.

‘ਗੁੱਡੀਆਂ’ ਫੂਕਣਾ

ਸਤਿੰਦਰਜੀਤ ਸਿੰਘ

ਮੌਸਮ ਦੀ ਮਾਰ ਨੇ ਪਿੰਡੇ ਲੂਹ ਦਿੱਤੇ ਨੇ ਭਾਰਤ ਵਾਸੀਆਂ ਦੇ। ਅੱਤ ਦੀ ਗਰਮੀ ‘ਤੇ ਮੀਂਹ ਲੈ ਕੇ ਆਈਆਂ ਮਾਨਸੂਨ ਪੌਣਾਂ ਵਾਪਿਸ ਚਲੀਆਂ ਗਈਆਂ। ਪੰਜਾਬ ਵਿੱਚ ਇਸ ਵਾਰ 44% ਮੀਂਹ ਦੀ ਘਾਟ ਹੈ ‘ਤੇ ਗੁਆਂਢੀ ਸੂਬੇ ਹਰਿਆਣੇ ਵਿੱਚ 73% ਦੇ ਕਰੀਬ, ਸੋਕਾ ਪੈਣ ਦਾ ਖਦਸ਼ਾ ਦਿਲ ਦਹਿਲਾ ਰਿਹਾ ਲੋਕਾਂ ਦੇ। ਜੱਟ ਦੇ ਖੇਤ ਇੰਜਣ ਵਿੱਚ ਡੀਜ਼ਲ ਨਹੀਂ ਸਗੋਂ ਖੂਨ ਮੱਚਦਾ ਪ੍ਰਤੀਤ ਹੁੰਦਾ ਹੈ ਜੱਟ ਨੂੰ, ਜੱਟਾਂ ਦਾ ਮੂੰਹ ਅਸਮਾਨ ਵੱਲ ਈ ਰਹਿੰਦਾ ਕਿ ਸ਼ਾਇਦ ਕੋਈ ਕਣੀ ਠਾਰ ਜਾਵੇ ਪਰ ਨਹੀਂ, ਕਾਲੀ ਘਟਾ ਘੇਰਾ ਤਾਂ ਪਾਉਂਦੀ ਹੈ ਅਸਮਾਨ ਤੋਂ ਪਰ ਜਲਦ ਹੀ ਹਵਾ ਸੰਗ ਉਡਾਰੀ ਮਾਰ ਜਾਂਦੀ ਹੈ।

ਮੀਂਹ ਲਈ ਤਰਸਦੇ ਲੋਕ ਕਿਤੇ ਕਿਸੇ ਅਣਭਾਲੇ ਜਿਹੇ ‘ਇੰਦਰ’ ਨੂੰ ਰਿਝਾਉਣ ਲਈ ਚੌਲਾਂ ਦਾ ਜੱਗ ਕਰਦੇ ਹਨ ‘ਤੇ ਕਿਤੇ ਪਾਣੀ ਦੀਆਂ ਛਬੀਲਾਂ ਲਗਾਉਂਦੇ ਹਨ। ਪਿੰਡਾਂ ਦੇ ਲੋਕ ਇਕੱਠੇ ਹੋ ਕੇ ਫਾਲਤੂ ਲੀਰਾਂ ਦੀ ਗੁੱਡੀ ਬਣਾ ਕੇ ਫੂਕ ਰਹੇ ਹਨ ਤਾਂ ਜੋ ਗਰਮੀ ਨਾਲ ਮੱਚ ਰਹੇ ਲੋਕਾਂ ‘ਤੇ ‘ਰੱਬ’ ਤਰਸ ਕਰਕੇ ਮੀਂਹ ਪਾ ਦਵੇ। ਅਸੀਂ ਪੱਥਰ ਦਿਲ ਲੋਕ ਇੱਕ ਪਾਸੇ ਜਿਉਂਦੀਆਂ ਗੁੱਡੀਆਂ ਨੂੰ ਮਾਰਦੇ ਹਾਂ ‘ਤੇ ਦੂਜੇ ਪਾਸੇ ਲੀਰਾਂ ਦੀ ਗੁੱਡੀ ਨਾਲ ਸਵਾਰਥੀ ਪਿਆਰ ਜਤਾਉਂਦੇ ਹਾਂ। ਬੜੇ ਨਾ-ਸਮਝ ਲੋਕ ਹਾਂ ਅਸੀਂ ਜਿਹੜੇ ਲੀਰਾਂ ਦੀ ਬੇਜ਼ਾਨ ਗੁੱਡੀ ਨੂੰ ਫੂਕ ਰੱਬ ਨੂੰ ਮਨਾਉਂਦੇ ਹਾਂ, ਜਦੋਂ ਅਸੀਂ ਜਿਉਂਦੀਆਂ ਗੁੱਡੀਆਂ ਫੂਕ ਦਿੱਤੀਆਂ, ਉਦੋਂ ਸਾਡੇ ਦਿਲ ਵਿੱਚ ਕਿਉਂ ਨਾ ਤਰਸ ਆਇਆ...?ਕਿਉਂ ਕਿਸੇ ਅਣਜੰਮੀ ਗੁੱਡੀ ਨੂੰ ਜੰਮਣ ਤੋਂ ਪਹਿਲਾਂ ਹੀ ਮੁਕਾਉਣ ਲੱਗੇ ਮਨ ਨਾ ਪਸੀਜਿਆ...? ਲੜਕੇ ਦੀ ਪ੍ਰਾਪਤੀ ਦੇ ਸਵਾਰਥ ਕਾਰਨ ਪੰਜਾਬ ਵਿੱਚ ਹੀ ਲੜਕੇ-ਲੜਕੀ ਦਾ ਜਨਮ ਅਨੁਪਾਤ 1000:846 ਹੈ। ਪੱਥਰ ਦਿਲ ਲੋਕਾਂ ਲਈ ਰੱਬ ਲੀਰਾਂ ਸੜਦੀਆਂ ਦੇਖ ਕਿਵੇਂ ਤਰਸ ਕਰੇਗਾ...? ਜਦੋਂ ਨੰਨ੍ਹੀਆਂ ਗੁੱਡੀਆਂ ਨੂੰ ਨਹਿਰਾਂ ਕੰਢੇ ਛੱਡ ਕੇ ਭੱਜ ਆਏ, ਕੋਈ ਕੀੜੇ ਚਿੰਬੜੀ ਨੰਨ੍ਹੀ ਗੁੱਡੀ ਰੋਂਦੀ ਰਹੀ ਪਰ ਕਿਸੇ ਚੀਕਾਂ ਨਾ ਸੁਣੀਆਂ, ਅਨਾਥ ਆਸ਼ਰਮਾਂ ਦੇ ਬਾਹਰ ਬੋਰੀਆਂ ‘ਚ ਗੁੱਡੀਆਂ ਪਾ ਕੇ ਰੱਖਣ ਵਾਲੇ ਲੋਕ ਤਰਸ ਦੇ ਪਾਤਰ ਨਹੀਂ। ਇਹਨਾਂ ਕਰਤੂਤਾਂ ਕਰਕੇ ਅਨਾਥ-ਆਸ਼ਰਮਾਂ ਨੂੰ ਆਪਣੇ ਆਸ਼ਰਮਾਂ ਦੇ ਬਾਹਰ ਲਿਖ ਕੇ ਲਾਉਣਾ ਪੈ ਗਿਆ ਕਿ ‘ਬੱਚੇ ਨੂੰ ਇਸ ਟੋਕਰੀ ਵਿੱਚ ਪਾ ਕੇ ਜਾਉ’, ਹੁਣ ਕਿਹੜੇ ਮੂੰਹ ਨਾਲ ਰੱਬ ਤੋਂ ਤਰਸ ਦੀ ਉਮੀਦ ਲਾਈ ਹੈ...? ਜਦੋਂ ਦਾਜ ਦੀ ਮੰਗ ਵਿੱਚ ਅੰਨ੍ਹੇ ਹੋ ਕਿਸੇ ਗੁੱਡੀ ਨੂੰ ਅੱਗ ਲਾਈ ਸੀ, ਜ਼ਹਿਰ ਦਿੱਤਾ ਸੀ ਉਦੋਂ ਕਿਉਂ ਨਾ ਤਰਸ ਕੀਤਾ...? ਗੁੱਡੀਆਂ ਦਾ ਸ਼ਰੀਰਿਕ ‘ਤੇ ਮਾਨਸਿਕ ਸ਼ੋਸ਼ਣ ਕਰਨ ਵੇਲੇ ਜਦੋਂ ਪ੍ਰਮਾਤਮਾ ਦਾ ਡਰ ਨਾ ਮੰਨਿਆ, ਹਵਸ ਭਰੀਆਂ ਅੱਖਾਂ ਨਾਲ ਕਿਸੇ ਦੀ ਧੀ-ਭੈਣ ਨੂੰ ਦੇਖਣ ਲੱਗੇ ਜਦੋਂ ਪ੍ਰਮਾਤਮਾ ਦੀ ਸ਼ਰਮ ‘ਤੇ ਭੈਅ ਨਹੀਂ ਆਇਆ ਫਿਰ ਸੁੱਖ ਮੰਗਣ ਲੱਗੇ ਕਿਵੇਂ ਪ੍ਰਮਾਤਮਾ ਦੀਆਂ ਲਿਲਕੜੀਆਂ ਕੱਢਦੇ ਹਾਂ...? ਐਨੇ ਪਾਪ ਕਰਨ ਵੇਲੇ ਜਦੋਂ ਅੱਖਾਂ ਵਿੱਚ ਨਮੀ ਤੱਕ ਨਹੀਂ ਆਈ ‘ਤੇ ਲੀਰਾਂ ਫੂਕ ਕਹਿਣਾ ਕਿ ‘ਰੱਬਾ ਤਰਸ ਕਰ,ਮੀਂਹ ਪਾ’ ਕਿੱਧਰ ਦੀ ਸਿਆਣਪ ਹੈ...? ਕੀ ਤਰਸ ਸਿਰਫ ਰੱਬ ਨੇ ਹੀ ਕਰਨਾ ਹੈ, ਸਾਡੀ ਕੋਈ ਜ਼ਿੰਮੇਵਾਰੀ ਨਹੀਂ...? ਸਾਡੀ ਵੀ ਜ਼ਿੰਮੇਵਾਰੀ ਹੈ, ਉਸਨੂੰ ਸਮਝੀਏ, ਕੁਦਰਤ ਦੀ ਰਜ਼ਾ ਵਿੱਚ ਵਿਗਾੜ ਪਾਉਣ ਤੋਂ ਗੁਰੇਜ਼ ਕਰੀਏ, ਧੀਆਂ ਨੂੰ ਵੀ ਜਨਮ ਲੈਣ ਦਾ ਹੱਕ ਦਈਏ। ਜਦੋਂ ਅਸੀਂ ਧੀਆਂ ਪ੍ਰਤੀ ਆਪਣੀ ਜ਼ਿੰਮੇਵਾਰੀ ਸਮਝ ਕੇ ਨਿਭਾਉਣ ਲੱਗਾਂਗੇ, ਜਿਉਂਦੀਆਂ ਗੁੱਡੀਆਂ ਨੂੰ ਬਣਦਾ ਮਾਣ-ਸਤਿਕਾਰ ਦੇਵਾਂਗੇ, ‘ਦੇਖਿ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੈ’ (ਭਾਈ ਗੁਰਦਾਸ ਜੀ, 29 ਵਾਰ ਪਉੜੀ 11) ਨੂੰ ਮੰਨਾਂਗੇ ਤਾਂ ਫਿਰ ਸਾਨੂੰ ਮੀਂਹ ਪਵਾਉਣ ਲਈ ਲੀਰਾਂ ਦੀਆਂ ਗੁੱਡੀਆਂ ਫੂਕਣ ਵਰਗੇ ਕਰਮਕਾਂਡ ਦੀ ਜ਼ਰੂਰਤ ਨਹੀਂ ਪਵੇਗੀ ਅਤੇ ਨਾ ਹੀ ਕਿਸੇ ‘ਇੰਦਰ ਦੇਵਤੇ’ ਨੂੰ ਖੁਸ਼ ਕਰਨ ਲਈ ਚੌਲਾਂ ਦੇ ਜੱਗ ਜਾਂ ਠੰਡੇ ਪਾਣੀ ਦੀਆਂ ਛਬੀਲਾਂ ਲਗਾਉਣੀਆਂ ਪੈਣਗੀਆਂ, ਸਗੋਂ ਸਾਡਾ ਧੀਆਂ ਪ੍ਰਤੀ ਸੱਚਾ ਪਿਆਰ ਅਤੇ ਦਰਦ ਹੀ ਪ੍ਰਮਾਤਮਾ ਦੀਆਂ ਖੁਸ਼ੀਆਂ ਲੈਣ ਵਾਲਾ ਹੋਵੇਗਾ।  




.