾ! ਇਹ ਕਿਹੜਾ ਸਮਾਂ ਹੈ ਇਹ ਗੱਲ ਕਰਨ ਦਾ” ਉਸ ਚਾਹ ਦਾ ਕੱਪ ਰਖਦੇ ਹੋਏ ਕਿਹਾ ਤੇ ਉਸ ਗੱਲ ਨੂੰ
ਉਥੇ ਹੀ ਖ਼ਤਮ ਕਰ ਦਿੱਤਾ। ਇਤਨੇ ਨੂੰ ਬੈਠਕ ਵਿੱਚੋਂ ਟੀ. ਵੀ. ਦੀ ਅਵਾਜ਼ ਆਈ ਅਤੇ ਉਹ ਉਠ ਕੇ ਬੈਠਕ
ਵੱਲ ਚਲਾ ਗਿਆ। ਹਰਮੀਤ ਖ਼ਬਰਾਂ ਲਾਕੇ ਬੈਠਾ ਸੀ। ਖ਼ਬਰ ਆ ਰਹੀ ਸੀ, ‘ਭਾਰਤੀ ਫੌਜਾਂ ਨੇ ਦਰਬਾਰ ਸਾਹਿਬ
ਦੇ ਬਹੁਤੇ ਹਿੱਸੇ ਤੇ ਕਬਜ਼ਾ ਕਰ ਲਿਐ ਪਰ ਕੁੱਝ ਹਿੱਸੇ ਵਿੱਚ ਆਤੰਕਵਾਦੀ ਅਜੇ ਵੀ ਫੌਜ ਦਾ ਮੁਕਾਬਲਾ
ਕਰ ਰਹੇ ਨੇ। ਕਈ ਫੌਜੀ ਜਵਾਨ ਸ਼ਹੀਦ ਹੋ ਗਏ ਨੇ ਅਤੇ ਬਹੁਤ ਸਾਰੇ ਆਤੰਕੀ ਮਾਰੇ ਗਏ ਨੇ। ਫੌਜ ਨੇ ਇਸ
ਕਾਰਵਾਈ ਵਿੱਚ ਦਰਬਾਰ ਸਾਹਿਬ ਦੇ ਮਾਣ-ਸਤਿਕਾਰ ਦਾ ਪੂਰਾ ਖਿਆਲ ਰਖਿਐ …।’ ਉਸ ਦਾ ਧਿਆਨ ਖ਼ਬਰਾਂ
ਵੱਲੋਂ ਹੱਟ ਗਿਆ ਅਤੇ ਅਣਭੋਲ ਮੂੰਹੋਂ ਨਿਕਲਿਆ, “ਵਾਹ! ਦਰਬਾਰ ਸਾਹਿਬ ਅੰਦਰ ਲਾਸ਼ਾਂ ਦੇ ਢੇਰ ਵਿਛਾ
ਕੇ, ਕਿਆ ਮਾਣ-ਸਤਿਕਾਰ ਕੀਤਾ ਜਾ ਰਿਹੈ … …. . ਤੁਹਾਡੇ ਧਾੜਵੀ ‘ਸ਼ਹੀਦ’ ਅਤੇ ਆਪਣੇ ਸਭ ਤੋਂ
ਪਵਿੱਤਰ ਧਰਮ-ਸਥਾਨ ਦੀ ਰੱਖਿਆ ਲਈ ਲੜਨ ਵਾਲੇ ‘ਆਤੰਕਵਾਦੀ’ …।” ਕਹਿੰਦੇ ਕਹਿੰਦੇ ਉਸ ਦਾ ਗਲਾ ਫੇਰ
ਭਰ ਆਇਆ ਅਤੇ ਕੁੱਝ ਅਥਰੂ ਅੱਖਾਂ ਚੋਂ ਵੱਗ ਕੇ ਗੱਲ੍ਹਾਂ ਤੇ ਆ ਗਏ। ਪਤਾ ਨਹੀਂ, ਇਹ ਅਥਰੂ ਦੁਖ ਦੇ
ਸਨ ਕਿ ਰੋਸ ਦੇ? ਹਰਮੀਤ ਨੇ ਪਿਤਾ ਦੇ ਚਿਹਰੇ ਵੱਲ ਵੇਖਿਆ, ਉਸ ਨੂੰ ਜਾਪਿਆ, ਦੋ ਤਿੰਨ ਦਿਨਾਂ ਵਿੱਚ
ਉਸ ਦੇ ਪਿਤਾ ਦੀ ਸੋਚ ਵਿੱਚ ਬਹੁਤ ਵੱਡਾ ਫਰਕ ਆ ਗਿਐ, ਜੋ ਉਸ ਦੇ ਬੋਲਾਂ ਅਤੇ ਚਿਹਰੇ ਤੋਂ ਸਾਫ ਝਲਕ
ਰਿਹਾ ਸੀ।
ਇਤਨੇ ਨੂੰ ਗੁਰਮੀਤ ਦੀ ਅਵਾਜ਼ ਆਈ, “ਆ ਜਾਓ, ਨਾਸ਼ਤਾ ਤਿਆਰ ਏ।”
ਬਲਦੇਵ ਸਿੰਘ ਨੇ ਉਠਦੇ ਹੋਏ ਕਿਹਾ, “ਆ ਹਰਮੀਤ।”
“ਭਾਪਾ ਜੀ, ਤੁਸੀ ਲਓ, ਮੇਰਾ ਮਨ ਅਜੇ ਬਿਲਕੁਲ ਨਹੀਂ ਕਰ ਰਿਹਾ।”
“ਨਹੀਂ ਬੇਟਾ, ਰੋਟੀ ਪਾਣੀ ਛੱਡ ਦੇਣਾ ਤਾਂ ਕਿਸੇ ਗੱਲ ਦਾ ਇਲਾਜ ਨਹੀਂ, ਹਿੰਮਤ ਰੱਖੋ ਅਤੇ
ਵਾਹਿਗੁਰੂ `ਤੇ ਭਰੋਸਾ ਰੱਖੋ, ਕੌਮਾਂ ਦੀ ਜ਼ਿੰਦਗੀ ਵਿੱਚ ਇਮਤਿਹਾਨ ਦੀਆਂ ਘੜੀਆਂ ਆਉਂਦੀਆਂ
ਰਹਿੰਦੀਆਂ ਹਨ, ਜੇ ਹਿੰਮਤ ਹਾਰ ਗਏ ਤਾਂ ਸਭ ਕੁੱਝ ਮੁੱਕ ਜਾਵੇਗਾ, ਇਸੇ ਲਈ ਸਤਿਗੁਰੂ ਨੇ ਸਾਨੂੰ
ਹਮੇਸ਼ਾਂ ਚੜ੍ਹਦੀਆਂ-ਕਲਾਂ ਵਿੱਚ ਰਹਿਣ ਦੀ ਗੁੜ੍ਹਤੀ ਦਿੱਤੀ ਏ।” ਬਲਦੇਵ ਸਿੰਘ ਉਸ ਨੂੰ ਸਮਝਾਉਂਦਾ
ਹੋਇਆ ਬੋਲਿਆ ਤੇ ਨਾਲ ਹੀ ਹਰਮੀਤ ਦਾ ਹੱਥ ਫੜ ਕੇ ਉਸ ਨੂੰ ਉਠਾਇਆ। ਜਾਪਦਾ ਸੀ ਉਸ ਨੇ ਆਪਣੇ ਆਪ ਨੂੰ
ਕਾਫੀ ਸੰਭਾਲ ਲਿਆ ਹੈ। ਅੰਦਰੋਂ ਗੁਰਮੀਤ ਤੇ ਬੱਬਲ ਵੀ ਨਾਸ਼ਤਾ ਲੈਕੇ ਆ ਗਈਆਂ ਤੇ ਚਾਰੇ ਮੇਜ਼ ਦੇ
ਆਲੇ-ਦੁਆਲੇ ਬੈਠ ਗਏ।
ਨਾਸ਼ਤਾ ਖਤਮ ਕਰਦੇ ਹੋਏ ਬਲਦੇਵ ਸਿੰਘ ਬੋਲਿਆ, “ਹਰਮੀਤ ਮੇਰੇ ਸਿਰ ਵਿੱਚ ਬਹੁਤ ਦਰਦ ਹੈ, ਦੁਕਾਨ
ਦੀਆਂ ਚਾਬੀਆਂ ਤੂੰ ਹੀ ਲੈ ਜਾ।”
“ਜੀ ਭਾਪਾ ਜੀ, ਮੈਂ ਤਾਂ ਤਿਆਰ ਹੀ ਹਾਂ, ਤੁਸੀ ਅਰਾਮ ਕਰ ਲਓ” ਕਹਿੰਦਾ ਹੋਇਆ ਹਰਮੀਤ ਉਠ ਕੇ ਕਮਰੇ
ਵਿੱਚ ਚਲਾ ਗਿਆ।
ਬਲਦੇਵ ਸਿੰਘ ਪਹਿਲਾਂ ਤਾਂ ਆ ਕੇ ਬੈਠਕ ਵਿੱਚ ਬੈਠ ਕੇ ਅਖ਼ਬਾਰ ਦੇ ਵਰਕੇ ਫਰੋਲਦਾ ਰਿਹਾ, ਫੇਰ ਉਠ ਕੇ
ਟੀ. ਵੀ. ਲਾ ਲਿਆ ਪਰ ਜਿਵੇਂ ਖ਼ਬਰਾਂ ਸੁਣਨ ਦੀ ਹਿੰਮਤ ਨਾ ਪੈ ਰਹੀ ਹੋਵੇ, ਉਸੇ ਪੱਲ ਫੇਰ ਬੰਦ ਕਰ
ਦਿੱਤਾ ਤੇ ਆਪਣੇ ਕਮਰੇ ਵਿੱਚ ਜਾ ਕੇ ਲੇਟ ਗਿਆ। ਇੱਕ ਅਜੀਬ ਜਿਹੀ ਬੇਚੈਨੀ ਸੀ, ਮਨ ਕਿਸੇ ਤਰ੍ਹਾਂ
ਵੀ ਟਿੱਕ ਨਹੀਂ ਸੀ ਰਿਹਾ। ਪਹਿਲਾਂ ਉਸ ਦਾ ਮਨ ਕੀਤਾ, ਉਹ ਚੌਧਰੀ ਸਾਬ੍ਹ ਨੂੰ ਟੈਲੀਫੋਨ ਕਰੇ। ਉਸ
ਨੂੰ ਹੈਰਾਨਗੀ ਸੀ ਕਿ ਪਿਛਲੇ ਤਿੰਨ ਦਿਨਾਂ ਤੋਂ ਉਸ ਦਾ ਵੀ ਕੋਈ ਟੈਲੀਫੋਨ ਨਹੀਂ ਸੀ ਆਇਆ ਹਾਲਾਂਕਿ
ਆਮ ਤੌਰ ਤੇ ਇੱਕ ਅੱਧਾ ਟੇਲੀਫੋਨ ਤਾਂ ਰੋਜ਼ ਆ ਹੀ ਜਾਂਦਾ ਸੀ। ਉਠ ਕੇ ਟੈਲੀਫੋਨ ਦਾ ਹੈਂਡਸੈਟ
ਚੁੱਕਿਆ ਤੇ ਨੰਬਰ ਮਿਲਾਣ ਲੱਗਾ ਪਰ ਫੇਰ ਪਤਾ ਨਹੀਂ ਕੀ ਸੋਚ ਕੇ ਇਰਾਦਾ ਛੱਡ ਦਿੱਤਾ। ਵਾਪਸ ਮੰਜੇ
`ਤੇ ਲੇਟ ਗਿਆ ਤੇ ਅੱਖਾਂ ਬੰਦ ਕਰ ਲਈਆਂ। ਮਨ ਵਿੱਚ ਬਾਰਬਾਰ ਉਹੀ ਖਿਆਲ ਉਠੀ ਜਾ ਰਹੇ ਸਨ ਕਿ ਦਰਬਾਰ
ਸਾਹਿਬ ਵਿੱਚ ਕੀ ਵਰਤ ਰਿਹਾ ਹੋਵੇਗਾ? ਲੇਟੇ-ਲੇਟੇ ਪਤਾ ਨਹੀ ਕਿਸ ਵੇਲੇ ਅੱਖ ਲੱਗ ਗਈ।
ਨੀਂਦ ਖੁੱਲ੍ਹੀ ਤਾਂ ਸਮਾਂ ਵੇਖਿਆ, ਸਾਢੇ ਬਾਰ੍ਹਾਂ ਵੱਜ ਗਏ ਸਨ। ਉਠ ਕੇ ਬੈਠਾ ਤਾਂ ਸਿਰ ਪਹਿਲੇ
ਨਾਲੋਂ ਕਾਫੀ ਹਲਕਾ ਜਾਪਿਆ, ਉਂਜ ਵੀ ਉਹ ਕਾਫੀ ਤਾਜ਼ਾ ਮਹਿਸੂਸ ਕਰ ਰਿਹਾ ਸੀ। ਗੁਰਮੀਤ ਨੂੰ ਪਾਣੀ
ਲਿਆਉਣ ਵਾਸਤੇ ਅਵਾਜ਼ ਮਾਰੀ। ਗੁਰਮੀਤ ਪਾਣੀ ਲਿਆਈ ਤਾਂ ਉਸ ਨੂੰ ਆਪਣੀ ਅਤੇ ਹਰਮੀਤ ਦੀ ਰੋਟੀ ਟਿਫਨ
ਵਿੱਚ ਪਾਉਣ ਲਈ ਕਿਹਾ ਅਤੇ ਪਾਣੀ ਪੀ ਕੇ ਦਸਤਾਰ ਸਜਾਉਣ ਲੱਗ ਪਿਆ।
ਦੁਕਾਨ ਤੇ ਪਹੁੰਚਿਆ ਤਾਂ ਹਰਮੀਤ ਕਿਸੇ ਗਾਹਕ ਨਾਲ ਰੁੱਝਾ ਹੋਇਆ ਸੀ। ਉਹ ਜਾ ਕੇ ਗੱਦੀ `ਤੇ ਬੈਠ
ਗਿਆ। ਥੋੜ੍ਹੀ ਦੇਰ ਬਾਅਦ ਹਰਮੀਤ ਵਿਹਲਾ ਹੋਇਆ ਤਾਂ ਪਿਤਾ ਦੇ ਕੋਲ ਆਕੇ ਹੌਲੀ ਜਿਹੇ ਪੁੱਛਿਆ,
“ਭਾਪਾ ਜੀ, ਫੇਰ ਖ਼ਬਰਾਂ ਸੁਣੀਆਂ ਨੇ?” “ਨਹੀਂ ਹਰਮੀਤ, ਹੋਰ ਸੁਣਨ ਦਾ ਹੀਆ ਨਹੀਂ ਪਿਆ, ਨਾਲੇ ਹੁਣ
ਹੋਰ ਬਾਕੀ ਕੀ ਸੁਣਨਾ ਰਹਿ ਗਿਐ?” ਬਲਦੇਵ ਸਿੰਘ ਨੇ ਜੁਆਬ ਦਿੱਤਾ, ਇੰਜ ਲਗਦਾ ਸੀ ਗੱਲ ਕਰਦੇ ਉਸ ਦਾ
ਗਲਾ ਭਰ ਆਇਐ। ਹਰਮੀਤ ਪਿਤਾ ਦੇ ਬੋਲਾਂ ਵਿੱਚ ਛੁਪਿਆ ਦਰਦ ਸਾਫ ਮਹਿਸੂਸ ਕਰ ਰਿਹਾ ਸੀ, ਉਸ ਅਗੋਂ
ਹੋਰ ਗੱਲ ਕਰਨੀ ਯੋਗ ਨਹੀਂ ਸਮਝੀ।
ਸ਼ਾਮ ਪੈਣ ਵਾਲੀ ਸੀ, ਬਜ਼ਾਰ ਦੇ ਇੱਕ ਪਾਸਿਓਂ ਬੜਾ ਸ਼ੋਰ ਪੈਣ ਦੀ ਅਵਾਜ਼ ਆਈ, ਜਿਵੇਂ ਕਿਸੇ ਖੁਸ਼ੀ ਦੇ
ਜਸ਼ਨ ਮਨਾਉਣ ਲਈ ਪੈਂਦਾ ਹੈ। ਬਲਦੇਵ ਸਿੰਘ ਦਾ ਜੀ ਕੀਤਾ ਹਰਮੀਤ ਨੂੰ ਆਖੇ, ਕਿ ਵੇਖ ਕੇ ਆਵੇ ਕੀ
ਹੋਇਐ? ਪਰ ਫਿਰ ਉਸ ਨੇ ਕੁੱਝ ਸੋਚ ਕੇ ਇਰਾਦਾ ਛੱਡ ਦਿੱਤਾ। ਥੋੜ੍ਹੀ ਹੀ ਦੇਰ ਬਾਅਦ ਦੂਸਰੇ ਪਾਸਿਓਂ
ਢੋਲ-ਢਮੱਕੇ ਵਜਣ ਦੀ ਅਵਾਜ਼ ਆਉਣ ਲੱਗੀ, ਉਸ ਦਾ ਦਿੱਲ ਕਿਸੇ ਹੋਰ ਵੱਡੀ ਅਨਹੋਣੀ ਬਾਰੇ ਸੋਚ ਕੇ ਸਹਿਮ
ਗਿਆ, ਉਸ ਨੂੰ ਮਹਿਸੂਸ ਹੋਇਆ ਹਰ ਪਾਸੇ ਇਹ ਖੁਸ਼ੀ ਦੇ ਜਸ਼ਨ ਸਿੱਖ ਕੌਮ ਦੀ ਬਰਬਾਦੀ ਦੇ ਮਨਾਏ ਜਾ ਰਹੇ
ਹਨ। ਹਰਮੀਤ ਉਠ ਕੇ ਬਾਹਰ ਵੱਲ ਜਾਣ ਲੱਗਾ, ਪਰ ਉਸ ਨੇ ਰੋਕ ਦਿੱਤਾ ਅਤੇ ਮੁਨੀਮ ਨੂੰ ਦੁਕਾਣ ਸੰਭਾਲਣ
ਲਈ ਕਿਹਾ। ਮੁਨੀਮ ਕੁੱਝ ਹੈਰਾਨ ਜਿਹਾ ਹੋਇਆ, ਇਸ ਤੋਂ ਪਹਿਲਾਂ ਕਿ ਉਹ ਕੁੱਝ ਪੁੱਛਦਾ, ਬਲਦੇਵ ਸਿੰਘ
ਨੇ ਉਸ ਦੇ ਹਾਵ-ਭਾਵ ਸਮਝਦੇ ਹੋਏ, ਆਪੇ ਕਿਹਾ, “ਸਾਨੂੰ ਕੁੱਝ ਕੰਮ ਹੈ।”
ਕਾਰ ਵਿੱਚ ਬੈਠ ਕੇ ਘਰ ਵੱਲ ਨਿਕਲੇ ਤਾਂ ਵੇਖਿਆ, ਕੁੱਝ ਲੋਕ ਢੋਲ ਨਾਲ ਨੱਚ ਰਹੇ ਸਨ, ਕੁੱਝ ਲੋਕ
ਮਿਠਾਈਆਂ ਵੰਡ ਰਹੇ ਸਨ, ਬੜਾ ਹੀ ਖੁਸ਼ੀਆਂ ਵਾਲਾ ਮਹੌਲ ਸੀ, ਸਾਰੇ ਰਸਤੇ ਵਿੱਚ ਬਹੁਤ ਲੋਕ ਜਸ਼ਨ
ਮਨਾਉਂਦੇ ਨਜ਼ਰ ਆਏ, ਪਰ ਇਸ ਸਾਰੇ ਵਿੱਚ ਕਿਧਰੇ ਵੀ ਕੋਈ ਸਿੱਖ ਨਹੀਂ ਨਜ਼ਰ ਆਇਆ। ਬਹੁਤੇ ਸਿੱਖਾਂ
ਦੀਆਂ ਦੁਕਾਨਾਂ ਬੰਦ ਹੋ ਚੁਕੀਆਂ ਸਨ ਜਾਂ ਹੋ ਰਹੀਆਂ ਸਨ। ਦੋਹਾਂ ਦਾ ਮਨ ਬਹੁਤ ਕੁੱਝ ਬੁੱਝ ਚੁੱਕਾ
ਸੀ ਪਰ ਕਿਸੇ ਕੋਈ ਗੱਲ ਨਹੀਂ ਕੀਤੀ ਅਤੇ ਘਰ ਪਹੁੰਚ ਗਏ, ਉਹ ਘਰ ਅੰਦਰ ਵੜੇ ਤਾਂ ਬੈਠਕ ਵਿੱਚ
ਗੁਰਮੀਤ ਤੇ ਬੱਬਲ ਟੀ. ਵੀ ਲਾ ਕੇ ਬੈਠੀਆਂ ਸਨ, ਉਨ੍ਹਾਂ ਦੇ ਚਿਹਰੇ `ਤੇ ਇੱਕ ਅਜੀਬ ਜਿਹਾ ਰੋਸ ਅਤੇ
ਸੋਗ ਨਜ਼ਰ ਆਇਆ, ਬੱਬਲ ਤਾਂ ਸਿਸਕੀਆਂ ਲੈ ਰਹੀ ਸੀ। ਦੋਹਾਂ ਵਿੱਚੋਂ ਕਿਸੇ ਇਹ ਵੀ ਨਹੀਂ ਪੁੱਛਿਆ ਕਿ
ਦੁਕਾਨ ਤੋਂ ਇਤਨੀ ਜਲਦੀ ਕਿਉਂ ਆ ਗਏ ਹੋ?
ਟੀ. ਵੀ. ਤੇ ਖ਼ਬਰਾਂ ਆ ਰਹੀਆਂ ਸਨ, ‘ਪੂਰੇ ਦਰਬਾਰ ਸਾਹਿਬ ਸਮੂਹ `ਤੇ ਫੌਜਾਂ ਦਾ ਕਬਜ਼ਾ ਹੋ ਗਿਐ।
ਖਾੜਕੂਆਂ ਦਾ ਟਕਰਾ ਮੁੱਕ ਗਿਐ। ਬਹੁਤੇ ਖਾੜਕੂ ਮਾਰੇ ਗਏ ਨੇ ਅਤੇ ਰਹਿੰਦੇ ਪਕੜ ਲਏ ਗਏ ਨੇ। ਜਰਨੈਲ
ਸਿੰਘ ਭਿੰਡਰਾਂਵਾਲਾ, ਜਨਰਲ ਸੁਬੇਗ ਸਿੰਘ ਅਤੇ ਭਾਈ ਅਮਰੀਕ ਸਿੰਘ ਮਾਰੇ ਗਏ ਨੇ।’ ਸੁਣ ਕੇ ਬਲਦੇਵ
ਸਿੰਘ ਦੀਆਂ ਭੁੱਬਾਂ ਨਿਕਲ ਗਈਆਂ, ਗੁਰਮੀਤ ਉਠੀ ਤੇ ਛੇਤੀ ਨਾਲ ਪਾਣੀ ਲੈਣ ਚਲੀ ਗਈ। ਪਾਣੀ ਲਿਆ ਕੇ
ਉਸ ਪਤੀ ਅੱਗੇ ਕੀਤਾ। ਬਲਦੇਵ ਸਿੰਘ ਸਿਰ ਨੀਵਾਂ ਕਰਕੇ ਬੈਠਾ ਸੀ, ਉਸ ਦੀਆਂ ਸਿਸਕੀਆਂ ਨੂੰ ਉਹ ਕੋਲ
ਖਲੋਤੀ ਮਹਿਸੂਸ ਕਰ ਰਹੀ ਸੀ। ਪਤੀ ਦੇ ਮੋਢੇ `ਤੇ ਹੱਥ ਰੱਖ ਕੇ ਫਿਰ ਪਾਣੀ ਅੱਗੇ ਕੀਤਾ ਪਰ ਬਲਦੇਵ
ਸਿੰਘ ਨੇ ਸਿਰ ਉਚਾ ਨਹੀਂ ਚੁੱਕਿਆ। ਗੁਰਮੀਤ ਨੂੰ ਆਪ ਬੋਲਣਾ ਔਖਾ ਮਹਿਸੂਸ ਹੋ ਰਿਹਾ ਸੀ, ਬੋਲ
ਜਿਵੇਂ ਗਲੇ `ਚੋਂ ਬਾਹਰ ਨਹੀਂ ਸਨ ਆ ਰਹੇ ਫਿਰ ਵੀ ਹਿੰਮਤ ਕਰ ਕੇ ਬੋਲੀ, “ਹੌਂਸਲਾ ਕਰੋ, ਇਹ ਪਾਣੀ
ਦਾ ਘੁੱਟ ਭਰ ਲਓ।” ਬਲਦੇਵ ਸਿੰਘ ਨੇ ਪਾਣੀ ਦਾ ਗਲਾਸ ਚੁੱਕ ਕੇ ਹੱਥ ਵਿੱਚ ਫੜ ਲਿਆ ਪਰ ਮੂੰਹ ਨੂੰ
ਲਾਉਣ ਨੂੰ ਦਿਲ ਨਹੀਂ ਸੀ ਕਰ ਰਿਹਾ। ਗੁਰਮੀਤ ਪਾਣੀ ਦੀ ਟਰੇਅ ਲੈ ਕੇ ਹਰਮੀਤ ਵੱਲ ਹੋਈ ਪਰ ਉਸ ਦੀ
ਹਾਲਤ ਵੇਖ ਕੇ ਤਾਂ ਇੱਕ ਵਾਰੀ ਉਸ ਦਾ ਦਿਲ ਕੰਬ ਗਿਆ, ਹਰਮੀਤ ਜਿਵੇਂ ਬਿਲਕੁਲ ਬੁੱਤ ਬਣਿਆ ਬੈਠਾ
ਸੀ, ਉਸ ਦਾ ਚਿਹਰਾ ਸੁਰਖ ਲਾਲ ਸੀ, ਟੱਡੀਆਂ ਹੋਈਆਂ ਅੱਖਾਂ `ਚੋਂ ਅਥਰੂ ਜ਼ਾਰ-ਜ਼ਾਰ ਵੱਗ ਰਹੇ ਸਨ,
ਹੱਥਾਂ ਦੀਆਂ ਮੁੱਠੀਆਂ ਤੇ ਮੂੰਹ ਦੀਆਂ ਦੰਦੀਆਂ ਜ਼ੋਰ ਨਾਲ ਭੀਚੀਆਂ ਹੋਈਆਂ ਸਨ। ਉਸ ਹਰਮੀਤ ਨੂੰ
ਮੋਢੇ ਤੋਂ ਫੜ ਕੇ ਹਿਲਾਇਆ ਤੇ ਬੋਲੀ, “ਹਰਮੀਤ! ਹਰਮੀਤ!” ਹਰਮੀਤ ਤੇ ਕੋਈ ਅਸਰ ਹੀ ਨਹੀਂ ਸੀ ਹੋਇਆ
ਜਾਪਦਾ। ਘਬਰਾਈ ਹੋਈ ਗੁਰਮੀਤ ਨੇ ਉਸ ਨੂੰ ਫੇਰ ਜ਼ੋਰ ਨਾਲ ਹਿਲਾਇਆ ਤੇ ਕਿਹਾ, “ਹਰਮੀਤ! ਹੋਸ਼ ਕਰ,
ਬੇਟਾ, ਸੰਭਾਲ ਆਪਣੇ ਆਪ ਨੂੰ।” ਹਰਮੀਤ ਜਿਵੇਂ ਕਿਸੇ ਗਹਿਰੀ ਨੀਂਦ ਵਿੱਚੋਂ ਜਾਗਿਆ ਹੋਵੇ, ਉਸ ਸਿਰ
ਹਿਲਾਇਆ ਅਤੇ ਇਕ-ਦੱਮ ਉਸ ਦੇ ਮੂੰਹ `ਚੋਂ ਨਿਕਲਿਆ, “ਵਾਹ ਕਿਆ ਇਨਾਮ ਮਿਲਿਐ ਸਾਡੀ ਸਦੀਆਂ ਦੀ
ਵਤਨ-ਪ੍ਰਸਤੀ ਦਾ! ਦੇਸ਼ ਦੀ ਅਜ਼ਾਦੀ ਲਈ ਕੀਤੀਆਂ ਬੇਅੰਤ ਕੁਰਬਾਨੀਆਂ ਦਾ!” ਹਰਮੀਤ ਦੇ ਬੋਲਣ ਨਾਲ
ਗੁਰਮੀਤ ਨੂੰ ਕੁੱਝ ਸੁਖ ਦਾ ਸਾਹ ਆਇਆ। ਉਸ ਦੀ ਹੜਬੜਾਹਟ ਨਾਲ ਬਲਦੇਵ ਸਿੰਘ ਵੀ ਕੁੱਝ ਸੁਚੇਤ ਹੋ
ਗਿਆ ਸੀ। ਗੁਰਮੀਤ ਨੇ ਹਰਮੀਤ ਦੀ ਪਿੱਠ `ਤੇ ਹੱਥ ਫੇਰਦਿਆਂ ਉਸ ਨੂੰ ਪਾਣੀ ਦਾ ਘੁੱਟ ਭਰਨ ਲਈ ਕਿਹਾ।
ਬਲਦੇਵ ਸਿੰਘ ਨੂੰ ਵੀ ਇੱਕ ਦਮ ਖਿਆਲ ਆਇਆ ਕਿ ਬੱਚਿਆਂ ਨੂੰ ਹੌਂਸਲਾ ਦੇਣ ਲਈ ਉਸ ਦਾ ਆਪਣਾ ਸੰਭਲਣਾ
ਬਹੁਤ ਜ਼ਰੂਰੀ ਹੈ, ਉਸ ਵੀ ਪਾਣੀ ਪੀ ਕੇ ਗਲਾਸ ਰਖਦਿਆਂ ਕਿਹਾ, “ਬੇਟਾ ਅਜ਼ਾਦੀ ਵਾਸਤੇ ਜੋ ਸੰਤਾਪ
ਪੰਜਾਬੀਆਂ ਵਿਸ਼ੇਸ਼ ਕਰਕੇ ਸਿੱਖਾਂ ਨੇ ਭੋਗਿਐ, ਉਸ ਦਾ ਤਾਂ ਕੋਈ ਅੰਦਾਜ਼ਾ ਵੀ ਨਹੀਂ ਲਗਾ ਸਕਦਾ।
ਹਾਲਾਂਕਿ ਮੈਂ ਨਿੱਕਾ ਜਿਹਾ ਸਾਂ ਪਰ ਮੈਨੂੰ ਹਲਕਾ ਹਲਕਾ ਯਾਦ ਹੈ, ਸਾਡਾ ਸਰਗੋਧੇ ਵਿੱਚ ਵਧੀਆ
ਕਾਰੋਬਾਰ ਸੀ, ਘਰ ਵਿੱਚ ਨੌਕਰਾਂ ਚਾਕਰਾਂ ਦੀ ਕੋਈ ਕਮੀ ਨਹੀਂ ਸੀ। ਭਰਿਆ ਘਰ-ਬਾਰ ਕਾਰੋਬਾਰ ਛੱਡ
ਕੇ, ਖਾਲੀ ਹੱਥ, ਰੁਲਦੇ ਹੋਏ, ਕਾਫਲੇ ਨਾਲ ਅੰਮ੍ਰਿਤਸਰ ਪੁੱਜੇ। ਉਥੇ ਰਫਿਊਜੀ ਕੈਂਪਾਂ ਵਿੱਚ ਧੱਕੇ
ਖਾਧੇ। ਤੁਹਾਡੇ ਦਾਦਾ ਜੀ ਅਤੇ ਦਾਦੀ ਜੀ ਨੂੰ ਜਿਵੇਂ ਮੈਂ ਮਿਹਨਤ ਮਜ਼ਦੂਰੀ ਕਰਦੇ ਵੇਖਿਐ, ਉਹ ਮੈਂ
ਕਦੇ ਭੁਲ ਨਹੀਂ ਸਕਦਾ।” ਉਸ ਵਾਕਿਆ ਨੂੰ ਯਾਦ ਕਰਕੇ ਉਸ ਦਾ ਗਲਾ ਤੇ ਅੱਖਾਂ ਫੇਰ ਭਰ ਆਈਆਂ। ਅੱਖਾਂ
ਪੂੰਝ ਕੇ ਤੇ ਆਪਣੇ ਆਪ ਨੂੰ ਮੁੜ ਸੰਭਾਲ ਕੇ ਉਸ ਫੇਰ ਗੱਲ ਸ਼ੁਰੂ ਕੀਤੀ, “ਅਸੀਂ ਤਾਂ ਫਿਰ ਸਾਰੇ ਜੀ
ਜਿਉਂਦੇ ਇਧਰ ਪੁੱਜ ਗਏ, ਮੇਰੇ ਇੱਕ ਰਿਸ਼ਤੇ ਦੇ ਚਾਚਾ ਜੀ ਨੇੜੇ ਹੀ `ਚੁੰਡ ਭਰਵਾਣੇ’ ਰਹਿੰਦੇ ਸਨ,
ਉਨ੍ਹਾਂ ਦਾ ਤਾਂ ਸਾਰਾ ਪਰਿਵਾਰ ਅਤੇ ਨਗਰ ਦੇ ਕਈ ਹੋਰ ਪਰਿਵਾਰ, ਸਾਰੇ ਹੀ ਮੁੱਕ ਗਏ, ਇੱਕ ਜੀਅ ਵੀ
ਨਹੀਂ ਬੱਚਿਆਂ। ਮਰਦ ਤਾਂ ਦੁਸ਼ਮਣਾਂ ਦਾ ਟਾਕਰਾ ਕਰਦੇ ਸ਼ਹੀਦ ਹੋ ਗਏ ਅਤੇ ਔਰਤਾਂ ਨੇ ਬੱਚਿਆਂ ਸਮੇਤ
ਖੂਹ ਵਿੱਚ ਛਾਲਾਂ ਮਾਰ ਕੇ ਜਾਨਾਂ ਦੇ ਦਿੱਤੀਆਂ ਕਿ ਕਿਤੇ ਦੁਸ਼ਮਣਾਂ ਦੇ ਹੱਥ ਪੈ ਕੇ ਧਰਮ ਤੇ ਇਜ਼ਤ
ਦੋਵੇਂ ਨਾ ਰੁਲ ਜਾਣ। ਇਹ ਸੰਤਾਪ ਸਿੱਖ ਕੌਮ ਦੇ ਵੱਡੇ ਹਿੱਸੇ ਨੇ ਭੋਗਿਆ ਹੈ।” ਕਾਫੀ ਦੇਰ ਬਲਦੇਵ
ਸਿੰਘ ਭਾਰਤ ਦੀ ਅਜ਼ਾਦੀ ਅਤੇ ਵੰਡ ਸਮੇਂ ਸਿੱਖਾਂ ਦੁਆਰਾ ਝੱਲੇ ਕਹਿਰ ਦੀਆਂ ਕਹਾਣੀਆਂ ਸੁਣਾਉਂਦਾ
ਰਿਹਾ। ਇਸ ਦੇ ਨਾਲ ਹੀ ਉਹ ਆਪਣੇ ਦਾਦਾ ਜੀ ਅਤੇ ਪਿਤਾ ਜੀ ਵੱਲੋਂ ਭਾਰਤ ਦੀ ਅਜ਼ਾਦੀ ਲਈ ਪਾਏ ਹਿੱਸੇ
ਅਤੇ ਉਨ੍ਹਾਂ ਦੇ ਪਰਿਵਾਰ ਅੰਦਰ ਅਜ਼ਾਦੀ ਲਈ ਜੋ ਚਾਅ ਸੀ ਉਸ ਦੀਆਂ ਗਾਥਾਂਵਾਂ ਵੀ ਸੁਣਾਉਂਦਾ ਰਿਹਾ,
ਜਿਵੇਂ ਹਿਰਦੇ ਦੇ ਜ਼ਖਮ ਫਫੋਲੇ ਬਣ ਕੇ ਬਾਹਰ ਨਿਕਲ ਰਹੇ ਹੋਣ।
ਕੁੱਝ ਦੇਰ ਬਾਅਦ ਧਿਆਨ ਫਿਰ ਖ਼ਬਰਾਂ ਵੱਲ ਖਿਚਿਆ ਗਿਆ, ਟੀ. ਵੀ. `ਤੇ ਖ਼ਬਰ ਆ ਰਹੀ ਸੀ ਕਿ ਜਰਨੈਲ
ਸਿੰਘ ਭਿੰਡਰਾਂ ਵਾਲੇ, ਸਾਬ੍ਹਕਾ ਜਨਰਲ ਸੁਬੇਗ ਸਿੰਘ ਅਤੇ ਭਾਈ ਅਮਰੀਕ ਸਿੰਘ ਦੀਆਂ ਲਾਸ਼ਾਂ ਮਿਲ
ਗਈਆਂ ਨੇ ਅਤੇ ਉਨ੍ਹਾਂ ਦੀ ਸ਼ਨਾਖਤ ਹੋ ਗਈ ਹੈ। ਬਲਦੇਵ ਸਿੰਘ ਦੇ ਮੂੰਹੋਂ ਅਣਭੋਲ ਹੀ ਨਿਕਲਿਆ, “ਵਾਹ
ਸੂਰਮਿਓ! ਵਾਹ! ਤੁਸੀਂ ਤਾਂ ਚਮਕੌਰ ਦੀ ਗੜ੍ਹੀ ਦੀ ਜੰਗ ਦੀ ਯਾਦ ਤਾਜ਼ਾ ਕਰ ਦਿੱਤੀ ਹੈ। ਸਾਰੇ ਸਿੱਖ
ਇਤਿਹਾਸ ਦੀ ਸੱਚਾਈ ਸਾਬ੍ਹਤ ਕਰ ਦਿੱਤੀ ਹੈ” ਕਹਿੰਦਿਆਂ ਕਹਿੰਦਿਆਂ ਉਸ ਦਾ ਸਿਰ ਆਪੇ ਸਤਿਕਾਰ ਨਾਲ
ਨਿਉਂ ਗਿਆ। ਹਰਮੀਤ ਸਿੰਘ ਨੇ ਕੁੱਝ ਹੈਰਾਨਗੀ ਨਾਲ ਆਪਣੇ ਪਿਤਾ ਵੱਲ ਵੇਖਿਆ, ਕੁੱਝ ਦਿਨ ਪਹਿਲੇ ਤੱਕ
ਤਾਂ ਉਸ ਦਾ ਪਿਤਾ ਇਨ੍ਹਾਂ ਦੀਆਂ ਕਾਰਵਾਈਆਂ ਦਾ ਅਲੋਚਕ ਸੀ ਅਤੇ ਅੱਜ ਉਸੇ ਦਾ ਸਿਰ ਉਨ੍ਹਾਂ ਦੇ
ਸਤਿਕਾਰ ਵਿੱਚ ਨਿਊਂ ਰਿਹਾ ਸੀ, ਉਸ ਮਹਿਸੂਸ ਕੀਤਾ ਉਨ੍ਹਾਂ ਆਪਣੀਆਂ ਲਾਸਾਨੀ ਸ਼ਹਾਦਤਾਂ ਦੇ ਕੇ ਆਪਣੀ
ਸੱਚਾਈ ਪ੍ਰਤੱਖ ਸਾਬ੍ਹਤ ਕਰ ਦਿੱਤੀ ਸੀ ਤੇ ਪਖੰਡੀ ਤਾਂ ਪਹਿਲੇ ਹੀ ਹੱਥ ਖੜ੍ਹੇ ਕਰ ਕੇ, ਸ਼ਹੀਦਾਂ
ਦੀਆਂ ਲਾਸ਼ਾਂ ਤੋਂ ਟੱਪ ਕੇ ਆਤਮ ਸੰਮਰਪਣ ਕਰ ਕੇ ਆਪਣੀ ਅਸਲੀਅਤ ਜ਼ਾਹਰ ਕਰ ਚੁੱਕੇ ਸਨ। ਇੱਕ ਵਾਰੀ
ਫੇਰ ਸਾਰਿਆਂ ਦੀਆਂ ਅੱਖਾਂ ਨਮ ਹੋ ਗਈਆਂ। ਉਸ ਰਾਤ ਫੇਰ ਨਾ ਕਿਸੇ ਰੋਟੀ ਬਣਾਈ, ਨਾ ਪੁੱਛੀ, ਨਾ
ਖਾਧੀ ਤੇ ਥੋੜ੍ਹੀ ਦੇਰ ਬਾਅਦ ਸਾਰੇ ਹੀ ਆਪਣੇ ਕਮਰਿਆਂ ਵੱਲ ਤੁਰ ਗਏ। ਅੱਜ ਭੁੱਖੇ ਰਹਿਣ ਲਈ ਕਿਸੇ
ਆਗੂ, ਕਿਸੇ ਜਥੇਬੰਦੀ, ਕਿਸੇ ਜਥੇਦਾਰ ਨੇ ਕੋਈ ਸੱਦਾ ਨਹੀਂ ਸੀ ਦਿੱਤਾ ਪਰ ਸ਼ਾਇਦ ਹੀ ਅੱਜ ਕਿਸੇ
ਸਿੱਖ ਦੇ ਘਰ ਚੁਲ੍ਹਾ ਬਲਿਆ ਹੋਵੇ।
ਚਲਦਾ … … ….
(ਪਾਠਕਾਂ ਪ੍ਰਤੀ ਸਨਿਮਰ ਬੇਨਤੀ ਹੈ ਕਿ ਇਹ ਨਾਵਲ, ਸਿੱਖ ਕੌਮ ਉੱਤੇ
ਵਾਪਰੇ, ਜੂਨ, 1984 ਅਤੇ ਨਵੰਬਰ, 1984 ਦੇ ਘੱਲੂਘਾਰਿਆਂ ਨਾਲ ਸਬੰਧਤ ਹੈ। ਇਸ ਵਿੱਚ ਦਿੱਤੇ ਜਾ
ਰਹੇ ਇਤਿਹਾਸਕ ਪੱਖ ਬਿਲਕੁਲ ਸੱਚੇ ਹਨ ਅਤੇ ਇਹ ਨਾਵਲ ਉਸ ਸਮੇਂ ਦੀ ਸਿੱਖ ਮਾਨਸਿਕਤਾ ਨੂੰ ਉਜਾਗਰ
ਕਰਦਾ ਹੈ। ਛਾਪਣ ਤੋਂ ਪਹਿਲਾਂ ਇਹ ਸੂਝਵਾਨ ਪਾਠਕਾਂ ਦੇ ਸਾਹਮਣੇ ਲੜੀਵਾਰ ਪੇਸ਼ ਕੀਤਾ ਜਾ ਰਿਹਾ ਹੈ।
ਜੇ ਕਿਸੇ ਪਾਠਕ ਨੂੰ ਇਤਿਹਾਸਕ ਪੱਖੋਂ ਕੁੱਝ ਗਲਤ ਜਾਪੇ ਜਾਂ ਇਸ ਦੇ ਬਾਰੇ ਕੋਈ ਹੋਰ ਉਸਾਰੂ ਸੁਝਾ
ਹੋਵੇ ਤਾਂ ਦਾਸ ਉਸ ਨੂੰ ਧੰਨਵਾਦ ਸਹਿਤ ਪ੍ਰਵਾਨ ਕਰੇਗਾ)
ਰਾਜਿੰਦਰ ਸਿੰਘ (ਮੁੱਖ ਸੇਵਾਦਾਰ)
ਸ਼੍ਰੋਮਣੀ ਖ਼ਾਲਸਾ ਪੰਚਾਇਤ
ਟੈਲੀਫੋਨ +91 98761 04726