ਜੇ ਤਖਤਾਂ ਦੇ ਪੁਜਾਰੀਆਂ ਦੇ ਹੁਕਮਨਾਮੇ ਹੀ ਮੰਨਦੇ ਰਹਾਂਗੇ ਤਾਂ ਗੁਰਬਾਣੀ ਦੇ ਹੁਕਮਨਾਮੇ ਕਦੋਂ ਮੰਨਾਗੇ?
ਗੁਰਬਾਣੀ ਦੇ ਹੁਕਮਨਾਮੇ ਦੀ
ਸਾਡੇ ਲਈ ਕੋਈ ਅਹਿਮੀਅਤ ਨਹੀ ਪਰ ਪੁਜਾਰੀਆਂ ਦੇ ਹੁਕਮਨਾਮੇ (ਕੁਫਰਨਾਮੇ) ਮਨਾਉਣ ਲਈ ਅਸੀਂ ਡਾਂਗਾਂ
ਵੀ ਚੁਕ ਲੈਂਦੇ ਹਾਂ ਪਰ ਗੁਰਬਾਣੀ ਦੇ ਹੁਕਮਨਾਮੇ ਮਨਾਉਣ ਲਈ ਅਸੀਂ ਕਦੇ ਜਤਨ ਕੀਤਾ?
ਕਾਫੀ ਗੰਭੀਰ ਮਸਲੇ ਸਾਡੇ ਵਿੱਚ ਹਮੇਸ਼ਾਂ ਉਠਦੇ ਰਹਿੰਦੇ ਹਨ, ਪਰ ਕੀ ਅਸੀਂ ਕਦੀ ਕਿਸੇ ਮਸਲੇ
ਦਾ ਹੱਲ ਗੁਰਬਾਣੀ ਦੀ ਕਸਵੱਟੀ ਤੇ ਪਰਖ ਕੇ ਵੀ ਕਰਦੇ ਹਾਂ, ਜਾਂ ਕੀਤਾ ਹੈ? ਜਦੋਂ ਗੁਰੂ ਗਰੰਥ
ਸਾਹਿਬ ਜੀ ਸਾਨੂੰ ਕਿਸੇ ਵੀ ਮਸਲੇ ਜਾਂ ਮੁਸੀਬਤ ਦਾ ਹੱਲ ਬਹੁਤ ਸੰਜੀਦਗੀ ਨਾਲ ਹਮੇਸ਼ਾਂ ਸਮਝਾ ਰਹੇ
ਹਨ, ਤਾਂ ਫਿਰ ਸਾਨੂ ਹੋਰ ਹੋਰ ਲਿਖਤਾਂ ਤੋਂ ਫੈਸਲੇ ਕਰਵਾਓਣ ਦੀ ਕੀ ਜਰੂਰਤ ਪੈ ਜਾਂਦੀ ਹੈ? ਅੱਜ
ਗੁਰੂ ਗਰੰਥ ਸਾਹਿਬ ਜੀ ਨੂੰ ਭਾਵੇਂ ਹਰ ਗੁਰਦਵਾਰੇ ਵਿੱਚ ਉੱਚਾ ਸਥਾਨ ਤਾਂ ਦਿੱਤਾ ਜਾ ਰਿਹਾ ਹੈ ਪਰ
ਕਾਨੂੰਨ ਜਾਂ ਮਰਿਯਾਦਾ ਤਾਂ ਆਪਣੀ ਆਪਣੀ ਹੀ ਚਲਾਈ ਜਾ ਰਹੀ ਹੈ। ਨਾਲ ਹੀ ਇਹ ਵੀ ਪ੍ਰਚਾਰ ਕੀਤਾ ਜਾ
ਰਿਹਾ ਹੈ ਕੇ ਅਸੀਂ ਤਾਂ ਹਰ ਕਾਰਜ ਗੁਰੂ ਗਰੰਥ ਸਾਹਿਬ ਜੀ ਦੇ ਅਨੁਸਾਰ ਹੀ ਕਰ ਰਹੇ ਹਾਂ, ਜਿਨਾ
ਵਿੱਚ ਸਭ ਤੋਂ ਉਪਰ ਸਿੱਖ ਰਹਿਤ ਮਰਿਯਾਦਾ ਦਾ ਨਾਮ ਆਉਂਦਾ ਹੈ, ਜਿਸ ਮਰਿਯਾਦਾ ਨੂੰ ਅਕਾਲ ਤਖਤ ਤੋਂ
ਪੰਥ ਪ੍ਰਵਾਨਿਤ, ਪੰਥਕ ਕਨੂੰਨ ਅਤੇ ਜੀਵਨ ਜਾਚ ਵੀ ਕਹ ਕੇ ਪ੍ਰਚਾਰਿਆ ਜਾ ਰਿਹਾ ਹੈ, ਪਰ ਸ਼ਾਇਦ
ਪ੍ਰਚਾਰਨ ਵਾਲਿਆਂ ਨੇ ਇਹ ਕਦੇ ਨਹੀ ਸੋਚਿਆ ਕੇ ਇਹ ਰਹਿਤ ਮਰਿਯਾਦਾ ਗੁਰੂ ਗਰੰਥ ਪ੍ਰਵਾਨਿਤ ਵੀ ਹੈ
ਜਾਂ ਨਹੀ? ਜਿਸ ਵਿੱਚ 90% ਸੇਧਾਂ ਗੁਰੂ ਗਰੰਥ ਸਾਹਿਬ ਜੀ ਦੇ ਸਿਧਾਂਤ ਅਨੁਸਾਰ ਨਹੀ ਹਨ, ਅਤੇ ਹਰ
ਰੋਜ 70%ਰਚਨਾਵਾਂ ਗੁਰੂ ਗਰੰਥ ਸਾਹਿਬ ਜੀ ਤੋ ਬਾਹਰ ਇੱਕ ਸਿਧਾਂਤ ਹੀਣ ਕਿਤਾਬ (ਅਖੋਤੀ ਦਸਮ ਗਰੰਥ)
ਵਿਚੋਂ ਪੜਨ ਤੇ ਜੋਰ ਪਾਇਆ ਜਾ ਰਿਹਾ ਹੈ। ਜਦ ਕੇ ਗੁਰਬਾਣੀ ਫੁਰਮਾਨ ਹੈ,
ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ॥ ਬਾਣੀ ਤ ਕਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ॥ ਕਹਦੇ ਕਚੇ
ਸੁਣਦੇ ਕਚੇ ਕਚੀ ਆਖਿ ਵਖਾਣੀ॥ ਸਪਸ਼ਟ ਹੈ ਕੇ ਸਾਡੇ ਸਤਿਗੁਰੂ ਸਿਰਫ ਗੁਰੂ ਗਰੰਥ ਸਾਹਿਬ ਜੀ
ਹੀ ਹਨ। ਤੇ ਗੁਰੁ ਦੀ ਹਜੂਰੀ ਵਿੱਚ ਜੇ ਹੋਰ ਰਚਨਾਵਾਂ ਗੁਰਬਾਣੀ ਦੇ ਵਾਂਗ ਪੜੀਆਂ ਜਾ ਰਹੀਆਂ ਹਨ,
ਤੇ ਓਨਾ ਕਚੀਆਂ ਰਚਨਾਵਾਂ ਦੇ ਪੜੇ ਜਾਣ ਦਾ ਕਾਰਨ ਜੇਕਰ ਕੋਈ ਰਹਿਤ ਮਰਿਯਾਦਾ ਹੈ ਤਾਂ ਓਹ ਰਹਿਤ
ਮਰਿਯਾਦਾ ਪੰਥ ਪ੍ਰਵਾਨਿਤ ਨਹੀ ਕਹੀ ਜਾ ਸਕਦੀ, ਕਿਓਂ ਕੇ ਇਸ ਦੀ ਇਜਾਜਤ ਗੁਰਬਾਣੀ ਨਹੀ ਦਿੰਦੀ, ਤੇ
ਪੰਥ ਗੁਰਬਾਣੀ ਤੋਂ ਬਾਹਰ ਹੋ ਨਹੀ ਸਕਦਾ, ਅੱਜ ਅਖੋਤੀ ਦਸਮ ਗਰੰਥ ਸਿਖ ਸਭਿਆਚਾਰ ਲਈ ਸਭ ਤੋਂ ਘਾਤਕ
ਸਿਧ ਹੋ ਰਿਹਾ ਹੈ, ਕਿਓਂਕੇ ਇਸ ਵਿੱਚ ਰੱਜ ਕੇ ਅਸ਼ਲੀਲਤਾ ਦੇ ਨਾਲ ਨਾਲ ਓਨਾ ਦੇਵੀ ਦੇਵਤਿਆਂ ਨੂੰ
ਪੂਜਨ ਤੇ ਜੋਰ ਦਿੱਤਾ ਜਾ ਰਿਹਾ ਹੈ, ਜੋ ਅਸਲ ਵਿੱਚ ਕਦੀ ਹੋਏ ਹੀ ਨਹੀ ਅਤੇ ਜਿਨਾ ਨੂੰ ਤਿਆਗਣ ਲਈ
ਗੁਰੂ ਗਰੰਥ ਸਾਹਿਬ ਜੀ ਹਮੇਸ਼ਾਂ ਜੋਰ ਦੇ ਰਹੇ ਹਨ, ਬਾਣੀ ਫੁਰਮਾਨ ਹੈ:
ਦੇਵੀ ਦੇਵਾ ਮੂਲੁ ਹੈ ਮਾਇਆ॥ ਸਿੰਮ੍ਰਿਤਿ ਸਾਸਤ ਜਿੰਨਿ ਉਪਾਇਆ॥ ਕਾਮੁ
ਕ੍ਰੋਧੁ ਪਸਰਿਆ ਸੰਸਾਰੇ ਆਇ ਜਾਇ ਦੁਖੁ ਪਾਵਣਿਆ॥ 2॥
ਪਰ ਕੋਮੀ ਦਸਤਾਵੇਜ ਦੱਸੀ ਜਾ ਰਹੀ ਰਹਿਤ ਮਰਿਯਾਦਾ ਅਨੁਸਾਰ ਸਵੇਰੇ ਸ਼ਾਮ ਹਰ ਗੁਰਦਵਾਰੇ
ਵਿੱਚ ਅਖੋਤੀ ਦੇਵੀ ਭਗੋਤੀ (ਦੁਰਗਾ) ਨੂੰ ਸਿਮਰਨ ਵਾਲੀ ਇਤਰਾਜ ਯੋਗ ਹਰਕਤ ਕੀਤੀ ਜਾ ਰਹੀ ਹੈ, ਜਦ
ਕੇ ਆਖੀ ਜਾਂਦੀ ਸਿਖ ਰਹਿਤ ਮਰਿਯਾਦਾ ਵਿੱਚ ਦਰਜ, ਸਿੱਖ ਦੀ ਤਰੀਫ (ਪਰਿਭਾਸ਼ਾ) ਅਨੁਸਾਰ ਸਿੱਖ ਓਹੀ
ਹੈ ਜੋ ਦਸ ਗੁਰੂਆਂ ਦੀ ਬਾਣੀ ਤੇ ਨਿਸਚਾ ਰਖਦਾ ਹੈ, , ਜਦ ਕੇ ਲਿਖਣਾ ਸਿਰਫ ਗੁਰੂ ਗਰੰਥ ਸਾਹਿਬ ਜੀ
ਦੀ ਬਾਣੀ ਹੀ ਚਾਹੀਦਾ ਸੀ, ਸਿਖ ਰਹਿਤ ਮਰਿਯਾਦਾ ਵਿੱਚ ਦਸ ਗੁਰੂਆਂ ਦੀ ਬਾਣੀ ਤੇ ਨਿਸਚਾ ਰਖਣਾ ਭਾਵ
ਸਿਧੇ ਤੋਰ ਤੇ ਅਖੋਤੀ ਦਸਮ ਗਰੰਥ ਨੂੰ ਅਤੇ ਗੁਰਬਿਲਾਸ ਪਾਤਸ਼ਾਹੀ ਛੇਵੀਂ ਵਰਗੀਆਂ ਹੋਰ ਪੁਸਤਕਾਂ ਨੂੰ
ਮਾਨਤਾ ਦੇਣੀ ਹੈ, ਜੋ ਕੇ ਸ਼ਰੇਆਮ ਗੁਰੂ ਸਿਧਾਂਤ ਦਾ ਘਾਣ ਕਰ ਰਹੀਆਂ ਹਨ। ਪਿਛਲੇ ਲੰਮੇ ਸਮੇ ਤੋਂ
ਬਾਬੇ ਨਾਨਕ ਦੀ ਮਨੁਖਤਾਵਾਦੀ ਵਿਚਾਰਧਾਰਾ ਦੇ ਵਿਰੋਧੀਆਂ ਵੱਲੋਂ ਕਈ ਤਰੀਕਿਆਂ ਨਾਲ ਇਸ ਵਿੱਚ
ਇਤਿਹਾਸ ਦੇ ਨਾਂ ਤੇ ਕਈ ਗੁਮਨਾਮ ਲਿਖਾਰੀਆਂ ਦੇ ਨਾਂ ਤੇ ਰਲਾ ਪਾ ਕੇ ਇਸ ਨੂੰ ਲਗਤਾਰ ਗੰਧਲਾ ਕੀਤਾ
ਜਾ ਰਿਹਾ ਹੈ, ਇਸ ਕਾਰਣ ਬਾਬੇ ਨਾਨਕ ਦੀ ਵਿਚਾਰਧਾਰਾ ਨੂੰ ਸਮਝਣ ਤੇ ਪ੍ਰੇਮ ਕਰਨ ਵਾਲੇ ਮਨੁਖਾਂ ਦੇ
ਮਨ ਵਿੱਚ ਬੜੀ ਦੁਭਿਦਾ ਪੈਦਾ ਹੋ ਰਹੀ ਹੈ। ਇਸ ਦਾ ਦੂਜਾ ਮਾੜਾ ਪਖ਼ ਇਹ ਰਿਹਾ ਕੇ ਇਸ ਵਿਚਾਰਧਾਰਾ
ਨੂੰ ਸੰਸਾਰ ਵਿੱਚ ਪ੍ਰਚਾਰਨ ਵਿੱਚ ਵੀ ਇਹ ਰਹਿਤ ਮਰਿਯਾਦਾ ਬੰਧਨ ਸਿਧ ਹੋ ਰਹੀ ਹੈ। ਜਿਸ ਮਰਯਾਦਾ ਦਾ
ਦਾਇਰਾ ਬੜਾ ਸੀਮਤ ਜਿਹਾ ਹੈ ਅਤੇ ਜਿਸ ਨੂੰ ਅਜੇ ਤਕ 2% ਸਿੱਖਾਂ ਤੇ ਵੀ ਲਾਗੁ ਨਹੀ ਕੀਤਾ ਜਾ ਸਕਿਆ।
ਸੋ ਕਿਸੇ ਵੀ ਵਿਚਾਰਧਾਰਾ ਨੂੰ ਪ੍ਰਚਾਰਨ ਲਈ ਉਸ ਵਿੱਚ ਇਕਸਾਰਤਾ ਦਾ ਹੋਣਾ ਬਹੁਤ ਜਰੂਰੀ ਹੈ ਅਤੇ
ਜੇਹੜੀ ਵਿਚਾਰਧਾਰਾ ਵਿੱਚ ਸਪਸ਼ਟਤਾ ਨਾ ਹੋਵੇ ਉਸ ਦਾ ਪ੍ਰਚਾਰ ਕਰਨਾ ਬਹੁਤ ਔਖਾ ਹੁੰਦਾ ਹੈ। ਸੋ ਐਸੀ
ਮਰਯਾਦਾ ਨਾਲ ਸਹੀ ਸੇਧ ਨਹੀ ਮਿਲ ਸਕਦੀ, ਜਿਸ ਦੀ ਗੁਰਬਾਣੀ ਗੱਲ ਕਰਦੀ ਹੈ ਅਤੇ ਇਹ ਇਕਸਾਰਤਾ ਅਤੇ
ਸਪਸ਼ਟਤਾ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ (ਗੁਰਬਾਣੀ) ਗਿਆਨ ਰੂਪੀ ਮਰਯਾਦਾ ਦਾ ਸਹੀ ਪ੍ਰਚਾਰ ਕਰਨ
ਨਾਲ ਹੀ ਆਉਣੀ ਹੈ ਨਾ ਕਿ ਕਿਸੇ ਗੈਰ ਸਿਧਾਂਤਕ ਦਸਤਾਵੇਜ ਨਾਲ ।
ਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਤੋਂ ਪਹਿਲਾਂ ਧਰਮ ਗ੍ਰੰਥਾਂ ਨੂੰ ਪੜਨ ਦਾ ਹਕ ਕੇਵਲ ਬ੍ਰਾਹਮਣ
(ਪੂਜਾਰੀ) ਨੂੰ ਸੀ ਅਤੇ ਲੋਕਾਂ ਦੇ ਨਿੱਜੀ ਜੀਵਨ ਦੇ ਅਹਿਮ ਫੈਸਲੇ ਵੀ ਬ੍ਰਾਹਮਣ (ਪੂਜਾਰੀ) ਦੁਆਰਾ
ਹੀ ਕੀਤੇ ਜਾਂਦੇ ਸਨ ਪਰ ਗੁਰੂ ਨਾਨਕ ਸਾਹਿਬ ਨੇ ਦਸ ਜਾਮਿਆਂ ਵਿੱਚ ਵਿਚਰ ਕੇ ਇਸ ਮਿਥ ਨੂੰ ਤੋੜਿਆ
ਹੀ ਨਹੀ ਬਲਕਿ ਬੜਾ ਸੋਖਾ ਤੇ ਸਪਸ਼ਟ ਫਲਸਫਾ ਆਪਣੀ ਨਿੱਜੀ ਜੀਵਨ ਨੂੰ ਕਰਮ ਕਾਂਡਾਂ ਤੋਂ ਰਹਿਤ ਅਤੇ
ਆਪਣੇ ਫੈਸਲੇ ਗੁਰਬਾਣੀ ਅਨੁਸਾਰ ਆਪ ਕਰਨ ਦਾ ਸੋਖਾ ਰਾਸਤਾ ਵੀ ਦਿਖਾ ਦਿੱਤਾ। ਪਰ ਉਸੇ ਹੀ ਬ੍ਰਾਹਮਣ
(ਪੂਜਾਰੀ) ਨੇ ਸਿਖੀ ਭੇਖ ਵਿੱਚ ਵਿਚਰ ਕੇ ਗੁਰੂ ਨਾਨਕ ਦੇ ਨਿਆਰੇ ਮਿਸ਼ਨ ਨੂੰ ਰਹਿਤ ਮਰਿਯਾਦਾ ਰੂਪੀ
ਵਚੋਲੇ ਦੇ ਰੂਪ ਰਾਹੀਂ ਮੁਸ਼ਕਿਲ ਅਤੇ ਅਸਪਸ਼ਟ ਬਣਾ ਦਿੱਤਾ ਅਤੇ ਇਹ ਦਰਸਾ ਦਿੱਤਾ ਗਿਆ ਕਿ ਬਿਨਾਂ
ਰਹਿਤ ਮਰਿਯਾਦਾ ਰੂਪੀ ਵਿਚੋਲੇ ਦੇ ਸਿਖ ਆਪਣੇ ਨਿੱਜੀ ਜੀਵਨ ਦਾ ਫੈਸਲਾ ਨਹੀ ਲੈ ਸਕਦੇ ਅਤੇ ਗੁਰੂ
ਨਾਨਕ ਦੇ ਪ੍ਰੇਮਾ ਭਗਤੀ ਦੇ ਮਾਰਗ ਨੂੰ ਜੋਰ ਤੇ ਡੰਡੇ ਦਾ ਮਾਰਗ ਬਣਾ ਦਿੱਤਾ ਗਿਆ ਕਿ ਜਿਹੜਾ ਆਪਣੇ
ਨਿੱਜੀ ਕਰਮ ਇਸ ਰਹਿਤ ਮਰਿਯਾਦਾ ਅਨੁਸਾਰ ਨਹੀ ਕਰੇਗਾ ਉਹ ਸਿਖ ਹੀ ਨਹੀ ਹੋ ਸਕਦਾ ਜਿਸ ਦਾ ਨੁਕਸਾਨ
ਸਿਖ ਪੰਥ ਪਿਛਲੇ ਕਈ ਸਾਲਾਂ ਤੋਂ ਭੁਗਤ ਰਿਹਾ ਹੈ। ਅੱਜ ਪੁਜਾਰੀਵਾਦ ਖਿਲਾਫ਼ ਇੱਕ ਲਹਿਰ ਖੜੀ ਹੋ
ਚੁਕੀ ਹੈ ਪਰ ਪੁਜਾਰੀਆਂ ਖਿਲਾਫ਼ ਲੜ ਰਹੇ ਕਈ ਪੰਥ ਦਰਦੀਆਂ ਨੂੰ ਇਹ ਸਮਝ ਨਹੀ ਆ ਰਹੀ ਕਿ ਪੁਜਾਰੀਵਾਦ
ਦੀ ਹੋਂਦ ਕੇਵਲ ਰਹਿਤ ਮਰਿਯਾਦਾ ਕਰਕੇ ਹੀ ਹੈ। ਇਸ ਮਰਿਯਾਦਾ ਕਾਰਨ ਹੀ ਸਾਡੇ ਜਨਮ ਤੋਂ ਲੈ ਕੇ ਮੋਤ
ਤਕ ਦੀਆਂ ਰਸਮਾਂ ਵਿੱਚ ਪੁਜਾਰੀ ਵਾੜ ਦਿੱਤਾ ਗਿਆ ਹੈ ਅਤੇ ਇਹ ਕੋਸ਼ਿਸ਼ ਕੀਤੀ ਗਈ ਕਿ ਪੁਜਾਰੀ ਦੀ
ਹੋਂਦ ਤੋਂ ਬਿਨਾਂ ਸਾਡੀ ਖੁਸ਼ੀ ਗਮੀ ਦਾ ਕੋਈ ਵੀ ਸਮਾਗਮ ਨਾ ਹੋ ਸਕੇ ਪਰ ਗੁਰੂ ਗ੍ਰੰਥ ਸਾਹਿਬ ਜੀ
ਦੀਆਂ ਸਿਖਿਆਂਵਾਂ ਅਨੁਸਾਰ ਚਲਣ ਦੀ ਕੋਸ਼ਿਸ਼ ਕਰਨ ਵਾਲੇ ਮੱਨੁਖ ਜੋ ਕੰਮ ਆਪ ਕਰ ਸਕਦੇ ਹਨ ਉਹਨਾਂ ਨੂੰ
ਗੁਰੂ ਦੀਆਂ ਸਿਖਿਆਂਵਾਂ ਅਨੁਸਾਰ ਆਪ ਕਰਨਾ ਵੀ ਚਾਹੀਦਾ ਹੈ। ਉਹ ਕੰਮ ਪੁਜਾਰੀ ਤੋਂ ਕਰਵਾਉਣ ਲਈ ਕਦੇ
ਵੀ ਸਹਿਮਤ ਨਹੀ ਹੁੰਦੇ। ਇਸ ਕਾਰਨ ਉਹਨਾਂ ਦਾ ਮੰਨਣਾ ਹੈ ਕਿ ਜੇਕਰ ਮੋਜੂਦਾ ਰਹਿਤ ਮਰਿਯਾਦਾ ਨੂੰ
ਰੱਦ ਨਹੀ ਕੀਤਾ ਗਿਆ ਤਾਂ ਪੁਜਾਰੀਵਾਦ ਨੂੰ ਵੀ ਰੱਦ ਨਹੀ ਕੀਤਾ ਜਾ ਸਕੇਗਾ। ਇਸ ਲਈ ਕਿਸੇ ਵੀ
ਦਸਤਾਵੇਜ ਨੂੰ ਕੋਮੀ ਜਾ ਪੰਥਕ ਕਹਿਣ ਲੱਗਿਆਂ ਇਹ ਸੋਚਣਾ ਪਵੇਗਾ ਕਿ ਕੀ ਕੋਮ ਜਾ ਪੰਥ ਦੀ ਅਗਵਾਈ
ਕਰਨ ਵਾਲੇ ਗੁਰੂ ਗ੍ਰੰਥ ਸਾਹਿਬ ਜੀ ਉਸ ਦਸਤਾਵੇਜ ਨੂੰ ਪ੍ਰਵਾਨਗੀ ਵੀ ਦਿੰਦੇ ਹਨ ਜਾ ਨਹੀ?
ਬਲਜੀਤ ਸਿੰਘ ਇਟਲੀ