. |
|
ਅਖੌਤੀ ਸੰਤ-ਬਾਬੇ ਤਿਆਗੋ
ਸਤਿੰਦਰਜੀਤ ਸਿੰਘ
ਗੁਰੂ ਨਾਨਕ ਸਾਹਿਬ ਦੀ ਅਗੰਮੀ ਸੋਚ ਨਾਲ ਸ਼ੁਰੂ ਹੋਏ ਨਿਰਾਲੇ ਅਤੇ ਆਧੁਨਿਕ
ਧਰਮ ਜਿਸਨੂੰ ‘ਸਿੱਖ ਧਰਮ’ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਦੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ
ਗੁਰੂ ਗੋਬਿੰਦ ਸਿੰਘ ਜੀ ਤੱਕ ਦਸ ਗੁਰੂ ਸਾਹਿਬ ਹੋਏ ਹਨ। 1708ਈ. ਵਿੱਚ ਸਾਹਿਬ ਸ਼੍ਰੀ ਗੁਰੂ ਗੋਬਿੰਦ
ਸਿੰਘ ਜੀ ਨੇ ਸਿੱਖ ਧਰਮ ਨੂੰ ਏਕੇ ਵਿੱਚ ਪਰੋਏ ਰੱਖਣ ਲਈ ਗੁਰੂ ਸਾਹਿਬਾਨ ਵੱਲੋਂ ਉਚਾਰੀ ਇਲਾਹੀ
ਬਾਣੀ ਨੂੰ ਸ਼ਬਦ ਗੁਰੂ, ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਗਾਇਆ। ਸਿੱਖ ਧਰਮ ਦਾ ਸਿਧਾਂਤ ਸੰਸਾਰ
ਵਿੱਚੋਂ ਪਾਖੰਡਵਾਦ ਨੂੰ ਬਾਹਰ ਕੱਢਦਾ ਹੈ। ਗੁਰੂ ਨਾਨਕ ਸਾਹਿਬ ਨੇ ਮਾਨਵਤਾ ਨੂੰ ਜਕੜੀ ਬੈਠੀਆਂ
ਜਨੇਊ ਵਰਗੀਆਂ ਫੋਕੀਆਂ ਕਰਮਕਾਂਡ ਦੀਆਂ ਤੰਦਾਂ ਨੂੰ,
ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ ॥ ਏਹੁ ਜਨੇਊ ਜੀਅ ਕਾ ਹਈ ਤ
ਪਾਡੇ ਘਤੁ ॥
ਨਾ ਏਹੁ ਤੁਟੈ ਨ ਮਲੁ ਲਗੈ ਨਾ ਏਹੁ ਜਲੈ ਨ ਜਾਇ ॥ ਧੰਨੁ ਸੁ ਮਾਣਸ ਨਾਨਕਾ
ਜੋ ਗਲਿ ਚਲੇ ਪਾਇ ॥ ਚਉਕੜਿ ਮੁਲਿ ਅਣਾਇਆ ਬਹਿ ਚਉਕੈ ਪਾਇਆ ॥ ਸਿਖਾ ਕੰਨਿ ਚੜਾਈਆ ਗੁਰੁ ਬ੍ਰਾਹਮਣੁ
ਥਿਆ ॥ ਓਹੁ ਮੁਆ ਓਹੁ ਝੜਿ ਪਇਆ ਵੇਤਗਾ ਗਇਆ ॥੧॥
{ ਸਲੋਕੁ ਮਃ ੧ ॥ ਪੰਨਾ 471}
ਦੀ ਕਰਾਰੀ ਚੋਟ ਨਾਲ ਕੱਟ ਸੁੱਟਿਆ। ਗੁਰੂ ਨਾਨਕ ਸਾਹਿਬ ਦੇ ਇਸ ‘ਵਾਰ’ ਨਾਲ
ਬਿਪਰਵਾਦੀ ਸ਼ਕਤੀਆਂ ਤਿਲਮਿਲਾ ਉੱਠੀਆਂ ਅਤੇ ਉਹਨਾਂ ਸਿੱਖੀ ਦੇ ਨਿਆਰੇਪਣ ਨੂੰ ਕਰਮਕਾਂਡ ਵਿੱਚ ਰਲਾ
ਸਿੱਖੀ ਨੂੰ ਖਤਮ ਕਰਨ ਦੀ ਠਾਣ ਲਈ। ਬਿਪਰ ਜਾਣਦਾ ਸੀ ਕਿ ਬਾਹਰੀ ਤੌਰ ‘ਤੇ ਸਿੱਖਾਂ ਨੂੰ ਹਰਾਇਆ
ਨਹੀਂ ਜਾ ਸਕਦਾ, ਇਸ ਲਈ ਉਹਨਾਂ ਸਿੱਖੀ ‘ਤੇ ‘ਅੰਦਰੋਂ’ ਵਾਰ ਕਰਨੇ ਸ਼ੁਰੂ ਕੀਤੇ। ਇਹਨਾਂ ਅੰਦਰੂਨੀ
ਵਾਰਾਂ ਨੂੰ ਅਸਰਦਾਇਕ ਬਣਾਉਣ ਲਈ ਸੂਖਮ ਤੌਰ ‘ਤੇ ਨੀਤੀ ਬਣਾਈ ਗਈ ਜਿਸ ਤਹਿਤ ਸਿੱਖਾਂ ਨੂੰ ‘ਮੂਲ’
ਨਾਲੋਂ ਤੋੜਨ ‘ਤੇ ਜ਼ੋਰ ਦਿੱਤਾ ਗਿਆ। ਸਿੱਖਾਂ ਨੂੰ ਆਧੁਨਿਕਤਾ ਦੇ ਦੌਰ ਵਿੱਚ ਸਿੱਖੀ ਸਿਧਾਂਤਾਂ
ਨਾਲੋਂ ਤੋੜਨ ਲਈ ਸਿੱਖੀ ਵਿੱਚ ਬਿਪਰਵਾਦੀ ਕਹਾਣੀਆਂ ਪ੍ਰਚੱਲਿਤ ਕੀਤੀਆਂ ਗਈਆਂ। ਸ਼ਾਨਾਮੱਤੇ ਸਿੱਖ
ਇਤਿਹਾਸ ਵਿੱਚ ਰਲਾਵਟ ਕੀਤੀ ਗਈ, ਸਿੱਖ ਗੁਰੂ ਸਾਹਿਬਾਨ ਨੂੰ ਵੀ ਚਮਤਕਾਰੀ ਪੇਸ਼ ਕੀਤਾ ਗਿਆ। ਸਿੱਖ
ਧਰਮ ਵਿੱਚ ਗੁਰੂ ਨਾਨਕ ਸਾਹਿਬ ਤੋਂ ਗੁਰੂ ਗੋਬਿੰਦ ਸਿੰਘ ਤੱਕ ਅਤੇ ਬਾਅਦ ਦੇ ਖਾਲਸਾ ਰਾਜ ਦੀ
ਸਥਾਪਨਾ ਸਮੇਂ ਵੀ ਸਿੱਖੀ ਵਿੱਚ ਕਿਸੇ ਵਿਆਕਤੀ ਵਿਸ਼ੇਸ਼ ਦੇ ਨਾਮ ਅੱਗੇ ‘ਸੰਤ’ ਜਾਂ ‘ਬ੍ਰਹਮਗਿਆਨੀ’
ਵਿਸ਼ੇਸ਼ਣ ਲੱਗਾ ਨਹੀਂ ਮਿਲਦਾ। ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਕਰਮਕਾਂਡ ਤੋਂ ਦੂਰ ਰੱਖਣ
ਲਈ ਹੀ ਇੱਕੋ-ਇੱਕ ਸਦਾਥਿਰ ਗੁਰੂ, ਸ਼ਬਦ ਗੁਰੂ, ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ। ਗੁਰੂ ਸਾਹਿਬਾਨ
ਦੇ ਸਮੇਂ ਅੱਤ ਦੇ ਤਸ਼ੱਦਦ ਨੂੰ ਖਿੜ੍ਹੇ-ਮੱਥੇ ਝੱਲ ਸ਼ਹਾਦਤਾਂ ਦੇਣ ਵਾਲੇ ਸਾਰੇ ਗੁਰਸਿੱਖ ‘ਭਾਈ’
ਕਰਕੇ ਜਾਣੇ ਜਾਂਦੇ ਹਨ ਪਰ ਅੱਜ ਦੇ ਸਮੇਂ ਸਾਡੇ ਸਿੱਖ ਧਰਮ ਵਿੱਚ ਜਿਵੇਂ ‘ਸੰਤਾਂ’ ਦਾ ਹੜ੍ਹ ਜਿਹਾ
ਆ ਗਿਆ ਹੈ ਜੋ ਸਿੱਖ ਧਰਮ ਦੀ ਰੁਹਾਨੀਅਤ ਨੂੰ ਪੂਰੇ ਵੇਗ ਨਾਲ ਵਹਾ ਕੇ ਲਿਜਾ ਰਿਹਾ ਹੈ...!
ਸਮੇਂ ਦੀ ਰਫਤਾਰ ਨਾਲ ਤਾਲਮੇਲ ਬਣਾਈ ਰੱਖਣ ਦੇ ਲਈ ਲੋਕਾਂ ਕੋਲ ਨਿੱਜ ਲਈ
ਸਮਾਂ ਘੱਟ ਰਹਿ ਗਿਆ ਅਤੇ ਇਸ ਘੱਟ ਸਮੇਂ ਵਿੱਚ ਵੱਧ ਤਰੱਕੀ ਕਰਨ ਦੀ ਲਾਲਸਾ ਨੇ ਸੋਚਾਂ ਨੂੰ ਵਲ
ਮਾਰਨਾ ਸ਼ੁਰੂ ਕਰ ਦਿੱਤਾ। ਸਿੱਖਾਂ ਦੀ ਸੋਚ ਵੀ ਇਸ ਲਾਲਸਾ ਤੋਂ ਅਛੂਤੀ ਨਾ ਰਹਿ ਸਕੀ ‘ਤੇ ਬੱਸ ਘੱਟ
ਸਮੇਂ ਵਿੱਚ ਜਲਦੀ ਸਫਲ ਹੋਣ, ਪੈਸਾ ਕਮਾਉਣ, ਸਰੀਰਿਕ ਅਰੋਗਤਾ, ਇਮਤਿਹਾਨਾਂ ਵਿੱਚ ਸਫਲਤਾ ਆਦਿ ਲਈ
ਕਿਸੇ ‘ਛੋਟੇ ਰਸਤੇ’ ਦੀ ਤਾਲਾਸ਼ ਸ਼ੁਰੂ ਹੋਈ ਅਤੇ ਇਹ ਭਾਲ ਲੋਕਾਂ ਨੂੰ ਧਰਮ ਦਾ ਬਾਣਾ ਪਾ ਬੈਠੇ ਕੁਝ
ਚਲਾਕ ਲੋਕਾਂ ਵੱਲੋਂ ‘ਧਰਮ ਸਥਾਨਾਂ’ ਦੇ ਰੂਪ ਵਿੱਚ ਵਿਛਾਏ ਜਾਲ ਤੱਕ ਲੈ ਗਈ। ਸਮੇਂ ਦੀ ਘਾਟ ਨੇ
ਲੋਕ ਮਾਨਸਿਕਤਾ ਨੂੰ ਐਸਾ ਪੁੱਠਾ ਗੇੜਾ ਦਿੱਤਾ ਕਿ ਬਾਕੀਆਂ ਵਾਂਗ ਸਿੱਖਾਂ ਨੇ ਵੀ ‘ਬੰਦਿਆਂ ਨੂੰ
ਰੱਬ’ ਬਣਾ ਲਿਆ, ‘ਨਾਸਵਾਨ ਦੇਹਾਂ’ ਤੋਂ ਲੰਮੀ ਉਮਰ ਦੀ ਭੀਖ ਮੰਗਣ ਲੱਗੇ ਅਤੇ ‘ਕਰਤੇ ਨੂੰ ਛੱਡ
ਕਿਰਤ’ ਦੇ ਪੁਜਾਰੀ ਬਣ ਗਏ। ਗੁਰਬਾਣੀ ਦੇ ਉਪਦੇਸ਼
“ਕਰਨ ਕਰਾਵਨ ਸਭ ਕਿਛੁ ਤੁਮ ਹੀ ਤੁਮ
ਸਮਰਥ ਨਾਹੀ ਅਨ ਹੋਰੀ ॥ ਤੁਮਰੀ ਗਤਿ ਮਿਤਿ ਤੁਮ ਹੀ ਜਾਨੀ ਸੇ ਸੇਵਕ ਜਿਨ ਭਾਗ ਮਥੋਰੀ॥”
{ਪੰਨਾ 208}
ਨੂੰ ਭੁੱਲ, ਮਿਟ ਜਾਣ ਵਾਲੇ ਸਰੀਰਾਂ ਨੂੰ ਹੀ ਰੱਬ ਬਣਾ ਕੇ
ਉਹਨਾਂ ਦੇ ਪੈਰਾਂ ‘ਤੇ ਨੱਕ ਰਗੜਨੇ ਸ਼ੁਰੂ ਕਰ ਦਿੱਤੇ। ਇਹਨਾਂ ਚਾਲਾਕ ਲੋਕਾਂ ਨੇ ਇਸੇ ਗੱਲ ਦਾ
ਸਹਾਰਾ ਲੈ ਆਪਣੇ-ਆਪ ਨੂੰ ‘ਰੱਬ’ ਵਾਂਗ ਪੇਸ਼ ਕਰ ਲਿਆ, ਲੋਕਾਂ ਦੇ ਸੁੱਖ ਲਈ ਤਰ੍ਹਾਂ-ਤਰ੍ਹਾਂ ਦੀਆਂ
ਅਰਦਾਸਾਂ, ਪਾਠ, ਮੰਤਰ-ਜਾਪ ਆਦਿ ਬਣਾ ਲੋਕ-ਮਾਨਸਿਕਤਾ ‘ਤੇ ਜਾ ਧਰੇ। ਸੁੱਖਾਂ ਦਾ ਖਜ਼ਾਨਾ ਸਮਝ
ਲੋਕਾਂ ਨੇ ਵੀ ਇਹਨਾਂ ਮਨਮਤੀ ਰਸਮਾਂ ਨੂੰ ਇਸ ਕਦਰ ਅਪਣਾ ਲਿਆ ਕਿ ਸਿੱਖ ਧਰਮ ਦੀ ਰੁਹਾਨੀਅਤ ਅਲੋਪ
ਹੁੰਦੀ ਗਈ।
ਚਲਾਕ ਲੋਕਾਂ ਨੇ ਆਪਣਾ ਗੋਰਖ-ਧੰਦਾ ਗੁਰੂ ਗ੍ਰੰਥ ਸਾਹਿਬ ਦੀ ਆੜ ਹੇਠ ਐਨਾ
ਵਧਾ ਅਤੇ ਪ੍ਰਚਾਰ ਲਿਆ ਕਿ ਸਿੱਖਾਂ ਨੂੰ ਅਸਲੀ-ਨਕਲੀ ਅਤੇ ਸੱਚ-ਝੂਠ ਦੀ ਪਹਿਚਾਣ ਹੀ ਭੁੱਲ ਗਈ।
ਅਖੌਤੀ ਸਾਧਾਂ ਨੇ ਆਪਣਾ-ਆਪਣਾ ਕਾਰੋਬਾਰ ਵਧਾਉਣ ਦੇ ਇਸ ਸੁਨਹਿਰੀ ਸਮੇਂ ਨੂੰ ਪੂਰੀ ਤਰ੍ਹਾਂ ਵਰਤਿਆ।
ਅੱਜ ਦੇ ਹਾਲਾਤ ਇਹ ਹਨ ਕਿ ਦੇਸ਼ ਦੀਆਂ ਸਰਕਾਰਾਂ ਵੀ ਇਹਨਾਂ ਸਾਧਾਂ ਦੇ ਵੋਟ-ਬੈਂਕ ਆਸਰੇ ਬਣਦੀਆਂ
ਹਨ। ਸਮਾਜ ਵਿੱਚ ਇਹ ਸਾਧ ‘ਸਭ ਕੁਝ’ ਕਰਨ ਵਾਲੇ ਬਣ ਬੈਠੇ ਹਨ, ਲੋਕਾਂ ਦੇ ਮਨੋਂ
“ਕਰਣ ਕਾਰਣ ਪ੍ਰਭੁ ਏਕੁ ਹੈ ਦੂਸਰ
ਨਾਹੀ ਕੋਇ ॥ ਨਾਨਕ ਤਿਸੁ ਬਲਿਹਾਰਣੈ ਜਲਿ ਥਲਿ ਮਹੀਅਲਿ ਸੋਇ॥”
{ਸਲੋਕੁ ॥ ਪੰਨਾ 276}
ਦਾ ਉਪਦੇਸ਼ ਵਿਸਰ ਗਿਆ ਹੈ। ਸਿੱਖੀ ਵਿੱਚ ਸ਼ਹੀਦੀ
ਜੋੜ-ਮੇਲਿਆਂ ਦੀ ਥਾਂ ਬਰਸੀ ਕਲਚਰ ਭਾਰੂ ਹੋ ਗਿਆ ਹੈ। ਅੱਜ ਦੇ ਸੰਤ ਸਟੇਜਾਂ ‘ਤੇ ਆਪਣੇ ਤੋਂ ਪਹਿਲੇ
ਬਾਬੇ ਦੇ ਜੀਵਨ ਦੀਆਂ ਸੱਚੀਆਂ-ਝੂਠੀਆਂ ਕਹਾਣੀਆਂ ਸੁਣਾ-ਸੁਣਾ ਲੋਕਾਂ ਨੂੰ ‘ਮੂਲ’ ਨਾਲੋਂ ਤੋੜ ਰਹੇ
ਹਨ। ਗੁਰਬਾਣੀ ਦਾ ਸਪੱਸ਼ਟ ਫੁਰਮਾਣ ਹੈ ਕਿ
“ਬ੍ਰਹਮ ਗਿਆਨੀ ਸਭ ਸ੍ਰਿਸਟਿ ਕਾ ਕਰਤਾ
॥ ਬ੍ਰਹਮ ਗਿਆਨੀ ਸਦ ਜੀਵੈ ਨਹੀ ਮਰਤਾ॥”
{ਪੰਨਾ 273}
ਪਰ ਫਿਰ ਵੀ ਅਸੀਂ ਜਨਮ-ਮਰਨ ਦੇ ਚੱਕਰ ਵਿੱਚ ਫਸੇ ਵਿਆਤੀਆਂ
ਨੂੰ ‘ਬ੍ਰਹਮਗਿਆਨੀ’ ‘ਸੰਤ’ ਸਮਝ ਖਿੱਚੇ ਚਲੇ ਜਾਂਦੇ ਹਾਂ। ਗੁਰੂ ਅਰਜਨ ਸਾਹਿਬ ਦੱਸਦੇ ਹਨ ਕਿ
“ਰੂਪੁ ਨ ਰੇਖ ਨ ਰੰਗੁ ਕਿਛੁ
ਤ੍ਰਿਹੁ ਗੁਣ ਤੇ ਪ੍ਰਭ ਭਿੰਨ ॥ ਤਿਸਹਿ ਬੁਝਾਏ ਨਾਨਕਾ ਜਿਸੁ ਹੋਵੈ ਸੁਪ੍ਰਸੰਨ॥”
{ ਸਲੋਕੁ ॥ ਪੰਨਾ 283}
ਫਿਰ ਅਸੀਂ ਸਿੱਖ ਦੇਹਾਂ ਵਿੱਚ ਉਸ ਪਰਮਾਤਮਾ ਦੇ ਨਕਸ਼ ਤਲਾਸ਼
ਰਹੇ ਹਾਂ, ਡੇਰਿਆਂ ਵਿੱਚ ਉਸਨੂੰ ਭਾਲ ਰਹੇ ਹਾਂ। ਪਰਮਾਤਮਾ ਜਿਸ ‘ਤੇ ਖੁਸ਼ ਹੁੰਦਾ ਹੈ ਉਸਨੂੰ
ਆਪਣਾ-ਆਪ ਸਮਝਾਉਂਦਾ ਹੈ ਫਿਰ ਵੀ ਅਸੀਂ ਪੜ੍ਹੇ-ਲਿਖੇ ਅਖਵਾਉਣ ਵਾਲੇ ਲੋਕ ਸਾਧਾਂ ਦੀਆਂ ਲੱਛੇਦਾਰ
ਗੱਲਾਂ ‘ਚੋਂ ਉਸ ਪ੍ਰਮਾਤਮਾ ਨੂੰ ਸਮਝਣ ਦੀ ਤਾਕ ‘ਚ ਹਾਂ।
ਗੁਰਬਾਣੀ ਅਸਲੀ ਬ੍ਰਹਮਗਿਆਨੀ ਦੇ ਸੁਭਾਅ ਬਾਰੇ ਦੱਸਦੀ ਹੈ ਕਿ
“ਬ੍ਰਹਮ ਗਿਆਨੀ ਅਨਾਥ ਕਾ ਨਾਥੁ ॥
ਬ੍ਰਹਮ ਗਿਆਨੀ ਕਾ ਸਭ ਊਪਰਿ ਹਾਥੁ॥”
{ਪੰਨਾ 273}
ਪਰ ਅੱਜ ਦੇ ‘ਬ੍ਰਹਮਗਿਆਨੀ’ ਸਿਰਫ ਆਪਣਾ ‘ਲਾਭ’ ਤੱਕਦੇ
ਹਨ, ਆਪਣੀ ਲਾਲਸਾ ਨੂੰ ਪੂਰਾ ਕਰਨ ਲਈ ਸਰਕਾਰਾਂ ਨਾਲ ਗੰਢਤੁੱਪ ਕਰ ‘ਸਰਕਾਰ’ ਬਣਾਉਂਦੇ ਹਨ, ਕਦੇ
ਨਹੀਂ ਸੁਣਿਆ ਕਿ ਕਿਸੇ ਸੰਤ ਨੇ ਬੇਘਰ ਲੋਕਾਂ ਦੇ ਰਹਿਣ ਲਈ ਕਾਰ-ਸੇਵਾ ਕਰ ਕਮਰੇ ਜਾਂ ਘਰ ਬਣਾਏ
ਹੋਣ...ਹਾਂ ਡੇਰਿਆਂ ਦੀ ਉਸਾਰੀ ਜ਼ਰੂਰ ਚਲਦੀ ਰਹਿੰਦੀ ਹੈ। ਗੁਰਬਾਣੀ ਅਨੁਸਾਰ ਬ੍ਰਹਮਗਿਆਨੀ ਮਾਇਆ ਦੇ
ਹਰ ਰੰਗ ਤੋਂ ਮੁਕਤ ਹੈ ਪਰ ਅੱਜ ਦੇ ਸਮੇਂ ਬ੍ਰਹਮਗਿਆਨੀ ਸਭ ਦੇ ਸਾਹਮਣੇ ਪੈਸੇ ਭਾਵੇਂ ਨਹੀਂ ਫੜ੍ਹਦੇ
ਪਰ ਉਹਨਾਂ ਪੈਸਿਆਂ ਦੀ ਕਾਰ ਖਰੀਦ ਕੇ ਦੇ ਜਾਵੇ ਜਾਂ ਸਰੀਏ ਦਾ ਟਰੱਕ, ਇੱਟਾਂ ਦਾ ਟਰੱਕ ਡੇਰੇ ਦੀ
ਉਸਾਰੀ ਲਈ ਦੇ ਜਾਵੇ ਤਾਂ ਖੁਸ਼ੀ-ਖੁਸ਼ੀ ਅਰਦਾਸ ਕਰ ਮੱਲ੍ਹ ਲੈਂਦੇ ਹਨ। ਹੁਣ ਤਾਂ ਡੇਰਿਆਂ ਵਿੱਚ
ਜ਼ਾਤ-ਪਾਤ ਅਨੁਸਾਰ ਲੰਗਰ ਆਦਿ ਵੀ ਵਰਤਣ ਲੱਗੇ ਹਨ। ਅੱਜ ਦੇ ਸੰਤ ਲੋਕਾਂ ਨੂੰ ਗੁਰੂ ਸਾਹਿਬਾਨ ਨਾਲ
ਸੰਬੰਧਿਤ ਅਸਲੀਅਤ ਬਹੁਤ ਘੱਟ ਦੱਸਦੇ ਹਨ ਜੇ ਦੱਸਦੇ ਹਨ ਤਾਂ ਆਪਣੇ ਮਤਲਬ ਅਨੁਸਾਰ ਘੁਮਾ ਕੇ,
ਜ਼ਿਆਦਾਤਰ ਤਾਂ ਆਪਣੇ ਪਹਿਲੇ ਬਾਬੇ ਦੇ ਕਿੱਸੇ ਹੀ ਸੁਣਾਉਂਦੇ ਹਨ ਕਿ ‘ਬਾਬ ਜੀ ਨੇ ਆਹ ਕੀਤਾ, ਬਾਬਾ
ਜੀ ਨੇ ਔਹ ਕੀਤਾ’ ਆਦਿ। ਹੁਣ ਤਾਂ ਕਈ ਸ਼ਰੇਆਮ ਆਪਣੇ-ਆਪ ਨੂੰ ਗੁਰੂ ਸਾਹਿਬਾਨ ਦਾ ਰੂਪ ਦੱਸਦੇ ਹੋਏ
ਸਭ ਕੁਝ ਕਰਨ ਦੀ ਸਮਰੱਥਾ ਰੱਖਣ ਦਾ ਦਾਅਵਾ ਕਰਨ ਲੱਗੇ ਹਨ। ਯੂ.ਟਿਊਬ. ‘ਤੇ ਇੱਕ ਵਾਰ ਵੀਡੀਉ ਦੇਖੀ
ਜਿਸ ਵਿੱਚ ਇੱਕ ਅਖੌਤੀ ਬਾਬਾ ਬਣਿਆ ਬੰਦਾ, ਇੱਕ ਔਰਤ ਦੇ ਲੋਕਾਂ ਦੀ ਭੀੜ ਸਾਹਮਣੇ ਥੱਪੜ ਮਾਰ-ਮਾਰ
ਉਸਦੇ ਦੁੱਖ ‘ਕੱਟ’ ਰਿਹਾ ਸੀ ‘ਤੇ ਆਪਣੇ-ਆਪ ਨੂੰ ਗੁਰੂ ਨਾਨਕ ਸਾਹਿਬ ਦਾ ਰੂਪ ਦੱਸ ਰਿਹਾ ਸੀ।
ਗੁਰਬਾਣੀ ਇਹਨਾਂ ‘ਮੈਂ ਕੀਤਾ’ ਜਾਂ ‘ਮੈਂ ਕਰਾਂਗਾ’ ਦੀ ਧਾਰਨਾ ਦਾ ਸ਼ਿਕਾਰ ਲੋਕਾਂ ਦਾ ਹਾਲ ਬਿਆਨ
ਕਰਦੀ ਹੈ “ਹਮ ਕੀਆ ਹਮ ਕਰਹਗੇ
ਹਮ ਮੂਰਖ ਗਾਵਾਰ ॥ ਕਰਣੈ ਵਾਲਾ ਵਿਸਰਿਆ ਦੂਜੈ ਭਾਇ ਪਿਆਰੁ ॥ ਮਾਇਆ ਜੇਵਡੁ ਦੁਖੁ ਨਹੀ ਸਭਿ ਭਵਿ
ਥਕੇ ਸੰਸਾਰੁ ॥ ਗੁਰਮਤੀ ਸੁਖੁ ਪਾਈਐ ਸਚੁ ਨਾਮੁ ਉਰ ਧਾਰਿ॥”
{ਪੰਨਾ 39}
ਸਾਡਾ ਹਾਲ ਇਹ ਹੋ ਗਿਆ ਹੈ ਕਿ ਅਸੀਂ
“ਮਾਰੈ ਰਾਖੈ ਏਕੋ ਆਪਿ ॥ ਮਾਨੁਖ ਕੈ
ਕਿਛੁ ਨਾਹੀ ਹਾਥਿ॥”
{ਪੰਨਾ 281}
ਦਾ ਮਤਲਬ ਆਪਣੀਆਂ ਕਮਜ਼ੋਰੀਆਂ ਨੂੰ ਲੁਕਾਉਣ ਲਈ ਕਰਦੇ ਹਾਂ, ਆਪਣੇ ਜੀਵਨ ਨੂੰ ਸਫਲ ਬਣਾਉਣ ਅਤੇ
ਸੁੱਖਾਂ ਨੂੰ ਪਾਉਣ ਲਈ ਜ਼ਾਇਜ-ਨਜ਼ਾਇਜ ਸਭ ਕੰਮ ਕਰਦੇ ਹਾਂ ਅਤੇ ਜ਼ਿੰਮੇਵਾਰ ਪਰਮਾਤਮਾ ਨੂੰ ਕਹਿੰਦੇ
ਹਾਂ। ਸੁੱਖ ਮਿਲਣ ‘ਤੇ ਰੱਬ ਦਾ ਧੰਨਵਾਦ ਕਰਦੇ ਤਾਂ ਹਾਂ ਪਰ ਪਹਿਲਾਂ ਸਾਰੇ ਦੋਸਤਾਂ-ਰਿਸ਼ਤੇਦਾਰਾਂ
ਨੂੰ ਉਸ ਪ੍ਰਾਪਤ ਸੁੱਖ ਦਾ ਅਹਿਸਾਸ ਕਰਵਾਉਣ ਤੋਂ ਬਾਅਦ ਪਰ ਜਦੋਂ ਕਦੇ ਉਸ ਮਾਲਕ ਦੀ ਰਜ਼ਾ ਅਨੁਸਾਰ
ਚਲਦੇ ਜੀਵਨ-ਚੱਕਰ ਵਿੱਚ ਕਿਸੇ ਸਮੱਸਿਆ ਜਾਂ ਦੁੱਖ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਪਰਮਾਤਮਾ ਸਭ
ਤੋਂ ਪਹਿਲਾਂ ਯਾਦ ਆਉਂਦਾ ਹੈ, ਜੀਵਨ ਵਿੱਚ ਕੁਝ ਗਲਤ ਹੋਣ ‘ਤੇ ਪਰਮਾਤਮਾ ਨੂੰ ਉਲਾਂਭਾ ਸਭ ਤੋਂ
ਪਹਿਲਾਂ ਦਿੰਦੇ ਹਾਂ ਅਤੇ ਸਫਲਤਾ ਮਿਲਣ ‘ਤੇ ਕਿਸੇ ਅਖੌਤੀ ਸੰਤ ਦੀ ‘ਕਿਰਪਾ ਸਦਕਾ’ ਦੀ ਡੌਂਡੀ
ਪਿੱਟਦੇ ਹਾਂ। ਸਿੱਖ ਕੌਮ ਅੱਜ ਮਨਮਤਿ ਦਾ ਸ਼ਿਕਾਰ ਬਿਪਰ ਨਾਲੋਂ ਵੀ ਜ਼ਿਆਦਾ ਵਿਕਰਾਲ ਰੂਪ ਵਿੱਚ ਹੋ
ਚੁੱਕੀ ਹੈ। ਸਿੱਖਾਂ ਵਿੱਚ ਵਰਤ, ਸ਼ਰਾਧ, ਮੜ੍ਹੀਆਂ-ਮਸਾਣਾਂ ਦੀ ਪੂਜਾ, ਰਾਸ਼ੀਆਂ ਅਨੁਸਾਰ ਪੱਥਰਾਂ
ਨੂੰ ‘ਨਗ’ ਕਹਿ ਕੇ ਪਾਉਣਾ, ਤੀਰਥ ਇਸ਼ਨਾਨ ਕਰਨੇ ਆਦਿ ਸਭ ਕਰਮਕਾਂਡ ਬਾਹਮਣਵਾਦ ਨਾਲੋਂ ਵੀ ਵੱਧ ਘਰ
ਚੁੱਕੇ ਹਨ। ਗੁਰੂ ਨਾਨਕ ਸਾਹਿਬ ਨੇ ਮੂਰਤੀ ਪੂਜਾ ਤੋਂ ਸਿੱਖਾਂ ਨੂੰ ਬਚਾਉਣ ਦਾ ਉਪਦੇਸ਼ ਦਿੱਤਾ ਪਰ
ਅੱਜ ਸਿੱਖ ਉਹਨਾਂ ਹੀ ਗੁਰੂ ਸਾਹਿਬਾਨ ਦੀਆਂ ਫੋਟੋਆਂ ਅੱਗੇ ਮੱਥੇ ਟੇਕ ਰਿਹਾ ਹੈ, ਧੂਪ ਧੁਖਾ ਰਿਹਾ
ਹੈ। ਸਾਡੇ ਸਮਾਜ ਵਿੱਚ ਖੁੰਬਾਂ ਵਾਂਗ ਉੱਗੇ ਡੇਰੇਦਾਰ ਤਾਂ ਗੁਰੂ ਸਾਹਿਬ ਦੀਆਂ ਤਸਵੀਰਾਂ ਤੋਂ
ਇਲਾਵਾ ਆਪਣੀ ਸੰਪਰਦਾ ਦੇ ਪਹਿਲੇ ਬਾਬਿਆਂ ਦੀਆਂ ਵੱਡ-ਆਕਾਰੀ ਤਸਵੀਰਾਂ ਨੂੰ ਟਰਾਲੀਆਂ ਵਿੱਚ ਰੱਖ
ਮਾਨਤਾ ਦਿੰਦੇ ਨਗਰ-ਕੀਰਤਨ ਕਰਦੇ ਹਨ, ਆਪਣੇ ਡੇਰਿਆਂ ਵਿੱਚ ਖਾਸ ਤੌਰ ‘ਤੇ ਤਸਵੀਰਾਂ ਦੇ ਆਸਣ ਲਗਾਏ
ਜਾਂਦੇ ਹਨ, ਤਸਵੀਰਾਂ ਕੋਲ ਦਾਤਣ, ਪਾਣੀ, ਤੌਲੀਆਂ ਆਦਿ ਚੀਜ਼ਾਂ ਉਚੇਚੇ ਤੌਰ ‘ਤੇ ਰੱਖੀਆਂ ਜਾਂਦੀਆਂ
ਹਨ ਕੀ ਇਹ ਸਭ ਕਰਨਾ “ਜੋ
ਪਾਥਰ ਕਉ ਕਹਤੇ ਦੇਵ ॥ ਤਾ ਕੀ ਬਿਰਥਾ ਹੋਵੈ ਸੇਵ ॥ ਜੋ ਪਾਥਰ ਕੀ ਪਾਂਈ ਪਾਇ ॥ ਤਿਸ ਕੀ ਘਾਲ ਅਜਾਂਈ
ਜਾਇ॥” { ਮਹਲਾ ੫ ਪੰਨਾ
1160} ਦੇ ਇਲਾਹੀ ਉਪਦੇਸ਼ ਦੀ ਉਲੰਘਣਾ ਨਹੀਂ...?
ਕੀ ਗੁਰੂ ਨਾਨਕ ਦੇ ਘਰ ਦੀ ਸਿੱਖਿਆ
“ਅੰਤਰਿ ਦੇਉ ਨ ਜਾਨੈ ਅੰਧੁ ॥ ਭ੍ਰਮ
ਕਾ ਮੋਹਿਆ ਪਾਵੈ ਫੰਧੁ ॥ ਨ ਪਾਥਰੁ ਬੋਲੈ ਨਾ ਕਿਛੁ ਦੇਇ ॥ ਫੋਕਟ ਕਰਮ ਨਿਹਫਲ ਹੈ ਸੇਵ॥”
{ ਮਹਲਾ ੫ ਪੰਨਾ 1160}
ਅੱਜ ਲਾਗੂ ਨਹੀਂ ਹੁੰਦੀ...? ਇਲਾਹੀ ਉਪਦੇਸ਼ ਨੂੰ ਭੁੱਲ
ਅਸੀਂ ਕਰਮਕਾਂਡੀ ਬਣ ਗਏ ਹਾਂ, ਸਾਡੇ ਲਈ ਮਖਮਲੀ ਕੱਪੜਿਆਂ ਵਿੱਚ ਲਿਪਟਿਆ ਅਤੇ ਅਰਾਮਦਾਇਕ ਕੁਰਸੀ
‘ਤੇ ਬੈਠਾ ਵਿਹਲੜ ਬਾਬਾ ਹੀ ‘ਰੱਬ’ ਹੈ, ਉਸਦੀਆਂ ਕਹੀਆਂ ਗੱਲਾਂ ਹੀ ਇਲਾਹੀ ਉਪਦੇਸ਼ ਹਨ। ਗੁਰਬਾਣੀ
ਸਪੱਸ਼ਟ ਕਰਦੀ ਹੈ “ਪੁਛਿ ਨ
ਸਾਜੇ ਪੁਛਿ ਨ ਢਾਹੇ ਪੁਛਿ ਨ ਦੇਵੈ ਲੇਇ ॥ ਆਪਣੀ ਕੁਦਰਤਿ ਆਪੇ ਜਾਣੈ ਆਪੇ ਕਰਣੁ ਕਰੇਇ ॥ ਸਭਨਾ
ਵੇਖੈ ਨਦਰਿ ਕਰਿ ਜੈ ਭਾਵੈ ਤੈ ਦੇਇ॥”
{ਪੰਨਾ 53}
ਪਰ ਫਿਰ ਵੀ ਅਸੀਂ ਪੜ੍ਹੇ-ਲਿਖੇ ਆਧੁਨਿਕ ਲੋਕ ਦੁਨੀਆਂ ਦੀ ਸਮਝ ਦਾ ਦਾਅਵਾ ਕਰਨ ਵਾਲੇ ਇਹਨਾਂ ਵਿਹਲੜ
ਸਾਧਾਂ ਨੂੰ ‘ਰੱਬ ਕੋਲੋਂ ਕੰਮ ਕਰਵਾਉਣ ਵਾਲੇ’ ਮੰਨ ਆਪਣੀ ਮਿਹਨਤ ਦੀ ਕਮਾਈ ਇਹਨਾਂ ਨੂੰ ਲੁਟਾ ਰਹੇ
ਹਾਂ। ਅੱਜ ਸਿੱਖ ਕਿਸੇ ਗਰੀਬ ਦੇ ਮੂੰਹ ਰੋਟੀ ਪਾਉਣ ਨਾਲੋਂ, ਕਿਸੇ ਗਰੀਬ ਬੱਚੇ ਨੂੰ ਪੜ੍ਹਨ ਲਈ
ਕਿਤਾਬਾਂ ਲੈ ਕੇ ਦੇਣ ਨਾਲੋਂ ਕਿਸੇ ਭੋਰੇ ਵਿੱਚ ਬੈਠੇ ਸਾਧ ਦੇ ਡੇਰੇ ‘ਤੇ ਮਿਹਨਤ ਦੀ ਕਮਾਈ ਲੁਟਾਉਣ
ਨੂੰ ‘ਦਸਵੰਧ’ ਕੱਢਣਾ ਸਮਝ ਆਲੀਸ਼ਾਨ ਡੇਰਿਆਂ ਦੀ ਉਸਾਰੀ ਵਿੱਚ ਯੋਗਦਾਨ ਪਾ ਰਹੇ ਹਨ।
ਅਜੇ ਵੀ ਡੁੱਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ, ਹਾਂ ਕੁਝ ਰੇਤਾ ਜ਼ਰੂਰ
ਨਾਲ ਲਗ ਗਿਆ ਹੈ ਪਰ ਸਮਾਂ ਹੈ ਇਹਨਾਂ ਨੂੰ ਚੁੱਕ ਸਾਫ ਕਰ ਇਕੱਠੇ ਕਰਨ ਦਾ, ਜੇ ਥੋੜ੍ਹੀ ਦੇਰ ਹੋ ਗਈ
ਤਾਂ ਇਹਨਾਂ ਵਿਹਲੜਾਂ ਨੇ ਇਹਨਾਂ ਨੂੰ ਠੇਡੇ ਮਾਰ-ਮਾਰ ਮਿੱਟੀ ਵਿੱਚ ਰਲਾ ਦੇਣਾ ਹੈ। ਸਾਡੇ ਕੋਲ
ਸੰਸਾਰ ਦਾ ਬੇਸ਼ਕੀਮਤੀ ਅਤੇ ਅਮੁੱਕ ਖਜ਼ਾਨਾ ਹੈ ਜਿਸ ਨੂੰ ਜਿੰਨ੍ਹਾਂ ਸਮਝ ਕੇ ਵਰਤੋਗੇ ਉਨਾ ਹੀ ਜੀਵਨ
ਸੁਖੀ ਹੋਵੇਗਾ। ਸਾਇੰਸ ਦੀਆਂ ਅੱਜ ਦੀਆਂ ਖੋਜਾਂ ਇਸ ਖਜ਼ਾਨੇ ਵਿੱਚ ਸੈਂਕੜੇ ਸਾਲ ਪਹਿਲਾਂ ਸਾਂਭੀਆਂ
ਪਈਆਂ ਹਨ, ਜੀਵਨ ਦੇ ਹਰ ਪਹਿਲੂ ਦਾ ਜਵਾਬ ਹੈ ਫਿਰ ਅਸੀਂ ਕਿਸੇ ਹੋਰ ‘ਮੰਗ ਖਾਣ’ ਵਾਲੇ ਤੋਂ ਕਿਉਂ
ਮੰਗੀਏ...? ਗੁਰੂ ਨਾਨਕ ਸਾਹਿਬ ਨੇ ਐਸਾ ਸਿਧਾਂਤ ਪੇਸ਼ ਕੀਤਾ ਜਿਸ ‘ਤੇ ਚੱਲ ਕੇ ਸਿਰਫ ਸਿੱਖ ਹੀ
ਨਹੀਂ ਬਲਕਿ ਸਮੁੱਚੀ ਦੁਨੀਆਂ ਚੈਨ, ਸਕੂਨ ਅਤੇ ਸੁੱਖਾਂ ਨਾਲ ਭਰਪੂਰ ਹੋ ਸਕਦੀ ਹੈ, ਸੰਸਾਰ ਵਿੱਚੋਂ
ਹਰ ਗਲਤ ਕੰਮ ਦਾ ਖਾਤਮਾ ਹੋ ਸਕਦਾ ਹੈ। ਅੱਜ ਸਮਾਜ ਦੀ ਇਸ ਤਰਸਯੋਗ ਹਾਲਤ ਦਾ ਕਾਰਨ ਇਸ ਬੁਨਿਆਦੀ
ਸਿਧਾਂਤ ਨਾਲੋਂ ਟੁੱਟਣਾ ਹੀ ਹੈ।
|
. |