.

ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ

ਜੱਗੋਂ ਤੇਰ੍ਹਵੀਆਂ
ਭਾਗ ਤੀਜਾ

ਜੋ ਰਾਗਾਂ ਵਿੱਚ ਮੁਹਾਰਤ ਹਾਸਲ ਕਰਕੇ, ਉਸ ਰਾਗ ਵਿਦਿਆ ਦੁਆਰਾ ਕੀਰਤਨ ਕਰਦਾ ਹੈ, ਗੁਰਮੁਖੀ ਬੋਲੀ ਵਿੱਚ ਉਸ ਨੂੰ ਰਾਗੀ ਕਿਹਾ ਜਾਂਦਾ ਹੈ। ਜੋ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਦਾ ਹੈ ਉਸ ਨੂੰ ਪਾਠੀ ਕਿਹਾ ਜਾਂਦਾ ਹੈ ਤੇ ਜੋ ਗੁਰੂ ਗ੍ਰੰਥ ਸਬੰਧੀ ਪੂਰੀ ਜਾਣਕਾਰੀ ਰੱਖਦਾ ਹੈ ਉਸ ਨੂੰ ਨਿਰ ਸੰਦੇਹ ਗ੍ਰੰਥੀ ਕਿਹਾ ਜਾਂਦਾ ਹੈ। ਜੋ ਸ਼ਬਦ ਦੀ ਵਿਚਾਰ ਕਰਦਾ ਹੈ ਉਸ ਨੂੰ ਕਥਾਵਾਚਕ ਕਿਹਾ ਜਾਂਦਾ ਹੈ। ਢੱਢ ਤੇ ਸਰੰਗੀ ਦੁਆਰਾ ਹਿੱਕ ਦੇ ਪੂਰੇ ਤਾਣ ਨਾਲ ਜੋ ਵਾਰਾਂ ਗਉਂਦਾ ਹੈ ਉਸ ਨੂੰ ਢਾਢੀ ਕਿਹਾ ਜਾਂਦਾ ਹੈ।
ਸਾਰੇ ਬੰਦੇ ਇਕੋ ਜੇਹੇ ਨਹੀਂ ਹੁੰਦੇ। ਕੌਮ ਨੂੰ ਸਹੀ ਸੇਧ ਦੇਣ ਵਾਲੇ ਵੀ ਹੁੰਦੇ ਹਨ ਤੇ ਕੌਮ ਨੂੰ ਦਿਨ ਦੀਵੀਂ ਵੇਚ ਕੇ ਖਾਣ ਵਾਲੇ ਵੀ ਹੁੰਦੇ ਹਨ। ਘੱਟੀਆ ਕਿਰਦਾਰ ਦੇਖ ਕੇ ਕਈ ਵਾਰੀ ਇੰਜ ਲੱਗਦਾ ਹੁੰਦਾ ਹੈ ਖਵ੍ਹਰੇ ਸਾਰੀ ਕੌਮ ਹੀ ਇਸ ਤਰ੍ਹਾਂ ਦੀ ਹੁੰਦੀ ਹੋਵੇਗੀ। ਹਰ ਖੇਤਰ ਵਿਚਲੇ ਮਾੜੇ ਬੰਦਿਆਂ ਦੀ ਮਲੀਨ ਸੋਚ ਦੇਖ ਕੇ ਹੀ ਕਈਆਂ ਨੇ ਅਪਣੇ ਵਿਚਾਰ ਦਿੱਤੇ ਹਨ। ਕਹਿੰਦੇ ਨੇ ਜਿਹੜਾ ਦਸਵੀਂ ਜਮਾਤ ਵਿਚੋਂ ਫੇਲ੍ਹ ਹੋ ਗਿਆ ਉਹ ਬਣ ਗਿਆ ਕਿਸੇ ਯੂਨੀਅਨ ਦਾ ਲੀਡਰ। ਚਲ ਰਹੇ ਕੰਮ ਵਿੱਚ ਹੜਤਾਲ ਕਰਾਉਣ ਨੂੰ ਸਭ ਤੋਂ ਵੱਡਾ ਮਾਰਕਾ ਮੰਨਦਾ ਹੈ। ਮਾਲਕਾਂ ਕੋਲੋਂ ਪੈਸੇ ਲੈ ਕੇ ਅੰਦਰ ਖਾਤੇ ਸੌਦੇ ਕਰਨੇ ਤੇ ਬਾਹਰੋਂ ਗਰੀਬ ਲੋਕਾਂ ਦੀਆਂ ਮੌਰਾਂ ਭੰਨਾਉਣ ਵਾਲੇ ਨੂੰ ਸਫਲ ਲੀਡਰ ਮੰਨਿਆ ਗਿਆ ਹੈ। ਅੱਠਵੀਂ ਤੋਂ ਉਪਰ ਨਾ ਜਾਣ ਵਾਲੇ ਨੇ ਕੱਦੂ ਵਿੱਚ ਡੰਡਾ ਅੜਾ ਲਿਆ, ਕਿਲ੍ਹ ਕਿਲ੍ਹ ਕੇ ਸੰਘ ਪਾੜ ਪਾੜ ਕੇ ਤੇ ਨਾਲ ਦੀ ਨਾਲ ਬਾਂਦਰ ਟਪਸੂਣੀਆਂ ਮਾਰੀ ਜਾਵੇ ਉਹਨੂੰ ਲੋਕ-ਕਲਾਕਾਰ ਕਹਿਆ ਜਾਂਦਾ ਹੈ। ਚੌਥੀ ਜਮਾਤ ਤੋਂ ਅੱਗੇ ਨਾ ਵੱਧਿਆ ਹੋਵੇ, ਅੱਠ ਘੰਟੇ ਕੰਮ ਕਰਨਾ ਉਹਨੂੰ ਮੌਤ ਦਿਖਾਈ ਦੇਂਦਾ ਹੋਵੇ ਉਹ ਪਾਠੀ ਬਣ ਜਾਂਦਾ ਹੈ। ਉਹ ਸੋਚਦਾ ਹੈ ਕਿ ਘੱਟੋ ਘੱਟ ਰੋਟੀ ਚੋਪੜੀ ਤੇ ਬਦਾਮਾਂ ਵਾਲੀ ਖੀਰ ਤਾਂ ਖਾਣ ਨੂੰ ਮਿਲਿਆ ਕਰੇਗੀ ਹੀ ਨਾ। ਪੰਥ ਪ੍ਰਵਾਨਤ ਅਰਦਾਸ ਛੱਡ ਕੇ ਜਿਸ ਨੂੰ ਕਿਸੇ ਡੇਰੇ ਦੀ ਨਿਧਾਰਤ ਅਰਦਾਸ ਵਿੱਚ ਚੰਗੇ ਵੈਣ ਪਉਣੇ ਆ ਜਾਣ ਉਹ ਦਿਨ ਚੜ੍ਹਨ ਤੋਂ ਪਹਿਲਾਂ ਹੀ ਗ੍ਰੰਥੀ ਘੌਸ਼ਤ ਹੋਇਆ ਹੁੰਦਾ ਹੈ। ਸਿੱਖ ਕੌਮ ਪਾਸ ਜਿੰਨੇ ਗੁਰਦੁਆਰੇ ਹਨ ਓਨ੍ਹੇ ਸਿਖਾਂਦਰੂ ਪਾਠੀ ਗ੍ਰੰਥੀ ਨਹੀਂ ਹਨ। ਜਿਨ੍ਹਾਂ ਨੂੰ ਕੋਈ ਹੋਰ ਕੰਮ ਨਹੀਂ ਮਿਲਿਆ ਉਹ ਪਾਠੀ ਬਣ ਗਏ, ਥੋੜੀ ਅਰਦਾਸ ਕਰਨੀ ਆ ਗਈ ਉਹ ਗ੍ਰੰਥੀ ਬਣ ਕੇ ਕੌਮ ਦੀ ਜੜ੍ਹੀਂ ਤੇਲ ਦੇਣ ਲੱਗ ਪਏ ਹਨ।
ਇਕ ਇਤਿਹਾਸਕ ਗੁਰਦੁਆਰਾ ਸਾਹਿਬ ਵਿੱਚ ਉਸ ਸ਼ਖਸ਼ੀਅਤ ਦੇ ਦਰਸ਼ਨ ਹੋਏ ਜਿਸ ਨੇ ਆਪਣੀ ਸਾਰੀ ਜ਼ਿੰਦਗੀ ਕਥਾ ਤੇ ਅਰਦਾਸ ਕਰਦਿਆਂ ਕੱਢ ਦਿੱਤੀ। ਗੱਲ ਇਉਂ ਹੋਈ, ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਸੀ। ਸ਼ਬਦ ਦੀ ਵਿਚਾਰ ਕਰਦਿਆਂ ਪੰਥ ਪਰਵਾਨਤ ਰਹਿਤ ਮਰਯਾਦਾ ਦਾ ਹਵਾਲਾ ਦੇਂਦਿਆਂ ਕਿਹਾ ਕਿ ਕੀਰਤਨ ਦੇ ਸਿਰਲੇਖ ਹੇਠ ਇਹ ਲਿਖਿਆ ਹੋਇਆ ਹੈ ਕਿ ਕੀਰਤਨ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ, ਭਾਈ ਗੁਰਦਾਸ ਜੀ ਤੇ ਭਾਈ ਨੰਦ ਲਾਲ ਜੀ ਦੀ ਰਚਨਾ ਦਾ ਹੀ ਹੋ ਸਕਦਾ ਹੈ ਹੋਰ ਕਿਸੇ ਰਚਨਾ ਦਾ ਕੀਰਤਨ ਨਹੀਂ ਹੋ ਸਕਦਾ। ਹਾਂ ਸ਼ਬਦ ਦੀ ਵਿਚਾਰ ਕਰਦਿਆਂ ਕਿਸੇ ਚੰਗੇ ਗ੍ਰੰਥ ਦਾ ਹਵਾਲਾ ਕਥਾ ਵਿੱਚ ਦਿੱਤਾ ਜਾ ਸਕਦਾ ਹੈ। ਏੰਨੀ ਗੱਲ ਕਰਨ ਦੀ ਦੇਰ ਸੀ ਕਿ ਮੁੱਖੀ ਗ੍ਰੰਥੀ ਜੀ ਦਾ ਪਾਰਾ ਸੱਤ ਅਸਮਾਨੇ ਚੜ੍ਹ ਗਿਆ ਤੇ ਕਥਾ ਦੇ ਵਿੱਚ ਹੀ ਬੋਲਣ ਲੱਗ ਪਏ ਨਹੀਂ ਨਹੀਂ ਕੀਰਤਨ ਸਿਰੀ ਗੁਰੂ ਦਸਮ ਗ੍ਰੰਥ ਸਾਹਿਬ ਦੀ ਬਾਣੀ ਵੀ ਹੋ ਸਕਦਾ ਹੈ। ਆਪਣੀਆਂ ਅੱਖਾਂ ਵਿੱਚ ਅੱਗ ਦੇ ਚਿੰਗਿਆੜੇ ਭਰ ਕੇ ਪੂਰੇ ਰੋਹਬ ਨਾਲ ਚੰਘਾੜਿਆ ਤੈਨੂੰ ਪਰਚਾਰਚਕ ਕੀਨ੍ਹੇ ਬਣਾ ਤਾ ਓਏ? ਤੁਸਾਂ ਲੋਕਾਂ ਨੇ ਆਪਣੀ ਹੀ ਰਹਿਤ ਮਰਯਾਦਾ ਬਣਾ ਲਈ ਹੈ? ਪੁਲਸੀਏ ਲਹਿਜੇ ਵਿੱਚ ਭਾਈ ਜੀ ਨੇ ਪਿੱਛਲਿਆਂ ਕਈ ਦਿਨਾਂ ਦੀ ਸਾਰੀ ਇੱਕਠੀ ਕੀਤੀ ਈਰਖਾ ਦੀ ਸਵਾਹ ਨੂੰ ਚੰਗੀ ਤਰ੍ਹਾਂ ਝਾੜਿਆ। ਬਾਣੀ ਪੜ੍ਹਨ ਵਾਲੇ ਦੇ ਮੂੰਹ ਵਿਚੋਂ ਅੱਗ ਦੀਆਂ ਲਾਟਾਂ ਨਿਕਲ ਰਹੀਆਂ ਸਨ। ਇੰਜ ਲੱਗਦਾ ਸੀ ਏਨ੍ਹੇ ਹੁਣੇ ਹੀ ਸਾਰਾ ਕੁੱਝ ਭਸਮ ਕਰ ਦੇਣਾ ਹੈ। ਇਹ ਕੋਈ ਅੱਤ ਕਥਨੀ ਵੀ ਨਹੀਂ ਸੀ ਉਹ ਆਪਣੇ ਵਿਰੋਧੀ ਚਿਤ ਕਰ ਸਕਣ ਦੀ ਸਮੱਰਥਾ ਰੱਖਦਾ ਸੀ ਕਿਉਂ ਕਿ ਪ੍ਰਧਾਨ ਦੇ ਕੁੜਮਾਂ ਨਾਲ ਉਹਦੀ ਯਾਰੀ ਸੀ। ਪ੍ਰਧਾਨ ਦੇ ਕੁੜਮ ਵੀ ਇਸ ਵਹਿਮ ਵਿੱਚ ਫਸੇ ਹੋਏ ਸਨ ਕਿ ਇਸ ਬੰਦੇ ਦੀ ਅਰਦਾਸ ਨਾਲ ਹੀ ਸਾਡੇ ਘਰ ਨਿਆਣਿਆਂ ਦੀ ਰਿਸ਼ਤੇ ਹੋ ਰਹੇ ਹਨ। ਜਿਸ ਬੰਦੇ ਦੀ ਸਾਰੀ ਜ਼ਿੰਦਗੀ ਕਥਾ ਕਰਦਿਆਂ ਲੰਘ ਗਈ ਹੋਵੇ ਉਸ ਨੂੰ ਏੰਨ੍ਹਾ ਵੀ ਨਹੀਂ ਪਤਾ ਕਿ ਕੀਰਤਨ ਕਿੰਨੀਆਂ ਬਾਣੀਆਂ ਦਾ ਪੰਥ ਨੇ ਪਰਵਾਨ ਕੀਤਾ ਹੈ। ਹੋਈ ਨਾ ਜੱਗੋਂ ਤੇਰ੍ਹਵੀਂ—
ਬਾਹਰਲੇ ਮੁਲਕਾਂ ਵਿੱਚ ਗੁਰਦੁਆਰਿਆਂ ਦੀ ਸੇਵਾ ਨਿਭਾ ਰਹੇ ਮਹਾਂ ਪੁਰਖਾਂ ਦੀ ਕਹਾਣੀ ਹੀ ਕੁੱਝ ਹੋਰ ਹੈ ਜਿਹੜਾ ਤਾਂ ਪੱਕਾ ਹੋ ਗਿਆ ਹੈ ਗੁਰਦੁਆਰੇ ਦੀ ਸਾਰੀ ਮਰਯਾਦਾ ਉਸ ਅਨੁਸਾਰ ਹੀ ਚੱਲਦੀ ਹੈ ਜਾਂ ਜਿਹੜਾ ਅਜੇ ਪੱਕਾ ਹੋਣ ਦੀ ਤਾਕ ਵਿੱਚ ਬੈਠਾ ਹੈ ਉਹ ਇਹ ਦੇਖ ਲੈਂਦਾ ਹੈ ਕਮੇਟੀ ਕਿਹੜੇ ਡੇਰੇ ਨਾਲ ਸਬੰਧ ਰੱਖਦੀ ਹੈ। ਗ੍ਰੰਥੀ ਉਸ ਡੇਰੇ ਦੇ ਹੀ ਗੀਤ ਗਾਉਂਦਾ ਰਹਿੰਦਾ ਹੈ, ਉਸ ਡੇਰੇ ਦੀਆਂ ਹੀ ਬਾਤਾਂ ਪਉਂਦਾ ਰਹਿੰਦਾ ਹੈ। ਜਿਹੜਾ ਲੰਗਰ ਦੀ ਸੇਵਾ ਕਰਦਾ ਹੋਵੇ ਪ੍ਰਧਾਨ ਦੇ ਆਉਂਦਿਆਂ ਹੀ ਕੰਨਾਂ ਵਿੱਚ ਰੰਗ ਬਰੰਗੀਆਂ ਫੂਕਾਂ ਮਾਰੀ ਜਾਏ, ਓਨੂੰ ਲੰਗਰ ਦੀ ਸੇਵਾ ਵਿਚੋਂ ਹਟਾ ਕੇ ਮੀਤ ਗ੍ਰੰਥੀ ਤੇ ਕੁੱਝ ਦਿਨਾਂ ਉਪਰੰਤ ਹੈੱਡ ਗ੍ਰੰਥੀ ਦੀ ਪਦਵੀ `ਤੇ ਸ਼ਸ਼ੋਬਿਤ ਕਰ ਦਿੱਤਾ ਜਾਂਦਾ ਹੈ। ਮੈਂ ਕਈ ਚੰਗੇ ਚੰਗੇ ਕਥਾ ਵਾਚਕ ਵੀ ਦੇਖੇ ਹਨ ਜੋ ਡੇਰੇ ਵਾਲੇ ਪ੍ਰਧਾਨਾਂ ਪਾਸੋਂ ਸਮਾਂ ਲੈਣ ਲਈ ਆਪਣੀਆਂ ਪੱਗਾਂ ਨੂੰ ਗੋਲ ਕਰਦਿਆਂ ਇਕਮਿੰਟ ਲਉਂਦੇ ਹਨ। ਏਦਾਂ ਦੇ ਹੀ ਇੱਕ ਗ੍ਰੰਥੀ ਨਾਲ ਵਾਸਤਾ ਪੈ ਗਿਆ ਜੋ ਹਰ ਮਿਸ਼ਨਰੀ ਨੂੰ ਗੰਦੀਆਂ ਗਾਲ੍ਹਾਂ ਕੱਢਣ ਨੂੰ ਆਪਣਾ ਪਰਮ ਧਰਮ ਸਮਝੀ ਬੈਠਾ ਸੀ। ਬੜੇ ਰੋਹਬ ਦਾਬ੍ਹ ਵਿੱਚ ਰਹਿੰਦਿਆ ਹਰ ਵੇਲੇ ਗੰਦੀਆਂ ਗਾਲ੍ਹਾਂ ਦਾ ਰਾਗ ਅਲਾਪੀ ਜਾਣ ਨੂੰ ਪੰਥ ਦੀ ਬਹੁਤ ਵੱਡੀ ਸੇਵਾ ਸਮਝੀ ਬੈਠਾ ਸੀ। ਸੁੱਕੇ ਅੰਬਰੋਂ ਹੀ ਬਾਂਹਵਾਂ ਟੁੰਗੀ ਜਾਣੀਆਂ ਤੇ ਆਪਣੇ ਹੱਥ ਨੂੰ ਜ਼ੋਰ ਜ਼ੋਰ ਦੀ ਪਟਾਕ ਪਟਾਕ ਮਾਰ ਕੇ ਕਹਿਣਾ ਕਿ ਆਹ ਜਿਹੜੇ ਮਨਿਸ਼ਰੀ ਹਨ, ਇਹ ਪੰਜ ਬਾਣੀਆਂ ਦਾ ਨਿੱਤ ਨੇਮ ਨਹੀਂ ਕਰਦੇ। ਦੋ ਕੁ ਦਿਨ ਤਾਂ ਪੰਜ ਬਾਣੀਆਂ ਪੜ੍ਹਨ ਵਾਲੇ ਭਾਈ ਜੀ ਨੂੰ ਸਮਝਾਉਣ ਦਾ ਯਤਨ ਕੀਤਾ ਕਿ ਭਈ ਗਾਲ੍ਹਾਂ ਨਹੀਂ ਕੱਢੀ ਦੀਆਂ ਪਰ ਭਾਈ ਜੀ ਨੂੰ ਤੇ ਨਸ਼ਾ ਸੀ ਕਿ ਮੈਂ ਪੰਜ ਬਾਣੀਆਂ ਦਾ ਨਿੱਤ ਨੇਮ ਕਰਦਾ ਹਾਂ ਤਾਬਿਆ ਬੈਠ ਕੇ ਕਥਾ ਕੀਰਤਨ ਵੇਲੇ ਸਿਮਰਣ ਵੱਖਰਾ ਕਰਦਾ ਹਾਂ। ਮੇਰੇ ਨਾਲੋਂ ਵੱਧ ਸਿਆਣਾ ਹੋਰ ਕੌਣ ਹੋ ਸਕਦਾ ਹੈ?
ਤਿੰਨ ਕੁ ਦਿਨ ਉਪਰੰਤ ਪੰਜ ਬਾਣੀਆਂ ਪੜ੍ਹਨ ਵਾਲੇ ਕੁਰੱਖਤ ਭਾਈ ਨੂੰ ਪੁੱਛ ਹੀ ਲਿਆ ਕਿ ਕੀ ਪੰਜ ਬਾਣੀਆਂ ਪੜ੍ਹ ਕੇ ਮਨ ਨੂੰ ਸ਼ਾਂਤੀ ਆਉਣੀ ਚਾਹੀਦੀ ਹੈ ਕਿ ਜਾਂ ਪੰਜ ਬਾਣੀਆਂ ਪੜ੍ਹ ਕੇ ਸਿਮਰਣ ਕਰਕੇ ਨਫਰਤ ਦੇ ਠੂਵ੍ਹੇਂ ਕੇਰਨੇ ਚਾਹੀਦੇ ਹਨ? ਭਾਈ ਜੀ ਦਾ ਪਾਸ ਕੋਈ ਉੱਤਰ ਨਹੀਂ ਸੀ। ਦੂਸਰਾ ਸਵਾਲ ਪੁੱਛਿਆ ਕਿ ਜੇ ਤਿੰਨ ਬਾਣੀਆਂ ਪੜ੍ਹ ਕੇ ਮਿਸ਼ਨਰੀ ਗਾਲ੍ਹਾਂ ਨਹੀਂ ਕੱਢਦਾ ਉਹ ਚੰਗਾ ਹੈ ਜਾਂ ਪੰਜ ਬਾਣੀਆਂ ਦਾ ਨਿੱਤ ਨੇਮ ਕਰਕੇ ਗੰਦ ਬੋਲਣ ਵਾਲਾ ਚੰਗਾ ਹੈ। ਭਾਈ ਜੀ ਬਣਾ ਸਵਾਰ ਕੇ ਕਹਿੰਦੇ ਕਿ ਪਤਾ ਨਹੀਂ ਇਹ ਰਹਿਤ ਮਰਯਾਦਾ ਕਿਨ੍ਹੇ ਬਣਾਈ ਹੈ। ਸਾਡੇ ਡੇਰੇ ਵਾਲੇ ਤਾਂ ਪੰਜ ਹੀ ਬਾਣੀਆਂ ਪੜ੍ਹਦੇ ਹਨ। ਅਗਲਾ ਸਵਾਲ ਪੁੱਛਿਆ ਕਿ ਭਾਈ ਜੀ ਗੁਰੂ ਜੀ ਨੇ ਡੇਰੇ ਸਥਾਪਤ ਕੀਤੇ ਸਨ ਕਿ ਜਾਂ ਪੰਥ ਸਥਾਪਤ ਕੀਤਾ ਸੀ। ਭਾਈ ਜੀ ਨਿਰਉੱਤਰ ਸਨ। ਜਿਸ ਨੂੰ ਇਹ ਵੀ ਨਹੀਂ ਪਤਾ ਕਿ ਸਿੱਖ ਰਹਿਤ ਮਰਯਾਦਾ ਕਿਸ ਨੇ ਬਣਾਈ ਹੈ ਉਹ ਕੌਮ ਦਾ ਮਹਾਨ ਗ੍ਰੰਥੀ ਸਥਾਪਤ ਹੈ। ਕਿਉਂ, ਹੈ ਨਾ ਜੱਗੋਂ ਤੇਰ੍ਹਵੀਂ। ਗੱਲ ਵੱਧਦੀ ਵੱਧਦੀ ਕਮੇਟੀ ਪਾਸ ਪਹੁੰਚੀ ਤਾਂ ਵਿਚਾਰੇ ਭਾਈ ਜੀ ਨੂੰ ਦਿੱਲ ਦਾ ਦੌਰਾ ਪੈ ਗਿਆ। ਅਸਲ ਵਿੱਚ ਇਹ ਦੌਰਾ ਵੀ ਆਮ ਸੰਗਤ ਦੀ ਹਮਦਰਦੀ ਲੈਣ ਲਈ ਤੇ ਉਗਰਾਹੀ ਕਰਨ ਲਈ ਹੀ ਸੀ।
ਰਿਸ਼ਤੇਦਾਰੀ ਵਿੱਚ ਪਹਿਲੇ ਬੱਚੇ ਨੂੰ ਜਨਮ ਦੇਣ ਉਪਰੰਤ ਡੇਂਗੂੰ ਬੁਖਾਰ ਨਾਲ ਜਵਾਨ ਬੱਚੀ ਅਕਾਲ ਚਲਾਣਾ ਕਰ ਗਈ। ਅਸੀਂ ਵੀ ਲੁਧਿਆਣੇ ਤੋਂ ਪਹੁੰਚ ਗਏ। ਪਰਵਾਰ ਵਲੋਂ ਸਦੇ ਭਾਈ ਨੇ ਜਗੋਂ ਤੇਰ੍ਹਵੀਂ ਕਰਦਿਆਂ ਆਪਣੀ ਆਲਮਾਨਾ ਕਥਾ ਵਿੱਚ ਕਹਿੰਦੇ ਕਿ ਇੱਕ ਮਾਈ ਨੇ ਤਿੰਨਾਂ ਦੇਵਤਿਆਂ ਨੂੰ ਜਨਮ ਦਿੱਤਾ ਸੀ। ਭਾਈ ਜਨਮ ਦਾਤਾ ਬਣ ਗਿਆ ਦੂਜਾ ਰੋਜ਼ੀ ਵਾਲਾ ਦਾਤਾ ਬਣ ਗਿਆ ਤੇ ਤੀਜਾ ਭਾਈ ਮੌਤ ਦੇਣ ਵਾਲਾ ਦੇਵਤਾ ਬਣ ਗਿਆ। ਭਾਈ ਜੀ ਨੇ ਕਿਹਾ ਕੇ ਸ਼ਿਵ ਜੀ ਮਹਾਂਰਾਜ ਜੀ ਦੀ ਹੋਣੀ ਨੂੰ ਭਾਈ ਕੌਣ ਟਾਲ ਸਕਦਾ ਹੈ? ਸ਼ਿਵ ਦੀ ਪੂਜਾ ਵਿੱਚ ਜ਼ਰੂਰ ਕਿਤੇ ਭੁੱਲ ਹੋ ਗਈ ਹੋਵੇਗੀ। ਅੱਜ ਕਲ੍ਹ ਦਾ ਪੜ੍ਹਿਆ ਲਿਖਿਆ ਜ਼ਮਾਨਾ ਆ ਗਿਆ ਹੈ ਜੋ ਦੇਵੀ ਦੇਵਤਿਆਂ ਨੂੰ ਹੀ ਭੁੱਲ ਗਿਆ ਹੈ। ਮੈਂ ਸੋਚ ਰਿਹਾ ਸੀ ਅਰਬਾਂ ਰੁਪਿਆ ਵਾਲੀ ਕਮੇਟੀ ਦਾ ਸ਼ਾਇਦ ਹੀ ਕਦੇ ਕੋਈ ਇਹਨਾਂ ਪਿੰਡਾਂ ਵਿੱਚ ਕੋਈ ਪਰਚਾਰਕ ਆਇਆ ਹੋਵੇਗਾ? ਇੱਕਵੀਂ ਸਦੀ ਵਿੱਚ ਪਰਵੇਸ਼ ਕਰ ਗਏ ਹਾਂ ਪਰ ਸੋਚ ਜੰਗਾਲ਼ੀ ਹੋਣ ਦੇ ਨਾਤੇ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਤੋਂ ਵੀ ਪਹਿਲਾਂ ਦੀਆਂ ਕਥਾ ਕਹਾਣੀਆਂ ਪਿੰਡਾਂ ਵਾਲਿਆਂ ਨੂੰ ਸੁਣਾਈਆਂ ਜਾ ਰਹੀਆਂ ਹਨ। ਗੁਰਬਾਣੀ ਸਿਧਾਂਤ ਤੋਂ ਕੋਹਾਂ ਦੂਰ ਬੈਠੈ, ਇਤਿਹਾਸ ਤੋਂ ਅਣਜਾਣ, ਇਹ ਭੱਦਰ ਪੁਰਸ਼ ਕੌਮ ਦੀ ਹੋਣੀ ਤਹਿ ਕਰ ਰਹੇ ਹਨ। ਫਿਰ ਹੋਈ ਨਾ ਜੱਗੋਂ ਤੇਰ੍ਹਵੀਂ--




.