ਜਿਉ ਮਧੁ
ਮਾਖੀ ਤਿਉ ਸਠੋਰਿ ਰਸੁ ਜੋਰਿ ਜੋਰਿ ਧਨੁ ਕੀਆ ॥
(ਭਗਤ ਕਬੀਰ ਜੀ, ਪੰਨਾ ੬੫੪)
ਦਸ ਹਜ਼ਾਰ ਦਾ ਘਾਟਾ
ਇਕ ਲੋਕ ਕਥਾ ਬਚਪਨ ਵਿੱਚ ਇਉਂ
ਸੁਣੀ ਸੀ:
ਇਕ ਗਰੀਬ ਪੇਂਡੂ ਦੀ ਇੱਕ ਲੱਖ ਦੀ ਲਾਟਰੀ ਨਿਕਲ਼ ਆਈ। ਇਹ ਗੱਲ ਉਹਨਾਂ ਦਿਨਾਂ ਦੀ ਹੈ ਜਦੋਂ ਲੱਖ
ਰੁਪਏ ਦਾ ਕੋਈ ਮੁੱਲ ਹੁੰਦਾ ਸੀ। ਚੜਿੱਕ ਪਿੰਡ ਦੇ ਵਸਨੀਕ, ਅਫ਼੍ਰੀਕਾ ਦੇ ਮੁਲਕ ਮਲਾਵੀ ਵਿੱਚ ਰਹਿ
ਰਹੇ, ਪ੍ਰਲੋਕਵਾਸੀ ਸ. ਪੂਰਨ ਸਿੰਘ ਸਿਧੂ, ਨੇ ਵੀ ਇੱਕ ਗੱਲ ਸੁਣਾਈ ਸੀ ਕਿ ਉਸ ਦੇ ਪਿੰਡ ਦਾ ਧੰਮਾ
ਸਿੰਘ, ਮੋਗੇ ਵਿੱਚ ਨਵਾਂ ਬਣਿਆ ਰੇਲਵੇ ਸਟੇਸ਼ਨ ਵੇਖ ਕੇ ਜਦੋਂ ਆਇਆ ਤੇ ਪਿੰਡ ਵਾਲ਼ਿਆਂ ਨੂੰ ਦੱਸਣ
ਲੱਗਾ, “ਬੱਲੇ ਬਈ ਬੱਲੇ ਗਰੇਜ ਦੇ! ਉਹਨੇ ਤਾਂ ਟੇਸ਼ਣ ਤੇ ਈ ਸੌ ਰੁਪਈਆ ਲਾ ਸ਼ੱਡਿਆ ਵਾ! !” ਭਾਵ ਕਿ
ਉਸ ਸਮੇ ਸੌ ਰੁਪਇਆ ਬੜੀ ਵੱਡੀ ਗੱਲ ਹੁੰਦੀ ਸੀ।
੧੯੫੮ ਵਿੱਚ ਮੇਰੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਸਮੇ, ਪ੍ਰਚਾਰਕ ਕਲਾਸ ਦਾ ਇੱਕ ਵਿਦਿਆਰਥੀ ਹੁੰਦਾ ਸੀ
ਗੁਰਬਚਨ ਸਿੰਘ। ਪਿੱਛੋਂ ਤਾਂ ਉਹ ਜ਼ਿਲ੍ਹਾ ਲਾਹੌਰ ਤੋਂ ਉਜੜ ਕੇ ਆਏ ਸਨ ਪਰ ਵਸੇ ਹੋਏ ਸਨ ਜ਼ਿਲ੍ਹਾ
ਫੀਰੋਜ਼ਪੁਰ, ਸ਼ਾਇਦ ਹੁਣ ਫਰੀਕੋਟ ਤੋਂ ਹੁੰਦਾ ਹੋਇਆ ਜ਼ਿਲ੍ਹਾ ਮੁਕਤਸਰ ਬਣ ਗਿਆ ਹੋਵੇ ਦੇ ਪਿੰਡ,
ਵਾਦੀਆਂ ਵਿਚ। ਗੱਲਾਂ ਗੱਲਾਂ ਵਿੱਚ ਇੱਕ ਦਿਨ ਕੁੱਝ ਵਿਦਿਆਰਥੀਆਂ ਵੱਲੋਂ ਆਪੋ ਆਪਣੀਆਂ ਖਾਹਸ਼ਾਂ
ਦੱਸਣ ਸਮੇ ਉਸ ਨੇ ਆਪਣੀ ਖਾਹਸ਼ ਦੱਸੀ ਕਿ ਉਸ ਦੀ ਮਾਂ ਨੇ ਕਦੀ ਸੌ ਰੁਪਏ ਦਾ ਨੋਟ ਨਹੀ ਸੀ ਵੇਖਿਆ।
ਉਹ ਤਾਂ ਕੋਰਸ ਦੀ ਪੂਰਨਤਾ ਉਪ੍ਰੰਤ ਨੌਕਰੀ ਤੇ ਲੱਗ ਕੇ, ਮਿਲ਼ਦੀ ਤਨਖਾਹ ਜੋੜ ਜੋੜ ਕੇ, ਇੱਕ ਸੌ
ਰੁਪਏ ਦਾ ਨੋਟ ਲੈ ਕੇ ਆਪਣੀ ਮਾਂ ਨੂੰ ਦੇਵੇਗਾ। ਇਉਂ ਉਹਨਾਂ ਦਿਨਾਂ ਵਿੱਚ ਸੌ, ਹਜ਼ਾਰ, ਲੱਖ ਆਦਿ ਦਾ
ਮਹੱਤਵ ਹੁੰਦਾ ਸੀ। ਉਹ ਆਪਣੇ ਬੈਚ ਵਿਚੋਂ ਸਭ ਵਿਦਿਆਰਥੀਆਂ ਚੋਂ ਅੱਵਲ ਆਇਆ ਸੀ ਤੇ ਸ਼੍ਰੋਮਣੀ ਕਮੇਟੀ
ਵੱਲੋਂ ਬਹੁਤ ਸਮਾ ਜ਼ਿਲਾ ਫੀਰੋਜ਼ਪੁਰ ਵਿੱਚ ਪ੍ਰਚਾਰਕ ਰਿਹਾ। ਬੜੀ ਇਮਾਨਦਾਰੀ ਅਤੇ ਨਿਮਰਤਾ ਸਹਿਤ,
ਦਹਾਕਿਆਂ ਤੱਕ ਉਸ ਨੇ ਪੰਥ ਦੀ ਸੇਵਾ ਕੀਤੀ। ਇਸ ਸਮੇ ਉਹ ਇਸ ਦੁਨੀਆ ਵਿੱਚ ਨਹੀ ਹੈ। ਇਹ ਨਹੀ ਮੈਂ
ਪਤਾ ਕਰ ਸਕਿਆ ਕਿ ਉਸ ਨੇ ਆਪਣੇ ਮਾਤਾ ਜੀ ਨੂੰ ਸੌ ਰੁਪਏ ਦਾ ਨੋਟ ਵਿਖਾਇਆ ਸੀ ਜਾਂ ਕਿ ਨਹੀ। ਇਸ
ਤੋਂ ਵੀ ਪਹਿਲਾਂ ਉਸ ਪੇਂਡੂ ਵਿਚਾਰੇ ਲੱਖਾ ਸਿੰਘ ਦੀ ਲਾਟਰੀ ਇੱਕ ਲੱਖ ਰੁਪਏ ਦੀ ਨਿਕਲ਼ ਆਈ। ਪਿੰਡ
ਦੇ ਸਿਆਣੇ ਬੰਦਿਆਂ ਨੂੰ ਪਤਾ ਲੱਗਾ ਤਾਂ ਉਹਨਾਂ ਨੂੰ ਫਿਕਰ ਪੈ ਗਿਆ ਕਿ ਕਿਤੇ ਲੱਖੂ ਇਹ ਖ਼ੁਸ਼ਖ਼ਬਰੀ
ਸੁਣ ਕੇ ਖ਼ੁਸ਼ੀ ਵਿੱਚ ਅਗਲੇ ਜਹਾਨ ਨੂੰ ਹੀ ਨਾ ਤੁਰ ਜਾਵੇ! ਇਸ ਗੱਲ ਦਾ ਉਪਾ ਸੋਚਦਿਆਂ ਹੋਇਆਂ ਉਹਨਾਂ
ਨੇ ਵਿਚਾਰ ਕੀਤਾ ਕਿ ਉਸ ਨੂੰ ਸ਼ਹਿਰ ਕਿਸੇ ‘ਸਿਆਣੇ’ ਕੋਲ਼ ਲਿਜਾਇਆ ਜਾਵੇ। ਓਦੋਂ ਪੇਂਡੂ ਲੋਕ ਵੈਦ,
ਹਕੀਮ, ਡਾਕਟਰ ਵਗੈਰਾ ਨੂੰ ਸਿਆਣਾ ਹੀ ਆਖਿਆ ਕਰਦੇ ਸਨ। ਇਸ ਲਈ ਉਹ ਸ਼ਹਿਰ ਵਿੱਚ ਇੱਕ ਸਿਆਣਾ ਸਮਝੇ
ਜਾਂਦੇ ਵਿਅਕਤੀ ਕੋਲ਼ ਉਸ ਨੂੰ ਲੈ ਗਏ ਤਾਂ ਕਿ ਉਹ ਸਿਆਣਾ ਆਪਣੀ ਸਿਆਣਪ ਵਰਤ ਕੇ, ਉਸ ਨੂੰ ਸਿਆਣਪ
ਨਾਲ਼ ਉਸ ਦੇ ਲਾਭ ਵਾਲ਼ੀ ਗੱਲ ਸਮਝਾਵੇ। ਸਿਆਣੇ ਨੇ ਉਸ ਨੂੰ ਕੁਰਸੀ ਉਪਰ ਬੈਠਾ ਕੇ, ਕੁੱਝ ਏਧਰ ਓਧਰ
ਦੀਆਂ ਗੱਲਾਂ ਮਾਰਨ ਪਿੱਛੋਂ ਪੁੱਛਿਆ ਕਿ ਕੀ ਕਦੀ ਉਸ ਨੇ ਲਾਟਰੀ ਪਾਈ ਹੈ! ਲੱਖਾ ਸਿੰਘ ਨੇ ਦੱਸਿਆ
ਕਿ ਇੱਕ ਵਾਰੀ ਉਹ ਇੱਕ ਰੁਪਇਆ ਲੈ ਕੇ ਮੇਲਾ ਵੇਖਣ ਗਿਆ ਸੀ ਤੇ ਓਥੇ ਉਸ ਦੇ ਨਾਲ਼ਦਿਆਂ ਨੇ ਬਦੋ ਬਦੀ
ਉਸ ਦਾ ਰੁਪਇਆ ਖੋਹ ਕੇ ਇੱਕ ਕਾਗਜ਼ ਦਾ ਟੁਕੜਾ ਜਿਹਾ ਉਸ ਨੂੰ ਫੜਾ ਦਿਤਾ ਸੀ ਤੇ ਆਂਹਦੇ ਸੀ ਕਿ ਉਹ
ਲਾਟਰੀ ਦਾ ਟਿਕਟ ਹੈ; ਸ਼ਾਇਦ ਓਹੋ ਹੀ ਹੋਵੇ! ਸਿਆਣੇ ਨੇ ਆਖਿਆ, “ਕੀ ਪਤਾ ਲੱਖਾ ਸਿਆਂਹ ਤੇਰੀ ਲਾਟਰੀ
ਨਿਕਲ਼ ਈ ਆਵੇ!” “ਸਾਡੇ ਕਿਥੇ ਅਜਿਹੇ ਕਰਮ ਡਾਕਦਾਰ ਜੀ! “ਲੱਖਾ ਸਿੰਘ ਦਾ ਕੁੱਝ ਨਿਰਾਸਾ ਜਿਹਾ ਬਚਨ
ਸੀ। ਸਿਆਣੇ ਨੇ ਫਿਰ ਆਖਿਆ, “ਕੀ ਪਤਾ ਹੁੰਦਾ, ਕਦੋਂ ਰੱਬ ਮੇਹਰਬਾਨ ਹੋ ਜਾਵੇ! ਫਰਜ਼ ਕਰੋ ਤੇਰੀ ਪੰਜ
ਹਜ਼ਾਰ ਦੀ ਲਾਟਰੀ ਨਿਕਲ਼ ਆਵੇ ਤਾਂ!” “ਉਹ ਡਾਕਦਾਰ ਸ੍ਹਾਬ ਤੁਹਾਡੇ ਮੂੰਹ ਵਿੱਚ ਘੀ ਸੱਕਰ। ਜੇ ਅਜਿਹਾ
ਹੋ ਜਾਵੇ ਤਾਂ ਫਿਰ ਜਿੰਨੇ ਪੈਸੇ ਮਿਲਣ ਉਹਨਾਂ `ਚੋਂ ਅੱਧੇ ਤੁਹਾਡੇ ਰਹੇ। “ਹੌਲ਼ੀ ਹੌਲ਼ੀ ਕਰਕੇ
ਸਿਆਣਾ ਲਾਟਰੀ ਦੀ ਰਕਮ ਵਧਾਈ ਜਾਵੇ ਤੇ ਲੱਖਾ ਸਿੰਘ ਸਿਆਣੇ ਨੂੰ ਅਧ ਦੇ ਦੇਣ ਦਾ ਇਕਰਾਰ ਕਰੀ ਜਾਵੇ।
ਜਦੋਂ ਸਿਆਣੇ ਨੇ ਇੱਕ ਲੱਖ ਦੀ ਲਾਟਰੀ ਨਿਕਲ਼ ਜਾਣ ਦੀ ਸੰਭਾਵਨਾ ਬਾਰੇ ਆਖਿਆ ਤੇ ਲੱਖਾ ਸਿੰਘ ਨੇ ਫਿਰ
ਵੀ ਸਿਆਣੇ ਨੂੰ ਰਕਮ ਦਾ ਅੱਧਾ ਹਿੱਸਾ ਦੇ ਦੇਣ ਲਈ ਆਖ ਦਿਤਾ ਤਾਂ ਸਿਆਣਾ ਖ਼ੁਦ ਕੁਰਸੀ ਤੋਂ ਭੁੰਜੇ
ਡਿਗ ਪਿਆ।
ਅਜਿਹੀ ਸਾਰੀ ਸਿਖਿਆ ਦੇ ਗਿਆਤਾ ਹੋਣ ਦੇ ਬਾਵਜੂਦ ਮੈ ਖ਼ੁਦ ਵੀ ਇਸ ਜਾਲ਼ ਵਿੱਚ ਫਸ ਗਿਆ। ਹੋਇਆ ਇਹ
ਇਉਂ ਕਿ ਕੁੱਝ ਪੈਨਸ਼ਨ ਵਿਚੋਂ ਕੰਜੂਸੀ ਸਹਿਤ ਕੀਤੀ ਬਚਤ, ਕੁੱਝ ਪੰਜਾਬੀ ਪਾਠਕਾਂ ਵੱਲੋਂ ਮੇਰੀਆਂ
ਕਿਤਾਬਾਂ ਦੀ ਛਪਾਈ ਤੇ ਢੁਆਈ ਹਿਤ ਕੀਤੇ ਗਏ ਖ਼ਰਚ ਵਿੱਚ ਪਾਏ ਹਿੱਸੇ ਵਿਚੋਂ ਅਤੇ ਕੁੱਝ ਏਧਰੋਂ
ਓਧਰੋਂ ਡਾਲਰ ਡਾਲਰ ਜੋੜ ਕੇ ਮੈ ਇਕੱਠਾ ਕੀਤਾ ਸੀ ਦਸ ਹਜਾਰ ਡਾਲਰ। ਇਹ ਸੋਚ ਸੀ ਕਿ ਅੰਮ੍ਰਿਤਸਰ
ਜਾਵਾਂਗਾ ਤੇ ਤਿੰਨ ਕਿਤਾਬਾਂ ਛਪਵਾਵਾਂਗਾ, ਹਿੰਦੁਸਤਾਨ, ਪਾਕਿਸਤਨ ਤੇ ਬੰਗਲਾ ਦੇਸ਼ ਦੇ ਗੁਰਧਾਮਾਂ
ਦੀ ਯਾਤਰਾ ਕਰਾਂਗਾ ਜਿਨ੍ਹਾਂ ਸਥਾਨਾਂ ਨੂੰ ਮੇਰੇ ਸਤਿਗੁਰਾਂ ਨੇ ਆਪਣੇ ਪਵਿਤਰ ਚਰਨਾਂ ਦੀ ਛੋਹ ਲਾ
ਕੇ ਸੁਭਾਗੇ ਬਣਾਇਆ ਹੋਇਆ ਹੈ। ਜੇਕਰ ਇਹਨਾਂ ਕਾਰਜਾਂ ਤੋਂ ਕੁੱਝ ਮਾਇਆ ਬਚ ਗਈ ਤਾਂ ਆਪਣੇ ਪਿੰਡ ਦੇ
ਗੁਰਦੁਆਰਾ ਸਾਹਿਬ ਵਿਖੇ, ਭਾਈਆ ਜੀ ਦੀ ਯਾਦ ਵਿਚ, ਯਾਤਰੂਆਂ ਦੇ ਰੈਣ ਬਸੇਰੇ ਲਈ ਇੱਕ ਕਮਰਾ ਬਣਵਾ
ਦਿਆਂਗਾ; ਪਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਬਚਨ, “ਨਰ ਚਾਹਤ ਕਛੁ ਅਉਰ
ਅਉਰੈ ਕੀ ਅਉਰੈ ਭਈ॥ (ਪੰਨਾ ੧੪੨੮) ਅਨੁਸਾਰ, ਦਸ ਹਜ਼ਾਰ ਪੂਰੇ ਦਾ ਪੂਰਾ ਹੱਥੋਂ ਕਿਧਰੇ
ਖਿਸਕ ਗਿਆ। ਸਿਆਣੇ ਆਖਦੇ ਨੇ ਕਿ ਇਸ ਦੌਲਤ ਦੀਆਂ ਦੋ ਲੱਤਾਂ ਹੁੰਦੀਆਂ ਨੇ। ਇੱਕ ਲੱਤ ਇੱਕ ਕੋਲ਼ ਤੇ
ਦੂਜੀ ਕਿਸੇ ਹੋਰ ਕੋਲ਼ ਹੁੰਦੀ ਹੈ। ਸ਼ਾਇਦ ਮਾਇਆ ਨੇ ਸੋਚਿਆ ਹੋਵੇਗਾ ਕਿ ਇਸ ਕੰਜੂਸ ਨੇ ਤਾਂ ਮੈਨੂੰ
ਵਰਤਣਾ ਨਹੀ; ਚਲੋ, ਕਿਸੇ ਹੋਰ ਸ਼ਾਹ-ਖ਼ਰਚ ਵਿਅਕਤੀ ਕੋਲ਼ ਹੀ ਚੱਲਦੇ ਹਾਂ। ਕਬੀਰ ਜੀ ਦਾ ਫੁਰਮਾਨ ਵੀ
ਹੈ, “ਸੂਮਹਿ ਧਨੁ ਰਾਖਨ ਕਉ ਦੀਆ ਮੁਗਧੁ ਕਹੈ ਧਨੁ ਮੇਰਾ॥ (ਪੰਨਾ ੪੭੯)।
ਮੈ ਉਹਨਾਂ ਡਾਲਰਾਂ ਨੂੰ ਆਪਣਾ ਸਮਝ ਕੇ ਜੱਫਾ ਮਾਰੀ ਰੱਖਿਆ। ਨਾ ਕਿਸੇ ਬੱਚੇ ਨੂੰ ਤੇ ਨਾ ਹੀ ਘਰ
ਵਾਲ਼ੀ ਨੂੰ ਇਸ ਦਾ ਭੇਤ ਦਿਤਾ ਕਿ ਮੇਰੇ ਕੋਲ਼ ਕੁੱਝ ਹੈ। ਨਾ ਹੀ ਬੈਂਕ ਅਕਾਊਂਟ ਵਿੱਚ ਰੱਖਿਆ ਤਾਂ ਕਿ
ਕਿਸੇ ਹੋਰ ਨੂੰ ਨਾ ਇਸ ਦਾ ਪਤਾ ਲੱਗ ਜਾਵੇ ਤੇ ਮੇਰੇ ਸੋਚੇ ਹੋਏ ਕਾਰਜਾਂ ਵਿੱਚ ਕਿਸੇ ਤਰ੍ਹਾਂ ਦਾ
ਵਿਘਨ ਨਾ ਪੈ ਜਾਵੇ। ਇਸ ਲਈ ਨਾ ਚੋਰ ਲੱਗੇ ਤੇ ਨਾ ਕੁੱਤਾ ਭੌਂਕੇ। ਅਰਥਾਤ ਨਾ ਕਿਸੇ ਨੂੰ ਪਤਾ ਲੱਗੇ
ਕਿ ਮੇਰੇ ਕੋਲ਼ ਕੁੱਝ ਹੈ ਤੇ ਨਾ ਹੀ ਕੋਈ ਮੰਗੇ।
ਮੇਰੇ ਸੂਮਤਾਈ ਵਾਲ਼ੇ ਸੁਭਾ ਤੋਂ ਵੀ ਗੱਲ ਚੇਤੇ ਆ ਗਈ। ਮੇਰੇ ਪਰਵਾਰਕ ਮੈਂਬਰ ਮੈਨੂੰ ਕੰਜੂਸ ਹੀ
ਸਮਝਦੇ ਹਨ। ਪਟਿਆਲਾ ਯੂਨੀਵਰਸਿਟੀ ਦੇ ਧਾਰਮਿਕ ਵਿਭਾਗ ਦੇ ਹੈਡ, ਡਾ. ਸਰਬਜਿੰਦਰ ਸਿੰਘ ਹੋਰਾਂ ਨੇ
ਤਾਂ ਮੇਰਾ ਨਾਂ ਹੀ ‘ਤਾਇਆ ਕੰਜੂਸ’ ਪਾਇਆ ਹੋਇਆ ਹੈ। ਫਿਰ ਏਨੇ ਲੋਕਾਂ ਦੇ ਵਿਚਾਰ ਗ਼ਲਤ ਕਿਵੇਂ ਹੋ
ਸਕਦੇ ਹਨ! ਮੰਨਣਾ ਹੀ ਪਵੇਗਾ ਕਿ ਉਹਨਾਂ ਵਿੱਚ ਕੁੱਝ ਨਾ ਕੁੱਝ ਸਚਾਈ ਦਾ ਅੰਸ਼ ਹੋਵੇਗਾ ਹੀ! ਵੈਸੇ
ਮੈਂ ਸੰਜਮੀ ਹੋਣਾ ਗੁਰਮਤਿ ਦਾ ਅਨੁਸਾਰੀ ਸਮਝਦਾ ਹਾਂ। ਕਿਰਪਨ (ਕੰਜੂਸ) ਨੂੰ ਤਾਂ ਗੁਰਬਾਣੀ ਵਿੱਚ
ਨਿਖੇਧਿਆ ਗਿਆ ਹੈ। “ਰੋਵਹਿ ਕਿਰਪਨ ਸੰਚਹਿ ਧਨੁ ਜਾਇ॥” (ਪੰਨਾ ੯੫੦)
ਆਖ ਕੇ, ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੰਜੂਸਾਂ ਬਾਰੇ ਆਖਿਆ ਹੈ ਕਿ ਉਹ ਓਦੋਂ ਰੋਂਦੇ ਹਨ ਜਦੋਂ
ਉਹਨਾਂ ਦਾ ਫੂਹੀ ਫੂਹੀ ਕਰਕੇ ਜੋੜਿਆ ਹੋਇਆ ਧਨ ਜ਼ਾਇਆ ਹੋ ਜਾਂਦਾ ਹੈ।
ਮੇਰੀ ਮਾਇਆ ਗਵਾਚਣ ਦੀ ਗੱਲ ਨੇ ਕੁੱਝ ਇਸ ਪ੍ਰਕਾਰ ਹੋਣਾ ਕੀਤਾ:
ਮੋਹਰਲੇ ਪੁਰਾਣੇ ਤੇ ਛੋਟੇ ਘਰ ਵਿੱਚ ਮੈ ਇਕੱਲਾ ਹੀ ਰਹਿੰਦਾ ਹਾਂ। ਪਿਛਲੇ ਵਡੇਰੇ ਤੇ ਨਵੇਂ ਘਰ
ਵਿੱਚ ਛੋਟਾ ਪੁੱਤਰ ਅਤੇ ਉਸ ਦੀ ਮਾਂ ਰਹਿੰਦੇ ਹਨ। ਤਿੰਨ ਬੈਡ ਰੂਮਾਂ ਵਿਚੋਂ ਮੈ ਇਕੋ ਬੈਡ ਰੂਮ ਹੀ
ਪ੍ਰਯੋਗਦਾ ਹਾਂ। ਓਸੇ ਵਿੱਚ ਕੰਪਿਊਟਰ, ਮੰਜਾ, ਕਿਤਾਬਾਂ ਤੇ ਕੱਪੜੇ ਹੁੰਦੇ ਹਨ। ਹੌਲ਼ੀ ਹੌਲ਼ੀ ਜੋੜ
ਜੋੜ ਕੇ ਇਕੱਠਾ ਕੀਤਾ ਦਸ ਹਜ਼ਾਰ, ਸੌ ਸੌ ਅਤੇ ਪੰਜਾਹ ਪੰਜਾਹ ਦੇ ਨੋਟਾਂ ਦੀ ਦੱਥੀ ਐਵੇਂ ਬਾਰੀ ਵਿੱਚ
ਹੀ ਸੁੱਟ ਛੱਡੀ ਹੋਈ ਸੀ। ਇੱਕ ਵਾਰੀਂ ਕੇਨਜ਼ ਨੂੰ ਜਾਣ ਸਮੇ ਐਨੇ ਵਿਚਾਰ ਆਇਆ ਕਿ ਪਿਛੋਂ ਕਿਤੇ ਕੋਈ
ਇਸ ਉਪਰ ਹੱਥ ਹੀ ਨਾ ਸਾਫ ਕਰ ਜਾਵੇ; ਮੈ ਨਾਲ਼ ਹੀ ਚੁੱਕ ਲਵਾਂ! ਇੱਕ ਕਾਲੇ ਰੰਗ ਦੇ ਪਲਾਸਟਕ ਦੇ
ਲਫਾਫੇ ਵਿੱਚ ਪਾ ਕੇ ਆਪਣੀ ਜਾਣੇ ਮੈ ਕਿਤਾਬਾਂ ਵਾਲ਼ੇ ਅਟੈਚੀਕੇਸ ਵਿੱਚ ਸੁੱਟ ਲਏ। ਕਿਤਾਬਾਂ ਵਾਲਾ
ਅਟੈਚੀ ਬਿਨਾ ਜਿੰਦਰੇ ਤੋਂ ਆਉਣ ਜਾਣ ਸਮੇ ਏਅਰ ਲਾਈਨ ਵਾਲ਼ਿਆਂ ਨੇ ਹੈਂਡਲ ਕੀਤਾ। ਫਿਰ ਤਿੰਨ ਰਾਤਾਂ
ਕੇਨਜ਼ ਦੇ ਇੱਕ ਹੋਟਲ ਵਿੱਚ ਰਿਹਾ। ਤਿੰਨ ਹਫ਼ਤੇ ਗੁਰਦੁਆਰੇ ਵਿੱਚ ਵੀ ਇਹ ਅਟੈਚੀ ਪਿਆ ਰਿਹਾ ਤੇ
ਮੁੜਦੇ ਸਮੇ ਇੱਕ ਰਾਤ ਫਿਰ ਹੋਟਲ ਵਿੱਚ ਰਿਹਾ। ਜਿੰਦਰਾ ਤੇ ਹੈ ਕੋਈ ਨਹੀ ਸੀ ਉਸ ਨੂੰ। ਕੀ ਪਤਾ
ਕਿੱਥੇ ਕੀ ਹੋ ਗਿਆ! ਮਹੀਨੇ ਪਿੱਛੋਂ ਵਾਪਸੀ ਤੇ ਜਦੋਂ ਉਸ ਵਿਚੋਂ ਨਿਕ ਸੁਕ ਕਢਿਆ ਤਾਂ ਡਾਲਰਾਂ
ਵਾਲ਼ਾ ਲਫਾਫਾ ਨਾ ਦਿਸਿਆ। ਸੋਚਿਆ ਕਿ ਜੇ ਮੈਂ ਨਾਲ਼ ਨਹੀ ਲੈ ਕੇ ਗਿਆ ਤਾਂ ਜਿਥੇ ਮੈ ਰੱਖਦਾ ਹੁੰਦਾ
ਹਾਂ ਓਥੇ ਪਿਆ ਹੋਵੇਗਾ। ਨਾਲ਼ ਖੜਨਾ ਭੁੱਲ ਗਿਆ ਹੋਵਾਂਗਾ! ਵੇਖਿਆ ਤਾਂ ਓਥੇ ਵੀ ਨਹੀ ਸੀ। ਸੋਚਿਆ ਕਿ
ਪਿੱਛੋਂ ਕਿਤੇ ਘਰ ਵਾਲ਼ੀ ਆਈ ਹੋਵੇਗੀ ਏਧਰ ਆਈ ਹੋਵੇਗੀ ਤੇ ਉਸ ਨੇ ਪਏ ਵੇਖ ਕੇ ਸਾਂਭ ਲਏ ਹੋਣਗੇ।
ਪੁੱਛਣ ਤੇ ਉਸ ਨੇ ਨਾਂਹ ਵਿੱਚ ਸਿਰ ਹਿਲਾ ਦਿਤਾ। ਫਿਰ ਸੋਚਿਆ ਕਿ ਵੱਡੀ ਬੱਚੀ ਕਿਤੇ ਸਫ਼ਾਈ ਕਰਨ ਲਈ
ਆਈ ਨੇ ਸਾਂਭ ਲਿਆ ਹੋਵੇਗਾ! ਓਥੋਂ ਵੀ ਨਾਹ ਹੀ ਮਿਲ਼ੀ। ਫਿਰ ਛੋਟੇ ਪੁੱਤਰ ਨੂੰ ਪੁੱਛਿਆ, ਉਸ ਨੇ ਵੀ
ਅਣਜਾਣਤਾ ਪਰਗਟ ਕੀਤੀ
ਫਿਰ ਆਪੇ ਹੀ ਸੋਚਿਆ ਕਿ ਮੈਂ ਕਿਤੇ ਨਾਲ਼ ਖੜਨ ਦੀ ਬਜਾਇ ਗ਼ਲਤੀ ਨਾਲ਼ ਕਿਤਾਬਾਂ ਵਿੱਚ ਰੱਖ ਗਿਆ ਹੋਣਾ
ਵਾਂ ਤੇ ਹੁਣ ਚੇਤਾ ਨਹੀ ਆ ਰਿਹਾ ਕਿ ਕਿਸ ਥਾਂ ਰੱਖਿਆ ਸੀ। ਚਲੋ, ਕੋਈ ਗੱਲ ਨਹੀ, ਹੌਲ਼ੀ ਹੌਲ਼ੀ ਲਭ
ਜਾਵੇਗਾ। ਮੈ ਕੇਹੜਾ ਹੁਣੇ ਹੀ ਅੰਮ੍ਰਿਤਸਰ ਨੂੰ ਤੁਰਿਆ ਹੋਇਆ ਹਾਂ। ਜਦੋਂ ਜਾਣ ਦਾ ਸਬੱਬ ਬਣਿਆ
ਓਦੋਂ ਤੱਕ ਲਭ ਹੀ ਜਾਊ! ਬੱਚਿਆਂ ਨੂੰ ਆਖ ਦਿਤਾ ਕਿ ਜਦੋਂ ਵੀ ਉਹਨਾਂ ਕੋਲ਼ ਕੁੱਝ ਸਮਾ ਹੋਵੇ ਤਾਂ
ਇੱਕ ਪਾਸਿਉਂ ਮੇਰੀਆਂ ਕਿਤਾਬਾਂ ਨੂੰ ਹੌਲ਼ੀ ਹੌਲ਼ੀ ਫੋਲ ਕੇ, ਡਾਲਰਾਂ ਵਾਲ਼ਾ ਲਫਾਫਾ ਲਭਣ ਦਾ ਯਤਨ
ਕਰਨ। ਉਹਨਾਂ ਨੇ ਖਪ ਖਪਾਈ ਕੀਤੀ ਵੀ ਪਰ ਕੁੱਝ ਹੱਥ ਨਾ ਆਇਆ। ਆਸ ਅਜੇ ਵੀ ਸੀ ਕਿ ਕਿਤੇ ਕਮਰੇ
ਵਿਚਲੀਆਂ ਕਿਤਾਬਾਂ ਦੇ ਢੇਰ ਵਿੱਚ ਹੀ ਏਧਰ ਓਧਰ ਪਿਆ ਹੋਵੇਗਾ! ਕਈ ਮਹੀਨਿਆਂ ਪਿੱਛੋਂ ਜਦੋਂ ਮੈ
ਮੈਲਬਰਨ ਵਿੱਚ ਸਾਂ ਤਾਂ ਪੱਕਾ ਯਕੀਨ ਹੋ ਗਿਆ ਕਿ ਉਹ ਮਾਇਆ ਕਾਲ਼ੇ ਰੰਗ ਦੇ ਲਫਾਫੇ ਵਿੱਚ ਸਵਾਰ ਹੋ
ਕੇ ਕਮਰੇ ਤੋਂ ਬਾਹਰ ਜਾ ਚੁੱਕੀ ਹੈ ਤੇ ਹੁਣ ਉਸ ਨੂੰ ਭੁੱਲ ਜਾਣ ਵਿੱਚ ਹੀ ਭਲਾ ਹੈ। ਵੈਸੇ ਬਾਹਰ
ਜਾਣ ਸਮੇ ਮੈਂ ਆਪਣੇ ਕਮਰੇ ਨੂੰ ਜਿੰਦਰਾ ਮਾਰ ਕੇ ਜਾਂਦਾ ਹਾਂ ਤੇ ਫਿਰ ਘਰ ਨੂੰ ਵੀ ਜਿੰਦਰਾ ਵੱਜਾ
ਹੁੰਦਾ ਹੈ। ਵੈਸੇ ਜਿੰਦਰੇ ਤਾਂ ਸਾਧਾਂ ਲਈ ਹੁੰਦੇ ਨੇ; ਚੋਰਾਂ, ਡਾਕੂਆਂ, ਲੁਟੇਰਿਆਂ ਅੱਗੇ ਜਿੰਦਰੇ
ਵਿਚਾਰੇ ਦੀ ਕੀ ਵੱਟੀਦੀ ਹੈ! ਕੁੱਝ ਸਲਾ ਪਹਿਲਾਂ ਏਸੇ ਘਰ ਅਤੇ ਏਸੇ ਕਮਰੇ ਵਿਚੋਂ ਹੀ, ਦਿਨ ਦੀਵੀਂ
ਮੋਹਰਲਾ ਬੂਹਾ ਭੰਨ ਕੇ, ਚੋਰ ਜੀ ਮਹਾਂਰਾਜ ਮੇਰਾ ਲੈਪ ਟੌਪ ਲੈ ਗਏ ਸਨ। ਇਸ ਵਾਰੀਂ ਜਦੋਂ ਮੈ ਕੇਨਜ਼
ਤੋਂ ਵਾਪਸ ਆਇਆ ਸੀ ਤਾਂ ਕਮਰੇ ਦਾ ਬੂਹਾ ਵੀ ਖੁਲ੍ਹਾ ਸੀ ਤੇ ਪਿਛਲੇ ਪਾਸਿਉਂ ਰਸੋਈ ਵਾਲ਼ਾ ਬਾਹਰਲਾ
ਬੂਹਾ ਵੀ ਖੁਲ੍ਹਾ ਸੀ। ਉਹ ਲਫਾਫਾ ਪਤਾ ਨਹੀ ਮੈਂ ਕਿਤੇ ਬਾਹਰ ਸੁੱਟ ਆਇਆ ਜਾਂ ਪਿੱਛੋਂ ਘਰ ਵਿਚੋਂ
ਕੋਈ ਸੱਜਣ ਮੇਰਾ ਭਾਰ ਹੌਲਾ ਕਰ ਗਿਆ! ਇਸ ਸਚਾਈ ਦਾ ਪੂਰਨ ਗਿਆਨ ਹੋਣ ਵਿੱਚ ਕੁੱਝ ਮਹੀਨੇ ਦਾ ਸਮਾ
ਲੱਗ ਗਿਆ ਤੇ ਇਸ ਘਾਟੇ ਲਈ ਮੈਂ ਨਾਲ਼ੋ ਨਾਲ਼ੋ ਮਾਨਸਿਕ ਤੌਰ ਤੇ ਤਿਆਰ ਵੀ ਹੋਈ ਗਿਆ। ਇੱਕ ਦਮ ਅਸਲੀਅਤ
ਦਾ ਸਾਹਮਣਾ ਹੋ ਜਾਣ ਤੇ ਸ਼ਾਇਦ ਮੇਰਾ ਵੀ ਹਾਲ ਉਸ ‘ਸਿਆਣੇ’ ਵਰਗਾ ਹੀ ਹੋ ਜਾਂਦਾ ਜੇਹੜਾ ਲੱਖਾ ਸਿੰਘ
ਵੱਲੋਂ, ਉਸ ਦੀ ਲਾਟਰੀ ਵਿਚੋਂ ਅੱਧ ਅਰਥਾਤ ਪੰਜਾਹ ਹਜ਼ਾਰ ਦੇ ਦੇਣ ਦਾ ਬਚਨ ਸੁਣ ਕੇ ਹੋਇਆ ਸੀ।
ਤਰਨ ਤਾਰਨ ਰਹਿੰਦੇ ਆਪਣੇ ਮਿੱਤਰ ਸ. ਕੁਲਜੀਤ ਸਿੰਘ ਨਾਲ਼ ਫੋਨ ਤੇ ਗੱਲ ਕੀਤੀ ਤਾਂ ਉਸ ਨੇ ਆਖਿਆ,
“ਪੰਜਾਹ ਹਜ਼ਾਰ ਰੁਪਏ ਹੀ ਬਣਦੇ ਨੇ ਕਿ!” ਫਿਰ ਕੁੱਝ ਸੋਚ ਕੇ ਆਪੇ ਹੀ ਆਖਿਆ, “ਨਹੀ ਓਇ! ਇਹ ਤਾਂ
ਪੰਜ ਲੱਖ ਤੋਂ ਵੀ ਵਧ ਬਣ ਜਾਂਦੇ ਨੇ! !” ਇੱਕ ਦਿਨ ਸਿੰਘ ਬ੍ਰਦਰਜ਼ ਵਾਲ਼ੇ ਸ. ਗੁਰਸਾਗਰ ਸਿੰਘ ਕੋਲ਼
ਕਿਤਾਬਾਂ ਦੀ ਛਪਾਈ ਸਬੰਧੀ ਵਿਚਾਰ ਵਟਾਂਦਰਾ ਕਰਦਿਆਂ, ਪ੍ਰਸੰਗ ਵੱਸ ਸਹਿਜ ਸੁਭਾ ਗੱਲ ਚੱਲੀ ਤਾਂ ਮੈ
ਇਸ ਘਟਨਾ ਦਾ ਜ਼ਿਕਰ ਕਰਦਿਆਂ ਆਖਿਆ ਕਿ ਸਤਿਗੁਰਾਂ ਦੀ ਕਿਰਪਾ ਸਦਕਾ ਕਿਤਾਬਾਂ ਵਾਲ਼ਾ ਕਾਰਜ ਤਾਂ ਹੋ
ਗਿਆ ਪਰ ਬਾਕੀ ਦੇ ਦੋ ਰਹਿ ਗਏ। ਉਹਨਾਂ ਦੇ ਪੁੱਛਣ ਤੇ ਜਦੋਂ ਸੰਖੇਪ ਵਿੱਚ ਮੇਰੇ ਨਾਲ਼ ਭਾਣਾ ਵਰਤਣ
ਵਾਲ਼ੀ ਗੱਲ ਦਾ ਪਤਾ ਲੱਗਾ ਤਾਂ ਉਹਨਾਂ ਨੇ ਹੈਰਾਨੀ ਨਾਲ਼ ਅੱਖਾਂ ਕੁੱਝ ਆਮ ਨਾਲ਼ੋਂ ਵਧ ਫੈਲਾ ਕੇ
ਆਖਿਆ, “ਰੀਅਲੀ?” ਮੇਰੇ “ਸੱਚੀਂ” ਆਖਣ ਤੇ ਉਹ ਕੁੱਝ ਹੈਰਾਨੀ ਜਿਹੀ ਨਾਲ਼ ਚੁੱਪ ਕਰ ਗਏ; ਜਿਵੇਂ
ਉਹਨਾਂ ਨੂੰ ਯਕੀਨ ਜਿਹਾ ਨਾ ਆਇਆ ਹੋਵੇ! ਕੁੱਝ ਪਲ ਰੁਕ ਕੇ ਮੈਨੂੰ ਯਾਦ ਆਇਆ ਤੇ ਮੈਂ ਸਹਿਜ ਸੁਭਾ
ਹੀ ਆਖਿਆ ਕਿ ਜੇ ਕਿਸੇ ਦਾ ਨੁਕਸਾਨ ਹੋ ਜਾਵੇ ਤਾਂ ਸੱਜਣ, ਮਿੱਤਰ, ਰਿਸ਼ਤੇਦਾਰ, ਵਾਕਫ਼ਕਾਰ ਉਸ ਨਾਲ਼
ਅਫ਼ਸੋਸ ਪਰਗਟ ਕਰਦੇ ਹਨ ਭਾਵੇਂ ਕਿ ਇਸ ਨਾਲ਼ ਪਰਗਟ ਤੌਰ ਤੇ ਉਸ ਸੱਜਣ ਨੂੰ ਲਾਭ ਕੋਈ ਨਹੀ ਹੁੰਦਾ ਪਰ
ਬੰਦਾ ਜਦੋਂ ਸੋਚਦਾ ਹੈ ਕਿ ਏਨੇ ਲੋਕ ਮੇਰੇ ਨੁਕਸਾਨ ਤੋਂ ਹੋਏ ਦੁਖ ਵਿੱਚ ਭਾਈਵਾਲ਼ ਹਨ ਤਾਂ ਉਸ ਨੂੰ
ਆਪਣੇ ਅੰਦਰੋਂ ਕੁੱਝ ਸਕੂਨ ਜਿਹਾ ਮਹਿਸੂਸ ਹੁੰਦਾ ਹੈ। ਮੈਨੂੰ ਤੇ ਨਾ ਕਿਸੇ ਘਰ ਦੇ ਜੀ ਨੇ ਤੇ ਨਾ
ਹੀ ਕਿਸੇ ਸੱਜਣ ਮਿੱਤਰ ਨੇ ਅਫ਼ਸੋਸ ਦੇ ਚੰਦ ਸ਼ਬਦ ਆਖੇ। ਉਸ ਨੇ ਅੱਗੋਂ ਆਖਿਆ ਕਿ ਤੁਸੀਂ ਤਾਂ ਇਹ
ਘਟਨਾ ਇਉਂ ਸੁਣਾਉਂਦੇ ਹੋ ਜਿਵੇਂ ਚੁਟਕਲਾ ਸੁਣਾਈਦਾ ਹੈ; ਅਫ਼ਸੋਸ ਤੁਹਾਡੇ ਨਾਲ਼ ਕੋਈ ਕੀ ਕਰੇ!
ਮੈ ਸੋਚਦਾ ਹਾਂ ਕਿ ਸ਼ਾਇਦ ਸਤਿਗੁਰਾਂ ਨੂੰ ਮੇਰੀਆਂ ਕਮਲ਼ੀਆਂ ਰਮਲ਼ੀਆਂ ਅਜੇ ਕੁੱਝ ਸਮਾ ਹੋਰ ਸੁਣਦੇ
ਰਹਿਣ ਦੀ ਇੱਛਾ ਹੈ ਤੇ ਇਸ ਨੂੰ ਮੁਖ ਰੱਖਦਿਆਂ ਹੋਇਆਂ ਉਹਨਾਂ ਨੇ ਇਹ ਕੌਤਕ ਵਰਤਾਇਆ ਕਿ ਮੈਨੂੰ
ਵਾਹਵਾ ਸਮਾ ਮਾਇਆ ਲਭ ਜਾਣ ਦੀ ਹੁੜਕ ਜਿਹੀ ਲੱਗੀ ਰਹੀ ਤੇ ਮੈ ਖੋਤੇ ਅੱਗੇ ਬੱਧੀ ਗਾਜਰ ਮੂੰਹ ਵਿੱਚ
ਪੈ ਜਾਣ ਦੀ ਆਸ ਉਤੇ ਤੁਰਿਆ ਰਿਹਾ ਨਹੀ ਤਾਂ ਸ਼ਾਇਦ ਅਚਾਨਕ ਏਨਾ ਨੁਕਸਾਨ ਹੋ ਜਾਣ ਦੀ ਇੱਕ ਦਮ ਸਮਝ
ਆਉਣ ਤੇ ਮੇਰੀ ਭਿਆਂ ਹੀ ਬੋਲ ਜਾਂਦੀ।
ਸੰਚਤ ਸੰਚਤ ਥੈਲੀ ਕੀਨੀ॥ ਪ੍ਰਭਿ ਉਸ ਤੇ ਡਾਰਿ ਅਵਰ ਕਉ ਦੀਨੀ॥ ੧॥
(ਸ੍ਰੀ ਗੁਰੂ ਅਰਜਨ ਦੇਵ ਜੀ, ੩੯੨)
ਗਿ: ਸੰਤੋਖ ਸਿੰਘ ਆਸਟ੍ਰੇਲੀਆ